ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਤਰਨਤਾਰਨ - ਭਾਰਤੀ ਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ ਲੋਕ ਸਭਾ ਚੋਣਾਂ ਨੂੰ ਮਹਾਂ ਤਿਉਹਾਰ ਵਜੋਂ ਮਨਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਧਿਕਾਰੀ ਪ੍ਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ 19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਜ਼ਿਲ੍ਹੇ ਵਿਚ ਕੁੱਲ੍ਹ 878 ਪੋਲਿੰਗ ਸਟੇਸ਼ਨਾਂ ਨੂੰ ਮਾਡਲ ਪੋਲਿੰਗ ਸਟੇਸ਼ਨ ਬਣਾਇਆ ਗਿਆ ਹੈ।
  ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਦੇ ਸਾਰੇ 878 ਮਾਡਲ ਪੋਲਿੰਗ ਸਟੇਸ਼ਨਾਂ 'ਤੇ ਸਾਫ਼ ਸਫਾਈ ਦੇ ਨਾਲ-ਨਾਲ ਇਨ੍ਹਾਂ ਪੋਲਿੰਗ ਸਟੇਸ਼ਨਾਂ ਨੂੰ ਅੰਦਰੋਂ-ਬਾਹਰੋਂ ਰੰਗੋਲੀ, ਗੁਬਾਰਿਆਂ ਅਤੇ ਕਾਰਪੈਟ ਨਾਲ ਸਜਾਵਟ ਗਿਆ ਹੈ। ਉਨ੍ਹਾਂ ਦੱਸਿਆ ਕਿ ਹਰ ਇਕ ਪੋਲਿੰਗ ਸਟੇਸ਼ਨ 'ਤੇ ਪੀਣ ਵਾਲੇ ਸਾਫ਼ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵੋਟਰਾਂ ਦੀ ਸਹੂਲਤ ਲਈ ਨੇੜੇ ਸਾਫ਼-ਸੁਥਰੇ ਪਖਾਨੇ ਉਪਲੱਬਧ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸਾਰੇ ਸਟੇਸ਼ਨਾਂ ਤੇ ਸਵਾਗਤੀ ਬੈਨਰ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਕਿ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਔਰਤਾਂ ਅਤੇ ਬੱਚਿਆਂ ਲਈ ਖਾਸ ਇੰਤਜ਼ਾਮ ਕੀਤੇ ਗਏ। ਬੱਚਿਆਂ ਲਈ ਟੌਫੀਆਂ ਵੀ ਰੱਖੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪੀਡਬਲਯੂਡੀ ਵੋਟਰਾਂ ਲਈ ਹਰ ਇਕ ਪੋਲਿੰਗ ਸਟੇਸ਼ਨ 'ਤੇ ਰੈਂਪ ਅਤੇ ਵਹੀਲ ਚੇਅਰ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲੋੜ ਪੈਣ 'ਤੇ ਵੋਟਰਾਂ ਲਈ ਮੈਡੀਕਲ ਸਹੂਲਤ ਦਾ ਵੀ ਪ੍ਰਬੰਧ ਹੋਵੇਗਾ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 18 ਸਾਲ ਦੇ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ, ਪੀਡਬਲਯੂਡੀ ਵੋਟਰਾਂ ਅਤੇ ਥਰਡ ਜੈਂਡਰ ਵੋਟਰਾਂ ਨੂੰ ਸਰਟੀਫਿਕੇਟ ਵੀ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪੋਲ਼ਿੰਗ ਸਟੇਸ਼ਨ 'ਤੇ ਸਭ ਤੋਂ ਪਹਿਲਾਂ ਵੋਟ ਪਾਉਣ ਵਾਲੇ ਵੋਟਰ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਵੇਗਾ।

