ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਅਯੁੱਧਿਆ ਦੇ ਰਾਮ ਜਨਮਭੂਮੀ-ਬਾਬਰੀ ਮਸਜਿਦ ਜ਼ਮੀਨ ਵਿਵਾਦ ’ਚ ਦਾਖ਼ਲ ਅਪੀਲਾਂ ’ਤੇ ਰੋਜ਼ ਸੁਣਵਾਈ ਕਰਨ ਦੇ ਫ਼ੈਸਲੇ ’ਤੇ ਮੁਸਲਮਾਨ ਧਿਰਾਂ ਦੇ ਇਤਰਾਜ਼ਾਂ ਨੂੰ ਦਰਕਿਨਾਰ ਕਰਦਿਆਂ ਸ਼ੁੱਕਰਵਾਰ ਨੂੰ ਸਪੱਸ਼ਟ ਕੀਤਾ ਕਿ ਸਿਆਸੀ ਨਜ਼ਰੀਏ ਨਾਲ ਸੰਵੇਦਨਸ਼ੀਲ ਇਸ ਮਾਮਲੇ ਦੀ ਰੋਜ਼ਾਨਾ ਆਧਾਰ ’ਤੇ ਸੁਣਵਾਈ ਜਾਰੀ ਰਹੇਗੀ।
ਸਿਖਰਲੀ ਅਦਾਲਤ ਨੇ ਇਸ ਮਾਮਲੇ ’ਚ ਮੂਲ ਧਿਰ ਐੱਮ ਸਿੱਦੀਕੀ ਅਤੇ ਅਖਿਲ ਭਾਰਤੀ ਸੁੰਨੀ ਵਕਫ਼ ਬੋਰਡ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਰਾਜੀਵ ਧਵਨ ਦੇ ਇਤਰਾਜ਼ ਨੂੰ ਨਕਾਰ ਦਿੱਤਾ। ਸ੍ਰੀ ਧਵਨ ਨੇ ਸਵੇਰੇ ਇਤਰਾਜ਼ ਜਤਾਉਂਦਿਆਂ ਕਿਹਾ ਸੀ ਕਿ ਹਫ਼ਤੇ ’ਚ ਪੰਜ ਦਿਨ ਕਾਰਵਾਈ ’ਚ ਹਿੱਸਾ ਲੈਣਾ ਉਨ੍ਹਾਂ ਲਈ ਸੁਖਾਲਾ ਨਹੀਂ ਹੋਵੇਗਾ। ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਹੇਠਲੇ ਪੰਜ ਮੈਂਬਰੀ ਸੰਵਿਧਾਨਕ ਬੈਂਚ ਨੇ ਇਸ ਮਾਮਲੇ ’ਚ ਪੰਜਵੇਂ ਦਿਨ ਦੀ ਸੁਣਵਾਈ ਦੇ ਅਖੀਰ ’ਚ ਕਿਹਾ,‘‘ਅਸੀਂ ਪਹਿਲਾਂ ਦਿੱਤੇ ਗਏ ਹੁਕਮਾਂ ਮੁਤਾਬਕ ਰੋਜ਼ਾਨਾ ਸੁਣਵਾਈ ਕਰਾਂਗੇ।’’ ਉਂਜ ਬੈਂਚ ਨੇ ਸ੍ਰੀ ਧਵਨ ਨੂੰ ਇਹ ਭਰੋਸਾ ਦਿੱਤਾ ਕਿ ਜੇਕਰ ਉਨ੍ਹਾਂ ਨੂੰ ਇਸ ਮਾਮਲੇ ’ਚ ਤਿਆਰੀ ਲਈ ਸਮਾਂ ਚਾਹੀਦਾ ਹੈ ਤਾਂ ਹਫ਼ਤੇ ਦੇ ਅੱਧ ’ਚ ਬਰੇਕ ਦੇਣ ’ਤੇ ਵਿਚਾਰ ਕੀਤਾ ਜਾਵੇਗਾ। ਇਸ ਮਗਰੋਂ ਬੈਂਚ ਨੇ ਕਿਹਾ ਕਿ ਇਨ੍ਹਾਂ ਅਪੀਲਾਂ ’ਤੇ ਹੁਣ ਮੰਗਲਵਾਰ ਨੂੰ ਸੁਣਵਾਈ ਹੋਵੇਗੀ ਕਿਉਂਕਿ ਸੋਮਵਾਰ ਨੂੰ ਈਦ ਕਾਰਨ ਸੁਪਰੀਮ ਕੋਰਟ ’ਚ ਛੁੱਟੀ ਹੋਵੇਗੀ।
