ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਬਠਿੰਡਾ - ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਖ਼ਿਲਾਫ਼ ਉੱਭਰੀਆਂ ਸੁਰਾਂ ਦਰਮਿਆਨ ਹੁਣ ਚੁਰਾਸੀ ਕਤਲੇਆਮ ਦੇ ਪੀੜਤਾਂ ਨੂੰ ਨਿਆਂ ਦਿਵਾਉਣ ਦੇ ਹੱਕ ਵਿਚ ਦਿੱਲੀ ਦੇ ਜੰਤਰ-ਮੰਤਰ ਵਿਚ 3 ਨਵੰਬਰ ਨੂੰ ਰੋਸ ਧਰਨਾ ਦੇਣ ਦਾ ਫ਼ੈਸਲਾ ਕੀਤਾ ਹੈ। ਅਕਾਲੀ ਦਲ ਇਸ ਮੁੱਦੇ ਨੂੰ ਕੌਮੀ ਪੱਧਰ ’ਤੇ ਉਠਾਉਣਾ ਚਾਹੁੰਦਾ ਹੈ। ਇਸ ਸਬੰਧ ਵਿਚ ਪਹਿਲਾਂ ਇਕ ਨਵੰਬਰ ਨੂੰ ਤਖ਼ਤ ਦਮਦਮਾ ਸਾਹਿਬ ਵਿਚ ਅਰਦਾਸ ਕੀਤੀ ਜਾਵੇਗੀ। ਪਾਰਟੀ ਵਲੋਂ ਭਲਕੇ ਦਮਦਮਾ ਸਾਹਿਬ ’ਚ ਅਖੰਠ ਪਾਠ ਸਾਹਿਬ ਦੇ ਪ੍ਰਕਾਸ਼ ਕਰਵਾਏ ਜਾਣਗੇ। ਦੋ ਨਵੰਬਰ ਦੀ ਸ਼ਾਮ ਨੂੰ ਪੰਜਾਬ ਦੇ ਅਕਾਲੀ ਵਰਕਰ ਦਿੱਲੀ ਲਈ ਰਵਾਨਾ ਹੋਣਗੇ। ਸ਼੍ਰੋਮਣੀ ਅਕਾਲੀ ਦਲ ਵਲੋਂ ਹਦਾਇਤਾਂ ਹਨ ਕਿ ਹਰ ਹਲਕਾ ਇੰਚਾਰਜ ਤੇ ਵਿਧਾਇਕ ਆਪੋ-ਆਪਣੇ ਹਲਕੇ ਵਿਚੋਂ ਘੱਟੋ-ਘੱਟ ਇੱਕ ਬੱਸ ਲੈ ਕੇ ਦਿੱਲੀ ਪੁੱਜਣ। ਪੰਜਾਬ ਦੇ ਸੱਤ ਜ਼ਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਪਠਾਨਕੋਟ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ ਦੇ ਅਕਾਲੀ ਆਗੂ ਤੇ ਵਰਕਰ ਅੰਮ੍ਰਿਤਸਰ ਤੋਂ ਰਵਾਨਾ ਹੋਣਗੇ ਜਦਕਿ ਹੋਰ ਸੱਤ ਜ਼ਿਲ੍ਹਿਆਂ ਰੋਪੜ, ਮੁਹਾਲੀ, ਨਵਾਂ ਸ਼ਹਿਰ, ਹੁਸ਼ਿਆਰਪੁਰ, ਫਤਹਿਗੜ੍ਹ ਸਾਹਿਬ, ਪਟਿਆਲਾ ਤੇ ਲੁਧਿਆਣਾ ਦੇ ਵਰਕਰ ਅਨੰਦਪੁਰ ਸਾਹਿਬ ਤੋਂ ਦਿੱਲੀ ਵੱਲ ਚਾਲੇ ਪਾਉਣਗੇ। ਮਾਲਵਾ ਦੇ ਅੱਠ ਜ਼ਿਲ੍ਹਿਆਂ ਬਠਿੰਡਾ, ਮਾਨਸਾ, ਮੁਕਤਸਰ, ਫ਼ਾਜ਼ਿਲਕਾ, ਫ਼ਰੀਦਕੋਟ, ਮੋਗਾ, ਬਰਨਾਲਾ ਤੇ ਸੰਗਰੂਰ ਦੇ ਵਰਕਰਾਂ ਦਾ ਦਮਦਮਾ ਸਾਹਿਬ ਤੋਂ ਦਿੱਲੀ ਵੱਲ ਰਵਾਨਾ ਹੋਣ ਦਾ ਪ੍ਰੋਗਰਾਮ ਹੈ। ਇਸ ਤੋਂ ਇਲਾਵਾ ਪਾਰਟੀ ਦੇ ਸਾਰੇ ਸੰਸਦ ਮੈਂਬਰਾਂ, ਸਾਬਕਾ ਸੰਸਦ ਮੈਂਬਰਾਂ, ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਨੂੰ ਵੀ ਜੰਤਰ ਮੰਤਰ ਪੁੱਜਣ ਦੀ ਹਦਾਇਤ ਕੀਤੀ ਗਈ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਿੰਡ ਬਾਦਲ ਵਿਚ ਕੁੱਝ ਹਲਕਿਆਂ ਦੇ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਵੀ ਕੀਤੀ। ਸਾਬਕਾ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਦਾ ਕਹਿਣਾ ਹੈ ਕਿ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 3 ਨਵੰਬਰ ਦੇ ਦਿੱਲੀ ਦੇ ਪ੍ਰੋਗਰਾਮ ਦੀ ਰਣਨੀਤੀ ਤੋਂ ਜਾਣੂ ਕਰਵਾ ਦਿੱਤਾ ਹੈ। ਅਤੇ ਹਰ ਹਲਕੇ ’ਚੋਂ 100-100 ਵਰਕਰ ਦਿੱਲੀ ਧਰਨੇ ਲਈ ਰਵਾਨਾ ਹੋਣਗੇ। ਸੂਤਰਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਦੇ ਇਸ ਪ੍ਰੋਗਰਾਮ ’ਚ ਬਾਗ਼ੀ ਸੁਰਾਂ ਵਾਲੇ ਆਗੂਆਂ ਦੇ ਗ਼ੈਰਹਾਜ਼ਰ ਰਹਿਣ ਦੀ ਸੰਭਾਵਨਾ ਹੈ। ਸਿਆਸੀ ਹਲਕਿਆਂ ਵਿਚ ਇਸ ਗੱਲੋਂ ਵੀ ਹੈਰਾਨੀ ਪ੍ਰਗਟਾਈ ਜਾ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿਚ ਧਰਨਾ ਕਿਸ ਖ਼ਿਲਾਫ਼ ਦੇਵੇਗਾ। ਦਿੱਲੀ ਵਿਚ ਧਰਨੇ ਦਾ ਮਤਲਬ ਕੇਂਦਰ ਸਰਕਾਰ ਖ਼ਿਲਾਫ਼ ਰੋਸ ਦੇ ਪ੍ਰਗਟਾਵੇ ਵਜੋਂ ਵੀ ਕੱਢਿਆ ਜਾ ਸਕਦਾ ਹੈ, ਪਰ ਕੇਂਦਰ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਭਾਈਵਾਲ ਭਾਜਪਾ ਦੀ ਹੀ ਸਰਕਾਰ ਹੈ। ‘ਆਪ’ ਆਗੂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕੇਂਦਰ ਵਿਚ ਅਕਾਲੀ ਦਲ ਦੇ ਭਾਈਵਾਲਾਂ ਦੀ ਸਰਕਾਰ ਹੋਣ ਦੇ ਬਾਵਜੂਦ ਕੋਈ ਠੋਸ ਕਦਮ ਇਸ ਮਾਮਲੇ ਬਾਰੇ ਨਹੀਂ ਚੁੱਕਿਆ ਗਿਆ ਤੇ ਨਾ ਹੀ ਅਕਾਲੀਆਂ ਨੇ ਸੂਬੇ ਵਿਚ ਭਾਜਪਾ ਨਾਲ ਗੱਠਜੋੜ ਸਰਕਾਰ ਹੋਣ ਦੌਰਾਨ ਕੋਈ ਠੋਸ ਕਾਰਵਾਈ ਕੀਤੀ।

    ਜਕਾਰਤਾ - ਇੰਡੋਨੇਸ਼ੀਆ ਦੀ ਲਾਇਨ ਏਅਰ ਦਾ ਜਹਾਜ਼ ਜਿਸ ਵਿੱਚ ਅਮਲੇ ਸਮੇਤ 189 ਮੁਸਾਫ਼ਰ ਸਵਾਰ ਸਨ, ਅੱਜ ਸਮੁੰਦਰ ਵਿਚ ਡਿੱਗ ਗਿਆ। ਇਨ੍ਹਾਂ ਸਾਰਿਆਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਰਾਜਧਾਨੀ ਜਕਾਰਤਾ ਤੋਂ ਉਡਾਣ ਭਰਨ ਤੋਂ ਮਹਿਜ਼ 13 ਮਿੰਟਾਂ ਬਾਅਦ ਹੀ ਇਹ ਜਹਾਜ਼ ਰਾਡਾਰ ਦੇ ਘੇਰੇ ਤੋਂ ਬਾਹਰ ਹੋ ਗਿਆ। ਜ਼ਾਹਰਾ ਤੌਰ ’ਤੇ ਹਾਦਸੇ ਵੇਲੇ ਦੀ ਫਿਲਮਾਈ ਗਈ ਇਕ ਵੀਡੀਓ ਵਿਚ ਸਮੁੰਦਰ ਦੀ ਸਤਹਿ ’ਤੇ ਤੇਲ ਦੀ ਗਹਿਰੀ ਪਰਤ ਨਜ਼ਰ ਆ ਰਹੀ ਹੈ। ਇਸ ਬੋਇੰਗ 737 ਐਮਏਐਕਸ8 ਜਹਾਜ਼ ਦਾ ਪਾਇਲਟ ਭਾਰਤ ਦਾ ਭਵਯ ਸੁਨੇਜਾ ਸੀ। ਇਹ ਜਹਾਜ਼ ਪੰਗਕਾਲ ਪਿਨਾਂਗ ਜਾ ਰਿਹਾ ਸੀ ਤੇ ਜਕਾਰਤਾ ਤੋਂ 32 ਕਿਲੋਮੀਟਰ ਦੂਰ ਕੇਰਾਵਾਂਗ ਨੇੜੇ ਹਾਦਸਾਗ੍ਰਸਤ ਹੋ ਗਿਆ। ਇੰਡੋਨੇਸ਼ੀਆ ਵਿਚ ਭਾਰਤੀ ਦੂਤਾਵਾਸ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੈਪਟਨ ਸੁਨੇਜਾ ਦੇ ਨਾਲ ਕੋ-ਪਾਇਲਟ ਹਾਰਵਿਨੋ ਤੇ ਕੈਬਿਨ ਦਸਤੇ ਦੇ ਛੇ ਮੈਂਬਰ ਵੀ ਸਨ। ਸੁਨੇਜਾ ਕੋਲ 6 ਹਜ਼ਾਰ ਘੰਟਿਆਂ ਦੀ ਉਡਾਣ ਤੇ ਕੋ-ਪਾਇਲਟ ਵਜੋਂ 5 ਹਜ਼ਾਰ ਘੰਟਿਆਂ ਦੀ ਉਡਾਣ ਦਾ ਤਜਰਬਾ ਸੀ।ਭਵਯ ਸੁਨੇਜਾ ਦਿੱਲੀ ਦਾ ਜੰਮਪਲ ਸੀ ਤੇ ਦੱਖਣੀ ਦਿੱਲੀ ਦੇ ਮਯੂਰ ਵਿਹਾਰ ਇਲਾਕੇ ਦੇ ਅਹਿਲਕੋਨ ਪਬਲਿਕ ਸਕੂਲ ਦਾ ਵਿਦਿਆਰਥੀ ਰਿਹਾ ਹੈ।

