ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਬਠਿੰਡਾ -  ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਧਮਕੀ ਦਿੱਤੀ ਹੈ ਕਿ ਜੇ ਮੌੜ ਬੰਬ ਧਮਾਕੇ ਦੇ ਮੁਲਜ਼ਮ ਆਉਂਦੀ 8 ਮਾਰਚ ਤੱਕ ਗ੍ਰਿਫ਼ਤਾਰ ਨਾ ਕੀਤੇ ਗਏ ਤੇ ਇਸੇ ਤਰੀਕ ਤੱਕ ਪੀੜਤ ਪਰਿਵਾਰਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ, ਤਾਂ ਬਰਗਾੜੀ ਮੋਰਚੇ ਦੀ ਤਰਜ਼ ਉੱਤੇ ਰੋਸ ਮੁਜ਼ਾਹਰਾ ਸ਼ੁਰੂ ਕਰ ਦਿੱਤਾ ਜਾਵੇਗਾ।
    31 ਜਨਵਰੀ, 2017 ਨੂੰ ਮੌੜ ਮੰਡੀ ’ਚ ਹੋਏ ਦੋ ਬੰਬ ਧਮਾਕਿਆਂ ਕਾਰਨ 5 ਬੱਚਿਆਂ ਸਮੇਤ ਸੱਤ ਵਿਅਕਤੀ ਮਾਰੇ ਗਏ ਸਨ। ਇਸ ਤੋਂ ਪਹਿਲਾਂ ਅਕਤੂਬਰ 2015 ਦੌਰਾਨ ਪੁਲਿਸ ਗੋਲੀਬਾਰੀ ਕਾਰਨ ਬਹਿਬਲ ਕਲਾਂ ਵਿਖੇ ਦੋ ਨਿਰਦੋਸ਼ ਮੁਜ਼ਾਹਰਾਕਾਰੀ ਮਾਰੇ ਗਏ ਸਨ; ਜਿਸ ਵਿਰੁੱਧ ਪਿਛਲੇ ਵਰ੍ਹੇ 1 ਜੂਨ ਨੂੰ ਬਰਗਾੜੀ ਵਿਖੇ ਮੋਰਚਾ ਲਾ ਕੇ ਵੱਡੇ ਪੱਧਰ ਉੱਤੇ ਰੋਸ ਮੁਜ਼ਾਹਰੇ ਕੀਤੇ ਗਏ ਸਨ।
    ਇਨ੍ਹਾਂ ਦੋਵੇਂ ਘਟਨਾਵਾਂ ਦਾ ਚੇਤਾ ਅੱਜ ਉਸ ਵੇਲੇ ਫਿਰ ਆਇਆ, ਜਦੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਨਰਲ ਸਕੱਤਰ ਗੁਰਸੇਵਕ ਸਿੰਘ ਜਵਾਹਰਕੇ ਨੇ ਇੱਕ ਪ੍ਰੈੱਸ ਕਾਨਫ਼ਰੰਸ ਕੀਤੀ। ਉਨ੍ਹਾਂ ਕਿਹਾ ਕਿ ਮੌੜ ਬੰਬ ਧਮਾਕੇ ਦੇ ਪੀੜਤਾਂ ਨੇ ਉਨ੍ਹਾਂ ਤੱਕ ਪਹੁੰਚ ਕੀਤੀ ਸੀ। ਸ੍ਰੀ ਗੁਰਸੇਵਕ ਸਿੰਘ ਜਵਾਹਰਕੇ ਨੇ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਸਿਰਫ਼ ਲੋਕ ਸਭਾ ਚੋਣਾਂ ਸਿਰ ’ਤੇ ਹੋਣ ਕਾਰਨ ਡੇਰਾ ਸੱਚਾ ਸੌਦਾ ਦੇ ਤਿੰਨ ਪ੍ਰੇਮੀਆਂ (ਸ਼ਰਧਾਲੂਆਂ) ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਜਿੱਥੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ, ਉੱਥੇ ਹਰੇਕ ਮ੍ਰਿਤਕ ਬੱਚੇ ਦੇ ਕਿਸੇ ਇੱਕ ਯੋਗ ਪਰਿਵਾਰਕ ਮੈਂਬਰ ਨੂੰ ਨੌਕਰੀ ਵੀ ਦੇਣੀ ਚਾਹੀਦੀ ਹੈ। ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 1–1 ਕਰੋੜ ਰੁਪਏ ਅਤੇ ਜ਼ਖ਼ਮੀ ਨੂੰ 10 ਲੱਖ ਰੁਪਏ ਮੁਆਵਜ਼ਾ ਮਿਲਣਾ ਚਾਹੀਦਾ ਹੈ।
    1 ਜਨਵਰੀ, 2017 ਨੂੰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਰਿਸ਼ਤੇਦਾਰ ਅਤੇ ਮੌੜ ਮੰਡੀ ਤੋਂ ਕਾਂਗਰਸ ਦੇ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੀ ਰੈਲੀ ਤੋਂ ਛੇਤੀ ਬਾਅਦ ਦੋ ਬੰਬ ਧਮਾਕੇ ਹੋਏ ਸਨ। ਉਨ੍ਹਾਂ ਧਮਾਕਿਆਂ ਨੇ ਸੱਤ ਵਿਅਕਤੀਆਂ ਦੀ ਜਾਨ ਲੈ ਲਈ ਸੀ। ਇਸ ਮਾਮਲੇ ਦੀ ਜਾਂਚ ਕਰ ਰਹੀ ਡੀਆਈਜੀ ਪੁਲਿਸ ਰਣਜੀਤ ਸਿੰਘ ਖਟੜਾ ਦੀ ਅਗਵਾਈ ਹੇਠਲੀ ‘ਵਿਸ਼ੇਸ਼ ਜਾਂਚ ਟੀਮ’ (SIT) ਨੇ8 ਫ਼ਰਵਰੀ, 2018 ਨੂੰ ਤਲਵੰਡੀ ਸਾਬੋ ਦੀ ਅਦਾਲਤ ਵਿੱਚ ਚਾਰ ਜਣਿਆਂ ਨੂੰ ਗਵਾਹਾਂ ਦੇ ਤੌਰ ’ਤੇ ਪੇਸ਼ ਕੀਤਾ ਸੀ। ਇਹ ਗਵਾਹ ਦਰਅਸਲ ਡੇਰਾ ਸਿਰਸਾ ਦੀ ਵਰਕਸ਼ਾਪ ਵਿੱਚ ਕੰਮ ਕਰਨ ਵਾਲੇ ਫ਼ਿਟਰ ਤੇ ਪੇਂਟਰ ਹਨ।
    ਉਸ ਤੋਂ ਬਾਅਦ ਹੀ ਪੁਲਿਸ ਨੇ ਤਿੰਨ ਡੇਰਾ ਪ੍ਰੇਮੀਆਂ – ਗੁਰਤੇਜ ਸਿੰਘ ਕਾਲਾ ਵਾਸੀ ਡਬਵਾਲੀ (ਜ਼ਿਲ੍ਹਾ ਸਿਰਸਾ, ਹਰਿਆਣਾ), ਅਮਰੀਕ ਸਿੰਘ ਵਾਸੀ ਭੀਖੀ (ਜ਼ਿਲ੍ਹਾ ਮਾਨਸਾ, ਪੰਜਾਬ) ਜੋ ਵੁਂਝ ਸੰਗਰੂਰ ਦੇ ਬਾਦਲਗੜ੍ਹ ਵਿਖੇ ਰਹਿੰਦਾ ਰਿਹਾ ਦੱਸਿਆ ਜਾਂਦਾ ਹੈ ਅਤੇ ਅਵਤਾਰ ਸਿੰਘ ਵਾਸੀ ਮੇਸੀ ਮਾਜਰਾ (ਨੇੜੇ ਪੇਹੋਵਾ, ਹਰਿਆਣਾ) ਵਿਰੁੱਧ ਕੇਸ ਦਾਇਰ ਕੀਤਾ ਸੀ। 19 ਅਕਤੂਬਰ, 2018 ਨੂੰ ਉਨ੍ਹਾਂ ਨੂੰ ‘ਇਸ਼ਤਿਹਾਰੀ ਮੁਜਰਿਮ’ ਐਲਾਨ ਦਿੱਤਾ ਗਿਆ ਸੀ।
    ਗੁਰਤੇਜ ਸਿੰਘ ਕਾਲਾ ਡੇਰੇ ਦੀ ਉਸ ਵਰਕਸ਼ਾਪ ਦਾ ਇੰਚਾਰਜ ਸੀ, ਜਿੱਥੇ ਉਸ ਮਾਰੂਤੀ ਸੁਜ਼ੂਕੀ 800 ਕਾਰ ਤਿਆਰ ਕੀਤੀ ਗਈ ਸੀ; ਜਿਹੜੀ ਧਮਾਕੇ ਕਰਨ ਲਈ ਵਰਤੀ ਗਈ ਸੀ। ਅਮਰੀਕ ਉਦੋਂ ਡੇਰਾ ਮੁਖੀ ਦਾ ਸੁਰੱਖਿਆ ਗਾਰਡ ਸੀ। ਅਵਤਾਰ ਇੱਕ ਇਲੈਕਟ੍ਰੀਸ਼ੀਅਨ ਸੀ, ਜਿਸ ਨੇ ਕਥਿਤ ਤੌਰ ’ਤੇ ਕਾਰ ਵਿੱਚ ਬੰਬ ਚੱਲਣ ਲਈ ਬੈਟਰੀਆਂ ਫ਼ਿੱਟ ਕਰਨ ਵਿੱਚ ਮਦਦ ਕੀਤੀ ਸੀ।
    ਬਠਿੰਡਾ ਦੇ ਐੱਸਐੱਸਪੀ ਸ੍ਰੀ ਨਾਨਕ ਸਿੰਘ, ਜੋ ਇਸ ਮਾਮਲੇ ਦੀ ਜਾਂਚ ਕਰ ਰਹੀ SIT ਦੇ ਵੀ ਮੈਂਬਰ ਹਨ, ਨੇ ਪਹਿਲਾਂ ਦੱਸਿਆ ਸੀ ਕਿ ਮੁਲਜ਼ਮਾਂ ਨੂੰ ਕਾਬੁ ਕਰਨ ਲਈ ਵਿਸ਼ੇਸ਼ ਸਟਾਫ਼ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਸੀ ਕਿ ਇਸ ਬੰਬ ਧਮਾਕੇ ਦਾ ਮੰਤਵ ਤਾਂ ਇਨ੍ਹਾਂ ਤਿੰਨਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਹੀ ਸਾਹਮਣੇ ਆ ਸਕੇਗਾ। ਤਦ ਵਾਰ–ਵਾਰ ਜਤਨਾਂ ਦੇ ਬਾਵਜੂਦ SIT ਦੇ ਮੁਖੀ ਸ੍ਰੀ ਖਟੜਾ ਨਾਲ ਸੰਪਰਕ ਨਹੀਂ ਹੋ ਸਕਿਆ ਸੀ।
    ਇਸ ਦੌਰਾਨ ਮੌੜ ਬੰਬ ਧਮਾਕੇ ਦੇ ਪੀੜਤ ਜਿੱਥੇ ਇਸ ਮਾਮਲੇ ਦੀ ਜਾਂਚ ਵਿੱਚ ਤੇਜ਼ੀ ਲਿਆਉਣ ਦੀ ਮੰਗ ਕਰ ਰਹੇ ਹਨ, ਉੱਥੇ ਮ੍ਰਿਤਕਾਂ ਦੇ ਬੱਚਿਆਂ ਲਈ ਸਰਕਾਰੀ ਨੌਕਰੀ ਦੀ ਮੰਗ ਵੀ ਕਰ ਰਹੇ ਹਨ। ਉਸ ਦਿਨ ਜਿਹੜੇ ਸੱਤ ਜਣੇ ਮਰੇ ਸਨ, ਉਨ੍ਹਾਂ ਵਿੱਚੋਂ ਪੰਜ ਬੱਚੇ ਸਨ, ਜਦ ਕਿ ਇੱਕ ਜਣਾ ਹਰਮਿੰਦਰ ਸਿੰਘ ਜੱਸੀ ਦੇ ਦਫ਼ਤਰ ਦਾ ਮੈਨੇਜਰ ਸੀ ਤੇ ਇੱਕ ਸੜਕਾਂ ’ਤੇ ਪਏ ਕੂੜਾ–ਕਰਕਟ ’ਚੋਂ ਕੁਝ ਕੰਮ ਦਾ ਸਾਮਾਨ ਚੁਗਣ ਵਾਲਾ ਵਿਅਕਤੀ (ਰੈਗ–ਪਿਕਰ) ਅਸ਼ੋਕ ਕੁਮਾਰ ਸੀ।
    ਕੀਰਤਨ ਸਿੰਘ, ਜਿਨ੍ਹਾਂ ਮੌੜ ਬੰਬ ਧਮਾਕਿਆਂ ਦੌਰਾਨ ਆਪਣੇ 11 ਸਾਲਾ ਪੁੱਤਰ ਰਿਪਨਦੀਪ ਸਿੰਘ ਨੂੰ ਗੁਆਇਆ ਸੀ, ਨੇ ਕਿਹਾ: ‘ਸਰਕਾਰ ਨੇ ਕਿਸੇ ਵੀ ਪੀੜਤ ਪਰਿਵਾਰ ਦੇ ਕਿਸੇ ਮੈਂਬਰ ਨੂੰ ਕੋਈ ਨੌਕਰੀ ਮੁਹੱਈਆ ਨਹੀਂ ਕਰਵਾਈ। ਪੁਲਿਸ ਹਾਲੇ ਤੱਕ ਇਸ ਮਾਮਲੇ ਦੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਵੀ ਨਾਕਾਮ ਰਹੀ ਹੈ। ਇੰਝ ਜਾਪਦਾ ਹੈ ਕਿ ਜਿਵੇਂ ਸੂਬਾ ਸਰਕਾਰ ਇਨ੍ਹਾਂ ਧਮਾਕਿਆਂ ਪਿਛਲੀ ਸਾਜ਼ਿਸ਼ ਨੂੰ ਬੇਨਕਾਬ ਕਰਨਾ ਹੀ ਨਹੀਂ ਚਾਹੁੰਦੀ।’
    ਖ਼ੁਸ਼ਦੀਪ ਸਿੰਘ, ਜਿਨ੍ਹਾਂ ਦੇ 15 ਸਾਲਾ ਬੱਚੇ ਜਪਸਿਮਰਨ ਸਿੰਘ ਦੀ ਉਨ੍ਹਾਂ ਧਮਾਕਿਆਂ ਦੌਰਾਨ ਮੌਤ ਹੋਈ ਸੀ, ਨੇ ਕਿਹਾ,‘ਸਰਕਾਰ ਨੇ ਪਹਿਲਾਂ ਕਿਹਾ ਸੀ ਕਿ ਧਮਾਕਿਆਂ ਦੌਰਾਨ ਮਾਰੇ ਗਏ ਬੱਚਿਆਂ ਦੇ ਪਰਿਵਾਰ ਉਨ੍ਹਾਂ ’ਤੇ ਨਿਰਭਰ ਨਹੀਂ ਸਨ, ਇਸ ਲਈ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਨਹੀਂ ਦਿੱਤੀਆਂ ਜਾ ਸਕਦੀਆਂ। ਉਂਝ ਸਥਾਨਕ ਨਿਵਾਸੀਆਂ ਨੇ ਇਹ ਮੁੱਦਾ ਪਿਛਲੇ ਸਾਲ ਉਠਾਇਆ ਸੀ। ਪ੍ਰਸ਼ਾਸਨ ਨੇ ਸਾਨੂੰ ਭਰੋਸਾ ਦਿਵਾਇਆ ਸੀ ਕਿ ਉਹ ਨਿਯਮ ਨਰਮ ਕਰਨ ਲਈ ਉੱਚ ਅਧਿਕਾਰੀਆਂ ਨੂੰ ਲਿਖਣਗੇ ਪਰ ਪੀੜਤ ਪਰਿਵਾਰਾਂ ਨੂੰ ਪਿੱਛੇ ਜਿਹੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਤੋਂ ਚਿੱਠੀ ਮਿਲੀ ਹੈ, ਜਿਸ ਵਿੱਚ ਦਾਅਵਾ ਰੱਦ ਕਰ ਦਿੱਤਾ ਗਿਆ ਹੈ।’

