ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਮਾਨਸਾ - ਤਖ਼ਤ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਅੰਮ੍ਰਿਤਸਰ ਹਮਲੇ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਮਾਮਲੇ ਦੀ ਸਹੀ ਤੇ ਨਿਰਪੱਖ ਜਾਂਚ ਕਰਵਾਏ। ਇੱਥੋਂ ਦੀ ਅਦਾਲਤ ਵਿਚ ਪੇਸ਼ੀ ਭੁਗਤਣ ਤੋਂ ਬਾਅਦ ਗੱਲਬਾਤ ਕਰਦਿਆਂ ਭਾਈ ਦਾਦੂਵਾਲ ਨੇ ਦੋਸ਼ ਲਾਇਆ ਕਿ ਹਮਲੇ ਪਿੱਛੇ ਡੇਰਾ ਸੱਚਾ ਸੌਦਾ ਸਿਰਸਾ ਦੇ ਕਾਰਕੁਨਾਂ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਇਹ ਹਮਲਾ ਲੋਕਾਂ ਦਾ ਬਰਗਾੜੀ ਮੋਰਚੇ ਤੋਂ ਧਿਆਨ ਲਾਂਭੇ ਕਰਨ ਦੀ ਇਕ ਵੱਡੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਮੌੜ ਬੰਬ ਕਾਂਡ ’ਚ ਸਿਰਸਾ ਡੇਰੇ ਦੀ ਭੂਮਿਕਾ ਸਾਹਮਣੇ ਆਈ ਸੀ। ਭਾਈ ਦਾਦੂਵਾਲ ਨੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਉਨ੍ਹਾਂ ’ਤੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੇ ਲਾਏ ਦੋਸ਼ਾਂ ਨੂੰ ਨਿੱਜੀ ਰੰਜਿਸ਼ ਦੱਸਦਿਆਂ ਕਿਹਾ ਕਿ ਉਨ੍ਹਾਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਇਕ ਸੰਪਰਦਾ ਵੱਲੋਂ ਸ਼ਹੀਦ ਕਰਾਰ ਦੇਣ ਦਾ ਤਿੱਖਾ ਵਿਰੋਧ ਕੀਤਾ ਸੀ। ਉਸ ਵੇਲੇ ਤੋਂ ਹੀ ਬਿੱਟੂ ਉਨ੍ਹਾਂ ਦੇ ਵਿਰੋਧੀ ਹਨ। ਅਕਾਲੀ ਦਲ ਵੱਲੋਂ ਉਨ੍ਹਾਂ (ਭਾਈ ਦਾਦੂਵਾਲ) ਦੇ ਬੈਂਕ ਖਾਤੇ ’ਚ ਵਿਦੇਸ਼ਾਂ ਵਿਚੋਂ 20 ਕਰੋੜ ਰੁਪਏ ਜਮ੍ਹਾਂ ਹੋਣ ਦੇ ਦੋਸ਼ਾਂ ਬਾਰੇ ਭਾਈ ਦਾਦੂਵਾਲ ਨੇ ਕਿਹਾ ਉਹ ਆਪਣੇ ਖਾਤੇ ਅਕਾਲ ਤਖ਼ਤ ਜਾ ਕੇ ਜਨਤਕ ਕਰ ਸਕਦੇ ਹਨ। ਮਾਨਸਾ ਦੀ ਇਕ ਅਦਾਲਤ ਨੇ ਇੱਥੇ ਸਦਰ ਥਾਣਾ ਵਿਚ ਦਰਜ ਇਕ ਕੇਸ ’ਚ ਉਨ੍ਹਾਂ ਦੀ ਅਗਲੀ ਸੁਣਵਾਈ 22 ਨਵੰਬਰ ’ਤੇ ਪਾ ਦਿੱਤੀ ਹੈ।

  ਪਟਿਆਲਾ - ਮਾਲਵਾ ਰਿਸਰਚ ਸੈਂਟਰ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿੱਚ ‘ਅਖੌਤੀ ਮਾਰਕਸਵਾਦੀ, ਅਖੌਤੀ ਬੌਧਿਕਤਾਵਾਦ ਤੇ ਪੁਸਤਕ ਸੱਭਿਆਚਾਰ’ ਉਤੇ ਖੁੱਲ੍ਹੀ ਵਿਚਾਰ ਚਰਚਾ ਕਰਵਾਈ ਗਈ| ਇਸ ਸੈਮੀਨਾਰ ਦੀ ਪ੍ਰਧਾਨਗੀ ਚਿੰਤਕ ਡਾ. ਸਵਰਾਜ ਸਿੰਘ ਨੇ ਕੀਤੀ| ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਡਾ. ਤੇਜਵੰਤ ਮਾਨ, ਪੰਜਾਬੀ ਯੂਨੀਵਰਸਿਟੀ ਤੋਂ ਡਾ. ਕੁਲਦੀਪ ਸਿੰਘ, ਦੇਸ਼ ਪੰਜਾਬ ਦੇ ਸੰਪਾਦਕ ਗੁਰਬਚਨ ਸਿੰਘ, ਡਾ. ਨਰਵਿੰਦਰ ਸਿੰਘ ਕੌਸ਼ਲ, ਗੁਰਦੀਪ ਸਿੰਘ, ਮਾਲਵਾ ਰਿਸਰਚ ਸੈਂਟਰ ਦੇ ਪ੍ਰਧਾਨ ਡਾ. ਭਗਵੰਤ ਸਿੰਘ ਤੇ ਡਾ. ਕੁਲਬੀਰ ਕੌਰ ਚੰਡੀਗੜ੍ਹ ਸ਼ਾਮਲ ਹੋਏ| ਸੈਮੀਨਾਰ ਦੀ ਸ਼ੁਰੂਆਤ ਕਰਦਿਆਂ ਡਾ. ਸਵਰਾਜ ਸਿੰਘ ਨੇ ਕਿਹਾ ਕਿ ਮਾਰਕਸਵਾਦ ਗਿਆਨ ਦਾ ਨਿਰੰਤਰ ਵਿਕਾਸ ਹੈ, ਇਹ ਕੋਈ ਹੱਠ-ਧਰਮੀ, ਅੰਧ-ਵਿਸ਼ਵਾਸੀ ਨਿਰਪੇਖਕ ਅੰਤ ਨਹੀਂ| ਭਾਰਤੀ ਖ਼ਾਸਕਰ ਪੰਜਾਬੀ ਅਖੌਤੀ ਮਾਰਕਸਵਾਦੀਆਂ ਨੇ ਬਿਨਾਂ ਪੜ੍ਹਿਆਂ ਸਮਝਿਆਂ ਹੀ ਇਸ ਨੂੰ ਨਿਰਪੇਖ ਸਿੱਟਿਆਂ ਦੀ ਜੜ੍ਹਤਾ ਵੱਲ ਧਕੇਲ ਦਿੱਤਾ, ਜਿਸ ਕਾਰਨ ਇਨ੍ਹਾਂ ਨੇ ਇਤਿਹਾਸਕ ਦਵੰਦਵਾਦ ਦੇ ਮਹੱਤਵ ਨੂੰ ਅਣਗੌਲਿਆਂ ਕਰ ਕੇ ਆਪਣੀ ਧਰਤੀ ਦੇ ਵਿਰਾਸਤੀ ਲੋਕ ਸੰਘਰਸ਼ਾਂ ਤੋਂ ਪਾਸਾ ਵੱਟ ਲਿਆ| ਪ੍ਰੋ. ਕੁਲਬੀਰ ਕੌਰਨੇ ਕਿਹਾ ਕਿ ਕਾਫੀ ਸਮਾਂ ਪੰਜਾਬੀ ਬੌਧਿਕਤਾ ਨੂੰ ਅਖੌਤੀ ਮਾਰਕਸੀਆਂ ਦੇ ਦਬਾਅ ਅਧੀਨ ਵਿਕਸਤ ਹੋਣਾ ਪਿਆ, ਜਿਸਦਾ ਸਿੱਟਾ ਹੁਣ ਭੁਗਤ ਰਹੇ ਹਾਂ| ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਮਾਰਕਸੀ ਫਿਲਾਸਫੀ ਜ਼ਿੰਦਗੀ ਤੋਂ ਬਾਹਰ ਧੱਕੇ ਹੋਏ ਲੋਕਾਂ ਦੀ ਫ਼ਿਲਾਸਫ਼ੀ ਹੈ| ਸਿਮਰਜੀਤ ਸਿੰਘ ਨੇ ਕਿਹਾ ਕਿ ਮਾਰਕਸ ਦਾ ਆਲੋਚਕ ਪੈਦਾ ਨਹੀਂ ਹੋਇਆ| ਗੁਰਬਚਨ ਸਿੰਘ ਨੇ ਕਿਹਾ ਕਿ ਅਖੌਤੀ ਮਾਰਕਸਵਾਦੀਆਂ ਦੀ ਸਮਝ ਕੇਵਲ ਪਦਾਰਥ ਤੱਕ ਸੀਮਤ ਹੈ, ਮਨ ਨੂੰ ਉਨ੍ਹਾਂ ਨੇ ਆਪਣੀ ਸਮਝ ਦਾ ਹਿੱਸਾ ਨਹੀਂ ਬਣਾਇਆ| ਡਾ. ਭਗਵੰਤ ਸਿੰਘ ਨੇ ਕਿਹਾ ਕਿ ਯੂਨੀਵਰਸਿਟੀਆਂ ਦੇ ਅਖੌਤੀ ਬੁੱਧੀਜੀਵੀ ਆਪਣੀਆਂ ਤਨਖਾਹਾਂ ਦੀ ਫਿਕਰਮੰਦੀ ਦਾ ਸ਼ਿਕਾਰ ਹਨ| ਮਾਰਕਸਵਾਦ ਦੇ ਨਾਂ ’ਤੇ ਉਹ ਸਿੱਖਿਆਰਥੀਆਂ ਨੂੰ ਆਤਮਕ ਚਿੰਤਨ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦੇ ਹਨ|
  ਸੈਮੀਨਾਰ ਵਿੱਚ ਗੁਰਿੰਦਰ ਕੌਰ ਸਵਰਾਜ, ਡਾ. ਨਰਵਿੰਦਰ ਸਿੰਘ ਕੌਸ਼ਲ, ਜਸਵੀਰ ਸਿੰਘ, ਅਮਰ ਗਰਗ, ਪਵਨ ਹਰਚੰਦਪੁਰੀ, ਆਰ.ਐਸ. ਸਿਆਣ, ਜੇ.ਕੇ. ਮਿਗਲਾਨੀ, ਮੇਘ ਰਾਜ, ਲਕਸ਼ਮੀ ਨਰਾਇਣ ਭੀਖੀ, ਇਕਬਾਲ ਗੱਜਣ, ਪ੍ਰੋ. ਅਜਾਇਬ ਸਿੰਘ ਟਿਵਾਣਾ, ਅਵਤਾਰ ਸਿੰਘ, ਕੇ.ਐੱਸ.ਵਿਰਦੀ, ਤੇਜਾ ਸਿੰਘ ਤਿਲਕ, ਪ੍ਰੋ. ਮੇਵਾ ਸਿੰਘ ਤੁੰਗ, ਨਾਹਰ ਸਿੰਘ, ਜਗਤਾਰ ਸਿੰਘ ਕੱਟੂ, ਐਡਵੋਕੇਟ ਜਗਦੀਪ ਸਿੰਘ, ਸ਼ੁਸਮਾ ਸਭਰਾਵਾਲ ਆਦਿ ਵਿਦਵਾਨਾਂ ਨੇ ਹਿੱਸਾ ਲਿਆ| ਇਸ ਮੌਕੇ ਤੇ ਨਿਬੰਧ ਲੇਖਕ ਡਾ. ਪੂਰਨ ਚੰਦ ਜੋਸ਼ੀ ਦੀ ਨਵੀਂ ਪੁਸਤਕ ‘ਅਸੀਂ ਨਹੀਂ ਜਾਣਦੇ’ ਵੀ ਰਿਲੀਜ਼ ਕੀਤੀ ਗਈ|

  ਅੰਮ੍ਰਿਤਸਰ - ਇਥੇ ਰਾਜਾਸਾਂਸੀ ਕਸਬੇ ਨੇੜਲੇ ਪਿੰਡ ਅਦਲੀਵਾਲ ਵਿਚ ਨਿਰੰਕਾਰੀ ਭਵਨ ਵਿਚ ਚੱਲ ਰਹੇ ਸਤਿਸੰਗ ਦੌਰਾਨ ਗ੍ਰਨੇਡ ਹਮਲੇ ’ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ 22 ਹੋਰ ਜ਼ਖ਼ਮੀ ਹੋ ਗਏ। ਗ੍ਰਨੇਡ ਧਮਾਕੇ ਵਿਚ ਮਾਰੇ ਗਏ ਵਿਅਕਤੀਆਂ ਦੀ ਸ਼ਨਾਖ਼ਤ ਸੰਦੀਪ ਸਿੰਘ ਵਾਸੀ ਰਾਜਾਸਾਂਸੀ, ਸੁਖਦੇਵ ਸਿੰਘ ਵਾਸੀ ਪਿੰਡ ਮੀਰਾਂਕੋਟ ਅਤੇ ਕੁਲਦੀਪ ਸਿੰਘ ਵਾਸੀ ਪਿੰਡ ਬੱਗਾ ਕਲਾਂ ਵਜੋਂ ਹੋਈ ਹੈ। ਜ਼ਖ਼ਮੀਆਂ ਵਿਚ 9 ਔਰਤਾਂ ਵੀ ਸ਼ਾਮਲ ਹਨ। ਜ਼ਖ਼ਮੀਆਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਅਤੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਅਤੇ ਹੋਰ ਟੀਮਾਂ ਵੱਲੋਂ ਹਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਵੇਰਵਿਆਂ ਮੁਤਾਬਕ ਇਹ ਘਟਨਾ ਲਗਪਗ 12 ਵਜੇ ਵਾਪਰੀ। ਭਵਨ ਦੇ ਮੁੱਖ ਦਰਵਾਜ਼ੇ ’ਤੇ ਡਿਊਟੀ ਦੇ ਰਹੇ ਨੌਜਵਾਨ ਗਗਨ ਨੇ ਦੱਸਿਆ ਕਿ ਮੋਟਰਸਾਈਕਲ ’ਤੇ ਸਵਾਰ ਦੋ ਹਥਿਆਰਬੰਦ ਨੌਜਵਾਨ ਆਏ ਜਿਨ੍ਹਾਂ ਨੇ ਲੋਈਆਂ ਲਈਆਂ ਹੋਈਆਂ ਸਨ ਅਤੇ ਮੂੰਹ ਢੱਕੇ ਹੋਏ ਸਨ। ਉਨ੍ਹਾਂ ’ਚੋਂ ਇਕ ਨੌਜਵਾਨ ਨੇ ਪਿਸਤੌਲ ਕੱਢ ਲਈ ਅਤੇ ਉਸ ਨੂੰ ਇਕ ਪਾਸੇ ਲੈ ਗਿਆ ਅਤੇ ਉਸ ਕੋਲੋਂ ਅੰਦਰ ਚੱਲ ਰਹੇ ਸਮਾਗਮ ਬਾਰੇ ਜਾਣਕਾਰੀ ਲਈ। ਇਸ ਦੌਰਾਨ ਉਸ ਦਾ ਦੂਜਾ ਸਾਥੀ ਅੰਦਰ ਗਿਆ ਅਤੇ ਉਸ ਨੇ ਹਾਲ ਵਿਚ ਬੈਠੀ ਸੰਗਤ ’ਤੇ ਹੈਂਡ ਗ੍ਰਨੇਡ ਸੁੱਟਿਆ। ਧਮਾਕੇ ਨਾਲ ਭੱਜ-ਨੱਠ ਮੱਚ ਗਈ ਜਿਸ ਵਿਚ ਹਮਲਾਵਰ ਮੌਕੇ ਤੋਂ ਫਰਾਰ ਹੋਣ ਵਿਚ ਸਫ਼ਲ ਰਹੇ। ਮੌਕੇ ’ਤੇ ਹਾਜ਼ਰ ਗੁਰਭੇਜ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਬੇਟਿਆਂ ਨਾਲ ਸਮਾਗਮ ਵਿਚ ਆਇਆ ਸੀ ਅਤੇ ਦੋਵੇਂ ਪਤੀ-ਪਤਨੀ ਧਮਾਕੇ ਵਿਚ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਉਹ ਮੰਚ ਨੇੜੇ ਬੈਠੇ ਹੋਏ ਸਨ ਅਤੇ ਅਚਨਚੇਤੀ ਕੋਈ ਠੋਸ ਚੀਜ਼ ਡਿੱਗੀ ਜਿਸ ਮਗਰੋਂ ਜ਼ੋਰਦਾਰ ਧਮਾਕਾ ਹੋਇਆ। ਉਸ ਨੇ ਦੱਸਿਆ ਕਿ ਜਦੋਂ ਉਹ ਪਤਨੀ ਅਤੇ ਬੱਚਿਆਂ ਨਾਲ ਹਸਪਤਾਲ ਜਾਣ ਲੱਗਾ ਸੀ ਤਾਂ ਉਸ ਨੇ ਦੋ ਨੌਜਵਾਨਾਂ ਨੂੰ ਮੋਟਰਸਾਈਕਲ ’ਤੇ ਭਜਦੇ ਹੋਏ ਦੇਖਿਆ।

  ਬਠਿੰਡਾ - ਸਿਆਸੀ ਸਿੱਖ ਆਗੂਆਂ, ਪ੍ਰਚਾਰਕਾਂ ਤੇ ਸ਼ੋ੍ਰਮਣੀ ਕਮੇਟੀ ਦੇ ਦਲਿਤਾਂ ਵਿਰੋਧੀ ਵਤੀਰੇ ਕਾਰਨ ਦਲਿਤ ਸਿੱਖ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਹਨ | ਇਹ ਪ੍ਰਗਟਾਵਾ ਬਠਿੰਡਾ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਸਾਬਕਾ ਕੇਂਦਰੀ ਅਤੇ ਯੂ.ਪੀ. ਦੇ ਸਾਬਕਾ ਜੇਲ੍ਹ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਕੀਤਾ | ਉਨ੍ਹਾਂ ਆਖਿਆ ਕਿ ਡੇਰਾ ਸਿਰਸਾ ਦੇ ਉਭਾਰ ਲਈ ਪਿੰਡਾਂ ਦੇ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਪ੍ਰਧਾਨ ਜ਼ਿੰਮੇਵਾਰ ਹਨ | ਸ: ਰਾਮੂਵਾਲੀਆ ਨੇ ਕਿਹਾ ਕਿ ਸਿਆਸੀ ਸਿੱਖ ਆਗੂਆਂ, ਪ੍ਰਚਾਰਕਾਂ ਤੇ ਸ਼ੋ੍ਰਮਣੀ ਕਮੇਟੀਆਂ ਵਲੋਂ ਦਲਿਤਾਂ ਨੂੰ ਹਰ ਫ਼ਰੰਟ 'ਤੇ ਅਣਗੋਲਿਆ ਕਰਕੇ ਉਨ੍ਹਾਂ ਨੂੰ ਸਮਾਜ ਦੇ ਗੌਣ ਪਾਤਰ ਦਾ ਦਰਜਾ ਦਿੱਤੇ ਜਾਣ ਕਾਰਨ ਦਲਿਤ ਸਿੱਖ ਹੌਲੀ-ਹੌਲੀ ਸਿੱਖੀ ਤੋਂ ਮੂੰਹ ਮੌੜ ਕੇ ਡੇਰਾਵਾਦ ਜਾਂ ਹੋਰ ਧਰਮਾਂ ਵੱਲ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿਆਸਤਦਾਨ ਸੂਬੇ ਦੀਆਂ 40 ਹਜ਼ਾਰ ਤੋਂ ਵੱਧ ਧੀਆਂ ਜਿਨ੍ਹਾਂ ਨੂੰ ਵਿਦੇਸ਼ੀ ਲਾੜੇ ਵਿਆਹ ਕਰਵਾ ਕੇ ਮੋਟੀਆਂ ਰਕਮਾਂ ਲੈ ਕੇ ਇੱਥੇ ਛੱਡ ਗਏ ਹਨ ਉਨ੍ਹਾਂ ਦੇ ਹੱਲ ਲਈ ਇਕ ਵੀ ਸਾਰਥਿਕ ਕਦਮ ਨਹੀਂ ਚੁੱਕ ਰਹੇ | ਇਸੇ ਤਰ੍ਹਾਂ ਹਰ ਸਾਲ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਂਅ 'ਤੇ 27 ਹਜ਼ਾਰ ਕਰੋੜ ਰੁਪਏ ਏਜੰਟਾਂ ਵਲੋਂ ਠੱਗੇ ਜਾ ਰਹੇ ਹਨ | ਸਮਾਜਵਾਦੀ ਪਾਰਟੀ ਦੇ ਪੰਜਾਬ 'ਚ ਵਿਸਥਾਰ ਬਾਰੇ ਉਨ੍ਹਾਂ ਆਖਿਆ ਕਿ ਅਖ਼ਲੇਸ਼ ਯਾਦਵ ਵਲੋਂ ਉਨ੍ਹਾਂ ਨੂੰ ਪੰਜਾਬ ਤੇ ਚੰਡੀਗੜ੍ਹ ਦਾ ਕਾਰਜਭਾਰ ਦਿੱਤਾ ਗਿਆ ਹੈ | ਇਸ ਮੌਕੇ ਨਵਦੀਪ ਸਿੰਘ ਮੰਡੀਕਲਾ, ਜਸਵਿੰਦਰ ਸਿੰਘ ਢਿੱਲੋਂ, ਫ਼ਤਿਹ ਸਿੰਘ ਰਾਮਗੜ੍ਹ ਵੀ ਮੌਜੂਦ ਸਨ |

