ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਨਵੀਂ ਦਿੱਲੀ - ਕੇਂਦਰ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ 1984 ਦੇ ਸਿੱਖ ਕਤਲੇਆਮ ਦੇ 186 ਮਾਮਲਿਆਂ ਦੀ ਨਿਗਰਾਨੀ ਕਰ ਰਹੀ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦੇ ਇੱਕ ਮੈਂਬਰ ਸੇਵਾਮੁਕਤ ਆਈਪੀਐੱਸ ਅਫਸਰ ਰਾਜਦੀਪ ਸਿੰਘ ਵੱਲੋਂ ਅਸਮਰੱਥਤਾ ਜ਼ਾਹਿਰ ਕੀਤੇ ਜਾਣ ਕਾਰਨ ਉਨ੍ਹਾਂ ਦੀ ਥਾਂ ਕਿਸੇ ਹੋਰ ਨੂੰ ਨਿਯੁਕਤ ਕੀਤੇ ਜਾਣ ਦੀ ਜ਼ਰੂਰਤ ਨਹੀਂ ਹੈ।
  ਕੇਂਦਰ ਸਰਕਾਰ ਨੇ ਜਸਟਿਸ ਮਦਨ ਬੀ ਲੋਕੁਰ ਤੇ ਦੀਪਕ ਗੁਪਤਾ ’ਤੇ ਆਧਾਰਤ ਬੈਂਚ ਨੂੰ ਕਿਹਾ ਕਿ ਜੇਕਰ ਵਿਸ਼ੇਸ਼ ਜਾਂਚ ਟੀਮ (ਸਿੱਟ) ਦੇ ਬਾਕੀ ਦੋ ਮੈਂਬਰ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਟ ਐੱਸਐੱਨ ਢੀਂਗਰਾ ਤੇ ਮੌਜੂਦਾ ਆਈਪੀਐੱਪ ਅਫਸਰ ਅਭਿਸ਼ੇਕ ਦੁਲਾਰ ਕੇਸਾਂ ਦੀ ਜਾਂਚ
  ਜਾਰੀ ਰੱਖਣ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਬੈਂਚ ਨੇ ਕਿਹਾ ਕਿ ਕਿਉਂਕਿ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਗਠਿਤ ਕਰਨ ਦਾ ਫ਼ੈਸਲਾ 11 ਜਨਵਰੀ ਨੂੰ ਤਿੰਨ ਜੱਜਾਂ ’ਤੇ ਆਧਾਰਤ ਬੈਂਚ ਨੇ ਲਿਆ ਸੀ ਅਤੇ ਉਹ ਦੋ ਜੱਜਾਂ ਦੇ ਰੂਪ ਵਿੱਚ ਇਸ ’ਚ ਸੁਧਾਰ ਨਹੀਂ ਕਰ ਸਕਦੇ। ਇਸ ਦੇ ਨਾਲ ਅਦਾਲਤ ਨੇ ਮਾਮਲੇ ਦੀ ਸੁਣਵਾਈ ਭਲਕ ’ਤੇ ਰੱਖ ਦਿੱਤੀ ਹੈ।
  ਵਧੀਕ ਸੋਲੀਸਿਟਰ ਜਨਰਲ (ਏਐੱਸਜੀ) ਪਿੰਕੀ ਆਨੰਦ ਨੇ ਕੇਂਦਰ ਵੱਲੋਂ ਅਦਾਲਤ ’ਚ ਪੇਸ਼ ਹੁੰਦਿਆਂ ਕਿਹਾ ਕਿ ਅਪੀਲਕਰਤਾ ਦੇ ਵਕੀਲ ਦੇ ਇਸ ਸੁਝਾਅ ’ਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ ਕਿ ਦੋ ਮੈਂਬਰ ਆਪਣਾ ਕੰਮ ਜਾਰੀ ਰੱਖ ਸਕਦੇ ਹਨ। ਜ਼ਿਕਰਯੋਗ ਹੈ ਕਿ ਸਿਖਰ ਅਦਾਲਤ ਨੇ 11 ਜਨਵਰੀ ਨੂੰ ਸਾਬਕਾ ਜਸਟਿਸ ਐੱਨਐੱਨ ਢੀਂਗਰਾ ਦੀ ਪ੍ਰਧਾਨਗੀ ਹੇਠ ਤਿੰਨ ਮੈਂਬਰੀ ਟੀਮ ਗਠਿਤ ਕੀਤੀ ਸੀ। ਟੀਮ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਉਨ੍ਹਾਂ 186 ਮਾਮਲਿਆਂ ਦੀ ਅਗਲੇਰੀ ਜਾਂਚ ਕਰਨੀ ਸੀ ਜਿਨ੍ਹਾਂ ਨੂੰ ਬੰਦ ਕਰਨ ਲਈ ਪਹਿਲਾਂ ਰਿਪੋਰਟ ਦਾਖਲ ਕੀਤੀ ਗਈ ਸੀ। -ਪੀਟੀਆਈ

  ਚੰਡੀਗੜ੍ਹ - ਹੁਣ ਚੰਡੀਗੜ੍ਹ ਵਿਚ ਦੋ-ਪਹੀਆ ਚਲਾਉਣ ਜਾਂ ਸਵਾਰੀ ਕਰਨ ਵਾਲੀਆਂ ਸਿੱਖ ਮਹਿਲਾਵਾਂ ਨੂੰ ਹੈਲਮਟ ਪਾਉਣ ਤੋਂ ਪੱਕੀ ਛੋਟ ਮਿਲ ਗਈ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਸਬੰਧੀ ਅੱਜ ਬਕਾਇਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਨੋਟੀਫਿਕੇਸ਼ਨ ਜਾਰੀ ਹੁੰਦਿਆਂ ਹੀ ਸਿੱਖ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਪੈਦਾ ਹੋ ਗਈ ਹੈ। ਜ਼ਿਕਰਯੋਗ ਹੈ ਕਿ ਇਸ ਮੁੱਦੇ ਨੂੰ ਲੈ ਕੇ ਪਿਛਲੇ ਸਮੇਂ ਚੰਡੀਗੜ੍ਹ ਦੇ ਸਮੂਹ ਗੁਰਦੁਆਰਾ ਸੰਗਠਨਾਂ, ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਕਈ ਸਿੱਖ ਜਥੇਬੰਦੀਆਂ ਨੇ ਲੰਮਾਂ ਸੰਘਰਸ਼ ਕੀਤਾ ਸੀ। ਪ੍ਰਸ਼ਾਸਨ ਨੇ ਯੂਟੀ ਪ੍ਰਸ਼ਾਸਨ ਦੇ ਟਰਾਂਸਪੋਰਟ ਵਿਭਾਗ ਵੱਲੋਂ ਹੈਲਮਟ ਲਾਜ਼ਮੀ ਕਰਨ ਲਈ 6 ਜੁਲਾਈ 2018 ਨੂੰ ਜਾਰੀ ਕੀਤੀ ਨੋਟੀਫਿਕੇਸ਼ਨ ਵਿਚ ਸੋਧ ਕੀਤੀ ਹੈ। ਇਸ ਰਾਹੀਂ ਸਪੱਸ਼ਟ ਕੀਤਾ ਹੈ ਕਿ ਵਹੀਕਲ ਐਕਟ-1988 ਦੀ ਧਾਰਾ 129 ਤਹਿਤ ਸਿੱਖ ਮਹਿਲਾਵਾਂ ਨੂੰ ਦੋ-ਪਹੀਆ ਵਾਹਨ ਚਲਾਉਣ ਜਾਂ ਸਵਾਰੀ ਕਰਨ ਵੇਲੇ ਆਪਣੀ `ਮਰਜ਼ੀ ਨਾਲ ਹੈਲਮਟ ਪਾਉਣ ਜਾਂ ਨਾ ਪਾਉਣ ਦਾ ਅਧਿਕਾਰ (ਆਪਸ਼ਨ) ਦਿੱਤਾ ਜਾਂਦਾ ਹੈ। ਪਹਿਲਾਂ ਇਸ ਧਾਰਾ ਤਹਿਤ ਕੇਵਲ ਮੈਡੀਕਲ ਅਧਾਰ ’ਤੇ ਪੀਐਮਓ ਦੀ ਸਿਫਾਰਿਸ਼ ’ਤੇ ਹੀ ਦੋ-ਪਹੀਆ ਵਾਹਨ ਚਲਾਉਣ ਵਾਲਿਆਂ ਨੂੰ ਛੋਟ ਦਿੱਤੀ ਜਾਂਦੀ ਸੀ। ਪ੍ਰਸ਼ਾਸਨ ਵੱਲੋਂ ਜੁਲਾਈ 2018 ਦੌਰਾਨ ਇਸ ਮੁੱਦੇ ਉਪਰ ਆਮ ਲੋਕਾਂ ਦੇ ਇਤਰਾਜ਼ ਮੰਗੇ ਗਏ ਸਨ। ਕਈ ਸਿੱਖ ਸੰਸਥਾਵਾਂ ਵੱਲੋਂ ਇਤਰਾਜ਼ ਦਰਜ ਕਰਵਾਏ ਸਨ ਪਰ ਪ੍ਰਸ਼ਾਸਨ ਨੇ ਬਿਨਾਂ ਸੁਣਵਾਈ ਕੀਤਿਆਂ ਸਿੱਖ ਬੀਬੀਆਂ ਲਈ ਹੈਲਮਟ ਜ਼ਰੂਰੀ ਕਰਨ ਦੀ ਸ਼ਰਤ ਲਾ ਦਿੱਤੀ ਸੀ। ਸਤੰਬਰ ਦੇ ਪਹਿਲੇ ਹਫ਼ਤੇ ’ਚ ਪੁਲੀਸ ਨੇ ਬਿਨਾਂ ਹੈਲਮਟ ਤੋਂ ਦੋ-ਪਹੀਆ ਵਾਹਨ ਚਲਾਉਣ ਵਾਲੀਆਂ ਸਿੱਖ ਮਹਿਲਾਵਾਂ ਦੇ ਚਲਾਣ ਕਟਣੇ ਸ਼ੁਰੂ ਕਰ ਦਿੱੱਤੇ ਸਨ। ਇਸ ਤੋਂ ਬਾਅਦ ਸਿੱਖ ਸੜਕਾਂ ’ਤੇ ਆ ਗਏ ਸਨ ਅਤੇ ਸੈਕਟਰ 33 ਤੇ 34 ਨੂੰ ਵੰਡਦੀ ਸੜਕ ਉਪਰ ਜਾਮ ਲਾ ਕੇ ਭਾਰੀ ਪ੍ਰਦਰਸ਼ਨ ਕੀਤਾ ਸੀ। ਅਕਾਲੀ ਦਲ ਨੇ ਇਹ ਮੁੱਦਾ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਕੋਲ ਉਠਾਇਆ ਸੀ ਅਤੇ ਕੇਂਦਰ ਤੋਂ ਜਾਰੀ ਹੋਈਆਂ ਹਦਾਇਤਾਂ ਤੋਂ ਬਾਅਦ ਟਰੈਫਿਕ ਪੁਲੀਸ ਨੇ ਬਿਨਾਂ ਹੈਲਮਟ ਤੋਂ ਦੋ- ਪਹੀਆ ਵਾਹਨ ਚਲਾਉਣ ਵਾਲੀਆਂ ਸਿੱਖ ਮਹਿਲਾਵਾਂ ਦੇ ਚਲਾਣ ਕਟਣੇ ਬੰਦ ਕੀਤੇ ਸਨ। ਉਂਜ ਹਾਲੇ ਤਕ ਸਿੱਖ ਬੀਬੀਆਂ ਨੂੰ ਪੱਕੇ ਤੌਰ ’ਤੇ ਹੈਲਮਟ ਤੋਂ ਛੋਟ ਦੇਣ ਬਾਰੇ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਸੀ। ਉਧਰ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਹਰਦੀਪ ਸਿੰਘ ਬੁਟੇਰਲਾ ਨੇ ਨੋਟੀਫਿਕੇਸ਼ਨ ਜਾਰੀ ਹੋਣ ’ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਿੱਖ ਭਾਈਚਾਰਾ ਯੂਟੀ ਵਿਚ ਪੰਜਾਬੀ ਨੂੰ ਸਰਕਾਰੀ ਭਾਸ਼ਾ ਦਾ ਦਰਜਾ ਦਿਵਾਉਣ ਅਤੇ ਹੋਰ ਮੰਗਾਂ ਲਈ ਨਿਰੰਤਰ ਸੰਘਰਸ਼ਸ਼ੀਲ ਰਹੇਗਾ।