    ਡੇਰਾ ਬਾਬਾ ਨਾਨਕ (ਗੁਰਦਾਸਪੁਰ) - ਡੇਰਾ ਬਾਬਾ ਨਾਨਕ ’ਚ ਭਾਰਤ–ਪਾਕਿਸਤਾਨ ਸਰਹੱਦ ਉੱਤੇ ਬਣਿਆ ਕਰਤਾਰਪੁਰ ਸਾਹਿਬ (ਪਾਕਿਸਤਾਨ) ਵਿੱਚ ਬਣੇ ਗੁਰਦੁਆਰਾ ਸਾਹਿਬ ਨੂੰ ਵੇਖਣ ਲਈ ਵਿਸ਼ੇਸ਼ ਅਸਥਾਨ ਉੱਤੇ ਪੁੱਜਣ ਵਾਲੀ ਸੰਗਤ ਹੁਣ ਨਿਰਾਸ਼ ਹੋ ਕੇ ਪਰਤ ਰਹੀ ਹੈ ਕਿਉਂਕਿ ਇੱਥੇ ਲੱਗੀਆਂ ਤਿੰਨ ਦੂਰਬੀਨਾਂ ਹੁਣ ਹਟਾ ਦਿੱਤੀਆਂ ਗਈਆਂ ਹਨ। ਇਨ੍ਹਾਂ ਦੂਰਬੀਨਾਂ ਦੀ ਮਦਦ ਨਾਲ ਹੀ ਸੰਗਤ ਹੁਣ ਤੱਕ ਕਰਤਾਰਪੁਰ ਸਾਹਿਬ ਗੁਰੂਘਰ ਦੇ ਦਰਸ਼ਨ ਕਰ ਕੇ ਜੀਵਨ ਸਫ਼ਲਾ ਕਰਦੀ ਰਹੀ ਹੈ। ਪਰ ਪਿਛਲੇ ਕੁਝ ਦਿਨਾਂ ਤੋਂ ਇੱਥੋਂ ਦੂਰਬੀਨਾਂ ਹਟਾ ਦਿੱਤੀਆਂ ਗਈਆਂ ਹਨ।
    ਇਸ ਮਾਮਲੇ ਵਿੱਚ ਹੈਰਾਨੀ ਦੀ ਗੱਲ ਇਹ ਹੈ ਕਿ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਇਹ ਦੱਸਣ ਲਈ ਤਿਆਰ ਹੀ ਨਹੀਂ ਹੈ ਕਿ ਇਹ ਦੂਰਬੀਨਾਂ ਕਿਸ ਨੇ ਤੇ ਕਿਉਂ ਹਟਾਈਆਂ ਹਨ। ਇਸ ਅਸਥਾਨ ਉੱਤੇ 24 ਘੰਟੇ ਬੀਐੱਸਐੱਫ਼ ਦੇ ਜਵਾਨਾਂ ਦਾ ਪਹਿਰਾ ਰਹਿੰਦਾ ਹੈ। ‘ਜਾਗ੍ਰਿਤੀ ਲਹਿਰ’ ਵੱਲੋਂ ਪ੍ਰਕਾਸ਼ਿਤ ਜਤਿੰਦਰ ਕੁੰਡਲ ਦੀ ਰਿਪੋਰਟ ਮੁਤਾਬਕ ਪਹਿਲਾਂ ਸ਼ਰਧਾਲੂਆਂ ਲਈ ਇੱਕ ਦੂਰਬੀਨ ਲਗਵਾਈ ਸੀ ਤੇ ਬਾਅਦ ’ਚ ਦੋ ਦੂਰਬੀਨਾਂ ਪੰਜਾਬ ਸਰਕਾਰ ਨੇ ਲਗਵਾਈਆਂ ਸਨ।
    ਹੁਣ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਦਾ ਕਹਿਣਾ ਹੈ ਕਿ ਜਦੋਂ ਤੱਕ ਕਰਤਾਰਪੁਰ ਸਾਹਿਬ ਦਾ ਲਾਂਘਾ ਤਿਆਰ ਨਹੀਂ ਹੋ ਜਾਂਦਾ, ਤਦ ਤੱਕ ਇਹ ਦੂਰਬੀਨਾਂ ਲੱਗੀਆਂ ਰਹਿਣ ਦੇਣੀਆਂ ਚਾਹੀਦੀਆਂ ਹਨ। ਇਨ੍ਹਾਂ ਦੂਰਬੀਨਾਂ ਦੀ ਮਦਦ ਨਾਲ ਗੁਰੂਘਰ ਦੇ ਦਰਸ਼ਨ ਬਹੁਤ ਵਧੀਆ ਢੰਗ ਨਾਲ ਹੋ ਜਾਂਦੇ ਸਨ ਪਰ ਹੁਣ ਔਖਾ ਹੋ ਗਿਆ ਹੈ।

    ਨਵਾਂ ਸ਼ਹਿਰ - ਨਵਾਂ ਸ਼ਹਿਰ ਅਦਾਲਤ ਨੇ ਇਕ ਵੱਡਾ ਫੈਂਸਲਾ ਸੁਣਾਉਂਦਿਆਂ ਸੋਸ਼ਲ ਮੀਡੀਆ 'ਤੇ ਸਿੱਖ ਹੱਕਾਂ ਦੀ ਗੱਲ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤੇ ਗਏ ਤਿੰਨ ਸਿੱਖ ਨੌਜਵਾਨਾਂ ਦੇ ਮਾਮਲੇ 'ਚ ਸਜ਼ਾ ਸੁਣਾਉਂਦਿਆਂ ਉਮਰ ਕੈਦ ਦੀ ਸਜ਼ਾ ਦਾ ਐਲਾਨ ਕੀਤਾ ਹੈ। ਤਿੰਨ ਸਿੱਖ ਨੌਜਵਾਨਾਂ ਅਰਵਿੰਦਰ ਸਿੰਘ, ਸੁਰਜੀਤ ਸਿੰਘ ਤੇ ਰਣਜੀਤ ਸਿੰਘ ਨੂੰ ਭਾਰਤ ਖਿਲਾਫ ਜੰਗ ਛੇੜਨ ਦਾ ਦੋਸ਼ੀ ਐਲਾਨ ਦਿੱਤਾ ਗਿਆ ਸੀ। ਨਾਭਾ ਜੇਲ੍ਹ ਵਿੱਚ ਨਜ਼ਰਬੰਦ ਇਨ੍ਹਾਂ ਸਿੱਖ ਨੌਜਵਾਨਾਂ ਨੂੰ ਨਵਾਂ ਸ਼ਹਿਰ ਅਦਾਲਤ ਵਿਚ 31 ਜਨਵਰੀ ਨੂੰ ਐਡੀਸ਼ਨਲ ਸੈਸ਼ਨ ਜੱਜ ਰਣਧੀਰ ਵਰਮਾ ਨੇ ਯੂਏਪੀਏ ਦੀਆਂ ਧਾਰਾਵਾਂ ਹਟਾ ਕੇ ਆਈਪੀਸੀ ਦੀ ਧਾਰਾ 121, 121-ਏ ਅਧੀਨ ਦੇਸ਼ ਖਿਲਾਫ ਜੰਗ ਛੇੜਨ ਦਾ ਦੋਸ਼ੀ ਐਲਾਨ ਦਿੱਤਾ ਸੀ ਤੇ ਸਜ਼ਾ ਦੇ ਐਲਾਨ ਲਈ 5 ਜਨਵਰੀ ਤਰੀਕ ਤੈਅ ਕੀਤੀ ਸੀ।
    ਜੱਜ ਨੇ ਸਜ਼ਾ ਦਾ ਐਲਾਨ ਕਰਦਿਆਂ ਤਿੰਨਾਂ ਨੌਜਵਾਨਾਂ ਨੂੰ ਉਪਰੋਕਤ ਧਾਰਾਵਾਂ ਅਧੀਨ ਕ੍ਰਮਵਾਰ 10 ਸਾਲ ਤੇ ਉਮਰ ਕੈਦ ਦੀ ਸਜ਼ਾ ਅਤੇ ਕ੍ਰਮਵਾਰ 1 ਲੱਖ ਤੇ 25000 ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ।
    ਜ਼ਿਕਰਯੋਗ ਹੈ ਕਿ ਇਨ੍ਹਾਂ ਨੌਜਵਾਨਾਂ ਨੂੰ 2016 ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਇਹਨਾਂ ਖਿਲਾਫ ਪੰਜਾਬ ਪੁਲਿਸ ਨੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਥਾਣਾ ਰਾਹੋਂ ਵਿਖੇ ਯੂਏਪੀਏ ਦੀ ਧਾਰਾ 10, 13 ਅਤੇ ਭਾਰਤੀ ਪੈਨਲ ਕੋਡ ਦੀ ਧਾਰਾ 121, 121-ਏ ਅਧੀਨ ਮਾਮਲਾ ਦਰਜ ਕੀਤਾ ਸੀ।
    ਗੌਰਤਲਬ ਹੈ ਕਿ ਸਾਰੀ ਜਾਂਚ ਵਿਚ ਇਹਨਾਂ ਨੌਜਵਾਨਾਂ ਕੋਲੋਂ ਪੁਲਿਸ ਨੂੰ ਕਿਸੇ ਵੀ ਤਰ੍ਹਾਂ ਦੇ ਅਸਲੇ, ਵਿਸਫੋਟਕ ਸਮਗਰੀ ਜਾ ਹਥਿਆਰਾਂ ਦੀ ਬਰਾਮਦਗੀ ਨਹੀਂ ਹੋਈ। ਮਹਿਜ਼ ਸੋਸ਼ਲ ਮੀਡੀਆ 'ਤੇ ਸਿੱਖ ਹੱਕਾਂ ਦੀ ਗੱਲ ਕਰਨ ਨੂੰ ਅਧਾਰ ਬਣਾ ਕੇ ਇਹਨਾਂ ਨੌਜਵਾਨਾਂ ਨੂੰ ਉਪਰੋਕਤ ਸੰਗੀਨ ਧਾਰਾਵਾਂ ਵਿਚ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ।
