ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਫ਼ਰੀਦਕੋਟ - ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੇ ਕੋਟਕਪੂਰਾ ਅਤੇ ਬਹਿਬਲ ਗੋਲੀ ਕਾਂਡ ਨੂੰ ਪੂਰੇ ਚਾਰ ਸਾਲ ਹੋਣ ਬਾਅਦ ਵੀ ਸੂਬਾ ਸਰਕਾਰ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਵਿੱਚ ਸਫ਼ਲ ਨਹੀਂ ਹੋ ਸਕੀ। 14 ਅਕਤੂਬਰ 2015 ਨੂੰ ਬਹਿਬਲ ਕਲਾਂ ਵਿਚ ਪੁਲੀਸ ਦੇ ਤਸ਼ੱਦਦ ਖ਼ਿਲਾਫ਼ ਸ਼ਾਂਤਮਈ ਰੋਸ ਧਰਨਾ ਦੇ ਰਹੀ ਸਿੱਖ ਸੰਗਤ ਉੱਪਰ ਗੋਲੀ ਚਲਾ ਕੇ ਪੁਲੀਸ ਨੇ ਪਿੰਡ ਬਹਿਬਲ ਕਲਾਂ ਦੇ ਵਸਨੀਕ ਭਾਈ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਦਾ ਕਤਲ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਵਾਪਰੇ ਕੋਟਕਪੂਰਾ ਗੋਲੀ ਕਾਂਡ ਵਿੱਚ 44 ਵਿਅਕਤੀ ਸਿੱਖ ਜਖ਼ਮੀ ਹੋ ਗਏ ਸਨ। ਕੋਟਕਪੂਰਾ ਗੋਲੀ ਕਾਂਡ ਨੂੰ ਪੁਲੀਸ ਨੇ ਆਪਣੇ ਉੱਪਰ ਹੋਇਆ ਹਮਲਾ ਦਰਸਾਉਣ ਲਈ ਵੱਡੀ ਪੱਧਰ ’ਤੇ ਝੂਠੇ ਦਸਤਾਵੇਜ਼ ਅਤੇ ਗਵਾਹੀਆਂ ਤਿਆਰ ਕੀਤੀਆਂ ਪਰ ਮੁੱਢਲੀ ਪੜਤਾਲ ਤੋਂ ਪਤਾ ਲੱਗਾ ਕਿ ਪੰਜਾਬ ਦੇ ਤਤਕਾਲੀ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਦੇ ਇਸ਼ਾਰੇ ’ਤੇ ਸਮੁੱਚਾ ਗੋਲੀ ਕਾਂਡ ਵਾਪਰਿਆ। ਪੰਜਾਬ ਦੀ ਸਿਆਸਤ ਵਿੱਚ ਛਾਏ ਹੋਏ ਇਸ ਮਾਮਲੇ ਨੇ ਅਕਾਲੀ ਦਲ ਨੂੰ ਪੰਜਾਬ ਦੀ ਸਿਆਸਤ ’ਚੋਂ ਹਾਸ਼ੀਏ ’ਤੇ ਧੱਕ ਦਿੱਤਾ ਹੈ।

  ਪੰਜਾਬ ਦੀ ਕਾਂਗਰਸ ਸਰਕਾਰ ਨੇ ਬਹਿਬਲ ਕਾਂਡ ਮਾਮਲੇ ਵਿੱਚ ਪੀੜਤ ਪਰਿਵਾਰਾਂ ਨੂੰ ਇੱਕ-ਇੱਕ ਕਰੋੜ ਰੁਪਏ ਦੀ ਆਰਥਿਕ ਮਦਦ ਦਿੱਤੀ ਹੈ ਅਤੇ ਵਿਸ਼ੇਸ਼ ਜਾਂਚ ਟੀਮ ਦੀ ਪੜਤਾਲ ਤੋਂ ਬਾਅਦ ਪੰਜ ਪੁਲੀਸ ਅਧਿਕਾਰੀਆਂ ਨੂੰ ਬਹਿਬਲ ਕਾਂਡ ਦਾ ਦੋਸ਼ੀ ਮੰਨਦਿਆਂ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਕੇ ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ, ਪਰਮਰਾਜ ਸਿੰਘ ਉਮਰਾਨੰਗਲ, ਐੱਸਪੀ ਬਿਕਰਮਜੀਤ ਸਿੰਘ, ਇੰਸਪੈਕਟਰ ਪਰਦੀਪ ਸਿੰਘ, ਥਾਣਾ ਬਾਜਾਖਾਨਾ ਦੇ ਸਾਬਕਾ ਐੱਸਐੱਚਓ ਅਮਰਜੀਤ ਸਿੰਘ ਕੁਲਾਰ ਨੂੰ ਦੋਸ਼ੀ ਵਜੋਂ ਨਾਮਜ਼ਦ ਕੀਤਾ ਹੈ। ਪਰ ਪੁਲੀਸ ਇਨ੍ਹਾਂ ਸਾਰੇ ਅਧਿਕਾਰੀਆਂ ਵਿੱਚੋਂ ਸਿਰਫ਼ ਚਰਨਜੀਤ ਸਿੰਘ ਸ਼ਰਮਾ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਅਤੇ ਬਾਕੀ ਪੁਲੀਸ ਅਧਿਕਾਰੀ ਹਾਈ ਕੋਰਟ ’ਚੋਂ ਅਗਾਊਂ ਜ਼ਮਾਨਤ ਮਿਲਣ ਕਾਰਨ ਬਚਦੇ ਆ ਰਹੇ ਹਨ। ਪੀੜਤ ਪਰਿਵਾਰ ਨੇ ਘਟਨਾ ਦੇ ਚਾਰ ਸਾਲ ਹੋਣ ਤੋਂ ਬਾਅਦ ਵੀ ਕਸੂਰਵਾਰਾਂ ਖਿਲਾਫ਼ ਬਣਦੀ ਕਾਰਵਾਈ ਨਾ ਹੋਣ ’ਤੇ ਗਿਲਾ ਜ਼ਾਹਿਰ ਕਰਦਿਆਂ ਕਿਹਾ ਕਿ ਸਰਕਾਰ ਇਨਸਾਫ਼ ਦੇਣ ਲਈ ਸੰਜੀਦਾ ਨਹੀਂ ਹੈ। ਕ੍ਰਿਸ਼ਨ ਭਗਵਾਨ ਦੇ ਬੇਟੇ ਸੁਖਰਾਜ ਸਿੰਘ ਅਤੇ ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਸਮੂਹ ਮੁਲਜ਼ਮਾਂ ਦੇ ਜੇਲ੍ਹ ਜਾਣ ਪਿੱਛੋਂ ਹੀ ਉਨ੍ਹਾਂ ਦੇ ਪਰਿਵਾਰਾਂ ਤੇ ਲੋਕਾਂ ਨੂੰ ਇਨਸਾਫ਼ ਮਿਲੇਗਾ। ਬਹਿਬਾਲ ਕਾਂਡ ਤੇ ਬੇਅਦਬੀ ਕਾਂਡ ਦੀ ਪੜਤਾਲ ਕਰ ਰਹੀ ਪੰਜਾਬ ਪੁਲੀਸ ਅਤੇ ਸੀਬੀਆਈ ਵਿੱਚ ਵੀ ਕੋਈ ਤਾਲਮੇਲ ਨਹੀਂ ਹੈ। ਇਸ ਘਟਨਾ ਸਬੰਧੀ ਪੰਜਾਬ ਪੁਲੀਸ ਅਤੇ ਸੀਬੀਆਈ ਦੇ ਦਾਅਵੇ ਆਪਾਵਿਰੋਧੀ ਹਨ। ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਚੋਰੀ ਕਰਨ, ਉਸ ਦੇ ਅੰਗ ਬਰਗਾੜੀ ਦੀਆਂ ਗਲੀਆਂ ਵਿੱਚ ਖਿਲਾਰਨ ਅਤੇ ਬਰਗਾੜੀ ਵਿੱਚ ਇਤਰਾਜ਼ਯੋਗ ਪੋਸਟਰ ਲਾਉਣ ਦੇ ਕਸੂਰਵਾਰ ਦੀ ਅਜੇ ਤੱਕ ਸ਼ਨਾਖਤ ਨਹੀਂ ਹੋ ਸਕੀ।
  ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ 14 ਅਕਤੂਬਰ ਨੂੰ ਬਰਗਾੜੀ ਵਿੱਚ ਸਿੱਖ ਸੰਗਤ ਦਾ ਬਹਿਬਲ ਕਾਂਡ ਦੀ ਚੌਥੀ ਬਰਸੀ ’ਤੇ ਇਤਿਹਾਸਕ ਗੈਰ-ਸਿਆਸੀ ਇਕੱਠ ਹੋਵੇਗਾ। ਦੱਸਣਯੋਗ ਹੈ ਕਿ ਪਹਿਲੀ ਜੂਨ 2014 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਗੁਰਦੁਆਰਾ ਸਾਹਿਬ ‘ਚੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੋ ਗਈ ਸੀ ਅਤੇ 25 ਸਤੰਬਰ ਨੂੰ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਇਤਰਾਜ਼ਯੋਗ ਪੋਸਟਰ ਲੱਗੇ ਸਨ ਅਤੇ 12 ਅਕਤੂਬਰ ਨੂੰ ਪਿੰਡ ਬਰਗਾੜੀ ਦੀਆਂ ਗਲੀਆਂ ਵਿੱਚ ਚੋਰੀ ਹੋਏ ਗ੍ਰ੍ਰੰਥ ਸਾਹਿਬ ਦੇ ਅੰਗ ਖਿਲਾਰੇ ਗਏ। 13 ਅਕਤੂਬਰ ਨੂੰ ਸਿੱਖ ਜੱਥੇਬੰਦੀਆਂ ਨੇ ਕੋਟਕਪੂਰਾ ਚੌਕ ਵਿੱਚ ਸ਼ਾਂਤਮਈ ਧਰਨਾ ਦੇ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਸੀ। 14 ਅਕਤੂਬਰ ਦੀ ਸਵੇਰ ਪੁਲੀਸ ਨੇ ਸ਼ਾਂਤਮਈ ਧਰਨੇ ਉੱਪਰ ਲਾਠੀਚਾਰਜ ਕਰ ਦਿੱਤਾ ਅਤੇ ਇਸੇ ਦਿਨ ਬਠਿੰਡਾ-ਫਰੀਦਕੋਟ ਸੜਕ ’ਤੇ ਪੈਂਦੇ ਪਿੰਡ ਬਹਿਬਲ ਕਲਾਂ ਕੋਲ ਲੋਕਾਂ ਨੇ ਸ਼ਾਂਤਮਈ ਧਰਨਾ ਲਾਇਆ ਹੋਇਆ ਸੀ, ਜਿੱਥੇ ਪੁਲੀਸ ਨੇ ਧਰਨਾਕਾਰੀਆਂ ਉੱਪਰ ਗੋਲੀ ਚਲਾ ਦਿੱਤੀ, ਜਿਸ ਵਿੱਚ ਕ੍ਰਿਸ਼ਨ ਭਗਵਾਨ ਸਿੰਘ ਗੁਰਜੀਤ ਸਿੰਘ ਦੀ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ। ਸੁਮੇਧ ਸੈਣੀ ਦਾ ਨਾਮ ਵੀ ਕੋਟਕਪੂਰਾ ਗੋਲੀ ਕਾਂਡ ਨਾਲ ਜੁੜਦਾ ਸੀ। ਇਸ ਮਾਮਲੇ ਵਿੱਚ ਜਸਟਿਸ ਜੋਰਾ ਸਿੰਘ ਮਾਨ, ਜਸਟਿਸ ਰਣਜੀਤ ਸਿੰਘ, ਦੋ ਵਿਸ਼ੇਸ਼ ਜਾਂਚ ਟੀਮਾਂ ਅਤੇ ਸੀ.ਬੀ.ਆਈ ਨੇ ਅਲੱਗ-ਅਲੱਗ ਤੌਰ ‘ਤੇ ਪੜਤਾਲਾਂ ਕੀਤੀਆਂ। ਪਰੰਤੂ ਅਜੇ ਤੱਕ ਇਹਨਾਂ ਪੜਤਾਲ ਰਿਪੋਰਟਾਂ ਦੇ ਆਧਾਰ ‘ਤੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਸਕੀ।

   

  ਰਤੀਆ (ਹਰਿਆਣਾ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਾਜਪਾ ’ਤੇ ਲੁਕਵਾਂ ਹਮਲਾ ਕਰਦਿਆਂ ਕਿਹਾ ਕਿ ਜੋ ਹਰਿਆਣਾ ਵਿੱਚ ਮੁੜ ਸਰਕਾਰ ਬਣਾਉਣ ਦੀ ਆਸ ਲਾਈ ਬੈਠੇ ਹਨ, ਉਹ ਵਿਰੋਧੀ ਧਿਰ ਵਿੱਚ ਬੈਠਣ ਲਈ ਤਿਆਰ ਰਹਿਣ। ਰਤੀਆ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕੁਲਵਿੰਦਰ ਸਿੰਘ ਕੁਨਾਲ ਦੇ ਹੱਕ ਵਿੱਚ ਚੋੋਣ ਪ੍ਰਚਾਰ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਰਿਆਣਾ ਵਿੱਚ ਸਥਿਤੀ ਤੇਜ਼ੀ ਨਾਲ ਬਦਲ ਰਹੀ ਹੈ ਜੋ ਸਰਕਾਰ ਬਨਾਉਣ ਬਾਰੇ ਸੋਚਦੇ ਨੇ ਉਹ ਵਿਰੋਧੀ ਧਿਰ ਵਿੱਚ ਬੈਠਣਗੇ। ਚੰਡੀਗੜ੍ਹ ਵਿੱਚ ਭਾਜਪਾ ਵਲੋਂ ਜਾਰੀ ਕੀਤੇ ਚੋਣ ਘੋਸ਼ਣਾ ਪੱਤਰ ਬਾਰੇ ਪੁੱਛੇ
  ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਜਦੋਂ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਹੀ ਨਹੀਂ ਬਣ ਰਹੀ ਤਾਂ ਫਿਰ ਟਿੱਪਣੀ ਕਰਨ ਦੀ ਕੋਈ ਲੋੜ ਨਹੀਂ ਰਹਿੰਦੀ। ਜ਼ਿਕਰਯੋਗ ਹੈ ਕਿ ਭਾਜਪਾ ਨੇ ਸਰਕਾਰ ਬਨਾਉਣ ਲਈ 75 ਤੋਂ ਵੱਧ ਸੀਟਾਂ ਜਿੱਤਣ ਦਾ ਟੀਚਾ ਮਿਥਿਆ ਹੈ। ਹਰਿਆਣਾ ਵਿੱਚ ਭਾਜਪਾ ਵੱਲੋਂ ਚੋਣ ਸਮਝੌਤਾ ਤੋੜਨ ਬਾਅਦ ਭਾਜਪਾ ਅਤੇ ਅਕਾਲੀ ਦਲ ਵਿੱਚ ਕੁੜੱਤਣ ਪੈਦਾ ਹੋ ਚੁੱਕੀ ਹੈ। ਭਾਜਪਾ ਨੇ ਅਕਾਲੀ ਦਲ ਦੇ ਹਰਿਆਣਾ ਵਿੱਚ ਇੱਕੋ ਇੱਕ ਵਿਧਾਇਕ ਬਲਕੌਰ ਸਿੰਘ ਨੂੰ ਪਾਰਟੀ ਵਿੱਚ ਸ਼ਾਮਲ ਕਰ ਲਿਆ ਹੈ ਅਤੇ ਇਸ ਦਾ ਅਕਾਲੀ ਦਲ ਨੇ ਬੁਰਾ ਮਨਾਇਆ ਹੈ ਅਤੇ ਇਸ ਨੂੰ ਅਨੈਤਿਕ ਕਰਾਰ ਦਿੱਤਾ ਹੈ। ਅਤੇ ਭਾਜਪਾ ਉੱਤੇ ਦੋਸ਼ ਲਾਇਆ ਹੈ ਕਿ ਉਹ ਸਮਝੌਤੇ ਤੋਂ ਭੱਜ ਗਈ ਹੈ। ਬਾਅਦ ਵਿੱਚ ਅਕਾਲੀ ਦਲ ਨੇ ਤਿੰਨ ਸੀਟਾਂ ਉੱਤੇ ਇਨੈਲੋ ਨਾਲ ਗੱਠਜੋੜ ਦਾ ਐਲਾਨ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਨੇ ਦਰੀਆਪੁਰ ਵਿੱਚ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਇਹ ਭੁਲੇਖਾ ਹੀ ਹੈ ਕਿ ਹਰਿਆਣਾ ਵਿੱਚ ਭਾਜਪਾ ਦੇ ਹੱਕ ਵਿੱਚ ਹਵਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਦਲ ਪਿੰਡਾਂ ਦੇ ਲੋਕਾਂ ਦੀ ਪਾਰਟੀ ਹੈ। ਉਨ੍ਹਾਂ ਲੋਕਾਂ ਤੋਂ ਮੰਗ ਕੀਤੀ ਕਿ ਉਹ ਪਾਰਟੀ ਉਮੀਦਵਾਰ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ। ਇਸ ਮੌਕੇ ਉਨ੍ਹਾਂ ਮਰਹੂਮ ਚੌਧਰੀ ਦੇਵੀ ਲਾਲ ਅਤੇ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਬਾਦਲ ਵੱਲੋਂ ਕਿਸਾਨਾਂ ਮਜ਼ਦੂਰਾਂ ਦੀ ਬੇਹਤਰੀ ਲਈ ਕੀਤੇ ਕੰਮਾਂ ਦਾ ਜ਼ਿਕਰ ਕਰਦਿਆਂ ਸਵਾਲ ਕੀਤਾ ਕਿ ਹੁਣ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਲੋਕਾਂ ਤੇ ਪਿੰਡਾਂ ਨਾਲ ਕੀ ਕੋਈ ਸਬੰਧ ਹੈ?

  ਕਾਲਾਂਵਾਲੀ - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਨੂੰ ਐੱਸਵਾਈਐੱਲ ਦਾ ਪਾਣੀ ਦਿਵਾਉਣ ’ਚ ਮਦਦ ਕਰੇ ਤਾਂ ਉਹ ਦੋ-ਤਿੰਨ ਸੀਟਾਂ ਉਨ੍ਹਾਂ ਨੂੰ ਵੈਸੇ ਹੀ ਦੇ ਦੇਣਗੇ। ਭਾਜਪਾ ਉਮੀਦਵਾਰ ਬਲਕੌਰ ਸਿੰਘ ਦੇ ਹੱਕ ਵਿੱਚ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘‘ਅਕਾਲੀ ਦਲ ਸਮਝੌਤੇ ਲਈ ਸਾਡੇ ਅੱਗੇ-ਪਿੱਛੇ ਫਿਰਦਾ ਰਿਹਾ ਪਰ ਅਸੀਂ ਸਮਝੌਤਾ ਨਹੀਂ ਕੀਤਾ।’’ ਸ਼੍ਰੋਮਣੀ ਅਕਾਲੀ ਦਲ ਬਾਰੇ ਉਨ੍ਹਾਂ ਕਿਹਾ,‘‘ਅਸੀਂ ਉਨ੍ਹਾਂ ਨੂੰ ਇੱਕ ਵੀ ਸੀਟ ਇਸ ਲਈ ਨਹੀਂ ਦਿੱਤੀ ਕਿਉਂਕਿ ਐੱਸਵਾਈਐੱਲ ਨਹਿਰ ਦੇ ਮੁੱਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੇ ਜੋ ਅੜਚਨਾਂ ਪਾਈਆਂ ਸਨ, ਉਹ ਪ੍ਰਦੇਸ਼ ਦੀ ਜਨਤਾ ਨੂੰ ਪਤਾ ਹਨ।’’ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜੇਕਰ ਐੱਸਵਾਈਐੱਲ ਦੀ ਖੁਦਾਈ ਵਿੱਚ ਕੋਈ ਅੜਚਨ ਨਾ ਪਾਉਣ ਦਾ ਬਿਆਨ ਜਾਰੀ ਕਰਦਾ ਹੈ ਤਾਂ ਭਾਜਪਾ ਕਾਲਾਂਵਾਲੀ ਹਲਕੇ ਨੂੰ ਛੱਡ ਕੇ ਅਕਾਲੀ ਦਲ ਦੇ ਉਮੀਦਵਾਰਾਂ ਖ਼ਿਲਾਫ਼ ਚੋਣ ਲੜ ਰਹੇ ਆਪਣੇ ਉਮੀਦਵਾਰਾਂ ਨੂੰ ਵਾਪਸ ਸੱਦ ਲਵੇਗੀ। ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਕਾਲਾਂਵਾਲੀ ਤੋਂ ਪਿਛਲੀ ਵਾਰ ਭਾਜਪਾ ਦਾ ਉਮੀਦਵਾਰ ਰਿਹਾ ਰਜਿੰਦਰ ਸਿੰਘ ਦੇਸੂਜੋਧਾ ਅਤੇ ਉਸ ਦਾ ਖਾਨਦਾਨ ਕਥਿਤ ਤੌਰ ’ਤੇ ਨਸ਼ੇ ਦੇ ਕਾਰੋਬਾਰ ਵਿੱਚ ਫਸੇ ਹੋਏ ਹਨ ਜਿਸ ਕਰਕੇ ਪਾਰਟੀ ਨੇ ਉਸ ਨੂੰ ਟਿਕਟ ਨਹੀਂ ਦਿੱਤੀ। ਜ਼ਿਕਰਯੋਗ ਹੈ ਕਿ ਬਲਕੌਰ ਸਿੰਘ ਪਿਛਲੀ ਵਿਧਾਨ ਸਭਾ ’ਚ ਅਕਾਲੀ ਦਲ ਦਾ ਵਿਧਾਇਕ ਸੀ ਜਦਕਿ ਦੇਸੂਜੋਧਾ ਐਤਕੀਂ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜ ਰਿਹਾ ਹੈ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਬਲਕੌਰ ਸਿੰਘ ਚੰਗਾ, ਸ਼ਰੀਫ, ਇਮਾਨਦਾਰ ਅਤੇ ਮਿਹਨਤੀ ਵਿਅਕਤੀ ਹੈ। ਇਸ ਮੌਕੇ ਸਿਰਸਾ ਤੋਂ ਸੰਸਦ ਮੈਂਬਰ ਸੁਨੀਤਾ ਦੁੱਗਲ ਅਤੇ ਬਲਕੌਰ ਸਿੰਘ ਨੇ ਵੀ ਲੋਕਾਂ ਨੂੰ ਸੰਬੋਧਨ ਕੀਤਾ।

  ਬਠਿੰਡਾ - ਇੱਥੇ  ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਬਹਿਬਲ ਕਲਾਂ ਗੋਲੀਕਾਂਡ ਦੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਭਾਈ ਸੁਖਰਾਜ ਸਿੰਘ ਨਿਆਮੀਵਾਲਾ ਦੇ ਪਰਿਵਾਰ ਵੱਲੋਂ 14 ਅਕਤੂਬਰ ਨੂੰ ਬਰਗਾੜੀ ਦੇ ਸਟੇਡੀਅਮ ਵਿੱਚ ਚੌਥਾ ਬਰਸੀ ਸਮਾਗਮ ਕਰਵਾਇਆ ਜਾ ਰਿਹਾ ਹੈ।
  ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿੱਚ ਸਮੂਹ ਸੰਗਤ ਵਹੀਰਾਂ ਘੱਤ ਕੇ ਪਹੁੰਚੇ ਤਾਂ ਜੋ ਇਸ ਮੌਕੇ ਇਨਸਾਫ਼ ਲਈ ਆਵਾਜ਼ ਬੁਲੰਦ ਕੀਤੀ ਜਾ ਸਕੇ।
  ਇਸ ਮੌਕੇ ਉਨ੍ਹਾਂ ਦੋਸ਼ ਲਗਾਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ ਕਾਂਗਰਸ ਸਰਕਾਰ ਆਉਣ ’ਤੇ ਗੁਰੂ ਦੀ ਬੇਅਦਬੀ ਦੇ ਦੋਸ਼ੀਆਂ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਮਿਲੇਗੀ ਪ੍ਰੰਤੂ ਅੱਜ ਤੱਕ ਕੋਈ ਠੋਸ ਕਦਮ ਨਹੀਂ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਜਾਂਚ ਰਿਪੋਰਟਾਂ ਵਿੱਚ ਇਹ ਸਪੱਸ਼ਟ ਹੋ ਚੁੱਕਿਆ ਹੈ ਕਿ ਇਹ ਸਾਰੀ ਸਾਜ਼ਿਸ਼ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਡੀਜੀਪੀ ਸੁਮੇਧ ਸੈਣੀ ਦੀ ਅਗਵਾਈ ਵਿੱਚ ਰਚੀ ਗਈ ਸੀ ਤੇ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ’ਤੇ ਬਾਦਲਾਂ ਨੂੰ ਸਜ਼ਾ ਦੇਣ ਦੀ ਬਜਾਏ ਬਚਾਉਣ ਦੀਆਂ ਸਾਜ਼ਿਸ਼ਾਂ ਰਚ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਬਰਸੀ ਸਮਾਗਮ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ ਤੇ ਕੈਪਟਨ ਸਰਕਾਰ ’ਤੇ ਇਨਸਾਫ਼ ਲਈ ਦਬਾਅ ਪਾਉਣ ਲਈ ਰਣਨੀਤੀ ਉਲੀਕਣ ਵਾਸਤੇ ਖੁੱਲ੍ਹੀ ਵਿਚਾਰ ਚਰਚਾ ਅਧੀਨ ਸਖ਼ਤ ਫ਼ੈਸਲੇ ਲਏ ਜਾਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਭਾਈ ਸੁਖਰਾਜ ਸਿੰਘ ਨਿਆਮੀਵਾਲਾ, ਭਾਈ ਜਸਵਿੰਦਰ ਸਿੰਘ ਸਾਹੋਕੇ, ਭਾਈ ਦਲਜੀਤ ਸਿੰਘ ਕਾਦੀਆਂ ਤੇ ਭਾਈ ਖੜਕ ਸਿੰਘ ਕੁੱਲਰੀਆਂ ਆਦਿ ਹਾਜ਼ਰ ਸਨ।

