ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਨੇ ਅੰਮ੍ਰਿਤਸਰ ਰੇਲ ਹਾਦਸੇ ਲਈ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਵਜ਼ਾਰਤ ਤੋਂ ਬਰਖਾਸਤ ਕਰਨ ਅਤੇ ਬੀਬੀ ਨਵਜੋਤ ਕੌਰ ਸਿੱਧੂ ਅਤੇ ਦਸਹਿਰਾ ਸਮਾਗਮ ਦੇ ਪ੍ਰਬੰਧਕਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਉਧਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅਕਾਲੀਆਂ ਦੀ ਇਸ ਮੰੰਗ ਨੂੰ ਰੱਦ ਕਰਦਿਆਂ ਕਿਹਾ ਕਿ ਅਕਾਲੀ ਦਲ ਨੂੰ ਹੋਛੀ ਰਾਜਨੀਤੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਦੌਰਾਨ ਕੈਬਨਿਟ ਮੰਤਰੀ ਸਿੱਧੂ ਨੇ ਵੀ ਇਸ ਮੰਗ ਨੂੰ ਰੱਦ ਕਰਦੇ ਹੋਏ ਕਿਹਾ ਕਿ ਉਹ ਜੀਜਾ ਸਾਲਾ ਦੀ ਪ੍ਰਾਈਵੇਟ ਲਿਮਟਿਡ ਕੰਪਨੀ ਨੂੰ ਨਹੀਂ, ਬਲਕਿ ਸੂਬੇ ਦੇ ਲੋਕਾਂ, ਮੁੱਖ ਮੰਤਰੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੂੰ ਜੁਆਬਦੇਹ ਹਨ।
  ਇਸ ਤੋਂ ਪਹਿਲਾਂ ਅੱਜ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਮਾਝੇ ਦੇ ਟਕਸਾਲੀ ਆਗੂ ਅਤੇ ਮਾਲਵੇ ਤੋਂ ਸਾਬਕਾ ਮੰਤਰੀ ਸੁਖਦੇਵ ਸਿੰਘ ਢੀਂਡਸਾ ਸ਼ਾਮਲ ਨਹੀਂ ਹੋਏ। ਮੀਟਿੰਗ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਆਗੂਆਂ ਨੇ ਹਿੱਸਾ ਲਿਆ। ਮੀਟਿੰਗ ਨੇ ਕੈਪਟਨ ਸਰਕਾਰ ਵੱਲੋਂ ਰੇਲ ਹਾਦਸੇ ਦੀ ਮੈਜਿਸਟਰੇਟੀ ਜਾਂਚ ਨੂੰ ਰੱਦ ਕਰਦਿਆਂ ਇਸ ਦੀ ਜਾਂਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜ ਕੋਲੋਂ ਕਰਵਾਉਣ ਦੀ ਮੰਗ ਕੀਤੀ। ਕੋਰ ਕਮੇਟੀ ਨੇ ਕਿਹਾ ਕਿ ਪੀੜਤ ਪਰਿਵਾਰ ਇਸ ਹਾਦਸੇ ਲਈ ਜ਼ਿੰਮੇਵਾਰ ਕਾਂਗਰਸੀ ਕੌਂਸਲਰ ਅਤੇ ਬੀਬੀ ਨਵਜੋਤ ਕੌਰ ਸਿੱਧੂੂ ਖ਼ਿਲਾਫ ਠੋਸ ਸਬੂਤ ਪੇਸ਼ ਕਰਨ ਲਈ ਤਿਆਰ ਹਨ , ਪਰ ਕਾਂਗਰਸ ਸਰਕਾਰ ਮਾਮਲੇ ਨੂੰ ਰਫਾ ਦਫਾ ਕਰਨ ਚਾਹੁੰਦੀ ਹੈ।ਮੀਟਿੰਗ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਜਥੇਦਾਰ ਤੋਤਾ ਸਿੰਘ, ਬਲਵਿੰਦਰ ਸਿੰਘ ਭੂੰਦੜ, ਚਰਨਜੀਤ ਸਿੰਘ ਅਟਵਾਲ, ਨਿਰਮਲ ਸਿੰਘ ਕਾਹਲੋਂ, ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਜਨਮੇਜਾ ਸਿੰਘ ਸੇਖੋਂ ਤੇ ਬੀਬੀ ਉਪਿੰਦਰਜੀਤ ਕੌਰ ਆਦਿ ਹਾਜ਼ਰ ਸਨ। ਦੂਜੇ ਪਾਸੇ ਸ੍ਰੀ ਜਾਖੜ ਨੇ ਕਿਹਾ ਕਿ ਅਕਾਲੀ ਦਲ ਆਪਣੀ ਭਾਈਵਾਲ ਪਾਰਟੀ ਭਾਜਪਾ ਸਰਕਾਰ ਦੇ ਰੇਲ ਮੰਤਰਾਲੇ ਬਾਰੇ ਗੱਲ ਕਰਨ ਨੂੰ ਤਿਆਰ ਨਹੀਂ ਹੈ ਜਿਸ ਨੇ ਇਸ ਹਾਦਸੇ ਬਾਰੇ ਕੋਈ ਜ਼ਿੰਮੇਵਾਰੀ ਨਿਭਾਉਣ ਤੋਂ ਇਨਕਾਰ ਕਰ ਦਿੱਤਾ ਹੈ।

