ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਨਵੀਂ ਦਿੱਲੀ - ਹਰਰਸਿਮਰਤ ਕੌਰ ਬਾਦਲ ਦੇ ਘਰ ਪ੍ਰਧਾਨ ਮੰਤਰੀ ਸਮੇਤ ਕਈ ਦਿੱਗਜ ਪਹੁੰਚੇ ਪਰ ਇਹਨਾਂ ਚੋਂ ਖਾਸ ਹਾਜ਼ਰੀ ਰਹੀ ਡੇਰਾ ਰਾਧਾ ਸੁਆਮੀ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਰਹੀ ਹੈ। ਇਸਦੇ ਨਾਲ ਇਹ ਇੱਕ ਖਾਸ ਤਸਵੀਰ ਵੀ ਚਰਚਾ ਦਾ ਵਿਸ਼ਾ ਬਣ ਰਹੀ ਹੈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਡੇਰਾ ਰਾਧਾ ਸੁਆਮੀ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ, ਜਿਹੜੀ ਕਿ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣ ਰਹੀ ਹੈ।
    ਡੇਰਾ ਮੁਖੀ ਗੁਰਿੰਦਰ ਸਿੰਘ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਬਿਕਰਮ ਮਜੀਠੀਆ ਨਾਲ ਡੇਰਾ ਰਾਧਾ ਸੁਆਮੀ ਦੇ ਮੁਖੀ ਗੁਰਿੰਦਰ ਸਿੰਘ ਦੀ ਨੇੜਲੀ ਰਿਸ਼ਤੇਦਾਰੀ ਵੀ ਹੈ।
    ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਪੁਰਬ ਮੌਕੇ ਦੇਸ਼-ਦੁਨੀਆਂ ਵਿੱਚ ਰੌਣਕਾਂ ਹਨ ਤੇ ਦਿੱਲੀ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਘਰ ਵਿਖੇ ਗੁਰਪੁਰਬ ਸਮਾਗਮ ਉਲੀਕਿਆ ਜਿਸ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ। ਇਸ ਮੌਕੇ ਬਿਕਰਮ ਸਿੰਘ ਮਜੀਠੀਆ, ਸੁਖਬੀਰ ਬਾਦਲ, ਹਰਸਿਮਰਤ ਕੌਰ ਬਾਦਲ, ਮਨਜਿੰਦਰ ਸਿੰਘ ਸਿਰਸਾ ਵੀ ਮੌਜੂਦ ਸਨ। ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਆਪਣੀ ਪਤਨੀ ਨਾਲ ਇਸ ਸਮਾਗਮ ਵਿੱਚ ਮੌਜੂਦ ਰਹੇ।

    ਅੰਮਿ੍ਤਸਰ - ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤ ਸਰਕਾਰ ਵਲੋਂ ਸ੍ਰੀ ਕਰਤਾਰਪੁਰ ਸਾਹਿਬ-ਡੇਰਾ ਬਾਬਾ ਨਾਨਕ ਸਾਂਝੇ ਲਾਂਘੇ ਲਈ ਦਿੱਤੀ ਪ੍ਰਵਾਨਗੀ ਦਾ ਲਾਭ ਸਿਰਫ਼ ਉਹ ਹੀ ਲੋਕ ਲੈ ਸਕਣਗੇ ਜਿਨ੍ਹਾਂ ਦੇ ਕੋਲ ਪਾਸਪੋਰਟ ਹਨ, ਜਦ ਕਿ ਬਾਕੀ ਸੰਗਤ ਨੂੰ ਭਵਿੱਖ 'ਚ ਵੀ ਪੱਬਾਂ ਭਾਰ ਖੜ੍ਹੇ ਹੋ ਕੇ ਡੇਰਾ ਬਾਬਾ ਨਾਨਕ ਸੈਕਟਰ ਦੀ ਸਰਹੱਦੀ ਚੌਾਕੀ 'ਤੇ ਬਣਾਏ 'ਦਰਸ਼ਨ ਸਥਲ' ਦੇ ਮੁਕਾਮ ਤੋਂ ਹੀ ਦੂਰਬੀਨਾਂ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨੇ ਹੋਣਗੇ | ਭਾਵੇਂ ਕਿ ਬੀਤੇ ਦਿਨ ਕੇਂਦਰ ਸਰਕਾਰ ਨੇ ਡੇਰਾ ਬਾਬਾ ਨਾਨਕ ਤੋਂ ਲੈ ਕੇ ਅੰਤਰਰਾਸ਼ਟਰੀ ਸਰਹੱਦ ਤੱਕ ਕਰਤਾਰਪੁਰ ਲਾਂਘਾ ਬਣਾਉਣ ਦਾ ਐਲਾਨ ਕਰਕੇ ਇੱਕੋ ਹਲੇ ਵਿਸ਼ਵ ਭਰ ਦੇ ਸਿੱਖ ਭਾਈਚਾਰੇ ਦੀ ਵਾਹੋ-ਵਾਹੀ ਖੱਟ ਲਈ, ਪਰ ਉਹ ਸੰਗਤ ਜਿਨ੍ਹਾਂ ਦੇ ਪਾਸਪੋਰਟ ਨਹੀਂ ਹਨ, ਕੇਂਦਰ ਸਰਕਾਰ ਦੇ ਉਕਤ ਐਲਾਨ ਦੇ ਬਾਅਦ ਤੋਂ ਉਹ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੀ ਹੈ | ਕਿਉਂਕਿ ਵੱਡੀ ਗਿਣਤੀ 'ਚ ਗੁਰੂ ਨਾਨਕ ਨਾਮ ਲੇਵਾ ਸੰਗਤ ਸੰਨ 1947 ਦੇ ਬਾਅਦ ਤੋਂ ਦੋਵੇਂ ਪਾਸੇ ਦੀਆਂ ਸਰਕਾਰਾਂ ਤੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬਿਨਾਂ ਪਾਸਪੋਰਟ-ਵੀਜ਼ਾ ਦੇ ਇਕ ਸਾਂਝਾ ਲਾਂਘਾ ਬਣਾਏ ਜਾਣ ਦੀ ਮੰਗ ਕਰਦੀਆਂ ਆ ਰਹੀਆਂ ਸਨ |

    ਟੋਰਾਂਟੋ (ਸਤਪਾਲ ਸਿੰਘ ਜੌਹਲ) - ਕੈਨੇਡਾ 'ਚ ਬਰੈਂਪਟਨ ਈਸਟ ਹਲਕੇ ਤੋਂ ਮੈਂਬਰ ਪਾਰਲੀਮੈਂਟ ਰਾਜ ਗਰੇਵਾਲ ਨੇ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ | 33 ਸਾਲ ਦੇ ਨੌਜਵਾਨ ਸ. ਗਰੇਵਾਲ 2015 'ਚ ਹੋਈ ਚੋਣ 'ਚ ਲਿਬਰਲ ਪਾਰਟੀ ਦੇ ਉਮੀਦਵਾਰ ਵਜੋਂ ਜਿੱਤ ਕੇ ਪਹਿਲੀ ਵਾਰੀ ਕੈਨੇਡਾ ਦੀ ਪਾਰਲੀਮੈਂਟ 'ਚ ਮੈਂਬਰ ਵਜੋਂ ਪੁੱਜੇ ਸਨ ਅਤੇ ਲੋਕ ਮੁੱਦਿਆਂ ਉਪਰ ਸਖ਼ਤ ਮਿਹਨਤ ਨਾਲ਼ ਕੰਮ ਕਰਨ ਲਈ ਜਾਣੇ ਜਾਂਦੇ ਹਨ | ਉਨ੍ਹਾਂ ਨੇ ਆਪਣੇ ਅਸਤੀਫ਼ੇ ਦੇ ਨਿੱਜੀ ਅਤੇ ਮੈਡੀਕਲ ਕਾਰਨ ਦੱਸੇ ਹਨ ਪਰ ਬੀਤੇ ਕੱਲ੍ਹ ਫੇਸਬੁੱਕ ਰਾਹੀਂ ਕੀਤੇ ਗਏ ਹੈਰਾਨਕੁੰਨ ਐਲਾਨ 'ਚ ਆਪਣੀ ਸੀਟ ਛੱਡਣ ਦੀ ਤਰੀਕ ਨਹੀਂ ਦੱਸੀ ਜਦਕਿ ਲਿਬਰਲ ਪਾਰਟੀ ਵਲੋਂ ਉਨ੍ਹਾਂ ਨੂੰ 2019 ਦੀਆਂ ਆਮ ਚੋਣਾਂ 'ਚ ਬਰੈਂਪਟਨ ਈਸਟ ਤੋਂ ਉਮੀਦਵਾਰ ਵੀ ਐਲਾਨਿਆ ਹੋਇਆ ਹੈ | ਸ. ਗਰੇਵਾਲ ਮਾਰਚ 2018 'ਚ ਹਿੱਤਾਂ ਦੇ ਟਕਰਾਅ ਵਾਲ਼ੇ ਨਿਯਮਾਂ (ਕੰਫਲਿਕਟ ਆਫ ਇੰਟ੍ਰੱਸਟ ਕੋਡ) ਦੀ ਉਲੰਘਣਾ ਦੇ ਦੋਸ਼ਾਂ 'ਚ ਘਿਰ ਗਏ ਸਨ ਅਤੇ ਨਿਊ ਡੈਮੋਕ੍ਰੇਟਿਕ ਪਾਰਟੀ (ਐਨ.ਡੀ.ਪੀ.) ਦੇ ਐਮ.ਪੀ. ਚਾਰਲੀ ਐਾਗਸ ਦੀ ਸ਼ਿਕਾਇਤ ਮਗਰੋਂ ਮਈ 2018 'ਚ ਦੇਸ਼ ਦੇ ਏਥਿਕਸ ਕਮਿਸ਼ਨਰ ਮਾਰੀਓ ਡਿਓਾ ਨੇ ਮਾਮਲੇ ਦੀ ਪੜਤਾਲ ਆਰੰਭ ਕੀਤੀ ਸੀ | ਕਮਿਸ਼ਨਰ ਦੀ ਰਿਪੋਰਟ ਅਜੇ ਜਨਤਕ ਨਹੀਂ ਹੋਈ ਹੈ | ਫਰਵਰੀ 2018 'ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਸਮੇਂ ਸ. ਗਰੇਵਾਲ ਨੇ ਬਰੈਂਪਟਨ 'ਚ ਇਮਾਰਤਾਂ ਦੀ ਉਸਾਰੀ ਤੇ ਮੁਰੰਮਤ ਦੇ ਠੇਕੇਦਾਰ ਯੂਸਫ ਯੀਂਲਮੀਜ਼ ਨੂੰ ਮੁੰਬਈ ਤੇ ਨਵੀਂ ਦਿੱਲੀ ਵਿਖੇ ਹੋਈ ਰਿਸੈਪਸ਼ਨ ਪਾਰਟੀ 'ਚ ਸ਼ਾਮਿਲ ਹੋਣ ਲਈ ਸੱਦਾ ਦਿਵਾਇਆ ਸੀ ਜਦਕਿ ਨਿਯਮਾਂ ਅਨੁਸਾਰ ਅਜਿਹਾ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ (ਕਿੱਤੇ ਵਜੋਂ ਵਕੀਲ) ਸ. ਗਰੇਵਾਲ ਖੁਦ ਯੀਂਲਮੀਜ਼ ਦੀ ਜ਼ਜੇਮੀ ਗਰੁੱਪ ਆਫ ਕੰਪਨੀਜ਼ ਦੇ ਕਾਨੂੰਨੀ ਸਲਾਹਕਾਰ ਦੱਸੇ ਜਾਂਦੇ ਹਨ | ਪ੍ਰਧਾਨ ਮੰਤਰੀ ਸ੍ਰੀ ਟਰੂਡੋ ਦੇ ਦਫ਼ਤਰ ਤੋਂ ਚੰਟਾਲ ਗੇਗਨੋਂ ਨੇ ਮੀਡੀਆ ਕੋਲ ਮੰਨਿਆ ਸੀ ਕਿ ਸ. ਗਰੇਵਾਲ ਨੇ ਯੀਂਲਮੀਜ਼ ਨੂੰ ਰਿਸੈਪਸ਼ਨ ਦਾ ਸੱਦਾ ਦਿੱਤਾ ਸੀ |

    ਅੰਮ੍ਰਿਤਸਰ - ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਰਵਾਏ ਸਮਾਗਮ ਵਿੱਚ ਗੁਰਦੁਆਰਾ ਨਨਕਾਣਾ ਸਾਹਿਬ ਨੂੰ ਸਿੱਖ ਕੌਮ ਦਾ ਛੇਵਾਂ ਤਖ਼ਤ ਐਲਾਨਣ ਦੀ ਮੰਗ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਉਠਾਈ। ਸ੍ਰੀ ਸਰਨਾ ਅਤੇ ਉਨ੍ਹਾਂ ਦੇ ਭਰਾ ਹਰਵਿੰਦਰ ਸਿੰਘ ਸਰਨਾ ਗੁਰਪੁਰਬ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਗਏ ਹੋਏ ਹਨ।
