ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਬੇਦੋਸ਼ੇ ਸਿੱਖਾਂ ਦੇ ਕਾਤਲ ?

  ਹਰਲਾਜ ਸਿੰਘ ਬਹਾਦਰਪੁਰ

  ਜੇ ਬੇਦੋਸ਼ੇ ਸਿੱਖਾਂ ਦੇ ਕਾਤਲ ਸੱਜਣ ਕੁਮਾਰ ਨੂੰ ਦਿੱਲੀ ਦੀ ਅਦਾਲਤ ਬਰੀ ਕਰ ਦੇਵੇ ਤਾਂ ਦਿੱਲੀ ਦੀ ਅਦਾਲਤ ਅਤੇ ਦਿੱਲੀ ਦੀ ਕੇਂਦਰ ਸਰਕਾਰ ਸਿੱਖਾਂ ਦੀ ਦੁਸ਼ਮਣ ।

  ਜੇ ਪੰਜਾਬ ਵਿਚ ਮਾਰੇ ਗਏ ਬੇਦੋਸ਼ੇ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਨੂੰ ਪ੍ਰਕਾਸ਼ ਸਿੰਘ ਬਾਦਲ ਬਰੀ ਕਰ ਕੇ ਉਸ ਨੂੰ ਪੰਜਾਬ ਪੁਲਿਸ ਦਾ ਮੁਖੀ ਬਣਾ ਦੇਵੇ ਤਾਂ ਉਹ ਸਿੱਖਾਂ ਦਾ ਹਮਦਰਦ!!
  ਇੱਕ ਮਈ ਦਾ ਅਖ਼ਬਾਰ ਜਦੋਂ ਸਵੇਰੇ ਹੀ ਚੁੱਕ ਕੇ ਵੇਖਿਆ ਤਾਂ ਮੁੱਖ ਖ਼ਬਰ ਸੀ ਕਿ ਦਿੱਲੀ ਦੀਅਦਾਲਤ ਨੇ ਸੱਜਣ ਕੁਮਾਰ ਨੂੰ ਕੀਤਾ ਬਰੀ। ਨਵੰਬਰ 1984 ਦੇ ਦਿੱਲੀ ਵਿਚ ਹੋਏ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ 30 ਅਪ੍ਰੈਲ ਨੂੰ ਬਰੀ ਕਰ ਦਿੱਤਾ। ਜਿਸ ਕਾਰਨ ਪੂਰੇ ਸਿੱਖ ਜਗਤ ਵੱਲੋਂ ਇਸ ਫ਼ੈਸਲੇ ਤੇ ਰੋਸ ਮਨਾਇਆ ਗਿਆ। ਸਿੱਖ ਪੰਥ ਦੇ ਹਰ ਛੋਟੇ-ਵੱਡੇ ਧਾਰਮਿਕ ਤੇ ਸਿਆਸੀ ਆਗੂਆਂ ਨੇ ਦਿੱਲੀ ਦੀ ਅਦਾਲਤ ਅਤੇ ਕਾਂਗਰਸ ਸਰਕਾਰ ਦੀ ਨਿਖੇਧੀ ਕੀਤੀ,

   ਅਜਿਹੇ ਅਨਿਆਂ ਦੀ ਨਿਖੇਧੀ ਹੋਣੀ ਵੀ ਚਾਹੀਦੀ ਹੈ। ਕਿਉਂਕਿ ਆਪਣੇ ਆਪ ਨੂੰ ਧਰਮ ਨਿਰਪੱਖ ਕਹਾਉਣ ਵਾਲੇ ਦੇਸ਼ ਵਿਚ ਇੱਕ ਧਰਮ ਦੇ ਬੇਦੋਸ਼ੇ ਲੋਕਾਂ ਨੂੰ ਦਿਨ ਦਿਹਾੜੇ ਸ਼ਰੇਆਮ ਹਜ਼ਾਰਾਂ ਦੀ ਗਿਣਤੀ ਵਿਚ ਕਤਲ ਕਰ ਦਿੱਤਾ ਜਾਵੇ ਫਿਰ ਇਨਸਾਫ਼ ਦੇਣ ਦੇ ਨਾਮ 'ਤੇ 28 ਸਾਲ ਪੀੜਤਾਂ ਨੂੰ ਖੱਜਲ ਖ਼ੁਆਰ ਤੇ ਪ੍ਰੇਸ਼ਾਨ ਕਰਨ ਤੋਂ ਬਾਅਦ ਵੀ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਜਾਵੇ ਤਾਂ ਸਰਕਾਰਾਂ ਅਤੇ ਅਦਾਲਤਾਂ ਪ੍ਰਤੀ ਰੋਸ ਅਤੇ ਬੇਵਿਸ਼ਵਾਸੀ ਹੋਣੀ ਤਾਂ ਸੁਭਾਵਿਕ ਹੀ ਹੈ। ਜੇ ਸੱਜਣ ਕੁਮਾਰ ਨੂੰ ਸਜਾ ਹੋ ਵੀ ਜਾਂਦੀ ਤਾਂ ਵੀ ਇਹ ਕੋਈ ਇਨਸਾਫ਼ ਨਹੀਂ ਹੋਣਾ ਸੀ ਕਿਉਂਕਿ ਇੱਕ ਤਾਂ 28 ਸਾਲ ਦੇ ਲੰਮੇ ਸਮੇਂ ਬਾਅਦ ਮਿਲਿਆ ਇਨਸਾਫ਼ ਵੀ  ਬੇਇਨਸਾਫ਼ੀ ਹੀ ਹੁੰਦੀ ਹੈ। ਦੂਜਾ ਇਹ ਕਿ ਜੇਕਰ ਸੈਂਕੜੇ ਇਨਸਾਨਾਂ ਨੂੰ ਮਾਰਨ ਜਾਂ ਮਰਵਾਉਣ ਵਾਲੇ ਇੱਕ ਵਿਅਕਤੀ ਨੂੰ ਫਾਂਸੀ ਵੀ ਦੇ ਦਿੱਤੀ ਜਾਵੇ ਤਾਂ ਉਹ ਵੀ ਥੋੜ੍ਹੀ ਹੈ,ਵੈਸੇ ਮੈਂ ਫਾਂਸੀ ਦੇ ਹੱਕ ਵਿਚ ਨਹੀਂ ਹਾਂ। ਫਾਂਸੀ ਦੀ ਬਜਾਇ ਦੋਸ਼ ਮੁਤਾਬਿਕ ਦੋਸ਼ੀ ਨੂੰ ਜੇਲ੍ਹ ਦੀ ਸਜ਼ਾ ਹੀ ਹੋਣੀ ਚਾਹੀਦੀ ਹੈ, ਉਹ ਭਾਵੇਂ ਉਸ ਦੇ ਮਰਨ ਤੱਕ ਜੇਲ੍ਹ ਵਿਚ ਰਹਿਣ ਦੀ ਸਜਾ ਹੋਵੇ।

  ਜੇਕਰ ਸੈਂਕੜੇ ਵਿਅਕਤੀਆਂ ਨੂੰ ਮਾਰਨ ਜਾਂ ਮਰਵਾਉਣ ਵਾਲੇ ਇੱਕ ਵਿਅਕਤੀ ਨੂੰ ਮਰਨ ਤੱਕ ਜੇਲ੍ਹ ਵਿਚ ਰਹਿਣ ਦੀ ਸਜਾ ਮਿਲ ਵੀ ਜਾਵੇ ਤਾਂ ਇਹ ਸਜ਼ਾ ਵੀ ਇਨਸਾਫ਼ ਨਹੀਂ ਹੋ ਸਕਦੀ। ਕਿਉਂਕਿ ਇੱਕ ਤਾਂ ਇਹ ਕਿ ਜਿਸ ਦੋਸ਼ੀ ਨੇ ਸੈਂਕੜੇ ਇਨਸਾਨੀ ਜ਼ਿੰਦਗੀਆਂ ਖ਼ਤਮ ਕਰ ਦਿੱਤੀਆਂ ਉਨ੍ਹਾਂ ਦੇ ਬਦਲੇ ਉਸ ਦੋਸ਼ੀ ਦੀ ਇੱਕ ਜ਼ਿੰਦਗੀ ਹੀ ਖ਼ਤਮ ਹੋਵੇਗੀ, ਦੂਜਾ ਇਹ ਕਿ ਉਹ ਸੈਂਕੜੇ ਬੇਦੋਸਿਆਂ ਦਾ ਕੀ ਦੋਸ਼ ਸੀ ਜਿਨ੍ਹਾਂ ਨੂੰ ਬਿਨਾਂ ਗੁਨਾਹ ਤੋਂ ਹੀ ਮੌਤ ਦੀ ਸਜ਼ਾ ਦੇ ਦਿੱਤੀ ਗਈ। ਜੇ ਅਜਿਹੇ ਬੇਗੁਨਾਹਾਂ ਦੇ ਕਾਤਲਾਂ ਨੂੰ ਸਜ਼ਾ ਮਿਲ ਵੀ ਜਾਵੇ ਤਾਂ ਵੀ ਇਸ ਨਾਲ ਮਾਰੇ ਗਏ ਬੇਗੁਨਾਹ ਮਾਵਾਂ ਦੇ ਪੁੱਤ, ਪਤਨੀਆਂ ਦੇ ਪਤੀ, ਭੈਣਾਂ ਦੇ ਵੀਰ, ਬੱਚਿਆਂ ਦੇ ਪਿਤਾ ਤਾਂ ਵਾਪਸ ਨਹੀਂ ਆਉਣਗੇ, ਜਿਸ ਕਾਰਨ ਉਨ੍ਹਾਂ ਨਾਲ ਹੋਈ ਬੇਇਨਸਾਫ਼ੀ ਦਾ ਇਨਸਾਫ਼ ਤਾਂ ਹੋ ਹੀ ਨਹੀਂ ਸਕਦਾ। ਹਾਂ ਇੰਨਾ ਕੁ ਜ਼ਰੂਰ ਹੋ ਜਾਂਦਾ ਹੈ ਕਿ ਜੇਕਰ ਦੋਸ਼ੀ ਨੂੰ ਸਜ਼ਾ ਮਿਲ ਜਾਵੇ ਤਾਂ ਪੀੜਤਾਂ ਨੂੰ ਥੋੜ੍ਹਾ ਜਿਹਾ ਧਰਵਾਸ ਮਿਲ ਜਾਂਦਾ ਹੈ। ਉਹ ਇਸ ਗੱਲ 'ਤੇ ਸੰਤੁਸ਼ਟ ਹੋ ਜਾਂਦੇ ਹਨ ਕਿ ਜੇਕਰ ਦੋਸ਼ੀ ਨੇ ਮਾੜਾ ਕੀਤਾ ਸੀ ਤਾਂ ਉਹ ਵੀ ਹੁਣ ਉਸ ਦੀ ਸਜ਼ਾ ਭੁਗਤ ਰਿਹਾ ਹੈ। ਪਰ ਸਾਡੇ ਮਹਾਨ ਦੇਸ਼ ਦੀਆਂ ਸਰਕਾਰਾਂ ਅਤੇ ਅਦਾਲਤਾਂ ਘੱਟ ਗਿਣਤੀ ਦੇ ਪੀੜਤ ਪਰਿਵਾਰਾਂ ਦੇ ਜ਼ਖ਼ਮਾਂ ਉੱਤੇ ਮਲ੍ਹਮ ਲਾਉਣ ਹਿਤ ਵੱਧ ਗਿਣਤੀ ਦੇ ਦੋਸ਼ੀ ਵਿਅਕਤੀਆਂ ਨੂੰ ਥੋੜ੍ਹੀ ਮੋਟੀ ਸਜ਼ਾ ਦੇਣ ਬਾਰੇ ਸੋਚਣ ਨੂੰ ਵੀ ਪਾਪ ਸਮਝਦੀਆਂ ਹਨ। ਸਰਕਾਰ ਭਾਵੇਂ ਕਾਂਗਰਸ ਦੀ ਹੋਵੇ ਤੇਭਾਵੇਂ ਭਾਜਪਾ ਦੀ ਹੋਵੇ, ਘੱਟ ਗਿਣਤੀ ਦੇ ਬੇਗੁਨਾਹਾਂ ਨੂੰ ਘੱਟ ਗਿਣਤੀ ਹੋਣ ਦਾ ਅਹਿਸਾਸ ਕਰਵਾਉਣ ਵਿਚ ਦੋਹੇਂ ਕੋਈ ਕਸਰ ਬਾਕੀ ਨਹੀਂ ਛੱਡਦੀਆਂ। ਘੱਟ ਗਿਣਤੀਆਂ ਨਾਲ ਅਜਿਹਾ ਵਿਹਾਰ ਹੋਣਾ, ਘੱਟ ਗਿਣਤੀਆਂ ਨੂੰ ਕਤਲ ਕਰਨਾ, ਘੱਟ ਗਿਣਤੀਆਂ ਦੇ ਕਾਤਲਾਂ ਨੂੰ ਬਰੀ ਕਰਨਾ, ਇਹ ਵੀ ਕੋਈ ਨਵੀਂ ਗੱਲ ਨਹੀਂ, ਅਜਿਹਾ ਤਾਂ ਮੁੱਢ ਤੋਂ ਹੀ ਹੁੰਦਾ ਆਇਆ ਹੈ, ਪਰ ਅਜਿਹਾ ਹੋਣ ਨਾਲ ਕਦੇ ਕੌਮਾਂ ਖ਼ਤਮ ਨਹੀਂ ਹੁੰਦੀਆਂ। ਅਜਿਹੇ ਵਿਚ ਦੁਸ਼ਮਣ ਦੀ ਪਹਿਚਾਣ ਸਾਡੇ ਧੁਰ ਅੰਦਰ ਤੱਕ ਉਤਰ ਜਾਂਦੀ ਹੈ। ਨਾਲੇ ਕਦੇ ਵੀ ਆਪਣੀ ਕੌਮ ਦੇ ਗ਼ੱਦਾਰਾਂ ਤੋਂ ਬਿਨਾਂ ਕਦੇ ਵੀ ਕੋਈ ਦੁਸ਼ਮਣ ਕਿਸੇ ਕੌਮ ਨੂੰ ਖ਼ਤਮ ਨਹੀਂ ਕਰ ਸਕਿਆ। ਇਸ ਲਈ ਦੁਸ਼ਮਣ ਨਾਲ ਸਮਝੌਤਾ ਹੋ ਸਕਦਾ ਹੈ ਪਰ ਗ਼ੱਦਾਰਾਂ ਨਾਲ ਨਹੀਂ। ਕੌਮ ਦੇ ਜਿਉਂਦੇ ਰਹਿਣ ਲਈ ਇਹ ਜ਼ਰੂਰੀ ਹੈ ਕਿ ਉਸ ਨੂੰ ਆਪਣੇ ਦੁਸ਼ਮਣਾਂ ਅਤੇ ਗ਼ੱਦਾਰਾਂ ਦੀ ਪਹਿਚਾਣ ਹੋਵੇ। ਮੇਰੀ ਆਪਣੀ ਸੋਚ ਮੁਤਾਬਿਕ ਦੁੱਖ ਦੀ ਗੱਲ ਇਹ ਹੈ ਕਿ ਅਜੋਕੀ ਸਿੱਖ ਕੌਮ ਨੂੰ ਦੁਸ਼ਮਣਾਂ ਅਤੇ ਗ਼ੱਦਾਰਾਂ ਦੀ ਪਹਿਚਾਣ ਨਹੀਂ ਰਹੀ। ਜਿਸ ਕਾਰਨ ਸਿੱਖ ਕੌਮ ਦੇ ਦੁਸ਼ਮਣਾਂ ਤੋਂ ਵੀ ਵੱਧ ਖ਼ਤਰਨਾਕ ਗ਼ੱਦਾਰ ਆਗੂ ਨੰਗੇ ਚਿੱਟੇ ਦੁਸ਼ਮਣਾਂ ਨੂੰ ਦੁਸ਼ਮਣ ਪ੍ਰਚਾਰ ਕੇ ਹੀ ਆਪ ਕਾਤਲ ਹੁੰਦੇ ਹੋਏ ਵੀ ਹਮਦਰਦ ਬਣ ਕੇ ਦਰਦ ਦੇ ਰਹੇ ਹਨ। ਇਹ ਤਾਂ ਪੁਰਾਣੀ ਕਹਾਵਤ ਹੈ ਕਿ ਜੇਕਰ ਜੰਗਲ ਨੂੰ ਕੱਟਣਾ ਹੋਵੇ ਤਾਂ ਕੁਹਾੜੀ ਦਾ ਦਸਤਾ ਵੀ ਜੰਗਲ ਵਿਚੋਂ ਹੀ ਲੈਣਾ ਪੈਂਦਾ ਹੈ। ਕਾਂਗਰਸ ਨੇ ਮੁੱਢ ਤੋਂ ਹੀ ਸਿੱਖਾਂ ਨਾਲ ਦੁਸ਼ਮਣਾਂ ਵਾਲਾ ਵਤੀਰਾ ਰੱਖਿਆ, ਜੇ ਦੁਸ਼ਮਣ ਮਾਰੇ ਤਾਂ ਰੋਸ ਕਿਸ ਅੱਗੇ ਕਰਨਾ ਹੈ। ਪਰ ਅਫ਼ਸੋਸ ਕਿ ਅਸੀਂ ਸਾਡੇ ਦੁਸ਼ਮਣ ਨੂੰ ਦੁਸ਼ਮਣ ਕਹਿਣ ਵਾਲੇ ਨੂੰ ਹੀ ਹਮਦਰਦ ਸਮਝ ਕੇ ਉਸ ਤੋਂ ਇਨਸਾਫ਼ ਦੀ ਉਮੀਦ ਲਾ ਬੈਠੇ। ਸਿੱਖ ਕੌਮ ਦੇ ਮਹਿਲ ਦੀ ਉਸਾਰੀ ਲਈ ਗੁਰੂਆਂ ਨੇ ਆਪਣੇ ਪਰਿਵਾਰਾਂ ਦੀਆਂ ਲਾਸ਼ਾਂ ਨੂੰ ਇਸ ਦੀ ਉਸਾਰੀ ਲਈ ਵਰਤਿਆ, ਗੁਰੂ ਕੇ ਸਿੱਖਾਂ ਨੇ ਵੀ ਘੱਟ ਨਹੀਂ ਗੁਜ਼ਾਰੀ ਆਪਣੇ ਸੀਸਾਂ (ਸਿਰਾਂ), ਧੜਾਂ ਦੇ ਢੇਰ ਲਗਾ ਦਿੱਤੇ ਸਨ ਤਾਂ ਹੀ ਸਿੱਖ ਕੌਮ ਇਸ ਸਥਾਨ ਤੱਕ ਪਹੁੰਚੀ ਸੀ ਭਾਵ ਕਿ ਛੋਟੀ ਜਿਹੀ ਉਮਰ ਵਿਚ ਹੀ ਆਪਣੀ ਵੱਡੀ ਹੋਂਦ ਬਣਾ ਲਈ ਸੀ। ਜਿਸ ਦਾ ਹੁਣ ਸਲਾਮਤ ਰਹਿਣਾ ਅਸੰਭਵ ਜਾਪ ਰਿਹਾ ਹੈ। ਕੀ ਬਾਹਰੀ ਨੰਗੇ ਚਿੱਟੇ ਦੁਸ਼ਮਣਾਂ ਨੇ ਹੀ ਕੌਮ ਦੀ ਇਹ ਹਾਲਤ ਕਰ ਦਿੱਤੀ? ਨਹੀਂ, ਪੁਰਾਣਾ ਇਤਿਹਾਸ ਪੜ੍ਹ ਲਵੋ। ਦੁਸ਼ਮਣ ਤਾਂ ਇਸ ਨੂੰ ਖ਼ਤਮ ਕਰਦੇ ਕਰਦੇ ਖ਼ੁਦ ਹੀ ਖ਼ਤਮ ਹੋ ਗਏ ਸਨ। ਪਰ ਇਹ ਕੌਮ ਖ਼ਤਮ ਨਹੀਂ ਸੀ ਹੋਈ। ਸੱਜਣ ਕੁਮਾਰ ਹੋਰਾਂ ਨੂੰ ਹੀ ਵੇਖ ਲਵੋ ਕੀ ਇਨ੍ਹਾਂ ਨੇ ਦਿੱਲੀ ਵਿਚੋਂ ਸਿੱਖ ਖ਼ਤਮ ਕਰ ਦਿੱਤੇ? ਨਹੀਂ, ਕਿਉਂਕਿ ਦਿੱਲੀ ਵਿਚ ਤਾਂ ਦਾੜ੍ਹੀ ਕੇਸਾਂ ਤੇ ਦਸਤਾਰਾਂ ਵਾਲੇ ਸਿੱਖ ਸਰਦਾਰ ਅੱਜ ਵੀ ਵੱਡੀ ਗਿਣਤੀ ਵਿਚ ਮੌਜੂਦ ਹਨ। ਪਰ ਸਿੱਖੀ ਦਾ ਗੜ੍ਹ ਮੰਨੇ ਜਾਂਦੇ ਪੰਜਾਬ ਵਿਚ ਦਾੜ੍ਹੀ, ਕੇਸਾਂ ਤੇ ਦਸਤਾਰਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ। ਫਿਰ ਪੰਜਾਬ ਵਿਚ ਕਿਹੜਾ ਸੱਜਣ ਕੁਮਾਰ ਹੈ ਜੋ ਲਗਾਤਾਰ ਹੁਣ ਤੱਕ ਸਿੱਖਾਂ ਦੇ ਕਤਲੇਆਮ ਕਰ ਰਿਹਾ ਹੈ? ਕੌਣ ਹੈ ਜੋ ਸਿੱਖਾਂ ਦੇ ਕਾਤਲਾਂ ਨੂੰ ਹਲਾਸ਼ੇਰੀ ਦੇ ਰਿਹਾ ਹੈ? ਜੇ ਅਸੀਂ ਥੋੜ੍ਹੀਆਂ ਜਿਹੀਆਂ ਵੀ ਅੱਖਾਂ ਖੋਲ੍ਹ ਕੇ ਵੇਖੀਏ ਤਾਂ ਉਹ ਸਾਫ਼ ਦਿੱਖ ਪਵੇਗਾ। ਥੋੜ੍ਹਾ ਜਿਹਾ ਭੁਲੇਖਾ ਇਸ ਲਈ ਪੈ ਰਿਹਾ ਹੈ ਕਿ ਉਹ ਮੋਨਾ ਨਹੀਂ ਤੇ ਨਾ ਹੀ ਕਾਂਗਰਸ ਦਾ ਮੈਂਬਰ ਹੈ। ਜਿਸ ਕਾਰਨ ਸਾਡੀਆਂ ਅੱਖਾਂ ਧੋਖਾ ਖਾ ਜਾਂਦੀਆਂ ਹਨ। ਅਸਲ ਵਿਚ ਉਹ ਸਿੱਖੀ ਸਰੂਪ ਦੇ ਭੇਖ ਵਿਚ ਵਿਚਰ ਰਿਹਾ ਸ੍ਰ: ਪ੍ਰਕਾਸ਼ ਸਿੰਘ ਬਾਦਲ ਹੈ। ਬਾਦਲ ਵਾਰੇ ਜਿੰਨਾ ਕੁ ਮੇਰੇ ਪੜ੍ਹਨ ਸੁਣਨ ਵਿਚ ਆਇਆ ਹੈ ਉਸ ਅਨੁਸਾਰ ਕੁੱਝ ਕੁ ਵੰਨਗੀਆਂ ਲਿਖ ਰਿਹਾ ਹਾਂ । ਜੋ ਕਈਆਂ ਨੂੰ ਚੰਗੀਆਂ ਤੇ ਕਈਆਂ ਨੂੰ ਮੰਦੀਆਂ ਵੀ ਲੱਗਣਗੀਆਂ। ਪਹਿਲੀ ਵਾਰ ਬਾਦਲ ਨੇ 1971-72 ਵਿਚ ਨਕਸਲੀ ਲਹਿਰ ਦੇ ਨੌਜੁਆਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਖ਼ਤਮ ਕੀਤਾ, ਜੋ ਸਾਰੇ ਹੀ ਪੰਜਾਬ ਦੇ ਪੁੱਤਰ ਸਨ।ਫਰਵਰੀ 1978 ਵਿਚ ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਕਰਨ ਦੀ ਇਜਾਜ਼ਤ ਦਿੱਤੀ ਤਾਂ ਕਿ ਪੰਜਾਬੀਆਂ ਖ਼ਾਸ ਕਰ ਸਿੱਖਾਂ ਨੂੰ ਪਾਣੀ ਤੋਂ ਵਾਂਝੇ ਰੱਖਿਆ ਜਾ ਸਕੇ ਅਤੇ ਪੰਜਾਬ ਦੀ ਉਪਜਾਊ ਧਰਤੀ ਨੂੰ ਬੰਜ਼ਰ ਬਣਾਇਆ ਜਾ ਸਕੇ। ਅਪ੍ਰੈਲ 1978 ਵਿਚ ਅੰਮ੍ਰਿਤਸਰ ਦੀ ਧਰਤੀ ਤੇ ਸਿੱਖ ਵਿਰੋਧੀ ਨਿਰੰਕਾਰੀਆਂ ਦਾ ਸਮਾਗਮ ਕਰਵਾ ਕੇ ਸਿੱਖ ਕੌਮ ਨੂੰ ਚਿੜਾਇਆ ਅਤੇ ਸਿੱਖਾਂ ਦੇ ਖ਼ੂਨ ਦੀ ਹੋਲੀ ਖੇਡੀ, ਦੋਸ਼ੀ ਨਿਰੰਕਾਰੀ ਨੂੰ ਉੱਥੋਂ ਸੁਰੱਖਿਅਤ ਕੱਢਿਆ। ਬਾਦਲ ਵੱਲੋਂ 1978 ਵਿਚ ਲਗਾਈ ਗਈ ਅੱਗ ਅੱਜ ਤੱਕ ਸੁਲਗ ਰਹੀ ਹੈ। ਇਸ ਅੱਗ ਨੇ ਅਣਗਿਣਤ ਸਿੰਘਾਂ ਨੂੰ ਭਸਮ ਕਰ ਦਿੱਤਾ ਅਤੇ ਅੱਜ ਵੀ ਕਰ ਰਹੀ ਹੈ।