  ਨਿਵੇਕਲੀ ਪੰਥਕ ਅਸੈਂਬਲੀ ਦਾ ਪਹਿਲਾ ਦੌ ਰੋਜ਼ਾ ਇਜਲਾਸ ਜਿਸ ਨੂੰ ਪੰਥ ਦੇ ਸੁਹਿਰਦ ਹਿੱਸੇ ਨੇ ਪੰਥਕ ਹਿੱਤ ਨੂੰ ਉਜਾਗਰ ਕਰਨ ਲਈ ਬੁਲਾਇਆ ਸੀ, ਅਨੇਕਾਂ ਇਤਿਹਾਸਕ ਮਤਿਆਂ ਨੂੰ ਪਾਸ ਕਰਕੇ ਅੱਜ ਅੰਮ੍ਰਿਤਸਰ ਵਿਖੇ ਸਮਾਪਤ ਹੋਇਆ।
  ੧. ਅੰਮ੍ਰਿਤਸਰ ਵਿੱਚ ਵਾਪਰੇ ਰੇਲ ਹਾਦਸੇ ਪ੍ਰਤੀ ਦੁੱਖ ਪ੍ਰਗਟ ਕਰਨਾ
  ਪੰਥਕ ਅਸੈਂਬਲੀ ਦੀਆਂ ਕਾਰਵਾਈਆਂ ਅਰਦਾਸ ਤੋਂ ਸ਼ੁਰੂ ਹੋਈਆਂ ਜਿਸ ਵਿਚ ਦੁਖਦਾਈ ਰੇਲ ਹਾਦਸੇ ਵਿੱਚ ਜ਼ਖਮੀ ਅਤੇ ਮਾਰੇ ਗਏ ਲੋਕਾਂ ਲਈ ਅਫਸੋਸ ਪ੍ਰਗਟ ਕੀਤਾ ਗਿਆ।ਪਰਵਾਰਾਂ ਨਾਲ ਹਮਦਰਦੀ ਕਰਦੇ ਹੋਏ ਪੰਥਕ ਅਸੈਂਬਲੀ ਦੇ ਸਾਰੇ ਨੁਮਾਇੰਦਿਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪਰਿਵਾਰਾਂ ਨੂੰ ਰਾਹਤ ਅਤੇ ਬਣਦੀ ਡਾਕਟਰੀ ਅਤੇ ਮਾਇਕ ਸਹਾਇਤਾ ਪ੍ਰਦਾਨ ਕੀਤੀ ਜਾਵੇ।
  ੨. ਅਕਾਲ ਤਖਤ ਸਾਹਿਬ ਦੇ ਡੰਮੀ ਜਥੇਦਾਰ ਪ੍ਰਵਾਨ ਨਹੀਂ।
  ਪੰਥਕ ਅਸੈਂਬਲੀ ਦਾ ਇਹ ਇਜਲਾਸ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਸਪੱਸ਼ਟ ਕਰਦੀ ਹੈ ਕਿ ਬਾਦਲ ਪਰਿਵਾਰ ਦੇ ਲਗਾਤਾਰ ਅਸਰ ਕਬੂਲਣ ਵਾਲੇ ਗਿਆਨੀ ਗੁਰਬਚਨ ਸਿੰਘ ਆਪਣੀਆਂ ਪੰਥ ਵਿਰੋਧੀ, ਦੇਹਧਾਰੀ ਗੁਰੂਡੰਮ-ਪੱਖੀ ਆਪਹੁਦਰੀਆਂ ਕਾਰਗੁਜਾਰੀਆਂ ਕਾਰਨ ਸਿੱਖ ਜਗਤ ਵੱਲੋਂ ਪਹਿਲਾਂ ਹੀ ਨਕਾਰਿਆ ਤੇ ਅਪ੍ਰਵਾਨ ਕੀਤਾ ਜਾ ਚੁੱਕਾ ਸੀ ਅਤੇ ਇਸ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਪਦਵੀ ਤੋਂ ਅਸਤੀਫ਼ਾ ਦੇਣ ਦਾ ਵਿਖਾਵਾ ਕਰਨਾ ਕੇਵਲ ਆਪਣੇ ਆਕਾਵਾਂ ਦੇ ਹੁਕਮ ਦੀ ਕੀਤੀ ਗਈ ਤਾਮੀਲ ਹੈ, ਜਿਸ ਦੀ ਖ਼ਾਲਸਾ ਪੰਥ ਲਈ ਜ਼ਰਾ ਜਿੰਨੀ ਵੀ ਬੁੱਕਤ ਨਹੀਂ।
  ਪੰਥਕ ਅਸੈਂਬਲੀ ਦਾ ਅੱਜ ਦਾ ਇਹ ਹਾਉਸ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸਪੱਸ਼ਟ ਕਰਦਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਪੰਥ ਨੂੰ ਭਰੋਸੇ 'ਚ ਲਏ ਅਤੇ ਵਿਧੀ-ਵਿਧਾਨ ਘੜੇ ਬਿਨਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਸਿਧਾਂਤਕ ਰੂਪ ਵਿੱਚ ਪ੍ਰਵਾਨ ਨਹੀਂ ਹੋਵੇਗੀ।
  ਅਕਾਲ ਤਖ਼ਤ ਸਾਹਿਬ ਸਮੇਤ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਦਾ ਅਧਿਕਾਰ ਸਿਰਫ਼ ਤੇ ਸਿਰਫ਼ ਖ਼ਾਲਸਾ ਪੰਥ ਨੂੰ ਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਦੀ ਐਗਜੈਕਟਿਵ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਕੀਤੀ ਜਾਣ ਵਾਲੀ ਨਿਯੁਕਤੀ ਨੂੰ ਪੰਥਕ ਅਸੈਂਬਲੀ ਦਾ ਇਹ ਹਾਉਸ ਸਰਬ ਸੰਮਤੀ ਨਾਲ ਅਗਾਉਂ ਹੀ ਰੱਦ ਕਰਦਾ ਹੈ।
  ੩. ਸੌਦਾ ਡੇਰਾ ਸਿਰਸਾ ਦੇ ਨਾਮ ਚਰਚਾ ਘਰਾਂ ਨੂੰ ਸੀਲ ਕੀਤਾ ਜਾਵੇ
  ਸਰਕਾਰੀ ਕਮਿਸ਼ਨਾਂ ਦੀਆਂ ਦੋਨੋ ਰਿਪੋਰਟਾਂ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਸਪੱਸ਼ਟ ਸਾਬਿਤ ਕੀਤਾ ਕਿ ਡੇਰਾ ਸੱਚਾ ਸੌਦਾ ਸਿੱਧੇ ਤੌਰ 'ਤੇ ਪੰਜਾਬ ਅਤੇ ਹਰਿਆਣਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਜਿੰਮੇਵਾਰ ਹੈ ਅਤੇ ਉਨ੍ਹਾਂ ਦੇ ਪ੍ਰੇਮੀਆਂ ਨੇ ਹੀ ਬੁਰਜ ਜਵਾਹਰ ਸਿੰਘਵਾਲਾ ਅਤੇ ੧੦੦ ਹੋਰ ਥਾਵਾਂ 'ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕੀਤੀਆਂ ਹਨ, ਇਸ ਲਈ ਸੌਦਾ ਸਰਸਾ ਡੇਰਾ 'ਤੇ ਤੁਰਤ ਪਾਬੰਦੀ ਲਗਾ ਦਿੱਤੀ ਜਾਵੇ ਅਤੇ ਸਾਰੇ ਨਾਮ ਚਰਚਾ ਘਰ ਸੀਲ ਕਰ ਦਿੱਤੇ ਜਾਣ। ਭਾਵੇਂ ਕਿ ਗੁਰਮੀਤ ਰਾਮ ਰਹੀਮ ਨੂੰ ਹੋਰ ਪਾਪਾਂ ਲਈ ਸਜ਼ਾ ਮਿਲ ਚੁੱਕੀ ਹੈ ਫਿਰ ਵੀ ਉਸ ਨੂੰ ਬੇਅਦਬੀ ਦੇ ਹਾਦਸਿਆਂ ਲਈ ਅਤੇ ਉਸ ਦੀ ਸਾਜਿਸ਼ ਲਈ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।
  ੪. ਮੌਜੂਦਾ ਟਕਰਾਅ ਕਿਉਂ ਅਤੇ ਕਿਵੇਂ ਸ਼ੁਰੂ ਹੋਇਆ?
  ਬਰਗਾੜੀ ਅਤੇ ਬਹਿਬਲ ਕਲਾਂ ਉਸ ਸਾਜ਼ਿਸ਼ ਦੀ ਚਰਨ ਸੀਮਾ ਹੈ ਜਦੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਅਤੇ ਫ਼ਿਰ ਵਿਰੋਧ ਵਿੱਚ ਪੈਦਾ ਹੋਏ ਪੰਥਕ ਰੋਹ ਨੂੰ ਦਬਾਉਣ ਲਈ ਸਿੱਖਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ। ਪਿਛਲੇ ਦਹਾਕਿਆਂ ਤੋਂ ਸ਼ਬਦ ਗੁਰੂ ਦੇ ਸਿਧਾਂਤ ਨੂੰ ਵਿਗਾੜ ਕੇ ਪੇਸ਼ ਕਰਨ ਦੀਆਂ ਕੋਝੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆ ਹਨ ਅਤੇ ਸ਼ਬਦ ਗੁਰੂ ਨੂੰ ਚੁਣੌਤੀ ਦਿੰਦੇ ਗੁਰੂਡੰਮ ਨੂੰ ਜਾਣ-ਬੁੱਝ ਕੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਅਸੈਂਬਲੀ ਦਾ ਇਹ ਮੰਨਣਾ ਹੈ ਕਿ ਅਜਿਹੇ ਸਿੱਖ ਵਿਰੋਧੀ ਡੇਰਿਆਂ ਨੂੰ ਭਾਰਤੀ ਰਾਜ ਅਤੇ ਇਸ ਦੀਆਂ ਏਜੰਸੀਆਂ ਦੀ ਪੂਰੀ ਸਰਪ੍ਰਸਤੀ ਹੈ।
  ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੇ ਭਾਰਤੀ ਜਨਤਾ ਪਾਰਟੀ ਨਾਲ ਭਾਈਵਾਲੀ ਪਾਲ ਕੇ ਸਿੱਖ ਵਿਰੋਧੀ ਤਾਕਤਾਂ ਨੂੰ ਸਿੱਖ ਸੰਸਥਾਵਾਂ ਵਿੱਚ ਦਾਖਲ ਹੋਣ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ। ਇਸੇ ਪ੍ਰਕਾਸ ਸਿੰਘ ਬਾਦਲ ਦੇ ਦੌਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਦੋ ਵਾਰ ਬੇਅਦਬੀ ਹੋਈ। ਪਹਿਲਾਂ ੧੯੭੮ ਵਿੱਚ ਫਿਰ ੨੦੧੫ ਵਿੱਚ ਅਤੇ ਦੋਵੇਂ ਵਾਰ ਹੀ ਬੇਅਦਬੀ ਕਰਨ ਵਾਲਿਆਂ ਖਿਲਾਫ਼ ਕੋਈ ਵਾਰ ਕਾਰਵਾਈ ਨਹੀ ਕੀਤੀ ਗਈ।
  ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਪਹਿਲਾਂ ੧੯੭੮ ਅੰਮ੍ਰਿਤਸਰ, ੧੯੮੧ ਚੰਦੋਕਲਾਂ, ਹਰਿਆਣਾ, ੧੯੮੬ ਨਕੋਦਰ ਅਤੇ ਹੁਣ ੨੦੧੫ ਬਰਗਾੜੀ ਦੇ ਵਿਰੋਧ ਵਿੱਚ ਸਿੱਖਾਂ ਨੇ ਆਪਣੀ ਸਮਰੱਥਾ ਅਨੁਸਾਰ ਆਪਣਾ ਰੋਸ ਜ਼ਾਹਿਰ ਕੀਤਾ। ਪਰ ਸਮੇਂ ਦੀਆਂ ਸਰਕਾਰਾਂ ਨੇ ਚਾਹੇ ਉਹ ਅਕਾਲੀ ਦਲ ਹੋਵੇ ਜਾਂ ਕਾਂਗਰਸ ਹਮੇਸ਼ਾ ਗੁਨਾਹਗਾਰਾਂ ਦੀ ਹਿਫ਼ਾਜ਼ਤ ਕੀਤੀ ਹੈ ਅਤੇ ਸਿੱਖਾਂ ਨੂੰ ਪੰਜਾਬ ਪੁਲੀਸ ਹੱਥੋਂ ਜ਼ਲੀਲ ਕਰਵਾਇਆ ਹੈ।
  ਇਕ ਵਾਰ ਫਿਰ ਇਸ ਗੱਲ ਦੀ ਪ੍ਰੋੜਤਾ ਕੀਤੀ ਜਾਂਦੀ ਹੈ ਕਿ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਗੁਰੂ ਸਾਹਿਬ ਦੀ ਬੇਅਦਬੀ ਲਈ ਡੇਰਾਵਾਦ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਜਿਸ ਨੇ ਸ਼ਬਦ ਗੁਰੂ ਦੇ ਸਿਧਾਂਤ ਨੂੰ ਖੋਰਾ ਲਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਅਤੇ ਕਰ ਰਿਹਾ ਹੈ।
  ਆਖਿਰਕਾਰ ਪੰਥਕ ਅਸੈਂਬਲੀ ਇਸ ਗੱਲ ਦਾ ਖੁਲਾਸਾ ਕਰਦੀ ਹੈ ਕਿ ਮੂਲ ਰੂਪ ਵਿੱਚ ਭਾਰਤੀ ਰਾਜ ਨੇ ਕੁਫ਼ਰ ਅਤੇ ਘਿਨੌਣੇ ਪਹਿਲੂਆਂ ਨੂੰ ਲਾਗੂ ਕਰਨ ਦੀ ਇਜਾਜ਼ਤ ਦਿੱਤੀ ਹੋਈ ਹੈ ਅਤੇ ਗੁਰੂ ਸਾਹਿਬ ਦੀ ਬੇਅਦਬੀ ਨੂੰ ਕਾਨੂੰਨੀ ਵਿਵਸਥਾ ਦੀ ਸਮੱਸਿਆ ਵਿੱਚ ਘਟਾ ਦਿੱਤਾ ਹੈ ਜਿਸ ਕਾਰਨ ਪੁਲਸ ਅਤੇ ਹੋਰ ਤਾਕਤਾਂ ਨੂੰ ਇਹ ਮੌਕਾ ਮਿਲਦਾ ਹੈ ਕਿ ਉਹ ਕੋਟਕਪੂਰਾ ਅਤੇ ਬਹਿਬਲ ਕਲਾਂ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇ ਸਕਣ ।
  ੫. ਪੰਥਕ ਅਸੈਂਬਲੀ ਵੱਲੋ ਬਰਗਾੜੀ ਮੋਰਚੇ ਦੀ ਪੂਰਨ ਹਿਮਾਇਤ
  ਅਸੈਂਬਲੀ ਬਰਗਾੜੀ ਮੋਰਚੇ ਅਤੇ ਉਸ ਦੀਆਂ ਮੰਗਾਂ ਦੀ ਹਮਾਇਤ ਕਰਦੀ ਹੈ।ਪੰਜਾਬ ਅਤੇ ਪੰਜਾਬ ਤੋਂ ਬਾਹਰ ਵਸਦੀਆਂ ਸੰਗਤਾਂ ਵਹੀਰਾਂ ਘੱਤ ਕੇ ਬਰਗਾੜੀ ਪਹੁੰਚ ਰਹੀਆਂ ਹਨ ਅਤੇ ਮੋਰਚੇ ਦੀਆਂ ਜਾਇਜ਼ ਮੰਗਾਂ ਨਾਲ ਇੱਕਜੁਟਤਾ ਪ੍ਰਗਟ ਕਰ ਰਹੀਆਂ ਹਨ ਤਾਂ ਜੋ ਇਨਸਾਫ਼ ਦਿਵਾਇਆ ਜਾ ਸਕੇ।
  ਅਸੈਂਬਲੀ ਮੋਰਚੇ ਦੀ ਮੰਗ ਦੀ ਹਮਾਇਤ ਕਰਦੀ ਹੈ ਕਿ ਜਿਨ੍ਹਾਂ ਸਿੱਖ ਕੈਦੀਆਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।
  ਅਸੈਂਬਲੀ ਪੰਜਾਬ ਦੇ ਹਰ ਧਰਮ ਦੇ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਉਹ ਮੋਰਚੇ ਵਿਚ ਆਪਣੇ ਹਿੱਸੇਦਾਰੀ ਜਾਰੀ ਰੱਖਣ।
  ੬. ਪੰਥਕ ਅਸੈਂਬਲੀ ਬੇਅਦਬੀ ਦੇ ਮਾਮਲੇ ਵਿੱਚ ਵਾਈਟ ਪੇਪਰ ਜਾਰੀ ਕਰੇਗੀ
  ਪੰਥਕ ਅਸੈਂਬਲੀ ਦਾ ਅੱਜ ਦਾ ਇਹ ਹਾਉਸ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸਪੱਸ਼ਟ ਕਰਦਾ ਹੈ ਕਿ ਨਿਰੰਕਾਰੀ, ਡੇਰਾ ਸਰਸਾ, ਆਸ਼ੂਤੋਸ਼ੀਏ, ਭੰਨਿਆਰੀਏ ਆਦਿ ਨਾਵਾਂ ਹੇਠ ਦੇਹਧਾਰੀ ਗੁਰੂ ਦੰਭ ਨੂੰ ਖ਼ਾਲਸੇ ਦੀ ਪਿੱਤ੍ਰ ਭੂਮੀ ਪੰਜਾਬ ਵਿੱਚ ਭਾਰਤੀ ਸਟੇਟ ਨੀਤੀ ਤਹਿਤ ਮਿਥ ਕੇ ਸਥਾਪਤ ਕੀਤਾ ਹੈ। ਸਰਕਾਰੀ ਸਰਪ੍ਰਸਤੀ ਹੇਠ ਇਸ ਨੂੰ ਪਾਲਿਆ ਗਿਆ। ਸ਼ਬਦ ਗੁਰੂ ਦੇ ਸਿਧਾਂਤ 'ਤੇ ਲਿਖਤੀ ਹਮਲੇ ਕੀਤੇ ਗਏ, ਦਸਮੇਸ਼ ਪਿਤਾ ਜੀ ਦੇ ਸਰੂਪ, ਪੰਜ ਪਿਆਰਿਆਂ ਦੀ ਪੰਥਕ ਸੰਸਥਾ ਅਤੇ ਖੰਡੇ ਦੀ ਪਾਹੁਲ ਦੀ ਜੁਗਤ ਦੇ ਸਵਾਂਗ ਰਚੇ ਗਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਮਿਥ ਕੇ ਅਪਮਾਨ ਕਰਾਇਆ ਗਿਆ ਹੈ।
  ਡੇਰਾ ਸੱਚਾ ਸੌਦਾ ਅਤੇ ਇਸਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਬਹਿਬਲ ਕਲਾਂ, ਬਰਗਾੜੀ ਅਤੇ ਕੋਟਕਪੂਰਾ ਘਟਨਾਵਾਂ ਵਿੱਚ ਸ਼ਮੂਲੀਅਤ ਦੇ ਸੰਧਰਭ ਵਿੱਚ ਵਾਈਟ ਪੇਪਰ ਪ੍ਰਕਾਸ਼ਤ ਕਰਨ ਦੀ ਫ਼ੈਸਲਾ ਕੀਤਾ ਜਾਂਦਾ ਹੈ ਜਿਸ ਲਈ ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਅਤੇ ਮਾਹਿਰਾਂ ਦੀ ਇੱਕ ਕਮੇਟੀ ਜਲਦੀ ਸਥਾਪਤ ਕੀਤੀ ਜਾਵੇਗੀ।
  ੭. ਨਕੋਦਰ ਕਾਂਡ ਵਿੱਚ ਸ਼ਹੀਦੇ ਹੋਏ ਚਾਰ ਨੌਜਵਾਨਾਂ ਪ੍ਰਥਾਏ ਬਣੀ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਰਿਪੋਰਟ ਪੰਜਾਬ ਸਰਕਾਰ ਜਨਤਕ ਕਰੇ
  ੨ ਫਰਵਰੀ ੧੯੮੬ ਨੂੰ ਨਕੋਦਰ ਵਿਚ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਸਿੱਖ ਵਿਰੋਧ ਕਰ ਰਹੇ ਹਨ ਤਾਂ ਚਾਰ ਨੌਜਵਾਨਾਂ ਨੂੰ ਮਾਰ ਦਿੱਤਾ ਗਿਆ ਸੀ। ਉਸ ਸਮੇਂ ਦੀ ਸਰਕਾਰ ਨੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਸਥਾਪਨਾ ਕੀਤੀ ਸੀ ਜਿਸ ਨੇ ਇੱਕ ਸਾਲ ਬਾਅਦ ਆਪਣੀ ਰਿਪੋਰਟ ਸਰਕਾਰ ਨੂੰ ਸੌਂਪ ਦਿਤੀ ਸੀ ਜੋ ਅੱਜ ਤਕ ਜਨਤਕ ਨਹੀਂ ਕੀਤੀ ਗਈ।
  ਪੰਥਕ ਅਸੈਂਬਲੀ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਜਨਤਕ ਕੀਤਾ ਜਾਵੇ। ਅਸੈਂਬਲੀ ਨੇ ਵਕੀਲਾਂ ਦੀ ਇੱਕ ਕਮੇਟੀ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਪਰਿਵਾਰਾਂ ਨੂੰ ਬਣਦਾ ਇਨਸਾਫ ਦਿਵਾਇਆ ਜਾ ਸਕੇ।
  ੮. ਪੰਥਕ ਅਸੈਂਬਲੀ ਵੱਲੋਂ ਪੰਥ ਦੇ ਗੱਦਾਰ ਅਤੇ ਸਿੱਖਾਂ ਦੇ ਕਾਤਲ ਬਾਦਲ ਪਿਉ-ਪੁੱਤ ਦਾ ਸਿਆਸੀ ਬਾਈਕਾਟ ਕਰਨ ਅਤੇ ਅਕਾਲੀ ਕਾਰਕੁੰਨਾ ਨੂੰ ਪੰਥ ਵਿਰੋਧੀ ਪਿਉ-ਪੁੱਤ ਦੀ ਕਿਸ਼ਤੀ ਤੋਂ ਉਤਰਨ ਦਾ ਸੱਦਾ ਦਿੰਦੀ ਹੈ।
  ੯. ਨਵੰਬਰ ੧੯੮੪ ਕਤਲੇਆਮ ਨੂੰ ਨਸਲਕੂਸ਼ੀ ਦੱਸਦਿਆਂ ਪੰਥਕ ਅਸੈਂਬਲੀ ਨੇ ਕੈਨੇਡਾ, ਅਮਰੀਕਾ ਦੀਆਂ ਸੁਬਾਈ ਸਰਕਾਰਾਂ ਵੱਲੋਂ ਇਸ ਨੂੰ ਨਸਲਕੁਸ਼ੀ ਕਰਾਰ ਦੇਣ ਦਾ ਸਵਾਗਤ ਕੀਤਾ।
  ੧੦. ਪੰਥਕ ਅਸੈਂਬਲੀ ਸ਼੍ਰੋਮਣੀ ਕਮੇਟੀ ਤੋਂ ਮੰਗ ਕਰਦੀ ਹੈ ਕਿ ਬਹਿਬਲ ਕਲਾਂ ਦੇ ਦੋਨਾਂ ਸ਼ਹੀਦਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸੁਸ਼ੋਬਿਤ ਕੀਤੀ ਜਾਵੇ ਅਤੇ ਸਿਰਸਾ ਸਾਧ ਨੂੰ ਮਾਫੀ ਦੇਣ ਵਾਲੇ ਜਥੇਦਾਰ ਗਿਆਨੀ ਮੱਲ੍ਹ ਸਿੰਘ ਦੀ ਤਸਵੀਰ ਉਥੋਂ ਉਤਾਰੀ ਜਾਵੇ।
  ੧੧. ਪੰਥਕ ਅਸੈਂਬਲੀ ਕਰਤਾਰਪੁਰ ਸਾਹਿਬ ਲਾਂਘੇ ਲਈ ਭਾਰਤ ਸਰਕਾਰ ਨੂੰ ਪਾਕਿਸਤਾਨ ਸਰਕਾਰ ਦੀ ਤਜਵੀਜ ਦਾ ਹਾਂ-ਪੱਖੀ ਜਵਾਬ ਦੇਣ ਦੀ ਮੰਗ ਕਰਦੀ ਹੈ।
  ੧੨. ਪੰਥਕ ਅਸੈਂਬਲੀ ਅਣਮਿੱਥੇ ਸਮੇਂ ਲਈ ਮੁਅੱਤਲ ਕੀਤੀ ਜਾਂਦੀ ਹੈ।
  ਪੰਥਕ ਅਸੰਬਲੀ ਵਿਚ ਹੇਠ ਲਿਖੇ ਬੁਲਾਰਿਆਂ ਨੇ ਸੰਬੋਧਨ ਕੀਤਾ:
  ਜੱਥੇਦਾਰ ਸੁਖਦੇਵ ਸਿੰਘ ਭੌਰ, ਗਿਆਨੀ ਕੇਵਲ ਸਿੰਘ, ਸ. ਜਗਮੋਹਨ ਸਿੰਘ ਲੁਧਿਆਣਾ, ਸ. ਕੰਵਰਪਾਲ ਸਿੰਘ, ਸ. ਜਸਵਿੰਦਰ ਸਿੰਘ ਐਡਵੋਕੇਟ, ਸ. ਨਵਕਿਰਨ ਸਿੰਘ ਐਡਵੋਕੇਟ,
  ਸ. ਜਸਵਿੰਦਰ ਸਿੰਘ ਰਾਜਪੁਰਾ, ਸ. ਹਰਪਾਲ ਸਿੰਘ ਚੀਮਾ (ਪ੍ਰਧਾਨ ਦਲ ਖਾਲਸਾ), ਸ. ਰਜਿੰਦਰ ਸਿੰਘ (ਕਨਵੀਨਰ ਖਾਲਸਾ ਪੰਚਾਇਤ), ਸ. ਖੁਸਕਵਲ ਸਿੰਘ ਨਾਗਪੁਰ, ਸ. ਧੰਨਵੰਤ ਸਿੰਘ, ਸ. ਅਮਰਿੰਦਰ ਸਿੰਘ, ਸ. ਪਰਗਟ ਸਿੰਘ ਭੋਡੀਪੁਰਾ, ਸ. ਕਰਨੈਲ ਸਿੰਘ ਪੀਰਮੁਹੰਮਦ (ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ), ਸ. ਹਰਦੀਪ ਸਿੰਘ ਡਿਬਡਿਬਾ (ਪ੍ਰਤਿਨਿਧ ਰਾਜਸਥਾਨ ਅਤੇ ਉਤਰਾਂਚਲ), ਸ. ਅਮਰਜੀਤ ਸਿੰਘ ਖਡੂਰ ਸਾਹਿਬ, ਸ. ਸਰਬਜੀਤ ਸਿੰਘ ਘੁਮਾਣ, ਸ. ਜਸਪਾਲ ਸਿੰਘ ਸਿੱਧੂ, ਸ. ਖੁਸ਼ਹਾਲ ਸਿੰਘ, ਸ. ਗੁਰਤੇਜ ਸਿੰਘ ਸਾਬਕਾ ਆਈ. ਏ. ਐਸ., ਸ. ਰਤਨ ਸਿੰਘ ਦੁਬਈ, ਹਰਜੀਤ ਸਿੰਘ ਕਲਕੱਤਾ, ਸ. ਪ੍ਰੀਤਮ ਸਿੰਘ ਸੰਧੂ ਉਤਰਾਖੰਡ, ਸ. ਸੁਰਜੀਤ ਸਿੰਘ ਜੰਮੂ, ਸ. ਗੁਰਵਿੰਦਰ ਸਿੰਘ ਚੱਢਾ, ਸ. ਕੁਲਜੀਤ ਸਿੰਘ ਸਿੰਘ ਬ੍ਰਦਰਜ਼, ਭਾਈ ਰਾਮ ਸਿੰਘ ਦਮਦਮੀ ਟਕਸਾਲ, ਪ੍ਰਿੰਸੀਪਲ ਜਗਦੀਸ਼ ਸਿੰਘ (ਡਾਇਰੈਕਟਰ ਵਿਦਿਅਕ ਸੰਸਥਾਵਾਂ), ਸ. ਹਰਚਰਨਜੀਤ ਸਿੰਘ ਧਾਮੀ (ਆਗੂ ਦਲ ਖਾਲਸਾ), ਸ. ਬੀਰਦਵਿੰਦਰ ਸਿੰਘ (ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ), ਸ. ਜਗਮੋਹਣ ਸਿੰਘ ਕਸ਼ਮੀਰ, ਸ. ਜਸਪਾਲ ਸਿੰਘ ਹੇਰਾਂ (ਸੰਪਾਦਕ ਪਹਿਰੇਦਾਰ), ਸ. ਸਰਬਜੀਤ ਸਿੰਘ ਧੂੰਦਾ (ਸਿੱਖ ਪ੍ਰਚਾਰਕ), ਪ੍ਰਿੰਸੀਪਲ ਗੁਰਬਚਨ ਸਿੰਘ ਥਾਈਲੈਂਡ, ਸ. ਰਾਣਾ ਇੰਦਰਜੀਤ ਸਿੰਘ, ਸ. ਰਜਿੰਦਰ ਸਿੰਘ ਚੇਨਈ, ਸ. ਮਲਕੀਤ ਸਿੰਘ ਬੱਲ, ਸ. ਅਮਨਦੀਪ ਸਿੰਘ ਅਸਟ੍ਰੇਲੀਆ, ਸ. ਹਰਵਿੰਦਰ ਸਿੰਘ ਖਾਲਸਾ, ਸ. ਸੁਖਰਾਜ ਸਿੰਘ ਬਹਿਬਲਕਲਾਂ (ਸਪੁੱਤਰ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ, ਰਜਿੰਦਰ ਸਿੰਘ ਪੁਰੇਵਾਲ (ਇੰਗਲੈਂਡ), ਸ. ਜਗਜੀਤ ਸਿੰਘ ਗਾਬਾ (ਜਲੰਧਰ), ਸ. ਸਤਜੀਤ ਸਿੰਘ ਅਸਟ੍ਰੇਲੀਆ, ਸ. ਗੁਰਪ੍ਰੀਤ ਸਿੰਘ ਚਂਦਬਾਜਾ, ਸ. ਹਰਵਿੰਦਰ ਸਿੰਘ ਗੁਰਦਾਸਪੁਰ, ਸ. ਸਤਨਾਮ ਸਿੰਘ ਖੰਡਾ, ਭਾਈ ਨਰਾਇਣ ਸਿੰਘ ਜੋੜਾ, ਸ. ਹਿਮੰਤ ਸਿੰਘ ਏਕਨੂਰ, ਸ. ਪਰਮਜੀਤ ਸਿੰਘ ਮੰਡ (ਪ੍ਰਧਾਨ ਸਿੱਖ ਯੂਥ ਆਫ ਪੰਜਾਬ), ਸ. ਜਗਤਾਰ ਸਿੰਘ ਜਾਜਕ, ਸ. ਸੁਖਪ੍ਰੀਤ ਸਿੰਘ ਉਦੋਕੇ, ਸ. ਬਲਵਿੰਦਰ ਸਿੰਘ ਪੱਟੀ, ਸ. ਹਰਸਿਮਰਨ ਸਿੰਘ ਅਨੰਦਪੁਰ ਸਾਹਿਬ, ਸ. ਗੁਰਪ੍ਰੀਤ ਸਿੰਘ ਚੰਡੀਗੜ, ਬੀਬੀ ਕੁਲਦੀਪ ਕੌਰ ਟੋਹੜਾ, ਬੀਬੀ ਸੰਦੀਪ ਕੌਰ (ਸ਼ਹੀਦ ਭਾਈ ਧਰਮ ਸਿੰਘ ਖਾਲਸਾ ਟਰੱਸਟ), ਸ. ਅਜਮੇਰ ਸਿੰਘ (ਸਿੱਖ ਚਿੰਤਕ), ਬੀਬੀ ਕੁਲਵੰਤ ਕੌਰ, ਐਡਵੋਕੇਟ ਹਰਵਿੰਦਰ ਸਿੰਘ ਫੂਲਕਾ, ਭਾਈ ਪੰਥਪ੍ਰੀਤ ਸਿੰਘ, ਸ. ਧੰਨਰਾਜ ਸਿੰਘ, ਹਰਜਿੰਦਰ ਸਿੰਘ ਮਾਝੀ, ਐਡਵੋਕੇਟ ਅਮਰ ਸਿੰਘ ਚਾਹਲ, ਸ. ਕੁਲਵੰਤ ਸਿੰਘ ਮੁੰਬਈ, ਸ. ਅਮਰੀਕ ਸਿੰਘ ਸ਼ਾਹਪੁਰ (ਮੈਂਬਰ ਸ਼੍ਰੋਮਣੀ ਕਮੇਟੀ), ਸ. ਮਹਿੰਦਰ ਸਿੰਘ ਹੁਸੈਨਪੁਰ, ਸ. ਹਰਬੰਸ ਸਿੰਘ ਕਾਲੜਾ, ਸ. ਦਲਜੀਤ ਸਿੰਘ ਵੀ ਸੀ, ਸ. ਰਾਜਵਿੰਦਰ ਸਿੰਘ ਰਾਹੀ, ਸ. ਗੌਰਵਦੀਪ ਸਿੰਘ ਲੁਧਿਆਣਾ, ਸ. ਮਨਧੀਰ ਸਿੰਘ, ਬੀਬੀ ਜੀਵਨਜੋਤ ਕੌਰ, ਸ. ਅਨੂਪ ਸਿੰਘ ਬੈਂਗਲੋਰ, ਸ. ਪਰਮਜੀਤ ਸਿੰਘ ਵਾਸ਼ਿੰਗਟਨ, ਕਰਨਲ ਸੁਖਵਿੰਦਰ ਸਿੰਘ ਸੋਢੀ, ਬੀਬੀ ਨਵਜੋਤ ਕੌਰ ਚੱਬਾ, ਪ੍ਰੋ. ਬਲਵਿੰਦਰਪਾਲ ਸਿੰਘ ਜਲੰਧਰ, ਸ. ਜਸਬੀਰ ਸਿੰਘ ਘੁੰਮਣ ਐਡਵੋਕੇਟ, ਸ. ਜਸਵੰਤ ਸਿੰਘ ਪੁੜੈਣ, ਸ. ਹਰਭਜਨ ਸਿੰਘ ਨਿਸ਼ਕਾਮ (ਦਿੱਲੀ), ਸ. ਸੁਰਿੰਦਰਪਾਲ ਸਿੰਘ ਗੋਲਡੀ, ਸ. ਗੁਰਬਚਨ ਸਿੰਘ ਦੇਸ ਪੰਜਾਬ, ਸ. ਦਲਜੀਤ ਸਿੰਘ, ਸ. ਤਰਸੇਮ ਸਿੰਘ ਦਿੱਲੀ, ਐਡਵੋਕੇਟ ਅੰਗਰੇਜ ਸਿੰਘ ਪੰਨੂ, ਹਰਿਆਣਾ, ਐਸ. ਬੀ. ਐਸ. ਤੁੰਬਕ, ਯੂ. ਕੇ., ਸ. ਮੋਹਨਜੀਤ ਸਿੰਘ ਗੁਜਰਾਤ, ਸ. ਕਮਿੱਕਰ ਸਿੰਘ, ਪਟਨਾ ਸਾਹਿਬ, ਭਾਈ ਈਸ਼ਰ ਸਿੰਘ ਹੈਦਰਾਬਾਦ, ਸ. ਅਮਨਜੀਤ ਸਿੰਘ ਦੁਬਈ, ਸ. ਗੁਰਮੀਤ ਸਿੰਘ ਰਾਂਚੀ, ਸ. ਗੁਰਿੰਦਰ ਸਿੰਘ, ਸ. ਕਿਰਪਾਲ ਸਿੰਘ ਬਠਿੰਡਾ, ਸ. ਪਾਲ ਸਿੰਘ ਫਰਾਂਸ, ਬਲਵਿੰਦਰ ਸਿੰਘ ਮਿਸ਼ਨਰੀ, ਤਰਸੇਮ ਸਿੰਘ ਦਿੱਲੀ, ਗਿਆਨੀ ਕੇਵਲ ਸਿੰਘ ਸੁਖਦੇਵ ਸਿੰਘ ਭੋਰ ਪ੍ਰੋ. ਜਗਮੋਹਨ ਸਿੰਘ, ਕੰਵਰਪਾਲ ਸਿੰਘ ਜਸਵਿੰਦਰ ਸਿੰਘ ਨਵਕਿਰਨ ਸਿੰਘ

