ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਅੰਮ੍ਰਿਤਸਰ - ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਕੀਰਤਨ ਕਰਨ ਲਈ ਸ਼੍ਰੋਮਣੀ ਕਮੇਟੀ ਨੇ ਰਾਗੀ ਜਥਿਆਂ ਦੀਆਂ ਸੇਵਾਵਾਂ ਮੁਹੱਈਆ ਕਰਨ ਦਾ ਫ਼ੈਸਲਾ ਲਿਆ ਹੈ। ਇਸ ਤਹਿਤ 16 ਦਸੰਬਰ ਤੋਂ ਰਾਗੀ ਜਥੇ ਰੋਜ਼ਾਨਾ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣਗੇ ਅਤੇ ਦਿਨ ਭਰ ਕੀਰਤਨ ਕਰਨ ਮਗਰੋਂ ਸ਼ਾਮ ਨੂੰ ਵਾਪਸ ਪਰਤ ਆਉਣਗੇ।
  ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਮਗਰੋਂ ਉੱਥੇ ਸ਼ਰਧਾਲੂਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਰੋਜ਼ਾਨਾ ਭਾਰਤ ਵੱਲੋਂ ਔਸਤਨ 500 ਸ਼ਰਧਾਲੂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਜਾ ਰਹੇ ਹਨ ਪਰ ਉੱਥੇ ਫਿਲਹਾਲ ਰਾਗੀ ਜਥਿਆਂ ਦੀ ਘਾਟ ਹੈ। ਪਾਕਿਸਤਾਨ ਵਿਚ ਸਿੱਖਾਂ ਦੀ ਵਸੋਂ ਘੱਟ ਹੋਣ ਕਾਰਨ ਉੱਥੇ ਕੀਰਤਨ ਕਰਨ ਵਾਲੇ ਸਿੱਖ ਜਥਿਆਂ ਦੀ ਵੀ ਘਾਟ ਹੈ। ਜੋ ਰਾਗੀ ਜਥੇ ਪਹਿਲਾਂ ਹੀ ਕੰਮ ਕਰ ਰਹੇ ਹਨ, ਉਹ ਉੱਥੇ ਵੱਖ ਵੱਖ ਗੁਰਦੁਆਰਿਆਂ ਵਿਚ ਨਿਰੰਤਰ ਸੇਵਾਵਾਂ ਨਿਭਾਅ ਰਹੇ ਹਨ। ਇਸ ਲਈ ਗੁਰਦੁਆਰਾ ਕਰਤਾਰਪੁਰ ਵਿਖੇ ਦਰਸ਼ਨ ਕਰਨ ਲਈ ਜਾਂਦੀ ਸੰਗਤ ਵੱਲੋਂ ਮਹਿਸੂਸ ਕੀਤਾ ਗਿਆ ਹੈ ਕਿ ਉੱਥੇ ਕੀਰਤਨ ਨਿਰੰਤਰ ਦਿਨ ਭਰ ਚੱਲਣਾ ਚਾਹੀਦਾ ਹੈ। ਅਜਿਹੀ ਸਥਿਤੀ ਵਿਚ ਸ਼੍ਰੋਮਣੀ ਕਮੇਟੀ ਨੇ ਰਾਗੀ ਜਥਿਆਂ ਦੀਆਂ ਸੇਵਾਵਾਂ ਮੁਹੱਈਆ ਕਰਨ ਦੀ ਯੋਜਨਾ ਤਿਆਰ ਕੀਤੀ ਹੈ। ਇਸ ਦੀ ਪੁਸ਼ਟੀ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਰਾਗੀ ਜਥੇ ਭੇਜਣ ਦੀ ਸੇਵਾ 16 ਦਸੰਬਰ ਤੋਂ ਸ਼ੁਰੂ ਹੋਵੇਗੀ।
  ਪਹਿਲੇ ਦਿਨ ਭਾਈ ਸ਼ੌਕੀਨ ਸਿੰਘ ਦਾ ਰਾਗੀ ਜਥਾ ਤੇ 17 ਦਸੰਬਰ ਨੂੰ ਭਾਈ ਗੁਰਮੇਲ ਸਿੰਘ ਦਾ ਰਾਗੀ ਜਥਾ ਉੱਥੇ ਜਾਵੇਗਾ। ਇਹ ਰਾਗੀ ਜਥੇ ਸਵੇਰੇ ਆਮ ਸ਼ਰਧਾਲੂਆਂ ਵਾਂਗ ਡੇਰਾ ਬਾਬਾ ਨਾਨਕ ਟਰਮੀਨਲ ਤੋਂ ਗੁਰਦੁਆਰਾ ਕਰਤਾਰਪੁਰ ਜਾਣਗੇ ਅਤੇ ਗੁਰਬਾਣੀ ਦੇ ਕੀਰਤਨ ਦੀ ਸੇਵਾ ਕਰਨ ਮਗਰੋਂ ਸ਼ਾਮ ਨੂੰ ਪਰਤ ਆਉਣਗੇ। ਇਨ੍ਹਾਂ ਰਾਗੀ ਜਥਿਆਂ ਦੀਆਂ ਡਿਊਟੀਆਂ ਸ਼੍ਰੋਮਣੀ ਕਮੇਟੀ ਵੱਲੋਂ ਲਾਈਆਂ ਜਾਣਗੀਆਂ।
  ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧੀ ਰਾਗੀ ਜਥਿਆਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਇਸ ਸਬੰਧੀ ਲੋੜੀਂਦੀ ਫ਼ੀਸ ਦਾ ਭੁਗਤਾਨ ਵੀ ਸ਼੍ਰੋਮਣੀ ਕਮੇਟੀ ਵੱਲੋਂ ਹੀ ਕੀਤਾ ਜਾਵੇਗਾ। ਸ੍ਰੀ ਹਰਿਮੰਦਰ ਸਾਹਿਬ ਵਿਖੇ ਵਧੀਕ ਮੈਨੇਜਰ ਰਜਿੰਦਰ ਸਿੰਘ ਰੂਬੀ ਨੇ ਦੱਸਿਆ ਕਿ ਕੀਰਤਨ ਕਰਨ ਲਈ ਹਾਰਮੋਨੀਅਮ, ਤਬਲਾ ਆਦਿ ਸਾਜ਼ੋ-ਸਾਮਾਨ ਪਹਿਲਾਂ ਹੀ ਗੁਰਦੁਆਰਾ ਕਰਤਾਰਪੁਰ ਵਿਖੇ ਭੇਟ ਕੀਤਾ ਜਾਵੇਗਾ।