ਸਵੇਰੇ ਜਦੋਂ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ ਤਾਂ ‘ਰਾਮਲੱਲਾ ਬਿਰਾਜਮਾਨ’ ਵੱਲੋਂ ਸੀਨੀਅਰ ਵਕੀਲ ਕੇ ਪਰਾਸਰਨ ਜਿਵੇਂ ਹੀ ਅੱਗੇ ਬਹਿਸ ਸ਼ੁਰੂ ਕਰਨ ਲਈ ਖੜ੍ਹੇ ਹੋਏ ਤਾਂ ਇਕ ਮੁਸਲਿਮ ਧਿਰ ਵੱਲੋਂ ਸ੍ਰੀ ਧਵਨ ਨੇ ਦਖ਼ਲ ਦਿੰਦਿਆਂ ਕਿਹਾ ਕਿ ਜੇਕਰ ਹਫ਼ਤੇ ਦੇ ਸਾਰੇ ਦਿਨਾਂ ’ਚ ਸੁਣਵਾਈ ਹੋਵੇਗੀ ਤਾਂ ਅਦਾਲਤ ਦੀ ਮਦਦ ਕਰਨਾ ਸੰਭਵ ਨਹੀਂ ਹੋਵੇਗਾ। ‘ਇਹ ਪਹਿਲੀ ਅਪੀਲ ਹੈ ਅਤੇ ਇੰਜ ਸੁਣਵਾਈ ’ਚ ਜਲਦਬਾਜ਼ੀ ਨਹੀਂ ਕੀਤੀ ਜਾ ਸਕਦੀ ਹੈ ਅਤੇ ਮੈਨੂੰ ਵੀ ਤਕਲੀਫ਼ ਹੋ ਰਹੀ ਹੈ।’ ਉਨ੍ਹਾਂ ਕਿਹਾ ਕਿ ਸਿਖਰਲੀ ਅਦਾਲਤ ਇਲਾਹਾਬਾਦ ਹਾਈ ਕੋਰਟ ਦੇ ਫ਼ੈਸਲੇ ਮਗਰੋਂ ਪਹਿਲੀ ਅਪੀਲ ’ਤੇ ਸੁਣਵਾਈ ਕਰ ਰਹੀ ਹੈ ਅਤੇ ਇਸ ’ਚ ਜਲਦਬਾਜ਼ੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਮੁਤਾਬਕ ਪਹਿਲੀ ਅਪੀਲ ’ਚ ਦਸਤਾਵੇਜ਼ੀ ਸਬੂਤਾਂ ਦਾ ਅਧਿਐਨ ਕਰਨਾ ਹੋਵੇਗਾ ਅਤੇ ਕਈ ਦਸਤਾਵੇਜ਼ ਉਰਦੂ ਅਤੇ ਸੰਸਕ੍ਰਿਤ ’ਚ ਹਨ ਜਿਨ੍ਹਾਂ ਦਾ ਅਨੁਵਾਦ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ਾਇਦ ਜਸਟਿਸ ਡੀ ਵਾਈ ਚੰਦਰਚੂੜ ਤੋਂ ਇਲਾਵਾ ਕਿਸੇ ਹੋਰ ਜਸਟਿਸ ਨੇ ਹਾਈ ਕੋਰਟ ਦੇ ਫ਼ੈਸਲੇ ਨੂੰ ਨਹੀਂ ਪੜ੍ਹਿਆ ਹੋਵੇਗਾ।


