ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਚੰਡੀਗੜ੍ਹ - ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਹਟਾਇਆ ਜਾਏਗਾ ਜਾਂ ਨਹੀਂ, ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਘੋਰ ਸੰਕਟ ਵਿੱਚ ਘਿਰੇ ਸ਼੍ਰੋਮਣੀ ਅਕਾਲੀ ਦੇ ਦੇ ਕਈ ਟਕਸਾਲੀ ਲੀਡਰ ਵੀ ਕਹਿ ਚੁੱਕੇ ਹਨ ਕਿ ਗਿਆਨੀ ਗੁਰਬਚਨ ਸਿੰਘ ਨੂੰ ਹਟਾਇਆ ਜਾਣਾ ਚਾਹੀਦਾ ਹੈ। ਗਿਆਨੀ ਗੁਰਬਚਨ ਸਿੰਘ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਮੁਆਫੀ ਦੇਣ ਦੇ ਮਾਮਲੇ ਵਿੱਚ ਘਿਰੇ ਸੀ ਪਰ ਹੁਣ ਉਨ੍ਹਾਂ ਦੀ ਜਾਇਦਾਦ ਉੱਪਰ ਵੀ ਸਵਾਲ ਖੜ੍ਹੇ ਹੋ ਰਹੇ ਹਨ।
    ਇਹ ਮਾਮਲਾ ਗਰਮਾਉਣ ਮਗਰੋਂ ਗਿਆਨੀ ਗੁਰਬਚਨ ਸਿੰਘ ਰੂਪੋਸ਼ ਹੋ ਗਏ ਸੀ। ਉਹ ਦੋ ਹਫਤੇ ਵਿਦੇਸ਼ ਵਿੱਚ ਰਹਿਣ ਮਗਰੋਂ ਵਾਪਸ ਪਰਤ ਆਏ ਹਨ। ਸੋਮਵਾਰ ਨੂੰ ਲਗਪਗ ਦੋ ਹਫ਼ਤਿਆਂ ਮਗਰੋਂ ਉਹ ਸਿੱਖ ਸੰਗਤ ਵਿੱਚ ਦਿਖਾਈ ਦਿੱਤੇ। ਇਸ ਦੌਰਾਨ ਉਨ੍ਹਾਂ ਮੀਡੀਆ ਤੋਂ ਦੂਰੀ ਬਣਾਈ ਰੱਖੀ। ਕੁਝ ਪੱਤਰਕਾਰਾਂ ਨੇ ਉਨ੍ਹਾਂ ਨਾਲ ਗੱਲਬਾਤ ਦਾ ਯਤਨ ਕੀਤਾ ਪਰ ਉਨ੍ਹਾਂ ਗੱਲਬਾਤ ਤੋਂ ਮਨ੍ਹਾ ਕਰ ਦਿੱਤਾ।
    ਦਰਅਸਲ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਨਤਕ ਹੋਣ ਤੇ ਇਸ ਉਪਰ ਹੋਈ ਬਹਿਸ ਦੌਰਾਨ ਗਿਆਨੀ ਗੁਰਬਚਨ ਸਿੰਘ ’ਤੇ ਵੀ ਗੰਭੀਰ ਇਲਜ਼ਾਮ ਲਾਏ ਗਏ ਸੀ। ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੱਲੋਂ ਵਿਧਾਨ ਸਭਾ ਵਿੱਚ ਇਲਜ਼ਾਮ ਲਾਇਆ ਗਿਆ ਕਿ ਗਿਆਨੀ ਗੁਰਬਚਨ ਸਿੰਘ ਨੇ ਆਪਣੀ ਆਮਦਨ ਤੋਂ ਵਧੇਰੇ ਜਾਇਦਾਦ ਬਣਾਈ ਹੈ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਕਾਂਗਰਸੀ ਵਿਧਾਇਕ ਵੱਲੋਂ ਸੰਪਤੀ ਦੇ ਵੇਰਵੇ ਵੀ ਜਨਤਕ ਕੀਤੇ ਗਏ ਸੀ।
    ਇਸ ਮਗਰੋਂ ਅਕਾਲੀ ਲੀਡਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਸੀ ਕਿ ਗਿਆਨੀ ਗੁਰਬਚਨ ਸਿੰਘ ਨੂੰ ਹਟਾਉਣਾ ਚਾਹੀਦਾ ਹੈ। ਸੋਸ਼ਲ ਮੀਡੀਆ ਉੱਪਰ ਵੀ ਗਿਆਨੀ ਗੁਰਬਚਨ ਸਿੰਘ ਖਿਲਾਫ ਮੁਹਿੰਮ ਜਾਰੀ ਹੈ। ਸੂਤਰਾਂ ਮੁਤਾਬਕ ਅਕਾਲੀ ਦਲ ਵਿੱਚ ਵੀ ਗਿਆਨੀ ਗੁਰਬਚਨ ਸਿੰਘ ਨੂੰ ਬਦਲਣ ਦੀ ਚਰਚਾ ਹੈ ਪਰ ਸਹੀ ਸਮੇਂ ਦੀ ਉਡੀਕ ਹੈ। ਮੰਨਿਆ ਜਾ ਰਿਹਾ ਹੈ ਕਿ ਗਿਆਨੀ ਗੁਰਬਚਨ ਸਿੰਘ ਦੀ ਥਾਂ ਢੁਕਵੀਂ ਸ਼ਖ਼ਸੀਅਤ ਦੀ ਤਲਾਸ਼ ਜਾਰੀ ਹੈ।

    ਅਬੋਹਰ - ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਲਲਕਾਰਨ ਲਈ ਬਾਦਲਾਂ ਨੇ ਅਬੋਹਰ ਇਲਾਕੇ ਵਿਚ ਰੈਲੀ ਕੀਤੀ। ਇਸ ਮੌਕੇ ਬਾਦਲ ਦੀ ਸੱਜੀ ਬਾਂਹ ਮੰਨੇ ਬਲਵਿੰਦਰ ਭੂੰਦੜ ਨੇ ਖੀਰ ਵਿਚ ਉਸ ਸਮੇਂ ਸੁਆਹ ਭੁੱਖ ਦਿੱਤੀ ਜਦੋਂ ਉਸ ਨੇ ਵੱਡੇ ਬਾਦਲ ਨੂੰ 'ਬਾਦਸ਼ਾਹ ਦਰਵੇਸ਼' ਕਹਿ ਕੇ ਪੁਕਾਰਿਆ। ਬਾਦਸ਼ਾਹ ਦਰਵੇਸ਼ ਸ਼ਬਦ ਦਾ ਖਿਤਾਬ ਸਾਹਿਬ-ਏ-ਕਮਾਲ ਦਸ਼ਮੇਸ਼ ਪਿਤਾ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕੌਮ ਵੱਲੋਂ ਦਿੱਤਾ ਗਿਆ ਹੈ। ਇਸ ਲਈ ਭੂੰਦੜ ਵੱਲੋਂ ਦਿੱਤੇ ਇਸ ਖਿਤਾਬ ਨੇ ਬਾਦਲ ਦੀ ਸਿੱਖ ਵਿਰੋਧੀ ਸੋਚ ਨੂੰ ਸਾਹਮਣੇ ਲਿਆਂਦਾ ਹੈ ਅਤੇ ਨਾਲ ਦੀ ਨਾਲ ਬਾਦਲਾਂ ਵਿਰੁੱਧ ਤੂਫ਼ਾਨ ਪੈਦਾ ਕਰਨ ਦਾ ਸਬੱਬ ਵੀ ਬਣ ਗਿਆ ਹੈ।
    