  ਸੰਗਤ ਮੰਡੀ,  (ਕਿਰਪਾਲ ਸਿੰਘ ਬਠਿੰਡਾ): ਦੇਸ਼ ਦੀ ਵੰਡ ਸਦਕਾ ਸਿੱਖ ਕੌਮ ਤੋਂ ਵਿਛੋੜੇ ਗਏ ਗੁਰਦੁਆਰਿਆਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਨ ਲਈ ਕਰਤਾਰਪੁਰ ਲਾਂਘੇ ਲਈ ਭਾਰਤ-ਪਾਕਸਤਾਨ ਦੋਵਾਂ ਸਰਕਾਰਾਂ ਵੱਲੋਂ ਕੀਤੀ ਸ਼ੁਰੂਆਤ ਸ਼ਲਾਘਾਯੋਗ ਹੈ। ਲਾਂਘੇ ਦੀ ਸ਼ੁਰੂਆਤ, ਵੰਡ ਉਪ੍ਰੰਤ ਦੋਵੇਂ ਦੇਸ਼ਾਂ ਦੀਆਂ ਸਰਹੱਦਾਂ ’ਤੇ ਚੱਲ ਰਹੇ ਟਕਰਾ ਤੇ ਤਣਾਅ ਪੂਰਬਕ ਮਹੌਲ ਨੂੰ ਘਟਾਉਣ ਅਤੇ ਸ਼ਾਂਤੀ, ਆਪਸੀ ਪਿਆਰ ਤੇ ਸਦਭਾਵਨਾ ਵਾਲੇ ਮਹੌਲ ’ਚ ਤਬਦੀਲ ਕਰਨ ਅਤੇ ਵਪਾਰ ਦੀਆਂ ਸੰਭਾਵਨਾਵਾਂ ਵਧਣ ਕਾਰਨ ਦੋਵਾਂ ਦੇਸ਼ਾਂ ਦੀ ਤਰੱਕੀ ਦੀ ਵੀ ਸ਼ੁਰੂਆਤ ਸਿੱਧ ਹੋਵੇਗੀ। ਇਹ ਸ਼ਬਦ ਸੰਗਤ ਕੈਂਚੀਆਂ ਵਿਖੇ ਗੁਰਮਤਿ ਸੇਵਾ ਲਹਿਰ ਦੇ ਸਾਲਾਨਾ ਗਰਿਮਤ ਸਮਾਗਮ ਵਿੱਚ ਬੋਲਦਿਆਂ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਕਹੇ। ਉਨ੍ਹਾਂ ਕਿਹਾ ਸਿੱਖਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਸਕਾਰਤਮਿਕ ਪਹੁੰਣ ਅਪਨਾਉਣ ਲਈ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਖਾਸ ਕਰਕੇ ਪਾਕਸਤਾਨ ਦੀ ਸਰਕਾਰ ਅਤੇ ਇਸ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਵਿਸ਼ੇਸ਼ ਵਧਾਈ ਦੇ ਹੱਕਦਾਰ ਹਨ ਇਸ ਲਈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਕਰਤਾਰਪੁਰ ਲਾਂਘਾ ਦੇਣ ਲਈ ਪਹਿਲ ਕੀਤੀ ਅਤੇ ਉਦਘਾਟਨੀ ਸਮਾਰੋਹ ਨੂੰ ਸਿਆਸਤ ਤੋਂ ਮੁਕਤ ਰੱਖ ਕੇ ਆਪਸੀ ਪਿਆਰ, ਸਦਭਾਵਨਾ ਅਤੇ ਰੁਹਾਨੀਅਤ ਦਾ ਸੰਦੇਸ਼ ਦਿੱਤਾ।

  ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਸਾਰੇ ਅਕਾਲੀ ਦਲਾਂ ਨੂੰ ਭੰਗ ਕਰਕੇ ਇੱਕ ਅਕਾਲੀ ਦਲ ਬਣਾਉਣ ਦੀ ਬਾਬਾ ਸੇਵਾ ਸਿੰਘ ਰਾਮਪੁਰਖੇੜ੍ਹਾ ਵੱਲੋਂ ਦਿੱਤੀ ਸਲਾਹ ਸ਼ਾਲਾਘਾਯੋਗ ਹੈ ਪਰ ਸਲਾਹ ਦੇਣ ਵਾਲੇ ਇਸ ਸਲਾਹ ਨੂੰ ਆਪਣੀਆਂ ਸੰਪ੍ਰਦਾਵਾਂ ਭੰਗ ਕਰਕੇ ਇੱਕ ਸਿੱਖ ਰਹਿਤ ਮਰਿਯਾਦਾ ਲਾਗੂ ਕਰਨ ਲਈ ਵੀ ਸਹਿਮਤ ਹੋਣ ਕਿਉਂਕਿ ਕੌਮ ਵਿੱਚ ਵੰਡੀਆਂ ਪੈਣ ਦਾ ਮੁੱਖ ਕਾਰਨ ਵੱਖ ਵੱਖ ਸੰਪ੍ਰਦਾਵਾਂ ਵੱਲੋਂ ਆਪਣੇ ਡੇਰਿਆਂ ਵਿੱਚ ਲਾਗੂ ਕੀਤੀ ਵੱਖ ਵੱਖ ਰਹਿਤ ਮਰਿਆਦਾ ਹੈ ਜਿਸ ਨੇ ਨਿਤਨੇਮ ਦੀਆਂ ਬਾਣੀਆਂ, ਅੰਮ੍ਰਿਤ ਦੇ ਬਾਟੇ ਅਤੇ ਲੰਗਰ ’ਚ ਜਾਤੀ ਅਧਾਰ ’ਤੇ ਭਾਂਡੇ ਵੰਡ ਕੇ ‘ਇਕਾ ਬਾਣੀ, ਇਕੁ ਗੁਰੁ ; ਇਕੋ ਸਬਦੁ ਵੀਚਾਰਿ ॥’ (ਮ: 3/646) ਅਤੇ ‘ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥ ਬ੍ਰਹਮੁ ਬਿੰਦੇ, ਸੋ ਬ੍ਰਾਹਮਣੁ ਹੋਈ ॥1॥ ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥1॥ ਰਹਾਉ ॥’ (ਮ: 3/1128) ਦੇ ਸਿਧਾਂਤ ਤੋਂ ਥਿੜਕਾ ਕੇ ਕੌਮ ਨੂੰ ਅਨੇਕਾਂ ਸੰਪ੍ਰਦਾਵਾਂ, ਜਥਿਆਂ ਅਤੇ ਜਾਤਾਂ ਪਾਤਾਂ ਵਿੱਚ ਵੰਡ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਸਿੱਖ ਇਤਿਹਾਸ ਵਿਗਾੜਨ ਦਾ ਮੂਲ ਸਰੋਤ ਵੀ ਗੁਰਬਿਲਾਸ ਪਾ:6, ਸੂਰਜ ਪ੍ਰਕਾਸ਼, ਸ਼੍ਰੋਮਣੀ ਕਮੇਟੀ ਵੱਲੋਂ ਛਪਵਾਈ ਸਿੱਖ ਇਤਿਹਾਸ (ਹਿੰਦੀ) ਅਤੇ ਇਨ੍ਹਾਂ ਦੇ ਅਧਾਰ ’ਤੇ ਡੇਰੇਦਾਰਾਂ ਵੱਲੋਂ ਸੁਣਾਈਆਂ ਜਾਂਦੀਆਂ ਮਿਥਿਹਾਸਕ ਕਹਾਣੀਆਂ ਹਨ।

  ਭਾਈ ਪੰਥਪ੍ਰੀਤ ਸਿੰਘ ਤੋਂ ਇਲਾਵਾ ਗੁਰਮਤਿ ਸੇਵਾ ਲਹਿਰ ਨਾਲ ਜੁੜੇ ਸਿੱਖ ਪ੍ਰਚਾਰਕ ਬੀਬੀ ਗਗਨਦੀਪ ਕੌਰ, ਭਾਈ ਹਰਪ੍ਰੀਤ ਸਿੰਘ ਜਗਰਾਉਂ, ਭਾਈ ਹਰਦੀਪ ਸਿੰਘ ਖਿਆਲੀਵਾਲਾ, ਭਾਈ ਰਘਵੀਰ ਸਿੰਘ ਖਿਆਲੀਵਾਲਾ, ਭਾਈ ਕੁਲਵਿੰਦਰ ਸਿੰਘ ਬੀਬੀਵਾਲਾ, ਭਾਈ ਗੁਰਮੇਲ ਸਿੰਘ ਬੀਬੀਵਾਲਾ, ਭਾਈ ਬਲਕਰਨ ਸਿੰਘ ਮੌੜ, ਭਾਈ ਉਪਕਾਰ ਸਿੰਘ ਭਿੰਡਰ, ਭਾਈ ਮੱਖਨ ਸਿੰਘ ਰੌਂਤਾ, ਭਾਈ ਜਗਤਾਰ ਸਿੰਘ ਗੰਗਾ, ਭਾਈ ਗੁਰਪ੍ਰੀਤ ਸਿੰਘ ਕਾਲ਼ਾਬੂਲ਼ਾ, ਭਾਈ ਰਣਜੀਤ ਸਿੰਘ ਵਾੜਾ ਦਰਾਕਾ, ਭਾਈ ਅਵਤਾਰ ਸਿੰਘ ਲੋਪੋ, ਭਾਈ ਪਰਗਟ ਸਿੰਘ ਮੁਦਕੀ, ਭਾਈ ਸੁਦਾਗਰ ਸਿੰਘ ਭਦੌੜ, ਭਾਈ ਗੁਰਭਾਗ ਸਿੰਘ ਮਰੂੜ ਆਦਿਕ ਹੋਰ ਪ੍ਰਚਾਰਕਾਂ ਨੇ ਵੀ ਸੰਬੋਧਨ ਕੀਤਾ। ਭਾਈ ਕਮਲਦੀਪ ਸਿੰਘ ਗੁਰ ਕੀ ਬਾਣੀ ਵਾਲਿਆਂ ਨੇ ਸਮਾਗਮ ਦੀ ਸਮੁੱਚੀ ਕਾਰਵਾਈ ਨੂੰ ਆਪਣੀਆਂ ਵੈੱਬਸਾਈਟਾਂ ਰਾਹੀਂ ਲਾਈਵ ਟੈਲੀਕਾਸਟ ਕੀਤਾ।

  ਇਸੇ ਦੌਰਾਨ ਗੁਰਮਤਿ ਸੇਵਾ ਲਹਿਰ ਦੇ ਸਕੱਤਰ ਭਾਈ ਜਗਤਾਰ ਸਿੰਘ ਨੇ ਸੰਸਥਾ ਦਾ ਛਿਮਾਹੀ ਲੇਖਾ ਜੋਖਾ ਸਟੇਜ ਤੋਂ ਪੜ੍ਹ ਕੇ ਸੰਗਤਾਂ ਨੂੰ ਸੁਣਾਇਆ। ਪਹਿਲੀ ਤੋਂ ਬਾਰਵੀਂ ਕਲਾਸ ਤੱਕ ਦੇ ਤਕਰੀਬਨ ਸਾਢੇ ਤਿੰਨ ਸੌ ਬੱਚਿਆਂ ਦੇ ਪ੍ਰਾਈਮਰੀ, ਮਿਡਲ ਤੇ ਸੀਨੀਅਰ ਸੈਕੰਡਰੀ ਤਿੰਨ ਗੁਰੱਪ ਬਣਾ ਕੇ ਗੁਰਬਾਣੀ, ਸਿੱਖ ਇਤਿਹਾਸ ਅਤੇ ਸਿੱਖ ਰਹਿਤ ਮਰਿਆਦਾ ਦੇ ਲਿਖਤੀ ਟੈਸਟ ਲੈ ਕੇ ਮੈਰਿਟ ਵਿੱਚ ਆਉਣ ਵਾਲਿਆਂ ਨੂੰ ਨਕਦੀ ਇਨਾਮ ਤੇ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸ਼ੀਲਡਾਂ ਨਾਲ ਸਨਮਾਨਤ ਕੀਤਾ ਗਿਆ। ਬੱਚਿਆਂ ਦੇ ਦਸਤਾਰ ਸਜਾਉਣ ਦੇ ਮੁਕਾਬਲੇ ਅਤੇ ਕਵਿਤਾਵਾਂ ਪੜ੍ਹਨ ਦੇ ਮੁਕਾਬਲੇ ਕਰਵਾ ਕੇ ੳਨ੍ਹਾਂ ਨੂੰ ਅਲੱਗ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਗੁਰਮਤਿ ਸੇਵਾ ਲਹਿਰ ਦਾ ਤ੍ਰੈਮਾਸਕ ਪੱਤਰ ‘ਗੁਰਮਤਿ ਬਿਬੇਕ’ ਵੱਡੀ ਗਿਣਤੀ ਵਿੱਚ ਬੁੱਕ ਕੀਤਾ ਗਿਆ ਜਿਸ ਵਿੱਚ ਸੰਗਤਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ।

