ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਨਵੀਂ ਦਿੱਲੀ - ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਤੋਂ ਬਹੁਤੇ ਤੇ ਦਿੱਲੀ ਤੋਂ ਬਹੁਤ ਹੀ ਘੱਟ ਆਏ ਅਕਾਲੀ ਕਾਰਕੁਨਾਂ ਵੱਲੋਂ ਕਾਂਗਰਸ ਦੀ ਸਾਬਕਾ ਪ੍ਰਧਾਨ ਸ੍ਰੀਮਤੀ ਸੋਨੀਆ ਦੀ ਸਰਕਾਰੀ ਰਿਹਾਇਸ਼ ਵੱਲ ਮਾਰਚ ਕੱਢਿਆ ਗਿਆ ਤੇ ਕਾਂਗਰਸੀ ਆਗੂਆਂ ਦੇ ਪੁਤਲੇ ਫੂਕੇ ਗਏ। ਅਕਾਲੀਆਂ ਵੱਲੋਂ ਸਿੱਖਾਂ ਨੂੰ 34 ਸਾਲ ਬਾਅਦ ਵੀ ਇਨਸਾਫ਼ ਨਾ ਮਿਲਣ ਕਰਕੇ ਮੁਜ਼ਾਹਰਾ ਕੀਤਾ ਗਿਆ ਤੇ ਸਿੱਖ ਕਤਲੇਆਮ ਲਈ ਕਾਂਗਰਸ ਨੂੰ ਦੋਸ਼ੀ ਠਹਿਰਾਇਆ।
    ਗੁਰਦੁਆਰਾ ਰਕਾਬ ਗੰਜ ਤੋਂ ਮਾਰਚ ਰਵਾਨਾ ਹੋ ਕੇ ਰਕਾਬਗੰਜ ਰੋਡ ਤੋਂ ਰਫ਼ੀ ਮਾਰਗ ਹੁੰਦਾ ਹੋਇਆ ਪ੍ਰੈਸ ਕਲੱਬ ਨੇੜੇ ਪੁੱਜਾ ਅਤੇ ਫਿਰ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਇਹ ਮਾਰਚ ਲਾਲ ਬਹਾਦਰ ਸ਼ਾਸਤਰੀ ਦੇ ਸਮਾਰਕ ਨੇੜੇ ਦਿੱਲੀ ਪੁਲੀਸ ਵੱਲੋਂ ਅਕਬਰ ਰੋਡ ਉਪਰ ਸ੍ਰੀ ਗਾਂਧੀ ਦੇ ਘਰ ਤੋਂ ਪਹਿਲਾਂ ਹੀ ਡੱਕ ਲਿਆ ਗਿਆ। ਇਸ ਮੌਕੇ ਸੁਖਬੀਰ ਸਿੰਘ ਬਾਦਲ, ਮਨਜੀਤ ਸਿੰਘ ਜੀ.ਕੇ. ਮਨਜਿੰਦਰ ਸਿੰਘ ਸਿਰਸਾ, ਬਿਕਰਮ ਸਿੰਘ ਮਜੀਠੀਆ, ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਬਲਦੇਵ ਸਿੰਘ ਮਾਨ ਤੇ ਹੋਰ ਆਗੂਆਂ ਨੂੰ ਦਿੱਲੀ ਪੁਲੀਸ ਨੇ ਹਿਰਾਸਤ ਵਿਚ ਲੈ ਕੇ ਤੁਗ਼ਲਕ ਰੋਡ ਥਾਣੇ ਲਿਜਾ ਕੇ ਕੁੱਝ ਸਮੇਂ ਬਾਅਦ ਰਿਹਾਅ ਕਰ ਦਿੱਤਾ ਗਿਆ। ਸ੍ਰੀ ਬਾਦਲ ਤੇ ਸਾਥੀਆਂ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ, ਸ੍ਰੀਮਤੀ ਸੋਨੀਆ ਗਾਂਧੀ, ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਦੇ ਪੁਤਲੇ ਸਾੜੇ ਤੇ ਇੱਕ ਪੁਤਲਾ ਫਾਹੇ ਲਾ ਕੇ ਰੋਸ ਜ਼ਾਹਰ ਕੀਤਾ। ਸ੍ਰੀ ਬਾਦਲ ਨੇ ਕਿਹਾ ਕਿ ਨਵੰਬਰ 1984 ਸਿੱਖ ਕਤਲੇਆਮ, ਦੰਗੇ ਨਹੀਂ ਸੀ ਸਗੋਂ ਕਾਂਗਰਸ ਨੇ ਬੇਕਸੂਰ ਸਿੱਖ ਮਾਰੇ ਸਨ। ਸੱਚ ਦੀ ਕੰਧ ਵਿਖੇ ਸ੍ਰੀ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾਂ ਦੋਸ਼ੀਆਂ ਦੀ ਪੁਸ਼ਤਪਨਾਹੀ ਕੀਤੀ ਹੈ। ਹੋਰ ਬੁਲਾਰਿਆਂ ਨੇ ਵੀ ਕਾਂਗਰਸ ਦੀ ਹੀ ਭੰਡੀ ਕੀਤੀ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਗ੍ਰਿਫ਼ਤਾਰੀ ਦਿੱਤੀ ਤੇ ਪ੍ਰਦਰਸ਼ਨ ਦੌਰਾਨ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਦੁੱਖ ਪ੍ਰਗਟਾਇਆ ਕਿ ਸਿੱਖ ਕਤਲੇਆਮ ਦੇ ਮਾਮਲਿਆਂ ਵਿੱਚ ਇਨਸਾਫ਼ ਨਹੀਂ ਦਿੱਤਾ ਜਾ ਰਿਹਾ। ਸੀਬੀਆਈ ਦੀ ਢਿੱਲੀ ਭੂਮਿਕਾ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਸੀਬੀਆਈ ਨੇ ਕਲੋਜ਼ਰ ਰਿਪੋਰਟ ਮੰਗੀ ਸੀ ਜਿਸ ‘ਤੇ ਮੋਦੀ ਸਰਕਾਰ ਨੇ ਦੁਬਾਰਾ ਕਲੋਰਜ਼ ਹਟਵਾਇਆ ਤੇ ਦੁਬਾਰਾ ਗਵਾਹੀਆਂ ਦਿੱਤੀਆਂ ਗਈਆਂ। ਮਾਰਚ ਵਿੱਚ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਵਿਧਾਇਕਾਂ ਨੇ ਭੀੜ ਇੱਕਠੀ ਕਰਨ ਵਿੱਚ ਭੂਮਿਕਾ ਨਿਭਾਈ।

     