  ਭਗਤਾ ਭਾਈਕਾ - ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਜੱਦੀ ਪਿੰਡ ਕਾਂਗੜ ਵਿਖੇ ਕਾਂਗਰਸੀ ਵਰਕਰਾਂ ਨੇ ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ ਦੀ ਗੱਡੀ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਕਾਂਗਰਸੀ ਵਰਕਰਾਂ ਨੇ ਦੋ ਅਕਾਲੀ ਵਰਕਰਾਂ ਦੀ ਕੁੱਟਮਾਰ ਕਰ ਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਜਾਣਕਾਰੀ ਅਨੁਸਾਰ ਕਰਮਜੀਤ ਸਿੰਘ ਕਾਂਗੜ ਸਾਬਕਾ ਵਾਇਸ ਚੇਅਰਮੈਨ ਬਲਾਕ ਸੰਮਤੀ ਭਗਤਾ ਭਾਈ ਦੇ ਛੋਟੇ ਭਰਾ ਪਰਮਜੀਤ ਸਿੰਘ ਕਾਂਗੜ ਅਤੇ ਸਰਬਜੀਤ ਸਿੰਘ ਸੰਮੂ ਕਾਂਗੜ ਜੋ ਅਕਾਲੀ ਭਾਜਪਾ ਉਮੀਦਵਾਰ ਗੁਲਜਾਰ ਸਿੰਘ ਰਣੀਕੇ ਦੇ ਪੋਲਿੰਗ ਏਜੰਟ ਸਨ ਦੀ ਕੁੱਟ ਮਾਰ ਕਰਕੇ ਉਨ੍ਹ» ਨੂੰ ਜਖਮੀ ਕਰ ਦਿੱਤਾ। ਸਿਕੰਦਰ ਸਿੰਘ ਮਲੂਕਾ ਜਖਮੀ ਅਕਾਲੀ ਵਰਕਰਾਂ ਨੂੰ ਲੈ ਕੇ ਇਲਾਜ ਲਈ ਸਿਵਲ ਹਸਪਤਾਲ ਰਾਮਪੁਰਾ ਵਿਖੇ ਪੁੱਜ ਗਏ ਹਨ। ਇਸ ਮੌਕੇ ਕਰਮਜੀਤ ਸਿੰਘ ਕਾਂਗੜ ਨੇ ਦੱਸਿਆ ਕਿ ਉਨ੍ਹ» ਨੇ ਪਹਿਲਾ ਹੀ ਚੋਣ ਕਮਿਸ਼ਨ ਪੰਜਾਬ, ਅਤੇ ਐਸਐਸਪੀ ਬਠਿੰਡਾ ਨੂੰ ਲਿਖਤੀ ਸੂਚਨਾ ਦਿੱਤੀ ਸੀ ਪ੍ਰੰਤੂ ਨੇ ਉਨ੍ਹਾਂ ਦੀ ਸ਼ਿਕਾਇਤ ਤੇ ਕੋਈ ਧਿਆਨ ਨਹੀਂ ਦਿੱਤਾ ਜਿਸ ਕਾਰਨ ਕਾਂਗਰਸ ਦੇ ਅਨਸਰਾਂ ਨੇ ਅਕਾਲੀ ਵਰਕਰਾਂ ਨਾਲ ਸ਼ਰੇਆਮ ਗੁੰਡਗਰਦੀ ਕੀਤੀ ਹੈ। ਮਲੂਕਾ ਨੇ ਦੋਸ਼ ਲਾਇਆ ਕਿ ਪੋਲਿੰਗ ਏਜੰਟਾਂ ਨੂੰ ਕਾਂਗੜ ਦੇ ਇਸ਼ਾਰੇ ਤੇ ਬੰਦੀ ਬਣਾਇਆ ਤੇ ਫਿਰ ਉਸਦੀ ਗੱਡੀ ਤੇ ਹਮਲਾ ਕੀਤਾ।

  ਬਠਿੰਡਾ - ਲੋਕ ਸਭਾ ਚੋਣ ਅੰਤਿਮ ਪੜਾਅ 'ਚ ਐਤਵਾਰ ਨੂੰ ਪੰਜਾਬ ਦੀਆਂ ਸਾਰੀਆਂ 13ਸੀਟਾਂ 'ਤੇ ਮਤਦਾਨ ਸ਼ੁਰੂ ਹੋ ਗਿਆ ਹੈ। ਬਠਿੰਡਾ ਚ ਕਾਂਗੜ ਵਿਖੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਕਾਰ 'ਤੇ ਹਮਲਾ ਕੀਤਾ ਗਿਆ। ਹਸਪਤਾਲ ਰਾਮਪੂਰਾ ਫੂਲ ਵਿਖੇ ਐਮਰਜੈਂਸੀ ਵਾਰਡ 'ਚ ਪਿਆ ਜ਼ਖਮੀ ਅਕਾਲੀ ਆਗੂ। ਅਕਾਲੀ ਆਗੂ ਹੈਪੀ ਬਾਂਸਲ ਹਾਲ-ਚਾਲ ਜ਼ਖਮੀ ਹੋਏ ਨੌਜਵਾਨ ਦਾ ਹਾਲ-ਚਾਲ ਪੁੱਛਿਆ। ਜਾਣਕਾਰੀ ਮੁਤਾਬਿਕ ਲੋਕ ਸਭਾ ਹਲਕਾ ਬਠਿੰਡਾ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਵਿਚ ਵੋਟਾਂ ਨੂੰ ਲੈ ਕੇ ਗੋਲੀ ਚਲਾਈ ਗਈ। ਮਾਹੌਲ ਤਣਾਅਪੂਰਨ ਹੋਣ ਤੋਂ ਬਾਅਦ ਤਲਵੰਡੀ ਸਾਬੋ ਦੇ ਬੂਥ ਨੰਬਰ ਅੱਠ 'ਤੇ ਇਕ ਵਾਰੀ ਫਿਰ ਪੋਲਿੰਗ ਰੋਕ ਦਿੱਤੀ ਗਈ ਹੈ। ਅਕਾਲੀ ਆਗੂਆਂ ਨੇ ਦੋਸ਼ ਲਗਾਇਆ ਹੈ ਕਿ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਤੇ ਹਲਕਾ ਇੰਚਾਰਜ ਖੁਸ਼ਬਾਜ਼ ਸਿੰਘ ਜਟਾਣਾ ਨੇ ਲੋਕਾਂ ਨੂੰ ਡਰਾਉਣ ਲਈ ਗੋਲੀ ਚਲਾਈ ਹੈ। ਅਕਾਲੀ ਆਗੂਆਂ ਨੇ ਜਟਾਣਾ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।

  ਜਲੰਧਰ - ਹਰ ਵਾਰ ਚੋਣਾਂ ’ਚ ਪੰਥਕ ਮੁੱਦਿਆਂ ਨੂੰ ਉਭਾਰਨ ਦੇ ਮਾਹਿਰ ਮੰਨੇ ਜਾਂਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੋਕ ਸਭਾ ਚੋਣਾਂ ਦੌਰਾਨ ਪੰਥ ਤੋਂ ਪਾਸਾ ਵੱਟ ਕੇ ਮੋਦੀ ’ਤੇ ਹੀ ਟੇਕ ਰੱਖੀ ਹੋਈ ਹੈ। ਰੇਡੀਓ ਰਾਹੀਂ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੀਤੀ ਵੋਟਾਂ ਦੀ ਅਪੀਲ ਵਿਚ ਉਨ੍ਹਾਂ ਨੇ ਪੰਥ ਦਾ ਨਾਂ ਤਾਂ ਕੀ ਲੈਣਾ ਸੀ, ਇਥੋਂ ਤੱਕ ਕਿ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਤੇ ਨਾ ਹੀ ਤੱਕੜੀ ਚੋਣ ਨਿਸ਼ਾਨ ਦਾ ਨਾਂ ਲਿਆ। ਉਨ੍ਹਾਂ ਆਪਣੀ ਅਪੀਲ ਵਿਚ ਇਹੋ ਹੀ ਗੱਲ ਜ਼ੋਰ ਦੇ ਕੇ ਕਹੀ ਕਿ ਉਹ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਕਮਲ ਦੇ ਫੁੱਲ ਵਾਲਾ ਬਟਨ ਦਬਾਉਣ ਅਤੇ ਉਨ੍ਹਾਂ ਦੀਆਂ ਸਹਿਯੋਗੀਆਂ ਪਾਰਟੀਆਂ ਨੂੰ ਵੋਟਾਂ ਪਾਉਣ। ਪੰਥਕ ਹਲਕਿਆਂ ’ਚ ਇਸ ਗੱਲ ਦੀ ਹੈਰਾਨੀ ਪ੍ਰਗਟਾਈ ਜਾ ਰਹੀ ਹੈ ਕਿ ਛੋਟੀਆਂ-ਵੱਡੀਆਂ ਚੋਣਾਂ ਵਿਚ ਪੰਥ ਦੇ ਨਾਂ ’ਤੇ ਸਿਆਸਤ ਕਰਦੇ ਆ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਇਸ ਵਾਰ ਰੇਡੀਓ ’ਤੇ ਕੀਤੀ ਅਪੀਲ ਵਿਚ ਇਕ ਵਾਰ ਵੀ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਦਾ ਅਤੇ ਤੱਕੜੀ ਚੋਣ ਨਿਸ਼ਾਨ ਦਾ ਜ਼ਿਕਰ ਨਹੀਂ ਕੀਤਾ।
  ਇਹ ਵੀ ਪਹਿਲੀ ਵਾਰ ਹੈ ਕਿ ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਕੋਈ ਚੋਣ ਮਨੋਰਥ ਪੱਤਰ ਜਾਰੀ ਨਹੀਂ ਕੀਤਾ। ਪੰਜਾਬ ਦਾ ਬੁੱਧੀਜੀਵੀ ਵਰਗ ਇਹ ਸੋਚ ਰਿਹਾ ਹੈ ਕਿ ਸ਼ਤਾਬਦੀ ਪੂਰੀ ਕਰਨ ਜਾ ਰਹੇ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਇਸ ਤੋਂ ਮਾੜੀ ਕਦੇ ਨਹੀਂ ਹੋਈ। ਪੰਥਕ ਮਾਮਲਿਆਂ ’ਤੇ ਪਕੜ ਰੱਖਣ ਵਾਲੇ ਗੁਰਬਚਨ ਸਿੰਘ ਦੇਸ ਪੰਜਾਬ ਨੇ ਟਿੱਪਣੀ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪਛਾਣ ਲੋਕ ਹਿੱਤਾਂ ਤੇ ਖਾਸ ਕਰਕੇ ਪੰਥਕ ਮੁੱਦਿਆਂ ਨੂੰ ਉਭਾਰਨ ਦੀ ਬਣੀ ਹੋਈ ਸੀ। ਪਾਰਟੀ ਦੀ ਕਮਾਂਡ ਜਦੋਂ ਤੋਂ ਸੁਖਬੀਰ ਸਿੰਘ ਬਾਦਲ ਦੇ ਹੱਥ ਵਿਚ ਆਈ ਹੈ ਤਾਂ ਉਹ ਆਪਣੀ ਪੰਥਕ ਪਛਾਣ ਗਵਾਉਂਦਾ ਜਾ ਰਿਹਾ ਹੈ।

  ਪਟਿਆਲਾ - ਡੇਰਾ ਸਿਰਸਾ ਦੇ ਰਾਜਨੀਤਕ ਵਿੰਗ ਪੰਜਾਬ ਵੱਲੋਂ ਸੰਸਦੀ ਚੋਣਾਂ ਬਾਰੇ ਹਮਾਇਤ ਦੇਣ ਬਾਰੇ ਫ਼ੈਸਲੇ ਨੂੰ ਭਾਵੇਂ ਅੰਤਿਮ ਰੂਪ ਦੇ ਦਿੱਤਾ ਗਿਆ ਹੈ ਪਰ ਇਸ ਨੂੰ ਫਿਲਹਾਲ ਗੁਪਤ ਰੱਖਿਆ ਗਿਆ ਹੈ। ਇਸ ਫ਼ੈਸਲੇ ਨੂੰ ਭਲਕੇ ਦੇਰ ਸ਼ਾਮ ਜਾਂ ਵੋਟਾਂ ਵਾਲੇ ਦਿਨ ਸਵੇਰ ਤੱਕ ਡੇਰਾ ਪ੍ਰੇਮੀਆਂ ਨੂੰ ਪਹੁੰਚਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਦੂਜੇ ਪਾਸੇ, ਡੇਰਾ ਪੈਰੋਕਾਰ ਇਸ ਚੋਣਾਵੀਂ ਫੈਸਲੇ ਦੀ ਉਤਸੁਕਤਾ ਨਾਲ ਉਡੀਕ ਕਰ ਰਹੇ ਹਨ।
  ਦੱਸਣਯੋਗ ਹੈ ਕਿ ਡੇਰਾ ਮੁਖੀ ਰਾਮ ਰਹੀਮ ਜੇਲ੍ਹ ’ਚ ਬੰਦ ਹੈ, ਫਿਰ ਵੀ ਰਾਜਸੀ ਸਰਗਰਮੀਆਂ ਵਜੋਂ ਇਸ ਡੇਰੇ ਦਾ ‘ਰਾਜਸੀ ਵਿੰਗ ਪੰਜਾਬ’ ਕੁਝ ਮਹੀਨੇ ਠੱਪ ਰਹਿਣ ਮਗਰੋਂ ਪਿਛਲੇ ਦੋ ਮਹੀਨਿਆਂ ਤੋਂ ਪੂਰਾ ਸਰਗਰਮ ਰਿਹਾ ਹੈ। ਰਾਜਸੀ ਵਿੰਗ ਵੱਲੋਂ ਬਕਾਇਦਾ ਪੰਜਾਬ ਪੱਧਰ ’ਤੇ ਨਾਮ ਚਰਚਾ ਬਹਾਨੇ ਸੰਗਤ ਕੋਲੋਂ ਲੋਕ ਸਭਾ ਚੋਣਾਂ ’ਚ ਕਿਸ ਪਾਰਟੀ ਨੂੰ ਹਮਾਇਤ ਦੇਣੀ ਹੈ, ਬਾਰੇ ਮਸ਼ਵਰੇ ਕੀਤੇ ਗਏ। ਇਸ ਮਗਰੋਂ ਰਾਜਸੀ ਵਿੰਗ ਦੀਆਂ ਆਪਣੇ ਪੱਧਰ ’ਤੇ ਵੀ ਕਈ ਬੈਠਕਾਂ ਹੋਈਆਂ।
  ਦੱਸਿਆ ਜਾ ਰਿਹਾ ਹੈ ਕਿ ਦੋ ਦਿਨ ਪਹਿਲਾਂ ਬਰਨਾਲਾ ’ਚ ਰਾਜਸੀ ਵਿੰਗ ਦੀ ਅਹਿਮ ਬੈਠਕ ਹੋਈ, ਜਿਸ ’ਚ ਲੋਕ ਸਭਾ ਚੋਣਾਂ ’ਚ ਸਿਆਸੀ ਹਮਾਇਤ ਸਬੰਧੀ ਅੰਤਿਮ ਫੈਸਲਾ ਤਾਂ ਭਾਵੇਂ ਲੈ ਲਿਆ ਗਿਆ, ਪਰ ਇਸ ਫ਼ੈਸਲੇ ਨੂੰ ਫਿਲਹਾਲ ਨਸ਼ਰ ਕਰਨ ਤੋਂ ਰੋਕ ਲਿਆ ਗਿਆ ਹੈ| ਰਾਜਸੀ ਵਿੰਗ ਦੇ ਪੰਤਾਲੀ ਮੈਂਬਰੀ ਕਮੇਟੀ ਦੇ ਸੀਨੀਅਰ ਮੈਂਬਰ ਨੇ ਦੱਸਿਆ ਕਿ ਬਰਨਲਾ ’ਚ ਜੋ ਵੀ ਅੰਤਿਮ ਫੈਸਲਾ ਲਿਆ ਗਿਆ ਹੈ, ਉਸ ਨੂੰ ਭਲਕੇ ਦੇਰ ਸ਼ਾਮ ਜਾਂ ਵੋਟਾਂ ਵਾਲੇ ਦਿਨ ਤੜਕੇ ਆਪਣੀ ਰਵਾਇਤੀ ਵਿਧੀ ਜ਼ਰੀਏ ਪ੍ਰੇਮੀਆਂ ਲਈ ਨਸ਼ਰ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਫੈਸਲੇ ਨੂੰ ਪ੍ਰੇਮੀ ਵੋਟਰਾਂ ਤੱਕ ਪਹੁੰਚਾਉਣ ਲਈ ਪੰਤਾਲੀ ਮੈਂਬਰੀ ਸੂਬੇ ਦੇ ਰਾਜਸੀ ਵਿੰਗ ਤੋਂ ਇਲਾਵਾ 25 ਮੈਂਬਰੀ ਜ਼ਿਲ੍ਹਾ ਕਮੇਟੀ, 15 ਮੈਂਬਰੀ ਬਲਾਕ ਕਮੇਟੀ ਤੇ ਪੰਜ-ਪੰਜ ਮੈਂਬਰੀ ਪ੍ਰਤੀ ਪੰਚਾਇਤ ਕਮੇਟੀਆਂ ਪਲਾਂ ’ਚ ਹੀ ਸਿਆਸੀ ਸੁਨੇਹੇ ਸਮੁੱਚੇ ਡੇਰਾ ਪ੍ਰੇਮੀਆਂ ਤੱਕ ਪਹੁੰਚਾ ਦੇਣਗੇ| ਵੋਟਾਂ ਸਬੰਧੀ ਸਿਆਸੀ ਸੁਨੇਹੇ ਜਲਦੀ ਅੱਗੇ ਫਾਰਵਰਡ ਕਰਨ ਲਈ ਰਾਜਸੀ ਵਿੰਗ ਵੱਲੋਂ ਸਾਰੀਆਂ ਕਮੇਟੀਆਂ ਨੂੰ ਸੁਚੇਤ ਰਹਿਣ ਦੇ ਸੁਨੇਹੇ ਦਿੱਤੇ ਜਾ ਰਹੇ ਹਨ| ਉਂਜ ਸੋਸ਼ਲ ਮੀਡੀਆ ਤੋਂ ਲਾਂਭੇ ਰਹਿੰਦਿਆਂ ਸਿਆਸੀ ਸੁਨੇਹੇ ਅੱਪੜਦੇ ਕੀਤੇ ਜਾਣ ਦਾ ਪ੍ਰੋਗਰਾਮ ਉਲੀਕੇ ਜਾਣ ਦਾ ਵੀ ਪਤਾ ਲੱਗਿਆ ਹੈ। ਹਰਿਆਣਾ ’ਚ ਦੋ ਸਿਆਸੀ ਧਿਰਾਂ ਦੇ ਉਮੀਦਵਾਰਾਂ ਪ੍ਰਤੀ ਡੇਰਾ ਸਿਰਸਾ ਵਧੇਰੇ ਦਿਆਲ ਰਿਹਾ ਪਰ ਪੰਜਾਬ ਬਾਰੇ ਡੇਰੇ ਦੀ ਹਮਾਇਤ ਸਬੰਧੀ ਹਾਲੇ ਰਹੱਸ ਬਣਿਆ ਹੋਇਆ ਹੈ।
  ਇਸ ਫ਼ੈਸਲੇ ਨੂੰ ਸੁਣਨ ਲਈ ਡੇਰਾ ਪ੍ਰੇਮੀਆਂ ਤੋਂ ਇਲਾਵਾ ਉਮੀਦਵਾਰ ਵੀ ਉਤਸੁਕਤਾ ਨਾਲ ਇੰਤਜ਼ਾਰ ਕਰ ਰਹੇ ਹਨ।

  ਲੰਡਨ - ਹਥਿਆਰਾਂ ਸਬੰਧੀ ਨਵਾਂ ਬਿੱਲ ਬਰਤਾਨੀਆ ਦੇ ਹੇਠਲੇ ਸਦਨ (ਹਾਊਸ ਆਫ਼ ਕਾਮਨਜ਼) ਅਤੇ ਉੱਪਰਲੇ ਸਦਨ (ਹਾਊਸ ਆਫ਼ ਲਾਰਡ) 'ਚ ਪਾਸ ਹੋਣ ਤੋਂ ਬਾਅਦ ਇਸ ਨੂੰ ਕਾਨੂੰਨੀ ਮਾਨਤਾ ਮਿਲ ਗਈ ਹੈ | ਇਸ ਬਿੱਲ ਵਿਚ ਸਿੱਖਾਂ ਨੂੰ ਵੱਡੀ ਅਤੇ ਛੋਟੀ ਕਿ੍ਪਾਨ ਲਈ ਵਿਸ਼ੇਸ਼ ਛੋਟ ਦਿੱਤੀ ਗਈ ਹੈ | ਇਸ ਬਿੱਲ 'ਤੇ ਸੰਸਦ 'ਚ ਬਹਿਸ ਦੌਰਾਨ ਐਮ. ਪੀ. ਪ੍ਰੀਤ ਕੌਰ ਗਿੱਲ, ਐਮ. ਪੀ. ਤਨਮਨਜੀਤ ਸਿੰਘ ਢੇਸੀ, ਐਮ. ਪੀ. ਪੈਟ ਫੈਬੀਅਨ, ਐਮ. ਪੀ. ਜਿੰਮ ਕਨਿੰਘਮ ਆਦਿ ਨੇ ਕਿਹਾ ਸੀ ਕਿ ਸਿੱਖਾਂ ਦਾ ਕਿ੍ਪਾਨ ਨਾਲ ਵੱਡਾ ਨਾਤਾ ਹੈ, ਜਿਸ ਦੀ ਵੱਖ-ਵੱਖ ਮੌਕਿਆਂ 'ਤੇ ਵਰਤੋਂ ਕੀਤੀ ਜਾਂਦੀ ਹੈ | ਗ੍ਰਹਿ ਵਿਭਾਗ ਬਾਰੇ ਮੰਤਰੀ ਵਿਕਟੋਰੀਆ ਐਟਕਿਨਜ਼ ਦਾ ਧੰਨਵਾਦ ਕਰਦਿਆਂ ਸਿੱਖ ਫੈਡਰੇਸ਼ਨ ਦੇ ਚੇਅਰਮੈਨ ਭਾਈ ਅਮਰੀਕ ਸਿੰਘ ਨੇ ਕਿਹਾ ਕਿ ਸਿੱਖ ਹਿੰਸਾ ਰੋਕਣ ਲਈ ਵੀ ਹਥਿਆਰਾਂ 'ਤੇ ਪਾਬੰਦੀ ਲਗਾਉਣ ਦੇ ਹਾਮੀ ਹਨ, ਪਰ ਸਿੱਖਾਂ ਦਾ ਕਿ੍ਪਾਨ ਨਾਲ ਗਹਿਰਾ ਨਾਤਾ ਹੈ | ਸਿੱਖਾਂ ਵਲੋਂ ਵੱਖ-ਵੱਖ ਮੌਕਿਆਂ 'ਤੇ ਵੱਡੀ ਕਿ੍ਪਾਨ ਦੀ ਵਰਤੋਂ ਕੀਤੀ ਜਾਂਦੀ ਹੈ, ਖ਼ੁਸ਼ੀ ਹੈ ਕਿ ਸਬੰਧਿਤ ਮਹਿਕਮੇ ਨੇ ਸਿੱਖਾਂ ਦੀ ਇਸ ਭਾਵਨਾ ਨੂੰ ਸਮਝਦਿਆਂ ਬਿੱਲ 'ਚ ਸੋਧ ਕੀਤੀ ਹੈ | ਇਸ ਮਾਮਲੇ ਨੂੰ ਉਜਾਗਰ ਕਰਨ ਲਈ ਸਿੱਖ ਫੈਡਰੇਸ਼ਨ ਯੂ. ਕੇ. ਨੇ ਸਿੱਖ ਪੁਲਿਸ ਅਧਿਕਾਰੀ ਦਾ ਵੀ ਧੰਨਵਾਦ ਕੀਤਾ, ਜਿਸ ਨੇ ਸਭ ਤੋਂ ਪਹਿਲਾਂ ਇਸ ਬਾਰੇ ਸੂਚਿਤ ਕਰਕੇ ਸਿੱਖ ਫੈਡਰੇਸ਼ਨ ਯੂ. ਕੇ. ਨੂੰ ਸੁਚੇਤ ਕੀਤਾ | ਮੰਤਰੀ ਵਿਕਟੋਰੀਆ ਐਟਕਿਨਜ਼ ਨੇ ਵੀ ਇਸ ਮੌਕੇ ਕਿ੍ਪਾਨ ਨੂੰ ਪਾਬੰਦ ਹਥਿਆਰਾਂ ਦੀ ਸੂਚੀ 'ਚੋਂ ਬਾਹਰ ਰੱਖਣ ਦੀ ਹਮਾਇਤ ਕੀਤੀ | ਹਥਿਆਰਾਂ ਸੰਬੰਧੀ ਇਸ ਬਿੱਲ 'ਤੇ ਕੱਲ੍ਹ ਮਹਾਰਾਣੀ ਵਲੋਂ ਦਸਤਖ਼ਤ ਕਰਨ ਤੋਂ ਬਾਅਦ ਇਸ ਨੂੰ ਕਾਨੂੰਨੀ ਦਰਜਾ ਮਿਲ ਗਿਆ ਅਤੇ ਸਿੱਖਾਂ ਨੂੰ ਵੱਡੀ ਅਤੇ ਛੋਟੀ ਕਿ੍ਪਾਨ ਰੱਖਣ ਦੀ ਮੁਕੰਮਲ ਆਜ਼ਾਦੀ ਹੈ |

  ਅੰਮਿ੍ਤਸਰ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਰੰਕਾਰੀ ਮਿਸ਼ਨ ਦਿੱਲੀ ਵਲੋਂ 'ਨਿਰੰਕਾਰੀ' ਸ਼ਬਦ ਦਾ ਕਾਪੀ ਰਾਈਟ ਲੈਣ ਸਬੰਧੀ ਕੀਤੀ ਜਾ ਰਹੀ ਕਾਰਵਾਈ ਦਾ ਸਖ਼ਤ ਨੋਟਿਸ ਲਿਆ ਹੈ | ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਹ ਮਾਮਲਾ ਸਾਹਮਣੇ ਆਉਣ ਉਪਰੰਤ ਨਿਰੰਕਾਰੀ ਮਿਸ਼ਨ ਦੀ ਇਸ ਹਰਕਤ ਨੂੰ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਵਾਲੀ ਕਰਾਰ ਦਿੰਦਿਆਂ ਆਖਿਆ ਕਿ ਇਹ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਿ ਕੋਈ ਨਿੱਜੀ ਤੌਰ 'ਤੇ ਪਾਵਨ ਗੁਰਬਾਣੀ ਦੇ ਕਿਸੇ ਸ਼ਬਦ ਦਾ ਕਾਪੀ ਰਾਈਟ ਲਵੇ | ਉਨ੍ਹਾਂ ਕਿਹਾ ਕਿ ਅਜਿਹਾ ਹਰਗਿਜ਼ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਇਸ ਬਾਰੇ ਕਾਨੂੰਨੀ ਮਾਹਿਰਾਂ ਦੀ ਰਾਏ ਨਾਲ ਅਗਲੀ ਕਾਰਵਾਈ ਕੀਤੀ ਜਾਵੇਗੀ | ਭਾਈ ਲੌਂਗੋਵਾਲ ਨੇ ਆਖਿਆ ਕਿ ਗੁਰਬਾਣੀ ਦਾ ਇਕ-ਇਕ ਸ਼ਬਦ ਸਿੱਖ ਸੰਗਤਾਂ ਦੇ ਨਾਲ-ਨਾਲ ਸਮੁੱਚੇ ਵਿਸ਼ਵ 'ਚ ਵੱਸਦੇ ਗੁਰੂ ਨਾਨਕ ਨਾਮ ਲੇਵਾ ਲਈ ਇਲਾਹੀ ਹੈ ਅਤੇ ਕੁਝ ਲੋਕ ਜਾਣ-ਬੁਝ ਕੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡਣ ਦਾ ਯਤਨ ਕਰ ਰਹੇ ਹਨ | ਉਨ੍ਹਾਂ ਇਹ ਵੀ ਆਖਿਆ ਕਿ ਜੋ ਲੋਕ ਅਜਿਹੀਆਂ ਕੋਝੀਆਂ ਹਰਕਤਾਂ ਕਰਕੇ ਮਾਨਵਤਾਂ 'ਚ ਵੰਡੀਆਂ ਪਾ ਰਹੇ ਹਨ, ਉਨ੍ਹਾਂ ਤੋਂ ਸੰਗਤ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ |

  ਚੇਨਈ - ਤਮਿਲਨਾਡੂ ਦੇ ਮਦੁਰੈ ‘ਚ ਬੁੱਧਵਾਰ ਨੂੰ ਇੱਕ ਚੋਣ ਸਭਾ ਦੌਰਾਨ ਮੱਕਲ ਨਿਧੀ ਮਾਇਅਮ (ਐਮਐਨਐਮ) ਪਾਰਟੀ ਦੇ ਸੰਸਥਾਪਕ ਤੇ ਐਕਟਰ ਕਮਲ ਹਾਸਨ ‘ਤੇ ਚੱਪਲ ਸੁੱਟੀ ਗਈ। ਬੇਸ਼ੱਕ ਚੱਪਲ ਉਨ੍ਹਾਂ ਨੂੰ ਲੱਗੀ ਨਹੀਂ ਪਰ ਇਸ ਮਾਮਲੇ ‘ਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 12 ਮਈ ਨੂੰ ਹਾਸਨ ਨੇ ਇੱਕ ਵਿਵਾਦਤ ਬਿਆਨ ਦਿੱਤਾ ਸੀ।