  ਨਵੀਂ ਦਿੱਲੀ - ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਦਿੱਲੀ ਸਰਕਾਰ ’ਤੇ 1984 ਦੀ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਬਚਾਉਣ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਦਿੱਲੀ ਸਰਕਾਰ ਵੱਲੋਂ ਕੇਂਦਰ ਸਰਕਾਰ ਦੀ ਐਸ.ਆਈ.ਟੀ. ਦੀ ਮਦਦ ਨਹੀਂ ਕੀਤੀ ਜਾ ਰਹੀ। ਬਾਦਲ ਦਲ ਦੇ ਆਗੂ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਦਿ.ਸਿ.ਗੁ.ਪ੍ਰ.ਕ) ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਹ ਵੀ ਦੋਸ਼ ਲਾਇਆ ਕਿ ਅਰਵਿੰਦ ਕੇਜਰੀਵਾਲ ਸਰਕਾਰ ਦੀ ਲਾਪਰਵਾਹੀ ਕਾਰਨ 63 ਸਿੱਖਾਂ ਦੇ ਕਾਤਲ ਆਜ਼ਾਦ ਘੁੰਮ ਰਹੇ ਹਨ।

  ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ 1984 ਦੇ ਕਤਲੇਆਮ ਦੇ ਗਵਾਹਾਂ ਨੂੰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਵੱਲੋਂ ਖਰੀਦੇ ਜਾਣ ਦਾ ਖੁਲਾਸਾ ਕਰਨ ਵਾਲੇ ਅਭਿਸ਼ੇਕ ਵਰਮਾ ਦਾ ‘ਲਾਈ ਡਿਟੈਕਟਰ ਟੈਸਟ’ 4 ਤੋਂ 6 ਦਸੰਬਰ ਤਕ ਹੋਣ ਦੀ ਜਾਣਕਾਰੀ ਦਿੱਤੀ।

  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਦਿ.ਸਿ.ਗੁ.ਪ੍ਰ.ਕ) ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦੋਸ਼ ਲਾਇਆ ਹੈ ਕਿ ਅਰਵਿੰਦ ਕੇਜਰੀਵਾਲ ਸਰਕਾਰ ਦੀ ਲਾਪਰਵਾਹੀ ਕਾਰਨ 63 ਸਿੱਖਾਂ ਦੇ ਕਾਤਲ ਆਜ਼ਾਦ ਘੁੰਮ ਰਹੇ ਹਨ

  ਉਹਨਾਂ ਕਿਹਾ ਕਿ ਦਿੱਲੀ ਸਰਕਾਰ ਦੀ ਲਾਪਰਵਾਹੀ ਅਤੇ ਲਾਈ ਡਿਟੈਕਟਰ ਟੈਸਟ ਦੀ ਮਸ਼ੀਨ ਖਰਾਬ ਹੋਣ ਦੇ ਹਵਾਲੇ ਦੇਣ ਕਰਕੇ ਵਰਮਾ ਦਾ ਟੈਸਟ ਲਗਭਗ ਡੇਢ ਸਾਲ ਦੀ ਦੇਰੀ ਬਾਅਦ ਹੋਣ ਜਾ ਰਿਹਾ ਹੈ। 4 ਅਤੇ 5 ਦਸੰਬਰ ਨੂੰ ਟੈਸਟ ਸੰਬੰਧੀ ਤਿਆਰੀਆਂ ਮੁਕੱਮਲ ਕਰਨ ਲਈ ਵਰਮਾ ਨੂੰ ਸੱਦਿਆ ਗਿਆ ਹੈ। ਜਦਕਿ 6 ਦਸੰਬਰ ਨੂੰ ਟੈਸਟ ਹੋਵੇਗਾ। ਦਿ.ਸਿ.ਗੁ.ਪ੍ਰ.ਕ. ਪ੍ਰਧਾਨ ਨੇ ਖਬਰਖਾਨੇ (ਮੀਡੀਆ) ਦੀਆਂ ਖਬਰਾਂ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਦੀ ਐਸ.ਆਈ.ਟੀ. ਵੱਲੋਂ ਕਤਲੇਆਮ ਦੇ ਕਈ ਮਾਮਲੇ ’ਚ ਦਿੱਲੀ ਸਰਕਾਰ ਤੋਂ ਰਿਕਾਰਡ ਮੰਗਿਆ ਗਿਆ ਸੀ। ਉਸਨੇ ਕਿਹਾ ਕਿ “ਵਾਰ-ਵਾਰ ਪੱਤਰ ਭੇਜਣ ਦੇ ਬਾਵਜੂਦ ਦਿੱਲੀ ਸਰਕਾਰ ਦਾ ਰਵਇਆ ਮਾਮਲੇ ਦੀ ਟਾਲਮਟੋਲ ਅਤੇ ਕਾਤਲਾਂ ਨੂੰ ਪਨਾਹ ਦੇਣ ਵਾਲਾ ਨਜ਼ਰ ਆਉਂਦਾ ਹੈ”। ਜੀ.ਕੇ. ਨੇ ਦੱਸਿਆ ਕਿ 29 ਮਾਰਚ 2017 ਨੂੰ ਐਸ.ਆਈ.ਟੀ. ਦੇ ਚੇਅਰਮੈਨ ਅਨੁਰਾਗ ਵੱਲੋਂ ਇੱਕ ਗੁਪਤ ਪੱਤਰ ਦਿੱਲੀ ਸਰਕਾਰ ਦੇ ਕਾਨੂੰਨੀ ਵਿਭਾਗ ਦੇ ਡਾਈਰੈਕਟਰ ਪੰਕਜ ਸ਼ਾਂਘੀ ਨੂੰ ਭੇਜਿਆ ਗਿਆ ਸੀ ਜਿਸਦੀ ਨਕਲ ਦਿੱਲੀ ਪੁਲਿਸ ਦੇ ਕਮਿਸ਼ਨਰ ਅਮੁੱਲ ਪਟਨਾਇਕ ਅਤੇ ਕੇਂਦਰ ਗ੍ਰਹਿ ਮੰਤਰਾਲੇ ਦੇ ਜੁਆਇੰਟ ਸਕੱਤਰ ਪ੍ਰਵੀਣ ਕੁਮਾਰ ਸ੍ਰੀਵਾਸਤਵ ਨੂੰ ਭੇਜੀ ਗਈ ਸੀ। ਇਹ ਕਲਿਆਣਪੁਰੀ ’ਚ ਕਤਲ ਕੀਤੇ ਗਏ 63 ਸਿੱਖਾਂ ਦੇ ਮਾਮਲੇ ਨਾਲ ਸੰਬੰਧਿਤ ਸੀ ਜਿਸ ’ਚ ਦਿੱਲੀ ਸਰਕਾਰ ਦੇ ਵੱਲੋਂ ਦੋਸ਼ੀਆਂ ਦੇ ਖਿਲਾਫ ਸਜਾ ਦੇ ਬਦਲਾਵ ਲਈ ਕੋਈ ਅਪੀਲ ਦਾਇਰ ਨਹੀਂ ਕੀਤੀ ਗਈ ਸੀ। 1 ਨਵੰਬਰ 1984 ਨੂੰ ਕਲਿਆਣਪੁਰੀ ਥਾਣੇ ’ਚ ਦਰਜ਼ ਹੋਈ ਇੱਕ ਐਫ.ਆਈ.ਆਰ. ਨੰਬਰ 433/84 ਪੁਲਿਸ ਵੱਲੋਂ 63 ਸਿੱਖਾਂ ਦੇ ਕਤਲ ਦੇ ਮਾਮਲੇ ’ਚ ਦਰਜ਼ ਕੀਤੀ ਗਈ ਸੀ। ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਜਾਂਚ ਦੇ ਬਾਅਦ ਪੁਲਿਸ ਵੱਲੋਂ 17 ਦੋਸ਼ੀਆਂ ਦੇ ਖਿਲਾਫ ਧਾਰਾ 302 ਦੇ ਤਹਿਤ ਦੋਸ਼ ਪੱਤਰ ਵੀ ਦਾਇਰ ਕੀਤਾ ਗਿਆ ਸੀ। ਪਰ ਸੁਣਵਾਈ ਦੌਰਾਨ ਸਿਰਫ 5 ਲੋਕਾਂ ਦੇ ਕਤਲ ਹੋਣ ਦੀ ਗੱਲ ਆਉਣ ਕਾਰਨ ਕੇਸ ’ਚੋਂ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ। ਦਿੱਲੀ ਸਰਕਾਰ ਵੱਲੋਂ ਇਸ ਮਾਮਲੇ ’ਚ ਉੱਪਰਲੀ ਅਦਾਲਤ ਵਿੱਚ ਕੋਈ ਅਪੀਲ ਦਾਇਰ ਨਹੀਂ ਕੀਤੀ ਗਈ ਜਿਸ ਤੋਂ ਬਾਅਦ ਐਸ.ਆਈ.ਟੀ. ਮੁਖੀ ਵੱਲੋਂ ਅਪ੍ਰੈਲ 2017 ਨੂੰ ਸਾਰੇ ਕਾਗਜਾਤਾਂ ਦੀ ਨਕਲ ਨਾਲ ਅਪ੍ਰੈਲ 2017 ’ਚ ਦਿੱਲੀ ਸਰਕਾਰ ਦੇ ਗ੍ਰਹਿ ਵਿਭਾਗ ਦੇ ਮੁੱਖ ਸਕੱਤਰ ਨੂੰ ਚਿੱਠੀ ਭੇਜੀ ਗਈ। ਇਸ ਤੋਂ ਬਾਅਦ ਦਿੱਲੀ ਸਰਕਾਰ ਦੇ ਕਾਨੂੰਨੀ ਵਿਭਾਗ ਦੇ ਅਧਿਕਾਰੀ ਜਪਾਨ ਬਾਬੂ ਨੇ ਇਸ ਐਫ.ਆਈ.ਆਰ. ਦਾ ਕੋਈ ਰਿਕਾਰਡ ਆਪਣੇ ਕੋਲ ਨਾ ਹੋਣ ਦੀ ਜਾਣਕਾਰੀ ਭੇਜੀ। ਜਿਸ ’ਚ ਅਧਿਕਾਰੀ ਨੇ ਦਾਅਵਾ ਕੀਤਾ ਕਿ ਉਸਦੇ ਵਿਭਾਗ ਤੋਂ ਐਫ.ਆਈ.ਆਰ. ਗੁਮ ਹੋ ਗਈ ਹੈ।

  ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਬਾਅਦ ਵਿਚ 9 ਸਤੰਬਰ 2017 ਨੂੰ ਅਨੁਰਾਗ ਨੇ ਕਾਗਜਾਂ ਦੀ ਦੁਬਾਰਾ ਨਕਲ ਭੇਜੀ ਜਿਸਦੇ ਜਵਾਬ ’ਚ ਸਹਾਇਕ ਸਰਕਾਰੀ ਵਕੀਲ ਜਨੁਅਲ ਏਬੇਦੀਨ ਨੇ ਦੱਸਿਆ ਕਿ ਹੇਠਲੀ ਅਦਾਲਤ ਦੇ ਫੈਸਲੇ ਖਿਲਾਫ ਉੱਪਰਲੀ ਅਦਾਲਤ ਕੋਲ ਪਹੁੰਚ ਕਰਨ ਦਾ ਉਸ ਕੋਲ ਕੋਈ ਰਿਕਾਰਡ ਮੌਜੂਦ ਨਹੀਂ ਹੈ। 12 ਦਸੰਬਰ 2017 ਨੂੰ ਏਬੇਦੀਨ ਨੇ ਗਵਾਹਾਂ ਦੇ ਨਾ ਮਿਲਣ ਦੀ ਗੱਲ ਕਹੀ ਅਤੇ ਨਾਲ ਹੀ ਕਿਹਾ ਕਿ ਇੰਨੇ ਪੁਰਾਣੇ ਮਾਮਲੇ ’ਚ ਹੁਣ ਅਪੀਲ ਦਾਇਰ ਕਰਨ ਦਾ ਸਮਾਂ ਨਿਕਲ ਗਿਆ ਹੈ। ਜਿਸਦੇ ਬਾਅਦ ਜਨਵਰੀ 2018 ਨੂੰ ਐਸ.ਆਈ.ਟੀ. ਨੇ ਫਿਰ ਗ੍ਰਹਿ ਵਿਭਾਗ ਦੇ ਮੁਖ ਸਕੱਤਰ ਨੂੰ ਨਕਲ ਭੇਜਕੇ ਅਗਲੇਰੀ ਜਾਂਚ ਲਈ ਮਦਦ ਮੰਗੀ। ਮਨਜੀਤ ਸਿੰਘ ਜੀ.ਕੇ. ਨੇ ਦਾਅਵਾ ਕੀਤਾ ਕਿ ਐਸ.ਆਈ.ਟੀ. ਇਸ ਮਾਮਲੇ ਦੀ ਜਾਂਚ ਨੂੰ ਅੱਗੇ ਉਦੋਂ ਤੱਕ ਨਹੀਂ ਵਧਾ ਸਕਦੀ ਜਦੋਂ ਤਕ ਦਿੱਲੀ ਸਰਕਾਰ ਦਾ ਕਾਨੂੰਨੀ ਵਿਭਾਗ ਅਪੀਲ ਦਾਇਰ ਨਹੀਂ ਕਰਦਾ।

  ਭਾਜਪਾ ਨਾਲ ਭਾਈਵਾਲੀ ਰੱਖਣ ਵਾਲੇ ਬਾਦਲ ਦਲ ਦੇ ਆਗੂ ਨੇ ਦੋਸ਼ ਲਗਾਇਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਾਂਗਰਸ ਦੇ ਨਾਲ ਆਪਣੀ ਪੁਰਾਣੀ ਯਾਰੀ ਨਿਭਾ ਰਿਹਾ ਹੈ। ਜੀ.ਕੇ. ਨੇ ਕਿਹਾ ਕਿ ਕਾਂਗਰਸ ਦੀ ਮਦਦ ਨਾਲ ਦਿੱਲੀ ’ਚ 49 ਦਿਨ ਦੀ ਸਰਕਾਰ ਚਲਾਉਣ ਦੇ ਕਾਰਨ ਕਾਂਗਰਸੀ ਆਗੂਆਂ ਦੇ ਪ੍ਰਤੀ ਅਰਵਿੰਦ ਕੇਜਰੀਵਾਲ ਦੇ ਮਨ ’ਚ ਹਮਦਰਦੀ ਹੈ ਤੇ ਇਸੇ ਕਾਰਨ ਉਹ 63 ਸਿੱਖਾਂ ਦੇ ਕਲਤਾਂ ਦੇ ਮਾਮਲੇ ਵਿੱਚ ਕਾਰਵਾਈ ਦੇ ਰਾਹ ਵਿੱਚ ਅੜਿੱਕਾ ਡਾਹ ਰਿਹਾ ਹੈ।

  ਚੰਡੀਗੜ੍ਹ - ਇੰਸਟੀਚਿਊਟ ਆਫ ਸਿੱਖ ਸਟੱਡੀਜ਼, ਚੰਡੀਗੜ੍ਹ ਵੱਲੋਂ ਦੋ ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੇ ਪਹਿਲੇ ਸੈਸ਼ਨ ਦੌਰਾਨ ਸਿੱਖ ਬੁੱਧੀਜੀਵੀਆਂ ਨੇ ਮੌਜੂਦਾ ‘ਸੰਕਟਗ੍ਰਸਤ’ ਸਿੱਖ ਸਮਾਜ ਵਿਚ ਸਿੱਖ ਬੁੱਧੀਜੀਵੀਆਂ ਦੀ ਭੂਮਿਕਾ ’ਤੇ ਚਰਚਾ ਕੀਤੀ। ਬੁੱਧੀਜੀਵੀਆਂ ਵੱਲੋਂ ਪੰਜਾਬ ਤੇ ਸਿੱਖ ਸਮਾਜ ਵਿਚ ਪੈਦਾ ਹੋਈਆਂ ਆਰਥਿਕ, ਸਮਾਜਿਕ ਤੇ ਧਾਰਮਿਕ ਸਮੱਸਿਆਵਾਂ ਲਈ ਅਕਾਲੀ ਲੀਡਰਸ਼ਿਪ ਨੂੰ ਦੋਸ਼ੀ ਠਹਿਰਾਇਆ ਗਿਆ। ਉਨ੍ਹਾਂ ਕਿਹਾ ਕਿ ਅਜਿਹੀ ਮੌਕਾਪ੍ਰਸਤ ਲੀਡਰਸ਼ਿਪ ਵੱਲੋਂ ਪੰਜਾਬ ਵਰਗੇ ਖੇਤੀਬਾੜੀ ਪ੍ਰਧਾਨ ਸੂਬੇ ਲਈ ਅੰਨ੍ਹੇਵਾਹ ਸ਼ਹਿਰੀਕਰਨ ਦੇ ਵਿਕਾਸ ਦਾ ਮਾਡਲ ਚੁਣਨ, ਪੜ੍ਹੀ-ਲਿਖੀ ਨੌਜੁਆਨ ਪੀੜ੍ਹੀ ਲਈ ਰੁਜ਼ਗਾਰ ਦੇ ਮੌਕੇ ਖਤਮ ਕਰਨ, ਨਿੱਜੀ ਸਿਆਸੀ ਮੁਫਾਦ ਲਈ ਸਿੱਖ ਗੁਰਦੁਆਰਿਆਂ ਦੀ ਦੌਲਤ ਤੇ ਸਾਧਨਾਂ ਦੀ ਕਥਿਤ ਦੁਰਵਰਤੋਂ ਕਰਨ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਸਿਆਸੀਕਰਨ ਕਰਨ, ਸਿੱਖ ਤਖਤਾਂ ’ਤੇ ‘ਆਪਣੇ’ ਜਥੇਦਾਰਾਂ ਦੀਆਂ ਨਿਯੁਕਤੀਆਂ ਕਰਨ, ਸਜ਼ਾ ਭੁਗਤ ਚੁੱਕੇ ਸਿੱਖ ਨੌਜੁਆਨਾਂ ਦੀ ਰਿਹਾਈ ਦੀ ਮੰਗ ਨਾ ਮਨਵਾਉਣ ਸਣੇ ਪੰਜਾਬ ਨੂੰ ਡੂੰਘੇ ਆਰਥਿਕ ਸੰਕਟ ਵਿਚ ਧੱਕਿਆ ਗਿਆ।
  ਪਹਿਲੇ ਸੈਸ਼ਨ ਦੀ ਪ੍ਰਧਾਨਗੀ ਕਰਨ ਵਾਲੇ ਵਿਦੇਸ਼ ਮੰਤਰਾਲੇ ਦੇ ਸਾਬਕਾ ਸਕੱਤਰ ਕੇ ਸੀ ਸਿੰਘ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਐੱਸਜੀਪੀਸੀ ਅਤੇ ਅਕਾਲ ਤਖ਼ਤ ਸਾਹਿਬ ਜਿਹੀਆਂ ਧਾਰਮਿਕ ਸੰਸਥਾਵਾਂ ਨੂੰ ਸਿਆਸਤ ਦੀ ਗ੍ਰਿਫ਼ਤ ਵਿਚੋਂ ਕੱਢਣਾ ਸਮੇਂ ਦੀ ਮੰਗ ਹੈ। ਸੈਮੀਨਾਰ ਦੇ ਮੁੱਖ ਮਹਿਮਾਨ ਸੁਰਜੀਤ ਪਾਤਰ, ਸੇਵਾਮੁਕਤ ਆਈਏਐੱਸ ਅਧਿਕਾਰੀ ਗੁਰਜੀਤ ਸਿੰਘ ਚੀਮਾ, ਇਤਿਹਾਸਕਾਰ ਸੁਮੇਲ ਸਿੰਘ ਸਿੱਧੂ, ਬੀਰ ਦਵਿੰਦਰ ਸਿੰਘ ਤੇ ਹੋਰ ਬੁੱਧੀਜੀਵੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਕੁੰਜੀਵਤ ਭਾਸ਼ਣ ਵਿਚ ਸੈਮੀਨਾਰ ਦੇ ਕਨਵੀਨਰ ਜਸਪਾਲ ਸਿੰਘ ਸਿੱਧੂ ਨੇ ਭਾਰਤੀ ਸਟੇਟ ਵੱਲੋਂ ਸਿੱਖ ਧਰਮ ਨੂੰ ਸੰਵਿਧਾਨ ਦੀ ਧਾਰਾ 25 (2) ਅਧੀਨ ਹਿੰਦੂ ਧਰਮ ਨਾਲ ਰਲਗੱਡ ਕਰਕੇ ਸਿੱਖ ਧਰਮ ਦੀ ਆਜ਼ਾਦ ਹਸਤੀ ਨੂੰ ਖਤਮ ਕਰਨ, ਪਾਣੀਆਂ ਦੀ ਕਾਣੀ ਵੰਡ ਕਰਕੇ ਪੰਜਾਬ ਨੂੰ ਵੱਡੇ ਉਦਯੋਗਾਂ ਤੋਂ ਵਾਂਝਾ ਕਰ ਕੇ ਹਰ ਤਰ੍ਹਾਂ ਦੇ ਵਿਤਕਰੇ ਦਾ ਸ਼ਿਕਾਰ ਕਰਨ ਤੇ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੇ ਅਕਾਲੀ ਦਲ ’ਤੇ ਪੰਜਾਬ ਅਤੇ ਸਿੱਖ ਹੱਕਾਂ ਦੀ ਰਾਖੀ ਨਾ ਕਰਨ ਦੇ ਦੋਸ਼ ਲਾਏ।
  ਡਾਕਟਰ ਸਵਰਾਜ ਸਿੰਘ ਨੇ ਆਪਣੇ ਪਰਚੇ ਵਿਚ ਸਿੱਖ ਸਮਾਜ ਵਿਚੋਂ ਸਿੱਖ ਮੂਲਤਾਵਾਂ, ਸਰੂਪ ਤੇ ਸੱਭਿਆਚਾਰ ਨੂੰ ਬਹੁਤ ਤੇਜ਼ੀ ਨਾਲ ਲੱਗ ਰਹੇ ਖੋਰੇ ਤੇ ਨੈਤਿਕ ਗਿਰਾਵਟ ਵੱਲ ਸਰੋਤਿਆਂ ਦਾ ਧਿਆਨ ਖਿੱਚਿਆ। ਸੀਨੀਅਰ ਪੱਤਰਕਾਰ ਪੀ ਪੀ ਐੱਸ ਗਿੱਲ ਨੇ ਪ੍ਰਧਾਨਗੀ ਭਾਸ਼ਣ ਦੌਰਾਨ ਪੰਜਾਬ ਤੇ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਅਕਾਲੀ ਲੀਡਰਸ਼ਿਪ ’ਤੇ ਸਿੱਖ ਕੌਮ ਦੀਆਂ ਸ਼੍ਰੋਮਣੀ ਕਮੇਟੀਆਂ ਵਰਗੀਆਂ ਸਿਰਮੌਰ ਸੰਸਥਾਵਾਂ ਨੂੰ ਕਥਿਤ ਤੌਰ ’ਤੇ ਤਹਿਸ-ਨਹਿਸ ਕਰਨ ਦੇ ਦੋਸ਼ ਲਾਏ। ਭਾਈ ਅਸ਼ੋਕ ਸਿੰਘ ਬਾਗੜੀਆਂ ਨੇ ਸਿੱਖ ਸਮਾਜ ਨੂੰ ਸਿੱਖ ਬੁੱਧੀਜੀਵੀਆਂ ਵੱਲੋਂ ਸਹੀ ਸੇਧ ਦੇਣ ਦੀ ਨਸੀਹਤ ਦਿੱਤੀ।
  ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਦੇ ਪ੍ਰਧਾਨ ਪ੍ਰੋਫੈਸਰ ਕੁਲਵੰਤ ਸਿਘ ਨੇ ਸਿੱਖ ਸਿਆਸਤ, ਧਰਮ ਤੇ ਸਮਾਜ ਵਿਚ ਆਏ ਸਾਰੇ ਵਿਗਾੜਾਂ ਦੀ ਸਹੀ ਨਿਸ਼ਾਨਦੇਹੀ ਕਰਨ ਤੇ ਸਿੱਖ ਸਮਾਜ ਵਿੱਚ ਸੰਸਥਾਗਤ, ਸਮਾਜਿਕ ਤੇ ਧਾਰਮਿਕ ਸੁਧਾਰ ਕਰਨ ਲਈ ਸਿੱਖ ਬੁੱਧੀਜੀਵੀਆਂ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਣ ਤੇ ਨਿਭਾਉਣ ਲਈ ਕਿਹਾ ਤੇ ਇਸ ਅਨੁਸਾਰ ਮਤਾ ਪਾਸ ਕੀਤਾ ਗਿਆ।