  ਗੁਰਸ਼ਰਨ ਸਿੰਘ ਕਸੇਲ
  ਗੁਰੂ ਨਾਨਕ ਜੀ ਨੇ ਤਕਰੀਬਨ ਪੰਜ ਸੌ ਸਾਲ ਪਹਿਲਾਂ ਲੋਕਾਈ ਨੂੰ ਅਖੌਤੀ ਧਾਰਮਿਕ ਪ੍ਰਚਾਰਕਾਂ ਦੇ ਚੁੰਗਲ ਵਿੱਚੋਂ ਮੁਕਤ ਕਰਾਉਣ ਲਈ ਸ਼ਲਾਘਾ ਯੋਗ ਕਦਮ ਚੁੱਕੇ ਸਨ, ਜਿਹੜੇ ਉਹਨਾਂ ਨੂੰ ਅੰਧ-ਵਿਸ਼ਵਾਸਾਂ, ਵਹਿਮਾਂ ਭਰਮਾਂ, ਤੇ ਕਰਮਕਾਂਡਾਂ ਵਿੱਚ ਪਾ ਰਹੇ ਸਨ । ਗੁਰੂ ਨਾਨਕ ਪਾਤਸ਼ਾਹ ਇਸ ਮਿਸ਼ਨ ਵਿੱਚ ਪੂਰਨ ਤੌਰ 'ਤੇ ਕਾਮਯਾਬ ਵੀ ਹੋਏ। ਇਸ ਦਾ ਸਬੂਤ ਸਿੱਖ ਧਰਮ ਦਾ ਹੋਂਦ ਵਿੱਚ ਆਉਣਾ ਹੈ । ਇਸ ਧਰਮ ਦੇ ਪੈਰੋਕਾਰਾਂ ਨੂੰ 'ਸ਼ਬਦ ਗੁਰੂ' ਤੋਂ ਜੀਵਨ ਜਾਚ ਦੀ ਸਿਖਿਆ ਲੈ ਕੇ ਹਰੇਕ ਕਾਰਜ ਲਈ ਸਿਰਫ ਅਕਾਲ ਪੁਰਖ 'ਤੇ ਓਟ ਰੱਖਣ ਦਾ ਉਪਦੇਸ਼ ਹੈ । ਉਸ ਸਮੇਂ ਦੇ ਪੇਸ਼ਾਵਰ ਧਾਰਮਿਕ ਪ੍ਰਚਾਰਕ ਜਿਹੜੇ ਆਪਣੀ ਰੋਜ਼ੀ ਰੋਟੀ ਲਈ ਜਨਤਾ ਨੂੰ ਵਹਿਮਾਂ ਭਰਮਾਂ ਤੇ ਕਰਮਕਾਂਡਾਂ ਵਿੱਚ ਪਾ ਕੇ ਉਹਨਾਂ ਦੀ ਲਹੂ ਪਸੀਨੇ ਦੀ ਕੀਤੀ ਕਮਾਈ 'ਤੇ ਐਸ਼ ਕਰਦੇ ਸਨ; ਪਰ ਦੁੱਖ ਦੀ ਗੱਲ ਹੈ ਕਿ ਅੱਜ ਵੀ ਓਹੀ ਕੁਝ ਹੋ ਰਿਹਾ ਹੈ। ਇਸ ਸਮੇਂ ਅਸੀਂ ਅਗਾਹ ਵਧੂ ਖਿਆਲਾਂ ਦੀਆਂ ਸ਼ੇਖੀਆਂ ਤਾਂ ਬਹੁਤ ਮਾਰਦੇ ਹਾਂ, ਸਾਇੰਸ ਨੇ ਕੀਤੀ ਤਰੱਕੀ ਦੀਆਂ ਗੱਲਾਂ ਵੀ ਕਰਦੇ ਹਾਂ ਜੋ ਵਾਕਿਆ ਹੀ ਫ਼ਖ਼ਰ ਕਰਨ ਵਾਲੀ ਗੱਲ ਹੈ । ਵਿਗਿਆਨੀਆਂ ਨੇ ਤਾਂ ਸਾਨੂੰ ਚੰਦਰਮਾ ਤੋਂ ਮਿੱਟੀ ਵੀ ਲਿਆ ਕਿ ਵਿਖਾਈ ਹੈ ਅਤੇ ਉਸਦੀ ਹਿੱਕ 'ਤੇ ਆਦਮੀ ਨੇ ਪੈਰ ਵੀ ਰੱਖੇ ਹਨ; ਪਰ ਹੈਰਾਨੀ ਦੀ ਗੱਲ ਹੈ ਕਿ ਅੱਜ ਵੀ ਸਿੱਖ ਘਰਾਣੇ ਨਾਲ ਸੰਬੰਧ ਰੱਖਣ ਵਾਲੀਆ ਬੀਬੀਆਂ ਉਸ ਅੱਗੇ ਆਪਣੇ ਪਤੀ ਦੀ ਲੰਮੀ ਉਮਰ ਲਈ ਭੁੱਖੀਆਂ ਰਹਿ ਕੇ ਤਰਲੇ ਕੱਢ ਦੀਆਂ ਹਨ।
  ਇਹ ਵੀ ਗੱਲਤ ਫ਼ਹਿਮੀ ਹੈ ਕਿ ਵਹਿਮਾਂ ਭਰਮਾਂ ਤੇ ਅੰਧ-ਵਿਸ਼ਵਾਸਾਂ ਵਿੱਚ ਸਿਰਫ ਅਨਪੜ੍ਹ ਜਾਂ ਪਿਛੜੇ ਇਲਾਕੇ ਵਿੱਚ ਰਹਿਣ ਵਾਲੇ ਲੋਕ ਹੀ ਫੱਸੇ ਹੁੰਦੇ ਹਨ ਜਾਂ ਇਹ ਲੋਕ ਹੀ ਧਰਮ ਦੇ ਨਾਅ 'ਤੇ ਲੁੱਟਣ ਵਾਲਿਆਂ ਠੱਗਾਂ ਦਾ ਸ਼ਿਕਾਰ ਬਣਦੇ ਹਨ; ਪਰ ਨਹੀਂ, ਇਨ੍ਹਾਂ ਵਿੱਚ ਕੁਝ ਉਹ ਲੋਕ ਵੀ ਸ਼ਾਮਲ ਹਨ ਜੋ ਆਪਣੇ ਆਪ ਨੂੰ ਚੰਗੇ ਪੜ੍ਹੇ ਲਿੱਖੇ ਜਿਵੇਂ ਡਾਕਟਰ, ਪੀ. ਐਚ..ਡੀ ਪ੍ਰੋ. ਅਤੇ ਅਜਿਹੀਆਂ ਹੋਰ ਡਿਗਰੀਆਂ ਦੇ ਮਾਲਕ ਹੋਣ ਦਾ ਮਾਣ ਕਰਦੇ ਹਨ ਓਹ ਵੀ ਉਨਾਂ ਹੀ ਧਾਰਮਿਕ ਅਗਿਆਨਤਾ ਵਿੱਚ ਫੱਸੇ ਨਜਰ ਆਉਂਦੇ ਹਨ । ਜਿਵੇਂ ਕਈ ਸਿੱਖ ਅੋਰਤਾਂ ਗੁਰਮਤਿ ਪ੍ਰਤੀ ਅਗਿਆਨਤਾ ਹੋਣ ਦੇ ਕਾਰਨ ਕਰਵਾ ਚੌਥ, ਮਹਾ ਲਖਮੀ, ਨੌਰਾਤੇ ਆਦਿਕ ਦੇ ਵਰਤ ਰੱਖ ਕੇ ਸੁੱਖਣਾ ਸੁੱਖਦੀਆਂ ਰਹਿੰਦੀਆਂ ਹਨ; ਇਵੇਂ ਹੀ ਕਈ ਸਿੱਖ ਵੀਰ ਵੀ ਗੁਰਪੁਰਬ ਭੁਲਾ ਕੇ ਸੰਗਰਾਂਦਾਂ, ਮੱਸਿਆ, ਪੁੰਨਿਆਂ, ਪੰਚਮੀ ਆਦਿ ਦਿਨਾਂ ਨੂੰ ਹੋਰਨਾ ਦਿਨਾਂ ਨਾਲੋਂ ਪਵਿੱਤਰ ਸਮਝ ਕੇ ਮਨਾਂਉਂਦੇ ਫਿਰਦੇ ਹਨ । ਅਜਿਹੇ ਸਿੱਖ ਇਹ ਭੁੱਲ ਜਾਂਦੇ ਹਨ ਕਿ ਸਿੱਖ ਸਿਰਫ ਅਕਾਲ ਪੁਰਖ ਦੇ ਉਪਾਸ਼ਕ ਹਨ ਨਾਂ ਕਿ ਸੂਰਜ ਜਾਂ ਚੰਦਰਮਾ ਦੇ ।
  ਦਾਸ ਨੂੰ ਉਸ ਸਮੇਂ ਬਹੁਤ ਹੀ ਦੁੱਖ ਤੇ ਹੈਰਾਨੀ ਹੋਈ ਜਦੋਂ ਇਕ ਸਿੱਖ ਪ੍ਰੋਫੈਸਰ ਬੀਬੀ ਦੇ ਮੂੰਹੋਂ ਕਰਵਾ ਚੌਥ ਦਾ ਵਰਤ ਆਪ ਰੱਖਣ ਤੇ ਸੁਹਾਗਣਾ ਲਈ ਇਸ ਦਿਨ ਨੂੰ ਪਵਿੱਤਰ ਤਿਉਹਾਰ ਕਹਿਣਾ ਸੁਣਿਆ। ਜੇਕਰ ਏਨੀਆਂ ਪੜ੍ਹੀਆਂ ਲਿਖੀਆਂ ਬੀਬੀਆਂ ਦਾ ਇਹ ਹਾਲ ਹੈ ਤਾਂ ਕੀ ਬਣੇਗਾ ਸਿੱਖ ਧਰਮ ਦਾ ? ਕੀ ਇਸਤਰੀ ਜਾਤੀ ਨੂੰ ਐਮ. ਏ. ਜਾਂ ਪੀ. ਐਚ. ਡੀ. ਵਰਗੀ ਡਿਗਰੀ ਹਾਸਲ ਕਰਨ ਤੋਂ ਵੀ ਹੋਰ ਜਿਆਦਾ ਪੜ੍ਹਾਈ ਦੀ ਜ਼ਰੂਰਤ ਹੈ ? ਸੋਚੀਦਾ ਹੈ, ਕਿ ਕੀ, ਵਾਕਿਆ ਹੀ ਇਹ ਓਹੀ ਸਿੱਖ ਹਨ ਜਿਹੜੇ ਹਮੇਸ਼ਾਂ ਇਹ ਬਚਨ ਮੂੰਹੋਂ ਬੋਲਦੇ ਹਨ ?:
  ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥ ਜਾਂ, ਸਤਿ ਸ੍ਰੀ ਅਕਾਲ ।
  ਅਤੇ ਜਿਹਨਾ ਨੂੰ ਗੁਰੂ ਸਾਹਿਬਾਨ ਵੱਲੋਂ " ਸ਼ਬਦ ਗੁਰੂ" ਦੀ ਸਿਖਿਆ 'ਤੇ ਚਲਦੇ ਹੋਏ ਸਿਰਫ ਅਕਾਲ ਪੁਰਖ ਦਾ ਓਟ ਆਸਰਾ ਲੈਣ ਦਾ ਹੁਕਮ ਹੈ:
  ਪਾਰਬ੍ਰਹਮੁ ਪ੍ਰਭੁ ਏਕੁ ਹੈ ਦੂਜਾ ਨਾਹੀ ਕੋਇ ॥
  ਜੀਉ ਪਿੰਡੁ ਸਭੁ ਤਿਸ ਕਾ ਜੋ ਤਿਸੁ ਭਾਵੈ ਸੁ ਹੋਇ ॥ ( ਮ: 5, ਪੰਨਾ 45 )
  ਹੈਰਾਨੀ ਹੁੰਦੀ ਹੈ ਕਿ ਕਿੰਨੀ-ਕਿੰਨੀ ਵਾਰ ਸੁਖਮਣੀ ਸਾਹਿਬ ਦੀ ਬਾਣੀ ਵਿੱਚ ਇਹ ਪੰਗਤੀਆਂ ਪੜ੍ਹਨ ਵਾਲੇ ਵੀ ਸਿਰਫ ਪੜ੍ਹਨ ਤੀਕਰ ਹੀ ਸੀਮਤ ਹਨ: ਸਲੋਕੁ- ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ ॥( ਮ: 5, ਸੁਖਮਨੀ ਸਾਹਿਬ, ਪੰਨਾ 276 )
  ਗੁਰੁ ਸਾਹਿਬਾਨ ਨੇ ਇਸਤਰੀ ਜਾਤੀ ਨੂੰ ਪੁਰਸ਼ ਦੇ ਬਰਾਬਰ ਅਧਿਕਾਰ ਦਿਵਾਉਣ ਲਈ ਬਹੁਤ ਉਪਰਾਲੇ ਕੀਤੇ ਸਨ; ਪਰ ਜਿੰਨਾਂ ਚਿਰ ਕੋਈ ਵੀ ਇਨਸਾਨ ਆਪਣੀ ਮਦਦ ਆਪ ਕਰਨ ਲਈ ਤਿਆਰ ਹੀ ਨਹੀਂ ਹੁੰਦਾ, ਦੂਸਰਾ ਕਿੰਨਾ ਕੁ ਚਿਰ ਉਸ ਦੀ ਖਾਤਰ ਲੜਾਈ ਕਰੇਗਾ। ਇਹ ਹਾਲ ਅਜੇ ਵੀ ਬੀਬੀਆਂ ਦਾ ਪੜ੍ਹੀਆਂ ਲਿਖੀਆਂ ਹੋਣ ਦੇ ਬਾਵਜੂਦ ਹੈ ।
  ਸਿੱਖ ਧਰਮ ਵਿੱਚ ਇਸਤਰੀ ਮਰਦ ਨੂੰ ਬਰਾਬਰ ਦੇ ਹੱਕ ਹਨ । ਸਿੱਖ ਧਰਮ ਦੇ ਪ੍ਰਚਾਰ ਵਾਸਤੇ ਵੀ ਔਰਤ ਨੂੰ ਹਰ ਅਹੁਦੇ ਦਾ ਹੱਕ ਹੈ। ਇਹ ਨਹੀਂ ਹੈ ਕਿ ਇਸਤਰੀ ਆਪਣੇ ਪਤੀ ਦੀ ਲੰਮੀ ਉਮਰ ਵਾਸਤੇ ਰੋਟੀ ਤੋਂ ਭੁੱਖੀ ਰਹਿ ਕੇ ਚੰਦਰਮਾ ਦੇ ਚੜ੍ਹਨ ਤੇ ਪਤੀ ਪ੍ਰਮੇਸ਼ਰ ਦੇ ਦਰਸ਼ਨਾਂ ਦੀ ਉਡੀਕ ਕਰਦੀ ਰਹੇ ਅਤੇ ਆਦਮੀ ਉਸ ਸਮੇਂ ਭਾਂਵੇਂ ਕਿਸੇ ਹੋਟਲ ਵਿੱਚ ਐਸ਼ ਕਰ ਰਿਹਾ ਹੋਵੇ। ਉਂਝ ਵੀ, ਕੀ ਚੰਦਰਮਾ ਕਿਸੇ ਜੀਵ ਦੀ ਉਮਰ ਵਧਾ ਜਾਂ ਘਟਾ ਸਕਦਾ ਹੈ ? ਗੁਰਬਾਣੀ ਦਾ ਤਾਂ ਜੀਵਣ ਮਰਨ ਬਾਰੇ ਇਹ ਫੁਰਮਾਨ ਹੈ:
  ਜਿਨਿ ਸੇਵਿਆ ਨਿਰਭਉ ਸੁਖਦਾਤਾ ॥ ਤਿਨਿ ਭਉ ਦੂਰਿ ਕੀਆ ਏਕੁ ਪਰਾਤਾ ॥
  ਜੋ ਤੂ ਕਰਹਿ ਸੋਈ ਫੁਨਿ ਹੋਇ॥ ਮਾਰੈ ਨ ਰਾਖੈ ਦੂਜਾ ਕੋਇ ॥( ਮ: 5, ਪੰਨਾ 1139 )
  ਅਰਥ-: ਹੇ ਭਾਈ ! ਜਿਸ ਮਨੁੱਖ ਨੇ ਨਿਰਭਉ ਅਤੇ ਸਾਰੇ ਸੁੱਖ ਦੇਣ ਵਾਲੇ ਅਕਾਲ ਪੁਰਖ ਦੀ ਸਰਨ ਲਈ, ਉਸ ਨੇ ( ਆਪਣਾ ਹਰੇਕ ) ਡਰ ਦੂਰ ਕਰ ਲਿਆ, ਉਸ ਨੇ ਅਕਾਲ ਪੁਰਖ ਨਾਲ ਹੀ ਡੂੰਘੀ ਸਾਂਝ ਪਾ ਲਈ।ਹੇ ਪ੍ਰਭੂ ! ਜੋ ਕੁਝ ਤੂੰ ਕਰਦਾ ਹੈ ਉਹੀ ਹੁੰਦਾ ਹੈ।( ਤੈਥੋਂ ਬਿਨਾ ) ਕੋਈ ਦੂਜਾ ਨਾਹ ਕਿਸੇ ਨੂੰ ਮਾਰ ਸਕਦਾ ਹੈ ਨਾਹ ਬਚਾ ਸਕਦਾ ਹੈ ।
  ਸਿੱਖ ਧਰਮ ਵਿੱਚ ਸਰੀਰ ਨੂੰ ਦੁੱਖ ਦੇਣ ਦਾ ਕੋਈ ਸਿਧਾਂਤ ਨਹੀਂ ਹੈ। ਸੋਧਣਾ ਤਾਂ ਮਨ ਨੂੰ ਹੈ, ਸਰੀਰ ਤਾਂ ਉਹੀ ਕੁਝ ਕਰੇਗਾ ਜੋ ਮਨ ਆਖੇਗਾ:
  ਕਬੀਰ ਮਨੁ ਮੂੰਡਿਆ ਨਹੀ, ਕੇਸ ਮੁੰਡਾਏ ਕਾਇ ॥
  ਜੋ ਕਿਛੁ ਕੀਆ ਸੋ ਮਨ ਕੀਆ, ਮੂੰਡਾ ਮੂੰਡੁ ਅਜਾਂਇ ॥( ਪੰਨਾ 1369)
  ਗੁਰਮੁਖਿ ਆਪਣਾ ਮਨੁ ਮਾਰਿਆ, ਸਬਦਿ ਕਸਵਟੀ ਲਾਇ ॥
  ਮਨ ਹੀ ਨਾਲ ਝਗੜਾ ਮਨ ਹੀ ਨਾਲਿ ਸਥ, ਮਨ ਹੀ ਮੰਝਿ ਸਮਾਇ ॥
  ਮਨ ਜੋ ਇਛੇ ਸੋ ਲਹੈ, ਸਚੈ ਸਬਦਿ ਸੁਭਾਇ ॥ ( ਮ: 3, ਪੰਨਾ 87 )
  ਆਓ ਵੇਖਦੇ ਹਾਂ ਕਿ ਕੀ ਕਿਸੇ ਦਿਨ ਨੂੰ ਪਵਿੱਤਰ ਜਾਂ ਅਪਵਿਤੱਰ ਹੋਣ ਦੇ ਭਰਮ ਵਿੱਚ ਪੈ ਕੇ ਅੰਨ ਨਾ ਖਾਣ ਬਾਰੇ ਗੁਰਬਾਣੀ ਸਾਨੂੰ ਕੀ ਸੋਝੀ ਦੇਂਦੀ ਹੈ:
  ਛੋਡਹਿ ਅੰਨੁ ਕਰਹਿ ਪਾਖੰਡ ॥
  ਨਾ ਸੋਹਾਗਨਿ ਨਾ ਓਹਿ ਰੰਡ॥ (ਪੰਨਾ 873)
  ਅਰਥ-: ਜੋ ਲੋਕ ਅੰਨ ਛੱਡ ਦੇਂਦੇ ਹਨ ਤੇ ਇਹ ਪਖੰਡ ਕਰਦੇ ਹਨ, ਉਹ ( ਉਹਨਾਂ ਕੁਚੱਜੀਆਂ ਜ਼ਨਾਨੀਆਂ ਵਾਂਗ ਹਨ ਜੋ ) ਨਾਹ ਸੋਹਾਗਣਾਂ ਹਨ ਨਾਹ ਰੰਡੀਆਂ ਹਨ।
  ਕਬੀਰ ਹਰਿ ਕਾ ਸਿਮਰਨੁ ਛਾਡਿ ਕੇ ਅਹੋਈ ਰਾਖੈ ਨਾਰਿ॥
  ਗਦਹੀ ਹੋਇ ਕੈ ਅਉਤਰੈ ਭਾਰ ਸਹੈ ਮਨ ਚਾਰਿ ॥( ਪੰਨਾ 1370)
  ਅਰਥ: ਹੇ ਕਬੀਰ ! ("ਰਾਮੁ ਨ ਛੋਡੀਐ, ਤਨੁ ਧਨੁ ਜਾਇ ਤ ਜਾਉ" ਨਹੀਂ ਤਾਂ ) ਰਾਮ -ਨਾਮ ਛੱਡਣ ਦਾ ਹੀ ਇਹ ਨਤੀਜਾ ਹੈ ਕਿ (ਮੂਰਖ) ਇਸਤ੍ਰੀ ਸੀਤਲਾ ਦਾ ਵਰਤ ਰੱਖਦੀ ਫਿਰਦੀ ਹੈ।(ਤੇ, ਜੇ ਭਲਾ ਸੀਤਲਾ ਉਸ ਨਾਲ ਬੜਾ ਹੀ ਪਿਆਰ ਕਰੇਗੀ ਤਾਂ ਉਸ ਨੂੰ ਹਰ ਵੇਲੇ ਆਪਣੇ ਪਾਸ ਰੱਖਣ ਲਈ ਆਪਣੀ ਸਵਾਰੀ ਖੋਤੀ ਬਣਾ ਲਵੇਗੀ) ਸੋ, ਉਹ ਮੂਰਖ ਇਸਤ੍ਰੀ ਖੋਤੀ ਦੀ ਜੂਨੇ ਪੈਂਦੀ ਹੈ ਤੇ ( ਹੋਰ ਖੋਤੀਆਂ ਵਾਂਗ ਛੱਟਾਂ ਆਦਿਕ ਦਾ) ਚਾਰ ਮਣ ਭਾਰ ਢੋਂਹਦੀ ਹੈ।
  ਅੰਨ ਨਾ ਖਾ ਕੇ ਮਨ ਦੀਆਂ ਮੁਰਾਦਾਂ ਹਾਸਲ ਕਰਨ ਲੈਣ ਵਾਲਿਆਂ ਦੇ ਮਨ ਵਿੱਚ ਪਏ ਭੁਲੇਖੇ ਬਾਰੇ ਗੁਰੂ ਨਾਨਕ ਸਾਹਿਬ ਇੰਜ਼ ਫ਼ੁਰਮਾਉਂਦੇ ਹਨ:
  ਅੰਨੁ ਨ ਖਾਹਿ ਦੇਹੀ ਦੁਖੁ ਦੀਜੈ ॥
  ਬਿਨੁ ਗੁਰ ਗਿਆਨ ਤ੍ਰਿਪਤਿ ਨਹੀ ਥੀਜੈ ॥
  ਮਨਮੁਖਿ ਜਨਮੈ ਜਨਮਿ ਮਰੀਜੈ ॥ ( ਮ: 1, 905 )
  ਅਰਥ-: ਜਿਹੜੇ ਬੰਦੇ ਅੰਨ ਨਹੀਂ ਖਾਂਦੇ ( ਇਸ ਤਰਾਂ੍ਹ ਉਹ ਕੋਈ ਆਤਮਕ ਲਾਭ ਤਾਂ ਨਹੀਂ ਖੱਟਦੇ ) ਸਰੀਰ ਨੂੰ ਹੀ ਕਸ਼ਟ ਮਿਲਦਾ ਹੈ, ਗੁਰੂ ਤੋਂ ਮਿਲੇ ਗਿਆਨ ਤੋਂ ਬਿਨਾਂ ( ਮਾਇਆ ਵੱਲੋਂ ਵਿਕਾਰਾਂ ਵੱਲੋਂ ) ਤ੍ਰਿਪਤੀ ਨਹੀਂ ਹੋ ਸਕਦੀ। ਸੋ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜੰਮਦਾ ਹੈ ਮਰਦਾ ਹੈ। ਉਸ ਦਾ ਇਹ ਗੇੜ ਤੁਰਿਆ ਰਹਿੰਦਾ ਹੈ।
  ਇਕਿ ਤੀਰਥਿ ਨਾਵਹਿ ਅੰਨੁ ਨ ਖਾਵਹਿ ॥
  ਇਕਿ ਅਗਨਿ ਜਲਾਵਹਿ ਦੇਹ ਖਪਾਵਹਿ ॥
  ਰਾਮ ਨਾਮ ਬਿਨੁ ਮੁਕਤਿ ਨ ਹੋਈ ਕਿਤੁ ਬਿਧਿ ਪਾਰਿ ਲੰਘਾਈ ਹੇ ॥( ਮ: 1, ਪੰਨਾ 1024 )
  ਅਰਥ-: ਅਨੇਕਾਂ ਬੰਦੇ ( ਜਗਤ ਤਿਆਗ ਕੇ) ਤੀਰਥਾਂ ਉਤੇ ਇਸ਼ਨਾਨ ਕਰਦੇ ਹਨ, ਤੇ ਅੰਨ ਨਹੀਂ ਖਾਦੇ। ਅਨੇਕਾਂ ਬੰਦੇ ( ਤਿਆਗੀ ਬਣ ਕੇ ) ਅੱਗ ਬਾਲਦੇ ਹਨ( ਧੂਣੀਆਂ ਤਪਾਂਦੇ ਹਨ ਤੇ ) ਆਪਣੇ ਸਰੀਰ ਨੂੰ ( ਤਪਾਂ ਦਾ ) ਕਸ਼ਟ ਦੇਂਦੇ ਹਨ; ਪਰ ਅਕਾਲ ਪੁਰਖ ਦਾ ਨਾਮ ਸਿਮਰਨ ਤੋਂ ਬਿਨਾਂ ( ਮਾਇਆ ਦੇ ਬੰਧਨਾਂ ਤੋਂ ) ਖ਼ਲਾਸੀ ਨਹੀਂ ਮਿਲਦੀ। ਸਿਮਰਨ ਤੋਂ ਬਿਨਾ ਹੋਰ ਕਿਸੇ ਤਰੀਕੇ ਨਾਲ ਕੋਈ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘ ਸਕਦਾ।
  ਹੁਣ ਵੇਖਦੇ ਹਾਂ ਗੁਰਬਾਣੀ ਸਾਨੂੰ ਵਰਤ ਰੱਖਣ ਬਾਰੇ ਕੀ ਸਿਖਿਆ ਦੇਂਦੀ ਹੈ :
  ਸਭਿ ਨਾਦ ਬੇਦ ਗੁਰਬਾਣੀ ॥ ਮਨੁ ਰਾਤਾ ਸਾਰਿਗਪਾਣੀ ॥
  ਤਹ ਤੀਰਥ ਵਰਤ ਤਪ ਸਾਰੇ ॥ ਗੁਰ ਮਿਲਿਆ ਹਰਿ ਨਿਸਤਾਰੇ ॥( ਮ: 1, ਪੰਨਾ 879 )
  ਅਰਥ :- ਗੁਰੂ ਦੀ ਬਾਣੀ ਦੀ ਰਾਹੀਂ ਜਿਸ ਮਨੁੱਖ ਦਾ ਮਨ ਅਕਾਲ ਪੁਰਖ ( ਦੇ ਪਿਆਰ ) ਵਿਚ ਰੰਗਿਆ ਜਾਂਦਾ ਹੈ ਉਸ ਨੂੰ ਜੋਗੀਆਂ ਦੇ ਸਿੰਝੀ ਆਦਿਕ ਸਾਰੇ ਵਾਜੇ ਤੇ ਹਿੰਦੂ ਮਤ ਦੇ ਵੇਦ ਆਦਿਕ ਧਰਮ-ਪੁਸਤਕ ਸਭ ਗੁਰੂ ਦੀ ਬਾਣੀ ਵਿੱਚ ਹੀ ਆਜਾਂਦੇ ਹਨ ( ਭਾਵ ਗੁਰਬਾਣੀ ਦੇ ਟਾਕਰੇ ਤੇ ਉਸ ਨੂੰ ਇਹਨਾਂ ਦੀ ਲੋੜ ਨਹੀਂ ਰਹਿ ਜਾਂਦੀ )।( ਜਿਸ ਆਤਮਕ ਅਵਸਥਾ ਵਿੱਚ ਉਹ ਪਹੁੰਚਦਾ ਹੈ ) ਉਥੇ ਸਾਰੇ ਤੀਰਥ-ਇਸ਼ਨਾਨ ਸਾਰੇ ਵਰਤ ਤੇ ਤਪ ਵੀ ਮਿਲਿਆਂ ਬਰਾਬਰ ਹੋ ਜਾਂਦੇ ਹਨ। ਜੇਹੜਾ ਮਨੁੱਖ ਗੁਰੂ ਨੂੰ ਮਿਲ ਪੈਂਦਾ ਹੈ ਉਸ ਨੂੰ ਅਕਾਲ ਪੁਰਖ ( ਸੰਸਾਰ-ਸਮੁੰਦਰ ਵਿੱਚੋਂ ) ਪਾਰ ਲੰਘਾ ਲੈਂਦਾ ਹੈ।
  ਨਉਮੀ ਨੇਮੁ ਸਚੁ ਜੇ ਕਰੈ ॥ ਕਾਮ ਕ੍ਰੋਧੁ ਤ੍ਰਿਸਨਾ ਉਚਰੈ ॥
  ਦਸਮੀ ਦਸੇ ਦੁਆਰ ਜੇ ਠਾਕੈ ਏਕਾਦਸੀ ਏਕੁ ਕਰਿ ਜਾਣੈ ॥
  ਦੁਆਦਸੀ ਪੰਚ ਵਸਗਤਿ ਕਰਿ ਰਾਖੈ ਤਉ ਨਾਨਕ ਮਨੁ ਮਾਨੈ ॥
  ਐਸਾ ਵਰਤੁ ਰਹੀਜੈ ਪਾਡੇ ਹੋਰ ਬਹੁਤੁ ਸਿਖ ਕਿਆ ਦੀਜੈ ॥( ਮ: 3, ਪੰਨਾ 1245 )
  ਅਰਥ:- ਜੇ ਮਨੁੱਖ ਸੱਚ ਧਾਰਨ ਕਰਨ ਦੇ ਨੇਮ ਨੂੰ ਨੌਮੀ ( ਦਾ ਵਰਤ ) ਬਣਾਏ, ਕਾਮ ਕ੍ਰੋਧ ਤੇ ਲਾਲਚ ਨੂੰ ਚੰਗੀ ਤਰਾਂ੍ਹ ਦੂਰ ਕਰ ਲਏ; ਜੇ ਦਸ ਹੀ ਇੰਦ੍ਰਿਆਂ ਨੂੰ ( ਵਿਕਾਰਾਂ ਵੱਲੋਂ ) ਰੋਕ ਰੱਖੇ ( ਇਸ ਉਦੱਮ ਨੂੰ ) ਦਸਮੀ ( ਥਿੱਤੀ ਦਾ ਵਰਤ ) ਬਣਾਏ; ਇਕ ਅਕਾਲ ਪੁਰਖ ਨੂੰ ਹਰ ਥਾਂ ਵਿਆਪਕ ਸਮਝੇ-ਇਹ ਉਸ ਦਾ ਏਕਾਦਸੀ ਦਾ ਵਰਤ ਹੋਵੇ; ਪੰਜ ਕਾਮਾਦਿਕਾਂ ਨੂੰ ਕਾਬੂ ਵਿੱਚ ਰੱਖੇ-ਜੋ ਇਹ ਉਸ ਦਾ ਦੁਆਦਸੀ ਦਾ ਵਰਤ ਬਣੇ; ਤਾਂ, ਹੇ ਨਾਨਕ ! ਮਨ ਪਤੀਜ ਜਾਂਦਾ ਹੈ।
  ਹੇ ਪੰਡਿਤ ! ਜੇ ਇਹੋ ਜਿਹਾ ਵਰਤ ਨਿਬਾਹ ਸਕੀਏ ਤਾਂ ਕਿਸੇ ਹੋਰ ਸਿੱਖਿਆ ਦੀ ਲੋੜ ਨਹੀਂ ਪੈਂਦੀ।
  ਟੀਕਾਕਾਰ ਪ੍ਰੋ. ਸਾਹਿਬ ਸਿੰਘ ਡੀ.ਲਿੱਟ
  ਗੁਰਬਾਣੀ ਦੇ ਉਪਰੋਕਤ ਸ਼ਬਦਾਂ ਨੂੰ ਸਮਝਦੇ ਹੋਏ ਵੀ ਜਿਹੜੀਆਂ ਬੀਬੀਆਂ ਇਹ ਸਮਝਣ ਕਿ ਸਾਡੇ 'ਕਰਵਾ ਚੌਥ' ਵਰਗੇ ਕੀਤੇ ਕਰਮ-ਕਾਂਡ ਨਾਲ ਜਾਂ ਨਾ ਕਰਨ ਨਾਲ ਮੇਰੇ ਪਤੀ ਦੀ ਉਮਰ ਵੱਧ ਜਾਂ ਘੱਟ ਜਾਵੇਗੀ, ਤਾਂ ਕੀ ਅਸੀਂ "ਸੀ੍ ਗੁਰੂ ਗ੍ਰੰਥ ਸਾਹਿਬ" ਜੀ ਨੂੰ ਗੁਰੂ ਮੰਨ ਕੇ ਉਹਨਾਂ ਦੀ ਆਖੀ ਸਚਾਈ ਤੇ ਸ਼ੱਕ ਤਾਂ ਨਹੀਂ ਕਰ ਰਹੇ ? ਕੀ ਕਿਤੇ ਇਹ ਗੱਲ ਤਾਂ ਨਹੀਂ ਕਿ ਅਸੀਂ ਆਪਣੇ ਆਪ ਨੂੰ ਸਿੱਖ ਤਾਂ ਆਖੀ ਜਾਂ ਅਖਵਾਈ ਜਾਂਦੇ ਹਾਂ ਪਰ ਇਹ ਪਤਾ ਹੀ ਨਾ ਹੋਵੇ ਕਿ ਸਿੱਖ ਸਿਧਾਂਤ ਮੁਤਾਬਕ ਸਿੱਖ ਹੈ ਕੌਣ ਅਤੇ ਗੁਰਮਤਿ ਦੀ ਰਹਿਣੀ ਕੀ ਹੈ ? ਆਉ, ਇਹ ਜਾਨਣ ਲਈ ਸ੍ਰੀ ਅਕਾਲ ਤਖਤ ਤੋਂ ਪ੍ਰਵਾਨਿਤ "ਸਿੱਖ ਰਹਿਤ ਮਰਯਾਦਾ" ਤੋਂ ਜਾਣਕਾਰੀ ਲਈਏ:
  ਸਿੱਖ ਦੀ ਤਾਰੀਫ਼:- ਜੋ ਇਸਤਰੀ ਜਾਂ ਪੁਰਸ਼ ਇਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ ( ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤਕ ) ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ ।
  ( A ) ਇਕ ਅਕਾਲ ਪੁਰਖ ਤੋਂ ਛੁਟ ਕਿਸੇ ਦੇਵੀ ਦੇਵਤੇ ਦੀ ਉਪਾਸਨਾ ਨਹੀਂ ਕਰਨੀ।
  ( ਅ ) ਆਪਣੀ ਮੁਕਤੀ ਦਾ ਦਾਤਾ ਤੇ ਇਸ਼ਟ ਕੇਵਲ ਦਸ ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਨੂੰ ਮੰਨਣਾ ।
  ( ਸ ) ਜ਼ਾਤ-ਪਾਤ, ਛੂਤ-ਛਾਤ, ਜੰਤ੍ਰ-ਮੰਤ੍ਰ-ਤੰਤ੍ਰ, ਸ਼ਗਨ, ਤਿੱਥ, ਮਹੂਰਤ, ਗ੍ਰਹਿ, ਰਾਸ਼ੀ, ਸਰਾਧ, ਪਿੱਤਲ, ਖਿਆਹ, ਪਿੰਡ, ਪੱਤਲ, ਦੀਵਾ, ਕਿਰਿਆ ਕਰਮ, ਹੋਮ, ਜੱਗ, ਤਰਪਣ, ਸਿਖਾ ਸੂਤ, ਭੱਦਰ, ਇਕਾਦਸ਼ੀ, ਪੂਰਨਮਾਸ਼ੀ ਆਦਿ ਦੇ ਵਰਤ, ਤਿਲਕ, ਜੰਝੂ, ਤੁਲਸੀ, ਮਾਲਾ, ਗੋਰ, ਮੱਠ, ਮੜੀ, ਮੂਰਤੀ ਪੂਜਾ ਆਦਿ ਭਰਮ-ਰੂਪ ਕਰਮਾਂ ਉਤੇ ਨਿਸਚਾ ਨਹੀਂ ਕਰਨਾ। ਗੁਰੂ ਅਸਥਾਨ ਤੋਂ ਬਿਨਾ ਕਿਸੇ ਅਨ -ਧਰਮ ਦੇ ਤੀਰਥ ਜਾਂ ਧਾਮ ਨੂੰ ਆਪਣਾ ਅਸਥਾਨ ਨਹੀਂ ਮੰਨਣਾ।
  ਪੀਰ, ਬ੍ਰਾਹਮਣ, ਪੁੱਛਣਾ, ਸੁੱਖਣਾ, ਸ਼ੀਰਨੀ, ਵੇਦ ਸ਼ਾਸ਼ਤਰ, ਗਾਇਤ੍ਰੀ, ਗੀਤਾ, ਕੁਰਾਣ, ਅੰਜੀਲ ਆਦਿ ਉਤੇ ਨਿਸ਼ਚਾ ਨਹੀਂ ਕਰਨਾ। ਹਾਂ, ਆਮ ਵਾਕਫੀ ਲਈ ਅਨਮਤਾਂ ਦੇ ਗ੍ਰੰਥਾਂ ਦਾ ਪੜ੍ਹਨਾ ਯੋਗ ਹੈ।
  ਉਪਰ ਦਿਤੇ 'ਸਿੱਖ ਕੌਣ ਹੈ ਤੇ ਗੁਰਮਤਿ ਦੀ ਰਹਿਣੀ' ਦੇ ਸਿਧਾਂਤ ਮੁਤਾਬਕ ਜਰਾ ਸੋਚੀਏ ਕਿ, ਕੀ ਅਸੀਂ ਵਾਕਿਆ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੀ ਸਿੱਖ ਹਾਂ ? ਕੀ ਸਾਡੇ 'ਤੇ ਦੋ ਬੇੜੀਆਂ ਦੇ ਸਵਾਰ ਹੋਣ ਵਾਲੀ ਕਹਾਵਤ ਤਾਂ ਨਹੀਂ ਢੁੱਕਦੀ ? ਜੇ ਹੈ ਤਾਂ ਫਿਰ ਸਾਨੂੰ ਸੋਚ ਵਿਚਾਰ ਕੇ ਇਕ ਦੇ ਲੜ੍ਹ ਲਗਣਾ ਚਾਹੀਦਾ ਹੈ ।
  ਜੇਕਰ ਗੁਰੂ ਜੀ ਦੇ ਉਪਰ ਦਿੱਤੇ ਬਚਨਾਂ ਨੂੰ ਸਮਝਦੇ ਹੋਏ ਵੀ ਅੰਧ-ਵਿਸ਼ਵਾਸਾਂ ਤੋਂ ਸਾਡੀ ਖਲਾਸੀ ਨਹੀਂ ਹੁੰਦੀ ਤਾਂ ਫਿਰ ਸਿੱਖ ਧਰਮ/ ਕੌਮ ਦਾ ਆਉਣ ਵਾਲਾ ਭਵਿੱਖ ਕੀ ਹੋਵੇਗਾ ? ਇਹ ਆਪਾਂ ਸਮਝ ਸਕਦੇ ਹਾਂ। ਜਿਵੇਂ ਆਖਦੇ ਹਨ ਕਿ "ਸੁਤੇ ਨੂੰ ਤਾਂ ਜਗਾਇਆ ਜਾ ਸਕਦਾ ਹੈ ਪਰ ਜਾਗਦੇ ਨੂੰ ਕੋਈ ਕੀ ਕਰੇ"। ਅਜਿਹੀ ਹਾਲਤ ਅੱਜ ਪੜ੍ਹੇ ਲਿੱਖੇ ਸਿੱਖ ਧਰਮ ਨੂੰ ਮੰਨਣ ਵਾਲਿਆਂ ਦੀ ਹੋ ਰਹੀ ਹੈ, ਅਨਪੜ੍ਹਾ ਤੇ ਵੀਚਾਰ ਹੀਣਾ ਦੀ ਤਾਂ ਗੱਲ ਹੀ ਛੱਡੋ ।
  ਜਿਸ ਧਰਮ ਵਿੱਚ ਕਰਵਾ ਚੌਥ ਦੀ ਮੰਨਤਾ ਹੈ ਉਨ੍ਹਾਂ ਨੂੰ ਮੁਬਾਰਕ ਹੋਵੇ; ਪਰ ਸਿੱਖ ਧਰਮ ਵਿੱਚ ਇਸ ਤਰ੍ਹਾਂ ਦੇ ਕਰਮਕਾਂਡ ਤੇ ਅੰਧ-ਵਿਸ਼ਵਾਸ ਕਰਨ ਵਾਸਤੇ ਕੋਈ ਥਾਂ ਨਹੀਂ ਹੈ।
  ਅੱਜ ਲੋੜ ਹੈ, ਸਿੱਖ ਧਰਮ ਨੂੰ ਵਿਚਾਰਵਾਨ ਪੜ੍ਹੀਆਂ ਲਿਖੀਆਂ ਬੀਬੀਆਂ ਦੀ ਜਿਹੜੀਆਂ ਦੁਨੀਆਵੀ ਉਚ-ਵਿਦਿਆ ਦੇ ਨਾਲ-ਨਾਲ ਧਾਰਮਿਕ ਵਿਦਿਆ ਵੀ ਲੈਣ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਆਪ ਪੜ੍ਹਕੇ ਇਸ ਦੀ ਵਿਚਾਰ ਕਰਨ ਤੇ ਸਿੱਖ ਸਿਧਾਂਤਾਂ ਪ੍ਰਤੀ ਆਪ ਪਰਪੱਕ ਹੋਣ ਅਤੇ ਆਪਣੇ ਬੱਚਿਆਂ ਨੂੰ ਵੀ ਕਰਨ ; ਤਾਂ ਜੋ ਉਹਨਾਂ ਦੇ ਜੀਵਨ ਤੋਂ ਸੇਧ ਜੇਕਰ ਦੂਸਰੇ ਧਰਮਾਂ ਦੇ ਲੋਕ ਨਹੀਂ ਤਾਂ ਘੱਟੋ ਘੱਟ ਸਿੱਖ ਬੀਬੀਆਂ ਲਈ ਤਾਂ ਮਾਰਗ ਦਰਸ਼ਕ ਬਣ ਸਕਣ। ਇਸ ਤਰਾਂ੍ਹ ਹੀ ਅਸੀਂ ਕਰਵਾ ਚੌਥ ਵਰਗੇ ਅੰਧ-ਵਿਸ਼ਵਾਸੀ ਤੇ ਕਰਮਕਾਡਾਂ ਵਿੱਚ ਪਾਉਣ ਵਾਲੇ ਗੈਰਸਿੱਖ ਤਿਉਹਾਰਾਂ ਤੋਂ ਮੁਕਤੀ ਹਾਸਲ ਕਰ ਸਕਾਂਗੇ।
  ਆਓ ਸਿੱਖ ਕਹਾਉਣ ਵਾਲਿਓ !ਸੂਰਜ, ਚੰਨ ਅਤੇ ਦੇਵੀ ਦੇਵਤਿਆਂ ਨੂੰ ਪੂਜਣ ਦੀ ਭਟਕਣਾ ਦਾ ਤਿਆਗ ਕਰਕੇ "ਸ਼ਬਦ ਗੁਰੂ" ਰਾਹੀਂ ਆਪਣੇ ਅੰਦਰ ਵੱਸਦੇ ਅਕਾਲ ਪੁਰਖ ਦੀ ਪਛਾਣ ਕਰੀਏ ਤੇ ਹਮੇਸ਼ਾਂ ਉਸ ਦਾ ਸ਼ੁਕਰਾਨਾ ਕਰਨ ਦੇ ਆਦੀ ਹੋਈਏ; ਕਿਉਂਕਿ ਉਹ ਹੀ ਹਰੇਕ ਜੀਵ ਨੂੰ ਸਿਰਫ ਤੇ ਸਿਰਫ ਮਾਰਨ ਰੱਖਣ ਵਾਲਾ ਅਤੇ ਸਾਰੇ ਸੁੱਖ ਦੇਣ ਵਾਲਾ ਹੈ :
  ਬਿਨੁ ਭਗਵੰਤ ਨਾਹੀ ਅਨ ਕੋਇ ॥
  ਮਾਰੈ ਰਾਖੈ ਏਕੋ ਸੋਇ ॥ ਰਹਾਉ॥( ਮ: 5, ਪੰਨਾ 192 )

