ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਬਰਨਾਲਾ: ਮਹਿਲਕਲਾਂ ਹਲਕੇ ਦੇ ਪਿੰਡ ਪੰਡੋਰੀ ਵਿਖੇ ਭਗਵੰਤ ਮਾਨ ਦਾ ਘਿਰਾਓ ਕਰਨ ਵਾਲੇ ਸੁਖਪਾਲ ਖਹਿਰਾ ਦੇ ਚਾਰ ਹਮਾਇਤੀਆਂ ਗਗਨ ਸਰਾਂ, ਨਿਰਮਲ ਛੀਨੀਵਾਲ, ਕਾਕਾ ਸਿੰਘ ਤੇ ਅਮਨ ਟੱਲੇਵਾਲੀਆ ਖਿਲ਼ਾਫ ਮਾਨ ਦੇ ਸਰਕਾਰੀ ਗੰਨਮੈਨ ਵਲੋਂ ਮਾਮਲਾ ਦਰਜ਼ ਕਰਵਾਇਆ ਗਿਆ ਹੈ। ਐਫਆਈਆਈਆਰ 'ਚ ਭਗਵੰਤ ਮਾਨ ਦੇ ਗੰਨਮੈਨ ਵਲੋਂ ਵਰਦੀ ਨੂੰ ਹੱਥ ਪਾਉਣ ਦੇ ਦੋਸ਼ ਵੀ ਲਾਏ ਗਏ ਹਨ।
  ਜ਼ਿਕਰਯੋਗ ਹੈ ਕਿ ਬਰਨਾਲਾ ਨੇੜੇ ਪਿੰਡ ਪੰਡੋਰੀ ’ਚ ਸ਼ਮਸ਼ਾਨਘਾਟ ਅੱਗੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਭਗਵੰਤ ਮਾਨ ਦਾ ਤਿੱਖਾ ਵਿਰੋਧ ਕੀਤਾ ਤੇ ਭਗਵੰਤ ਮਾਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ ਸੀ।
  ਭਗਵੰਤ ਮਾਨ ਵਿਧਾਇਕ ਕੁਲਵੰਤ ਪੰਡੋਰੀ ਦੇ ਪਿਤਾ ਦੇ ਸਸਕਾਰ ’ਤੇ ਪਹੁੰਚੇ ਸਨ। ਜਦੋਂ ਉਹ ਸ਼ਮਸ਼ਾਨ ਘਾਟ ਤੋਂ ਬਾਹਰ ਨਿਕਲੇ ਤਾਂ ਪਾਰਟੀ ਵਰਕਰਾਂ ਨੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਤੇ ਉਨ੍ਹਾਂ ਦੀ ਗੱਡੀ ਨੂੰ ਰੋਕ ਲਿਆ। ਇਸ ਪਿੱਛੋਂ ਸੁਰੱਖਿਆ ਗਾਰਡਾਂ ਨੇ ਬੜੀ ਮੁਸ਼ਕਲ ਨਾਲ ਉਨ੍ਹਾਂ ਨੂੰ ਵਰਕਰਾਂ ਦੇ ਚੁੰਗਲ ’ਚੋਂ ਬਾਹਰ ਕੱਢਿਆ ਸੀ।

  ਫ਼ਤਹਿਗੜ੍ਹ ਸਾਹਿਬ- “ਸਿੱਖ ਫਾਰ ਜਸਟਿਸ ਵੱਲੋਂ ਜੋ ਲੰਡਨ ਵਿਖੇ 2020 ਰੈਫਰੈਡਮ ਦੇ ਸੰਬੰਧ ਵਿਚ ਜੋ ਇਕੱਠ ਹੋਇਆ ਹੈ, ਉਸਦਾ ਕੌਮਾਂਤਰੀ ਪੱਧਰ ਤੇ ਹੋਰ ਵੀ ਵਧੇਰੇ ਵੱਡਾ ਮਹੱਤਵ ਅਤੇ ਪ੍ਰਭਾਵ ਹੋ ਸਕਦਾ ਸੀ। ਜੇਕਰ ਪ੍ਰਬੰਧਕਾਂ ਵੱਲੋਂ ਖ਼ਾਲਿਸਤਾਨ ਦੀ ਸਰ-ਜਮੀਨ ਵਿਖੇ ਖ਼ਾਲਿਸਤਾਨ ਨੂੰ ਕਾਇਮ ਕਰਨ ਲਈ ਬੀਤੇ ਲੰਮੇਂ ਸਮੇਂ ਤੋਂ ਹਿੰਦੂਤਵ ਹੁਕਮਰਾਨਾਂ ਦੇ ਜ਼ਬਰ-ਜੁਲਮਾਂ ਦਾ ਦ੍ਰਿੜਤਾ ਨਾਲ ਅਤੇ ਬਾਦਲੀਲ ਢੰਗ ਨਾਲ ਮੁਕਾਬਲਾ ਕਰਦੇ ਹੋਏ ਸੰਘਰਸ਼ ਕਰਦੀਆ ਆ ਰਹੀਆ ਜਥੇਬੰਦੀਆਂ ਦਲ ਖ਼ਾਲਸਾ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਇਸ ਕੌਮੀ ਮਕਸਦ ਲਈ ਵਿਸ਼ਵਾਸ ਵਿਚ ਲਿਆ ਹੁੰਦਾ ਅਤੇ ਉਸਦੇ ਨਤੀਜੇ ਬਹੁਤ ਹੀ ਦੂਰਅੰਦੇਸ਼ੀ ਵਾਲੇ ਨਿਕਲ ਸਕਦੇ ਸੀ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਸਿੱਖ ਫਾਰ ਜਸਟਿਸ ਨੇ ਖ਼ਾਲਿਸਤਾਨ ਲਈ ਸਰਗਰਮ ਉਪਰੋਕਤ ਦੋਵਾਂ ਮੁੱਖ ਸੰਗਠਨਾਂ ਅਤੇ ਹੋਰਨਾਂ ਦਾ ਸਹਿਯੋਗ ਲੈਣਾ ਜਾਂ ਉਨ੍ਹਾਂ ਨੂੰ ਵਿਸ਼ਵਾਸ ਵਿਚ ਲੈਣਾ ਉਚਿਤ ਨਾ ਸਮਝਿਆ ।”

  ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਸਿੱਖ ਫਾਰ ਜਸਟਿਸ ਵੱਲੋਂ ਲੰਡਨ ਵਿਖੇ ਖ਼ਾਲਿਸਤਾਨੀ ਸੋਚ ਲਈ ਰੈਫਰੈਡਮ ਕਰਵਾਉਣ ਲਈ ਕੀਤੇ ਗਏ ਪ੍ਰੋਗਰਾਮ ਉਤੇ ਆਪਣਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਖ਼ਾਲਿਸਤਾਨੀ ਧਿਰਾਂ ਨੂੰ ਵਿਸ਼ਵਾਸ ਵਿਚ ਨਾ ਲੈਣ ਅਤੇ ਉਨ੍ਹਾਂ ਦਾ ਸਹਿਯੋਗ ਨਾ ਲੈਣ ਉਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਲੰਡਨ ਐਲਾਨਨਾਮੇ ਦੇ ਇਕੱਠ ਸਮੇਂ ਸਿੱਖ ਫਾਰ ਜਸਟਿਸ ਨੇ ਤਿੰਨ ਮਤੇ ਪਾਸ ਕੀਤੇ ਹਨ, ਉਨ੍ਹਾਂ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਦਲ ਖ਼ਾਲਸਾ ਸਿੱਖ ਫਾਰ ਜਸਟਿਸ ਦੇ ਜਨਮ ਹੋਣ ਤੋਂ ਲੰਮਾਂ ਸਮਾਂ ਪਹਿਲਾ ਤੋਂ ਹੀ ਉਨ੍ਹਾਂ ਮਤਿਆ ਦੀ ਭਾਵਨਾ ਨੂੰ ਪੂਰਨ ਕਰਨ ਲਈ ਦ੍ਰਿੜਤਾ ਨਾਲ ਜਮਹੂਰੀਅਤ ਅਤੇ ਅਮਨਮਈ ਤਰੀਕੇ ਸੰਘਰਸ਼ ਕਰਦੇ ਹੀ ਨਹੀਂ ਆ ਰਹੇ, ਬਲਕਿ ਇਸ ਕੌਮੀ ਸੋਚ ਦੀ ਪੂਰਤੀ ਲਈ ਹਿੰਦੂਤਵ ਹੁਕਮਰਾਨਾਂ ਦੇ ਗੈਰ-ਕਾਨੂੰਨੀ ਅਤੇ ਗੈਰ-ਸਮਾਜਿਕ ਜ਼ਬਰ-ਜੁਲਮਾਂ ਦਾ ਡੱਟਕੇ ਮੁਕਾਬਲਾ ਕਰਦੇ ਆ ਰਹੇ ਹਾਂ ਅਤੇ ਉਨ੍ਹਾਂ ਵੱਲੋਂ ਸਾਡੇ ਉਤੇ ਮੰਦਭਾਵਨਾ ਅਧੀਨ ਪਾਏ ਗਏ ਦੇਸ਼-ਧ੍ਰੋਹੀ ਤੇ ਬਗਾਵਤ ਦੇ ਕੇਸਾਂ ਨੂੰ ਵੀ ਕਾਨੂੰਨੀ ਨਜ਼ਰੀਏ ਤੋਂ ਚੁਣੋਤੀ ਵੀ ਦਿੰਦੇ ਆ ਰਹੇ ਹਾਂ ਅਤੇ ਅਦਾਲਤੀ ਕਾਰਵਾਈਆ ਦਾ ਨਿਰਭੈ ਹੋ ਕੇ ਸਾਹਮਣਾ ਵੀ ਕਰਦੇ ਆ ਰਹੇ ਹਾਂ । ਉਨ੍ਹਾਂ ਕਿਹਾ ਕਿ ਜੋ 2020 ਵਿਚ ਲੰਡਨ ਐਲਾਨਨਾਮੇ ਨੇ ਗੈਰ-ਸਰਕਾਰੀ ਤੌਰ ਤੇ ਰੈਫਰੈਡਮ ਕਰਵਾਉਣ ਦੀ ਗੱਲ ਕੀਤੀ ਹੈ ਇਹ ਕਿਸੇ ਵੀ ਮੁਲਕ ਦੇ ਕਾਨੂੰਨੀ ਨਜ਼ਰੀਏ ਜਾਂ ਕੌਮਾਂਤਰੀ ਕਾਨੂੰਨੀ ਨਜ਼ਰੀਏ ਦੀ ਸਮਝ ਤੋਂ ਬਾਹਰ ਹੈ । ਕਿਉਂਕਿ ਅਸੀਂ ਪਹਿਲੇ ਵੀ ਕਹਿ ਚੁੱਕੇ ਹਾਂ ਕਿ ਜਮਹੂਰੀਅਤ ਰਾਹੀ ਕੌਮਾਂ ਦੇ ਫੈਸਲੇ ਹੋਣ ਦੇ ਤਿੰਨ ਢੰਗ ਹਨ । ਸਵੈ-ਨਿਰਣਾ, ਜਨਮਤ ਅਤੇ ਜਨਮਤ ਬਿੱਲ । ਪਰ ਇਨ੍ਹਾਂ ਤਿੰਨਾਂ ਢੰਗਾਂ ਦੀ ਪੂਰਤੀ ਜਾਂ ਤਾਂ ਯੂ.ਐਨ.ਓ. ਵਰਗੀ ਕੌਮਾਂਤਰੀ ਸੰਸਥਾਂ ਕਰਵਾ ਸਕਦੀ ਹੈ ਜਾਂ ਜਿਸ ਕੌਮ ਜਾਂ ਫਿਰਕੇ ਨੇ ਉਪਰੋਕਤ ਤਿੰਨਾਂ ਢੰਗਾਂ ਵਿਚੋਂ ਕਿਸੇ ਇਕ ਨੂੰ ਅਪਣਾਕੇ ਆਪਣੀ ਰਾਏ ਵੋਟ-ਪ੍ਰਣਾਲੀ ਰਾਹੀ ਬਣਾਉਣੀ ਹੁੰਦੀ ਹੈ, ਉਹ ਸੰਬੰਧਤ ਮੁਲਕ ਦੀ ਜਾਂ ਸੂਬੇ ਦੀ ਸਰਕਾਰ ਹੀ ਕਰਵਾ ਸਕਦੀ ਹੈ । ਫਿਰ ਹੀ ਅਜਿਹੇ ਸਵੈ-ਨਿਰਣੇ, ਜਨਮਤ ਅਤੇ ਜਨਮਤ ਬਿੱਲ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਹੋ ਸਕਦੀ ਹੈ । ਪਰ ਗੈਰ-ਸਰਕਾਰੀ ਤੌਰ ਤੇ ਤਾਂ ਪਹਿਲੇ ਰੈਫਰੈਡਮ ਹੋ ਹੀ ਨਹੀਂ ਸਕਦਾ, ਜੇਕਰ ਇਨ੍ਹਾਂ ਦੀ ਨਜ਼ਰ ਵਿਚ ਹੋ ਸਕਦਾ ਹੈ, ਤਾਂ ਉਸਦੀ ਕੌਮਾਂਤਰੀ ਪੱਧਰ ਤੇ ਜਾਂ ਮੁਲਕੀ ਪੱਧਰ ਤੇ ਕੀ ਕਾਨੂੰਨੀ ਮਾਨਤਾ ਹੋਵੇਗੀ ? ਜਿਥੋਂ ਤੱਕ ਦੂਜੇ ਮਤੇ 1950 ਵਿਚ ਜੋ ਸੰਵਿਧਾਨ ਲਾਗੂ ਕੀਤਾ ਗਿਆ ਸੀ, ਉਸ ਨੂੰ ਸਾਡੇ ਸਿੱਖ ਵਿਧਾਨਿਕ ਕਮੇਟੀ ਦੇ ਮੈਬਰਾਂ ਸ. ਹੁਕਮ ਸਿੰਘ, ਸ. ਭੁਪਿੰਦਰ ਸਿੰਘ ਮਾਨ ਨੇ ਦਸਤਖ਼ਤ ਨਾ ਕਰਕੇ ਉਸ ਸਮੇਂ ਹੀ ਰੱਦ ਕਰ ਦਿੱਤਾ ਸੀ । ਇਹ ਵੀ ਜਿੰਮੇਵਾਰੀ ਨਿਰੰਤਰ ਲੰਮੇਂ ਸਮੇਂ ਤੋਂ ਨਿਭਾਉਦੇ ਆ ਰਹੇ ਹਾਂ । ਖ਼ਾਲਿਸਤਾਨ ਦੇ ਸੰਘਰਸ਼ ਨੂੰ ਪ੍ਰਾਪਤੀ ਤੱਕ ਜਾਰੀ ਰੱਖਿਆ ਜਾਵੇਗਾ, ਇਹ ਵੀ ਅਸੀਂ ਆਰੰਭ ਤੋਂ ਹੀ ਕਹਿੰਦੇ ਆ ਰਹੇ ਹਾਂ ਅਤੇ ਪਹਿਰਾ ਦਿੰਦੇ ਆ ਰਹੇ ਹਾਂ । ਫਿਰ ਸਿੱਖ ਫਾਰ ਜਸਟਿਸ ਨੇ ਖ਼ਾਲਿਸਤਾਨ ਨੂੰ ਕਾਇਮ ਕਰਨ ਲਈ ਕਿਹੜੀ ਨਵੀਂ ਅਤੇ ਪ੍ਰਾਪਤੀ ਵਾਲੀ ਗੱਲ ਕੀਤੀ ਹੈ ? ਫਿਰ ਖ਼ਾਲਿਸਤਾਨੀ ਧਿਰਾਂ ਨੂੰ ਵਿਸ਼ਵਾਸ ਵਿਚ ਨਾ ਲੈਕੇ ਕਿਹੜੀ ਕੌਮੀ ਤਾਕਤ ਨੂੰ ਕੌਮਾਂਤਰੀ ਪੱਧਰ ਤੇ ਮਜ਼ਬੂਤ ਕਰ ਰਹੇ ਹਨ ?

  ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਸਪੱਸਟ ਕਰਨਾ ਚਾਹੁੰਦਾ ਹੈ ਕਿ ਅਸੀਂ ਕਿਸੇ ਤਰ੍ਹਾਂ ਦੇ ਵੀ ਰੈਫਰੈਡਮ ਦੇ ਰਤੀਭਰ ਵੀ ਨਾ ਪਹਿਲੇ ਵਿਰੁੱਧ ਸੀ ਅਤੇ ਨਾ ਹੀ ਅੱਜ ਵਿਰੁੱਧ ਹਾਂ ਨਾ ਭਵਿੱਖ ਵਿਚ ਰਹਾਂਗੇ । ਬਲਕਿ ਇਨ੍ਹਾਂ ਜਮਹੂਰੀ ਢੰਗਾਂ ਦੀ ਅਮਲੀ ਰੂਪ ਵਿਚ ਕੌਮਾਂਤਰੀ ਕਾਨੂੰਨਾਂ ਅਧੀਨ ਪਾਲਣਾਂ ਕਰਦੇ ਹੋਏ ਸਮੁੱਚੀ ਸਿੱਖ ਕੌਮ ਦੀ ਬਹੁਸੰਮਤੀ ਜਾਂ ਸਰਬਸੰਮਤੀ ਦੀ ਰਾਏ ਨਾਲ ਆਪਣੇ ਖ਼ਾਲਿਸਤਾਨ ਮੁਲਕ ਨੂੰ ਬਤੌਰ ਬਫ਼ਰ ਸਟੇਟ ਜੋ ਕਿ ਮੁਸਲਿਮ-ਪਾਕਿਸਤਾਨ, ਕਾਉਮਨਿਸਟ-ਚੀਨ ਅਤੇ ਹਿੰਦੂ-ਇੰਡੀਆ ਦੀ ਤ੍ਰਿਕੋਣ ਦੇ ਵਿਚਕਾਰ ਸਿੱਖ ਕੌਮ ਦੀ ਸਰਜਮੀਨ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦੇ ਕੱਛ ਵਿਚ ਕਾਇਮ ਕਰਨ ਲਈ ਸੁਹਿਰਦ ਹਾਂ । ਭਾਵੇ ਕਿ ਇਸ ਨੂੰ ਅਮਲੀ ਰੂਪ ਦਿੰਦੇ ਹੋਏ ਹੋਰ ਥੋੜਾ ਸਮਾਂ ਜਿਆਦਾ ਲੱਗ ਜਾਵੇ, ਪਰ ਸਾਡੇ ਵੱਲੋਂ ਕੀਤੇ ਜਾ ਰਹੇ ਸੰਘਰਸ਼ ਅਧੀਨ ਬਣਨ ਜਾ ਰਹੇ ਖ਼ਾਲਿਸਤਾਨ ਮੁਲਕ ਨੂੰ ਕੌਮਾਂਤਰੀ ਪੱਧਰ ਤੇ ਕਾਨੂੰਨੀ ਮਾਨਤਾ ਵੀ ਪ੍ਰਾਪਤ ਹੋਵੇਗੀ ਅਤੇ ਅਸੀਂ ਅਜਿਹਾ ਕਰਦੇ ਹੋਏ ਮਨੁੱਖਤਾ ਦਾ ਘੱਟ ਤੋਂ ਘੱਟ ਖੂਨ ਵਹਾਉਣ ਜਾਂ ਨੁਕਸਾਨ ਨਾ ਕਰਨ ਦੇ ਕਾਇਲ ਹਾਂ । ਕਹਿਣ ਤੋਂ ਭਾਵ ਹੈ ਕਿ ਜਿਵੇਂ ਖੂਨ ਦਾ ਕਤਰਾ ਵਹਾਏ ਬਿਨ੍ਹਾਂ ‘ਕੋਸੋਵੋ’ ਮੁਲਕ ਦੁਨੀਆਂ ਦੇ ਨਕਸੇ ਤੇ ਕਾਇਮ ਹੋਇਆ ਸੀ ਅਤੇ ਜਿਸ ਨੂੰ ਕੌਮਾਂਤਰੀ ਪੱਧਰ ਤੇ ਕਾਨੂੰਨੀ ਮਾਨਤਾ ਪ੍ਰਾਪਤ ਹੈ । ਉਸੇ ਤਰ੍ਹਾਂ ਇਹ ਖ਼ਾਲਿਸਤਾਨ ਦਾ ਕੌਮੀ ਮੁਲਕ ਹੋਂਦ ਵਿਚ ਲਿਆਂਦਾ ਜਾਵੇਗਾ । ਜਿਸ ਵਿਚ ਹਰ ਵਰਗ ਮੁਸਲਿਮ, ਹਿੰਦੂ, ਇਸਾਈ, ਦਲਿਤ, ਸਿੱਖ, ਬੋਧੀ, ਜੈਨੀ ਅਤੇ ਹੋਰ ਕਬੀਲੇ ਫਿਰਕੇ ਆਦਿ ਨੂੰ ਸਭ ਬਰਾਬਰਤਾ ਦੇ ਆਧਾਰ ਤੇ ਹੱਕ ਪ੍ਰਾਪਤ ਹੋਣਗੇ ਅਤੇ ਇਹ ਖ਼ਾਲਿਸਤਾਨ ਗੁਰੂ ਸਾਹਿਬਾਨ ਜੀ ਦੀ “ਬੇਗਮਪੁਰਾ” ਦੀ ਸੋਚ ਤੇ ਅਧਾਰਿਤ ਹੋਵੇਗਾ । ਜਿਥੇ ਕੋਈ ਵੀ ਇਨਸਾਨ ਭੁੱਖਾ ਨਹੀਂ ਸੌਵੇਗਾ, ਸਭਨਾਂ ਦਾ ਇੱਜ਼ਤ-ਮਾਣ ਕਾਇਮ ਹੋਵੇਗਾ ਅਤੇ ਸਭ ਨਾਗਰਿਕ ਖ਼ਾਲਿਸਤਾਨ ਦੇ ਸ਼ਹਿਰੀ ਕਹਾਉਣ ਵਿਚ ਫਖ਼ਰ ਮਹਿਸੂਸ ਕਰਨਗੇ । ਅਸੀਂ ਫਿਰ ਸਿੱਖ ਫਾਰ ਜਸਟਿਸ ਨੂੰ ਇਹ ਅਪੀਲ ਕਰਨੀ ਚਾਹਵਾਂਗੇ ਕਿ ਜਦੋਂ ਤੱਕ ਉਹ ਇਸ ਰੈਫਰੈਡਮ ਦੀ ਕਾਨੂੰਨੀ ਵਿਧੀ-ਵਿਧਾਨ ਸੰਬੰਧੀ ਸਮੁੱਚੀ ਸਿੱਖ ਕੌਮ ਅਤੇ ਇਸ ਖ਼ਾਲਿਸਤਾਨ ਵਿਚ ਵੱਸਣ ਵਾਲੀਆ ਹੋਰ ਕੌਮਾਂ ਨੂੰ ਪ੍ਰਤੱਖ ਰੂਪ ਵਿਚ ਸਪੱਸਟ ਨਹੀਂ ਕਰਦੇ ਕਿ ਇਹ ਰੈਫਰੈਡਮ ਕਿਹੜੀ ਤਾਕਤ ਕਰਵਾਏਗੀ, ਇਸਦਾ ਪ੍ਰਬੰਧ ਕਿਹੜੀ ਹਕੂਮਤ ਕਰੇਗੀ ਅਤੇ ਇਸ ਵਿਚ ਕਿਹੜੇ ਸਿੱਖਾਂ ਨੂੰ ਵੋਟ ਪਾਉਣਾ ਅਧਿਕਾਰ ਹੋਵੇਗਾ ਅਤੇ ਕਿਹੜਾ ਚੋਣ ਕਮਿਸ਼ਨ ਇਸਦੀ ਪ੍ਰਾਮਣਿਕਤਾ ਨੂੰ ਕੌਮਾਂਤਰੀ ਪੱਧਰ ਤੇ ਐਲਾਨ ਕਰੇਗਾ ? ਉਦੋਂ ਤੱਕ ਸਿੱਖ ਫਾਰ ਜਸਟਿਸ, ਰੈਫਰੈਡਮ ਦੀ ਗੱਲ ਨੂੰ ਅਮਲੀ ਤੇ ਸਹੀ ਦਿਸ਼ਾ ਵੱਲ ਨਹੀਂ ਵਧਾ ਸਕੇਗੀ । ਇਸ ਲਈ ਸਾਡੀ ਅੱਜ ਵੀ ਸਮੁੱਚੀ ਮਨੁੱਖਤਾ ਦੇ ਬਿਨ੍ਹਾਂ ਤੇ ਉਚੇਚੇ ਤੌਰ ਤੇ ਸਿੱਖ ਕੌਮ ਦੇ ਕੌਮੀ ਮਿਸ਼ਨ ਦੇ ਬਿਨ੍ਹਾਂ ਤੇ ਇਹ ਅਪੀਲ ਹੈ ਕਿ ਉਹ ਆਪਣੇ ਵੱਲੋਂ ਬਾਹਰਲੇ ਮੁਲਕਾਂ ਵਿਚ ਰੈਫਰੈਡਮ ਸੰਬੰਧੀ ਕੀਤੇ ਜਾ ਰਹੇ ਪ੍ਰਚਾਰ ਲਈ ਸਭ ਤੋਂ ਪਹਿਲੇ ਮੁੱਖ ਖ਼ਾਲਿਸਤਾਨੀ ਧਿਰਾ ਦਲ ਖ਼ਾਲਸਾ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਵਿਸ਼ਵਾਸ ਵਿਚ ਲਏ ਅਤੇ ਉਨ੍ਹਾਂ ਨਾਲ ਟੇਬਲਟਾਕ ਦੇ ਜਮਹੂਰੀਅਤ ਪੱਖੀ ਢੰਗ ਰਾਹੀ ਗੱਲਬਾਤ ਕਰਕੇ ਇਸ ਨੂੰ ਅਮਲੀ ਰੂਪ ਦੇਣ ਵਿਚ ਭੂਮਿਕਾ ਨਿਭਾਏ ਨਾ ਕਿ ਖ਼ਾਲਿਸਤਾਨ ਤੇ ਰੈਫਰੈਡਮ ਬਾਰੇ ਸਿੱਖ ਕੌਮ ਤੇ ਮਨੁੱਖਤਾ ਵਿਚ ਭੰਬਲਭੂਸਾ ਪੈਦਾ ਕਰਨ ।

  ਨਵੰਬਰ 2020 ਪੂਰੇ ਵਿਸ਼ਵ 'ਚ ਹੋਵੇਗਾ ਰੈਫਰੈਂਡਮ

  ਲੰਡਨ - 2020 ਰੈਫਰੈਂਡਮ ਦੇ ਹਮਾਇਤੀ ਸਿੱਖਾਂ ਵੱਲੋਂ 12 ਅਗਸਤ ਨੂੰ ਲੰਡਨ ਦੇ ਟ੍ਰੈਫਲਗਰ ਸਕੁਏਅਰ ਵਿਖੇ ਲੰਡਨ ਐਲਾਨਾਮੇ ਦੇ ਹੱਕ 'ਚ ਵਿਦੇਸ਼ ਭਰ ਦੇ ਸਿੱਖਾਂ ਦਾ ਵੱਡਾ ਇਕੱਠ ਕੀਤਾ ਗਿਆ। ਜਦੋਂ ਕਿ ਦੂਜੇ ਪਾਸੇ ਭਾਰਤੀ ਦੀਆਂ ਖੂਫ਼ੀਆਂ ਏਜੰਸੀਆਂ ਤੇ ਭਾਰਤੀ ਦੂਤਘਰ ਵੱਲੋਂ ਆਪਣੇ ਹਮਾਇਤੀਆਂ ਨੂੰ ਇਸ ਰੈਲੀ ਦੇ ਵਿਰੋਧ 'ਚ ਖੜ੍ਹਾ ਕੀਤਾ ਗਿਆ। ਭਾਵੇਂ ਕਿ ਲੰਡਨ ਦੇ ਮੇਅਰ ਵੱਲੋਂ ਭਾਰਤੀ ਹਮਾਇਤੀਆਂ ਨੂੰ ਰੈਲੀ ਦੀ ਆਗਿਆ ਨਹੀਂ ਦਿੱਤੀ ਗਈ ਪ੍ਰੰਤੂ ਫ਼ਿਰ ਵੀ ਕੁੱਝ ਮੁੱਠੀ ਭਰ ਹਮਾਇਤੀਆਂ ਵੱਲੋਂ ਢੋਲ ਵਜਾ ਕੇ ਭਾਰਤ ਮਾਤਾ ਕੀ ਜੈ ਦੇ ਨਾਅਰੇ ਲਾਏ ਗਏ ਜਦੋਂ ਕਿ ਦੂਜੇ ਪਾਸੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲੰਡਨ ਦੀਆਂ ਹਵਾਵਾਂ 'ਚ ਇੰਨੀ ਉੱਚੀ ਆਵਾਜ਼ 'ਚ ਗੂੰਜ ਰਹੇ ਸਨ ਕਿ ਉਸ ਆਵਾਜ਼ 'ਚ ਭਾਰਤ ਮਾਤਾ ਕੀ ਜੈ ਦੇ ਨਾਅਰੇ ਦੱਬ ਕੇ ਰਹਿ ਗਏ।
  ਮਾਹੌਲ ਭਾਵੇਂ ਕਿ ਤਣਾਅਪੂਰਨ ਰਿਹਾ ਪ੍ਰੰਤੂ ਸ਼ਾਂਤੀ ਬਣੀ ਰਹੀ। ਲੰਡਨ ਪੁਲਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਕਿਸੇ ਵੀ ਧਿਰ ਵੱਲੋਂ ਉਨ੍ਹਾਂ ਪ੍ਰਬੰਧਾਂ ਨੂੰ ਤੋੜਨ ਦੀ ਕੋਈ ਕੋਸਿਸ਼ ਨਹੀਂ ਕੀਤੀ ਗਈ। ਸਿੱਖਾਂ ਵੱਲੋਂ ਵੱਡੇ ਪੱਧਰ ਤੇ ਕੀਤੇ ਗਏ ਮੁਜ਼ਾਹਰੇ ਤੋਂ ਬਾਅਦ ਲਗਭਗ ਚਾਰ ਘੰਟੇ ਰੈਲੀ ਕੀਤੀ ਗਈ ਜਿਸ ਵਿਚ ਵੱਖ ਵੱਖ ਬੁਲਾਰਿਆਂ ਨੇ ਰੈਂਫਰੈਡਮ ਦੇ ਹੱਕ 'ਚ ਅਤੇ ਭਾਰਤ ਵਿਚ ਸਿੱਖਾਂ ਨਾਲ ਹੋ ਰਹੀਆਂ ਵਧੀਕੀਆਂ ਦਾ ਖੁੱਲ੍ਹ ਕੇ ਜ਼ਿਕਰ ਕੀਤਾ। ਬੁਲਾਰਿਆਂ 'ਚ ਅੰਗਰੇਜ਼, ਕਸ਼ਮੀਰੀ ਮੁਸਲਮਾਨ ਤੇ ਸਿੱਖ ਆਗੂ ਸ਼ਾਮਿਲ ਸਨ।
  ਇਸ ਰੈਲੀ 'ਚ ਜਿਹੜੇ ਤਿੰਨ ਮਤੇ ਪਾਸ ਕਏ ਗਏ। ਉਨ੍ਹਾਂ ਅਨੁਸਾਰ ਨਵੰਬਰ 2020 ਵਿਚ ਵਿਸ਼ਵ ਪੱਧਰ ਤੇ ਰੈਂਫਰੈਡਮ ਕਰਵਾਇਆ ਜਾਵੇਗਾ ਤੇ ਫ਼ਿਰ ਉਸ ਰੈਂਫਰੈਡਮ ਦੇ ਨਤੀਜੇ ਨੂੰ ਯੂ ਐਨ ਓ 'ਚ ਪੇਸ਼ ਕੀਤਾ ਜਾਵੇਗਾ ਤੇ ਵਿਸ਼ਵ ਭਰ ਦੇ ਸਿੱਖਾਂ ਨੂੰ ਆਜ਼ਾਦ ਪੰਜਾਬ ਦੀ ਮੰਗ ਦੇ ਹੱਕ ਵਿਚ ਲਾਮਬੰਦ ਕੀਤਾ ਜਾਵੇਗਾ। ਭਾਵੇਂ ਕਿ ਹਿੰਦੀ ਮੀਡੀਏ ਵਲੋਂ ਪੂਰਾ ਜ਼ੋਰ ਲਾ ਕੇ ਇਸ ਰੈਲੀ ਦੀ ਵਖੋਂ ਵੱਖਰੇ ਦੋਸ਼ ਲਾ ਕੇ ਵਿਰੋਧਤਾ ਕੀਤੀ ਗਈ ਪ੍ਰੰਤੂ ਸਿੱਖਾਂ ਦਾ ਹੋਇਆ ਵਿਸ਼ਾਲ ਇਕੱਠ ਤੇ ਲਗਦੇ ਜੋਸ਼ੀਲੇ ਨਾਅਰਿਆਂ ਨੇ ਸਾਫ਼ ਕਰ ਦਿੱਤਾ ਕਿ ਸਿੱਖ ਮਨਾਂ 'ਚ ਰੈਂਡਰੈਡਮ ਨੂੰ ਲੈ ਕੇ ਕੀ ਚੱਲ ਰਿਹਾ ਹੈ?

