ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਨਵੀਂ ਦਿੱਲੀ - ਇਥੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਹੇਠ ਅੱਜ ਮੀਟਿੰਗ ਹੋਈ ਜਿਸ ਵਿਚ ਕਈ ਮਤੇ ਪਾਸ ਕੀਤੇ ਗਏ, ਜਿਨ੍ਹਾਂ ’ਚ ਮੁੱਖ ਤੌਰ ’ਤੇ ਬਾਦਲ ਦਲ ਦਾ ਮੁਕੰਮਲ ਪੰਥਕ ਬਾਈਕਾਟ ਕੀਤਾ ਜਾਣਾ ਸ਼ਾਮਲ ਹੈ। ਸ੍ਰੀ ਸਰਨਾ ਨੇ ਦੱਸਿਆ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਸਬੂਤਾਂ, ਗਵਾਹਾਂ ਤੇ ਉਸ ਸਮੇਂ ਦੇ ਤਤਕਾਲੀ ਹਾਲਾਤ ਦੀ ਪੁਸ਼ਟੀ ਕਰਨ ਉਪਰੰਤ ਖੁਲਾਸਾ ਕੀਤਾ ਹੈ ਕਿ ਉਸ ਸਮੇਂ ਪੰਜਾਬ ਦੇ ਤਾਕਤਵਰ ਸਿਆਸੀ ਲੋਕਾਂ ਨੇ ਸਾਜ਼ਿਸ਼ ਅਧੀਨ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਹੁਣ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ’ਚ ਸ਼ਹੀਦ ਹੋਏ ਨੌਜਵਾਨਾਂ ਦਾ ਦੋਸ਼ੀ ਸਿੱਧ ਹੋਣ ਤੋਂ ਬਾਅਦ ਪੰਥ ’ਚੋਂ ਛੇਕ ਕੇ ਆਪਣੇ ਅਹੁਦੇ ਦੀ ਜ਼ਿੰਮੇਵਾਰੀ ਤੇ ਖੁਦਮੁਖਤਿਆਰੀ ਨੂੰ ਮੁੜ ਬਹਾਲ ਕਰਨਾ ਚਾਹੀਦਾ ਹੈ।
    ਉਧਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੈਂਬਰ ਆਤਮਾ ਸਿੰਘ ਲੁਬਾਣਾ ਨੇ ਸਰਨਾ ਭਰਾਵਾਂ ’ਤੇ ਸਿੱਖਾਂ ਦੀ ਦੁਸ਼ਮਣ ਜਮਾਤ ਕਾਂਗਰਸ ਦੇ ਹੱਕ ਵਿੱਚ ਬੈਠਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਰਣਜੀਤ ਸਿੰਘ ਕਮਿਸ਼ਨ ਦੀ ਆੜ ਹੇਠ ਸਰਨਾ ਭਰਾਵਾਂ ਨੂੰ ਲੱਗਦਾ ਹੈ ਕਿ ਉਹ ਦਿੱਲੀ ਕਮੇਟੀ ਉਪਰ ਮੁੜ ਕਾਬਜ਼ ਹੋ ਸਕਦੇ ਹਨ, ਇਸੇ ਲਈ ਉਹ ਕੈਪਟਨ ਸਰਕਾਰ ਦੀ ਬੋਲੀ ਬੋਲ ਰਹੇ ਹਨ। ਸ੍ਰੀ ਲੁਬਾਣਾ ਨੇ ਕਿਹਾ ਕਿ ਸਰਨਾ ਭਰਾਵਾਂ ਨੇ ਦਿੱਲੀ ਕਮੇਟੀ ਦਾ ਸੱਤਿਆਨਾਸ ਤਾਂ ਕੀਤਾ ਹੀ ਸੀ ਹੁਣ ਪੰਜਾਬ ਦੀ ਕਾਂਗਰਸ ਸਰਕਾਰ ਨਾਲ ਛੁਪਿਆ ਨਾਪਾਕ ਗੱਠਜੋੜ ਬਣਾ ਕੇ ਸਿੱਖ ਸੰਸਥਾਵਾਂ ਨੂੰ ਖੋਰਾ ਲਾ ਸਕਦੇ ਹਨ। ਇਸ ਲਈ ਸਮੁੱਚੀ ਕੌਮ ਇਨ੍ਹਾਂ ਲੋਕਾਂ ਤੋਂ ਹੁਣੇ ਹੀ ਉਸੇ ਤਰ੍ਹਾਂ ਸੁਚੇਤ ਹੋਵੇ ਜਿਵੇਂ ਦਿੱਲੀ ਦੇ ਸਿੱਖਾਂ ਨੇ ਸਰਨਾ ਭਰਾਵਾਂ ਨੂੰ ਘਰ ਬੈਠਾ ਦਿੱਤਾ ਹੋਇਆ ਹੈ।
    ਸ੍ਰੀ ਲੁਬਾਣਾ ਮੁਤਾਬਕ ਰਾਹੁਲ ਗਾਂਧੀ ਦੇ ਨਵੰਬਰ 1984 ਬਾਰੇ ਦਿੱਤੇ ਬਿਆਨ ਉਪਰ ‘ਹੈਰਾਨੀਜਨਕ ਚੁੱਪ’ ਧਾਰੀ ਬੈਠੇ ਸਰਨਾ ਭਰਾਵਾਂ ਨੂੰ ਹੁਣ ਸੰਗਤ ਮੂੰਹ ਨਹੀਂ ਲਾਉਣ ਵਾਲੀ ਕਿਉਂਕਿ ਉਨ੍ਹਾਂ ਦੀ ਹਕੀਕਤ ਜੱਗ ਜ਼ਾਹਰ ਹੋ ਚੁੱਕੀ ਹੈ।

     

    ਡਾ. ਬਲਕਾਰ ਸਿੰਘ
    ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਜੱਫੀ ਦੀ ਸਿਆਸਤ ਨਹੀਂ ਹੋਣੀ ਚਾਹੀਦੀ ਸੀ, ਪਰ ਜਿਨ੍ਹਾਂ ਨੇ ਸਿਆਸਤ ਬਣਾ ਦਿੱਤੀ ਹੈ, ਉਨ੍ਹਾਂ ਨੂੰ ਇਸ ਨਾਲ ਜੁੜ ਜਾਣ ਵਾਲੀਆਂ ਅਜਿਹੀਆਂ ਸਿਆਸੀ ਪਰਤਾਂ ਵੀ ਧਿਆਨ ਵਿੱਚ ਰੱਖ ਲੈਣੀਆਂ ਚਾਹੀਦੀਆਂ ਹਨ, ਜਿਨ੍ਹਾਂ ਨੂੰ ਲੈ ਕੇ ਸਿੱਖਾਂ ਵਰਗੀਆਂ ਭਾਰਤੀ ਘੱਟ ਗਿਣਤੀਆਂ ਭਾਰਤ ਵਿੱਚ ਲਗਾਤਾਰ ਸਿਆਸਤ ਦਾ ਸ਼ਿਕਾਰ ਹੁੰਦੀਆਂ ਰਹੀਆਂ ਹਨ। ਜੱਫੀ ਦੀ ਸਿਆਸਤ ਨੂੰ ਪੰਜਾਬੀ ਅਤੇ ਸਿੱਖ ਦੀ ਦ੍ਰਿਸ਼ਟੀ ਤੋਂ ਦੇਖ ਸਕਣ ਦੀ ਅਸਮਰੱਥਾ ਵਾਲਿਆਂ ਨੂੰ ਪਤਾ ਲੱਗ ਗਿਆ ਹੈ ਕਿ ਇਸ ਨਾਲ ਨਵਜੋਤ ਸਿੱਧੂ ਦਾ ਕੋਈ ਨੁਕਸਾਨ ਹੋਣ ਵਾਲਾ ਨਹੀਂ ਹੈ। ਇਸ ਕਰਕੇ ਇਸ ਮਸਲੇ ਨੂੰ ਪਹਿਲਾਂ ਕਾਂਗਰਸ ਦੇ ਗਲ ਅਤੇ ਹੁਣ ਰਾਹੁਲ ਗਾਂਧੀ ਦੇ ਗਲ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

    ਚੰਡੀਗੜ੍ਹ - ਪੰਜਾਬ ਵਿਧਾਨ ਸਭਾ ਵਿੱਚ ਅੱਜ ਬੇਅਦਬੀਆਂ ਦੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਵਾਪਸ ਲੈ ਕੇ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ (ਐਸ ਆਈ ਟੀ) ਨੂੰ ਦੇਣ ਦਾ ਮਤਾ ਪਾਸ ਕੀਤਾ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਦਨ ਵਿੱਚ ਇਹ ਪ੍ਰਸਤਾਵ ਪਾਸ ਕੀਤਾ। ਪਰ ਸਦਨ ਵਿੱਚ ਪਾਸ ਹੋਏ ਮਾਮਲੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨਾਖੁਸ਼ ਰਹੇ। ਉਨ੍ਹਾਂ ਕਿਹਾ ਕਿ ਅੱਠ ਘੰਟੇ ਦੀ ਸਦਨ ਦੀ ਬਹਿਸ ਸਿਰਫ ਇੱਕ ਫਾਰਮੈਲਿਟੀ ਸੀ ਜਿਸ ਵਿੱਚ ਕੈਪਟਨ ਸਰਕਾਰ ਨੇ ਲੋਕਾਂ ਦੀਆਂ ਭਾਵਨਾਵਾਂ ਨਾਲ ਦੁਬਾਰਾ ਖੇਡ ਖੇਡੀ ਹੈ।
    ਫੂਲਕਾ ਨੇ ਸਰਕਾਰ ਦੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਐਕਸ਼ਨ ਟੇਕਨ ਰਿਪੋਰਟ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਵੱਡੇ ਲੀਡਰਾਂ ਨੂੰ ਬਖਸ਼ਿਆ ਗਿਆ ਤੇ ਛੋਟਿਆਂ ਤੇ ਗਿਰੀ ਗਾਜ਼? ਫੂਲਕਾ ਨੇ ਮੰਗ ਕੀਤੀ ਕਿ ਜੇਕਰ ਸਰਕਾਰ ਬੇਅਦਬੀ ਮਾਮਲਿਆਂ 'ਚ ਇਨਸਾਫ ਕਰਦੀ ਤਾਂ ਅੱਜ ਸਦਨ ਵਿੱਚ ਅਕਾਲੀ ਦਲ ਲੀਡਰਾਂ ਤੇ ਪੁਲਿਸ ਅਫਸਰਾਂ ਦੇ ਖਿਲਾਫ ਮਾਮਲਾ ਦਰਜ ਕਰਨ ਦਾ ਪ੍ਰਸਤਾਵ ਪਾਸ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਅਕਾਲੀ ਲੀਡਰ ਤੇ ਵੱਡੇ ਅਫਸਰਾਂ ਦਾ ਨਾਮ ਹੈ ਪਰ ਐਕਸ਼ਨ ਟੇਕਨ ਰਿਪੋਰਟ ਦੇ ਵਿੱਚ ਸਿਰਫ਼ ਪੰਜਾਬ ਦੇ ਛੋਟੇ ਪੁਲਿਸ ਕਰਮੀਆਂ ਦਾ ਹੀ ਨਾਮ ਹੈ।