    ਭਾਰਤੀ ਅਦਾਲਤ ਦੇ ਇਸ ਫੈਂਸਲੇ ਨੂੰ ਮਨੁੱਖੀ ਹੱਕਾਂ ਦੀ ਧਾਰਨਾ ਦੇ ਖਿਲਾਫ ਮੰਨਿਆ ਜਾ ਰਿਹਾ ਹੈ। ਦੁਨੀਆ ਵਿਚ ਹਰ ਮਨੁੱਖ ਨੂੰ ਆਪਣੀ ਗੱਲ ਕਹਿਣ ਤੇ ਆਪਣੀਆਂ ਭਾਵਨਾਵਾਂ ਦੇ ਸ਼ਾਂਤਮਈ ਪ੍ਰਗਟਾਵੇ ਦਾ ਹੱਕ ਹੈ ਤੇ ਇਹ ਹਰ ਇਨਸਾਨ ਨੂੰ ਮਿਲੇ ਹੋਏ ਮੁੱਢਲੇ ਹੱਕ ਮੰਨੇ ਜਾਂਦੇ ਹਨ।

    ਸ਼੍ਰੋਮਣੀ ਕਮੇਟੀ ਨੂੰ ਇੰਝ ਚਲਾ ਰਿਹਾ ਬਾਦਲ ਪਰਿਵਾਰ, ਅੰਦਰਲੇ ਭੇਤੀ ਨੇ ਖੋਲ੍ਹੀ ਪੋਲ, ਡੇਰਾ ਮੁਖੀ ਦੀ ਮੁਆਫੀ ਬਾਰੇ ਵੱਡਾ ਖ਼ੁਲਾਸਾ
    ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਰਹੇ ਕੁਲਵੰਤ ਸਿੰਘ ਰੰਧਾਵਾ ਨੇ ‘ਏਬੀਪੀ ਸਾਂਝਾ’ ਨਾਲ ਗੱਲਬਾਤ ਕਰਦਿਆਂ ਬਾਦਲ ਪਰਿਵਾਰ ’ਤੇ ਸ਼੍ਰੋਮਣੀ ਕਮੇਟੀ ਵਿੱਚ ਖੁੱਲ੍ਹ ਕੇ ਦਖਲਅੰਦਾਜ਼ੀ ਕਰਨ ਦੇ ਇਲਜ਼ਾਮ ਲਾਏ। ਉਨ੍ਹਾਂ ਕਿਹਾ ਕਿ ਜੇਕਰ ਬਾਦਲ ਪਰਿਵਾਰ ਸ਼੍ਰੋਮਣੀ ਕਮੇਟੀ ਵਿੱਚ ਦਖ਼ਲ ਦੇਣਾ ਬੰਦ ਕਰ ਦੇਵੇ ਤਾਂ ਇਸ ਨਾਲ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ, ਦੋਵਾਂ ਦਾ ਭਲਾ ਹੋਏਗਾ। ਰੰਧਾਵਾ ਨੇ ਹਾਲ ਹੀ ਵਿੱਚ ਆਪਣੀ ਕਿਤਾਬ 'ਸਚੁ ਸੁਣਾਇਸੀ ਸੱਚ ਕੀ ਬੇਲਾ' ਰਿਲੀਜ਼ ਕੀਤੀ ਹੈ ਜਿਸ ਵਿੱਚ ਉਨ੍ਹਾਂ ਬਾਦਲ ਪਰਿਵਾਰ ਬਾਰੇ ਕਈ ਖ਼ੁਲਾਸੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਬਾਦਲ ਨੇ ਆਪਣੀ ਕੋਠੀ 'ਚ ਜਥੇਦਾਰਾਂ ਨੂੰ ਸੱਦ ਕੇ ਡੇਰਾ ਮੁਖੀ ਨੂੰ ਮੁਆਫ਼ੀ ਦਿਵਾਈ ਸੀ।
    ਕੁਲਵੰਤ ਸਿੰਘ ਰੰਧਾਵਾ ਨੇ ਦੱਸਿਆ ਕਿ ਬਾਦਲਾਂ ਨੇ ਸਿਆਸੀ ਮਕਸਦ ਲਈ ਅਰਬਾਂ ਰੁਪਏ ਵਰਤੇ। ਮੌਜੂਦਾ ਸਮੇਂ ਸ਼੍ਰੋਮਣੀ ਕਮੇਟੀ ਦੇ ਫੰਡਾਂ ਦੀ ਵੱਡੇ ਪੱਧਰ 'ਤੇ ਸਿਆਸੀ ਵਰਤੋਂ ਹੋ ਰਹੀ ਹੈ। ਇਸ ਸਬੰਧੀ ਉਨ੍ਹਾਂ ਪੁਖਤਾ ਸਬੂਤ ਹੋਣ ਦਾ ਦਾਅਵਾ ਵੀ ਕੀਤਾ। ਸ਼੍ਰੋਮਣੀ ਕਮੇਟੀ 'ਚ ਵੀ ਬਾਦਲ ਪਰਿਵਾਰ ਦੀ ਸਿੱਧੀ ਦਖ਼ਲਅੰਦਾਜ਼ੀ ਹੈ। ਸੁਖਬੀਰ ਬਾਦਲ ਦੀ ਮਰਜ਼ੀ ਬਗੈਰ ਸ਼੍ਰੋਮਣੀ ਕਮੇਟੀ 'ਚ ਪੱਤਾ ਵੀ ਨਹੀਂ ਹਿੱਲਦਾ। ਉਨ੍ਹਾਂ ਕਿਹਾ ਕਿ ਗੁਰਚਰਨ ਸਿੰਘ ਟੌਹੜਾ ਦੇ ਪ੍ਰਧਾਨ ਹੁੰਦਿਆਂ ਬਾਦਲਾਂ ਨੇ ਕਦੇ ਦਖ਼ਲ ਨਹੀਂ ਦਿੱਤਾ ਪਰ ਹੁਣ ਸਮੁੱਚੀ ਸ਼੍ਰੋਮਣੀ ਕਮੇਟੀ ਬਾਦਲਾਂ ਦੀ ਅਗਵਾਈ ਹੇਠ ਚੱਲਦੀ ਹੈ। ਇੱਥੋਂ ਤਕ ਕਿ ਕਿਸੇ ਸੇਵਾਦਾਰ ਦੀ ਬਦਲੀ ਵੀ ਸੁਖਬੀਰ ਬਾਦਲ ਨੂੰ ਪੁੱਛੇ ਬਿਨਾਂ ਨਹੀਂ ਹੁੰਦੀ।
    ਉਨ੍ਹਾਂ ਦੱਸਿਆ ਕਿ ਆਰਐਸਐਸ ਤੇ ਬੀਜੇਪੀ ਦਾ ਸ਼੍ਰੋਮਣੀ ਕਮੇਟੀ 'ਚ ਸਿੱਧਾ ਦਖ਼ਲ ਹੈ। 2011 'ਚ ਸ਼੍ਰੋਮਣੀ ਕਮੇਟੀ ਚੋਣਾਂ 'ਚ ਬਾਦਲਾਂ ਨੇ ਧੱਕੇ ਨਾਲ ਆਪਣੇ ਮੈਂਬਰ ਜਿਤਾਏ। ਬਾਦਲਾਂ ਨੇ 2017 'ਚ ਹੋਣ ਵਾਲੀ ਸ਼੍ਰੋਮਣੀ ਕਮੇਟੀ ਚੋਣ 'ਤੇ ਵੀ ਰੋਕ ਲਵਾਈ। ਆਰਐਸਐਸ ਦੇ ਇਸ਼ਾਰੇ 'ਤੇ ਬਾਦਲਾਂ ਨੇ ਨਾਨਕਸ਼ਾਹੀ ਕੈਲੰਡਰ ਤਬਦੀਲ ਕੀਤਾ ਤੇ ਸਿੱਖ ਕੌਮ ਨੂੰ ਦੋ ਹਿੱਸਿਆ 'ਚ ਵੰਡਿਆ ਗਿਆ। ਸ਼੍ਰੋਮਣੀ ਕਮੇਟੀ 'ਚ ਬੇਲੋੜੇ ਮੁਲਾਜ਼ਮਾਂ ਦੀ ਭਰਤੀ ਕੀਤੀ ਹੈ। ਕਰੋੜਾਂ ਰੁਪਏ ਟਰੱਸਟਾਂ ਲਈ ਜਾਰੀ ਕੀਤੇ ਜਾ ਰਹੇ ਹਨ। ਵਿਰੋਧੀ ਧਿਰ ਦੀ ਸ਼੍ਰੋਮਣੀ ਕਮੇਟੀ 'ਚ ਕੋਈ ਸੁਣਵਾਈ ਨਹੀਂ ਹੁੰਦੀ। 'ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ' ਦਾ ਵੀ ਸਿਆਸੀਕਰਨ ਹੋਇਆ ਹੈ।