  ਲੰਡਨ - ਪਹਿਲੇ ਮਤੇ ਵਿਚ ਐਲਾਨ ਕੀਤਾ ਗਿਆ ਕਿ ਨਵੰਬਰ 2020 ਵਿਚ ਪੰਜਾਬ ਨੂੰ ਭਾਰਤ ਤੋਂ ਅਜ਼ਾਦ ਕਰਾਉਣ ਲਈ ਗੈਰ-ਸਰਕਾਰੀ ਰਾਇਸ਼ੁਮਾਰੀ ਕਰਵਾਈ ਜਾਵੇਗੀ। ਇਹ ਰਾਏਸ਼ੁਮਾਰੀ ਪੂਰੀ ਦੁਨੀਆ ਵਿਚ ਕਰਾਉਣ ਦਾ ਐਲਾਨ ਕੀਤਾ ਗਿਆ।
  * ਦੂਜੇ ਮਤੇ ਵਿਚ ਐਲਾਨ ਕੀਤਾ ਗਿਆ ਕਿ ਇਸ ਗੈਰ-ਸਰਕਾਰੀ ਰਾਇਸ਼ੁਮਾਰੀ ਦੇ ਨਤੀਜਿਆਂ ਦੇ ਅਧਾਰ ‘ਤੇ ਪੰਜਾਬ ਦੀ ਅਜ਼ਾਦੀ ਦਾ ਦਾਅਵਾ ਸੰਯੁਕਤ ਰਾਸ਼ਟਰ ਵਿਚ ਲਜਾਇਆ ਜਾਵੇਗਾ।
  * ਤੀਜੇ ਮਤੇ ਵਿਚ ਐਲਾਨ ਕੀਤਾ ਗਿਆ ਕਿ ਜਦੋਂ ਤਕ ਪੰਜਾਬ ਨੂੰ ਅਜ਼ਾਦੀ ਨਹੀਂ ਮਿਲ ਜਾਂਦੀ ਉਸ ਸਮੇਂ ਤੱਕ ਸੰਘਰਸ਼ ਜਾਰੀ ਰਹੇਗਾ।

  'ਰੈਫਰੈਂਡਮ 2020' ਸਬੰਧੀ ਗੁਰਪਤਵੰਤ ਸਿੰਘ ਪੰਨੂ ਦਾ ਪੱਖ ਹੈ ਕਿ ਭਾਰਤ ਦਾ ਸੰਵਿਧਾਨ ਸਿੱਖ ਧਰਮ ਨੂੰ ਧਰਮ ਨਹੀਂ ਸਗੋਂ ਹਿੰਦੂ ਧਰਮ ਦਾ ਹਿੱਸਾ ਮੰਨਦਾ ਹੈ। ਖੁਦਮੁਖਤਿਆਰੀ ਦੀ ਮੰਗ ਹਰ ਇਨਸਾਨ ਕਰ ਸਕਦਾ ਹੈ ਚਾਹੇ ਉਹ ਕਿਸੇ ਵੀ ਦੇਸ, ਧਰਮ ਜਾਂ ਬੋਲੀ ਦਾ ਕਿਉਂ ਨਾ ਹੋਵੇ।
  ਉਨ੍ਹਾਂ ਕਿਹਾ ਕਿ 'ਰੈਫਰੈਂਡਮ-2020' ਦਾ ਮੰਤਵ ਇਹੀ ਹੈ ਕਿ ਉਹ ਲੋਕਾਂ ਦੀ ਇੱਛਾ ਜਾਣਨਾ ਚਾਹੁੰਦੇ ਹਨ ਕਿ ਪੰਜਾਬ ਦੇ ਲੋਕ ਭਾਰਤ ਦਾ ਹਿੱਸਾ ਬਣ ਕੇ ਰਹਿਣਾ ਚਾਹੁੰਦੇ ਹਨ ਜਾਂ ਨਹੀਂ। ਇਸ ਤੋਂ ਬਾਅਦ ਜਦੋਂ ਲੋਕਾਂ ਦੀ ਹਮਾਇਤ ਮਿਲ ਜਾਵੇਗੀ ਉਸ ਵੇਲੇ ਇਹ ਕੇਸ ਸੰਯੁਕਤ ਰਾਸ਼ਟਰ ਸਾਹਮਣੇ ਰੱਖਿਆ ਜਾਵੇਗਾ।
  ਪੰਜਾਬ ਦੀਆਂ ਜਥੇਬੰਦੀਆਂ ਜਾਂ ਸਿਆਸੀ ਪਾਰਟੀਆਂ ਦੀ ਹਮਾਇਤ ਮਿਲਣ ਦੇ ਸਵਾਲ 'ਤੇ ਪੰਨੂ ਕਹਿੰਦੇ ਹਨ ਕਿ ਕੋਈ ਵੀ ਸਿਆਸੀ ਪਾਰਟੀ ਜੋ ਭਾਰਤ ਦੇ ਸੰਵਿਧਾਨ ਦੀ ਸਹੁੰ ਖਾ ਕੇ ਚੋਣਾਂ ਲੜਦੀ ਹੈ ਉਹ ਉਸਦਾ ਨਾ ਸਾਥ ਮੰਗਦੇ ਹਾਂ ਨਾ ਹੀ ਸਾਥ ਦੀ ਉਮੀਦ ਰੱਖਦੇ ਹਾਂ।
  ਪੰਜਾਬ ਤੋਂ ਦੂਰ ਰਹਿ ਕੇ ਵਿਦੇਸ਼ੀ ਧਰਤੀ ਤੋਂ ਮੁਹਿੰਮ ਚਲਾਉਣ ਬਾਰੇ ਪੰਨੂ ਦਾ ਕਹਿਣਾ ਹੈ ਕਿ ਮਹਾਤਮਾ ਗਾਂਧੀ ਵੱਲੋਂ ਭਾਰਤ ਦੀ ਆਜ਼ਾਦੀ ਮੁਹਿੰਮ ਵਿਦੇਸ਼ੀ ਧਰਤੀ ਤੋਂ ਸ਼ੁਰੂ ਕੀਤੀ ਗਈ, ਗਦਰ ਲਹਿਰ ਵੀ ਵਿਦੇਸ਼ੀ ਧਰਤੀ ਤੋਂ ਭਖੀ। ਇਸ ਲਈ ਉਹ ਵੀ ਪੰਜਾਬ ਦੀ ਬਾਹਰੋਂ ਗੱਲ ਕਰਦੇ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਅੱਤਵਾਦੀ ਕਰਾਰ ਦੇ ਕੇ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
  ਗੁਰਪਤਵੰਤ ਸਿੰਘ ਪੰਨੂ ਮੁਤਾਬਕ ਭਾਰਤੀ ਪੰਜਾਬ ਵਿੱਚ ਸਿੱਖਾਂ ਦੀ ਵੱਸੋਂ 50 ਫੀਸਦ ਤੋਂ ਵੱਧ ਹੈ ਅਤੇ ਪਾਕਿਸਤਾਨੀ ਪੰਜਾਬ ਵਿੱਚ ਸਿਰਫ਼ ਹਜ਼ਾਰਾਂ ਦੀ ਗਿਣਤੀ ਵਿੱਚ ਹੈ ਇਸ ਲਈ ਸਿਰਫ ਭਾਰਤੀ ਪੰਜਾਬ ਦੇ ਸਿੱਖਾਂ ਦੀ ਗੱਲ ਹੋ ਰਹੀ ਹੈ।
  ਰੈਫਰੈਂਡਮ ਦੇ ਪੱਖ ਵਿੱਚ ਆਪਣੇ ਦਾਅਵੇ ਨੂੰ ਗੁਰਪਤਵੰਤ ਸਿੰਘ ਪੰਨੂ ਦੱਖਣੀ ਸੁਡਾਨ ਦੀ ਆਜ਼ਾਦੀ ਨਾਲ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਸੰਯੁਕਤ ਰਾਸ਼ਟਰ ਦੇ ਦੱਖਣੀ ਸੁਡਾਨ ਦੇ ਮਿਸ਼ਨ ਦੀ ਵੀ ਚਰਚਾ ਕੀਤੀ।

  ਲੰਡਨ - ਸਿੱਖ ਭਾਈਚਾਰੇ ਨਾਲ ਜੁੜੇ ਰੈਫਰੈਂਡਮ 2020 ਦੇ ਵਿਰੋਧ ਵਿਚ ਇਕ ਰੈਲੀ ਰਾਸਟਰਵਾਦੀਆਂ ਵੱਲੋਂ ਵੀ ਕੀਤੀ ਗਈ ਜਿਸ ਵਿਚ ਲੰਡਨ 'ਚ ਰੈਫਰੈਂਡਮ 2020 ਰੈਲੀ ਦੇ ਵਿਰੋਧ 'ਚ ਭਾਰਤੀ ਦੀਆਂ ਖੂਫ਼ੀਆਂ ਏਜੰਸੀਆਂ ਤੇ ਭਾਰਤੀ ਦੂਤਘਰ ਵੱਲੋਂ ਆਪਣੇ ਹਮਾਇਤੀਆਂ ਨੂੰ ਇਸ ਰੈਲੀ ਦੇ ਵਿਰੋਧ 'ਚ ਖੜ੍ਹਾ ਕੀਤਾ ਗਿਆ।
  ਦੱਸਣਯੋਗ ਹੈ ਕਿ ਲੰਡਨ ਦੇ ਮੇਅਰ ਸਾਦਿਕ ਖਾਨ ਨੇ ਟ੍ਰੈਫਲਗਰ ਸਕੁਏਰ 2020 ਰੈਲੀ ਨੂੰ ਮਨਜ਼ੂਰੀ ਦਿੱਤੀ ਸੀ। ਇਹ ਰੈਲੀ ਸਥਾਨਕ ਸਮੇਂ ਮੁਤਾਬਕ ਦੁਪਹਿਰ ਤਿੰਨ ਤੋਂ ਸ਼ਾਮ 6 ਵਜੇ ਵਿਚਕਾਰ ਹੋਈ ਹੈ। ਇਸੇ ਦਿਨ ਦੁਪਹਿਰੇ 1 ਤੋਂ 4 ਵਜੇ ਦੀ ਰਾਸਟਰਵਾਦੀਆਂ ਦੀ ਰੈਲੀ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ। 2020 ਸਮਰਥਕ ਰੈਲੀ, ਲੰਡਨ ਡੈਕਲੇਰੇਸ਼ਨ ਦਾ ਆਯੋਜਨ ਅਮਰੀਕਾ 'ਚ ਸਥਿਤ ਸਿੱਖ ਫਾਰ ਜਸਟਿਸ ਵੱਲੋਂ ਕੀਤਾ ਗਿਆ ਹੈ। ਇਸ ਰੈਲੀ ਦਾ ਮਕਸਦ ਪੰਜਾਬ ਦੀ ਸੁਤੰਤਰਤਾ ਲਈ 2020 'ਚ ਰਾਇਸ਼ੁਮਾਰੀ ਨੂੰ ਲੈ ਕੇ ਜਾਗਰੂਕਤਾ ਫੈਲਾਉਣਾ ਹੈ। ਦੂਜੇ ਪਾਸੇ ਭਾਰਤੀ ਸਮਰਥਨ 'ਚ ਹੋਣ ਵਾਲੀ ਰੈਲੀ ਦਾ ਪ੍ਰਚਾਰ ਮੁੱਖ ਤੌਰ 'ਤੇ ਫੇਸਬੁੱਕ 'ਤੇ ਕੀਤਾ ਜਾ ਰਿਹਾ ਹੈ। 'ਵੀ ਇੰਡੀਅਨਸ' ਨਾਂ ਦੇ ਇਕ ਸਮੂਹ ਨੇ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਹੈ ਕਿ ਉਹ ਐਤਵਾਰ ਨੂੰ ਟ੍ਰੈਫਲਗਰ ਸਕੁਏਰ 'ਤੇ ਹੀ ਭਾਰਤ ਦੀ ਆਜ਼ਾਦੀ ਦੀ 71ਵੀਂ ਵਰ੍ਹੇਗੰਢ ਮਨਾਉਣ ਦੇ ਲਈ ਰੈਲੀ ਆਯੋਜਿਤ ਕਰ ਰਿਹਾ ਹੈ। ਇਹ ਗਰੁੱਪ 2020 ਰੈਫਰੈਡਮ ਦੇ ਵਿਰੋਧ ਲਈ 6 ਮਹੀਨੇ ਪਹਿਲਾਂ ਹੀ ਬਣਿਆ ਹੈ। ਹਾਲਾਂਕਿ ਇਸ ਸਮੂਹ ਦਾ ਕਹਿਣਾ ਹੈ ਕਿ ਰੈਲੀ ਦਾ ਆਯੋਜਨ ਸੁਤੰਤਰਤਾ ਦਿਵਸ ਦਾ ਜਸ਼ਨ ਮਨਾਉਣ ਲਈ ਕੀਤਾ ਹੈ ਪਰ ਇਸ ਤਰਾਂ ਦੀ ਕੋਈ ਗੱਲ ਨਹੀਂ ਸੀ । ਇਹਨਾਂ ਰਾਸਟਰਵਾਦੀ ਭਾਰਤੀਆਂ ਨੇ ਜਿਆਦਾ ਜੋਰ ਸਿੱਖ ਰੈਫਰੈਡਮ ਦਾ ਵਿਰੋਧ ਕਰਨ ਤੇ ਹੀ ਦਿੱਤਾ।

  ਨਵੀਂ ਦਿੱਲੀ - ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਇੱਥੋਂ ਦੇ ਪਰਵਾਸੀ ਭਾਰਤੀ ਕੇਂਦਰ ਵਿੱਚ ਵਿਸ਼ੇਸ਼ ਕੀਰਤਨ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਵਿਸ਼ਵ ਪੰਜਾਬੀ ਸੰਸਥਾ ਦੇ ਕੌਮਾਂਤਰੀ ਆਗੂ ਪਦਮਸ੍ਰੀ ਵਿਕਰਮਜੀਤ ਸਿੰਘ ਸਾਹਨੀ ਤੇ ਹੋਰ ਸ਼ਖ਼ਸੀਅਤਾਂ ਵੱਲੋਂ ਵਿਦੇਸ਼ ਮੰਤਰੀ ਦਾ ਗੁਰੂ ਨਾਨਕ ਦੇਵ ਦੀ ਤਸਵੀਰ ਤੇ ਸ੍ਰੀ ਸਾਹਿਬ ਭੇਟ ਕਰਕੇ ਸਨਮਾਨ ਕੀਤਾ ਗਿਆ।
  ਇਸ ਦੌਰਾਨ ਸੰਬੋਧਨ ਕਰਦਿਆਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਪਹਿਲੀ ਪਾਤਸ਼ਾਹੀ ਦਾ ਇਹ ਦਿਵਸ ਕੌਮਾਂਤਰੀ ਪੱਧਰ ’ਤੇ ਹਰੇਕ ਭਾਰਤੀ ਦੂਤਾਵਾਸ ਵਿੱਚ ਮਨਾਇਆ ਜਾਵੇਗਾ ਅਤੇ ਸਿੱਖ ਧਰਮ ਦੇ ਸਾਂਝੀਵਾਲਤਾ, ਔਰਤ ਨੂੰ ਬਰਾਬਰੀ ਦਾ ਹੱਕ, ਰੱਬ ਇੱਕ ਹੈ, ਸ਼ਾਂਤੀ ਤੇ ਭਾਈਚਾਰੇ ਦਾ ਸੁਨੇਹਾ ਦੇਣ ਵਰਗੇ ਸਿਧਾਂਤਾਂ ਨੂੰ ਵਿਸ਼ਵ ਪੱਧਰ ’ਤੇ ਪਸਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਗੋਸ਼ਟੀਆਂ, ਸੈਮੀਨਾਰ ਤੇ ਹੋਰ ਪ੍ਰੋਗਰਾਮ ਵਿਦੇਸ਼ ਮੰਤਰਾਲੇ ਅਤੇ ਆਈਸੀਸੀਆਰ ਵੱਲੋਂ ਕੀਤੇ ਜਾਣਗੇ।

  ਨਵੀਂ ਦਿੱਲੀ - ‘ਸਿੱਖਜ਼ ਫਾਰ ਜਸਟਿਸ’ ਵੱਲੋਂ ਲੰਡਨ ਵਿੱਚ ਕਰਵਾਈ ਜਾ ਰਹੀ ਰੈਲੀ ’ਤੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਇੱਕਮਤ ਹਨ। ਉਧਰ, ਖੁਫੀਆ ਏਜੰਸੀਆਂ ਵੀ ਚੌਕਸ ਹੋ ਗਈਆਂ ਹਨ। ਪੰਜਾਬ ਇੰਟੈਲੀਜੈਂਸ ਅਤੇ ਆਈਬੀ ਵੱਲੋਂ ਗਰਮਦਲੀਆਂ ਤੇ ਖਾਲਿਸਤਾਨ ਦੇ ਹਮਾਇਤੀਆਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਖੁਫੀਆ ਏਜੰਸੀਆਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਐਸਜੇਐਫ ਦੀਆਂ ਗਤੀਵਿਧੀਆਂ ਪੰਜਾਬ ਲਈ ਨੁਕਸਾਨਦੇਹ ਹਨ। ਮੰਤਰੀ ਕੈਪਟਨ ਅਮਰਿੰਦਰ ਸਿੰਘ ਰੈਫਰੰਡਮ ਦਾ ਵਿਰੋਧ ਕਰਦਿਆਂ ਆਖ ਚੁੱਕੇ ਹਨ ਕਿ ਪੰਜਾਬ ਵਾਸੀ ਇਸ ਦਾ ਹੁੰਗਾਰਾ ਨਹੀਂ ਭਰਨਗੇ। ਅਕਾਲੀ ਨੇਤਾਵਾਂ ਦੀ ਸੁਰ ਵੀ ਕੁੱਝ ਇਸੇ ਤਰ੍ਹਾਂ ਦੀ ਹੈ।