ઠਜੂਨ 1984 ਦਾ ਦਰਬਾਰ ਸਾਹਿਬ ਤੇ ਹਮਲਾ ਅਤੇ ਦਿੱਲੀ ਦਾ ਸਿੱਖ  ਕਤਲੇਆਮ ਇਸੇ ਕੜੀ ਦਾ ਹਿੱਸਾ ਸੀ। ਬਾਦਲ ਦੇ ਮਿੱਤਰ ਲਾਲ ਕ੍ਰਿਸ਼ਨ ਅਡਵਾਨੀ ਨੇ ਇੰਦਰਾ ਗਾਂਧੀ ਤੇ ਦਬਾਅ ਪਾ ਕੇ ਦਰਬਾਰ ਸਾਹਿਬ ਉੱਪਰ ਹਮਲਾ ਕਰਵਾਇਆ। ਬਾਦਲ ਦਲ ਦਰਬਾਰ ਸਾਹਿਬ 'ਤੇ ਛੇਤੀ ਹਮਲਾ ਕਰਨ ਲਈ ਇੰਦਰਾ ਗਾਂਧੀ ਨੂੰ ਚਿੱਠੀਆਂ ਲਿਖਦਾ ਰਿਹਾ ਹੈ। ਦਰਬਾਰ ਸਾਹਿਬ 'ਤੇ ਹਮਲਾ ਕਰਨ ਲਈ ਬਾਦਲ ਦੇ ਰਿਸ਼ਤੇਦਾਰ ਰਮੇਸ਼ਇੰਦਰ ਸਿੰਘ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਇਜਾਜ਼ਤ ਦਿੱਤੀ ਸੀ। ਕਾਲੇ ਦੌਰ ਸਮੇਂ ਪੁਲਿਸ ਅਫ਼ਸਰ ਇਜ਼ਹਾਰ ਆਲਮ ਨੇ ਅੰਮ੍ਰਿਤਸਰ ਵਿਚ ਨਿਰਦੋਸ਼ ਸਿੱਖ ਨੌਜੁਆਨਾਂ ਦੇ ਖ਼ੂਨ ਦੀ ਹੋਲੀ ਖੇਡੀ, ਬਾਦਲ ਨੇ ਇਸ ਦੋਸ਼ੀ ਸਾਬਕਾ ਪੁਲਿਸ ਅਫ਼ਸਰ ਨੂੰ ਮਲੇਰ ਕੋਟਲੇ ਤੋਂ ਆਪਣੇ ਦਲ ਦਾ ਆਗੂ ਥਾਪਿਆ ਅਤੇ ਇਸ ਦੇ ਘਰਵਾਲੀ ਨੂੰ ਆਪਣੀ ਪਾਰਟੀ ਵੱਲੋਂ ਵਿਧਾਨ ਸਭਾ ਦੀ ਟਿਕਟ ਦੇ ਕੇ ਜਿਤਾਇਆ। ਸੁਮੇਧ ਸਿੰਘ ਸੈਣੀ ਨੇ ਵੱਡੀ ਗਿਣਤੀ ਵਿਚ ਸਿੱਖ ਨੌਜਵਾਨਾਂ ਦਾ ਕਤਲ ਕੀਤਾ, ਸ੍ਰ: ਬਾਦਲ ਨੇ ਇਸ ਨੂੰਸਨਮਾਨਿਤ ਕਰਦਿਆਂ ਪੰਜਾਬ ਪੁਲਿਸ ਦਾ ਮੁਖੀ ਬਣਾਇਆ। ਪੱਛਮੀ ਬੰਗਾਲ ਦਾ ਪ੍ਰਸਿੱਧ ਕਾਂਗਰਸੀ ਸਿਧਾਰਥ ਸ਼ੰਕਰ ਰੇਅ ਜੋ ਬੰਗਾਲ ਵਿਚ ਹਥਿਆਰ ਬੰਦ ਨਕਸਲੀ ਲਹਿਰ ਨੂੰ ਕੁਚਲਨ ਦਾ ਮਾਹਿਰ ਸੀ, 1986 ਤੋਂ 1989 ਤੱਕ ਪੰਜਾਬ ਦਾ ਗਵਰਨਰ ਰਿਹਾ ਇਸ ਨੇ ਵੱਡੀ ਪੱਧਰ ਤੇ ਸਿੱਖ ਨੌਜੁਆਨਾਂ ਦਾ ਘਾਣ ਕੀਤਾ। ਇਸਦੀ ਮੌਤ 6-11-2010 ਨੂੰ ਪੱਛਮੀ ਬੰਗਾਲ ਵਿਚ ਹੋਈ ਤਾਂ ਬਾਦਲ ਸਰਕਾਰ ਨੇ ਇਸ ਦੀ ਮੌਤ 'ਤੇ ਪੰਜਾਬ ਵਿਚ ਦੋ ਦਿਨਾਂ ਦੇ ਸੋਗ ਦਾ ਐਲਾਨ ਕੀਤਾ। ਹਰਿਆਣੇ ਦੇ ਸਵ: ਮੁੱਖ ਮੰਤਰੀ ਦੇਵੀ ਲਾਲ ਦਾ ਬੁੱਤ ਲੱਖਾਂ ਰੁਪਏ ਖ਼ਰਚਕੇ ਪੰਜਾਬ ਦੇ ਲੰਬੀ ਹਲਕੇ ਵਿਚ ਲਾਇਆ। ਆਰ.ਐੱਸ.ਐੱਸ. ਸ਼ਰੇਆਮ ਸਿੱਖ ਧਰਮ ਵਿਚ ਦਖ਼ਲ ਅੰਦਾਜ਼ੀ ਕਰਦੀ ਰਹਿੰਦੀ ਹੈ, ਜਿਸ ਕਾਰਨ ਸਿੱਖਾਂ ਵਿਚ ਆਰ.ਐੱਸ.ਐੱਸ. ਵਿਰੁੱਧ ਰੋਸ ਫੈਲਦਾ ਰਹਿੰਦਾ ਹੈ। ਇਸ ਰੋਸ ਵਿਰੁੱਧ 9ਦਸੰਬਰ 2000 ਦੇ ਪੰਜਾਬੀ ਟ੍ਰਿਬਿਊਨ 'ਚ ਬਾਦਲ ਦਾ ਬਿਆਨ ਸੀ ਕਿ ਆਰ.ਐੱਸ.ਐੱਸ. ਵਿਰੁੱਧ ਬਿਆਨ ਦੇਣ ਵਾਲੇ ਪੰਜਾਬ ਦੇ ਦੁਸ਼ਮਣ ਅਤੇ ਅਮਨ ਨੂੰ ਅੱਗ ਲਾਉਣ ਵਾਲੇ ਹਨ। ਲੁਧਿਆਣੇ ਵਿਚ 5 ਦਸੰਬਰ 2009 ਨੂੰ ਆਸ਼ੂਤੋਸ਼ ਦੇ ਹੋ ਰਹੇ ਸਮਾਗਮ ਨੂੰ ਰੁਕਵਾਉਣ ਲਈ ਸ਼ਾਂਤਮਈ ਰੋਸ ਮਾਰਚ ਕਰ ਰਹੇ ਸਿੰਘਾਂ ਉੱਪਰ ਬਾਦਲ ਸਰਕਾਰ ਨੇ ਗੋਲੀਆਂ ਚਲਵਾਈਆਂ, ਜਿਸ ਵਿਚ ਇੱਕ ਦਰਸ਼ਨ ਸਿੰਘ ਲੁਹਾਰਾ ਸ਼ਹੀਦ ਹੋ ਗਿਆ ਤੇ ਦਰਜਨਾਂ ਸਿੰਘ ਜ਼ਖਮੀ ਹੋ ਗਏ ਸਨ। ਕਿਉਂਕਿ ਬਾਦਲ ਪਰਿਵਾਰ ਆਸ਼ੂਤੋਸ਼ ਦਾ ਸੇਵਕ ਹੈ, ਬਾਦਲ ਦੀ ਪਤਨੀ ਸੁਰਿੰਦਰ ਕੌਰ ਆਸ਼ੂਤੋਸ਼ ਦੀਆਂ ਚੌਂਕੀਆਂ ਭਰਦੀ ਰਹੀ ਹੈ। ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਸ਼ਰੇਆਮ ਸਿਰਸੇ ਡੇਰੇ ਦੇ ਸੌਦਾ ਸਾਧ ਤੋਂ ਆਸ਼ੀਰਵਾਦ ਲੈਂਦੇ ਰਹੇ ਹਨ। ਬਾਦਲ ਹਵਨ ਕਰਦਾ ਰਿਹਾ ਹੈ, ਸਿਰ ਤੇ ਮੁਕਟ ਸਜਾਉਂਦਾ ਰਿਹਾ ਹੈ, ਗੁਰਮਤਿ ਵਿਰੋਧੀ ਹਰ ਡੇਰੇ ਵਿਚ ਜਾਂਦਾ ਹੈ। ਮਈ 2009 ਵਿਚ ਆਸਟਰੀਆ ਦੇ ਬਿਆਨਾ ਕਾਂਡ ਦੇ ਪੀੜਤ ਸਿੱਖਾਂ ਦੇ ਵਿਰੁੱਧ ਬਾਦਲ ਦੇ ਗ਼ੁਲਾਮ ਅਵਤਾਰ ਸਿੰਘ ਮੱਕੜ ਨੇ ਅਖ਼ਬਾਰ ਵਿਚ ਇਸ਼ਤਿਹਾਰ ਦੇ ਕੇ ਗੁਰਮਤਿ ਦੀਆਂ ਧੱਜੀਆਂ ਉਡਾਉਣ ਵਾਲੇ ਸਾਧ ਦੀ ਪ੍ਰਸ਼ੰਸਾ ਕੀਤੀ ਅਤੇ ਮਨਮਤਿ ਨੂੰ ਰੋਕਣ ਵਾਲੇ ਸਿੰਘਾਂ ਨੂੰ ਸਖ਼ਤ ਤੋਂ ਸਖ਼ਤ ਸਜਾ ਦੇਣ ਦੀ ਮੰਗ ਕੀਤੀ। ਇਸੇ ਸਾਧ ਦੇ ਨਿਮਿਤ ਅਖੰਡ ਪਾਠ ਪ੍ਰਕਾਸ਼ ਕਰਵਾਉਣ ਸਮੇਂ ਬਾਦਲ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਕੁਰਸੀ ਤੇ ਬੈਠਿਆ ਅਤੇ ਬੱਲਾਂ ਦੇ ਡੇਰੇ ਵਿਚ ਜਾ ਕੇ ਭੁੰਜੇ (ਥੱਲੇ) ਬੈਠਿਆ। ਸਿੱਖ ਕੌਮ ਦੀ ਵੱਖਰੀ ਹੋਂਦ ਦੇ ਪ੍ਰਤੀਕ ਨਾਨਕ ਸ਼ਾਹੀ ਕੈਲੰਡਰ ਜੋ 2003ਵਿਚ ਲਾਗੂ ਹੋਇਆ ਸੀ ਨੂੰ ਆਰ.