  ਐਸ.ਏ.ਐਸ. ਨਗਰ (ਮੁਹਾਲੀ) - ਸੰਘ ਮੁਖੀ ਮੋਹਨ ਭਾਗਵਤ ਵੱਲੋਂ ਨਾਗਪੁਰ ਵਿੱਚ ਸਮਾਗਮ ਦੌਰਾਨ ‘ਭਾਰਤ ਇਕ ਹਿੰਦੂ ਰਾਸ਼ਟਰ’ ਦੇ ਦਿੱਤੇ ਬਿਆਨ ’ਤੇ ਟਿੱਪਣੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸਕੱਤਰ ਜਰਨਲ ਅਤੇ ਸਾਬਕਾ ਸਿੱਖਿਆ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਸੰਘ ਮੁਖੀ ਨੇ ਇਹ ਬਿਆਨਬਾਜ਼ੀ ਕਰ ਕੇ ਭਾਰਤੀ ਸੰਵਿਧਾਨ ਦਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬਿਆਨਾਂ ਨਾਲ ਬਾਕੀ ਧਰਮਾਂ ਅਤੇ ਸੱਭਿਆਚਾਰਾਂ ਵਾਲੇ ਭਾਰਤੀਆਂ ਵਿੱਚ ਬੇਗਾਨਗੀ ਦੀ ਭਾਵਨਾ ਪੈਦਾ ਹੋਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਰਹਿ ਰਹੇ ਬਾਕੀ ਧਰਮਾਂ, ਬੋਲੀਆਂ, ਸੱਭਿਆਚਾਰਾਂ ਦੇ ਲੋਕਾਂ ਨੂੰ ਹਿੰਦੂ ਕਹਿਣਾ ਨੀਵੇਂ ਪੱਧਰ ਦੀ ਸੋਚ ਦਾ ਮੁਜ਼ਾਹਰਾ ਕਰਦਾ ਹੈ। ਦੇਸ਼ ਵਿੱਚ ਸਿੱਖ, ਮੁਸਲਿਮ, ਇਸਾਈ, ਬੋਧੀ, ਜੈਨੀ, ਪਾਰਸੀ ਹਰ ਧਰਮ ਦੇ ਲੋਕ ਰਹਿੰਦੇ ਹਨ ਅਤੇ ਇਸ ਬਿਆਨ ਨਾਲ ਇਨ੍ਹਾਂ ਸਾਰੇ ਧਰਮਾਂ ਦੇ ਲੋਕਾਂ ਨੂੰ ਭਾਰੀ ਠੇਸ ਪਹੁੰਚੀ ਹੈ।
  ਜਥੇਦਾਰ ਸੇਖਵਾਂ ਨੇ ਕਿਹਾ ਕਿ ਦੇਸ਼ ’ਤੇ ਜਦੋਂ ਵੀ ਕੋਈ ਸੰਕਟ ਆਇਆ ਤਾਂ ਸਿੱਖਾਂ ਨੇ ਸਭ ਤੋਂ ਵੱਧ ਦੁੱਖ ਵੰਡਾਇਆ ਅਤੇ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਵੀ ਸਿੱਖਾਂ ਨੇ ਦਿੱਤੀਆਂ। ਉਨ੍ਹਾਂ ਸੰਘ ਮੁਖੀ ਨੂੰ ਸਲਾਹ ਦਿੱਤੀ ਕਿ ਜਿਸ ਭਾਵਨਾ ਨਾਲ ਦੇਸ਼ ਦਾ ਸੰਵਿਧਾਨ ਬਣਾਇਆ ਗਿਆ ਹੈ, ਉਸ ਨੂੰ ਸੱਟ ਮਾਰਨ ਵਾਲੀ ਅਜਿਹੀ ਕੋਈ ਵੀ ਗੱਲ ਨਾ ਕੀਤੀ ਜਾਵੇ।

  ਸ੍ਰੀ ਆਨੰਦਪੁਰ ਸਾਹਿਬ - ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਰ.ਐੱਸ.ਐੱਸ ਨੂੰ ਇਕੱਲੇ ਸਿੱਖਾਂ ਲਈ ਹੀ ਨਹੀਂ ਬਲਕਿ ਭਾਰਤ ਅੰਦਰ ਘੱਟ ਗਿਣਤੀ ’ਚ ਰਹਿ ਰਹੇ ਸਮੂਹ ਭਾਈਚਾਰਿਆਂ ਦੇ ਲੋਕਾਂ ਲਈ ਵੱਡਾ ਖਤਰਾ ਕਰਾਰ ਦਿੰਦਆਂ ਕਿਹਾ ਕਿ ਆਰਐੱਸਐੱਸ ਮੁਖੀ ਮੋਹਨ ਭਾਗਵਤ ਵੱਲੋਂ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਨਾ ਹਿੰਦੁਸਤਾਨ ਲਈ ਬਹੁਤ ਘਾਤਕ ਸਿੱਧ ਹੋਵੇਗਾ। ਉਹ ਇੱਥੇ ਸ਼ੋਰਮਣੀ ਕਮੇਟੀ ਵੱਲੋਂ ਕਰਵਾਏ ਸਿੱਖ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ।
  ਜਥੇਦਾਰ ਨੇ ਕਿਹਾ ਕਿ ਆਰ.ਐੱਸ.ਐੱਸ ਵਰਗੀ ਜਥੇਬੰਦੀ ਉੱਤੇ ਤੁਰੰਤ ਰੋਕ ਲਗਾਉਣੀ ਚਾਹੀਦੀ ਹੈ ਕਿਉਂਕਿ ਉਸ ਦੇਸ਼ ਜਿੱਥੇ ਬਹੁਤ ਸਾਰੀਆਂ ਬੋਲੀਆਂ, ਬਹੁਤ ਸਾਰੇ ਅਕੀਦੇ, ਬਹੁਤ ਸਾਰੇ ਵਿਸ਼ਵਾਸ ਹੋਣ, ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਨਾ ਬਹੁਤ ਜ਼ਿਆਦਾ ਮੰਦਭਾਗਾ ਤੇ ਘਾਤਕ ਸਿੱਧ ਹੋਵੇਗਾ।
  ਗਿਆਨੀ ਹਰਪ੍ਰੀਤ ਸਿੰਘ ਨੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਕੱਢੇ ਜਾਣ ਵਾਲੇ ਨਗਰ ਕੀਰਤਨ ਬਾਰੇ ਪੈਦਾ ਹੋਈ ਦੁਬਿਧਾ ਬਾਰੇ ਕਿਹਾ ਕਿ ਅਸੀਂ ਉਸ ’ਤੇ ਰੋਕ ਲਗਾਉਂਦੇ ਹੋਏ ਸੰਗਤ ਵੱਲੋਂ ਚੜ੍ਹਾਏ ਪੈਸੇ ਦਾ ਹਿਸਾਬ ਨਸ਼ਰ ਕਰਨ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਦਿੱਤੇ ਹਨ। ਇੱਕ ਸੁਆਲ ਦਾ ਜੁਆਬ ਦਿੰਦਿਆਂ ਉਨ੍ਹਾਂ ਕਿਹਾ ਕਿ ਗੁਰੂ ਦੀ ਗੋਲਕ ਵਿੱਚ ਜਾਂ ਗੁਰੂ ਘਰ ਦੇ ਨਾਮ ਤੇ ਸੰਗਤਾਂ ਵੱਲੋਂ ਇਕੱਤਰ ਕੀਤੇ ਜਾਣ ਵਾਲੇ ਚੜ੍ਹਾਵੇ ਦਾ ਹਿਸਾਬ ਇਕੱਲਾ ਦਿੱਲੀ ਕਮੇਟੀ ਜਾਂ ਸ਼੍ਰੋਮਣੀ ਕਮੇਟੀ ਨੂੰ ਹੀ ਨਹੀਂ ਬਲਕਿ ਸਮੁੱਚੀਆਂ ਸੰਸਥਾਵਾਂ ਨੂੰ ਦੇਣਾ ਚਾਹੀਦਾ ਹੈ ਤਾਂ ਜੋ ਸੰਗਤ ਵਿੱਚ ਉਨ੍ਹਾਂ ਵੱਲੋਂ ਚੜ੍ਹਾਏ ਪੈਸੇ-ਪੈਸੇ ਦਾ ਹਿਸਾਬ ਨਸ਼ਰ ਹੋ ਸਕੇ।

  ਜਗਰਾਉਂ - ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸੋਇਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਵਲੋਂ ਭਾਰਤ ਨੂੰ ਹਿੰਦੂ ਰਾਸ਼ਟਰ ਕਹਿਣ ਦੇ ਮੁੱਦੇ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਇਥੇ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਹਨ ਤੇ ਵੱਖ-ਵੱਖ ਧਰਮ ਤੇ ਇਥੋਂ ਦੇ ਲੋਕਾਂ ਦੀ ਇਕਜੁਟਤਾ ਦੇਸ਼ ਦੀ ਸੁੰਦਰਤਾ ਹੈ | ਉਨ੍ਹਾਂ ਭਾਵੇਂ ਇਸ ਮੁੱਦੇ 'ਤੇ ਸੰਘ ਮੁਖੀ ਦੇ ਬਿਆਨ ਦੀ ਕਿਸੇ ਤਰ੍ਹਾਂ ਦੀ ਆਲੋਚਨਾ ਨਹੀਂ ਕੀਤੀ, ਪਰ ਦੇਸ਼ ਨੂੰ ਹਿੰਦੂ ਰਾਸ਼ਟਰ ਕਹਿਣ ਦੇ ਜਵਾਬ 'ਚ ਭਾਗਵਤ ਦੇ ਬਿਆਨ ਦੇ ਵਿਰੋਧ 'ਚ ਇਹ ਜਵਾਬ ਜ਼ਰੂਰ ਦਿੱਤਾ |
  ਅੰਮਿ੍ਤਸਰ - ਨਾਗਪੁਰ ਵਿਖੇ ਇਕ ਸਮਾਗਮ ਦੌਰਾਨ ਆਰ. ਐਸ. ਐਸ. ਮੁਖੀ ਮੋਹਨ ਭਾਗਵਤ ਵਲੋਂ ਭਾਰਤ ਇਕ ਹਿੰਦੂ ਰਾਸ਼ਟਰ ਹੈ ਤੇ ਉਸ ਵਿਚ ਰਹਿਣ ਵਾਲੇ ਸਾਰੇ ਲੋਕ ਹਿੰਦੂ ਹਨ, ਸਬੰਧੀ ਦਿੱਤੇ ਬਿਆਨ 'ਤੇ ਸਖ਼ਤ ਪ੍ਰਤੀਕ੍ਰਮ ਦਿੰਦਿਆਂ ਨਿਹੰਗ ਸਿੰਘਾਂ ਦੀ ਪ੍ਰਮੁੱਖ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਸੰਘ ਮੁਖੀ ਵਲੋਂ ਅਜਿਹੇ ਬਿਆਨ ਦੇਸ਼ ਦੇ ਅੰਦਰੂਨੀ ਢਾਂਚੇ 'ਚ ਘੱਟ ਗਿਣਤੀਆਂ ਤੇ ਵਿਭਿੰਨਤਾ ਲਈ ਵੱਡਾ ਖ਼ਤਰਾ ਹਨ | ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਭਾਰਤ ਹਿੰਦੂ ਧਰਮ ਰਾਸ਼ਟਰ ਨਹੀਂ ਹੈ |

  ਸ੍ਰੀ ਆਨੰਦਪੁਰ ਸਾਹਿਬ - ‘ਮੈਂ ਇਸ ਗੱਲ ਦਾ ਵਿਸ਼ਵਾਸ ਦਿਵਾਉਂਦਾ ਹਾਂ ਕਿ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਬੇਰ ਸਾਹਿਬ ਵਿਖੇ ਲੱਗਣ ਵਾਲੀ ਸਟੇਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਸਟੇਜ ਹੈ। ਇਸ ਸਟੇਜ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਸਬੰਧ ਨਹੀਂ ਹੈ।’ ਇਹ ਪ੍ਰਗਟਾਵਾ ਇੱਥੇ ਪਹੁੰਚੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤਾ। ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਈ ਲੌਂਗੋਵਾਲ ਨੇ ਕਿਹਾ ਕਿ ਇਹ ਇਤਿਹਾਸਕ ਪੁਰਬ ਹੈ, ਜੋ ਸਾਰਿਆਂ ਨੂੰ ਮਿਲ ਕੇ ਮਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਸਟੇਜ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਹੈ ਤੇ ਨਾ ਹੀ ਕਿਸੇ ਹੋਰ ਸਿਆਸੀ ਜਮਾਤ ਨਾਲ ਕੋਈ ਰਾਬਤਾ ਹੈ। ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਸਟੇਜ ’ਤੇ ਆਉਣ ਤਾਂ ਉਹ ਉਨ੍ਹਾਂ ਨੂੰ ਪੂਰਾ ਮਾਣ-ਸਨਮਾਨ ਦੇਣਗੇ।

