ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਅੰਮ੍ਰਿਤਸਰ - ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੇ ਅਕਾਲ ਚਲਾਣੇ ਮਗਰੋਂ ਸ਼੍ਰੋਮਣੀ ਕਮੇਟੀ ਨੇ ਸ਼ੋਕ ਸਭਾ ਕੀਤੀ ਅਤੇ ਅੱਧਾ ਦਿਨ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਬੰਦ ਰੱਖੇ। ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਧਾਰਮਿਕ ਸ਼ਖ਼ਸੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਗਿਆਨੀ ਪੂਰਨ ਸਿੰਘ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ ਅਤੇ ਅੱਜ ਸਵੇਰੇ ਉਹ ਅਕਾਲ ਚਲਾਣਾ ਕਰ ਗਏ। ਉਹ ਲੰਮਾ ਸਮਾਂ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਅਤੇ ਮੁੱਖ ਗ੍ਰੰਥੀ ਵੀ ਰਹੇ।
  ਉਨ੍ਹਾਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਹੁੰਦਿਆਂ ਮੱਧ ਪ੍ਰਦੇਸ਼ ਦੇ ਸ਼ਹਿਰ ਗੁਣਾ ਤੋਂ ਇੱਕ ਹੁਕਮਨਾਮਾ ਜਾਰੀ ਕਰਕੇ ਸ਼੍ਰੋਮਣੀ ਕਮੇਟੀ ਦੀ ਤਤਕਾਲੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਪੰਥ ਵਿਚੋਂ ਛੇਕਣ ਦਾ ਐਲਾਨ ਕੀਤਾ ਸੀ। ਮਗਰੋਂ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਉਨ੍ਹਾਂ ਨੂੰ ਜਥੇਦਾਰ ਦੇ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਸੀ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਉੱਚੇ ਸੁੱਚੇ ਜੀਵਨ, ਮਿੱਠ-ਬੋਲੜੇ, ਸਾਧੂ ਸੁਭਾਅ ਅਤੇ ਧਾਰਮਿਕ ਬਿਰਤੀ ਦੇ ਮਾਲਕ ਸਨ। ਉਨ੍ਹਾਂ ਸਾਰਾ ਜੀਵਨ ਗੁਰਮਤਿ ਅਨੁਸਾਰ ਬਤੀਤ ਕੀਤਾ। ਉਨ੍ਹਾਂ ਦਾ ਵਿਛੋੜਾ ਪਰਿਵਾਰ ਲਈ ਅਸਹਿ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਮਨਜੀਤ ਸਿੰਘ, ਬਲਵਿੰਦਰ ਸਿੰਘ ਜੌੜਾਸਿੰਘ, ਮਹਿੰਦਰ ਸਿੰਘ ਆਹਲੀ, ਅਵਤਾਰ ਸਿੰਘ ਸੈਂਪਲਾ ਤੇ ਹੋਰਨਾਂ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ।
  ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਇਸ ਸਬੰਧੀ ਇਕ ਸ਼ੋਕ ਸਭਾ ਕੀਤੀ ਗਈ। ਸਮੂਹ ਮੁਲਾਜ਼ਮਾਂ ਵੱਲੋਂ ਮੂਲ ਮੰਤਰ ਅਤੇ ਗੁਰ ਮੰਤਰ ਦਾ ਜਾਪ ਕਰਕੇ ਵਿਛੜੀ ਰੂਹ ਨੂੰ ਸ਼ਰਧਾ ਭੇਟ ਕਰਦਿਆਂ ਅਰਦਾਸ ਕੀਤੀ ਗਈ। ਉਪਰੰਤ ਸੋਗ ਵਜੋਂ ਅੱਧਾ ਦਿਨ ਵਾਸਤੇ ਸ਼੍ਰੋਮਣੀ ਕਮੇਟੀ ਦੇ ਦਫਤਰ ਬੰਦ ਰੱਖੇ ਗਏ।

  - ਬੱਬੂ ਤੀਰ
  ਬਹੁਤ ਸਾਰੇ ਜਜ਼ਬੇ ਜ਼ਹਿਨ ਅੰਦਰ ਅੱਧ ਜਾਗਦੇ ਜਿਹੇ ਹੁੰਦੇ ਹਨ। ਕੋਈ ਹਵਾ ਤੇਜ਼ ਹੁੰਦਿਆਂ ਉਨ੍ਹਾਂ ਦੀ ਸੁਸਤੀ ਲਾਹ ਸੁੱਟਦੀ ਹੈ। ਫਿਰ ਉਹ ਜਾਗਰੂਕ ਹੋ ਕੇ ਮਨ ਨੂੰ ਝਿੰਜੋੜ ਦਿੰਦੇ ਹਨ ਕਿ ਮਨਾਂ ਚੁੱਪ ਕਿਉਂ ਅਖ਼ਤਿਆਰ ਕੀਤੀ? ਕੁਝ ਕਿਹਾ ਹੁੰਦਾ ਵੇਲੇ ਸਿਰ। ਸ਼ਾਇਦ ਗੱਲ ਕਹਿਣ ਦਾ ਵੇਲਾ ਆ ਗਿਆ ਹੈ। ਤਿੰਨ ਕੁ ਦਹਾਕੇ ਪਹਿਲਾਂ ਮੈਂ ਅੰਗਰੇਜ਼ੀ ਦੇ ਮਕਬੂਲ ਅਖ਼ਬਾਰਾਂ ਦੀ ਦੁਨੀਆ ਵਿਚੋਂ ਡਰਦੇ-ਡਰਦੇ ਪੰਜਾਬੀ ਦੇ ਅਖ਼ਬਾਰਾਂ ਦੀ ਦੁਨੀਆ ਵਿਚ ਪੈਰ ਧਰਿਆ। ਡਰਨ ਦੀ ਵਜ੍ਹਾ ਇਹ ਸੀ ਕਿ ਇਸ ਦੁਨੀਆ ਵਿਚ ਅਨੇਕਾਂ ਬਾਬਾ ਬੋਹੜ ਬਿਰਾਜਮਾਨ ਸਨ, ਜਿਨ੍ਹਾਂ ਦੇ ਸਨਮੁੱਖ ਮੇਰੀ ਗੱਲ ਦਾ ਕੱਦ ਛੋਟਾ ਹੀ ਰਹਿਣਾ ਸੀ। ਭਾਸ਼ਾ 'ਤੇ ਲਿਖਤੀ ਪਕੜ ਘੱਟ ਸੀ ਪਰ ਬੋਲਣ ਵੇਲੇ ਪੂਰਾ ਹੌਸਲਾ ਰਹਿੰਦਾ। ਸੋ, ਜਜ਼ਬਾਤੀ ਜ਼ਿੰਮੇਵਾਰੀ ਸਮਝਦਿਆਂ ਕਿ ਇਹ ਤਖੱਲਸ ਇਸ ਭਾਸ਼ਾ ਦੀ ਅਮਾਨਤ ਤੇ ਬਦੌਲਤ ਹੈ, ਪੈਰ ਪੁੱਟ ਲਿਆ। ਇਹ ਸ਼ਾਇਦ ਜ਼ਿੰਦਗੀ ਦਾ ਸਭ ਤੋਂ ਸਿਆਣਾ ਫ਼ੈਸਲਾ ਸੀ। ਨਹੀਂ ਤਾਂ ਸਾਰੀ ਉਮਰ ਪਛਤਾਵਾ ਰਹਿਣਾ ਸੀ ਕਿ ਆਪਣੇ ਲੋਕਾਂ ਨਾਲ ਆਪਣੀ ਭਾਸ਼ਾ ਵਿਚ ਕੋਈ ਗੱਲ ਨਹੀਂ ਕੀਤੀ। ਅੱਜ ਜਿਹੜਾ ਵਿਵਾਦ ਛਿੜਿਆ ਹੈ, ਉਸ ਨੇ ਹਰ ਮਨ ਅੰਦਰ ਸਵਾਲ ਪੈਦਾ ਕਰ ਦਿੱਤਾ। ਦਰਅਸਲ, ਸੰਵਿਧਾਨ 22 ਭਾਸ਼ਾਵਾਂ ਨੂੰ ਮਾਨਤਾ ਦਿੰਦਾ ਹੈ। 24 ਭਾਸ਼ਾਵਾਂ 'ਚ ਤਾਂ ਲੇਖਕ ਸਾਹਿਤਕ ਪੁਰਸਕਾਰ ਪ੍ਰਾਪਤ ਕਰਦੇ ਹਨ। ਜਿਸ ਭਾਸ਼ਾ 'ਚ ਤੁਸੀਂ ਆਪਣੀ ਮਾਂ ਤੋਂ ਝਿੜਕਾਂ ਤੇ ਲਾਡ ਪ੍ਰਾਪਤ ਕੀਤਾ, ਜਿਸ ਭਾਸ਼ਾ ਵਿਚ ਤੁਸੀਂ ਆਪਣੇ ਰਿਸ਼ਤੇ-ਨਾਤੇ ਸਾਂਭਣੇ ਸਿੱਖੇ, ਜਿਸ ਭਾਸ਼ਾ ਵਿਚ ਤੁਸੀਂ ਇਸ਼ਕ ਕੀਤਾ, ਉਹ ਅੱਜ ਦਰਜਾ ਗੁਆ ਬੈਠੇ ਤਾਂ ਕੀ ਅਸੀਂ ਅੱਧੇ-ਅਧੂਰੇ ਜਿਹੇ ਨਹੀਂ ਹੋ ਜਾਵਾਂਗੇ? ਰਾਬਿੰਦਰ ਨਾਥ ਟੈਗੋਰ ਨੇ ਆਪਣੀ ਮਾਂ-ਬੋਲੀ ਵਿਚ ਵਿਸ਼ਵ ਪ੍ਰਸਿੱਧ ਸਾਹਿਤ ਰਚਿਆ। ਤਰਜਮਾ ਕਈ ਭਾਸ਼ਾਵਾਂ ਵਿਚ ਹੋਇਆ। ਉਹ ਵੱਖਰੀ ਗੱਲ ਹੈ ਪਰ ਆਪਣੀ ਭਾਸ਼ਾ ਤੋਂ ਇਲਾਵਾ ਉਹ ਕਿਸੇ ਭਾਸ਼ਾ ਵਿਚ 'ਕਾਬਲੀਵਾਲੇ' ਜਿਹੀ ਕਹਾਣੀ ਨਾਲ ਇਨਸਾਫ਼ ਨਹੀਂ ਸੀ ਕਰ ਸਕਦੇ। ਜਜ਼ਬਾਤ ਤੁਹਾਡੇ ਅੰਦਰੂਨੀ ਅਹਿਸਾਸ ਦਾ ਤਰਜਮਾ ਹੁੰਦੇ ਹਨ। ਜੇਕਰ ਕਿਸੇ ਨੂੰ ਆਖੋ, ਤੂੰ ਲੜ ਆਪਣੀ ਪੂਰੀ ਭੜਾਸ ਕੱਢ ਤਾਂ ਉਹ ਆਪਣੀ ਮਾਂ-ਬੋਲੀ ਤੋਂ ਇਲਾਵਾ ਕਿਸੇ ਭਾਸ਼ਾ 'ਚ ਨਹੀਂ ਕੱਢ ਸਕੇਗਾ। ਆਪਣੇ ਇਕ ਵੇਲੇ ਦੇ ਮੁੱਖ ਮੰਤਰੀ ਸਾਹਿਬ, ਹਰ ਗੱਲ ਦੀ ਤਹਿ ਤੱਕ ਪਹੁੰਚਦੇ ਸਨ ਤੇ ਪਰਖਦੇ ਸਨ ਕਿ ਉਨ੍ਹਾਂ ਦੀਆਂ ਹਦਾਇਤਾਂ ਦਾ ਪਾਲਣ ਹੋਇਆ ਕਿ ਨਹੀਂ। ਇਕ ਸੀਨੀਅਰ ਅਫ਼ਸਰ ਦੂਜੇ ਪ੍ਰਾਂਤ ਤੋਂ ਡੈਪੂਟੇਸ਼ਨ 'ਤੇ ਪੰਜਾਬ ਆਇਆ। ਮਾਮਲਾ ਨਹਿਰਾਂ ਦੇ ਪ੍ਰਾਜੈਕਟ ਦਾ ਸੀ। ਮੁੱਖ ਮੰਤਰੀ ਸਾਹਿਬ ਨੇ ਆਦੇਸ਼ ਦਿੱਤਾ ਕਿ ਹੜ੍ਹ ਵਾਲੀ ਸਥਿਤੀ ਨਹੀਂ ਬਣਨੀ ਚਾਹੀਦੀ, ਕੁਝ ਅਜਿਹੀ ਵਿਉਂਤ ਬਣਾਓ। ਅਫ਼ਸਰ ਸਾਹਿਬ ਤਜਰਬੇ ਕਰਨ ਲੱਗ ਪਏ ਤੇ ਇਕ ਬੰਨ੍ਹ ਨਰਮ ਪੈ ਗਿਆ। ਮੁੱਖ ਮੰਤਰੀ ਸਾਹਿਬ ਨੇ ਉਹਨੂੰ ਸੱਦ ਲਿਆ। ਪੰਜ ਕੁ ਮਿੰਟਾਂ ਮਗਰੋਂ ਹੀ ਵਾਪਸ ਭੇਜ ਦਿੱਤਾ। ਸਲਾਹਕਾਰ ਪੁੱਛਣ ਲੱਗੇ, 'ਸਰ ਤੁਸੀਂ ਗੱਲ ਕਰ ਲਈ ਹੁਣ ਕੋਈ ਕਾਰਵਾਈ ਪਾਉਣ ਦੀ ਲੋੜ ਹੈ?' ਮੁੱਖ ਮੰਤਰੀ ਸਾਹਿਬ ਕਹਿੰਦੇ, 'ਕੋਈ ਸਵਾਦ ਨਹੀਂ ਆਇਆ ਗੱਲ ਕਰਨ ਦਾ। ਮੈਨੂੰ ਅੰਗਰੇਜ਼ੀ 'ਚ ਲਾਹ-ਪੱਤ ਕਰਨੀ ਨਾ ਆਵੇ ਤੇ ਉਹਦੇ ਪੱਲੇ ਪੰਜਾਬੀ ਦਾ ਕੋਈ ਕੌੜਾ ਲਫ਼ਜ਼ ਨਾ ਪਵੇ।' ਸੋ, ਮਸਲਾ ਇਹ ਵੀ ਰਹਿੰਦਾ ਹੈ ਕਿ ਤੁਸੀਂ ਗੱਲਾਂ ਨਾਲ ਪੁੱਲ ਬੰਨ੍ਹ ਸਕਦੇ ਹੋ ਕਿ ਨਹੀਂ।
  ਆਮ ਤੌਰ 'ਤੇ ਬਾਹਰਲੇ ਮੁਲਕਾਂ ਵਿਚ ਲੋਕ ਆਪਣੀ ਬੋਲੀ ਸਾਂਭਣ ਦੀ ਲੋੜ ਇਸ ਕਰਕੇ ਵੀ ਮਹਿਸੂਸ ਕਰਦੇ ਹਨ, ਕਿਉਂਕਿ ਜੜ੍ਹਾਂ ਤੋਂ ਉੱਖੜੇ ਬੂਟੇ ਸੁੱਕ ਜਾਂਦੇ ਹਨ। ਜੇ ਉਨ੍ਹਾਂ ਮੁਲਕਾਂ ਦੇ ਬਹੁਭਾਸ਼ਾਈ ਤੇ ਬਹੁ-ਸੱਭਿਅਕ ਮਾਹੌਲ ਵਿਚ ਪੰਜਾਬੀ ਦਾ ਝੰਡਾ ਝੁਲਦਾ ਰੱਖਿਆ ਜਾ ਸਕਦਾ ਹੈ ਤਾਂ ਸੱਜਣੋ, ਇਹ ਤਾਂ ਆਪਣਾ ਘਰ ਹੈ। ਇਥੇ ਬੱਚਿਆਂ ਨੂੰ ਉਨ੍ਹਾਂ ਦੇ ਵਿਰਸੇ ਨਾਲ ਜੋੜ ਕੇ ਰੱਖੀਏ। ਕੋਸ਼ਿਸ਼ ਕਰੀਏ ਕਿ ਘਰਾਂ ਵਿਚ ਪੰਜਾਬੀ ਹੀ ਬੋਲੀ ਜਾਵੇ। ਬਾਹਰ 10 ਭਾਸ਼ਾਵਾਂ ਸਿੱਖਣਾ ਕੋਈ ਮਾੜੀ ਗੱਲ ਨਹੀਂ ਪਰ ਇਹ ਕੋਈ ਰਿਵਾਜ ਨਹੀਂ ਕਿ ਆਪਣੀ ਬੋਲੀ ਨੂੰ ਬੇਪਛਾਣ ਕਰ ਛੱਡੀਏ। ਗੱਲ ਦੇ ਵਿਚ ਵਜ਼ਨ ਹੋਵੇ ਤਾਂ ਉਸ ਗੱਲ ਨੂੰ ਸੁਣਨ-ਸਮਝਣ ਉਹ ਵੀ ਆਉਂਦੇ ਹਨ ਜਿਹੜੇ ਤੁਹਾਡੀ ਭਾਸ਼ਾ ਤੋਂ ਨਾਵਾਕਫ਼ ਹਨ। ਜੇਕਰ ਕਹਿਣ ਨੂੰ ਹੌਲੇ ਬੋਲ ਹਨ ਤੇ ਭਾਸ਼ਾ ਫਿਰੰਗੀ ਵੀ ਹੈ ਤਾਂ ਉਸ ਦਾ ਮੁੱਲ ਕਿਤੇ ਨਹੀਂ ਪੈਣਾ। ਜਦੋਂ ਤੁਸੀਂ ਸੂਬਾ ਪੱਧਰ ਦਾ ਜਾਂ ਰਾਜਸੀ ਪੱਧਰ ਦਾ ਇਮਤਿਹਾਨ ਦੇਣ ਜਾਂਦੇ ਹੋ ਤਾਂ ਵੀ ਤੁਹਾਡੀ ਕਾਬਲੀਅਤ ਤੁਹਾਡੀ ਜਾਣਕਾਰੀ ਤੋਂ ਪਰਖੀ ਜਾਂਦੀ ਹੈ। ਤੁਹਾਡੇ ਜਵਾਬ, ਤੁਹਾਡੀ ਸ਼ੈਲੀ, ਤੁਹਾਡੀ ਸਮਝ ਦਾ ਸਬੂਤ ਹੁੰਦੀ ਹੈ। ਤੁਸੀਂ ਉਸੇ ਭਾਸ਼ਾ ਵਿਚ ਗੱਲ ਖੁੱਲ੍ਹ ਕੇ ਕਰ ਸਕਦੇ ਹੋ, ਜਿਸ ਦੇ ਲਫ਼ਜ਼ ਤੁਹਾਥੋਂ ਖਹਿੜਾ ਛੁਡਾ ਕੇ ਨਾ ਭੱਜਣ। ਜਿਹੜੇ ਤੁਹਾਡੇ ਮੂੰਹ ਚੜ੍ਹੇ ਹੋਣ ਤੇ ਜੇਕਰ ਤੁਸੀਂ ਆਪਣੀ ਭਾਸ਼ਾ ਆਪਣੀ ਗੁਫ਼ਤਗੂ ਨਾਲ ਸਾਂਭ ਲਈ, ਆਪਣੇ ਗੀਤਾਂ ਵਿਚ ਸਾਂਭ ਲਈ, ਆਪਣੇ ਫ਼ਲਸਫ਼ੇ ਵਿਚ ਸਾਂਭ ਲਈ ਤਾਂ ਇਹ ਕਿਤੇ ਨਹੀਂ ਗੁਆਚਦੀ। ਇਸ ਖ਼ਾਤਰ ਘਰ-ਘਰ ਦੀਵਾ ਇਲਮ ਦਾ ਜਗਣਾ ਜ਼ਰੂਰੀ ਹੈ। ਇਸ ਨੂੰ ਬਚਾਉਣ ਤੇ ਅੱਗੇ ਵਧਾਉਣ ਲਈ ਇਸ ਦੇ ਬੱਚੇ ਹੱਠ ਕਰਨ ਤਾਂ ਗੱਲ ਬਣੇ। ਕਾਫ਼ਲੇ ਜਿਥੋਂ ਦੀ ਹੋ ਕੇ ਲੰਘਦੇ ਹਨ, ਉਥੇ ਇਕ ਦੀਵਾ ਬਲਦਾ ਛੱਡ ਦਿੰਦੇ ਹਨ, ਨਿਸ਼ਾਨੀ ਦੇ ਰੂਪ ਵਿਚ। ਪੰਜਾਬੀਓ, ਵੇਖਿਓ ਕਿਤੇ ਤੁਹਾਡੀ ਹੋਂਦ ਦਾ ਸਬੂਤ, ਤੁਹਾਡਾ ਚਾਨਣ ਕਿਤੇ ਮੱਠਾ ਨਾ ਪੈ ਜਾਵੇ। ਇਸ ਨੂੰ ਦੋਵੇਂ ਹੱਥੀਂ ਸਾਂਭੋ ਤੇ ਇਸ ਨਾਲ ਜੱਗ ਨੂੰ ਰੁਸ਼ਨਾਵੋ।

  ਅੰਮਿ੍ਤਸਰ - ਆਪਣੇ ਇਕ ਗੀਤ 'ਚ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਤੇ ਸਿੱਖ ਪੰਥ ਤੇ ਸਿੱਖ ਸੰਸਥਾਵਾਂ ਦੇ ਤਿੱਖੇ ਰੋਹ ਦਾ ਸਾਹਮਣਾ ਕਰ ਰਹੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਕ ਪੱਤਰ ਭੇਜ ਕੇ ਖਿਮਾ ਯਾਚਨਾ ਦੀ ਇੱਛਾ ਪ੍ਰਗਟ ਕੀਤੀ ਹੈ | ਵੇਰਵਿਆਂ ਅਨੁਸਾਰ ਸਿੱਧੂ ਮੂਸੇਵਾਲਾ, ਜੋ ਇਨੀਂ ਦਿਨੀਂ ਵਿਦੇਸ਼ 'ਚ ਰਹਿ ਰਿਹਾ ਹੈ, ਨੇ ਅਕਾਲ ਤਖ਼ਤ ਸਕੱਤਰੇਤ ਵਿਖੇ ਈ.ਮੇਲ ਰਾਹੀਂ ਭੇਜੇ ਖਿਮਾ ਯਾਚਨਾ ਪੱਤਰ 'ਚ ਨਵੰਬਰ ਮਹੀਨੇ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਹੋਣ ਦੀ ਪੇਸ਼ਕਸ਼ ਕੀਤੀ ਹੈ | ਮੂਸੇਵਾਲਾ ਦੇ ਗੀਤ ਦੇ ਵਿਰੋਧ 'ਚ ਸ਼ੋ੍ਰਮਣੀ ਕਮੇਟੀ ਵਲੋਂ ਬੀਤੀ 22 ਸਤੰਬਰ ਨੂੰ ਪੁਲਿਸ ਕਮਿਸ਼ਨਰ ਅੰਮਿ੍ਤਸਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਉਸ ਖਿਲਾਫ ਸਿੱਖ ਭਾਵਨਾਵਾਂ ਨੂੰ ਠੇਸ ਪਹੁੁੰਚਾਉਣ ਲਈ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ | ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਸੰਪਰਕ ਕਰਨ 'ਤੇ ਪਤਾ ਲੱਗਾ ਕਿ ਸਿੱਧੂ ਮੂਸੇਵਾਲਾ ਦਾ ਪੱਤਰ ਈ.ਮੇਲ ਦੁਆਰਾ ਮਿਲਿਆ ਹੈ, ਪਰ ਉਸ ਨੂੰ ਤਲਬ ਕਰਨ ਜਾਂ ਨਾ ਕਰਨ ਬਾਰੇ ਫੈਸਲਾ ਸਿੰਘ ਸਾਹਿਬ ਦੇ ਵਿਦੇਸ਼ ਦੌਰੇ ਤੋਂ ਪਰਤਣ 'ਤੇ ਹੀ ਕੀਤਾ ਜਾਵੇਗਾ |

