ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਚੰਡੀਗੜ੍ਹ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਦਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਮੀਦ ਜ਼ਾਹਰ ਕੀਤੀ ਕਿ ਪੁਲਵਾਮਾ ਹਮਲੇ ਦਾ ਕਰਤਾਰਪੁਰ ਲਾਂਘੇ ’ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਵੀਜ਼ਾ ਮੁਕਤ ‘ਖੁੱਲ੍ਹੇ ਦਰਸ਼ਨ ਦੀਦਾਰੇ’ ਕਰਨ ਬਾਰੇ ਆਪਣੀ ਮੰਗ ਨੂੰ ਮੁੜ ਦੁਹਰਾਇਆ। ਉਨ੍ਹਾਂ ਕਿਹਾ ਕਿ ਜੇਕਰ ਦੋਵਾਂ ਮੁਲਕਾਂ ਦਰਮਿਆਨ ਅਮਨ-ਸ਼ਾਂਤੀ ਦੀਆਂ ਕੋਸ਼ਿਸ਼ਾਂ ਨੂੰ ਅੱਗੇ ਵਧਾਉਣਾ ਹੈ ਤਾਂ ਇਸ ਲਈ ਪਾਕਿਸਤਾਨ ਨੂੰ ਆਪਣੇ ਰਵੱਈਏ ਵਿੱਚ ਤਬਦੀਲੀ ਲਿਆਉਣੀ ਪਵੇਗੀ।
  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫਲੇ ’ਤੇ ਕੀਤੇ ਦਹਿਸ਼ਤੀ ਹਮਲੇ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਦੁਸ਼ਮਣਾਂ ਨੂੰ ਢੁੱਕਵਾਂ ਜਵਾਬ ਦੇਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨਾਲ ਸ਼ਾਂਤੀ ਵਾਰਤਾ ਦਾ ਵੇਲਾ ਲੰਘ ਚੁੱਕਾ ਹੈ ਤੇ ਪੁਲਵਾਮਾ ਹਮਲੇ ਨੇ ਗੁਆਂਢੀ ਮੁਲਕ ਦੇ ਦੋਹਰੇ ਕਿਰਦਾਰ ਦੀ ਪੋਲ ਖੋਲ੍ਹ ਦਿੱਤੀ ਹੈ। ਉਨ੍ਹਾਂ ਪਾਕਿਸਤਾਨੀ ਫ਼ੌਜ ਅਤੇ ਆਈਐਸਆਈ ਨੂੰ ਪੰਜਾਬ ਵਿੱਚ ਅਜਿਹੀ ਕਿਸੇ ਵੀ ਗਤੀਵਿਧੀ ਵਿਰੁੱਧ ਚਿਤਾਵਨੀ ਦਿੱਤੀ ਹੈ।
  ਵਿਧਾਨ ਸਭਾ ਵਿੱਚ ਸਦਨ ਨੇ ਅੱਜ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਇਸ ਹਮਲੇ ਦੀ ਨਿਖੇਧੀ ਕੀਤੀ। ਮੁੱਖ ਮੰਤਰੀ ਨੇ ਸਦਨ ਨੂੰ ਉਠਾਉਣ ਦੀ ਮੰਗ ਦਾ ਮਤਾ ਪੇਸ਼ ਕਰਦਿਆਂ ਕਿਹਾ ਕਿ ਪਾਕਿਸਤਾਨ ਨਾਲ ਸ਼ਾਂਤੀ ਦੀ ਗੱਲ ਕਰਨ ਦਾ ਵੇਲਾ ਲੰਘ ਚੁੱਕਾ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਗੁਆਂਢੀ ਮੁਲਕ ਖ਼ਿਲਾਫ਼ ਜਵਾਬੀ ਕਾਰਵਾਈ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਨੇ 80ਵੇਂ ਅਤੇ 90ਵੇਂ ਦਹਾਕਿਆਂ ਦੌਰਾਨ ਅਤਿਵਾਦ ਦਾ ਦੌਰ ਹੰਢਾਇਆ ਹੈ ਅਤੇ ਇਸ ਵਿਰੁੱਧ ਸਾਡੀ ਮਜ਼ਬੂਤ ਪੁਲੀਸ ਫੋਰਸ ਡਟ ਕੇ ਲੜੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਕਿਸੇ ਵੀ ਚੁਣੌਤੀ ਦਾ ਮੂੰਹ ਤੋੜਵਾਂ ਜਵਾਬ ਦੇਣ ਦੇ ਸਮਰੱਥ ਹੈ। ਉਨ੍ਹਾਂ ਐਲਾਨ ਕੀਤਾ ਜੇਕਰ ਜਨਰਲ ਬਾਜਵਾ ਅਤੇ ਆਈਐਸਆਈ ਨੇ ਪੰਜਾਬ ਵਿੱਚ ਹੁਣ ਕੋਈ ਕੋਝੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਠੋਕਵਾਂ ਜਵਾਬ ਦਿੱਤਾ ਜਾਵੇਗਾ।