    ਚੰਡੀਗੜ੍ਹ - ਫ਼ਰੀਦਕੋਟ ਵਿਖੇ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸਾਂ ਨਾਲ ਸਬੰਧਤ ਦੋਸ਼ੀਆਂ ਤੱਕ ਪੁੱਜਣ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮ ਵਲੋਂ ਹੁਣ ਮਲਕੇ (ਮੋਗਾ) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਅੰਗ ਖਿਡਾਉਣ ਦੀ 4 ਨਵੰਬਰ 2015 ਨੂੰ ਵਾਪਰੀ ਘਟਨਾ ਨਾਲ ਸਬੰਧਤ 3 ਦੋਸ਼ੀ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਸੂਚਨਾ ਅਨੁਸਾਰ ਗਿ੍ਫ਼ਤਾਰ ਕੀਤੇ ਤਿੰਨੋਂ ਕਥਿਤ ਦੋਸ਼ੀ ਪਿ੍ਥੀ ਪੁੱਤਰ ਮਹਿੰਗਾ (ਬਾਘਾਪੁਰਾਣਾ), ਅਮਰਦੀਪ ਪੁੱਤਰ ਸੁਖਮੰਦਰ ਅਤੇ ਮਿੱਠੂ ਮਾਨ ਦੋਵੇਂ ਮਲਕੇ ਪਿੰਡ ਤੋਂ ਹਨ ਅਤੇ ਸਾਰੇ ਡੇਰਾ ਸਿਰਸਾ ਨਾਲ ਸਬੰਧਤ ਹਨ | ਸੂਚਨਾ ਅਨੁਸਾਰ ਪੁਲਿਸ ਨੂੰ ਅਜੇ 2-3 ਹੋਰ ਦੋਸ਼ੀ ਵੀ ਲੋੜੀਂਦੇ ਹਨ | ਵਿਸ਼ੇਸ਼ ਜਾਂਚ ਟੀਮ ਵਲੋਂ ਇਨ੍ਹਾਂ ਤਿੰਨਾਂ ਦੋਸ਼ੀਆਂ ਤੋਂ ਪਿੰਡ ਮਲਕੇ ਅਤੇ ਦੂਸਰੀਆਂ ਥਾਵਾਂ 'ਤੇ ਜਾ ਕੇ ਮੌਕੇ ਦੀ ਨਿਸ਼ਾਨਦੇਹੀ ਵੀ ਕਰਵਾ ਲਈ ਗਈ ਹੈ, ਜਿਸ ਮੌਕੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਵੀ ਹਾਜ਼ਰ ਸਨ | ਪੁਲਿਸ ਵਲੋਂ ਕੀਤੀ ਪੁੱਛਗਿੱਛ ਦੌਰਾਨ ਸੂਚਨਾ ਅਨੁਸਾਰ ਦੋਸ਼ੀਆਂ ਵਲੋਂ 4 ਨਵੰਬਰ 2015 ਨੂੰ ਮਲਕੇ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਡਾਉਣ ਲਈ ਜ਼ਿੰਮੇਵਾਰੀ ਕਬੂਲ ਲਈ ਹੈ | ਸੂਚਨਾ ਅਨੁਸਾਰ ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਵਲੋਂ ਬਰਗਾੜੀ ਘਟਨਾ ਨਾਲ ਸਬੰਧਤ ਗਿ੍ਫ਼ਤਾਰ ਕੀਤੇ ਦੋਸ਼ੀਆਂ ਦੀ ਪੁੱਛਗਿੱਛ ਦੌਰਾਨ ਇਕ ਪਿ੍ਥੀ ਦੇ ਨਾਂਅ ਦਾ ਜ਼ਿਕਰ ਹੋਇਆ ਸੀ ਪਰ ਪੁਲਿਸ ਨੂੰ ਉਸ ਦਾ ਕੋਈ ਥਹੁ ਪਤਾ ਨਹੀਂ ਲੱਗ ਰਿਹਾ ਸੀ | ਜਾਂਚ ਦੌਰਾਨ ਹੁਣ ਸਾਹਮਣੇ ਆਇਆ ਕਿ ਉਹ ਬਦਲੇ ਨਾਂਅ ਹੇਠ ਸੰਗਰੂਰ ਜੇਲ੍ਹ ਵਿਚ ਡੇਰਾ ਸਿਰਸਾ ਮੁਖੀ ਦੀ 25 ਅਗਸਤ 2017 ਨੂੰ ਹੋਈ ਗਿ੍ਫ਼ਤਾਰੀ ਤੋਂ ਬਾਅਦ ਸੰਗਰੂਰ ਅਤੇ ਮਾਨਸਾ ਵਿਖੇ ਹੋਈ ਹਿੰਸਾ ਦੇ ਦੋਸ਼ ਵਿਚ ਨਜ਼ਰਬੰਦ ਕੀਤਾ ਗਿਆ ਸੀ | ਪੁਲਿਸ ਵਲੋਂ ਉਸ ਤੋਂ ਕੀਤੀ ਪੁੱਛਗਿੱਛ ਤੋਂ ਉਸ ਦੇ ਦੋ ਹੋਰ ਸਾਥੀਆਂ ਅਮਰਦੀਪ ਪੁੱਤਰ ਸੁਖਮੰਦਰ ਅਤੇ ਮਿੱਠੂ ਮਾਨ ਦੇ ਨਾਂਅ ਸਾਹਮਣੇ ਆਏ, ਜਿਨ੍ਹਾਂ ਨੂੰ ਪੁਲਿਸ ਵਲੋਂ ਗਿ੍ਫ਼ਤਾਰ ਕਰ ਲਿਆ ਗਿਆ | ਸੂਚਨਾ ਅਨੁਸਾਰ ਇਨ੍ਹਾਂ ਵਲੋਂ ਦੱਸਿਆ ਗਿਆ ਹੈ ਕਿ ਡੇਰਾ ਸਿਰਸਾ ਦੀ 6 ਮੈਂਬਰੀ ਕੌਮੀ ਕਮੇਟੀ ਦੇ ਮੈਂਬਰ ਹਰਸ਼ ਧੂਰੀ, ਸੰਦੀਪ ਬਰੇਟਾ ਅਤੇ ਪ੍ਰਦੀਪ (ਹਰਿਆਣਾ) ਵਲੋਂ ਪਿ੍ਥੀ ਨੂੰ ਡੇਰੇ ਬੁਲਾ ਕੇ ਕਿਹਾ ਗਿਆ ਕਿ ਸਿੱਖਾਂ ਦੇ ਗ੍ਰੰਥ ਦੀ ਬੇਅਦਬੀ ਕਰਨ ਦਾ ਉਸ ਨੂੰ ਕਾਰਜ ਸੌਾਪਿਆ ਜਾ ਰਿਹਾ ਹੈ | ਪਿ੍ਥੀ ਅਨੁਸਾਰ ਉਸ ਵਲੋਂ ਅਮਰਦੀਪ ਉਰਫ਼ ਦੀਪਾ ਜੋ ਡੇਰਾ ਸਿਰਸਾ ਦੀ ਸਥਾਨਕ 25 ਮੈਂਬਰੀ ਕਮੇਟੀ ਦਾ ਮੈਂਬਰ ਹੈ, ਨੂੰ ਉਸ ਵਲੋਂ ਸ੍ਰੀ ਗ੍ਰੰਥ ਸਾਹਿਬ ਲੱਭਣ ਦਾ ਕੰਮ ਦਿੱਤਾ ਗਿਆ, ਜਿਸ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਫ਼ਰੀ ਬੀੜ ਦੇ ਦੂਜੇ ਭਾਗ ਦਾ ਪ੍ਰਬੰਧ ਕੀਤਾ ਅਤੇ ਇਸ ਮੰਤਵ ਲਈ ਉਨ੍ਹਾਂ ਆਪਣੇ ਪਿੰਡ ਦੇ ਮਿੱਠੂ ਮਾਨ, ਜਿਸ ਕੋਲ ਮੋਟਰਸਾਈਕਲ ਸੀ, ਨੂੰ ਬੁਲਾ ਕੇ 4 ਨਵੰਬਰ 2015 ਨੂੰ ਸਵੇਰੇ 3 ਵਜੇ ਤੋਂ 4 ਵਜੇ ਦੌਰਾਨ ਉਕਤ ਪਵਿੱਤਰ ਬੀੜ ਨੂੰ ਪਾੜਨ ਤੋਂ ਬਾਅਦ ਪੱਤਰੇ ਖਿਡਾਉਣ ਦਾ ਕੰਮ ਕੀਤਾ ਅਤੇ ਫਿਰ ਸਮਾਲਸਰ ਰੋਡ ਤੋਂ ਹੁੰਦੇ ਹੋਏ ਬਰਗਾੜੀ ਵੱਲ ਚਲੇ ਗਏ | ਜਾਂਚ ਦੌਰਾਨ ਸਾਹਮਣੇ ਆਇਆ ਕਿ ਪਿ੍ਥੀ ਵਲੋਂ ਬਾਅਦ ਵਿਚ 6 ਮੈਂਬਰੀ ਕਮੇਟੀ ਨੂੰ ਕੰਮ ਪੂਰਾ ਕਰਨ ਲਈ ਸੂਚਿਤ ਵੀ ਕੀਤਾ ਗਿਆ | ਸੂਚਨਾ ਅਨੁਸਾਰ ਪੁਲਿਸ ਵਲੋਂ ਅਦਾਲਤ ਤੋਂ 2 ਹੋਰ ਦੋਸ਼ੀਆਂ ਸਤਨਾਮ ਸੱਤਾ ਅਤੇ ਦਵਿੰਦਰ ਦੀ ਗਿ੍ਫ਼ਤਾਰੀ ਲਈ ਵੀ ਅਦਾਲਤ ਤੋਂ ਗਿ੍ਫ਼ਤਾਰੀ ਵਾਰੰਟ ਲਏ ਗਏ ਹਨ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ | ਉਕਤ ਵਾਪਰੀ ਘਟਨਾ ਤੋਂ ਬਾਅਦ ਜਾਂਚ ਵਿਚ ਮੱਦਦ ਦੇਣ ਅਤੇ ਖਿਲਾਰੇ ਗਏ ਪੱਤਰਿਆਂ ਨੂੰ ਜਾਂਚ ਲਈ ਗੁਜਰਾਤ ਤੱਕ ਲਿਜਾਣ ਵਾਲੇ ਬਿਜਲੀ ਬੋਰਡ ਦੇ ਸਾਬਕਾ ਚੇਅਰਮੈਨ ਸ. ਹਰਿੰਦਰ ਸਿੰਘ ਬਰਾੜ ਜੋ ਕਿ ਮਲਕੇ ਪਿੰਡ ਤੋਂ ਹਨ ਨੇ 'ਅਜੀਤ' ਨੂੰ ਦੱਸਿਆ ਕਿ ਉਹ ਕੀਤੀ ਗਈ ਜਾਂਚ ਤੋਂ ਸੰਤੁਸ਼ਟ ਹਨ ਅਤੇ ਜਦੋਂ ਪਰਸੋਂ ਦੋਸ਼ੀਆਂ ਨੂੰ ਪਿੰਡ ਨਿਸ਼ਾਨਦੇਹੀ ਲਈ ਲਿਆਂਦਾ ਗਿਆ ਤਾਂ ਉਨ੍ਹਾਂ ਵਲੋਂ ਪੁੱਛੇ ਜਾਣ 'ਤੇ ਦੋਸ਼ੀਆਂ ਮੰਨਿਆ ਕਿ ਸਾਡੇ ਕੋਲੋਂ ਗ਼ਲਤੀ ਹੋ ਗਈ |

    ਚੰਡੀਗੜ੍ਹ  - ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਵਿਰੋਧ ਕਰਦੇ ਹੋਏ ਸਿੱਖ ਸੰਗਤ 'ਤੇ ਬਹਿਬਲ ਕਲਾਂ 'ਚ ਹੋਏ ਗੋਲੀ ਕਾਂਡ ਵੇਲੇ ਇਸ ਸਮੁੱਚੇ ਘਟਨਾਕ੍ਰਮ ਦੀ ਨੇੜੇ ਤੋਂ ਪੁਲਿਸ ਨਿਗਰਾਨੀ ਕਰਦੇ ਰਹੇ ਪੰਜਾਬ ਪੁਲਿਸ ਦੇ ਸੇਵਾ-ਮੁਕਤ ਐਸ. ਐਸ. ਪੀ. ਚਰਨਜੀਤ ਸਿੰਘ ਸ਼ਰਮਾ ਤੋਂ ਇਲਾਵਾ ਇੰਸਪੈਕਟਰ ਅਮਰਜੀਤ ਸਿੰਘ, ਰਘਬੀਰ ਸਿੰਘ ਸੰਧੂ ਤੇ ਤਤਕਾਲੀ ਐਸ.ਪੀ. ਬਿਕਰਮਜੀਤ ਸਿੰਘ ਵਲੋਂ ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਕੋਲੋਂ ਕਰਵਾਉਣ ਦੀ ਮੰਗ ਕਰਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਹਾਈਕੋਰਟ ਨੇ ਬਰਗਾੜੀ ਕਾਂਡ ਦੀ ਜਾਂਚ ਲਈ ਬਣਾਈ ਐਸ.ਆਈ.ਟੀ. ਵਲੋਂ ਹੁਣ ਤੱਕ ਕੀਤੀ ਕਾਰਵਾਈ ਦੀ ਸਥਿਤੀ ਤਲਬ ਕਰ ਲਈ ਹੈ | ਇਨ੍ਹਾਂ ਚਾਰੇ ਪਟੀਸ਼ਨਰ ਪੁਲਿਸ ਅਫ਼ਸਰਾਂ ਨੇ ਪਟੀਸ਼ਨ 'ਚ ਕਿਹਾ ਸੀ ਕਿ ਜਸਟਿਸ ਰਣਜੀਤ
    ਸਿੰਘ ਕਮਿਸ਼ਨ ਦੀ ਐਕਸ਼ਨ ਟੇਕਨ ਰਿਪੋਰਟ ਵਿਧਾਨ ਸਭਾ 'ਚ ਪੇਸ਼ ਕੀਤੀ ਗਈ ਤੇ ਇਸ ਉਪਰੰਤ ਪਟੀਸ਼ਨਰਾਂ ਨੂੰ ਬਹਿਬਲ ਕਲਾਂ ਗੋਲੀ ਕਾਂਡ ਦੇ ਸਬੰਧ 'ਚ ਪਹਿਲਾਂ ਤੋਂ 21 ਅਕਤੂਬਰ 2015 ਨੂੰ ਬਾਜਾਖਾਨਾ ਥਾਣੇ 'ਚ ਦਰਜ ਐਫ.ਆਈ.ਆਰ. 'ਚ ਨਾਮਜ਼ਦ ਕਰ ਲਿਆ ਗਿਆ ਤੇ ਪਟੀਸ਼ਨਰਾਂ ਸਮੇਤ 14 ਪੁਲਿਸ ਅਫ਼ਸਰਾਂ ਨੂੰ ਕਾਰਨ ਦੱਸੋ ਨੋਟਿਸ ਦਿੱਤਾ ਗਿਆ | ਇਸ ਉਪਰੰਤ ਸਰਕਾਰ ਨੇ ਕੇਸ ਸੀ.ਬੀ.ਆਈ. ਨੂੰ ਦੇ ਦਿੱਤਾ ਪਰ 28 ਅਗਸਤ ਨੂੰ ਸੀ.ਬੀ.ਆਈ. ਨੂੰ ਕੇਸ ਦੇਣ ਦਾ ਨੋਟੀਫ਼ਿਕੇਸ਼ਨ ਰੱਦ ਕਰ ਦਿੱਤਾ ਗਿਆ | ਪਟੀਸ਼ਨ 'ਚ ਕਿਹਾ ਸੀ ਕਿ ਸੀ.ਬੀ.