    ਅੰਮ੍ਰਿਤਸਰ - ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰਨ ਵਾਲੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਰੱਦ ਕਰਨ ਦੇ ਮਾਮਲੇ ਨੂੰ ਲੈਕੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸ਼ੈਸ਼ਨ ਨੇ ਸ਼੍ਰੋਮਣੀ ਕਮੇਟੀ ਖਿਲਾਫ ਨਿੰਦਾ ਮਤਾ ਪਾਸ ਕਰ ਦਿੱਤਾ ਹੈ। ਜਾਂਚ ਰਿਪੋਰਟ ਮਾਮਲੇ ਤੇ ਵਿਧਾਨ ਸਭਾ ਵਿੱਚ ਚਲ ਰਹੀ ਬਹਿਸ ਦੌਰਾਨ ਉਸ ਵੇਲੇ ਅਹਿਮ ਮੌੜ ਆਇਆ ਜਦੋਂ ਇੱਕ ਵਿਧਾਇਕ ਬੈਂਸ (ਬੈਂਸ ਭਰਾਵਾਂ 'ਚੋਂ ਨਹੀ)ਨੇ ਨੁਕਤਾ ਉਠਾਇਆ ਕਿ ਸ਼੍ਰੋਮਣੀ ਕਮੇਟੀ ਨੂੰ ਕੀ ਅਧਿਕਾਰ ਹੈ ਕਿ ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ਵਿੱਚ ਪੇਸ਼ ਹੋਣ ਤੋਂ ਪਹਿਲਾਂ ਹੀ ਰੱਦ ਕਰ ਦੇਵੇ ? ਵਿਧਾਇਕ ਵਲੋਂ ਉਠਾਏ ਨੁਕਤੇ ਨੂੰ ਅੱਗੇ ਤੋਰਦਿਆਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਕੋਈ ਧਾਰਮਿਕ ਸੰਸਥਾ ਨਹੀ ਬਲਕਿ ਸੰਵਿਧਾਨਕ ਤੌਰ ਤੇ ਚੁਣੀ ਹੋਈ ਸੰਸਥਾ ਹੈ ।
    ਇਸਨੂੰ ਕੋਈ ਹੱਕ ਨਹੀ ਹੈ ।ਉਨ੍ਹਾਂ ਆਪਣੀ ਗਲ ਨੂੰ ਜਾਰੀ ਰੱਖਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਲੋਂਗੋਵਾਲ ,ਰਾਮ ਰਹੀਮ ਦਾ ਚੇਲਾ ਹੈ ।ਡੇਰਾ ਸਿਰਸਾ ਪਾਸੋਂ ਵੋਟਾਂ ਮੰਗਣ ਗਿਆ ਸੀ ।ਅਕਾਲ ਤਖਤ ਸਾਹਿਬ ਤੋਂ ਇਸਨੂੰ ਤਨਖਾਹ ਲਾਈ ਗਈ ਜੋ ਇਸਨੇ ਭੁਗਤੀ ਵੀ ।ਸ੍ਰ:ਰੰਧਾਵਾ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਇਸ ਲੋਂਗੋਵਾਲ ਨੁੰ ਕਮੇਟੀ ਦਾ ਪ੍ਰਧਾਨ ਬਣਾਇਆ ਹੈ ।ਇਸਤੇ ਕਾਰਵਾਈ ਨੁੰ ਅੱਗੇ ਤੋਰਦਿਆਂ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸ਼੍ਰੋਮਣੀ ਕਮੇਟੀ ਖਿਲਾਫ ਨਿੰਦਾ ਮਤਾ ਪੇਸ਼ ਕਰਨ ਦੀ ਮੰਗ ਕੀਤੀ ।ਉਪਰੰਤ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਸ਼੍ਰੋਮਣੀ ਕਮੇਟੀ ਖਿਲਾਫ ਨਿੰਦਾ ਮਤਾ ਪੇਸ਼ ਕੀਤਾ ਜਿਸਨੂੰ ਸਦਨ ਨੇ ਪ੍ਰਵਾਨਗੀ ਦੇ ਦਿੱਤੀ।ਜਿਕਰਯੋਗ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਸਦਨ ਵਿੱਚ ਪੇਸ਼ ਹੋਣ ਤੋਂ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਨੇ 25 ਅਗਸਤ ਨੁੰ ਅੰਮ੍ਰਿਤਸਰ ਵਿਖੇ ਕਾਰਜਕਾਰਣੀ ਦੀ ਵਿਸ਼ੇਸ਼ ਇਕਤਰਤਾ ਬੁਲਾਕੇ ਪਾਸ ਕੀਤੇ ਇੱਕ ਮਤੇ ਰਾਹੀਂ ਰੱਦ ਕਰ ਦਿੱਤਾ ਸੀ ।

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ ਸਭਾ ਵਿਚ ਬਹਿਸ ਤੋਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਨੇ ਸਦਨ 'ਚ ਵਾਕਆਊਟ ਕਰ ਦਿੱਤਾ। ਅਕਾਲੀ ਦਲ ਨੇ ਇਸ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਸਰਕਾਰੀ ਕਮਿਸ਼ਨ ਕਰਾਰ ਦਿੰਦਿਆਂ ਬਹਿਸ ਤੋਂ ਪਾਸਾ ਵੱਟ ਲਿਆ।