  ਮੁੱਖ ਮੰਤਰੀ ਨੇ ਮਤਾ ਪੇਸ਼ ਕਰਦਿਆਂ ਕਿਹਾ ਕਿ ਪੁਲਵਾਮਾ ਹਮਲੇ ਦੇ ਸ਼ਹੀਦਾਂ ਦੀ ਕੁਰਬਾਨੀ ਅਜਾਈਂ ਨਹੀਂ ਜਾਣੀ ਚਾਹੀਦੀ ਅਤੇ ਕੇਂਦਰ ਸਰਕਾਰ ਨੂੰ ਇਸ ਹਮਲੇ ਦਾ ਢੁਕਵਾਂ ਜਵਾਬ ਦੇਣਾ ਯਕੀਨੀ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਮਲਾ ਪਾਕਿਸਤਾਨ ਸਰਕਾਰ ਦੇ ਦੂਹਰੇ ਕਿਰਦਾਰ ਦਾ ਪਰਦਾਫਾਸ਼ ਕਰਦਾ ਹੈ। ਮਤੇ ਨੂੰ ਸਦਨ ਨੇ ਸਰਬਸੰਮਤੀ ਨਾਲ ਪਾਸ ਕੀਤਾ ਤੇ ਮਗਰੋਂ ਸਦਨ ਨੂੰ ਪੂਰੇ ਦਿਨ ਲਈ ਉਠਾ ਦਿੱਤਾ ਗਿਆ। ਇਸ ਤੋਂ ਪਹਿਲਾਂ ਸਦਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਨਿੰਦਾ ਬਾਰੇ ਸਦਨ ਦੀ ਅਪੀਲ ਨੂੰ ਰਿਕਾਰਡ ’ਤੇ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਮਲੇ ਨਾਲ ਖਾਨ ਦਾ ਦੂਹਰਾ ਕਿਰਦਾਰ ਜੱਗ ਜ਼ਾਹਿਰ ਹੋਇਆ ਹੈ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਹਮਲੇ ਵਿੱਚ ਸ਼ਹੀਦ ਹੋਏ ਪੰਜਾਬ ਦੇ ਜਵਾਨਾਂ ਦੇ ਪਰਿਵਾਰਾਂ ਲਈ ਇਕ-ਇਕ ਕਰੋੜ ਰੁਪਏ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਨੌਕਰੀਆਂ ਦੇਣ ਦੀ ਮੰਗ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਛੋਟਾ ਮਾਮਲਾ ਹੈ ਜਿਸ ਨੂੰ ਪੂਰਾ ਕੀਤਾ ਜਾਵੇਗਾ।

  ਸੁਰਿੰਦਰ ਕੋਛੜ, 93561-27771
  ਹਰੀ ਸਿੰਘ ਨਲਵਾ ਦੀ 30 ਅਪਰੈਲ 1837 ਨੂੰ ਜਮਰੋਦ ਵਿੱਚ ਹੋਈ ਸ਼ਹਾਦਤ ਦੀ ਖ਼ਬਰ ਸੁਣ ਕੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸੁਭਾਅ ਦੇ ਉਲਟ ਸ. ਨਲਵਾ ਦੀ ਮੌਤ ਦਾ ਇੰਨਾ ਦੁੱਖ ਪ੍ਰਗਟ ਕੀਤਾ ਕਿ ਸਭ ਵੇਖਣ ਵਾਲੇ ਦੰਗ ਰਹਿ ਗਏ। ਉਨ੍ਹਾਂ ਦੀਆਂ ਅੱਖਾਂ ਅੱਥਰੂਆਂ ਨਾਲ ਭਰੀਆਂ ਹੋਈਆਂ ਸਨ। ਕੁਝ ਦੇਰ ਦੀ ਚੁੱਪ ਤੋਂ ਬਾਅਦ ਉਨ੍ਹਾਂ ਕਿਹਾ,‘‘ਮੇਰੇ ਬਹਾਦਰ ਜਰਨੈਲ ਹਰੀ ਸਿੰਘ ਦਾ ਵਿਛੋੜਾ ਮੇਰੇ ਲਈ ਅਸਹਿ ਹੈ। ਅੱਜ ਖ਼ਾਲਸਾ ਰਾਜ ਦੇ ਮਜ਼ਬੂਤ ਕਿਲ੍ਹੇ ਦਾ ਬੁਰਜ ਢਹਿ ਗਿਆ ਹੈ।’’ ਮਹਾਰਾਜੇ ਦੇ ਕਹੇ ਇਹ ਸ਼ਬਦ ਸੱਚ ਸਾਬਿਤ ਹੋਏ ਤੇ ਹਰੀ ਸਿੰਘ ਨਲਵਾ ਦੀ ਸ਼ਹਾਦਤ ਦੇ ਨਾਲ ਹੀ ਖ਼ਾਲਸਾ ਰਾਜ ਦੀਆਂ ਨੀਂਹਾਂ ਵਿੱਚ ਤਰੇੜਾਂ ਪੈ ਗਈਆਂ। ਜਲਦੀ ਬਾਅਦ ਵਿੱਚ ਖ਼ਾਲਸਾ ਰਾਜ ਢਹਿ-ਢੇਰੀ ਹੋ ਗਿਆ। ਸਪੱਸ਼ਟ ਸ਼ਬਦਾਂ ਵਿੱਚ ਸ. ਨਲਵਾ ਦੀ ਸ਼ਹਾਦਤ ਖ਼ਾਲਸਾ ਰਾਜ ਦੇ ਅੰਤ ਦੀ ਸ਼ੁਰੂਆਤ ਸੀ।

  ਚੀਮਾ ਮੰਡੀ - ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਅਕਾਲੀ ਦਲ ਦੇ ਰਾਜ ਵਿੱਚ ਸਿੱਖ ਪੰਥ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਦੌਰਾਨ ਹੋਈਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਸਿੱਖ ਧਰਮ ਨਾਲ ਸਬੰਧਤ ਲੋਕਾਂ ਦੇ ਹਿਰਦੇ ਬਲੂੰਦਰੇ ਗਏ ਹਨ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਬਜ਼ ਲੋਕਾਂ ਤੋਂ ਬਚਾਉਣਾ ਸਮੇਂ ਦੀ ਲੋੜ ਹੈ। ਇਸ ਸਮੇਂ ਉਹ ਕਸਬੇ ਵਿਚ ਗੁਰਦੁਆਰਾ ਜਨਮ ਅਸਥਾਨ ਦੇ ਮੁੱਖ ਸੇਵਾਦਾਰ ਭਾਈ ਜੈਵਿੰਦਰ ਸਿੰਘ ਦੀ ਮਾਤਾ ਨਮਿਤ ਰੱਖੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਏ ਸਨ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੰਮੇ ਸਮੇਂ ਤੋਂ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਲੋਕਾਂ ਨੇ ਨਰੈਣੂ ਮਾਹੰਤ ਨੂੰ ਵੀ ਮਾਤ ਪਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੌ ਸਾਲ ਦੇ ਅਰਸੇ ਦੌਰਾਨ ਸ਼੍ਰੋਮਣੀ ਕਮੇਟੀ ਨੇ ਪੜ੍ਹਾਈ ਲਈ ਕਿਸੇ ਵੀ ਲੋੜਵੰਦ ਸਿੱਖ ਪਰਵਾਰ ਦੇ ਬੱਚੇ ਦੀ ਫੀਸ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਆਜ਼ਾਦ ਕਰਵਾਉਣ ਲਈ ਕੋਈ ਵੀ ਸਿੱਖ ਪੰਥਕ ਲਹਿਰ ਵਿੱਚ ਸ਼ਾਮਲ ਹੋ ਸਕਦਾ ਹੈ ਤੇ ਭਾਂਵੇ ਉਹ ਕਿਸੇ ਵੀ ਪਾਰਟੀ ਵਿੱਚ ਕੰਮ ਕਰਦਾ ਹੋਵੇ, ਪਰ ਰਾਜਸੀ ਇੱਛਾ ਰੱਖਣ ਵਾਲੇ ਲਈ ਪੰਥਕ ਲਹਿਰ ਵਿੱਚ ਕੋਈ ਥਾਂ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗਰੁਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖ਼ਤ ’ਤੇ ਕਾਬਜ਼ ਲੋਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਹਨ। ਉਨ੍ਹਾਂ ਅਦਾਲਤ ਵੱਲੋਂ ਤਿੰਨ ਸਿੱਖ ਨੌਜਵਾਨਾਂ ਨੂੰ ਖ਼ਾਲਿਸਤਾਨੀ ਸਾਹਿਤ ਰੱਖਣ ਦੇ ਦੋਸ਼ ਵਿੱਚ ਦਿੱਤੀ ਉਮਰ ਕੈਦ ਦੀ ਸਜ਼ਾ ਸਬੰਧੀ ਬੋਲਦਿਆਂ ਕਿਹਾ ਕਿ ਸਿੱਖਾਂ ਨੂੰ ਇਸ ਬਾਰੇ ਘਬਰਾਉਣ ਦੀ ਲੋੜ ਨਹੀਂ। ਇਸ ਵਿਰੁੱਧ ਹਾਈ ਕੋਰਟ ’ਚ ਪਟੀਸ਼ਨ ਦਾਖ਼ਲ ਹੋਣ ਤੋਂ ਬਾਅਦ ਸਿੱਖਾਂ ਨੂੰ ਇਨਸਾਫ਼ ਮਿਲੇਗਾ।

   

  ਪਾਲ ਸਿੰਘ ਨੌਲੀ
  ਜਲੰਧਰ - ਨਕੋਦਰ ਬੇਅਦਬੀ ਕਾਂਡ ਬਾਰੇ ਜਸਟਿਸ ਗੁਰਨਾਮ ਸਿੰਘ ਦੀ ਜਾਂਚ ਰਿਪੋਰਟ ਵਿਚ ਪੁਲੀਸ ਦੀ ਕਾਰਗੁਜ਼ਾਰੀ ’ਤੇ ਵੱਡੇ ਸਵਾਲ ਉਠਾਏ ਗਏ ਹਨ। 33 ਸਾਲ ਪਹਿਲਾਂ ਵਾਪਰੇ ਇਸ ਕਾਂਡ ਦੀ ਰਿਪੋਰਟ ਨੂੰ ਜਨਤਕ ਕਰਨ ਦੀ ਮੰਗ ਪੀੜਤ ਪਰਿਵਾਰਾਂ ਵੱਲੋਂ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕੀਤੀ ਜਾ ਰਹੀ ਸੀ। ਨਕੋਦਰ ਬੇਅਦਬੀ ਕਾਂਡ ਬਾਰੇ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਬਣੇ ਦਬਾਅ ਦੇ ਚੱਲਦਿਆਂ ਇਹ ਖੁਲਾਸਾ ਹੋਇਆ ਕਿ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਹੁੰਦਿਆਂ ਹੋਇਆਂ ਇਹ ਰਿਪੋਰਟ ਮਾਰਚ 2001 ਵਿਚ ਵਿਧਾਨ ਸਭਾ ’ਚ ਰੱਖ ਦਿੱਤੀ ਗਈ ਸੀ। ਪਰ ਇਸ ਰਿਪੋਰਟ ’ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਰਿਪੋਰਟ ਅਨੁਸਾਰ ਪੁਲੀਸ ਦੀ ਕਾਰਗੁਜ਼ਾਰੀ ਉਸੇ ਤਰ੍ਹਾਂ ਸ਼ੱਕੀ ਨਜ਼ਰ ਆਈ ਜਿਸ ਤਰ੍ਹਾਂ ਬਹਿਬਲ ਕਲਾਂ ’ਚ ਨਜ਼ਰ ਆਈ ਸੀ। ਜਸਟਿਸ ਗੁਰਨਾਮ ਸਿੰਘ ਉਸ ਵੇਲੇ ਇਸ ਰਿਪੋਰਟ ਦੇ ਨਾਲ-ਨਾਲ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਹੋਈ ਮੌਤ ਬਾਰੇ ਵੀ ਜਾਂਚ ਕਰ ਰਹੇ ਸਨ।
  ਜਸਟਿਸ ਗੁਰਨਾਮ ਸਿੰਘ ਨੇ ਆਪਣੀ ਰਿਪੋਰਟ ਦੇ ਸਫ਼ਾ ਨੰਬਰ 49 ’ਤੇ ਲਿਖਿਆ ਹੈ ਕਿ ਪੁਲੀਸ ਦੇ ਗੋਲੀਆਂ ਚਲਾਉਣ ਤੋਂ ਬਾਅਦ ਵੀ ਪੁਲੀਸ ਅਧਿਕਾਰੀ ਏਕੇ ਸ਼ਰਮਾ ਨੇ ਜ਼ਿਲ੍ਹਾ ਮੈਜਿਸਟਰੇਟ ਨੂੰ ਇਸ ਬਾਰੇ ਕੋਈ ਸੂਚਨਾ ਨਹੀਂ ਦਿੱਤੀ। ਜਦਕਿ ਉਸ ਵੇਲੇ ਜ਼ਿਲ੍ਹਾ ਮੈਜਿਸਟਰੇਟ ਉਨ੍ਹਾਂ ਕੋਲੋਂ ਇਕ ਕਿਲੋਮੀਟਰ ਹੀ ਦੂਰ ਸਨ। ਹਾਲਾਤ ਇਹ ਦਰਸਾਉਂਦੇ ਹਨ ਕਿ ਭੀੜ ਹਿੰਸਕ ਨਹੀਂ ਸੀ।
  ਭੀੜ ਵਿਚ ਸ਼ਾਮਲ ਲੋਕਾਂ ਦਾ ਮੰਤਵ ਗੁਰਦੁਆਰੇ ਜਾਣਾ ਸੀ ਕਿਉਂ ਜੋ ਉਨ੍ਹਾਂ ਨੇ ਪਵਿੱਤਰ ਬੀੜਾਂ ਦਾ ਸਾੜਿਆ ਜਾਣਾ ਧਾਰਮਿਕ ਬੇਅਦਬੀ ਦੀ ਕਾਰਵਾਈ ਸਮਝਿਆ ਸੀ। ਜਸਟਿਸ ਗੁਰਨਾਮ ਸਿੰਘ ਨੇ ਆਪਣੀ ਰਿਪੋਰਟ ਵਿਚ ਪੁਲੀਸ ਵੱਲੋਂ ਕੀਤੇ ਇਸ ਦਾਅਵੇ ਨੂੰ ਵੀ ਝੁਠਲਾਇਆ ਹੈ ਕਿ ਭੀੜ ਕੋਲੋਂ ਦੋ ਪਿਸਤੌਲ ਤੇ ਹੋਰ ਮਾਰੂ ਹਥਿਆਰ ਬਰਾਮਦ ਹੋਏ ਸਨ। ਉਨ੍ਹਾਂ ਆਪਣੀ ਰਿਪੋਰਟ ’ਚ ਸਵਾਲ ਖੜ੍ਹਾ ਕੀਤਾ ਕਿ ਜਿਸ ਇੰਸਪੈਕਟਰ ਜਸਵੰਤ ਸਿੰਘ ਦੇ ਗੋਲੀ ਲੱਗਣ ਦਾ ਦਾਅਵਾ ਕੀਤਾ ਗਿਆ ਸੀ, ਉਸ ਗੋਲੀ ਦੀ ਫੌਂਰੈਂਸਿਕ ਜਾਂਚ ਕਿਉਂ ਨਹੀਂ ਕਰਵਾਈ ਗਈ? ਸਿਰਫ਼ ਇਹ ਕਹਿ ਦੇਣਾ ਕਿ ਜ਼ਖ਼ਮ ਵਿਚੋਂ ਛੱਰੇ ਵਰਗੀ ਚੀਜ਼ ਨਿਕਲੀ ਹੈ, ਹਨੇਰੇ ਵਿਚ ਰੱਖਣ ਵਾਲੀ ਗੱਲ ਹੈ ਤੇ ਸ਼ੱਕ ਪੈਦਾ ਕਰਦੀ ਹੈ।
  ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੁਲੀਸ ਨੇ ਜਿਹੜੇ ਵਿਅਕਤੀ ਗ੍ਰਿਫ਼ਤਾਰ ਕੀਤੇ ਸਨ ਉਨ੍ਹਾਂ ਨੂੰ ਕੇਵਲ ਲਾਠੀਆਂ ਤੇ ਤਲਵਾਰਾਂ ਨਾਲ ਲੈਸ ਹੀ ਦੱਸਿਆ ਗਿਆ ਸੀ। ਇਹ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿ ਭੀੜ ਵਾਲੇ ਵਿਅਕਤੀ ਭੱਜਦੇ ਸਮੇਂ ਘਟਨਾ ਵਾਲੇ ਥਾਂ ’ਤੇ ਦੇਸੀ ਪਿਸਤੌਲ ਤੇ ਖਾਲੀ ਕਾਰਤੂਸ ਛੱਡ ਗਏ ਸਨ। ਜਿਹੜੇ ਹੋਰ ਪੁਲੀਸ ਵਾਲਿਆਂ ਦੇ ਸੱਟਾਂ ਲੱਗਣ ਦਾ ਦਾਅਵਾ ਕੀਤਾ ਗਿਆ ਸੀ ਉਨ੍ਹਾਂ ਬਾਰੇ ਡਾਕਟਰ ਦੀ ਰਿਪੋਰਟ ਅਨੁਸਾਰ ਇਹ ਸੱਟ ਡਿੱਗਣ ਨਾਲ ਜਾਂ ਲਾਠੀ ਲੱਗਣ ਨਾਲ ਹੋ ਸਕਦੀ ਹੈ। ਇਹ ਵੀ ਕੋਈ ਗੰਭੀਰ ਸੱਟਾਂ ਨਹੀਂ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜ਼ਖਮੀ ਪੁਲੀਸ ਅਧਿਕਾਰੀਆਂ ਦੀਆਂ ਚੋਟਾਂ ਲਾਠੀਆਂ ਨਾਲ ਲੱਗੀਆਂ ਨਹੀਂ ਹੋ ਸਕਦੀਆਂ ਕਿਉਂਕਿ ਜਦੋਂ ਗੋਲੀ ਚਲਾਉਣ ਦਾ ਹੁਕਮ ਦਿੱਤਾ ਗਿਆ ਸੀ ਤੇ ਹੋਰ ਅੱਥਰੂ ਗੈਸ ਗੋਲੇ ਸੁੱਟੇ ਸਨ ਤਾਂ ਭੀੜ ਅਤੇ ਸੁਰੱਖਿਆ ਬਲਾਂ ਵਿਚ ਫਾਸਲਾ 15 ਤੋਂ 20 ਗਜ਼ ਦਾ ਸੀ। ਰਿਪੋਰਟ ਵਿਚ ਪੁਲੀਸ ਦੇ ਇਸ ਦਾਅਵੇ ਨੂੰ ਵੀ ਝੁਠਲਾਇਆ ਗਿਆ ਹੈ ਕਿ ਭੀੜ ਕੋਲ ਇੱਟਾਂ-ਰੋੜੇ ਸਨ।