    ਚੰਡੀਗੜ੍ਹ - ਆਮ ਆਦਮੀ ਪਾਰਟੀ (ਆਪ) ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਲਈ ਆਪਣੇ ਪੰਜ ਉਮੀਦਵਾਰਾਂ ਦੀ ਚੋਣ ਦਾ ਫ਼ੈਸਲਾ ਕਰ ਲਿਆ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਪੰਜਾਬ ਇਕਾਈ ਦੀ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦੀ ਅਗਵਾਈ ਹੇਠ ਬਣੀ 22 ਮੈਂਬਰੀ ਕੋਰ ਕਮੇਟੀ ਨੇ ਲੋਕ ਸਭਾ ਚੋਣਾਂ ਲਈ ਕੁੱਲ੍ਹ 13 ਸੀਟਾਂ ਵਿੱਚੋਂ 5 ਹਲਕਿਆਂ ਲਈ ਉਮੀਦਵਾਰਾਂ ਦੀ ਚੋਣ ਕਰ ਲਈ ਹੈ ਜਿਸ ਉਪਰ ਕੇਂਦਰੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਦੀ ਰਸਮੀ ਮੋਹਰ ਲਵਾ ਕੇ ਐਲਾਨ ਕਿਸੇ ਵੇਲੇ ਵੀ ਕੀਤਾ ਜਾ ਸਕਦਾ ਹੈ। ਸੂਤਰਾਂ ਅਨੁਸਾਰ ਪਾਰਟੀ ਨੇ ਮੌਜੂਦਾ ਸੰਸਦ ਮੈਂਬਰ ਤੇ ਪਾਰਟੀ ਦੇ ਮੁੱਖ ਆਗੂ ਭਗਵੰਤ ਮਾਨ ਨੂੰ ਮੁੜ ਸੰਗਰੂਰ ਹਲਕੇ ਤੋਂ ਚੋਣ ਲੜਾਉਣ ਦਾ ਫੈਸਲਾ ਲੈ ਲਿਆ ਹੈ। ਇਸੇ ਤਰ੍ਹਾਂ, ਮੌਜੂਦਾ ਸੰਸਦ ਮੈਂਬਰ ਪ੍ਰੋਫੈਸਰ ਸਾਧੂ ਸਿੰਘ ਨੂੰ ਵੀ ਮੁੜ ਫਰੀਦਕੋਟ ਹਲਕੇ ਤੋਂ ਹੀ ਚੋਣ ਲੜਾਈ ਜਾ ਸਕਦੀ ਹੈ। ਸੂਤਰਾਂ ਅਨੁਸਾਰ ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਧਾਲੀਵਾਲ ਨੂੰ ਲੋਕ ਸਭਾ ਹਲਕਾ ਅੰਮ੍ਰਿਤਸਰ, ਪਾਰਟੀ ਦੇ ਜਨਰਲ ਸਕੱਤਰ ਤੇ ਵਿੱਤ ਕਮੇਟੀ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਹਲਕਾ ਸ੍ਰੀ ਆਨੰਦਪੁਰ ਸਾਹਿਬ ਅਤੇ ਦੋਆਬਾ ਜ਼ੋਨ ਦੇ ਪ੍ਰਧਾਨ ਡਾਕਟਰ ਰਵਜੋਤ ਨੂੰ ਹਲਕਾ ਹੁਸ਼ਿਆਰਪੁਰ ਤੋਂ ਚੋਣ ਲੜਾਉਣ ਦੀ ਸੰਭਾਵਨਾ ਹੈ। ਪਤਾ ਲੱਗਾ ਹੈ ਕਿ ਪੰਜਾਬ ਇਕਾਈ ਦੀ ਕੋਰ ਕਮੇਟੀ ਦੀ ਪਿਛਲੇ ਦਿਨੀਂ ਚੰਡੀਗੜ੍ਹ ਵਿਚ ਹੋਈ ਮੀਟਿੰਗ ਵਿੱਚ ਹਲਕਾ ਫਤਿਹਗੜ੍ਹ ਸਾਹਿਬ ਲਈ ਵੀ ਉਮੀਦਵਾਰ ਚੁਣਨ ਦਾ ਫੈਸਲਾ ਲਿਆ ਸੀ ਪਰ ਫਿਲਹਾਲ ਇਸ ਹਲਕੇ ਲਈ ਉਮੀਦਵਾਰ ਦੇ ਨਾਮ ਨੂੰ ਅੰਤਿਮ ਰੂਪ ਨਹੀਂ ਦਿੱਤਾ ਜਾ ਸਕਿਆ। ਸੂਤਰਾਂ ਅਨੁਸਾਰ ਕੋਰ ਕਮੇਟੀ ਨੇ ਹਰੇਕ ਹਲਕੇ ਲਈ ਉਮੀਦਵਾਰ ਵਾਸਤੇ 2 ਜਾਂ 3 ਨਾਵਾਂ ਦੀ ਸਿਫਾਰਸ਼ ਕੇਂਦਰੀ ਪੀਏਸੀਪੀ ਨੂੰ ਕੀਤੀ ਸੀ ਅਤੇ ਕੇਂਦਰੀ ਮੁੱਖ ਲੀਡਰਸ਼ਿਪ ਨੇ ਪੰਜਾਬ ਦੇ ਮੁੱਖ ਆਗੂਆਂ ਨਾਲ ਸਲਾਹ ਮਸ਼ਵਰਾ ਕਰ ਕੇ ਸਾਫ ਕਰ ਦਿੱਤਾ ਸੀ ਕਿ ਸਿਫਾਰਸ਼ ਕੀਤੇ ਨਾਵਾਂ ਵਿੱਚੋਂ ਹੀ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਸੂਤਰਾਂ ਅਨੁਸਾਰ ਕੇਂਦਰੀ ਲੀਡਰਸ਼ਿਪ ਨੇ ਪੰਜਾਬ ਦੀ ਲੀਡਰਸ਼ਿਪ ਨੂੰ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਸੀ ਕਿ ਪੀਏਸੀਪੀ ਵੱਲੋਂ ਸਿਫਾਰਸ਼ ਕੀਤੇ ਨਾਵਾਂ ਵਿੱਚੋਂ ਹੀ ਉਮੀਦਵਾਰ ਚੁਣੇ ਜਾਣਗੇ ਅਤੇ ਇਨ੍ਹਾਂ ਨਾਵਾਂ ਤੋਂ ਇਲਾਵਾ ਆਪਣੇ ਪੱਧਰ ’ਤੇ ਕਿਸੇ ਬਾਹਰੀ ਵਿਅਕਤੀ ਨੂੰ ਉਮੀਦਵਾਰ ਨਹੀਂ ਚੁਣਿਆ ਜਾਵੇਗਾ।