  ਨਵੀਂ ਦਿੱਲੀ - ਦਿੱਲੀ ਪੁਲੀਸ ਨੇ ਫੋਰਟਿਸ ਹੈੱਲਥਕੇਅਰ ਦੇ ਸਾਬਕਾ ਪ੍ਰੋਮੋਟਰ ਸ਼ਿਵਿੰਦਰ ਸਿੰਘ ਤੇ ਤਿੰਨ ਹੋਰਨਾਂ ਨੂੰ ਰੈਲੀਗੇਰ ਫਿਨਵੈਸਟ ਲਿਮਟਿਡ (ਆਰਐੱਫਐੱਲ) ਨਾਲ 2397 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਸ਼ਿਵਿੰਦਰ ਦਾ ਭਰਾ ਮਾਲਵਿੰਦਰ, ਜੋ ਇਸ ਵੇਲੇ ਫ਼ਰਾਰ ਹੈ, ਖ਼ਿਲਾਫ਼ ਲੁੱਕ ਆਊਟ ਸਰਕੁਲਰ ਜਾਰੀ ਹੋ ਚੁੱਕਾ ਹੈ। ਦਿੱਲੀ ਪੁਲੀਸ ਦੇ ਆਰਥਿਕ ਅਪਰਾਧ ਵਿੰਗ ਨੇ ਕਵੀ ਅਰੋੜਾ(48), ਸੁਨੀਲ ਗੋਧਵਾਨੀ (58) ਤੇ ਅਨਿਲ ਸਕਸੈਨਾ ਨੂੰ ਲੋਕਾਂ ਦਾ ਪੈਸਾ ਕਥਿਤ ਹੋਰਨਾਂ ਕੰਪਨੀਆਂ ’ਚ ਨਿਵੇਸ਼ ਕਰਨ ਦੇ ਦੋਸ਼ ਵਿੱਚ ਕਾਬੂ ਕੀਤਾ ਹੈ। ਇਨ੍ਹਾਂ ਵਿੱਚੋਂ ਗੋਧਵਾਨੀ ਰੈਲੀਗੇਰ ਐਂਟਰਪ੍ਰਾਈਜ਼ਿਜ਼ ਲਿਮਟਿਡ (ਆਰਈਐੱਲ) ਦਾ ਸਾਬਕਾ ਚੇਅਰਮੈਨ ਤੇ ਪ੍ਰਬੰਧਕੀ ਡਾਇਰੈਕਟਰ ਹੈ ਜਦੋਂਕਿ ਅਰੋੜਾ ਤੇ ਸਕਸੈਨਾ ਆਰਈਐੱਲ ਤੇ ਆਰਐੱਫਐੱਲ ਵਿੱਚ ਅਹਿਮ ਅਹੁਦਿਆਂ ’ਤੇ ਤਾਇਨਾਤ ਸਨ। ਸ਼ਿਵਿੰਦਰ ਤੇ ਉਸ ਦਾ ਭਰਾ ਮਾਲਵਿੰਦਰ ਆਰਈਐੱਲ ਦੇ ਪਹਿਲਾਂ ਪ੍ਰੋਮੋਟਰ ਰਹਿ ਚੁੱਕੇ ਹਨ। ਚਾਰਾਂ ਨੂੰ ਪੁੱਛਗਿੱਛ ਮਗਰੋਂ ਹਿਰਾਸਤ ਵਿੱਚ ਲੈ ਲਿਆ ਗਿਆ। ਰੈਲੀਗੇਅਰ ਫਿਨਵੈਸਟ ਲਿਮਟਿਡ (ਆਰਐੱਫਐੱਲ) ਨੇ ਸ਼ਿਕਾਇਤ ਵਿੱਚ ਕਿਹਾ ਕਿ ਕੰਪਨੀ ਦਾ ਪ੍ਰਬੰਧ ਚਲਾਉਂਦਿਆਂ ਸ਼ਿਵਿੰਦਰ ਸਿੰਘ ਨੇ ਕਥਿਤ ਕਰਜ਼ੇ ਲਏ, ਪਰ ਪੈਸਾ ਹੋਰਨਾਂ ਕੰਪਨੀਆਂ ’ਚ ਨਿਵੇਸ਼ ਕੀਤਾ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, ‘ਆਰਐਫ਼ਐੱਲ ਵਿੱਚ ਜਦੋਂ ਪ੍ਰਬੰਧਕੀ ਫੇਰਬਦਲ ਹੋਇਆ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਕੰਪਨੀ ਦੇ ਨਾਂ ’ਤੇ ਕਰਜ਼ਾ ਚੁੱਕ ਕੇ ਇਸ ਪੈਸੇ ਨੂੰ ਸਿੰਘ ਤੇ ਉਹਦੇ ਭਰਾ ਮਾਲਵਿੰਦਰ ਨਾਲ ਸਬੰਧਤ ਹੋਰਨਾਂ ਕੰਪਨੀਆਂ ’ਚ ਨਿਵੇਸ਼ ਕੀਤਾ ਗਿਆ ਹੈ। ਉਨ੍ਹਾਂ ਆਰਥਿਕ ਅਪਰਾਧ ਵਿੰਗ ਨੂੰ ਸ਼ਿਕਾਇਤ ਕੀਤੀ, ਜਿਸ ਮਗਰੋਂ ਉਪਰੋਕਤ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।’
  ਜਾਣਕਾਰੀ ਮੁਤਾਬਿਕ ਝਗੜੇ ਦਾ ਮੁਢ ਉਸ ਵੇਲੇ ਬੱਝਾ ਜਦ ਡੇਰਾ ਬਿਆਸ ਦੇ ਮੁਖੀ ਦੇ ਸ਼ੇਅਰਾਂ ਵਾਲੀ ਦਵਾਈ ਬਨਾਉਂਣ ਦੀ ਕੰਪਨੀ ਰੈਨਬੈਕਸੀ ਵਿਕ ਗਈ। ਇਹ ਕੰਪਨੀ ਭਾਈ ਮੋਹਨ ਸਿੰਘ ਨੇ ਸ਼ੁਰੂ ਕੀਤੀ ਸੀ ਤੇ ਉਨ੍ਹਾਂ ਤੋ ਬਾਅਦ ਉਨ੍ਹਾਂ ਦੇ ਤਿੰਨ ਪੁਤਰਾਂ ਭਾਈ ਗੁਰਿੰਦਰ ਸਿੰਘ, ਭਾਈ ਮਨਜੀਤ ਸਿੰਘ ਅਤੇ ਭਾਈ ਅਨਲਜੀਤ ਸਿੰਘ ਨੇ ਸੰਭਾਲੀ। ਭਾਈ ਗੁਰਿੰਦਰ ਸਿੰਘ ਦੇ ਪੁੱਤਰਾਂ ਮਲਵਿੰਦਰ ਮੋਹਨ ਸਿੰਘ ਅਤੇ ਸ਼ਵਿੰਦਰ ਮੋਹਨ ਸਿੰੰਘ ਨੇ ਰੈਨਬੈਕਸੀ ਤੋ ਬਾਅਦ ਡੇਰਾ ਮੁਖੀ ਗੁਰਿੰਦਰ ਸਿੰਘ ਢਿਲੋ ਦੀ ਭਾਈਵਾਲੀ ਨਾਲ ਰੈਲੀਗੇਅਰ ਨਾਮਕ ਕੰਪਨੀ ਦੇ ਨਾਮ ਤੇ ਫੋਰਟਿਸ ਹਸਪਤਾਲਾਂ ਦੀ ਇਕ ਲੜੀ ਸ਼ੁਰੂ ਕੀਤੀ।
  ਕਿਹਾ ਜਾਂਦਾ ਹੈ ਕਿ ਇਸ ਕੰਪਨੀ ਵਿਚ ਵੀ ਡੇਰਾ ਬਿਆਸ ਦਾ ਵੱਡਾ ਸ਼ੇਅਰ ਹੈ। ਬਿਆਸ ਡੇਰਾ ਦੇ ਮੁਖੀ ਗੁਰਿੰਦਰ ਸਿੰਘ ਢਿਲੋ ਦੇ ਬਿਮਾਰ ਹੋਣ ਤੋ ਬਾਅਦ ਸ਼ਵਿੰਦਰ ਮੋਹਨ ਸਿੰਘ ਡੇਰੇ ਆ ਗਏ ਜਿਸ ਕਾਰਨ ਇਹ ਲੜਾਈ ਹੋਰ ਸੁਲਗਣ ਲਗੀ। ਦਸਣਯੋਗ ਹੈ ਕਿ ਬਾਬਾ ਢਿਲੋ ਤੋ ਪਹਿਲਾਂ ਡੇਰਾ ਸੰਚਾਲਕ ਬਾਬਾ ਚਰਨ ਸਿੰਘ ਦੇ ਮਲਵਿੰਦਰ ਸਿੰਘ ਅਤੇ ਸ਼ਵਿੰਦਰ ਸਿੰਘ ਸਕੇ ਦੋਹਤਰੇ ਹਨ। ਬਾਬੇ ਨਾਲ ਸਾਂਝ ਕਾਰਨ ਦੋਹਾਂ ਭਰਾਵਾਂ ਵਿਚ ਕਲਾ ਕਲੇਸ਼ ਵਧਦਾ ਵਧਦਾ ਆਖਰੀ ਹੱਦਾਂ ਤੇ ਆ ਗਿਆ ਹੈ। ਦਰਅਸਲ ਇਸ ਸਾਰੇ ਵਿਵਾਦ ਪਿੱਛੇ ਅਰਬਾਂ ਰੁਪਏ ਦੀ ਮਾਇਆ ਹੈ ਜਿਸ ਤੋ ਬਾਬਾ ਗੁਰਿੰਦਰ ਸਿੰਘ ਆਪਣੇ ਅਨੁਯਾਈਆਂ ਨੂੰ ਬਚਣ ਲਈ ਕਹਿੰਦੇ ਹਨ।