    ਇਸ ਤੋਂ ਇਲਾਵਾ ਡੇਰਾ ਮੁਖ਼ੀ ਰਾਮ ਰਹੀਮ ਨੂੰ ਦਿੱਤੀ ਮੁਆਫ਼ੀ ਬਾਰੇ ਉਨ੍ਹਾਂ ਖ਼ੁਲਾਸਾ ਕੀਤਾ ਕਿ ਮਾਫੀ 'ਚ ਬਾਦਲਾਂ ਦੀ ਵੱਡੀ ਭੂਮਿਕਾ ਰਹੀ। ਬਾਦਲ ਨੇ ਆਪਣੀ ਕੋਠੀ 'ਚ ਜਥੇਦਾਰਾਂ ਨੂੰ ਸੱਦ ਕੇ ਡੇਰਾ ਮੁਖੀ ਨੂੰ ਮੁਆਫ਼ੀ ਦਿਵਾਈ। ਸ਼੍ਰੋਮਣੀ ਕਮੇਟੀ 'ਚ ਬਾਦਲ ਤੇ ਟੌਹੜਾ ਦੇ ਦੋ ਵੱਖ-ਵੱਖ ਗਰੁੱਪ ਸਨ। ਬਾਦਲ ਤੇ ਟੌਹੜਾ ਗਰੁੱਪ 'ਚ ਕਾਫੀ ਖਿੱਚੋਤਾਣ ਚੱਲ ਰਹੀ ਸੀ। ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਟੌਹੜਾ ਤੇ ਬਾਦਲ ਦੀ ਸੁਲ੍ਹਾ-ਸਫ਼ਾਈ ਕਰਵਾਈ। ਉਨ੍ਹਾਂ ਦੱਸਿਆ ਕਿ ਬਾਦਲ ਨੇ ਤਾਕਤ ਦੀ ਵਰਤੋਂ ਕਰਕੇ ਜਥੇਦਾਰ ਰਣਜੀਤ ਸਿੰਘ ਨੂੰ ਮੁਅੱਤਲ ਕਰਾਇਆ ਤੇ ਰਣਜੀਤ ਸਿੰਘ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੀ ਸਿਕਿਓਰਟੀ ਵੀ ਵਾਪਸ ਲਈ।

    ਜਲੰਧਰ - ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਸਾਬਕਾ ਵਿਧਾਇਕ ਬੀਰ ਦੇਵਿੰਦਰ ਸਿੰਘ ਅੱਜ ਰਸਮੀ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਿੱਚ ਸ਼ਾਮਲ ਹੋ ਗਏ। ਅੱਜ ਜਲੰਧਰ ਦੇ ਪ੍ਰੈੱਸ ਕਲੱਬ ਵਿੱਚ ਸ੍ਰੀ ਬੀਰ ਦੇਵਿੰਦਰ ਸਿੰਘ ਦਾ ਸੁਆਗਤ ਕਰਨ ਲਈ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਮੌਜੂਦ ਸਨ।
    ਸ੍ਰੀ ਬੀਰ ਦੇਵਿੰਦਰ ਸਿੰਘ ਬਾਰੇ ਮਸ਼ਹੂਰ ਹੈ ਕਿ ਜੋ ਉਨ੍ਹਾਂ ਦੇ ਦਿਲ ਵਿੱਚ ਹੈ, ਉਹੀ ਉਨ੍ਹਾਂ ਦੇ ਜ਼ੁਬਾਨ ’ਵੀ ਹੁੰਦਾ ਹੈ। ਇਸੇ ਲਈ ਬਹੁਤ ਸਾਰੇ ਆਗੂਆਂ ਨੂੰ ਉਹ ਚੰਗੇ ਨਹੀਂ ਲੱਗਦੇ। ਸ਼ਾਇਦ ਇਸੇ ਕਰਕੇ ਉਨ੍ਹਾਂ ਦੀ ਕਦੇ ਕੈਪਟਨ ਅਮਰਿੰਦਰ ਸਿੰਘ ਨਾਲ ਕਦੇ ਨਹੀਂ ਬਣੀ ਤੇ ਉਨ੍ਹਾਂ ਨੂੰ ਕਾਂਗਰਸ ਪਾਰਟੀ ਨੂੰ ਅਲਵਿਦਾ ਆਖਣਾ ਪਿਆ।
    ਉਨ੍ਹਾਂ ਨੇ 1967 ’ਚ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਦਾ ਅਹੁਦਾ ਸੰਭਾਲਣ ਦੇ ਨਾਲ ਸਿਆਸਤ ਵਿੱਚ ਪੈਰ ਧਰਿਆ ਸੀ। ਉਹ 1980 ਵਿੱਚ ਸਰਹਿੰਦ ਤੇ 2002 ਵਿੱਚ ਖਰੜ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਇਸ ਵੇਲੇ ਖ਼ਲਾਅ ਹੈ, ਜਿਸ ਨੂੰ ਪੂਰਨ ਲਈ ਉਹ ਟਕਸਾਲੀ ਦਲ ਵਿੱਚ ਸ਼ਾਮਲ ਹੋਏ ਹਨ।
    ਸੂਤਰਾਂ ਦੀਆਂ ਕਨਸੋਆਂ ਕੁਝ ਅਜਿਹੀਆਂ ਵੀ ਹਨ ਕਿ ਸ੍ਰੀ ਬੀਰ ਦਵਿੰਦਰ ਸਿੰਘ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਉਮੀਦਵਾਰ ਹੋ ਸਕਦੇ ਹਨ।

    ਨਵੀਂ ਦਿੱਲੀ - ਕੋਲਕਾਤਾ ਦੇ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਨੂੰ ਲੈ ਕੇ ਮੰਗਲਵਾਰ ਨੂੰ ਆਏ ਸੁਪਰੀਮ ਕੋਰਟ ਦੇ ਆਦੇਸ਼ ਉਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਦੇਸ਼ ਬੰਦੂਕ ਅਤੇ ਗਊਂ ਰਾਖਿਆ ਦੇ ਜੋਰ ਉਤੇ ਨਹੀਂ ਚਲ ਸਕਦਾ।
    ਮਮਤਾ ਬੈਨਰਜੀ ਨੇ ਸੁਪਰੀਮ ਕੋਰਟ ਦੇ ਆਦੇਸ਼ ਨੂੰ ਆਪਣੀ ‘ਨੈਤਿਕ ਜਿੱਤ’ ਦੱਸਿਆ ਜਿਸ ਵਿਚ ਜਾਂਚ ਦੌਰਾਨ ਕੋਲਕਾਤਾ ਪੁਲਿਸ ਪ੍ਰਮੁੱਖ ਰਾਜੀਵ ਕੁਮਾਰ ਦੀ ਗ੍ਰਿਫਤਾਰੀ ਸਮੇਤ ਕੋਈ ਵੀ ਸਜ਼ਾ ਵਾਲੀ ਕਾਰਵਾਈ ਨਾ ਕਰਨ ਦੇ ਹੁਕਮ ਦਿੱਤੇ ਗਏ ਹਨ।
    ਮਮਤਾ ਬੈਨਰਜੀ ਨੇ ਮੱਧ ਕੋਲਕਾਤਾ ਵਿਚ ਧਰਨਾ ਸਥਾਨ ਉਤੇ ਪੱਤਰਕਾਰਾਂ ਨੂੰ ਕਿਹਾ ਕਿ ਸੁਪਰੀਮ ਕੋਰਟ ਦਾ ਆਦੇਸ਼ ਆਮ ਆਦਮੀ, ਲੋਕਤੰਤਰ ਤੇ ਸੰਵਿਧਾਨ ਦੀ ਜਿੱਤ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸਦੇ ਪਿੱਛੇ ਜ਼ਰੂਰ ਕੋਈ ਕਹਾਣੀ ਹੈ। ਕੋਈ ਵੀ ਮੋਦੀ (ਪ੍ਰਧਾਨ ਮੰਤਰੀ ਨਰਿੰਦਰ ਮੋਦੀ) ਦੇ ਖਿਲਾਫ ਬੋਲਦ ਦੀ ਹਿੰਮਤ ਨਹੀਂ ਕਰ ਸਕਦਾ। ਇਹ ਸਾਡਾ ਜਨ ਅੰਦੋਲਨ ਹੈ ਅਤੇ ਅਸੀਂ ਇਕਜੁੱਟ ਹੋ ਕੇ ਇਸ ਨੂੰ ਲੜਾਂਗੇ।