    ਨਵੀਂ ਦਿੱਲੀ - ਦਿੱਲੀ ਹਾਈ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਕੇਸ ’ਚ ਹੇਠਲੀ ਅਦਾਲਤ ਵੱਲੋਂ ਕਾਂਗਰਸ ਆਗੂ ਸੱਜਣ ਕੁਮਾਰ ਨੂੰ ਬਰੀ ਕਰਨ ਖ਼ਿਲਾਫ਼ ਪਾਈਆਂ ਅਪੀਲਾਂ ’ਤੇ ਸੋਮਵਾਰ ਨੂੰ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਜਸਟਿਸ ਐਸ ਮੁਰਲੀਧਰ ਅਤੇ ਵਿਨੋਦ ਗੋਇਲ ਨੇ ਸੀਬੀਆਈ, ਦੰਗਾ ਪੀੜਤਾਂ ਅਤੇ ਦੋਸ਼ੀਆਂ ਵੱਲੋਂ ਦਾਖ਼ਲ ਅਪੀਲਾਂ ’ਤੇ ਬਹਿਸ ਖ਼ਤਮ ਕਰਦਿਆਂ ਧਿਰਾਂ ਨੂੰ ਕਿਹਾ ਕਿ ਉਹ 22 ਨਵੰਬਰ ਤਕ ਜੇਕਰ ਕੋਈ ਲਿਖਤੀ ਜਾਣਕਾਰੀ ਹੈ ਤਾਂ ਜਮ੍ਹਾਂ ਕਰਵਾ ਸਕਦੇ ਹਨ। ਕਾਂਗਰਸ ਦੇ ਸਾਬਕਾ ਕੌਂਸਲਰ ਬਲਵਾਨ ਖੋਖਰ, ਜਲ ਸੈਨਾ ਦੇ ਸੇਵਾਮੁਕਤ ਅਧਿਕਾਰੀ ਕੈਪਟਨ ਭਾਗਮਲ, ਗਿਰਧਾਰੀ ਲਾਲ ਅਤੇ ਦੋ ਹੋਰਾਂ ਨੂੰ ਦਿੱਲੀ ਛਾਉਣੀ ਦੇ ਰਾਜ ਨਗਰ ਇਲਾਕੇ ’ਚ ਪਰਿਵਾਰ ਦੇ ਪੰਜ ਮੈਂਬਰਾਂ ਦੀ ਹੱਤਿਆ ਕਰਨ ਨਾਲ ਸਬੰਧਤ ਕੇਸ ’ਚ ਦੋਸ਼ੀ ਠਹਿਰਾਇਆ ਗਿਆ ਸੀ। ਹੇਠਲੀ ਅਦਾਲਤ ਨੇ ਇਸ ਕੇਸ ’ਚ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਸੀ। ਦੋਸ਼ੀਆਂ ਨੇ ਆਪਣੀਆਂ ਸਜ਼ਾਾਵਾਂ ਨੂੰ ਹਾਈ ਕੋਰਟ ’ਚ ਚੁਣੌਤੀ ਦਿੱਤੀ ਸੀ। ਸੀਬੀਆਈ ਨੇ ਅਪੀਲ ਦਾਖ਼ਲ ਕਰਕੇ ਕਿਹਾ ਸੀ ਕਿ ਉਹ ਯੋਜਨਾਬੱਧ ਢੰਗ ਨਾਲ ਭੜਕਾਏ ਫਿਰਕੂ ਦੰਗਿਆਂ ’ਚ ਸ਼ਾਮਲ ਸਨ।
    ਉਧਰ ਦਿੱਲੀ ਹਾਈ ਕੋਰਟ ਨੇ ਦੰਗਾ ਪੀੜਤਾਂ ਦੇ ਨਜ਼ਦੀਕੀਆਂ ਦੀ ਨੌਕਰੀਆਂ ਲਈ ਅਰਜ਼ੀਆਂ ਦੀ ਸਥਿਤੀ ਬਾਰੇ ਆਮ ਆਦਮੀ ਪਾਰਟੀ ਸਰਕਾਰ ਤੋਂ ਸਪੱਸ਼ਟੀਕਰਨ ਮੰਗਿਆ ਹੈ।
    ਚੀਫ਼ ਜਸਟਿਸ ਰਾਜੇਂਦਰ ਮੈਨਨ ਅਤੇ ਜਸਟਿਸ ਵੀ ਕੇ ਰਾਓ ਦੇ ਬੈਂਚ ਨੇ ‘ਆਪ’ ਸਰਕਾਰ ਨੂੰ ਸਰਕੁਲਰ ਜਾਰੀ ਹੋਣ ਦੇ 12 ਸਾਲਾਂ ਮਗਰੋਂ ਰੁਜ਼ਗਾਰ ਹਾਸਲ ਕਰਨ ਵਾਲਿਆਂ ਸਬੰਧੀ ਰਿਪੋਰਟ ਜਮਾਂ ਕਰਾਉਣ ਲਈ ਕਿਹਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਖ਼ਲ ਜਨਹਿੱਤ ਪਟੀਸ਼ਨ ’ਤੇ ਹਾਈ ਕੋਰਟ ਨੇ ਇਹ ਹੁਕਮ ਦਿੱਤੇ ਹਨ। ਬੈਂਚ ਵੱਲੋਂ ਇਸ ਮਾਮਲੇ ’ਤੇ ਅਗਲੇ ਸਾਲ 4 ਫਰਵਰੀ ਨੂੰ ਅੱਗੇ ਸੁਣਵਾਈ ਕੀਤੀ ਜਾਵੇਗੀ।

    ਪ੍ਰੋ ਰਾਜਿੰਦਰ ਪਾਲ ਸਿੰਘ ਬਰਾੜ (ਡਾ)
    ਪੰਜਾਬੀ ਸੂਬਾ ਬਣਨ ਦੀ ਪ੍ਰਕ੍ਰਿਆ ਅਤੇ ਉਸ ਤੋਂ ਬਾਅਦ ਦੇ ਰਾਜਸੀ ਪ੍ਰਭਾਵਾਂ ਬਾਰੇ ਤਾਂ ਬਹੁਤ ਵਿਚਾਰ ਹੋਈ ਹੈ ਪਰ ਇਸ ਦੇ ਆਰਥਿਕ, ਧਾਰਮਿਕ ਅਤੇ ਸਮਾਜ-ਸਭਿਆਚਾਰਕ ਪੱਖਾਂ ਬਾਰੇ ਬਹੁਤ ਘੱਟ ਗੱਲ ਹੋਈ ਹੈ। ਪੰਜਾਬੀ ਸੂਬੇ ਦੀ ਮੰਗ ਪਿੱਛੇ ਕੰਮ ਕਰਦੀਆਂ ਸੱਭਿਆਚਾਰਕ ਅਕਾਂਖਿਆਵਾਂ ਅਤੇ ਸੂਬਾ ਬਣਨ ਬਾਅਦ ਦੇ ਸਭਿਆਚਾਰਕ ਰੂਪਾਂਤਰਣ ਬਾਰੇ ਤਾਂ ਹੀ ਹੋਰ ਵੀ ਘੱਟ ਗੱਲ ਹੋਈ ਹੈ।ਸ਼ਾਹ ਮੁਹੰਮਦ ਦਾ ‘ਰਾਜੀਬਾਜੀ ਵੱਸਦਾ ਪੰਜਾਬ ” ਧਰਮ ਆਧਾਰ ਤੇ ਨਾ ਕੇਵਲ ਵੰਡਿਆ ਹੀ ਗਿਆ ਸਗੋਂ ਪ੍ਰਸਪਰ ਭਿਆਨਕ ਕਤਲੇਆਮ ਨਾਲ ਧਾਰਮਿਕ ਫਿਰਕਿਆਂ ਦਰਮਿਆਨ ਨਫ਼ਰਤ ਦੇ ਬੀਜ ਵੀ ਬੀਜ਼ੇ ਗਏ। ਦੇਸ਼ ਵੰਡ ਨਾਲ ਭਾਰਤੀ ਪੰਜਾਬ ਵਿਚ ਇਕ ਵਾਰ ਹਿੰਦੂ-ਸਿੱਖਾਂ ਨੇ ਰਾਜਸੀ ਹੋਣੀ ਸਾਂਝੀ ਕਰ ਲਈ, ਮਾਲੇਰਕੋਟਲਾ ਮੁਸਲਮਾਨ ਬਹੁਗਿਣਤੀ ਹੋਣ ਦੇ ਬਾਵਜੂਦ ਇਸ ਝੱਖੜ ਝਾਜੇਂ ਵਿਚ ‘ਉਮੀਦ’ ਦਾ ਪ੍ਰਤੀਕਾਤਮਿਕ ਚਿਰਾਗ ਬਣਿਆ ।

