ਨਵੀਂ ਦਿੱਲੀ - ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸਰਦਾਰ ਸਿੰਘ ਨੇ ਅੱਜ ਆਪਣੇ ਚਮਕਦਾਰ ਕਰੀਅਰ ਦਾ ਅੰਤ ਕਰਦਿਆਂ ਕੌਮਾਂਤਰੀ ਹਾਕੀ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਕਰ ਲਿਆ। ਸਰਦਾਰ ਨੇ ਕਿਹਾ ਕਿ ਉਹ ਸੰਨਿਆਸ ਸਬੰਧੀ ਅਧਿਕਾਰਤ ਐਲਾਨ ਸ਼ੁੱਕਰਵਾਰ ਨੂੰ ਕਰੇਗਾ। ਸਰਦਾਰ ਨੇ ਕਿਹਾ ਕਿ ਉਹ ਇਸ ਫ਼ੈਸਲੇ ਸਬੰਧੀ ਮੁੱਖ ਕੋਚ ਹਰਿੰਦਰ ਸਿੰਘ ਨੂੰ ਜਾਣੂ ਕਰਵਾ ਚੁੱਕਾ ਹੈ ਤੇ ਉਹ ਘਰੇਲੂ ਸਰਕਟ ’ਚ ਹਾਕੀ ਖੇਡਣੀ ਜਾਰੀ ਰੱਖੇਗਾ। ਸਰਦਾਰ ਮੁਤਾਬਕ ਉਹ ਪਿਛਲੇ 12 ਸਾਲਾਂ ਵਿੱਚ ਕਾਫ਼ੀ ਹਾਕੀ ਖੇਡ ਚੁੱਕਾ ਹੈ ਤੇ ਹੁਣ ਨੌਜਵਾਨ ਖਿਡਾਰੀਆਂ ਲਈ ਜ਼ਿੰਮੇਵਾਰੀ ਲੈਣ ਦਾ ਸਮਾਂ ਹੈ। ਇਸ ਦੌਰਾਨ ਹਾਕੀ ਇੰਡੀਆ ਵੱਲੋਂ ਕੌਮੀ ਕੈਂਪ ਲਈ ਐਲਾਨੀ 25 ਮੈਂਬਰੀ ਟੀਮ ’ਚੋਂ ਸਰਦਾਰ ਨੂੰ ਬਾਹਰ ਰੱਖਿਆ ਗਿਆ ਹੈ।
ਸਾਬਕਾ ਕਪਤਾਨ ਸਰਦਾਰ ਸਿੰਘ ਨੇ ਕਿਹਾ ਕਿ ਉਸ ਨੇ ਹਾਕੀ ਨੂੰ ਅਲਵਿਦਾ ਆਖਣ ਦਾ ਫ਼ੈਸਲਾ ਏਸ਼ਿਆਈ ਖੇਡਾਂ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਮਗਰੋਂ ਹੀ ਲੈ ਲਿਆ ਸੀ। ਸਰਦਾਰ ਨੇ ਕਿਹਾ, ‘ਹਾਂ, ਮੈਂ ਕੌਮਾਂਤਰੀ ਹਾਕੀ ਨੂੰ ਅਲਵਿਦਾ ਆਖਣ ਦਾ ਫ਼ੈਸਲਾ ਕੀਤਾ ਹੈ। ਮੈਂ ਆਪਣੇ ਕਰੀਅਰ ਦੌਰਾਨ ਕਾਫ਼ੀ ਹਾਕੀ ਖੇਡੀ ਹੈ। 12 ਸਾਲ ਦਾ ਅਰਸਾ ਬਹੁਤ ਲੰਮਾ ਹੁੰਦਾ ਹੈ। ਹੁਣ ਸਮਾਂ ਹੈ ਜਦੋਂ ਭਵਿੱਖ ਦੀ ਪੀੜ੍ਹੀ ਨੂੰ ਜ਼ਿੰਮੇਵਾਰੀ ਸੌਂਪੀ ਜਾਵੇ।’ ਸਰਦਾਰ ਨੇ ਕਿਹਾ ਕਿ ਉਸ ਨੇ ਇਹ ਵੱਡਾ ਫ਼ੈਸਲਾ ਚੰਡੀਗੜ੍ਹ ਰਹਿੰਦੇ ਆਪਣੇ ਪਰਿਵਾਰ, ਹਾਕੀ ਇੰਡੀਆ ਤੇ ਆਪਣੇ ਦੋਸਤਾਂ ਨਾਲ ਸਲਾਹ ਮਸ਼ਵਰੇ ਮਗਰੋਂ ਕੀਤਾ ਹੈ। ਸਰਦਾਰ ਨੇ ਕਿਹਾ ਹੁਣ ਹਾਕੀ ਤੋਂ ਅੱਗੇ ਸੋਚਣ ਦਾ ਸਮਾਂ ਹੈ। ਇਥੇ ਇਹ ਤੱਥ ਕਾਫ਼ੀ ਦਿਲਚਸਪ ਹੈ ਕਿ ਜਕਾਰਤਾ ਵਿੱਚ ਏਸ਼ਿਆਈ ਖੇਡਾਂ ਦੌਰਾਨ ਸਰਦਾਰ ਨੇ ਕਿਹਾ ਸੀ ਕਿ ਉਹਦੇ ਅੰਦਰ ਅਜੇ ਕਾਫ਼ੀ ਹਾਕੀ ਬਚੀ ਹੈ ਤੇ ਉਸ ਨੇ 2020 ਟੋਕੀਓ ਓਲੰਪਿਕ ਖੇਡਾਂ ਤਕ ਹਾਕੀ ਖੇਡਣ ਦੀ ਇੱਛਾ ਜ਼ਾਹਿਰ ਕੀਤੀ ਸੀ। ਚੇਤੇ ਰਹੇ ਕਿ ਭਾਰਤ ਜਕਾਰਤਾ ਵਿੱਚ ਹੋਈਆਂ ਏਸ਼ਿਆਈ ਖੇਡਾਂ ਦੌਰਾਨ ਭਾਰਤੀ ਹਾਕੀ ਟੀਮ ਆਪਣੇ ਖ਼ਿਤਾਬ ਦਾ ਬਚਾਅ ਕਰਨ ਵਿੱਚ ਨਾਕਾਮ ਰਹੀ ਸੀ ਤੇ ਟੀਮ ਨੂੰ ਕਾਂਸੇ ਦੇ ਤਗ਼ਮੇ ਨਾਲ ਹੀ ਸਬਰ ਕਰਨਾ ਪਿਆ। ਸਰਦਾਰ ਦੀ ਵਧਦੀ ਉਮਰ ਦੇ ਚਲਦਿਆਂ ਹੁਣ ਉਸ ਦੀ ਖੇਡ ’ਚੋਂ ਪਹਿਲਾਂ ਵਾਲੀ ਫੁਰਤੀ ਗਾਇਬ ਹੁੰਦੀ ਜਾ ਰਹੀ ਸੀ। ਇਹੀ ਵਜ੍ਹਾ ਹੈ ਕਿ ਏਸ਼ਿਆਈ ਖੇਡਾਂ ਦੌਰਾਨ ਉਸ ਦੇ ਪ੍ਰਦਰਸ਼ਨ ਦੀ ਕਾਫ਼ੀ ਆਲੋਚਨਾ ਹੋਈ। ਹਾਕੀ ਇੰਡੀਆ ਵੱਲੋਂ ਅੱਜ ਕੌਮੀ ਕੈਂਪ ਲਈ ਐਲਾਨੇ 25 ਮੈਂਬਰੀ ਕੋਰ ਗਰੁੱਪ ਵਿੱਚ ਸਰਦਾਰ ਦਾ ਨਾਂ ਸ਼ਾਮਲ ਨਹੀਂ ਸੀ, ਜਿਸ ਤੋਂ ਇਨ੍ਹਾਂ ਅਫ਼ਵਾਹਾਂ ਨੂੰ ਜ਼ੋਰ ਮਿਲਿਆ ਹੈ ਕਿ ਸਾਬਕਾ ਕਪਤਾਨ ਨੂੰ ਸੰਨਿਆਸ ਲੈਣ ਲਈ ਮਜਬੂਰ ਕੀਤਾ ਗਿਆ ਹੈ। ਕੌਮੀ ਕੈਂਪ ਲਈ ਟੀਮ ’ਚੋਂ ਬਾਹਰ ਰੱਖੇ ਜਾਣ ਬਾਰੇ ਪੁੱਛੇ ਸਵਾਲ ਨੂੰ ਨਜ਼ਰਅੰਦਾਜ਼ ਕਰਦਿਆਂ ਸਰਦਾਰ ਨੇ ਕਿਹਾ ਕਿ ਉਹ ਸ਼ੁੱਕਰਵਾਰ ਨੂੰ ਨਵੀਂ ਦਿੱਲੀ ’ਚ ਪ੍ਰੈੱਸ ਕਾਨਫਰੰਸ ਕਰਕੇ ਸੰਨਿਆਸ ਸਬੰਧੀ ਅਧਿਕਾਰਤ ਐਲਾਨ ਕਰੇਗਾ।
ਸਾਲ 2006 ਵਿੱਚ ਪਾਕਿਸਤਾਨ ਖ਼ਿਲਾਫ਼ ਸੀਨੀਅਰ ਟੀਮ ਵੱਲੋਂ ਆਪਣਾ ਪਲੇਠਾ ਮੁਕਾਬਲਾ ਖੇਡਣ ਵਾਲੇ ਸਰਦਾਰ ਨੇ ਕਿਹਾ, ‘ਸੰਨਿਆਸ ਦੇ ਫ਼ੈਸਲੇ ਪਿੱਛੇ ਫਿਟਨੈੱਸ ਕਾਰਨ ਨਹੀਂ ਹੈ। ਮੈਂ ਅਜੇ ਕੁਝ ਹੋਰ ਸਾਲਾਂ ਤਕ ਹਾਕੀ ਖੇਡਣ ਲਈ ਫਿੱਟ ਹਾਂ। ਪਰ ਹਰ ਚੀਜ਼ ਦਾ ਸਮਾਂ ਹੁੰਦਾ ਹੈ ਤੇ ਮੈਨੂੰ ਲਗਦਾ ਹੈ ਕਿ ਹੁਣ ਜ਼ਿੰਦਗੀ ’ਚ ਅੱਗੇ ਵਧਣ ਦਾ ਸਮਾਂ ਹੈ।’