  ਗੁਰਸ਼ਰਨ ਸਿੰਘ ਕਸੇਲ
  ਗੁਰੂ ਨਾਨਕ ਜੀ ਨੇ ਤਕਰੀਬਨ ਪੰਜ ਸੌ ਸਾਲ ਪਹਿਲਾਂ ਲੋਕਾਈ ਨੂੰ ਅਖੌਤੀ ਧਾਰਮਿਕ ਪ੍ਰਚਾਰਕਾਂ ਦੇ ਚੁੰਗਲ ਵਿੱਚੋਂ ਮੁਕਤ ਕਰਾਉਣ ਲਈ ਸ਼ਲਾਘਾ ਯੋਗ ਕਦਮ ਚੁੱਕੇ ਸਨ, ਜਿਹੜੇ ਉਹਨਾਂ ਨੂੰ ਅੰਧ-ਵਿਸ਼ਵਾਸਾਂ, ਵਹਿਮਾਂ ਭਰਮਾਂ, ਤੇ ਕਰਮਕਾਂਡਾਂ ਵਿੱਚ ਪਾ ਰਹੇ ਸਨ । ਗੁਰੂ ਨਾਨਕ ਪਾਤਸ਼ਾਹ ਇਸ ਮਿਸ਼ਨ ਵਿੱਚ ਪੂਰਨ ਤੌਰ 'ਤੇ ਕਾਮਯਾਬ ਵੀ ਹੋਏ। ਇਸ ਦਾ ਸਬੂਤ ਸਿੱਖ ਧਰਮ ਦਾ ਹੋਂਦ ਵਿੱਚ ਆਉਣਾ ਹੈ । ਇਸ ਧਰਮ ਦੇ ਪੈਰੋਕਾਰਾਂ ਨੂੰ 'ਸ਼ਬਦ ਗੁਰੂ' ਤੋਂ ਜੀਵਨ ਜਾਚ ਦੀ ਸਿਖਿਆ ਲੈ ਕੇ ਹਰੇਕ ਕਾਰਜ ਲਈ ਸਿਰਫ ਅਕਾਲ ਪੁਰਖ 'ਤੇ ਓਟ ਰੱਖਣ ਦਾ ਉਪਦੇਸ਼ ਹੈ । ਉਸ ਸਮੇਂ ਦੇ ਪੇਸ਼ਾਵਰ ਧਾਰਮਿਕ ਪ੍ਰਚਾਰਕ ਜਿਹੜੇ ਆਪਣੀ ਰੋਜ਼ੀ ਰੋਟੀ ਲਈ ਜਨਤਾ ਨੂੰ ਵਹਿਮਾਂ ਭਰਮਾਂ ਤੇ ਕਰਮਕਾਂਡਾਂ ਵਿੱਚ ਪਾ ਕੇ ਉਹਨਾਂ ਦੀ ਲਹੂ ਪਸੀਨੇ ਦੀ ਕੀਤੀ ਕਮਾਈ 'ਤੇ ਐਸ਼ ਕਰਦੇ ਸਨ; ਪਰ ਦੁੱਖ ਦੀ ਗੱਲ ਹੈ ਕਿ ਅੱਜ ਵੀ ਓਹੀ ਕੁਝ ਹੋ ਰਿਹਾ ਹੈ। ਇਸ ਸਮੇਂ ਅਸੀਂ ਅਗਾਹ ਵਧੂ ਖਿਆਲਾਂ ਦੀਆਂ ਸ਼ੇਖੀਆਂ ਤਾਂ ਬਹੁਤ ਮਾਰਦੇ ਹਾਂ, ਸਾਇੰਸ ਨੇ ਕੀਤੀ ਤਰੱਕੀ ਦੀਆਂ ਗੱਲਾਂ ਵੀ ਕਰਦੇ ਹਾਂ ਜੋ ਵਾਕਿਆ ਹੀ ਫ਼ਖ਼ਰ ਕਰਨ ਵਾਲੀ ਗੱਲ ਹੈ ।