  ਜਲੰਧਰ - ਕਰਤਾਰਪੁਰ ਲਾਂਘੇ ਦਾ ਸਿਆਸੀ ਲਾਹਾ ਲੈਣ ਲਈ ਰਾਜਨੀਤਿਕ ਪਾਰਟੀਆਂ ਵਿਚ ਦੌੜ ਲੱਗੀ ਹੋਈ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਲਾਂਘੇ ਬਾਰੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਜ਼ਿਕਰ ਕਰਨ ਨੂੰ ਤਿਆਰ ਨਹੀਂ ਹਨ, ਉਹ ਸਿਰਫ਼ ਆਪਣੀ ਨੂੰਹ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਖ਼ੁਦ ਵੱਲੋਂ ਲਾਂਘੇ ਬਾਰੇ ਕੀਤੇ ਯਤਨਾਂ ਨੂੰ ਬਿਆਨਦੇ ਹਨ, ਪਰ ਆਪਣੀ ਹੀ ਪਾਰਟੀ ਦੇ ਸੀਨੀਅਰ ਅਕਾਲੀ ਆਗੂ ਰਹੇ ਕੁਲਦੀਪ ਸਿੰਘ ਵਡਾਲਾ ਦਾ ਨਾਂ ਇਕ ਵਾਰੀ ਵੀ ਉਨ੍ਹਾਂ ਦੀ ਜ਼ੁਬਾਨ ’ਤੇ ਨਹੀਂ ਆਇਆ।
  ਕਰਤਾਰਪੁਰ ਲਾਂਘੇ ਦੇ ਸਮਾਗਮਾਂ ਮੌਕੇ ਉਨ੍ਹਾਂ ਸਿਰੜੀ ਲੋਕਾਂ ਦਾ ਕਿਸੇ ਨੇ ਜ਼ਿਕਰ ਨਹੀਂ ਕੀਤਾ, ਜਿਹੜੇ ਲਾਂਘੇ ਲਈ ਅਰਦਾਸਾਂ ਕਰਦੇ ਰਹੇ। ਕਿਸੇ ਨੂੰ ਚੇਤਾ ਨਹੀਂ ਆਇਆ ਕਿ ਬੀ ਐੱਸ ਗੁਰਾਇਆ ਨੇ 24 ਸਾਲ ਪਹਿਲਾਂ ਕਰਤਾਰਪੁਰ ਲਾਂਘੇ ਲਈ ਅਰਦਾਸ ਕੀਤੀ ਸੀ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਅਕਾਲੀ ਆਗੂਆਂ ਵਿਚ ਦੋਆਬੇ ਦਾ ਥੰਮ੍ਹ ਮੰਨੇ ਜਾਣ ਵਾਲੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੇ 13 ਅਪਰੈਲ 2001 ਨੂੰ ਪਹਿਲੀ ਅਰਦਾਸ ਕਰ ਕੇ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਲਗਾਤਾਰ ਉਠਾਈ ਸੀ। ਜਥੇਦਾਰ ਕੁਲਦੀਪ ਸਿੰਘ ਵਡਾਲਾ ਲਗਾਤਾਰ 18 ਸਾਲ ਬਿਨਾਂ ਨਾਗਾ ਹਰ ਮੱਸਿਆ ’ਤੇ ਡੇਰਾ ਬਾਬਾ ਨਾਨਕ ਜਾ ਕੇ ਲਾਂਘੇ ਲਈ ਅਰਦਾਸਾਂ ਕਰਦੇ ਰਹੇ। ਜਥੇਦਾਰ ਵਡਾਲਾ ਨੇ ਆਖ਼ਰੀ ਸਾਹਾਂ ਤੱਕ ਲਾਂਘੇ ਲਈ 208 ਅਰਦਾਸਾਂ ਕੀਤੀਆਂ ਸਨ ਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਵਿਧਾਇਕ ਪੁੱਤ ਗੁਰਪ੍ਰਤਾਪ ਸਿੰਘ ਵਡਾਲਾ ਨੇ 6 ਅਰਦਾਸਾਂ ਕੀਤੀਆਂ ਹਨ। ਗੁਰਪ੍ਰਤਾਪ ਸਿੰਘ ਵਡਾਲਾ ਦੇ ਮਨ ਵਿਚ ਹਿਰਖ ਜ਼ਰੂਰ ਹੈ ਕਿ ਜੇਕਰ ਬਾਦਲ ਸਾਹਿਬ ਜਥੇਦਾਰ ਕੁਲਦੀਪ ਸਿੰਘ ਵਡਾਲਾ ਦਾ ਨਾਂ ਲੈ ਦਿੰਦੇ ਤਾਂ ਉਨ੍ਹਾਂ ਅਤੇ ਸੰਗਤਾਂ ਨੂੰ ਤਸੱਲੀ ਮਿਲਣੀ ਸੀ।
  ਜਥੇਦਾਰ ਕੁਲਦੀਪ ਸਿੰਘ ਵਡਾਲਾ ਪਹਿਲੇ ਅਜਿਹੇ ਅਕਾਲੀ ਆਗੂ ਸਨ, ਜਿਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹੇ ਸ਼ੌਕਤ ਅਜ਼ੀਜ਼ ਅਤੇ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨਾਲ ਮੁਲਾਕਾਤਾਂ ਕਰਕੇ ਲਾਂਘੇ ਲਈ ਗੱਲਬਾਤ ਕੀਤੀ ਸੀ। ਉਨ੍ਹਾਂ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਕੋਲ ਵੀ 2004 ਵਿਚ ਇਹ ਮੁੱਦਾ ਉਠਾਇਆ ਸੀ। ਜਥੇਦਾਰ ਕੁਲਦੀਪ ਸਿੰਘ ਵਡਾਲਾ ਦੇ ਅਰਦਾਸਾਂ ਕਰਨ ਵਿਚ ਸਾਥੀ ਰਹੇ ਜਸਵੀਰ ਸਿੰਘ ਜੱਫਰਵਾਲ ਅਤੇ ਗਿਆਨ ਚੰਦ ਨੇ ਦੱਸਿਆ ਕਿ ਕਰਤਾਰਪੁਰ ਲਾਂਘੇ ਬਾਰੇ ਜਦੋਂ ਪਹਿਲੀ ਅਰਦਾਸ ਕੀਤੀ ਸੀ ਤਾਂ ਲੋਕ ਮਜ਼ਾਕ ਕਰਦੇ ਸਨ ਕਿ ਇਨ੍ਹਾਂ ਦੇ ਕਹਿਣ ’ਤੇ ਲਾਂਘਾ ਭਲਾ ਕਿੱਦਾਂ ਖੁੱਲ੍ਹ ਸਕਦਾ ਹੈ। 18 ਸਾਲ ਪੁਰਾਣੀ ਗੱਲ ਹੁਣ ਜਦੋਂ ਇਹ ਗੱਲ ਸੱਚ ਹੋ ਗਈ ਹੈ ਤਾਂ ਕਿਸੇ ਵੀ ਸਟੇਜ ਤੋਂ ਜਥੇਦਾਰ ਵਡਾਲਾ ਦਾ ਜ਼ਿਕਰ ਨਹੀਂ ਹੋਇਆ। ਜਸਵੀਰ ਸਿੰਘ ਨੇ ਦੱਸਿਆ ਕਿ ਜਦੋਂ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੇ ਵਿਸਾਖੀ ਮੌਕੇ ਅਪਰੈਲ 2001 ਨੂੰ ਪਹਿਲੀ ਅਰਦਾਸ ਕੀਤੀ ਸੀ ਤਾਂ ਅਨਾਜ ਮੰਡੀ ਵਿਚ ਅਖੰਡ ਪਾਠ ਪ੍ਰਕਾਸ਼ ਕਰਾਇਆ ਗਿਆ ਸੀ। ਤੀਜੀ ਅਰਦਾਸ ਵੇਲੇ ਜਦੋਂ ਸੰਗਤਾਂ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੀ ਅਗਵਾਈ ਹੇਠ ਅਰਦਾਸ ਕਰਨ ਜਾ ਰਹੀਆਂ ਸਨ ਤਾਂ ਉਸੇ ਅਨਾਜ ਮੰਡੀ ਵਿਚ ਪ੍ਰਕਾਸ਼ ਸਿੰਘ ਬਾਦਲ ਨੇ ਸੰਗਤ ਦਰਸ਼ਨ ਰੱਖਿਆ ਹੋਇਆ ਸੀ, ਪਰ ਉਹ ਲਾਂਘੇ ਦੀ ਅਰਦਾਸ ਵਿਚ ਸ਼ਾਮਲ ਨਹੀਂ ਹੋਏ।
  ਜੂਨ 2008 ਵਿਚ ਵਿਦੇਸ਼ ਮੰਤਰੀ ਹੁੰਦਿਆਂ ਪ੍ਰਣਬ ਮੁਖਰਜੀ ਲਾਂਘੇ ਦੀਆਂ ਸੰਭਾਵਨਾਵਾਂ ਦੇਖਣ ਆਏ ਸਨ ਤਾਂ ਉਸ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੂੰ ਨਾਲ ਚੱਲਣ ਲਈ ਕਿਹਾ ਸੀ। ਜਸਵੀਰ ਸਿੰਘ ਜੱਫਰਵਾਲ ਨੇ ਦੱਸਿਆ ਕਿ ਜਦੋਂ ਉਹ ਡੇਰਾ ਬਾਬਾ ਨਾਨਕ ਪੁੱਜ ਗਏ ਤੇ ਉਥੇ ਰੈਸਟ ਹਾਊਸ ਵਿਚ ਰੁਕੇ ਤਾਂ ਉਥੇ ਕੁਝ ਆਗੂਆਂ ਨੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੂੰ ਕਮਰੇ ਵਿਚ ਬੰਦ ਕਰਕੇ ਬਾਹਰੋਂ ਕੁੰਡੀ ਲਾ ਦਿੱਤੀ ਸੀ ਤਾਂ ਜੋ ਉਹ ਇਸ ਮਾਮਲੇ ਨੂੰ ਨਾ ਉਠਾ ਸਕਣ, ਪਰ ਅਫ਼ਸਰਾਂ ਨੂੰ ਉਦੋਂ ਭਾਜੜ ਪੈ ਗਈ ਜਦੋਂ ਪ੍ਰਣਬ ਮੁਖਰਜੀ ਦੀ ਹਾਜ਼ਰੀ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੁੱਛਿਆ ਕਿ ਵਡਾਲਾ ਸਾਹਿਬ ਕਿੱਥੇ ਹਨ ?
  ਗੁਰਪ੍ਰਤਾਪ ਸਿੰਘ ਵਡਾਲਾ ਨੇ ਦੱਸਿਆ ਕਿ ਲਾਂਘੇ ਦੇ ਸਮਾਗਮਾਂ ਤੋਂ ਪਹਿਲਾਂ ਉਨ੍ਹਾਂ ਨੂੰ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਤੋਂ ਸੰਸਦ ਮੈਂਬਰ ਬੇਗ਼ਮ ਰਿਫਤ ਕਾਹਲੋਂ ਦੇ ਪਤੀ ਕਰਨਲ ਜਾਵੇਦ ਕਾਹਲੋਂ ਦਾ ਫੋਨ ਆਇਆ ਸੀ ਕਿ ਲਾਂਘਾ ਖੋਲ੍ਹਣ ਦੇ ਨਾਲ ਨਾਲ ਪਾਕਿਸਤਾਨ ਸਰਕਾਰ ਇੱਥੇ ਹੋਰ ਬਹੁਤ ਕੁਝ ਕਰਨ ਦਾ ਸੋਚੀ ਬੈਠੀ ਹੈ। ਗੁਰਪ੍ਰਤਾਪ ਸਿੰਘ ਵਡਾਲਾ ਨੇ ਦੱਸਿਆ ਕਿ ਕਰਨਲ ਜਾਵੇਦ ਕਾਹਲੋਂ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਬਾਜਵਾ ਦੇ ਜਮਾਤੀ ਹਨ। ਗੁਰਪ੍ਰਤਾਪ ਨੇ ਦੱਸਿਆ ਕਿ 2001 ਵਿਚ ਮਾਝੇ ਦੀਆਂ ਸੰਗਤਾਂ ਵੱਖ ਵੱਖ ਸਮੇਂ ਅਕਾਲੀ ਦਲਾਂ ਦੇ ਆਗੂਆਂ ਕੋਲ ਜਾ ਕੇ ਅਪੀਲ ਕਰ ਰਹੀਆਂ ਸਨ ਕਿ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਲਾਂਘੇ ਦੇ ਮਾਮਲੇ ਨੂੰ ਉਠਾਇਆ ਜਾਵੇ। ਬਹੁਤੇ ਅਕਾਲੀ ਆਗੂਆਂ ਨੇ ਇਨ੍ਹਾਂ ਸੰਗਤਾਂ ਨੂੰ ਆਨੇ-ਬਹਾਨੇ ਜਵਾਬ ਦੇ ਦਿੱਤਾ ਤੇ ਆਖ਼ਰ ਸੰਗਤਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਕੋਲ ਗਈਆਂ ਤਾਂ ਜਥੇਦਾਰ ਟੌਹੜਾ ਨੇ ਉਨ੍ਹਾਂ ਦੀ ਗੱਲ ਨੂੰ ਗੰਭੀਰਤਾ ਨਾਲ ਸੁਣਦਿਆਂ ਕਿਹਾ ਕਿ ਇਹ ਕੰਮ ਜਥੇਦਾਰ ਕੁਲਦੀਪ ਸਿੰਘ ਵਡਾਲਾ ਕਰ ਸਕਦੇ ਹਨ। ਇਸ ਮੌਕੇ ਵਿਧਾਇਕ ਗੁਰਪ੍ਰਤਾਪ ਵਡਾਲਾ ਨੇ ਕਿਹਾ ਕਿ ਲਾਂਘਾ ਖੁੱਲ੍ਹਣ ਨਾਲ ਦੱਖਣੀ ਏਸ਼ੀਆ ਵਿਚ ਸ਼ਾਂਤੀ ਦਾ ਨਵਾਂ ਦੌਰ ਖੁੱਲ੍ਹੇਗਾ। ਪੰਜਾਬ ਦੇ ਖਿੱਤੇ ਦੇ ਲੋਕ ਤੇ ਖ਼ਾਸ ਕਰਕੇ ਕਿਸਾਨੀ ਨੂੰ ਇਸ ਦਾ ਵੱਡਾ ਫਾਇਦਾ ਮਿਲਣ ਦੀ ਸੰਭਾਵਨਾ ਹੈ।

