ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਸਿੱਖਾਂ ਨੂੰ ਜਾਣ ਬੁੱਝ ਕੇ ਬਦਨਾਮ ਕਰਕੇ ਫਸਾ ਰਹੀ ਪੁਲੀਸ : ਭਾਈ ਮਾਝੀ
  ਭਦੌੜ/ਸ਼ਹਿਣਾ, (ਚੀਮਾ) : ਰਾਜਾਸਾਂਸੀ ਵਿਖੇ ਵਾਪਰੇ ਬੰਬ ਕਾਂਡ ’ਤੇ ਦੁੱਖ ਜ਼ਾਹਿਰ ਕਰਦਿਆਂ ਦਰਬਾਰ-ਏ-ਖਾਲਸਾ ਜਥੇਬੰਦੀ ਨੇ ਇਸ ਘਟਨਾ ਦੀ ਜਾਂਚ ਨਿਰਪੱਖਤਾ ਨਾਲ ਕਰਵਾਉਣ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ। ਇਸ ਸਮੇਂ ਉੱਘੇ ਸਿੱਖ ਪ੍ਰਚਾਰਕ ਤੇ ਸੰਸਥਾ ਮੁਖੀ ਭਾਈ ਹਰਜਿੰਦਰ ਸਿੰਘ ਮਾਝੀ ਨੇ ਕਿਹਾ ਕਿ ਬੇਗੁਨਾਹ ਲੋਕਾਂ ਦੀਆਂ ਜਾਨਾਂ ਲੈਣ ਵਾਲੇ ਮਨੁੱਖਤਾ ਵਿਰੋਧੀ ਫ਼ਿਰਕੂ ਅਨਸਰਾਂ ਦੀ ਚੰਗੀ ਤਰਾਂ ਪਛਾਣ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸੇ ਬੇਗੁਨਾਹ ਵਿਅਕਤੀ ਦਾ ਨੁਕਸਾਨ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਘਟਨਾਕ੍ਰਮ ਲਈ ਦੋਸ਼ੀ ਦੱਸੇ ਜਾ ਰਹੇ ਬਿਕਰਮਜੀਤ ਸਿੰਘ ਦੇ ਹੱਕ ਵਿਚ ਪਿੰਡ ਵਾਸੀਆਂ ਵੱਲੋਂ ਮੀਡੀਆ ਸਾਹਮਣੇ ਬੇਬਾਕੀ ਨਾਲ ਰੱਖੇ ਜਾ ਰਹੇ ਪੱਖ ਨੂੰ ਕਿਸੇ ਵੀ ਹਾਲਤ ਵਿਚ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸੰਨ 2015 ਵਿਚ ਬਾਦਲ ਸਰਕਾਰ ਅਤੇ ਪੁਲੀਸ ਨੇ ਬੇਅਦਬੀ ਘਟਨਾਕ੍ਰਮ ਦੇ ਦੋਸ਼ੀ ਵੀ ਦੋ ਸਿੱਖ ਨੌਜਵਾਨਾਂ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਦੀ ਸਚਾਈ ਹੁਣ ਬੱਚੇ ਬੱਚੇ ਨੂੰ ਪਤਾ ਲੱਗ ਚੁੱਕੀ ਹੈ। ਭਾਈ ਮਾਝੀ ਨੇ ਕਿਹਾ ਕਿ ਘਟਨਾਕ੍ਰਮ ਦੇ ਪ੍ਰਤੱਖ-ਦਰਸ਼ੀ ਗਵਾਹਾਂ ਨੇ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਮੋਨੇ ਬੰਦੇ ਦੱਸਿਆ ਸੀ, ਪ੍ਰੰਤੂ ਸਰਕਾਰ ਤੇ ਪੁਲੀਸ ਦਸਤਾਰ ਧਾਰੀ ਦੱਸ ਰਹੀ ਹੈ। ਉਨ੍ਹਾਂ ਕਿਹਾ ਕਿ ਬੇਕਸੂਰ ਲੋਕਾਂ ਦਾ ਖ਼ੂਨ ਡੋਲਣ ਵਾਲਿਆਂ ਦਾ ਕੋਈ ਧਰਮ ਨਹੀਂ ਹੁੰਦਾ। ਇਸ ਮੌਕੇ ਭਾਈ ਮਾਝੀ ਨਾਲ ਸੁਖਚੈਨ ਸਿੰਘ ਚੈਨਾ ਭਦੌੜ, ਜਗਤਾਰ ਸਿੰਘ ਜੰਗੀਆਣਾ, ਗੁਰਜੰਟ ਸਿੰਘ ਮਾਨ ਭਦੌੜ, ਹਰਪਿੰਦਰ ਸਿੰਘ ਕੋਟਕਪੂਰਾ, ਹਰਬੰਸ ਸਿੰਘ, ਲੱਕ ਸਿੰਘ ਜਲਾਲ, ਬਲਜੀਤ ਸਿੰਘ ਸ਼ੇਰਪੁਰ, ਚਮਕੌਰ ਸਿੰਘ ਬੱਲਰਾਂ, ਜਗਰਾਜ ਸਿੰਘ ਵਿਧਾਤੇ ਵੀ ਹਾਜ਼ਰ ਸਨ।

  ਅੰਮ੍ਰਿਤਸਰ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿਰੰਕਾਰੀ ਭਵਨ ਵਿੱਚ ਹੋਏ ਗ੍ਰਨੇਡ ਹਮਲੇ ਨੂੰ ਦਹਿਸ਼ਤੀ ਕਾਰਵਾਈ ਕਰਾਰ ਦਿੰਦਿਆਂ ਹਮਲਾਵਰਾਂ ਦੀ ਸੂਹ ਦੇਣ ਵਾਲੇ ਨੂੰ 50 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਮੁੱਢਲੀ ਜਾਂਚ ਦੌਰਾਨ ਹਮਲੇ ਪਿੱਛੇ ਪਾਕਿਸਤਾਨ ਦਾ ਹੱਥ ਹੋਣ ਦਾ ਸ਼ੱਕ ਹੈ। ਮੁੱਖ ਮੰਤਰੀ ਅੱਜ ਇਥੇ ਘਟਨਾ ਸਥਾਨ ਦਾ ਦੌਰਾ ਕਰਨ ਅਤੇ ਜ਼ਖ਼ਮੀਆਂ ਦਾ ਹਾਲ ਚਾਲ ਪੁੱਛਣ ਲਈ ਆਏ ਸਨ। ਮੁੱਖ ਮੰਤਰੀ ਨੇ ਹਮਲੇ ਵਿੱਚ ਫ਼ੌਤ ਹੋਣ ਵਾਲਿਆਂ ਦੇ ਵਾਰਸਾਂ ਨੂੰ ਨੌਕਰੀ ਦੇਣ ਅਤੇ ਜ਼ਖ਼ਮੀਆਂ ਨੂੰ ਪੰਜਾਹ-ਪੰਜਾਹ ਹਜ਼ਾਰ ਰੁਪਏ ਦੀ ਮਾਇਕ ਮਦਦ ਦੇਣ ਦਾ ਐਲਾਨ ਵੀ ਕੀਤਾ। ਇਥੇ ਗ੍ਰਨੇਡ ਹਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨਾਲ ਮੀਟਿੰਗ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਮਹੀਨੇ ਇਕ ਅਤਿਵਾਦੀ ਗਰੋਹ, ਜਿਸ ਨੂੰ ਪੁਲੀਸ ਨੇ ਖ਼ਤਮ ਕੀਤਾ ਸੀ, ਕੋਲੋਂ ਵੀ ਇਸੇ ਤਰ੍ਹਾਂ ਦਾ ਐੱਚਈ-84 ਗ੍ਰਨੇਡ ਮਿਲਿਆ ਸੀ। ਲਿਹਾਜ਼ਾ, ਇਸ ਘਟਨਾ ਵਿੱਚ ਵਰਤਿਆ ਗਿਆ ਗ੍ਰਨੇਡ ਵੀ ਪਾਕਿਸਤਾਨ ਤੋਂ ਆਇਆ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਵਿੱਚ ਇਸ ਘਟਨਾ ਪਿੱਛੇ ਪਾਕਿਸਤਾਨ ਵਿੱਚ ਬੈਠੀਆਂ ਭਾਰਤ ਵਿਰੋਧੀ ਤਾਕਤਾਂ ਦੀ ਸਾਜ਼ਿਸ਼ ਲਗਦੀ ਹੈ। ਘਟਨਾ ਨੂੰ ਦਹਿਸ਼ਤੀ ਕਾਰਵਾਈ ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਕਾਰਵਾਈ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਜਾਂ ਕਸ਼ਮੀਰੀ ਅਤਿਵਾਦੀਆਂ ਦੀ ਸ਼ਮੂਲੀਅਤ ਨਾਲ ਕੀਤੀ ਹੋ ਸਕਦੀ ਹੈ। ਸਰਕਾਰ ਨੇ ਇਸ ਘਟਨਾ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਇਸ ਦੀ ਸਾਰੇ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ। ਜਾਂਚ ਵਿੱਚ ਕੌਮੀ ਜਾਂਚ ਏਜੰਸੀ (ਐਨਆਈਏ) ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ। ਪੁਲੀਸ ਨੇ ਕੁਝ ਪੱਖਾਂ ਦਾ ਪਤਾ ਲਾਇਆ ਹੈ ਅਤੇ ਪੜਤਾਲ ਜਾਰੀ ਹੈ। ਉਨ੍ਹਾਂ ਦੱਸਿਆ ਕਿ ਹਮਲੇ ਦੇ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਲਈ ਇਸ ਸਬੰਧੀ ਸੂਚਨਾ ਦੇਣ ਵਾਲੇ ਨੂੰ 50 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।
  ਇਸ ਘਟਨਾ ਨੂੰ 1978 ਵਿੱਚ ਨਿਰੰਕਾਰੀ ਅਤੇ ਸਿੱਖਾਂ ਵਿਚਾਲੇ ਹੋਏ ਖੂਨੀ ਟਕਰਾਅ ਨਾਲ ਮੇਲਣ ਤੋਂ ਨਾਂਹ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਕ ਨਿਰੋਲ ਧਾਰਮਿਕ ਮਾਮਲਾ ਸੀ, ਜਦੋਂਕਿ ਅਦਲੀਵਾਲ ਘਟਨਾ ਦਹਿਸ਼ਤੀ ਕਾਰਾ ਹੈ। ਮੁੱਢਲੀ ਜਾਂਚ ਦੌਰਾਨ ਧਾਰਮਿਕ ਪੱਖੋਂ ਅਜਿਹਾ ਕੁਝ ਵੀ ਸਾਹਮਣੇ ਨਹੀਂ ਆਇਆ ਹੈ। ਸੂਬੇ ਵਿੱਚ ਅਤਿਵਾਦ ਦੇ ਮੁੜ ਸੁਰਜੀਤ ਹੋਣ ਬਾਰੇ ਵੀ ਉਨ੍ਹਾਂ ਨਾਂਹ ਕੀਤੀ। ‘ਆਪ’ ਆਗੂ ਐਡਵੋਕੇਟ ਐਚ.ਐਸ. ਫੂਲਕਾ ਵੱਲੋਂ ਗ੍ਰਨੇਡ ਹਮਲੇ ਬਾਰੇ ਦਿੱਤੇ ਵਿਵਾਦਤ ਬਿਆਨ ’ਤੇ ਟਿੱਪਣੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਲਗਦਾ ਹੈ ਕਿ ਉਹ ‘ਅਸਥਿਰ’ ਹਨ ਅਤੇ ਅਸਥਿਰ ਮਾਨਸਿਕਤਾ ਵਾਲਾ ਵਿਅਕਤੀ ਹੀ ਅਜਿਹਾ ਬੇਤੁਕਾ ਬਿਆਨ ਦੇ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਅਤੇ ਸੂਬੇ ਦੀ ਪੁਲੀਸ ਹਰ ਸਥਿਤੀ ਦਾ ਸਾਹਮਣਾ ਕਰਨ ਦੇ ਸਮਰੱਥ ਹੈ। ਪੁਲੀਸ ਵਲੋਂ ਚੌਕਸੀ ਵਜੋਂ ਥਾਂ ਥਾਂ ਨਾਕੇ ਲਾ ਕੇ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਅਦਲੀਵਾਲ ਸਥਿਤ ਨਿਰੰਕਾਰੀ ਭਵਨ ਗਏ, ਜਿੱਥੇ ਉਨ੍ਹਾਂ ਘਟਨਾ ਦਾ ਜਾਇਜ਼ਾ ਲਿਆ ਅਤੇ ਜਾਂਚ ਕਰ ਰਹੀਆਂ ਏਜੰਸੀਆਂ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਜਾਂਚ ਅਧਿਕਾਰੀਆਂ ਨੇ ਵਰਤੇ ਗਏ ਬੰਬ ਦੇ ਕੁਝ ਹਿੱਸੇ, ਜੋ ਘਟਨਾ ਸਥਾਨ ਤੋਂ ਮਿਲੇ ਹਨ, ਮੁੱਖ ਮੰਤਰੀ ਨੂੰ ਦਿਖਾਏ। ਮਗਰੋਂ ਉਹ ਇਕ ਨਿੱਜੀ ਹਸਪਤਾਲ ਅਤੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਜ਼ਖ਼ਮੀਆਂ ਦਾ ਹਾਲ ਚਾਲ ਪੁੱਛਣ ਲਈ ਗਏ। ਉਨ੍ਹਾਂ ਡਾਕਟਰਾਂ ਕੋਲੋਂ ਜ਼ਖ਼ਮੀਆਂ ਦੀ ਸਿਹਤ ਬਾਰੇ ਵੇਰਵੇ ਲਏ। ਮੁੱਖ ਮੰਤਰੀ ਨੇ ਆਖਿਆ ਕਿ ਸਾਰੇ ਜ਼ਖ਼ਮੀ ਖ਼ਤਰੇ ਤੋਂ ਬਾਹਰ ਹਨ ਅਤੇ ਸਰਕਾਰ ਵਲੋਂ ਉਨ੍ਹਾਂ ਦਾ ਮੁਫਤ ਇਲਾਜ ਕਰਾਇਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੂੰ 50-50 ਹਜ਼ਾਰ ਰੁਪਏ ਮਾਇਕ ਮਦਦ ਵਜੋਂ ਦਿੱਤੇ ਜਾਣਗੇ। ਉਨ੍ਹਾਂ ਮਾਰੇ ਗਏ ਵਿਅਕਤੀਆਂ ਦੇ ਸਬੰਧਤ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦੇਣ ਦਾ ਵੀ ਐਲਾਨ ਕੀਤਾ। ਇਸ ਤੋਂ ਪਹਿਲਾਂ ਸਰਕਾਰ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਮਾਇਕ ਮਦਦ ਦੇਣ ਦਾ ਐਲਾਨ ਕਰ ਚੁੱਕੀ ਹੈ। ਇਸ ਮੌਕੇ ਉਨ੍ਹਾਂ ਨਿਰੰਕਾਰੀ ਮਿਸ਼ਨ ਦੇ ਪ੍ਰਬੰਧਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਵਾਪਰੀ ਘਟਨਾ ਦੀ ਸਖ਼ਤ ਨਿੰਦਾ ਕੀਤੀ।