  ਫ਼ਤਿਹਗੜ੍ਹ ਸਾਹਿਬ - ਖ਼ਾਲਸਾ ਫੁੱਟਬਾਲ ਕਲੱਬ ਵੱਲੋਂ ਸ਼ਹੀਦੀ ਸਭਾ ਦੇ ਆਖ਼ਰੀ ਦਿਨ 28 ਦਸੰਬਰ ਨੂੰ ਮਾਤਾ ਗੁਜਰੀ ਕਾਲਜ ਦੀ ਗਰਾਊਂਡ ’ਚ ਸਾਬਤ ਸੂਰਤ ਬੱਚਿਆਂ ਦਾ ਫੁੱਟਬਾਲ ਮੈਚ ਕਰਾਇਆ ਜਾ ਰਿਹਾ ਹੈ। ਪਰ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਇਸਦਾ ਨੋਟਿਸ ਲੈਂਦੇ ਹੋਏ ਕਿਹਾ ਕਿ ਕਲੱਬ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਸੀ ਕਿ ਗੁਰੂ ਦਸਮ ਪਾਤਸ਼ਾਹ ਦੇ ਮਾਸੂਮ ਸਾਹਿਬਜ਼ਾਦਿਆਂ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਿਹ ਸਿੰਘ ਜੀ ਤੇ ਮਾਤਾ ਗੁਜਰੀ ਜੀ ਦੀਆਂ 27 ਦਸੰਬਰ ਨੂੰ ਹੋਈਆਂ ਮਹਾਨ ਸ਼ਹੀਦੀਆਂ ਉਪਰੰਤ, ਉਨ੍ਹਾਂ ਦੀਆਂ ਦੇਹਾਂ ਦਾ ਸਸਕਾਰ ਗੁਰਦਵਾਰਾ ਜੋਤੀ ਸਰੂਪ ’ਚ 28 ਦਸੰਬਰ ਨੂੰ ਕੀਤਾ ਗਿਆ ਸੀ। ਇਸ ਕਾਰਨ ਇਸ ਸ਼ਹੀਦੀ ਸਿੰਘ ਸਭਾ ’ਚ ਫ਼ਤਹਿਗੜ੍ਹ ਸਾਹਿਬ ’ਚ ਲੱਖਾਂ ਸੰਗਤਾਂ ਸ਼ਹੀਦਾਂ ਨੂੰ ਨਤਮਸਤਕ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਖੇਡ-ਤਮਾਸ਼ਿਆਂ ਦਾ ਸਮਾਂ ਤੇ ਤਰੀਕਾਂ ਤਹਿ ਕਰਨ ਵੇਲੇ ਪ੍ਰਬੰਧਕਾਂ ਦੇ ਮਨਾਂ ’ਚੋਂ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਦਾ ਦਰਦ ਤੇ ਸੰਜੀਦਗੀ ਮਨਫ਼ੀ ਕਿਉਂ ਹੋ ਜਾਂਦੀ ਹੈ? ਉਨ੍ਹਾਂ ਕਿਹਾ ਕਿ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਸ ਸ਼ਹੀਦੀ ਹਫ਼ਤੇ ’ਚ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਾ ਪਰਿਵਾਰ ਕੌਮ ਤੋਂ ਵਾਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਮੁਸ਼ਕਿਲ ਨਾਲ ਉਨ੍ਹਾਂ ਸਹੀਦੀ ਸਿੰਘ ਸਭਾ ’ਚੋਂ, ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸਰਕਸਾਂ, ਚੰਡੋਲਾਂ, ਲੱਚਰਬਾਜ਼ੀ ਦੀਆਂ ਨੁਮਾਇਸ਼ਾਂ, ਕਬੱਡੀ ਤੇ ਫੁਟਬਾਲ ਦੇ ਟੂਰਨਾਮੈਂਟ, ਸ਼ਹੀਦੀ ਸਿੰਘ ਸਭਾ ਮੌਕੇ ਲਾਏ ਜਾਂਦੇ ਲੰਗਰਾਂ ਵਿੱਚ ਵਰਤਾਏ ਜਾਂਦੇ ਲੱਡੂ ਜਲੇਬੀਆਂ ਤੇ ਬਦਾਮਾਂ ਵਾਲੀਆਂ ਖੀਰਾਂ ਬੰਦ ਕਰਵਾਏ ਹਨ। ਉਨ੍ਹਾਂ ਕਲੱਬ ਨੂੰ ਕਿਹਾ ਕਿ ਉਹ ਫੁਟਬਾਲ ਮੈਚ ਦੀ ਮਿਤੀ ਬਦਲ ਲੈਣ ਤੇ ਸ਼ਹੀਦੀ ਸਿੰਘ ਸਭਾ ਤੋਂ ਘੱਟੋ-ਘੱਟ ਦੋ ਜਾਂ ਤਿੰਨ ਦਿਨ ਬਾਅਦ ਰੱਖ ਲੈਣ।

  ਸ਼ਿਮਲਾ -ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਸੰਸਦ ਵਿਚ ਇਕ ਦਿਨ ਪਹਿਲਾਂ ਇਹ ਬਿਆਨ ਦੇਣ 'ਤੇ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਕੋਈ ਮੁਆਫ਼ੀ ਨਹੀਂ ਦਿੱਤੀ ਗਈ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਗੁਰਕੀਰਤ ਸਿੰਘ ਕੋਟਲੀ ਨੇ ਦੋਸ਼ ਲਾਇਆ ਹੈ ਕਿ ਕੇਂਦਰ ਸਰਕਾਰ ਭਾਈ ਰਾਜੋਆਣਾ ਨੂੰ ਸਜ਼ਾ ਦੇ ਮਾਮਲੇ 'ਚ ਦੇਸ਼ ਨੂੰ ਗੁਮਰਾਹ ਕਰ ਰਹੀ ਹੈ | ਗੁਰਕੀਰਤ ਸਿੰਘ ਕੋਟਲੀ ਨੇ ਗ੍ਰਹਿ ਮੰਤਰਾਲੇ ਵਲੋਂ ਸਤੰਬਰ ਵਿਚ ਪੰਜਾਬ ਸਰਕਾਰ ਨੂੰ ਭੇਜਿਆ ਨੋਟੀਫ਼ਿਕੇਸ਼ਨ ਸਾਂਝਾ ਕੀਤਾ ਹੈ, ਜਿਸ ਵਿਚ ਭਾਈ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲਣ ਬਾਰੇ ਜਾਣਕਾਰੀ ਦਿੱਤੀ ਗਈ ਹੈ | ਕੋਟਲੀ ਨੇ ਕਿਹਾ ਕਿ ਅਸੀਂ ਅਮਿਤ ਸ਼ਾਹ ਦੇ ਬਿਆਨ ਤੋਂ ਸੰਤੁਸ਼ਟ ਨਹੀਂ ਹਾਂ | ਕੇਂਦਰ ਸਰਕਾਰ ਇਸ ਮਾਮਲੇ 'ਚ ਦੇਸ਼ ਨੂੰ ਗੁਮਰਾਹ ਕਰ ਰਹੀ ਹੈ ਤੇ ਇਸ ਨੂੰ ਨਵਾਂ ਮੋੜ ਦੇਣ ਦੀ ਕੋਸ਼ਿਸ਼ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਮੁੱਦੇ 'ਤੇ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ ਅਤੇ ਜੇਕਰ ਭਾਈ ਰਾਜੋਆਣਾ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ ਤਾਂ ਸਤੰਬਰ 'ਚ ਜਾਰੀ ਕੀਤਾ ਗਿਆ ਆਪਣਾ ਨੋਟੀਫ਼ਿਕੇਸ਼ਨ ਵਾਪਸ ਲੈਣਾ ਚਾਹੀਦਾ ਹੈ |

  ਅੰਮਿ੍ਤਸਰ - ਕੌਮਾਂਤਰੀ ਪੱਧਰ ਦੀ ਸਿੱਖ ਸੰਸਥਾ 'ਖ਼ਾਲਸਾ ਏਡ' ਦੇ ਸੰਸਥਾਪਕ ਰਵੀ ਸਿੰਘ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਪੁੱਜੇ | ਉਨ੍ਹਾਂ ਰਾਤ ਸਮੇਂ ਸ੍ਰੀ ਦਰਬਾਰ ਸਾਹਿਬ ਤੋਂ ਸ੍ਰੀ ਗੁਰੂ ਗੰ੍ਰਥ ਸਾਹਿਬ ਦਾ ਪਾਵਨ ਸਰੂਪ ਸੁੱਖ ਆਸਨ ਅਸਥਾਨ ਸ੍ਰੀ ਕੋਠਾ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲਿਜਾਣ ਵੇਲੇ ਸ਼ਰਧਾਲੂਆਂ ਨਾਲ ਪਾਲਕੀ ਸਾਹਿਬ ਨੂੰ ਫੁੱਲਾਂ ਨਾਲ ਸਜਾਉਣ ਤੇ ਚੁੱਕਣ ਦੀ ਸੇਵਾ ਵੀ ਕੀਤੀ | ਉਪਰੰਤ ਰਵੀ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਰਾਤ ਸਮੇਂ ਇਸ਼ਨਾਨ ਦੀ ਸੇਵਾ ਤੋਂ ਪਹਿਲਾਂ ਸਫਾਈ ਦੀ 'ਸੁੱਕੀ ਸੇਵਾ' ਵੀ ਕੀਤੀ | ਰਵੀ ਸਿੰਘ ਆਪਣੇ ਸਾਥੀ ਵਲੰਟੀਅਰਾਂ ਸਮੇਤ ਪੰਜਾਬ ਵਿਚ ਕੁੱਝ ਮਹੀਨੇ ਪਹਿਲਾਂ ਆਏ ਹੜ੍ਹਾਂ ਤੋਂ ਪ੍ਰਭਾਵਿਤ ਇਲਕਿਆਂ ਵਿਚ ਵੀ ਗਏ ਤੇ ਲੋੜਵੰਦ ਕਿਸਾਨਾਂ ਤੇ ਪਿੰਡਾਂ ਦੀਆਂ ਸੁਸਾਇਟੀਆਂ ਨੂੰ ਮੱਝਾਂ, ਟਰੈਕਟਰ, ਖ਼ਾਦਾਂ, ਖੇਤੀ ਸੰਦ ਹੋਰ ਵੱਖ-ਵੱਖ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕੀਤੀ |

   

  ਨਵੀਂ ਦਿੱਲੀ  ੑ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਲੋਕ ਸਭਾ ਵਿਚ ਦੱਸਿਆ ਕਿ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮੁਆਫ਼ ਨਹੀਂ ਕੀਤੀ ਗਈ ਹੈ। ਰਾਜੋਆਣਾ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੀ 1995 ਵਿਚ ਹੋਈ ਹੱਤਿਆ ਦਾ ਦੋਸ਼ੀ ਹੈ। ਪ੍ਰਸ਼ਨ ਕਾਲ ਦੌਰਾਨ ਕਾਂਗਰਸ ਦੇ ਪੰਜਾਬ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸ਼ਾਹ ਕੋਲੋਂ ਪੁੱਛਿਆ ਸੀ ਕਿ ਰਾਜੋਆਣਾ ਨੂੰ ਮੁਆਫ਼ੀ ਕਿਸ ਅਧਾਰ ’ਤੇ ਦਿੱਤੀ ਗਈ ਹੈ? ਬਿੱਟੂ ਬੇਅੰਤ ਸਿੰਘ ਦੇ ਪੋਤਰੇ ਹਨ। ਸ਼ਾਹ ਨੇ ਕਿਹਾ ‘ਸੰਸਦ ਮੈਂਬਰ ਮੀਡੀਆ ਰਿਪੋਰਟਾਂ ’ਤੇ ਨਾ ਜਾਣ, ਕੋਈ ਮੁਆਫ਼ੀ ਨਹੀਂ ਦਿੱਤੀ ਗਈ।’ ਸਤੰਬਰ ਵਿਚ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਐਲਾਨ ਕੀਤਾ ਸੀ ਕਿ ਕੇਂਦਰ ਸਰਕਾਰ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰ ਰਹੀ ਹੈ। ਉਸ ਵੇਲੇ ਕਿਹਾ ਗਿਆ ਸੀ ਕਿ ਫ਼ੈਸਲਾ ‘ਮਨੁੱਖੀ ਅਧਾਰ’ ਉੱਤੇ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਲਿਆ ਗਿਆ ਹੈ। ਪੰਜਾਬ ਪੁਲੀਸ ਦੇ ਸਾਬਕਾ ਕਾਂਸਟੇਬਲ ਰਾਜੋਆਣਾ ਦੀ ਪੰਜਾਬ ਸਿਵਲ ਸਕੱਤਰੇਤ ਦੇ ਬਾਹਰ 1995 ’ਚ ਹੋਏ ਬੰਬ ਧਮਾਕੇ ’ਚ ਸ਼ਮੂਲੀਅਤ ਸੀ। ਇਸ ’ਚ ਬੇਅੰਤ ਸਿੰਘ ਤੇ 16 ਹੋਰ ਹਲਾਕ ਹੋ ਗਏ ਸਨ। ਨਰਿੰਦਰ ਮੋਦੀ ਸਰਕਾਰ ਵਿਚ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨੇ ਸਜ਼ਾ ਮੁਆਫ਼ੀ ’ਤੇ ਕਿਹਾ ਸੀ ਕਿ ਸਿੱਖਾਂ ਨੂੰ ਅਤਿਵਾਦ ਦੇ ਦੌਰ ਦੌਰਾਨ ਬਹੁਤ ਸੰਤਾਪ ਝੱਲਣਾ ਪਿਆ ਹੈ ਤੇ ਇਸ ਨਾਲ ‘ਉਨ੍ਹਾਂ ਦੇ ਦੁਖੀ ਮਨਾਂ ਨੂੰ ਸ਼ਾਂਤੀ ਮਿਲੇਗੀ।’ ਗ੍ਰਹਿ ਮੰਤਰਾਲੇ ਨੇ ਰਾਜੋਆਣਾ ਦੇ ਨਾਲ ਅੱਠ ਹੋਰ ਸਿੱਖ ਕੈਦੀਆਂ ਦੀ ਰਿਹਾਈ ਦਾ ਐਲਾਨ ਵੀ ਕੀਤਾ ਸੀ ਜਿਨ੍ਹਾਂ ਨੂੰ ਅਤਿਵਾਦ ਦੇ ਦੌਰ ਦੌਰਾਨ ਕੀਤੇ ਅਪਰਾਧਾਂ ਲਈ ਸਜ਼ਾ ਹੋਈ ਸੀ। ਦੱਸਣਯੋਗ ਹੈ ਕਿ ਰਾਜੋਆਣਾ ਨੂੰ ਜਗਤਾਰ ਸਿੰਘ ਹਵਾਰਾ ਦੇ ਨਾਲ ਜੁਲਾਈ 2007 ਵਿਚ ਵਿਸ਼ੇਸ਼ ਅਦਾਲਤ ਵੱਲੋਂ ਫ਼ਾਂਸੀ ਦੀ ਸਜ਼ਾ ਸੁਣਾਈ ਗਈ ਸੀ। ਉਸ ਨੂੰ 31 ਮਾਰਚ, 2012 ਨੂੰ ਫ਼ਾਂਸੀ ਦਿੱਤੀ ਜਾਣੀ ਸੀ ਪਰ ਸ਼੍ਰੋਮਣੀ ਕਮੇਟੀ ਵੱਲੋਂ ਦਾਇਰ ਪਟੀਸ਼ਨ ਕਾਰਨ ਸਜ਼ਾ ’ਤੇ ਰੋਕ ਲਾ ਦਿੱਤੀ ਗਈ ਸੀ।

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਤ ਵੱਲੋਂ ਬੇਅੰਤ ਸਿੰਘ ਕਤਲ ਕਾਂਡ ’ਚ ਫਾਂਸੀ ਦੀ ਸਜ਼ਾ ਯਾਫ਼ਤਾ ਬਲਵੰਤ ਸਿੰਘ ਰਾਜੋਆਣਾ ਬਾਰੇ ਦਿੱਤੇ ਤਾਜ਼ਾ ਬਿਆਨ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਕੇਂਦਰੀ ਮੰਤਰੀ ਦਾ ਬਿਆਨ ਸਿੱਖਾਂ ਨੂੰ ਤਕਲੀਫ਼ ਪਹੁੰਚਾਉਣ ਵਾਲਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਬਿਆਨ ਨੂੰ ਸਿੱਖਾਂ ਨਾਲ ਵੱਡੀ ਬੇਇਨਸਾਫ਼ੀ ਕਰਾਰ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰੀ ਨੇ ਬਿਆਨ ਦਿੱਤਾ ਹੈ ਕਿ ਰਾਜੋਆਣਾ ਦੀ ਸਜ਼ਾ ਮੁਆਫ਼ ਨਹੀਂ ਕੀਤੀ ਗਈ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਭਾਈ ਰਾਜੋਆਣਾ