  ਬਰਗਾੜੀ - ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿੱਚ ਚੱਲ ਰਿਹਾ ਇਨਸਾਫ ਮੋਰਚਾ 185 ਦਿਨ ਪਾਰ ਕਰ ਗਿਆ ਹੈ।ਮੋਰਚੇ ਦੀ ਸਟੇਜ਼ ਸਮਾਪਤੀ ਤੋਂ ਬਾਅਦ ਜਥੇਦਾਰ ਮੰਡ ਨੇ ਪਹਿਰੇਦਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਲਾਤਾਂ ਦੇ ਮੱਦੇਨਜ਼ਰ ਸਿੱਖ ਕੌਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਕੇਸਰੀ ਨਿਸ਼ਾਨ ਸਾਹਿਬ ਥੱਲੇ ਇੱਕਠੇ ਹੋਣਾ ਚਾਹੀਦਾ ਹੈ, ਕਿਉਂਕਿ ਸਮੇਂ ਦੀਆਂ ਸਰਕਾਰਾਂ ਨੇ ਗੁਰੂ ਦੀ ਹੋਈ ਬੇਅਦਬੀ ਦਾ ਕੋਈ ਇਨਸਾਫ ਨਹੀਂ ਦਿੱਤਾ, ਦੋ ਸਿੱਖ ਨੌਜਵਾਨਾਂ ਦੇ ਕਤਲਾ ਦਾ ਇਨਸਾਫ਼ ਨਹੀਂ ਦਿੱਤਾ ਅਤੇ ਨਾ ਹੀ ਪੰਚੀ ਪੰਚੀ,ਤੀਹ ਤੀਹ ਸਾਲਾਂ ਤੋਂ ਜੇਲ੍ਹਾਂ ਵਿੱਚ ਸੜ ਰਹੇ ਸਿੱਖ ਬੰਦੀਆ ਨੂੰ ਕੋਈ ਇਨਸਾਫ਼ ਮਿਲਿਆ ਹੈ।ਉਨ੍ਹਾਂ ਕਿਹਾ ਕਿ ਕੌਮ ਦੇ ਵਡੇਰੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਿੱਖਾਂ ਨੂੰ ਆਪੋ ਆਪਣੀਆਂ ਧੜੇਬੰਦੀਆਂ ਖਤਮ ਕਰ ਦੇਣੀਆਂ ਚਾਹੀਦੀਆਂ ਹਨ, ਜੇਕਰ ਕੌਮ ਹੁਣ ਵੀ ਇਕੱਠੀ ਨਾ ਹੋਈ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਕਦੇ ਵੀ ਮੁਆਫ ਨਹੀਂ ਕਰਨਗੀਆਂ,ਭਾਵੇ ਉਹ ਸਿੱਖ ਆਗੂ ਹੋਣ, ਸੰਤ ਮਹਾਂਪੁਰਸ਼ ਹੋਣ ਜਾ ਆਮ ਸਿੱਖ ਸੰਗਤਾਂ, ਸਾਰੇ ਹੀ ਬਰਾਬਰ ਦੇ ਦੋਸ਼ੀ ਸਮਝੇ ਜਾਣਗੇ।
  ਉਨ੍ਹਾਂ ਖਹਿਰੇ ਹੋਰਾ ਵੱਲੋਂ ਕੱਢੇ ਜਾ ਰਹੇ 8ਤਰੀਕ ਦੇ ਇਨਸਾਫ਼ ਮਾਰਚ ਸਬੰਧੀ ਪੁੱਛੇ ਸਵਾਲ ਸਬੰਧੀ ਕਿਹਾ ਕਿ ਹਰ ਕੋਈ ਆਪਣੇ ਆਪਣੇ ਢੰਗ ਨਾਲ ਸਰਕਾਰ ਤੇ ਦਬਾਅ ਬਣਾ ਰਿਹਾ ਹੈ ਪਰ ਮੋਰਚੇ ਵੱਲੋਂ ਬਹੁਤ ਸਮਾਂ ਪਹਿਲਾਂ ਹੀ ਸਪੱਸ਼ਟ ਕੀਤਾ ਜਾ ਚੁੱਕਾ ਹੈ ਕਿ ਬਰਗਾੜੀ ਵੱਲੋਂ ਝੰਡੀਆਂ ਲੈ ਕੇ ਕੋਈ ਵੀ ਮਾਰਚ ਸੜਕਾਂ ਤੇ ਨਹੀਂ ਜਾਵੇਗਾ ਬਲਕਿ ਪੰਜਾਬ ਦੇ ਕੋਨੇ-ਕੋਨੇ ਤੋਂ ਸਿੱਖ ਕਾਫਲੇ ਬਰਗਾੜੀ ਵੱਲ ਨੂੰ ਉਨੀ ਦੇਰ ਆਉਦੇ ਰਹਿਣਗੇ ਜਿੰਨੀ ਦੇਰ ਸਰਕਾਰ ਸਿੱਖਾਂ ਨੂੰ ਇਨਸਾਫ ਨਹੀਂ ਦਿੰਦੀ। ਉਨ੍ਹਾਂ ਕਰਤਾਰਪੁਰ ਲਾਘੇ ਸਬੰਧੀ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਸਰਾਹਨਾ ਕਰਦਿਆਂ ਕਿਹਾ ਕਿ ਸਿੱਖਾਂ ਦੀ ਪਿਛਲੇ 71 ਸਾਲਾ ਤੋਂ ਲਟਕੀ ਹੋਈ ਲਾਘੇ ਦੀ ਮੰਗ ਨੂੰ ਸਿੱਧੂ ਨੇ ਆਪਣੇ ਅਸਰ ਰਸੂਖ ਦੀ ਵਰਤੋਂ ਕਰਦਿਆਂ ਹੱਲ ਕਰਵਾਉਣ ਦੀ ਪਹਿਲ ਕਦਮੀ ਕੀਤੀ ਹੈ, ਜਿਸਦੇ ਸਦਕਾ ਸਿੱਖ ਸੰਗਤਾਂ ਹੁਣ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰ ਸਕਣਗੀਆਂ। ਉਨ੍ਹਾਂ ਕਿਹਾ ਕਿ ਜੇਕਰ ਨਵਜੋਤ ਸਿੰਘ ਸਿੱਧੂ ਬਰਗਾੜੀ ਆਉਦਾ ਹੈ ਤਾਂ ਉਸਨੂੰ ਮੋਰਚੇ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਜਥੇ ਨੇ ਗੁਰੂ ਜਸ ਕੀਰਤਨ ਨਾਲ ਹਾਜਰੀ ਲਵਾਈ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।