  ਇਸਲਾਮਾਬਾਦ - ਪਾਕਿਸਤਾਨ ਨੇ ਵੀਰਵਾਰ ਨੂੰ ਕਿਹਾ ਕਿ ਸਿੱਖ ਸੰਗਤ ਵੱਲੋਂ ਬੇਸਬਰੀ ਨਾਲ ਉਡੀਕੇ ਜਾ ਰਹੇ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਦੀ ਅਜੇ ਤੱਕ ਕੋਈ ਤਰੀਕ ਤੈਅ ਨਹੀਂ ਕੀਤੀ ਗਈ ਹੈ। ਉਂਜ ਉਨ੍ਹਾਂ ਭਰੋਸਾ ਦਿੱਤਾ ਹੈ ਕਿ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਅਗਲੇ ਮਹੀਨੇ ਇਹ ਸਮੇਂ ’ਤੇ ਖੋਲ੍ਹ ਦਿੱਤਾ ਜਾਵੇਗਾ। ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਲਾਂਘੇ ਦੇ ਪ੍ਰਾਜੈਕਟ ਦੀ ਦੇਖ-ਰੇਖ ਕਰ ਰਹੇ ਸੀਨੀਅਰ ਅਧਿਕਾਰੀ ਨੇ ਮਹੀਨਾ ਕੁ ਪਹਿਲਾਂ ਐਲਾਨ ਕੀਤਾ ਸੀ ਕਿ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ 9 ਨਵੰਬਰ ਤੋਂ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ।
  ਵਿਦੇਸ਼ ਦਫ਼ਤਰ ਦੇ ਤਰਜਮਾਨ ਮੁਹੰਮਦ ਫ਼ੈਸਲ ਨੇ ਇਥੇ ਹਫ਼ਤਾਵਾਰੀ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ,‘‘ਕਰਤਾਰਪੁਰ ਲਾਂਘੇ ਦਾ ਕੰਮ ਸਮੇਂ ’ਤੇ ਮੁਕੰਮਲ ਹੋ ਜਾਵੇਗਾ। ਇਸ ਦਾ ਉਦਘਾਟਨ ਸਮੇਂ ’ਤੇ ਹੋਵੇਗਾ ਪਰ ਇਸ ਦੀ ਕੋਈ ਤਰੀਕ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਲਾਂਘੇ ਨੂੰ ਖੋਲ੍ਹਣ ਦੀ ਤਰੀਕ ਅਜੇ ਤੱਕ ਤੈਅ ਨਹੀਂ ਕੀਤੀ ਗਈ ਹੈ।’’ ਉਸ ਨੇ ਭਰੋਸਾ ਦਿੱਤਾ ਕਿ ਲਾਂਘਾ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 12 ਨਵੰਬਰ ਨੂੰ ਖੋਲ੍ਹ ਦਿੱਤਾ ਜਾਵੇਗਾ। ਵਿਦੇਸ਼ ਦਫ਼ਤਰ ਦੇ ਤਰਜਮਾਨ ਨੇ ਕਿਹਾ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਵੀ ਉਦਘਾਟਨੀ ਸਮਾਗਮ ਲਈ ਰਸਮੀ ਤੌਰ ’ਤੇ ਸੱਦਾ ਭੇਜਿਆ ਗਿਆ ਹੈ। ਉਸ ਨੇ ਕਿਹਾ ਕਿ ਪਾਕਿਸਤਾਨ ਕਸ਼ਮੀਰੀਆਂ ਦੀ ਆਵਾਜ਼ ਨੂੰ ਆਲਮੀ ਮੰਚਾਂ ’ਤੇ ਉਭਾਰਨਾ ਜਾਰੀ ਰੱਖੇਗਾ। ਜ਼ਿਕਰਯੋਗ ਹੈ ਕਿ ਲਾਹੌਰ ਤੋਂ 125 ਕਿਲੋਮੀਟਰ ਦੂਰ ਨਾਰੋਵਾਲ ’ਚ ਕਰਤਾਰਪੁਰ ਲਾਂਘੇ ਦੇ ਪ੍ਰਾਜੈਕਟ ਦਾ ਜਾਇਜ਼ਾ ਲੈਣ ਲਈ 16 ਸਤੰਬਰ ਨੂੰ ਪਾਕਿਸਤਾਨੀ ਅਤੇ ਵਿਦੇਸ਼ੀ ਪੱਤਰਕਾਰਾਂ ਦੇ ਆਏ ਵਫ਼ਦ ਨੂੰ ਪ੍ਰਾਜੈਕਟ ਡਾਇਰੈਕਟਰ ਆਤਿਫ਼ ਮਾਜਿਦ ਨੇ ਦੱਸਿਆ ਸੀ ਕਿ ਲਾਂਘੇ ਦਾ ਕੰਮ 86 ਫ਼ੀਸਦੀ ਮੁਕੰਮਲ ਹੋ ਚੁੱਕਾ ਹੈ ਅਤੇ ਇਹ ਸੰਗਤ ਲਈ 9 ਨਵੰਬਰ ਨੂੰ ਖੋਲ੍ਹ ਦਿੱਤਾ ਜਾਵੇਗਾ। ਪ੍ਰਸਤਾਵਿਤ ਲਾਂਘਾ ਕਰਤਾਰਪੁਰ ’ਚ ਗੁਰਦੁਆਰਾ ਦਰਬਾਰ ਸਾਹਿਬ ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ’ਚ ਪੈਂਦੇ ਡੇਰਾ ਬਾਬਾ ਨਾਨਕ ਨਾਲ ਜੋੜੇਗਾ ਅਤੇ ਭਾਰਤੀ ਸ਼ਰਧਾਲੂਆਂ ਨੂੰ ਵੀਜ਼ਾ ਮੁਕਤ ਦਰਸ਼ਨਾਂ ਦੀ ਸਹੂਲਤ ਦਿੱਤੀ ਜਾਵੇਗੀ।
  ਪਾਕਿਸਤਾਨ ਵੱਲੋਂ ਭਾਰਤੀ ਸਰਹੱਦ ਤੋਂ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਤੱਕ ਲਾਂਘੇ ਦੀ ਉਸਾਰੀ ਕੀਤੀ ਜਾ ਰਹੀ ਹੈ ਜਦਕਿ ਡੇਰਾ ਬਾਬਾ ਨਾਨਕ ਤੋਂ ਸਰਹੱਦ ਤੱਕ ਭਾਰਤ ਨਿਰਮਾਣ ਕਾਰਜ ਕਰਵਾ ਰਿਹਾ ਹੈ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com