  ਲਹਿਰਾਗਾਗਾ - ਸਾਬਕਾ ਮੁੱਖ ਮੰਤਰੀ ਤੇ ਪੰਜਾਬ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਨੇ ਇੱਥੇ ਨਗਰ ਕੌਂਸਲ ਲਈ ਲਿਆਂਦੀਆਂ ਨਵੀਆਂ ਸਫ਼ਾਈ ਰੇਹੜੀਆਂ ਦਾ ਉਦਘਾਟਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦਾ ‘ਇੱਕ ਦੇਸ਼ ਇੱਕ ਭਾਸ਼ਾ’ ਦਾ ਸੰਕਲਪ ਮੁਲਕ ਲਈ ਖ਼ਤਰਨਾਕ ਰੁਝਾਨ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਾਰੀਆਂ ਭਾਸ਼ਾਵਾਂ ਸਿੱਖਣੀਆਂ ਜ਼ਰੂਰੀ ਹਨ ਪਰ ਮਾਂ ਬੋਲੀ ਨੂੰ ਨਹੀਂ ਭੁਲਾਇਆ ਜਾ ਸਕਦਾ। ਬੀਬੀ ਭੱਠਲ ਨੇ ਕਿਹਾ ਕਿ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਨਾਲ ਦੇਸ਼ ਵਿਚ ਫ਼ਿਰਕੂਵਾਦ ਵਧਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਪ ਚੋਣਾਂ ’ਚ ਕਾਂਗਰਸ ਪੂਰਨ ਜਿੱਤ ਹਾਸਲ ਕਰ ਕੇ ਅਕਾਲੀ ਦਲ ਅਤੇ ਭਾਜਪਾ ਨੂੰ ਸਬਕ ਸਿਖਾਏਗੀ। ਉਹ ਹਾਈ ਕਮਾਂਡ ਦੀ ਹਦਾਇਤ ’ਤੇ ਸੂਬੇ ਤੋਂ ਬਾਹਰ ਜਾ ਕੇ ਵੀ ਪਾਰਟੀ ਦਾ ਪ੍ਰਚਾਰ ਕਰਨਗੇ।

  ਪਟਿਆਲਾ - ਗੁਰਦਾਸ ਮਾਨ ਭਾਸ਼ਾਈ ਮੁੱਦੇ ਮਗਰੋਂ ਹੁਣ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿਚ ਘਿਰ ਗਿਆ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ‘ਸੇਖੋਂ’ ਦੇ ਪ੍ਰਧਾਨ ਡਾ. ਤੇਜਵੰਤ ਮਾਨ ਤੇ ਸਰਪ੍ਰਸਤ ਡਾ. ਸਵਰਾਜ ਸਿੰਘ ਨੇ ਕਿਹਾ ਕਿ ਗੁਰਦਾਸ ਮਾਨ ਨੇ ਕੈਨੇਡਾ ਵਿਚ ਇਕ ਲਾਈਵ ਸ਼ੋਅ ਦੌਰਾਨ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦੇ ਸ਼ਬਦ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰ ਕੇ ਜਿੱਥੇ ਗੁਰਬਾਣੀ ਤੇ ਦਸਵੇਂ ਪਾਤਸ਼ਾਹ ਦਾ ਅਪਮਾਨ ਕੀਤਾ ਹੈ, ਉੱਥੇ ਹੀ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਆਗੂਆਂ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਮੰਗ ਕੀਤੀ ਹੈ ਕਿ ਗੁਰਦਾਸ ਮਾਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੱਦ ਕੇ ਸਿੱਖ ਧਰਮ ਦੀਆਂ ਰਵਾਇਤਾਂ ਤੋਂ ਜਾਣੂ ਕਰਵਾਇਆ ਜਾਵੇ। ਸਭਾ ਦੇ ਬੁਲਾਰੇ ਡਾ. ਭਗਵੰਤ ਸਿੰਘ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਨੂੰ ਗੁਰਮਤਿ ਆਸ਼ੇ ਤੇ ਪੰਥਕ ਰਵਾਇਤਾਂ ਦੀ ਤੌਹੀਨ ਕਰ ਰਹੇ ਗੁਰਦਾਸ ਮਾਨ ਵਿਰੁੱਧ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ।
  ਉਨ੍ਹਾਂ ਨੇ ਪੰਥਕ ਤੇ ਸਾਹਿਤਕ ਜਥੇਬੰਦੀਆਂ ਤੋਂ ਇਲਾਵਾ ਜਾਗਦੀ ਜ਼ਮੀਰ ਵਾਲੀਆਂ ਇਨਸਾਫ਼ਪੰਸਦ ਧਿਰਾਂ ਨੂੰ ਇਸ ਮਸਲੇ ’ਤੇ ਡਟ ਕੇ ਅੱਗੇ ਆਉਣ ਦਾ ਸੱਦਾ ਦਿੱਤਾ। ਸਭਾ ਦਾ ਕਹਿਣਾ ਹੈ ਕਿ ਗੁਰਦਾਸ ਮਾਨ ਨੇ ਕੈਨੇਡਾ ਦੇ ਲਾਈਵ ਸ਼ੋਅ ਦੌਰਾਨ ਵਿਰੋਧ ਕਰ ਰਹੇ ਨੌਜਵਾਨਾਂ ਲਈ ਜੋ ਭਾਸ਼ਾ ਵਰਤੀ ਸੀ, ਉਹ ਸ਼ਬਦਾਵਲੀ ਗੁਰਮਤਿ ਆਸ਼ੇ ਅਤੇ ਭਾਰਤੀ ਦਰਸ਼ਨ ਦੇ ਬਿਲਕੁਲ ਵਿਰੁੱਧ ਸੀ। ਅਜਿਹੇ ਵਿਚ ਪੰਜਾਬੀ ਸਾਹਿਤ ਜਗਤ ਨੂੰ ਵੀ ਗੁਰਦਾਸ ਮਾਨ ਦਾ ਬਾਈਕਾਟ ਕਰਨਾ ਚਾਹੀਦਾ ਹੈ।

  ਐਸ.ਏ.ਐਸ. ਨਗਰ (ਮੁਹਾਲੀ) - ਬੇਅਦਬੀ ਮਾਮਲਿਆਂ ਸਬੰਧੀ ਜਾਰੀ ਜਾਂਚ ਤੋਂ ਸੀਬੀਆਈ ਨੇ ਅਚਾਨਕ ਵਧੀਕ ਐੱਸਪੀ ਪੀ. ਚੱਕਰਵਰਤੀ ਨੂੰ ਲਾਂਭੇ ਕਰ ਦਿੱਤਾ ਹੈ। ਹੁਣ ਇਸ ਕੇਸ ਦੀ ਪੈਰਵੀ ਨਵੇਂ ਜਾਂਚ ਅਧਿਕਾਰੀ ਸੀਬੀਆਈ ਦੇ ਵਧੀਕ ਐੱਸਪੀ ਅਨਿਲ ਯਾਦਵ ਕਰਨਗੇ। ਸੀਬੀਆਈ ਨੇ ਇਸ ਕੇਸ ਦੀ ਪਹਿਲਾਂ ਤੋਂ ਜਾਂਚ ਕਰ ਰਹੀ ਸਮੁੱਚੀ ਟੀਮ ਨੂੰ ਹੀ ਬਦਲ ਦਿੱਤਾ ਹੈ ਤੇ ਨਵੀਂ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦਾ ਗਠਨ ਕੀਤਾ ਹੈ।