    ਉਥੋਂ ਭੇਜੀ ਜਾਣਕਾਰੀ ਵਿੱਚ ਹਰਵਿੰਦਰ ਸਿੰਘ ਸਰਨਾ ਨੇ ਦੱਸਿਆ ਕਿ ਸਮਾਗਮ ਵਿੱਚ ਪਾਕਿਸਤਾਨ ਸਮੇਤ ਭਾਰਤ ਅਤੇ ਹੋਰ ਮੁਲਕਾਂ ਦੀ ਸਿੱਖ ਸੰਗਤ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਗੁਰਦੁਆਰਾ ਸਾਹਿਬ ਵਿੱਚ ਪ੍ਰਕਾਸ਼ ਪੁਰਬ ਸਬੰਧੀ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਗੁਰਬਾਣੀ ਦਾ ਕੀਰਤਨ ਕੀਤਾ ਗਿਆ। ਉਪਰੰਤ ਦੇਸ਼ ਵਿਦੇਸ਼ ਤੋਂ ਆਏ ਸਿੱਖ ਬੁਲਾਰਿਆਂ ਨੇ ਜਿਥੇ ਗੁਰਪੁਰਬ ਸਬੰਧੀ ਵਧਾਈ ਦਿੱਤੀ, ਉਥੇ ਆਪੋ-ਆਪਣੇ ਵਿਚਾਰ ਵੀ ਰੱਖੇ ਹਨ। ਇਸ ਦੌਰਾਨ ਪਰਮਜੀਤ ਸਿੰਘ ਸਰਨਾ ਨੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਵਿਸ਼ਵ ਭਰ ਵਿੱਚ ਘਰ-ਘਰ ਪਹੁੰਚਾਉਣ ਦਾ ਸੁਨੇਹਾ ਦਿੰਦਿਆਂ ਮੰਗ ਕੀਤੀ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਨੂੰ ਸਿੱਖ ਕੌਮ ਦਾ ਛੇਵਾਂ ਤਖ਼ਤ ਐਲਾਨਣ ਵਾਸਤੇ ਮਤਾ ਪਾਸ ਕੀਤਾ ਜਾਵੇ। ਇਸ ਮਤੇ ਦੇ ਹੱਕ ਵਿੱਚ ਸਮਾਗਮ ਵਿੱਚ ਹਾਜ਼ਰ ਸਮੂਹ ਸੰਗਤ ਨੇ ਤੇ ਜੈਕਾਰਿਆਂ ਦੀ ਗੂੰਜ ਨਾਲ ਇਸ ਸੁਝਾਅ ਨੂੰ ਪ੍ਰਵਾਨਗੀ ਦਿੱਤੀ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨੂੰ ਤਖ਼ਤ ਵਜੋਂ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸੁਝਾਅ ਤੇ ਸ਼੍ਰੋਮਣੀ ਕਮੇਟੀ ਦੇ ਜਥੇ ਦੇ ਆਗੂ ਵੱਲੋਂ ਵੀ ਹਾਮੀ ਭਰੀ ਗਈ ਹੈ। ਇਸ ਦੌਰਾਨ ਨਗਰ ਕੀਰਤਨ ਵੀ ਸਜਾਇਆ ਗਿਆ ਅਤੇ ਰਾਤ ਵੇਲੇ ਮੁੜ ਸਮਾਗਮ ਹੋਇਆ।

    ਨਵੀਂ ਦਿੱਲੀ - ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਸਰਕਾਰੀ ਰਿਹਾਇਸ਼ ’ਤੇ ਬਾਦਲ ਪਰਿਵਾਰ ਵੱਲੋਂ ਕਰਵਾਏ ਧਾਰਮਿਕ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਗੁਰਸ਼ਰਨ ਕੌਰ ਸਮੇਤ ਕੇਂਦਰੀ ਵਿਤ ਮੰਤਰੀ ਅਰੁਣ ਜੇਤਲੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਹੋਈਆਂ।
    ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਗੁਰਬਾਣੀ ਦੇਸ਼ ਦੀਆਂ ਮਹਾਨ ਸੰਸਕ੍ਰਿਤਕ ਪ੍ਰੰਪਰਾਵਾਂ ਦਾ ਸਰਲ ਤੇ ਬਹੁਤ ਚੰਗੇ ਤਰੀਕੇ ਨਾਲ ਨਿਚੋੜ ਪੇਸ਼ ਕਰਦੀ ਹੈ ਤੇ ਇਕ-ਇੱਕ ਸ਼ਬਦ ਪ੍ਰੇਰਣਾਮਈ ਦਿੰਦਾ ਹੈ। ਉਨ੍ਹਾਂ ਕਿਹਾ ਕਿ ਬਰਲਿਨ ਦੀ ਕੰਧ ਟੁੱਟਣ ਬਾਰੇ ਕਿਸ ਨੇ ਸੋਚਿਆ ਸੀ, ਇਸੇ ਤਰ੍ਹਾਂ ਕਰਤਾਰਪੁਰ ਦਾ ਲਾਂਘਾ ਗੁਰੂ ਨਾਨਕ ਦੇ ਆਸ਼ੀਰਵਾਦ ਦੇ ਨਾਲ ਜਨ-ਜਨ ਨੂੰ ਜੋੜਨ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਦੇਸ਼ ਦੀ ਭਾਈਚਾਰਕ ਅਖੰਡਤਾ ਦਾ ਸਮਰੱਥਵਾਨ ਸੰਦੇਸ਼ ਹੈ।