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਖ਼ਤਰੇ ਵਿਚ ਹੈ, ਕਿਉਂਕਿ ਕਾਂਗਰਸ ਸਰਕਾਰ ਸ਼ਾਂਤੀ ਭੰਗ ਕਰਨ ਵਾਲੇ ਅਨਸਰਾਂ ਨੂੰ ਸ਼ਹਿ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸੂਬੇ ਦਾ ਮਾਹੌਲ ਖ਼ਰਾਬ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਮਕਸੂਦਾਂ ਬੰਬ ਧਮਾਕਾ ਅਤੇ ਉੱਤਰ ਪ੍ਰਦੇਸ਼ ਦੀ ਪੁਲੀਸ ਵੱਲੋਂ ਪ੍ਰਕਾਸ਼ ਸਿੰਘ ਬਾਦਲ ਦਾ ਕਤਲ ਕਰਨ ਦੀ ਸਾਜ਼ਿਸ਼ ਨੂੰ ਬੇਨਕਾਬ ਕਰਨ ਦੀਆਂ ਘਟਨਾਵਾਂ ਨੇ ਪੰਜਾਬ ਦੀ ਸ਼ਾਂਤੀ ਉੱਤੇ ਮੰਡਰਾ ਰਹੇ ਖ਼ਤਰੇ ਤੋਂ ਜਾਣੂ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਇੱਥੋਂ ਤਕ ਕਿ ਉਨ੍ਹਾਂ (ਮੇਰੇ) ਕਾਫ਼ਲੇ ਉੱਤੇ ਵੀ ਸੰਗਰੂਰ ਵਿਚ ਹਮਲਾ ਕੀਤਾ ਗਿਆ ਸੀ, ਪਰ ਇਸ ਮਾਮਲੇ ਵਿਚ ਕੋਈ ਕਾਰਵਾਈ ਕਰਨ ਦੀ ਥਾਂ, ਮੁਲਜ਼ਮਾਂ ਵਿਰੁੱਧ ਕੇਸ ਵਾਪਸ ਲੈ ਲਿਆ ਗਿਆ ਹੈ।
  ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਕਾਂਗਰਸ ਸਰਕਾਰ ਆਪਣੇ ਅਤੀਤ ਦੇ ਹਾਕਮਾਂ ਵਾਂਗ ਸਿਆਸਤ ਨੂੰ ਸ਼ਾਂਤੀ ਤੋਂ ਉੱਪਰ ਰੱਖਦੀ ਹੈ। ਕਾਂਗਰਸ ਦੀ ਇਹੀ ਸੋਚ ਪੰਜਾਬ ਨੂੰ ਕਾਲੇ ਦਿਨਾਂ ਵੱਲ ਲੈ ਕੇ ਗਈ ਸੀ ਤੇ ਸੂਬੇ ਵਿਚ ਸ਼ਾਂਤੀ ਕਾਇਮ ਕਰਨ ਵਾਸਤੇ ਮੌਜੂਦਾ ਸਰਕਾਰ ਨੂੰ ਆਪਣੀ ਇਹ ਨੀਤੀ ਛੱਡਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਫੌਜ ਦੇ ਮੁਖੀ ਨੇ ਵੀ ਹਾਲ ਹੀ ਵਿਚ ਪੰਜਾਬ ਸਰਕਾਰ ਨੂੰ ਇਸ ਬਾਰੇ ਚੌਕਸ ਕੀਤਾ ਸੀ। ਉਨ੍ਹਾਂ ਕਿਹਾ ਕਿ ਲੋਕ ਇਹ ਵੀ ਵੇਖ ਚੁੱਕੇ ਹਨ ਕਿ ਕਿਸ ਤਰ੍ਹਾਂ ਪੰਜਾਬ ਵਿਚ ਗੜਬੜ ਕਰਵਾਉਣ ਲਈ ਵਿਦੇਸ਼ਾਂ ਵਿੱਚੋਂ ਪੈਸਾ ਭੇਜਿਆ ਜਾ ਰਿਹਾ ਹੈ। ਅਜਿਹੀਆਂ ਗਤੀਵਿਧੀਆਂ ਨੂੰ ਰੋਕਣ ਲਈ ਸਰਕਾਰ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ ਅਤੇ ਸ਼ਰਾਰਤੀ ਅਨਸਰਾਂ ਦੇ ਇਰਾਦਿਆਂ ਨੂੰ ਨਾਕਾਮ ਕਰ ਦੇਣਾ ਚਾਹੀਦਾ ਹੈ।

  ਪਟਿਆਲਾ - ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵੱਲੋਂ ਕੈਦੀਆਂ ਨੂੰ ਇੱਕ ਮਹੀਨੇ ਤੋਂ ਸਾਲ ਤੱਕ ਦੀ ਸਜ਼ਾ ਮੁਆਫ਼ੀ ਦੇਣ ਦਾ ਫ਼ੈਸਲਾ ਲਿਆ ਗਿਆ ਹੈ। ਗੁਰਪੁਰਬ ਮੌਕੇ 31 ਕੈਦੀ ਰਿਹਾਅ ਕੀਤੇ ਜਾਣਗੇ। ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਗੁਰਪੁਰਬ ਮੌਕੇ ਸਜ਼ਾ ਮੁਆਫ਼ ਕਰਨ ਦੇ ਕੀਤੇ ਗਏ ਇਸ ਫ਼ੈਸਲੇ ਮੁਤਾਬਿਕ ਤਿੰਨ ਸਾਲ ਤੱਕ ਦੀ ਸਜ਼ਾ ਵਾਲੇ ਕੈਦੀਆਂ ਦੀ ਮਹੀਨੇ ਦੀ ਸਜ਼ਾ ਮੁਆਫ਼ ਹੋਵੇਗੀ। ਜੇਕਰ ਕੋਈ ਕੈਦੀ 35 ਮਹੀਨਿਆਂ ਦੀ ਸਜ਼ਾ ਕੱਟ ਚੁੱਕਿਆ ਹੈ ਤਾਂ ਇੱਕ ਮਹੀਨੇ ਦੀ ਮੁਆਫ਼ੀ ਤਹਿਤ ਉਹ 23 ਨਵੰਬਰ ਨੂੰ ਰਿਹਾਅ ਵੀ ਹੋ ਸਕੇਗਾ। ਇਸੇ ਤਰਜ਼ ’ਤੇ ਤਿੰਨ ਤੋਂ ਪੰਜ ਸਾਲ ਤੱਕ ਦੀ ਸਜ਼ਾ ਵਾਲਿਆਂ ਨੂੰ ਤਿੰਨ ਮਹੀਨਿਆਂ ਅਤੇ ਪੰਜ ਤੋਂ ਸੱਤ ਸਾਲ ਵਾਲੇ ਕੈਦੀਆਂ ਨੂੰ ਛੇ ਮਹੀਨਿਆਂ ਦੀ ਮੁਆਫ਼ੀ ਮਿਲੇਗੀ। ਸੱਤ ਤੋਂ ਦਸ ਸਾਲ ਤੱਕ ਦੀ ਸਜ਼ਾ ਵਾਲਿਆਂ ਦੀ ਨੌਂ ਮਹੀਨੇ ਅਤੇ ਦਸ ਸਾਲਾਂ ਤੋਂ ਉਮਰ ਕੈਦ ਵਾਲੇ ਕੈਦੀਆਂ ਨੂੰ ਇੱਕ ਸਾਲ ਦੀ ਸਜ਼ਾ ਮੁਆਫ਼ੀ ਮਿਲੇਗੀ। ਨਿਯਮਾਂ ਅਨੁਸਾਰ ਅਜਿਹੀ ਮੁਆਫ਼ੀ ਦਾ ਫ਼ੈਸਲਾ ਬਲਾਤਕਾਰ, ਕੁਕਰਮ, ਅਗਵਾ, ਨਸ਼ਾ ਤਸਕਰੀ ਅਤੇ ਚੈੱਕ ਬਾਊਂਸ ਆਦਿ ਕੇਸਾਂ ਸਮੇਤ ਸੀਬੀਆਈ ਆਧਾਰਿਤ ਕੇਸਾਂ ਨਾਲ ਸਬੰਧਿਤ ਕੈਦੀਆਂ ’ਤੇ ਲਾਗੂ ਨਹੀਂ ਹੋਵੇਗਾ। ਇਸੇ ਦੌਰਾਨ 23 ਨਵੰਬਰ ਨੂੰ ਅੰਮ੍ਰਿਤਸਰ ਅਤੇ ਰੋਪੜ ਦੀਆਂ ਜੇਲ੍ਹਾਂ ਵਿਚੋਂ ਪੰਜ-ਪੰਜ, ਗੁਰਦਾਸਪੁਰ ਜੇਲ੍ਹ ਤੋਂ ਚਾਰ ਅਤੇ ਫਿਰੋਜ਼ਪੁਰ, ਲੁਧਿਆਣਾ ਤੇ ਕਪੂਰਥਲਾ ਦੀਆਂ ਜੇਲ੍ਹਾਂ ਵਿੱਚੋਂ ਤਿੰਨ-ਤਿੰਨ ਕੈਦੀ ਰਿਹਾਅ ਹੋਣਗੇ। ਹੁਸ਼ਿਆਰਪੁਰ, ਫ਼ਰੀਦਕੋਟ ਤੇ ਬਠਿੰਡਾ ਦੀਆਂ ਜੇਲ੍ਹਾਂ ਵਿਚੋਂ ਦੋ-ਦੋ ਅਤੇ ਮਾਲੇਰਕੋਟਲਾ ਤੇ ਪਟਿਆਲਾ ਜੇਲ੍ਹ ਤੋੋਂ ਇੱਕ-ਇੱਕ ਕੈਦੀ ਦੀ ਰਿਹਾਈ ਹੋਵੇਗੀ। ਇਨ੍ਹਾਂ 31 ਕੈਦੀਆਂ ਨੂੰ ਇਕੱਠਿਆਂ ਹੀ ਕਿਸੇ ਇੱਕ ਜੇਲ੍ਹ ਵਿਚੋਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਰਿਹਾਅ ਕਰਨਗੇ। ਸੰਪਰਕ ਕਰਨ ’ਤੇ ਜੇਲ੍ਹ ਮੰਤਰੀ ਨੇ ਕੈਦੀਆਂ ਦੀ ਅਜਿਹੀ ਸਜ਼ਾ ਮੁਆਫ਼ੀ ਅਤੇ ਰਿਹਾਈ ਦੇ ਫੈਸਲੇ ਦੀ ਪੁਸ਼ਟੀ ਕੀਤੀ ਹੈ।

  ਚੰਡੀਗੜ੍ਹ - ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਅੱਜ ਇੱਥੇ ਵਧੀਕ ਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਹੇਠਲੀ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਅਕਾਲੀ-ਭਾਜਪਾ ਸਰਕਾਰ ਸਮੇਂ 2015 ਦੌਰਾਨ ਫ਼ਰੀਦਕੋਟ ਜ਼ਿਲ੍ਹੇ ਵਿੱਚ ਗੁਰੂ ਗ੍ਰੰਥ ਸਹਿਬ ਦੀ ਬੇਅਦਬੀ ਅਤੇ ਪੁਲੀਸ ਗੋਲੀ ਕਾਂਡ ਨਾਲ ਸਬੰਧਤ ਮਾਮਲਿਆਂ ਵਿੱਚ ਤਕਰੀਬਨ ਪੌਣਾ ਘੰਟਾ ਪੁੱਛ-ਗਿੱਛ ਕੀਤੀ। ਸੂਤਰਾਂ ਮੁਤਾਬਕ ਸ੍ਰੀ ਬਾਦਲ ਨੇ ‘ਸਿੱਟ’ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਉਨ੍ਹਾਂ ਦੀ ਸਰਕਾਰ ਸਮੇਂ ਕੀਤੀ ਕਾਰਵਾਈ ਖਾਸ ਕਰ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰਕੇ ਪੜਤਾਲ ਕਰਨ ਸਬੰਧੀ ਜਵਾਬ ਦਿੱਤੇ। ਉਨ੍ਹਾਂ ਦੱਸਿਆ ਕਿ ਸ੍ਰੀ ਬਾਦਲ ਤੋਂ ਕੋਟਕਪੂਰਾ ਗੋਲੀ ਕਾਂਡ ਅਤੇ ਬੇਅਦਬੀ ਦੀ ਘਟਨਾ ਸਬੰਧੀ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਦੀ ਪੜਤਾਲੀਆ ਰਿਪੋਰਟ ਵਿੱਚ ਸਾਹਮਣੇ ਲਿਆਂਦੇ ਕੁਝ ਤੱਥਾਂ ਸਬੰਧੀ ਵੀ ਸਵਾਲ ਪੁੱਛੇ ਗਏ। ‘ਸਿੱਟ’ ਵੱਲੋਂ ਤਤਕਾਲੀ ਡੀਜੀਪੀ ਨਾਲ ਹੋਈ ਗੱਲਬਾਤ ਦਾ ਵੇਰਵਾ ਦੇਣ ਲਈ ਵੀ ਕਿਹਾ ਗਿਆ। ਸਾਬਕਾ ਮੁੱਖ ਮੰਤਰੀ ਨੇ ‘ਸਿੱਟ’ ਦੇ ਮੈਂਬਰਾਂ ਨੂੰ ਸਪੱਸ਼ਟ ਕਿਹਾ ਕਿ ਪੁਲੀਸ ਨੂੰ ਗੋਲੀ ਚਲਾਉਣ ਦੇ ਹੁਕਮ ਨਹੀਂ ਦਿੱਤੇ ਗਏ ਸਨ।