  ਜੰਮੂ - ਜੰਮੂ ਦੇ ਡਿਪਟੀ ਕਮਿਸ਼ਨਰ ਰਮੇਸ਼ ਕੁਮਾਰ ਵੱਲੋਂ ਸ਼ੁੱਕਰਵਾਰ ਨੂੰ ਜੰਮੂ ਸ਼ਹਿਰ ਵਿਚ ਕਰਫਿਊ ਲਗਾ ਦਿੱਤਾ ਗਿਆ। ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਵਿਚ 40 ਸੀਆਰਪੀਐਫ ਦੇ ਜਵਾਨ ਸ਼ਹੀਦ ਹੋਣ ਤੋਂ ਬਾਅਦ ਸ਼ਹਿਰ ਵਿਚ ਰੋਸ ਮੁਜ਼ਾਹਰਿਆਂ ਦੌਰਾਨ ਸੰਭਾਵੀ ਹਿੰਸਾ ਦੀਆਂ ਘਟਨਾਵਾਂ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਗਿਆ ਹੈ।ਫੌਜ ਦੇ ਅਧਿਕਾਰੀਆਂ ਨੇ ਸਥਾਨਕ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਲਾਅ ਐਂਡ ਅਰਡਰ ਨੂੰ ਬਣਾਈ ਰੱਖਣ ਲਈ ਅਤੇ ਫਲੈਗ ਮਾਰਚ ਕਰਨ ਲਈ ਮਦਦ ਕਰੇ। ਜੰਮੂ ਜ਼ਿਲ੍ਹੇ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਮੱਦੇ ਨਜ਼ਰ ਕਰਫਿਊ ਲਗਾਇਆ ਗਿਆ ਹੈ। ਜੰਮੂ ਵਿਚ ਰੋਸ ਮੁਜ਼ਾਹਰਿਆਂ ਦੌਰਾਨ ਸਾੜਫੂਕ ਕੀਤੇ ਜਾਣ ਦਾ ਡਰ ਹੈ, ਜਿਸ 'ਚ ਵਾਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਅਤੇ ਕਿਸੇ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਅਜਿਹੀਆਂ ਮੰਦਭਾਗੀ ਘਟਨਾਵਾਂ ਨੂੰ ਰੋਕਣ ਲਈ ਜੰਮੂ ਦੇ ਖੇਤਰ ਵਿਚ ਕਰਫਿਊ ਲਗਾਇਆ ਗਿਆ ਹੈ। ਜੰਮੂ ਸ਼ਹਿਰ 'ਚ ਕਰਫਿਊ ਲਗਾਏ ਜਾਣ ਤੋਂ ਬਾਅਦ ਇਸ ਦਾ ਸਪੀਕਰਾਂ ਰਾਹੀਂ ਐਲਾਨ ਕੀਤਾ ਗਿਆ, ਪ੍ਰੰਤੂ ਪ੍ਰਦਰਸ਼ਨਕਾਰੀ ਦੇ ਖਿੰਡਣ ਤੋਂ ਇਨਕਾਰ ਕਰ ਦਿੱਤਾ। ਜੰਮੂ ਸ਼ਹਿਰ ਦੀਆਂ ਸੜਕਾਂ ਉਤੇ ਆਵਾਜਾਈ ਬੰਦ ਰਹੀ ਅਤੇ ਸ਼ਹਿਰ ਤੇ ਮਾਰਕੀਟ ਵੀ ਪੂਰੀ ਤਰ੍ਹਾਂ ਬੰਦ ਰਹੀ। ਜੰਮੂ ਸ਼ਹਿਰ 'ਚ ਵੱਖ ਵੱਖ ਥਾਵਾਂ ਉਤੇ ਪਾਕਿਸਤਾਨ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਗਏ।
  ਪਾਕਿਸਤਾਨ ਨੇ ਹਮਲੇ ਬਾਰੇ ਭਾਰਤ ਦੇ ਦਾਅਵੇ ਨਕਾਰੇ
  ਇਸਲਾਮਾਬਾਦ - ਪਾਕਿਸਤਾਨ ਨੇ ਪੁਲਵਾਮਾ ਜ਼ਿਲ੍ਹੇ ’ਚ ਸੀਆਰਪੀਐੱਫ ਦੇ ਕਾਫਲੇ ’ਤੇ ਹੋਏ ਅਤਿਵਾਦੀ ਹਮਲੇ ਦੀ ਆਲੋਚਨਾ ਕਰਦਿਆਂ ਕਿਹਾ ਕਿ ਭਾਰਤ ਬਿਨਾਂ ਕਿਸੇ ਜਾਂਚ ਦੇ ਇਸਲਾਮਾਬਾਦ ਦਾ ਸਬੰਧ ਇਸ ਘਟਨਾ ਨਾਲ ਜੋੜ ਰਿਹਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਅੱਧੀ ਰਾਤ ਨੂੰ ਬਿਆਨ ਜਾਰੀ ਕਰਕੇ ਕਿਹਾ ਕਿ ਜੰਮੂ ਕਸ਼ਮੀਰ ’ਚ ਹੋਇਆ ਅਤਿਵਾਦੀ ਹਮਲਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਧਰ ਪਾਕਿਸਤਾਨ ਨੇ ਅੱਜ ਭਾਰਤੀ ਉਪ ਹਾਈ ਕਮਿਸ਼ਨਰ ਨੂੰ ਤਲਬ ਕਰਕੇ ਭਾਰਤ ਵੱਲੋਂ ਲਾਏ ਗਏ ਦੋਸ਼ਾਂ ਨੂੰ ਆਧਾਰਹੀਣ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਤੇ ਮੀਡੀਆ ਵੱਲੋਂ ਬਿਨਾਂ ਕਿਸੇ ਜਾਂਚ ਦੇ ਪਾਕਿਸਤਾਨ ਦਾ ਸਬੰਧ ਇਸ ਹਮਲੇ ਨਾਲ ਜੋੜੇ ਜਾਣ ਦੇ ਦਾਅਵੇ ਨੂੰ ਉਹ ਨਕਾਰਦੇ ਹਨ।