ਬੇਅਦਬੀ ਘਟਨਾਵਾਂ ਲਈ ਦੋਸ਼ੀ ਠਹਿਰਾਉਣ ਦੇ ਲੱਗ ਰਹੇ ਦੋਸ਼ਾਂ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਵਿਧਾਨ ਸਭਾ ਵਿੱਚ ਪੇਸ਼ ਹੋਈ ਰਿਪੋਰਟ ਅਨੁਸਾਰ ਬਾਦਲ ਸਰਕਾਰ ਅਤੇ ਪਰਿਵਾਰ ਦੀ ਸ਼ਮੂਲੀਅਤ ਸਾਹਮਣੇ ਆਉਣ ਕਰਕੇ ਪਰਿਵਾਰ ਦਾ ਲੋਕਾਂ ਵਿੱਚ ਵਿਚਰਨਾ ਹੁਣ ਔਖਾ ਹੋ ਗਿਆ ਹੈ? ਕਿਉਂਕਿ ਸੰਗਤਾਂ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਡੱਟਵਾਂ ਵਿਰੋਧ ਕੀਤਾ ਜਾ ਰਿਹਾ ਹੈ? ਇਸੇ ਲੜੀ ਤਹਿਤ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ''ਅਕਾਲੀਆਂ ਨੂੰ ਲੋਕ ਪਿੰਡਾਂ ਵਿੱਚ ਨਹੀਂ ਵੜਣ ਦੇਣਗੇ'' ਦੇ ਬਿਆਨ ਦਾ ਚੈਲੇਂਜ ਕਬੂਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵਿਧਾਨ ਸਭਾ ਹਲਕਾ ਅਬੋਹਰ ਵਿਖੇ ''ਪੋਲ ਖੋਲ'' ਰੈਲੀ ਕੀਤੀ ਗਈ। ਉਸ ਰੈਲੀ ਵਿੱਚ ਉਸ ਸਮੇਂ ਮਾਹੌਲ ਤਨਾਅਪੂਰਣ ਬਣ ਗਿਆ ਜਦੋਂ ਯੂਨਾਈਟਿਡ ਅਕਾਲੀ ਦਲ ਦੇ ਸਕੱਤਰ ਜਨਰਲ ਭਾਈ ਗੁਰਦੀਪ ਸਿੰਘ ਬਠਿੰਡਾ ਦੀ ਅਗਵਾਈ ਵਿੱਚ ਸੰਗਤਾਂ ਨੇ ਬਾਦਲ ਪਿਓ-ਪੁੱਤਾਂ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ''ਗੁਰੂ ਦੇ ਸਿੰਘੋਂ ਸਮਝ ਜਾਓ ਬਾਦਲ ਜੁੰਡਲੀ ਨੂੰ ਵਾਪਸ ਭਜਾਓ'' ਅਤੇ ''ਜਿੱਥੇ ਗਿਆ ਸੌਦਾ ਸਾਧ ਉਥੇ ਭਜਾਓ ਜੀਜਾ-ਸਾਲਾ'' ਦੇ ਨਾਹਰੇ ਗੂੰਜਦੇ ਹੋਏ ਸੁਣਾਈ ਦਿੱਤੇ। ਇਸ ਮੌਕੇ ਉਹਨਾਂ ਦੇ ਨਾਲ ਬਖਸ਼ੀਸ਼ ਸਿੰਘ ਖਾਲਸਾ ਅਬੋਹਰ, ਜਸਵੀਰ ਸਿੰਘ ਗਿੱਲ, ਗੁਰਭੇਜ ਸਿੰਘ, ਬਲਦੇਵ ਸਿੰਘ, ਪਰਮਿੰਦਰ ਸਿੰਘ, ਬਖਸ਼ੀਸ਼ ਸਿੰਘ ਵਿਰਕ ਆਦਿ ਹਾਜਰ ਸਨ।
    ਦੂਜੇ ਪਾਸੇ ਬਠਿੰਡਾ ਵਿਖੇ ਯੂਥ ਅਕਾਲੀ ਦਲ ਵੱਲੋਂ ਕੀਤੀ ਗਈ ਰੈਲੀ ਵਿੱਚ ਸ਼ਾਮਲ ਹੋਣ ਲਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਉਣਾ ਸੀ ਪਰ ਸੰਗਤਾਂ ਵੱਲੋਂ ਵਿਰੋਧ ਕਰਨ ਦਾ ਪਤਾ ਲੱਗਣ ਤੇ ਹਰਸਿਮਰਤ ਬਾਦਲ ਵੱਲੋਂ ਬਠਿੰਡਾ ਆਉਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਤੇ ਉਹਨਾਂ ਦੀ ਜਗ੍ਹਾ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਆਏ ਜਿਹਨਾਂ ਦਾ ਦਲ ਖਾਲਸਾ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ, ਗੁਰਵਿੰਦਰ ਸਿੰਘ ਬਠਿੰਡਾ ਅਤੇ ਸੁਰਿੰਦਰ ਸਿੰਘ ਨਥਾਣਾ ਦੀ ਅਗਵਾਈ ਵਿੱਚ ਵਰਕਰਾਂ ਨੇ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ। ਹਾਲਾਤ ਉਸ ਸਮੇਂ ਤਨਾਅਪੂਰਣ ਬਣ ਗਏ ਜਦੋਂ ਭਾਰੀ ਤਦਾਦ ਵਿੱਚ ਤਾਇਨਾਤ ਪੁਲਿਸ ਫੋਰਸ ਨੇ ਇਹਨਾਂ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਸਿੰਘ ਸਭਾ ਵਿੱਚ ਹੀ ਨਜ਼ਰਬੰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੂੰ ਝੁਕਾਨੀ ਦੇਕੇ ਵਰਕਰ ਗੁਰਦੁਆਰਾ ਸਾਹਿਬ ਵਿੱਚੋਂ ਨਿਕਲਣ ਵਿੱਚ ਕਾਮਯਾਬ ਹੋ ਗਏ ਪਰੰਤੂ ਪਿਲਸ ਨੇ ਰੈਲੀ ਵਾਲੀ ਥਾਂ ਤੋਂ ਥੋੜੀ ਦੂਰ ਹੀ ਇਹਨਾ ਵਰਕਰਾਂ ਦੀ ਘੇਰਾਬੰਦੀ ਕਰ ਲਈ। ਭਾਈ ਗੁਰਦੀਪ ਸਿੰਘ ਬਠਿੰਡਾ ਅਤੇ ਦਲ ਖਾਲਸਾ ਦੇ ਸੀਨੀਅਰ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਪੁਲਸੀਆ ਧੱਕੇਸ਼ਾਹੀ ਦਾ ਵਿਰੋਧ ਕਰਦੇ ਹੋਏ ਐਲਾਨ ਕੀਤਾ ਕਿ ਗੁਰੂ ਦੇ ਦੋਖੀ ਬਾਦਲ ਪਰਿਵਾਰ ਦਾ ਪਿੰਡਾਂ ਵਿੱਚ ਹਰ ਥਾਂ ਘਿਰਾਓ ਕੀਤਾ ਜਾਵੇਗਾ ਕਿਉਂਕਿ ਗੁਰੂ ਸਾਹਿਬ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਸ ਸਮੇਂ ਦੇ ਗ੍ਰਹਿ ਮੰਤਰੀ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਉਸ ਸਮੇਂ ਦੇ ਗ੍ਰਹਿ ਮੰਤਰੀ ਡੀਜੀਪੀ ਸੁਮੇਧ ਸੈਣੀ ਸਿੱਧੇ ਤੌਰ ਤੇ ਜਿੰਮੇਵਾਰ ਹਨ, ਇਹਨਾਂ 'ਤੇ ਪਰਚਾ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ।
    ਆਗੂਆਂ ਨੇ ਕਿਹਾ ਕਿ ਇਹ ਰੈਲੀਆਂ ਬਾਦਲ ਪਰਿਵਾਰ ਖਤਮ ਹੋ ਚੁੱਕੀ ਸ਼ਾਖ ਬਚਾਉਣ ਲਈ ਕਰ ਰਿਹਾ ਹੈ ਪਰ ਇਹਨਾਂ ਰੈਲੀ ਵਿੱਚ ਸਿੱਖ ਸੰਗਤਾਂ ਦੇ ਜਾਣ ਦੀ ਬਜਾਏ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਸੌਦਾ ਸਾਧ ਦੇ ਚੇਲੇ ਹੀ ਸ਼ਾਮਲ ਹੋ ਰਹੇ ਹਨ। ਉਹਨਾਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਬੇਅਦਬੀ ਘਟਨਾਵਾਂ ਦੇ ਜਿੰੇਮਵਾਰ ਬਾਦਲ ਪਰਿਵਾਰ ਦੀਆਂ ਰੈਲੀਆਂ ਵਿੱਚ ਜਾਣ ਦੀ ਬਜਾਏ ਬਾਦਲ ਦਲੀਆਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ। ਉਹਨਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਮੰਗ ਕੀਤੀ ਕਿ ਇਹਨਾਂ ਤੇ ਤੁਰੰਤ ਪਰਚਾ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ ਖਰਾਬ ਹੋਣ ਵਾਲੇ ਮਾਹੌਲ ਲਈ ਸਰਕਾਰ ਖੁਦ ਜਿੰਮੇਵਾਰ ਹੋਵੇਗੀ।

    ਅਬੋਹਰ - ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ’ਚ ਬਹਿਬਲ ਕਲਾਂ ਗੋਲੀਕਾਂਡ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਦੱਸੇ ਜਾਣ ਕਰਕੇ ਚਹੁੰਪਾਸਿਓਂ ਘਿਰੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਅਣਗਿਣਤ ਸੁਖਬੀਰ ਕੁਰਬਾਨ ਕਰਨ ਲਈ ਵੀ ਤਿਆਰ ਹਨ। ਸ੍ਰੀ ਬਾਦਲ ਨੇ ਬੇਅਦਬੀ ਦੇ ਦੋਸ਼ਾਂ ਲਈ ਕਾਂਗਰਸ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੂੰ ਆਪਣੇ ਖ਼ਿਲਾਫ਼ ਕਾਰਵਾਈ ਕਰਨ ਲਈ ਲਲਕਾਰਦਿਆਂ ਕਿਹਾ ਕਿ ਸੱਤਾਧਾਰੀ ਪਾਰਟੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਟਕਾ ਸਾਹਿਬ ਦੀ ਕੀਤੀ ਬੇਅਦਬੀ ਤੋਂ ਧਿਆਨ ਹਟਾਉਣ ਲਈ ਉਨ੍ਹਾਂ ਖ਼ਿਲਾਫ਼ ਇਹ ਝੂਠਾ ਮਾਮਲਾ ਉਛਾਲ ਰਹੀ ਹੈ। ਸ੍ਰੀ ਬਾਦਲ ਸਥਾਨਕ ਨਵੀਂ ਅਨਾਜ ਮੰਡੀ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਵਿਉਂਤੀ ਪੋਲ ਖੋਲ੍ਹ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਹ ਰੈਲੀ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਗ੍ਰਹਿ ਨਗਰ ਅਬੋਹਰ ਵਿੱਚ ਕੀਤੀ ਗਈ। ਰੈਲੀ ਦਾ ਮੁੱਖ ਮੁੱਦਾ ਸ੍ਰੀ ਜਾਖੜ ਵੱਲੋਂ ਅਕਾਲੀਆਂ ਨੂੰ ਬਰਗਾੜੀ ਕਾਂਡ ਦੀ ਜਾਂਚ ਰਿਪੋਰਟ ਮਗਰੋਂ ਪਿੰਡਾਂ ਵਿੱਚ ਵੜਣ ਲਈ ਦਿੱਤੀ ਗਈ ਚੁਣੌਤੀ ਰਹੀ।
    ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੀ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਬੇਅਦਬੀ ਦੇ ਮੁੱਦੇ ਉੱਤੇ ਉਨ੍ਹਾਂ ਖ਼ਿਲਾਫ ਲਾਏ ਦੋਸ਼ਾਂ ਵਿੱਚ ਥੋੜ੍ਹੀ ਵੀ ਸਚਾਈ ਹੈ ਤਾਂ ਉਹ ਅਦਾਲਤ ਵਿੱਚ ਉਨ੍ਹਾਂ ਖਿਲਾਫ਼ ਕੇਸ ਚਲਾਉਣ ਦੀ ਹਿੰਮਤ ਵਿਖਾਉਣ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਅਪਰੇਸ਼ਨ ਬਲਿਊ ਸਟਾਰ ਦੁਨੀਆ ਦੇ ਇਤਿਹਾਸ ਵਿੱਚ ਬੇਅਦਬੀ ਦੀ ਸਭ ਤੋਂ ਵੱਡੀ ਅਤੇ ਦਰਦਨਾਕ ਘਟਨਾ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਵਰ੍ਹਦਿਆਂ ਦੋਸ਼ ਲਾਇਆ ਕਿ ਉਹ ਹਰ ਫਰੰਟ ਉੱਤੇ ਸਰਕਾਰ ਦੀਆਂ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਬਦਲੇਖੋਰੀ ਦੀ ਸਿਆਸਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਕਰਜ਼ਾ ਮੁਆਫੀ, ਨਸ਼ਿਆਂ ਦਾ ਖਾਤਮਾ, ਨੌਜਵਾਨਾਂ ਨੂੰ ਨੌਕਰੀਆਂ, ਬੁਢਾਪਾ ਪੈਨਸ਼ਨਾਂ ਦੀ ਰਾਸ਼ੀ ਵਧਾਉਣ ਤੋਂ ਲੈ ਕੇ ਗਰੀਬਾਂ ਨੂੰ ਚਾਹ ਦੇ ਨਾਲ ਮੁਫਤ ਖੰਡ ਸ਼ੁਰੂ ਕਰਨ ਆਦਿ ਹਰ ਮਾਮਲੇ ਵਿੱਚ ਕੈਪਟਨ ਸਰਕਾਰ ਨਾਕਾਮ ਸਾਬਤ ਹੋਈ ਹੈ। ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਹਵਾਲਾ ਦਿੰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਸਾਨੂੰ ਆਪਣੀਆਂ ਜ਼ਿੰਦਗੀਆਂ ਨਾਲੋਂ ਵੀ ਵੱਧ ਪਿਆਰਾ ਹੈ। ਗੁਰੂ ਗ੍ਰੰਥ ਸਾਹਿਬ ਦੀ ਸ਼ਾਨ, ਮਰਿਆਦਾ ਅਤੇ ਸਨਮਾਨ ਦੀ ਰਾਖੀ ਲਈ ਅਣਗਿਣਤ ਸੁਖਬੀਰ ਬਾਦਲ ਅਤੇ ਲੱਖਾਂ ਬਾਦਲ ਕੁਰਬਾਨ ਕਰ ਸਕਦੇ ਹਾਂ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਬੇਅਦਬੀ ਦੇ ਕੇਸਾਂ ਦੀ ਕਿਸੇ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਤੋਂ ਸੁਤੰਤਰ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਹੀ ਵਜ੍ਹਾ ਹੈ ਕਿ ਅਕਾਲੀ ਦਲ ਨੇ ਪੱਖਪਾਤੀ ਰਣਜੀਤ ਸਿੰਘ ਕਮਿਸ਼ਨ ਨੂੰ ਰੱਦ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸੇਵਾ ਮੁਕਤ ਜੱਜ ਰਣਜੀਤ ਸਿੰਘ ‘ਆਪ’ ਆਗੂ ਸੁਖਪਾਲ ਖਹਿਰਾ ਦਾ ਕਰੀਬੀ ਰਿਸ਼ਤੇਦਾਰ ਹੈ।
    ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬੁਜ਼ਦਿਲ ਹੈ, ਕਿਉਂਕਿ ਉਹ ਦਮਨਕਾਰੀ ਸਰਕਾਰਾਂ ਖ਼ਿਲਾਫ਼ ਅੰਦੋਲਨ ਕਰਨ ਲਈ ਕਦੇ ਸਹਿਮਤ ਨਹੀਂ ਹੋਇਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਤੁਲਨਾ ਪ੍ਰਕਾਸ਼ ਸਿੰਘ ਬਾਦਲ ਨਾਲ ਕਰਨ ਤੋਂ ਵਰਜਦਿਆਂ ਸੁਖਬੀਰ ਨੇ ਕਿਹਾ ਕਿ ਜਿੰਨੇ ਸਾਲ ਕੈਪਟਨ ਨੇ ਸਿਆਸਤ ਕੀਤੀ ਹੈ, ਬਾਦਲ ਸਾਹਿਬ ਉਸ ਤੋਂ ਵੱਧ ਸਮਾਂ ਜੇਲ੍ਹ ਵਿੱਚ ਗੁਜ਼ਾਰ ਚੁੱਕੇ ਹਨ। ਕਾਂਗਰਸ ਪਾਰਟੀ ਅਤੇ ਮੁੱਖ ਮੰਤਰੀ ਉੱਤੇ ਤਿੱਖੇ ਹਮਲੇ ਕਰਦਿਆਂ ਪਾਰਟੀ ਪ੍ਰਧਾਨ ਨੇ ਕਿਹਾ ਕਿ ਕੈਪਟਨ, ਧਿਆਨ ਸਿੰਘ ਮੰਡ ਅਤੇ ਬਲਜੀਤ ਸਿੰਘ ਦਾਦੂਵਾਲ ਵਰਗਿਆਂ ਨੂੰ ਹੱਲਾਸ਼ੇਰੀ ਦੇ ਕੇ ਪੰਜਾਬ ਅੰਦਰ ਮੁੜ ਤੋਂ ਅਤਿਵਾਦ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
    ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਝੰਡਾ ਸਿਰਫ ਜਾਖੜ ਦੇ ਪਿੰਡ ਪੰਜਕੋਸੀ ਵਿੱਚ ਹੀ ਨਹੀਂ ਸਗੋਂ ਅਬੋਹਰ ਵਿੱਚ ਵੀ ਉੱਚਾ ਝੁੱਲ ਰਿਹਾ ਹੈ। ਇਸ ਮੌਕੇ ਬਲਵਿੰਦਰ ਸਿੰਘ ਭੂੰਦੜ, ਬਿਕਰਮ ਸਿੰਘ ਮਜੀਠੀਆ, ਮਨਜੀਤ ਸਿੰਘ ਜੀਕੇ, ਸਿਕੰਦਰ ਸਿੰਘ ਮਲੂਕਾ, ਵਿਰਸਾ ਸਿੰਘ ਵਲਟੋਹਾ ਅਤੇ ਅਰੁਣ ਨਾਰੰਗ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਹਕੂਮਤ ਦੌਰਾਨ ਬੇਅਦਬੀ ਦੀਆਂ 72 ਘਟਨਾਵਾਂ ਵਾਪਰ ਚੁੱਕੀਆਂ ਹਨ, ਪਰ ਇਨ੍ਹਾਂ ਨੂੰ ਰੋਕਣ ਲਈ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।
    ਇਸ ਮੌਕੇ ਸਾਬਕਾ ਮੰਤਰੀ ਵਿਰਸਾ ਸਿੰਘ ਵਲਟੋਹਾ, ਸਾਬਕਾ ਭਾਜਪਾ ਮੰਤਰੀ ਸੁਰਜੀਤ ਜਿਆਣੀ ਅਤੇ ਅਬੋਹਰ ਦੇ ਵਿਧਾਇਕ ਅਰੂਣ ਨਾਰੰਗ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਰਣਜੋਧ ਸਿੰਘ ਲੰਬੀ, ਚੌਧਰੀ ਜਸਵੰਤ ਸਿੰਘ ਧਾਲੀਵਾਲ, ਚਰਨਜੀਤ ਸਿੰਘ ਬਰਾੜ, ਚੇਅਰਮੈਨ ਤੇਜਿੰਦਰ ਸਿੰਘ ਮਿੱਢੂ ਖੇੜਾ ਆਦਿ ਹਾਜ਼ਰ ਸਨ।

    ਸ਼ਿਕਾਗੋ  - ਅਮਰੀਕਾ ਦੇ ਸ਼ਿਕਾਗੋ ਦੇ ਲੌਂਬਾਰਡ ਵਿੱਚ ਤਿੰਨ ਰੋਜ਼ਾ ਵਿਸ਼ਵ ਹਿੰਦੂ ਕਾਨਫਰੰਸ ਵਿੱਚ ਹਿੱਸਾ ਲੈਣ ਪੁੱਜੇ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਖ਼ਿਲਾਫ਼ ਸੈਂਕੜੇ ਸਿੱਖ, ਮੁਸਲਿਮ, ਈਸਾਈ ਤੇ ਹਿੰਦੂ ਕਾਰਕੁਨਾਂ ਨੇ ਰੋਸ ਮੁਜ਼ਾਹਰਾ ਕੀਤਾ। ਕਾਨਫਰੰਸ ਵਿੱਚ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਆਉਣ ਦਾ ਵੀ ਪ੍ਰੋਗਰਾਮ ਸੀ ਪਰ ਉਹ ਆਏ ਨਹੀਂ।
    ਮੁਜ਼ਾਹਰਾਕਾਰੀ ‘ਮੋਹਨ ਭਾਗਵਤ ਵਾਪਸ ਜਾਓ’ ਤੇ ‘ਆਰਐਸਐਸ-ਭਾਜਪਾ ਭਾਰਤ ’ਚ ਘੱਟਗਿਣਤੀਆਂ ਦਾ ਦਮਨ ਬੰਦ ਕਰੋ’ ਦੇ ਨਾਅਰੇ ਬੁਲੰਦ ਕਰ ਰਹੇ ਸਨ। ਇਹ ਰੋਸ ਮੁਜ਼ਾਹਰਾ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਐਸਸੀਸੀਈਸੀ) ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਵਿੱਚ ਸਿੱਖਜ਼ ਫਾਰ ਜਸਟਿਸ, ਕੌਂਸਲ ਆਫ ਖ਼ਾਲਿਸਤਾਨ, ਸ਼੍ਰੋਮਣੀ ਅਕਾਲੀ ਦਲ-ਅੰਮ੍ਰਿਤਸਰ, ਖ਼ਾਲਿਸਤਾਨ ਅਫੇਅਰਜ਼ ਸੈਂਟਰ, ਗੁਰਦੁਆਰਾ ਸਾਹਿਬ ਪੈਲਾਟਾਈਨ, ਸਿੱਖ ਯੂਥ ਆਫ ਅਮੇਰਿਕਾ, ਸ਼ਿਕਾਗੋ ਦੇਸੀ ਯੂਥ ਰਾਈਜ਼ਿੰਗ, ਸ਼ਿਕਾਗੋ ਸਾਊਥ ਏਸ਼ੀਅਨਜ਼ ਫਾਰ ਜਸਟਿਸ, ਇੰਡੀਅਨ-ਅਮੇਰਿਕਨ ਮੁਸਲਿਮ ਕੌਂਸਲ, ਆਰਗੇਨਾਈਜੇਸ਼ਨ ਫਾਰ ਮਾਇਨੌਰਿਟੀਜ਼ ਆਫ ਇੰਡੀਆ ਓਐਫਐਮਆਈ, ਪੇਰਿਆਰ ਅੰਬੇਡਕਰ ਸਟੱਡੀ ਸਰਕਲ-ਅਮੇਰਿਕਾ, ਸਾਂ ਜੋਜ਼ੇ ਤੇ ਸਾਧਨਾ: ਏ ਕੋਲੀਸ਼ਨ ਆਫ ਪ੍ਰੋਗਰੈਸਿਵ ਹਿੰਦੂਜ਼ ਐਂਡ ਸਿੱਖਜ਼ ਇਨਫਾਰਮੇਸ਼ਨ ਸੈਂਟਰ, ਸਟੌਕਟਨ ਆਦਿ ਜਥੇਬੰਦੀਆਂ ਦੇ ਮੈਂਬਰ ਸ਼ਾਮਲ ਹੋਏ।
    ਲੌਂਬਾਰਡ ਵਿੱਚ ਵਿਸ਼ਵ ਹਿੰਦੂ ਕਾਨਫਰੰਸ 7 ਸਤੰਬਰ ਨੂੰ ਸ਼ੁਰੂ ਹੋਈ ਸੀ ਜਿਸ ਤੋਂ ਪਹਿਲਾਂ ਹੀ ਰੋਸ ਮੁਜ਼ਾਹਰੇ ਵਿੱਚ ਸ਼ਿਰਕਤ ਲਈ ਇੰਡੀਆਨਾ, ਇਲੀਨੋਏ, ਕੈਲੀਫੋਰਨੀਆ, ਵਰਜੀਨੀਆ, ਪੈਨਸਿਲਵੇਨੀਆ, ਨਿਊ ਜਰਸੀ, ਨਿਊ ਯੌਰਕ ਤੇ ਓਹਾਇਓ ਆਦਿ ਖੇਤਰਾਂ ਤੋਂ ਕਾਰਕੁਨ ਪਹੁੰਚ ਗਏ ਸਨ। ਮੁਜ਼ਾਹਰਾਕਾਰੀਆਂ ਨੇ ਕਿਹਾ ਕਿ ਸੀਆਈਏ ਦੀ ਇਸੇ ਸਾਲ ਦੀ ਰਿਪੋਰਟ ਵਿੱਚ ਸੰਘ ਪਰਿਵਾਰ ਦੀਆਂ ਜਥੇਬੰਦੀਆਂ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਨੂੰ ਅਤਿਵਾਦੀ ਸੰਗਠਨ ਕਰਾਰ ਦਿੱਤਾ ਗਿਆ ਹੈ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਕਿਹਾ ਕਿ ‘‘ ਦਿ ਓਪਨ ਡੋਰਜ਼, ਯੂਐਸਏ’’ ਨੇ ਭਾਰਤ ਨੂੰ ਘੱਟਗਿਣਤੀਆਂ ਲਈ ਸਭ ਤੋਂ ਖ਼ਤਰਨਾਕ ਮੁਲਕ ਕਰਾਰ ਦਿੱਤਾ ਹੈ। ‘‘ਅਸੀਂ ਹਿੰਦੂ ਫ਼ਾਸ਼ੀਵਾਦ ਦਾ ਵਿਰੋਧ ਕਰ ਰਹੇ ਹਾਂ। ਸਾਡੇ ਵਿਰੋਧ ਤੋਂ ਵਿਸ਼ਵ ਹਿੰਦੂ ਕਾਨਫਰੰਸ ਵਿੱਚ ਸ਼ਾਮਲ ਹੋਏ ਕੁਝ ਕਾਰਕੁਨਾਂ ਨੇ ਹਿੰਸਕ ਪ੍ਰਤੀਕਿਰਿਆ ਦਿਖਾਉਣ ਦੀ ਕੋਸ਼ਿਸ਼ ਕੀਤੀ।’’

    ਚੰਡੀਗੜ੍ਹ - ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਲਾਂਘਾ ਖੋਲ੍ਹਣ ਲਈ ਕੇਂਦਰੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਦੇ ਦਖ਼ਲ ਦੀ ਮੰਗ ਕਰਦਿਆਂ ਉਨ੍ਹਾਂ ਨੂੰ ਪੱਤਰ ਲਿਖਿਆ ਹੈ। ਮੀਡੀਆ ਨੂੰ ਇਸ ਪੱਤਰ ਦੀ ਕਾਪੀ ਜਾਰੀ ਕਰਦਿਆਂ ਸ੍ਰੀ ਸਿੱਧੂ ਨੇ ਵਿਦੇਸ਼ ਮੰਤਰੀ ਨੂੰ ਕਿਹਾ ਹੈ ਕਿ ਪਾਕਿਸਤਾਨ ਵੱਲੋਂ ਭਰੇ ਹੁੰਗਾਰੇ ਦਾ ਹਾਂ-ਪੱਖੀ ਜਵਾਬ ਦਿੰਦਿਆਂ ਇਸ ਕਾਰਜ ਨੂੰ ਸਿਰੇ ਚਾੜ੍ਹ ਕੇ ਕਰੋੜਾਂ ਸਿੱਖਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 1947 ਵਿੱਚ ਦੇਸ਼ ਦੀ ਵੰਡ ਮੌਕੇ ਨਾ ਸਿਰਫ਼ ਭੂਗੋਲਿਕ, ਆਰਥਿਕ, ਭਾਵਨਾਤਮਕ ਅਤੇ ਸਮਾਜਿਕ ਮੁਸ਼ਕਲਾਂ ਪੇਸ਼ ਆਈਆਂ ਬਲਕਿ ਜ਼ਿਆਦਾਤਰ ਇਤਿਹਾਸਕ ਗੁਰਦੁਆਰੇ ਵੀ ਪਾਕਿਸਤਾਨ ਵਿੱਚ ਰਹਿ ਗਏ। ਉਨ੍ਹਾਂ ਕਿਹਾ ਕਿ ਵੰਡ ਸਮੇਂ ਪਾਕਿਸਤਾਨ ਵਿੱਚ ਰਹਿ ਗਏ ਇਤਿਹਾਸਿਕ ਗੁਰਦੁਆਰਿਆਂ ਵਿੱਚੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਇਹ ਉਹ ਅਸਥਾਨ ਹੈ ਜਿੱਥੇ ਗੁਰੂ ਨਾਨਕ ਦੇਵ ਨੇ ਆਪਣੀ ਜ਼ਿੰਦਗੀ ਦੇ ਲਗਪਗ 18 ਸਾਲ ਬਿਤਾਏ। ਗੁਰਦੁਆਰਾ ਸਾਹਿਬ ਕੌਮਾਂਤਰੀ ਸਰਹੱਦ ਦੇ ਬਹੁਤ ਨਜ਼ਦੀਕ ਹੈ। ਸ੍ਰੀ ਸਿੱਧੂ ਨੇ ਪੱਤਰ ਵਿੱਚ ਕੇਂਦਰੀ ਮੰਤਰੀ ਨੂੰ ਕਿਹਾ ਕਿ ਭਾਰਤ ਵਿਚਲੇ ਸ਼ਰਧਾਲੂਆਂ ਦੀ ਅਜਿਹੀ ਭਾਵਨਾ ਹੈ ਕਿ ਉਹ ਭਾਰਤ ਦੇ ਡੇਰਾ ਬਾਬਾ ਨਾਨਕ ਖੇਤਰ ਵਿੱਚ ਸਰਹੱਦ ’ਤੇ ਸੀਮਾ ਸੁਰੱਖਿਆ ਬਲ ਦੁਆਰਾ ਵਿਵਸਥਿਤ ਦੂਰਬੀਨ ਜ਼ਰੀਏ ਇਸ ਪਵਿੱਤਰ ਅਸਥਾਨ ਦੀ ਝਾਕੀ ਲਈ ਰੋਜ਼ਾਨਾ ਸਰਹੱਦ ਦਾ ਦੌਰਾ ਕਰਦੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਸਾਹਿਬ ਗਲਿਆਰੇ ਦੀ ਮੰਗ ਪ੍ਰਤੀ ਸਾਕਾਰਾਤਮਕ ਰੁਖ਼ ਅਪਣਾਇਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਰੋਹ ਵਿੱਚ ਸ਼ਰੀਕ ਹੋਣ ਮੌਕੇ ਇਸ ਮੁੱਦੇ ਪ੍ਰਤੀ ਸਾਕਾਰਾਤਮਕ ਰੁਖ਼ ਵੇਖਣ ਨੂੰ ਮਿਲਿਆ ਸੀ। ਪਾਕਿਸਤਾਨ ਦੇ ਸੂਚਨਾ ਮੰਤਰੀ ਫ਼ਵਾਦ ਚੌਧਰੀ ਨੇ ਹੁਣ ਸਪੱਸ਼ਟ ਕੀਤਾ ਹੈ ਕਿ ਗਲਿਆਰੇ ਖੋਲ੍ਹੇ ਜਾਣਗੇ ਅਤੇ ਗੁਰੂ ਨਾਨਕ ਦੇਵ ਦੇ 550ਵੇਂ ਜਨਮ ਦਿਹਾੜੇ ਨੂੰ ਮਨਾਉਣ ਦੇ ਹਿੱਸੇ ਵਜੋਂ ਵੀਜ਼ੇ ਦੀ ਵੀ ਲੋੜ ਵੀ ਨਹੀਂ ਪਵੇਗੀ ਅਤੇ ਸ਼ਰਧਾਲੂ ਬਿਨਾਂ ਵੀਜ਼ਾ ਕਾਰਵਾਈ ਦੇ ਹੀ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋ ਸਕਣਗੇ। ਉਨ੍ਹਾਂ ਕਿਹਾ ਕਿ ਵਿਸ਼ਵ ਭਰ ਵਿੱਚ ਸਿੱਖ ਭਾਈਚਾਰੇ ਲਈ ਇਸ ਗਲਿਆਰੇ ਦਾ ਖੁੱਲਣਾ ਵੱਡੀ ਗੱਲ ਹੈ ਤੇ ਇਸ ਨਾਲ ਦੋਵਾਂ ਮੁਲਕਾਂ ਦਰਮਿਆਨ ਸ਼ਾਂਤੀ ਅਤੇ ਖੁਸ਼ਹਾਲੀ ਦਾ ਆਗਾਜ਼ ਹੋਵੇਗਾ।

    ਅੰਮ੍ਰਿਤਸਰ - ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਨੀਲ ਜਾਖੜ ਨੇ ਦਾਅਵਾ ਕੀਤਾ ਕਿ ਡੇਰਾ ਸਿਰਸਾ ਦੇ ਮੁਖੀ ਨੂੰ ਕਾਹਲ ਕਦਮੀ ਵਿੱਚ ਸ੍ਰੀ ਅਕਾਲ ਤਖ਼ਤ ਤੋਂ ਮੁਆਫ਼ੀ ਇਸ ਲਈ ਦਿਵਾਈ ਗਈ ਸੀ, ਤਾਂ ਜੋ ਇਸ ਤੋਂ ਬਾਅਦ ਉਸ ਦੀ ਫਿਲਮ ਪੰਜਾਬ ਵਿੱਚ ਰਿਲੀਜ਼ ਹੋ ਸਕੇ ਅਤੇ ਫਿਲਮ ਨੂੰ ਦੇਸ਼ ਭਰ ਵਿਚ ਵੱਧ ਤੋਂ ਵੱਧ ਮਾਇਕ ਲਾਭ ਮਿਲ ਸਕੇ।
    ਅੱਜ ਸ਼ਾਮ ਇਥੇ ਇੱਕ ਪੱਤਰਕਾਰ ਸੰਮੇਲਨ ਵਿੱਚ ਸ੍ਰੀ ਜਾਖੜ ਨੇ ਮੀਡੀਆ ਸਾਹਮਣੇ ਇਹ ਦਾਅਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੰਤਰੀ ਸੁਖਬੀਰ ਸਿੰਘ ਬਾਦਲ ਕੋਲੋਂ ਜਵਾਬ ਮੰਗਿਆ ਕਿ ਉਹ ਸਿੱਖ ਭਾਈਚਾਰੇ ਅਤੇ ਸੂਬੇ ਦੇ ਲੋਕਾਂ ਨੂੰ ਸਪਸ਼ਟ ਕਰਨ ਕਿ ਡੇਰਾ ਸਿਰਸਾ ਦੇ ਮੁਖੀ ਨੂੰ 24 ਸਤੰਬਰ 2015 ਵੀਰਵਾਰ ਵਾਲੇ ਦਿਨ ਹੀ ਮੁਆਫ਼ੀ ਦਿਵਾਉਣ ਪਿੱਛੇ ਕੀ ਕਾਰਨ ਸੀ? ਉਨ੍ਹਾਂ ਨੇ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਬਿਆਨ ਦਾ ਹਵਾਲਾ ਦਿੰਦਿਆਂ ਆਖਿਆ ਕਿ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਅਜਿਹਾ ਕਰਨ ਤੋਂ ਵਰਜਿਆ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਸਿੱਖ ਭਾਈਚਾਰੇ ਦੇ ਵਿਰੋਧ ਦੇ ਕਾਰਨ ਡੇਰਾ ਸਿਰਸਾ ਦੇ ਮੁਖੀ ਦੀ ਫਿਲਮ ਐੱਮਐੱਸਜੀ 18 ਸਤੰਬਰ 2015 ਨੂੰ ਪੰਜਾਬ ਵਿਚ ਰਲੀਜ਼ ਨਹੀਂ ਹੋ ਸਕੀ ਸੀ। ਸਿੱਖ ਭਾਈਚਾਰੇ ਵੱਲੋਂ ਫਿਲਮ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਸੀ। ਦੂਜੇ ਪਾਸੇ ਡੇਰਾ ਸਿਰਸਾ ਦੇ ਸਮਰਥਕਾਂ ਨੇ ਫਿਲਮ ਰਿਲੀਜ਼ ਨਾ ਕਰਨ ’ਤੇ ਵੱਡੀ ਗਿਣਤੀ ਵਿੱਚ ਰੇਲ ਗੱਡੀਆਂ ਰੋਕੀਆਂ ਸਨ ਤੇ ਰੋਸ ਵਿਖਾਵੇ ਕੀਤੇ ਸਨ। ਇਸ ਦੌਰਾਨ ਦੇਸ਼ ਭਰ ਵਿੱਚ ਫਿਲਮ ਨੂੰ ਮਾਇਕ ਨੁਕਸਾਨ ਹੋ ਰਿਹਾ ਸੀ। ਉਨ੍ਹਾਂ ਆਖਿਆ ਕਿ 24 ਸਤੰਬਰ 2015 ਨੂੰ ਵੀਰਵਾਰ ਸੀ ਅਤੇ ਡੇਰਾ ਮੁਖੀ ਨੂੰ ਮੁਆਫ਼ੀ ਦਿਵਾਉਣ ਦਾ ਫੈਸਲਾ ਇਸੇ ਲਈ ਕੀਤਾ ਗਿਆ ਸੀ, ਤਾਂ ਜੋ ਅਗਲੇ ਦਿਨ ਸ਼ੁੱਕਰਵਾਰ ਉਸ ਦੀ ਫਿਲਮ ਰਿਲੀਜ਼ ਹੋ ਸਕੇ। ਉਨ੍ਹਾਂ ਆਖਿਆ ਕਿ ਅਕਾਲੀ ਦਲ ਦੇ ਪ੍ਰਧਾਨ, ਜੋ ਬਹਿਬਲ ਕਲਾਂ ਗੋਲੀ ਕਾਂਡ ਵੇਲੇ ਸੂਬੇ ਦੇ ਗ੍ਰਹਿ ਮੰਤਰੀ ਵੀ ਸਨ, ਨੂੰ ਲੋਕਾਂ ਸਾਹਮਣੇ ਇਹ ਜਵਾਬ ਦੇਣਾ ਪਵੇਗਾ ਕਿ ਉਸ ਦਿਨ ਜਾਪ ਕਰ ਰਹੀ ਅਤੇ ਸ਼ਾਂਤਮਈ ਬੈਠੀ ਸੰਗਤ ਤੇ ਗੋਲੀ ਚਲਾਉਣ ਦੇ ਆਦੇਸ਼ ਕਿਸ ਨੇ ਦਿੱਤੇ ਸਨ? ਉਨ੍ਹਾਂ ਆਖਿਆ ਕਿ ਜਦੋਂ ਤਕ ਉਹ ਲੋਕਾਂ ਨੂੰ ਇਸ ਬਾਰੇ ਜਵਾਬ ਨਹੀਂ ਦੇਣਗੇ, ਉਹ ਵਾਰ ਵਾਰ ਇਹ ਸਵਾਲ ਪੁੱਛਦੇ ਰਹਿਣਗੇ। ਉਨ੍ਹਾਂ ਇਹ ਦੋਸ਼ ਲਾਇਆ ਕਿ ਗੋਲੀ ਕਾਂਡ ਤੋਂ ਪਹਿਲਾਂ ਰਾਤ ਦੋ ਵਜੇ ਡੀਜੀਪੀ ਨਾਲ ਫੋਨ ’ਤੇ ਹੋਈ ਗੱਲਬਾਤ ਕਿਸੇ ਹੋਰ ਦੀ ਨਹੀਂ ਸਗੋਂ ਉਸ ਵੇਲੇ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਹੋਈ ਸੀ।
    ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਸਬੰਧੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਲਈ ਬਣਾਈ ਜਾਣ ਵਾਲੀ ਵਿਸ਼ੇਸ਼ ਜਾਂਚ ਟੀਮ ਵੱਲੋਂ ਇਸ ਮਾਮਲੇ ਦੀ ਜਾਂਚ ਨਿਰਧਾਰਤ ਸਮੇਂ ਵਿੱਚ ਕੀਤੀ ਜਾਵੇਗੀ। ਗੁਰਦੁਆਰਾ ਕਰਤਾਰਪੁਰ ਲਾਂਘਾ ਜਲਦੀ ਖੁੱਲ੍ਹਵਾਉਣ ਵਾਸਤੇ ਉਨ੍ਹਾਂ ਆਖਿਆ ਕਿ ਇਸ ਸਬੰਧ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸੀ ਨੁਮਾਇੰਦੇ ਪ੍ਰਧਾਨ ਮੰਤਰੀ ਨੂੰ ਮਿਲਣਗੇ। ਉਨ੍ਹਾਂ ਦੋਸ਼ ਲਾਇਆ ਕਿ ਨਰਿੰਦਰ ਮੋਦੀ ਦੀ ਸਰਕਾਰ ਵੇਲੇ ਦੇਸ਼ ਵਿਚ ਮਹਿੰਗਾਈ ਸਿਖਰ ਨੂੰ ਛੂਹ ਰਹੀ ਹੈ।