  ਨੂੰ ਰਾਹਤ ਦਿਵਾਉਣ ਦੀ ਆਪਣੀ ਲੜਾਈ ਜਾਰੀ ਰੱਖੇਗਾ। ਉਨ੍ਹਾਂ ਕਿਹਾ ਕਿ ਇੱਕ ਉੱਚ ਪੱਧਰੀ ਵਫ਼ਦ ਜਲਦੀ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲੇਗਾ ਅਤੇ ਅਪੀਲ ਕਰੇਗਾ ਕਿ ਭਾਈ ਰਾਜੋਆਣਾ ਦੀ ਮੌਤ ਦੀ ਸਜ਼ਾ ਮੁਆਫ਼ ਕਰ ਦਿੱਤੀ ਜਾਵੇ।
  ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਉਨ੍ਹਾਂ ਚਾਰ ਪੁਲੀਸ ਅਧਿਕਾਰੀਆਂ ਦੀ ਸਜ਼ਾ ਮੁਆਫ਼ ਕਰਵਾਉਣ ਵਿਚ ਕਾਫ਼ੀ ‘ਫੁਰਤੀ’ ਵਿਖਾਈ ਸੀ, ਜਿਨ੍ਹਾਂ ਨੇ ਜਲਦੀ ਤਰੱਕੀਆਂ ਲੈਣ ਲਈ 1993 ਵਿਚ ਇੱਕ ਬੇਕਸੂਰ ਸਿੱਖ ਨੌਜਵਾਨ ਨੂੰ ਅਗਵਾ ਕਰਕੇ ਝੂਠੇ ਪੁਲੀਸ ਮੁਕਾਬਲੇ ਵਿਚ ਮਾਰ ਦਿੱਤਾ ਸੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕੇਂਦਰ ਸਰਕਾਰ ਵੱਲੋਂ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਘਟਾਉਣ ਦੇ ਆਪਣੇ ਫ਼ੈਸਲੇ ਤੋਂ ਪਿੱਛੇ ਹਟਣ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਗ੍ਰਹਿ ਮੰਤਰੀ ਦਾ ਬਿਆਨ ਠੇਸ ਪਹੁੰਚਾਉਣ ਵਾਲਾ ਹੈ। ਲੌਂਗੋਵਾਲ ਨੇ ਕਿਹਾ ਕਿ ਇਹ ਦੁਖਦਾਈ ਹੈ ਕਿ ਧਾਰਮਿਕ ਸੰਸਥਾ ਵੱਲੋਂ ਮੌਤ ਦੀ ਸਜ਼ਾ ਵਿਰੁੱਧ ਕੀਤੀ ਗਈ ਅਪੀਲ ਸਿਧਾਂਤਕ ਤੌਰ ’ਤੇ ਅਣਗੌਲਿਆਂ ਕਰ ਦਿੱਤੀ ਗਈ ਹੈ। ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਰਾਜੋਆਣਾ ਲਈ ਆਪਣੀ ਲੜਾਈ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਕਮੇਟੀ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਕੋਲ ਪਹੁੰਚ ਕਰੇਗੀ।

  ਅੰਮ੍ਰਿਤਸਰ - ਸਥਾਨਕ ਕੇਂਦਰੀ ਜੇਲ੍ਹ ਵਿੱਚ ਬੰਦ ਸਿੱਖ ਕੈਦੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਸਬੰਧੀ ਲੋੜੀਂਦੇ ਆਦੇਸ਼ ਨਾ ਆਉਣ ਕਾਰਨ ਉਸ ਦੀ ਪਤਨੀ ਤੇ ਹੋਰ ਪਰਿਵਾਰਕ ਮੈਂਬਰ ਪ੍ਰੇਸ਼ਾਨ ਹਨ। ਉਂਜ, ਪੈਰੋਲ ਖ਼ਤਮ ਹੋਣ ਮਗਰੋਂ ਪ੍ਰੋ.ਭੁੱਲਰ ਨੂੰ ਮੁੜ ਜੇਲ੍ਹ ਭੇਜ ਦਿੱਤਾ ਗਿਆ ਹੈ। ਚੇਤੇ ਰਹੇ ਕਿ ਸ੍ਰੀ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ 9 ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਸੀ। ਇਨ੍ਹਾਂ ਵਿੱਚ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦਾ ਨਾਂ ਵੀ ਸ਼ਾਮਲ ਸੀ, ਪਰ ਅਜੇ ਤਕ ਜੇਲ੍ਹ ਪ੍ਰਸ਼ਾਸਨ ਨੂੰ ਉਹਦੀ ਰਿਹਾਈ ਸਬੰਧੀ ਕੋਈ ਹੁਕਮ ਨਹੀਂ ਮਿਲੇ। ਪ੍ਰੋ. ਭੁੱਲਰ ਦੀ ਪਤਨੀ ਨਵਨੀਤ ਕੌਰ ਭੁੱਲਰ ਨੇ ਦੱਸਿਆ ਕਿ ਉਹਦਾ ਪਤੀ ਕੁਝ ਦਿਨ ਪਹਿਲਾਂ ਪੈਰੋਲ ’ਤੇ ਘਰ ਆਇਆ ਸੀ। ਘਰ ਦੇ ਮਾਹੌਲ ਕਾਰਨ ਉਹਦੀ ਸਿਹਤ ਵਿੱਚ ਪਹਿਲਾਂ ਨਾਲੋਂ ਸੁਧਾਰ ਸੀ, ਪਰ ਪੈਰੋਲ ਖ਼ਤਮ ਹੋਣ ਮਗਰੋਂ ਉਹਨੂੰ 29 ਨਵੰਬਰ ਨੂੰ ਮੁੜ ਜੇਲ੍ਹ ਭੇਜ ਦਿੱਤਾ ਗਿਆ ਹੈ। ਉਸ ਨੂੰ ਡਰ ਹੈ ਕਿ ਜੇਲ੍ਹ ਵਾਲੇ ਮਾਹੌਲ ਵਿੱਚ ਉਹਦੀ ਹਾਲਤ ਮੁੜ ਪਹਿਲਾਂ ਵਾਂਗ ਨਾ ਹੋ ਜਾਵੇ।
  ਉਧਰ ਅੰਮ੍ਰਿਤਸਰ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਅਰਸ਼ਦੀਪ ਸਿੰਘ ਗਿੱਲ ਨੇ ਪ੍ਰੋ. ਭੁੱਲਰ ਦੇ ਜੇਲ੍ਹ ਵਿੱਚ ਪਰਤਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਸ ਨੂੰ ਇਲਾਜ ਲਈ ਮੁੜ ਜੇਲ੍ਹ ਦੇ ਮਨੋਰੋਗ ਵਾਰਡ ਵਿੱਚ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹਦੀ ਰਿਹਾਈ ਸਬੰਧੀ ਫਿਲਹਾਲ ਸਰਕਾਰ ਵਲੋਂ ਕੋਈ ਆਦੇਸ਼ ਨਹੀਂ ਮਿਲੇ ਹਨ। ਜੇਲ੍ਹ ਵਿਭਾਗ ਨੂੰ ਜਿਵੇਂ ਹੀ ਕੋਈ ਲਿਖਤੀ ਹੁਕਮ ਮਿਲਦੇ ਹਨ ਤਾਂ ਲੋੜੀਂਦੀ ਕਾਰਵਾਈ ਮਗਰੋਂ ਉਹਨੂੰ ਰਿਹਾਅ ਕਰ ਦਿੱਤਾ ਜਾਵੇਗਾ।

   

  ਨਵੀਂ ਦਿੱਲੀ - ਕਾਂਗਰਸ ਦੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਰਾਜ ਸਭਾ ਵਿੱਚ ਸਿਫਰ ਕਾਲ ਦੌਰਾਨ ਮੰਗ ਕੀਤੀ ਕਿ ਮਹਾਰਾਜਾ ਦਲੀਪ ਸਿੰਘ ਦੀਆਂ ਨਿਸ਼ਾਨੀਆਂ ਭਾਰਤ ਵਾਪਸ ਲਿਆ ਕੇ ਅੰਮ੍ਰਿਤਸਰ ’ਚ ਸਾਂਭੀਆਂ ਜਾਣ। ਉਨ੍ਹਾਂ ਦੱਸਿਆ ਕਿ 1974 ਵਿੱਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਕੇਂਦਰ ਸਰਕਾਰ ਦੀ ਮਦਦ ਨਾਲ ਬਰਤਾਨਵੀ ਹਕੂਮਤ ਨਾਲ ਰਾਬਤਾ ਕਰਕੇ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਭਾਰਤ ਲਿਆਂਦੀਆਂ ਸੀ ਤੇ ਸ਼ਹੀਦ ਦੇ ਸ਼ਹਿਰ ਸੁਨਾਮ (ਸੰਗਰੂਰ) ’ਚ ਉਨ੍ਹਾਂ ਦੇ ਸਸਕਾਰ ਮਗਰੋਂ ਅਸਥੀਆਂ ਦੀ ਰਾਖ਼ ਸਤੁਲਜ ’ਚ ਪ੍ਰਵਾਹ ਕੀਤੀਆਂ ਸੀ। ਇਨ੍ਹਾਂ ਅਸਥੀਆਂ ਦਾ ਕੁਝ ਹਿੱਸਾ ਜੱਲ੍ਹਿਆਂਵਾਲਾ ਦੇ ਅਜਾਇਬ ਘਰ ’ਚ ਰੱਖਿਆ ਗਿਆ ਸੀ।
  ਉਨ੍ਹਾਂ ਕਿਹਾ ਕਿ 1843 ’ਚ ਦਲੀਪ ਸਿੰਘ ਪੰਜ ਸਾਲ ਦੀ ਉਮਰ ’ਚ ਸਿੱਖਾਂ ਦੇ ਮਹਾਰਾਜਾ ਐਲਾਨੇ ਗਏ ਸੀ ਪਰ ਅੰਗਰੇਜ਼ ਹਕੂਮਤ ਨੇ ਸਿੱਖ ਰਾਜ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਤੇ ਮਹਾਰਾਜਾ ਦਲੀਪ ਸਿੰਘ ਨੂੰ ਉੱਤਰ ਪ੍ਰਦੇਸ਼ ਦੇ ਫਤਹਿਗੜ੍ਹ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਦਲੀਪ ਸਿੰਘ ਦਾ ਧਰਮ ਬਦਲਿਆ ਗਿਆ ਪਰ ਜਦੋਂ ਉਹ ਇੰਗਲੈਂਡ ’ਚ ਆਪਣੀ ਮਾਂ ਨੂੰ ਮੁੜ ਮਿਲਿਆ ਤਾਂ ਸਿੱਖ ਰਾਜ ਬਾਰੇ ਜਾਣਕਾਰੀ ਹਾਸਲ ਕੀਤੀ। ਉਹ ਮੁੜ ਸਿੰਘ ਸਜਿਆ ਤੇ ਉਸ ਨੇ ਆਪਣਾ ਰਾਜ ਭਾਗ ਵਾਪਸ ਲੈਣ ਦੀ ਇੱਛਾ ਪ੍ਰਗਟਾਈ। ਮਹਾਰਾਜਾ ਦਲੀਪ ਸਿੰਘ ਨੇ 1886 ਵਿੱਚ ਭਾਰਤ ਦੀ ਯਾਤਰਾ ਸ਼ੁਰੂ ਕੀਤੀ ਤੇ ਆਪਣੇ ਰਾਜ ’ਤੇ ਦਾਅਵਾ ਕੀਤਾ ਪਰ ਅੰਗਰੇਜ਼ਾਂ ਨੇ ਉਸ ਨੂੰ ਅਦਨ ਬੰਦਰਗਾਹ ’ਤੇ ਰੋਕ ਲਿਆ ਜਿਸ ਮਗਰੋਂ ਉਸ ਦਾ ਪਰਿਵਾਰ ਬਰਤਾਨੀਆ ਚਲਾ ਗਿਆ। ਦਲੀਪ ਸਿੰਘ ਦਾ 1893 ’ਚ ਦੇਹਾਂਤ ਹੋ ਗਿਆ ਤੇ ਬਰਤਾਨਵੀ ਹਕੂਮਤ ਨੇ ਉਸ ਨੂੰ ਦਫ਼ਨਾ ਦਿੱਤਾ ਸੀ। ਸ੍ਰੀ ਬਾਜਵਾ ਨੇ ਕਿਹਾ ਕਿ ਬਰਤਾਨਵੀ ਹਕੂਮਤ ਨੇ ਮਹਾਰਾਜਾ ਨੂੰ ਦਫ਼ਨਾ ਕੇ ਭਾਰਤੀ ਇਤਿਹਾਸ ਦੇ ਇਕ ਹੋਰ ਹਿੱਸੇ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੇ ਆਖ਼ਰੀ ਮਹਾਰਾਜਾ ਦੀਆਂ ਨਿਸ਼ਾਨੀਆਂ ਭਾਰਤ ਲਿਆਉਣ ਲਈ ਪ੍ਰਧਾਨ ਮੰਤਰੀ ਨਿੱਜੀ ਦਿਲਚਸਪੀ ਲੈਣ।