  ਅਯੋਧਿਆ - ਰਾਮ ਜਨਮ ਭੂਮੀ ਨਿਆਸ ਕਮੇਟੀ ਦੇ ਸੀਨੀਅਰ ਮੈਂਬਰ ਅਤੇ ਸਾਬਕਾ ਸੰਸਦ ਰਾਮਿਵਲਾਸ ਵੇਦਾਂਤੀ ਨੇ ਦਾਅਵਾ ਕੀਤਾ ਹੈ ਕਿ ਅਯੋਧਿਆ ਵਿੱਚ ਵਿਵਾਦਗ੍ਰਸਤ ਜ਼ਮੀਨ 'ਤੇ ਇਸ ਸਾਲ 6 ਦਸੰਬਰ ਤੋਂ ਰਾਮ ਮੰਦਰ ਦਾ ਨਿਰਮਾਣ ਸ਼ੁਰੂ ਹੋਵੇਗਾ। ਆਰਐਸਐਸ ਮੁਖੀ ਮੋਹਨ ਭਾਗਵਤ ਦੇ ਰਾਮ ਮੰਦਰ ਦੀ ਉਸਾਰੀ ਲਈ ਕਾਨੂੰਨ ਬਣਾਉਣ ਵਾਲੇ ਬਿਆਨ ਦਾ ਸੁਆਗਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਦੇ ਦੋ ਸੀਟਾਂ ਵਾਲੀ ਭਾਰਤੀ ਜਨਤਾ ਪਾਰਟੀ ਅੱਜ ਦੇਸ਼ ਵਿਚ ਸਭ ਤੋਂ ਵੱਡੀ ਪਾਰਲੀਮਾਨੀ ਪਾਰਟੀ ਹੈ, ਭਾਜਪਾ ਦੁਨੀਆਂ ਵਿਚ ਸਭ ਤੋਂ ਵੱਧ ਪ੍ਰਸਿੱਧ ਪਾਰਟੀ ਬਣ ਗਈ ਹੈ। ਅੱਜ ਦੇਸ਼ ਦੇ 20 ਸੂਬਿਆਂ ਵਿੱਚ ਭਾਜਪਾ ਦੀ ਸਰਕਾਰ ਹੈ। ਸ਼ਿਵ ਸੈਨਾ ਮੁਖੀ ਊਧਵ ਠਾਕਰੇ ਵੱਲੋਂ 'ਨਵੰਬਰ ਵਿੱਚ ਅਯੁੱਧਿਆ ਵਿੱਚ ਰਾਮ ਮੰਦਿਰ ਦੀ ਉਸਾਰੀ ਦੇ ਐਲਾਨ ਬਾਰੇ ਵੇਦਾਂਤੀ ਨੇ ਕਿਹਾ ਕਿ ਭਾਜਪਾ ਤੋਂ ਇਲਾਵਾ ਕੋਈ ਵੀ ਪਾਰਟੀ ਰਾਮ ਮੰਦਰ ਬਣਾਉਣ ਲਈ ਤਿਆਰ ਨਹੀਂ ਹੈ।
  ਉਨ੍ਹਾਂ ਕਿਹਾ ਕਿ ਦੇਸ਼ ਦੇ ਮੁਸਲਮਾਨ ਚਾਹੁੰਦੇ ਹਨ ਕਿ ਅਯੁੱਧਿਆ ਵਿੱਚ ਰਾਮ ਮੰਦਰ ਦਾ ਨਿਰਮਾਣ ਕੀਤਾ ਜਾਵੇ। ਸੁੰਨੀ ਤੇ ਸ਼ੀਆ ਵਕਫ ਬੋਰਡ ਦੇ ਲੋਕ ਚਾਹੁੰਦੇ ਹਨ. ਸਿਰਫ 20 ਫੀਸਦੀ ਲੋਕ ਨਹੀਂ ਚਾਹੁੰਦੇ ਅਤੇ ਉਹ ਉਹ ਲੋਕ ਹਨ ਜੋ ਪਾਕਿਸਤਾਨ ਵਲੋਂ ਸਨਮਾਨਿਤ ਕੀਤੇ ਜਾਂਦੇ ਹਨ। ਪਾਕਿਸਤਾਨ ਦਾ ਇਰਾਦਾ ਇਹ ਹੈ ਕਿ ਭਾਰਤ ਦੇ ਹਿੰਦੂ ਅਤੇ ਮੁਸਲਮਾਨ ਇਸੇ ਤਰ੍ਹਾਂ ਲੜਦੇ ਰਹਿਣ। ਫੈਜ਼ਾਬਾਦ ਤੋਂ ਸਾਬਕਾ ਸੰਸਦ ਮੈਂਬਰ ਨੇ ਕਿਹਾ ਕਿ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਆਪਸ ਵਿੱਚ ਲੜਾਉਣ ਲਈ ਪਾਕਿਸਤਾਨ ਪੈਸੇ ਭੇਜਦਾ ਹੈ। ਇਸ ਸਬੰਧ ਵਿਚ ਅਰਬਾਂ ਰੁਪਏ ਭਾਰਤ ਨੂੰ ਭੇਜੇ ਜਾਂਦੇ ਹਨ ਤਾਂ ਜੋ ਦੇਸ਼ ਦੇ ਮੁਸਲਮਾਨ ਅਤੇ ਹਿੰਦੂ ਇਕ-ਦੂਜੇ ਨਾਲ ਲੜਣ। ਉਨ੍ਹਾਂ ਨੇ ਕਿਹਾ ਕਿ 2018 ਦੇ ਅੰਤ ਵਿੱਚ, ਅਯੁੱਧਿਆ ਵਿੱਚ ਸ਼੍ਰੀਰਾਮ ਮੰਦਰ ਦੀ ਉਸਾਰੀ ਸ਼ੁਰੂ ਕੀਤੀ ਜਾਵੇਗੀ।