    ਇਸ ਮੌਕੇ ਦਿੱਲੀ ਕਮੇਟੀ ਦੇ ਅਹੁਦੇਦਾਰ, ਕੇਂਦਰੀ ਖੇਡ ਮੰਤਰੀ ਵਿਜੈ ਗੋਇਲ, ਬਿਕਰਮ ਸਿੰਘ ਮਜੀਠੀਆ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਸਵਾ ਦਰਜਨ ਕਮੇਟੀ ਮੈਂਬਰਾਂ ਸਮੇਤ ਕਈ ਅਹਿਮ ਸ਼ਖ਼ਸੀਅਤਾਂ ਸ਼ਾਮਲ ਸਨ।

    ਸੁਲਤਾਨਪੁਰ ਲੋਧੀ - ਸੁਲਤਾਨਪੁਰ ਲੋਧੀ ਵਿਖੇ ਸਾਬਕਾ ਕ੍ਰਿਕਟਰ ਕਪਿਲ ਦੇਵ ਦੀ ਕਿਤਾਬ ‘ਵੁਈ ਦਿ ਸਿੱਖਸ’ ਜਾਰੀ ਕਰਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਰਾਜਪਾਲ ਵੀਪੀ ਸਿੰਘ ਬਦਨੌਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ। -ਫੋਟੋ: ਮਲਕੀਅਤ ਸਿੰਘ
    ਦੇਸ਼ ਨੂੰ ਪਹਿਲਾ ਵਿਸ਼ਵ ਕ੍ਰਿਕਟ ਕੱਪ ਜਿਤਾਉਣ ਵਾਲੀ ਟੀਮ ਦੇ ਕਪਤਾਨ ਰਹੇ ਕਪਿਲ ਦੇਵ ਵੱਲੋਂ 100 ਤੋਂ ਵੱਧ ਗੁਰਦੁਆਰਿਆਂ ਬਾਰੇ ਲਿਖੀ ਕਿਤਾਬ ‘ਵੁਈ ਦਿ ਸਿੱਖਸ’ ਸ੍ਰੀ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਪੁਰਬ ਮੌਕੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਿਲੀਜ਼ ਕੀਤੀ। ਲਾਲ ਜਿਲਦ ’ਚ ਬੰਨ੍ਹੀ ਹੋਈ ਇਸ ਕਿਤਾਬ ’ਤੇ ਸੁਨਹਿਰੀ ਅੱਖਰਾਂ ਨਾਲ ‘ਵੁਈ ਦਿ ਸਿੱਖਸ’ ਲਿਖਿਆ ਨਾਲ ਹੀ ੴ ਅਤੇ ਖੰਡਾ ਉੱਕਰਿਆ ਹੋਇਆ ਹੈ।
    ਕਿਤਾਬ ਦੀ ਘੁੰਡ ਚੁਕਾਈ ਮਗਰੋਂ ਕਪਿਲ ਦੇਵ ਨੇ ਦੱਸਿਆ ਕਿ ਇਹ ਕਿਤਾਬ ਨੂੰ ਲਿਖਣ ਦਾ ਖਿਆਲ ਉਨ੍ਹਾਂ ਨੂੰ ਉਦੋਂ ਆਇਆ ਜਦੋਂ ਉਹ ਚੰਡੀਗੜ੍ਹ ਤੋਂ ਦਿੱਲੀ ਜਾ ਰਹੇ ਸਨ। ਉਨ੍ਹਾਂ ਨੂੰ ਇੰਜ ਲੱਗਾ ਕਿ ਜਿਵੇਂ ਕਿਸੇ ਨੇ ਝੰਜੋੜਿਆ ਹੋਵੇ। ਉਨ੍ਹਾਂ ਦੱਸਿਆ ਕਿ ਇਸ ਕਿਤਾਬ ਨੂੰ ਤਿਆਰ ਕਰਨ ਲਈ ਪੰਜ ਸਾਲ ਲੱਗੇ ਹਨ। ਇਸ ਕਿਤਾਬ ਵਿੱਚ 40 ਗੁਰੂਘਰ ਭਾਰਤ ਤੇ ਬਾਕੀ ਵੱਖ-ਵੱਖ ਦੇਸ਼ਾਂ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਵੀ ਉਹ ਬਹੁਤ ਸਾਰੇ ਗੁਰੂਘਰਾਂ ਵਿੱਚ ਗਏ ਅਤੇ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਦੁਨੀਆਂ ਵਿੱਚ ਜਿਥੇ ਵੀ ਸਰਦਾਰ ਵੱਸਦੇ ਹਨ ਉਥੇ ਗੁਰਦੁਆਰਾ ਤਾਂ ਜ਼ਰੂਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਹ ਪਾਕਿਸਤਾਨ ਦੇ ਗੁਰਦੁਆਰਾ ਪੰਜਾ ਸਾਹਿਬ ਤੇ ਨਨਕਾਣਾ ਸਾਹਿਬ ਵੀ ਗਏ ਸਨ। ਉਨ੍ਹਾਂ ਨੂੰ ਇਹ ਅਹਿਸਾਸ ਹੋ ਗਿਆ ਕਿ ਦੋ ਫ਼ੀਸਦੀ ਅਬਾਦੀ ਵਾਲੀ ਸਿੱਖ ਕੌਮ ਸੰਸਾਰ ਭਰ ’ਚ ਕਿਵੇਂ ਆਪਣੀ ਪ੍ਰਭਾਵਸ਼ਾਲੀ ਭੂਮਿਕਾ ਨਿਭਾਅ ਰਹੀ ਹੈ। ਆਪਣੇ ਦੋਸਤਾਂ ਮਿੱਤਰਾਂ ਦੇ ਸਹਿਯੋਗ ਨਾਲ ਉਨ੍ਹਾਂ ਨੇ ਇਹ ਕਿਤਾਬ ਤਿਆਰ ਕਰਨ ਦੀ ਵਿਉਂਤਬੰਦੀ ਕੀਤੀ। ਉਨ੍ਹਾਂ ਦੋਸਤਾਂ ਵਿੱਚੋਂ ਦੁਬਈ ਤੋਂ ਅਜੇ ਸਿੰਘ ਤੇ ਚੰਡੀਗੜ੍ਹ ਤੋਂ ਕ੍ਰਿਪਾਲ ਸਿੰਘ ਸਮੇਤ ਹੋਰ ਦੋਸਤਾਂ ਨੇ ਵੀ ਸਾਥ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬਹੁਤ ਸਾਰੇ ਦੋਸਤ ਸਰਦਾਰ ਹਨ ਤੇ ਉਹ ਆਪਣੇ ਆਪ ਨੂੰ ਵੀ ਸਰਦਾਰ ਹੀ ਮਹਿਸੂਸ ਕਰਦੇ ਹਨ। ਕਪਿਲ ਵੱਲੋਂ ਤਿਆਰ ਕੀਤੀ ਗਈ ਕਿਤਾਬ ਜਲਦੀ ਹੀ ਵਿੱਕਰੀ ਲਈ ਆਨਲਾਈਨ ਉਪਲੱਬਧ ਹੋਵੇਗੀ।