  ਬਠਿੰਡਾ - ਇਥੇ ਦਰਬਾਰ ਏ ਖ਼ਾਲਸਾ ਜਥੇਬੰਦੀ ਦੇ ਮੁੱਖ ਸੇਵਾਦਾਰ ਹਰਜਿੰਦਰ ਸਿੰਘ ਮਾਝੀ ਦੀ ਅਗਵਾਈ ਹੇਠ ਭਾਈ ਘਨ੍ਹੱਈਆ ਜੀ ਚੌਕ ਵਿੱਚ ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਖ਼ਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜਥੇਬੰਦੀਆਂ ਦੇ ਕਾਰਕੁਨਾਂ ਨੇ ਹੱਥਾਂ ਵਿੱਚ ਸਾਹਿਤ ਤੇ ਲਿਟਰੇਚਰ ਫੜਿਆ ਹੋਇਆ ਸੀ। ਇਸ ਮੌਕੇ ਬੁਲਾਰਿਆਂ ਨੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਲਲਕਾਰਦਿਆਂ ਕਿਹਾ ਕਿ ਜੇ ਸਿੱਖ ਸਾਹਿਤ ਪੜ੍ਹਨਾ ਗੁਨਾਹ ਹੈ ਤਾਂ ਉਹ ਇਸ ਨੂੰ ਚੁਰਾਹੇ ਵਿੱਚ ਖੜ੍ਹ ਕੇ ਇਹ ਗੁਨਾਹ ਕਰ ਰਹੇ ਹਨ।
  ਜ਼ਿਕਰਯੋਗ ਹੈ ਕਿ ਇਹ ਪ੍ਰਦਰਸ਼ਨ ਜਥੇਬੰਦੀ ਵੱਲੋਂ ਬੀਤੇ ਦਿਨੀ ਨਵਾਂ ਸ਼ਹਿਰ ਨੇੜੇ ਪਿੰਡ ਦੇ 3 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਭੇਜਣ ਖ਼ਿਲਾਫ਼ ਵਿਰੋਧ ਜਤਾਉਣ ਲਈ ਕੀਤਾ ਗਿਆ ਸੀ। ਇਸ ਮੌਕੇ ਕ੍ਰਿਪਾਲ ਸਿੰਘ ਬਠਿੰਡਾ ਨੇ ਕਿਹਾ ਕਿ ਨਵਾਂ ਸ਼ਹਿਰ ਦੇ ਐਡੀਸ਼ਨਲ ਜੱਜ ਵੱਲੋਂ ਨੌਜਵਾਨਾਂ ਨੂੰ ਮੁਲਕ ਖ਼ਿਲਾਫ਼ ਸਾਜ਼ਿਸ਼ ਤੇ ਜੰਗ ਛੇੜਨ ਦਾ ਦੋਸ਼ੀ ਠਹਿਰਾਉਂਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜੋ ਬਹੁਤ ਹੀ ਮੰਦਭਾਗੀ ਗੱਲ ਹੈ। ਉਨ੍ਹਾਂ ਇਸ ਦੀ ਨਿਖੇਧੀ ਕਰਦਿਆਂ ਕਿਹਾ ਕਿ ਪ੍ਰਦਰਸ਼ਨ ਦਾ ਮਕਸਦ ਸੂਬਾ ਸਰਕਾਰ ’ਤੇ ਦਬਾਅ ਬਣਾਉਣਾ ਹੈ ਅਤੇ ਚੇਤਨਾ ਪੈਦਾ ਕਰ ਕੇ ਸਰਕਾਰ ਨੂੰ ਵਿਸ਼ੇਸ ਅਧਿਕਾਰਾਂ ਦੀ ਵਰਤੋਂ ਕਰ ਕੇ ਨਵਾਂ ਸ਼ਹਿਰ ਅਦਾਲਤ ਦੇ ਫੈਸਲੇ ਨੂੰ ਰੱਦ ਕਰਵਾਉਣਾ ਹੈ। ਇਸ ਮੌਕੇ ਭਾਈ ਮਾਝੀ ਤੋਂ ਇਲਾਵਾ ਜਸਪਿੰਦਰ ਸਿੰਘ ਮਧੇਕੇ, ਲਸ਼ਕਰ ਸਿੰਘ ਗਾਜੀਆਣਾ, ਹਰਪਿੰਦਰ ਸਿੰਘ ਕੋਟਕਪੂਰਾ, ਬੇਅੰਤ ਸਿੰਘ ਲੰਡੇ, ਜਗਤਾਰ ਸਿੰਘ ਜੰਗੀਆਣਾ ਸਮੇਤ ਵੱਡੀ ਗਿਣਤੀ ਸਿੰਘ ਲੋਕ ਮੌਜੂਦ ਸਨ।

  ਚੰਡੀਗੜ੍ਹ - ਖ਼ਾਲਿਸਤਾਨ ਪੱਖੀ ਸਮੱਗਰੀ ਰੱਖਣ ਤੇ ਅਜਿਹੀ ਸਮਗਰੀ ਵਿਦੇਸ਼ਾਂ ਨੂੰ ਭੇਜਣ ਕਾਰਨ ਦੇਸ਼ ਵਿਰੁੱਧ ਜੰਗ ਛੇੜਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਸਜ਼ਾਯਾਫ਼ਤਾ ਤਿੰਨ ਸਿੱਖ ਨੌਜਵਾਨਾਂ ਨੇ ਹੇਠਲੀ ਅਦਾਲਤ ਵਲੋਂ ਉਨ੍ਹਾਂ ਨੂੰ ਸੁਣਾਈ ਉਮਰ ਕੈਦ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਅਪੀਲ ਕੀਤੀ ਹੈ | ਐਡਵੋਕੇਟ ਆਰ.ਐਸ.ਬੈਂਸ ਰਾਹੀਂ ਉਨ੍ਹਾਂ ਨੇ ਹੇਠਲੀ ਅਦਾਲਤ ਦਾ ਫ਼ੈਸਲਾ ਰੱਦ ਕਰਨ ਤੋਂ ਇਲਾਵਾ ਜ਼ਮਾਨਤ ਦੀ ਮੰਗ ਵੀ ਕੀਤੀ ਹੈ | ਅਜੇ ਇਹ ਅਪੀਲ ਸੁਣਵਾਈ ਲਈ ਆਉਣੀ ਹੈ ਤੇ ਰਜਿਸਟਰੀ 'ਚ ਹੀ ਦਾਖ਼ਲ ਹੋਈ ਹੈ | ਅਗਲੇ ਕੁਝ ਦਿਨਾਂ 'ਚ ਸੁਣਵਾਈ ਦੀ ਉਮੀਦ ਹੈ | ਮਾਮਲੇ ਮੁਤਾਬਿਕ ਨਵਾਂਸ਼ਹਿਰ ਪੁਲਿਸ ਨੇ ਖ਼ੁਫ਼ੀਆ ਏਜੰਸੀਆਂ ਵਲੋਂ ਦਿੱਤੀ ਰਿਪੋਰਟ ਕਿ ਤਿੰਨ ਨੌਜਵਾਨ ਰਵਿੰਦਰ ਸਿੰਘ, ਰਣਜੀਤ ਸਿੰਘ ਤੇ ਸੁਰਜੀਤ ਸਿੰਘ ਖੇਤਰ 'ਚ ਸਰਗਰਮ ਹਨ ਤੇ ਜੇਕਰ ਉਨ੍ਹਾਂ ਨੂੰ ਫੜਿਆ ਜਾਵੇ ਤਾਂ ਵੱਡੀ ਮਾਤਰਾ 'ਚ ਹਥਿਆਰ ਬਰਾਮਦ ਹੋਣਗੇ | ਪੁਲਿਸ ਨੇ ਸੂਚਨਾ ਦੇ ਆਧਾਰ 'ਤੇ 24 ਮਈ 2016 ਨੂੰ ਦੇਸ਼ ਵਿਰੁੱਧ ਜੰਗ ਛੇੜਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਦਰਜ ਕਰਕੇ ਪਹਿਲਾਂ ਰਵਿੰਦਰ ਸਿੰਘ ਤੇ ਬਾਅਦ 'ਚ ਰਣਜੀਤ ਸਿੰਘ ਤੇ ਸੁਰਜੀਤ ਸਿੰਘ ਨੂੰ ਗਿ੍ਫ਼ਤਾਰ ਕੀਤਾ ਸੀ |

  ਸੰਗਰੂਰ - ਸੀਨੀਅਰ ਅਕਾਲੀ ਆਗੂ ਅਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਨੇ ਦੁੱਖ ਪ੍ਰਗਟ ਕੀਤਾ ਹੈ ਕਿ ਅੱਜ ਸਿਆਸੀ ਪਾਰਟੀਆਂ ਵਲੋਂ ਆਪਣੇ ਰਾਜਸੀ ਹਿੱਤਾਂ ਨੰੂ ਮੁੱਖ ਰੱਖਿਆ ਜਾ ਰਿਹਾ ਹੈ ਅਤੇ ਪੰਜਾਬ ਦੀ ਕੋਈ ਪ੍ਰਵਾਹ ਨਹੀਂ ਕਰ ਰਿਹਾ | ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਵਿਦੇਸ਼ਾਂ ਵੱਲ ਜਾ ਰਹੀ ਹੈ, ਕਿਸਾਨ ਅਤੇ ਮੁਲਾਜ਼ਮ ਖੱਜਲ ਖੁਆਰ ਹੋ ਰਹੇ ਹਨ | ਇਨ੍ਹਾਂ ਮੁੱਦਿਆਂ 'ਤੇ ਧਿਆਨ ਦੇਣ ਦੀ ਲੋੜ ਹੈ ਜੋ ਨਹੀਂ ਦਿੱਤਾ ਜਾ ਰਿਹਾ | ਸ. ਢੀਂਡਸਾ ਨੇ ਕਿਹਾ ਕਿ ਉਨ੍ਹਾਂ ਨੇ ਕਿਹਾ ਸੀ ਕਿ ਅਕਾਲੀ ਦਲ ਨੰੂ ਬਚਾਉਣ ਲਈ ਬਾਦਲ ਪਰਿਵਾਰ ਨੰੂ ਕੁਰਬਾਨੀ ਦੇ ਕੇ ਇਕ ਪਾਸੇ ਹੋ ਜਾਣਾ ਚਾਹੀਦਾ ਹੈ ਪਰ ਇਹ ਗੱਲ ਸਵੀਕਾਰ ਨਹੀਂ ਕੀਤੀ ਗਈ ਅਤੇ ਵਾਰ-ਵਾਰ ਕਹਿਣਾ ਚੰਗਾ ਵੀ ਨਹੀਂ ਲਗਦਾ | ਉਨ੍ਹਾਂ ਕਿਹਾ ਕਿ ਸੱਚ ਇਹ ਹੈ ਕਿ ਅੱਜ ਤਕਰੀਬਨ ਹਰੇਕ ਪਾਰਟੀ 'ਚ ਲੋਕਤੰਤਰ ਵਾਲੀ ਰਿਵਾਇਤ ਖ਼ਤਮ ਹੋ ਚੁੱਕੀ ਹੈ | ਉਨ੍ਹਾਂ ਮੰਨਿਆ ਕਿ ਟਕਸਾਲੀ ਆਗੂਆਂ ਵਲੋਂ ਪਾਰਟੀ ਛੱਡੇ ਜਾਣ ਨਾਲ ਪਾਰਟੀ ਨੰੂ ਨੁਕਸਾਨ ਪਹੁੰਚ ਰਿਹਾ ਹੈ | ਸ. ਢੀਂਡਸਾ ਨੇ ਕਿਹਾ ਕਿ ਅੱਜ ਪੰਜਾਬ 'ਚ ਅਕਾਲੀ ਦਲ ਹੀ ਨਹੀਂ ਸਗੋਂ ਆਮ ਆਦਮੀ ਪਾਰਟੀ ਨੰੂ ਵੀ ਫੁੱਟ ਦਾ ਸੇਕ ਝੱਲਣਾ ਪੈ ਰਿਹਾ ਹੈ | ਪੰਜਾਬ 'ਚ ਬੈਂਸ ਗਰੁੱਪ, ਖਹਿਰਾ ਗਰੁੱਪ, ਟਕਸਾਲੀ ਗਰੁੱਪ, ਬਰਗਾੜੀ ਗਰੁੱਪ ਲੋਕ ਸਭਾ ਚੋਣਾਂ ਲਈ ਆਪੋ ਆਪਣੇ ਰਾਗ ਅਲਾਪ ਰਹੇ ਹਨ ਪਰ ਇਸ ਦਾ ਫ਼ਾਇਦਾ ਕਾਂਗਰਸ ਨੰੂ ਹੋ ਸਕਦਾ ਹੈ | ਇਸ ਮੌਕੇ ਜਥੇਦਾਰ ਰਜਿੰਦਰ ਸਿੰਘ ਕਾਂਝਲਾ, ਅਮਨਵੀਰ ਸਿੰਘ ਚੈਰੀ, ਜਸ਼ਨਦੀਪ ਸਿੰਘ ਅਤੇ ਹੋਰ ਆਗੂ ਵੀ ਮੌਜੂਦ ਸਨ |