    ਅੰਮ੍ਰਿਤਸਰ - ਦਲ ਖਾਲਸਾ ਵਲੋਂ ਨਵੰਬਰ 1984 ਸਿੱਖ ਕਤਲੇਆਮ ਦੀ ਵਰ੍ਹੇਗੰਢ ਮੌਕੇ ਇਸ ਵਾਰ ਤਿੰਨ ਨਵੰਬਰ ਨੂੰ ਇਥੇ ਅੰਮ੍ਰਿਤਸਰ ਵਿੱਚ ਇਕ ਮਸ਼ਾਲ ਮਾਰਚ ਕੱਢਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਨਸਲਕੁਸ਼ੀ ਦਾ ਸ਼ਿਕਾਰ ਹੋਏ ਸਿੱਖਾਂ ਨੂੰ ਸ਼ਰਧਾਂਜਲੀਆਂ ਦੇਣ ਲਈ 1984 ਮੋਮਬੱਤੀਆਂ ਵੀ ਜਗਾਈਆਂ ਜਾਣਗੀਆਂ। ਅੱਜ ਇਥੇ ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਪਾਰਟੀ ਆਗੂ ਅਤੇ ਬੁਲਾਰੇ ਕੰਵਰਪਾਲ ਸਿੰਘ ਨੇ ਆਖਿਆ ਕਿ ਨਸਲਕੁਸ਼ੀ ਮਾਰਚ 3 ਨਵੰਬਰ ਦੀ ਸ਼ਾਮ ਨੂੰ ਸ੍ਰੀ ਭੰਡਾਰੀ ਪੁਲ ਤੋਂ ਦਰਬਾਰ ਸਾਹਿਬ ਤਕ ਕੱਢਿਆ ਜਾਵੇਗਾ। ਇਸ ਮੌਕੇ ਕਾਰਕੁਨ ਹੱਥਾਂ ਵਿਚ ਮਸ਼ਾਲਾਂ ਅਤੇ ਨਸਲਕੁਸ਼ੀ ਦੀਆਂ ਤਸਵੀਰਾਂ ਤੇ ਬੈਨਰ ਆਦਿ ਲੈ ਕੇ ਮਾਰਚ ਕਰਨਗੇ। ਉਪਰੰਤ ਦੋ ਘੰਟੇ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਬੈਠਣਗੇ। ਮਾਰੇ ਗਏ ਸਿੱਖਾਂ ਨੂੰ ਸ਼ਰਧਾਂਜਲੀਆਂ ਦੇਣ ਲਈ ਉਥੇ ਮੋਮਬੱਤੀਆਂ ਵੀ ਜਗਾਈਆਂ ਜਾਣਗੀਆਂ। ਉਨ੍ਹਾਂ ਅੱਜ ਇਸ ਸਬੰਧ ਵਿਚ ਕਾਂਗਰਸੀ ਆਗੂ ਸੱਜਣ ਕੁਮਾਰ ਖਿਲਾਫ ਮੁੱਖ ਗਵਾਹ ਬੀਬੀ ਜਗਦੀਸ਼ ਕੌਰ ਨਾਲ ਵੀ ਮੁਲਾਕਾਤ ਕੀਤੀ ਅਤੇ ਇਸ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਇਸ ਮੌਕੇ ਉਨ੍ਹਾਂ ਨਾਲ ਜਥੇਬੰਦੀ ਦੇ ਆਗੂ ਪਰਮਜੀਤ ਸਿੰਘ ਟਾਂਡਾ, ਰਣਬੀਰ ਸਿੰਘ ਤੇ ਹੋਰ ਵੀ ਸ਼ਾਮਲ ਸਨ।ਸਿੱਖ ਆਗੂਆਂ ਨੇ ਸ਼੍ਰੋਮਣੀ ਕਮੇਟੀ ਨੂੰ ਆੜੇ ਹੱਥੀਂ ਲੈਂਦਿਆਂ ਆਖਿਆ ਕਿ ਅੰਤ੍ਰਿੰਗ ਕਮੇਟੀ ਵੱਲੋਂ ਇਕ ਮਤਾ ਪਾਸ ਕੀਤਾ ਗਿਆ ਸੀ ਕਿ ਸਿੱਖ ਅਜਾਇਬ ਘਰ ਵਿੱਚ ਨਵੰਬਰ 1984 ਸਿੱਖ ਕਤਲੇਆਮ ਨੂੰ ਦਰਸਾਉਂਦੀਆਂ ਤਸਵੀਰਾਂ ਅਤੇ ਚਿਤਰ ਲਾਏ ਜਾਣਗੇ ਪਰ ਇਕ ਸਾਲ ਬੀਤਣ ਨੂੰ ਆਇਆ ਹੈ। ਇਸ ਮਤੇ ਨੂੰ ਅਮਲੀ ਰੂਪ ਨਹੀਂ ਦਿੱਤਾ ਗਿਆ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਯਾਦ ਕਰਾਇਆ ਕਿ ਇਹ ਮਤਾ ਪਿਛਲੇ ਵਰ੍ਹੇ 6 ਨਵੰਬਰ ਨੂੰ ਪਟਿਆਲਾ ਵਿਚ ਹੋਈ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿਚ ਪਾਸ ਕੀਤਾ ਗਿਆ ਸੀ। ਉਨ੍ਹਾਂ ਆਖਿਆ ਕਿ ਇਨ੍ਹਾਂ ਤਸਵੀਰਾਂ ਨੂੰ ਤੁਰੰਤ ਅਜਾਇਬ ਘਰ ਵਿਚ ਸਥਾਪਤ ਕੀਤਾ ਜਾਣਾ ਚਾਹੀਦਾ ਹੈ।