  ਅਟਾਰੀ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਾਕਿਸਤਾਨ ਤੋਂ ਵਤਨ ਵਾਪਸੀ ਮੌਕੇ ਅਟਾਰੀ ਸਰਹੱਦ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿਚ ਸ਼ਾਮਲ ਹੋਣਾ ਉਨ੍ਹਾਂ ਦੀ ਖ਼ੁਸ਼ਕਿਸਮਤੀ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘਾ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰੇਗਾ ਤੇ ਉਨ੍ਹਾਂ ਦੀ ਅਰਦਾਸ ਹੈ ਕਿ ਅਮਨ ਦਾ ਇਹ ਲਾਂਘਾ ਛੇਤੀ ਖੁੱਲ੍ਹੇ। ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਗੋਪਾਲ ਸਿੰਘ ਚਾਵਲਾ ਨਾਲ ਉਨ੍ਹਾਂ ਦਾ ਕੋਈ ਵਾਸਤਾ ਨਹੀਂ ਹੈ ਅਤੇ ਉਹ ਨੀਂਹ ਪੱਥਰ ਸਮਾਗਮ ਮੌਕੇ ਪਾਕਿਸਤਾਨ ਸਰਕਾਰ ਵੱਲੋਂ ਦਿੱਤੇ ਸਥਾਨ ’ਤੇ ਹੀ ਬੈਠੇ ਸਨ। ਵਾਹਗਾ-ਅਟਾਰੀ ਸਰਹੱਦ ਰਾਹੀਂ ਪਰਤੇ ਭਾਈ ਲੌਂਗੋਵਾਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਛੇਤੀ ਹੀ ਪਾਕਿਸਤਾਨ ਜਾਣਗੇ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਬਾਰੇ ਪਾਕਿਸਤਾਨ ਵਿਚ ਵੀ ਵੱਡੇ ਪੱਧਰ ’ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਉਨ੍ਹਾਂ ਦੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਤੇ ਪਾਕਿਸਤਾਨ ਔਕਾਫ਼ ਬੋਰਡ ਦੇ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਅਤੇ ਹੋਰ ਅਹੁਦੇਦਾਰਾਂ ਨੇ ਸ਼੍ਰੋਮਣੀ ਕਮੇਟੀ ਨੂੰ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਰੂਪ-ਰੇਖਾ ਉਲੀਕਣ ਸਬੰਧੀ ਜਨਵਰੀ 2019 ਵਿਚ ਮੁੜ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ ਹੈ। ਇਸ ਤੋਂ ਇਲਾਵਾ ਔਕਾਫ਼ ਬੋਰਡ ਦੇ ਸਕੱਤਰ ਜਨਾਬ ਤਾਰਿਕ ਵਜ਼ੀਰ ਖਾਨ ਤੇ ਵਧੀਕ ਸਕੱਤਰ ਇਮਰਾਨ ਗੋਂਦਲ ਤੇ ਫਰਾਜ਼ ਅੱਬਾਸ ਨਾਲ ਵੀ 550ਵੇਂ ਪ੍ਰਕਾਸ਼ ਪੁਰਬ ਸਬੰਧੀ ਗੱਲਬਾਤ ਕੀਤੀ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਪਾਕਿਸਤਾਨ ਦੀ ਅਗਲੀ ਫੇਰੀ ਦੌਰਾਨ ਸ਼੍ਰੋਮਣੀ ਕਮੇਟੀ ਤੇ ਪਾਕਿਸਤਾਨ ਕਮੇਟੀ ਇੱਕ ਸਾਂਝੀ ਸ਼ਤਾਬਦੀ ਕਮੇਟੀ ਵੀ ਬਣਾਈ ਜਾਵੇਗੀ। ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ਼ ਤੌਰ ’ਤੇ ਰਾਗੀ ਤੇ ਢਾਡੀ ਜਥੇ ਪਾਕਿਸਤਾਨ ਭੇਜੇ ਜਾਣਗੇ। ਇਸੇ ਦੌਰਾਨ ਭਾਈ ਲੌਂਗੋਵਾਲ ਨੇ ਪਾਕਿਸਤਾਨ ਸਥਿਤ ਕੁਝ ਗੁਰ-ਅਸਥਾਨਾਂ ਅਤੇ ਇਤਿਹਾਸਕ ਇਮਾਰਤਾਂ ਦੀ ਹਾਲਤ ਠੀਕ ਨਾ ਹੋਣ ’ਤੇ ਨਿਰਾਸ਼ਾ ਵੀ ਪ੍ਰਗਟ ਕੀਤੀ। ਇਸ ਸਬੰਧ ਵਿਚ ਉਨ੍ਹਾਂ ਸ਼ਹੀਦ ਭਾਈ ਮਨੀ ਸਿੰਘ ਅਤੇ ਸ਼ਹੀਦ ਭਾਈ ਤਾਰੂ ਸਿੰਘ ਦੇ ਲਾਹੌਰ ਸਥਿਤ ਗੁਰਦੁਆਰੇ ਦਾ ਹਵਾਲਾ ਦਿੱਤਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਕੁਝ ਗੁਰਦੁਆਰਿਆਂ ਦੀ ਜਗ੍ਹਾ ’ਤੇ ਸਥਾਨਕ ਲੋਕਾਂ ਨੇ ਕਬਜ਼ੇ ਵੀ ਕੀਤੇ ਹੋਏ ਹਨ।
  ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਮੰਗਵਿੰਦਰ ਸਿੰਘ ਖਾਪੜਖੇੜੀ, ਗੁਰਿੰਦਰਪਾਲ ਸਿੰਘ ਲਾਲੀ ਰਣੀਕੇ, ਸਕੱਤਰ ਸ੍ਰੀ ਦਿਲਜੀਤ ਸਿੰਘ ਬੇਦੀ, ਨਿੱਜੀ ਸਕੱਤਰ ਇੰਜਨੀਅਰ ਸੁਖਮਿੰਦਰ ਸਿੰਘ, ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਤੇ ਜਗਜੀਤ ਸਿੰਘ ਜੱਗੀ ਨੇ ਭਾਈ ਲੌਂਗੋਵਾਲ ਦਾ ਵਤਨ ਪਰਤਣ ’ਤੇ ਸਵਾਗਤ ਕੀਤਾ।

  ਨਵੀਂ ਦਿੱਲੀ - ਦਿੱਲੀ ਹਾਈ ਕੋਰਟ ਨੇ 1984 ਦੇ ਸਿੱਖ ਕਤਲੇਆਮ ਦੇ ਮਾਮਲੇ ਵਿਚ ਟਰਾਇਲ ਕੋਰਟ ਵੱਲੋਂ ਦੋਸ਼ੀ ਠਹਿਰਾਏ ਗਏ 89 ਜਣਿਆਂ ਵਿਚੋਂ 70 ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਬਾਕੀ 19 ਦੋਸ਼ੀਆਂ ਵਿਚੋਂ 16 ਦੀ ਕੇਸ ਦੀ ਸੁਣਵਾਈ ਦੌਰਾਨ ਮੌਤ ਹੋ ਗਈ ਸੀ ਤੇ ਤਿੰਨ ਹੋਰਾਂ ਦੀ ਅਰਜ਼ੀ ਅਦਾਲਤ ਨੇ ਭਗੌੜੇ ਹੋਣ ਕਾਰਨ ਪਹਿਲਾਂ ਹੀ ਖ਼ਾਰਜ ਕਰ ਦਿੱਤੀ ਸੀ।
  ਉਨ੍ਹਾਂ ਨੂੰ ਦੰਗਾ ਕਰਨ, ਘਰ ਜਲਾਉਣ ਤੇ ਕਰਫ਼ਿਊ ਭੰਗ ਕਰਨ ਦੇ ਦੋਸ਼ਾਂ ਹੇਠ ਸਜ਼ਾ ਸੁਣਾਈ ਗਈ ਸੀ। ਇਨ੍ਹਾਂ ਨੂੰ ਹੁਣ ਪੰਜ ਸਾਲ ਜੇਲ੍ਹ ਵਿਚ ਬਿਤਾਉਣੇ ਪੈਣਗੇ। ਜਸਟਿਸ ਆਰ.ਕੇ. ਗੌਬਾ ਨੇ ਫ਼ੈਸਲਾ ਸੁਣਾਉਂਦਿਆਂ ਟਿੱਪਣੀ ਕੀਤੀ ਕਿ ਜੁਰਮ ਨੂੰ 34 ਵਰ੍ਹੇ ਬੀਤ ਗਏ ਹਨ ਤੇ ਪੀੜਤ ਅਜੇ ਵੀ ਨਿਆਂ ਤੇ ਕੇਸ ਖ਼ਤਮ ਹੋਣ ਦੀ ਉਡੀਕ ਕਰ ਰਹੇ ਹਨ। ਕੀ ਇਹ ਹੈ ਸਮਰੱਥ ਤੇ ਪ੍ਰਭਾਵੀ ਅਪਰਾਧਕ ਨਿਆਂ ਢਾਂਚਾ? ਜੱਜ ਨੇ ਕਿਹਾ ਕਿ ਇਹ ਬੇਹੱਦ ਅਫ਼ਸੋਸ ਦੀ ਗੱਲ ਹੈ ਕਿ ਫ਼ਿਰਕੂ ਦੰਗਿਆਂ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਣ ਲਈ ਨਿਆਂ ਪ੍ਰਣਾਲੀ ਵਿਚ ਕੋਈ ਜ਼ਿਕਰਯੋਗ ਸੁਧਾਰ ਹੀ ਨਹੀਂ ਕੀਤਾ ਗਿਆ। ਜਸਟਿਸ ਗੌਬਾ ਵੱਲੋਂ ਅੱਜ ਰੱਦ ਕੀਤੀਆਂ ਗਈਆਂ ਅਰਜ਼ੀਆਂ ਦੋਸ਼ੀਆਂ ਨੇ 27 ਅਗਸਤ, 1996 ਦੇ ਸੈਸ਼ਨ ਅਦਾਲਤ ਦੇ ਇਕ ਫ਼ੈਸਲੇ ਖ਼ਿਲਾਫ਼ ਦਾਖ਼ਲ ਕੀਤੀਆਂ ਸਨ। ਅਦਾਲਤ ਨੇ ਉਸ ਵੇਲੇ ਕੁੱਲ 94 ਮੁਲਜ਼ਮਾਂ ਵਿਚੋਂ 5 ਨੂੰ ਬਰੀ ਕਰ ਦਿੱਤਾ ਸੀ। 89 ਦੋਸ਼ੀਆਂ ਵਿਚੋਂ ਕੁਝ ਦੀ ਸੁਣਵਾਈ ਦੌਰਾਨ ਮੌਤ ਹੋ ਚੁੱਕੀ ਹੈ। ਇਹ ਮਾਮਲਾ ਦਿੱਲੀ ਦੇ ਤ੍ਰਿਲੋਕਪੁਰੀ ਇਲਾਕੇ ਨਾਲ ਸਬੰਧਤ ਹੈ। ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ‘ਵੱਡੀਆਂ ਮੱਛੀਆਂ’ ਅਜੇ ਵੀ ਆਜ਼ਾਦ ਹਨ।
  ਦਿੱਲੀ ਹਾਈ ਕੋਰਟ ਨੇ ਪੁਲੀਸ ਨੂੰ 1984 ਸਿੱਖ ਦੰਗਾ ਪੀੜਤਾਂ ਦੀਆਂ 22 ਅਣਪਛਾਤੀਆਂ ਦੇਹਾਂ ਨਾਲ ਸਬੰਧਤ ਦਰਜ ਕਿਸੇ ਵੀ ਤਰ੍ਹਾਂ ਦੇ ਕੇਸ ਦਾ ਪਤਾ ਲਾਉਣ ਦਾ ਸੁਝਾਅ ਦਿੱਤਾ ਹੈ। ਅਦਾਲਤ ਨੇ ਨਾਲ ਹੀ ਕਿਹਾ ਕਿ ਸਬੂਤਾਂ ਦੀ ਦੁਬਾਰਾ ਜਾਂਚ ਕੀਤੀ ਜਾਣੀ ਚਾਹੀਦੀ ਹੈ ਤੇ ਕਾਨੂੰਨ ਮੁਤਾਬਕ ਅਗਲੇਰੀ ਕਾਰਵਾਈ ਕੀਤੀ ਜਾਵੇ। ਜਸਟਿਸ ਆਰ.ਕੇ. ਗੌਬਾ ਨੇ ਪੁਲੀਸ ਨੂੰ ਇਹ ਸੁਝਾਅ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ 22 ਸਾਲ ਪੁਰਾਣੀਆਂ ਅਪੀਲਾਂ ਦਾ ਨਿਬੇੜਾ ਕਰਨ ਮੌਕੇ ਦਿੱਤਾ। ਉਨ੍ਹਾਂ ਕਿਹਾ ਕਿ 2 ਤੇ 3 ਨਵੰਬਰ 1984 ਦੀ ਦਰਮਿਆਨੀ ਰਾਤ ਨੂੰ ਬਰਾਮਦ ਹੋਈਆਂ 95 ਵਿਚੋਂ 73 ਲਾਸ਼ਾਂ ਦੇ ਮਾਮਲੇ ਨੂੰ ਹੀ ਇਸਤਗਾਸਾ ਪੱਖ ਨੇ ਸੁਣਵਾਈ ਦੌਰਾਨ ਰੱਖਿਆ ਹੈ। ਜਦਕਿ 22 ਲਾਸ਼ਾਂ ਸਬੰਧੀ ਕਿਸੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ।ਟੀਆਈ