    ਬੈਨਰਜੀ ਨੇ ਕਿਹਾ ਕਿ ਅਸੀਂ ਹਮੇਸ਼ਾਂ ਕਾਨੂੰਨ ਦਾ ਸਨਮਾਨ ਕਰਦੇ ਹੋਏ ਅਤੇ ਮੰਨਦੇ ਹਨ ਕਿ ਚੀਜਾਂ ਕਾਨੂੰਨ ਮੁਤਾਬਕ ਹੋਣੀਆਂ ਚਾਹੀਦੀਆਂ ਹਨ। ਪ੍ਰੰਤੂ ਜੇਕਰ ਕੋਈ ਲੋਕਤੰਤਰ ਦੇ ਸੰਤਭਾਂ ਨੂੰ ਬਰਬਾਦ ਕਰਨ ਦਾ ਯਤਨ ਕਰੇਗਾ ਤਾਂ ਲੋਕਤੰਤਰਿਕ ਪ੍ਰਕਿਰਿਆ ਦੇ ਨਾਮ ਉਤੇ ਕੁਝ ਨਹੀਂ ਬਚੇਗਾ ਜਿਸ ਉਤੇ ਅਸੀਂ ਮਾਣ ਕਰਦੇ ਹਾਂ।
    ਉਨ੍ਹਾਂ ਕਿਹਾ ਕਿ ਅਸੀਂ ਉਚਤਮ ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ। ਇਹ ਬਿਲਕੁਲ ਸਹੀ ਹੈ। ਸਾਡਾ ਮਾਮਲਾ ਬਹੁਤ ਮਜ਼ਬੂਤ ਹੈ। ਅਸੀਂ ਕਦੇ ਨਹੀਂ ਕਿਹਾ ਕਿ ਅਸੀਂ ਸਹਿਯੋਗ ਨਹੀਂ ਕਰਾਂਗੇ। ਇਹ ਰਾਜਨੀਤਿਕ ਬਦਲਾ ਹੈ।
    ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ, ਤੇਦੇਪਾ ਪ੍ਰਮੁੱਖ ਚੰਦਰਬਾਬੂ ਨਾਇਡੂ, ਰਾਜਦ ਦੇ ਤੇਜਸਵੀ ਯਾਦਵ ਸਮੇਤ ਕਈ ਹੋਰ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਵੀ ਬੈਨਰਜੀ ਦੇ ਪ੍ਰਦਰਸ਼ਨ ਨੂੰ ਸਮਰਥਨ ਦਿੱਤਾ ਹੈ।

    ਮਾਸਟਰ ਸੰਜੀਵ ਧਰਮਾਣੀ , ਸ੍ਰੀ ਆਨੰਦਪੁਰ ਸਾਹਿਬ ।
    9478561356
    ਪੰਜਾਬੀ ਲੋਕ ਸੰਗੀਤ ਵਿੱਚ ਤੂੰਬੇ ਦੀ ਖ਼ਾਸ ਅਤੇ ਵਿਸ਼ੇਸ਼ ਥਾਂ ਰਹੀ ਹੈ । ਤੂੰਬੇ ਨੂੰ ਘੁੰਮਚੂ ਅਤੇ ਤੁਨਤੁਨਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਰਿਹਾ ਹੈ । ਪ੍ਰਾਚੀਨ ਭਾਰਤੀ ਸਾਜ਼ਾਂ ਵਿੱਚ ਤੂੰਬੇ ਦੀ ਆਪਣੀ ਵਿਸ਼ੇਸ਼ ਥਾਂ ਹੈ । ਜਦੋਂ ਤੂੰਬੇ ਦਾ ਪ੍ਰਯੋਗ ਬੋਲੀਆਂ ਜਾਂ ਲੋਕ ਗੀਤਾਂ ਨਾਲ ਹੁੰਦਾ ਹੈ ਤਾਂ ਇਹ ਸੁਣਨ ਵਿੱਚ ਬਹੁਤ ਆਨੰਦਦਾਇਕ , ਮਿੱਠਾ ਅਤੇ ਮਨਮੋਹਕ ਲੱਗਦਾ ਹੈ । ਸੰਗੀਤ ਦੀ ਦੁਨੀਆਂ ਵਿੱਚ ਢੋਲ ਅਤੇ ਤੂੰਬੇ ਜਾਂ ਅਲਗੋਜ਼ੇ ਅਤੇ ਤੂੰਬੇ ਦਾ ਮੇਲ ਇੱਕ ਵੱਖਰੀ ਹੀ ਦਿੱਖ , ਸੁਰ ਤੇ ਆਨੰਦ ਪ੍ਰਦਾਨ ਕਰ ਜਾਂਦੇ ਹਨ । ਮੇਲਿਆਂ , ਸਟੇਜਾਂ , ਸੱਥਾਂ , ਲੋਕ ਗੀਤਾਂ , ਭੰਗੜਿਆਂ , ਗਿੱਧਿਆਂ , ਬੋਲੀਆਂ ਅਤੇ ਖੁਸ਼ੀਆਂ - ਖੇੜਿਆਂ ਦੀ ਰੌਣਕ ਜੋ ਤੂੰਬੇ ਨਾਲ ਹੁੰਦੀ ਹੈ , ਉਸ ਦੀ ਕੋਈ ਰੀਸ ਨਹੀਂ ਹੋ ਸਕਦੀ । ਤੂੰਬੇ ਨੂੰ " ਸਾਈਆਂ ਦਾ ਗਹਿਣਾ " ਜਾਂ " ਮਾਈ ਦਾ ਸਾਜ਼ " ਨਾਵਾਂ ਨਾਲ ਵੀ ਮਾਣ ਸਤਿਕਾਰ ਦਿੱਤਾ ਗਿਆ ਹੈ ਅਤੇ ਨਿਵਾਜਿਆ ਗਿਆ ਹੈ । ਤੂੰਬਾ ਮਨ ਦੀਆਂ ਤਰੰਗਾਂ ਦੀ ਲਿਵ ਸਾਈਂ ( ਪਰਮਾਤਮਾ ) ਦੇ ਨਾਲ ਜੋੜਨ ਦਾ ਕੰਮ ਕਰਦਾ ਹੈ ।

    ਜਲੰਧਰ - ਸਰਬੱਤ ਖ਼ਾਲਸਾ ਵੱਲੋਂ ਥਾਪੇ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਨੇ ਜਥੇਦਾਰ ਧਿਆਨ ਸਿੰਘ ਮੰਡ, ਜਥੇਦਾਰ ਬਲਜੀਤ ਸਿੰਘ ਦਾਦੂਵਾਲ ਤੇ ਜਥੇਦਾਰ ਅਮਰੀਕ ਸਿੰਘ ਅਜਨਾਲਾ ਨੂੰ ਸਿੱਖ ਪੰਥ ਲਈ ਕੀਤੇ ਜਾਣ ਵਾਲੇ ਸੰਘਰਸ਼ਾਂ ਤੋਂ ਲਾਂਭੇ ਕਰ ਦਿੱਤਾ ਹੈ। ਇਹ ਫ਼ੈਸਲਾ  ਇੱਥੇ ਗੁਰੂ ਤੇਗ ਬਹਾਦਰ ਨਗਰ ਵਿਚਲੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਮੀਟਿੰਗ ਦੌਰਾਨ ਕੀਤਾ ਗਿਆ। ਇਸ ਪੰਜ ਮੈਂਬਰੀ ਕਮੇਟੀ ਵਿੱਚੋਂ ਚਾਰ ਮੈਂਬਰ ਹਾਜ਼ਰ ਸਨ। ਇਨ੍ਹਾਂ ਵਿਚ ਭਾਈ ਅਮਰ ਸਿੰਘ ਚਾਹਲ, ਭਾਈ ਨਰਾਇਣ ਸਿੰਘ ਚੌੜਾ, ਪ੍ਰੋਫੈਸਰ ਬਲਜਿੰਦਰ ਸਿੰਘ ਤੇ ਮਾਸਟਰ ਸੰਤੋਖ ਸਿੰਘ ਦਾਬਾਂਵਾਲਾ ਹਾਜ਼ਰ ਹੋਏ, ਜਦੋਂਕਿ ਜਸਪਾਲ ਸਿੰਘ ਹੇਰਾਂ ਕਿਸੇ ਕਾਰਨ ਨਹੀਂ ਆ ਸਕੇ।
    ਮੀਟਿੰਗ ਤੋਂ ਬਾਅਦ ਕਮੇਟੀ ਮੈਂਬਰ ਨੇ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਜਥੇਦਾਰ ਧਿਆਨ ਸਿੰਘ ਮੰਡ, ਜਥੇਦਾਰ ਬਲਜੀਤ ਸਿੰਘ ਦਾਦੂਵਾਲ ਤੇ ਜਥੇਦਾਰ ਅਮਰੀਕ ਸਿੰਘ ਅਜਨਾਲਾ ਨੇ ਸਿੱਖ ਕੌਮ ਨੂੰ ਨਿਰਾਸ਼ ਕੀਤਾ ਹੈ। ਉਨ੍ਹਾਂ ਕਿਹਾ ਮੀਟਿੰਗ ਵਿਚ ਸਾਰੇ ਮੈਂਬਰਾਂ ਨੇ ਇੱਕਮੱਤ ਹੁੰਦਿਆਂ ਇਨ੍ਹਾਂ ਜਥੇਦਾਰਾਂ ਨੂੰ ਪੰਥਕ ਸੰਘਰਸ਼ਾਂ ਤੋਂ ਦੂਰ ਰੱਖਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਇਨ੍ਹਾਂ ਜਥੇਦਾਰਾਂ ਦੀ ਆਪਸ ਵਿਚ ਬਣਦੀ ਨਹੀਂ ਸੀ, ਇਸੇ ਕਰ ਕੇ ਇਹ ਫ਼ੈਸਲਾ ਕਰਨਾ ਪਿਆ। ਪੰਜਾਬ ਸਰਕਾਰ ਨੂੰ 15 ਫਰਵਰੀ ਤੱਕ ਦਾ ਅਲਟੀਮੇਟਮ ਪਹਿਲਾਂ ਹੀ ਦਿੱਤਾ ਹੋਇਆ ਹੈ। ਉਸ ਤੋਂ ਬਾਅਦ ਐਲਾਨੇ ਜਾਣ ਵਾਲੇ ਸੰਘਰਸ਼ ਦੀ ਅਗਵਾਈ ਉਕਤ ਜਥੇਦਾਰ ਨਹੀਂ ਕਰਨਗੇ।
    ਉਨ੍ਹਾਂ ਦੱਸਿਆ ਕਿ ਜਦੋਂ ਤੱਕ ਬਰਗਾੜੀ ਤੇ ਬਹਿਬਲ ਕਲਾਂ ਕਾਂਡ ਦੇ ਅਸਲ ਦੋਸ਼ੀ ਨਹੀਂ ਫੜੇ ਜਾਂਦੇ, ਉਦੋਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਮੋਗੇ ਦੇ ਐੱਸਐੱਸਪੀ ਰਹੇ ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿਹਾ ਗੋਲੀ ਚਲਾਉਣ ਦੇ ਹੁਕਮ ਉਸ ਦੇ ਇੱਕਲੇ ਦੇ ਨਹੀਂ ਹੋ ਸਕਦੇ। ਜਦੋਂ ਤੱਕ ਬਾਕੀਆਂ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ, ਉਦੋਂ ਤੱਕ ਸੰਘਰਸ਼ ਮੱਠਾ ਨਹੀਂ ਪੈਣ ਦਿੱਤਾ ਜਾਵੇਗਾ।

    ਜਲੰਧਰ - ਨਕੋਦਰ ਵਿੱਚ 33 ਸਾਲ ਪਹਿਲਾਂ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਵਿਰੁੱਧ ਰੋਸ ਪ੍ਰਗਟਾ ਰਹੇ ਚਾਰ ਸਿੱਖ ਨੌਜਵਾਨਾਂ ਨੂੰ ਪੰਜਾਬ ਪੁਲੀਸ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਸੀ। ਇਸ ਘਟਨਾ ਵਿੱਚ ਸ਼ਹੀਦ ਹੋਏ ਸਿੱਖ ਨੌਜਵਾਨਾਂ ਵਿੱਚ ਭਾਈ ਰਵਿੰਦਰ ਸਿੰਘ ਲਿੱਤਰਾਂ, ਭਾਈ ਹਰਮਿੰਦਰ ਸਿੰਘ ਰਾਏਪੁਰ ਚਲੂਪਰ, ਬਲਧੀਰ ਸਿੰਘ ਰਾਮਗੜ੍ਹ ਅਤੇ ਭਾਈ ਝਿਲਮਣ ਸਿੰਘ ਗੌਰਸੀਆਂ ਸ਼ਾਮਲ ਸਨ। ਇਨ੍ਹਾਂ ਨੌਜਵਾਨਾਂ ਦੇ ਪੀੜਤ ਪਰਿਵਾਰਾਂ ਵਿੱਚੋਂ ਬਲਦੇਵ ਸਿੰਘ ਲਿੱਤਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਗਸਤ 2018 ਵਿੱਚ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਜਨਤਕ ਕੀਤੀ ਜਾਵੇ ਤੇ ਕਸੂਰਵਾਰ ਪੁਲੀਸ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ। ਪਰ ਮੁੱਖ ਮੰਤਰੀ ਪੰਜਾਬ ਨੇ ਹਾਲੇ ਤੱਕ ਇਸ ਵਾਪਰੇ ਵੱਡੇ ਦੁਖਾਂਤ ਦਾ ਪੀੜਤ ਪਰਿਵਾਰ ਨੂੰ ਕੋਈ ਜਵਾਬ ਤੱਕ ਨਹੀਂ ਦਿੱਤਾ। ਕੈਨੇਡਾ ਤੋਂ ਆਪਣੇ ਪੁੱਤਰ ਰਵਿੰਦਰ ਸਿੰਘ ਸਮੇਤ ਚਾਰ ਸਿੱਖ ਨੌਜਵਾਨਾਂ ਦੀ 33 ਬਰਸੀ ਮਨਾਉਣ ਆਏ ਬਲਦੇਵ ਸਿੰਘ ਲਿੱਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ ਪੱਤਰ ਦਾ ਜਵਾਬ ਨਹੀਂ ਆਇਆ। ਉਨ੍ਹਾਂ ਦੱਸਿਆ ਕਿ 10 ਫਰਵਰੀ ਨੂੰ ਪਿੰਡ ਲਿੱਤਰਾਂ ਵਿੱਚ ਸ਼ਹੀਦੀ ਸਮਾਗਮ ਕੀਤਾ ਜਾਵੇਗਾ।
    ਜਾਣਕਾਰੀ ਅਨੁਸਾਰ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਵੀ ਇਸ ਮਾਮਲੇ ਬਾਰੇ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਸੀ। ਬਲਦੇਵ ਸਿੰਘ ਲਿੱਤਰਾਂ ਨੇ ਦੱਸਿਆ ਕਿ 1984 ਦੇ ਸਾਕਾ ਨੀਲਾ ਤਾਰਾ ਦੇ 20 ਮਹੀਨਿਆਂ ਬਾਅਦ ਹੀ ਸਿੱਖ ਧਰਮ ’ਤੇ ਇਹ ਦੂਜਾ ਵੱਡਾ ਹਮਲਾ ਸੀ ਜਦੋਂ ਨਕੋਦਰ ਦੇ ਗੁਰੂ ਘਰ ਵਿੱਚ ਪੰਜ ਬੀੜਾਂ ਸੜਨ ਦੀ ਘਟਨਾ ਵਾਪਰਦੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਬਰਗਾੜੀ ਵਿੱਚ ਸ਼ਾਂਤਮਈ ਰੋਸ ਪ੍ਰਗਟਾ ਰਹੇ ਸਿੱਖਾਂ ’ਤੇ ਪੁਲੀਸ ਨੇ ਗੋਲੀਆਂ ਚਲਾਈਆਂ ਸਨ, ਉਸੇ ਤਰ੍ਹਾਂ 33 ਸਾਲ ਪਹਿਲਾਂ ਵੀ ਨਕੋਦਰ ਵਿੱਚ ਸ਼ਾਂਤਮਈ ਰੋਸ ਪ੍ਰਗਟਾ ਰਹੀ ਸੰਗਤ ’ਤੇ ਗੋਲੀਆਂ ਚਲਾ ਕੇ ਚਾਰ ਸਿੱਖ ਨੌਜਵਾਨਾਂ ਨੂੰ ਸ਼ਹੀਦ ਕੀਤਾ ਸੀ। ਜਦੋਂ ਇਸ ਘਟਨਾ ਦੀ ਜਾਂਚ ਲਈ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਬਣਾਇਆ ਗਿਆ ਸੀ।
