ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਚੰਡੀਗੜ੍ਹ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕੁਝ ਰਾਜਨੀਤਕ ਧਿਰਾਂ ਬੇਅਦਬੀ ਦੇ ਮੁੱਦਿਆਂ ਅਤੇ ਬਹਿਬਲ ਕਲਾਂ ਅਤੇ ਕੋਟਕਪੂਰਾ ਵਿਚ ਹੋਈਆਂ ਗੋਲੀ ਕਾਂਡ ਦੀਆਂ ਘਟਨਾਵਾਂ ਦਾ ਆਪਣੇ ਮੁਫ਼ਾਦ ਦੀ ਖਾਤਰ ਸਿਆਸੀਕਰਨ ਕਰ ਰਹੀਆਂ ਹਨ। ਉਂਝ, ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਵਾਅਦੇ ਤੋਂ ਪਿੱਛੇ ਨਹੀਂ ਹਟੇਗੀ ਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
    ਅੱਜ ਇਥੇ ਮੀਡੀਆ ਨਾਲ ਗੱਲਬਾਤ ਦੌਰਾਨ ਇਕ ਸੁਆਲ ਦੇ ਜੁਆਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਕੁਝ ਧਿਰਾਂ ਇਸ ਮਾਮਲੇ ਨੂੰ ਰਾਜਨੀਤਕ ਰੰਗਤ ਦੇਣ ਦਾ ਯਤਨ ਕਰ ਰਹੀਆਂ ਹਨ ਪਰ ਸੂਬੇ ਦੇ ਲੋਕ ਸ਼ਾਂਤੀ ਚਾਹੁੰਦੇ ਹਨ ਤੇ ਅਜਿਹੀਆਂ ਤਾਕਤਾਂ ਦੇ ਝਾਂਸੇ ਵਿਚ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਦੋ ਮੰਤਰੀਆਂ ਤੇ ਵਿਧਾਇਕ ਨੇ ਕੱਲ੍ਹ ਫਰੀਦਕੋਟ ਜ਼ਿਲੇ ਵਿਚ ਮ੍ਰਿਤਕਾਂ ਦੇ ਵਾਰਸਾਂ ਨੂੰ ਮਿਲ ਕੇ ਦੁੱਖ ਸਾਂਝਾ ਕੀਤਾ ਸੀ ਜਦਕਿ ਬੇਅਦਬੀ ਦੇ ਮਾਮਲਿਆਂ ਨੂੰ ਰਾਜਸੀ ਮੰਤਵਾਂ ਲਈ ਵਰਤਣ ਵਾਲੀਆਂ ਧਿਰਾਂ ਬਰਗਾੜੀ ਰੈਲੀ ਤੱਕ ਹੀ ਸੀਮਤ ਸਨ। ਉਨ੍ਹਾਂ ਕਿਹਾ ਕਿ ਗਰਮਖਿਆਲੀ ਲੋਕ ਸਥਿਤੀ ਨੂੰ ਖਰਾਬ ਕਰਨ ਦਾ ਯਤਨ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਬਰਗਾੜੀ ਅਤੇ ਇਸ ਤੋਂ ਬਾਅਦ ਦੇ ਘਟਨਾਕ੍ਰਮ ਦੀ ਜਾਂਚ ਲਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਅਧਾਰ ’ਤੇ ਪੁਲੀਸ ਦੀ ਇਕ ਵਿਸ਼ੇਸ਼ ਜਾਂਚ ਟੀਮ ਕਾਇਮ ਕੀਤੀ ਗਈ ਹੈ ਜਿਸ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਵਿਸ਼ੇਸ਼ ਜਾਂਚ ਟੀਮ ਨੂੰ ਜੇ ਲੋੜ ਪਈ ਤਾਂ ਕਿਸੇ ਮੁਲਜ਼ਮ ਦੇ ਖ਼ਿਲਾਫ਼ ਕਾਰਵਾਈ ਕਰਨ ਖਾਤਰ ਅਦਾਲਤ ਵਿਚ ਵੀ ਜਾਵੇਗੀ। ਮਾਮਲੇ ਦੀ ਸੰਵੇਦਨਸ਼ੀਲਤਾਂ ਨੂੰ ਦੇਖਦਿਆਂ ਜਾਂਚ ਟੀਮ ਆਪਣਾ ਕੰਮ ਜਲਦੀ ਮੁਕਾਵੇਗੀ।
    ਇਹ ਪੁੱਛੇ ਜਾਣ ’ਤੇਕੀ ਉਹ ਬਾਦਲਾਂ ਦੇ ਕਬਜ਼ੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਕਤ ਕਰਵਾਉਣ ਲਈ ਗਰਮ ਖਿਆਲੀਆਂ ਦੀ ਮਦਦ ਕਰਨਗੇ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅਜਿਹੇ ਧੜਿਆਂ ਨਾਲ ਕੋਈ ਸਬੰਧ ਨਹੀਂ ਹਨ ਪਰ ਉਹ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਕੋਲੋਂ ਮੁਕਤ ਕਰਵਾਉਣ ਲਈ ਹੋਰਨਾਂ ਧੜਿਆਂ ਦੀ ਮਦਦ ਕਰ ਸਕਦੇ ਹਨ ਕਿਉਂਕਿ ਉਨ੍ਹਾਂ ਨੇ ਗੁਰਦੁਆਰਿਆਂ ਦੀ ਸੰਸਥਾ ਨੂੰ ਤਬਾਹ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਾਦਲ ਨਰਮਖਿਆਲ ਨਹੀਂ ਸਗੋਂ ਮੌਕਾਪ੍ਰਸਤ ਹਨ ਜਿਹੜੇ ਆਪਣੇ ਰਾਜਨੀਤਕ ਹਿੱਤਾਂ ਲਈ ਲੋਕਾਂ ਨੂੰ ਵਰਤਦੇ ਹਨ। ਉਨ੍ਹਾਂ ਕਿਹਾ ਕਿ ਪੁਲੀਸ ਨੇ ਬੇਅਦਬੀ ਦੇ 157 ਮਾਮਲੇ ਹੱਲ ਕਰ ਲਏ ਹਨ ਤੇ ਇਸ ਸਿਲਸਿਲੇ ਵਿੱਚ 129 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਿਨ੍ਹਾਂ ਵਿੱਚੋਂ ਦਸ ਨੂੰ ਸਜ਼ਾਵਾਂ ਵੀ ਹੋ ਚੁੱਕੀਆਂ ਹਨ।

