ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਚੰਡੀਗੜ੍ਹ - ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਅੱਜ ਇੱਥੇ ਵਧੀਕ ਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਹੇਠਲੀ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਅਕਾਲੀ-ਭਾਜਪਾ ਸਰਕਾਰ ਸਮੇਂ 2015 ਦੌਰਾਨ ਫ਼ਰੀਦਕੋਟ ਜ਼ਿਲ੍ਹੇ ਵਿੱਚ ਗੁਰੂ ਗ੍ਰੰਥ ਸਹਿਬ ਦੀ ਬੇਅਦਬੀ ਅਤੇ ਪੁਲੀਸ ਗੋਲੀ ਕਾਂਡ ਨਾਲ ਸਬੰਧਤ ਮਾਮਲਿਆਂ ਵਿੱਚ ਤਕਰੀਬਨ ਪੌਣਾ ਘੰਟਾ ਪੁੱਛ-ਗਿੱਛ ਕੀਤੀ। ਸੂਤਰਾਂ ਮੁਤਾਬਕ ਸ੍ਰੀ ਬਾਦਲ ਨੇ ‘ਸਿੱਟ’ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਉਨ੍ਹਾਂ ਦੀ ਸਰਕਾਰ ਸਮੇਂ ਕੀਤੀ ਕਾਰਵਾਈ ਖਾਸ ਕਰ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰਕੇ ਪੜਤਾਲ ਕਰਨ ਸਬੰਧੀ ਜਵਾਬ ਦਿੱਤੇ। ਉਨ੍ਹਾਂ ਦੱਸਿਆ ਕਿ ਸ੍ਰੀ ਬਾਦਲ ਤੋਂ ਕੋਟਕਪੂਰਾ ਗੋਲੀ ਕਾਂਡ ਅਤੇ ਬੇਅਦਬੀ ਦੀ ਘਟਨਾ ਸਬੰਧੀ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਦੀ ਪੜਤਾਲੀਆ ਰਿਪੋਰਟ ਵਿੱਚ ਸਾਹਮਣੇ ਲਿਆਂਦੇ ਕੁਝ ਤੱਥਾਂ ਸਬੰਧੀ ਵੀ ਸਵਾਲ ਪੁੱਛੇ ਗਏ। ‘ਸਿੱਟ’ ਵੱਲੋਂ ਤਤਕਾਲੀ ਡੀਜੀਪੀ ਨਾਲ ਹੋਈ ਗੱਲਬਾਤ ਦਾ ਵੇਰਵਾ ਦੇਣ ਲਈ ਵੀ ਕਿਹਾ ਗਿਆ। ਸਾਬਕਾ ਮੁੱਖ ਮੰਤਰੀ ਨੇ ‘ਸਿੱਟ’ ਦੇ ਮੈਂਬਰਾਂ ਨੂੰ ਸਪੱਸ਼ਟ ਕਿਹਾ ਕਿ ਪੁਲੀਸ ਨੂੰ ਗੋਲੀ ਚਲਾਉਣ ਦੇ ਹੁਕਮ ਨਹੀਂ ਦਿੱਤੇ ਗਏ ਸਨ।
    ਧਾਰਮਿਕ ਤੇ ਸੰਵੇਦਨਸ਼ੀਲ ਮਾਮਲੇ ਵਿੱਚ ਪਹਿਲੀ ਵਾਰ ਪੁੱਛ-ਗਿੱਛ ਹੋਣ ਕਰਕੇ ਸ੍ਰੀ ਬਾਦਲ ਦੇ ਮੱਥੇ ਤੋਂ ਚਿੰਤਾ ਦੀਆਂ ਲਕੀਰਾਂ ਸਾਫ਼ ਪੜ੍ਹੀਆਂ ਜਾ ਸਕਦੀਆਂ ਸਨ। ਉਥੇ ਹਾਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਘਬਰਾਹਟ ਵਿੱਚ ਦਿਖਾਈ ਦੇ ਰਹੇ ਸਨ। ਉਂਜ ਇਥੇ ਸੀਨੀਅਰ ਲੀਡਰਸ਼ਿਪ ਨੇ ਵੀ ਭਰਵੀਂ ਹਾਜ਼ਰੀ ਲਵਾਈ। ਸਾਬਕਾ ਮੁੱਖ ਮੰਤਰੀ ਨੇ ਤਫ਼ਤੀਸ਼ੀ ਅਧਿਕਾਰੀਆਂ ਨੂੰ ਪੁੱਛ-ਗਿੱਛ ਲਈ ਢਾਈ ਵਜੇ ਦਾ ਸਮਾਂ ਦਿੱਤਾ ਸੀ। ਆਈਜੀ ਰੈਂਕ ਦੇ ਪੁਲੀਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਸਮੇਂ ਮੁਤਾਬਕ ਚੰਡੀਗੜ੍ਹ ਦੇ ਸੈਕਟਰ 4 ਸਥਿਤ ਉਨ੍ਹਾਂ ਦੇ ਐਮਐਲਏ ਫਲੈਟ ’ਤੇ ਪਹੁੰਚ ਗਏ ਸਨ। ਸ੍ਰੀ ਬਾਦਲ ਨੇ ਪੁਲੀਸ ਅਧਿਕਾਰੀ ਦਾ ਸਵਾਗਤ ਤਾਂ ਕੀਤਾ ਪਰ ‘ਸਿੱਟ’ ਮੁਖੀ ਪ੍ਰਬੋਧ ਕੁਮਾਰ ਨਾਲ ਗੱਲ ਕਰਕੇ ਉਨ੍ਹਾਂ ਨੂੰ ਖੁਦ ਆਉਣ ਲਈ ਕਿਹਾ। ਇਸ ਤੋਂ ਬਾਅਦ ਪ੍ਰਬੋਧ ਕੁਮਾਰ, ਆਈਜੀ ਅਰੁਣਪਾਲ ਸਿੰਘ ਅਤੇ ਐਸਪੀ ਭੁਪਿੰਦਰ ਸਿੰਘ ਉਥੇ ਪਹੁੰਚੇ ਅਤੇ ਬੰਦ ਕਮਰੇ ਵਿੱਚ ਸ੍ਰੀ ਬਾਦਲ ਤੋਂ ਪੁੱਛ-ਗਿੱਛ ਸ਼ੁਰੂ ਹੋਈ। ਸਿੱਟ ਦੇ ਮੈਂਬਰਾਂ ਨੇ ਪੁੱਛ-ਗਿੱਛ ਦੀ ਵੀਡੀਓਗ੍ਰਾਫੀ ਵੀ ਕੀਤੀ। ਉਧਰ ਸਾਬਕਾ ਮੁੱਖ ਮੰਤਰੀ ਨੇ ‘ਸਿੱਟ’ ਦੀ ਕਾਰਵਾਈ ਨੂੰ ਰਾਜਨੀਤੀ ਤੋਂ ਪ੍ਰੇਰਿਤ ਕਰਾਰ ਦਿੰਦਿਆਂ ਕਿਹਾ,‘‘ਮੈਨੂੰ ਪੁਲੀਸ ਅਧਿਕਾਰੀਆਂ ’ਤੇ ਕੋਈ ਯਕੀਨ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਤਾਂ ਮਹਿਜ਼ ਖਾਨਾਪੂਰਤੀ ਕਰਨੀ ਹੈ ਤੇ ਹੋਣਾ ਤਾਂ ਉਹੀ ਹੈ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚਾਹੁਣਗੇ ਪਰ ਮੈਂ ਕਾਨੂੰਨ ਨੂੰ ਮੰਨਣਾ ਵਾਲਾ ਵਿਅਕਤੀ ਹਾਂ’’। ਉਨ੍ਹਾਂ ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਜਦੋਂ ਇਰਾਦਾ ਕਤਲ ਦੇ ਮਾਮਲੇ ਵਿੱਚ ਤਤਕਾਲੀ ਮੁੱਖ ਮੰਤਰੀ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ ਅੰਦਰ ਵੱਡੀਆਂ ਵੱਡੀਆਂ ਘਟਨਾਵਾਂ ਵਾਪਰਦੀਆਂ ਹਨ ਤੇ ਕਦੇ ਮੁੱਖ ਮੰਤਰੀਆਂ, ਪ੍ਰਧਾਨ ਮੰਤਰੀ ਜਾਂ ਮੰਤਰੀਆਂ ਨੂੰ ਸੱਦਿਆਂ ਨਹੀਂ ਜਾਂਦਾ। ਇੱਥੋਂ ਤੱਕ ਕਿ ਸਾਕਾ ਨੀਲਾ ਤਾਰਾ ਜਾਂ 1984 ਦੇ ਦੰਗਿਆਂ ਬਾਰੇ ਉਸ ਸਮੇਂ ਦੇ ਪ੍ਰਧਾਨ ਮੰਤਰੀਆਂ ਨੂੰ ਸ਼ਾਮਲ ਨਹੀਂ ਸੀ ਕੀਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ‘ਸਿੱਟ’ ਵੱਲੋਂ ਪੁੱਛੇ ਗਏ ਸਵਾਲ ਪੂਰੀ ਤਰ੍ਹਾਂ ਨਾਲ ਬੇਤੁਕੇ ਸਨ ਅਤੇ ਮੁੱਖ ਮੰਤਰੀ ਦੀ ਕੁਰਸੀ ਸੰਭਾਲ ਚੁੱਕੇ ਵਿਅਕਤੀ ਤੋਂ ਅਜਿਹੇ ਸਵਾਲ ਪੁੱਛਣੇ ਨਹੀਂ ਬਣਦੇ ਸਨ। ਸ੍ਰੀ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਵੀ ਮੁੱਖ ਮੰਤਰੀ ਹੁੰਦਿਆਂ ਮੇਰੀ ਪਤਨੀ ਸਮੇਤ ਪਰਚਾ ਦਰਜ ਕੀਤਾ ਸੀ ਪਰ ਸੱਚਾਈ ਸਭ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਨੂੰ ਅਸੀਂ ਕਸੂਰਵਾਰ ਲਗਦੇ ਹਾਂ ਪਰ ਸੱਚਾਈ ਆਖਿਰ ਲੋਕਾਂ ਦੇ ਸਾਹਮਣੇ ਆ ਜਾਵੇਗੀ। ਉਨ੍ਹਾਂ ਕਾਂਗਰਸ ਸਰਕਾਰ ’ਤੇ ਸੂਬੇ ਦੇ ਹਾਲਾਤ ਖ਼ਰਾਬ ਕਰਨ ਦੇ ਦੋਸ਼ ਵੀ ਲਾਏ।

    ਨਵੀਂ ਦਿੱਲੀ - 1984 ਦੇ ਸਿੱਖ ਕਤਲੇਆਮ ਦੇ ਮੁਕੱਦਮੇ ਵਿੱਚ ਨਾਮਜ਼ਦ ਕਾਂਗਰਸੀ ਆਗੂ ਸੱਜਣ ਕੁਮਾਰ ਖ਼ਿਲਾਫ਼ ਅਹਿਮ ਗਵਾਹ ਚਾਮ ਕੌਰ ਨੇ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿੱਚ ਸੱਜਣ ਕੁਮਾਰ ਦੀ ਅੱਜ ਸ਼ਨਾਖ਼ਤ ਕੀਤੀ ਤੇ ਕਿਹਾ ਕਿ ਸੱਜਣ ਕੁਮਾਰ ਹੀ ਉਹ ਵਿਅਕਤੀ ਹੈ ਜੋ ਸਿੱਖਾਂ ਨੂੰ ਕਤਲ ਕਰਨ ਲਈ ਭੀੜ ਨੂੰ ਉਕਸਾ ਰਿਹਾ ਸੀ।
    ਚਾਮ ਕੌਰ ਨੇ ਅਦਾਲਤ ਵਿੱਚ ਗਵਾਹੀ ਦਿੱਤੀ ਕਿ ਉਸ ਨੇ ਸੱਜਣ ਕੁਮਾਰ ਨੂੂੰ ਦਿੱਲੀ ਦੇ ਸੁਲਤਾਨਪੁਰੀ ਇਲਾਕੇ ਵਿਚ ਨਵੰਬਰ 1984 ਨੂੰ ਇਹ ਕਹਿੰਦੇ ਹੋਏ ਸੁਣਿਆ ਸੀ, ‘ਸਾਡੀ ਮਾਂ ਮਾਰ ਦਿੱਤੀ, ਸਿੱਖਾਂ ਨੂੰ ਮਾਰੋ’ ਚਾਮ ਕੌਰ ਨੇ ਜੱਜ ਪੂਨਮ ਬਾਮਰਾ ਦੀ ਅਦਾਲਤ ਅੰਦਰ ਸੱਜਣ ਕੁਮਾਰ ਦੀ ਹਾਜ਼ਰੀ ਵਿੱਚ ਬਿਆਨ ਦਿੱਤੇ ਕਿ ਉਸ ਦਾ ਪਰਿਵਾਰ 31 ਅਕਤੂਬਰ ਨੂੰ ਇੰਦਰਾ ਗਾਂਧੀ ਬਾਰੇ ਟੀਵੀ ‘ਤੇ ਪ੍ਰੋਗਰਾਮ ਦੇਖ ਰਿਹਾ ਸੀ। 1 ਨਵੰਬਰ ਨੂੰ ਆਪਣੀ ਬੱਕਰੀ ਦੇਖਣ ਗਈ ਤਾਂ ਦੇਖਿਆ ਕਿ ਸੱਜਣ ਕੁਮਾਰ ਦੰਗਾਈਆਂ ਦੀ ਭੀੜ ਦੀ ਅਗਵਾਈ ਦੌਰਾਨ ਬੋਲ ਰਿਹਾ ਸੀ, ‘ਸਾਡੀ ਮਾਂ ਮਾਰ ਦਿੱਤੀ, ਸਰਦਾਰਾਂ ਨੂੰ ਮਾਰ ਦਿਓ’। ਉਸ ਨੇ ਦੱਸਿਆ ਕਿ ਅਗਲੇ ਦਿਨ ਉਸ ਦੇ ਪੁੱਤਰ ਕਪੂਰ ਸਿੰਘ ਤੇ ਪਿਤਾ ਸਰਦਾਰਾ ਸਿੰਘ ਨੂੰ ਘਰ ਦੀ ਦੂਜੀ ਮੰਜ਼ਿਲ ਤੋਂ ਛੁਪੇ ਹੋਇਆਂ ਨੂੰ ਧੂਹ ਲਿਆ ਤੇ ਬੁਰੀ ਤਰ੍ਹਾਂ ਕੁੱਟਿਆ, ਫਿਰ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ। ਇਸ ਦੌਰਾਨ ਚਾਮ ਕੌਰ ਦੇ ਵੀ ਸੱਟਾਂ ਲੱਗੀਆਂ।
    ਉਸ ਨੇ ਗਵਾਹੀ ਦਿੱਤੀ ਕਿ ਸੱਜਣ ਕੁਮਾਰ ਨੂੰ ਚੰਗੀ ਤਰ੍ਹਾਂ ਜਾਣਦੀ ਹੈ ਕਿ ਉਹ ਜਦੋਂ ਵਿਧਾਇਕ ਜਾਂ ਸੰਸਦ ਮੈਂਬਰ ਸੀ ਤਾਂ ਰਾਸ਼ਨ ਕਾਰਡ, ਪਾਸਪੋਰਟ ਆਦਿ ਦੇ ਕਾਗਜ਼ਾਂ ‘ਤੇ ਮੋਹਰ ਲਗਵਾਉਣ ਆਮ ਜਾਂਦੇ ਸੀ। ਉਸ ਨੇ ਅੱਗੇ ਹੋਰ ਸਿੱਖਾਂ ਦੇ ਉਸੇ ਦਿਨ ਮਾਰੇ ਜਾਣ ਬਾਰੇ ਬਿਆਨ ਦਿੱਤਾ। ਅਦਾਲਤੀ ਕਾਰਵਾਈ ਦੌਰਾਨ ਦਿੱਲੀ ਕਮੇਟੀ ਦੇ ਅਹਿਮ ਆਗੂ ਪੁੱਜੇ ਹੋਏ ਸਨ।

    ਪੱਤਰਕਾਰ ਛਤਰਪਤੀ ਕਤਲ ਕੇਸ ਦੀਆਂ ਗਵਾਹੀਆਂ ਹੋਈਆਂ ਪੂਰੀਆਂ ਆਖ਼ਰੀ ਬਹਿਸਾਂ ਜਾਰੀ, ਕਿਸੇ ਸਮੇਂ ਵੀ ਆ ਸਕਦੈ ਫ਼ੈਸਲਾ
    ਬਲਾਤਕਾਰ ਕੇਸ ਵਿਚ ਸਜ਼ਾ ਸੁਣਾਉਣ ਵਾਲੇ ਜੱਜ ਜਗਦੀਪ ਸਿੰਘ ਕਰ ਰਹੇ ਹਨ ਕੇਸ ਦੀ ਸੁਣਵਾਈ
    ਪੰਚਕੂਲਾ, (ਲੱਖਾ ਸਿੰਘ/ਅਵਤਾਰ ਸਿੰਘ ਚੀਮਾ)-  ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰਹੀਮ ਉਪਰ ਚੱਲ ਰਹੇ ਪੱਤਰਕਾਰ ਛਤਰਪਤੀ ਕਤਲ ਕੇਸ ਦਾ ਫ਼ੈਸਲਾ ਕਿਸੇ ਸਮੇਂ ਵੀ ਆ ਸਕਦਾ ਹੈ ਅਤੇ ਇਸ ਕੇਸ ਵਿਚ ਸਾਧ ਦੇ ਦੋਸ਼ੀ ਪਾਏ ਜਾਣ ਦੀ ਪੂਰੀ ਸੰਭਾਵਨਾ ਹੈ। ਪੰਚਕੂਲਾ ਦੀ ਸਪੈਸ਼ਲ ਸੀਬੀਆਈ ਅਦਾਲਤ ਵਿਚ ਚੱਲ ਰਹੇ ਇਸ ਕੇਸ ਵਿਚ ਸਾਰੀਆਂ ਗਵਾਹੀਆਂ ਪੂਰੀਆਂ ਹੋ ਚੁੱਕੀਆਂ ਹਨ ਅਤੇ ਆਖ਼ਰੀ ਬਹਿਸ ਚੱਲ ਰਹੀ ਹੈ, ਜਿਸ ਕਰਕੇ ਇਸ ਕੇਸ ਦੀਆਂ ਤਾਰੀਕਾਂ ਨੇੜੇ ਨੇੜੇ ਪੈ ਰਹੀਆਂ ਹਨ ਅਤੇ ਇਸੇ ਮਹੀਨੇ ਇਸ ਕੇਸ ਵਿਚ 3 ਤਾਰੀਕਾਂ ਪੈ ਚੁੱਕੀਆਂ ਹਨ। ਅੱਜ ਤੀਜੀ ਤਾਰੀਕ ਮੌਕੇ ਜੱਜ ਜਗਦੀਪ ਸਿੰਘ ਨੇ ਅਗਲੀ ਤਾਰੀਕ 21 ਨਵੰਬਰ ਪਾ ਦਿੱਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੌਦਾ ਸਾਧ ਖ਼ਿਲਾਫ਼ ਕਾਨੂੰਨੀ ਲੜਾਈ ਲੜਨ ਵਾਲੇ ਭਾਈ ਗੁਰਦਾਸ ਸਿੰਘ ਤੂਰ ਨੇ ਦੱਸਿਆ ਕਿ 2002 ਵਿਚ ਪੱਤਰਕਾਰ ਰਾਮ ਚੰਦਰ ਛਤਰਪਤੀ ਵੱਲੋਂ ਸੌਦਾ ਸਾਧ ਖ਼ਿਲਾਫ਼ ਆਪਣੇ ਅਖ਼ਬਾਰ ਵਿਚ ਡੇਰੇ ਵਿਚ ਕੀਤੇ ਜਾਂਦੇ ਕੁਕਰਮਾਂ ਦੀ ਰਿਪੋਰਟ ਛਾਪੀ ਗਈ ਸੀ, ਜਿਸਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਇਸ ਮਾਮਲੇ ਵਿੱਚ ਹਰਿਆਣਾ ਪੁਲਿਸ ਵੱਲੋਂ ਦੋ ਦੋਸ਼ੀਆਂ ਕੁਲਦੀਪ ਅਤੇ ਨਿਰਮਲ ਨੂੰ ਮੌਕੇ ਤੋਂ ਕਾਬੂ ਕਰਕੇ ਕਤਲ ਦਾ ਪਰਚਾ ਦਰਜ਼ ਕੀਤਾ ਗਿਆ ਸੀ। ਕਾਫ਼ੀ ¦ਬਾ ਸਮਾਂ ਛੱਤਰਪਤੀ ਦੇ ਪਰਿਵਾਰ ਵੱਲੋਂ ਜੱਦੋਜਹਿਦ ਤੋਂ ਬਾਅਦ ਇਹ ਕੇਸ ਸੀਬੀਆਈ ਸਪੈਸ਼ਲ ਕੋਰਟ ਵਿਚ ਚਲਾ ਗਿਆ, ਜਿਸਤੋਂ ਬਾਅਦ ਇਸ ਕੇਸ ਸੰਬੰਧੀ ਸਬੂਤ ਇਕੱਠੇ ਕੀਤੇ ਗਏ ਅਤੇ ਕਈ ਗਵਾਹੀਆਂ ਹੋਈਆਂ, ਜਿਸਤੋਂ ਬਾਅਦ ਛਤਰਪਤੀ ਕਤਲ ਕੇਸ ਵਿਚ ਸੌਦਾ ਸਾਧ ਨੂੰ ਧਾਰਾ 120ਬੀ ਦੇ ਤਹਿਤ ਸ਼ਾਮਿਲ ਕੀਤਾ ਗਿਆ। ਇਸ ਕੇਸ ਵਿਚ ਕਰੀਬ 5 ਸਾਲ ਤੋਂ ਸਾਰੀਆਂ ਗਵਾਹੀਆਂ ਮੁਕੰਮਲ ਹੋ ਚੁੱਕੀਆਂ ਹਨ, ਪ੍ਰੰਤੂ ਸੌਦਾ ਸਾਧ ਸੁਪਰੀਮ ਕੋਰਟ ਵਿਚ ਇਸ ਸੰਬੰਧੀ ਅਰਜ਼ੀਆਂ ਲਗਾ ਕੇ ਇਸ ਨੂੰ ਲਮਕਾਉਂਦਾ ਆ ਰਿਹਾ ਸੀ। ਪਿਛਲੇ ਕਰੀਬ ਡੇਢ ਮਹੀਨੇ ਪਹਿਲਾਂ ਸੁਪਰੀਮ ਕੋਰਟ ਨੇ ਇਸ ਕੇਸ ਦੀਆਂ ਗਵਾਹੀਆਂ ’ਤੇ ਪਾਬੰਦੀ ਲਗਾਈ ਗਈ ਸੀ, ਜਿਸਤੋਂ ਬਾਅਦ ਹੁਣ ਪਿਛਲੀਆਂ 6 ਤਾਰੀਕਾਂ ਤੋਂ ਮਾਮਲੇ ਦੀ ਆਖ਼ਰੀ ਬਹਿਸ ਚੱਲ ਰਹੀ ਹੈ ਅਤੇ ਇਸ ਕੇਸ ਦਾ ਫ਼ੈਸਲਾ ਕਿਸੇ ਵੀ ਸਮੇਂ ਆ ਸਕਦਾ ਹੈ ਅਤੇ ਬਲਾਤਕਾਰੀ ਸਾਧ ਨੂੰ ਸਜ਼ਾ ਸੁਣਾਈ ਜਾ ਸਕਦੀ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਛਤਰਪਤੀ ਕਤਲ ਕੇਸ ਦੀ ਸੁਣਵਾਈ ਸੌਦਾ ਸਾਧ ਨੂੰ ਸਾਧਵੀਆਂ ਦੇ ਬਲਾਤਕਾਰ ਮਾਮਲੇ ਵਿਚ ਸਜ਼ਾ ਸੁਣਾਉਣ ਵਾਲੇ ਜੱਜ ਜਗਦੀਪ ਸਿੰਘ ਹੀ ਕਰ ਰਹੇ ਹਨ ਅਤੇ ਇਹ ਕੇਸ ਸੀਬੀਆਈ ਵੱਲੋਂ ਬਲਾਤਕਾਰ ਕੇਸ ਵਿਚ ਸਾਧ ਨੂੰ ਸਜ਼ਾ ਦਿਵਾਉਣ ਵਾਲੇ ਪਟਿਆਲਾ ਦੇ ਵਕੀਲ ਐਚਪੀਐਸ ਵਰਮਾ ਵੱਲੋਂ ਲੜਿਆ ਜਾ ਰਿਹਾ ਹੈ।

    ਰਾਜਵਿੰਦਰ ਸਿੰਘ ਰਾਹੀ (98157-51332)
    ਸ਼ਹੀਦ ਕਰਤਾਰ ਸਿੰਘ ਸਰਾਭਾ, ਗ਼ਦਰ ਲਹਿਰ ਦਾ ਅਜਿਹਾ ਮਹਾਂਨਾਇਕ ਹੈ, ਜਿੱਡਾ ਵੱਡਾ ਉਸਦਾ ਇਤਿਹਾਸਕ ਕੰਮ ਹੈ, ਉੱਡਾ ਵੱਡਾ ਉਸਦਾ ਮੁੱਲ ਨਹੀਂ ਪਿਆ। ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਸਰਾਭਾ ਵਿਖੇ ਪਿਤਾ ਮੰਗਲ ਸਿੰਘ ਦੇ ਘਰ ਮਾਤਾ ਸਾਹਿਬ ਕੌਰ ਦੀ ਕੁੱਖੋਂ ਹੋਇਆ ਸੀ। ਆਪਣੇ ਜ਼ਮਾਨੇ ਵਿਚ ਇਹ ਪਰਿਵਾਰ ਪੜ੍ਹਿਆ ਲਿਖਿਆ ਅਤੇ ਖਾਂਦਾ ਪੀਂਦਾ ਸਰਦਾ ਪੁੱਜਦਾ ਪਰਿਵਾਰ ਸੀ। ਅੱਜ ਤੋਂ ਸੌ ਸਵਾ ਸੌ ਸਾਲ ਪਹਿਲਾਂ ਪਿੰਡ ਵਿਚ ਬਣੀ ਪਰਿਵਾਰ ਦੀ ਰਿਹਾਇਸ਼ੀ ਹਵੇਲੀ ਤੋਂ ਹੀ ਪਰਿਵਾਰ ਦੀ ਆਰਥਿਕ ਅਤੇ ਸਮਾਜਿਕ ਹੈਸੀਅਤ ਦਾ ਪਤਾ ਲਗ ਜਾਂਦਾ ਹੈ। ਭਾਵੇਂ ਸਰਾਭੇ ਦੇ ਬਾਪ ਮੰਗਲ ਸਿੰਘ, ਜਿਸਦੀ ਸਰਾਭਾ ਦੇ ਬਚਪਨ ਵਿਚ ਹੀ ਮੌਤ ਹੋ ਗਈ ਸੀ, ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਮਿਲਦੀ। ਪਰ ਕਰਤਾਰ ਸਿੰਘ ਦੇ ਦੋ ਚਾਚੇ ਉੜੀਸਾ ਵਿਚ ਚੰਗੀਆਂ ਨੌਕਰੀਆਂ ‘ਤੇ ਲੱਗੇ ਹੋਏ ਸਨ।

    ਅੰਮ੍ਰਿਤਸਰ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਹੋਏ ਜਨਰਲ ਇਜਲਾਸ ਵਿਚ ਗੋਬਿੰਦ ਸਿੰਘ ਲੌਂਗੋਵਾਲ ਨੂੰ ਬਿਨਾਂ ਕਿਸੇ ਵਿਰੋਧ ਦੇ ਮੁੜ ਇਕ ਸਾਲ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣ ਲਿਆ ਗਿਆ ਹੈ। ਇਸ ਦੌਰਾਨ ਵਿਰੋਧੀ ਧਿਰ ਨੇ ਬਹੁ ਗਿਣਤੀ ਮੈਂਬਰਾਂ ਉੱਤੇ ‘ਪੰਥ ਪ੍ਰਸਤ’ ਹੋਣ ਦੀ ਥਾਂ ‘ਬਾਦਲ ਪ੍ਰਸਤ’ ਹੋਣ ਦਾ ਦੋਸ਼ ਲਾਉਂਦਿਆਂ ਇਜਲਾਸ ਵਿਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਬੰਧਤ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਉਨ੍ਹਾਂ ਨਾਲ ਕੀਤੇ ਦੁਰਵਿਹਾਰ ਦੇ ਰੋਸ ਵਜੋਂ ਇਜਲਾਸ ਵਿਚੋਂ ਵਾਕ ਆਊਟ ਕੀਤਾ। ਉਨ੍ਹਾਂ ਤੋਂ ਇਲਾਵਾ ਦੋ ਹੋਰ ਮੈਂਬਰਾਂ ਬਲਵਿੰਦਰ ਸਿੰਘ ਬੈਂਸ ਤੇ ਮਹਿੰਦਰ ਸਿੰਘ ਹੁਸੈਨਪੁਰ ਨੇ ਵੀ ਆਪਣੀ ਸੁਣਵਾਈ ਨਾ ਹੋਣ ਦੇ ਦੋਸ਼ ਹੇਠ ਇਜਲਾਸ ਵਿਚੋਂ ਵਾਕ ਆਊਟ ਕਰ ਦਿੱਤਾ।
    ਇਥੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਅੱਜ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਦੌਰਾਨ ਸਿਰਫ 15 ਮਿੰਟ ਦੀ ਕਾਰਵਾਈ ਵਿਚ ਹੀ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਅੰਤ੍ਰਿੰਗ ਕਮੇਟੀ ਦੇ 11 ਮੈਂਬਰਾਂ ਦੀ ਬਿਨਾਂ ਕਿਸੇ ਵਿਰੋਧ ਦੇ ਚੋਣ ਹੋ ਗਈ। ਸਮੁੱਚਾ ਇਜਲਾਸ ਸਿਰਫ ਇਕ ਘੰਟੇ ਵਿਚ ਸਮਾਪਤ ਹੋ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅਤੇ ਪੰਜ ਸਿੰਘ ਸਾਹਿਬਾਨ ਦੀ ਹਾਜ਼ਰੀ ਵਿਚ ਹੋਏ ਇਜਲਾਸ ਦੌਰਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਮੁੜ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਹੈ। ਉਨ੍ਹਾਂ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਵਜੋਂ ਰਘੁਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਵਜੋਂ ਬਿੱਕਰ ਸਿੰਘ ਚੰਨੋ ਅਤੇ ਜਨਰਲ ਸਕੱਤਰ ਵਜੋਂ ਗੁਰਬਚਨ ਸਿੰਘ ਕਰਮੂੰਵਾਲ ਚੁਣੇ ਗਏ ਹਨ। ਅੰਤ੍ਰਿੰਗ ਕਮੇਟੀ ਦੇ 11 ਮੈਂਬਰਾਂ ਵਿਚ ਬਾਬਾ ਗੁਰਮੀਤ ਸਿੰਘ ਤਿਰਲੋਕੇਵਾਲੇ, ਭਾਈ ਮਨਜੀਤ ਸਿੰਘ, ਅਮਰੀਕ ਸਿੰਘ ਵਿਛੋਆ, ਖੁਸ਼ਵਿੰਦਰ ਸਿੰਘ ਭਾਟੀਆ, ਸ਼ਿੰਗਾਰਾ ਸਿੰਘ ਲੋਹੀਆਂ, ਜਰਨੈਲ ਸਿੰਘ ਕਰਤਾਰਪੁਰ, ਤਾਰਾ ਸਿੰਘ ਸੱਲਾ, ਭੁਪਿੰਦਰ ਸਿੰਘ ਭਲਵਾਨ, ਅਮਰੀਕ ਸਿੰਘ ਕੋਟ ਸ਼ਮੀਰ, ਬੀਬੀ ਜਸਵੀਰ ਕੌਰ ਜਫਰਵਾਲ ਤੇ ਜਗਜੀਤ ਸਿੰਘ ਤਲਵੰਡੀ ਨੂੰ ਚੁਣਿਆ ਗਿਆ। ਮੁੜ ਪ੍ਰਧਾਨ ਚੁਣੇ ਜਾਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਲੌਂਗੋਵਾਲ ਨੇ ਆਖਿਆ ਕਿ ਇਸ ਵਰ੍ਹੇ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਵੱਡੇ ਪੱਧਰ ‘ਤੇ ਅਤੇ ਇਕਜੁੱਟਤਾ ਨਾਲ ਮਨਾਉਣ ਨੂੰ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਆਖਿਆ ਕਿ ਉਹ ਪੰਜਾਬ ਸਰਕਾਰ ਅਤੇ ਹੋਰ ਸਿੱਖ ਜਥੇਬੰਦੀਆਂ ਨੂੰ ਅਪੀਲ ਕਰਨਗੇ ਕਿ ਗੁਰਪੁਰਬ ਇਕ ਮੰਚ ਤੋਂ ਹੀ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਮਨਾਇਆ ਜਾਵੇ। ਇਸ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਸੰਗਤ ਵਾਸਤੇ ਖੋਲ੍ਹਣ ਲਈ ਪਾਕਿਸਤਾਨ ਅਤੇ ਭਾਰਤ ਸਰਕਾਰ ਨੂੰ ਅਪੀਲ ਕਰਦਿਆਂ ਆਖਿਆ ਕਿ ਇਹ ਮਾਮਲਾ ਬੀਤੇ ਦਿਨ ਕੇਂਦਰੀ ਕਮੇਟੀ ਦੀ ਮੀਟਿੰਗ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਕੋਲ ਵੀ ਰੱਖਿਆ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਜਲਦੀ ਹੀ ਇਕ ਵਫਦ ਪਾਕਿਸਤਾਨ ਭੇਜੇਗੀ, ਜਿਥੇ ਪਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਰਕਾਰ ਨਾਲ ਗੱਲਬਾਤ ਕਰਕੇ ਪਾਕਿਸਤਾਨ ਵਿਚ ਮਨਾਏ ਜਾਣ ਵਾਲੇ ਪ੍ਰੋਗਰਾਮ ਸਾਂਝੇ ਤੌਰ ‘ਤੇ ਮਨਾਉਣ ਬਾਰੇ ਗੱਲਬਾਤ ਕੀਤੀ ਜਾਵੇਗੀ। ਬਰਗਾੜੀ ਮੋਰਚੇ ਬਾਰੇ ਉਨ੍ਹਾਂ ਆਖਿਆ ਕਿ ਅੱਜ ਸਮੁੱਚੇ ਸਦਨ ਵੱਲੋਂ ਬਰਗਾੜੀ ਘਟਨਾ ਅਤੇ ਬੇਅਦਬੀ ਘਟਨਾਵਾਂ ਦੀ ਨਿੰਦਾ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਦੇ ਖੇਤਰ ਵਿਚ ਵੀ ਵਿਸ਼ੇਸ਼ ਉਪਰਾਲੇ ਕਰੇਗੀ ਤਾਂ ਜੋ ਨਵੀਂ ਪੀੜ੍ਹੀ ਅਤੇ ਪਤਿਤ ਹੋ ਰਹੇ ਸਿੱਖ ਨੌਜਵਾਨਾਂ ਨੂੰ ਮੁਖ ਧਾਰਾ ਨਾਲ ਜੋੜਿਆ ਜਾ ਸਕੇ। ਸਿੱਖ ਸੰਸਥਾ ਨਸ਼ਿਆਂ ਦੇ ਰੁਝਾਨ ਨੂੰ ਖਤਮ ਕਰਨ ਲਈ ਵੀ ਗੰਭੀਰਤਾ ਨਾਲ ਉਸਾਰੂ ਯਤਨ ਕਰੇਗੀ। ਉਪਰੰਤ ਉਨ੍ਹਾਂ ਅੱਜ ਚੁਣੇ ਗਏ ਨਵੇਂ ਅਹੁਦੇਦਾਰਾਂ ਅਤੇ ਅੰਤ੍ਰਿੰਗ ਕਮੇਟੀ ਮੈਂਬਰਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸ਼ੁਕਰਾਨਾ ਕੀਤਾ। ਇਸ ਤੋਂ ਪਹਿਲਾਂ ਇਜਲਾਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਸਮੇਤ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਸ੍ਰੀ ਅਕਾਲ ਤਖਤ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੇ ਸਾਂਝੇ ਤੌਰ ‘ਤੇ ਸਾਰੇ ਅਹੁਦੇਦਾਰਾਂ ਅਤੇ ਅੰਤ੍ਰਿੰਗ ਕਮੇਟੀ ਮੈਂਬਰਾਂ ਨੂੰ ਸਿਰੋਪਾਓ ਭੇਟ ਕੀਤੇ। ਅੱਜ ਦੇ ਜਨਰਲ ਹਾਊਸ ਵਿਚ ਪ੍ਰਮੁੱਖ ਤੌਰ ਉੱਤੇ ਜਥੇਦਾਰ ਤੋਤਾ ਸਿੰਘ, ਬੀਬੀ ਜਗੀਰ ਕੌਰ, ਪ੍ਰੋ. ਕਿਰਪਾਲ ਸਿੰਘ ਬਡੂੰਗਰ, ਅਵਤਾਰ ਸਿੰਘ ਮੱਕੜ, ਅਲਵਿੰਦਰਪਾਲ ਸਿੰਘ ਪੱਖੋਕੇ ਤੇ ਹੋਰ ਹਾਜ਼ਰ ਸਨ। ਅੱਜ ਸਵੇਰੇ ਵਿਰੋਧੀ ਧਿਰ ਨਾਲ ਸਬੰਧਤ ਲਗਪਗ 15 ਮੈਂਬਰ ਸੁਖਦੇਵ ਸਿੰਘ ਭੌਰ ਦੀ ਅਗਵਾਈ ਹੇਠ ਇਥੇ ਪੁੱਜੇ ਸਨ ਪਰ ਉਨ੍ਹਾਂ ਨੇ ਮੀਟਿੰਗ ਮਗਰੋਂ ਇਜਲਾਸ ਵਿਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ। ਸ੍ਰੀ ਭੌਰ ਨੇ ਆਖਿਆ ਕਿ ਬਹੁ ਗਿਣਤੀ ਮੈਂਬਰ ਪੰਥ ਪ੍ਰਸਤ ਹੋਣ ਦੀ ਥਾਂ ‘ਬਾਦਲ ਪ੍ਰਸਤ’ ਹਨ। ਇਸ ਲਈ ਇਜਲਾਸ ਵਿਚ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ। ਅਜਿਹੀ ਸਥਿਤੀ ਵਿਚ ਚੋਣ ਇਜਲਾਸ ਵਿਚ ਜਾਣ ਦਾ ਕੋਈ ਲਾਭ ਨਹੀਂ। ਉਹ ਆਪਣੇ ਪੱਧਰ ‘ਤੇ ਹੀ ਸੀਮਤ ਸਾਧਨਾਂ ਰਾਹੀਂ ਪੰਥ ਪ੍ਰਸਤੀ ਦਾ ਹੋਕਾ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਪਿਛਲੀ ਵਾਰ 2017 ਵਿਚ ਜਨਰਲ ਇਜਲਾਸ ਵਿਚ ਵਿਰੋਧੀ ਧਿਰ ਨੇ ਆਪਣੀ ਹੋਂਦ ਦਿਖਾਉਂਦਿਆਂ ਉਮੀਦਵਾਰ ਮੈਦਾਨ ਵਿਚ ਖੜ੍ਹੇ ਕੀਤੇ ਸਨ ਪਰ ਇਸ ਦੇ ਬਾਵਜੂਦ ਬਹੁ ਗਿਣਤੀ ਮੈਂਬਰਾਂ ਦੀ ਸੋਚ ਵਿਚ ਕੋਈ ਬਦਲਾਅ ਨਹੀਂ ਆਇਆ।ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਅੱਜ ਦੇ ਜਨਰਲ ਇਜਲਾਸ ਵਿਚ ਕੁਲ 153 ਮੈਂਬਰ ਹਾਜ਼ਰ ਸਨ।
    ਬੈਂਸ ਤੇ ਹੂਸੈਨਪੁਰ ਨੇ ਸ਼ੁਰੂਆਤ ਵਿਚ ਹੀ ਕੀਤਾ ਬਾਈਕਾਟ: ਸ਼੍ਰੋਮਣੀ ਕਮੇਟੀ ਦੇ ਮੈਂਬਰ ਬਲਵਿੰਦਰ ਸਿੰਘ ਬੈਂਸ ਨੇ ਅਪੀਲ ਕੀਤੀ ਕਿ ਇਜਲਾਸ ਦੀ ਸ਼ੁਰੂਆਤ ਵਿਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਘਟਨਾਵਾਂ ਬਾਰੇ ਨਿੰਦਾ ਮਤਾ ਪਾਸ ਕੀਤਾ ਜਾਵੇ। ਉਹ ਵੀ ਇਹ ਦੋਸ਼ ਲਾਉਂਦੇ ਹੋਏ ਵਾਕ ਆਊਟ ਕਰਕੇ ਬਾਹਰ ਆ ਗਏ ਕਿ ਉਨ੍ਹਾਂ ਦੀ ਗੱਲ ਨਹੀਂ ਸੁਣੀ ਗਈ। ਉਨ੍ਹਾਂ ਨਾਲ ਇਕ ਹੋਰ ਮੈਂਬਰ ਮਹਿੰਦਰ ਸਿੰਘ ਹੁਸੈਨਪੁਰ ਵੀ ਸ਼ਾਮਲ ਸਨ। ਹਾਲ ਤੋਂ ਬਾਹਰ ਆ ਕੇ ਉਨ੍ਹਾਂ ਨੇ ਨਾਅਰੇ ਲਾ ਕੇ ਰੋਸ ਦਾ ਪ੍ਰਗਟਾਵਾ ਕੀਤਾ।

    ਮੋਗਾ - ਪਿੰਡ ਮੱਲਕੇ ਵਿਚ ਤਿੰਨ ਵਰ੍ਹੇ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਗਈ ਬੇਅਦਬੀ ਦੇ ਮਾਮਲੇ ਸਬੰਧੀ ਬਾਘਾਪੁਰਾਣਾ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ’ਚ ਡੇਰਾ ਸਿਰਸਾ ਦੀ ਰਾਜ ਪੱਧਰੀ 45 ਮੈਂਬਰੀ ਕਮੇਟੀ ਆਗੂ ਪਿਰਥੀ ਸਿੰਘ ਸਮੇਤ 3 ਡੇਰਾ ਪ੍ਰੇਮੀਆਂ ਨੇ ਸੀਆਰਪੀਸੀ ਦੀ ਧਾਰਾ 164 ਤਹਿਤ ਆਪਣਾ ਗੁਨਾਹ ਕਬੂਲਦਿਆਂ ਬਿਆਨ ਦਰਜ ਕਰਵਾਏ ਹਨ। ਇਨ੍ਹਾਂ ਮੁਲਜ਼ਮਾਂ ਨੂੰ ਕਰੜੇ ਸੁਰੱਖਿਆ ਪ੍ਰਬੰਧਾਂ ਹੇਠ ਜੇਲ੍ਹ ’ਚੋਂ ਲਿਆ ਕੇ ਇੱਥੇ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਬਾਘਾਪੁਰਾਣਾ ਅਦਾਲਤ ’ਚ ਡੇਰਾ ਸਿਰਸਾ ਦੀ ਰਾਜ ਪੱਧਰੀ 45 ਮੈਂਬਰੀ ਕਮੇਟੀ ਦੇ ਆਗੂ ਪਿਰਥੀ ਸਿੰਘ ਤੋਂ ਇਲਾਵਾ ਮਿੱਠੂ ਸਿੰਘ ਅਤੇ ਅਮਰਦੀਪ ਸਿੰਘ ਜੋ ਪਿੰਡ ਮੱਲਕੇ ਦੇ ਵਸਨੀਕ ਹਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਿੰਡ ਦੀਆਂ ਗਲੀਆਂ ’ਚ ਪਾੜ ਕੇ ਸੁੱਟੇ ਮਿਲੇ ਸਨ। ਵਿਸੇਸ਼ ਜਾਂਚ ਟੀਮ ਦੇ ਇੱਕ ਮੈਂਬਰ ਨੇ ਦੱਸਿਆ ਕਿ ਇਸ ਬੇਅਦਬੀ ਮਾਮਲੇ ਵਿੱਚ ਡੀਆਈਜੀ ਰਣਬੀਰ ਸਿੰਘ ਖਟੜਾ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ ਨੇ ਡੇਰਾ ਸਿਰਸਾ ਦੀ ਰਾਜ ਪੱਧਰੀ 45 ਮੈਂਬਰੀ ਕਮੇਟੀ ਆਗੂ ਪਿਰਥੀ ਸਿੰਘ ਦੀ ਤਫ਼ਤੀਸ਼ ਤੋਂ ਬਾਅਦ ਪਿੰਡ ਮੱਲਕੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਂਡ ’ਚ ਮਿੱਠੂ ਸਿੰਘ ਅਤੇ ਅਮਰਦੀਪ ਸਿੰਘ ਦੋਵੇਂ ਪਿੰਡ ਮੱਲਕੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਬੇਅਦਬੀ ਕਾਂਡ ਦੀ ਜਾਂਚ ਨਾਲ ਜੁੜੇ ਇਸ ਪੁਲੀਸ ਅਫ਼ਸਰ ਨੇ ਕਿਹਾ ਕਿ ਅਪਰਾਧ ਵਿੱਚ ਸ਼ਾਮਲ ਦੂਜੇ ਡੇਰਾ ਸ਼ਰਧਾਲੂਆਂ ਦੀ ਪਛਾਣ ਕੀਤੀ ਗਈ ਹੈ। ਦੋ ਹੋਰ ਡੇਰਾ ਪ੍ਰੇਮੀਆਂ ਦੇਵਿੰਦਰ ਸਿੰਘ ਅਤੇ ਸੁਖਨਾਮ ਸਿੰਘ ਦੇ ਅਦਾਲਤ ’ਚੋਂ ਗ੍ਰਿਫ਼ਤਾਰੀ ਵਾਰੰਟ ਹਾਸਲ ਕੀਤੇ ਗਏ ਹਨ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਵਿਸ਼ੇਸ਼ ਜਾਂਚ ਟੀਮ ਦੇ ਅਫ਼ਸਰ ਮੁਤਾਬਕ ਲੰਘੀ 7 ਜੂਨ ਨੂੰ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਤੋਂ ਗ੍ਰਿਫ਼ਤਾਰ ਡੇਰਾ ਦੀ ਰਾਜ ਪੱਧਰੀ ਕਮੇਟੀ ਦੇ ਮੈਂਬਰ ਤੇ ਕੋਟਕਪੂਰਾ ਦੇ ਵਸਨੀਕ ਮਹਿੰਦਰ ਪਾਲ ਬਿੱਟੂ ਨੇ ਤਫ਼ਤੀਸ਼ ਦੌਰਾਨ ਮੰਨਿਆ ਸੀ ਕਿ ਉਨ੍ਹਾਂ ਨੂੰ ਡੇਰਾ ਮੁਖੀ ਦੇ ਨਿੱਜੀ ਸਹਾਇਕ (ਪੀ.ਏ.) ਤੋਂ ਇਹ ਹਦਾਇਤਾਂ ਵੀ ਮਿਲੀਆਂ ਸਨ। ਉਨ੍ਹਾਂ ਦੱਸਿਆ ਕਿ ਮਹਿੰਦਰ ਪਾਲ ਬਿੱਟੂ ਨੇ ਬੇਅਦਬੀ ਘਟਨਾਵਾਂ ’ਚ ਸ਼ਮੂਲੀਅਤ ਹੋਣ ਬਾਰੇ ਮੋਗਾ ਦੀ ਅਦਾਲਤ ’ਚ 20 ਜੂਨ ਨੂੰ ਆਪਣਾ ਗੁਨਾਹ ਕਬੂਲ ਕਰਦਿਆਂ ਧਾਰਾ 164 ਸੀਆਰਪੀਸੀ ਤਹਿਤ ਬਿਆਨ ਦਰਜ ਕਰਵਾ ਦਿੱਤਾ ਸੀ।

     

    ਭਗਤਾ ਭਾਈ - ਭਗਤਾ ਭਾਈ ਦੀ ਸੰਗਤ ਨੇ ਸਥਾਨਕ ਕਸਬੇ ਅਤੇ ਨੇੜਲੇ ਪਿੰਡ ਗੁਰੂਸਰ ਜਲਾਲ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ ਹੇਠ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਭਗਤਾ ਭਾਈ ਦੇ ਡੇਰਾ ਪ੍ਰੇਮੀਆਂ ਦੇ ਸਮਾਜਿਕ ਬਾਈਕਾਟ ਦਾ ਐਲਾਨ ਕੀਤਾ ਹੈ। ਇਸ ਸਬੰਧੀ ਸਿੱਖ ਸੰਗਤ ਦਾ ਭਰਵਾਂ ਇਕੱਠ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਤੇ ਦਸਵੀਂ, ਭਗਤਾ ਭਾਈ ਵਿਖੇ ਹੋਇਆ।
    ਇਸ ਇਕੱਠ ਵਿਚ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਆਗੂਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਭਾਗ ਲਿਆ। ਇਸ ਮੌਕੇ ਵੱਡੀ ਗਿਣਤੀ ਸੰਗਤ ਨੇ ਸਰਬਸੰਮਤੀ ਨਾਲ ਹੱਥ ਖੜ੍ਹੇ ਕਰਕੇ ਡੇਰਾ ਪ੍ਰੇਮੀਆਂ ਦੇ ਸਮਾਜਿਕ ਬਾਈਕਾਟ ਦਾ ਫ਼ੈਸਲਾ ਕਰਦਿਆਂ ਕਿਹਾ ਕਿ ਡੇਰੇ ਨਾਲ ਜੁੜੇ ਵਿਅਕਤੀਆਂ ਨਾਲ ਕਿਸੇ ਤਰ੍ਹਾਂ ਦੀ ਸਾਂਝ ਨਾ ਰੱਖੀ ਜਾਵੇ। ਇਕੱਤਰ ਸੰਗਤ ਨੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਅਰਦਾਸ ਵੀ ਕੀਤੀ। ਗੁਰਦੁਆਰੇ ਦੇ ਗ੍ਰੰਥੀ ਭਾਈ ਮਨਪ੍ਰੀਤ ਸਿੰਘ ਭਗਤਾ, ਡਾ. ਸੁਰਜੀਤ ਸਿੰਘ, ਡਾ. ਨਿਰਭੈ ਸਿੰਘ ਭਗਤਾ, ਗੁਰਚਰਨ ਸਿੰਘ ਖ਼ਾਲਸਾ ਤੇ ਬਲਜਿੰਦਰ ਸਿੰਘ ਖ਼ਾਲਸਾ ਨੇ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ।
    ਇਸ ਮੌਕੇ ਪੁੱਜੇ ਲੋਕਾਂ ਨੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਕਿ ਜੇਕਰ ਕੋਈ ਵੀ ਰਾਜਨੀਤਿਕ ਆਗੂ ਬੇਅਦਬੀ ਕਾਂਡ ਦੇ ਮੁਲਜ਼ਮਾਂ ਦੀ ਕੇਸ ਵਿਚ ਮਦਦ ਕਰਦਾ ਪਾਇਆ ਗਿਆ ਤਾਂ ਉਸ ਦਾ ਵੀ ਡਟਵਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਜਸਪ੍ਰੀਤ ਸਿੰਘ ਬੂਟਾ, ਬਲਦੇਵ ਸਿੰਘ ਫ਼ੌਜੀ, ਬਲਜਿੰਦਰ ਸਿੰਘ ਬਾਬੇਕਾ, ਗੁਰਪ੍ਰੀਤ ਸਿੰਘ ਗੋਪੀ, ਗੁਰਜੰਟ ਸਿੰਘ ਖਾਨਦਾਨ, ਬੂਟਾ ਸਿੰਘ ਭਗਤਾ, ਪ੍ਰੇਮ ਸਿੰਘ ਖਹਿਰਾ, ਗੀਤਕਾਰ ਪੱਪਾ ਭਗਤਾ, ਸੁਲੱਖਣ ਸਿੰਘ ਵੜਿੰਗ, ਸੂਬੇਦਾਰ ਦਲਜੀਤ ਸਿੰਘ, ਕਰਨ ਦੂਆ, ਜਸਵਿੰਦਰ ਸਿੰਘ ਪੱਪੂ, ਜਸਮੀਤ ਸਿੰਘ ਬਰਾੜ, ਗੁਰਚਰਨ ਸਿੰਘ ਤੇ ਰਾਜਿੰਦਰ ਸਿੰਘ ਰਾਜੂ ਹਾਜ਼ਰ ਸਨ।

    ਅੰਮ੍ਰਿਤਸਰ - ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿਚ ਮਤਾ ਪਾਸ ਕਰਕੇ ਸ਼੍ਰੋਮਣੀ ਕਮੇਟੀ ਵੱਲੋਂ ਬੀਤੇ ਸਮੇਂ ਵਿਚ ਛਾਪੀਆਂ ਅਜਿਹੀਆਂ ਪੁਸਤਕਾ ਜੋ ਵਿਵਾਦ ਦਾ ਕਾਰਨ ਬਣੀਆਂ ਹਨ, ਬਾਰੇ ਸਿੱਖ ਸੰਗਤ ਕੋਲੋਂ ਖਿਮਾ ਯਾਚਨਾ ਕੀਤੀ ਗਈ ਹੈ। ਜਨਰਲ ਇਜਲਾਸ ਵੱਲੋਂ ਵਿਦਵਾਨਾਂ ਦੀ ਨਜ਼ਰਸਾਨੀ ਕਮੇਟੀ ਬਣਾਉਣ ਵਾਸਤੇ ਅੰਤ੍ਰਿੰਗ ਕਮੇਟੀ ਨੂੰ ਆਦੇਸ਼ ਦਿੱਤਾ ਗਿਆ ਹੈ ਤਾਂ ਜੋ ਭਵਿੱਖ ਵਿਚ ਸੰਸਥਾਗਤ ਤੌਰ ’ਤੇ ਅਜਿਹੀਆਂ ਗ਼ਲਤੀਆਂ ਨੂੰ ਰੋਕਿਆ ਜਾ ਸਕੇ।