    ਲੁਧਿਆਣਾ - ਆਗਾਮੀ ਲੋਕ ਸਭਾ ਚੋਣਾਂ (2019) ਵਿੱਚ ਪੰਜਾਬ ’ਚ ਨਵਾਂ ਮੋਰਚਾ ਖੜ੍ਹਾ ਕੀਤੇ ਜਾਣ ਦੇ ਆਸਾਰ ਨਜ਼ਰ ਆ ਰਹੇ ਹਨ। ਸੂਬੇ ਦੀਆਂ ਪ੍ਰਮੁੱਖ ਸਿਆਸੀ ਧਿਰਾਂ ਖ਼ਿਲਾਫ਼ ਮੋਰਚਾ ਖੜ੍ਹਾ ਕੀਤੇ ਜਾਣ ਦੇ ਸੰਕੇਤ ਇੱਥੇ ਹੋਏ ਇਕ ਸਮਾਗਮ ਦੌਰਾਨ ਉਸ ਵੇਲੇ ਨਜ਼ਰ ਆਏ ਜਦੋਂ ਵਿਰੋਧੀ ਧਿਰ ‘ਆਪ’ ਦੇ ਆਗੂ ਸੁਖਪਾਲ ਸਿੰਘ ਖਹਿਰਾ, ਜਗਮੀਤ ਸਿੰਘ ਬਰਾੜ, ਬੀਰ ਦਵਿੰਦਰ ਸਿੰਘ, ਬਲਵੰਤ ਸਿੰਘ ਰਾਮੂਵਾਲੀਆ, ਸੁੱਚਾ ਸਿੰਘ ਛੋਟੇਪੁਰ ਤੇ ਧਰਮਵੀਰ ਗਾਂਧੀ ਨੇ ਵਿਧਾਇਕ ਬੈਂਸ ਭਰਾਵਾਂ ਦੇ ਪਿਤਾ ਦੇ ਭੋਗ ਵਿੱਚ ਇਕੱਠਿਆਂ ਸ਼ਮੂਲੀਅਤ ਕੀਤੀ। ਉਨ੍ਹਾਂ ਇਸ ਮੌਕੇ ਬੈਂਸ ਭਰਾਵਾਂ ਨਾਲ ਮਿਲ ਕੇ ਨਵਾਂ ਮੋਰਚਾ ਬਣਾਉਣ ਦਾ ਇਸ਼ਾਰਾ ਵੀ ਦਿੱਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਸਾਰੇ ਇੱਕ ਮੰਚ ’ਤੇ ਇਕੱਠੇ ਹੋਣ ਲਈ ਤਿਆਰ ਹਨ, ਪਰ ਇਸ ਲਈ ਪਹਿਲਾਂ ਠੋਸ ਰਣਨੀਤੀ ਤੈਅ ਕਰਨ ਦੀ ਜ਼ਰੂਰਤ ਹੈ। ਹਾਲਾਂਕਿ ਭੋਗ ਸਮਾਗਮ ਹੋਣ ਕਾਰਨ ਸਾਰੇ ਆਗੂ ਇਸ਼ਾਰਿਆਂ ਵਿੱਚ ਹੀ ਲੁੱਕਵੇਂ ਜਿਹੇ ਢੰਗ ਨਾਲ ਗੱਠਜੋੜ ਬਾਰੇ ਗੱਲਬਾਤ ਕਰਦੇ ਨਜ਼ਰ ਆਏ। ਸੂਤਰਾਂ ਮੁਤਾਬਕ ਨਵੇਂ ਮੋਰਚੇ ਲਈ ਵਿਧਾਇਕ ਬੈਂਸ ਭਰਾਵਾਂ ਤੇ ‘ਆਪ’ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸਾਬਕਾ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਸੂਬੇ ਵਿੱਚ ਹੋਈਆਂ ਬੇਅਦਬੀਆਂ ਦੇ ਮਾਮਲਿਆਂ ਵਿੱਚ ਦੋਸ਼ੀਆਂ ਖ਼ਿਲਾਫ਼ ਕਾਰਵਾਈ ਵਿੱਚ ਦੇਰੀ ਦੇ ਮੁੱਦੇ ’ਤੇ 14 ਸਤੰਬਰ ਨੂੰ ਵੱਖ-ਵੱਖ ਧਿਰਾਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਵਿੱਚ ਸਿਆਸੀ ਧਿਰਾਂ, ਇਨਸਾਫ਼ ਮੋਰਚਾ, ਪੰਥਕ ਮੋਰਚਾ, ਕਿਸਾਨ ਯੂਨੀਅਨ ਅਤੇ ਹੋਰਾਂ ਨੂੰ ਸੱਦਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੀਟਿੰਗ ਤੋਂ ਬਾਅਦ ਕਾਰਵਾਈ ਲਈ ਸਰਕਾਰ ਨੂੰ 40 ਦਿਨ ਦਾ ਅਲਟੀਮੇਟਮ ਦਿੱਤਾ ਜਾਵੇਗਾ ਤੇ ਉਸ ਤੋਂ ਬਾਅਦ ਪੰਜਾਬ ਵਿੱਚ ਰੋਸ ਮੁਜ਼ਾਹਰੇ ਸ਼ੁਰੂ ਕੀਤੇ ਜਾਣਗੇ। ਇਸ ਮੌਕੇ ਸਾਬਕਾ ਕਾਂਗਰਸੀ ਆਗੂ ਜਗਮੀਤ ਸਿੰਘ ਬਰਾੜ, ਬੀਰ ਦਵਿੰਦਰ ਸਿੰਘ ਤੇ ਲੋਕ ਸਭਾ ਮੈਂਬਰ ਧਰਮਵੀਰ ਗਾਂਧੀ ਨੇ ਵੀ ਨਵੇਂ ਧੜੇ ਦੇ ਹੱਕ ਵਿੱਚ ਹਾਮੀ ਭਰੀ।

    ਨਵੀਂ ਦਿੱਲੀ - ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅਕਾਲ ਤਖ਼ਤ ਸਾਹਿਬ ਤੋਂ ਮਿਲੇ ‘ਫਖ਼ਰ-ਏ-ਕੌਮ’ ਦਾ ਸਨਮਾਨ ਵਾਪਸ ਲੈਣ ਲਈ ਇਕ ਆਨਲਾਈਨ ਪਟੀਸ਼ਨ ਪਾਈ ਗਈ ਹੈ। ਇਸ ਵਿੱਚ ਮੰਗ ਕੀਤੀ ਗਈ ਹੈ ਕਿ ਸ੍ਰੀ ਬਾਦਲ ਤੋਂ ਇਹ ਸਨਮਾਨ ਵਾਪਸ ਲਿਆ ਜਾਵੇ ਕਿਉਂਕਿ ਉਨ੍ਹਾਂ ਦੀ ਹਕਮੂਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਜਿਸ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਸਭ ਤੱਥ ਸਾਹਮਣੇ ਆ ਗਏ ਹਨ। ਆਮ ਆਦਮੀ ਪਾਰਟੀ ਦੇ ਆਗੂ ਅਤੇ ਰਾਜੌਰੀ ਗਾਰਡਨ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨਾਲ ਦੋਵੇਂ ਬਾਦਲ ਪਿਉ-ਪੁੱਤਰ ਦੀ ਭੂਮਿਕਾ ਤੋਂ ਪਰਦਾ ਉੱਠ ਗਿਆ ਹੈ। ਇਸ ਲਈ ਵੱਡੇ ਬਾਦਲ ਤੋਂ ਸਨਮਾਨ ਵਾਪਸ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਨਲਾਈਨ ਪਟੀਸ਼ਨ ਉਪਰ ਹਰ ਉਹ ਦਰਦਮੰਦ ਸਿੱਖ ਦਸਤਖ਼ਤ ਕਰੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਰਨ ਦੁੱਖੀ ਹੈ।
    ਉਨ੍ਹਾਂ ਕਿਹਾ ਕਿ ਪੰਥਕ ਸਰਕਾਰ ਵੇਲੇ ਹੀ ਬੇਅਦਬੀ ਕਾਂਡ ਵਾਪਰਿਆ ਤੇ ਫਿਰ ਸ਼ਾਂਤਮਈ ਤਰੀਕੇ ਨਾਲ ਧਰਨਾ ਦੇ ਰਹੇ ਲੋਕਾਂ ਉਪਰ ਗੋਲੀਆਂ ਚਲਾਈਆਂ ਤੇ ਬੇਕਿਰਕ ਹੋ ਲਾਠੀਚਾਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਪਟੀਸ਼ਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੌਂਪੀ ਜਾਵੇਗੀ। ਜਰਨੈਲ ਸਿੰਘ ਨੇ ਦੱਸਿਆ ਕਿ 3500 ਤੋਂ ਵਧ ਲੋਕਾਂ ਵੱਲੋਂ ਦੇਸ਼-ਵਿਦੇਸ਼ ਤੋਂ ਇਸ ਪਟੀਸ਼ਨ ਉਪਰ ਦਸਤਖ਼ਤ ਕੀਤੇ ਜਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਸ੍ਰੀ ਜਰਨੈਲ ਸਿੰਘ ਨੇ ਦਿੱਲੀ ਦੇ ਰਾਜੌਰੀ ਗਾਰਡਨ ਹਲਕੇ ਤੋਂ ਵਿਧਾਇਕੀ ਛੱਡ ਕੇ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਬਠਿੰਡਾ ਦੇ ਲੰਬੀ ਹਲਕੇ ਤੋਂ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਲੜੀ ਸੀ।