    ਵਾਕਆਊਟ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਸ਼ਬਦੀ ਭੇੜ ਵੀ ਹੋਇਆ। ਕੈਪਟਨ ਦੇ ਤਿੱਖੇ ਤੇਵਰਾਂ ਮਗਰੋਂ ਸੁਖਬੀਰ ਬਾਦਲ ਨੇ ਆਪਣੇ ਸਾਥੀ ਵਿਧਾਇਕਾਂ ਨਾਲ ਸਦਨ ਵਿੱਚੋਂ ਵਾਕਆਊਟ ਕਰ ਦਿੱਤਾ।
    ਬਾਅਦ ਵਿੱਚ ਅਕਾਲੀ ਦਲ ਖਿਲਾਫ ਨਿੰਦਾ ਮਤਾ ਪਾਸ ਕੀਤਾ ਗਿਆ। ਇਹ ਮਤਾ ਵਿਰੋਧੀ ਧਿਰ ਵੱਲੋਂ ਲਿਆਂਦਾ ਗਿਆ ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਇਹ ਮਤਾ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ ਦੀ ਬੇਅਦਬੀ ਕਰਨ ਖਿਲਾਫ ਪਾਸ ਕੀਤਾ ਗਿਆ। ਮਤੇ ਵਿੱਚ ਕਿਹਾ ਗਿਆ ਕਿ ਅਕਾਲੀ ਦਲ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
    ਦਰਅਸਲ ਰਿਪੋਰਟ 'ਚ ਬਾਦਲਾਂ ਦਾ ਨਾਂ ਆਉਣ ਤੋਂ ਬਾਅਦ ਸੁਖਬੀਰ ਬਾਦਲ ਲਗਾਤਾਰ ਇਸ ਰਿਪੋਰਟ ਦਾ ਵਿਰੋਧ ਕਰ ਰਹੇ ਹਨ। ਬੇਅਦਬੀ ਮਾਮਲਿਆਂ 'ਤੇ ਜਸਸਿਟ ਰਣਜੀਤ ਸਿੰਘ (ਸੇਵਾਮੁਕਤ) ਕਮਿਸ਼ਨ ਵੱਲੋਂ ਰਿਪੋਰਟ ਕੱਲ੍ਹ ਵਿਧਾਨ ਸਭਾ 'ਚ ਸੌਂਪ ਦਿੱਤੀ ਗਈ ਸੀ। ਅੱਜ ਇਸ ਰਿਪਰੋਟ 'ਤੇ ਦੋ ਘੰਟੇ ਬਹਿਸ ਰੱਖੀ ਗਈ ਹੈ।

    ਨਵੀਂ ਦਿੱਲੀ- ਸੰਨ 1981 ਵਿੱਚ 111 ਮੁਸਾਫ਼ਰਾਂ ਤੇ ਛੇ ਚਾਲਕ ਦਲ ਤੇ ਅਮਲੇ ਨਾਲ ਭਰੇ ਹੋਏ ਜਹਾਜ਼ ਨੂੰ ਅਗ਼ਵਾ ਕਰਨ ਦੇ ਮਾਮਲੇ ਵਿੱਚੋਂ ਦੋ ਸਿੱਖਾਂ ਨੂੰ ਬਰੀ ਕਰ ਦਿੱਤਾ ਗਿਆ ਹੈ। ਸੋਮਵਾਰ ਨੂੰ ਦਿੱਲੀ ਦੀ ਅਦਾਲਤ ਨੇ ਦਿੱਲੀ ਤੋਂ ਸ਼੍ਰੀਨਗਰ ਦੀ ਫਲਾਈਟ ਨੂੰ ਲਾਹੌਰ ਲਿਜਾਣ ਵਾਲੇ ਮੁਲਜ਼ਮਾਂ ਨੂੰ ਕੇਸ ਵਿੱਚੋਂ ਬਰੀ ਕਰ ਦਿੱਤਾ ਹੈ।
    ਵਧੀਕ ਸੈਸ਼ਨ ਜੱਜ ਅਜੇ ਪਾਂਡੇ ਨੇ ਸਤਨਾਮ ਸਿੰਘ ਤੇ ਤੇਜਿੰਦਰ ਪਾਲ ਸਿੰਘ ਨੂੰ ਬਰੀ ਕਰਨ ਦੇ ਹੁਕਮ ਦਿੱਤੇ ਹਨ। ਮਾਮਲੇ ਵਿੱਚ ਪੰਜ ਸਿੱਖ ਅਗ਼ਵਾਕਾਰਾਂ ਵਿੱਚੋਂ ਦੋ ਨੂੰ ਦੋਵਾਂ ਦੇਸ਼ਾਂ ਵਿੱਚ ਜੰਗ ਛੇੜਨ ਦਾ ਕੇਸ ਚੱਲਦਾ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਦਾਲਤ ਵੱਲੋਂ ਦੋਵਾਂ ਨੂੰ ਬਰੀ ਕਰਨ ਵਾਲੇ ਫੈਸਲੇ ਦਾ ਸਵਾਗਤ ਕੀਤਾ ਹੈ।
    ਜਹਾਜ਼ ਅਗ਼ਵਾ ਕਰਨ ਦੇ ਮਾਮਲੇ ਵਿੱਚ ਦੋਵੇਂ ਜਣੇ ਪਾਕਿਸਤਾਨ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਚੁੱਕੇ ਹਨ। ਵਾਰਦਾਤ ਨੂੰ ਅੰਜਾਮ ਦੇਣ ਸਮੇਂ ਸਤਨਾਮ ਸਿੰਘ 30 ਸਾਲਾਂ ਦੇ ਸਨ ਤੇ ਤੇਜਿੰਦਰ ਪਾਲ ਸਿੰਘ 29 ਸਾਲਾਂ ਦੇ ਹਨ। ਉਹ ਉਨ੍ਹਾਂ ਦੀ ਉਮਰ ਕ੍ਰਮਵਾਰ 67 ਤੇ 66 ਸਾਲ ਦੀ ਹੋ ਗਈ ਹੈ।