    ਜ਼ਿਕਰਯੋਗ ਹੈ ਕਿ ਨਕੋਦਰ ਦੇ 2 ਫਰਵਰੀ 1986 ਨੂੰ ਸ੍ਰੀ ਗੁਰੁ ਗ੍ਰੰਥ ਸਾਹਿਬ ਦੀਆਂ ਪੰਜ ਬੀੜਾਂ ਸਾੜੇ ਜਾਣ ਵਿਰੁੱਧ ਰੋਸ ਪ੍ਰਗਟਾ ਰਹੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਚਾਰ ਸਿੱਖ ਨੌਜਵਾਨ 4 ਫਰਵਰੀ 1986 ਨੂੰ ਪੁਲੀਸ ਦੀਆਂ ਗੋਲੀਆਂ ਨਾਲ ਮਾਰੇ ਗਏ ਸਨ। ਉਨ੍ਹਾਂ ਆਪਣੇ ਪੁੱਤ ਦੀ ਲਾਸ਼ ਨੂੰ ਸਿਵਲ ਹਸਪਤਾਲ ਨਕੋਦਰ ਆਪਣੇ ਅੱਖੀਂ ਦੇਖਿਆ ਸੀ ਤੇ ਲਾਸ਼ ਲੈਣ ਦੀ ਫਰਿਆਦ ਵੀ ਕੀਤੀ ਸੀ ਪਰ ਪੁਲੀਸ ਨੇ ਚਾਰੇ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਅਣਪਛਾਤੀਆਂ ਕਹਿ ਕੇ ਸਾੜ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਉਸੇ ਵੇਲੇ ਜਲੰਧਰ ਐੱਸਐੱਸਪੀ ਇਜ਼ਹਾਰ ਆਲਮ ਸਨ ਜਿਹੜੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਨ ਤੇ ਉਸ ਵੇਲੇ ਜਲੰਧਰ ਦੇ ਵਧੀਕ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੂ ਸਨ, ਜਿਨ੍ਹਾਂ ਨੇ ਉਦੋਂ ਮੌਕੇ ’ਤੇ ਘਟਨਾ ਦਾ ਜ਼ਾਇਜਾ ਲਿਆ ਸੀ। ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਐਸੰਬਲੀ ਦੀ ਚੋਣ ਲੜ ਚੁੱਕੇ ਹਨ ਤੇ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਹੁੰਦਿਆਂ ਹੋਇਆਂ ਉਹ ਉਨ੍ਹਾਂ ਦੇ ਪ੍ਰਿੰਸੀਪਲ ਸਕੱਤਰ ਵੀ ਰਹੇ ਸਨ।

    ਕੈਲੀਫੋਰਨੀਆ - ਅਮਰੀਕਾ ਵਿਚ ਵੱਸਦੇ ਸਿੱਖ ਭਾਈਚਾਰੇ ਲਈ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਕੋਲੀਫੌਰਨੀਆ ਵਿਚਲੀ ਯੁਨੀਵਰਸਿਟੀ ਆਫ ਕੈਲੀਫੌਰਨੀਆ ‘ਚ ਸਿੱਖ ਗਿਆਨ ਖੋਜ (ਸਿੱਖ ਸਟੱਡੀਜ਼) ਸੰਬੰਧੀ 2017 ਵਿਚ ਸਥਾਪਤ ਕੀਤੀ ਗਈ ਧੰਨ ਕੌਰ ਪ੍ਰੈਜੀਡੈਂਸ਼ੀਅਲ ਚੇਅਰ ਲਈ ਬੀਬੀ ਅਨੀਤ ਕੌਰ ਹੁੰਦਲ ਨੂੰ ਨਾਮਜਦ ਕੀਤਾ ਗਿਆ ਹੈ।
    ਬੀਬੀ ਅਨੀਤ ਕੌਰ ਹੁੰਦਲ ਪ੍ਰੈਜੀਡੈਂਸ਼ੀਅਲ ਚੇਅਰ ਅਤੇ ਕੈਲੀਫੌਰਨੀਆ ਯੁਨੀਵਰਸਿਟੀ ਇਰਵਿਨ ‘ਚ ਮਨੁੱਖੀ ਵਿਗਿਆਨ ਦੀ ਸਹਾਇਕ ਪ੍ਰੋਫੈਸਰ ਵਜੋਂ ਸਿੱਖ ਧਰਮ ਅਤੇ ਸਭਿਆਚਾਰ ਬਾਰੇ ਪੜ੍ਹਾਵੇਗੀ।
    ਅਮਰੀਕਾ ਵਿਚ ਪ੍ਰਵਾਸੀ ਸਮਾਜ ਦੇ ਮਨੁੱਖੀ ਹੱਕਾਂ ਦੇ ਮਸਲਿਆਂ ਦੇ ਨਾਲ-ਨਾਲ ਅਮਰੀਕਾ ਰਹਿੰਦੇ ਸਿੱਖਾਂ ਉੱਤੇ ਪੈਂਦੇ ਇਸਦੇ ਅਸਰ ਅਤੇ ਵੱਖੋ-ਵੱਖਰੀਆਂ ਸਮਾਜਕ ਚੁਣੌਤੀਆਂ ਬਾਰੇ ਗਿਆਨਪੂਰਨ ਸਮਝ ਵਿਕਸਤ ਕਰਨ ਲਈ ਖੌਜ ਕਾਰਜ ਕਰਨਾ ਅਨੀਤ ਕੌਰ ਹੁੰਦਲ ਦੀ ਮੁੱਖ ਜਿੰਮੇਵਾਰੀ ਹੋਵੇਗੀ।
    ਇਸ ਵੱਕਾਰੀ ਅਹੁਦੇ ਦੀ ਸਥਾਪਨਾ ਲਈ ਡਾ.ਹਰਵਿੰਦਰ ਸਿੰਘ ਸਹੋਤਾ ਅਤੇ ਆਸ਼ਾ ਸਹੋਤਾ ਨੇ ਵੱਡਮੁੱਲਾ ਯੋਗਦਾਨ ਪਾਇਆ ਸੀ।
    ਦਿੱਲ ਦੇ ਡਾਕਟਰ ਸ.ਹਰਵਿੰਦਰ ਸਿੰਘ ਸਹੋਤਾ ਨੇ ਦੱਸਿਆ ਕਿ ਇਸ ਚੇਅਰ ਦੀ ਸਥਾਪਨਾ ਨਾਲ ਸਾਨੂੰ ਆਸ ਹੈ ਕਿ ਅਮਰੀਕੀ ਭਾਈਚਾਰਾ ਸਿੱਖ ਧਰਮ ਅਤੇ ਸਭਿਆਚਾਰ ਬਾਰੇ ਗਹਿਰਾਈ ਨਾਲ ਸਮਝ ਸਕੇਗਾ ਇਸ ਨਾਲ ਅਮਰੀਕਾ ‘ਚ ਸਿੱਖ ਪਛਾਣ ਸੰਬੰਧੀ ਮੁਹਿੰਮ ਨੂੰ ਹੋਰ ਬਲ ਮਿਲੇਗਾ।

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com