    ਅੰਮ੍ਰਿਤਸਰ -ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਕਹਿਣ 'ਤੇ ਅਸਤੀਫ਼ਾ ਦੇਣ ਸਬੰਧੀ ਦਿੱਤੇ ਬਿਆਨ ਨੂੰ ਮਹਿਜ਼ ਇਕ ਡਰਾਮਾ ਦੱਸਦੇ ਹੋਏ ਨਾਰਾਜ਼ ਟਕਸਾਲੀ ਅਕਾਲੀ ਆਗੂ ਸ: ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ 'ਚ ਗ਼ਲਤ ਨੀਤੀਆਂ ਕਾਰਨ ਪਾਰਟੀ ਦੀ ਹੋਈ ਕਰਾਰੀ ਹਾਰ ਤੋਂ ਬਾਅਦ ਹੀ ਪਾਰਟੀ ਆਗੂਆਂ ਵਲੋਂ ਸੁਖਬੀਰ ਸਿੰਘ ਬਾਦਲ ਤੋਂ ਅਸਤੀਫ਼ਾ ਮੰਗਿਆ ਜਾ ਰਿਹਾ ਹੈ | ਜੇਕਰ ਉਨ੍ਹਾਂ ਨੇ ਅਸਤੀਫ਼ਾ ਦੇਣਾ ਹੁੰਦਾ ਤਾਂ ਉਸ ਵੇਲੇ ਹੀ ਦੇ ਸਕਦੇ ਸਨ | 'ਅਜੀਤ' ਨਾਲ ਗੱਲਬਾਤ ਕਰਦੇ ਹੋਏ ਸ. ਬ੍ਰਹਮਪੁਰਾ ਨੇ ਕਿਹਾ ਕਿ ਸੁਖਬੀਰ ਕੇਵਲ ਗੱਲਾਂ ਹੀ ਕਰਦੇ ਹਨ ਉਹ ਪਾਰਟੀ ਤੋਂ ਅਸਤੀਫ਼ਾ ਨਹੀਂ ਦੇ ਸਕਦੇ, ਕੇਵਲ ਤਾਂ ਕੇਵਲ ਅਸਤੀਫ਼ੇ ਨੂੰ ਲੈ ਕੇ ਡਰਾਮਾ ਹੀ ਕਰ ਰਹੇ ਹਨ | ਉਨ੍ਹਾਂ ਸੁਖਬੀਰ ਵਲੋਂ ਪਾਰਟੀ ਦੇ ਕਹਿਣ 'ਤੇ ਅਸਤੀਫ਼ਾ ਦੇਣ ਦੀ ਗੱਲ ਦਾ ਜਵਾਬ ਦਿੰਦਿਆਂ ਕਿਹਾ ਕਿ ਸੁਖਬੀਰ ਇਹ ਵੀ ਸਪੱਸ਼ਟ ਕਰਨ ਕਿ ਉਹ ਕਿਸ ਦੇ ਕਹਿਣ 'ਤੇ ਪਾਰਟੀ ਤੋਂ ਅਸਤੀਫ਼ਾ ਦੇਣਗੇ | ਸ: ਬ੍ਰਹਮਪੁਰਾ ਨੇ ਕਿਹਾ ਕਿ ਉਨ੍ਹਾਂ ਸਮੇਤ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਚਾਹੁੰਦੀ ਹੈ ਕਿ ਪਾਰਟੀ ਕਿਸੇ ਇਕ ਜਾਂ ਦੋ ਵਿਅਕਤੀ ਦੀ ਹੋ ਕੇ ਨਾ ਰਹੇ | ਪਾਰਟੀ ਦੀ ਡਿੱਗੀ ਸਾਖ਼ ਨੂੰ ਬਹਾਲ ਕਰਨ ਲਈ ਕਿਸੇ ਹੋਰ ਵਿਅਕਤੀ ਦੇ ਹੱਕ 'ਚ ਪਾਰਟੀ ਦੀ ਕਮਾਨ ਆਉਣੀ ਚਾਹੀਦੀ ਹੈ ਤਾਂ ਜੋ ਪਹਿਲਾਂ ਹੋਈਆਂ ਗ਼ਲਤੀਆਂ ਨੂੰ ਸੁਧਾਰਿਆ ਜਾ ਸਕੇ | ਭਾਈ ਮਨਜੀਤ ਸਿੰਘ ਦੇ ਸੁਖਬੀਰ ਸਿੰਘ ਬਾਦਲ ਨਾਲ ਤੁਰਨ ਸਬੰਧੀ ਪੁੱਛੇ ਜਾਣ 'ਤੇ ਸ: ਬ੍ਰਹਮਪੁਰਾ ਨੇ ਕਿਹਾ ਭਾਈ ਮਨਜੀਤ ਸਿੰਘ ਉਨ੍ਹਾਂ ਦੇ ਨਾਲ ਹਨ, ਉਨ੍ਹਾਂ ਨੇ ਸ: ਸੇਵਾ ਸਿੰਘ ਸੇਖਵਾ, ਡਾ. ਰਤਨ ਸਿੰਘ ਅਜਨਾਲਾ ਦੇ ਨਾਲ ਪਾਰਟੀ ਦੇ ਹਿੱਤ ਲਈ ਆਵਾਜ਼ ਚੁੱਕੀ ਸੀ ਤੇ ਅੱਜ ਵੀ ਉਹ ਆਪਣੇ ਰੁਖ਼ 'ਤੇ ਕਾਇਮ ਹਨ |

    ਸੇਖਵ -ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਵਲੋਂ ਲੋੜ ਪੈਣ 'ਤੇ ਪ੍ਰਧਾਨਗੀ ਪਦ ਛੱਡਣ ਦੇ ਆਏ ਬਿਆਨ ਦਾ ਸਾਬਕਾ ਕੈਬਨਿਟ ਮੰਤਰੀ ਜਥੇ: ਸੇਵਾ ਸਿੰਘ ਸੇਖਵਾਂ ਨੇ ਸਵਾਗਤ ਕੀਤਾ ਹੈ | ਆਪਣੇ ਸੇਖਵਾਂ ਸਥਿਤ ਨਿਵਾਸ 'ਤੇ ਕੁਝ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇ: ਸੇਖਵਾਂ ਨੇ ਕਿਹਾ ਕਿ ਮੈਂ ਸੁਖਬੀਰ ਦੀ ਸੋਚ ਦਾ ਸਵਾਗਤ ਕਰਦਾ ਹਾਂ, ਕਿਉਂਕਿ ਪਾਰਟੀ ਸਭ ਤੋਂ ਵੱਡੀ ਹੈ ਅਤੇ ਪਾਰਟੀ ਦੀ ਬਿਹਤਰੀ ਲਈ ਪ੍ਰਧਾਨ ਤਾਂ ਕੀ ਹੋਰ ਵੀ ਅਹੁਦੇਦਾਰਾਂ ਨੂੰ ਆਪਣੇ ਅਹੁਦਿਆਂ ਦਾ ਤਿਆਗ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਸੁਖਬੀਰ ਅਸਤੀਫ਼ਾ ਦਿੰਦੇ ਹਨ ਤਾ ਮੈਂ ਕਿਸੇ ਵਿਸ਼ੇਸ਼ ਵਿਅਕਤੀ ਦਾ ਨਾਂਅ ਨਹੀਂ ਲਾੈਦਾ ਪਰ ਅਕਾਲੀ ਦਲ ਦਾ ਪ੍ਰਧਾਨ ਬਾਣੀ ਤੇ ਬਾਣੇ ਦਾ ਧਾਰਨੀ ਹੋਵੇ, ਖ਼ਾਲਸਾ ਪੰਥ ਦੇ ਸਿਧਾਤਾਂ ਨੂੰ ਸਮਝਦਾ ਹੋਵੇ ਤੇ ਉਨ੍ਹਾਂ ਨੂੰ ਲਾਗੂ ਕਰਨ ਦੀ ਸਮਰੱਥਾ ਰੱਖਦਾ ਹੋਵੇ, ਉਸ ਨੂੰ ਇਹ ਸੇਵਾ ਲੈਣੀ ਚਾਹੀਦੀ ਹੈ, ਬਾਕੀ ਫ਼ੈਸਲਾ ਸੰਗਤ ਨੇ ਕਰਨਾ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਦਾ ਆਪਣਾ ਜੀਵਨ ਖ਼ਾਲਸਾ ਪੰਥ ਦੇ ਸਿਧਾਤਾਂ 'ਤੇ ਪਹਿਰਾ ਦੇਣ ਵਾਲਾ ਆਦਰਸ਼ ਹੋਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਪਾਰਟੀ 'ਚ ਆਏ ਨਿਘਾਰ ਲਈ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਜ਼ਿੰਮੇਵਾਰ ਹਨ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਲਈ ਪਿਛਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਜ਼ਿੰਮੇਵਾਰ ਹੈ | ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਮੁਆਫ਼ੀ ਮੰਗਦਿਆਂ ਤਨਖ਼ਾਹ ਲਗਵਾਉਣੀ ਚਾਹੀਦੀ ਹੈ | ਜਥੇ: ਸੇਖਵਾਂ ਨੇ ਕਿਹਾ ਕਿ ਅਸੀਂ ਅੱਜ ਵੀ ਅਕਾਲੀ ਦਲ 'ਚ ਹਾਂ ਤੇ ਅਕਾਲੀ ਦਲ ਦੀ ਬਿਹਤਰੀ ਤੇ ਮਜ਼ਬੂਤੀ ਲਈ ਹੀ ਆਵਾਜ਼ ਉਠਾ ਰਹੇ ਹਾਂ | ਅਸੀਂ ਅਸਤੀਫ਼ੇ ਦੇਣ ਵਾਲੇ ਆਗੂਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਆਪਣੇ ਅਹੁਦੇ ਵਾਪਸ ਲੈਣ |

    ਅੰਮ੍ਰਿਤਸਰ: ਟਕਸਾਲੀ ਅਕਾਲੀ ਆਗੂਆਂ ਦੇ ਲਗਾਤਾਰ ਵਿਰੋਧ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੱਡਾ ਬਿਆਨ ਦਿੱਤਾ ਹੈ। ਬਾਦਲ ਨੇ ਕਿਹਾ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਪ੍ਰਧਾਨਗੀ ਛੱਡਣ ਲਈ ਕਹੇਗੀ ਤਾਂ ਉਹ ਅਹੁਦਾ ਛੱਡਣ ਲਈ ਤਿਆਰ ਹਨ। ਟਕਸਾਲੀ ਆਗੂਆਂ ਬਾਰੇ ਵੀ ਬਾਦਲ ਨੇ ਕੋਈ ਤਿੱਖੀ ਬਿਆਨਬਾਜ਼ੀ ਨਾ ਕਰਦਿਆਂ ਆਪਣੇ ਸੁਰ ਨਰਮ ਹੀ ਰੱਖੇ।
    ਸੀਨੀਅਰ ਅਕਾਲੀ ਲੀਡਰਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਬਗ਼ਾਵਤ 'ਤੇ ਸੁਖਬੀਰ ਬਾਦਲ ਨੇ ਕਿਹਾ ਕਿ ਟਕਸਾਲੀ ਅਕਾਲੀ ਉਨ੍ਹਾਂ ਲਈ ਸਤਿਕਾਰਯੋਗ ਹਨ ਅਤੇ ਜੇਕਰ ਉਨ੍ਹਾਂ ਦੀ ਲੀਡਰਸ਼ਿਪ 'ਤੇ ਕਿਸੇ ਨੂੰ ਇਤਰਾਜ਼ ਹੈ ਤਾਂ ਪਾਰਟੀ ਦੇ ਕਹਿਣ 'ਤੇ ਉਹ ਪਾਰਟੀ ਦੀ ਪ੍ਰਧਾਨਗੀ ਛੱਡਣ ਲਈ ਤਿਆਰ ਹਨ।
    ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਲਗਾਤਾਰ ਉਨ੍ਹਾਂ ਖ਼ਿਲਾਫ ਕੀਤੀ ਜਾ ਰਹੀ ਤਿੱਖੀ ਬਿਆਨਬਾਜ਼ੀ 'ਤੇ ਬਾਦਲ ਨੇ ਕਿਹਾ ਕਿ ਸਿੱਧੂ ਹੰਕਾਰਿਆ ਇਨਸਾਨ ਹੈ ਅਤੇ ਉਸ ਦੀ ਕਿਸੇ ਮੈਂ ਕਰਕੇ ਹੀ ਇਹ ਹਾਦਸਾ ਹੋਇਆ ਹੈ, ਇਸ ਲਈ ਨਵਜੋਤ ਸਿੰਘ ਸਿੱਧੂ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦਾ। ਉਨ੍ਹਾਂ ਕਿਹਾ ਕਿ ਰੇਲ ਹਾਦਸੇ ਦੇ ਪੀੜਤਾਂ ਲਈ ਅਕਾਲੀ ਦਲ ਲੜਾਈ ਜਾਰੀ ਰੱਖੇਗਾ।