  ਦੂਜੇ ਪਾਸੇ ਭਾਰਤ ਦੇ ਵਿਰੋਧ ਦੇ ਬਾਵਜੂਦ ਬਰਤਾਨੀਆ ਨੇ 12 ਅਗਸਤ ਨੂੰ ਰੈਲੀ ਦੀ ਇਜਾਜ਼ਤ ਦੇਣ ਦੇ ਫੈਸਲੇ ਨੂੰ ਜਾਇਜ਼ ਠਹਿਰਾਇਆ ਹੈ ਜਦੋਂ ਕਿ ਭਾਰਤ ਨੇ ਕਿਹਾ ਸੀ ਕਿ ਰੈਲੀ ਕਰਨ ਵਾਲੇ ਇਨ੍ਹਾਂ ਵੱਖਵਾਦੀਆਂ ਦਾ ਉਦੇਸ਼ ਭਾਰਤ ਵਿੱਚ ਖੇਤਰੀ ਅਖੰਡਤਾ ਨੂੰ ਠੇਸ ਪਹੁੰਚਾਉਣਾ ਹੈ। ਬਰਤਾਨੀਆ ਦੇ ਹਾਈ ਕਮਿਸ਼ਨ ਦੇ ਬੁਲਾਰੇ ਨੇ ਇਸ ਸਬੰਧੀ ਕਿਹਾ ਸੀ ਕਿ ਬਰਤਾਨੀਆ ਦਾ ਕਾਨੂੰਨ ਲੋਕਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਪੂਰੀ ਆਜ਼ਾਦੀ ਦਿੰਦਾ ਹੈ। ਉਨ੍ਹਾਂ ਕਿਹਾ ਕਿ ਬਰਤਾਨੀਆ ਦੀ ਪੁਲੀਸ ਕੋਲ ਸ਼ਕਤੀਆਂ ਹਨ ਕਿ ਉਹ ਨਫ਼ਰਤ ਫੈਲਾਉਣ ਅਤੇ ਲੋਕਾਂ ਦੀਆਂ ਭਾਵਨਾਵਾਂ ਭੜਕਾ ਕੇ ਹਿੰਸਕ ਮਾਹੌਲ ਪੈਦਾ ਕਰਨ ਵਾਲੀਆਂ ਕਾਰਵਾਈਆਂ ਨਾਲ ਨਿਪਟ ਸਕਦੀ ਹੈ। ਬਰਤਾਨੀਆ ਦੇ ਵਿਦੇਸ਼ ਮੰਤਰਾਲੇ ਦਾ ਇਹ ਬਿਆਨ ਉਸ ਵੇਲੇ ਆਇਆ ਜਦੋਂ ਭਾਰਤ ਨੇ ਇਸ ਰੈਲੀ ਨੂੰ ਵੱਖਵਾਦੀ ਕਾਰਵਾਈ ਗਰਦਾਨਦਿਆਂ ਇਸ ਦਾ ਉਦੇਸ਼ ਭਾਰਤ ਵਿਰੁੱਧ ਖੇਤਰੀ ਅਖੰਡਤਾ ਨੂੰ ਠੇਸ ਪਹੁੰਚਾਉਣਾ ਦੱਸਿਆ ਸੀ। ਬਰਤਾਨੀਆ ਨੇ ਪਹਿਲਾਂ ਹੀ ਭਾਰਤੀ ਦੀ ਇਸ ਰੈਲੀ ਨੂੰ ਰੋਕਣ ਦੀ ਬੇਨਤੀ ਨੂੰ ਠੁਕਰਾ ਦਿੱਤਾ ਹੈ ਜਦੋਂ ਕਿ ਬਰਤਾਨੀਆ ਦੀ ਖੱਬੇ ਪੱਖੀ ਗਰੀਨ ਪਾਰਟੀ ਨੇ ਇਸ ਰੈਲੀ ਦੀ ਖੁੱਲ੍ਹ ਕੇ ਹਮਾਇਤ ਕੀਤੀ ਹੈ।

  ਸਰੀ, 10 ਅਗਸਤ : ਕੈਨੇਡਾ ਦੀਆਂ ਤਿੰਨ ਵੱਡੀਆਂ ਫੈਡਰਲ ਪਾਰਟੀਆਂ ‘ਚ ਸ਼ੁਮਾਰ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ. ਡੀ. ਪੀ.) ਦੇ ਕੌਮੀ ਆਗੂ ਜਗਮੀਤ ਸਿੰਘ ਨੇ ਸੂਬੇ ਬਿ੍ਰਟਿਸ਼ ਕੋਲੰਬੀਆ ਦੇ ਬਰਨਬੀ ਸਾਊਥ ਹਲਕੇ ਤੋਂ ਸੰਸਦ ਮੈਂਬਰ ਦੇ ਅਹੁਦੇ ਲਈ ਜ਼ਿਮਨੀ ਚੋਣ ਲੜਨ ਦਾ ਐਲਾਨ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਮੌਜੂਦਾ ਸੰਸਦ ਮੈਂਬਰ ਕੈਨੇਡੀ ਸਟੂਅਰਟ ਵੈਨਕੂਵਰ ‘ਚ ਮੇਅਰ ਦੀ ਚੋਣ ਲਈ ਉਮੀਦਵਾਰ ਹਨ ਅਤੇ ਇਸੇ ਲਈ ਇਸ ਸੀਟ ਲਈ ਹੁਣ ਜਗਮੀਤ ਮੈਦਾਨ ‘ਚ ਉਤਰੇ ਹਨ।
  ਪੰਜਾਬੀ ਮੂਲ ਦੇ ਜਗਮੀਤ ਸਿੰਘ ਦਾ ਹਾਲ ਹੀ ‘ਚ ਵਿਆਹ ਹੋਇਆ ਹੈ ਅਤੇ ਦੋਵੇਂ ਪਤੀ-ਪਤਨੀ ਮਿਲ ਕੇ ਚੋਣ ਪ੍ਰਚਾਰ ਕਰਦੇ ਦਿਖਾਈ ਦਿੱਤੇ। ਭਾਵੇਂ ਕਿ ਜਗਮੀਤ ਪਿਛਲੇ ਸਾਲ ਐੱਨ. ਡੀ. ਪੀ. ਆਗੂ ਚੁਣੇ ਗਏ ਸਨ ਪਰ ਉਨਾਂ ਕੋਲ ਸੰਸਦ ‘ਚ ਬੈਠਣ ਲਈ ਮੈਂਬਰਸ਼ਿਪ ਦਾ ਅਹੁਦਾ ਨਹੀਂ ਹੈ। ਇਸੇ ਲਈ ਹੁਣ ਉਹ ਇਸ ਅਹੁਦੇ ਲਈ ਚੋਣ ਲੜਨ ਜਾ ਰਹੇ ਹਨ। ਬੀਤੇ ਦਿਨ ਜਗਮੀਤ ਦੇ ਚੋਣ ਪ੍ਰਚਾਰ ਦੌਰਾਨ ਉਨਾਂ ਨੇ ਸੱਤਾਧਾਰੀ ਲਿਬਰਲ ਪਾਰਟੀ ਨੂੰ ਘੇਰਦਿਆਂ ਕਿਹਾ ਕਿ ਜੋ ਲੋਕਾਂ ਨੂੰ ਚਾਹੀਦਾ ਹੈ , ਅਜਿਹਾ ਕੁੱਝ ਵੀ ਸਰਕਾਰ ਵਲੋਂ ਨਹੀਂ ਹੋ ਰਿਹਾ। ਇੱਥੇ ਹੀ ਬਸ ਨਹੀਂ ਜਗਮੀਤ ਨੇ ਕੰਜ਼ਰਵੇਟਿਵ ਪਾਰਟੀ ਨੂੰ ਵੀ ਨਿਕੰਮੀ ਸਰਕਾਰ ਦੱਸਿਆ।
  ਤੁਹਾਨੂੰ ਦੱਸ ਦਈਏ ਕਿ ਵਧੇਰੇ ਪੰਜਾਬੀ ਸਰੀ ‘ਚ ਰਹਿੰਦੇ ਹਨ ਅਤੇ ਬਰਨਬੀ ‘ਚ ਪੰਜਾਬੀਆਂ ਦੀ ਗਿਣਤੀ ਘੱਟ ਹੈ। ਹਾਲਾਂਕਿ ਜਗਮੀਤ ਨੂੰ ਯਕੀਨ ਹੈ ਕਿ ਲੋਕ ਉਸ ਨੂੰ ਮੌਕਾ ਦੇਣਗੇ। ਮਾਹਿਰਾਂ ਦਾ ਕਹਿਣਾ ਹੈ ਕਿ ਦੇਖਣ ਵਾਲੀ ਗੱਲ ਇਹ ਹੈ ਕਿ ਟੋਰਾਂਟੋ (ਓਂਟਾਰੀਓ) ਇਲਾਕੇ ਦੇ ਵਸਨੀਕ ਜਗਮੀਤ ਬਿ੍ਰਟਿਸ਼ ਕੋਲੰੰਬੀਆ ਦੇ ਬਰਨਬੀ ‘ਚ ਲੋਕਾਂ ਨੂੰ ਪ੍ਰਭਾਵਿਤ ਕਰਨ ‘ਚ ਸਫਲ ਰਹਿੰਦੇ ਹਨ ਜਾਂ ਨਹੀਂ।