    ਲੰਡਨ - ਜੂਨ 1984 'ਚ ਸ੍ਰੀ ਦਰਬਾਰ ਸਾਹਿਬ 'ਤੇ ਭਾਰਤੀ ਫ਼ੌਜ ਵਲੋਂ ਕੀਤੇ ਹਮਲੇ 'ਚ ਫ਼ੌਜ ਦੀ ਅਗਵਾਈ ਕਰਨ ਵਾਲੇ ਜਨਰਲ ਕੁਲਦੀਪ ਸਿੰਘ ਬਰਾੜ 'ਤੇ ਲੰਡਨ 'ਚ ਹਮਲਾ ਕਰਨ ਦੇ ਮਾਮਲੇ 'ਚ ਸਜ਼ਾ ਭੁਗਤ ਰਹੀ ਹਰਜੀਤ ਕੌਰ ਨੂੰ 12 ਹਫ਼ਤਿਆਂ ਦੀ ਪੈਰੋਲ ਮਿਲੀ ਹੈ | ਜਿਸ ਤਹਿਤ ਉਹ ਸਵੇਰੇ 7 ਵਜੇ ਤੋਂ ਸ਼ਾਮੀ 11 ਵਜੇ ਤੱਕ ਬਾਹਰ ਜਾ ਸਕਦੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਹਰਜੀਤ ਕੌਰ 'ਤੇ ਪੈਰੋਲ ਮੌਕੇ ਬਾਹਰ ਆਉਣ ਜਾਣ ਸਬੰਧੀ ਕਈ ਸ਼ਰਤਾਂ ਰੱਖੀਆਂ ਗਈਆਂ ਹਨ | ਜ਼ਿਕਰਯੋਗ ਹੈ ਕਿ ਲੰਡਨ ਦੀ ਓਲਡ ਕਿਊਬਿਕ ਸਟਰੀਟ 'ਚ 30 ਸਤੰਬਰ 2012 ਨੂੰ ਸੇਵਾ ਮੁਕਤ ਲੈਫਟੀਨੈੱਟ ਜਨਰਲ ਕੁਲਦੀਪ ਸਿੰਘ ਬਰਾੜ 'ਤੇ ਹਮਲਾ ਕਰ ਦਿੱਤਾ ਸੀ | ਇਸ ਮਾਮਲੇ 'ਚ ਹਰਜੀਤ ਕੌਰ ਨੂੰ 11 ਸਾਲ, ਮਨਦੀਪ ਸਿੰਘ ਸੰਧੂ ਨੂੰ 14 ਸਾਲ, ਦਿਲਬਾਗ ਸਿੰਘ ਨੂੰ 14 ਸਾਲ ਅਤੇ ਬਰਜਿੰਦਰ ਸਿੰਘ ਸੰਘਾ ਨੂੰ 10 ਸਾਲ 6 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਸੀ | ਬਰਜਿੰਦਰ ਸਿੰਘ ਸੰਘਾ ਨੂੰ ਇਸ ਵਰ੍ਹੇ ਜਨਵਰੀ 'ਚ ਪੱਕੇ ਤੌਰ 'ਤੇ ਰਿਹਾਅ ਕਰ ਦਿੱਤਾ ਸੀ, ਜਦਕਿ ਬਾਕੀ ਅਜੇ ਵੀ ਜੇਲ੍ਹ 'ਚ ਹਨ | ਚਰਚਾ ਇਹ ਵੀ ਹੈ ਕਿ ਸਜ਼ਾਵਾਂ ਭੁਗਤਣ ਤੋਂ ਬਾਅਦ ਜਿਨ੍ਹਾਂ ਕੋਲ ਬਰਤਾਨੀਆ 'ਚ ਪੱਕੇ ਰਹਿਣ ਦਾ ਅਧਿਕਾਰ ਨਹੀਂ ਹੈ, ਉਨ੍ਹਾਂ ਨੂੰ ਭਾਰਤ ਡਿਪੋਰਟ ਕੀਤਾ ਜਾ ਸਕਦਾ ਹੈ, ਪ੍ਰੰਤੂ ਸਿੱਖ ਜਥੇਬੰਦੀਆਂ ਵੱਲੋਂ ਅਜਿਹਾ ਹੋਣੋਂ ਰੋਕਣ ਲਈ ਯਤਨ ਕੀਤੇ ਜਾ ਰਹੇ ਹਨ |

    ਬੰਗਾ - ਸਥਾਨਕ ਪੁਲੀਸ ਨੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਾਮਲੇ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਜਥੇਦਾਰ ਸੁਖਦੇਵ ਸਿੰਘ ਭੌਰ ’ਤੇ ਪਰਚਾ ਦਰਜ ਕੀਤਾ ਹੈ। ਇਸ ਮਾਮਲੇ ਨੂੰ ਲੈ ਕੇ ਅੱਜ ਸਾਰਾ ਦਿਨ ਸ਼ਹਿਰ ਅੰਦਰ ਤਣਾਅ ਦਾ ਮਾਹੌਲ ਬਣਿਆ ਰਿਹਾ। ਦਲਿਤ ਭਾਈਚਾਰੇ ਨੇ ਅੱਜ ਪਹਿਲਾਂ ਜਥੇਦਾਰ ਭੌਰ ਦੇ ਘਰ ਅੱਗੇ ਰੋਹ ਭਰਪੂਰ ਪ੍ਰਦਰਸ਼ਨ ਕੀਤਾ। ਬੁਲਾਰਿਆਂ ਨੇ ਜਥੇਦਾਰ ਭੌਰ ਵੱਲੋਂ ਮਰਹੂਮ ਸੰਤ ਰਾਮਾਨੰਦ ਡੇਰਾ ਬੱਲਾਂ ਖਿਲਾਫ਼ ਵਰਤੀ ਇਤਰਾਜ਼ਯੋਗ ਭਾਸ਼ਾ ਦੀ ਸਖ਼ਤ ਨਿਖੇਧੀ ਕੀਤੀ। ਉਹ ਮੰਗ ਕਰ ਰਹੇ ਸਨ ਕਿ ਉਕਤ ਵਿਅਕਤੀ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪੁਲੀਸ ਵੱਲੋਂ ਮਾਹੌਲ ਵਿਗੜਦਿਆਂ ਦੇਖ ਕੇ ਜਥੇਦਾਰ ਭੌਰ ਖਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਸਬੰਧੀ ਵੱਖ ਵੱਖ ਧਾਰਾਵਾਂ ਤਹਿਤ ਸਥਾਨਕ ਸਿਟੀ ਥਾਣੇ ਵਿੱਚ ਪਰਚਾ ਦਰਜ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਜਥੇਦਾਰ ਭੌਰ ਦੇ ਘਰ ਅੱਗੇ ਪੁਲੀਸ ਤਾਇਨਾਤ ਕੀਤੀ ਗਈ ਅਤੇ ਸ਼ਹਿਰ ਨੂੰ ਆਉਂਦੇ ਸਾਰੇ ਸੰਪਰਕ ਰਸਤਿਆਂ ’ਤੇ ਨਾਕਾਬੰਦੀ ਕੀਤੀ ਗਈ। ਸੁਰੱਖਿਆ ਦੇ ਮੱਦੇਨਜ਼ਰ ਪੁਲੀਸ ਨੇ ਸੀਨੀਅਰ ਪੁਲੀਸ ਕਪਤਾਨ ਦੀ ਅਗਵਾਈ ਹੇਠ ਸ਼ਹਿਰ ’ਚ ਮਾਰਚ ਵੀ ਕੀਤਾ। ਪੰਜਾਬ ਪੁਲੀਸ ਦੇ ਆਈਜੀ ਰਣਬੀਰ ਸਿੰਘ ਖੱਟੜਾ ਨੇ ਸਥਾਨਕ ਸਿਟੀ ਥਾਣੇ ਵਿੱਚ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਉਕਤ ਮਾਮਲੇ ਸਬੰਧੀ ਪਰਚਾ ਦਰਜ ਕਰ ਲਿਆ ਹੈ। ਦੱਸਣਯੋਗ ਹੈ ਕਿ ਜੱਥੇਦਾਰ ਭੋਰ ਵਲੋਂ ਆਪਣੇ ਭਾਸ਼ਣ ’ਚ ਉਕਤ ਭਾਸ਼ਾ ਵਰਤੀ ਗਈ, ਜਿਸ ਦੀ ਵੀਡੀਓ ਰਿਕਾਰਡਿੰਗ ਸੋਸ਼ਲ ਮੀਡੀਆ ’ਤੇ ਪਾਏ ਜਾਣ ਕਰਕੇ ਦਲਿਤ ਭਾਈਚਾਰੇ ’ਚ ਰੋਸ ਸੀ।

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com