  ਅੰਮ੍ਰਿਤਸਰ . (ਨਰਿੰਦਰ ਪਾਲ ਸਿੰਘ):  ਦਰਪੇਸ਼ ਕੌਮੀ ਮਸਲਿਆਂ ਤੇ ਬੇਅਦਬੀ ਮਾਮਲੇ ਦਾ ਹੱਲ ਤਲਾਸ਼ਣ ਲਈ ਵੱਖ ਵੱਖ ਪੰਥਕ ਜਥੇਬੰਦੀਆਂ ਵੱਲੋਂ ਬੁਲਾਈ ਗਈ ਦੋ ਰੋਜ਼ਾ ਪੰਥਕ ਅਸੈਂਬਲੀ ਦੇ ਪਹਿਲੇ ਦਿਨ 20 ਅਕਤੂਬਰ ਨੂੰ ਇਹ ਵਿਚਾਰ ਖੁੱਲਕੇ ਸਾਹਮਣੇ ਆਈ ਹੈ ਕਿ ਦੇਸ਼ ਦਾ ਨਿਜ਼ਾਮ ਕਿਸੇ ਵੀ ਮੁੱਦੇ ਤੇ ਘੱਟ ਗਿਣਤੀਆਂ ਤੇ ਵਿਸ਼ੇਸ਼ ਕਰਕੇ ਸਿੱਖਾਂ ਨੂੰ ਇਨਸਾਫ ਦੇਣਾ ਹੀ ਨਹੀ ਚਾਹੁੰਦਾ।ਇਸਦਾ ਇੱਕ ਕਾਰਣ ਸਿੱਖ ਜਥੇਬੰਦੀਆਂ ਅੰਦਰ ਏਕਤਾ ਅਤੇ ਦਰਪੇਸ਼ ਮਸਲਿਆਂ ਨਾਲ ਨਜਿਠਣ ਲਈ ਇੱਕ ਰਾਏ ਬਨਾਣ ਲਈ ਸਾਂਝੇ ਕੌਮੀ ਮੰਚ ਦੀ ਘਾਟ ਹੈ। ਸਥਾਨਕ ਵੇਰਕਾ ਬਾਈਪਾਸ ਨੇੜਲੇ ਗਰੈਂਡ ਸੈਲੀਬਰੇਸ਼ਨ ਰਿਜੋਰਟ ਵਿਖੇ ਪੰਥਕ ਅਸੈਂਬਲੀ ਦੇ ਪਹਿਲੇ ਦਿਨ ਦੀ ਸ਼ੁਰੂਆਤ ਅਕਾਲ ਪੁਰਖ ਕੀ ਫੌਜ ਸੰਸਥਾ ਦੇ ਡਾਇਰੈਕਟਰ ਐਡਵੋਕੇਟ ਜਸਵਿੰਦਰ ਸਿੰਘ ਨੇ ਅਰਦਾਸ ਵਲੋਂ ਕੀਤੀ ਅਰਦਾਸ ਨਾਲ ਹੋਈ ।ਉਪਰੰਤ ਹਾਜਰ ਹੋਏ ਵੱਖ ਵੱਖ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਰਬ ਸੰਮਤੀ ਪੰਥਕ ਫਰੰਟ ਦੇ ਕਨਵੀਨਰ ਸ੍ਰ:ਸੁਖਦੇਵ ਸਿੰਘ ਭੌਰ ਨੂੰ ਅਸਂੈਬਲੀ ਦਾ ਸਪੀਕਰ ਚੁਣ ਲਿਆ।ਜਿ ਸਮੰਚ ਤੇ ਸ੍ਰ: ਸੁਖਦੇਵ ਸਿੰਘ ਭੌਰ ਨੂੰ ਬਿਠਾਇਆ ਗਿਆ ਉਹ ਕਿਸੇ ਵਿਧਾਨ ਸਭਾ ਦੇ ਸਪੀਕਰ ਲਈ ਬਣੇ ਸਥਾਨ ਦੀ ਤਰਜ ਤੇ ਹੀ ਸੀ ਲੇਕਿਨ ਮੰਚ ਦੇ ਪਿਛਲੇ ਪਾਸੇ ਪੰਜ ਕੇਸਰੀ ਨਿਸ਼ਾਨ ਝੂਲ ਰਹੇ ਸਨ ਤੇ ਮੰਚ ਦੇ ਹੇਠਾਂ ਅਸੈਂਬਲੀ ਦੀ ਕਾਰਵਾਈ ਦਰਜ ਕਰਨ ਲਈ ਇੱਕ ਚਾਰ ਮੈਂਬਰੀ ਪੈਨਲ।
  ਸਭ ਤੋਂ ਪਹਿਲਾਂ ਪਾਸ ਕੀਤੇ ਵਿਸ਼ੇਸ਼ ਸੋਗ ਮਤੇ ਵਿੱਚ ਅੰਮ੍ਰਿਤਸਰ ਵਿੱਚ ਰਾਵਣ ਸਾੜੇ ਜਾਣ ਮੌਕੇ ਵਾਪਰੇ ਰੇਲਵੇ ਹਾਦਸੇ ਦੌਰਾਨ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਦੁਖ ਪ੍ਰਗਟਾਉਂਦਿਆਂ ਪੀੜਤ ਪ੍ਰੀਵਾਰਾਂ ਨਾਲ ਹਮਦਰਦੀ ਪ੍ਰਗਟਾਈ ਗਈ ਤੇ ਜਖਮੀਆਂ ਦੀ ਛੇਤੀ ਤੰਦਰੁਸਤੀ ਦੀ ਕਾਮਨਾ ਕੀਤੀ ਗਈ।ਪੰਥਕ ਅਸੈਂਬਲੀ ਵਿਚ ਵਿਚਾਰਾਂ ਦੀ ਸਾਂਝ ਪਾਉਂਦਿਆਂ ਜੋਰ ਦਿੱਤਾ ਕਿ ਦਰਪੇਸ਼ ਕੌਮੀ ਮਸਲਿਆਂ ਤੇ ਵਿਚਾਰ ਲਈ ਪੰਥਕ ਅਸੈਂਬਲੀ ਇਕ ਚੰਗੀ ਪਹਿਲ ਹੈ ਤੇ ਇਸ ਸੰਸਥਾ ਦੀ ਬਕਾਇਦਾ ਨਿਯਮਾਵਲੀ ਬਨਾਉਣੀ ਚਾਹੀਦੀ ਹੈ ।ਵੱਖ ਵੱਖ ਮਸਲਿਆਂ ਦੇ ਹੱਲ ਲਈ ਵਿਸ਼ਾ ਮਾਹਿਰਾਂ ਤੇ ਅਧਾਰਿਤ ਵੱਖ ਵੱਖ ਕਮੇਟੀਆਂ ਕਾਇਮ ਕਰਨੀਆਂ ਚਾਹੀਦੀਆਂ ਹਨ।ਵਿਵਾਦਤ ਮੁੱਦਿਆਂ ਨੂੰ ਘਟੋ ਘੱਟ ਪੰਜ ਸਾਲ ਲਈ ਠੰਡੇ ਬਸਤੇ ਪਾ ਦੇਣਾ ਚਾਹੀਦਾ ਹੈ।ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਸ੍ਰ:ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਸਿੱਖ ਕੌਮ ਨੂੰ ਦਰਪੇਸ਼ ਮਸਲੇ ਕੋਈ ਮਾਮੂਲੀ ਵਰਤਾਰਾ ਨਹੀ ਹਨ ਇਹ ਇੱਕ ਸਾਜਿਸ਼ ਤਹਿਤ ਸਾਡੇ ਸਿਰ ਥੋਪੇ ਜਾ ਰਹੇ ਹਨ ਤਾਂ ਜੋ ਸਿੱਖ ਸ਼ਕਤੀ ਇੱਕ ਜੁਟ ਨਾ ਹੋ ਸਕੇ।ਵਿਧਾਨ ਸਭਾ ਵਿਚੱ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਉਪਰ ਹੋਈ ਬਹਿਸ ਨੂੰ ਵਿਧਾਇਕਾਂ ਦੀ ਸ਼ਰਮਨਾਕ ਪੇਸ਼ਕਾਰੀ ਦਸਦਿਆਂ ਉਨ੍ਹਾਂ ਕਿਹਾ ਕਿ ਕਾਂਗਰਸੀ ਖੁਸ਼ ਤਾਂ ਬੜੇ ਹੋਏ ਸੀ ਕਿ ਬਾਦਲਾਂ ਨੂੰ ਨੰਗੇ ਕਰ ਦਿੱਤਾ ਲੇਕਿਨ ਅਗਲੇ ਦਿਨ੍ਹਾਂ ਵਿੱਚ ਹੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਜਾਕੇ ਰਾਜਨਾਥ ਸਿੰਘ ਦੇ ਸੱਦੱੇ ਤੇ ਦਿੱਲੀ ਪੁਜ ਗਏ ਜਿਥੇ ਉਸਦੀ ਔਕਾਤ ਵਿਖਾਈ ਗਈ ਕਿ ਅੱਜ ਪੁਲਿਸ ਖਿਲਾਫ ਕੇਸ ਦਰਜ ਕਰੋਗੇ ਤਾਂ ਕਲ੍ਹ ਨੂੰ ਤੇਰੇ ਕਹਿਣ ਤੇ ਗੋਲੀ ਕੌਣ ਚਲਾਏਗਾ?ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਨਤੀਜਾ ਸਭਦੇ ਸਾਹਮਣੇ ਹੈ ਕਿ ਬਹਿਬਲ ਕਲਾਂ ਗੋਲੀ ਕਾਂਡ ਦੇ ਕਾਤਲਾਂ ਨੂੰ ਤੇ ਅਦਾਲਤਾਂ ਨੂੰ ਸਮਾਂ ਦੇ ਦਿੱਤਾ ਗਿਆ ਕਿ ਕਮਿਸ਼ਨ ਨੂੰ ਚਣੌਤੀ ਦੇ ਦਿਓ।
  ਉਨ੍ਹਾਂ ਜੋਰ ਦੇ ਕੇ ਕਿਹਾ ਕਿ ਇਸ ਵੇਲੇ ਪੰਜਾਬ ਨੂੰ ਨਰਿੰਦਰ ਮੋਦੀ ਦਾ ਸੁਰਖਿਆ ਸਲਾਹਕਾਰ ਅਜੀਤ ਡੋਵਲ ਚਲਾ ਰਿਹਾ ਹੈ ਜੋ ਕਿਸੇ ਵਕਤ ਸਿਖ ਨੌਜੁਆਨਾਂ ਨੂੰ ਆਪ ਤਸ਼ੱਦਦ ਕਰਕੇ ਗੋਲੀਆਂ ਮਾਰਦਾ ਸੀ ।ਸ਼੍ਰੀ ਨਗਰ ਸਥਿਤ ਮਸਜਿਦ ਹਜ਼ਰਾਤ ਬਲ 'ਚੋਂ ਮੂਏ ਮੁਕੱਦਸ ਚੋਰੀ ਹੋਣ ਦੀ ਘਟਨਾ ਦਾ ਵਰਨਣ ਕਰਦਿਆਂ ਉਨ੍ਹਾਂ ਦੱਸਿਆਾਂ ਕਿ ਵਿਸ਼ਵ ਭਰ ਦੇ ਮੁਸਲਮਾਨਾਂ ਨੇ ਇੱਕ ਸੁਰ ਹੋਕੇ ਹਿੰਦੁਸਤਾਨ ਦੀ ਨਹਿਰੂ ਸਰਕਾਰ ਹਿਲਾ ਦਿੱਤੀ ਸੀ ।ਉਸ ਵੇਲੇ ਸਿਰਫ ਮੂਏ ਮੁਕੱਦਸ ਚੋਰੀ ਹੋਇਆ ਸੀ ਤੇ ਸਰਕਾਰ ਹਿਲ ਗਈ ਸਾਡਾ ਗੁਰੂ ਚੋਰੀ ਹੋਇਆ ਤੇ ਅਸੀਂ ਇਨਸਾਫ ਲੱਭ ਰਹੇ ਹਾਂ ਕਿਉਂਕਿ ਅਸੀਂ ਏਕੇ ਦਾ ਇਖਲਾਕ ਨਹੀ ਪੈਦਾ ਕਰ ਸਕੇ ।ਐਡਵੋਕੇਟ ਨਵਕਿਰਨ ਸਿੰਘ ਨੇ ਕਿਹਾ ਕਿ ਅਸੀਂ ਹਰ ਮੁਸ਼ਕਿਲ ਲਈ ਆਰ.ਐਸ.ਐਸ. ਨੂਦੋਸ਼ੀ ਠਹਿਰਾ ਦਿੰਦੇ ਹਾਂ ਲੇਕਿਨ ਅਸ਼ੀਂ ਖੁਦ ਹੀ ਆਪਣੀ ਰਹਿਤ ਮਰਿਆਦਾ ਤੇ ਪ੍ਰੰਪਰਾਵਾਂ ਤੋਂ ਪਿਛੇ ਹੱਟ ਰਹੇ ਹਾਂ । ਖੁਦ ਨੂੰ ਪੁਜਾਰੀ ਗੁਰੂ ਗ੍ਰੰਥ ਸਾਹਿਬ ਦੇ ਦਸਦੇ ਹਾਂ ਤੇ ਮਾਨਤਾ ਡੇਰੇਦਾਰਾਂ ਨੂੰ ਦੇ ਰਹੇ ਹਾਂ ।ਅਸੀਂ ਕਦੇ ਮਿਲ ਬੈਠਣ ਦੀ ਕੋਸ਼ਿਸ਼ ਹੀ ਨਹੀ ਕੀਤੀ।ਨਰੈਣ ਸਿੰਘ ਚੌੜਾ ਨੇ ਕਿਹਾ ਕਿ ਦਪੇਸ਼ ਮਸਲਿਆਂ ਦੇ ਹੱਲ ਲਈ ਸਟੇਟ ਦੀ ਨੀਤੀ ਨੂੰ ਸਮਝਣ ਦੀ ਜਰੂਰਤ ਹੈ ਜਿਸ ਪ੍ਰਤੀ ਅਸੀਂ ਅਜੇ ਵੀ ਸੁਚੇਤ ਨਹੀ ਹਾਂ।ਭਾਈ ਹਰਜਿੰਦਰ ਸਿੰਘ ਮਾਝ ਿਨੇ ਕਿਹਾ ਕਿ ਬਿਨ੍ਹਾਂ ਕਿਸੇ ਸੋਚ ਵਿਚਾਰ ਦੇ ਹੀ ਸਿਰਫ ਚਿਹਰਿਆਂ ਦਾ ਹੀ ਵਿਰੋਧ ਨਾ ਕਰੀਏ ਬਲਕਿ ਨੀਤੀਆਂ ਵੇਖ ਕੇ ਵਿਰੋਧ ਕਰੀਏ ।ਐਡਵੋਕਟ ਅਮਰ ਸਿੰਘ ਚਾਹਲ ਨੇ ਵਿਚਾਰ ਰੱਖਦਿਆਂ ਇਤਿਰਾਜ ਜਿਤਾਇਆ ਕਿ ਪੰਥਕ ਅਸੈਂਬਲੀ ਦੇ ਰੂਪ ਵਿੱਚ ਅਸੀਂ ਇੱਕ ਹੋਰ ਧੜਾ ਕਾਇਮ ਕਰ ਰਹੇ ਹਾਂ ।ਜਿਹੜੇ ਲੋਕ ਇਸ ਅਸੈਂਬਲੀ ਵਿੱਚ ਸ਼ਾਮਲ ਹਨ ਉਹ ਸਿੱਖ ਵਿਰੋਧੀ ਪਾਰਟੀ ਦੇ ਮੈਂਬਰ ਵੀ ਹਨ ।
  ਅਸੀਂ ਪੁਰਾਣੇ ਆਗੂਆਂ ਨੂੰ ਦਰਕਿਨਾਰ ਕਰਕੇ ਖੁਦ ਨੂੰ ਨਵਾਂ ਆਗੂ ਬਣਾਉਣ ਦੀ ਰਾਹ ਅਖਤਿਆਰ ਕਰ ਰਹੇ ਹਾਂ ਜਿਸਦਾ ਮੈਂ ਵਿਰੋਧੀ ਹਾਂ । ਵੈਸੇ ਤਾਂ ਸ੍ਰ: ਭੋਰ ਹਰ ਬੁਲਾਰੇ ਦੇ ਬੋਲਣ ਉਪਰੰਤ ਦੋ ਲਫਜ ਜਰੂਰ ਕਹਿੰਦੇ ਸਨ ਤੇ ਅਸੈਂਬਲੀ ਦਾ ਮਕਸਦ ਵੀ ਦਸਦੇ ਰਹੇ ਲੇਕਿਨ ਸ਼੍ਰ: ਚਾਹਲ ਦੇ ਵਿਚਾਰਾਂ ਬਾਅਦ ਉਨ੍ਹਾਂ ਵਿਸ਼ੇਸ਼ ਤੌਰ ਤੇ ਕਿਹਾ ਕਿ ਸਾਡਾ ਦਰਦ ਇਹੀ ਹੈ ਕਿ 40 ਸਾਲਾਂ ਤੋਂ ਲੜਨ ਵਾਲੇ ਆਗੂਆਂ ਨੇ ਸਾਡਾ ਦਰਦ ਨਹੀ ਵੰਡਾਇਆ ,ਪਰ ਅਸੀਂ ਤੁਹਾਡੇ ਵਿਚਾਰਾਂ ਦੀ ਵੀ ਕਦਰ ਕਰਦੇ ਹਾਂ।ਅਜ ਦੇ ਸ਼ੈਸ਼ਨ ਦੌਰਾਨ ਬੀਬੀ ਸੰਦੀਪ ਕੌਰ ਖਾਲਸਾ,ਭਾਈ ਸਰਬਜੀਤ ਸਿੰਘ ਧੂੰਦਾ, ਹਰਚਰਨਜੀਤ ਸਿੰਘ ਧਾਮੀ, ਸ੍ਰ:ਅਜਮੇਰ ਸਿੰਘ, ਸਰਬਜੀਤ ਸਿੰਘ ਘੁਮਾਣ, ਹਰਭਜਨ ਸਿੰਘ ਮੁੰਬਈ ਸਮੇਤ 30 ਦੇ ਕਰੀਬ ਬੁਲਾਰਿਆਂ ਨੇ ਵਿਚਾਰ ਰੱਖੇ ।

  ਤਪਾ ਮੰਡੀ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਦੀ ਕਾਰਜ ਪ੍ਰਣਾਲੀ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਦੇ ਕੁਝ ਮੈਂਬਰਾਂ ਵੱਲੋਂ ਦਿੱਤੇ ਅਸਤੀਫ਼ੇ ਬਗਾਵਤ ਦੀ ਨਿਸ਼ਾਨੀ ਨਹੀਂ ਸਗੋਂ ਇਹ ਉਨ੍ਹਾਂ ਮੈਂਬਰਾ ਦਾ ਨਿੱਜੀ ਫੈਸਲਾ ਹੈ। ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਅਸਤੀਫ਼ੇ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਅਸਤੀਫ਼ਾ ਕਿਸੇ ਦਬਾਅ ਕਾਰਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਨਵੇਂ ਜਥੇਦਾਰ ਦੀ ਚੋਣ ਦਾ ਫੈਸਲਾ 23 ਅਕਤੂਬਰ ਦੀ ਹੋਣ ਵਾਲੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਇਥੇ ਕਰਵਾਏ ਗਏ ਸੰਤ ਅਤਰ ਸਿੰਘ ਘੁੰਨਸ ਦੇ ਬਰਸੀ ਸਮਾਰੋਹ ਵਿਚ ਸ਼ਿਰਕਤ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਆਖਿਆ ਕਿ ਸੰਤਾਂ ਨੇ ਹਮੇਸ਼ਾ ਆਪਣਾ ਜੀਵਨ ਨਾਮ ਸਿਮਰਨ ਅਤੇ ਲੋਕ ਸੇਵਾ ਦੇ ਲੇਖੇ ਲਾਇਆ ਸੀ।

  ਅੰਮ੍ਰਿਤਸਰ - ਰੇਲ ਰਾਜ ਮੰਤਰੀ ਦੇ ਦੌਰੇ ਤੋਂ ਬਾਅਦ ਉੱਤਰੀ ਰੇਲਵੇ ਵਿਭਾਗ ਦੇ ਕਈ ਸੀਨੀਅਰ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਅਧਿਕਾਰੀਆਂ ਨੇ ਰੇਲਵੇ ਨੇ ਅੰਮ੍ਰਿਤਸਰ ਰੇਲ ਹਾਦਸੇ ਦੀ ਜਾਂਚ ਕਰਾਉਣ ਤੋਂ ਨਾਂਹ ਕਰ ਦਿੱਤੀ ਹੈ। ਇਸੇ ਦੌਰਾਨ ਜੀਆਰਪੀ ਨੇ ਰੇਲ ਲਾਈਨਾਂ ਗ਼ੈਰ ਕਾਨੂੰਨੀ ਢੰਗ ਨਾਲ ਪਾਰ ਕਰਨ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
  ਫਿਰੋਜ਼ਪੁਰ ਮੰਡਲ ਦੇ ਡਿਵੀਜ਼ਨਲ ਰੇਲਵੇ ਮੈਨੇਜਰ (ਡੀਆਰਐਮ) ਵਿਵੇਕ ਕੁਮਾਰ ਨੇ ਆਖਿਆ ਕਿ ਰੇਲ ਵਿਭਾਗ ਵੱਲੋਂ ਹਾਦਸੇ ਦੀ ਕੋਈ ਜਾਂਚ ਨਹੀਂ ਕਰਵਾਈ ਜਾ ਰਹੀ। ਉਨ੍ਹਾਂ ਆਖਿਆ ਕਿ ਬੀਤੀ ਰਾਤ ਵੱਡੀ ਗਿਣਤੀ ਵਿੱਚ ਲੋਕ ਰੇਲ ਪੱਟੜੀਆਂ ’ਤੇ ਖੜ੍ਹੇ ਸਨ, ਜੋ ਕਿ ਗੈਰ ਕਾਨੂੰਨੀ ਢੰਗ ਨਾਲ ਰੇਲਵੇ ਪਟੜੀਆਂ ਨੂੰ ਪਾਰ ਕਰਨ ਦਾ ਮਾਮਲਾ ਹੈ। ਡੀਐੱਮਯੂ ਰੇਲ ਗੱਡੀ ਦੇ ਡਰਾਈਵਰ ਬਾਰੇ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਇਸ ਮਾਮਲੇ ਵਿੱਚ ਡਰਾਈਵਰ ਦਾ ਕੋਈ ਦੋਸ਼ ਨਹੀਂ ਹੈ। ਡਰਾਈਵਰ ਨੇ ਜਦੋਂ ਰੇਲ ਪੱਟੜੀ ’ਤੇ ਲੋਕਾਂ ਦੀ ਭੀੜ ਦੇਖੀ ਤਾਂ ਉਸ ਨੇ ਰੇਲ ਗੱਡੀ ਦੀ ਬਰੇਕ ਲਾਈ, ਜਿਸ ਨਾਲ ਉਸ ਦੀ ਰਫ਼ਤਾਰ ਘੱਟ ਕੇ 68 ਕਿਲੋਮੀਟਰ ਪ੍ਰਤੀ ਘੰਟਾ ਆ ਗਈ ਸੀ ਪਰ ਇਸ ਦੌਰਾਨ ਉਹ ਇਸ ਰੇਲ ਹਾਦਸੇ ਨੂੰ ਵਾਪਰਨ ਤੋਂ ਰੋਕਣ ਵਿੱਚ ਅਸਮਰਥ ਸੀ।
  ਰੇਲ ਅਧਿਕਾਰੀਆਂ ਨੇ ਮੀਡੀਆ ਵੱਲੋਂ ਪੁੱਛੇ ਜਾਣ ‘ਤੇ ਵੀ ਰੇਲ ਗੱਡੀ ਦੇ ਚਾਲਕ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਜੌੜਾ ਫਾਟਕ ਬੰਦ ਕਰਨ ਵਾਲਾ ਕਰਮਚਾਰੀ ਵੀ ਅੱਜ ਗ਼ੈਰ-ਹਾਜ਼ਰ ਸੀ।
  ਇਸੇ ਦੌਰਾਨ ਜੀਆਰਪੀ ਦੇ ਐੱਸਐੱਚਓ ਬਲਵੀਰ ਸਿੰਘ ਘੁੰਮਣ ਨੇ ਦੱਸਿਆ ਕਿ ਗੋਲਡਨ ਐਵੇਨਿਊ ਪੁਲੀਸ ਚੌਕੀ ਦੇ ਇੰਚਾਰਜ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਰੇਲ ਪਟੜੀਆਂ ਤੇ ਆਉਣ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਬੀਤੇ ਕੱਲ ਵਾਪਰੇ ਰੇਲ ਹਾਦਸੇ ਤੋਂ ਬਾਅਦ ਅੱਜ ਇਥੇ ਅੰਮ੍ਰਿਤਸਰ ਦਾ ਰੇਲਵੇ ਸਟੇਸ਼ਨ ਪੁਲੀਸ ਛਾਉਣੀ ਵਿਚ ਤਬਦੀਲ ਹੋਇਆ ਸੀ। ਰੇਲ ਰਾਜ ਮੰਤਰੀ ਮਨੋਜ ਸ਼ਰਮਾ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਜਿਸ ਰੇਲ ਗੱਡੀ ਹੇਠਾਂ ਆਉਣ ਕਾਰਨ ਲੋਕਾਂ ਦੀ ਮੌਤ ਹੋਈ ਹੈ, ਉਸ ਦੇ ਡਰਾਈਵਰ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।
  ਇਸੇ ਦੌਰਾਨ ਰੇਲਵੇ ਬੋਰਡ ਦੇ ਚੇਅਰਮੈਨ ਅਸ਼ਵਨੀ ਲੋਹਾਨੀ ਨੇ ਕਿਹਾ ਕਿ ਰੇਲਵੇ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਇਸ ਥਾਂ ’ਤੇ ਦਸਹਿਰੇ ਦਾ ਸਮਾਗਮ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਥਾਂ ’ਤੇ ਇਹ ਹਾਦਸਾ ਵਾਪਰਿਆ ਉਹ ਅੰਮ੍ਰਿਤਸਰ ਤੇ ਮਾਨਾਂਵਾਲਾ ਵਿਚਾਲੇ ਪੈਂਦੀ ਹੈ ਤੇ ਇੱਥੇ ਰੇਲ ਗੱਡੀ ਆਪਣੀ ਰਫ਼ਤਾਰ ਨਾਲ ਜਾ ਰਹੀ ਸੀ ਤੇ ਲੋਕਾਂ ਨੂੰ ਇਸ ਦਾ ਪਤਾ ਨਾ ਲੱਗ ਸਕਿਆ। ਇੱਥੇ ਰੇਲਵੇ ਫਾਟਕਾਂ ਤੋਂ 400 ਮੀਟਰ ਦੂਰ ਰੇਲਵੇ ਦਾ ਸਟਾਫ ਤਾਇਨਾਤ ਸੀ ਜਿਸ ਦੀ ਜ਼ਿੰਮੇਵਾਰੀ ਆਵਾਜਾਈ ਨੂੰ ਕੰਟਰੋਲ ਕਰਨਾ ਸੀ ਅਤੇ ਜੇਕਰ ਡਰਾਈਵਰ ਰੇਲ ਦੀ ਐਮਰਜੈਂਸੀ ਬਰੇਕ ਲਗਾ ਵੀ ਦਿੰਦਾ ਤਾਂ ਇਸ ਤੋਂ ਵੀ ਵੱਡਾ ਹਾਦਸਾ ਹੋ ਸਕਦਾ ਸੀ।