  ਕੁੱਝ ਲੋਕਾਂ ਦਾ ਕਹਿਣਾ ਹੈ ਕਿ ਕੈਨੇਡੀ ਨੇ ਜਗਮੀਤ ਪ੍ਰਤੀ ਵਫਾਦਾਰੀ ਵਜੋਂ ਇਹ ਅਹੁਦਾ ਖਾਲੀ ਕੀਤਾ ਹੈ ਕਿਉਂਕਿ ਉਹ ਵੀ ਐੱਨ. ਡੀ. ਪੀ. ਨਾਲ ਜੁੜੇ ਹਨ। ਕਿਹਾ ਜਾ ਰਿਹਾ ਹੈ ਕਿ ਜਗਮੀਤ ਸੰਸਦ ਦਾ ਮੈਂਬਰ ਬਣਨ ਲਈ ਕੋਈ ਸੌਖੀ ਸੀਟ ਚਾਹੁੰਦੇ ਸਨ ਅਤੇ ਇਸੇ ਲਈ ਉਹ ਇੱਥੋਂ ਖੜੇ ਹੋਏ ਹਨ। ਉਂਝ ਇਸ ਸੀਟ ਨੂੰ ਸੌਖੀ ਕਹਿਣਾ ਗਲਤ ਹੈ ਕਿਉਂਕਿ ਕੈਨੇਡੀ ਵੀ ਇੱਥੋਂ ਸਿਰਫ 600 ਵੋਟਾਂ ਦੇ ਫਰਕ ਨਾਲ ਜਿੱਤੇ ਸਨ। ਇਨਾਂ ਚੋਣਾਂ ਦੇ ਨਤੀਜੇ ਨਾਲ ਇਹ ਵੀ ਦੇਖਿਆ ਜਾਵੇਗਾ ਕਿ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ‘ਚ ਜਗਮੀਤ ਨੂੰ ਕਿੰਨਾ ਕੁ ਪਸੰਦ ਕੀਤਾ ਜਾਵੇਗਾ। ਇਸ ਲਈ ਇਹ ਮੁਕਾਬਲਾ ਦੇਖਣਯੋਗ ਹੋਵੇਗਾ।

  ਨਵੀ ਦਿੱਲੀ - ਲੰਡਨ ਵਿੱਚ 12 ਅਗਸਤ ਨੂੰ ਹੋਣ ਵਾਲੀ ਰੈਲੀ ਖ਼ਿਲਾਫ਼ ਇੱਥੇ ਸਰਕਾਰੀ ਨੁਮਾਇੰਦੇ ਵਜੋਂ ਜਾਣੇ ਜਾਂਦੇ ਮਨਿੰਦਜੀਤ ਬਿੱਟੇ ਵੱਲੋਂ ਰੋਸ ਮਾਰਚ ਕੀਤਾ ਗਿਆ। ਇਹ ਮਾਰਚ ਤਿੰਨ ਮੂਰਤੀ ਮਾਰਗ ਤੋਂ ਸ਼ੁਰੂ ਹੋ ਕੇ ਬਰਤਾਨਵੀ ਦੂਤਾਵਾਸ ਦੇ ਨੇੜੇ ਤੱਕ ਗਿਆ। ਉਨ੍ਹਾਂ ਨੂੰ ਦਿੱਲੀ ਪੁਲੀਸ ਬਰਤਾਨਵੀ ਕਮਿਸ਼ਨ ਵਿੱਚ ਲੈ ਗਈ ਜਿੱਥੇ ਉਨ੍ਹਾਂ ਹਾਈ ਕਮਿਸ਼ਨਰ ਸਰ ਡਾਮਿਨਿਕ ਏਸਕਵਿਥ ਨੂੰ ਯਾਦ ਪੱਤਰ ਸੌਂਪਿਆ, ਜਿਸ ਵਿੱਚ ਲੰਡਨ ਰੈਫਰੈਂਡਮ ਦੇ ਨਾਂ ’ਤੇ 12 ਅਗਸਤ ਨੂੰ ਹੋਣ ਵਾਲੀ ਰੈਲੀ ਦੀ ਨਿਖੇਧੀ ਕੀਤੀ ਗਈ।
  ਇਸ ਦੌਰਾਨ ਸ੍ਰੀ ਬਿੱਟਾ ਨੇ ਕਿਹਾ ਕਿ ਬਰਤਾਨਵੀ ਸਰਕਾਰ ਨੂੰ ਇਸ ਕਪਟਪੂਰਨ ਮੁਹਿੰਮ ਨੂੰ ਸ਼ੁਰੂ ਨਹੀਂ ਹੋਣ ਦੇਣਾ ਚਾਹੀਦਾ ਹੈ ਅਤੇ ਇਸ ਰੈਲੀ ਦੇ ਕਰਤਾ-ਧਰਤਾਵਾਂ ਨੂੰ ਸ਼ਾਂਤੀ ਭੰਗ ਹੋਣ ਤੋਂ ਰੋਕਿਆ ਜਾਣਾ ਚਾਹੀਦਾ ਹੈ। ਇਹ ਰੈਲੀ 2020 ਦੇ ਰੈਫਰੰਡਮ ਬਾਰੇ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖਜ਼ ਫਾਰ ਜਸਟਿਸ ਅਤੇ ਇਸ ਦੇ ਆਗੂਆਂ ਨੂੰ ਅਜਿਹੀਆਂ ਰੈਲੀਆਂ ਤੋਂ ਰੋਕਿਆ ਜਾਣਾ ਚਾਹੀਦਾ ਹੈ। ਉਨ੍ਹਾਂ ਮੰਗ ਪੱਤਰ ਵਿੱਚ ਜ਼ਿਕਰ ਕੀਤਾ ਕਿ ਉਕਤ ਲੋਕ ਪੰਜਾਬ ਵਿੱਚ ਮੁੜ ਗੜਬੜ ਫੈਲਾਉਣ ਦੀ ਤਾਕ ਵਿੱਚ ਹਨ ਤੇ ਇਹ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਚੁਣੌਤੀ ਹੈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਖਾਲਿਸਤਾਨ ਪੱਖੀ ਪਰਮਜੀਤ ਸਿੰਘ ਪੰਮਾ ਦੀਆਂ ਤਸਵੀਰਾਂ ਵਾਲੀਆਂ ਤਖ਼ਤੀਆਂ ਵੀ ਚੁੱਕੀਆਂ ਹੋਈਆਂ ਸਨ। ਉਨ੍ਹਾਂ ਬਰਤਾਨੀਆ ਦੇ ਢਿੱਲੇ ਰੁਖ਼ ’ਤੇ ਹੈਰਾਨੀ ਪ੍ਰਗਟਾਈ।
  ਉੱਧਰ, ਬਰਤਾਨਵੀ ਕਮਿਸ਼ਨ ਨੇ ਬਰਤਾਨੀਆ ਵਿੱਚ ਪ੍ਰਦਰਸ਼ਨ ਕਰਨ ਦੇ ਅਧਿਕਾਰ ਬਾਰੇ ਕਿਹਾ ਕਿ ਰੈਲੀ ਦੀ ਸਮੱਗਰੀ ’ਤੇ ਬਰਤਾਨਵੀ ਸੁਰੱਖਿਆ ਬਲਾਂ ਵੱਲੋਂ ਨਜ਼ਰ ਰੱਖੀ ਜਾਵੇਗੀ। ਬਰਤਾਨੀਆ ਦੇ ਬੁਲਾਰੇ ਮੁਤਾਬਕ ਬਰਤਾਨੀਆ ਵਿੱਚ ਰਹਿਣ ਵਾਲੇ ਲੋਕਾਂ ਨੂੰ ਪ੍ਰਦਰਸ਼ਨ ਕਰਨ ਅਤੇ ਆਪਣਾ ਦ੍ਰਿਸ਼ਟੀਕੋਣ ਰੱਖਣ ਦਾ ਅਧਿਕਾਰ ਹੈ, ਬਸ਼ਰਤੇ ਕਿ ਉਹ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੀਤਾ ਹੋਵੇ। ਜੇਕਰ ਕੋਈ ਪ੍ਰਦਰਸ਼ਨ ਕਾਨੂੰਨ ਦੀ ਅਣਦੇਖੀ ਕਰਦਾ ਹੈ ਤਾਂ ਪੁਲੀਸ ਕੋਲ ਵਿਆਪਕ ਸ਼ਕਤੀਆਂ ਹਨ ਜੋ ਨਫ਼ਰਤ ਤੇ ਹਿੰਸਾ ਫੈਲਾਉਣ ਵਾਲੀਆਂ ਸਰਗਰਮੀਆਂ ਜਾਂ ਲੋਕ ਅਵਿਵਸਥਾ ਨਾਲ ਜਾਣਬੁੱਝ ਕੇ ਤਣਾਓ ਪੈਦਾ ਕਰਨ ਵਾਲਿਆਂ ਨਾਲ ਨਿਪਟ ਸਕੇ ਪਰ ਉਹ ਸ਼ਾਂਤੀਪੂਰਨ ਪ੍ਰਦਰਸ਼ਨ ਦੇ ਅਧਿਕਾਰ ਨੂੰ ਨਹੀਂ ਨਕਾਰਦੀਆਂ। ਇਹ ਪੁਲੀਸ ਦਾ ਅਪਰੇਸ਼ਨਲ ਮਾਮਲਾ ਹੈ ਕਿ ਉਹ ਆਪਣੀਆਂ ਤਾਕਤਾਂ ਦੀ ਵਰਤੋਂ ਤੇ ਵਿਰੋਧ ਪ੍ਰਦਰਸ਼ਨ ਦਾ ਪ੍ਰਬੰਧ ਕਿਵੇਂ ਕਰੇ। ਭਾਰਤ ਸਰਕਾਰ ਵੱਲੋਂ ਉਕਤ ਰੈਲੀ ਨੂੰ ਭਾਰਤ ਵਿਰੋਧੀ ਕਰਾਰ ਦਿੱਤਾ ਗਿਆ ਹੈ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com