ਆਈ. ਨੂੰ ਕੇਸ ਸਪੱਸ਼ਟ ਜਾਂਚ ਲਈ ਦੇਣ ਦਾ ਫ਼ੈਸਲਾ ਲਿਆ ਗਿਆ ਸੀ, ਕਿਉਂਕਿ ਕਮਿਸ਼ਨ ਵਲੋਂ ਉੱਚ ਅਫ਼ਸਰਾਂ ਵੱਲ ਇਸ਼ਾਰਾ ਕੀਤਾ ਗਿਆ ਸੀ | ਪਟੀਸ਼ਨਰਾਂ ਵਿਰੁੱਧ ਸਾਰੀ ਕਾਰਵਾਈ ਕਮਿਸ਼ਨ ਦੀ ਸਿਫ਼ਾਰਸ਼ 'ਤੇ ਕੀਤੀ ਜਾ ਰਹੀ ਹੈ, ਜਦੋਂ ਕਿ ਰਣਜੀਤ ਸਿੰਘ ਕਮਿਸ਼ਨ ਨੂੰ ਦਿੱਤੇ ਕੁਝ ਬਿਆਨ ਪਹਿਲਾਂ ਦਿੱਤੇ ਬਿਆਨਾਂ ਨਾਲੋਂ ਵੱਖ ਹਨ ਲਿਹਾਜ਼ਾ ਇਸ ਕੇਸ ਦੀ ਜਾਂਚ ਸੀ.ਬੀ.ਆਈ. ਕੋਲੋਂ ਹੀ ਕਰਵਾਈ ਜਾਣੀ ਚਾਹੀਦੀ ਹੈ | ਇਸ ਕੇਸ ਦੇ ਨਾਲ ਹੀ ਬਰਗਾੜੀ ਕਾਂਡ ਦੀ ਜਾਂਚ ਸੀ. ਬੀ. ਆਈ. ਤੋਂ ਵਾਪਸ ਲੈਣ ਸਬੰਧੀ ਪੰਜਾਬ ਵਿਧਾਨ ਸਭਾ ਦੇ ਇਜਲਾਸ 'ਚ ਪਾਸ ਕੀਤੇ ਮਤੇ ਨੂੰ ਹਾਈਕੋਰਟ 'ਚ ਚੁਣੌਤੀ ਦਿੰਦੇ ਮਾਮਲੇ ਦੀ ਸੁਣਵਾਈ ਵੀ ਹੋਈ | ਐਸ.ਐਸ.ਪੀ. ਚਰਨਜੀਤ ਸਿੰਘ ਸ਼ਰਮਾ ਨਾਲ ਉਸ ਵੇਲੇ ਤਾਇਨਾਤ ਰਹੇ ਪੁਲਿਸ ਅਫ਼ਸਰ ਸ਼ਮਸ਼ੇਰ ਸਿੰਘ ਨੇ ਪਟੀਸ਼ਨ 'ਚ ਕਿਹਾ ਸੀ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਲੋਂ ਬਰਗਾੜੀ ਕਾਂਡ ਦੀ ਰਿਪੋਰਟ ਨਾਲ ਸਰਕਾਰ ਨੂੰ ਭੇਜੀ ਸਿਫ਼ਾਰਸ਼ 'ਚ ਪਟੀਸ਼ਨਰ ਸਮੇਤ ਹੋਰ ਪੁਲਿਸ ਅਫ਼ਸਰਾਂ ਵਿਰੁੱਧ ਕਾਰਵਾਈ ਕਰਨ ਲਈ ਕਿਹਾ ਸੀ | ਪਟੀਸ਼ਨ 'ਚ ਕਿਹਾ ਸੀ ਕਿ ਸਰਕਾਰ ਨੇ ਇਹ ਮਹਿਸੂਸ ਕੀਤਾ ਕਿ ਕਿਉਂਕਿ ਕਈ ਵੱਡੇ ਅਫ਼ਸਰਾਂ ਵਿਰੁੱਧ ਕਾਰਵਾਈ ਦੀ ਸਿਫ਼ਾਰਸ਼ ਕੀਤੀ ਗਈ ਸੀ ਲਿਹਾਜ਼ਾ 24 ਅਗਸਤ ਨੂੰ ਇਕ ਨੋਟੀਫ਼ਿਕੇਸ਼ਨ ਜਾਰੀ ਕਰਕੇ ਮਾਮਲਾ ਸੀ.ਬੀ.ਆਈ. ਨੂੰ ਦਿੱਤੇ ਜਾਣ ਦਾ ਫ਼ੈਸਲਾ ਲਿਆ ਸੀ ਪਰ ਰਾਜਸੀ ਦਬਾਅ ਕਾਰਨ ਪੰਜਾਬ ਵਿਧਾਨ ਸਭਾ 'ਚ ਇਕ ਮਤਾ ਲਿਆ ਕੇ 28 ਅਗਸਤ ਨੂੰ ਹੀ ਜਾਂਚ ਸੀ. ਬੀ. ਆਈ. ਤੋਂ ਵਾਪਸ ਲੈਣ ਦਾ ਫ਼ੈਸਲਾ ਲੈ ਲਿਆ ਗਿਆ ਤੇ ਇਸ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕਰਕੇ ਜਾਂਚ ਲਈ ਐਸ.ਆਈ.ਟੀ. ਬਣਾ ਦਿੱਤੀ | ਇਸ ਵਿਚ ਕਿਹਾ ਗਿਆ ਕਿ ਸਪੱਸ਼ਟ ਜਾਂਚ ਲਈ ਮਾਮਲਾ ਸੀ.ਬੀ.ਆਈ. ਨੂੰ ਹੀ ਦਿੱਤਾ ਜਾਣਾ ਚਾਹੀਦਾ ਹੈ ਲਿਹਾਜ਼ਾ ਵਿਧਾਨ ਸਭਾ 'ਚ ਪਾਸ ਮਤਾ ਰੱਦ ਕੀਤਾ ਜਾਣਾ ਚਾਹੀਦਾ ਹੈ | ਜਸਟਿਸ ਰਾਜਨ ਗੁਪਤਾ ਦੀ ਇਕਹਿਰੀ ਬੈਂਚ ਮੂਹਰੇ ਪਹਿਲਾਂ ਇਸੇ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ ਤੇ ਐਡਵੋਕੇਟ ਜਨਰਲ ਅਤੁੱਲ ਨੰਦਾ ਨੇ ਕਿਹਾ ਕਿ ਦੋਵੇਂ ਪਟੀਸ਼ਨਾਂ 'ਚ ਇਕੋ ਜਿਹੀ ਮੰਗ ਹੈ ਤੇ ਜੇਕਰ ਚਰਨਜੀਤ ਸਿੰਘ ਸ਼ਰਮਾ ਦੀ ਪਟੀਸ਼ਨ ਪੜ੍ਹ ਲਈ ਜਾਵੇ ਤਾਂ ਸ਼ਮਸ਼ੇਰ ਸਿੰਘ ਦੀ ਪਟੀਸ਼ਨ ਪੜ੍ਹਨ ਦੀ ਲੋੜ ਨਹੀਂ ਹੈ | ਇਸੇ ਮਸਲੇ ਸਬੰਧੀ ਇਕ ਮਾਮਲਾ 14 ਨਵੰਬਰ ਲਈ ਮੁਲਤਵੀ ਕੀਤਾ ਹੋਇਆ ਹੈ ਲਿਹਾਜ਼ਾ ਇਹ ਦੋਵੇਂ ਮਾਮਲੇ ਵੀ ਉਸੇ ਦਿਨ ਸੁਣਵਾਈ ਲਈ ਰੱਖ ਲਏ ਜਾਣ | ਹਾਈਕੋਰਟ ਨੇ ਬਰਗਾੜੀ ਕਾਂਡ ਦੀ ਜਾਂਚ ਬਾਰੇ ਪੁੱਛਿਆ ਤਾਂ ਐਡਵੋਕੇਟ ਜਨਰਲ ਨੇ ਕਿਹਾ ਕਿ ਇਸ ਦੀ ਸਥਿਤੀ ਰਿਪੋਰਟ ਤਿਆਰ ਹੈ ਪਰ ਬੈਂਚ ਨੇ ਕਿਹਾ ਕਿ ਇਹ ਰਿਪੋਰਟ ਅਗਲੀ ਸੁਣਵਾਈ ਤੋਂ ਪਹਿਲਾਂ ਦਾਖ਼ਲ ਕਰਵਾਈ ਜਾਵੇ ਤੇ ਨਾਲ ਹੀ ਇਕ ਕਾਪੀ ਪਟੀਸ਼ਨਰ ਨੂੰ ਵੀ ਦਿੱਤੀ ਜਾਵੇ | ਇਸ ਦੇ ਨਾਲ ਹੀ ਬੈਂਚ ਨੇ ਚਰਨਜੀਤ ਸਿੰਘ ਸ਼ਰਮਾ ਤੇ ਸ਼ਮਸ਼ੇਰ ਸਿੰਘ ਵਾਲੀਆਂ ਪਟੀਸ਼ਨਾਂ ਦੀ ਸੁਣਵਾਈ ਪਹਿਲਾਂ ਚੱਲ ਰਹੇ ਦੂਜੇ ਮਾਮਲੇ ਦੇ ਨਾਲ 14 ਨਵੰਬਰ 'ਤੇ ਇਕੱਠੀ ਕਰ ਦਿੱਤੀ ਹੈ |