  ਕਲੋਜ਼ਰ ਰਿਪੋਰਟ ਅਤੇ ਨਵੇਂ ਸਿਰਿਓਂ ਜਾਂਚ ਲਈ ਦਾਇਰ ਅਰਜ਼ੀ ’ਤੇ ਅੱਜ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਸੁਣਵਾਈ ਹੋਈ। ਇਸ ਦੌਰਾਨ ਜਿਵੇਂ ਹੀ ਜੱਜ ਨੇ ਕੇਸ ਦੀ ਸੁਣਵਾਈ ਸ਼ੁਰੂ ਕੀਤੀ ਤਾਂ ਸੀਬੀਆਈ ਦੇ ਵਕੀਲ ਅਤੇ ਵਧੀਕ ਐੱਸਪੀ ਅਨਿਲ ਯਾਦਵ ਨੇ ਅਦਾਲਤ ਨੂੰ ਦੱਸਿਆ ਕਿ ਉਹ ਸੀਬੀਆਈ ਦੇ ਨਵੇਂ ਜਾਂਚ ਅਧਿਕਾਰੀ ਹਨ। ਇਸ ਕੇਸ ਬਾਰੇ ਉਨ੍ਹਾਂ ਨੂੰ ਬਹੁਤੀ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਉਹ ਹੁਣ ਤੱਕ ਦੀ ਪੜਤਾਲ ਤੋਂ ਵਾਕਿਫ਼ ਹਨ। ਇਹੀ ਨਹੀਂ ਉਨ੍ਹਾਂ ਨੂੰ ਪੂਰੇ ਦਸਤਾਵੇਜ਼ ਵੀ ਨਹੀਂ ਮਿਲੇ ਹਨ। ਇਸ ਕਰ ਕੇ ਉਨ੍ਹਾਂ (ਨਵੇਂ ਜਾਂਚ ਅਧਿਕਾਰੀ) ਨੂੰ ਘੱਟੋ-ਘੱਟ ਇਕ ਮਹੀਨੇ ਦੀ ਮੋਹਲਤ ਦਿੱਤੀ ਜਾਵੇ। ਅਦਾਲਤ ਨੇ ਉਨ੍ਹਾਂ ਦੀ ਦਲੀਲ ਸੁਣ ਕੇ ਸੀਬੀਆਈ ਦੇ ਨਵੇਂ ਜਾਂਚ ਅਧਿਕਾਰੀ ਨੂੰ ਆਪਣੇ ਬਿਆਨ ਦਰਜ ਕਰਵਾਉਣ ਲਈ ਕਿਹਾ ਤੇ ਵਧੀਕ ਐੱਸਪੀ ਨੇ ਖੁੱਲ੍ਹੀ ਅਦਾਲਤ ਵਿੱਚ ਜਾਣਕਾਰੀ ਸਬੰਧੀ ਆਪਣੇ ਬਿਆਨ ਦਰਜ ਕਰਵਾਏ। ਅਦਾਲਤ ਨੇ ਕੇਸ ਦੀ ਸੁਣਵਾਈ 30 ਅਕਤੂਬਰ ਤੱਕ ਟਾਲ ਦਿੱਤੀ। ਇਸ ਮੌਕੇ ਤਿੰਨ ਸ਼ਿਕਾਇਤਕਰਤਾ- ਪਿੰਡ ਬਰਗਾੜੀ ਸਥਿਤ ਗੁਰਦੁਆਰੇ ਦੇ ਮੈਨੇਜਰ ਗਿਆਨੀ ਕੁਲਵਿੰਦਰ ਸਿੰਘ, ਸਿੱਖ ਆਗੂ ਰਣਜੀਤ ਸਿੰਘ ਬੁਰਜ ਸਿੰਘ ਵਾਲਾ ਅਤੇ ਗ੍ਰੰਥੀ ਗੋਰਾ ਸਿੰਘ ਅਤੇ ਉਨ੍ਹਾਂ ਦੇ ਵਕੀਲ ਵੀ ਹਾਜ਼ਰ ਸਨ।
  ਰਾਮਪੁਰਾ ਫੂਲ ਤੋਂ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਨੇ ਸੁਣਵਾਈ ਮੌਕੇ ਜੱਜ ਅੱਗੇ ਪੇਸ਼ ਹੋ ਕੇ ਬੇਅਦਬੀ ਕਾਂਡ ਮਾਮਲੇ ਸਬੰਧੀ ਵੱਖ-ਵੱਖ ਪਹਿਲੂਆਂ ’ਤੇ ਚਾਨਣਾ ਪਾਉਂਦਿਆਂ ਜਦ ਆਪਣੀਆਂ ਦਲੀਲਾਂ ਦੇਣੀਆਂ ਸ਼ੁਰੂ ਕੀਤੀਆਂ ਤਾਂ ਜੱਜ ਨੇ ਵਿਚੋਂ ਟੋਕਦਿਆਂ ਕਿਹਾ ਕਿ ਸਮਾਂ ਆਉਣ ’ਤੇ ਉਨ੍ਹਾਂ ਨੂੰ ਆਪਣੀ ਗੱਲ ਕਹਿਣ ਦਾ ਪੂਰਾ ਮੌਕਾ ਦਿੱਤਾ ਜਾਵੇਗਾ।
  ਇਸ ਮੌਕੇ ਸ਼ਿਕਾਇਤਕਰਤਾਵਾਂ ਰਣਜੀਤ ਸਿੰਘ ਬੁਰਜ ਸਿੰਘ ਵਾਲਾ ਅਤੇ ਗ੍ਰੰਥੀ ਗੋਰਾ ਸਿੰਘ ਦੇ ਵਕੀਲ ਨੇ 200 ਪੰਨਿਆਂ ਦਾ ਜਵਾਬ ਦਾਖ਼ਲ ਕਰਦਿਆਂ ਸੀਬੀਆਈ ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨ-ਚਿੰਨ੍ਹ ਲਾਉਂਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਮੁੜ ਤੋਂ ਪੰਜਾਬ ਪੁਲੀਸ ਦੀ ‘ਸਿੱਟ’ ਹਵਾਲੇ ਹੋਣੀ ਚਾਹੀਦੀ ਹੈ। ਉਨ੍ਹਾਂ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਬਾਰੇ ਕਿਹਾ ਕਿ ਉਨ੍ਹਾਂ ਨੂੰ ਸੁਣਵਾਈ ਦੌਰਾਨ ਕੁਝ ਵੀ ਕਹਿਣ ਦਾ ਹੱਕ ਤੇ ਅਧਿਕਾਰ ਨਹੀਂ ਹੈ, ਕਿਉਂਕਿ ਜਦੋਂ ਹੇਠਲੀਆਂ ਅਦਾਲਤਾਂ ਵਿੱਚ ਸੁਣਵਾਈ ਚੱਲ ਰਹੀ ਸੀ ਅਤੇ ਗਵਾਹੀਆਂ ਹੋ ਰਹੀਆਂ ਸਨ ਤਾਂ ਉਦੋਂ ਕੋਈ ਗਵਾਹੀ ਦੇਣ ਲਈ ਅੱਗੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਹੁਣ ਸਿਆਸੀ ਲਾਹਾ ਲੈਣ ਲਈ ਇਹ ਸਭ ਕੀਤਾ ਜਾ ਰਿਹਾ ਹੈ।

  ਆਕਲੈਂਡ - ਨਿਊਜ਼ੀਲੈਂਡ ਵਿੱਚ ਜਨਗਣਨਾ ਅੰਕੜਾ ਜਾਰੀ ਕਰ ਦਿੱਤਾ ਗਿਆ ਹੈ। ਅੰਕੜੇ ਅਨੁਸਾਰ ਨਿਊਜ਼ੀਲੈਂਡ ਬਹੁ-ਸੱਭਿਅਕ ਦੇਸ਼ ਹੈ ਜਿਸ ’ਚ ਤਕਰੀਬਨ 180 ਕੌਮਾਂ ਵਸਦੀਆਂ ਹਨ।