  -ਕੁਲਜੀਤ ਸਿੰਘ ਖੋਸਾ
  ਸਾਡੇ ਕੁਝ ਕੁ ਇਤਿਹਾਸਕਾਰਾਂ ਤੇ ਲੇਖਕਾਂ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਜਾਰੀ ਕੀਤੇ ਹੋਏ ਸਿੱਕਿਆ ਦੀ ਵੀ ਬੜੀ ਗਲਤ ਵਿਆਖਿਆ ਕੀਤੀ ਹੈ ! ਤੇ ਇਹ ਵਿਆਖਿਆ ਸਿਰਫ ਅੰਗਰੇਜਾਂ ਦੀਆਂ ਲਿਖਤਾਂ ਦੇ ਅਧਾਰ ਤੇ ਹੀ ਕੀਤੀ ਹੈ ! ਇਕ ਸਿੱਕੇ ਤੇ ਆਰਸੀ ਅਤੇ ਮੋਰ ਦੇ ਖੰਭ ਦੀ ਬਣੀ ਤਸਵੀਰ ਨੂੰ ਮੋਰਾਂ ਸ਼ਾਹੀ ਸਿੱਕਾ ਕਿਹਾ ਗਿਆ ਅਖੇ ਜੀ ਇਹ ਮਹਾਰਾਜਾ ਰਣਜੀਤ ਸਿੰਘ ਨੇ ਮੋਰਾਂ ਦੇ ਨਾਂ ਤੇ ਜਾਰੀ ਕੀਤਾ ਸੀ ! ਜਦਕਿ ਸੱਚ ਇਹ ਆ ਕਿ ਮਹਾਰਾਜਾ ਰਣਜੀਤ ਸਿੰਘ ਵੱਲੋਂ ਕੋਈ ਵੀ ਸਿੱਕਾ ਮੋਰਾਂ ਦੇ ਨਾਂ ਤੇ ਜਾਰੀ ਕੀਤਾ ਹੀ ਨਹੀਂ ਗਿਆ ।

  ਚੰਡੀਗੜ੍ਹ - ਪੰਜਾਬ ਦੇ ਸਾਬਕਾ ਗ੍ਰਹਿ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੂਬੇ ਵਿੱਚ ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਅਤੇ ਕੋਟਕਪੂਰਾ ਗੋਲੀ ਕਾਂਡ ਦੀਆਂ ਘਟਨਾਵਾਂ ’ਚ ਆਪਣੀ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਪੱਲਾ ਝਾੜ ਲਿਆ ਹੈ। ਵਧੀਕ ਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਹੇਠਲੀ ਵਿਸ਼ੇਸ਼ ਜਾਂਚ ਟੀਮ ਦੇ ਮੂਹਰੇ ਬੇਅਦਬੀ ਤੇ ਗੋਲੀ ਕਾਂਡ ਦੀ ਤਫ਼ਤੀਸ਼ ਵਿੱਚ ਸ਼ਮੂਲੀਅਤ ਕਰਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਸਾਹਮਣੇ ਦਾਅਵਾ ਕੀਤਾ ਕਿ ‘ਸਿੱਟ’ ਨੂੰ ਇਹੋ ਸਪੱਸ਼ਟ ਕੀਤਾ ਹੈ ਕਿ 8 ਅਕਤੂਬਰ ਤੋਂ ਲੈ ਕੇ ਘਟਨਾ ਵਾਲੇ ਦਿਨ (14 ਅਕਤੂਬਰ 2015) ਤੱਕ ਦੇ ਦਿਨਾਂ ਦੌਰਾਨ ਉਹ ਪੰਜਾਬ ਵਿੱਚੋਂ ਬਾਹਰ ਸਨ। ਸੂਤਰਾਂ ਮੁਤਾਬਕ ਸਿੱਟ ਨੇ ਬੇਅਦਬੀ, ਗੋਲੀ ਕਾਂਡ ਅਤੇ ਫਿਲਮ ਅਦਾਕਾਰ ਅਕਸ਼ੈ ਕੁਮਾਰ ਅਤੇ ਡੇਰਾ ਮੁਖੀ ਨਾਲ ਮੁੰਬਈ ’ਚ ਹੋਈ ਮੀਟਿੰਗ ਸਬੰਧੀ ਕਈ ਸਵਾਲ ਪੁੱਛੇ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ‘ਸਿੱਟ’ ਦੇ ਮੈਂਬਰਾਂ ਨੂੰ ਕੋਟਕਪੂਰਾ ਪੁਲੀਸ ਗੋਲੀ ਕਾਂਡ ਅਤੇ ਇਸੇ ਸਾਲ ਅਗਸਤ ਮਹੀਨੇ ਦਰਜ ਕੀਤੀ ਐਫ.ਆਈ.ਆਰ. ਦੇ ਸਬੰਧ ਵਿੱਚ ਅਜਿਹੇ ਸਵਾਲ ਪੁੱਛੇ ਗਏ ਜਿਨ੍ਹਾਂ ਦਾ ਪੁਲੀਸ ਅਧਿਕਾਰੀਆਂ ਕੋਲ ਕੋਈ ਜਵਾਬ ਨਹੀਂ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਸੰਵੇਦਨਸ਼ੀਲ ਅਤੇ ਅਹਿਮ ਮਾਮਲਿਆਂ ਤੋਂ ਪੱਲਾ ਝਾੜਨ ਤੋਂ ਬਾਅਦ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਦਰਜਨ ਦੇ ਕਰੀਬ ਪੁਲੀਸ ਅਧਿਕਾਰੀਆਂ ਕਸੂਤੀ ਸਥਿਤੀ ਵਿੱਚ ਫਸ ਸਕਦੇ ਹਨ ਕਿਉਂਕਿ ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਦਾਅਵਾ ਕਰ ਚੁੱਕੇ ਹਨ ਕਿ ਕੋਟਕਪੂਰਾ ਵਿੱਚ ਹੋਏ ਇਕੱਠ ’ਤੇ ਗੋਲੀ ਚਲਾਉਣ ਦਾ ਹੁਕਮ ਉਨ੍ਹਾਂ ਨਹੀਂ ਦਿੱਤਾ ਸੀ। ਸੁਖਬੀਰ ਸਿੰਘ ਬਾਦਲ ਸੋਮਵਾਰ ਨੂੰ ਬਾਅਦ ਦੁਪਹਿਰ ਢਾਈ ਵਜੇ ਦੇ ਕਰੀਬ ਸੈਕਟਰ 9 ਸਥਿਤ ਪੁਲੀਸ ਹੈੱਡਕੁਆਰਟਰ ’ਤੇ ‘ਸਿੱਟ’ ਦੇ ਮੈਂਬਰਾਂ ਦੇ ਸਾਹਮਣੇ ਤਫ਼ਤੀਸ਼ ਵਿੱਚ ਸ਼ਾਮਲ ਹੋਣ ਲਈ ਗਏ। ਉਹ ਆਪਣੇ ਨਾਲ ਅਕਾਲੀ ਆਗੂਆਂ ਅਤੇ ਵਰਕਰਾਂ ਦਾ ਲਾਮ ਲਸ਼ਕਰ ਲੈ ਕੇ ਗਏ ਪਰ ਪੁਲੀਸ ਹੈੱਡਕੁਆਰਟਰ ਦੇ ਅੰਦਰ ਇਕੱਲੇ ਸੁਖਬੀਰ ਬਾਦਲ ਦੀਆਂ ਗੱਡੀਆਂ ਨੂੰ ਹੀ ਜਾਣ ਦਿੱਤਾ ਤੇ ਬਾਕੀ ਆਗੂ ਇਮਾਰਤ ਦੇ ਬਾਹਰ ਖੜ੍ਹੇ ਰਹੇ। ਪੁਲੀਸ ਅਧਿਕਾਰੀਆਂ ਨੇ ਛੇਵੀਂ ਮੰਜ਼ਿਲ ’ਤੇ ਬਣੇ ਕਮੇਟੀ ਹਾਲ ਵਿੱਚ ਸਾਬਕਾ ਗ੍ਰਹਿ ਮੰਤਰੀ ਤੋਂ ਪੁੱਛਗਿੱਛ ਕੀਤੀ। ਪੁੱਛਗਿੱਛ ਕਰਨ ਵਾਲਿਆਂ ਵਿੱਚ ਏਡੀਜੀਪੀ ਪ੍ਰਬੋਧ ਕੁਮਾਰ, ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ, ਆਈਜੀ ਅਰੁਣਪਾਲ ਸਿੰਘ ਅਤੇ ਕਮਾਂਡੈਂਟ ਭੂਪਿੰਦਰ ਸਿੰਘ ਸ਼ਾਮਲ ਸਨ। ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਸਾਬਕਾ ਉਪ ਮੁੱਖ ਮੰਤਰੀ ਤੋਂ ਤਕਰੀਬਨ ਇੱਕ ਘੰਟਾ ਪੁੱਛਗਿੱਛ ਕੀਤੀ। ਤਫ਼ਤੀਸ਼ ਮੁਕੰਮਲ ਹੋਣ ਤੋਂ ਬਾਅਦ ਸ੍ਰੀ ਬਾਦਲ ਨੇ ਕਿਹਾ ਕਿ ਪੁਲੀਸ ਅਧਿਕਾਰੀਆਂ ਨੇ ਬੇਅਦਬੀ ਅਤੇ ਕੋਟਕਪੂਰਾ ਕਾਂਡ ਸਬੰਧੀ ਪੁੱਛਿਆ ਤਾਂ ਉਨ੍ਹਾਂ ਸਪੱਸ਼ਟ ਕਰ ਦਿੱਤਾ ਕਿ ਕਿ ਉਸ ਸਮੇਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਇਜਾਜ਼ਤ ਲੈ ਕੇ ਉਹ ਪੰਜਾਬ ਤੋਂ ਬਾਹਰ ਗਏ ਹੋਏ ਸੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਅਕਸ਼ੈ ਕੁਮਾਰ ਨੂੰ ਪੰਜਾਬ ਤੋਂ ਬਾਹਰ ਕਦੇ ਵੀ ਨਹੀਂ ਮਿਲਿਆ। ਉਨ੍ਹਾਂ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਅਕਸ਼ੈ ਕੁਮਾਰ ਨੂੰ ਘੜੀਸਿਆ ਜਾ ਰਿਹਾ ਹੈ ਉਸ ਨੂੰ ਦੇਖਦਿਆਂ ਕਿਸੇ ਵੀ ਅਦਾਕਾਰ ਨੇ ਪੰਜਾਬ ਵੱਲ ਮੂੰਹ ਨਹੀਂ ਕਰਨਾ। ਉਨ੍ਹਾਂ ਕਿਹਾ ਕਿ ਸਿੱਟ ਦੇ ਮੈਂਬਰਾਂ ਨੂੰ ਬਲਕਿ ਉਨ੍ਹਾਂ ਖੁਦ ਸਵਾਲ ਕੀਤਾ ‘‘ਕੋਟਕਪੂਰਾ ਥਾਣੇ ’ਚ ਦਰਜ ਜਿਸ ਐਫ.ਆਈ.ਆਰ. ਨੰਬਰ 129 ਦੀ ਤਫ਼ਤੀਸ਼ ਲਈ ਮੈਨੂੰ ਬੁਲਾਇਆ ਹੈ ਉਹ ਪੂਰੀ ਤਰ੍ਹਾਂ ਗੈਰਕਾਨੂੰਨੀ ਜਾਪਦੀ ਹੈ ਕਿਉਂਕਿ ਇੱਕ ਤਾਂ ਘਟਨਾ ਵਾਪਰਨ ਤੋਂ 3 ਸਾਲ ਬਾਅਦ ਦਰਜ ਕੀਤੀ ਗਈ ਤੇ ਸ਼ਿਕਾਇਤ ਕਰਤਾ ਖੁਦ ਪੁਲੀਸ ਕੋਲ ਨਹੀਂ ਪਹੁੰਚਿਆ ਬਲਕਿ ਪੁਲੀਸ ਉਸ ਨੂੰ ਬੁਲਾ ਰਹੀ ਹੈ।’’ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਾਦਲ ਪਰਿਵਾਰ ਖਿਲਾਫ਼ ਬਦਲਾਖੋਰੀ ਦੀ ਸਿਆਸਤ ਨਾਲ ਕੰਮ ਕਰ ਰਹੀ ਹੈ।
  ਸੁਖਬੀਰ ਸਿੰਘ ਬਾਦਲ ਨੇ ਇਹ ਵੀ ਦੋਸ਼ ਲਾਇਆ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਇੱਕ ਦਿਨ ਪਹਿਲਾਂ ਮੀਡੀਆ ਵਿੱਚ ਬਿਆਨ ਦਿੰਦੇ ਹਨ ਤੇ ਉਸੇ ਤਰ੍ਹਾਂ ਫਿਰ ਐਸਆਈਟੀ ਸਵਾਲ ਘੜ੍ਹਦੀ ਹੈ। ਇਸ ਤੋਂ ਇਹ ਲਗਦਾ ਹੈ ਕਿ ਜਿਵੇਂ ਸ੍ਰੀ ਜਾਖੜ ਅਣਐਲਾਨੇ ਮੈਂਬਰ ਹੋਣ। ਸ੍ਰੀ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਨੂੰ ਵੀ ਸਿੱਟ ਦੇ ਮੈਂਬਰਾਂ ਵਜੋਂ ਸਵਾਲ ਕਰਨ ਲਈ ਬਿਠਾ ਲੈਣਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਜਦੋਂ ਮੀਡੀਆ ਨੇ ਕੋਟਕਪੂਰਾ ਗੋਲੀ ਕਾਂਡ ਅਤੇ ਬੇਅਦਬੀ ਦੀ ਘਟਨਾ ਨਾਲ ਸਬੰਧਤ ਸਵਾਲ ਪੁੱਛਣੇ ਚਾਹੇ ਤਾਂ ਉਨ੍ਹਾਂ ਪੂਰੀ ਤਰ੍ਹਾਂ ਟਾਲਾ ਵੱਟ ਲਿਆ। ਉਨ੍ਹਾਂ ਆਪਣੀ ਗੱਲ ਮੁਕੰਮਲ ਕਰ ਕੇ ਕਾਹਲੀ ਨਾਲ ਪ੍ਰੈਸ ਕਾਨਫਰੰਸ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ। ਪੁਲੀਸ ਹੈੱਡਕੁਆਰਟਰ ਤੋਂ ਵਾਪਸ ਐਮ.ਐਲ.