    ਚੰਡੀਗੜ੍ਹ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਆਪਣੇ ‘ਖਾਸ’ ਬੰਦਿਆਂ ਨਾਲ ਮੀਟਿੰਗ ਕਰਕੇ ਤਾਜ਼ਾ ਸਿਆਸੀ ਘਟਨਾਕ੍ਰਮ ਬਾਰੇ ਵਿਚਾਰਾਂ ਕੀਤੀਆਂ। ਬਰਗਾੜੀ ਅਤੇ ਕੋਟਕਪੂਰਾ ਵਿੱਚ ਐਤਵਾਰ ਨੂੰ ਵੱਡੇ ਇਕੱਠਾਂ ਤੋਂ ਬਾਅਦ ਹੋਈ ਇਸ ਮੀਟਿੰਗ ਨੂੰ ਅਕਾਲੀ ਸਿਆਸਤ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਸੂਬੇ ਦੇ ਸਿਆਸੀ ਧਰਾਤਲ ’ਤੇ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਦੌਰਾਨ ‘ਪੰਥਕ’ ਪਾਰਟੀ ਅਤੇ ਖਾਸ ਕਰ ਬਾਦਲ ਪਰਿਵਾਰ ਦੀਆਂ ਚੁਣੌਤੀਆਂ ਵਧਦੀਆਂ ਜਾ ਰਹੀਆਂ ਹਨ। ਸੂਤਰਾਂ ਮੁਤਾਬਕ ਮੀਟਿੰਗ ਵਿੱਚ ਬਾਦਲ ਪਰਿਵਾਰ ਦੇ ਅਤਿ ਕਰੀਬੀ ਮੰਨੇ ਜਾਂਦੇ ਬਲਵਿੰਦਰ ਸਿੰਘ ਭੂੰਦੜ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਦੋ ਹੋਰ ਨੇਤਾਵਾਂ ਨੂੰ ਹੀ ਸੱਦਾ ਪੱਤਰ ਭੇਜਿਆ ਗਿਆ ਸੀ। ਇਹ ਮੀਟਿੰਗ ਰਾਜਧਾਨੀ ਦੇ ਸੈਕਟਰ 4 ਵਿਚਲੇ ਐਮਐਲਏ ਫਲੈਟ ’ਤੇ ਹੋਈ। ਅਕਾਲੀ ਦਲ ਦੇ ਇੱਕ ਸੀਨੀਅਰ ਨੇਤਾ ਨੇ ‘ਗੁਪਤ’ ਮੀਟਿੰਗ ਹੋਣ ਦੀ ਪੁਸ਼ਟੀ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰਾਂ ਜਾਂ ਹੋਰਨਾਂ ਸੀਨੀਅਰ ਆਗੂਆਂ ਨੂੰ ਮੀਟਿੰਗ ਦੀ ਭਿਣਕ ਤੱਕ ਨਾ ਪੈਣ ਦਿੱਤੀ ਗਈ। ਪਾਰਟੀ ਹਲਕਿਆਂ ਦਾ ਕਹਿਣਾ ਹੈ ਕਿ ਕਈ ‘ਟਕਸਾਲੀ’ ਆਗੂਆਂ ਨੇ ਵੱਖਰੀ ਸੁਰ ਅਖ਼ਤਿਆਰ ਕੀਤੀ ਹੋਈ ਹੈ ਅਤੇ ਇਨ੍ਹਾਂ ਹਾਲਾਤ ਵਿੱਚ ਕੋਰ ਕਮੇਟੀ ਦੀ ਮੀਟਿੰਗ ਬੁਲਾਉਣਾ ਜ਼ਿਆਦਾ ਬਿਹਤਰ ਨਹੀਂ ਮੰਨਿਆ ਗਿਆ।
    ਜਾਣਕਾਰੀ ਮੁਤਾਬਕ ਅਚਨਚੇਤੀ ਮੀਟਿੰਗ ਲਈ ਐਤਵਾਰ ਦੇਰ ਸ਼ਾਮ ਨੂੰ ਸੰਦੇਸ਼ ਲਾਏ ਗਏ ਅਤੇ ਚੋਣਵੇਂ ਆਗੂਆਂ ਨੂੰ ਚੰਡੀਗੜ੍ਹ ਪਹੁੰਚਣ ਲਈ ਕਿਹਾ ਗਿਆ। ਦਿੱਲੀ ਨਾਲ ਸਬੰਧਤ ਇੱਕ ਅਕਾਲੀ ਆਗੂ ਨੂੰ ਵੀ ਉਚੇਚੇ ਤੌਰ ’ਤੇ ਪਹੁੰਚਣ ਲਈ ਕਿਹਾ ਗਿਆ ਸੀ। ਸੂਤਰਾਂ ਨੇ ਕਿਹਾ ਕਿ ਅਕਾਲੀ ਦਲ ਅੰਦਰ ਇਸ ਗੱਲ ’ਤੇ ਡੂੰਘਾ ਵਿਚਾਰ ਚੱਲ ਰਿਹਾ ਹੈ ਕਿ ਮੌਜੂਦਾ ਸੰਕਟ ਨੂੰ ਟਾਲਣ ਲਈ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਮੁਆਫ਼ੀ ਮੰਗ ਲਈ ਜਾਵੇ। ਬਾਦਲ ਪਰਿਵਾਰ ਦੇ ਕੁੱਝ ਕੱਟੜ ਹਮਾਇਤੀ ਅਕਾਲੀ ਨੇਤਾਵਾਂ ਦਾ ਕਹਿਣਾ ਹੈ ਕਿ ਮੁਆਫ਼ੀ ਮੰਗਣ ਤੋਂ ਪਹਿਲਾਂ ਇਹ ਵੀ ਸੋਚ ਲਿਆ ਜਾਵੇ ਕਿ ਇਹ ਕਦਮ ਸਿਆਸੀ ਤੌਰ ’ਤੇ ਭਾਰੀ ਤਾਂ ਨਹੀਂ ਪਏਗਾ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਜਿਨ੍ਹਾਂ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਮੁਆਫ਼ੀ ਮੰਗਣ ਤੋਂ ਬਾਅਦ ਕਿਤੇ ਲੋਕਾਂ ਵਿੱਚ ਇਹ ਸੰਦੇਸ਼ ਨਾ ਚਲਾ ਜਾਵੇ ਕਿ ਦੋਸ਼ ਪੁਖਤਾ ਹਨ। ਅੱਜ ਦੀ ਮੀਟਿੰਗ ਦੌਰਾਨ ਜਥੇਦਾਰ ਅਕਾਲ ਤਖ਼ਤ ਦੇ ਵਿਵਾਦ ਅਤੇ ਹੋਰਨਾਂ ਧਾਰਮਿਕ ਮਾਮਲਿਆਂ ਬਾਰੇ ਵੀ ਚਰਚਾ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਨੇਤਾਵਾਂ ਵੱਲੋਂ ਪਿਛਲੇ ਦਿਨਾਂ ਤੋਂ ਬਾਗੀ ਸੁਰਾਂ ਅਲਾਪੀਆਂ ਜਾ ਰਹੀਆਂ ਹਨ। ਸੁਖਦੇਵ ਸਿੰਘ ਢੀਂਡਸਾ ਨੇ ਸਕੱਤਰ ਜਨਰਲ ਤੇ ਕੋਰ ਕਮੇਟੀ ਦੇ ਮੈਂਬਰ ਵਜੋਂ ਅਸਤੀਫ਼ਾ ਦੇ ਚੁੱਕੇ ਹਨ। ਸੂਤਰਾਂ ਮੁਤਾਬਕ ਕੋਰ ਕਮੇਟੀ ਦੇ ਹੀ ਕੁੱਝ ਮੈਂਬਰਾਂ ਖਾਸ ਕਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੇਵਾ ਸਿੰਘ ਸੇਖਵਾਂ ਆਦਿ ਦੇ ਬਦਲੇ ਹੋਏ ਤੇਵਰਾਂ ਕਾਰਨ ਹੀ ਅਕਾਲੀ ਦਲ ਦੀ ਕੋਰ ਕਮੇਟੀ ਮੀਟਿੰਗ ਨਹੀਂ ਬੁਲਾਈ ਜਾ ਰਹੀ ਤਾਂ ਜੋ ਬਗ਼ਾਵਤੀ ਸੁਰਾਂ ਮੀਟਿੰਗ ਦੌਰਾਨ ਸਾਹਮਣੇ ਨਾ ਆਉਣ। ਬੇਅਦਬੀ ਕਾਂਡ ਇੱਕ ਵੱਡਾ ਭਖਦਾ ਮੁੱਦਾ ਬਣ ਜਾਣ ਕਾਰਨ ਬਾਦਲ ਪਰਿਵਾਰ ਨਿਸ਼ਾਨੇ ’ਤੇ ਆਇਆ ਹੋਇਆ ਹੈ।

     

     

    ਕੋਟਕਪੂਰਾ - ਤਿੰਨ ਸਾਲ ਪਹਿਲਾਂ ਕੋਟਕਪੂਰੇ ਦੇ ਬੱਤੀਆਂ ਵਾਲਾ ਚੌਕ ਵਿਖੇ ਵਾਪਰੇ ਕੋਟਕਪੂਰਾ ਗੋਲੀਕਾਂਡ ਦੇ ਵਿਰੋਧ ਅੱਜ ਉਸੇ ਥਾਂ ਉਪਰ ਸਿੱਖ ਜਥੇਬੰਦੀਆਂ ਨੇ ਦਰਬਾਰ-ਏ-ਖ਼ਾਲਸਾ ਦੇ ਸੱਦੇ ’ਤੇ ‘ਲਾਹਣਤ’ ਦਿਵਸ ਮਨਾਇਆ, ਜਿਸ ਵਿਚ ਵੱਡੀ ਗਿਣਤੀ ਵਿਚ ਸਿੱਖ ਧਾਰਮਿਕ ਆਗੂਆਂ ਤੇ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਸ਼ਿਰਕਤ ਕੀਤੀ। ਸਵੇਰੇ 5.30 ਵਜੇ ਨਿੱਤਨੇਮ ਦੇ ਪਾਠ ਨਾਲ ਸਮਾਗਮ ਦੀ ਸ਼ੁਰੂਆਤ ਹੋਈ। ਭੋਗ ਪੈਣ ਉਪਰੰਤ ਭਾਈ ਹਰਜਿੰਦਰ ਸਿੰਘ ਮਾਂਝੀ ਵੱਲੋਂ ਲਾਹਣਤ ਪੱਤਰ ਪੜ੍ਹਿਆ ਗਿਆ ਤੇ ਵੰਡਿਆ ਗਿਆ ਤੇ ਅੱਜ ਦਿਹਾੜੇ ਨੂੰ ਹਰ ਸਾਲ ਲਾਹਣਤ ਦਿਹਾੜੇ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ। ਪੰਜ ਸਫ਼ਿਆਂ ਦੇ ਇਸ ਪੱਤਰ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ ਗਏ। ਉਨ੍ਹਾਂ ਦੇ ਸਿਆਸੀ ਜੀਵਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇ ਸਫ਼ਰ ਤੱਕ ਦੀਆਂ ਕਈ ਘਟਨਾਵਾਂ ਦਾ ਜ਼ਿਕਰ ਕਰਦਿਆਂ ਪੰਥਕ ਆਗੂਆਂ ਵੱਲੋਂ ਉਨ੍ਹਾਂ ’ਤੇ ਪੰਥ ਨੂੰ ਖੋਰਾ ਲਾਉਣ ਤੇ ਆਰਐੱਸਐੱਸ ਨਾਲ ਰੱਲ ਕੇ ਸਿੱਖਾਂ ਦਾ ਘਾਣ ਕਰਨ ਦੇ ਦੋਸ਼ ਲਾਏ ਗਏ ਹਨ। ਪੰਥਕ ਆਗੂਆਂ ਨੇ ਉਨ੍ਹਾਂ ਦੀ ਤੁਲਨਾ ਔਰੰਗਜ਼ੇਬ ਨਾਲ ਕੀਤੀ ਅਤੇ ਕਿਹਾ ਉਨ੍ਹਾਂ ਨੂੰ ਮੌਕਾਪ੍ਰਸਤ ਤੇ ਕੇਂਦਰੀ ਸਰਕਾਰਾਂ ਦੇ ਹੱਥਾਂ ਵਿਚ ਖੇਡਣ ਵਾਲੀਆਂ ਕਠਪੁਤਲੀ ਗਰਦਾਨਿਆ। ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਮਨ ਅਰੋੜਾ ਤੇ ਪਿਰਮਲ ਸਿੰਘ ਨੇ ਪੰਜਾਬ ਸਰਕਾਰ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਂਡ ਦੇ ਕਸੂਰਵਾਰਾਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ। ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਗੋਲੀ ਕਾਂਡ ਵਿਚ ਫੌਤ ਹੋਏ ਨੌਜਵਾਨਾਂ ਨੂੰ ਸ਼ਹੀਦ ਦਾ ਦਰਜਾ ਦੇਣ, ਸਰਾਵਾਂ ਵਿਚ ਮ੍ਰਿਤਕ ਦੇ ਨਾਂ ’ਤੇ ਹਸਪਤਾਲ ਖੋਲ੍ਹਣ ਤੇ ਸਟੇਡੀਅਮ ਬਣਾਉਣ ਦੀ ਮੰਗ ਕੀਤੀ। ਇਸ ਮੌਕੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਆਦਿ ਹਾਜ਼ਰ ਸਨ।

    ਬਰਗਾੜੀ - ਬਹਿਬਲ ਕਲਾਂ ਗੋਲੀ ਕਾਂਡ ਦੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ ਦੀ ਸ਼ਹੀਦੀ ਦੀ ਤੀਜੀ ਵਰ੍ਹੇਗੰਢ ਨੂੰ ਸਮਰਪਿਤ ਬਰਗਾੜੀ ਦੀ ਧਰਤੀ ਤੇ ਹੋਏ ਲਾਮਿਸਾਲ ਇਕੱਠ ਨੇ ਪੰਥ ਦੋਖੀ ਤਾਕਤਾਂ ਦੇ ਰਹਿੰਦੇ ਭੁਲੇਖੇ ਦੂਰ ਕਰ ਦਿੱਤੇ ਹਨ ਅਤੇ ਇਹ ਸੁਨੇਹਾ ਸਾਫ਼ ਤੇ ਸਪੱਸ਼ਟ ਰੂਪ ਵਿਚ ਦਿੱਤਾ ਹੈ ਕਿ ਸਮੁੱਚਾ ਪੰਥ ਬਰਗਾੜੀ ਮੋਰਚੇ ਦੀ ਹਮਾਇਤ ਡੱਟ ਕੇ ਖੜ੍ਹਾਂ ਹੈ। 7 ਅਕਤੂਬਰ ਵਾਂਗੂੰ ਅੱਜ ਵੀ ਬਰਗਾੜੀ ਨੂੰ ਆਉਂਦੀਆ ਸਾਰੀਆਂ ਸੜਕਾਂ ਤੇ ਮਨੁੱਖੀ ਸਿਰਾਂ ਦਾ ਹੱੜ ਸੀ। ਪ੍ਰਬੰਧਕਾਂ ਵਲੋਂ ਛੇ ਏਕੜ ਥਾਂ ਵਿਚ ਲਾਇਆ ਗਿਆ ਪੰਡਾਲ ਪੂਰੀ ਤਰ੍ਹਾਂ ਸੁੰਘੜ ਗਿਆ ਅਤੇ ਪੰਡਾਲ ਨਾਲੋਂ ਤਿੰਨ ਗੁਣਾ ਵੱਧ ਸੰਗਤਾਂ ਨੂੰ ਸੜਕਾਂ ਤੇ ਹੀ ਆਸਣ ਲਾ ਕੇ ਆਗੂਆਂ ਦੇ ਵਿਚਾਰ ਸੁਣਨੇ ਪਏ। ਮੱਥਾ ਟੇਕਣ ਲਈ ਵੀ ਸਿੱਖ ਸੰਗਤਾਂ ਨੂੰ ਘੰਟੇ ਤੋਂ ਵੱਧ ਸਮਾਂ ਉਡੀਕ ਕਰਨੀ ਪੈ ਰਹੀ ਸੀ। ਭਾਵੇਂ ਕਿ ਸਟੇਜ਼ ਤੇ ਧਾਰਮਿਕ ਤੇ ਸਿਆਸੀ ਪਾਰਟੀਆਂ ਦਾ ਮਿਲ ਗੋਭਾ ਦਿਖਾਈ ਦਿੱਤਾ ਪ੍ਰੰਤੂ ਬੇਅਦਬੀ ਕਾਂਡ ਪ੍ਰਤੀ ਦਰਦੀ ਚੀਸ ਲਗਭਗ ਇਕੋ ਜਿਹੀ ਸੀ। ਆਸ ਪਾਸ ਦੇ ਪਿੰਡਾਂ ਦੀਆਂ ਸਿੱਖ ਸੰਗਤਾਂ ਵਲੋਂ ਥਾਂ ਥਾਂ ਟਰਾਲੀਆਂ 'ਚ ਹੀ ਲਾਏ ਲੰਗਰ, ਸੰਗਤਾਂ ਦੀ ਸ਼ਰਧਾਂ ਦਾ ਅਨੂਠਾ ਪ੍ਰਗਟਾਵਾ ਸੀ। ਲੱਖਾਂ ਦੀ ਸੰਗਤ ਦੇ ਇਕੱਠ ਵਿਚ ਖੀਰ, ਕੜਾਹ ਤੇ ਦੁੱਧ ਦੇ ਆਵਜ਼ੇ ਆਉਣੇ। ਗੁਰੂ ਨਾਨਕ ਸਾਹਿਬ ਦੇ 20 ਰੁਪਏ ਨਾਲ ਚਲਾਏ ਲੰਗਰ ਨੂੰ ਆਪਣੇ ਆਪ ਧੰਨ ਧੰਨ ਅਖਵਾਉਂਦੇ ਸਨ।
    ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿੱਚ ਚੱਲ ਰਹੇ ਇਨਸਾਫ ਮੋਰਚੇ ਵਿੱਚ ਸ਼ਹੀਦਾਂ ਦੀ ਯਾਦ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡਪਾਠ ਪਰਾਅਰੰਭ ਕਰਵਾਏ ਗਏ ਸਨ,ਜਿੰਨਾਂ ਦੇ ਭੋਗ ਕੱਲ 14 ਅਕਤੂਬਰ ਨੂੰ ਪਾਏ ਗਏ।ਇਸ ਸ਼ਹੀਦੀ ਦਿਹਾੜੇ ਤੇ ਜੁੱੜੇ ਸੰਗਤਾਂ ਦੇ 7 ਅਕਤੂਬਰ ਤੋਂ ਵੱਡੇ ਇਕੱਠ ਨੇ ਕੁੱਝ ਰਾਜਨੀਤਕ ਲੋਕਾਂ ਦੇ ਇਸ ਭਰਮ ਨੂੰ ਤੋੜ ਦਿੱਤਾ, ਕਿ ਇਕੱਠ ਕਿਸੇ ਵਿਅਕਤੀ ਵਿਸੇਸ਼ ਦੇ ਸੱਦੇ ਤੇ ਨਹੀ ਸੀ ਹੋਇਆ,ਸਗੋ ਗੁਰੂ ਦੇ ਪਿਆਰ ਵਿੱਚ ਹੋਇਆ ਸੀ।