  ਲੁਧਿਆਣਾ - ਤਖ਼ਤ ਹਰਿਮੰਦਰ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਗਿਆਨੀ ਰਣਜੀਤ ਸਿੰਘ ਗਹੌਰ ਗੁਰੂ ਸਾਹਿਬ ਦੇ ਪ੍ਰਕਾਸ਼ ਅਸਥਾਨ ਵਾਲੀ ਥਾਂ ’ਤੇ ਪਜਾਮਾ ਪਹਿਨ ਕੇ ਜਾਣ ਕਾਰਨ ਵਿਵਾਦਾਂ ’ਚ ਘਿਰ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਖ਼ਤ ਪਟਨਾ ਸਾਹਿਬ ਦੇ ਸੇਵਾਦਾਰਾਂ ਦੀ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਜਦੋਂ ਜਥੇਦਾਰ ਪਜਾਮਾ ਪਹਿਨ ਕੇ ਪ੍ਰਕਾਸ਼ ਅਸਥਾਨ ’ਤੇ ਪੁੱਜੇ ਤਾਂ ਉੱਥੇ ਹਾਜ਼ਰ ਸੇਵਾਦਾਰਾਂ ਨੇ ਇਸ ਦਾ ਵਿਰੋਧ ਕੀਤਾ। ਇਸ ’ਤੇ ਜਥੇਦਾਰ ਗਹੌਰ ਨੇ ਵਿਰੋਧ ਨੂੰ ਦੇਖਦਿਆਂ ਪ੍ਰਕਾਸ਼ ਅਸਥਾਨ ਦੇ ਅੰਦਰ ਹੀ ਆਪਣਾ ਪਜਾਮਾ ਲਾਹ ਦਿੱਤਾ ਅਤੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਗਏ।
  ਇੱਥੇ ਵਰਨਣਯੋਗ ਹੈ ਕਿ ਤਖ਼ਤ ਦੀ ਮਰਿਆਦਾ ਅਨੁਸਾਰ ਜਨਮ ਅਸਥਾਨ ਵਾਲੀ ਥਾਂ ’ਤੇ ਕੋਈ ਵੀ ਸਿੰਘ ਪਜਾਮਾ ਪਹਿਨ ਕੇ ਨਹੀਂ ਜਾ ਸਕਦਾ। ਮਰਿਆਦਾ ਅਨੁਸਾਰ ਲੰਮਾ ਚੋਲਾ ਪਾ ਕੇ ਹੀ ਉਸ ਅਸਥਾਨ ’ਤੇ ਜਾਇਆ ਜਾ ਸਕਦਾ ਹੈ। ਸ਼ਾਮ ਸਮੇਂ ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ ਹੋਈ ਅਰਦਾਸ ਉਪਰੰਤ ਆਰਤੀ ਵੇਲੇ ਇਹ ਘਟਨਾ ਵਾਪਰੀ ਹੈ। ਸਿੰਘ ਸਾਹਿਬ ਨੇ ਇਸ ਤੋਂ ਬਾਅਦ ਬਿਨਾਂ ਹੱਥ ਸੁੱਚੇ ਕੀਤਿਆਂ ਹੀ ਸੰਗਤ ਨੂੰ ਪੁਰਾਤਨ ਸ਼ਸਤਰਾਂ ਦੇ ਦਰਸ਼ਨ ਕਰਵਾਏ। ਇਸ ਘਟਨਾ ਸਬੰਧੀ ਸੀਸੀਟੀਵੀ ਦੀ ਫੁਟੇਜ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਕਾਰਨ ਸੰਗਤ ਵਿੱਚ ਭਾਰੀ ਰੋਸ ਪੈਦਾ ਹੋ ਗਿਆ ਹੈ। ਇਸ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਹਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਾਰੇ ਮਾਮਲੇ ਦੀ ਰਿਪੋਰਟ ਪ੍ਰਾਪਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਉਪਰੰਤ ਹੀ ਅਗਲਾ ਫ਼ੈਸਲਾ ਕੀਤਾ ਜਾਵੇਗਾ।
  ਦੂਜੇ ਪਾਸੇ, ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਇਨਵਾਇਟੀ ਮੈਂਬਰ ਅਮਰਜੀਤ ਸਿੰਘ ਸ਼ੰਮੀ ਨੇ ਕਿਹਾ ਹੈ ਕਿ ਇਸ ਸਬੰਧੀ ਜਥੇਦਾਰ ਗਹੌਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ। ਤਖ਼ਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਹੈ ਕਿ ਤਖ਼ਤ ਸਾਹਿਬ ਦੀ ਪੁਰਾਤਨ ਮਰਿਆਦਾ ਅਨੁਸਾਰ ਜਨਮ ਅਸਥਾਨ ਨੇੜੇ ਸਿਰਫ਼ ਚੋਲਾ ਪਹਿਨ ਕੇ ਹੀ ਜਾਇਆ ਜਾ ਸਕਦਾ ਹੈ।

  ਪਟਿਆਲਾ - ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ’ਚ ਫਾਂਸੀ ਦੀ ਸਜ਼ਾ ਅਧੀਨ ਕੇਂਦਰੀ ਜੇਲ੍ਹ ਪਟਿਆਲਾ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਰਾਜ ਸਭਾ ਵਿਚ ਦਿੱਤੇ ਗਏ ਬਿਆਨ ਬਾਰੇ ਰਾਜੋਆਣਾ ਮਾਮਲੇ ’ਤੇ ਰਾਜਸੀ ਹਲਕਿਆਂ ਸਮੇਤ ਆਮ ਲੋਕ ਵੀ ਭੰਬਲਭੂਸੇ ’ਚ ਪੈ ਗਏ ਹਨ। ਜਦਕਿ ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਅਮਿਤ ਸ਼ਾਹ ਦਾ ਬਿਆਨ ਗਲਤ ਨਹੀਂ ਹੈ। ਕਿਉਂਕਿ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ ਨਹੀਂ, ਬਲਕਿ ਉਮਰ ਕੈਦ ’ਚ ਤਬਦੀਲ ਕੀਤੇ ਜਾਣ ਦਾ ਫੈਸਲਾ ਹੈ।
  ਜ਼ਿਕਰਯੋਗ ਹੈ ਮੰਤਰੀ ਨੇ ਅਜਿਹਾ ਬਿਆਨ ਲੁਧਿਆਣਾ ਦੇ ਐੱਮਪੀ ਰਵਨੀਤ ਸਿੰਘ ਬਿੱਟੂ ਵੱਲੋਂ ਉਠਾਏ ਗਏ ਸਵਾਲ ਦੇ ਜਵਾਬ ਵਿੱਚ ਦਿੱਤਾ। ਬਿੱਟੂ ਜਾਣਨਾ ਚਾਹੁੰਦੇ ਸਨ ਕਿ ਰਾਜੋਆਣਾ ਦੀ ਫਾਂਸੀ ਕਿਉਂ ਮੁਆਫ਼ ਕੀਤੀ ਗਈ ਹੈ, ਜਿਸ ਦੇ ਜਵਾਬ ’ਚ ਗ੍ਰਹਿ ਮੰਤਰੀ ਦਾ ਕਹਿਣਾ ਸੀ ਕਿ ‘‘ਤੁਸੀਂ ਪਲੀਜ਼ ਮੀਡੀਆ ਰਿਪੋਰਟਾਂ ’ਤੇ ਨਾ ਜਾਓ, ਕਿਉਂਕਿ ਕੋਈ ਮੁਆਫ਼ੀ ਨਹੀਂ ਕੀਤੀ ਗਈ’’। ਇਸ ਸਬੰਧੀ ਐਡਵੋਕੇਟ ਜਸਪਾਲ ਸਿੰੰਘ ਮੰਝਪੁਰ ਦਾ ਕਹਿਣਾ ਹੈ ਕਿ ਫਾਂਸੀ ਦੀ ਸਜ਼ਾ ਮੁਆਫ਼ ਕਰਨ ਅਤੇ ਤਬਦੀਲ ਕਰਨ ’ਚ ਫਰਕ ਹੈ। ਮੰਝਪੁਰ ਦਾ ਤਰਕ ਸੀ ਕਿ ਗ੍ਰਹਿ ਮੰਤਰੀ ਦਾ ਇਹ ਕਹਿਣਾ ਠੀਕ ਹੈ ਕਿ ਫਾਂਸੀ ਮੁਆਫ਼ ਨਹੀਂ ਕੀਤੀ ਗਈ, ਕਿਉਂਕਿ ਇਹ ਸਜ਼ਾ ਫਾਂਸੀ ਤੋਂ ਉਮਰ ਕੈਦ ’ਚ ਤਬਦੀਲ ਕੀਤੀ ਜਾ ਰਹੀ ਹੈ। ਸ੍ਰੀ ਮੰਝਪੁਰ ਨੇ ਕਿਹਾ ਕਿ ਜਗਤਾਰ ਸਿੰਘ ਹਵਾਰਾ ਤੇ ਦਵਿੰਦਰਪਾਲ ਸਿੰਘ ਭੁੱਲਰ ਨੂੰ ਵੀ ਵੱਖ ਵੱਖ ਕੇਸਾਂ ’ਚ ਫਾਂਸੀ ਦੀ ਸਜ਼ਾ ਹੋਈ ਸੀ, ਜੋ ਅਦਾਲਤ ਵੱਲੋਂ ਉਮਰ ਕੈਦ ’ਚ ਤਬਦੀਲ ਕੀਤੀਆਂ ਜਾ ਚੁੱਕੀਆਂ ਹਨ। ਉਵੇਂ ਹੀ ਰਾਜੋਆਣਾ ਦੀ ਸਜ਼ਾ ਵੀ ਫਾਂਸੀ ਤੋਂ ਉਮਰ ਕੈਦ ’ਚ ਤਬਦੀਲ ਕਰਨ ਦਾ ਕੇਸ ਹੈ। ਉਨ੍ਹਾਂ ਕਿਹਾ ਕਿ ਰਾਜੋਆਣਾ ਤੋਂ ਬਗੈਰ ਹੋਰ ਕੋਈ ਵੀ ਫਾਂਸੀ ਦੀ ਸਜ਼ਾ ਭੁਗਤ ਰਿਹਾ ਸਿੱਖ ਕੈਦੀ ਨਹੀਂ ਹੈ। ਉੱਧਰ ਜੇਲ੍ਹ ਅਧਿਕਾਰੀਆਂ ਅਨੁਸਾਰ ਰਾਜੋਆਣਾ ਦੀ ਸਜ਼ਾ ਦੀ ਤਬਦੀਲੀ ਦੇ ਮਾਮਲੇ ਬਾਰੇ ਅਜੇ ਤੱਕ ਪਟਿਆਲਾ ਜੇਲ੍ਹ ’ਚ ਕੋਈ ਵੀ ਦਸਤਾਵੇਜ਼ ਨਹੀਂ ਪੁੱਜਿਆ। ਜ਼ਿਕਰਯੋਗ ਹੈ ਕਿ 31 ਅਗਸਤ 1995 ਨੂੰ ਐੱਸਪੀਓ ਦਿਲਾਵਰ ਸਿੰਘ ਨੇ ਮਨੁੱਖੀ ਬੰਬ ਬਣ ਕੇ ਬੇਅੰਤ ਸਿੰਘ ਦੀ ਹੱਤਿਆ ਕੀਤੀ ਸੀ। ਰਾਜੋਆਣਾ, ਨੂੰ ਇਸ ਕੇਸ ’ਚ 22 ਦਸੰਬਰ 1995 ਨੂੰ ਗ੍ਰਿਫ਼ਤਾਰ ਕੀਤਾ ਗਿਆ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com