  ਅੰਮ੍ਰਿਤਸਰ - ਨਵਾਂ ਸ਼ਹਿਰ ਦੀ ਅਦਾਲਤ ਵਲੋਂ ਤਿੰਨ ਸਿੱਖ ਨੌਜੁਆਨਾਂ ਨੂੰ ਉਮਰ ਕੈਦ ਦੀ ਸਜਾ ਸੁਣਾਏ ਜਾਣ ਤੇ ਹੈਰਾਨਗੀ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਅੰਮ੍ਰਿਤ ਸੰਚਾਰ ਜਥੇ ਦੇ ਪੰਜ ਸਿੰਘਾਂ ਨੇ ਸਮੁਚੇ ਸਿੱਖ ਜਗਤ ਨੂੰ ਅਪੀਲ ਕੀਤੀ ਹੈ ਕਿ ਇਸ ਧੱਕੇਸ਼ਾਹੀ ਖਿਲਾਫ ਸੁਚੇਤ ਤੇ ਕੌਮੀ ਪਹਿਰੇਦਾਰ ਬਣ ਕੇ ਪਹਿਰੇਦਾਰੀ ਕੀਤੀ ਜਾਵੇ ।ਅੱਜ ਇਥੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਅੰਮ੍ਰਿਤ ਸੰਚਾਰ ਜਥਾ ਦੇ ਭਾਈ ਸਤਨਾਮ ਸਿੰਘ ਖੰਡਾ,ਭਾਈ ਮੇਜਰ ਸਿੰਘ ,ਭਾਈ ਮੰਗਲ ਸਿੰਘ ਨੇ ਕਿਹਾ ਕਿ ਦਰਪੇਸ਼ ਪੰਥਕ ਹਾਲਾਤਾਂ ਤੇ ਵਿਚਾਰ ਕਰਦਿਆਂ ਪੰਜ ਸਿੰਘਾਂ ਨੇ ਨਵਾਂ ਸ਼ਹਿਰ ਦੀ ਸ਼ੈਸ਼ਨਜ ਕੋਰਟ ਵਲੋਂ ਤਿੰਨ ਸਿੱਖ ਨੌਜੁਆਨਾਂ ਅਰਵਿੰਦਰ ਸਿੰਘ ,ਸੁਰਜੀਤ ਸਿੰਘ ਅਤੇ ਰਣਜੀਤ ਸਿੰਘ ਨੂੰ ਧਾਰਾ 121 ਅਤੇ 121 ਏ ਤਹਿਤ ਮੁਲਕ ਦੇ ਖਿਲਾਫ ਜੰਗ ਛੇੜਣ ਦਾ ਇਲਜਾਮ ਲਗਾਇਆ ਗਿਆ ਤੇ ਨਾਲ ਹੀ ਗੈਰ ਕਾਨੂੰਨੀ ਕਾਰਵਾਈ ਐਕਟ 1967 ਦੀ ਧਾਰਾ 10ਅਤੇ 13 ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਹੈ।
  ਉਨ੍ਹਾਂ ਕਿਹਾ ਕਿ ਤੱਥਾਂ ਅਨੁਸਾਰ ਨੌਜੁਆਨਾਂ ਤੋਂ ਕੇਵਲ ਸ਼ਹੀਦ ਸਿੰਘਾਂ ਦੀਆਂ ਫੋਟੋ ,ਪ੍ਰਕਾਸ਼ਿਤ ਸਹਿਤ ਅਤੇ ਕੁਝ ਕਿਤਾਬਾਂ ਮਿਲੀਆਂ ਹਨ ਜੋ ਸਿੱਖ ਸੰਘਰਸ਼ ਤੇ ਵਿਰਸੇ ਨਾਲ ਸਬੰਧਤ ਹਨ ਅਤੇ ਜਿਨ੍ਹਾਂ ਦੇ ਪ੍ਰਕਾਸ਼ਨ ਤੇ ਕਦੀ ਵੀ ਕੋਈ ਰੋਕ ਨਹੀ ਲੱਗੀ ।ਭਾਈ ਖੰਡਾ ਨੇ ਦੱਸਿਆ ਕਿ ਸੁਣਾਏ ਗਏ ਅਦਾਲਤੀ ਫੈਸਲੇ ਅਨੁਸਾਰ ਨਾ ਤਾਂ ਇਨ੍ਹਾਂ ਨੌਜੁਆਨਾਂ ਪਾਸੋਂ ਕੋਈ ਗੈਰ ਕਾਨੂੰਨੀ ਹਥਿਆਰ ਬਰਾਮਦ ਹੋਏ ਨਾ ਹੀ ਦੇਸ਼ ਦੀ ਅਖੰਡਤਾ ਨੂੰ ਤੋੜਨ ਦਾ ਕੋਈ ਮਨਸੂਬਾ ਨਜਰ ਆਉਂਦਾ ਹੈ।ਉਨ੍ਹਾਂ ਕਿਹਾ ਕਿ ਧਾਰਾ 121 ਤੇ 121 ਏ ਤਾਂ ਇੰਦਰਾ ,ਰਾਜੀਵ ਦੇ ਕਾਤਲਾਂ ਤੇ ਵੀ ਨਹੀ ਲਗਾਈ ਗਈ ਤੇ ਨਾ ਹੀ ਜੋਧਪੁਰ ਜੇਲ੍ਹ ਵਿੱਚ ਪੰਜ ਸਾਲ ਕੱਟਣ ਵਾਲੇ ਸਿੰਘਾਂ ਤੇ ਲਗਾਈਆਂ ਗਈਆਂ।ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਅਜੇਹੇ ਹਾਲਾਤ ਹੀ ਨਹੀ ਹਨ ਲੇਕਿਨ ਅਦਾਲਤ ਦੇ ਫੈਸਲੇ ਨੇ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਜਰੂਰ ਕਰਵਾਇਆ ਹੈ।
  ਅੰਮ੍ਰਿਤ ਸੰਚਾਰ ਜਥਾ ਦੇ ਸਿੰਘਾਂ ਨੇ ਇੱਕ ਅੰਮ੍ਰਿਤਧਾਰੀ ਵਕੀਲ ਨੂੰ ਕ੍ਰਿਪਾਨ ਸਮੇਤ ਸੁਪਰੀਮ ਕੋਰਟ ਵਿੱਚ ਜਾਣ ਤੋਂ ਰੋਕਣ ਤੇ ਵੀ ਸਖਤ ਇਤਰਾਜ ਜਿਤਾਇਆ ਹੈ ।ਉਨ੍ਹਾਂ ਯਾਦ ਦਿਵਾਇਆ ਹੈ ਕਿ ਖਾਲਸੇ ਦੀ ਕ੍ਰਿਪਾਨ ਦੌਲਤ ਹੀ ਮੁਗਲ ਤੇ ਬ੍ਰਿਟਿਸ਼ ਸਾਮਰਾਜ ਦੀ ਜੜ੍ਹਾਂ ਇਸ ਮੁਲਕ ਚੋਂ ਪੁੱਟੀਆਂ ਗਈਆਂ ਸਨ ।ਉਨ੍ਹਾਂ ਸਮੁਚੇ ਸਿੱਖ ਜਗਤ ਨੂੰ ਅਪੀਲ ਕੀਤੀ ਹੈ ਕਿ ਇਸ ਧੱਕੇਸ਼ਾਹੀ ਖਿਲਾਫ ਸੁਚੇਤ ਤੇ ਕੌਮੀ ਪਹਿਰੇਦਾਰ ਬਣ ਕੇ ਪਹਿਰੇਦਾਰੀ ਕੀਤੀ ਜਾਵੇ ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com