    ਇਹ ਮਤਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਜਨਰਲ ਇਜਲਾਸ ਵਿਚ ਰੱਖਿਆ ਗਿਆ, ਜਿਸ ਨੂੰ ਸਾਰੇ ਮੈਂਬਰਾਂ ਨੇ ਪ੍ਰਵਾਨ ਕੀਤਾ ਹੈ। ਇਸੇ ਮਤੇ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਰ੍ਹਵੀਂ ਜਮਾਤ ਦੇ ਸਿਲੇਬਸ ਵਿਚ ਗੁਰ-ਇਤਿਹਾਸ ਨਾਲ ਛੇੜਛਾੜ ਦੀ ਨਿੰਦਾ ਕੀਤੀ ਗਈ ਹੈ। ਜਨਰਲ ਇਜਲਾਸ ’ਚ ਮੁੱਖ ਮੰਤਰੀ ਨੂੰ ਸਿੱਖ ਜਗਤ ਕੋਲੋਂ ਮੁਆਫ਼ ਮੰਗਣ, ਸਿੱਖਿਆ ਮੰਤਰੀ ਨੂੰ ਮੰਤਰੀ ਮੰਡਲ ’ਚੋਂ ਬਰਖ਼ਾਸਤ ਕਰਨ ਤੇ ਮੰਤਰੀ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਵਿਦਵਾਨਾਂ ਤੇ ਲੇਖਕਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ, ਜਿਨ੍ਹਾਂ ਨੇ ਇਤਿਹਾਸ ਨਾਲ ਛੇੜਛਾੜ ਕੀਤੀ। ਇਕ ਮਤੇ ਰਾਹੀਂ ਪਾਕਿਸਤਾਨ ਸਰਕਾਰ ਕੋਲੋਂ ਮੰਗ ਕੀਤੀ ਗਈ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਸਮੇਂ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਵਾਸਤੇ ਵਧੇਰੇ ਵੀਜ਼ੇ ਅਤੇ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨਾਂ ਵਾਸਤੇ ਖੁੱਲ੍ਹਾ ਲਾਂਘਾ ਦਿੱਤਾ ਜਾਵੇ। ਇਕ ਮਤੇ ਰਾਹੀਂ ਬੇਅਦਬੀ ਘਟਨਾਵਾਂ ਦੀ ਨਿੰਦਾ ਕਰਦਿਆਂ ਸੂਬਾ ਤੇ ਕੇਂਦਰ ਸਰਕਾਰ ਕੋਲੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਅਜਿਹੀਆਂ ਮੰਦਭਾਗੀਆਂ ਘਟਨਾਵਾਂ ਰੋਕਣ ਲਈ ਭਵਿੱਖ ਵਿਚ ਬੇਅਦਬੀ ਘਟਨਾ ਵਾਪਰਨ ਤੇ ਸਬੰਧਤ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਅਤੇ ਗ੍ਰੰਥੀ ਨੂੰ ਜ਼ਿੰਮੇਵਾਰ ਕਰਾਰ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇਜਲਾਸ ਵੱਲੋਂ ਟਾਡਾ ਅਤੇ ਹੋਰ ‘ਕਾਲੇ’ ਕਾਨੂੰਨਾਂ ਹੇਠ ਨਜ਼ਰਬੰਦ ਸਿੱਖਾਂ ਦੀ ਰਿਹਾਈ ਦੀ ਮੰਗ, ਹਰਿਮੰਦਰ ਸਾਹਿਬ ਆਉਣ ਵਾਲੇ ਰਸਤਿਆਂ ਨੂੰ ਖੁੱਲ੍ਹਾ ਕਰਕੇ ਵਿਰਾਸਤੀ ਦਿੱਖ ਦੇਣ ਦੀ ਮੰਗ, ਸਾਕਾ ਨੀਲਾ ਤਾਰਾ ਫ਼ੌਜੀ ਹਮਲੇ ਦੀ ਨਿਖੇਧੀ ਕਰਦਿਆਂ ਨਵੰਬਰ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ, ਰੈਫਰੈਂਸ ਲਾਇਬ੍ਰੇਰੀ ਦਾ ਅਮੁੱਲਾ ਖ਼ਜ਼ਾਨਾ ਵਾਪਸ ਕਰਨ ਦੀ ਮੰਗ, ਸਿੱਖਾਂ ਨੂੰ ਧਾਰਮਿਕ ਚਿੰਨ੍ਹਾਂ ਕਾਰਨ ਪੇਸ਼ ਆਉਂਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਤੁਰੰਤ ਸਖ਼ਤ ਕਦਮ ਚੁੱਕਣ ਦੀ ਮੰਗ, ਫਿਲਮਾਂ, ਨਾਟਕਾਂ ਤੇ ਟੀਵੀ ਸੀਰੀਅਲਾਂ ਵਿਚ ਸਿੱਖ ਕਿਰਦਾਰਾਂ ਨੂੰ ਮਜ਼ਾਕੀਆ ਰੂਪ ਵਿਚ ਪੇਸ਼ ਕਰਨ ਤੋਂ ਰੋਕਣ ਲਈ ਸੈਂਸਰ ਬੋਰਡ ਵਿਚ ਸਿੱਖ ਨੁਮਾਇੰਦਾ ਸ਼ਾਮਲ ਕਰਨ ਦੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਜਥੇਦਾਰ ਕੁਲਦੀਪ ਸਿੰਘ ਵਡਾਲਾ, ਲਾਭ ਸਿੰਘ ਦੇਵੀਨਗਰ ਤੇ ਸੁਖਚੈਨ ਸਿੰਘ ਧਰਮਪੁਰਾ ਦੇ ਦੇਹਾਂਤ ’ਤੇ ਸੋਗ ਮਤੇ ਪਾਸ ਕੀਤੇ ਗਏ ਹਨ।

    ਬਰਗਾੜੀ- ਮੋਰਚਾ ਸੰਚਾਲਕ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਸਿੱਖ ਮਸਲਿਆਂ ਦੇ ਹੱਲ ਲਈ ਇਨਸਾਫ਼ ਮੋਰਚੇ ਦੀ ਅਗਵਾਈ ਵਿੱਚ ਹਾਈਕੋਰਟ ਦੇ ਸੀਨੀਅਰ ਸਿੱਖ ਵਕੀਲਾਂ ਦਾ ਪੈਨਲ ਬਣਾਇਆ ਗਿਆ ਹੈ,ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਦਾਰ ਧਿਆਨ ਸਿੰਘ ਮੰਡ ਦੇ ਨਿੱਜੀ ਸਹਾਇਕ ਭਾਈ ਜਗਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਪੈਨਲ ਪਿਛਲੇ ਉਸ ਸਮੇਂ ਤੋਂ ਵਿਚਾਰ ਅਧੀਨ ਸੀ ਜਦੋ ਜਸਟਿਸ ਰਣਜੀਤ ਸਿੰਘ ਦੀ ਜਾਂਚ ਰਿਪੋਰਟ ਵਿੱਚ ਦੋਸੀ ਪਾਏ ਗਏ ਪੁਲਿਸ ਅਫਸਰਾਂ ਵੱਲੋਂ ਆਪਣੀ ਗਿ੍ਰਫਤਾਰੀ ਤੇ ਰੋਕ ਲਗਵਾਉਣ ਅਤੇ ਬੇਅਦਬੀ ਦੇ ਦੋਸ਼ੀਆਂ ਵੱਲੋਂ ਆਪਣੀਆਂ ਜਮਾਨਤਾਂ ਕਰਵਾਉਣ ਲਈ ਪਾਈ ਗਈ ਪਟੀਸ਼ਨ ਦੇ ਫੈਸਲੇ ਸਮੇਂ ਉਨਾਂ ਦਾ ਵਿਰੋਧ ਕਰਨ ਲਈ ਸਰਕਾਰੀ ਧਿਰ ਦਾ ਕੋਈ ਵੀ ਵਕੀਲ ਪੇਸ਼ ਨਹੀਂ ਸੀ ਹੋਇਆ,ਜਿਸ ਕਰਕੇ ਪੁਲਿਸ ਅਧਿਕਾਰੀਆ ਸਮੇਤ ਬੇਅਦਬੀ ਦੇ ਦੋਸੀ ਹਾਈਕੋਰਟ ਤੋ ਰਾਹਤ ਲੈਣ ਵਿੱਚ ਕਾਮਯਾਬ ਹੋ ਗ?ੇ ਸਨ।
