ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਨਵੀਂ ਦਿੱਲੀ - ਭਾਰਤ ਦੇ ਕੇਂਦਰੀ ਗ੍ਰਹਿ ਮੰਤਰਾਲੇ ਮੁਤਾਬਕ ਭਾਰਤ–ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਰਹੇ 312 ਸਿੱਖਾਂ ਦੇ ਨਾਂਅ ਕਾਲ਼ੀ–ਸੂਚੀ ਵਿੱਚੋਂ ਹਟਾ ਦਿੱਤੇ ਗਏ ਹਨ। ਇਹ ਸਾਰੇ ਸਿੱਖ ਇਸ ਵੇਲੇ ਕੈਨੇਡਾ, ਅਮਰੀਕਾ, ਇੰਗਲੈਂਡ, ਜਰਮਨੀ ਤੇ ਇਟਲੀ ਸਮੇਤ ਹੋਰ ਕਈ ਦੇਸ਼ਾਂ ਵਿੱਚ ਰਹਿੰਦੇ ਹਨ।
  ਕੇਂਦਰੀ ਗ੍ਰਹਿ ਮੰਤਰਾਲੇ ਮੁਤਾਬਕ ਹੁਣ ਕਾਲੀ–ਸੂਚੀ ਵਿੱਚ ਸਿਰਫ਼ ਦੋ ਨਾਂਅ ਬਾਕੀ ਰਹਿ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਵੱਖੋ–ਵੱਖਰੀਆਂ ਸੁਰੱਖਿਆ ਏਜੰਸੀਆਂ ਨੇ ਕਾਲੀ ਸੂਚੀ ਵਿੱਚ ਦਰਜ ਵਿਦੇਸ਼ੀ ਸਿੱਖ ਨਾਗਰਿਕਾਂ ਦੇ ਨਾਂਵਾਂ ਦੀ ਸਮੀਖਿਆ ਕੀਤੀ ਤੇ ਉਸ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਕਾਲੀ–ਸੂਚੀ ਵਿੱਚ ਸ਼ਾਮਲ 314 ਸਿੱਖਾਂ ਦੇ ਨਾਂਵਾਂ ਦੀ ਸਮੀਖਿਆ ਕੀਤੀ ਸੀ ਤੇ ਹੁਣ ਉਸ ਵਿੱਚ ਸਿਰਫ਼ ਦੋ ਨਾਂਅ ਬਾਕੀ ਰਹਿ ਗਏ ਹਨ। ਇਸ ਕਾਲੀ ਸੂਚੀ ਵਿੱਚੋਂ ਜਿਹੜੇ ਲੋਕਾਂ ਦੇ ਨਾਂਅ ਹਟਾਏ ਗਏ ਹਨ, ਉਹ ਹੁਣ ਭਾਰਤ ਵਿੱਚ ਆਪਣੇ ਪਰਿਵਾਰਾਂ ਨੂੰ ਮਿਲਣ ਲਈ ਆ ਸਕਦੇ ਹਨ ਤੇ ਆਪਣੀ ਮਾਤ–ਭੂਮੀ ਨਾਲ ਮੁੜ ਜੁੜ ਸਕਦੇ ਹਨ। ਇਸ ਸੂਚੀ ਵਿੱਚ ਸ਼ਾਮਲ ਬਹੁਤੇ ਨਾਂਅ ਅਜਿਹੇ ਸਿੱਖਾਂ ਦੇ ਸਨ, ਜਿਹੜੇ 1984 ਦੀਆਂ ਗੜਬੜੀਆਂ ਤੋਂ ਬਾਅਦ ਵਿਦੇਸ਼ ਚਲੇ ਗਏ ਸਨ ਅਤੇ ਉਨ੍ਹਾਂ ਹੋਰਨਾਂ ਦੇਸ਼ਾਂ ਵਿੱਚ ਸਿਆਸੀ ਪਨਾਹ ਹਾਸਲ ਕਰਨ ਲਈ ਉੱਥੋਂ ਦੀਆਂ ਸਰਕਾਰਾਂ ਨੂੰ ਇਹੋ ਆਖਿਆ ਸੀ ਕਿ ਉਨ੍ਹਾਂ ਉੱਤੇ ਤਸ਼ੱਦਦ ਢਾਹ ਰਹੀ ਹੈ।

  ਚੰਡੀਗੜ੍ਹ : ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਹ ਵੀ ਐਲਾਨ ਕੀਤਾ ਕਿ ਕਰਤਾਰਪੁਰ ਲਾਂਘੇ ਲਈ ਪਾਕਿਸਤਾਨ ਪ੍ਰਤੀ ਵਿਅਕਤੀ 20 ਡਾਲਰ ਸੇਵਾ ਫ਼ੀਸ ਲਵੇਗਾ। ਫ਼ੈਸਲ ਨੇ ਕਿਹਾ, 'ਪਾਕਿਸਤਾਨ ਪ੍ਰਤੀ ਵਿਅਕਤੀ 20 ਡਾਲਰ ਸੇਵਾ ਫ਼ੀਸ ਵਜੋਂ ਲਵੇਗਾ, ਕਰਤਾਰਪੁਰ ਲਾਂਘੇ ਲਈ ਦਾਖ਼ਲਾ ਫ਼ੀਸ ਵਜੋਂ ਨਹੀਂ।'
  ਪਾਕਿਸਤਾਨ ਵਲੋਂ ਕਰਤਾਰਪੁਰ ਲਾਂਘੇ ਰਾਹੀਂ ਜਾਣ ਵਾਲੇ ਸ਼ਰਧਾਲੂਆਂ 'ਤੇ ਸਰਵਿਸ ਚਾਰਜ ਲਗਾਉਣ ਦੇ ਪ੍ਰਸਤਾਵ ਦੇ ਮਾਮਲੇ ਉਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ ਵਿਚ ਦਖਲ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਉਹ ਪਾਕਿਸਤਾਨ ਉਤੇ ਸਰਵਿਸ ਚਾਰਜ ਨਾ ਲਗਾਉਣ ਲਈ ਦਬਾਅ ਪਾਉਣ। ਕੈਪਟਨ ਨੇ ਕਰਤਾਰਪੁਰ ਲਾਂਘੇ ਦੀ ਇਤਿਹਾਸਕ ਮਹੱਤਤਾ ਦੱਸਦਿਆਂ ਕਿਹਾ ਕਿ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਖੁੱਲ੍ਹਣ ਜਾ ਰਿਹਾ ਹੈ ਜਿਸ ਨੂੰ ਇਸ ਸਾਲ ਨਵੰਬਰ ਮਹੀਨੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।
  ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚ ਮੁੱਖ ਮੰਤਰੀ ਨੇ ਸੁਝਾਅ ਦਿੱਤਾ ਹੈ ਕਿ ਇਸ ਮਾਮਲੇ ਦੇ ਜਲਦੀ ਹੱਲ ਲਈ ਵਿਦੇਸ਼ ਮੰਤਰਾਲਾ ਦੁਵੱਲੀ ਮੀਟਿੰਗ ਵਿੱਚ ਇਹ ਮੁੱਦਾ ਚੁੱਕੇ। ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਵਲੋਂ ਸਰਵਿਸ ਚਾਰਜ ਲਗਾਉਣ ਲਈ ਪਾਏ ਜਾ ਰਹੇ ਜ਼ੋਰ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ਉਤੇ ਵੱਡਾ ਵਿੱਤੀ ਬੋਝ ਪਵੇਗਾ ਜਦੋਂ ਕਿ ਵੱਡੀ ਗਿਣਤੀ ਵਿਚ ਸ਼ਰਧਾਲੂ ਇਹ ਵਿੱਤੀ ਬੋਝ ਚੱਲਣ ਦੀ ਸਮਰੱਥਾ ਨਹੀਂ ਰੱਖਦੇ।
  ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਵੀ ਉਹ ਕਈ ਮੌਕਿਆਂ 'ਤੇ ਭਾਰਤ ਸਰਕਾਰ ਕੋਲ ਇਹ ਮੰਗ ਰੱਖ ਚੁੱਕੇ ਹਨ ਕਿ ਪਾਕਿਸਤਾਨ ਸਰਕਾਰ ਨੂੰ ਇਹ ਬੇਨਤੀ ਕੀਤੀ ਜਾਵੇ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ਉਤੇ ਕੋਈ ਵੀਜ਼ਾ ਜਾਂ ਕੋਈ ਹੋਰ ਫੀਸ ਆਦਿ ਦੇਣ ਦੀ ਸ਼ਰਤ ਨਾ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਨਾਲ ਪਾਕਿਸਤਾਨ ਸਥਿਤ ਪਵਿੱਤਰ ਸਥਾਨ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਵੱਲੋਂ ਲੰਬੇ ਸਮੇਂ ਤੋਂ 'ਖੁੱਲ੍ਹੇ ਦਰਸ਼ਨ ਦੀਦਾਰ' ਕਰਨ ਦੀ ਕੀਤੀ ਜਾ ਰਹੀ ਅਰਦਾਸ ਪੂਰੀ ਹੋਵੇਗੀ।

  ਭੁਵਨੇਸ਼ਨਵਰ - ਪੁਰੀ 'ਚ ਜਗਨਨਾਥ ਮੰਦਰ ਦੇ 75 ਮੀਟਰ ਦੇ ਘੇਰੇ 'ਚ ਮੌਜੂਦ ਮਠਾਂ ਨੂੰ ਢਹਾਏ ਜਾਣ ਦੀ ਕਾਰਵਾਈ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ 'ਚ ਬਣਾਏ ਗਏ ਮੰਗੂ ਮਠ ਅਤੇ ਪੰਜਾਬੀ ਮਠ ਨੂੰ ਢਹਾ ਦਿੱਤਾ ਹੈ। ਇਸ ਬਾਰੇ ਵਕੀਲ ਤੇ ਸਮਾਜਕ ਕਾਰਕੁਨ ਸੁਖਵਿੰਦਰ ਕੌਰ ਅਤੇ ਇਤਿਹਾਸਕਾਰ ਅਨਿਲ ਧੀਰ ਨੇ ਮੁੱਖ ਮੰਤਰੀ ਉੜੀਸਾ ਨਵੀਨ ਪਟਨਾਇਕ ਨੂੰ ਇਕ ਮੰਗ ਪੱਤਰ ਭੇਜਿਆ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਦੁੱਖ ਵਾਲੀ ਗੱਲ ਹੈ ਕਿ ਜਿਥੇ ਪੂਰੀ ਦੁਨੀਆਂ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਨੂੰ ਉਤਸਾਹ ਨਾਲ ਮਨਾਇਆ ਜਾ ਰਿਹਾ ਹੈ, ਉਥੇ ਹੀ ਉੜੀਸਾ ਸਰਕਾਰ ਉਨ੍ਹਾਂ ਦੀ ਇਕ ਯਾਦਗਾਰੀ ਥਾਂ ਨੂੰ ਢਹਾ ਰਹੀ ਹੈ। ਸਰਕਾਰ ਦੀ ਇਸ ਕਾਰਵਾਈ ਨਾਲ ਪੂਰੀ ਦੁਨੀਆ ਦੇ ਸਿੱਖਾਂ ਅੰਦਰ ਰੋਸ ਪੈਦਾ ਹੋਇਆ ਹੈ। ਇਸ ਇਤਿਹਾਸਕ ਅਸਥਾਨ 'ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਯਾਤਰਾ ਦੌਰਾਨ ਸਮਾਂ ਬਤੀਤ ਕੀਤਾ ਸੀ। ਉੜੀਸਾ ਸਰਕਾਰ ਨੂੰ ਅਪੀਲ ਹੈ ਕਿ ਇਸ ‘ਸਫਾਈ ਮੁਹਿੰਮ’ ਨੂੰ ਤੁਰੰਤ ਬੰਦ ਕੀਤਾ ਜਾਵੇ।
  ਜ਼ਿਕਰਯੋਗ ਹੈ ਕਿ ਮੰਦਰ ਦੇ ਜਿਹੜੇ 75 ਮੀਟਰ ਘੇਰੇ ਨੂੰ ਸਰਕਾਰ ਨੇ ਖਾਲੀ ਕਰਵਾਉਣ ਦਾ ਫ਼ੈਸਲਾ ਲਿਆ ਹੈ, ਉਸ 'ਚ ਏਮਾਰ ਮਠ (900 ਸਾਲ ਪਹਿਲਾਂ ਬਣਿਆ ਇਤਿਹਾਸਕ ਮਠ, ਜਿਸ 'ਚ ਕੁਝ ਸਾਲ ਪਹਿਲਾਂ ਵੱਡੀ ਗਿਣਤੀ 'ਚ ਚਾਂਦੀ ਦੀਆਂ ਦਰਜਨਾਂ ਇੱਟਾਂ ਮਿਲੀਆਂ ਸਨ), ਲੰਗੁਲੀ ਮਠ, ਸਾਨਛਤਾ ਮਠ, ਰਾਧਾਬੱਲਭ ਮਠ, ਮੰਗੂ ਮਠ, ਪੰਜਾਬੀ ਮਠ, ਰਾਘਵ ਦਾਸ ਮਠ, ਉੱਤਰ-ਪੱਛਮ ਮਠ, ਦੱਖਣ ਪੱਛਮ ਮਠ, ਤ੍ਰਿਮਾਲੀ ਮਠ, ਕਟਕੀ ਮਠ, ਛਾਉਣੀ ਮਠ, ਯਾਤਰੀ ਨਿਵਾਸ ਅਤੇ 175 ਨਿੱਜੀ ਘਰ ਆਉਂਦੇ ਹਨ। ਪ੍ਰਸ਼ਾਸਨ ਪਹਿਲਾਂ ਮਠਾਂ ਨੂੰ ਤੋੜ ਰਿਹਾ ਹੈ। ਇਸ ਤੋਂ ਬਾਅਦ ਘੇਰੇ 'ਚ ਆਉਣ ਵਾਲੇ ਉਨ੍ਹਾਂ ਘਰਾਂ ਨੂੰ ਤੋੜਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ, ਜੋ ਜਗਨਨਾਥ ਮੰਦਰ ਦੀ ਜ਼ਮੀਨ 'ਤੇ ਗ਼ੈਰ-ਕਾਨੂੰਨੀ ਕਬਜ਼ਾ ਕਰ ਕੇ ਬਣਾਏ ਗਏ ਹਨ ਜਾਂ ਇਸ ਘੇਰੇ 'ਚ ਆਉਂਦੇ ਹਨ।
  ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਟੁੱਟੇ ਮਠਾਂ ਨੂੰ 75 ਮੀਟਰ ਘੇਰੇ ਤੋਂ ਦੂਰ ਉਸੇ ਸ਼ਕਲ 'ਚ ਸਥਾਪਤ ਕੀਤਾ ਜਾਵੇਗਾ। ਇਸ ਦੇ ਲਈ ਇਕ ਉਪ ਕਮੇਟੀ ਦਾ ਗਠਨ ਕੀਤਾ ਗਿਆ ਹੈ। ਸਰਕਾਰ ਦਾ ਤਰਕ ਹੈ ਕਿ ਪੁਰੀ ਨੂੰ ਇਤਿਹਾਸਕ ਸ਼ਹਿਰ ਬਣਾਉਣ ਅਤੇ ਜਗਨਨਾਥ ਮੰਦਰ 'ਤੇ ਅਤਿਵਾਦੀ ਹਮਲੇ ਦੀ ਮਿਲ ਰਹੀ ਖੁਫੀਆ ਰਿਪੋਰਟ ਦੇ ਮੱਦੇਨਜ਼ਰ ਸੁਰੱਖਿਆ ਦੇ ਚਲਦੇ 75 ਮੀਟਰ ਇਲਾਕੇ ਨੂੰ ਖਾਲੀ ਕਰਨ ਦਾ ਫ਼ੈਸਲਾ ਲਿਆ ਹੈ।
  ਬੀਤੇ ਐਤਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਠਾਂ ਨੂੰ ਢਹਾਉਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਸੀ। ਇਸ ਤਹਿਤ ਪਹਿਲਾਂ ਵੱਡਾ ਅਖਾੜਾ ਮਠ ਢਹਾਇਆ ਗਿਆ। ਇਸ ਦੌਰਾਨ ਵੱਡੀ ਗਿਣਤੀ 'ਚ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਗਈ ਸੀ। 6 ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਮਠ ਨੂੰ ਢਹਾਇਆ ਗਿਆ। ਵੱਡਾ ਅਖਾੜਾ ਮਠ ਦੀ ਸਥਾਪਨਾ ਨਾਗਾ ਸਾਧੂਆਂ ਨੇ ਸਾਲ 1402 'ਚ ਕੀਤੀ ਸੀ।
  ਅਨਿਲ ਧੀਰ ਨੇ ਦੱਸਿਆ ਕਿ ਸਿੱਖ ਪ੍ਰਚਾਰਕ ਭਾਈ ਅਲਮਸਤ, ਬਾਬਾ ਗੁਰਦਿੱਤਾ ਜੀ ਦੇ ਚੇਲੇ ਸਨ। ਬਾਬਾ ਜੀ ਨੇ ਉਨ੍ਹਾਂ ਦੀ ਭਗਤੀ ਭਾਵਨਾ ਕਰ ਕੇ ਉਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਨੂੰ ਪੂਰਬੀ ਭਾਰਤ ਵਿਚ ਪ੍ਰਚਾਰਨ ਲਈ ਭੇਜ ਦਿੱਤਾ। ਉੜੀਸਾ ਸੂਬੇ ਦੇ ਪੁਰੀ ਨਗਰ ਵਿਚ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਗਨਨਾਥ ਮੰਦਰ ਵਿਚ ਆਮਦ ਸਬੰਧੀ ਇਕ ਸਮਾਰਕ ਕਾਇਮ ਕੀਤਾ ਜੋ 'ਗੁਰਦੁਆਰਾ ਮੰਗੂ ਮਠ' ਵਜੋਂ ਪ੍ਰਸਿੱਧ ਹੋਇਆ। ਇਥੇ ਇਕ ਖੂਹੀ/ਬਾਉਲੀ ਵੀ ਹੈ, ਜਿਸ ਦੇ ਜਲ ਨੂੰ ਰੋਗ ਨਿਵਾਰਕ ਮੰਨਿਆ ਜਾਂਦਾ ਹੈ।

  ਫ਼ਰੀਦਕੋਟ - ਬੇਅਦਬੀ ਕਾਂਡ ਵਿੱਚ ਆਖਰ ਡੇਰਾ ਪ੍ਰੇਮੀ ਫਸ ਹੀ ਗਏ। ਫ਼ਰੀਦਕੋਟ ਦੇ ਵਿਸ਼ੇਸ਼ ਜੱਜ ਹਰਬੰਸ ਸਿੰਘ ਲੇਖੀ ਨੇ ਬੇਅਦਬੀ ਕਾਂਡ ਨਾਲ ਸਬੰਧਤ ਕੇਸ ਦੀ ਸੁਣਵਾਈ ਕਰਦਿਆਂ ਤਿੰਨ ਡੇਰਾ ਪ੍ਰੇਮੀਆਂ ਖਿਲਾਫ਼ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ, ਦੰਗੇ ਭੜਕਾਉਣ ਤੇ ਅਸਲਾ ਐਕਟ ਤਹਿਤ ਦਰਜ ਕੇਸਾਂ ਵਿੱਚ ਦੋਸ਼ ਆਇਦ ਕੀਤੇ ਹਨ। ਉਨ੍ਹਾਂ ਜਾਂਚ ਏਜੰਸੀ ਨੂੰ ਸਬੰਧਤ ਗਵਾਹ 9 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਕਿਹਾ ਹੈ।
  ਕੇਸ ਦੇ ਮੁੱਖ ਮੁਲਜ਼ਮ ਮਹਿੰਦਰਪਾਲ ਬਿੱਟੂ ਦੀ ਇਸੇ ਸਾਲ ਜੂਨ ਵਿੱਚ ਨਾਭਾ ਜੇਲ੍ਹ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਆਈਜੀ ਰਣਬੀਰ ਸਿੰਘ ਖਟੜਾ ਦੀ ਅਗਵਾਈ ਵਿੱਚ ਬਣੀ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਦਾਅਵਾ ਕੀਤਾ ਸੀ ਕਿ ਡੇਰਾ ਪ੍ਰੇਮੀਆਂ ਮਹਿੰਦਰਪਾਲ ਬਿੱਟੂ, ਸ਼ਕਤੀ ਸਿੰਘ ਤੇ ਸੁਖਵਿੰਦਰ ਸਿੰਘ ਨੇ ਆਪਣੇ ਘਰਾਂ ਵਿੱਚ ਹੀ ਸ਼੍ਰੀ ਗੁਰੂ ਨਾਨਕ ਦੀਆਂ ਸਾਖੀਆਂ ਦੀ ਬੇਅਦਬੀ ਕੀਤੀ ਤੇ ਡੇਰਾ ਮੁਖੀ ਨੂੰ ਸਜ਼ਾ ਤੋਂ ਬਚਾਉਣ ਲਈ ਪੰਜਾਬ ਵਿੱਚ ਕਥਿਤ ਦੰਗੇ ਭੜਕਾਉਣ ਦੀ ਵੀ ਕੋਸ਼ਿਸ਼ ਕੀਤੀ।
  ਬੁੱਧਵਾਰ ਨੂੰ ਸੁਣਵਾਈ ਦੌਰਾਨ ਸ਼ਕਤੀ ਸਿੰਘ, ਸੁਖਵਿੰਦਰ ਸਿੰਘ ਤੇ ਮਹਿੰਦਰ ਕੁਮਾਰ ਅਦਾਲਤ ਵਿੱਚ ਹਾਜ਼ਰ ਸਨ। ਸਿੱਟ ਨੇ ਅਦਾਲਤ ਵਿੱਚ ਲਿਖਤੀ ਦਾਅਵਾ ਕੀਤਾ ਹੈ ਕਿ ਮਹਿੰਦਰਪਾਲ ਬਿੱਟੂ ਡੇਰੇ ਦਾ ਮੁੱਖ ਪੈਰੋਕਾਰ ਸੀ। ਉਸ ਦੇ ਖਾਤੇ ਵਿੱਚ ਕਥਿਤ 5 ਕਰੋੜ ਰੁਪਏ ਦੀ ਨਗਦੀ ਆਈ ਸੀ। ਇਹ ਪੈਸਾ ਡੇਰਾ ਪ੍ਰੇਮੀਆਂ ਨੂੰ ਦੰਗੇ ਭੜਕਾਉਣ ਲਈ ਵੰਡਿਆ ਜਾਣਾ ਸੀ। ਡੇਰਾ ਪ੍ਰੇਮੀਆਂ ਨੇ ਦੱਸਿਆ ਕਿ ਦੋਸ਼ ਪੱਤਰ ਸਿਆਸਤ ਤੋਂ ਪ੍ਰੇਰਿਤ ਤੇ ਗਲਤ ਹਨ।

  ਚੰਡੀਗੜ੍ਹ - ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਅਕਾਲ ਤਖ਼ਤ ਸਾਹਿਬ ਦੀ ਹੇਠੀ ਕਰਨ ਦੇ ਲਾਏ ਦੋਸ਼ ਨੂੰ ਰੱਦ ਕਰਦਿਆਂ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਬਾਦਲ ਪਰਿਵਾਰ ਨੇ ਆਪਣੇ ਰਾਜਸੀ ਹਿੱਤਾਂ ਦੀ ਪੂਰਤੀ ਲਈ ਕਈ ਵਾਰੀ ਸਿੱਖ ਪੰਥ ਦੇ ਇਸ ਸਰਬ ਉੱਚ ਅਸਥਾਨ ਦੀ ਅਜ਼ਮਤ ਨੂੰ ਢਾਹ ਲਾਈ ਹੈ।
  ਅੱਜ ਇੱਥੇ ਉਨ੍ਹਾਂ ਕਿਹਾ ਕਿ 31 ਦਸੰਬਰ 1998 ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਰਣਜੀਤ ਸਿੰਘ ਨੇ ਹੁਕਮਨਾਮਾ ਜਾਰੀ ਕਰ ਕੇ ਸੀਨੀਅਰ ਅਕਾਲੀ ਆਗੂਆਂ ਪ੍ਰਕਾਸ਼ ਸਿੰਘ ਬਾਦਲ ਤੇ ਗੁਰਚਰਨ ਸਿੰਘ ਟੌਹੜਾ ਨੂੰ ਹਦਾਇਤ ਕੀਤੀ ਸੀ ਕਿ ਖ਼ਾਲਸਾ ਪੰਥ ਦੀ ਤੀਜੀ ਸ਼ਤਾਬਦੀ ਤੋਂ ਪਹਿਲਾਂ ਕੋਈ ਧੜਾ ਇੱਕ-ਦੂਜੇ ਦਾ ਨੁਕਸਾਨ ਨਾ ਕਰੇ। ਪਰ ਸ੍ਰੀ ਬਾਦਲ ਨੇ ਸੱਤਾ ਦੇ ਬਲਬੂਤੇ 16 ਮਾਰਚ 1999 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਪ੍ਰਧਾਨਗੀ ਤੋਂ ਲਹਾ ਕੇ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕੀਤੀ ਸੀ। ਇਸ ਦੋਸ਼ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਜਦੋਂ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੂੰ ਤਲਬ ਕੀਤਾ ਤਾਂ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਅਹੁਦੇ ਤੋਂ ਲਾਹ ਕੇ ਅਕਾਲ ਤਖ਼ਤ ਸਾਹਿਬ ਨੂੰ ਢਾਹ ਲਾਈ। ਉਨ੍ਹਾਂ ਦੱਸਿਆ ਕਿ ਜਥੇਦਾਰ ਗਿਆਨੀ ਪੂਰਨ ਸਿੰਘ ਨੇ ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਜਾਗੀਰ ਕੌੌਰ ਨੂੰ ਪੰਥਕ ਰਵਾਇਤਾਂ ਦੀ ਉਲੰਘਣਾ ਦੇ ਦੋਸ਼ ਵਿੱਚ ਤਨਖ਼ਾਹੀਆ ਕਰਾਰ ਦੇ ਕੇ 12 ਮਾਰਚ, 2000 ਨੂੰ ਅਕਾਲ ਤਖ਼ਤ ਸਾਹਿਬ ’ਤੇ ਤਲਬ ਕੀਤਾ ਸੀ, ਪਰ ਉਨ੍ਹਾਂ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਨਾ ਹੋ ਕੇ ਇਸ ਅਸਥਾਨ ਦੀ ਸਰਬਉੱਚਤਾ ਨੂੰ ਵੰਗਾਰਿਆ ਸੀ। ਇਸ ਉਲੰਘਣਾ ਬਦਲੇ ਅਕਾਲ ਤਖ਼ਤ ਦੇ ਜਥੇਦਾਰ ਨੇ ਜਦੋੋਂ 12 ਮਾਰਚ 2000 ਨੂੰ ਜਾਗੀਰ ਕੌੌਰ ਨੂੰ ਸਿੱਖ ਪੰਥ ’ਚੋੋਂ ਛੇਕ ਦਿੱਤਾ ਤਾਂ ਸ੍ਰੀ ਬਾਦਲ ਦੇ ਹੁਕਮਾਂ ’ਤੇ ਗਿਆਨੀ ਪੂਰਨ ਸਿੰਘ ਨੂੰ ਅਹੁਦੇ ਤੋੋਂ ਫਾਰਗ ਕਰ ਕੇ ਜੋੋਗਿੰਦਰ ਸਿੰਘ ਵੇਦਾਂਤੀ ਨੂੰ ਜਥੇਦਾਰ ਲਾ ਦਿੱਤਾ ਗਿਆ ਸੀ। ਪ੍ਰਕਾਸ਼ ਪੁਰਬ ਨੂੰ ਰਲ ਮਿਲ ਕੇ ਮਨਾਉਣ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਰ ਸਹਿਯੋਗ ਦੇ ਰਹੀ ਹੈ, ਪਰ ਇਹ ਦੱਸਣ ਕਿ 1999 ਵਿੱਚ ਖ਼ਾਲਸਾ ਪੰਥ ਦੀ ਤੀਜੀ ਸ਼ਤਾਬਦੀ ਨੂੰ ਰਲ-ਮਿਲ ਕੇ ਨਾ ਮਨਾਏ ਜਾਣ ਲਈ ਕੌਣ ਜ਼ਿੰਮੇਵਾਰ ਸੀ।