ਕੱਲ੍ਹ ਦੇ ਇਕੱਠ ਨੇ ਜਿੱਥੇ ਮੋਰਚਾ ਪ੍ਰਬੰਧਕਾਂ ਦੇ ਅੰਦਾਜਿਆਂ ਨੂੰ ਫਿੱਕਾ ਪਾ ਦਿੱਤਾ,ਓਥੇ ਖੁਫੀਆਂ ਏਜੰਸੀਆਂ ਵੀ ਅਪਣੀਆਂ ਗਿਣਤੀਆਂ ਮਿਣਤੀਆਂ ਫੇਲ ਹੋ ਜਾਣ ਕਾਰਨ ਹੈਰਾਨ ਪਰੇਸਾਨ ਹੋ ਗਈਆਂ।ਕੱਲ ਸਵੇਰ ਦੇ ਪੁਲਿਸ ਪ੍ਰਬੰਧ ਵੀ ਸੱਤ ਅਕਤੂਬਰ ਦੇ ਮੁਕਾਬਲੇ ਢਿੱਲੇ ਹੀ ਦੇਖੇ ਗਏ,ਕਿਉਕਿ ਪੁਲਿਸ ਦਾ ਖੁਫਆਂ ਵਿੰਗ ਸਿੱਖ ਮਾਨਸਿਕਤਾ ਸਮਝਣ ਤੋ ਪਛੜ ਗਿਆ। ਇਸ ਮੌਕੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਲੱਖਾਂ ਦੀ ਗਿਣਤੀ ਵਿੱਚ ਜੁੜੀ ਸਿੱਖ ਸੰਗਤ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਮੋਰਚਾ ਗੁਰੂ ਦਾ ਹੈ ਤੇ ਦਿਲ ਤੋ ਲੱਗਾ ਹੈ,ਇਸ ਲਈ ਹਾਰ ਦਾ ਸਵਾਲ ਹੀ ਪੈਦਾ ਨਹੀ ਹੁੰਦਾ।।
    ਉਹਨਾਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਿੱਖ ਕੌਂਮ ਦਾ ਇਹ ਲੱਖਾਂ ਦਾ ਇਕੱਠ ਕੋਈ ਮੇਲਾ ਦੇਖਣ ਲਈ ਨਹੀ ਬਲਕਿ ਗੁਰੂ ਦੀ ਬੇਅਦਬੀ ਦਾ ਇਨਸਾਫ ਲੈਣ ਲਈ, ਸਬਰ ਸਿਦਕ ਅਤੇ ਗੰਭੀਰਤਾ ਨਾਲ ਜੋਸ਼ ਅਤੇ ਹੋਸ ਨਾਲ ਹੋਇਆ ਹੈ, ਇਸ ਲਈ ਸਿੱਖ ਪੰਥ ਦੇ ਸਬਰ ਨੂੰ ਜਿਆਦਾ ਨਾ ਪਰਖੋ।ਉਹਨਾਂ ਕੈਪਟਨ ਤੇ ਵਰਦਿਆਂ ਕਿਹਾ ਕਿ ਕੈਪਟਨ ਸਾਨੂੰ ਕੁੱਝ ਨਹੀ ਦੇ ਸਕਦਾ ਕਿਉਕਿ ਉਹ ਬੁਜਦਿਲ ਬਣ ਚੁੱਕਾ ਹੈ। ਉਹਨਾਂ ਕੁੱਝ ਲੋਕਾਂ ਵੱਲੋਂ ਨਵੇਂ ਪਰੋਗਰਾਮ ਦੇਣ ਦੀ ਮੰਗ ਸਬੰਧੀ ਕਿਹਾ ਕਿ ਇਹ ਪਹਿਲਾਂ ਮੋਰਚੇ ਨੂੰ ਜਿੱਤਣਾ ਹੀ ਪਰੋਗਰਾਮ ਹੈ,ਬਾਕੀ ਸਾਰੇ ਪਰੋਗਰਾਮ ਮੋਰਚੇ ਦੀ ਸਫਲਤਾ ਤੋ ਬਾਅਦ ਹੀ ਊਲੀਕੇ ਜਾਣਗੇ।ਜਥੇਦਾਰ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਸਿੱਖ ਧਰਮ ਨੂੰ ਰਾਜਨੀਤੀ ਤੋ ਵੱਖ ਕਰਕੇ ਨਹੀ ਦੇਖਿਆ ਜਾ ਸਕਦਾ।ਸਾਡੇ ਛੇਵੇਂ ਪਾਤਸ਼ਾਹ ਨੇ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਹੈ।ਉਹਨਾਂ ਪੁਰਾਤਨ ਸਿੰਘਾਂ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਪਹਿਲਾਂ ਬਾਬਾ ਦੀਪ ਸਿੰਘ ਨੇ ਖੰਡਾ ਖੜਕਾ ਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਖਾਲਸਾ ਰਾਜ ਕਾਇਮ ਕੀਤਾ।ਜੇਕਰ ਧਾਰਮਿਕ ਵਿਅਕਤੀ ਦਾ ਰਾਜਨੀਤੀ ਨਾਲ ਕੋਈ ਸਬੰਧ ਨਾ ਹੁੰਦਾ ਤਾਂ ਫਿਰ ਬਾਬਾ ਫੂਲਾ ਸਿੰਘ ਅਕਾਲੀ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਲਈ ਅਖੀਰ ਤੱਕ ਕਿਉਂ ਲੜਦਾ ਰਿਹਾ।ਵੀਰਦਵਿੰਦਰ ਸਿੰਘ ਨੇ ਕਿਹਾ ਕਿ ਸਾਡੇ ਇਨਸਾਫ ਦੀ ਗੱਲ ਜਸਟਿਸ ਰਣਜੀਤ ਸਿੰਘ ਦੀ ਜਾਂਚ ਦੇ ਦੁਆਲੇ ਘੁਮਦੀ ਹੈ,ਜੇਕਰ ਅਦਾਲਤਾਂ ਨੇ ਜਸਟਿਸ ਰਣਜੀਤ ਸਿੰਘ ਕਮਿਸਨ ਨੂੰ ਹੀ ਅਯੋਗ ਠਹਿਰਾ ਦਿੱਤਾ, ਫਿਰ ਖਾਲਸਾ ਪੰਥ ਕਿੱਧਰ ਜਾਵੇਗਾ।
    ਪਹਿਰੇਦਾਰ ਦੇ ਮੁੱਖ ਸੰਪਾਦਕ ਸ੍ਰ ਜਸਪਾਲ ਸਿੰਘ ਹੇਰਾਂ ਨੇ ਕਿਹਾ ਕਿ ਪੰਥ ਨੂੰ ਬਾਦਲਾਂ ਦਾ ਮੁਕੰਮਲ ਬਾਈਕਾਟ ਕਰ ਦੇਣਾ ਚਾਹੀਦਾ ਹੈ,ਉਹਨਾਂ ਦੇ ਕਾਰੋਬਾਰਾਂ ਨਾਲੋਂ ਸਾਂਝ ਤੋੜ ਲੈਣੀ ਚਾਹੀਦੀ ਹੈ।ਉਹਨਾਂ ਕਿਹਾ ਕਿ ਮੋਰਚਾ ਸੰਚਾਲਕ ਸਰਕਾਰ ਨੂੰ ਪੰਦਰਾਂ ਦਿਨਾਂ ਦਾ ਅਲਟੀਮੇਟਮ ਦੇਣ,ਜੇਕਰ ਸਰਕਾਰ ਫਿਰ ਵੀ ਨਹੀ ਕਰਦੀ ਤਾਂ ਸਰਕਾਰ ਖਿਲਾਫ ਵੀ ਨਾ-ਮਿਲਵਰਤਣ ਲਹਿਰ ਸੁਰੂ ਕਰ ਦੇਣੀ ਚਾਹੀਦੀ ਹੈ।ਸ੍ਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਖਾਲਿਸਤਾਨ ਦੀ ਗੱਲ ਕਰਨੀ ਸਾਡਾ ਸਵਿਧਾਂਨਿਕ ਹੱਕ ਹੈ।ਉਹਨਾਂ ਸੰਗਤਾਂ ਨੂੰ ਭਾਈ ਬੇਅੰਤ ਸਿੰਘ,ਸਤਵੰਤ ਸਿੰਘ ਦੀ ਬਰਸੀ ਤੇ ਗੁਰਦੁਆਰਾ ਰਕਾਬਗੰਜ ਦਿੱਲੀ ਪੁੱਜਣ ਦੀ ਅਪੀਲ ਕਰਦਿਆਂ ਕਿਹਾ ਕਿ, ਉਹਨਾਂ ਸ਼ਹੀਦਾਂ ਦੀ ਯਾਦ ਤਾਜਾ ਕਰਨ ਲਈ ਜਰੂਰ ਪਹੁੰਚਣਾ ਚਾਹੀਦਾ ਹੈ ਜਿੰਨਾਂ ਨੇ ਸਾਡੀ ਡਿੱਗੀ ਪੱਗ ਸਿਰ ਤੇ ਰੱਖੀ ਹੈ।