    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਬੇਰ ਸਾਹਿਬ ਵਿੱਚ ਨਤਮਸਤਕ ਹੋਣ ਆਈਆਂ ਵਿਸ਼ੇਸ਼ ਸ਼ਖ਼ਸੀਅਤਾਂ ਨੂੰ ਸਿਰੋਪਾ ਦੇਣ ਵਿੱਚ ਕੋਈ ਵੀ ਕੰਜੂਸੀ ਨਹੀਂ ਦਿਖਾਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਹੋਰ ਬਹੁਤ ਸਾਰੇ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਨੂੰ ਸਿਰੋਪਾ ਦੇ ਕੇ ਗੁਰੂਘਰ ਵਲੋਂ ਸਨਮਾਨ ਦਿੱਤਾ। ਸਿਰੋਪਾਓ ਦੇਣ ਸਮੇਂ ਬੀਬੀ ਜਗੀਰ ਕੌਰ ਅਤੇ ਹੋਰ ਅਹੁਦੇਦਾਰ ਵੀ ਹਾਜ਼ਰ ਸਨ।

    ਨਵੀਂ ਦਿੱਲੀ - ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਪਾਕਿਸਤਾਨ ਸਥਿਤ ਕਰਤਾਰਪੁਰ ਵਿਚ ਦਰਿਆ ਰਾਵੀ ਕੰਢੇ ਸੁਸ਼ੋਭਿਤ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਭਾਰਤ ਸਰਕਾਰ ਜ਼ਿਲ੍ਹਾ ਗੁਰਦਾਸਪੁਰ ਵਿਚ ਪੈਂਦੇ ਕਸਬਾ ਡੇਰਾ ਬਾਬਾ ਨਾਨਕ ਤੋਂ ਅੰਤਰਰਾਸ਼ਟਰੀ ਸਰਹੱਦ ਤੱਕ ਲਾਂਘਾ ਤਿਆਰ ਕਰੇਗੀ ਅਤੇ ਇਸ ਨੂੰ ਵਿਕਸਤ ਕਰੇਗੀ। ਇਹ ਐਲਾਨ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕੀਤਾ ਹੈ। ਲਾਂਘਾ ਤਿਆਰ ਕਰਨ ਸਬੰਧੀ ਇਤਿਹਾਸਕ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਕੇਂਦਰੀ ਕੈਬਨਿਟ ਦੀ ਅੱਜ ਹੋਈ ਮੀਟਿੰਗ ਵਿਚ ਲਿਆ ਗਿਆ ਹੈ। ਇਸ ਦੌਰਾਨ ਹੀ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਨੂੰ ਬੇਨਤੀ ਕੀਤੀ ਹੈ ਕਿ ਉਹ ਸਰਹੱਦ ਤੋਂ ਕਰਤਾਰਪੁਰ ਗੁਰਦੁਆਰਾ ਸਾਹਿਬ ਤੱਕ ਲਾਂਘਾ ਤਿਆਰ ਕਰੇ ਤਾਂ ਜੋ ਭਾਰਤ ਤੋਂ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਸਹੂਲਤ ਮਿਲ ਸਕੇ।
    ਸ੍ਰੀ ਰਾਜਨਾਥ ਸਿੰਘ ਨੇ ਮੀਟਿੰਗ ਦੇ ਫੈਸਲਿਆਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਸਰਕਾਰ ਸੁਲਤਾਨਪੁਰ ਲੋਧੀ ਸ਼ਹਿਰ ਨੂੰ ਸਮਾਰਟ ਸਿਟੀ ਵਜੋਂ ਵਿਕਸਤ ਕਰੇਗੀ। ਇੱਥੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੀ ਤਸਵੀਰ ਤੋਂ ਸ਼ਰਧਾਲੂਆਂ ਨੂੰ ਜਾਣੂ ਕਰਵਾਉਣ ਦੇ ਉਦੇਸ਼ ਤਹਿਤ ‘ਪਿੰਡ ਬਾਬੇ ਨਾਨਕ ਦਾ’ ਉਸਾਰਿਆ ਜਾਵੇਗਾ। ਸੁਲਤਾਨਪੁਰ ਲੋਧੀ ਦਾ ਰੇਲਵੇ ਸਟੇਸ਼ਨ ਵੀ ਵਿਕਸਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਚ ਸਰਬ ਧਰਮ ਕੇਂਦਰ ਸਥਾਪਿਤ ਕੀਤਾ ਜਾਵੇਗਾ। ਕੈਨੇਡਾ ਅਤੇ ਬਰਤਾਨੀਆ ’ਚ ਇਕ ਇਕ ਯੂਨੀਵਰਸਿਟੀ ਵਿਚ ਗੁਰੂ ਨਾਨਕ ਦੇਵ ਚੇਅਰ ਸਥਾਪਿਤ ਕੀਤੀ ਜਾਵੇਗੀ। ਨਵੀਂ ਦਿੱਲੀ ਵਿਚ ਗੁਰੂ ਨਾਨਕ ਦੇਵ ਦੇ ਜੀਵਨ ਅਤੇ ਸਿੱਖਿਆਵਾਂ ਉੱਤੇ ਅੰਤਰਾਰਸ਼ਟਰੀ ਸੈਮੀਨਾਰ ਹੋਣਗੇ। ਇਸ ਤੋਂ ਇਲਾਵਾ ਸਰਕਾਰ ਵਲੋਂ ਸਿੱਕੇ ਅਤੇ ਮੋਹਰਾਂ ਵੀ ਜਾਰੀ ਕੀਤੀਆਂ ਜਾਣਗੀਆਂ। ਦੇਸ਼ ਭਰ ਵਿਜ ਸਮਾਗਮ ਰਚਾਏ ਜਾਣਗੇ। ਦੂਰਦਰਸ਼ਨ ਉੱਤੇ ਗੁਰੂ ਨਾਨਕ ਦੇਵ ਜੀ ਅਤੇ ਗੁਰਬਾਣੀ ਸਬੰਧੀ ਵਿਸ਼ੇਸ਼ ਪ੍ਰੋਗਰਾਮ ਚੱਲਣਗੇ। ਰੇਲਵੇ ਮੰਤਰਾਲਾ ਨਾਨਕ ਦੇਵ ਜੀ ਨਾਲ ਸਬੰਧਤ ਸਥਾਨਾਂ ਲਈ ਵਿਸ਼ੇਸ਼ ਰੇਲ ਗੱਡੀ ਚਲਾਵੇਗਾ। ਉਨ੍ਹਾਂ ਕਿਹਾ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਢੁਕਵੇਂ ਸਮਾਗਮ ਕਰਵਾਉਣ ਲਈ ਕਿਹਾ ਗਿਆ ਹੈ। ਵਿਦੇਸ਼ਾਂ ਵਿਚ ਭਾਰਤੀ ਸਫ਼ਾਰਤਖਾਨੇ ਵੀ ਗੁਰੂ ਜੀ ਸਬੰਧੀ ਵਿਸ਼ੇਸ਼ ਸਮਾਗਮ ਰਚਾਉਣਗੇ। ਯੂਨੈਸਕੋ ਨੂੰ ਵੀ ਗੁਰੂ ਦੀ ਬਾਣੀ ਨੂੰ ਦੁਨੀਆਂ ਦੀਆਂ ਸਮੂਹ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਕਰਨ ਦੀ ਅਪੀਲ ਕੀਤੀ ਗਈ ਹੈ। ਨੈਸ਼ਨਲ ਬੁੱਕ ਟਰੱਸਟ ਦੇਸ਼ ਦੀਆਂ ਵੱਖ ਵੱਖ ਭਾਸ਼ਾਵਾਂ ਵਿਚ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਪ੍ਰਕਾਸ਼ਿਤ ਕਰੇਗਾ। ਗ੍ਰਹਿ ਮੰਤਰੀ ਦੀ ਅਗਵਾਈ ਵਿਚ ਉੱਚ ਤਾਕਤੀ ਕਮੇਟੀ ਉਲੀਕੇ ਪ੍ਰੋਗਰਾਮਾਂ ਦੀ ਸਮੇਂ ਸਮੇਂ ਨਜ਼ਰਸਾਨੀ ਕਰੇਗੀ। ਕੇਂਦਰੀ ਸਰਕਾਰ ਨਾਲ ਸਬੰਧਤ ਸੂਤਰਾਂ ਨੇ ਹੋ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤ ਸਰਕਾਰ ਇਸ ਲਾਂਘੇ ਨੂੰ ਖੁੱਲ੍ਹਵਾਉਣ ਲਈ ਪਿਛਲੇ 20 ਸਾਲਾਂ ਤੋਂ ਯਤਨ ਕਰ ਰਹੀ ਹੈ।

    ਇਸਲਾਮਾਬਾਦ/ਨਵੀਂ ਦਿੱਲੀ - ਪਾਕਿਸਤਾਨ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦਾ ਐਲਾਨ ਕੀਤਾ ਹੈ ਅਤੇ ਇਸ ਫ਼ੈਸਲੇ ਸਬੰਧੀ ਭਾਰਤ ਨੂੰ ਸੁਨੇਹਾ ਦੇ ਦਿੱਤਾ ਹੈ। ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੱਲੋਂ ਕੀਤੇ ਇਸ ਐਲਾਨ ਨਾਲ ਦੋਵੇਂ ਮੁਲਕਾਂ ਵਿਚਕਾਰ ਤਣਾਅ ਘਟਾਉਣ ’ਚ ਸਹਾਇਤਾ ਮਿਲ ਸਕਦੀ ਹੈ। ਕੁਰੈਸ਼ੀ ਨੇ ਟਵੀਟ ਕਰਕੇ ਦੱਸਿਆ,‘‘ਪ੍ਰਧਾਨ ਮੰਤਰੀ ਇਮਰਾਨ ਖ਼ਾਨ ਕਰਤਾਰਪੁਰ ’ਚ ਵਿਕਾਸ ਕਾਰਜਾਂ ਦਾ 28 ਨਵੰਬਰ ਨੂੰ ਨੀਂਹ ਪੱਥਰ ਰੱਖਣਗੇ। ਅਸੀਂ ਪ੍ਰਕਾਸ਼ ਪੁਰਬ ਦੇ ਸ਼ੁੱਭ ਦਿਹਾੜੇ ਮੌਕੇ ਸਿੱਖ ਸੰਗਤ ਦਾ ਸਵਾਗਤ ਕਰਾਂਗੇ।’’ ਭਾਰਤ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਿੱਖ ਸ਼ਰਧਾਲੂਆਂ ਵਾਸਤੇ ਲਾਂਘਾ ਬਣਾਉਣ ਦੀ ਪਾਕਿਸਤਾਨ ਨੂੰ ਬੇਨਤੀ ਕਰਨ ਦੇ ਕੁਝ ਘੰਟਿਆਂ ਮਗਰੋਂ ਕੁਰੈਸ਼ੀ ਦਾ ਇਹ ਬਿਆਨ ਆਇਆ ਹੈ। ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਭਾਰਤ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਇਸ ਨੂੰ ਸ਼ਾਂਤੀ ਦੀ ਜਿੱਤ ਕਰਾਰ ਦਿੱਤਾ। ਦਿੱਲੀ ’ਚ ਭਾਰਤੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਕਿਹਾ ਕਿ ਭਾਰਤ ਨੇ ਕਰਤਾਰਪੁਰ ਸਾਹਿਬ ਲਾਂਘੇ ਲਈ ਪਾਕਿਸਤਾਨੀ ਸਰਕਾਰ ਕੋਲ ਪਹੁੰਚ ਕੀਤੀ ਹੈ। ਇਸ ਦੇ ਜਵਾਬ ’ਚ ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਦੇ ਤਰਜਮਾਨ ਮੁਹੰਮਦ ਫ਼ੈਸਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪਹਿਲਾਂ ਵੀ ਕਰਤਾਰਪੁਰ ਸਾਹਿਬ ਸਮੇਤ ਸਾਰੇ ਮੁੱਦਿਆਂ ’ਤੇ ਵਾਰਤਾ ਦੀ ਤਜਵੀਜ਼ ਦਿੱਤੀ ਸੀ ਪਰ ਭਾਰਤ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ।