    ਚੰਡੀਗੜ੍ਹ - ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਕਾਰਵਾਈ ਕਰਦਿਆਂ ਪੰਜਾਬ ਸਰਕਾਰ ਨੇ 32 ਪੁਲਿਸ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਇਨ੍ਹਾਂ ਵਿੱਚ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਡੀਜੀਪੀ ਸੁਮੇਧ ਸੈਣੀ ਦਾ ਨਾਂ ਵੀ ਸ਼ਾਮਲ ਹੈ। ਗ੍ਰਹਿ ਵਿਭਾਗ ਵੱਲੋਂ ਜਵਾਬਤਲਬੀ ਕੀਤੇ ਜਾਣ ਤੋਂ ਬਾਅਦ ਅਧਿਕਾਰੀਆਂ ਨੇ ਡੀਜੀਪੀ ਸੁਰੇਸ਼ ਅਰੋੜਾ ਨਾਲ ਮੁਲਾਕਾਤ ਵੀ ਕੀਤੀ।
    ਸਰਕਾਰ ਦੀ ਇਸ ਕਾਰਵਾਈ ਵਿੱਚ 14 ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਹੋਏ ਹਨ। ਇਨ੍ਹਾਂ ਵਿੱਚ ਤਤਕਾਲੀ ਸੀਨੀਅਰ ਪੁਲਿਸ ਕਪਤਾਨ ਮੋਗਾ ਚਰਨਜੀਤ ਸਿੰਘ ਸ਼ਰਮਾ, ਤਤਕਾਲੀ ਫ਼ਿਰੋਜ਼ਪੁਰ ਰੇਂਜ ਦੇ ਡੀਆਈਜੀ ਅਮਰ ਸਿੰਘ ਚਾਹਲ, ਕਾਨੂੰਨ ਤੇ ਵਿਵਸਥਾ ਵਧੀਕ ਡੀਜੀਪੀ ਰੋਹਿਤ ਚੌਧਰੀ ਤੇ ਚਰਨਜੀਤ ਸਿੰਘ ਸ਼ਰਮਾ ਸ਼ਾਮਲ ਹਨ।
    ਪੁਲਿਸ ਅਧਿਕਾਰੀਆਂ ਤੋਂ ਇਲਾਵਾ ਸਾਬਕਾ ਮੁੱਖ ਸੱਤਕ ਸਰਵੇਸ਼ ਕੌਸ਼ਲ, ਮੁੱਖ ਮੰਤਰੀ ਦੇ ਸਾਬਕਾ ਨਿੱਜੀ ਸਕੱਤਰ ਐਸ.ਕੇ. ਸੰਧੂ ਤੇ ਸਾਬਕਾ ਵਿਸ਼ੇਸ਼ ਨਿੱਜੀ ਸਕੱਤਰ ਗਗਨਦੀਪ ਸਿੰਘ ਬਰਾੜ ਨੂੰ ਵੀ ਨੋਟਿਸ ਜਾਰੀ ਹੋਏ ਹਨ। ਇਨ੍ਹਾਂ ਤੋਂ ਇਲਾਵਾ ਜੂਨੀਅਰ ਰੈਂਕ ਦੇ 10 ਅਧਿਕਾਰੀਆਂ ਨੂੰ ਵੀ ਨੋਟਿਸ ਜਾਰੀ ਕੀਤੇ ਹਨ। ਸੂਬਾ ਸਰਕਾਰ ਨੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਉਕਤ ਅਧਿਕਾਰੀਆਂ ਵਿਰੁੱਧ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ।

    ਕੋਚੀ- ਕੇਰਲ ਦੇ ਹੜ ਪੀੜਤਾਂ ਲਈ ਨਾ ਸਿਰਫ਼ ਦੇਸ਼ ਬਲਕਿ ਪੂਰੀ ਦੁਨੀਆ ਦੁਆਵਾਂ ਕਰ ਰਿਹਾ ਹੈ। ਹਰ ਕੋਈ ਆਪਣੇ ਵਿੱਤ ਮੁਤਾਬਕ ਕੇਰਲ ਹੜ ਪੀੜਤਾਂ ਦੀ ਮਦਦ ਕਰ ਰਿਹਾ ਹੈ। ਹੜਾਂ ਨਾਲ ਆਈ ਤਬਾਹੀ ਦੌਰਾਨ ਉੱਥੇ ਮਨੁੱਖਤਾ ਤੇ ਭਾਈਚਾਰਕ ਸਾਂਝ ਦੀ ਸੁੰਦਰ ਮਿਸਾਲ ਵੇਖਣ ਨੂੰ ਮਿਲੀ, ਉਹ ਇਹ ਕਿ ਇੱਕ ਧਰਮ ਦੇ ਲੋਕ ਕਿਸੇ ਹੋਰ ਧਰਮ ਦੇ ਅਸਥਾਨ ਜਾ ਕੇ ਹੜ ਪੀੜਤ ਹਰ ਧਰਮ ਦੇ ਲੋਕਾਂ ਦੀ ਲੰਗਰ ਤਿਆਰ ਕਰ ਰਹੇ ਹਨ। ਇੰਨਾ ਹੀ ਨਹੀਂ ਬਿਪਤਾ ਮਾਰੇ ਲੋਕਾਂ ਦੇ ਧਾਰਮਿਕ ਅਸਥਾਨ ਦੀ ਸਫ਼ਾਈ ਵੀ ਕੀਤੀ ਗਈ ਤਾਂ ਜੋ ਲੋਕ ਉੱਥੇ ਪਹੁੰਚ ਕੇ ਐਤਵਾਰ ਦੀ ਵਿਸ਼ੇਸ਼ ਪਰੇਅਰ ਅਦਾ ਕਰ ਸਕਣ।