ਹਰਪਾਲ ਸਿੰਘ ਚੀਮਾ ਨੇ ਕਿਹਾ ਸਰਕਾਰਾਂ ਸਿੱਖਾਂ ਨੂੰ ਇਨਸਾਫ ਦੇਣ ਤੋ ਭੱਜਣ ਲਈ ਹਮੇਸਾਂ ਕਨੂੰਨ ਦੀ ਗੱਲ ਕਰਦੀਆਂ ਹਨ ਪਰੰਤੂ ਹੁਣ ਖਾਲਸਾ ਪੰਥ ਅਪਣਾ ਰਾਸਤਾ ਖੁਦ ਅਖਤਿਆਰ ਕਰੇਗਾ।ਸੁਖਪਾਲ ਸਿੰਘ ਖਾਹਿਰਾ ਨੇ ਕਿਹਾ ਕਿ ਕਈ ਵਾਰੀ ਕੌਮਾਂ ਦੇ ਇਤਿਹਾਸ ਵਿੱਚ ਤਬਦੀਲੀ ਲਿਆਉਣ ਲਈ ਅਜਿਹੀਆਂ ਸ਼ਹਾਦਤਾਂ ਹੁੰਦੀਆਂ ਹਨ।ਭਾਈ ਮੋਹਕਮ ਸਿੰਘ ਨੇ ਮੁੱਖ ਮੰਤਰੀ ਨੂੰ ਸਿੱਧਾ ਸੰਬੋਧਿਤ ਹੁੰਦਿਆਂ ਕਿਹਾ ਕਿ ਕੈਪਟਨ ਤੇਰੇ ਵੱਡੇ ਵਡੇਰਿਆਂ ਨੇ ਨੰਗੇ ਢਿੱਡ ਖੜਕਾਉਦਿਆਂ ਗੁਰੂ ਹਰਿ ਰਾਏ ਸਾਹਿਬ ਤੋ ਰੋਟੀ ਮੰਗੀ ਤੇ ਉਹਨਾਂ ਨੇ ਅਜਿਹੀਆਂ ਰਹਿ ਤਾਂ ਦੀ ਬਖਸ਼ਿਸ਼ ਕੀਤੀ ਕਿ ਤੇਰੇ ਖਨਦਾਨ ਰਜਵਾੜੇ ਬਣਾ ਦਿੱਤੇ।ਹੁਣ ਤੂੰ ਉਸ ਗੁਰੂ ਦੀਆਂ ਰਹਿਮਤਾਂ ਭੁੱਲਕੇ ਦੋਸ਼ੀਆਂ ਨਾਲ ਰਲ ਗਿਅ ਏਂ।ਉਹਨਾਂ ਸੁਮੇਧ ਸੈਣੀ ਨੂੰ ਕਿਹਾ ਤੂੰ ਵੀ ਭੱਜ ਜਿੰਨਾ ਭੱਜ ਸਕਦਾ ਹੈਂ,ਖਾਲਸਾ ਪੰਥ ਹੁਣ ਤੈਨੂੰ ਭੱਜਣ ਨਹੀ ਦੇਵੇਗਾ।
    ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਭਾਰਤ ਦੀ ਜੁੰਡੀਸਰੀ ਸਿੱਖ ਕੌਂਮ ਨੂੰ ਇਨਸਾਫ ਦੇਵੇ।ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਜਿੰਨੀ ਦੇਰ ਬੇਅਦਬੀ ਦੇ ਦੋਸ਼ੀਆਂ ਨੂੰ ਸਜਾਵਾਂ ਨਹੀ ਮਿਲਦੀਆਂ,ਓਨੀ ਦੇਰ ਸਿੱਖ ਕੌਮ ਟਿਕ ਕੇ ਨਹੀ ਬੈਠੇਗੀ।ਐਮ ਪੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੈ ਸੰਸਦ ਵਿੱਚ ਬਰਗਾੜੀ ਦੇ ਇਨਸਾਫ ਦੀ ਗੱਲ ਓਨੀ ਦੇਰ ਉਠਾਉਂਦਾ ਰਹਾਂਗਾ ਜਿੰਨੀ ਦੇਰ ਇਨਸਾਫ ਨਹੀ ਮਿਲਦਾ।ਬੂਟਾ ਸਿੰਘ ਰਣਸ਼ੀਂਹਕੇ ਨੇ ਕਿਹਾ ਕਿ ਸਿੱਖਾਂ ਨੂੰ ਪ੍ਰਭੂਸੱਤਾ ਦਸਵੇਂ ਪਾਤਸ਼ਾਹ ਨੇ ਦਿੱਤੀ ਹੈ,ਅਤੇ ਪ੍ਰਭੂਸੱਤਾ ਦਾ ਮੁੱਖ ਸੋਮਾ ਸ੍ਰੀ ਗੁਰੂ ਗਰੰਥ ਸਾਹਿਬ ਹੈ।ਪਰਮਜੀਤ ਸਿੰਘ ਸਹੌਲੀ ਨੇ ਕਿਹਾ ਕਿ ਸੱਤ ਤਰੀਕ ਦਾ ਇਕੱਠ ਸਾਰੀਆਂ ਧਿਰਾਂ ਦਾ ਇਕੱਠ ਸੀ ਤੇ ਅੱਜ ਪੰਥ ਦਾ ਇਕੱਠ ਹੈ, ਇਹ ਖਾਲਸਾ ਪੰਥ ਲਈ ਮਾਣ ਵਾਲੀ ਗੱਲ ਹੈ।ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਕੋਈ ਵੀ ਵਿਤਕਰਾ ਵੱਖ ਹੋਣ ਲਈ ਮਜਬੂਰ ਕਰਦਾ ਹੈ।ਜਸਕਰਨ ਸਿੰਘ ਕਾਹਨ ਸਿੰਘਵਾਲਾ ਨੇ ਕਿਹਾ ਹਰ ਇਨਸਾਫ ਲਈ ਕੁਰਬਾਨੀਆਂ ਕਰਨੀਆਂ ਪੈਦੀਆਂ ਹਨ। ਅਕਾਲੀ ਦਲ ਦੇ ਮੀਤ ਪਰਧਾਨ ਭਾਈ ਮਨਜੀਤ ਸਿੰਘ ਨੇ ਕਿਹਾ ਜੋ ਵੀ ਜਥੇਦਾਰ ਸਹਿਬਾਨ ਸਾਨੂੰ ਹੁਕਮ ਲਾਉਣਗੇ, ਅਸੀ ਬਤੌਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਦੀ ਹਰ ਗੱਲ ਤੇ ਫੁੱਲ ਚੜਾਵਾਂਗੇ।ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਹਿੰਦੂ ਨੇਤਾ ਸ੍ਰੀ ਅਸੋਕ ਚੁੱਘ,ਬਾਬਾ ਸਰੂਪ ਸਿੰਘ ਚੰਡੀਗੜ,ਐਸ ਜੀ ਪੀਸੀ ਮੈਂਬਰ ਗੁਰਪਰੀਤ ਸਿੰਘ ਰੰਧਾਵਾ,ਆਦਿ ਨੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ।

    ਲੰਡਨ - ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਕੱਲ੍ਹ ਬਾਅਦ ਦੁਪਹਿਰ ਯੂ.ਕੇ. ਭਰ ਦੇ ਗੁਰੂ ਘਰਾਂ ਦੇ ਪ੍ਰੰਧਬਕਾਂ ਅਤੇ ਸਿੱਖ ਜੱਥੇਬੰਦੀਆਂ ਦਾ ਵੱਡਾ ਪੰਥਕ ਇਕੱਠ ਹੋਇਆ, ਜਿਸ 'ਚ ਯੂ. ਕੇ. ਦੇ ਵੱਖ ਵੱਖ ਸ਼ਹਿਰਾਂ ਤੋਂ ਜੱਥੇਬੰਦੀਆਂ ਅਤੇ ਗੁਰੂ ਘਰਾਂ ਨੇ ਨੁਮਾਇੰਦੇ ਪਹੁੰਚੇ | ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਪੰਜਾਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੀ ਸਖ਼ਤ ਨਿੰਦਾ ਕੀਤੀ ਅਤੇ ਇਸ ਮੌਕੇ ਪੰਜਾਬ ਦੀ ਸਾਬਕਾ ਅਕਾਲੀ ਸਰਕਾਰ ਤੇ ਮੌਜੂਦਾ ਕਾਂਗਰਸ ਸਰਕਾਰ ਵਲੋਂ ਹੁਣ ਤੱਕ ਦੇ ਨਿਭਾਏ ਰੋਲ ਦੀ ਸਖ਼ਤ ਨਿੰਦਾ ਕੀਤੀ | ਬੁਲਾਰਿਆਂ ਨੇ ਕਿਹਾ ਕਿ ਦੋਸ਼ੀਆਂ ਨੂੰ ਜਲਦੀ ਫੜ੍ਹ ਕੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ | ਇਸ ਮੌਕੇ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਗੁਰਮੇਲ ਸਿੰਘ ਮੱਲੀ ਨੇ ਮਤੇ ਪੜ੍ਹੇ ਜਿਨ੍ਹਾਂ ਵਿਚ ਕਿਹਾ ਗਿਆ ਕਿ ਪੰਜਾਬ ਵਿਚ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਦੋ ਕਮਿਸ਼ਨਾਂ ਦੀ ਰਿਪੋਰਟ ਆਉਣ ਦੇ ਬਾਵਜੂਦ ਦੋਸ਼ੀਆਂ ਵਿਰੁੱਧ ਕਾਰਵਾਈ ਨਹੀਂ ਹੋ ਰਹੀ | ਤਖ਼ਤਾਂ ਦੇ ਜਥੇਦਾਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ ਕੋਈ ਠੋਸ ਕਦਮ ਨਹੀਂ ਉਠਾ ਸਕੇ, ਜਦ ਕਿ ਹੁਣ ਮੌਕਾ ਹੈ ਕਿ ਜਥੇਦਾਰ ਯੋਗ ਅਗਵਾਈ ਕਰਨ | ਕਰਤਾਪੁਰ ਲਾਂਘੇ ਬਾਰੇ ਦੂਜੇ ਮਤੇ ਵਿਚ ਕਿਹਾ ਗਿਆ ਕਿ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਨੂੰ ਆਪ ਵਸਾਇਆ ਸੀ, ਜਿਸ ਦੇ ਦਰਸ਼ਨਾਂ ਨੂੰ ਹਰ ਸਿੱਖ ਲੋਚਦਾ ਹੈ ਅਤੇ ਅੱਜ ਦਾ ਇਕੱਠ ਗੁਰ ਅਸਥਾਨ ਦੇ ਲਾਂਘੇ ਅਤੇ ਪੁਲ ਦੀ ਕਾਰਸੇਵਾ ਦੀ ਜਿੰਮੇਵਾਰੀ ਲੈਂਦਾ ਹੈ | ਇਸ ਮੌਕੇ ਗੁਰਦੁਆਰਾ ਬਾਰਕਿੰਗ ਦੇ ਪ੍ਰਧਾਨ ਮੇਜਰ ਸਿੰਘ ਬਾਸੀ, ਸੁਰਿੰਦਰ ਸਿੰਘ ਭਾਊੂ ਬਲਵੀਡੀਅਰ, ਦਲਜੀਤ ਸਿੰਘ ਸੱਗੂ ਗੁਰਦੁਆਰਾ ਗੁਰੂ ਅਮਰਦਾਸ ਸਾਊਥਾਲ, ਹਰਜੀਤ ਸਿੰਘ ਸਰਪੰਚ, ਸੋਹਣ ਸਿੰਘ ਸੁਮਰਾ, ਡਾ: ਉਂਕਾਰ ਸਿੰਘ ਸਹੋਤਾ ਲੰਡਨ ਅਸੈਂਬਲੀ ਮੈਂਬਰ, ਪ੍ਰਮਿੰਦਰ ਸਿੰਘ ਬੱਲ ਸਿੱਖ ਫੈਡਰੇਸ਼ਨ ਯੂ ਕੇ, ਮਲਕੀਤ ਸਿੰਘ ਗਰੇਵਾਲ ਸ਼੍ਰੋਮਣੀ ਅਕਾਲੀ ਦਲ, ਤਰਲੋਚਨ ਸਿੰਘ ਸੱਗੂ ਹੇਜ਼, ਕੁਲਦੀਪ ਸਿੰਘ ਹਿਚਨ, ਸਤਵਿੰਦਰ ਸਿੰਘ ਦਿਓਲ ਲੈਸਟਰ, ਸਤਨਾਮ ਸਿੰਘ ਸੰਧੂ ਬਾਰਕਿੰਗ, ਅਮਰੀਕ ਸਿੰਘ ਗਿੱਲ ਲੈਸਟਰ, ਤਰਨਜੀਤ ਸਿੰਘ ਕਾਬਲ ਸੰਗਤ, ਇਕਬਾਲ ਸਿੰਘ ਡਰਬੀ, ਜਸਵਿੰਦਰ ਸਿੰਘ ਜੱਸੀ ਲਿਨਹਾਲ, ਬਘੇਲ ਸਿੰਘ ਸਮੈਦਿਕ, ਰੇਸ਼ਮ ਸਿੰਘ ਪੰਥਕ ਦਲ, ਜਸਵੰਤ ਸਿੰਘ ਠੇਕੇਦਾਰ ਸਾਊਥਾਲ, ਕੁਲਵੰਤ ਸਿੰਘ ਭਿੰਡਰ, ਮਨਜੀਤ ਸਿੰਘ ਬੁਟਰ ਮਨੁੱਖੀ ਅਧਿਕਾਰ ਸੰਸਥਾ, ਡਾ: ਜਸਦੇਵ ਸਿੰਘ ਰਾਏ ਮਨੁੱਖੀ ਅਧਿਕਾਰ ਸੰਸਥਾ, ਸੁਖਵਿੰਦਰ ਸਿੰਘ, ਡਾਕਟਰ ਪ੍ਰਗਟ ਸਿੰਘ ਆਦਿ ਨੇ ਸੰਬੋਧਨ ਕੀਤਾ |

    ਸੰਗਰੂਰ  -ਸੀਨੀਅਰ ਅਕਾਲੀ ਆਗੂ ਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਨੇ ਸਪੱਸ਼ਟ ਕੀਤਾ ਹੈ ਕਿ ਨਾ ਉਹ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਲੋਕ ਸਭਾ ਚੋਣ ਲੜੇਗਾ | ਅੱਜ ਇੱਥੇ 'ਅਜੀਤ' ਨਾਲ ਗੱਲਬਾਤ ਕਰਦਿਆਂ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਵਲੋਂ ਪਾਰਟੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਲੋਕ ਸਭਾ ਲਈ ਪਾਰਟੀ ਦੀ ਟਿਕਟ ਦਾ ਕੋਈ ਸਬੰਧ ਨਹੀਂ | ਉਨ੍ਹਾਂ ਮੰਨਿਆ ਕਿ ਸ. ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਕੋਲ ਆਏ ਸਨ ਤੇ ਅਸਤੀਫ਼ਾ ਵਾਪਸ ਲੈਣ ਲਈ ਕਿਹਾ ਸੀ ਪਰ ਉਨ੍ਹਾਂ ਨੇ ਸ: ਬਾਦਲ ਨੂੰ ਆਪਣੀ ਸਿਹਤ ਦੀ ਮਜਬੂਰੀ ਦੱਸ ਦਿੱਤੀ ਸੀ |

    ਫਰੀਦਕੋਟ/ਕੋਟਕਪੂਰਾ - ਬਰਗਾੜੀ ਵਿਚ ਪੰਥਕ ਜਥੇਬੰਦੀਆਂ ਦੇ ਵਿਰੋਧ ਨੂੰ ਠੰਢਾ ਕਰਨ ਲਈ ਅੱਜ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸਰਕਾਰੀਆ, ਵਿਧਾਇਕ ਹਰਮਿੰਦਰ ਸਿੰਘ ਗਿੱਲ ਤੇ ਵਿਧਾਇਕ ਕੁਸ਼ਲਦੀਪ ਢਿੱਲੋਂ ਆਧਾਰਿਤ ਸਰਕਾਰ ਦੇ ਵਫ਼ਦ ਨੇ ਬਹਿਬਲ ਕਲਾਂ ਵਿਚ ਪੁਲੀਸ ਦੀ ਗੋਲੀ ਸ਼ਹੀਦ ਹੋਏ ਨੌਜਵਾਨਾਂ ਦੀ ਬਰਸੀ ਸਮਾਗਮ ਵਿੱਚ ਸ਼ਿਰਕਤ ਕੀਤੀ। 