  ਕਰਤਾਰਪੁਰ - ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਪਾਕਿਸਤਾਨ, ਭਾਰਤ ਨਾਲ ‘ਮਜ਼ਬੂਤ’ ਅਤੇ ‘ਚੰਗੇ ਗੁਆਂਢੀਆਂ’ ਵਰਗੇ ਰਿਸ਼ਤੇ ਚਾਹੁੰਦਾ ਹੈ ਅਤੇ ਦੋਵੇਂ ਮੁਲਕ ਕਸ਼ਮੀਰ ਸਮੇਤ ਸਾਰੇ ਮਸਲਿਆਂ ਦਾ ਹੱਲ ਪੱਕੇ ਇਰਾਦੇ ਨਾਲ ਹੱਲ ਕਰ ਸਕਦੇ ਹਨ। ਉਨ੍ਹਾਂ ਇਹ ਗੱਲ ਪਾਕਿਸਤਾਨ ਦੇ ਕਰਤਾਰਪੁਰ ’ਚ ਦਰਬਾਰ ਸਾਹਿਬ ਗੁਰਦੁਆਰੇ ਵਾਲੇ ਲਾਂਘੇ ਦਾ ਨੀਂਹ ਪੱਥਰ ਰੱਖਣ ਸਮੇਂ ਆਖੀ। ਭਾਰਤ ਵੱਲੋਂ ਡੇਰਾ ਬਾਬਾ ਨਾਨਕ ’ਚ ਸੋਮਵਾਰ ਨੂੰ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਨਾਲ ਜੁੜੇ ਕਰਤਾਰਪੁਰ ਗੁਰਦੁਆਰੇ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਨੂੰ ਵੀਜ਼ਾ ਨਹੀਂ ਲੈਣਾ ਪਏਗਾ ਅਤੇ ਉਥੋਂ ਦੀ ਯਾਤਰਾ ਲਈ ਪਰਮਿਟ ਨਾਲ ਹੀ ਕੰਮ ਚੱਲ ਜਾਵੇਗਾ। ਸਮਾਗਮ ’ਚ ਥਲ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ, ਭਾਰਤ ਸਰਕਾਰ ਦੇ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਹਰਦੀਪ ਸਿੰਘ ਪੁਰੀ ਅਤੇ ਵਿਦੇਸ਼ੀ ਕੂਟਨੀਤਕ ਵੀ ਹਾਜ਼ਰ ਸਨ। ਇਮਰਾਨ ਖ਼ਾਨ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ,‘‘ਕਈ ਜੰਗਾਂ ਲੜਨ ਵਾਲੇ ਫਰਾਂਸ ਅਤੇ ਜਰਮਨੀ ਜੇਕਰ ਸ਼ਾਂਤੀ ਨਾਲ ਰਹਿ ਸਕਦੇ ਹਨ ਤਾਂ
  ਭਾਰਤ ਅਤੇ ਪਾਕਿਸਤਾਨ ਵਿਚਕਾਰ ਸ਼ਾਂਤੀ ਕਿਉਂ ਨਹੀਂ ਹੋ ਸਕਦੀ?’’ ਉਨ੍ਹਾਂ ਕਿਹਾ ਕਿ ਖੁਦਾ ਵੱਲੋਂ ਦਿੱਤੇ ਮੌਕਿਆਂ ਨੂੰ ਪਾਕਿਸਤਾਨ ਅਤੇ ਭਾਰਤ ਨਹੀਂ ਸਮਝ ਸਕੇ। ‘ਜਦੋਂ ਵੀ ਮੈਂ ਭਾਰਤ ਗਿਆ ਤਾਂ ਮੈਨੂੰ ਦੱਸਿਆ ਗਿਆ ਕਿ ਸਿਆਸਤਦਾਨ ਇਕਜੁੱਟ ਹਨ ਪਰ ਫ਼ੌਜ ਦੋਵੇਂ ਮੁਲਕਾਂ ’ਚ ਦੋਸਤੀ ਨਹੀਂ ਹੋਣ ਦੇਵੇਗੀ।’ ਸਾਬਕਾ ਕ੍ਰਿਕਟਰ ਨੇ ਕਿਹਾ ਕਿ ਪਾਕਿਸਤਾਨ ਦੇ ਸਿਆਸੀ ਆਗੂ, ਫ਼ੌਜ ਅਤੇ ਹੋਰ ਅਦਾਰਿਆਂ ਦੇ ਵਿਚਾਰ ਇਕੋ ਜਿਹੇ ਹਨ ਅਤੇ ਉਹ ਸਾਰੇ ਭਾਰਤ ਨਾਲ ਚੰਗੇ ਗੁਆਂਢੀਆਂ ਵਰਗੇ ਰਿਸ਼ਤੇ ਚਾਹੁੰਦੇ ਹਨ। ‘ਬੱਸ ਇਕੋ ਕਸ਼ਮੀਰ ਦੀ ਸਮੱਸਿਆ ਹੈ। ਜੇਕਰ ਵਿਅਕਤੀ ਚੰਨ ’ਤੇ ਜਾ ਸਕਦਾ ਹੈ ਤਾਂ ਇਹੋ ਜਿਹੀਆਂ ਕਿਹੜੀਆਂ ਮੁਸ਼ਕਲਾਂ ਹਨ, ਜਿਨ੍ਹਾਂ ਦਾ ਅਸੀਂ ਹੱਲ ਨਹੀਂ ਕੱਢ ਸਕਦੇ।’’ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਸ਼ਕਲ ਦੇ ਹੱਲ ਲਈ ਪੱਕਾ ਇਰਾਦਾ ਅਤੇ ਵੱਡੇ ਸੁਫਨੇ ਲੋੜੀਂਦੇ ਹਨ। ਇਕ ਵਾਰ ਵਪਾਰ ਸ਼ੁਰੂ ਹੋ ਗਿਆ ਅਤੇ ਰਿਸ਼ਤੇ ਬਣ ਗਏ ਤਾਂ ਸੋਚੋ ਦੋਵੇਂ ਮੁਲਕਾਂ ਨੂੰ ਕਿੰਨਾ ਲਾਭ ਹੋਵੇਗਾ। ‘ਭਾਰਤ ਜੇਕਰ ਦੋਸਤੀ ਲਈ ਇਕ ਕਦਮ ਪੁੱਟੇਗਾ ਤਾਂ ਪਾਕਿਸਤਾਨ ਦੋ ਕਦਮ ਵਧਾਏਗਾ।’ ਉਨ੍ਹਾਂ ਮੰਨਿਆ ਕਿ ਦੋਵੇਂ ਪਾਸਿਆਂ ਤੋਂ ਗਲਤੀਆਂ ਹੋਈਆਂ ਹਨ ਅਤੇ ਦੋਵੇਂ ਮੁਲਕਾਂ ਨੂੰ ਬੀਤੇ ’ਚ ਨਹੀਂ ਰਹਿਣਾ ਚਾਹੀਦਾ। ਮੁਸਲਮਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸੋਚੋ ਜੇਕਰ ਮਦੀਨਾ ਚਾਰ ਕਿਲੋਮੀਟਰ ਦੀ ਦੂਰੀ ’ਤੇ ਹੁੰਦਾ ਅਤੇ ਤੁਹਾਨੂੰ ਉਥੇ ਨਾ ਜਾਣ ਦਿੱਤਾ ਜਾਂਦਾ ਤਾਂ ਕਿਹੋ ਜਿਹਾ ਮਹਿਸੂਸ ਹੁੰਦਾ। ਇਹੋ ਜਿਹਾ ਸਿੱਖਾਂ ਨਾਲ 70 ਸਾਲਾਂ ਤਕ ਹੁੰਦਾ ਆਇਆ ਹੈ। ਸਿੱਖਾਂ ਨੂੰ ਉਨ੍ਹਾਂ ਭਰੋਸਾ ਦਿੱਤਾ ਕਿ ਕਰਤਾਰਪੁਰ ਸਾਹਿਬ ’ਚ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਅਗਲੇ ਸਾਲ ਸਹੂਲਤਾਂ ਹੁਣ ਨਾਲੋਂ ਕਿਤੇ ਵਧ ਬਿਹਤਰ ਹੋਣਗੀਆਂ। ਸਮਾਗਮ ’ਚ ਹਾਜ਼ਰ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਤਲੋਗਾਰਤ ਬਹੁਤ ਹੋ ਚੁੱਕੀ ਹੈ ਅਤੇ ਲਾਂਘਾ ਖੁਲ੍ਹਣ ਨਾਲ ਖ਼ਿੱਤੇ ’ਚ ਸ਼ਾਂਤੀ ਕਾਇਮ ਕਰਨ ਦਾ ਮੌਕਾ ਮਿਲੇਗਾ।ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਭਾਸ਼ਨ ’ਚ ਕਿਹਾ ਕਿ ਜੇਕਰ ਬਰਲਿਨ ਦੀ ਦੀਵਾਰ ਟੁੱਟ ਸਕਦੀ ਹੈ ਤਾਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਨਫ਼ਰਤ ਤੇ ਬੇਵਿਸਾਹੀ ਵੀ ਖ਼ਤਮ ਹੋ ਸਕਦੀ ਹੈ। ਭਾਵੁਕ ਹੁੰਦਿਆਂ ਉਨ੍ਹਾਂ ਕਿਹਾ ਕਿ ਲਾਂਘਾ ਖੁੱਲ੍ਹਣ ਨਾਲ ਦੋਵੇਂ ਮੁਲਕਾਂ ’ਚ ਖੁਸ਼ੀ ਅਤੇ ਸ਼ਾਂਤੀ ਦਾ ਮਾਹੌਲ ਪੈਦਾ ਹੋਵੇਗਾ। -ਪੀਟੀਆਈ
  ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਜੇਕਰ ਲਹਿੰਦੇ ਪੰਜਾਬ ’ਚ ਵੀ ਚੋਣ ਲੜਨ ਤਾਂ ਉਹ ਆਸਾਨੀ ਨਾਲ ਜਿੱਤ ਜਾਣਗੇ। ਇਮਰਾਨ ਨੇ ਇਹ ਗੱਲ ਭਾਵੇਂ ਮਜ਼ਾਹੀਆ ਲਹਿਜ਼ੇ ’ਚ ਆਖੀ ਪਰ ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਵਾਲੇ ਪੰਜਾਬ ’ਚ ਸਿੱਧੂ ਦੇ ਬਹੁਤ ਸਾਰੇ ਪ੍ਰਸ਼ੰਸਕ ਹਨ। ਉਨ੍ਹਾਂ ਹੈਰਾਨੀ ਜਤਾਈ ਕਿ ਦੋਵੇਂ ਮੁਲਕਾਂ ’ਚ ਭਾਈਚਾਰਕ ਸਾਂਝ ਅਤੇ ਸ਼ਾਂਤੀ ਦੇ ਯਤਨਾਂ ’ਚ ਲੱਗੇ ਸਾਬਕਾ ਕ੍ਰਿਕਟਰ ਦੇ ਪਿਛਲੇ ਦੌਰੇ ਨੂੰ ਲੈ ਕੇ ਭਾਰਤ ’ਚ ਇੰਨਾ ਰੌਲਾ ਕਿਉਂ ਪਾਇਆ ਗਿਆ। ਇਮਰਾਨ ਨੇ ਕਿਹਾ,‘‘ਦੋ ਪਰਮਾਣੂ ਹਥਿਆਰਾਂ ਵਾਲੇ ਮੁਲਕਾਂ ਵਿਚਕਾਰ ਜੰਗ ਬਾਰੇ ਸੋਚਣਾ ਮੂਰਖਤਾ ਹੋਵੇਗਾ ਕਿਉਂਕਿ ਜੰਗ ’ਚ ਕੋਈ ਵੀ ਜਿੱਤਣ ਵਾਲਾ ਨਹੀਂ ਹੈ। ਇਸ ਲਈ ਜੇਕਰ ਜੰਗ ਨਹੀਂ ਹੋ ਸਕਦੀ ਤਾਂ ਫਿਰ ਦੋਸਤੀ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਬਚਦਾ ਹੈ।’’

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com