  ਅੰਮ੍ਰਿਤਸਰ - ਵਿਦੇਸ਼ ਤੋਂ ਗੁਰੂ ਗ੍ਰੰਥ ਸਾਹਿਬ ਦੀਆਂ ਬਿਰਧ ਬੀੜਾਂ ਨੂੰ ਲਿਆਉਣ ਸਮੇਂ ਹੋਈ ਬੇਅਦਬੀ ਦੀ ਸ਼੍ਰੋਮਣੀ ਕਮੇਟੀ ਵਲੋਂ ਜਾਂਚ ਕਰਵਾਈ ਜਾਵੇਗੀ ਅਤੇ ਜਾਂਚ ਤੋਂ ਬਾਅਦ ਦੋਸ਼ੀ ਪਾਏ ਗਏ ਵਿਅਕਤੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਸੋਸ਼ਲ ਮੀਡੀਆ ’ਤੇ ਇਸ ਸਬੰਧੀ ਇਕ ਵੀਡੀਓ ਵਾਇਰਲ ਹੋਈ ਹੈ ਜਿਸ ਰਾਹੀਂ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਵਿਦੇਸ਼ ਲੈ ਜਾਣ ਜਾਂ ਉਥੋਂ ਲਿਆਉਣ ਦੀ ਕਿਸੇ ਕੋਲ ਵੀ ਆਗਿਆ ਨਹੀਂ ਹੈ ਕਿਉਂਕਿ ਅਜਿਹਾ ਕਰਨ ਸਮੇਂ ਮਰਿਆਦਾ ਦਾ ਖਿਆਲ ਰੱਖਣਾ ਜ਼ਰੂਰੀ ਹੈ। ਪਾਵਨ ਸਰੂਪਾਂ ਨੂੰ ਆਮ ਸਮਾਨ ਵਾਂਗ ਨਹੀਂ ਲੈ ਜਾਇਆ ਜਾ ਸਕਦਾ ਪਰ ਵੀਡੀਓ ਵਿਚ ਪਾਵਨ ਸਰੂਪ ਆਮ ਸਮਾਨ ਵਾਂਗ ਹੀ ਲਿਆਂਦੇ ਦਿਖਾਈ ਦੇ ਰਹੇ ਹਨ। ਭਾਵੇਂ ਇਹ ਮਾਮਲਾ ਸਾਲ 2018 ਦਾ ਦੱਸਿਆ ਜਾ ਰਿਹਾ ਹੈ ਪਰ ਇਸ ਮਾਮਲੇ ਦੀ ਸ਼੍ਰੋਮਣੀ ਕਮੇਟੀ ਵਲੋਂ ਮੁਕੰਮਲ ਪੜਤਾਲ ਕਰਾਈ ਜਾਵੇਗੀ।

  ਫ਼ਿਰੋਜ਼ਪੁਰ - ਦੇਸ਼ ਦੀ ਪ੍ਰਸਿੱਧ ਸਾਰਾਗੜ੍ਹੀ ਦੀ ਲੜਾਈ ਵਿੱਚ ਸ਼ਹੀਦ ਹੋਣ ਵਾਲੇ ਸਿੱਖ ਰੈਜੀਮੈਂਟ ਦੇ ਬਹਾਦਰ ਸੂਰਬੀਰਾਂ ਦੀ ਕੁਰਬਾਨੀ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਵੀਰਵਾਰ ਨੂੰ ਫ਼ਿਰੋਜ਼ਪੁਰ ਵਿੱਚ ਕਰਵਾਇਆ ਗਿਆ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਸ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਉਨ੍ਹਾਂ ਆਖਿਆ ਕਿ ਬਹਾਦਰ ਜਵਾਨਾਂ ਕੁਰਬਾਨੀ ਸਾਡੇ ਬੱਚਿਆਂ ਨੂੰ ਦੇਸ਼ ਸੇਵਾ ਲਈ ਅੱਗੇ ਆਉਣ ਲਈ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ। ਉਨ੍ਹਾਂ ਸਾਰਾਗੜ੍ਹੀ ਮੈਮੋਰੀਅਲ ਦੇ ਸੁੰਦਰੀਕਰਨ, ਵਿਕਾਸ ਅਤੇ ਨਵੀਂਨੀਕਰਨ ਲਈ ਇੱਕ ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰਦਿਆਂ ਅਧਿਕਾਰਤ ਪੱਤਰ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੂੰ ਸੌਂਪਿਆ। ਸਿਹਤ ਮੰਤਰੀ ਨੇ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ’ਤੇ ਸਾਰਾਗੜ੍ਹੀ ਮੈਮੋਰੀਅਲ ਵਿੱਚ ਟੂਰਿਸਟ ਫੈਸਿਲੀਟੇਸ਼ਨ ਸੈਂਟਰ ਸਥਾਪਿਤ ਕੀਤਾ ਜਾਵੇਗਾ, ਜਿਸ ’ਤੇ ਦੋ ਕਰੋੜ ਰੁਪਏ ਦੀ ਰਾਸ਼ੀ ਖ਼ਰਚ ਕੀਤੀ ਜਾਵੇਗੀ। ਇਸ ਤਰ੍ਹਾਂ ਫ਼ਿਰੋਜ਼ਪੁਰ ਦੇ ਇਤਿਹਾਸਕ ਹੁਸੈਨੀਵਾਲਾ ਰੇਲਵੇ ਸਟੇਸ਼ਨ ਦਾ ਵੀ ਆਧੁਨਿਕੀਕਰਨ ਕੀਤਾ ਜਾਵੇਗਾ।
  ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਮੁੱਖ ਮਹਿਮਾਨ ਨੇ ਕਿਹਾ ਕਿ ਪੂਰੇ ਸੰਸਾਰ ਵਿਚ ਇਸ ਤਰ੍ਹਾਂ ਦੀ ਬਹਾਦਰੀ ਦੀ ਮਿਸਾਲ ਕਿਧਰੇ ਦੇਖਣ ਨੂੰ ਨਹੀਂ ਮਿਲਦੀ, ਜਿੱਥੇ ਸਿਰਫ਼ 21 ਵੀਰ ਜਵਾਨਾਂ ਨੇ ਦੁਸ਼ਮਣ ਦਲ ਦੀ ਦਸ ਹਜ਼ਾਰ ਦੀ ਗਿਣਤੀ ਵਾਲੀ ਟੁਕੜੀ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ ਹੋਵੇ। ਸਮਾਗਮ ਦੌਰਾਨ ਉਨ੍ਹਾਂ ਸਾਰਾਗੜ੍ਹੀ ਦੀ ਲੜਾਈ ਵਿਚ ਸ਼ਹੀਦ ਹੋਏ 21 ਜਵਾਨਾਂ ਦੇ ਵਾਰਸਾਂ ਨੂੰ ਸਨਮਾਨਿਤ ਕੀਤਾ। ਉਪਰੰਤ ਕਾਰਗਿੱਲ ਯੁੱਧ ਵਿਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਸ-ਦਸ ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਭੇਟ ਕੀਤੇ ਗਏ।
  ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿਹਤ ਮੰਤਰੀ ਨੇ ਕਿਹਾ ਕਿ ਫ਼ਿਰੋਜ਼ਪੁਰ ਸਿਵਲ ਹਸਪਤਾਲ ਦੇ ਸਾਰੇ ਵਾਰਡਾਂ ਨੂੰ ਨਵੇਂ ਸਿਰੇ ਤੋਂ ਤਿਆਰ ਕਰਕੇ ਮਾਡਲ ਸਿਵਲ ਹਸਪਤਾਲ ਵਜੋਂ ਵਿਕਸਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਦੇ ਪੀਜੀਆਈ ਸੈਂਟਰ ਨੂੰ ਲੈ ਕੇ ਰਾਜ ਸਰਕਾਰ ਵੱਲੋਂ ਸਾਰੀ ਕਾਰਵਾਈ ਪੂਰੀ ਹੋ ਚੁੱਕੀ ਹੈ। ਪਿਛਲੀ ਸਰਕਾਰ ਦੀ ਅਣਦੇਖੀ ਦੇ ਕਾਰਨ ਇਸ ਕੰਮ ਵਿਚ ਦੇਰੀ ਹੋ ਗਈ ਸੀ, ਪਰ ਜਲਦੀ ਹੀ ਫ਼ਿਰੋਜ਼ਪੁਰ ਵਿਚ ਪੀਜੀਆਈ ਸੈਂਟਰ ਸ਼ੁਰੂ ਕਰਵਾ ਦਿੱਤਾ ਜਾਵੇਗਾ। ਕੇਂਦਰ ਸਰਕਾਰ ਵੱਲੋਂ ਮੋਟਰ ਵਹੀਕਲ ਐਕਟ ਵਿਚ ਸੋਧਣ ਸਬੰਧੀ ਉਨ੍ਹਾਂ ਕਿਹਾ ਕਿ ਇਹ ਮੁੱਦਾ ਕਾਫ਼ੀ ਗੰਭੀਰ ਹੈ ਅਤੇ ਇਸ ’ਤੇ ਪੂਰੀ ਤਰ੍ਹਾਂ ਸੋਚ-ਵਿਚਾਰ ਕਰਨ ਤੋਂ ਬਾਅਦ ਹੀ ਕੋਈ ਫ਼ੈਸਲਾ ਲਿਆ ਜਾਵੇਗਾ।

  ਅੰਮ੍ਰਿਤਸਰ - ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੀ ਅੱਜ ਹੋਈ ਮੀਟਿੰਗ ਵਿਚ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਵਜੋਂ ਪ੍ਰਸਿੱਧ ਕਥਾਵਾਚਕ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਦੀ ਨਿਯੁਕਤੀ ਕੀਤੀ ਗਈ ਹੈ ਜਿਨ੍ਹਾਂ ਨੂੰ ਧਾਰਮਿਕ ਆਗੂਆਂ ਵਲੋਂ ਸਿਰੋਪਾਓ ਦਿੱਤੇ ਗਏ। ਗਿਆਨੀ ਇਕਬਾਲ ਸਿੰਘ ਦੇ ਅਸਤੀਫੇ ਮਗਰੋਂ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਗਿਆਨੀ ਰਾਜਿੰਦਰ ਸਿੰਘ ਨੂੰ ਜਥੇਦਾਰ ਬਣਾਇਆ ਗਿਆ ਸੀ ਅਤੇ ਹੁਣ ਗਿਆਨੀ ਰਣਜੀਤ ਸਿੰਘ ਨੂੰ ਪੱਕੇ ਜਥੇਦਾਰ ਵਜੋਂ ਨਿਯੁਕਤ ਕੀਤਾ ਗਿਆ ਹੈ। ਗਿਆਨੀ ਇਕਬਾਲ ਸਿੰਘ ਦੇ ਅਸਤੀਫੇ ਮਗਰੋਂ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵਲੋਂ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਵਾਸਤੇ ਜ਼ਿੰਮੇਵਾਰੀ ਸੌਂਪੀ ਗਈ ਸੀ, ਜਿਨ੍ਹਾਂ ਇਸ ਸਬੰਧ ਵਿਚ ਕਮੇਟੀ ਦਾ ਗਠਨ ਕੀਤਾ ਸੀ। ਇਸ ਕਮੇਟੀ ਵਲੋਂ ਵੱਖ ਵੱਖ ਸਿੱਖ ਵਿਦਵਾਨਾਂ ਦੇ ਨਾਂ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਵਜੋਂ ਪੇਸ਼ ਕੀਤੇ ਗਏ ਸਨ, ਜਿਨ੍ਹਾਂ ਵਿਚੋਂ ਗਿਆਨੀ ਰਣਜੀਤ ਸਿੰਘ ਦੇ ਨਾਂ ਦੀ ਤਜਵੀਜ਼ ਭੇਜੀ ਗਈ ਸੀ ਜਿਸ ਨੂੰ ਅੱਜ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਨੇ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਹੈ ਅਤੇ ਬਤੌਰ ਜਥੇਦਾਰ ਐਲਾਨਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਗਿਆਨੀ ਰਣਜੀਤ ਸਿੰਘ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਦਾ ਜਥੇਦਾਰ ਨਿਯੁਕਤ ਕੀਤੇ ਜਾਣ ’ਤੇ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਸਿਰੋਪਾਓ ਵੀ ਭੇਟ ਕੀਤਾ ਗਿਆ। ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਅਕਾਲ ਤਖ਼ਤ ਦੇ ਹੈਡ ਗ੍ਰੰਥੀ ਗਿਆਨੀ ਮਲਕੀਤ ਸਿੰਘ, ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਿੱਜੀ ਸਹਾਇਕ ਜਸਪਾਲ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ, ਤਖ਼ਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ, ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਭਾਈ ਰਾਮ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਕਾਰਜਕਾਰੀ ਜਥੇਦਾਰ ਰਾਜਿੰਦਰ ਸਿੰਘ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਗੁਰਦੁਆਰਾ ਬਾਲ ਲੀਲਾ ਵਿਖੇ ਮੱਥਾ ਟੇਕਣ ਉਪਰੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਤੇ ਹੋਰਨਾਂ ਨੇ ਉਨ੍ਹਾਂ ਨੂੰ ਸਿਰੋਪਾਓ ਦਿੱਤੇ। ਗਿਆਨੀ ਰਣਜੀਤ ਸਿੰਘ ਦਾ ਜਨਮ ਪਿੰਡ ਦੌਲਤਪੁਰ ਜ਼ਿਲ੍ਹਾ ਗੁਰਦਾਸਪੁਰ ਵਿਚ ਹੋਇਆ। ਉਨ੍ਹਾਂ ਦੇ ਪਿਤਾ ਜਵੰਦ ਸਿੰਘ ਬਾਜਵਾ ਬਰਤਾਨਵੀ ਫੌਜ ਵਿਚ ਰਹੇ ਹਨ ਅਤੇ ਉਨ੍ਹਾਂ ਦੂਜੀ ਵੱਡੀ ਜੰਗ ਵਿਚ ਹਿੱਸਾ ਲਿਆ ਸੀ। ਗਿਆਨੀ ਰਣਜੀਤ ਸਿੰਘ ਨੇ ਰਾਂਚੀ ਯੂਨੀਵਰਸਿਟੀ ਦੇ ਪ੍ਰਬੰਧ ਹੇਠਲੇ ਆਰਐਸਪੀ ਕਾਲਜ ਝਰੀਆ (ਧਨਬਾਦ) ਤੋਂ ਗਰੈਜੂਏਸ਼ਨ ਕੀਤੀ। ਉਨ੍ਹਾਂ ਦਾ ਅਨੰਦ ਕਾਰਜ ਸਾਲ 1984 ਵਿਚ ਬੀਬੀ ਰਣਜੀਤ ਕੌਰ ਨਾਲ ਹੋਇਆ। ਸੰਤ ਸਿੰਘ ਮਸਕੀਨ ਤੋਂ ਬਾਅਦ ਪਿਛਲੇ 13 ਸਾਲਾਂ ਤੋਂ ਉਹ ਸ੍ਰੀ ਦਰਬਾਰ ਸਾਹਿਬ ਸਥਿਤ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਬਾਣੀ ਦੀ ਕਥਾ ਦੀ ਸੇਵਾ ਨਿਭਾਅ ਰਹੇ ਹਨ।

  ਨਵੀਂ ਦਿੱਲੀ - 1984 ਸਿੱਖ ਕਤਲੇਆਮ ਨਾਲ ਜੁੜੇ ਕੇਸਾਂ ਦੀ ਮੁੜ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਖਿਲਾਫ਼ ਦਰਜ ਕੇਸ ਸਮੇਤ ਸੱਤ ਕੇਸਾਂ ਦੀ ਜਾਂਚ ਮੁੜ ਖੋਲ੍ਹ ਦਿੱਤੀ ਹੈ। ਇੱਕ ਕੇਸ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਹੋਏ ਕਤਲੇਆਮ ਨਾਲ ਸਬੰਧਤ ਹੈ। ਕੇਸ ਮੁੜ ਖੁੱਲ੍ਹਣ ਨਾਲ ਕਮਲਨਾਥ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਇਹ ਸੱਤ ਕੇਸ ਵਸੰਤ ਵਿਹਾਰ, ਸਨ ਲਾਈਟ ਕਾਲੋਨੀ, ਕਲਿਆਣਪੁਰੀ, ਪਾਰਲੀਮੈਂਟ ਸਟਰੀਟ, ਕਨਾਟ ਪਲੇਸ, ਪਟੇਲ ਨਗਰ ਤੇ ਸ਼ਾਹਦਰਾ ਪੁਲੀਸ ਸਟੇਸ਼ਨਾਂ ਵਿੱਚ ਦਰਜ ਐਫ਼ਆਈਆਰਾਂ ਨਾਲ ਸਬੰਧਤ ਹਨ।
  ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਖ਼ਿਲਾਫ਼ ਦਰਜ ਕੇਸ (601/84) ਵਿੱਚ ਮੁਖਤਿਆਰ ਸਿੰਘ ਤੇ ਸਾਬਕਾ ਪੱਤਰਕਾਰ ਸੰਜੇ ਸੂਰੀ, ਦੋ ਗਵਾਹ ਹਨ। ਇਨ੍ਹਾਂ ਨੇ ਨਾਨਾਵਤੀ ਕਮਿਸ਼ਨ ਅੱਗੇ ਹਲਫੀਆ ਬਿਆਨ ਦਾਇਰ ਕਰ ਕੇ ਕਮਲਨਾਥ ਤੇ ਵਸੰਤ ਸਾਠੇ ਵੱਲੋਂ 1984 ਸਿੱਖ ਕਤਲੇਆਮ ਵਿੱਚ ਨਿਭਾਈ ਭੂਮਿਕਾ ਦਾ ਖੁਲਾਸਾ ਕੀਤਾ ਸੀ। ਉਨ੍ਹਾਂ ਹਲਫੀਆ ਬਿਆਨਾਂ ’ਚ ਦੱਸਿਆ ਕਿ ਕਿਵੇਂ ਕਮਲਨਾਥ ਨੇ 1984 ਦੇ ਸਿੱਖ ਕਤਲੇਆਮ ਦੌਰਾਨ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਹਜੂਮ ਨੂੰ ਹਦਾਇਤਾਂ ਦੇ ਕੇ ਸਿੱਖਾਂ ਦਾ ਕਤਲੇਆਮ ਕਰਵਾਇਆ। ਉਨ੍ਹਾਂ ਦੱਸਿਆ ਕਿ ਇਹ ਕੇਸ ਤਕਨੀਕੀ ਕਾਰਨਾਂ ਕਰ ਕੇ ਬੰਦ ਕਰ ਦਿੱਤਾ ਗਿਆ ਸੀ ਤੇ ਕਮਲਨਾਥ ਦਾ ਨਾਮ ਜਾਣਬੁੱਝ ਕੇ ਬਾਹਰ ਰੱਖਿਆ ਗਿਆ। ਸੰਜੈ ਸੂਰੀ ਅੱਜਕੱਲ੍ਹ ਇੰਗਲੈਂਡ ਵਿੱਚ ਹੈ ਜਦੋਂਕਿ ਮੁਖਤਿਆਰ ਪਟਨਾ ਵਿੱਚ ਰਹਿੰਦਾ ਹੈ।
  ਮਨਜਿੰਦਰ ਸਿੰਘ ਸਿਰਸਾ ਤੇ ਹਰਮੀਤ ਸਿੰਘ ਕਾਲਕਾ ਨੇ ਮੰਗ ਕੀਤੀ ਕਿ ਸਿੱਟ ਵੱਲੋਂ ਕੇਸ ਮੁੜ ਖੋਲ੍ਹੇ ਜਾਣ ਨੂੰ ਧਿਆਨ ਵਿੱਚ ਰੱਖਦਿਆਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ, ਕਮਲਨਾਥ ਤੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਤੁਰੰਤ ਅਸਤੀਫਾ ਲੈਣ। ਉਨ੍ਹਾਂ ਕਿਹਾ ਕਿ ਕਮਲਨਾਥ ਮੁੱਖ ਮੰਤਰੀ ਦੀ ਕੁਰਸੀ ’ਤੇ ਹੁੰਦਿਆਂ ਜਾਂਚ ਦੇ ਕੰਮ ਨੂੰ ਪ੍ਰਭਾਵਿਤ ਅਤੇ ਗਵਾਹਾਂ ਨੂੰ ਧਮਕਾ ਸਕਦੇ ਹਨ। ਉਨ੍ਹਾਂ ਕਿਹਾ ਕਿ ਉਪਰੋਕਤ ਦੋਵੇਂ ਗਵਾਹ ਸਿੱਟ ਅੱਗੇ ਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਵਾਉਣ ਲਈ ਤਿਆਰ ਹਨ, ਲਿਹਾਜ਼ਾ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਜਾਵੇ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸਬੰਧਤ ਕੇਸ ਮੁੜ ਖੋਲ੍ਹੇ ਜਾਣ ਦਾ ਨੋਟਿਸ ਅਖ਼ਬਾਰਾਂ ਵਿੱਚ ਛਪਵਾ ਕੇ ਵਿਅਕਤੀਆਂ, ਸਮੂਹਾਂ, ਐਸੋਸੀਏਸ਼ਨਾਂ, ਸੰਸਥਾਵਾਂ ਤੇ ਜਥੇਬੰਦੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਨ੍ਹਾਂ ਕੇਸਾਂ ਸਬੰਧੀ ਕੋਈ ਵੀ ਜਾਣਕਾਰੀ ਉਨ੍ਹਾਂ ਨਾਲ ਸਾਂਝੀ ਕਰਨ।

  ਫ਼ਤਹਿਗੜ੍ਹ ਸਾਹਿਬ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸਿੱਖ ਬੁੱਧੀਜੀਵੀ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਅੱਜ ਸੀਨੀਅਰ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਰਾਹੀ ਫ਼ਤਹਿਗੜ੍ਹ ਸਾਹਿਬ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਡਾ. ਗਗਨਦੀਪ ਕੌਰ ਦੀ ਅਦਾਲਤ ਵਿਚ ਸਿੱਖ ਧਰਮ ਦੇ ਪ੍ਰਚਾਰਕ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਖ਼ਿਲਾਫ਼ ਧਾਰਾ 499, 500, 501 ਆਈ.ਪੀ.ਸੀ. ਦਾ ਫ਼ੌਜਦਾਰੀ ਕੇਸ ਦਾਇਰ ਕੀਤਾ ਹੈ। ਅਦਾਲਤ ਨੇ 29 ਸਤੰਬਰ ਲਈ ਇਸ ਕੇਸ ਨੂੰ ਮੁਕੱਰਰ ਕਰ ਦਿੱਤਾ ਹੈ।
  ਭਾਈ ਰੰਧਾਵਾ ਨੇ ਦੋਸ਼ ਲਾਇਆ ਕਿ 6 ਜੁਲਾਈ 2019 ਦੀ ਰਾਤ ਨੂੰ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਥਿਤ ਸਾਜ਼ਿਸ਼ ਅਧੀਨ ਆਪਣੇ ਗੁਰਦੁਆਰਾ ਪਰਮੇਸ਼ਰ ਦੁਆਰ ਵਿਚ ਭਾਰੀ ਇਕੱਠ ਕਰਕੇ ਉਸ ਦੇ ਅਤੇ ਉਸ ਦੇ ਪਿਤਾ ਹਰੀ ਸਿੰਘ ਰੰਧਾਵਾ ਖ਼ਿਲਾਫ਼ ਕਥਿਤ ਭੱਦੀਆਂ ਟਿੱਪਣੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਸੰਤ ਸਮਾਜ ਦੇ ਸਕੱਤਰ ਹਨ। ਭਾਈ ਰੰਧਾਵਾ ਨੇ ਕੇਸ ਦਾਇਰ ਕਰਨ ਤੋਂ ਬਾਅਦ ਆਪਣੇ ਵਕੀਲ ਐਡਵੋਕੇਟ ਧਾਰਨੀ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਇਸ ਘਟਨਾ ਤੋਂ ਪੀੜਤ ਹਨ । ਉਨ੍ਹਾਂ ਦੱਸਿਆ ਕਿ ਇਸ ਕੇਸ ਵਿਚ ਉਨ੍ਹਾਂ ਮੁਲਜ਼ਮ ਨੂੰ ਸਜ਼ਾ ਤੋਂ ਇਲਾਵਾ ਦੋ ਕਰੋੜ ਰੁਪਏ ਦਾ ਹਰਜਾਨਾ ਦੇਣ ਦੀ ਵੀ ਮੰਗ ਕੀਤੀ ਹੈ। ਉਹ ਵੱਖਰੇ ਤੌਰ ’ਤੇ ਵੀ ਇੱਕ ਹੋਰ ਹਰਜਾਨੇ ਦਾ ਕੇਸ ਅਦਾਲਤ ਵਿਚ ਅਗਲੇ ਦਿਨਾਂ ਵਿਚ ਦਾਇਰ ਕਰਨਗੇ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com