ਧਰਮਸ਼ਾਲਾ - ਤਿੱਬਤੀਆਂ ਦੇ ਅਧਿਆਤਮਕ ਆਗੂ ਦਲਾਈ ਲਾਮਾ ਨੇ ਆਪਣੇ ਜਾਨਸ਼ੀਨ ਬਾਰੇ ਚੱਲ ਰਹੀ ਚਰਚਾ ਨੂੰ ਗ਼ੈਰਜ਼ਰੂਰੀ ਕਰਾਰ ਦਿੰਦਿਆਂ ਕਿਹਾ ਕਿ ਅਜੇ ਸਮਾਂ ਨਹੀਂ ਆਇਆ ਤੇ ਕਾਹਲੀ ਕਰਨ ਦੀ ਲੋੜ ਨਹੀਂ। ਲਾਮਾ ਨੇ ਕਿਹਾ ਕਿ ਉਨ੍ਹਾਂ ਦੀ ਥਾਂ ਲੈਣ ਵਾਲੇ ਬਾਰੇ ਕਾਫ਼ੀ ਦਿਨਾਂ ਤੋਂ ਚਰਚਾ ਹੋ ਰਹੀ ਹੈ। ਤਿੱਬਤੀਆਂ ਦੇ ਆਗੂ ਨੇ ਕਿਹਾ ਕਿ ਉਹ 84-85 ਸਾਲਾਂ ਦੇ ਹਨ ਤੇ ਚੰਗੇ-ਭਲੇ ਹਨ। ਉਹ ਇੱਥੇ ਤਿੱਬਤੀ ਧਾਰਮਿਕ ਆਗੂਆਂ ਦੀ ਕਾਨਫਰੰਸ ’ਚ ਬੋਲ ਰਹੇ ਸਨ। ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਲਾਮਾ ਇਸ ਤੋਂ ਪਹਿਲਾਂ ਕਈ ਮੌਕਿਆਂ ’ਤੇ ਕਹਿ ਚੁੱਕੇ ਹਨ ਕਿ ਇਹ ਜ਼ਰੂਰੀ ਨਹੀਂ ਕਿ ਉਨ੍ਹਾਂ ਦੀ ਥਾਂ ਲਾਜ਼ਮੀ ਕੋਈ ਲਵੇਗਾ। ਇਸ ਰਵਾਇਤ ਨੂੰ ਕਾਇਮ ਰੱਖਣਾ ਜ਼ਰੂਰੀ ਨਹੀਂ ਹੈ। ਦੂਜੇ ਪਾਸੇ ਚੀਨ ਦਾ ਕਹਿਣਾ ਹੈ ਕਿ ਦਲਾਈ ਲਾਮਾ ਦੇ ‘ਮੁੜ ਅਵਤਾਰ ਧਾਰਨ ਕਰਨ’ ਦੀ ਰਵਾਇਤ ਕਾਇਮ ਰਹਿਣੀ ਚਾਹੀਦੀ ਹੈ। ਬਹੁਤ ਸਾਰੇ ਤਿੱਬਤੀਆਂ ਨੇ ਚੀਨ ਵੱਲੋਂ ਦਖ਼ਲਅੰਦਾਜ਼ੀ ਦਾ ਵਿਰੋਧ ਕੀਤਾ ਹੈ। ਇੱਥੇ ਕੇਂਦਰੀ ਤਿੱਬਤੀ ਪ੍ਰਸ਼ਾਸਨ ਦੇ ਮੁੱਖ ਦਫ਼ਤਰ ਵਿਚ ਲਾਮਾ ਨੇ ਕਿਹਾ ਕਿ ਮੱਠਾਂ ਨੂੰ ਵਧੇਰੇ ਧਿਆਨ ਹੋਰ ਗਿਆਨ ਗ੍ਰਹਿਣ ਕਰਨ ਵੱਲ ਲਾਉਣ ਚਾਹੀਦਾ ਹੈ। ਦਲਾਈ ਲਾਮਾ ਨੇ ਕਿਹਾ ਕਿ ਸਿਰਫ਼ ‘ਮੰਤਰ ਉਚਾਰਨ ਕਾਫ਼ੀ ਨਹੀਂ ਹੈ, ਗਿਆਨ ਤੇ ਸਿੱਖਿਆਵਾਂ ਆਧਾਰ ਹੋਣੀਆਂ ਚਾਹੀਦੀਆਂ ਹਨ।’ ਤਿੱਬਤੀ ਆਗੂਆਂ ਦੀ 14ਵੀਂ ਕਾਨਫਰੰਸ ਹਿਮਾਚਲ ਪ੍ਰਦੇਸ਼ ਦੇ ਇਸ ਸ਼ਹਿਰ ’ਚ ਤਿੰਨ ਦਿਨ ਚੱਲੀ ਤੇ ਅੱਜ ਇਸ ਦਾ ਆਖ਼ਰੀ ਦਿਨ ਸੀ। ਕਾਨਫ਼ਰੰਸ ਦੇ ਪਹਿਲੇ ਦਿਨ ਇਸ ਮਤੇ ਨੂੰ ਸਵੀਕਾਰ ਕੀਤਾ ਗਿਆ ਕਿ ਲਾਮਾ ਦੇ ‘ਪੁਨਰਜਨਮ’ ਬਾਰੇ ਫ਼ੈਸਲਾ ਦਲਾਈ ਲਾਮਾ ਖ਼ੁਦ ਹੀ ਲੈਣਗੇ। ਕਿਸੇ ਸਰਕਾਰ ਨੂੰ ਇਸ ’ਚ ਦਖ਼ਲਅੰਦਾਜ਼ੀ ਦਾ ਹੱਕ ਨਹੀਂ ਹੈ। ਇਸ ਮੌਕੇ ਹੋਰ ਵੀ ਕਈ ਮੁੱਦਿਆਂ ’ਤੇ ਚਰਚਾ ਕੀਤੀ ਗਈ।