ਏ. ਫਲੈਟ ’ਤੇ ਆ ਕੇ ਉਨ੍ਹਾਂ ਆਪਣੇ ਪਿਤਾ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਵੀ ਗੁਫ਼ਤਗੂ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਕਾਲੀ ਆਗੂ ਅਤੇ ਵਕੀਲ ਵਜੋਂ ਮਸ਼ਹੂਰ ਮਹੇਸ਼ਇੰਦਰ ਸਿੰਘ ਵੀ ਇਸ਼ਾਰਿਆਂ ਵਿੱਚ ਸਵਾਲਾਂ ਦੇ ਜਵਾਬ ਦੇਣ ਦੀ ਤਾਕੀਦ ਕਰ ਰਹੇ ਸਨ ਜਿਸ ਤਰ੍ਹਾਂ ਸਾਰਾ ਕੁੱਝ ਰਟਿਆ ਰਟਾਇਆ ਹੋਵੇ। ਸੁਖਬੀਰ ਸਿੰਘ ਬਾਦਲ ਪਹਿਲੀ ਵਾਰੀ ਬੇਅਦਬੀ ਅਤੇ ਗੋਲੀ ਕਾਂਡ ਦੀ ਤਫ਼ਤੀਸ਼ ਵਿੱਚ ਸ਼ਾਮਲ ਹੋਏ ਸਨ। ਅਕਾਲੀ ਦਲ ਦੇ ਪ੍ਰਧਾਨ ਵੱਲੋਂ ਤਫ਼ਤੀਸ਼ ਵਿੱਚ ਸ਼ਾਮਲ ਹੋਣ ਮੌਕੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੀ ਪਹੁੰਚੀ ਹੋਈ ਸੀ। ਅਕਸ਼ੈ ਕੁਮਾਰ ਨੂੰ ਸਿੱਟ ਵਲੋਂ ਭੇਜੇ ਸੰਮਨਾਂ ਵਿੱਚ 21 ਨਵੰਬਰ ਨੂੰ ਅੰਮ੍ਰਿਤਸਰ ਸਰਕਟ ਹਾਊਸ ਵਿੱਚ ਪਹੁੰਚਣ ਲਈ ਕਿਹਾ ਗਿਆ ਹੈ ਤੇ ਇਸ ਫਿਲਮ ਅਦਾਕਾਰ ਵੱਲੋਂ ਹਾਲ ਦੀ ਘੜੀ ਪੁਲੀਸ ਅਧਿਕਾਰੀਆਂ ਨਾਲ ਕੋਈ ਪੱਤਰ ਵਿਹਾਰ ਨਹੀਂ ਕੀਤਾ ਗਿਆ।

  ਮਾਨਸਾ - ਤਖ਼ਤ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਅੰਮ੍ਰਿਤਸਰ ਹਮਲੇ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਮਾਮਲੇ ਦੀ ਸਹੀ ਤੇ ਨਿਰਪੱਖ ਜਾਂਚ ਕਰਵਾਏ। ਇੱਥੋਂ ਦੀ ਅਦਾਲਤ ਵਿਚ ਪੇਸ਼ੀ ਭੁਗਤਣ ਤੋਂ ਬਾਅਦ ਗੱਲਬਾਤ ਕਰਦਿਆਂ ਭਾਈ ਦਾਦੂਵਾਲ ਨੇ ਦੋਸ਼ ਲਾਇਆ ਕਿ ਹਮਲੇ ਪਿੱਛੇ ਡੇਰਾ ਸੱਚਾ ਸੌਦਾ ਸਿਰਸਾ ਦੇ ਕਾਰਕੁਨਾਂ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਇਹ ਹਮਲਾ ਲੋਕਾਂ ਦਾ ਬਰਗਾੜੀ ਮੋਰਚੇ ਤੋਂ ਧਿਆਨ ਲਾਂਭੇ ਕਰਨ ਦੀ ਇਕ ਵੱਡੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਮੌੜ ਬੰਬ ਕਾਂਡ ’ਚ ਸਿਰਸਾ ਡੇਰੇ ਦੀ ਭੂਮਿਕਾ ਸਾਹਮਣੇ ਆਈ ਸੀ। ਭਾਈ ਦਾਦੂਵਾਲ ਨੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਉਨ੍ਹਾਂ ’ਤੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੇ ਲਾਏ ਦੋਸ਼ਾਂ ਨੂੰ ਨਿੱਜੀ ਰੰਜਿਸ਼ ਦੱਸਦਿਆਂ ਕਿਹਾ ਕਿ ਉਨ੍ਹਾਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਇਕ ਸੰਪਰਦਾ ਵੱਲੋਂ ਸ਼ਹੀਦ ਕਰਾਰ ਦੇਣ ਦਾ ਤਿੱਖਾ ਵਿਰੋਧ ਕੀਤਾ ਸੀ। ਉਸ ਵੇਲੇ ਤੋਂ ਹੀ ਬਿੱਟੂ ਉਨ੍ਹਾਂ ਦੇ ਵਿਰੋਧੀ ਹਨ। ਅਕਾਲੀ ਦਲ ਵੱਲੋਂ ਉਨ੍ਹਾਂ (ਭਾਈ ਦਾਦੂਵਾਲ) ਦੇ ਬੈਂਕ ਖਾਤੇ ’ਚ ਵਿਦੇਸ਼ਾਂ ਵਿਚੋਂ 20 ਕਰੋੜ ਰੁਪਏ ਜਮ੍ਹਾਂ ਹੋਣ ਦੇ ਦੋਸ਼ਾਂ ਬਾਰੇ ਭਾਈ ਦਾਦੂਵਾਲ ਨੇ ਕਿਹਾ ਉਹ ਆਪਣੇ ਖਾਤੇ ਅਕਾਲ ਤਖ਼ਤ ਜਾ ਕੇ ਜਨਤਕ ਕਰ ਸਕਦੇ ਹਨ। ਮਾਨਸਾ ਦੀ ਇਕ ਅਦਾਲਤ ਨੇ ਇੱਥੇ ਸਦਰ ਥਾਣਾ ਵਿਚ ਦਰਜ ਇਕ ਕੇਸ ’ਚ ਉਨ੍ਹਾਂ ਦੀ ਅਗਲੀ ਸੁਣਵਾਈ 22 ਨਵੰਬਰ ’ਤੇ ਪਾ ਦਿੱਤੀ ਹੈ।

  ਪਟਿਆਲਾ - ਮਾਲਵਾ ਰਿਸਰਚ ਸੈਂਟਰ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿੱਚ ‘ਅਖੌਤੀ ਮਾਰਕਸਵਾਦੀ, ਅਖੌਤੀ ਬੌਧਿਕਤਾਵਾਦ ਤੇ ਪੁਸਤਕ ਸੱਭਿਆਚਾਰ’ ਉਤੇ ਖੁੱਲ੍ਹੀ ਵਿਚਾਰ ਚਰਚਾ ਕਰਵਾਈ ਗਈ| ਇਸ ਸੈਮੀਨਾਰ ਦੀ ਪ੍ਰਧਾਨਗੀ ਚਿੰਤਕ ਡਾ. ਸਵਰਾਜ ਸਿੰਘ ਨੇ ਕੀਤੀ| ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਡਾ. ਤੇਜਵੰਤ ਮਾਨ, ਪੰਜਾਬੀ ਯੂਨੀਵਰਸਿਟੀ ਤੋਂ ਡਾ. ਕੁਲਦੀਪ ਸਿੰਘ, ਦੇਸ਼ ਪੰਜਾਬ ਦੇ ਸੰਪਾਦਕ ਗੁਰਬਚਨ ਸਿੰਘ, ਡਾ. ਨਰਵਿੰਦਰ ਸਿੰਘ ਕੌਸ਼ਲ, ਗੁਰਦੀਪ ਸਿੰਘ, ਮਾਲਵਾ ਰਿਸਰਚ ਸੈਂਟਰ ਦੇ ਪ੍ਰਧਾਨ ਡਾ. ਭਗਵੰਤ ਸਿੰਘ ਤੇ ਡਾ. ਕੁਲਬੀਰ ਕੌਰ ਚੰਡੀਗੜ੍ਹ ਸ਼ਾਮਲ ਹੋਏ| ਸੈਮੀਨਾਰ ਦੀ ਸ਼ੁਰੂਆਤ ਕਰਦਿਆਂ ਡਾ. ਸਵਰਾਜ ਸਿੰਘ ਨੇ ਕਿਹਾ ਕਿ ਮਾਰਕਸਵਾਦ ਗਿਆਨ ਦਾ ਨਿਰੰਤਰ ਵਿਕਾਸ ਹੈ, ਇਹ ਕੋਈ ਹੱਠ-ਧਰਮੀ, ਅੰਧ-ਵਿਸ਼ਵਾਸੀ ਨਿਰਪੇਖਕ ਅੰਤ ਨਹੀਂ| ਭਾਰਤੀ ਖ਼ਾਸਕਰ ਪੰਜਾਬੀ ਅਖੌਤੀ ਮਾਰਕਸਵਾਦੀਆਂ ਨੇ ਬਿਨਾਂ ਪੜ੍ਹਿਆਂ ਸਮਝਿਆਂ ਹੀ ਇਸ ਨੂੰ ਨਿਰਪੇਖ ਸਿੱਟਿਆਂ ਦੀ ਜੜ੍ਹਤਾ ਵੱਲ ਧਕੇਲ ਦਿੱਤਾ, ਜਿਸ ਕਾਰਨ ਇਨ੍ਹਾਂ ਨੇ ਇਤਿਹਾਸਕ ਦਵੰਦਵਾਦ ਦੇ ਮਹੱਤਵ ਨੂੰ ਅਣਗੌਲਿਆਂ ਕਰ ਕੇ ਆਪਣੀ ਧਰਤੀ ਦੇ ਵਿਰਾਸਤੀ ਲੋਕ ਸੰਘਰਸ਼ਾਂ ਤੋਂ ਪਾਸਾ ਵੱਟ ਲਿਆ| ਪ੍ਰੋ. ਕੁਲਬੀਰ ਕੌਰਨੇ ਕਿਹਾ ਕਿ ਕਾਫੀ ਸਮਾਂ ਪੰਜਾਬੀ ਬੌਧਿਕਤਾ ਨੂੰ ਅਖੌਤੀ ਮਾਰਕਸੀਆਂ ਦੇ ਦਬਾਅ ਅਧੀਨ ਵਿਕਸਤ ਹੋਣਾ ਪਿਆ, ਜਿਸਦਾ ਸਿੱਟਾ ਹੁਣ ਭੁਗਤ ਰਹੇ ਹਾਂ| ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਮਾਰਕਸੀ ਫਿਲਾਸਫੀ ਜ਼ਿੰਦਗੀ ਤੋਂ ਬਾਹਰ ਧੱਕੇ ਹੋਏ ਲੋਕਾਂ ਦੀ ਫ਼ਿਲਾਸਫ਼ੀ ਹੈ| ਸਿਮਰਜੀਤ ਸਿੰਘ ਨੇ ਕਿਹਾ ਕਿ ਮਾਰਕਸ ਦਾ ਆਲੋਚਕ ਪੈਦਾ ਨਹੀਂ ਹੋਇਆ| ਗੁਰਬਚਨ ਸਿੰਘ ਨੇ ਕਿਹਾ ਕਿ ਅਖੌਤੀ ਮਾਰਕਸਵਾਦੀਆਂ ਦੀ ਸਮਝ ਕੇਵਲ ਪਦਾਰਥ ਤੱਕ ਸੀਮਤ ਹੈ, ਮਨ ਨੂੰ ਉਨ੍ਹਾਂ ਨੇ ਆਪਣੀ ਸਮਝ ਦਾ ਹਿੱਸਾ ਨਹੀਂ ਬਣਾਇਆ| ਡਾ. ਭਗਵੰਤ ਸਿੰਘ ਨੇ ਕਿਹਾ ਕਿ ਯੂਨੀਵਰਸਿਟੀਆਂ ਦੇ ਅਖੌਤੀ ਬੁੱਧੀਜੀਵੀ ਆਪਣੀਆਂ ਤਨਖਾਹਾਂ ਦੀ ਫਿਕਰਮੰਦੀ ਦਾ ਸ਼ਿਕਾਰ ਹਨ| ਮਾਰਕਸਵਾਦ ਦੇ ਨਾਂ ’ਤੇ ਉਹ ਸਿੱਖਿਆਰਥੀਆਂ ਨੂੰ ਆਤਮਕ ਚਿੰਤਨ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦੇ ਹਨ|
  ਸੈਮੀਨਾਰ ਵਿੱਚ ਗੁਰਿੰਦਰ ਕੌਰ ਸਵਰਾਜ, ਡਾ. ਨਰਵਿੰਦਰ ਸਿੰਘ ਕੌਸ਼ਲ, ਜਸਵੀਰ ਸਿੰਘ, ਅਮਰ ਗਰਗ, ਪਵਨ ਹਰਚੰਦਪੁਰੀ, ਆਰ.ਐਸ. ਸਿਆਣ, ਜੇ.ਕੇ. ਮਿਗਲਾਨੀ, ਮੇਘ ਰਾਜ, ਲਕਸ਼ਮੀ ਨਰਾਇਣ ਭੀਖੀ, ਇਕਬਾਲ ਗੱਜਣ, ਪ੍ਰੋ. ਅਜਾਇਬ ਸਿੰਘ ਟਿਵਾਣਾ, ਅਵਤਾਰ ਸਿੰਘ, ਕੇ.ਐੱਸ.ਵਿਰਦੀ, ਤੇਜਾ ਸਿੰਘ ਤਿਲਕ, ਪ੍ਰੋ. ਮੇਵਾ ਸਿੰਘ ਤੁੰਗ, ਨਾਹਰ ਸਿੰਘ, ਜਗਤਾਰ ਸਿੰਘ ਕੱਟੂ, ਐਡਵੋਕੇਟ ਜਗਦੀਪ ਸਿੰਘ, ਸ਼ੁਸਮਾ ਸਭਰਾਵਾਲ ਆਦਿ ਵਿਦਵਾਨਾਂ ਨੇ ਹਿੱਸਾ ਲਿਆ| ਇਸ ਮੌਕੇ ਤੇ ਨਿਬੰਧ ਲੇਖਕ ਡਾ. ਪੂਰਨ ਚੰਦ ਜੋਸ਼ੀ ਦੀ ਨਵੀਂ ਪੁਸਤਕ ‘ਅਸੀਂ ਨਹੀਂ ਜਾਣਦੇ’ ਵੀ ਰਿਲੀਜ਼ ਕੀਤੀ ਗਈ|

  ਅੰਮ੍ਰਿਤਸਰ - ਇਥੇ ਰਾਜਾਸਾਂਸੀ ਕਸਬੇ ਨੇੜਲੇ ਪਿੰਡ ਅਦਲੀਵਾਲ ਵਿਚ ਨਿਰੰਕਾਰੀ ਭਵਨ ਵਿਚ ਚੱਲ ਰਹੇ ਸਤਿਸੰਗ ਦੌਰਾਨ ਗ੍ਰਨੇਡ ਹਮਲੇ ’ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ 22 ਹੋਰ ਜ਼ਖ਼ਮੀ ਹੋ ਗਏ। ਗ੍ਰਨੇਡ ਧਮਾਕੇ ਵਿਚ ਮਾਰੇ ਗਏ ਵਿਅਕਤੀਆਂ ਦੀ ਸ਼ਨਾਖ਼ਤ ਸੰਦੀਪ ਸਿੰਘ ਵਾਸੀ ਰਾਜਾਸਾਂਸੀ, ਸੁਖਦੇਵ ਸਿੰਘ ਵਾਸੀ ਪਿੰਡ ਮੀਰਾਂਕੋਟ ਅਤੇ ਕੁਲਦੀਪ ਸਿੰਘ ਵਾਸੀ ਪਿੰਡ ਬੱਗਾ ਕਲਾਂ ਵਜੋਂ ਹੋਈ ਹੈ। ਜ਼ਖ਼ਮੀਆਂ ਵਿਚ 9 ਔਰਤਾਂ ਵੀ ਸ਼ਾਮਲ ਹਨ। ਜ਼ਖ਼ਮੀਆਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਅਤੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਅਤੇ ਹੋਰ ਟੀਮਾਂ ਵੱਲੋਂ ਹਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਵੇਰਵਿਆਂ ਮੁਤਾਬਕ ਇਹ ਘਟਨਾ ਲਗਪਗ 12 ਵਜੇ ਵਾਪਰੀ। ਭਵਨ ਦੇ ਮੁੱਖ ਦਰਵਾਜ਼ੇ ’ਤੇ ਡਿਊਟੀ ਦੇ ਰਹੇ ਨੌਜਵਾਨ ਗਗਨ ਨੇ ਦੱਸਿਆ ਕਿ ਮੋਟਰਸਾਈਕਲ ’ਤੇ ਸਵਾਰ ਦੋ ਹਥਿਆਰਬੰਦ ਨੌਜਵਾਨ ਆਏ ਜਿਨ੍ਹਾਂ ਨੇ ਲੋਈਆਂ ਲਈਆਂ ਹੋਈਆਂ ਸਨ ਅਤੇ ਮੂੰਹ ਢੱਕੇ ਹੋਏ ਸਨ। ਉਨ੍ਹਾਂ ’ਚੋਂ ਇਕ ਨੌਜਵਾਨ ਨੇ ਪਿਸਤੌਲ ਕੱਢ ਲਈ ਅਤੇ ਉਸ ਨੂੰ ਇਕ ਪਾਸੇ ਲੈ ਗਿਆ ਅਤੇ ਉਸ ਕੋਲੋਂ ਅੰਦਰ ਚੱਲ ਰਹੇ ਸਮਾਗਮ ਬਾਰੇ ਜਾਣਕਾਰੀ ਲਈ। ਇਸ ਦੌਰਾਨ ਉਸ ਦਾ ਦੂਜਾ ਸਾਥੀ ਅੰਦਰ ਗਿਆ ਅਤੇ ਉਸ ਨੇ ਹਾਲ ਵਿਚ ਬੈਠੀ ਸੰਗਤ ’ਤੇ ਹੈਂਡ ਗ੍ਰਨੇਡ ਸੁੱਟਿਆ। ਧਮਾਕੇ ਨਾਲ ਭੱਜ-ਨੱਠ ਮੱਚ ਗਈ ਜਿਸ ਵਿਚ ਹਮਲਾਵਰ ਮੌਕੇ ਤੋਂ ਫਰਾਰ ਹੋਣ ਵਿਚ ਸਫ਼ਲ ਰਹੇ। ਮੌਕੇ ’ਤੇ ਹਾਜ਼ਰ ਗੁਰਭੇਜ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਬੇਟਿਆਂ ਨਾਲ ਸਮਾਗਮ ਵਿਚ ਆਇਆ ਸੀ ਅਤੇ ਦੋਵੇਂ ਪਤੀ-ਪਤਨੀ ਧਮਾਕੇ ਵਿਚ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਉਹ ਮੰਚ ਨੇੜੇ ਬੈਠੇ ਹੋਏ ਸਨ ਅਤੇ ਅਚਨਚੇਤੀ ਕੋਈ ਠੋਸ ਚੀਜ਼ ਡਿੱਗੀ ਜਿਸ ਮਗਰੋਂ ਜ਼ੋਰਦਾਰ ਧਮਾਕਾ ਹੋਇਆ। ਉਸ ਨੇ ਦੱਸਿਆ ਕਿ ਜਦੋਂ ਉਹ ਪਤਨੀ ਅਤੇ ਬੱਚਿਆਂ ਨਾਲ ਹਸਪਤਾਲ ਜਾਣ ਲੱਗਾ ਸੀ ਤਾਂ ਉਸ ਨੇ ਦੋ ਨੌਜਵਾਨਾਂ ਨੂੰ ਮੋਟਰਸਾਈਕਲ ’ਤੇ ਭਜਦੇ ਹੋਏ ਦੇਖਿਆ।

  ਬਠਿੰਡਾ - ਸਿਆਸੀ ਸਿੱਖ ਆਗੂਆਂ, ਪ੍ਰਚਾਰਕਾਂ ਤੇ ਸ਼ੋ੍ਰਮਣੀ ਕਮੇਟੀ ਦੇ ਦਲਿਤਾਂ ਵਿਰੋਧੀ ਵਤੀਰੇ ਕਾਰਨ ਦਲਿਤ ਸਿੱਖ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਹਨ | ਇਹ ਪ੍ਰਗਟਾਵਾ ਬਠਿੰਡਾ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਸਾਬਕਾ ਕੇਂਦਰੀ ਅਤੇ ਯੂ.ਪੀ. ਦੇ ਸਾਬਕਾ ਜੇਲ੍ਹ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਕੀਤਾ | ਉਨ੍ਹਾਂ ਆਖਿਆ ਕਿ ਡੇਰਾ ਸਿਰਸਾ ਦੇ ਉਭਾਰ ਲਈ ਪਿੰਡਾਂ ਦੇ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਪ੍ਰਧਾਨ ਜ਼ਿੰਮੇਵਾਰ ਹਨ | ਸ: ਰਾਮੂਵਾਲੀਆ ਨੇ ਕਿਹਾ ਕਿ ਸਿਆਸੀ ਸਿੱਖ ਆਗੂਆਂ, ਪ੍ਰਚਾਰਕਾਂ ਤੇ ਸ਼ੋ੍ਰਮਣੀ ਕਮੇਟੀਆਂ ਵਲੋਂ ਦਲਿਤਾਂ ਨੂੰ ਹਰ ਫ਼ਰੰਟ 'ਤੇ ਅਣਗੋਲਿਆ ਕਰਕੇ ਉਨ੍ਹਾਂ ਨੂੰ ਸਮਾਜ ਦੇ ਗੌਣ ਪਾਤਰ ਦਾ ਦਰਜਾ ਦਿੱਤੇ ਜਾਣ ਕਾਰਨ ਦਲਿਤ ਸਿੱਖ ਹੌਲੀ-ਹੌਲੀ ਸਿੱਖੀ ਤੋਂ ਮੂੰਹ ਮੌੜ ਕੇ ਡੇਰਾਵਾਦ ਜਾਂ ਹੋਰ ਧਰਮਾਂ ਵੱਲ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿਆਸਤਦਾਨ ਸੂਬੇ ਦੀਆਂ 40 ਹਜ਼ਾਰ ਤੋਂ ਵੱਧ ਧੀਆਂ ਜਿਨ੍ਹਾਂ ਨੂੰ ਵਿਦੇਸ਼ੀ ਲਾੜੇ ਵਿਆਹ ਕਰਵਾ ਕੇ ਮੋਟੀਆਂ ਰਕਮਾਂ ਲੈ ਕੇ ਇੱਥੇ ਛੱਡ ਗਏ ਹਨ ਉਨ੍ਹਾਂ ਦੇ ਹੱਲ ਲਈ ਇਕ ਵੀ ਸਾਰਥਿਕ ਕਦਮ ਨਹੀਂ ਚੁੱਕ ਰਹੇ | ਇਸੇ ਤਰ੍ਹਾਂ ਹਰ ਸਾਲ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਂਅ 'ਤੇ 27 ਹਜ਼ਾਰ ਕਰੋੜ ਰੁਪਏ ਏਜੰਟਾਂ ਵਲੋਂ ਠੱਗੇ ਜਾ ਰਹੇ ਹਨ | ਸਮਾਜਵਾਦੀ ਪਾਰਟੀ ਦੇ ਪੰਜਾਬ 'ਚ ਵਿਸਥਾਰ ਬਾਰੇ ਉਨ੍ਹਾਂ ਆਖਿਆ ਕਿ ਅਖ਼ਲੇਸ਼ ਯਾਦਵ ਵਲੋਂ ਉਨ੍ਹਾਂ ਨੂੰ ਪੰਜਾਬ ਤੇ ਚੰਡੀਗੜ੍ਹ ਦਾ ਕਾਰਜਭਾਰ ਦਿੱਤਾ ਗਿਆ ਹੈ | ਇਸ ਮੌਕੇ ਨਵਦੀਪ ਸਿੰਘ ਮੰਡੀਕਲਾ, ਜਸਵਿੰਦਰ ਸਿੰਘ ਢਿੱਲੋਂ, ਫ਼ਤਿਹ ਸਿੰਘ ਰਾਮਗੜ੍ਹ ਵੀ ਮੌਜੂਦ ਸਨ |

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਖ਼ਤਰੇ ਵਿਚ ਹੈ, ਕਿਉਂਕਿ ਕਾਂਗਰਸ ਸਰਕਾਰ ਸ਼ਾਂਤੀ ਭੰਗ ਕਰਨ ਵਾਲੇ ਅਨਸਰਾਂ ਨੂੰ ਸ਼ਹਿ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸੂਬੇ ਦਾ ਮਾਹੌਲ ਖ਼ਰਾਬ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਮਕਸੂਦਾਂ ਬੰਬ ਧਮਾਕਾ ਅਤੇ ਉੱਤਰ ਪ੍ਰਦੇਸ਼ ਦੀ ਪੁਲੀਸ ਵੱਲੋਂ ਪ੍ਰਕਾਸ਼ ਸਿੰਘ ਬਾਦਲ ਦਾ ਕਤਲ ਕਰਨ ਦੀ ਸਾਜ਼ਿਸ਼ ਨੂੰ ਬੇਨਕਾਬ ਕਰਨ ਦੀਆਂ ਘਟਨਾਵਾਂ ਨੇ ਪੰਜਾਬ ਦੀ ਸ਼ਾਂਤੀ ਉੱਤੇ ਮੰਡਰਾ ਰਹੇ ਖ਼ਤਰੇ ਤੋਂ ਜਾਣੂ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਇੱਥੋਂ ਤਕ ਕਿ ਉਨ੍ਹਾਂ (ਮੇਰੇ) ਕਾਫ਼ਲੇ ਉੱਤੇ ਵੀ ਸੰਗਰੂਰ ਵਿਚ ਹਮਲਾ ਕੀਤਾ ਗਿਆ ਸੀ, ਪਰ ਇਸ ਮਾਮਲੇ ਵਿਚ ਕੋਈ ਕਾਰਵਾਈ ਕਰਨ ਦੀ ਥਾਂ, ਮੁਲਜ਼ਮਾਂ ਵਿਰੁੱਧ ਕੇਸ ਵਾਪਸ ਲੈ ਲਿਆ ਗਿਆ ਹੈ।
  ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਕਾਂਗਰਸ ਸਰਕਾਰ ਆਪਣੇ ਅਤੀਤ ਦੇ ਹਾਕਮਾਂ ਵਾਂਗ ਸਿਆਸਤ ਨੂੰ ਸ਼ਾਂਤੀ ਤੋਂ ਉੱਪਰ ਰੱਖਦੀ ਹੈ। ਕਾਂਗਰਸ ਦੀ ਇਹੀ ਸੋਚ ਪੰਜਾਬ ਨੂੰ ਕਾਲੇ ਦਿਨਾਂ ਵੱਲ ਲੈ ਕੇ ਗਈ ਸੀ ਤੇ ਸੂਬੇ ਵਿਚ ਸ਼ਾਂਤੀ ਕਾਇਮ ਕਰਨ ਵਾਸਤੇ ਮੌਜੂਦਾ ਸਰਕਾਰ ਨੂੰ ਆਪਣੀ ਇਹ ਨੀਤੀ ਛੱਡਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਫੌਜ ਦੇ ਮੁਖੀ ਨੇ ਵੀ ਹਾਲ ਹੀ ਵਿਚ ਪੰਜਾਬ ਸਰਕਾਰ ਨੂੰ ਇਸ ਬਾਰੇ ਚੌਕਸ ਕੀਤਾ ਸੀ। ਉਨ੍ਹਾਂ ਕਿਹਾ ਕਿ ਲੋਕ ਇਹ ਵੀ ਵੇਖ ਚੁੱਕੇ ਹਨ ਕਿ ਕਿਸ ਤਰ੍ਹਾਂ ਪੰਜਾਬ ਵਿਚ ਗੜਬੜ ਕਰਵਾਉਣ ਲਈ ਵਿਦੇਸ਼ਾਂ ਵਿੱਚੋਂ ਪੈਸਾ ਭੇਜਿਆ ਜਾ ਰਿਹਾ ਹੈ। ਅਜਿਹੀਆਂ ਗਤੀਵਿਧੀਆਂ ਨੂੰ ਰੋਕਣ ਲਈ ਸਰਕਾਰ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ ਅਤੇ ਸ਼ਰਾਰਤੀ ਅਨਸਰਾਂ ਦੇ ਇਰਾਦਿਆਂ ਨੂੰ ਨਾਕਾਮ ਕਰ ਦੇਣਾ ਚਾਹੀਦਾ ਹੈ।

  ਪਟਿਆਲਾ - ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵੱਲੋਂ ਕੈਦੀਆਂ ਨੂੰ ਇੱਕ ਮਹੀਨੇ ਤੋਂ ਸਾਲ ਤੱਕ ਦੀ ਸਜ਼ਾ ਮੁਆਫ਼ੀ ਦੇਣ ਦਾ ਫ਼ੈਸਲਾ ਲਿਆ ਗਿਆ ਹੈ। ਗੁਰਪੁਰਬ ਮੌਕੇ 31 ਕੈਦੀ ਰਿਹਾਅ ਕੀਤੇ ਜਾਣਗੇ। ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਗੁਰਪੁਰਬ ਮੌਕੇ ਸਜ਼ਾ ਮੁਆਫ਼ ਕਰਨ ਦੇ ਕੀਤੇ ਗਏ ਇਸ ਫ਼ੈਸਲੇ ਮੁਤਾਬਿਕ ਤਿੰਨ ਸਾਲ ਤੱਕ ਦੀ ਸਜ਼ਾ ਵਾਲੇ ਕੈਦੀਆਂ ਦੀ ਮਹੀਨੇ ਦੀ ਸਜ਼ਾ ਮੁਆਫ਼ ਹੋਵੇਗੀ। ਜੇਕਰ ਕੋਈ ਕੈਦੀ 35 ਮਹੀਨਿਆਂ ਦੀ ਸਜ਼ਾ ਕੱਟ ਚੁੱਕਿਆ ਹੈ ਤਾਂ ਇੱਕ ਮਹੀਨੇ ਦੀ ਮੁਆਫ਼ੀ ਤਹਿਤ ਉਹ 23 ਨਵੰਬਰ ਨੂੰ ਰਿਹਾਅ ਵੀ ਹੋ ਸਕੇਗਾ। ਇਸੇ ਤਰਜ਼ ’ਤੇ ਤਿੰਨ ਤੋਂ ਪੰਜ ਸਾਲ ਤੱਕ ਦੀ ਸਜ਼ਾ ਵਾਲਿਆਂ ਨੂੰ ਤਿੰਨ ਮਹੀਨਿਆਂ ਅਤੇ ਪੰਜ ਤੋਂ ਸੱਤ ਸਾਲ ਵਾਲੇ ਕੈਦੀਆਂ ਨੂੰ ਛੇ ਮਹੀਨਿਆਂ ਦੀ ਮੁਆਫ਼ੀ ਮਿਲੇਗੀ। ਸੱਤ ਤੋਂ ਦਸ ਸਾਲ ਤੱਕ ਦੀ ਸਜ਼ਾ ਵਾਲਿਆਂ ਦੀ ਨੌਂ ਮਹੀਨੇ ਅਤੇ ਦਸ ਸਾਲਾਂ ਤੋਂ ਉਮਰ ਕੈਦ ਵਾਲੇ ਕੈਦੀਆਂ ਨੂੰ ਇੱਕ ਸਾਲ ਦੀ ਸਜ਼ਾ ਮੁਆਫ਼ੀ ਮਿਲੇਗੀ। ਨਿਯਮਾਂ ਅਨੁਸਾਰ ਅਜਿਹੀ ਮੁਆਫ਼ੀ ਦਾ ਫ਼ੈਸਲਾ ਬਲਾਤਕਾਰ, ਕੁਕਰਮ, ਅਗਵਾ, ਨਸ਼ਾ ਤਸਕਰੀ ਅਤੇ ਚੈੱਕ ਬਾਊਂਸ ਆਦਿ ਕੇਸਾਂ ਸਮੇਤ ਸੀਬੀਆਈ ਆਧਾਰਿਤ ਕੇਸਾਂ ਨਾਲ ਸਬੰਧਿਤ ਕੈਦੀਆਂ ’ਤੇ ਲਾਗੂ ਨਹੀਂ ਹੋਵੇਗਾ। ਇਸੇ ਦੌਰਾਨ 23 ਨਵੰਬਰ ਨੂੰ ਅੰਮ੍ਰਿਤਸਰ ਅਤੇ ਰੋਪੜ ਦੀਆਂ ਜੇਲ੍ਹਾਂ ਵਿਚੋਂ ਪੰਜ-ਪੰਜ, ਗੁਰਦਾਸਪੁਰ ਜੇਲ੍ਹ ਤੋਂ ਚਾਰ ਅਤੇ ਫਿਰੋਜ਼ਪੁਰ, ਲੁਧਿਆਣਾ ਤੇ ਕਪੂਰਥਲਾ ਦੀਆਂ ਜੇਲ੍ਹਾਂ ਵਿੱਚੋਂ ਤਿੰਨ-ਤਿੰਨ ਕੈਦੀ ਰਿਹਾਅ ਹੋਣਗੇ। ਹੁਸ਼ਿਆਰਪੁਰ, ਫ਼ਰੀਦਕੋਟ ਤੇ ਬਠਿੰਡਾ ਦੀਆਂ ਜੇਲ੍ਹਾਂ ਵਿਚੋਂ ਦੋ-ਦੋ ਅਤੇ ਮਾਲੇਰਕੋਟਲਾ ਤੇ ਪਟਿਆਲਾ ਜੇਲ੍ਹ ਤੋੋਂ ਇੱਕ-ਇੱਕ ਕੈਦੀ ਦੀ ਰਿਹਾਈ ਹੋਵੇਗੀ। ਇਨ੍ਹਾਂ 31 ਕੈਦੀਆਂ ਨੂੰ ਇਕੱਠਿਆਂ ਹੀ ਕਿਸੇ ਇੱਕ ਜੇਲ੍ਹ ਵਿਚੋਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਰਿਹਾਅ ਕਰਨਗੇ। ਸੰਪਰਕ ਕਰਨ ’ਤੇ ਜੇਲ੍ਹ ਮੰਤਰੀ ਨੇ ਕੈਦੀਆਂ ਦੀ ਅਜਿਹੀ ਸਜ਼ਾ ਮੁਆਫ਼ੀ ਅਤੇ ਰਿਹਾਈ ਦੇ ਫੈਸਲੇ ਦੀ ਪੁਸ਼ਟੀ ਕੀਤੀ ਹੈ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com