  2018 ਦੀ ਇਸ ਜਨਗਣਨਾ ਅਨੁਸਾਰ ਤਕਰੀਬਨ 48 ਲੱਖ ਦੀ ਆਬਾਦੀ ਵਾਲੇ ਇਸ ਮੁਲਕ ਵਿਚ ਹਰੇਕ ਭਾਈਚਾਰਾ ਪਿਆਰ ਨਾਲ ਵੱਸ ਰਿਹਾ ਹੈ। ਅੰਕੜੇ ਮੁਤਾਬਿਕ ਨਿਊਜ਼ੀਲੈਂਡ ’ਚ ਯੂਰਪੀ ਮੂਲ ਦੇ ਲੋਕਾਂ ਦੀ ਗਿਣਤੀ 30 ਲੱਖ 25 ਹਜ਼ਾਰ 587 ਦੀ ਆਬਾਦੀ ਨਾਲ ਸਭ ਤੋਂ ਪਹਿਲੇ ਨੰਬਰ ’ਤੇ ਹਨ ਜਦੋਂ ਕਿ ਦੂਜਾ ਨੰਬਰ ਸਥਾਨਕ ਮੂਲਵਾਸੀ ਮੌਰੀ ਮੂਲ ਦੇ ਲੋਕਾਂ ਦਾ ਹੈ ਜੋ ਇਸ ਸਾਲ ਦੇ ਨਵੇਂ ਅੰਕੜਿਆਂ ਮੁਤਾਬਿਕ 7 ਲੱਖ 77 ਹਜ਼ਾਰ 195 ਹਨ। ਤੀਜੇ ਨੰਬਰ ’ਤੇ ਚੀਨੀ ਭਾਈਚਾਰੇ ਦੇ ਲੋਕ ਤਕਰੀਬਨ 2 ਲੱਖ 60 ਹਜ਼ਾਰ ਦੀ ਆਬਾਦੀ ਨਾਲ ਬਾਹਰਲੇ ਭਾਈਚਾਰੇ ਵਿੱਚੋਂ ਸਭ ਤੋਂ ਅੱਗੇ ਹਨ। ਇੱਥੇ ਭਾਰਤੀ ਮੂਲ ਦੇ ਦੇ ਲੋਕ ਸਮੂਹਿਕ ਤੌਰ ’ਤੇ 2 ਲੱਖ 44 ਹਜ਼ਾਰ 717 ਦੀ ਆਬਾਦੀ ਨਾਲ ਚੀਨੀ ਮੂਲ ਦੇ ਲੋਕਾਂ ਦੇ ਮੁਕਾਬਲੇ ਵਿਚ ਹਨ। ਜੇਕਰ ਪਾਕਿਸਤਾਨੀ, ਬੰਗਲਾਦੇਸ਼ੀ, ਸ੍ਰੀ ਲੰਕਾ, ਨੇਪਾਲ, ਭੂਟਾਨੀ ਅਤੇ ਅਫਗਾਨੀ ਮੂਲ ਦੇ ਲੋਕਾਂ ਨੂੰ ਆਪਸ ਵਿਚ ਜੋੜ ਕੇ ਦੱਖਣ ਏਸ਼ਿਆਈ ਲੋਕਾਂ ਦੀ ਗਿਣਤੀ ਕੀਤੀ ਜਾਵੇ ਤਾਂ ਤਕਰੀਬਨ ਪੌਣੇ ਤਿੰਨ ਲੱਖ ਦੀ ਗਿਣਤੀ ਨਾਲ ਇਹ ਭਾਈਚਾਰਾ ਨਿਊਜ਼ੀਲੈਂਡ ਵਿਚ ਆਪਣੀ ਵੱਖਰੀ ਪਹਿਚਾਣ ਦਾ ਝੰਡਾ ਲਹਿਰਾਉਂਦਾ ਨਜ਼ਰ ਆ ਰਿਹਾ ਹੈ।
  ਜੇਕਰ ਇਸ ਵਾਰ ਦੀ ਨਿਊਜ਼ੀਲੈਂਡ ਦੀ ਜਨਗਣਨਾ ਦੀ ਮੰਨੀਏ ਤਾਂ ਇਸ ਮੁਲਕ ਵਿਚ ਲੋਕ ਲਗਾਤਾਰ ਧਰਮ ਤੋਂ ਆਪਣਾ ਮੁਖ ਮੋੜਦੇ ਨਜ਼ਰ ਆ ਰਹੇ ਹਨ। ਤਾਜ਼ਾ ਅੰਕੜਿਆਂ ਅਨੁਸਾਰ 48.59 ਫ਼ੀਸਦ ਲੋਕ ਕਿਸੇ ਵੀ ਧਰਮ ਵਿੱਚ ਸ਼ਰਧਾ ਨਹੀਂ ਰੱਖਦੇ। ਇਹ ਅੰਕੜਾ 2013 ਦੀ ਜਨਗਣਨਾ ਤੋਂ ਕਾਫੀ ਤੇਜ਼ੀ ਨਾਲ ਵਧਿਆ ਹੈ। ਦੂਸਰੇ ਪਾਸੇ ਬਾਹਰੋਂ ਆ ਕੇ ਵੱਸਣ ਵਾਲੇ ਪਰਵਾਸੀ ਭਾਈਚਾਰੇ ਦੇ ਆਪਣੇ ਧਰਮਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਵਿਚ ਸਿੱਖ ਭਾਈਚਾਰੇ ਦੀ ਗਿਣਤੀ 40,908, ਮੁਸਲਿਮ ਧਰਮ ਦੇ ਪੈਰੋਕਾਰਾਂ ਦੀ ਗਿਣਤੀ 61,455 ਤੇ ਹਿੰਦੂ ਧਰਮ ਦੇ ਲੋਕਾਂ ਦੀ ਗਿਣਤੀ 1,23,534 ਤੱਕ ਪਹੁੰਚ ਗਈ ਹੈ।

  ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਲਈ ਬਾਦਲ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ ਜਿਸ ਤੋਂ ਬਾਅਦ ਗੋਲੀਬਾਰੀ ਦੀਆਂ ਘਟਨਾਵਾਂ ਵੀ ਵਾਪਰੀਆਂ। ਮੁੱਖ ਮੰਤਰੀ ਵਲੋਂ ਇਕ ਅਖਬਾਰ ਨੂੰ ਦਿੱਤੀ ਇੰਟਰਵਿਊ ਮਗਰੋਂ ਪਾਰਟੀ ਦੇ ਅੰਦਰ ਤੇ ਬਾਹਰ ਉਨ੍ਹਾਂ ਦੀ ਆਲੋਚਨਾ ਹੋ ਰਹੀ ਹੈ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਬਾਦਲਾਂ ਨੂੰ ਬੇਅਦਬੀ ਮਾਮਲੇ ਵਿੱਚ ਕਥਿਤ ਸ਼ਮੂਲੀਅਤ ਸਬੰਧੀ ਕਲੀਨ ਚਿੱਟ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਨੁਕਤੇ ’ਤੇ ਉਨ੍ਹਾਂ ਇਹ ਗੱਲ ਨਹੀਂ ਕਹੀ ਕਿ ਪ੍ਰਕਾਸ਼ ਸਿੰਘ ਬਾਦਲ ਜਾਂ ਉਸ ਦਾ ਪੁੱਤਰ ਸੁਖਬੀਰ ਬੇਅਦਬੀ ਵਿੱਚ ਸ਼ਾਮਲ ਨਹੀਂ ਹਨ। ਭਾਵੇਂ ਬਾਦਲ ਨੇ ਖੁਦ ਉੱਥੇ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਨਹੀਂ ਕੀਤੀ ਸੀ ਪਰ ਇਸ ਮਾਮਲੇ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਨੂੰ ਰੱਦ ਨਹੀਂ ਕੀਤਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਦੋਵੇਂ ਬਾਦਲ ਪਵਿੱਤਰ ਗ੍ਰੰਥ ਦੀ ਬੇਅਦਬੀ ਦਾ ਜੁਰਮ ਕਰਨ ਵਾਲੇ ਵਿਅਕਤੀ ਜਿੰਨੇ ਹੀ ਜ਼ਿੰਮੇਵਾਰ ਹਨ ਜਿਸ ਨਾਲ ਸੂਬੇ ਅਤੇ ਲੋਕਾਂ ਲਈ ਇਕ ਤੋਂ ਬਾਅਦ ਇਕ ਘਟਨਾ ਵਾਪਰੀ। ਉਨ੍ਹਾਂ ਕਿਹਾ ਕਿ ਬਾਦਲ ਨਾ ਸਿਰਫ ਆਪਣੇ ਰਾਜ ਦੌਰਾਨ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਰੋਕਣ ਵਿੱਚ ਨਾਕਾਮ ਰਹੇ ਸਗੋਂ ਉਨ੍ਹਾਂ ਨੇ ਦੋਸ਼ੀਆਂ ਨੂੰ ਸਾਫ ਬਰੀ ਹੋ ਕੇ ਨਿਕਲਣ ਦੀ ਇਜਾਜ਼ਤ ਦਿੱਤੀ। ਕੈਪਟਨ ਨੇ ਕਿਹਾ ਕਿ ਚੋਣਾਂ ਵਿੱਚ ਸਮਰਥਨ ਜੁਟਾਉਣ ਲਈ ਬਾਦਲ ਦਾ ਡੇਰੇ ਨਾਲ ਖੜ੍ਹਨ ਦਾ ਫ਼ੈਸਲਾ ਸਿਆਸੀ ਕਦਮ ਸੀ ਪਰ ਇਸ ਨਾਲ ਅਪਰਾਧਿਕ ਕਾਰਵਾਈਆਂ ਨੇ ਸਿਰ ਚੁੱਕਿਆ ਜਦਕਿ ਉਹ ਸਿੱਧੇ ਤੌਰ ’ਤੇ ਬੇਸ਼ੱਕ ਜ਼ਿੰਮੇਵਾਰ ਨਾ ਹੋਣ ਪਰ ਉਨ੍ਹਾਂ ਦੀ ਜੁਆਬਦੇਹੀ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ।
  ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ਵਿੱਚ ਅਪਰਾਧਿਕ ਕਾਰਵਾਈਆਂ ਤਾਂ ਇਕ ਪੱਖ ਹੈ ਜਿਸ ਲਈ ਸ਼ਾਇਦ ਬਾਦਲ ਦੋਸ਼ੀ ਨਾ ਹੋਣ ਪਰ ਬਾਕੀ ਜੋ ਕੁਝ ਵਾਪਰਿਆ, ਉਸ ਲਈ ਕੌਣ ਜ਼ਿੰਮੇਵਾਰ ਹੈ। ਡੇਰੇ ਨਾਲ ਸਬੰਧਾਂ ਬਾਰੇ ਕੀ ਕਿਹਾ ਜਾਵੇ ਜਿਸ ਨਾਲ ਬੇਅਦਬੀ ਲਈ ਹਾਲਾਤ ਪੈਦਾ ਹੋਏ ਅਤੇ ਇਸ ਤੋਂ ਬਾਅਦ ਗੋਲੀਬਾਰੀ ਹੋਈ ਜਿਸ ਵਿੱਚ ਕੁਝ ਲੋਕ ਮਾਰੇ ਗਏ ਜਦਕਿ ਕੁਝ ਨਾਕਾਰਾ ਤੇ ਜ਼ਖਮੀ ਹੋ ਗਏ ਸਨ।’’ ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਇੰਟਰਵਿਊ ਵਿੱਚ ਵੀ ਇਨ੍ਹਾਂ ਤੱਥਾਂ ਨਾਲ ਸਭ ਕੁਝ ਸਪੱਸ਼ਟ ਕੀਤਾ ਸੀ ਪਰ ਬਦਕਿਸਮਤੀ ਨਾਲ ਮੀਡੀਆ ਨੇ ਆਪਣੀ ਇੰਟਰਵਿਊ ਨੂੰ ਸਨਸਨੀਖੇਜ਼ ਬਣਾਉਣ ਲਈ ਗਲਤ ਸੁਰਖੀ ਕੱਢੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,‘‘ਕੀ ਪ੍ਰਕਾਸ਼ ਸਿੰਘ ਬਾਦਲ ਨੇ ਉਸ ਵੇਲੇ ਮੁੱਖ ਮੰਤਰੀ ਵਜੋਂ ਅਤੇ ਸੁਖਬੀਰ ਨੇ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਹੁੰਦਿਆਂ ਪੁਲੀਸ ਨੂੰ ਗੋਲੀ ਚਲਾਉਣ ਦਾ ਹੁਕਮ ਨਹੀਂ ਦਿੱਤਾ ਸੀ ਅਤੇ ਇਨ੍ਹਾਂ ਦੋਵਾਂ ਦੇ ਦਾਅਵੇ ਮੁਤਾਬਕ ਉੱਥੇ ਕੀ ਵਾਪਰਿਆ ਸੀ, ਇਸ ਬਾਰੇ ਇਨ੍ਹਾਂ ਨੂੰ ਕੁਝ ਵੀ ਨਹੀਂ ਪਤਾ ਸੀ ਤਾਂ ਫੇਰ ਇਹ ਕਿਹੋ ਜਿਹੇ ਆਗੂ ਹਨ। ਇਹ ਸਰਕਾਰ ਕਿਸ ਤਰ੍ਹਾਂ ਦੀ ਚਲਾਉਂਦੇ ਰਹੇ ਹਨ। ਕਾਨੂੰਨ ਕਿਸੇ ਵੀ ਅਪਰਾਧ ਲਈ ਅਪਰਾਧੀ ਨਾਲੋਂ ਸਾਜ਼ਿਸ਼ਕਾਰ ਨੂੰ ਵੱਧ ਜ਼ਿੰਮੇਵਾਰ ਠਹਿਰਾਉਂਦਾ ਹੈ।

  ਜਲੰਧਰ - ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਦੋਸ਼ ਲਾਇਆ ਕਿ ਉਹ ਬਾਦਲਾਂ ਨੂੰ ਬਚਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਇਸੇ ਕਰਕੇ ਉਨ੍ਹਾਂ ਨੇ ਬਾਦਲਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ।
  ਉਨ੍ਹਾਂ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਜਿਹਾ ਕਰਕੇ ਬੇਅਦਬੀ ਕਾਂਡ ਬਾਰੇ ਬਣਾਈ ਗਈ ਸਿਟ ਦੀ ਜਾਂਚ ਨੂੰ ਲੀਹੋਂ ਲਾਹੁਣ ਦਾ ਯਤਨ ਕੀਤਾ ਹੈ। ਕਾਂਗਰਸ ਸਰਕਾਰ ਵੱਲੋਂ ਹੀ ਬਣਾਏ ਗਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਨਕਾਰ ਦਿੱਤਾ ਗਿਆ ਹੈ ਅਤੇ ਪੰਜਾਬ ਵਿਧਾਨ ਸਭਾ ਵਿਚ ਬੇਅਦਬੀ ਬਾਰੇ ਹੋਈ ਬਹਿਸ ਦਾ ਵੀ ਇਕ ਤਰ੍ਹਾਂ ਨਾਲ ਮਜ਼ਾਕ ਉਡਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਇਸ ਗੱਲ ਦਾ ਭੁਲੇਖਾ ਨਹੀਂ ਰਿਹਾ ਕਿ ਕੈਪਟਨ ਤੇ ਬਾਦਲ ਆਪਸ ਵਿਚ ਰਲੇ ਹੋਏ ਹਨ ਤੇ ਬੇਅਦਬੀ ਦੇ ਮਾਮਲੇ ਵਿਚ ਬਾਦਲਾਂ ਨੂੰ ਬਚਾਉਣ ਲਈ ਪੂਰਾ ਟਿੱਲ ਲਾ ਰਹੇ ਹਨ।