    ਅੰਮ੍ਰਿਤਸਰ - ਲੋਕ ਭਲਾਈ ਇਨਸਾਫ ਵੈੱਲਫੇਅਰ ਪਾਰਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਸਿੱਖ ਇਤਿਹਾਸ ਨਾਲ ਛੇੜਛਾੜ ਦੇ ਮੁੱਦੇ ’ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤੇ ਧਰਨੇ ਨੂੰ ਡਰਾਮਾ ਕਰਾਰ ਦਿੱਤਾ ਅਤੇ ਆਖਿਆ ਕਿ ਉਹ ਇਸ ਸਬੰਧ ਵਿਚ ਉਨ੍ਹਾਂ ਵਿਅਕਤੀਆਂ ਖ਼ਿਲਾਫ਼ ਵੀ ਕਾਰਵਾਈ ਕਰਨ, ਜੋ ਗੁਰੂ ਸਾਹਿਬਾਨ ਦਾ ਅਪਮਾਨ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਚੁੱਕੇ ਹਨ। ਇਥੇ ਮੀਡੀਆ ਨਾਲ ਗੱਲ ਕਰਦਿਆਂ ਸ੍ਰੀ ਸਿਰਸਾ ਨੇ ਆਖਿਆ ਕਿ ਉਹ ਇਸ ਹੱਕ ਵਿਚ ਹਨ ਕਿ ਸਿੱਖ ਇਤਿਹਾਸ ਨਾਲ ਛੇੜਛਾੜ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਪਰ ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਛਾਪੀਆਂ ਗਈਆਂ ਉਹ ਪੁਸਤਕਾਂ, ਜਿਨ੍ਹਾਂ ਵਿਚ ਗੁਰੂ ਸਾਹਿਬ ਬਾਰੇ ਭੱਦੀ ਸ਼ਬਦਾਵਲੀ ਵਰਤੀ ਗਈ ਹੈ, ਖ਼ਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 2016 ਵਿਚ ਸੰਗਤ ਦਰਸ਼ਨ ਦੌਰਾਨ ਉਨ੍ਹਾਂ ਮੁੱਖ ਮੰਤਰੀ ਨੂੰ ਮੰਗ ਪੱਤਰ ਦੇ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ।

    ਗੁਰਦਾਸਪੁਰ: ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੀਆਂ ਅਹੁਦੇਦਾਰੀਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੇਖਵਾਂ ਨੇ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਨੂੰ ਤਿਆਗ ਦਿੱਤਾ ਹੈ। ਖ਼ਾਸ ਗੱਲ ਇਹ ਹੈ ਕਿ ਅਸਤੀਫ਼ੇ ਨੂੰ ਬੀਮਾਰੀ ਜਾਂ ਖ਼ਰਾਬ ਸਿਹਤ ਕਰਕੇ ਨਹੀਂ ਬਲਕਿ ਪਾਰਟੀ ਦੇ ਨੌਜਵਾਨ ਲੀਡਰਾਂ ਕਰ ਕੇ ਦਿੱਤਾ ਗਿਆ ਦੱਸਿਆ ਗਿਆ ਹੈ। ਸੇਖਵਾਂ ਦੇ ਅਸਤੀਫ਼ੇ ਨਾਲ ਹੁਣ ਅਕਾਲੀ ਦਲ ਵਿੱਚ ਵੱਡਾ ਪਾੜਾ ਪੈ ਗਿਆ ਹੈ।
    ਸੇਖਵਾਂ ਨੇ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਡਾ. ਰਤਨ ਸਿੰਘ ਅਜਨਾਲਾ ਨਾਲ ਸਾਂਝੀ ਪ੍ਰੈਸ ਕਾਨਫ਼ਰੰਸ ਕਰ ਬਾਦਲ ਪਰਿਵਾਰ ਵਿਰੁੱਧ ਜੰਮ ਕੇ ਭੜਾਸ ਕੱਢੀ। ਸੇਖਵਾਂ ਤੇ ਹੋਰਨਾਂ ਟਕਸਾਲੀ ਆਗੂਆਂ ਨੇ ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਨਕਾਰਦਿਆਂ ਕਿਹਾ ਕਿ ਸੁਖਬੀਰ ਤੇ ਮਜੀਠੀਆ ਨੂੰ ਪਤਾ ਨਹੀਂ ਕਿ ਅਕਾਲੀ ਦਲ ਕੀ ਹੈ।
    ਸੇਵਾ ਸਿੰਘ ਸੇਖਵਾਂ ਤੋਂ ਪਹਿਲਾਂ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਦੀਆਂ ਅਹੁਦੇਦਾਰੀਆਂ ਛੱਡ ਚੁੱਕੇ ਹਨ। ਸੇਖਵਾਂ ਨੇ ਇੱਥੇ ਇਹ ਵੀ ਕਹਿ ਦਿੱਤਾ ਕਿ ਅਕਾਲੀ ਦਲ ਕਿਸੇ ਦੇ ਪਿਓ ਦਾ ਨਹੀਂ ਬਲਕਿ ਸਾਡਾ ਸਾਰਿਆਂ ਦਾ ਹੈ। ਮਾਝੇ ਦੇ ਟਕਸਾਲੀ ਲੀਡਰਾਂ ਨੇ ਸੁਖਬੀਰ ਬਾਦਲ ਵੱਲੋਂ ਚੁਰਾਸੀ ਸਿੱਖ ਕਤਲੇਆਮ ਦੇ ਪੀੜਤਾਂ ਲਈ ਇਨਸਾਫ਼ ਪ੍ਰਾਪਤੀ ਲਈ ਕਾਂਗਰਸ ਪ੍ਰਧਾਨ ਦਾ ਘਿਰਾਓ ਨੂੰ ਨਕਾਰ ਦਿੱਤਾ।

     