    ਪੰਥ ਨੇ ਉਸ ਮੌਕੇ ਇਹ ਲੋੜ ਮਹਿਸੂਸ ਕੀਤੀ ਕਿ ਕਿਉਂ ਨਾ ਸੀਨੀਅਰ ਵਕੀਲਾਂ ਦਾ ਇੱਕ ਅਜਿਹਾ ਪੈਨਲ ਬਣਾਇਆ ਜਾਵੇ ਜਿਹੜਾ ਉਕਤ ਕੇਸਾਂ ਤੋਂ ਇਲਾਵਾ ਸਮੂਹ ਸਿੱਖ ਮਸਲਿਆਂ ਦੀ ਪੈਰਵੀ ਕਰਨ ਲਈ ਵਚਨਬੱਧ ਹੋਵੇਗਾ। ਉਨਾਂ ਦੱਸਿਆ ਕਿ ਇਸ ਪੈਨਲ ਵਿੱਚ ਵਿੱਚ ਸਰਬ ਸ੍ਰੀ ਅਮਰ ਸਿੰਘ ਚਾਹਲ ਚੰਡੀਗੜ ਮੁੱਖ ਬੁਲਾਰਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਸ, ਨਵਕਿਰਨ ਸਿੰਘ ਚੰਡੀਗੜ, ਜਸਟਿਸ ਅਜੀਤ ਸਿੰਘ ਬੈਂਸ ਦੇ ਸਪੁੱਤਰ ਸ, ਰਾਜਵਿੰਦਰ ਸਿੰਘ ਬੈਂਸ ਚੰਡੀਗੜ, ਸ, ਜਸਪਾਲ ਸਿੰਘ ਮੰਝਪੁਰ ਲੁਧਿਆਣਾ, ਸ, ਹਰਪਾਲ ਸਿੰਘ ਚੀਮਾ ਫਤਹਿਗੜ ਸਾਹਿਬ ਅਤੇ ਸ.ਸਿਮਰਨਜੀਤ ਸਿੰਘ ਚੰਡੀਗੜ ਸ਼ਾਮਿਲ ਕੀਤੇ ਗਏ ਹਨ।

    ਚੰਡੀਗੜ੍ਹ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਬੌਲੀਵੁਡ ਦੇ ਉੱਘੇ ਅਦਾਕਾਰ ਅਕਸ਼ੈ ਕੁਮਾਰ ਨੂੰ ਅੱਜ ਉਸ ਸਮੇਂ ਤਕੜਾ ਝਟਕਾ ਲੱਗਾ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੇ (ਐਸਆਈਟੀ) ਉਨ੍ਹਾਂ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕਰ ਦਿੱਤੇ। ‘ਸਿੱਟ’ ਵਲੋਂ ਪੰਜਾਬ ਪੁਲੀਸ ਦੇ ਤਤਕਾਲੀ ਡੀ.ਜੀ.ਪੀ. ਸੁਮੇਧ ਸੈਣੀ ਨੂੰ ਵੀ ਸੰਮਨ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ।
    ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਵਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ 16 ਨਵੰਬਰ, ਸੁਖਬੀਰ ਬਾਦਲ ਨੂੰ 19 ਨਵੰਬਰ ਅਤੇ ਸਟਾਰ ਅਕਸ਼ੈ ਕੁਮਾਰ ਨੂੰ 21 ਨਵੰਬਰ ਸ੍ਰੀ ਅੰਮ੍ਰਿਤਸਰ ਦੇ ਸਰਕਟ ਹਾਊਸ ਵਿਚ ਜਾਂਚ ਟੀਮ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ ਜਿਨ੍ਹਾਂ ਬਾਰੇ ਸਮਝਿਆ ਜਾਂਦਾ ਹੈ ਕਿ ਉਨ੍ਹਾਂ ਡੇਰਾਮੁਖੀ ਦੀ ਫਿਲਮ ਰਿਲੀਜ਼ ਕਰਾਉਣ ਵਿਚ ਯੋਗਦਾਨ ਪਾਇਆ ਸੀ। ਵਿਸ਼ੇਸ਼ ਜਾਂਚ ਟੀਮ ਵਲੋਂ ਜਾਰੀ ਕੀਤੇ ਸੰਮਨਾਂ ਵਿਚ ਗਿਆ ਹੈ ਕਿ ਉਨ੍ਹਾਂ ਕੋਲੋਂ ਬਰਗਾੜੀ ’ਚ ਬੇਅਦਬੀ, ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਬਾਰੇ ਪੁੱਛਗਿਛ ਕੀਤੀ ਜਾਵੇਗੀ। ਇਹ ਸੰਮਨ ਸੀਆਰਪੀਸੀ ਦੀ ਧਾਰਾ 160 ਤਹਿਤ ਜਾਰੀ ਕੀਤੇ ਗਏ ਹਨ ਜਿਸ ਤਹਿਤ ਸਬੰਧਤ ਵਿਅਕਤੀਆਂ ਦਾ ਪੇਸ਼ ਹੋਣਾ ਜ਼ਰੁੂਰੀ ਹੁੰਦਾ ਹੈ। ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ ਵਿਚ ਵੀ ਅਕਾਲੀ ਦਲ ਦੀ ਪਿਛਲੀ ਸਰਕਾਰ ਵੇਲੇ ਸਿਖਰਲੀ ਲੀਡਰਸ਼ਿਪ ਬਾਰੇ ਸੁਆਲ ਖੜ੍ਹੇ ਕੀਤੇ ਸਨ ਤੇ ਇਸ ਲਈ ਜਾਂਚ ਟੀਮ ਵਲੋਂ ਗੋਲੀ ਚਲਾਉਣ ਦੇ ਹੁਕਮ ਦੇਣ ਅਤੇ ਬੇਅਬਦੀ ਨਾਲ ਜੁੜੇ ਮਾਮਲਿਆਂ ਬਾਰੇ ਸੁਆਲ ਪੁੱਛੇ ਜਾ ਸਕਦੇ ਹਨ।
    ਦੱਸਣਯੋਗ ਹੈ ਕਿ ਏ.ਡੀ.ਜੀ.ਪੀ. ਜਤਿੰਦਰ ਜੈਨ, ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ, ਆਈ.ਜੀ. ਅਮਰ ਸਿੰਘ ਚਾਹਲ, ਫ਼ਰੀਦਕੋਟ ਦੇ ਸਾਬਕਾ ਡਿਪਟੀ ਕਮਿਸ਼ਨਰ ਐਮ.ਐਸ. ਜੱਗੀ, ਫਰੀਦਕੋਟ ਦੇ ਸਾਬਕਾ ਐਸਐਸਪੀ ਐਸ.ਐਸ. ਮਾਨ, ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਪਹਿਲਾਂ ਹੀ ਵਿਸ਼ੇਸ਼ ਜਾਂਚ ਟੀਮ ਸਾਹਮਣੇ ਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਵਾ ਚੁੱਕੇ ਹਨ। ਜਾਂਚ ਟੀਮ 30 ਪੁਲੀਸ ਅਫ਼ਸਰਾਂ ਤੇ ਮੁਲਾਜ਼ਮਾਂ ਅਤੇ ਪੰਜਾਹ ਹੋਰਨਾਂ ਕੋਲੋਂ ਪੁੱਛ-ਪੜਤਾਲ ਕਰ ਚੁੱਕੀ ਹੈ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆਂ ਸ਼ਿਫਾਰਸਾਂ ਦੇ ਅਧਾਰ ’ਤੇ ਹੀ ਪੰਜ ਮੈਂਬਰੀ ਵਿਸ਼ੇਸ਼ ਜਾਂਚ ਟੀਮ ਕਾਇਮ ਕੀਤੀ ਗਈ ਸੀ ਜਿਸ ਨੇ ਪਿਛਲੇ ਮਹੀਨੇ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਤੇ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਟੀਮ ਦੀ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤੀ ਜਾਵੇਗੀ।

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com