  ਉਨ੍ਹਾਂ ਨੇ ਕਿਹਾ ਸੀ, “ਆਜ਼ਾਦ ਭਾਰਤ ਦਾ ਪਹਿਲਾ ਅੱਤਵਾਦੀ ਹਿੰਦੂ ਸੀ। ਉਸ ਦਾ ਨਾਂ ਨਾਥੂਰਾਮ ਹੋਡਸੇ ਸੀ। ਇੱਥੋਂ ਹੀ ਅੱਤਵਾਦ ਦੀ ਸ਼ੁਰੂਆਤ ਹੋਈ ਸੀ।” ਇਸ ਤੋਂ ਬਾਅਦ ਬੀਜੇਪੀ ਸਮੇਤ ਕੁਝ ਪਾਰਟੀਆਂ ਹਾਸਨ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ।
  ਹਾਸਨ ਨੇ ਆਪਣੇ ਬਿਆਨ ਦੀ ਸਫਾਈ ਦਿੰਦੇ ਹੋਏ ਕਿਹਾ, “ਮੈਂ ਜੋ ਵੀ ਕਿਹਾ ਸੀ, ਉਸ ਨਾਲ ਭਾਜਪਾ ਸਮੇਤ ਹੋਰ ਦਲ ਨਾਰਾਜ਼ ਹੋ ਗਏ ਹਨ ਪਰ ਮੈਂ ਇੱਕ ਇਤਿਹਾਸਕ ਸੱਚ ਦਾ ਜ਼ਿਕਰ ਕੀਤਾ ਸੀ। ਮੇਰਾ ਮਕਸਦ ਵਿਵਾਦ ਖੜ੍ਹਾ ਕਰਨਾ ਨਹੀਂ ਸੀ। ਉਸ ਬਿਆਨ ਨਾਲ ਕਿਸੇ ਧਰਮ ਤੇ ਜਾਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।”
  ਗੋਡਸੇ ਵਾਲੇ ਬਿਆਨ ‘ਤੇ ਹਾਸਨ ਖਿਲਾਫ ਐਫਆਈਆਰ ਕਰਵਾਈ ਗਈ। ਉਹ ਅੰਤਮ ਜ਼ਮਾਨਤ ਲਈ ਬੁੱਧਵਾਰ ਨੂੰ ਮਦਰਾਸ ਹਾਈਕੋਰਟ ਪਹੁੰਚੇ। ਇਸ ਤੋਂ ਪਹਿਲਾਂ ਕੋਰਟ ਨੇ ਉਨ੍ਹਾਂ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਉਧਰ ਰਾਜਨੀਤਕ ਦਲ ਚੋਣ ਕਮਿਸ਼ਨ ਨੂੰ ਹਾਸਨ ਦੀ ਪਾਰਟੀ ਬੈਨ ਕਰਨ ਦੀ ਮੰਗ ਕਰ ਰਹੇ ਹਨ।

  ਫ਼ਰੀਦਕੋਟ - ਬਹਿਬਲ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਆਪਣੀ ਪੜਤਾਲ ਨੂੰ ਨਵਾਂ ਮੋੜ ਦਿੰਦਿਆਂ ਪੰਜਾਬ ਦੇ ਪ੍ਰਮੱਖ ਸਕੱਤਰ ਤੋਂ ਸੁਖਬੀਰ ਸਿੰਘ ਬਾਦਲ ਦੇ ਬੇਅਦਬੀ ਕਾਂਡ ਦੇ ਸਮੇਂ ਦੌਰਾਨ ਸਮੁੱਚੇ ਦੌਰਿਆਂ ਤੇ ਸਮਾਗਮਾਂ ਦਾ ਵੇਰਵਾ ਮੰਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਾਂਚ ਟੀਮ ਨੇ ਪ੍ਰਮੁੱਖ ਸਕੱਤਰ ਪੰਜਾਬ ਤੋਂ ਸੁਖਬੀਰ ਸਿੰਘ ਬਾਦਲ ਦੀਆਂ ਬਹਿਬਲ ਕਾਂਡ ਤੋਂ ਦਸ ਦਿਨ ਪਹਿਲਾਂ ਅਤੇ ਦਸ ਦਿਨ ਬਾਅਦ ਦੀਆਂ ਸਮੁੱਚੀਆਂ ਫੇਰੀਆਂ ਦਾ ਰਿਕਾਰਡ ਤਲਬ ਕੀਤਾ ਹੈ। ਇਸ ਤੋਂ ਇਲਾਵਾ ਜਾਂਚ ਟੀਮ ਨੇ ਸੁਖਬੀਰ ਸਿੰਘ ਬਾਦਲ ਨੂੰ ਜਾਰੀ ਕੀਤੇ ਸਰਕਾਰੀ ਵਾਹਨਾਂ ਦੀ ਲਿਸਟ ਮੰਗੀ ਹੈ ਅਤੇ ਨਾਲ ਹੀ ਖੁਫ਼ੀਆ ਤੰਤਰ ਤੋਂ ਉਨ੍ਹਾਂ ਦੇ ਅਕਤੂਬਰ 2015 ਦੌਰਾਨ ਦੌਰਿਆਂ ਦੇ ਵੇਰਵਿਆਂ ਦੀ ਰਿਪੋਰਟ ਮੰਗੀ ਹੈ। ਜਾਣਕਾਰੀ ਅਨੁਸਾਰ ਸੁਖਬੀਰ ਸਿੰਘ ਬਾਦਲ ਨਿੱਜੀ ਤੌਰ ‘ਤੇ ਜਾਂਚ ਟੀਮ ਸਾਹਮਣੇ ਪੇਸ਼ ਹੋ ਚੁੱਕੇ ਹਨ ਅਤੇ ਪੜਤਾਲ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਇਹ ਵੀ ਮੰਨਿਆ ਸੀ ਕਿ ਜਦੋਂ ਬਹਿਬਲ ਕਾਂਡ ਵਾਪਰਿਆ ਉਸ ਸਮੇਂ ਉਹ ਪੰਜਾਬ ਵਿੱਚ ਨਹੀਂ ਸੀ। ਭਰੋਸੇਯੋਗ ਸੂਤਰਾਂ ਅਨੁਸਾਰ ਪੜਤਾਲ ਤੋਂ ਸਾਹਮਣੇ ਆਇਆ ਹੈ ਕਿ ਸੁਖਬੀਰ ਸਿੰਘ ਬਾਦਲ 8 ਅਕਤੁਬਰ 2015 ਤੋਂ ਲੈ ਕੇ 14 ਅਕਤੂਬਰ 2015 ਤੱਕ ਪੰਜਾਬ ਵਿੱਚ ਨਹੀਂ ਸਨ। ਇਹ ਗੱਲ ਸੁਖਬੀਰ ਸਿੰਘ ਬਾਦਲ ਨੇ ਜਾਂਚ ਟੀਮ ਸਾਹਮਣੇ ਵੀ ਕਹੀ ਸੀ ਪਰ ਜਾਂਚ ਟੀਮ ਨੂੰ ਅਜੇ ਤੱਕ ਇਸ ਗੱਲ ਬਾਰੇ ਪੂਰੀ ਸੂਚਨਾ ਨਹੀਂ ਕਿ ਸੁਖਬੀਰ ਸਿੰਘ ਬਾਦਲ ਦੇ ਅਕਤੂਬਰ 2015 ਦੇ ਪੂਰੇ ਰੁਝੇਵੇਂ ਕੀ ਸਨ ਅਤੇ ਉਹ ਪੰਜਾਬ ਤੋਂ ਬਾਹਰ ਕਿੱਥੇ-ਕਿੱਥੇ ਤੇ ਕਿਸ ਮਕਸਦ ਲਈ ਗਏ ਅਤੇ ਇਸ ਸਮੇਂ ਦੌਰਾਨ ਸੁਖਬੀਰ ਬਾਦਲ ਦੀਆਂ ਮੁਲਾਕਾਤਾਂ ਕਿਸ-ਕਿਸ ਨਾਲ ਹੋਈਆਂ। ਜਾਂਚ ਟੀਮ ਵੱਲੋਂ ਤਲਬ ਕੀਤੇ ਗਏ ਹੁਣ ਤੱਕ 200 ਤੋਂ ਵੱਧ ਗਵਾਹਾਂ ਦੇ ਬਿਆਨ ਲਿਖਣ ਤੋਂ ਬਾਅਦ ਇੱਕ ਇਹ ਤੱਥ ਸਾਹਮਣੇ ਆਇਆ ਹੈ ਕਿ ਡੇਰਾ ਮੁਖੀ ਦੀ ਫਿਲਮ ਰਿਲੀਜ਼ ਕਰਵਾਉਣ ਅਤੇ ਉਸ ਨੂੰ ਮੁਆਫ਼ੀ ਦੇਣ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਅਦਾਕਾਰ ਅਕਸ਼ੈ ਕੁਮਾਰ ਦਰਮਿਆਨ ਮੀਟਿੰਗਾਂ ਹੋਈਆਂ ਸਨ ਅਤੇ ਅਕਸ਼ੈ ਕੁਮਾਰ ਨੇ ਇਸ ਵਿੱਚ ਵਿਚੋਲਗੀ ਕੀਤੀ ਸੀ। ਜਾਂਚ ਟੀਮ ਬਹਿਬਲ ਕਾਂਡ ਤੇ ਬੇਅਦਬੀ ਕਾਂਡ ਨੂੰ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇਣ ਅਤੇ ਉਸ ਦੀ ਫਿਲਮ ਰਿਲੀਜ਼ ਕਰਵਾਉਣ ਦੇ ਮਾਮਲੇ ਨਾਲ ਜੋੜ ਕੇ ਦੇਖ ਰਹੀ ਹੈ।

   

  ਬਰਗਾੜੀ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬੇਅਦਬੀ ਅਤੇ ਗੋਲੀਕਾਂਡ ਕਦੇ ਕਿਸੇ ਚੰਗੇ ਲੋਕਰਾਜ ਵਿਚ ਨਹੀਂ ਹੋ ਸਕਦੇ ਅਤੇ ਕਦੇ ਵੀ ਮੁੱਖ ਮੰਤਰੀ ਦੀ ਜਾਣਕਾਰੀ ਤੋਂ ਬਿਨਾਂ ਲੋਕਾਂ ਉੱਪਰ ਗੋਲੀ ਨਹੀਂ ਚਲਾਈ ਜਾ ਸਕਦੀ | ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਸਮੇਂ ਹਰ ਧਾਰਮਿਕ ਗ੍ਰੰਥ ਦੀ ਬੇਅਦਬੀ ਕੀਤੀ ਗਈ ਅਤੇ ਪੰਜਾਬ ਦੇ ਲੋਕ ਕਦੇ ਵੀ ਬੇਅਦਬੀ ਮਾਮਲਿਆਂ ਨੂੰ ਭੁਲਾ ਨਹੀਂ ਸਕਦੇ | ਉਨ੍ਹਾਂ ਬੇਅਦਬੀ ਸਮੇਂ ਗੋਲੀਕਾਂਡ ਦੌਰਾਨ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿਚ ਬਰਗਾੜੀ ਵਿਖੇ ਯਾਦਗਾਰ ਬਣਾਉਣ ਦਾ ਐਲਾਨ ਕੀਤਾ |

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com