    ਅੰਮ੍ਰਿਤਸਰ - ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅੱਜ ਪਹਿਲੇ ਦਿਨ ਹੀ ਗਰਮ ਖਿਆਲੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਇਥੇ ਅਕਾਲ ਤਖ਼ਤ ਨੇੜੇ ਭਾਈ ਬੇਅੰਤ ਸਿੰਘ ਦੇ ਸ਼ਹੀਦੀ ਦਿਹਾੜੇ ਸਬੰਧੀ ਕਰਵਾਏ ਅਖੰਡ ਪਾਠ ਦੇ ਭੋਗ ਸਮੇਂ ਦੋ ਗਰਮਖਿਆਲੀ ਆਗੂਆਂ ਨੇ ਜਥੇਦਾਰ ਕੋਲੋਂ ਸਿਰੋਪੇ ਲੈਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਹ ਇਕ ਧਿਰ ਵਲੋਂ ਥਾਪੇ ਜਥੇਦਾਰ ਨੂੰ ਮਾਨਤਾ ਨਹੀਂ ਦਿੰਦੇ ਹਨ।
    ਜਾਣਕਾਰੀ ਅਨੁਸਾਰ ਅਕਾਲ ਤਖ਼ਤ ਨੇੜੇ ਗੁਰਦੁਆਰਾ ਝੰਡਾ ਬੁੰਗਾ ਵਿਖੇ ਸ਼੍ਰੋਮਣੀ ਕਮੇਟੀ ਵਲੋਂ ਸੰਗਤ ਦੇ ਸਹਿਯੋਗ ਨਾਲ ਭਾਈ ਬੇਅੰਤ ਸਿੰਘ ਦੇ ਸ਼ਹੀਦੀ ਦਿਹਾੜੇ ਸਬੰਧੀ ਅਖੰਡ ਪਾਠ ਦਾ ਭੋਗ ਪਾਇਆ ਗਿਆ ਸੀ। ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕੁਲਦੀਪ ਸਿੰਘ ਨੇ ਗੁਰਬਾਣੀ ਦਾ ਕੀਰਤਨ ਕੀਤਾ ਅਤੇ ਅਰਦਾਸ ਭਾਈ ਕੁਲਵਿੰਦਰ ਸਿੰਘ ਨੇ ਕੀਤੀ। ਮੁਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਬੇਅੰਤ ਸਿੰਘ ਅਤੇ ਹੋਰ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਮਾਗਮ ਵਿਚ ਅਕਾਲ ਤਖ਼ਤ ਦੇ ਨਵੇਂ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਪੁੱਜੇ ਹੋਏ ਸਨ। ਇਸ ਦੌਰਾਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਉਸ ਵੇਲੇ ਬੇਅੰਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਸਿਰੋਪੇ ਲੈਣ ਲਈ ਆਖਿਆ ਗਿਆ, ਪਰ ਪਰਿਵਾਰ ਵਿਚੋਂ ਕੋਈ ਵੀ ਹਾਜ਼ਰ ਨਹੀਂ ਸੀ। ਇਸ ਮੌਕੇ ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਜਰਨੈਲ ਸਿੰਘ ਸਖੀਰਾ ਨੂੰ ਬੇਅੰਤ ਸਿੰਘ ਦੇ ਪਰਿਵਾਰ ਦੇ ਆਧਾਰ ’ਤੇ ਸਿਰੋਪੇ ਲੈਣ ਵਾਸਤੇ ਸੱਦਿਆ ਗਿਆ। ਪਰ ਦੋਵਾਂ ਆਗੂਆਂ ਨੇ ਇਹ ਕਹਿ ਕੇ ਸਿਰੋਪੇ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਇਕ ਧਿਰ ਵਲੋਂ ਥਾਪੇ ਜਥੇਦਾਰ ਨੂੰ ਮਾਨਤਾ ਨਹੀਂ ਦਿੰਦੇ। ਇਹ ਕਹਿ ਕੇ ਦੋਵੇਂ ਆਗੂ ਸਮਾਗਮ ਵਿਚੋਂ ਵਾਪਸ ਆ ਗਏ।
    ਸ੍ਰੀ ਕੰਵਰਪਾਲ ਸਿੰਘ ਨੇ ਮਗਰੋਂ ਗੱਲਬਾਤ ਕਰਦਿਆਂ ਆਖਿਆ ਕਿ ਨਵਨਿਯੁਕਤ ਕਾਰਜਕਾਰੀ ਜਥੇਦਾਰ ਨੂੰ ਵੀ ਉਸੇ ਧਿਰ ਵਲੋਂ ਨਿਯੁਕਤ ਕੀਤਾ ਗਿਆ ਹੈ, ਜਿਸ ਨੇ ਪਹਿਲੇ ਜਥੇਦਾਰ ਨਿਯੁਕਤ ਕੀਤੇ ਅਤੇ ਉਨ੍ਹਾਂ ’ਤੇ ਦਬਾਅ ਪਾ ਕੇ ਮਨ ਚਾਹੁੰਦੇ ਹੁਕਮਨਾਮੇ ਜਾਰੀ ਕਰਵਾਏ। ਇਨ੍ਹਾਂ ਹੁਕਮਨਾਮਿਆਂ ਕਰ ਕੇ ਸਿੱਖ ਕੌਮ ਨੂੰ ਸ਼ਰਮਸਾਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਉਹ ਜਥੇਦਾਰ ਦੇ ਨਹੀਂ ਬਲਕਿ ਉਸ ਸਿਸਟਮ ਖਿਲਾਫ਼ ਹਨ, ਜੋ ਆਪਣੇ ਮੁਫਾਦਾਂ ਲਈ ਅਕਾਲ ਤਖ਼ਤ ਦੀ ਦੁਰਵਰਤੋਂ ਕਰ ਰਿਹਾ ਹੈ। ਇਹ ਰੁਝਾਨ ਬੰਦ ਹੋਣਾ ਚਾਹੀਦਾ ਹੈ। ਸ੍ਰੀ ਸਖੀਰਾ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਪਹਿਲਾਂ ਹੀ ਮੌਜੂਦਾ ਜਥੇਦਾਰਾਂ ਨੂੰ ਰੱਦ ਕਰ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਅੱਜ ਦੇ ਸਮਾਗਮ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਸੰਬੋਧਨ ਕਰਦੇ ਤਾਂ ਵੀ ਉਨ੍ਹਾਂ ਵਿਰੋਧ ਵਜੋਂ ਸਮਾਗਮ ਛੱਡਣ ਦਾ ਫੈਸਲਾ ਕੀਤਾ ਸੀ।