    ਰਾਸ਼ਟਰਪਤੀ ਰਾਮ ਨਾਥ ਕੋਵਿੰਦ 26 ਨਵੰਬਰ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਕਸਬੇ ਵਿਚ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣਗੇ। ਇਸ ਕਸਬੇ ਤੋਂ ਕਰਤਾਰਪੁਰ ਤਕ ਦਾ ਫਾਸਲਾ ਤਕਰੀਬਨ ਚਾਰ ਕਿਲੋਮੀਟਰ ਦਾ ਹੈ।
    ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਹਾਜ਼ਰ ਰਹਿਣਗੇ। ਸਮਾਗਮ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਤਿਆਰੀਆਂ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਹਨ।
    ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਾਕਿਸਤਾਨ ਵਾਲੇ ਪਾਸੇ 28 ਨਵੰਬਰ ਨੂੰ ਲਾਂਘੇ ਦਾ ਨੀਂਹ ਪੱਥਰ ਰੱਖਣਾ ਹੈ।

    ਚੰਡੀਗੜ੍ਹ - ਹੋਦ ਚਿੱਲੜ ਤਾਲਮੇਲ ਕਮੇਟੀ ਦੇ ਪ੍ਰਧਾਨ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਨੇ ਹੋਦ ਚਿੱਲੜ ’ਚ ਮਾਰੇ ਗਏ 32 ਸਿੱਖਾਂ ਦੇ ਕੇਸ ਵਿੱਚ ਇਨਸਾਫ਼ ਦੇਣ ਲਈ ਹੋ ਰਹੀ ਦੇਰੀ ’ਤੇ ਸਵਾਲ ਉਠਾਉਂਦਿਆਂ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਵੱਲੋਂ ਨਵੰਬਰ 1984 ਵਿੱਚ ਦਿੱਲੀ ਦੇ ਮਹੀਪਾਲਪੁਰ ਘਟਨਾ ਦੇ ਇੱਕ ਦੋਸ਼ੀ ਫਾਂਸੀ ਅਤੇ ਦੂਜੇ ਨੂੰ ਉਮਰ ਕੈਦ ਦੀ ਸਜ਼ਾ ’ਤੇ ਸਿਆਸੀ ਲਾਹਾ ਲੈਣ ਦਾ ਦੋਸ਼ ਲਾਏ ਹਨ। ਗਿਆਸਪੁਰਾ ਨੇ ਕਿਹਾ ਮਹੀਪਾਲਪੁਰ ਦੀ ਘਟਨਾ ਦੇ ਇੱਕ ਦੋਸ਼ੀ ਨੂੰ ਫਾਂਸੀ ਅਤੇ ਇੱਕ ਦੋਸ਼ੀ ਨੂੰ ਉਮਰ ਕੈਦ ਹੋਣ ’ਤੇ ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਵੱਲੋਂ ਆਪਣੀ ਪਿੱਠ ਥਾਪੜੀ ਜਾ ਰਹੀ ਹੈ ਕਿ ਇਹ ਸਜ਼ਾ ਭਾਜਪਾ ਦੀ ਸਰਕਾਰ ਕਾਰਨ ਸੰਭਵ ਹੋ ਸਕੀ ਹੈ ਜਦਕਿ ਹਰਿਆਣਾ ਵਿਚਲੀ ਭਾਜਪਾ ਦੀ ਸਰਕਾਰ ‘ਹੋਦ ਚਿੱਲੜ‘ ਵਿੱਚ ਕਤਲ ਕੀਤੇ 32 ਸਿੱਖਾਂ ਦੇ ਦੋਸ਼ੀਆਂ ਨੂੰ ਬਚਾ ਰਹੀ ਹੈ। ਉਨ੍ਹਾਂ ਕਿਹਾ ਕਿ ਹੋਦ ਚਿੱਲੜ ਦੇ ਮਾਮਲੇ ਵਿੱਚ ਇਲਾਹਾਬਾਦ ਹਾਈਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਟੀਪੀ ਗਰਗ ਨੇ ਛੇ ਸਾਲ ਲੰਬੀ ਪੜਤਾਲ ਤੋਂ ਬਾਅਦ ਪੁਲੀਸ ਦੇ ਚਾਰ ਉੱਚ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ ਸੀ ਪਰ ਹਰਿਆਣੇ ਦੀ ਭਾਜਪਾ ਸਰਕਾਰ ਨੇ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਇਸ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਦੀ ਸਰਕਾਰ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਦੇਣਾ ਚਾਹੁੰਦੀ। ਉਨ੍ਹਾਂ ਕਿਹਾ ਕਿ ਗੁੜਗਾਉਂ, ਪਟੌਦੀ ਵਿੱਚ ਮਾਰੇ ਸਿੱਖਾਂ ਅਤੇ ਪਲਵਲ ਵਿੱਚ ਸਾੜ ਕੇ ਮਾਰੇ ਗਏ ਗ੍ਰੰਥੀ ਸਿੰਘ ਦੇ ਮਾਮਲੇ ਅਜੇ ਤੱਕ ਕਿਸੇ ਕਿਨਾਰੇ ਨਹੀਂ ਲੱਗੇ। ਜੇ ਭਾਜਪਾ ਦੀ ਸਰਕਾਰ ਸੱਚਮੁੱਚ ਹੀ ਸੁਹਿਰਦ ਹੈ ਤਾਂ ਸਮੁੱਚੇ ਹਰਿਆਣੇ ਲਈ ਐੱਸਆਈਟੀ ਬਣਾ ਕੇ ਨਵੰਬਰ 1984 ਦੇ ਦੋਸ਼ੀਆਂ ਨੂੰ ਲੱਭ ਸਜ਼ਾ ਦੇਵੇ।