    ਜ਼ਿਕਰਯੋਗ ਹੈ ਕਿ ਸੁਖਬੀਰ ਬਾਦਲ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜੇ ਸਨ ਅਤੇ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰੀ ਅਜਿਹੀ ਪ੍ਰਤੀਕਿਰਿਆ ਆਈ ਹੈ ਜਿਸ ਵਿਚ ਉਨ੍ਹਾਂ ਨੇ ਇਹ ਅਹੁਦਾ ਤਿਆਗਣ ਦੀ ਗੱਲ ਆਖੀ ਹੈ। ਬਾਦਲ ਦੇ ਇਸ ਬਿਆਨ ਤੋਂ ਬਾਅਦ ਅਕਾਲੀ ਦਲ ਵਿੱਚ ਹਲਚਲ ਤੇਜ਼ ਹੋ ਸਕਦੀ ਹੈ।

    ਲੰਡਨ - ਬੀਤੀ 29 ਅਗਸਤ ਨੂੰ ਸਕਾਟਲੈਂਡ ਦੇ ਸ਼ਹਿਰ ਐਡਨਬਰਗ ਦੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਦੇ ਮੁੱਖ ਦਰਵਾਜ਼ੇ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕਰਨ ਵਾਲੇ 49 ਸਾਲਾ ਪੋਲ ਜੌਹਨਸਨ ਨੇ ਹਾਈਕੋਰਟ 'ਚ ਆਪਣਾ ਜੁਰਮ ਕਬੂਲ ਲਿਆ ਹੈ | ਉਸ ਨੇ ਦੱਸਿਆ ਕਿ 27 ਅਗਸਤ ਨੂੰ ਸਥਾਨਕ ਪੈਟਰੋਲ ਪੰਪ ਤੋਂ ਪੋਲ ਨੇ ਸਾਢੇ ਤਿੰਨ ਪੌਾਡ ਦਾ ਪੈਟਰੋਲ ਖਰੀਦਿਆ ਸੀ, ਜਿਸ ਤੋਂ ਬਾਅਦ ਲੈਥ ਮੈਥੋਰਿਸਟ ਚਰਚ ਦੇ ਬਾਹਰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਾਕਾਮ ਰਿਹਾ, ਚਰਚ ਦੇ ਪਾਦਰੀ ਨੇ ਪੈਟਰੋਲ ਦੀ ਗੰਧ ਆਉਣ ਬਾਅਦ ਬਾਹਰ ਆ ਕੇ ਦੇਖਿਆ ਅਤੇ ਫਿਰ ਸਫ਼ਾਈ ਕਰਨ ਬਾਅਦ ਅੰਦਰ ਚਲਾ ਗਿਆ ਸੀ, ਜਿਸ ਤੋਂ ਬਾਅਦ ਪੋਲ ਨਿਰਾਸ਼ ਹੋਇਆ ਅਤੇ ਅਗਾਂਹ ਜਾ ਰਿਹਾ ਸੀ, ਜਦ ਉਸ ਦੀ ਨਜ਼ਰ ਗੁਰੂ ਘਰ ਤੇ ਪਈ ਜਿਸ ਦੇ ਮੁੱਖ ਦਰਵਾਜ਼ੇ ਲੱਕੜੀ ਦੇ ਸਨ | ਉਸ ਨੇ ਬਾਕੀ ਪੈਟਰੋਲ ਛਿੜਕ ਕੇ ਉੱਥੇ ਕੁਝ ਕਾਗਜ਼ ਰੱਖਣ ਬਾਅਦ ਅੱਗ ਲਗਾ ਦਿੱਤੀ, ਜਿਸ ਨਾਲ ਅੱਗ ਦਰਵਾਜ਼ਿਆਂ ਰਾਹੀਂ ਅੱਗੇ ਫੈਲ ਗਈ | ਪੁਲਿਸ ਨੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕਰਦਿਆਂ 30 ਅਗਸਤ ਨੂੰ ਤੜਕੇ ਪੋਲ ਨੂੰ ਗਿ੍ਫ਼ਤਾਰ ਕਰ ਕੇ ਜਦ ਪੁੱਛਗਿੱਛ ਕੀਤੀ ਤਾਂ ਉਹ ਝੱਟ ਮੰਨ ਗਿਆ ਸੀ ਕਿ ਅੱਗ ਉਸਨੇ ਹੀ ਲਗਾਈ ਹੈ | ਗੁਰੂ ਘਰ ਵਿਖੇ ਲੱਗੀ ਅੱਗ ਦੀ ਖ਼ਬਰ ਫੈਲਣ ਬਾਅਦ ਚਰਚ ਦੇ ਪਾਦਰੀ ਨੇ ਵੀ ਆਪਣੇ ਬਿਆਨ ਦਰਜ ਕਰਵਾਏ ਸਨ, ਜਿਸ ਲਈ ਪੋਲ ਨੂੰ ਦੋਸ਼ੀ ਪਾਇਆ ਗਿਆ ਹੈ | ਅਦਾਲਤ 'ਚ ਪੋਲ ਨੇ ਕਿਹਾ ਕਿ ਉਹ ਇਸ ਘਟਨਾ ਨੂੰ ਸਿਆਸੀ ਬਣਾਉਣਾ ਚਾਹੁੰਦਾ ਸੀ, ਜਿਸ ਲਈ ਉਸ ਨੇ ਹੋਰ ਕੋਈ ਬਿਆਨ ਦੇਣ ਤੋਂ ਨਾਂਹ ਕਰ ਦਿੱਤੀ | ਦੋਸ਼ੀ ਪੋਲ ਜੌਹਨਸਨ ਨੂੰ ਅਗਲੇ ਮਹੀਨੇ ਸਜ਼ਾ ਸੁਣਾਈ ਜਾਵੇਗੀ |

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com