  ਧਾਰਮਿਕ ਤੇ ਸੰਵੇਦਨਸ਼ੀਲ ਮਾਮਲੇ ਵਿੱਚ ਪਹਿਲੀ ਵਾਰ ਪੁੱਛ-ਗਿੱਛ ਹੋਣ ਕਰਕੇ ਸ੍ਰੀ ਬਾਦਲ ਦੇ ਮੱਥੇ ਤੋਂ ਚਿੰਤਾ ਦੀਆਂ ਲਕੀਰਾਂ ਸਾਫ਼ ਪੜ੍ਹੀਆਂ ਜਾ ਸਕਦੀਆਂ ਸਨ। ਉਥੇ ਹਾਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਘਬਰਾਹਟ ਵਿੱਚ ਦਿਖਾਈ ਦੇ ਰਹੇ ਸਨ। ਉਂਜ ਇਥੇ ਸੀਨੀਅਰ ਲੀਡਰਸ਼ਿਪ ਨੇ ਵੀ ਭਰਵੀਂ ਹਾਜ਼ਰੀ ਲਵਾਈ। ਸਾਬਕਾ ਮੁੱਖ ਮੰਤਰੀ ਨੇ ਤਫ਼ਤੀਸ਼ੀ ਅਧਿਕਾਰੀਆਂ ਨੂੰ ਪੁੱਛ-ਗਿੱਛ ਲਈ ਢਾਈ ਵਜੇ ਦਾ ਸਮਾਂ ਦਿੱਤਾ ਸੀ। ਆਈਜੀ ਰੈਂਕ ਦੇ ਪੁਲੀਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਸਮੇਂ ਮੁਤਾਬਕ ਚੰਡੀਗੜ੍ਹ ਦੇ ਸੈਕਟਰ 4 ਸਥਿਤ ਉਨ੍ਹਾਂ ਦੇ ਐਮਐਲਏ ਫਲੈਟ ’ਤੇ ਪਹੁੰਚ ਗਏ ਸਨ। ਸ੍ਰੀ ਬਾਦਲ ਨੇ ਪੁਲੀਸ ਅਧਿਕਾਰੀ ਦਾ ਸਵਾਗਤ ਤਾਂ ਕੀਤਾ ਪਰ ‘ਸਿੱਟ’ ਮੁਖੀ ਪ੍ਰਬੋਧ ਕੁਮਾਰ ਨਾਲ ਗੱਲ ਕਰਕੇ ਉਨ੍ਹਾਂ ਨੂੰ ਖੁਦ ਆਉਣ ਲਈ ਕਿਹਾ। ਇਸ ਤੋਂ ਬਾਅਦ ਪ੍ਰਬੋਧ ਕੁਮਾਰ, ਆਈਜੀ ਅਰੁਣਪਾਲ ਸਿੰਘ ਅਤੇ ਐਸਪੀ ਭੁਪਿੰਦਰ ਸਿੰਘ ਉਥੇ ਪਹੁੰਚੇ ਅਤੇ ਬੰਦ ਕਮਰੇ ਵਿੱਚ ਸ੍ਰੀ ਬਾਦਲ ਤੋਂ ਪੁੱਛ-ਗਿੱਛ ਸ਼ੁਰੂ ਹੋਈ। ਸਿੱਟ ਦੇ ਮੈਂਬਰਾਂ ਨੇ ਪੁੱਛ-ਗਿੱਛ ਦੀ ਵੀਡੀਓਗ੍ਰਾਫੀ ਵੀ ਕੀਤੀ। ਉਧਰ ਸਾਬਕਾ ਮੁੱਖ ਮੰਤਰੀ ਨੇ ‘ਸਿੱਟ’ ਦੀ ਕਾਰਵਾਈ ਨੂੰ ਰਾਜਨੀਤੀ ਤੋਂ ਪ੍ਰੇਰਿਤ ਕਰਾਰ ਦਿੰਦਿਆਂ ਕਿਹਾ,‘‘ਮੈਨੂੰ ਪੁਲੀਸ ਅਧਿਕਾਰੀਆਂ ’ਤੇ ਕੋਈ ਯਕੀਨ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਤਾਂ ਮਹਿਜ਼ ਖਾਨਾਪੂਰਤੀ ਕਰਨੀ ਹੈ ਤੇ ਹੋਣਾ ਤਾਂ ਉਹੀ ਹੈ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚਾਹੁਣਗੇ ਪਰ ਮੈਂ ਕਾਨੂੰਨ ਨੂੰ ਮੰਨਣਾ ਵਾਲਾ ਵਿਅਕਤੀ ਹਾਂ’’। ਉਨ੍ਹਾਂ ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਜਦੋਂ ਇਰਾਦਾ ਕਤਲ ਦੇ ਮਾਮਲੇ ਵਿੱਚ ਤਤਕਾਲੀ ਮੁੱਖ ਮੰਤਰੀ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ ਅੰਦਰ ਵੱਡੀਆਂ ਵੱਡੀਆਂ ਘਟਨਾਵਾਂ ਵਾਪਰਦੀਆਂ ਹਨ ਤੇ ਕਦੇ ਮੁੱਖ ਮੰਤਰੀਆਂ, ਪ੍ਰਧਾਨ ਮੰਤਰੀ ਜਾਂ ਮੰਤਰੀਆਂ ਨੂੰ ਸੱਦਿਆਂ ਨਹੀਂ ਜਾਂਦਾ। ਇੱਥੋਂ ਤੱਕ ਕਿ ਸਾਕਾ ਨੀਲਾ ਤਾਰਾ ਜਾਂ 1984 ਦੇ ਦੰਗਿਆਂ ਬਾਰੇ ਉਸ ਸਮੇਂ ਦੇ ਪ੍ਰਧਾਨ ਮੰਤਰੀਆਂ ਨੂੰ ਸ਼ਾਮਲ ਨਹੀਂ ਸੀ ਕੀਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ‘ਸਿੱਟ’ ਵੱਲੋਂ ਪੁੱਛੇ ਗਏ ਸਵਾਲ ਪੂਰੀ ਤਰ੍ਹਾਂ ਨਾਲ ਬੇਤੁਕੇ ਸਨ ਅਤੇ ਮੁੱਖ ਮੰਤਰੀ ਦੀ ਕੁਰਸੀ ਸੰਭਾਲ ਚੁੱਕੇ ਵਿਅਕਤੀ ਤੋਂ ਅਜਿਹੇ ਸਵਾਲ ਪੁੱਛਣੇ ਨਹੀਂ ਬਣਦੇ ਸਨ। ਸ੍ਰੀ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਵੀ ਮੁੱਖ ਮੰਤਰੀ ਹੁੰਦਿਆਂ ਮੇਰੀ ਪਤਨੀ ਸਮੇਤ ਪਰਚਾ ਦਰਜ ਕੀਤਾ ਸੀ ਪਰ ਸੱਚਾਈ ਸਭ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਨੂੰ ਅਸੀਂ ਕਸੂਰਵਾਰ ਲਗਦੇ ਹਾਂ ਪਰ ਸੱਚਾਈ ਆਖਿਰ ਲੋਕਾਂ ਦੇ ਸਾਹਮਣੇ ਆ ਜਾਵੇਗੀ। ਉਨ੍ਹਾਂ ਕਾਂਗਰਸ ਸਰਕਾਰ ’ਤੇ ਸੂਬੇ ਦੇ ਹਾਲਾਤ ਖ਼ਰਾਬ ਕਰਨ ਦੇ ਦੋਸ਼ ਵੀ ਲਾਏ।

  ਨਵੀਂ ਦਿੱਲੀ - 1984 ਦੇ ਸਿੱਖ ਕਤਲੇਆਮ ਦੇ ਮੁਕੱਦਮੇ ਵਿੱਚ ਨਾਮਜ਼ਦ ਕਾਂਗਰਸੀ ਆਗੂ ਸੱਜਣ ਕੁਮਾਰ ਖ਼ਿਲਾਫ਼ ਅਹਿਮ ਗਵਾਹ ਚਾਮ ਕੌਰ ਨੇ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿੱਚ ਸੱਜਣ ਕੁਮਾਰ ਦੀ ਅੱਜ ਸ਼ਨਾਖ਼ਤ ਕੀਤੀ ਤੇ ਕਿਹਾ ਕਿ ਸੱਜਣ ਕੁਮਾਰ ਹੀ ਉਹ ਵਿਅਕਤੀ ਹੈ ਜੋ ਸਿੱਖਾਂ ਨੂੰ ਕਤਲ ਕਰਨ ਲਈ ਭੀੜ ਨੂੰ ਉਕਸਾ ਰਿਹਾ ਸੀ।
  ਚਾਮ ਕੌਰ ਨੇ ਅਦਾਲਤ ਵਿੱਚ ਗਵਾਹੀ ਦਿੱਤੀ ਕਿ ਉਸ ਨੇ ਸੱਜਣ ਕੁਮਾਰ ਨੂੂੰ ਦਿੱਲੀ ਦੇ ਸੁਲਤਾਨਪੁਰੀ ਇਲਾਕੇ ਵਿਚ ਨਵੰਬਰ 1984 ਨੂੰ ਇਹ ਕਹਿੰਦੇ ਹੋਏ ਸੁਣਿਆ ਸੀ, ‘ਸਾਡੀ ਮਾਂ ਮਾਰ ਦਿੱਤੀ, ਸਿੱਖਾਂ ਨੂੰ ਮਾਰੋ’ ਚਾਮ ਕੌਰ ਨੇ ਜੱਜ ਪੂਨਮ ਬਾਮਰਾ ਦੀ ਅਦਾਲਤ ਅੰਦਰ ਸੱਜਣ ਕੁਮਾਰ ਦੀ ਹਾਜ਼ਰੀ ਵਿੱਚ ਬਿਆਨ ਦਿੱਤੇ ਕਿ ਉਸ ਦਾ ਪਰਿਵਾਰ 31 ਅਕਤੂਬਰ ਨੂੰ ਇੰਦਰਾ ਗਾਂਧੀ ਬਾਰੇ ਟੀਵੀ ‘ਤੇ ਪ੍ਰੋਗਰਾਮ ਦੇਖ ਰਿਹਾ ਸੀ। 1 ਨਵੰਬਰ ਨੂੰ ਆਪਣੀ ਬੱਕਰੀ ਦੇਖਣ ਗਈ ਤਾਂ ਦੇਖਿਆ ਕਿ ਸੱਜਣ ਕੁਮਾਰ ਦੰਗਾਈਆਂ ਦੀ ਭੀੜ ਦੀ ਅਗਵਾਈ ਦੌਰਾਨ ਬੋਲ ਰਿਹਾ ਸੀ, ‘ਸਾਡੀ ਮਾਂ ਮਾਰ ਦਿੱਤੀ, ਸਰਦਾਰਾਂ ਨੂੰ ਮਾਰ ਦਿਓ’। ਉਸ ਨੇ ਦੱਸਿਆ ਕਿ ਅਗਲੇ ਦਿਨ ਉਸ ਦੇ ਪੁੱਤਰ ਕਪੂਰ ਸਿੰਘ ਤੇ ਪਿਤਾ ਸਰਦਾਰਾ ਸਿੰਘ ਨੂੰ ਘਰ ਦੀ ਦੂਜੀ ਮੰਜ਼ਿਲ ਤੋਂ ਛੁਪੇ ਹੋਇਆਂ ਨੂੰ ਧੂਹ ਲਿਆ ਤੇ ਬੁਰੀ ਤਰ੍ਹਾਂ ਕੁੱਟਿਆ, ਫਿਰ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ। ਇਸ ਦੌਰਾਨ ਚਾਮ ਕੌਰ ਦੇ ਵੀ ਸੱਟਾਂ ਲੱਗੀਆਂ।
  ਉਸ ਨੇ ਗਵਾਹੀ ਦਿੱਤੀ ਕਿ ਸੱਜਣ ਕੁਮਾਰ ਨੂੰ ਚੰਗੀ ਤਰ੍ਹਾਂ ਜਾਣਦੀ ਹੈ ਕਿ ਉਹ ਜਦੋਂ ਵਿਧਾਇਕ ਜਾਂ ਸੰਸਦ ਮੈਂਬਰ ਸੀ ਤਾਂ ਰਾਸ਼ਨ ਕਾਰਡ, ਪਾਸਪੋਰਟ ਆਦਿ ਦੇ ਕਾਗਜ਼ਾਂ ‘ਤੇ ਮੋਹਰ ਲਗਵਾਉਣ ਆਮ ਜਾਂਦੇ ਸੀ। ਉਸ ਨੇ ਅੱਗੇ ਹੋਰ ਸਿੱਖਾਂ ਦੇ ਉਸੇ ਦਿਨ ਮਾਰੇ ਜਾਣ ਬਾਰੇ ਬਿਆਨ ਦਿੱਤਾ। ਅਦਾਲਤੀ ਕਾਰਵਾਈ ਦੌਰਾਨ ਦਿੱਲੀ ਕਮੇਟੀ ਦੇ ਅਹਿਮ ਆਗੂ ਪੁੱਜੇ ਹੋਏ ਸਨ।

  ਪੱਤਰਕਾਰ ਛਤਰਪਤੀ ਕਤਲ ਕੇਸ ਦੀਆਂ ਗਵਾਹੀਆਂ ਹੋਈਆਂ ਪੂਰੀਆਂ ਆਖ਼ਰੀ ਬਹਿਸਾਂ ਜਾਰੀ, ਕਿਸੇ ਸਮੇਂ ਵੀ ਆ ਸਕਦੈ ਫ਼ੈਸਲਾ
  ਬਲਾਤਕਾਰ ਕੇਸ ਵਿਚ ਸਜ਼ਾ ਸੁਣਾਉਣ ਵਾਲੇ ਜੱਜ ਜਗਦੀਪ ਸਿੰਘ ਕਰ ਰਹੇ ਹਨ ਕੇਸ ਦੀ ਸੁਣਵਾਈ
  ਪੰਚਕੂਲਾ, (ਲੱਖਾ ਸਿੰਘ/ਅਵਤਾਰ ਸਿੰਘ ਚੀਮਾ)-  ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰਹੀਮ ਉਪਰ ਚੱਲ ਰਹੇ ਪੱਤਰਕਾਰ ਛਤਰਪਤੀ ਕਤਲ ਕੇਸ ਦਾ ਫ਼ੈਸਲਾ ਕਿਸੇ ਸਮੇਂ ਵੀ ਆ ਸਕਦਾ ਹੈ ਅਤੇ ਇਸ ਕੇਸ ਵਿਚ ਸਾਧ ਦੇ ਦੋਸ਼ੀ ਪਾਏ ਜਾਣ ਦੀ ਪੂਰੀ ਸੰਭਾਵਨਾ ਹੈ। ਪੰਚਕੂਲਾ ਦੀ ਸਪੈਸ਼ਲ ਸੀਬੀਆਈ ਅਦਾਲਤ ਵਿਚ ਚੱਲ ਰਹੇ ਇਸ ਕੇਸ ਵਿਚ ਸਾਰੀਆਂ ਗਵਾਹੀਆਂ ਪੂਰੀਆਂ ਹੋ ਚੁੱਕੀਆਂ ਹਨ ਅਤੇ ਆਖ਼ਰੀ ਬਹਿਸ ਚੱਲ ਰਹੀ ਹੈ, ਜਿਸ ਕਰਕੇ ਇਸ ਕੇਸ ਦੀਆਂ ਤਾਰੀਕਾਂ ਨੇੜੇ ਨੇੜੇ ਪੈ ਰਹੀਆਂ ਹਨ ਅਤੇ ਇਸੇ ਮਹੀਨੇ ਇਸ ਕੇਸ ਵਿਚ 3 ਤਾਰੀਕਾਂ ਪੈ ਚੁੱਕੀਆਂ ਹਨ। ਅੱਜ ਤੀਜੀ ਤਾਰੀਕ ਮੌਕੇ ਜੱਜ ਜਗਦੀਪ ਸਿੰਘ ਨੇ ਅਗਲੀ ਤਾਰੀਕ 21 ਨਵੰਬਰ ਪਾ ਦਿੱਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੌਦਾ ਸਾਧ ਖ਼ਿਲਾਫ਼ ਕਾਨੂੰਨੀ ਲੜਾਈ ਲੜਨ ਵਾਲੇ ਭਾਈ ਗੁਰਦਾਸ ਸਿੰਘ ਤੂਰ ਨੇ ਦੱਸਿਆ ਕਿ 2002 ਵਿਚ ਪੱਤਰਕਾਰ ਰਾਮ ਚੰਦਰ ਛਤਰਪਤੀ ਵੱਲੋਂ ਸੌਦਾ ਸਾਧ ਖ਼ਿਲਾਫ਼ ਆਪਣੇ ਅਖ਼ਬਾਰ ਵਿਚ ਡੇਰੇ ਵਿਚ ਕੀਤੇ ਜਾਂਦੇ ਕੁਕਰਮਾਂ ਦੀ ਰਿਪੋਰਟ ਛਾਪੀ ਗਈ ਸੀ, ਜਿਸਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਇਸ ਮਾਮਲੇ ਵਿੱਚ ਹਰਿਆਣਾ ਪੁਲਿਸ ਵੱਲੋਂ ਦੋ ਦੋਸ਼ੀਆਂ ਕੁਲਦੀਪ ਅਤੇ ਨਿਰਮਲ ਨੂੰ ਮੌਕੇ ਤੋਂ ਕਾਬੂ ਕਰਕੇ ਕਤਲ ਦਾ ਪਰਚਾ ਦਰਜ਼ ਕੀਤਾ ਗਿਆ ਸੀ। ਕਾਫ਼ੀ ¦ਬਾ ਸਮਾਂ ਛੱਤਰਪਤੀ ਦੇ ਪਰਿਵਾਰ ਵੱਲੋਂ ਜੱਦੋਜਹਿਦ ਤੋਂ ਬਾਅਦ ਇਹ ਕੇਸ ਸੀਬੀਆਈ ਸਪੈਸ਼ਲ ਕੋਰਟ ਵਿਚ ਚਲਾ ਗਿਆ, ਜਿਸਤੋਂ ਬਾਅਦ ਇਸ ਕੇਸ ਸੰਬੰਧੀ ਸਬੂਤ ਇਕੱਠੇ ਕੀਤੇ ਗਏ ਅਤੇ ਕਈ ਗਵਾਹੀਆਂ ਹੋਈਆਂ, ਜਿਸਤੋਂ ਬਾਅਦ ਛਤਰਪਤੀ ਕਤਲ ਕੇਸ ਵਿਚ ਸੌਦਾ ਸਾਧ ਨੂੰ ਧਾਰਾ 120ਬੀ ਦੇ ਤਹਿਤ ਸ਼ਾਮਿਲ ਕੀਤਾ ਗਿਆ। ਇਸ ਕੇਸ ਵਿਚ ਕਰੀਬ 5 ਸਾਲ ਤੋਂ ਸਾਰੀਆਂ ਗਵਾਹੀਆਂ ਮੁਕੰਮਲ ਹੋ ਚੁੱਕੀਆਂ ਹਨ, ਪ੍ਰੰਤੂ ਸੌਦਾ ਸਾਧ ਸੁਪਰੀਮ ਕੋਰਟ ਵਿਚ ਇਸ ਸੰਬੰਧੀ ਅਰਜ਼ੀਆਂ ਲਗਾ ਕੇ ਇਸ ਨੂੰ ਲਮਕਾਉਂਦਾ ਆ ਰਿਹਾ ਸੀ। ਪਿਛਲੇ ਕਰੀਬ ਡੇਢ ਮਹੀਨੇ ਪਹਿਲਾਂ ਸੁਪਰੀਮ ਕੋਰਟ ਨੇ ਇਸ ਕੇਸ ਦੀਆਂ ਗਵਾਹੀਆਂ ’ਤੇ ਪਾਬੰਦੀ ਲਗਾਈ ਗਈ ਸੀ, ਜਿਸਤੋਂ ਬਾਅਦ ਹੁਣ ਪਿਛਲੀਆਂ 6 ਤਾਰੀਕਾਂ ਤੋਂ ਮਾਮਲੇ ਦੀ ਆਖ਼ਰੀ ਬਹਿਸ ਚੱਲ ਰਹੀ ਹੈ ਅਤੇ ਇਸ ਕੇਸ ਦਾ ਫ਼ੈਸਲਾ ਕਿਸੇ ਵੀ ਸਮੇਂ ਆ ਸਕਦਾ ਹੈ ਅਤੇ ਬਲਾਤਕਾਰੀ ਸਾਧ ਨੂੰ ਸਜ਼ਾ ਸੁਣਾਈ ਜਾ ਸਕਦੀ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਛਤਰਪਤੀ ਕਤਲ ਕੇਸ ਦੀ ਸੁਣਵਾਈ ਸੌਦਾ ਸਾਧ ਨੂੰ ਸਾਧਵੀਆਂ ਦੇ ਬਲਾਤਕਾਰ ਮਾਮਲੇ ਵਿਚ ਸਜ਼ਾ ਸੁਣਾਉਣ ਵਾਲੇ ਜੱਜ ਜਗਦੀਪ ਸਿੰਘ ਹੀ ਕਰ ਰਹੇ ਹਨ ਅਤੇ ਇਹ ਕੇਸ ਸੀਬੀਆਈ ਵੱਲੋਂ ਬਲਾਤਕਾਰ ਕੇਸ ਵਿਚ ਸਾਧ ਨੂੰ ਸਜ਼ਾ ਦਿਵਾਉਣ ਵਾਲੇ ਪਟਿਆਲਾ ਦੇ ਵਕੀਲ ਐਚਪੀਐਸ ਵਰਮਾ ਵੱਲੋਂ ਲੜਿਆ ਜਾ ਰਿਹਾ ਹੈ।

  ਰਾਜਵਿੰਦਰ ਸਿੰਘ ਰਾਹੀ (98157-51332)
  ਸ਼ਹੀਦ ਕਰਤਾਰ ਸਿੰਘ ਸਰਾਭਾ, ਗ਼ਦਰ ਲਹਿਰ ਦਾ ਅਜਿਹਾ ਮਹਾਂਨਾਇਕ ਹੈ, ਜਿੱਡਾ ਵੱਡਾ ਉਸਦਾ ਇਤਿਹਾਸਕ ਕੰਮ ਹੈ, ਉੱਡਾ ਵੱਡਾ ਉਸਦਾ ਮੁੱਲ ਨਹੀਂ ਪਿਆ। ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਸਰਾਭਾ ਵਿਖੇ ਪਿਤਾ ਮੰਗਲ ਸਿੰਘ ਦੇ ਘਰ ਮਾਤਾ ਸਾਹਿਬ ਕੌਰ ਦੀ ਕੁੱਖੋਂ ਹੋਇਆ ਸੀ। ਆਪਣੇ ਜ਼ਮਾਨੇ ਵਿਚ ਇਹ ਪਰਿਵਾਰ ਪੜ੍ਹਿਆ ਲਿਖਿਆ ਅਤੇ ਖਾਂਦਾ ਪੀਂਦਾ ਸਰਦਾ ਪੁੱਜਦਾ ਪਰਿਵਾਰ ਸੀ। ਅੱਜ ਤੋਂ ਸੌ ਸਵਾ ਸੌ ਸਾਲ ਪਹਿਲਾਂ ਪਿੰਡ ਵਿਚ ਬਣੀ ਪਰਿਵਾਰ ਦੀ ਰਿਹਾਇਸ਼ੀ ਹਵੇਲੀ ਤੋਂ ਹੀ ਪਰਿਵਾਰ ਦੀ ਆਰਥਿਕ ਅਤੇ ਸਮਾਜਿਕ ਹੈਸੀਅਤ ਦਾ ਪਤਾ ਲਗ ਜਾਂਦਾ ਹੈ। ਭਾਵੇਂ ਸਰਾਭੇ ਦੇ ਬਾਪ ਮੰਗਲ ਸਿੰਘ, ਜਿਸਦੀ ਸਰਾਭਾ ਦੇ ਬਚਪਨ ਵਿਚ ਹੀ ਮੌਤ ਹੋ ਗਈ ਸੀ, ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਮਿਲਦੀ। ਪਰ ਕਰਤਾਰ ਸਿੰਘ ਦੇ ਦੋ ਚਾਚੇ ਉੜੀਸਾ ਵਿਚ ਚੰਗੀਆਂ ਨੌਕਰੀਆਂ ‘ਤੇ ਲੱਗੇ ਹੋਏ ਸਨ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com