    ਅੰਮ੍ਰਿਤਸਰ - ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਸਾਹਿਬ  ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ-ਕੀਰਤਨ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ’ਤੇ ਚੌਰ ਸਾਹਿਬ ਦੀ ਸੇਵਾ ਨਿਭਾਈ। ਨਗਰ ਕੀਰਤਨ ਦੌਰਾਨ ਸੰਗਤ ਨੇ ਸ਼ਬਦ ਕੀਰਤਨ ਕਰਦਿਆਂ ਸ਼ਰਧਾ ਭਾਵਨਾ ਦਾ ਪ੍ਰਗਟਾਵਾ ਕੀਤਾ। ਨਗਰ ਕੀਰਤਨ ਦੇ ਰਸਤੇ ਵਿੱਚ ਸੰਗਤ ਵੱਲੋਂ ਥਾਂ-ਥਾਂ ਚਾਹ, ਮਠਿਆਈਆਂ, ਫਲ ਆਦਿ ਦੇ ਲੰਗਰ ਲਾਏ ਗਏ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੈਂਬਰ, ਅਧਿਕਾਰੀ, ਕਰਮਚਾਰੀ, ਸਕੂਲਾਂ, ਕਾਲਜਾਂ ਦੇ ਵਿਦਿਆਰਥੀ, ਸਕੂਲੀ ਬੈਂਡ, ਸਿੰਘ-ਸਭਾਵਾਂ, ਟਕਸਾਲਾਂ, ਧਾਰਮਿਕ ਸਭਾ-ਸੁਸਾਇਟੀਆਂ, ਨਿਹੰਗ ਸਿੰਘ ਜਥੇਬੰਦੀਆਂ, ਗਤਕਾ ਪਾਰਟੀਆਂ ਤੇ ਬੈਂਡ ਪਾਰਟੀਆਂ ਨੇ ਪੂਰੇ ਉਤਸ਼ਾਹ ਨਾਲ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ। ਨਗਰ ਕੀਰਤਨ ਸ੍ਰੀ ਅਕਾਲ ਤਖ਼ਤ ਤੋਂ ਚੱਲ ਕੇ ਸ੍ਰੀ ਗੁਰੂ ਰਾਮਦਾਸ ਨਿਵਾਸ, ਬ੍ਰਹਮ ਬੂਟਾ ਮਾਰਕੀਟ, ਚੌਕ ਘੰਟਾ ਘਰ, ਬਾਜ਼ਾਰ ਮਾਈ ਸੇਵਾ, ਬਾਜ਼ਾਰ ਪਾਪੜਾਂ, ਬਾਜ਼ਾਰ ਬਾਸਾਂ ਵਾਲਾ, ਚੌਂਕ ਛੱਤੀ ਖੂਹੀ, ਚਾਵਲ ਮੰਡੀ, ਲਛਮਣਸਰ ਚੌਕ ਤੇ ਮੋਨੀ ਚੌਕ ਆਦਿ ਤੋਂ ਹੁੰਦਾ ਹੋਇਆ ਸ਼ਾਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਸੰਪੂਰਨ ਹੋਇਆ।
    ਸੁਲਤਾਨਪੁਰ ਲੋਧੀ (ਦੇਸ ਰਾਜ): ਸ੍ਰੀ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਪੁਰਬ ਸਬੰਧੀ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਗਏ ਨਗਰ ਕੀਰਤਨ ਨੂੰ ਐੱਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰਦੁਆਰਾ ਸੰਤਘਾਟ ਤੋਂ ਰਵਾਨਾ ਕੀਤਾ, ਜੋ ਦਾਣਾ ਮੰਡੀ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਬੇਰ ਸਾਹਿਬ ਜਾ ਕੇ ਸਮਾਪਤ ਹੋਇਆ। ਇਸ ਨਗਰ ਕੀਰਤਨ ਵਿਚ ਸ਼ਰਧਾਲੂਆਂ ਨੇ ਟਰੈਕਟਰਾਂ, ਕਾਰਾਂ, ਮੋਟਰਸਾਈਕਲਾਂ ਤੇ ਪੈਦਲ ਸ਼ਮੂਲੀਅਤ ਕੀਤੀ। ਸ਼ਰਧਾਲੂਆਂ ਵੱਲੋਂ ਸੰਗਤ ਲਈ ਥਾਂ-ਥਾਂ ਲੰਗਰ ਲਾਏ ਗਏ ਸਨ। ਬੀਤੀ ਰਾਤ ਗੁਰਦੁਆਰਾ ਬੇਰ ਸਾਹਿਬ ਵਿਚ ਕੇਵਲ ਧਾਰੀਵਾਲ ਵੱਲੋਂ ਨਾਟਕ ‘ਇਹ ਲਹੂ ਕਿਸ ਦਾ’ ਅਤੇ ‘ਮਿਟੀ ਧੁੰਦ ਜਗਿ ਚਾਨਣੁ ਹੋਆ’ ਅਤੇ ਹੋਰ ਧਾਰਮਿਕ ਨਾਟਕ ਖੇਡੇ ਗਏ। ਇਸ ਵਾਰ ਨਗਰ ਕੀਰਤਨ ਵਿਚ ਨੌਜਵਾਨਾਂ ਵੱਲੋਂ ਵਿਸ਼ੇਸ਼ ਯੋਗਦਾਨ ਪਾਏ ਜਾਣ ਕਰਕੇ ਸਫਾਈ ਅਤੇ ਅਨੁਸ਼ਾਸਨ ਦਾ ਖਾਸ ਖਿਆਲ ਰੱਖਿਆ ਗਿਆ।

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com