  ਅੰਮ੍ਰਿਤਸਰ - ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਰੇਲ ਹਾਦਸੇ ਵਾਲੀ ਥਾਂ, ਸ਼ਮਸ਼ਾਨਘਾਟ ਤੇ ਹਸਪਤਾਲਾਂ ਦਾ ਦੌਰਾ ਕਰਨ ਮਗਰੋਂ ਰੇਲ ਹਾਦਸੇ ਲਈ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਨ ਅਤੇ ਕੈਬਨਿਟ ’ਚੋਂ ਬਰਖ਼ਾਸਤ ਕਰਨ ਦੀ ਮੰਗ ਕੀਤੀ। ਅਕਾਲੀ ਆਗੂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪ੍ਰਤੀ ਵਿਅਕਤੀ ਇਕ ਕਰੋੜ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਵੀ ਕੀਤੀ।
  ਅੱਜ ਬਾਅਦ ਦੁਪਹਿਰ ਸ੍ਰੀ ਬਾਦਲ ਨੇ ਰੇਲ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ। ਉਨ੍ਹਾਂ ਨਾਲ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੀ ਸਨ। ਉਹ ਦੁਰਗਿਆਣਾ ਮੰਦਿਰ ਦੇ ਸ਼ਮਸ਼ਾਨਘਾਟ ਵੀ ਗਏ, ਜਿੱਥੇ ਲਾਸ਼ਾਂ ਦਾ ਸਸਕਾਰ ਕੀਤਾ ਜਾ ਰਿਹਾ ਸੀ। ਉਨ੍ਹਾਂ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਣ ਲਈ ਉਹ ਗੁਰੂ ਨਾਨਕ ਦੇਵ ਹਸਪਤਾਲ ਵੀ ਗਏ। ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਖਿਆ ਕਿ ਉਹ ਰੇਲ ਹਾਦਸੇ ’ਤੇ ਕੋਈ ਸਿਆਸਤ ਨਹੀਂ ਕਰ ਰਹੇ ਹਨ, ਉਹ ਸਿਰਫ਼ ਉਹੀ ਗੱਲ ਕਰ ਰਹੇ ਹਨ, ਜੋ ਲੋਕਾਂ ਦੀ ਆਵਾਜ਼ ਹੈ। ਉਨ੍ਹਾਂ ਨੇ ਸਰਕਾਰ ਵੱਲੋਂ ਕਰਵਾਈ ਜਾਣ ਵਾਲੀ ਜਾਂਚ ਨੂੰ ਮੂਲੋਂ ਰੱਦ ਕਰਦਿਆਂ ਆਖਿਆ ਕਿ ਸਰਕਾਰੀ ਅਧਿਕਾਰੀ ਆਪਣੀ ਸਰਕਾਰ ਦੀ ਮਨਸ਼ਾ ਮੁਤਾਬਿਕ ਹੀ ਜਾਂਚ ਕਰਨਗੇ, ਇਸ ਲਈ ਹਾਦਸੇ ਦੀ ਜਾਂਚ ਸੂਬੇ ਤੋਂ ਬਾਹਰ ਕਿਸੇ ਨਿਰਪੱਖ ਏਜੰਸੀ ਤੋਂ ਹੋਣੀ ਚਾਹੀਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦਰਜਨ ਭਰ ਪਰਿਵਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਜੀਅ ਅਜੇ ਵੀ ਲਾਪਤਾ ਹਨ।
  ਸ੍ਰੀ ਬਾਦਲ ਨੇ ਦੋਸ਼ ਲਾਇਆ ਕਿ ਕੈਪਟਨ ਸਰਕਾਰ ਇਸ ਮਾਮਲੇ ਵਿਚ ਦੋਸ਼ੀਆਂ ਨੂੰ ਬਚਾਉਣ ਦਾ ਯਤਨ ਕਰ ਰਹੀ ਹੈ ਤੇ ਹਾਦਸੇ ਨੂੰ ਕੁਦਰਤੀ ਹਾਦਸਾ ਠਹਿਰਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਲਈ ਸਮਾਗਮ ਦੇ ਪ੍ਰਬੰਧਕ ਤੇ ਪ੍ਰਸ਼ਾਸਨ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਹ ਦਸਹਿਰਾ ਸਮਾਗਮ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਹਾਮੀ ਨਾਲ ਕਾਂਗਰਸੀ ਆਗੂਆਂ ਵੱਲੋਂ ਇਸ ਸਥਾਨ ’ਤੇ ਕਰਾਇਆ ਗਿਆ, ਜਿਸ ਬਾਰੇ ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਨੇ ਕਿਸੇ ਤਰ੍ਹਾਂ ਦੀ ਇਜਾਜ਼ਤ ਲੈਣ ਦੀ ਗੱਲ ਕੀਤੀ ਹੈ। ਪ੍ਰਬੰਧਕਾਂ ਨੇ ਸਮਾਗਮ ਸਬੰਧੀ ਇਜਾਜ਼ਤ ਲੈਣੀ ਜ਼ਰੂਰੀ ਨਹੀਂ ਸਮਝੀ। ਉਨ੍ਹਾਂ ਆਖਿਆ ਕਿ ਪ੍ਰਬੰਧਕਾਂ ਵਲੋਂ ਬਣਾਏ ਬੋਰਡਾਂ ’ਤੇ ਸਿੱਧੂ ਜੋੜੇ ਦੇ ਨਾਂ ਦੇਖੇ ਜਾ ਸਕਦੇ ਹਨ। ਸ੍ਰੀ ਬਾਦਲ ਨੇ ਆਖਿਆ ਕਿ ਰਾਤੋ-ਰਾਤ ਹਾਦਸੇ ਵਾਲੀ ਥਾਂ ਨੂੰ ਸਾਫ਼ ਕਰ ਦਿੱਤਾ ਗਿਆ ਹੈ ਤੇ ਇੱਥੋਂ ਸਬੂਤਾਂ ਨੂੰ ਮਿਟਾਉਣ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਅਕਾਲੀ ਦਲ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਭਵ ਯਤਨ ਕਰੇਗਾ।

  ਅੰਮ੍ਰਿਤਸਰ - ਇੱਥੇ ਦੇਰ ਸ਼ਾਮ ਧੋਬੀ ਘਾਟ ਨੇੜਲੇ ਜੌੜੇ ਫਾਟਕ ਨਜ਼ਦੀਕ ਰੇਲਵੇ ਲਾਈਨਾਂ ’ਤੇ ਖੜ੍ਹ ਕੇ ਨੇੜਲੇ ਮੈਦਾਨ ਵਿਚ ਦਸਹਿਰਾ ਵੇਖ ਰਹੇ ਲੋਕਾਂ ਦੇ ਰੇਲਗੱਡੀਆਂ ਹੇਠ ਆ ਜਾਣ ਕਾਰਨ 61 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 72 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਵੱਖ ਵੱਖ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ ਹੈ। ਜਦੋਂ ਹਾਦਸਾ ਵਾਪਰਿਆ ਉਦੋਂ ਜੋੜੇ ਫਾਟਕ ਨੇੜਲੇ ਮੈਦਾਨ ਵਿੱਚ ਤਿੰਨ ਸੌ ਦੇ ਕਰੀਬ ਲੋਕ ‘ਰਾਵਣ ਦਹਿਣ’ ਵੇਖ ਰਹੇ ਸਨ। ਡਿਪਟੀ ਕਮਿਸ਼ਨਰ ਕਮਲਦੀਪ ਸੰਘਾ ਨੇ ਹਾਦਸੇ ’ਚ 58 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਬੀਬੀਸੀ ਕੋਲ ਕਮਿਸ਼ਨਰ ਨੇ 62 ਮੌਤਾਂ ਹੋਣ ਦੀ ਜਾਣਕਾਰੀ ਦਿੱਤੀ ਹੈ।
  ਜਾਣਕਾਰੀ ਮੁਤਾਬਕ ਰਾਵਣ ਦਾ ਪੁਤਲਾ ਸਾੜਨ ਤੋਂ ਬਾਅਦ ਜਦੋਂ ਲੋਕ ਵਾਪਸ ਮੁੜਨ ਲੱਗੇ ਤਾਂ ਨੇੜੇ ਹੀ ਰੇਲ ਟਰੈਕ ’ਤੇ ਲੋਕ ਪਹਿਲਾਂ ਹੀ ਮੌਜੂਦ ਸਨ ਤੇ ਭੀੜ ਵੱਧ ਗਈ। ਇਸੇ ਦੌਰਾਨ ਦੋਵਾਂ ਪਾਸਿਓਂ ਤੋਂ ਰੇਲਗੱਡੀਆਂ ਆ ਗਈਆਂ ਤੇ ਲੋਕਾਂ ਨੂੰ ਬਚਾਅ ਦਾ ਮੌਕਾ ਨਾ ਮਿਲਣ ਕਰਕੇ ਵੱਡੀ ਗਿਣਤੀ ਲੋਕ ਜਲੰਧਰ ਤੋਂ ਅੰਮ੍ਰਿਤਸਰ ਆ ਰਹੀ ਰੇਲਗੱਡੀ ਹੇਠਾਂ ਆ ਗਏ। ਪੁਤਲਾ ਫੂਕਣ ਤੋਂ ਬਾਅਦ ਪਟਾਖ਼ਿਆਂ ਦੀ ਵੀ ਰੇਲਗੱਡੀਆਂ ਬਾਰੇ ਪਤਾ ਨਹੀਂ ਲੱਗ ਸਕਿਆ। ਪ੍ਰਸ਼ਾਸਨ ਨੇ ਹੁਣ ਤੱਕ 58 ਤੋਂ ਵੱਧ ਮੌਤਾਂ ਹੋਣ ਦੀ ਪੁਸ਼ਟੀ ਕੀਤੀ ਹੈ ਤੇ ਕਰੀਬ 72 ਵਿਅਕਤੀ ਜ਼ਖ਼ਮੀ ਵੀ ਹੋਏ ਹਨ। ਮ੍ਰਿਤਕਾਂ ਵਿਚ ਕਈ ਔਰਤਾਂ ਵੀ ਸ਼ਾਮਲ ਹਨ। ਹਾਦਸਾ ਐਨਾ ਭਿਆਨਕ ਸੀ ਕਿ ਗੱਡੀ ਥੱਲੇ ਆਉਣ ਵਾਲੇ ਲੋਕਾਂ ਦੇ ਅੰਗ ਰੇਲਵੇ ਟਰੈਕ ’ਤੇ ਥਾਂ-ਥਾਂ ਖਿੱਲਰੇ ਹੋਏ ਸਨ ਅਤੇ ਚੀਕ-ਚਿਹਾੜਾ ਪਿਆ ਹੋਇਆ ਸੀ।

  ਪ੍ਰਾਪਤ ਜਾਣਕਾਰੀ ਮੁਤਾਬਕ ਇਸ ਦਸਹਿਰਾ ਸਮਾਗਮ ਵਿਚ ਸਾਬਕਾ ਵਿਧਾਇਕ ਡਾ. ਨਵਜੋਤ ਕੌਰ ਸਿੱਧੂ ਨੇ ਸ਼ਿਰਕਤ ਕਰਨੀ ਸੀ। ਸਾਬਕਾ ਵਿਧਾਇਕਾ ਸਮਾਗਮ ਵਿਚ ਦੇਰ ਨਾਲ ਪੁੱਜੇ ਤੇ ਇਸ ਕਰਕੇ ਰਾਵਣ ਦੇ ਪੁਤਲੇ ਨੂੰ ਸਾੜਨ ਵਿਚ ਦੇਰ ਹੋ ਗਈ। ਜਾਣਕਾਰੀ ਮੁਤਾਬਕ ਘਟਨਾ ਵਾਪਰਨ ਵੇਲੇ ਕਰੀਬ 300 ਲੋਕ ਮੌਜੂਦ ਸਨ। ਲੋਕਾਂ ਮੁਤਾਬਕ ਘਟਨਾ ਵਾਪਰਨ ਸਮੇਂ ਕਾਫ਼ੀ ਹਨੇਰਾ ਹੋ ਚੁੱਕਾ ਸੀ ਤੇ ਹਾਦਸਾ ਮੌਕੇ ਵੱਡੀ ਗਿਣਤੀ ਮੌਤਾਂ ਦਾ ਇਹ ਵੀ ਇਕ ਕਾਰਨ ਹੈ। ਜਿਸ ਵੇਲੇ ਪੁਤਲੇ ਸਾੜੇ ਗਏ ਤਾਂ ਪਟਾਕਿਆਂ ਅਤੇ ਸਪੀਕਰ ਦੀ ਆਵਾਜ਼ ਦੌਰਾਨ ਰੇਲ ਪਟੜੀਆਂ ’ਤੇ ਖੜ੍ਹੇ ਲੋਕਾਂ ਨੂੰ ਰੇਲ ਗੱਡੀ ਦੇ ਆਉਣ ਬਾਰੇ ਪਤਾ ਹੀ ਨਹੀਂ ਲੱਗਾ। ਇਕ ਰੇਲ ਗੱਡੀ ਅੰਮ੍ਰਿਤਸਰ ਹਾਵੜਾ ਮੇਲ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਜਾ ਰਹੀ ਸੀ ਤਾਂ ਦੂਜੀ ਰੇਲ ਗੱਡੀ ਜਲੰਧਰ ਤੋਂ ਅੰਮ੍ਰਿਤਸਰ ਡੀਐਮਯੂ ਆ ਰਹੀ ਸੀ। ਲੋਕਾਂ ਮੁਤਾਬਕ ਰੇਲ ਟਰੈਕ ’ਤੇ ਖੜੇ ਲੋਕਾਂ ਨੂੰ ਇਨ੍ਹਾਂ ਰੇਲ ਗੱਡੀਆਂ ਦੇ ਆਉਣ ਬਾਰੇ ਪਤਾ ਹੀ ਨਹੀਂ ਲੱਗਾ ਅਤੇ ਲੋਕ ਦੋਵੇਂ ਪਾਸੇ ਰੇਲ ਦਾ ਸ਼ਿਕਾਰ ਹੋ ਗਏ। ਵਧੇਰੇ ਲੋਕ ਡੀਐਮਯੂ ਗੱਡੀ ਦਾ ਸ਼ਿਕਾਰ ਹੋ ਗਏ। ਇਹ ਤੇਜ਼ ਗਤੀ ਰੇਲ ਗੱਡੀ ਕਈ ਲੋਕਾਂ ਨੂੰ ਕੁਚਲਦੀ ਹੋਈ ਆਪਣੇ ਨਾਲ ਹੀ ਘਸੀਟਦੀ ਹੋਈ ਲੈ ਗਈ। ਰੇਲ ਪਟੜੀਆਂ ’ਤੇ ਵੱਖ ਵੱਖ ਥਾਵਾਂ ’ਤੇ ਦੂਰ ਤਕ ਕੱਟੀਆਂ ਵੱਢੀਆਂ ਲਾਸ਼ਾਂ ਅਤੇ ਅੰਗ ਖਿਲਰੇ ਹੋਏ ਸਨ ਅਤੇ ਹਾਹਾਕਾਰ ਮਚੀ ਹੋਈ ਸੀ। ਮੌਕੇ ’ਤੇ ਐਂਬੂਲੈਂਸਾਂ ਦੇ ਹੂਟਰ ਅਤੇ ਲੋਕਾਂ ਦੀ ਕੁਰਲਾਹਟ ਦੀ ਆਵਾਜ਼ ਆ ਰਹੀ ਸੀ। ਪੁਲੀਸ ਕਮਿਸ਼ਨਰ ਐਸ ਐਸ ਸ੍ਰੀਵਾਸਤਵ ਤੇ ਹੋਰ ਪੁਲੀਸ ਅਧਿਕਾਰੀ ਤੇ ਜ਼ਿਲ੍ਹਾ ਅਧਿਕਾਰੀ ਘਟਨਾ ਸਥਾਨ ’ਤੇ ਪੁੱਜ ਗਏ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ। ਵੱਖ ਵੱਖ ਹਸਪਤਾਲਾਂ ਤੇ ਸੰਸਥਾਵਾਂ ਦੀਆਂ ਐਂਬੂਲੈਂਸਾਂ ਸੱਦੀਆਂ ਗਈਆਂ ਸਨ। ਪੁਲੀਸ ਕਰਮਚਾਰੀ ਲਾਸ਼ਾਂ ਨੂੰ ਚਾਦਰਾਂ ਆਦਿ ਵਿਚ ਲਪੇਟ ਕੇ ਲੈ ਜਾ ਰਹੇ ਸਨ। ਇਸੇ ਤਰ੍ਹਾਂ ਜ਼ਖਮੀਆਂ ਨੂੰ ਵੀ ਇਲਾਜ ਲਈ ਲੈ ਜਾਇਆ ਗਿਆ।