14 ਅਕਤੂਬਰ 2015 ਨੂੰ ਵਾਪਰੇ ਇਸ ਗੋਲੀ ਕਾਂਡ ਵਿਚ ਬਹਿਬਲ ਖ਼ੁਰਦ ਦੇ ਕ੍ਰਿਸ਼ਨ ਭਗਵਾਨ ਸਿੰਘ ਤੇ ਸਰਾਵਾਂ ਦੇ ਗੁਰਜੀਤ ਸਿੰਘ ਦੀ ਮੌਤ ਹੋ ਗਈ ਸੀ। ਸਰਕਾਰ, ਪੰਥਕ ਮੋਰਚੇ ਦੀਆਂ ਧਿਰਾਂ ਨਾਲ ਇਸ ਮਸਲੇ ’ਤੇ ਗੱਲਬਾਤ ਕਰਨ ਦੇ ਯਤਨ ਕਰ ਰਹੀ ਹੈ। ਪਰ ਹਾਲੇ ਤੱਕ ਮਸਲਾ ਹੱਲ ਨਹੀਂ ਹੋਇਆ। ਕੈਬਨਿਟ ਮੰਤਰੀ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਵਫ਼ਦ ਪੀੜਤ ਪਰਿਵਾਰਾਂ ਨਾਲ ਦੁੱਖ ਪ੍ਰਗਟ ਕਰਨ ਲਈ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਗੋਲੀ ਕਾਂਡ ਬਹੁਤ ਦੁਖਦਾਈ ਤੇ ਮੰਦਭਾਗੀ ਘਟਨਾ ਹੈ, ਜਿਸ ਨੂੰ ਤਤਕਾਲੀ ਸਰਕਾਰ ਟਾਲ ਸਕਦੀ ਸੀ। ਉਨ੍ਹਾਂ ਆਖਿਆ ਕਿ ਕਾਂਗਰਸ ਸਰਕਾਰ ਨੇ ਬੇਅਦਬੀ ਕਾਂਡ ਦੇ ਕਸੂਰਵਾਰਾਂ ਨੂੰ ਸਜ਼ਾ ਦੇਣ ਲਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਸਥਾਪਨਾ ਕੀਤੀ ਸੀ, ਜਿਸ ਨੇ ਆਪਣੀ ਰਿਪੋਰਟ ਪੇਸ਼ ਕਰ ਦਿੱਤੀ ਹੈ ਅਤੇ ਹੁਣ ਮੁਲਜ਼ਮਾਂ ਨੂੰ ਜਲਦ ਹੀ ਜੇਲ੍ਹਾਂ ਵਿਚ ਡੱਕਿਆ ਜਾਵੇਗਾ। ਇਸ ਲਈ ਜੇਕਰ ਸਰਕਾਰ ਨੂੰ ਅਦਾਲਤਾਂ ਵਿਚ ਕੋਈ ਹੋਰ ਕਾਨੂੰਨੀ ਚਾਰਾਜੋਈ ਕਰਨੀ ਪਈ ਤਾਂ ਸਰਕਾਰ ਉਸ ਤੋਂ ਵੀ ਪਿੱਛੇ ਨਹੀਂ ਹਟੇਗੀ। ਉਨ੍ਹਾਂ ਕਿਹਾ ਕਿ ਕਸੂਰਵਾਰਾਂ ਨੂੰ ਸਜ਼ਾ ਦੇਣ ਲਈ ਵਿਸ਼ੇਸ਼ ਜਾਂਚ ਟੀਮ (ਸਿੱਟ) ਬਣਾਈ ਗਈ ਹੈ, ਜੋ ਆਪਣਾ ਕੰਮ ਪੂਰੀ ਰਫ਼ਤਾਰ ਨਾਲ ਕਰ ਰਹੀ ਹੈ। ਵਿਧਾਇਕ ਐੱਚ.ਐੱਸ. ਫੂਲਕਾ ਵੱਲੋਂ ਬਰਗਾੜੀ ਕਾਂਡ ਸਬੰਧੀ ਦਿੱਤੇ ਗਏ ਅਸਤੀਫ਼ੇ ਬਾਰੇ ਸ੍ਰੀ ਬਾਜਵਾ ਨੇ ਆਖਿਆ ਕਿ ਉਹ ਧਾਰਮਿਕ ਮਸਲੇ ’ਤੇ ਵੀ ਆਪਣੀ ਸਿਆਸਤ ਚਮਕਾ ਰਹੇ ਹਨ, ਕਿਉਂਕਿ ਅਸਤੀਫ਼ਿਆਂ ਨਾਲ਼ ਇਸ ਮਸਲੇ ਦਾ ਹੱਲ ਨਹੀਂ ਨਿਕਲਣਾ। ਬਰਗਾੜੀ ਮੋਰਚੇ ਸਬੰਧੀ ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਸ਼ਾਂਤਮਈ ਮੁਜ਼ਾਹਰਾ ਕਰਨ ਦਾ ਹੈ ਅਤੇ ਉਹ ਇਸ ਬਾਰੇ ਹੋਰ ਕੁਝ ਨਹੀਂ ਕਹਿਣਗੇ।
    ਸ੍ਰੀ ਬਾਜਵਾ ਨੇ ਆਖਿਆ ਕਿ ਪੰਜਾਬ ਸਰਕਾਰ ਬਰਗਾੜੀ ਕਾਂਡ ਦੇ ਮੁਲਜ਼ਮਾਂ ਸਜ਼ਾ ਦਿਵਾਉਣ ਲਈ ਯਤਨਸ਼ੀਲ ਅਤੇ ਕਸੂਰਵਾਰ ਬਖ਼ਸ਼ੇ ਨਹੀਂ ਜਾਣਗੇ। ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦਾਂ ਦੀ ਯਾਦ ਵਿਚ ਕਰਵਾਏ ਜਾ ਰਹੇ ਵਿਕਾਸ ਕਾਰਜ ਅਜੇ ਤੱਕ ਅਧੂਰੇ ਹਨ, ਜਿਨ੍ਹਾਂ ਨੂੰ ਪੂਰਾ ਕੀਤਾ ਜਾਵੇ। ਵਫ਼ਦ ਵੱਲੋਂ ਸ਼ਹੀਦਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ ਗਏ ਅਤੇ ਪਿੰਡਾਂ ਵਾਸੀਆਂ ਵੱਲੋਂ ਪੇਸ਼ ਕੀਤੀਆਂ ਸਾਰੀਆਂ ਮੰਗਾਂ ਨੂੰ ਜਲਦ ਤੋਂ ਜਲਦ ਪੂਰੇ ਕਰਨ ਦਾ ਭਰੋਸਾ ਦਿੱਤਾ ਗਿਆ।
    ਸਰਕਾਰੀ ਵਫ਼ਦ ਨੇ ਪਿੰਡ ਬਹਿਬਲ ਖ਼ੁਰਦ ਵਿੱਚ ਮਰਹੂਮ ਕ੍ਰਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਅਤੇ ਪਿੰਡ ਸਰਾਵਾਂ ਵਿੱਚ ਮਰਹੂਮ ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ ਨਾਲ ਮੁਲਾਕਾਤ ਕਰਕੇ ਇਨਸਾਫ਼ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਬਹਿਬਲ ਖ਼ੁਰਦ ਵਾਸੀਆਂ ਵੱਲੋਂ ਅਧੂਰੇ ਕਮਿਊਨਿਟੀ ਹਾਲ ਅਤੇ ਸੜਕਾਂ ਬਾਰੇ ਪੇਸ਼ ਕੀਤੀਆਂ ਮੰਗਾਂ ਬਾਰੇ ਮੌਕੇ ’ਤੇ ਹਾਜ਼ਰ ਪ੍ਰਸ਼ਾਸਨਿਕ ਅਫ਼ਸਰਾਂ ਨੂੰ ਪੂਰਾ ਕਰਨ ਦੀਆਂ ਹਦਾਇਤਾਂ ਦਿੱਤੀਆਂ।

     

    - ਗੁਰਤੇਜ ਸਿੰਘ
    ਬਾਦਲਕਿਆਂ ਵੱਲੋਂ ਬਾਰ-ਬਾਰ ਇਹ ਫੋਕੀ ਦਲੀਲ ਦਿੱਤੀ ਜਾਂਦੀ ਹੈ ਕਿ ਰਣਜੀਤ ਸਿੰਘ ਰਪਟ ਵਿੱਚ ਬਾਦਲ ਦਾ ਨਾਂ ਨਹੀਂ ਆਇਆ, ਏਸ ਲਈ ਉਹ ਬੇਅਦਬੀ ਲਈ ਦੋਸ਼ੀ ਨਹੀਂ। ਬਾਕੀ ਸੰਸਾਰ ਨੂੰ ਬਾਦਲ ਦਾ ਨਾਂਅ ਏਸ ਰਪਟ ਦੇ ਹਰ ਅੱਖਰ ਉਹਲੇ ਘੁੰਡ ਕੱਢ ਕੇ ਖੜ੍ਹਾ ਨਜ਼ਰ ਆਉਂਦਾ ਹੈ। ਆਖ਼ਰੀ ਰਪਟ ਵਿੱਚ ਤਾਂ ਸਪਸ਼ਟ ਵੀ ਹੈ।
    ਬਾਦਲੀਆਂ ਦਾ ਭਾਜਪਾ ਅਤੇ ਆਰ. ਐਸ. ਐਸ. ਨਾਲ ‘ਨਹੁੰ ਮਾਸ ਦਾ, ਪਤੀ-ਪਤਨੀ ਦਾ’ ਰਿਸ਼ਤਾ ਇਹ ਆਪ ਹੀ ਪ੍ਰਚਾਰਦੇ ਆਏ ਹਨ। ਦੋਵੇਂ ਜਮਾਤਾਂ ਨੇ ਕਦੇ ਲੁਕ-ਲੁਕਾ ਨਹੀਂ ਰੱਖਿਆ ਕਿ ਉਹ ਸਿੱਖੀ ਅਤੇ ਸਿੱਖਾਂ ਨੂੰ ਖ਼ਤਮ ਹੋਇਆ ਵੇਖਣਾ ਚਾਹੁੰਦੇ ਹਨ।

    - ਤਰਲੋਚਨ ਸਿੰਘ ‘ਦੁਪਾਲਪੁਰ’
    001-408-915-1268
    This email address is being protected from spambots. You need JavaScript enabled to view it.