    ਸੰਸਥਾ ਖ਼ਾਲਸਾ ਏਡ ਦੇ 14 ਸਿੱਖਾਂ ਦੀ ਟੀਮ ਕੇਰਲ ਪਹੁੰਚੀ ਹੋਈ ਹੈ ਤੇ ਉਹ ਰੋਜ਼ਾਨਾ 13,000 ਥਾਲੀਆਂ ਖਾਣਾ ਤਿਆਰ ਕਰਦੇ ਹਨ। ਇਸ ਦੇ ਨਾਲ ਹੀ ਉਨਾਂ ਐਤਵਾਰ ਨੂੰ ਹੋਣ ਵਾਲੀ ਇਸਾਈਆਂ ਦੀ ਵਿਸ਼ੇਸ਼ ਪਰੇਅਰ ਲਈ ਅਲੇਪਈ ਦੇ ਨੀਰਾਟੂਪੁਰਮ ਵਿੱਚ ਸੇਂਟ ਜੌਹਨਜ਼ ਮਾਰਥੋਮਾ ਚਰਚ ਦੀ ਸਫ਼ਾਈ ਵੀ ਕਰ ਦਿੱਤੀ ਹੈ। ਖ਼ਾਲਸਾ ਏਡ ਦੇ 14 ਵਾਲੰਟੀਅਰਾਂ ਨੂੰ ਇਸ ਚਰਚ ਦੀ ਸਫ਼ਾਈ ਕਰਨ ਵਿੱਚ ਦੋ ਦਿਨਾਂ ਦਾ ਸਮਾਂ ਲੱਗਾ। ਸਾਰਾ ਚਰਚ ਹੜਾਂ ਕਾਰਨ ਮਿੱਟੀ ਤੇ ਗਾਦ ਨਾਲ ਭਰਿਆ ਹੋਇਆ ਸੀ, ਪਰ ਹੁਣ ਇਸ ਨੂੰ ਲੋਕਾਂ ਲਈ ਖੋਲ ਦਿੱਤਾ ਹੈ।
    ਖ਼ਾਲਸਾ ਏਡ ਦੇ ਏਸ਼ੀਆ ਪੈਸਿਫ਼ਿਕ ਦੇ ਪ੍ਰਬੰਧਕੀ ਨਿਰਦੇਸ਼ਕ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਸਥਾਨਕ ਇਸਾਈ ਧਰਮ ਦੇ ਲੋਕਾਂ ਨੇ ਉਨਾਂ ਨੂੰ ਐਤਵਾਰ ਦੀ ਵਿਸ਼ੇਸ਼ ਅਰਦਾਸ ਅਦਾ ਕਰਨ ਲਈ ਚਰਚ ਦੀ ਸਫ਼ਾਈ ਕਰਨ ਲਈ ਕਿਹਾ ਤਾਂ ਉਨਾਂ ਦੀ ਟੀਮ ਫੌਰਨ ਇਸ ਕੰਮ ਵਿੱਚ ਜੁਟ ਗਈ। ਅਮਰਪ੍ਰੀਤ ਨੇ ਦੱਸਿਆ ਕਿ ਇਸ ਕਾਰਜ ਨਾਲ ਭਾਈਚਾਰਕ ਸਾਂਝ ਵਧਦੀ ਹੈ ਤੇ ਕੇਰਲਾ ‘ਤੇ ਆਏ ਮਾੜੇ ਵਕਤ ਦੌਰਾਨ ਵਾਲੰਟੀਅਰਾਂ ਵੱਲੋਂ ਕੀਤੀ ਇਸ ਮਿਹਨਤ ਨਾਲ ਮਨੁੱਖਤਾ ਦਾ ਸੰਦੇਸ਼ ਜਾਰੀ ਹੁੰਦਾ ਹੈ। ਇਸ ਸਮੇਂ ਖ਼ਾਲਸਾ ਏਡ ਦੀ 22 ਮੈਂਬਰੀ ਟੀਮ ਕੇਰਲ ਵਿੱਚ ਬਚਾਅ ਕਾਰਜ ਜਾਰੀ ਹੈ। ਇਨਾਂ ਦਾ ਮੁੱਖ ਕਾਰਜ ਹੜ ਪੀੜਤ ਲੋਕਾਂ ਨੂੰ ਤਾਜ਼ਾ ਗਰਮ ਖਾਣਾ ਦੇਣਾ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਮੱਛਰਦਾਨੀਆਂ ਤੇ ਸੈਨੇਟਰੀ ਨੈਪਕਿਨਜ਼ ਤੋਂ ਲੈਕੇ ਪਾਣੀ ਦੀਆਂ ਬੋਤਲਾਂ ਤਕ ਮੁਹੱਈਆ ਕਰਵਾਈਆਂ ਜਾਂਦੀਆਂ ਹਨ।

    ਅੰਮ੍ਰਿਤਸਰ - ਆਪਣੇ ਮੰਤਵ ਲਈ ਗੁਰਬਾਣੀ ਦੀ ਤੁਕ ਨੂੰ ਤੋੜ ਮਰੋੜ ਕੇ ਪੇਸ਼ ਕਰਨ ਅਤੇ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ‘ਔਰੰਗਜ਼ੇਬ ਸਾਹਿਬ’ ਸੱਦ ਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਕਾਂਗਰਸੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਜਲਦੀ ਹੀ ਅਕਾਲ ਤਖ਼ਤ ’ਤੇ ਸਪੱਸ਼ਟੀਕਰਨ ਦੇਣ ਲਈ ਤਲਬ ਕੀਤਾ ਜਾਵੇਗਾ। ਇਸ ਸਬੰਧ ਵਿੱਚ ਜਲਦੀ ਹੀ ਪੰਜ ਸਿੰਘ ਸਾਹਿਬਾਨ ਦੀ ਬੈਠਕ ਹੋਵੇਗੀ।
    ਇਸ ਸਬੰਧ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਗੱਲ ਕਰਦਿਆਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਕਾਂਗਰਸੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਗੁਰਬਾਣੀ ਦੀਆਂ ਤੁਕਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨਾ ਅਤੇ ਔਰੰਗਜ਼ੇਬ ਨੂੰ ਜ਼ਫਰਨਾਮੇ ਦਾ ਲੇਖਕ ਤੇ ਔਰੰਗਜ਼ੇਬ ਸਾਹਿਬ ਸੱਦਣ ਖ਼ਿਲਾਫ਼ ਸਿੱਖ ਜਗਤ ਵਿੱਚ ਭਾਰੀ ਰੋਸ ਹੈ। ਸਿੱਖਾਂ ਵੱਲੋਂ ਇਸ ਸਬੰਧ ਵਿੱਚ ਲਗਾਤਾਰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜਲਦੀ ਹੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਇਹ ਮਾਮਲਾ ਵਿਚਾਰਿਆ ਜਾਵੇਗਾ ਅਤੇ ਸਪੱਸ਼ਟੀਕਰਨ ਦੇਣ ਲਈ ਕਾਂਗਰਸੀ ਆਗੂ ਨੂੰ ਤਲਬ ਕੀਤਾ ਜਾਵੇਗਾ।
    ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ‘ਤੇ ਕੀਤੇ ਗਏ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਕੁਝ ਬੰਦਿਆਂ ਨੇ ਉਸ ਦੀ ਮਾਰ ਕੁੱਟ ਕੀਤੀ ਹੈ ਅਤੇ ਦਸਤਾਰ ਦੀ ਬੇਅਦਬੀ ਕੀਤੀ ਹੈ। ਇਸ ਘਟਨਾ ਨੇ ਸਿੱਖਾਂ ਨੂੰ ਮੁੜ ਸ਼ਰਮਸਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਵਿੱਚ ਰਹਿੰਦੇ ਕੁਝ ਸਿੱਖਾਂ ਨੂੰ ਜੇ ਸ੍ਰੀ ਜੀਕੇ ਪ੍ਰਤੀ ਕੋਈ ਗਿਲਾ ਸ਼ਿਕਵਾ ਹੈ ਤਾਂ ਉਹ ਮਿਲ ਬੈਠ ਕੇ ਇਸ ਮਸਲੇ ਨੂੰ ਹੱਲ ਕਰ ਸਕਦੇ ਹਨ, ਪਰ ਇਸ ਢੰਗ ਨਾਲ ਹੱਥੋਪਾਈ ਹੋਣਾ ਤੇ ਦਸਤਾਰ ਲਾਹੁਣਾ ਠੀਕ ਨਹੀਂ ਹੈ। ਇਹ ਕਿਸੇ ਸਾਜਿਸ਼ ਦਾ ਹਿੱਸਾ ਹੈ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਮਾਰਕੁੱਟ ਅਤੇ ਦਸਤਾਰ ਦੀ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਜਾਂਚ ਰਿਪੋਰਟ ਆਉਣ ਮਗਰੋਂ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

    ਨਿਊਯਾਰਕ, 26 ਅਗਸਤ
    ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ’ਤੇ ਕੈਲੀਫੋਰਨੀਆ ’ਚ ਕਥਿਤ ਤੌਰ ’ਤੇ ਖਾਲਿਸਤਾਨ ਦੇ ਹਮਾਇਤੀਆਂ ਨੇ ਹਮਲਾ ਕਰ ਦਿੱਤਾ, ਜਿਸ ’ਚ ਉਨ੍ਹਾਂ ਦਾ ਇੱਕ ਸਾਥੀ ਜ਼ਖ਼ਮੀ ਹੋ ਗਿਆ।
    ਨਿਊਯਾਰਕ ਤੋਂ ਬਾਅਦ ਕੈਲੀਫੋਰਨੀਆ ਪਹੁੰਚੇ ਮਨਜੀਤ ਸਿੰਘ ਨੇ ਕਿਹਾ ਕਿ ਉਸ ਦੀ ਫੇਰੀ ਦਾ ਮਕਸਦ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੇ ਸਿਲਸਿਲੇ ’ਚ ਸਿੱਖ ਭਾਈਚਾਰੇ ਨਾਲ ਚਰਚਾ ਕਰਨੀ ਸੀ, ਜੋ ਕਿ ਅਗਲੇ ਸਾਲ ਕਰਾਏ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ’ਤੇ ਇਹ ਦੂਜਾ ਹਮਲਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਨਿਊਯਾਰਕ ’ਚ ਹਮਲਾ ਕੀਤਾ ਗਿਆ ਸੀ। ਮਨਜੀਤ ਸਿੰਘ ਕੈਲੀਫੋਰਨੀਆ ਦੇ ਯੂਬਾ ਸ਼ਹਿਰ ਸਥਿਤ ਗੁਰਦੁਆਰੇ ਗਏ ਸਨ ਕਿ ‘ਖਾਲਿਸਤਾਨ ਰਾਏਸ਼ੁਮਾਰੀ-2020’ ਦੀ ਹਮਾਇਤ ਕਰਨ ਵਾਲੇ 30-35 ਲੋਕਾਂ ਦੇ ਗਰੁੱਪ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਕੈਲੀਫੋਰਨੀਆ ਤੋਂ ਮਨਜੀਤ ਸਿੰਘ ਨੇ ਫੋਨ ’ਤੇ ਦੱਸਿਆ, ‘ਮੈਂ ਜ਼ਖ਼ਮੀ ਹਾਂ। ਉਨ੍ਹਾਂ ਮੈਨੂੰ ਧੱਕਾ ਦਿੱਤਾ ਤੇ ਠੁੱਡੇ ਮਾਰੇ। ਇਹ ਇੱਕ ਜਾਨਲੇਵਾ ਹਮਲਾ ਸੀ।’ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਇੱਕ ਸਾਥੀ ਹਸਪਤਾਲ ਦਾਖਲ ਹੈ ਅਤੇ ਪੁਲੀਸ ਨੇ ਹਮਲੇ ’ਚ ਸ਼ਾਮਲ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
    ਮਨਜੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਹਮਲਿਆਂ ਤੋਂ ਉਹ ਡਰਨ ਜਾਂ ਰੁਕਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਖਾਲਿਸਤਾਨ ਦੀ ਮੰਗ ਕਰਨ ਵਾਲੇ ਆਪਣੀ ਲੜਾਈ ਜਾਰੀ ਰੱਖ ਸਕਦੇ ਹਨ, ਪਰ ਹਿੰਸਾ ਇਸ ਦਾ ਤਰੀਕਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਖਾਲਿਸਤਾਨ ਲਈ ਲੜਾਈ ਦਾ ਹਿੱਸਾ ਨਹੀਂ ਬਣਨਗੇ।
    ਹਮਲੇ ਤੋਂ ਬਾਅਦ ਮਨਜੀਤ ਸਿੰਘ ਜੀਕੇ ਨੇ ਆਖਿਆ ਕਿ ਉਹ ਗੁਰੂ ਘਰ ਮੱਥਾ ਟੇਕਣ ਜਾ ਰਹੇ ਸਨ ਜਦੋਂ ਉਨ੍ਹਾਂ ’ਤੇ 25-30 ਲੋਕਾਂ ਨੇ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਗੁਰੂ ਘਰ ਦੀ ਮਰਿਆਦਾ ਨੂੰ ਵੇਖਦੇ ਹੋਏ ਉਨ੍ਹਾਂ ਆਪਣੇ ਸਾਥੀਆਂ ਨੂੰ ਜਵਾਬੀ ਹਮਲਾ ਕਰਨ ਤੋਂ ਰੋਕ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਉੱਤੇ ਪਹਿਲਾ ਹਮਲਾ ਨਹੀਂ ਹੈ। ਇਸ ਤੋਂ ਪਹਿਲਾਂ ਨਿਊ ਯਾਰਕ ਤੇ ਦਿੱਲੀ ਵਿੱਚ ਵੀ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ’ਤੇ ਕਿਰਪਾਨਾਂ ਨਾਲ ਹਮਲਾ ਕੀਤਾ ਗਿਆ ਤੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ।
    ਦੂਜੇ ਪਾਸੇ ਸ਼੍ਰੋਮਣੀ ਕਮੇਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਨਿਹੱਥੇ ਮਨਜੀਤ ਸਿੰਘ ਜੀਕੇ ’ਤੇ ਆਈਐੱਸਆਈ ਦੇ ਹੱਥਠੋਕੇ ਤੇ ਗੁੰਡਿਆਂ ਨੇ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮਨਜੀਤ ਸਿੰਘ ਉਥੇ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਦਿਹਾੜੇ ਦੇ ਸਮਾਗਮਾਂ ਬਾਰੇ ਗੱਲਬਾਤ ਕਰਨ ਲਈ ਗਏ ਸਨ, ਪਰ ਇਹ ਗੁੰਡੇ ਸਿਰਫ ਅਤਿਵਾਦ ਫੈਲਾਉਣ ਦੇ ਚਾਹਵਾਨ ਹਨ। ਉਨ੍ਹਾਂ ਕਿਹਾ ਕਿ ਉਹ ਜੀਕੇ ਤੇ ਉਸ ਹਰ ਅਕਾਲੀ ਵਰਕਰ ਨਾਲ ਖੜ੍ਹੇ ਹਨ ਜੋ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਦੇ ਹਨ ਤੇ ਦਹਿਸ਼ਤਗਰਦੀ ਵਿਰੁੱਧ ਲੜਦੇ ਹਨ।

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com