    ਸਮਾਗਮ ਦੌਰਾਨ ਭਾਈ ਸਤਵੰਤ ਸਿੰਘ ਦੇ ਭਤੀਜੇ ਸੁਖਵਿੰਦਰ ਸਿੰਘ ਅਗਵਾਨ ਨੂੰ ਸ਼ਹੀਦ ਪਰਿਵਾਰ ਵਜੋਂ ਸਿਰੋਪਾ ਦਿੱਤਾ ਗਿਆ। ਸਮਾਗਮ ਵਿੱਚ ਅਕਾਲ ਤਖ਼ਤ ਦੇ ਹੈੱਡ ਗ੍ਰੰਥੀ ਭਾਈ ਮਲਕੀਤ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਭਗਵੰਤ ਸਿੰਘ ਸਿਆਲਕਾ, ਸਕੱਤਰ ਬਲਵਿੰਦਰ ਸਿੰਘ ਜੌੜਾ ਸਿੰਘਾ, ਮੈਨੇਜਰ ਜਸਵਿੰਦਰ ਸਿੰਘ, ਫੈਡਰੇਸ਼ਨ ਆਗੂ ਮਨਜੀਤ ਸਿੰਘ ਭੋਮਾ, ਸਰਬਜੀਤ ਸਿੰਘ ਸੋਹਲ, ਦਲਜੀਤ ਸਿੰਘ ਬਿੱਟੂ ਤੇ ਹੋਰ ਹਾਜ਼ਰ ਸਨ।

    ਅੰਮ੍ਰਿਤਸਰ - ਪੰਜਾਬ ਸਕੂਲ ਸਿੱਖਿਆ ਬੋਰਡ ਦੀ 11ਵੀਂ ਤੇ 12ਵੀਂ ਦੀ ਪੁਸਤਕ ਵਿਚ ਸਿੱਖ ਇਤਿਹਾਸ ਨਾਲ ਹੋਈ ਛੇੜਛਾੜ ਦੇ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ਖ਼ਿਲਾਫ਼ ਇਸ ਨੂੰ ਸਿਆਸੀ ਮੁੱਦਾ ਬਣਾ ਕੇ ਸੰਘਰਸ਼ ਵਿੱਢਣ ਦਾ ਫ਼ੈਸਲਾ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਮਾਮਲੇ ਵਿਚ ਪ੍ਰਗਟਾਏ ਵਿਰੋਧ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ 11ਵੀਂ ਤੇ 12ਵੀਂ ਜਮਾਤ ਵਾਸਤੇ ਇਤਿਹਾਸ ਦੀ ਪਿਛਲੇ ਸੈਸ਼ਨ ਦੀ ਪੁਰਾਣੀ ਪੁਸਤਕ ਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
    ਇਸ ਸਬੰਧੀ ਭਲਕੇ ਇੱਥੇ ਅਕਾਲ ਤਖ਼ਤ ਵਿਚ ਅਰਦਾਸ ਕਰਕੇ ਟਾਊਨ ਹਾਲ ਵਿਚ ਸਰਕਾਰ ਖ਼ਿਲਾਫ਼ ਰੋਸ ਧਰਨਾ ਦਿੱਤਾ ਜਾ ਰਿਹਾ ਹੈ। ਅੱਜ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਅਖ਼ਬਾਰ ਵਿੱਚ ਪੂਰੇ ਸਫ਼ੇ ਦਾ ਇਸ਼ਤਿਹਾਰ ਦਿੱਤਾ ਗਿਆ ਹੈ। ਇਸ਼ਤਿਹਾਰ ਵਿੱਚ ਕਾਂਗਰਸ ਨੂੰ ਖ਼ਾਲਸਾ ਪੰਥ ਵਿਰੋਧੀ ਪਾਰਟੀ ਕਰਾਰ ਦਿੱਤਾ ਗਿਆ ਹੈ। ਇਸ ਇਸ਼ਤਿਹਾਰ ਦੇ ਪ੍ਰਕਾਸ਼ਿਤ ਹੋਣ ਮਗਰੋਂ ਅਲੋਚਕਾਂ ਨੇ ਸ਼੍ਰੋਮਣੀ ਕਮੇਟੀ ਦੀ ਇਸ ਕਾਰਵਾਈ ਨੂੰ ਗੁਰੂ ਘਰ ਦੀ ਗੋਲਕ ਦੀ ਦੁਰਵਰਤੋਂ ਅਤੇ ਸਿਆਸੀ ਮੰਤਵ ਹਿੱਤ ਕੀਤੀ ਗਈ ਕਾਰਵਾਈ ਦੱਸਿਆ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਸੰਵਿਧਾਨਕ ਸੰਸਥਾ ਹੈ, ਜਿਸ ਨੂੰ ਸਿੱਖ ਕੌਮ ਦੇ ਵਿਰੁੱਧ ਸੋਚ ਵਾਲਿਆਂ ਖ਼ਿਲਾਫ਼ ਆਵਾਜ਼ ਉਠਾਉਣ ਦਾ ਹੱਕ ਹੈ। ਇਸ ਦੌਰਾਨ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਗੁਰਦਾਸ ਹਾਲ ਵਿਚ ਮੀਟਿੰਗ ਕੀਤੀ ਗਈ। ਉਨ੍ਹਾਂ ਆਖਿਆ ਕਿ ਮਹਿਲਾ ਵਿੰਗ ਵੱਲੋਂ ਕਾਂਗਰਸ ਦੇ ਸਿੱਖ ਵਿਰੋਧੀ ਚਿਹਰੇ ਨੂੰ ਬੇਨਕਾਬ ਕਰਨ ਲਈ ਮੁਹਿੰਮ ਛੇੜੀ ਜਾਵੇਗੀ।