  ਘਟਨਾ ਦੀ ਜਾਣਕਾਰੀ ਮਿਲਣ ’ਤੇ ਸਿੱਖਿਆ ਮੰਤਰੀ ਓਪੀ ਸੋਨੀ ਪੁੱਜੇ, ਪਰ ਲੋਕਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ, ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਲੋਕਾਂ ਦੇ ਰੋਹ ਨੂੰ ਦੇਖਦਿਆਂ ਉਨ੍ਹਾਂ ਨੂੰ ਵਾਪਸ ਪਰਤਣਾ ਪਿਆ। ਇਸ ਦੌਰਾਨ ਪੁਲੀਸ ਕਮਿਸ਼ਨਰ ਸ੍ਰੀਵਾਸਤਵਾ ਵਲੋਂ ਲੋਕਾਂ ਨੂੰ ਸਹਿਯੋਗ ਦੀ ਵੀ ਅਪੀਲ ਕੀਤੀ ਗਈ। ਮੌਕੇ ਤੇ ਹਾਜ਼ਰ ਕ੍ਰਿਸ਼ਨ ਨਗਰ ਦੇ ਸ਼ੂਰਵੀਰ ਨੇ ਦੱਸਿਆ ਕਿ ਦੋ ਰੇਲ ਗੱਡੀਆਂ ਇਕੱਠੀਆਂ ਆਉਣ ਕਾਰਨ ਰੇਲ ਪਟੜੀਆਂ ਤੇ ਖੜੇ ਲੋਕ ਦੁਚਿੱਤੀ ਵਿਚ ਆ ਗਏ ਅਤੇ ਕੁਝ ਲੋਕ ਇਕ ਪਟੜੀ ਤੋਂ ਦੂਜੇ ਪਟੜੀ ਵਲ ਭੱਜੇ ਅਤੇ ਰੇਲ ਗੱਡੀਆਂ ਦਾ ਸ਼ਿਕਾਰ ਬਣ ਗਏ। ਜੱਜ ਨਗਰ ਦੇ ਵਾਸੀ ਗੁਲਜਾਰ ਸਿੰਘ ਨੇ ਆਖਿਆ ਕਿ ਪ੍ਰਬੰਧਕ ਇਸ ਘਟਨਾ ਲਈ ਜ਼ਿੰਮੇਵਾਰ ਹਨ, ਜਿਨ੍ਹਾਂ ਦਸਹਿਰਾ ਸਮਾਗਮ ਨੂੰ ਦੇਰ ਨਾਲ ਸ਼ੁਰੂ ਕੀਤਾ ਹੈ। ਘਟਨਾ ਤੋਂ ਬਾਅਦ ਮੈਡੀਕਲ ਮਦਦ ਵਾਸਤੇ ਭੇਜੀ ਗਈ ਰੇਲ ਗੱਡੀ ਉਸ ਵੇਲੇ ਲੋਕਾਂ ਦੇ ਰੋਹ ਦਾ ਸ਼ਿਕਾਰ ਹੋ ਗਈ ਜਦੋਂ ਲੋਕਾਂ ਨੇ ਇਸ ਰੇਲ ਗੱਡੀ ਦੀ ਭੰਨ ਤੋੜ ਕੀਤੀ। ਰੇਲ ਗੱਡੀ ਦਾ ਡਰਾਈਵਰ ਉਸ ਨੂੰ ਵਾਪਸ ਲੈ ਕੇ ਚਲਾ ਗਿਆ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਵੀ ਮ੍ਰਿਤਕਾਂ ਅਤੇ ਜ਼ਖਮੀਆਂ ਦੇ ਵਾਰਸਾਂ ਨੇ ਗੁੱਸੇ ਵਿਚ ਹਸਪਤਾਲ ਦੀਆਂ ਦਰਵਾਜ਼ੇ ਅਤੇ ਖਿੜਕੀਆਂ ਦੇ ਸ਼ੀਸ਼ੇ ਭੰਨ ਦਿੱਤੇ। ਮੌਕੇ ’ਤੇ ਪੁੱਜੇ ਐਮਪੀ ਗੁਰਜੀਤ ਸਿੰਘ ਔਜਲਾ ਨੇ ਲੋਕਾਂ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ, ਪਰ ਲੋਕ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਅ ਰਹੇ ਸਨ।

  ਲੋਕਾਂ ਨੇ ਦੋਸ਼ ਲਾਇਆ ਕਿ ਰੇਲ ਟਰੈਕ ਨੇੜੇ ਅਜਿਹੇ ਸਮਾਗਮ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ, ਲਿਹਾਜ਼ਾ ਪ੍ਰਬੰਧਕਾਂ ਖਿਲਾਫ ਕਤਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ। ਲੋਕਾਂ ਨੇ ਸਾਬਕਾ ਵਿਧਾਇਕਾ ਡਾ. ਸਿੱਧੂ ਖਿਲਾਫ ਵੀ ਕੇਸ ਦਰਜ ਕਰਨ ਦੀ ਮੰਗ ਕੀਤੀ। ਪ੍ਰਸ਼ਾਸਨ ਵੱਲੋਂ ਲਾਈਟ ਦਾ ਪ੍ਰਬੰਧ ਨਾ ਕੀਤੇ ਜਾਣ ਕਰਕੇ ਹਾਦਸੇ ਵਾਲੀ ਥਾਂ ਹਨੇਰਾ ਪਸਰਿਆ ਹੋਇਆ ਸੀ। ਦਸਹਿਰਾ ਸਮਾਗਮ ਕੌਂਸਲਰ ਬੀਬੀ ਵਿਜੈ ਮਦਾਨ ਦੇ ਪੁੱਤਰ ਮਿੱਠੂ ਮਦਾਨ ਵੱਲੋਂ ਰਚਾਿੲਆ ਗਿਆ ਸੀ। ਇਹ ਹਾਦਸਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਹਲਕੇ ਅੰਮਿ੍ਰਤਸਰ (ਪੂਰਬੀ) ’ਚ ਵਾਪਰਿਆ ਹੈ।
  ਖ਼ਬਰ ਲਿਖੇ ਜਾਣ ਤਕ ਜ਼ਿਲ੍ਹਾ ਪ੍ਰਸ਼ਾਸਨ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਪਹੁੰਚਾਉਣ ਵਿਚ ਜੁਟਿਆ ਹੋਇਆ ਸੀ ਤੇ ਲਾਸ਼ਾਂ ਨੂੰ ਟਰੈਕ ਤੋਂ ਚੁੱਕ ਕੇ ਸਾਂਭਿਆ ਜਾ ਰਿਹਾ ਸੀ। ਰੇਲ ਵਿਭਾਗ ਨੇ ਪੀੜਤਾਂ ਦੇ ਰਿਸ਼ਤੇਦਾਰਾਂ ਲਈ ਹੈਲਪਲਾਈਨ ਨੰਬਰ 0183-2223171 ਅਤੇ 0183-2564485 ਜਾਰੀ ਕੀਤੇ ਹਨ। ਰੇਲਵੇ ਨੇ ਕਿਹਾ ਹੈ ਕਿ ਇਹ ਸਪਸ਼ਟ ਤੌਰ ਉੱਤੇ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੂੰ ਸਮਾਗਮ ਬਾਰੇ ਪਤਾ ਸੀ ਕਿਉਂਕਿ ਸਮਾਗਮ ਵਿਚ ਇੱਕ ਸਥਾਨਕ ਮੰਤਰੀ ਦੀ ਪਤਨੀ ਨੇ ਸ਼ਾਮਲ ਹੋਣਾ ਸੀ ਪਰ ਰੇਲਵੇ ਕੋਲੋਂ ਪ੍ਰਵਾਨਗੀ ਨਹੀਂ ਲਈ ਗਈ ਸੀ। ਇਸ ਮੌਕੇ ਕੇਂਦਰੀ ਰੇਲ ਰਾਜ ਮੰਤਰੀ ਮਨੋਜ ਸਿਨਹਾ ਨੇ ਰਾਤ ਨੂੰ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਰੇਲਗੱਡੀ ਦੇ ਡਰਾਿੲਵਰ ਨੂੰ ਕੋਈ ਹੁਕਮ ਨਹੀਂ ਸਨ। ਉਨ੍ਹਾਂ ਦੇ ਨਾਲ ਸੰਸਦ ਮੈਂਬਰ ਸ਼ਵੇਤ ਮਲਿਕ ਤੇ ਤਰੁਣ ਚੁੱਘ ਵੀ ਮੌਜੂਦ ਸਨ।
  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਸਹਿਰੇ ਦੇ ਦਿਨ ਰਾਵਣ ਦਹਿਨ ਮੌਕੇ ਅੰਮ੍ਰਿਤਸਰ ਵਿਚ ਵਾਪਰੇ ਰੇਲ ਹਾਦਸੇ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਤੁਰੰਤ ਸਹਾਇਤਾ ਪਹੁੰਚਾਉਣ ਦੇ ਹੁਕਮ ਦਿੱਤੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਲ ਹਾਦਸੇ ਦੇ ਮ੍ਰਿਤਕਾਂ ਦੇ ਵਾਰਸਾਂ ਨੂੰ ਦੋ ਦੋ ਲੱਖ ਰੁਪਏ ਤੇ ਜ਼ਖ਼ਮੀਆਂ ਨੂੰ ਪੰਜਾਹ ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਰੇਲਵੇ ਮੰਤਰੀ ਪਿਊਸ਼ ਗੋਇਲ ਅਤੇ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੀ ਰੇਲ ਹਾਦਸੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਰੇਲਵੇ ਮੰਤਰੀ ਪਿਊਸ਼ ਗੋਇਲ ਨੇ ਅਮਰੀਕਾ ਤੋਂ ਟਵੀਟ ਕਰਕੇ ਦੱਸਿਆ ਕਿ ਰੇਲਵੇ ਦੇ ਸੀਨੀਅਰ ਅਧਿਕਾਰੀ ਘਟਨਾ ਸਥਾਨ ਲਈ ਰਵਾਨਾ ਹੋ ਚੁੱਕੇ ਹਨ ਤੇ ਰਾਹਤ ਕਾਰਜ ਤੁਰੰਤ ਪ੍ਰਭਾਵ ਵੱਡੀ ਪੱਧਰ ਉੱਤੇ ਆਰੰਭੇ ਗਏ ਹਨ। ਰੇਲਵੇ ਬੋਰਡ ਦੇ ਚੇਅਰਮੈਨ ਅਸ਼ਵਨੀ ਲੋਹਾਨੀ ਅਤੇ ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਵਿਸ਼ਵੇਸ਼ ਚਾਓਬੇ ਵੀ ਘਟਨਾ ਸਥਾਨ ਉੱਤੇ ਪੁੱਜ ਰਹੇ ਹਨ।
  ਉਨ੍ਹਾਂ ਅਧਿਕਾਰੀਆਂ ਨੂੰ ਤੁਰੰਤ ਸਹਾਇਤਾ ਪਹੁੰਚਾਉਣ ਦੇ ਹੁਕਮ ਦਿੱਤੇ ਹਨ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਰੇਲ ਹਾਦਸੇ ਲਈ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ,‘ ਮੈਂ ਪੰਜਾਬ ਵਿਚ ਵਾਪਰੇ ਰੇਲ ਹਾਦਸੇ ਤੋਂ ਬੇਹੱਦ ਦੁਖੀ ਹਾਂ ਤੇ ਇਸ ਘੜੀ ਦੁੱਖ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਮੈਂ ਜ਼ਖਮੀਆਂ ਦੀ ਜਲਦੀ ਤੰਦਰੁਸਤੀ ਲਈ ਦੁਆ ਕਰਦਾ ਹਾਂ।’ ਉਨ੍ਹਾਂ ਕਿਹਾ ਕਿ ਪੰਜਾਬ ਦੇ ਗ੍ਰਹਿ ਸਕੱਤਰ ਅਤੇ ਪੁਲੀਸ ਮੁਖੀ ਘਟਨਾ ਸਥਾਨ ਉੱਤੇ ਭੇਜੇ ਗਏ ਹਨ।

  ਹਾਦਸੇ ਉੱਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਗੋਇਲ ਨੇ ਅਮਰੀਕਾ ਤੋਂ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਨੂੰ ਮ੍ਰਿਤਕਾਂ ਦੇ ਪਰਿਵਾਰਾਂ, ਜਿਨ੍ਹਾਂ ਨੇ ਦਸਹਿਰੇ ਦੇ ਦਿਨ ਆਪਣੇ ਸਕੇ ਸਬੰਧੀ ਗਵਾ ਲਏ ਹਨ, ਨਾਲ ਦਿਲੀ ਤੌਰ ਉੱਤੇ ਹਮਦਰਦੀ ਹੈ। ਉਹ ਨਿਜੀ ਤੌਰ ਉੱਤੇ ਇਸ ਦੀ ਦੁੱਖ ਦੀ ਘੜੀ ਵਿਚ ਹਾਦਸੇ ਦੇ ਪੀੜਤਾਂ ਨਾਲ ਹਮਦਰਦੀ ਪ੍ਰਗਟ ਕਰਦੇ ਹਨ। ਇਸ ਦੌਰਾਨ ਹੀ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਰੇਲ ਹਾਦਸੇ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
   ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਵਿਚ ਦਸਹਿਰੇ ਮੌਕੇ ਵਾਪਰੇ ਭਿਆਨਕ ਰੇਲ ਹਾਦਸੇ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਮ੍ਰਿਤਕਾਂ ਦੇ ਆਸ਼ਰਿਤਾਂ ਨੂੰ ਸਹਾਇਤਾ ਵਜੋਂ ਪੰਜ ਪੰਜ ਲੱਖ ਰੁਪਏ ਦੇਣ ਅਤੇ ਜ਼ਖ਼ਮੀਆਂ ਦੇ ਮੁਫ਼ਤ ਇਲਾਜ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਆਪਣਾ ਇਜ਼ਰਾਈਲ ਦੌਰਾ ਫਿਲਹਾਲ ਟਾਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਖ਼ੁਦ ਵੀ ਅੰਮ੍ਰਿਤਸਰ ਜਾ ਕੇ ਸਹਾਇਤਾ ਪ੍ਰਬੰਧਾਂ ਦਾ ਜਾਇਜ਼ਾ ਲੈਣਗੇ। ਮੁੱਖ ਮੰਤਰੀ ਭਲਕੇ ਸਥਿਤੀ ਦਾ ਜਾਇਜ਼ਾ ਲੈਣ ਲਈ ਅੰਮਿ੍ਰਤਸਰ ਜਾਣਗੇ

  ਅੰਮ੍ਰਿਤਸਰ ਵਿਚ ਦਸਹਿਰੇ ਦੇ ਦਿਨ ਵਾਪਰੇ ਭਿਆਨਕ ਰੇਲ ਹਾਦਸੇ, ਜਿਸ ਵਿਚ 57 ਤੋਂ ਵੱਧ ਲੋਕ ਮਾਰੇ ਗਏ ਹਨ, ਉੱਤੇ ਦੁੱਖ ਪ੍ਰਗਟਾਉਂਦਿਆਂ ਪੰਜਾਬ ਸਰਕਾਰ ਨੇ ਸਰਕਾਰੀ ਪੱਧਰ ਉੱਤੇ ਸੋਗ ਦਾ ਐਲਾਨ ਕੀਤਾ ਹੈ। ਸੂਬੇ ਵਿਚ 20 ਅਕਤੂਬਰ ਨੂੰ ਸਾਰੇ ਸਰਕਾਰੀ ਅਦਾਰੇ ਅਤੇ ਸਿੱਖਿਆ ਸੰਸਥਾਵਾਂ ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ।

  ਇਸ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ‘ਆਪ’ ਆਗੂਆਂ ਭਗਵੰਤ ਮਾਨ ਤੇ ਹਰਪਾਲ ਚੀਮਾ, ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੁਖਦੇਵ ਸਿੰਘ ਢੀਂਡਸਾ ਨੇ ਰੇਲ ਹਾਦਸੇ ’ਤੇ ਦੁੱਖ ਪ੍ਰਗਟਾਇਆ ਹੈ। ਇਨ੍ਹਾਂ ਆਗੂਆਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਨੂੰ ਦਿੱਤਾ ਜਾਣ ਵਾਲਾ ਮੁਆਵਜ਼ਾ ਵਧਾਇਆ ਜਾਵੇ ਤੇ ਵਾਰਸਾਂ ਨੂੰ ਨੌਕਰੀਆਂ ਦਿੱਤੀਆਂ ਜਾਣ। ਉਧਰ ਅਕਾਲੀ ਦਲ ਦੇ ਪ੍ਰਧਾਨ ਪ੍ਰਧਾਨ ਸੁਖਬੀਰ ਬਾਦਲ ਨੇ ਸ਼੍ਰੋਮਣੀ ਕਮੇਟੀ ਨੂੰ ਲੋੜੀਂਦੇ ਪ੍ਰਬੰਧ ਤੇ ਪੀੜਤਾਂ ਦੀ ਹਰ ਸੰਭਵ ਮਦਦ ਕਰਨ ਲਈ ਕਿਹਾ ਹੈ।
  -ਟ੍ਰਿਬਿਊਨ ਨਿਊਜ਼ ਸਰਵਿਸ

  ਅੰਮ੍ਰਿਤਸਰ ਵਿੱਚ ਵਾਪਰੇ ਰੇਲ ਹਾਦਸੇ ਮਗਰੋਂ ਜਲੰਧਰ-ਅੰਮ੍ਰਿਤਸਰ ਰੇਲ ਮਾਰਗ ’ਤੇ ਗੱਡੀਆਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਕੁਝ ਗੱਡੀਆਂ ਨੂੰ ਜਿੱਥੇ ਬਦਲਵੇਂ ਰੂਟਾਂ ਰਾਹੀਂ ਤੋਰ ਦਿੱਤਾ ਗਿਆ ਹੈ, ਉਥੇ ਕਈ ਗੱਡੀਆਂ ਜਲੰਧਰ ਰੇਲਵੇ ਸਟੇਸ਼ਨ ’ਤੇ ਰੋਕ ਦਿੱੱਤੀਆਂ ਗਈਆਂ ਹਨ। ਇਸ ਦੌਰਾਨ ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਹਾਦਸੇ ਵਿੱਚ ਫ਼ੌਤ ਹੋਏ ਲੋਕ ਮੁਸਾਫ਼ਰ ਨਹੀਂ ਸਨ ਅਤੇ ਜਦੋਂ ਹਾਦਸਾ ਵਾਪਰਿਆ ਉਹ ਕਾਨੂੰਨ ਦੀ ਉਲੰਘਣਾ ਕਰਦਿਆਂ ਰੇਲ ਲਾਈਨਾਂ ਪਾਰ ਕਰ ਰਹੇ ਸਨ, ਲਿਹਾਜ਼ਾ ਉਹ ਮੁਆਵਜ਼ੇ ਦੇ ਹੱਕਦਾਰ ਨਹੀਂ ਹਨ। ਇਸ ਦੌਰਾਨ ਰੇਲ ਮੰਤਰੀ ਪਿਊਸ਼ ਗੋਇਲ ਜੋ ਇਸ ਵੇਲੇ ਅਮਰੀਕਾ ਵਿੱਚ ਹਨ, ਰੇਲ ਹਾਦਸੇ ਦੇ ਪੀੜਤਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਦੁਆ ਕਰਨਗੇ ਕਿ ਜ਼ਖ਼ਮੀ ਜਲਦੀ ਸਿਹਤਯਾਬ ਹੋਣ। ਉਂਜ ਉਨ੍ਹਾਂ ਕਿਹਾ ਕਿ ਰੇਲਵੇ ਵੱਲੋਂ ਹਾਦਸੇ ਦੇ ਪੀੜਤਾਂ ਲਈ ਫ਼ੌਰੀ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।

  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਕਮੇਟੀ ਰੇਲ ਹਾਦਸੇ ਦੇ ਜ਼ਖ਼ਮੀਆਂ ਦਾ ਮੁਫ਼ਤ ਇਲਾਜ ਕਰਾਏਗੀ। ਕਮੇਟੀ ਦੇ ਮੁਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵੱਲਾ ਵਿਚ ਜ਼ਖਮੀਆਂ ਦੇ ਮੁਫ਼ਤ ਇਲਾਜ ਲਈ ਪ੍ਰਬੰਧ ਕੀਤਾ ਗਿਆ ਹੈ। ਜ਼ਖਮੀਆਂ ਨੂੰ ਹਸਪਤਾਲ ਤਕ ਲਿਆਉਣ ਲਈ ਗੁਰੂ ਰਾਮਦਾਸ ਮੈਡੀਕਲ ਕਾਲਜ ਤੋਂ ਐਂਬੂਲੈਂਸਾਂ ਭੇਜੀਆਂ ਗਈਆਂ ਹਨ ਅਤੇ ਹੰਗਾਮੀ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

   

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com