    ਅਣਖ ਤੇ ਸਵੈਮਾਣ ਦੀ ਬਹਾਲੀ ਲਈ ਲਹੂ-ਭਿੱਜਾ ਇਤਿਹਾਸ ਰਚਣ ਵਾਲੇ ਸ਼ਹੀਦ ਸੂਰਮਿਆਂ ਦੀ ਗਾਥਾ ਲਿਖਣ ਲੱਗਿਆਂ ਕਲਮ ਨੂੰ ਵੀ ਦੰਦਲ਼ਾਂ ਪੈਂਦੀਆਂ ਹਨ! ਦਿਲ ਕਰਦਾ ਹੈ ਕਿ ਸ਼ਹਾਦਤਾਂ ਦੀ ਇਬਾਰਤ ਲਿਖਣ ਲਈ, ਰਵਾਇਤੀ ਸ਼ਬਦ ਲਾਂਭੇ ਕਰਕੇ, ਸ਼ਹੀਦੀ ਮਾਰਗ ਦੀ ਪਾਵਨ ਧੂੜ ਵਿਚੋਂ ਸੁੱਚੇ ਮੋਤੀਆਂ ਜਿਹੇ ਅਣਛੋਹੇ ਸ਼ਬਦ ਲਿਆ ਕੇ, ਸਿਰਲੱਥ ਯੋਧਿਆਂ ਦ ਦਾਸਤਾਨ ਲਿਖੀ ਜਾਵੇ। ਬੇਸ਼ੱਕ ਸ਼ਹੀਦੀ ਦਾ ਸੰਕਲਪ ਇਸਲਾਮਿਕ ਪਰੰਪਰਾ ਦੀ ਗੋਦ ਵਿਚੋਂ ਆਇਆ ਹੈ ਪਰ ਸਿੱਖ ਧਰਮ ਨੇ ਸ਼ਹਾਦਤਾਂ ਦਾ ਇੱਕ ਅਦੁੱਤੀ ਇਤਿਹਾਸ ਸਿਰਜ ਕੇ ਦਿਖਾਇਆ ਕਿ ਪੱਤਝੜਾਂ ਭਾਵੇਂ ਜਿੰਨੀਆਂ ਮਰਜ਼ੀ ਜ਼ਾਲਮ ਹੋਣ, ਪਰ ਬਗ਼ਾਵਤ ਦੇ ਬੀਜ਼ ਉੱਗ ਹੀ ਪੈਂਦੇ ਨੇ। ਸ਼ਹੀਦ ਇਹ ਅਗਮ-ਨਿਗਮ ਦੀ ਗੱਲ ਜਾਣਦਾ ਹੁੰਦਾ ਹੈ ਕਿ ਪਤਝੜ ਦੇ ਹਰ ਉਦਾਸ ਬੁੱਲੇ ਵਿਚ ਬਹਾਰ ਦਾ ਸੁਨੇਹਾ ਵੀ ਲੁਕਿਆ ਹੁੰਦਾ ਹੈ। ਕਹਿੰਦੇ ਨੇ ਜਾਨ ਦੀ ਬਾਜ਼ੀ ਲਾਉਣ ਲੱਗਿਆਂ ਸ਼ਹੀਦ ਨੂੰ ਵਿਉਂਤਾਂ ਲੱਭਣ ਜਾਂ ਜਿਊਣ ਲਈ ਆਸਰੇ ਭਾਲਣ ਕੋਈ ਲੋੜ ਨਹੀਂ ਹੁੰਦੀ। ਉਹ ਮਿਸ਼ਨ ਪ੍ਰਤੀ ਨੱਕ ਦੇ ਸੇਧੇ ਤੁਰਿਆ ਜਾਂਦਾ ਹੈ।

    ਬਠਿੰਡਾ - ਅਕਾਲ ਤਖ਼ਤ ਦੇ ਮੌਜੂਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਦੀਵਾਲੀ ਤੋਂ ਪਹਿਲਾਂ ਬਦਲਿਆ ਜਾਣਾ ਤੈਅ ਹੈ। ਸ਼੍ਰੋਮਣੀ ਅਕਾਲੀ ਦਲ ਨੇ ਅੰਦਰੋਂ ਅੰਦਰੀ ਨਵੇਂ ਜਥੇਦਾਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇੱਧਰ ਗਿਆਨੀ ਗੁਰਬਚਨ ਸਿੰਘ ਨੇ ਵੀ ਅਹੁਦਾ ਛੱਡਣ ਦੀ ਤਿਆਰੀ ਵਿੱਢ ਦਿੱਤੀ ਹੈ ਅਤੇ ਅੰਦਰਖਾਤੇ ਅਹੁਦਾ ਛੱਡਣ ਦੀ ਪੇਸ਼ਕਸ਼ ਵੀ ਲੀਡਰਸ਼ਿਪ ਕੋਲ ਕਰ ਦਿੱਤੀ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭਰੋਸੇਮੰਦ ਜਥੇਦਾਰ ਲੱਭਣ ਵਿਚ ਕੁੱਝ ਮੁਸ਼ਕਲਾਂ ਆ ਰਹੀਆਂ ਹਨ। ਸੀਨੀਅਰ ਅਕਾਲੀ ਲੀਡਰਸ਼ਿਪ ਵੱਲੋਂ ਕਈ ਨਾਮ ਜਥੇਦਾਰ ਦੇ ਅਹੁਦੇ ਲਈ ਸੁਝਾਏ ਵੀ ਗਏ ਹਨ ਪ੍ਰੰਤੂ ਹਾਲੇ ਬਾਦਲ ਪਰਿਵਾਰ ਨੂੰ ਕੋਈ ਢੁਕਵਾਂ ਨਾਮ ਫਿੱਟ ਨਹੀਂ ਬੈਠ ਰਿਹਾ ਹੈ। ਭਾਵੇਂ ਸ਼੍ਰੋਮਣੀ ਕਮੇਟੀ ਵੱਲੋਂ ਨਵੇਂ ਜਥੇਦਾਰ ਦੀ ਨਿਯੁਕਤੀ ਕੀਤੀ ਜਾਣੀ ਹੈ ਪ੍ਰੰਤੂ ਬਾਦਲ ਪਰਿਵਾਰ ਨਵੇਂ ਜਥੇਦਾਰ ਦੀ ਤਲਾਸ਼ ਵਿਚ ਜੁਟਿਆ ਹੋਇਆ ਹੈ। ਸੂਤਰਾਂ ਅਨੁਸਾਰ ਕਈ ਗਰਮ ਸੁਰ ਵਾਲੇ ਨਾਮ ਵੀ ਸਾਹਮਣੇ ਆਏ ਸਨ ਪ੍ਰੰਤੂ ਉਨ੍ਹਾਂ ਤੋਂ ਬਾਦਲ ਪਰਿਵਾਰ ਤ੍ਰਭਕਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਮੁੱਦੇ ‘ਤੇ ਲੱਗੀ ਸਿਆਸੀ ਸੱਟ ਮਗਰੋਂ ਬਾਦਲ ਪਰਿਵਾਰ ਹੁਣ ਅਜਿਹੀ ਸ਼ਖ਼ਸੀਅਤ ਦੀ ਤਲਾਸ਼ ਵਿੱਚ ਹੈ ਜਿਸ ਨਾਲ ਪੁਰਾਣੇ ਦਾਗ਼ ਵੀ ਧੋਤੇ ਜਾ ਸਕਣ। ਏਦਾਂ ਦੇ ਸ਼ਖ਼ਸੀਅਤ ’ਤੇ ਵੀ ਨਜ਼ਰ ਮਾਰੀ ਜਾ ਰਹੀ ਹੈ ਜੋ ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਵਿਚ ਵੀ ਪ੍ਰਵਾਨਿਤ ਹੋਵੇ। ਅਹਿਮ ਸੂਤਰ ਦੱਸਦੇ ਹਨ ਕਿ ਜੇ ਸ਼੍ਰੋਮਣੀ ਅਕਾਲੀ ਦਲ ਨੂੰ ਤਲਾਸ਼ ਵਿਚ ਕਾਮਯਾਬੀ ਮਿਲੀ ਤਾਂ ਐਤਕੀਂ ਬੰਦੀ ਛੋੜ ਦਿਵਸ ਮੌਕੇ ਕੌਮ ਦੇ ਨਾਮ ਸੰਦੇਸ਼ ਨਵਾਂ ਜਥੇਦਾਰ ਦੇਵੇਗਾ। ਜਥੇਦਾਰ ਗਿਆਨੀ ਗੁਰਬਚਨ ਸਿੰਘ ਸਭ ਤੋਂ ਵੱਧ ਉਦੋਂ ਵਿਵਾਦਾਂ ਵਿਚ ਆਏ ਜਦੋਂ ਉਨ੍ਹਾਂ ਨੇ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇ ਦਿੱਤੀ ਸੀ। ਉਨ੍ਹਾਂ ’ਤੇ ਸਭ ਤੋਂ ਵੱਧ ਇਲਜ਼ਾਮ ਇਹੋ ਹਨ ਕਿ ਉਨ੍ਹਾਂ ਨੇ ਸਿਆਸੀ ਦਬਾਅ ਹੇਠ ਕੰਮ ਕੀਤਾ ਅਤੇ ਅਕਾਲ ਤਖ਼ਤ ਦੀ ਮਰਿਆਦਾ ਦਾ ਵੀ ਖ਼ਿਆਲ ਨਹੀਂ ਕੀਤਾ।
    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਕਹਿਣਾ ਸੀ ਕਿ ਏਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਅਗਰ ਜਥੇਦਾਰ ਅਸਤੀਫ਼ੇ ਸਬੰਧੀ ਕੋਈ ਗੱਲ ਰੱਖਣਗੇ ਤਾਂ ਉਸ ’ਤੇ ਵਿਚਾਰ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਲੌਂਗੋਵਾਲ ਨੇ ਬੀਤੇ ਕੱਲ੍ਹ ਹੀ ਜਥੇਦਾਰ ਨੂੰ ਨਾ ਤਬਦੀਲ ਕੀਤੇ ਜਾਣ ਬਾਰੇ ਆਖਿਆ ਸੀ।
    ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਿਹਤ ਹੁਣ ਠੀਕ ਨਹੀਂ ਰਹਿੰਦੀ ਹੈ ਜਿਸ ਕਰਕੇ ਉਹ ਖ਼ੁਦ ਹੀ ਜਥੇਦਾਰੀ ਦੀ ਸੇਵਾ ਤੋਂ ਮੁਕਤ ਹੋਣਾ ਚਾਹੁੰਦੇ ਹਨ।

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com