    ਰਾਜਪੀਪਲਾ (ਗੁਜਰਾਤ): ਸਰਦਾਰ ਵੱਲਭਭਾਈ ਪਟੇਲ ਦੇ ਬੁੱਤ ‘ਸਟੈਚੂ ਆਫ਼ ਯੂਨਿਟੀ’ ਦਾ ਵਿਰੋਧ ਕਰ ਰਹੇ ਕਬਾਇਲੀ ਆਗੂ ਪ੍ਰਫੁੱਲ ਵਸਾਵਾ ਅਤੇ ਚਾਰ ਹੋਰਨਾਂ ਨੂੰ ਬੁੱਧਵਾਰ ਨੂੰ ਨਰਮਦਾ ਜ਼ਿਲ੍ਹੇ ਦੇ ਰਾਜਪੀਪਲਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਕਬਾਇਲੀ ਆਗੂਆਂ ਦੇ ਇਕ ਵਰਗ ਵੱਲੋਂ ਨਰਮਦਾ ਅਤੇ ਭਰੁਚ ਨਾਲ ਲਗਦੇ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ’ਚ ਬੰਦ ਰੱਖਿਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਯਾਦਗਾਰ ਦੀ ਉਸਾਰੀ ਕਰਕੇ ਵਿਕਾਸ ਰੁਕ ਗਿਆ ਹੈ ਅਤੇ ਕੁਦਰਤੀ ਵਸੀਲੇ ਨਸ਼ਟ ਹੋ ਗਏ ਹਨ। ਵਸਾਵਾ ਅਤੇ ਹੋਰਾਂ ਨੇ ਰਾਜਪੀਪਲਾ ਦੇ ਬਾਹਰਵਾਰ ਰੋਸ ਮਾਰਚ ਕੱਢਿਆ ਜੋ ਉਦਘਾਟਨ ਵਾਲੀ ਥਾਂ ਤੋਂ 23 ਕਿਲੋਮੀਟਰ ਦੂਰ ਸੀ। ਉਨ੍ਹਾਂ ਰੋਸ ਵਜੋਂ ਕਾਲੇ ਗੁਬਾਰੇ ਵੀ ਛੱਡੇ ਅਤੇ ‘ਮੋਦੀ ਵਾਪਸ ਜਾਓ’ ਦੇ ਨਾਅਰੇ ਵੀ ਲਗਾਏ। ਨਰਮਦਾ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਸਾਰੇ ਬਾਜ਼ਾਰ ਪੂਰੀ ਤਰ੍ਹਾਂ ਖੁੱਲ੍ਹੇ ਹੋਏ ਸਨ ਪਰ ਭਰੁਚ ਦੇ ਕੁਲੈਕਟਰ ਰਵੀ ਕੁਮਾਰ ਅਰੋੜਾ ਨੇ ਕਿਹਾ ਕਿ ਬੰਦ ਦੇ ਸੱਦੇ ਨੇ ਨੇਤਰੰਗ ਅਤੇ ਝਗਾੜੀਆ ਤਹਿਸੀਲਾਂ ’ਚ ਜਨਜੀਵਨ ਠੱਪ ਰਿਹਾ। ਜ਼ਿਕਰਯੋਗ ਹੈ ਕਿ 29 ਅਕਤੂਬਰ ਨੂੰ ਸਰਦਾਰ ਸਰੋਵਰ ਡੈਮ ਨੇੜਲੇ 22 ਪਿੰਡਾਂ ਦੇ ਸਰਪੰਚਾਂ ਨੇ ਸ੍ਰੀ ਮੋਦੀ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਪਿੰਡ ਵਾਸੀ ਉਨ੍ਹਾਂ ਦਾ ਸਵਾਗਤ ਨਹੀਂ ਕਰਨਗੇ। ਸਥਾਨਕ ਕਬਾਇਲੀ ਆਗੂਆਂ ਦੇ ਇਕ ਵਰਗ ਨੇ ਉਨ੍ਹਾਂ ਦੇ ਸਮਾਗਮ ਦੇ ਬਾਈਕਾਟ ਦਾ ਐਲਾਨ ਵੀ ਕੀਤਾ ਸੀ।

    ਹਰ ਵਰ੍ਹੇ ਇਹ ਖੂਨੀ ਹਫ਼ਤਾ ਆਉਂਦਾ ਹੈ, ਸਿੱਖਾਂ ਦੇ ਅੱਲ੍ਹੇ ਜਖ਼ਮਾਂ ਤੇ ਲੂਣ ਛਿੜਕ ਕੇ ਸਿੱਖ ਦਾ ਮੂੰਹ ਚਿੜਾਉਂਦਾ ਲੰਘ ਜਾਂਦਾ ਹੈ। ਸਾਡੇ ਵਰਗੇ ਕਲਮ ਘੜੀਸਾਂ ਦੀਆਂ ਕਲਮਾਂ, ਇਨਸਾਫ਼ ਦੀ ਦੁਹਾਈ ਦੇ ਕੇ ਆਪਣੀ ਭੜਾਸ ਕੱਢ ਲੈਂਦੀਆਂ ਹਨ। ਜਿਨ੍ਹਾਂ ਨੇ ਉਹ ਵਹਿਸ਼ੀਆਨਾ ਕਤਲੇਆਮ ਆਪਣੇ ਪਿੰਡੇ ਤੇ ਹੰਡਾਇਆ ਹੋਇਆ ਹੈ, ਉਹ ਉਸ ਭਿਆਨਕ ਮੰਜ਼ਰ ਦਾ ਚੇਤਾ ਕਰਕੇ ਕੰਬ ਜਾਂਦੇ ਹਨ। ਫਿਰ ਠੰਡਾ ਹਉਕਾ ਲੈ ਕੇ, ਰੋਜ਼ਾਨਾ ਦੇ ਜੀਵਨ ਦੇ ਕੰਮਕਾਰਾਂ 'ਚ ਗੁਆਚ ਜਾਂਦੇ ਹਨ। ਇਕ-ਅੱਧ ਨਾਲ ਅਜਿਹਾ ਵਹਿਸ਼ੀਆਨਾ ਕਾਰਾ ਹੋਇਆ ਹੋਵੇ ਤੇ ਹਮਲਾਵਰਾਂ ਦੀ ਉੱਚ ਪਹੁੰਚ ਕਾਰਣ, ਪੀੜ੍ਹਤ ਧਿਰ ਨੂੰ ਇਨਸਾਫ਼ ਨਾ ਮਿਲੇ ਸਮਝ 'ਚ ਆਉਂਦਾ ਹੈ।

    'ਪੰਜਾਬ', ਜਿਹੜਾ ਆਪਣੇ ਪਾਣੀਆਂ ਤੇ ਆਪਣੀ ਬੋਲੀ ਕਾਰਨ ਪੰਜਾਬ ਹੈ, ਪ੍ਰੰਤੂ ਬਦਕਿਸਮਤੀ ਨਾਲ ਅੱਜ ਪੰਜਾਬ ਤੋਂ ਉਸਦੇ ਪਾਣੀ ਤੇ ਬੋਲੀ ਦੋਵੇ ਹੀ ਖੋਹ ਲਏ ਗਏ ਹਨ। ਅੱਜ ਪੰਜਾਬ ਦੇ 'ਪੰਜਾਬੀ ਸੂਬਾ' ਬਣਨ ਦੀ ਅਰਧ ਸ਼ਤਾਬਦੀ ਦਾ ਦਿਨ ਹੈ, ਇਹ ਭਾਵੇਂ ਕਿਸੇ ਪੰਜਾਬੀ ਲਈ ਖੁਸ਼ੀ ਦਾ ਦਿਨ ਕਦਾਚਿਤ ਨਹੀਂ ਹੋ ਸਕਦਾ, ਕਿਉਂਕਿ 'ਲੰਗੜਾ ਪੰਜਾਬੀ ਸੂਬਾ' ਅਕਾਲੀ ਭਾਈਆਂ ਨੇ ਆਪਣੀ ਰਾਜਸੀ ਲਾਲਸਾ ਕਾਰਨ, ਹਜ਼ਾਰਾਂ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਖੂਹ-ਖਾਤੇ ਸੁੱਟ ਕੇ, ਮੰਨਜ਼ੂਰ ਕਰ ਲਿਆ ਸੀ। ਖੈਰ, ਪੰਜਾਬੀ ਬੋਲੀ ਤੇ ਅਧਾਰਿਤ ਪੰਜਾਬੀ ਸੂਬਾ ਤਾਂ ਬਣ ਗਿਆ, ਪ੍ਰੰਤੂ ਇਸ ਪੰਜਾਬੀ ਸੂਬੇ 'ਚੋਂ ਪੰਜਾਬੀ ਨੂੰ 'ਨਿਕਾਲਾ' ਦੇ ਦਿੱਤਾ ਗਿਆ ਹੈ।

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com