  ਸ੍ਰੀ ਖਹਿਰਾ ਨੇ ਕਿਹਾ ਕਿ ਕਰਤਾਰਪੁਰ ਲਾਂਘੇ ’ਤੇ ਪਾਕਿਸਤਾਨ ਵੱਲੋਂ ਰੱਖੀ ਗਈ 20 ਡਾਲਰ ਦੀ ਫੀਸ ਨੂੰ ਕੈਪਟਨ ਅਮਰਿੰਦਰ ਸਿੰਘ ਜਜ਼ੀਆ ਦੱਸ ਰਹੇ ਹਨ। ਉਨ੍ਹਾਂ ਨੂੰ ਜੇਕਰ ਇਹ 20 ਡਾਲਰ ਸ਼ਰਧਾਲੂਆਂ ਕੋਲੋਂ ਵਸੂਲਣ ’ਤੇ ਠੇਸ ਪਹੁੰਚਦੀ ਹੈ ਤਾਂ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 10-10 ਡਾਲਰ ਆਪਣੇ ਵੱਲੋਂ ਪਾਕਿਸਤਾਨ ਸਰਕਾਰ ਨੂੰ ਦੇਣ।
  ਸੁਖਪਾਲ ਸਿੰਘ ਖਹਿਰਾ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ 14 ਅਕਤੂਬਰ ਨੂੰ ਰੋਸ ਦਿਵਸ ਮਨਾਏਗੀ। ਕਿਉਂਕਿ ਇਸੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਸ਼ਾਂਤਮਈ ਢੰਗ ਨਾਲ ਆਪਣਾ ਰੋਸ ਪ੍ਰਗਟਾਉਂਦੇ ਸਿੱਖ ਨੌਜਵਾਨਾਂ ’ਤੇ ਪੰਜਾਬ ਪੁਲੀਸ ਨੇ ਗੋਲੀ ਚਲਾ ਦਿੱਤੀ ਸੀ, ਜਿਸ ਵਿਚ ਦੋ ਸਿੱਖ ਸ਼ਹੀਦ ਹੋ ਗਏ ਸਨ।
  ਉਨ੍ਹਾਂ ਦੀ ਯਾਦ ਵਿਚ ਇਹ ਰੋਸ ਦਿਵਸ ਮਨਾਇਆ ਜਾਵੇਗਾ। ਸ੍ਰੀ ਖਹਿਰਾ ਨੇ ਕਿਹਾ ਕਿ ਕੈਪਟਨ ਸਰਕਾਰ ਆਪਣੇ ਢਾਈ ਸਾਲਾਂ ਦੇ ਕਾਰਜਕਾਲ ’ਤੇ ਆਪਣੀ ਪਿੱਠ ਆਪੇ ਹੀ ਥਾਪੜ ਰਹੀ ਹੈ ਪਰ ਉਸ ਨੇ ਇਸ ਸਮੇਂ ਦੌਰਾਨ ਨਾ ਤਾਂ ਬੇਅਦਬੀ ਕਾਂਡ ਦੇ ਕਸੂਰਵਾਰਾਂ ਨੂੰ ਫੜਿਆ, ਨਾ ਹੀ ਨਸ਼ੇ ਬੰਦ ਹੋਏ, ਟਰਾਂਸਪੋਰਟ ਮਾਫੀਆ ਤੇ ਰੇਤ ਮਾਫੀਆ ਪਹਿਲਾਂ ਨਾਲੋਂ ਵੀ ਵੱਧ ਤਕੜਾ ਹੋਇਆ ਹੈ। ਗੁਰਦਾਸ ਮਾਨ ਵੱਲੋਂ ਪੰਜਾਬੀ ਮਾਂ ਬੋਲੀ ਬਾਰੇ ਕੀਤੀ ਗਈ ਟਿੱਪਣੀ ਨੂੰ ਅਫਸੋਸਜਨਕ ਦੱਸਦਿਆਂ ਉਨ੍ਹਾਂ ਕਿਹਾ ਕਿ ਗੁਰਦਾਸ ਮਾਨ ਨੂੰ ਆਪਣੀ ਗ਼ਲਤੀ ’ਤੇ ਪੰਜਾਬ ਦੇ ਲੋਕਾਂ ਕੋਲੋਂ ਮੁਆਫੀ ਮੰਗਣੀ ਚਾਹੀਦੀ ਸੀ ਪਰ ਉਸ ਨੇ ਇਕ ਹੋਰ ਗਲਤੀ ਕਰਕੇ ਵੱਡਾ ਗੁਨਾਹ ਕੀਤਾ ਹੈ।

  ਲੰਡਨ - ਸਿੱਖ ਫੈਡਰੇਸ਼ਨ ਯੂ. ਕੇ. ਵਲੋਂ ਸਿੱਖ ਮਸਲਿਆਂ ਨੂੰ ਲੈ ਕੇ ਅੰਤਰਰਾਸ਼ਟਰੀ ਸਿੱਖ ਚੋਣ ਮਨੋਰਥ ਪੱਤਰ ਤਿਆਰ ਕੀਤਾ ਜਾ ਰਿਹਾ ਹੈ | ਜਿਸ ਨੂੰ ਜਨਵਰੀ 2020 'ਚ ਜਾਰੀ ਕੀਤਾ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰੈਸ ਸਕੱਤਰ ਹਰਨੇਕ ਸਿੰਘ ਨੇ ਕਿਹਾ ਹੈ ਕਿ ਦੇਸ਼-ਵਿਦੇਸ਼ 'ਚ ਵਸਦੇ ਸਿੱਖਾਂ ਨੂੰ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਜਿਸ ਕਰਕੇ ਵੱਖ-ਵੱਖ ਦੇਸ਼ਾਂ ਵਿਚ ਵਸਦੇ ਸਿੱਖਾਂ ਨਾਲ ਸਲਾਹ ਮਸ਼ਵਰਾ ਕਰਕੇ ਇਕ ਸਾਂਝਾ ਚੋਣ ਮਨੋਰਥ ਪੱਤਰ ਤਿਆਰ ਕੀਤਾ ਜਾ ਰਿਹਾ ਹੈ | ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ 40 ਵੱਖ-ਵੱਖ ਦੇਸ਼ਾਂ ਦੇ ਸਿੱਖ ਕਾਰਕੁੰਨਾਂ ਵਲੋਂ ਮਿਲ ਕੇ ਇਨਸਾਫ ਅਤੇ ਸਿੱਖਾਂ ਦੇ ਹੱਕਾਂ ਲਈ ਇਸ ਦੀ ਵਰਤੋਂ ਕਰਨਗੇ ਅਤੇ ਹਰ 6 ਮਹੀਨੇ ਬਾਅਦ ਇਸ ਬਾਰੇ ਵਿਚਾਰ ਚਰਚਾ ਹੋਇਆ ਕਰੇਗੀ | ਉਨ੍ਹਾਂ ਇਹ ਵੀ ਕਿਹਾ ਕਿ ਸਿੱਖ ਚੋਣ ਮਨੋਰਥ ਪੱਤਰ ਅੰਗਰੇਜ਼ੀ, ਫਰੈਂਚ, ਸਪੈਨਿਸ਼, ਕਰਮਨੀ ਅਤੇ ਇਟਾਲੀਅਨ ਤੋਂ ਇਲਾਵਾ ਹੋਰ ਭਾਸ਼ਾਵਾਂ 'ਚ ਵੀ ਉਪਲੱਬਧ ਹੋਵੇਗਾ | ਇਸ ਚੋਣ ਮਨੋਰਥ ਪੱਤਰ ਵਿੱਚ 1984 ਦੀ ਸਿੱਖ ਨਸਲਕੁਸ਼ੀ ਦੀ ਯੂ ਐਨ ਓ ਤੋਂ ਜਾਂਚ, ਸਿੱਖਾਂ ਦੇ ਆਪਣੇ ਘਰ ਲਈ ਮੁਹਿੰਮ ਅਤੇ ਵਿਸ਼ਵ ਭਰ ਦੀਆਂ ਸਰਕਾਰਾਂ ਨਾਲ ਗੱਲਬਾਤ ਲਈ ਉੱਚ ਪੱਧਰੀ ਪਹੁੰਚ ਅਪਣਾਉਣ ਸਮੇਤ ਵੱਧ ਤੋਂ ਵੱਧ ਮੁੱਦਿਆਂ ਨੂੰ ਸ਼ਾਮਿਲ ਕੀਤਾ ਜਾਵੇਗਾ |

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com