ਐੱਸ.ਐੱਸ. + ਸੰਤ ਸਮਾਜ ਦੇ ਇਸ਼ਾਰੇ 'ਤੇ 2010 ਵਿਚ ਖ਼ਤਮ ਕੀਤਾ। ਮਹੰਤਾਂ ਤੋਂ ਗੁਰੂ ਘਰਾਂ ਨੂੰ ਆਜ਼ਾਦ ਕਰਵਾਉਣ ਲਈ ਸਿੰਘਾਂ ਨੇ ਬੇਅੰਤ ਕੁਰਬਾਨੀਆਂ ਕੀਤੀਆਂ ਸਨ ਫਿਰ ਸ਼੍ਰੋ:ਗੁ:ਪ੍ਰ:ਕਮੇਟੀ ਹੋਂਦ ਵਿਚ ਆਈ ਸੀ, ਪਰ ਬਾਦਲ ਨੇ ਅਜੋਕੇ ਮਹੰਤਾਂ (ਸੰਤ ਸਮਾਜ) ਨੂੰ ਗੁਰੂ ਘਰਾਂ ਉੱਪਰ ਦੁਬਾਰਾ ਕਾਬਜ਼ ਕਰਨ ਲਈ ਟਿਕਟਾਂ ਦੇ ਕੇ ਨਿਵਾਜਿਆ। ਜਦਕਿ ਇਨ੍ਹਾਂ ਮਹੰਤਾਂ ਨੇ ਅੱਜ ਤੱਕ ਸ਼੍ਰੋ:ਗੁ:ਪ੍ਰ:ਕਮੇਟੀ ਵੱਲੋਂ ਪ੍ਰਕਾਸ਼ਿਤ ਸਿੱਖ ਰਹਿਤ ਮਰਯਾਦਾ ਨੂੰ ਮੰਨਣਾ ਤਾਂ ਦੂਰ ਰਿਹਾ ਉਲਟਾ ਇਸ ਦੇ ਬਰਾਬਰ ਆਪਣੀ (ਸੰਤ ਸਮਾਜ ਦੀ) ਵੱਖਰੀ ਮਰਯਾਦਾ ਪ੍ਰਕਾਸ਼ਿਤ ਕੀਤੀ ਹੋਈ ਹੈ ਅਤੇ ਨਾਲੇ ਆਪੋ ਆਪਣੇ ਡੇਰਿਆਂ ਦੀਆਂ ਵੱਖੋ-ਵੱਖਰੀਆਂ ਮਰਿਆਦਾਵਾਂ ਵੀ ਚਲਾਈਆਂ ਹੋਈਆਂ ਹਨ। ਸ਼੍ਰੋ:ਗੁ:ਪ੍ਰ:ਕਮੇਟੀ 'ਤੇ ਲੰਮੇ ਸਮੇਂ ਤੋਂ ਕਾਬਜ਼ ਚੱਲੇ ਆ ਰਹੇ ਸ੍ਰ: ਬਾਦਲ ਨੇ ਜਿੱਥੇ ਗੁਰੂ ਘਰਾਂ ਦੀ ਵੱਡੀ ਪੱਧਰ ਤੇ ਆਰਥਿਕ ਲੁੱਟ ਕੀਤੀ ਹੈ, ਉੱਥੇ ਸਮਾਜਿਕ, ਧਾਰਮਿਕ ਅਤੇ ਮਾਨਸਿਕ ਤੌਰ 'ਤੇ ਸਿੱਖੀ ਜਜ਼ਬੇ ਨੂੰ 99ਪ੍ਰਤੀਸ਼ਤ ਖ਼ਤਮ ਕਰ ਕੇ ਰੱਖ ਦਿੱਤਾ ਹੈ। ਹੁਣ ਆਪਣੀ ਮੌਤ ਨੂੰ ਨੇੜੇ ਵੇਖਦਿਆਂ ਪੰਜਾਬ ਅਤੇ ਸ਼੍ਰੋ:ਗੁ:ਪ੍ਰ:ਕਮੇਟੀ ਨੂੰ ਮੁੜ ਆਰ.ਐੱਸ.ਐੱਸ.(ਬੀ.ਜੇ.ਪੀ.) ਤੇ ਮਹੰਤਾਂ (ਸੰਤ ਸਮਾਜ) ਨੂੰ ਸੌਂਪ ਕੇ ਜਾਣ ਦੀ ਤਿਆਰੀ ਕਰ ਰਿਹਾ ਹੈ। ਬਾਦਲ ਨੇ ਪੰਜਾਬ ਵਿਚ ਸ਼ਰਾਬ ਦੀਆਂ ਹੋਰ ਫ਼ੈਕਟਰੀਆਂ ਖੋਲ੍ਹਣ ਦੀ ਮਨਜ਼ੂਰੀ ਦੇ ਕੇ ਅਤੇ ਪੰਜਾਬ ਨੂੰ ਸਮੈਕ ਦੀ ਮੰਡੀ ਬਣਾ ਕੇ ਪੂਰੇ ਪੰਜਾਬ ਨੂੰ ਨਸ਼ੇੜੀ ਬਣਾਇਆ, ਪੰਜਾਬੀਆਂ ਵਿਚੋਂ ਅਣਖ ਇੱਜ਼ਤ ਅਤੇ ਸਿੱਖੀ ਜਜ਼ਬਾ ਖ਼ਤਮ ਕੀਤਾ। ਮਾਲਵੇ ਦੇ ਇੱਕ ਪਿੰਡ ਦੇ ਮੁੰਡੇ ਦੀ ਕਹਾਣੀ ਮੈਨੂੰ ਇੱਕ ਦੋਸਤ ਨੇ ਦੱਸੀ ਕਿ ਉਸ ਮੁੰਡੇ ਨੂੰ ਕੋਈ ਰਿਸ਼ਤਾ ਨਹੀਂ ਕਰਦਾ ਕਿਉਂਕਿ ਮੁੰਡਾ ਨਸ਼ੇੜੀ ਤੇ ਬੇਕਾਰ ਹੈ ਅਤੇ ਠੱਗੀਆਂ ਚੋਰੀਆਂਨਾਲ ਨਸ਼ੇ ਦੀ ਪੂਰਤੀ ਕਰਦਾ ਹੈ, ਮੁੰਡੇ ਦੀ ਭੈਣ ਵੀ ਜੁਆਨ ਹੈ ਉਸ ਦਾ ਕੋਈ ਰਿਸ਼ਤਾ ਨਹੀਂ ਲੈਂਦਾ ਕਿਉਂਕਿ ਉਸ ਦਾ ਭਰਾ ਨਸ਼ੇੜੀ ਤੇ ਠੱਗ ਚੋਰ ਹੈ। ਜਿਹੜਾ ਪੰਜਾਬ ਕਦੇ ਅਬਦਾਲੀਆਂ ਤੇ ਅੰਗਰੇਜ਼ਾਂ ਦੇ ਦੰਦ ਖੱਟੇ ਕਰਦਾ ਹੁੰਦਾ ਸੀ, ਹੁਣ ਇਹ ਹਾਲਤ ਹੈ ਉਸ ਪੰਜਾਬ ਦੀ। ਪੰਜਾਬ ਹਰ ਪੱਖ ਤੋਂ ਖ਼ਤਮ ਹੋ ਰਿਹਾ ਹੈ, ਬਾਦਲ ਦੀ ਜਾਇਦਾਦ ਬੇਮਿਸਾਲ ਵੱਧ ਰਹੀ ਹੈ। ਬਾਦਲ ਨੇ ਪੰਜਾਬ ਵਿਚ ਡੇਰਾਵਾਦ ਨੂੰ ਉਤਸ਼ਾਹਿਤ ਕਰ ਕੇ ਸਿੱਖੀ ਕਦਰਾਂ ਕੀਮਤਾਂ ਦਾ ਘਾਣ ਕੀਤਾ। ਜਿਹੜੇ ਪੰਜਾਬੀ ਸਿਰਾਂ ਦੇ ਮੁੱਲ ਪੈਣ 'ਤੇ ਵੀ ਸਿੱਖੀ ਵੱਲੋਂ ਮੁੱਖ ਨਹੀਂ ਸੀ ਮੋੜਦੇ ਉਨ੍ਹਾਂ ਦੇ ਸਿਰਾਂ ਤੋਂ ਦਸਤਾਰਾਂ, ਚੁੰਨੀਆਂ ਅਤੇ ਕੇਸ ਖ਼ਤਮ ਕੀਤੇ। ਅੱਜ ਰੋਜ਼ਗਾਰ ਮੰਗ ਰਹੇ ਪੰਜਾਬੀ ਲੜਕੇ, ਲੜਕੀਆਂ ਦੀਆਂ ਪੱਗਾਂ/ਚੁੰਨੀਆਂ ਪੈਰਾਂ ਹੇਠ ਰੋਲ਼ੀਆਂ ਜਾ ਰਹੀਆਂ ਹਨઠਤੇ ਉਨ੍ਹਾਂ ਨੂੰ ਕੇਸਾਂ ਤੋਂ ਫੜ ਕੇ ਘਸੀਟਿਆ ਜਾ ਰਿਹਾ ਹੈ। ਜਦਕਿ ਪੰਜਾਬੀਆਂ ਲਈ ਪੱਗ, ਚੁੰਨੀ ਅਤੇ ਕੇਸ ਅਣਖ, ਇੱਜ਼ਤ ਦਾ ਪ੍ਰਤੀਕ ਹਨ। ਇਸ ਅਣਖ ਇੱਜ਼ਤ ਨੂੰ ਖ਼ਤਮ ਕਰਨ ਲਈ ਬਾਦਲ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ। ਪੰਜਾਬ ਵਿਚ ਹਜ਼ਾਰਾਂ ਸਿੰਘ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰੇ ਗਏ, ਹਜ਼ਾਰਾਂ ਸਿੰਘਾਂ ਨੂੰ ਝੂਠੇ ਕੇਸਾਂ ਵਿਚ ਫਸਾ ਕੇ ਜੇਲ੍ਹਾਂ ਵਿਚ ਬੰਦ ਕੀਤਾ ਹੋਇਆ ਹੈ। ਸਿੰਘਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰਨ ਵਾਲਿਆਂ ਅਤੇ ਸਿੰਘਾਂ ਉੱਪਰ ਝੂਠੇ ਕੇਸ ਪਾਉਣ ਵਾਲੇ ਦੋਸ਼ੀ ਪੁਲਿਸ ਅਫ਼ਸਰਾਂ ਨੂੰ ਬਾਦਲ ਤਰੱਕੀਆਂ ਦੇ ਕੇ ਨਿਵਾਜ ਰਿਹਾ ਹੈ ਅਤੇ ਸਿੰਘਾਂ ਨੂੰ ਅੱਤਵਾਦੀ ਵਿਸ਼ੇਸ਼ਣਾਂ ਨਾਲ ਪੁਕਾਰਦਾ ਹੈ। ਘੱਟ ਗਿਣਤੀ ਮੁਸਲਮਾਨਾਂ ਦੇ ਖ਼ੂਨ ਦੀ ਹੋਲੀ ਖੇਡਣ ਵਾਲੇ ਭਗਵੇਂ ਅੱਤਵਾਦੀ ਨਰਿੰਦਰ ਮੋਦੀ ਦਾ ਬਾਦਲ ਪ੍ਰਸੰਸਕ ਹੈ। ਇਸੇ ਲਈ 16-9-2011 ਨੂੰ ਮੋਦੀ ਵੱਲੋਂ ਸਦਭਾਵਨਾ ਦੇ ਕੀਤੇ ਡਰਾਮੇ ਵਿਚ ਬਾਦਲ ਵਿਸ਼ੇਸ਼ ਤੌਰ 'ਤੇ ਜਾ ਕੇ ਸ਼ਾਮਿਲઠਹੋਇਆ। ਦਰਬਾਰ ਸਾਹਿਬ ਉੱਪਰ ਹਮਲਾ ਕਰਵਾਉਣ ਵਾਲੇ ਲਾਲ ਕ੍ਰਿਸ਼ਨ ਅਡਵਾਨੀ ਦੀ ਫ਼ਿਰਕੂ ਯਾਤਰਾ ਦਾ 13-11-2011 ਪੰਜਾਬ ਵਿਚ ਪਹੁੰਚਣ ਤੇ ਬਾਦਲ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੇ ਵਿੱਤੋਂ ਬਾਹਰ ਹੋ ਕੇ ਸਵਾਗਤ ਕੀਤਾ। 29-3-2012 ਨੂੰ ਭਾਈ ਰਾਜੋਆਣਾ ਦੀ ਫਾਂਸੀ ਦੇ ਵਿਰੋਧ ਵਿਚ ਗੁਰਦਾਸਪੁਰ ਵਿਖੇ ਰੋਸ ਮਾਰਚ ਕਰਦੇ ਸਮੇਂਹੋਏ ਝਗੜੇ ਵਿਚ ਕੁੱਝ ਹਿੰਦੂ ਕੱਟੜ ਪੰਥੀਆਂ ਨੇ ਇੱਕ ਸਿੱਖ ਦੀ ਪੱਗ ਲਾਹ ਕੇ ਸਾੜ ਦਿੱਤੀ ਸੀ। ਇਸ ਘਟਨਾ ਦੇ ਵਿਰੁੱਧ 30ਮਾਰਚ ਨੂੰ ਰੋਸ ਮੁਜ਼ਾਹਰਾ ਕਰਦੇ ਸਿੱਖਾਂ ਉੱਤੇ ਗੋਲੀਆਂ ਚਲਾ ਕੇ ਭਾਈ ਜਸਪਾਲ ਸਿੰਘ ਨੂੰ ਸ਼ਹੀਦ ਕਰ ਦਿੱਤਾ ਤੇ ਕਈ ਹੋਰ ਸਿੱਖਾਂ ਨੂੰ ਜ਼ਖ਼ਮੀ ਕਰ ਦਿੱਤਾ, ਇਹ ਸੀ ਪੰਜਾਬ ਸਰਕਾਰ ਦੀ ਆਪਣੇ ਨਾਗਰਿਕਾਂ ਪ੍ਰਤੀ ਹਮਦਰਦੀ ਅਤੇ ਪੱਗ ਦਾ ਸਤਿਕਾਰ। ਪੰਜਾਬ ਦੇ ਕਾਲ਼ੇ ਦੌਰ ਵਿਚ ਬੇਗੁਨਾਹ ਸਿੱਖਾਂ ਉੱਪਰ ਹੋਏ ਤਸ਼ੱਦਦ ਦੀ ਕਹਾਣੀ ਨੂੰ ਬਿਆਨ ਕਰਦੀ ਫ਼ਿਲਮ ਸਾਡਾ ਹੱਕ ਜਿਸ ਨੂੰ ਮੁੰਬਈ ਸੈਂਸਰ ਬੋਰਡ ਨੇ ਵੀ ਪਾਸ ਕਰ ਦਿੱਤਾ ਸੀ; ਪ੍ਰਕਾਸ਼ ਸਿੰਘ ਬਾਦਲ ਦੇ ਸੱਚ ਨੂੰ ਸਾਹਮਣੇ ਆਉਣ ਤੋਂ ਰੋਕਣ ਲਈ ਇਸ ਫ਼ਿਲਮ 'ਤੇ 4ਅਪ੍ਰੈਲ ਨੂੰ ਪਾਬੰਦੀ ਲਗਾ ਦਿੱਤੀ, ਕਦੇ ਸ੍ਰ: ਬਾਦਲ ਨੇ ਅਸ਼ਲੀਲ ਫ਼ਿਲਮਾਂ ਜਾਂ ਗਾਣਿਆਂ 'ਤੇ ਪਾਬੰਦੀ ਕਿਉਂ ਨਹੀਂ ਲਾਈ? ਸਿੱਖਾਂ 'ਤੇ ਹੋਏ ਜ਼ੁਲਮ ਨੂੰ ਵਿਖਾਉਣ ਨਾਲ ਤਾਂ ਪੰਜਾਬ ਦਾ ਮਾਹੌਲ ਖ਼ਰਾਬ ਹੋ ਸਕਦਾ ਹੈ, ਕੀ ਬੱਸਾਂ, ਕਾਰਾਂ, ਟਰੱਕਾਂ, ਟਰੈਕਟਰਾਂ, ਮੋਬਾਈਲ ਫੋਨਾਂ, ਮੈਰਿਜ ਪੈਲੇਸਾਂ ਵਿਚ ਚੱਲਦੇ ਅਤਿ ਘਟੀਆਂ ਦਰਜੇ ਦੇ ਅਸ਼ਲੀਲ ਗੀਤਾਂ ਨਾਲ ਪੰਜਾਬ ਦਾ ਮਾਹੌਲ ਠੀਕ ਹੁੰਦਾ ਹੈ? ਪੰਜਾਬ ਵਿਚ ਅੱਜ ਦੇ ਨੌਜਵਾਨ ਮੁੰਡੇ-ਕੁੜੀਆਂ ਦੇ ਕੀ ਹਾਲਾਤ ਹਨ, ਉਹ ਹਰ ਰੋਜ਼ ਹੀ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦੇ ਹਨ, ਪਰ ਬਾਦਲ ਸਾਹਿਬ ਨੂੰ ਪੰਜਾਬ ਵਿਚ ਖ਼ਤਮ ਹੋ ਰਹੀ ਧੀਆਂ, ਭੈਣਾਂ ਦੀ ਸਾਂਝ, ਨਿੱਤ ਹੋ ਰਹੇ ਬਲਾਤਕਾਰ, ਵੱਧ ਰਹੀ ਅਸ਼ਲੀਲਤਾ,ਨਸ਼ਿਆਂ ਦੇ ਸਮੁੰਦਰ ਵਿਚ ਡੁੱਬ ਰਹੀ ਪੰਜਾਬ ਦੀ ਜਵਾਨੀ ਦਾ ਤਾਂ ਕਦੇ ਫ਼ਿਕਰ ਨਹੀਂ ਹੋਇਆ, ਕਿਉਂਕਿ ਇਹ ਤਾਂ ਇਹਨਾਂ ਵੱਲੋਂ ਰਾਜ ਨਹੀਂ ਸੇਵਾ ਦੇ ਨਾਅਰੇ ਹੇਠ ਪੰਜਾਬੀਆਂ ਨੂੰ ਬਖ਼ਸ਼ੀ ਹੋਈ ਦਾਤ ਹੈ। ਸਾਡਾ ਹੱਕ ਵਰਗੀਆਂ ਫ਼ਿਲਮਾਂ ਹੋ ਸਕਦੈ ਨੌਜਵਾਨਾਂ ਵਿਚ ਅਣਖ, ਗ਼ੈਰਤ ਜਾਂ ਸਾਡੇ ਹੱਕਾਂ ਲਈ ਜਾਗਰੂਕਤਾ ਪੈਦਾ ਕਰ ਦੇਣ। ਜਾਗੇ ਹੋਏ ਲੋਕ ਇਹਨਾਂ ਨੂੰ ਪਸੰਦ ਨਹੀਂ ਕਿਉਂਕਿ ਉਹ ਇਹਨਾਂ ਲਈ ਮੁਸੀਬਤ ਬਣ ਜਾਣਗੇ। ਇਸੇ ਲਈ ਇਹ ਪੰਜਾਬ ਵਾਸੀਆਂ ਨੂੰ ਅਸ਼ਲੀਲਤਾ ਅਤੇ ਨਸ਼ਿਆਂ ਦੀਆਂ ਲੋਰੀਆਂ ਦੇ ਕੇ ਸਦਾ ਲਈ ਸੁਆ ਦੇਣਾ ਚਾਹੁੰਦੇ ਹਨ। ਪੰਜਾਬੀ ਟ੍ਰਿਬਿਊਨ ਦੇ ਪੰਨਾ ਨੰਬਰ 3 ਤੇ 20 ਅਪ੍ਰੈਲ ਨੂੰ ਖ਼ਬਰ ਲੱਗੀ ਹੈ ਜਿਸ ਵਿਚ ਪੱਤਰਕਾਰਾਂ ਨੇ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਿਆ ਕਿ 2009 ਵਿਚ ਦਵਿੰਦਰਪਾਲ ਸਿੰਘ ਭੁੱਲਰ ਬਾਰੇ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿਚ ਹਲਫ਼ਨਾਮਾ ਦਿੱਤਾ ਸੀ ਜਿਸ ਵਿਚ ਉਸ ਨੂੰ ਖ਼ਤਰਨਾਕ ਅੱਤਦਾਵੀ ਦੱਸਿਆ ਹੈ ਤਾਂ ਬਾਦਲ ਨੇ ਕਿਹਾ ਕਿ ਸਰਕਾਰ ਵੱਲੋਂ ਦਿੱਤੇ ਗਏ ਅਜਿਹੇ ਕਿਸੇ ਹਲਫ਼ਨਾਮੇ ਬਾਰੇ ਉਨ੍ਹਾਂ ਨੂੰ ਰੱਤੀ ਭਰ ਗਿਆਨ ਨਹੀਂ ਹੈ ਨਾ ਹੀ ਉਨ੍ਹਾਂ ਨੂੰ ਇਹ ਪਤਾ ਹੈ ਕਿ ਉਸ ਹਲਫ਼ਨਾਮੇ ਵਿਚ ਕੀ ਲਿਖਿਆ ਹੈ। ਇਹ ਹੈ ਪੰਜਾਬ ਦੇ ਮੁੱਖ ਮੰਤਰੀ ਦਾ ਜਵਾਬ! ਪੱਤਰਕਾਰਾਂ ਨੇ ਫਿਰ ਹੋਰ ਸਵਾਲ ਕੀਤਾ ਕਿ 1991 ਵਿਚ ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਨੂੰ ਪੁਲਿਸ ਨੇ ਘਰੋਂ ਚੁੱਕ ਕੇ ਮਾਰ ਦਿੱਤਾ ਸੀ। ਕੀ ਉਹ ਇਸਦੀ ਜਾਂਚ ਕਰਵਾਉਣਗੇ ਤਾਂ ਬਾਦਲ ਨੇ ਕਿਹਾ ਕਿ ਏਨੇ ਪੁਰਾਣੇ ਕੇਸ ਬਾਰੇ ਕੀ ਕਿਹਾ ਜਾ ਸਕਦਾ ਹੈ, ਉਦੋਂ ਬੜਾ ਕੁੱਝ ਵਾਪਰਿਆ ਸੀ। ਅਖ਼ਬਾਰ ਵਿਚ ਅੱਗੇ ਲਿਖਿਆ ਹੈ ਕਿ ਪ੍ਰੋ: ਦਵਿੰਦਰ ਪਾਲ ਸਿੰਘ ਭੁੱਲਰ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਪ੍ਰੋ: ਭੁੱਲਰ ਦੇ ਪਿਤਾ ਅਤੇ ਮਾਸੜ ਨੂੰ ਪੁਲਿਸ ਘਰੋਂ ਚੁੱਕ ਕੇ ਲੈ ਗਈ ਸੀ ਜਿਨ੍ਹਾਂ ਦਾ ਹਾਲੇ ਤੱਕ ਪਤਾ ਨਹੀਂ ਲੱਗਿਆ ਇਸ ਮਾਮਲੇ 'ਚ ਉਂਗਲ ਸੁਮੇਧ ਸੈਣੀ ਤੇ ਉੱਠ ਰਹੀ ਹੈ। ਪੰਜਾਬ  ਸਰਕਾਰ ਸੁਮੇਧ ਸੈਣੀ ਨੂੰ ਬਚਾਉਣ ਲਈ ਸੁਪਰੀਮ ਕੋਰਟ ਤੱਕ ਗਈ ਹੈ। ਇੱਕ ਪਾਸੇ ਸ੍ਰ: ਬਾਦਲ ਜੀ 1991 ਦੇ ਕਾਤਲਾਂ ਨੂੰ ਪੁਰਾਣੇ ਕੇਸ ਕਹਿ ਕੇ ਮਾਮਲਾ ਰਫ਼ਾ-ਦਫ਼ਾ ਕਰਨ ਦੀ ਗੱਲ ਕਹਿ ਰਹੇ ਹਨ ਤੇ ਦੂਜੇ ਪਾਸੇ 1984 ਦੇ ਕੇਸਾਂ ਨੂੰ ਲੈ ਕੇ ਕਾਂਗਰਸ ਸਿੱਖਾਂ ਦੀ ਦੁਸ਼ਮਣ ਹੈ ਦਾ ਸ਼ੋਰ ਪਾ ਰਹੇ ਹਨ। ਅਕਾਲ ਤਖ਼ਤ ਸਾਹਿਬ 'ਤੇ ਇੰਦਰਾ ਗਾਂਧੀ ਨੇ ਹਮਲਾ ਕੀਤਾ ਤਾਂ ਪੂਰੀ ਕਾਂਗਰਸ ਪਾਰਟੀ ਸਿੱਖਾਂ ਦੀ ਦੁਸ਼ਮਣ, ਲਾਲ ਕ੍ਰਿਸ਼ਨ ਅਡਵਾਨੀ (ਬਾਦਲ ਦੇ ਮਿੱਤਰ) ਨੇ ਇੰਦਰਾ ਗਾਂਧੀ ਤੇ ਦਬਾਅ ਪਾ ਕੇ ਅਕਾਲ ਤਖ਼ਤ 'ਤੇ ਹਮਲਾ ਕਰਵਾਇਆ ਤਾਂ ਉਹ ਸਿੱਖਾਂ ਦਾ ਮਿੱਤਰ। ਜੇ ਬੇਦੋਸ਼ੇ ਸਿੱਖਾਂ ਦੇ ਕਾਤਲ ਸੱਜਣ ਕੁਮਾਰ ਨੂੰ ਦਿੱਲੀ ਦੀ ਅਦਾਲਤ ਬਰੀ ਕਰ ਦੇਵੇ ਤਾਂ ਦਿੱਲੀ ਦੀ ਅਦਾਲਤ ਅਤੇ ਦਿੱਲੀ ਦੀ ਕੇਂਦਰ ਸਰਕਾਰ ਸਿੱਖਾਂ ਦੀ ਦੁਸ਼ਮਣ। ਜੇ ਪੰਜਾਬ ਵਿਚ ਮਾਰੇ ਗਏ ਬੇਦੋਸ਼ੇ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਨੂੰ ਪ੍ਰਕਾਸ਼ ਸਿੰਘ ਬਾਦਲ ਬਰੀ ਕਰ ਕੇ ਉਸ ਨੂੰ ਪੰਜਾਬ ਪੁਲਿਸ ਦਾ ਮੁਖੀ ਬਣਾ ਦੇਵੇ ਤਾਂ ਉਹ ਸਿੱਖਾਂ ਦਾ ਹਮਦਰਦ। ਜੇ ਦਿੱਲੀ ਵਿਚ ਸਿੱਖਾਂ ਦੇ ਕਾਤਲਾਂ ਨੂੰ ਪੁਲਿਸ ਨਾ ਫੜੇ ਤਾਂ ਕੇਂਦਰ ਦੀ ਕਾਂਗਰਸ ਸਰਕਾਰ ਸਿੱਖਾਂ ਦੀ ਦੁਸ਼ਮਣ, ਜੇ ਪੰਜਾਬ ਵਿਚ ਸਿੱਖਾਂ ਦੇ ਕੇਂਦਰੀ ਸਥਾਨ ਅੰਮ੍ਰਿਤਸਰ ਵਿਖੇ ਆਕੇ ਨਕਲੀ ਨਿਰੰਕਾਰੀਏ ਗੁਰੂਆਂ ਦੇ ਵਿਰੁੱਧ ਬੋਲਣ ਅਤੇ ਸਿੱਖਾਂ ਨੂੰ ਚਿੜਾਉਣ, ਸਿੱਖਾਂ ਵੱਲੋਂ ਇਸ ਦਾ ਵਿਰੋਧ ਕਰਨ ਤੇ ਗੋਲੀਆਂ ਚਲਾ ਕੇ 13 ਸਿੰਘਾਂ ਨੂੰ ਸ਼ਹੀਦ ਕਰ ਦੇਣ ਅਤੇ ਦਰਜਨਾਂ ਸਿੰਘਾਂ ਨੂੰ ਜ਼ਖਮੀ ਕਰ ਦੇਣ, ਬਾਦਲ ਸਰਕਾਰ ਦੀ ਪੁਲਿਸ ਨਿਰੰਕਾਰੀਆਂ ਨੂੰ ਫੜਨ ਦੀ ਬਜਾਇ ਸੁਰੱਖਿਅਤ ਪੰਜਾਬ ਵਿਚੋਂ ਬਾਹਰ ਕੱਢ ਦੇਵੇ,ਬਾਦਲ ਫਿਰ ਵੀ ਸਿੱਖਾਂ ਦਾ ਹਮਦਰਦ! ਦਿੱਲੀ ਵਿਚ ਆਪਣੀ ਮਾਂ ਦੇ ਹੋਏ ਕਤਲ ਤੋਂ ਬਾਅਦ ਸਿੱਖਾਂ ਦੇ ਹੋਏ ਕਤਲੇਆਮ ਸਮੇਂ ਰਜੀਵ ਗਾਂਧੀ ਨੇ ਕਿਹਾ ਜਦੋਂ ਕੋਈ ਵੱਡਾ ਦਰਖ਼ਤ ਡਿਗਦਾ ਹੈ ਤਾਂ ਧਰਤੀ ਕੰਬਦੀ ਹੈ, ਤਾਂ ਰਾਜੀਵ ਗਾਂਧੀ ਸਿੱਖਾਂ ਦਾ ਦੁਸ਼ਮਣ। ਜੂਨ1984 ਵਿਚ ਅਕਾਲ ਤਖ਼ਤ ਤੇ ਹੋਏ ਹਮਲੇ ਸਮੇਂ ਮਾਰੇ ਗਏ ਹਜ਼ਾਰਾਂ ਬੇਦੋਸਿਆਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਨ ਦੀ ਥਾਂ ਅਟਲ ਬਿਹਾਰੀ ਵਾਜਪਾਈ (ਬਾਦਲ ਦਾ ਮਿੱਤਰ) ਇੰਦਰਾ ਗਾਂਧੀ ਨੂੰ ਵਧਾਈਆਂ ਅਤੇ ਦੁਰਗਾ ਦਾ ਖ਼ਿਤਾਬ ਦੇਵੇ ਤਾਂ ਉਹ ਸਿੱਖਾਂ ਦਾ ਮਿੱਤਰ! ਜੇ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਕਾਂਗਰਸ ਆਪਣੀ ਪਾਰਟੀ ਦੀ ਟਿਕਟ ਦੇਵੇ ਤਾਂ ਉਹ ਸਿੱਖਾਂ ਦੀ ਦੁਸ਼ਮਣ,ਜੇ ਪ੍ਰਕਾਸ਼ ਸਿੰਘ ਬਾਦਲ ਬੇਦੋਸ਼ੇ ਸਿੱਖਾਂ ਦੇ ਕਾਤਲ ਇਜ਼ਹਾਰ ਆਲਮ ਨੂੰ ਆਪਣੀ ਪਾਰਟੀ ਦੀ ਟਿਕਟ ਦੇਵੇ ਤਾਂ ਉਹ ਸਿੱਖਾਂ ਦਾ ਮਿੱਤਰ! ਇਹ ਕੋਈ ਉਹ ਗੱਲਾਂ ਨਹੀਂ ਜੋ ਮੈਨੂੰ ਹੀ ਪਤਾ ਹੋਣ, ਇਹ ਕੁੱਝ ਤਾਂ ਮੈਂ ਅਖ਼ਬਾਰਾਂ, ਰਸਾਲਿਆਂ ਵਿਚੋਂ ਹੀ ਪੜ੍ਹਿਆ ਹੈ। ਇਹ ਕੁੱਝ ਤਾਂ ਹਰ ਕੋਈ ਅਖ਼ਬਾਰ ਰਸਾਲਾ ਪੜ੍ਹਨ ਵਾਲੇ ਚੰਗੀ ਤਰ੍ਹਾਂ ਮੇਰੇ ਨਾਲੋਂ ਵੀ ਵੱਧ ਜਾਣਦੇ ਹੋਣਗੇ। ਵਿਦਵਾਨ ਸੱਜਣ ਤਾਂ ਹਜ਼ਾਰਾਂ ਗੁਣਾ ਵੱਧ ਬਾਦਲ ਬਾਰੇ ਜਾਣਦੇ ਹਨ। ਪਰ ਦੁੱਖ ਦੀ ਗੱਲ ਹੈ ਕਿ ਨੰਗਾ ਚਿੱਟਾ ਸਿੱਖਾਂ ਦਾ ਕਾਤਲ ਸਿੱਖ ਕੌਮ ਦੇ ਅਕਾਲ ਤਖ਼ਤ,ਸ਼੍ਰੋ:ਗੁ:ਪ੍ਰ:ਕਮੇਟੀ, ਅਕਾਲੀ ਦਲ ਅਤੇ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਕਾਬਜ਼ ਹੈ। ਪਰ ਅਸੀਂ ਇਸ ਨੂੰ ਸੱਜਣ ਕੁਮਾਰਾਂ ਦੀ ਲਾਇਨ ਵਿਚ ਖੜ੍ਹਾ ਕਰਨ ਦੀ ਥਾਂ ਬਾਦਲ ਜ਼ਿੰਦਾਬਾਦ ਦੇ ਨਾਅਰੇ ਲਾ ਰਹੇ ਹਾਂ ਅਤੇ ਦਿੱਲੀ ਦੀਆਂ ਸਰਕਾਰਾਂ ਅਤੇ ਅਦਾਲਤਾਂ ਤੋਂ ਇਨਸਾਫ਼ ਦੀ ਮੰਗ ਕਰ ਰਹੇ ਹਾਂ। ਇਸ ਵਿਚ ਕੋਈ ਝੂਠ ਨਹੀਂ ਕਿ ਕਾਂਗਰਸ ਸਿੱਖਾਂ ਦੀ ਵੱਡੀ ਦੁਸ਼ਮਣ ਹੈ, ਪਰ ਇਹ ਵੀ ਸੱਚ ਹੈ ਕਿ  ਪ੍ਰਕਾਸ਼ ਸਿੰਘ ਬਾਦਲ ਸਿੱਖਾਂ ਦਾ ਕਾਂਗਰਸ ਨਾਲੋਂ ਵੀ ਵੱਡਾ ਦੁਸ਼ਮਣ ਹੈ। ਪਰ ਅਸੀਂ ਬਾਹਰਲੇ ਦੁਸ਼ਮਣਾਂ ਨੂੰ ਤਾਂ  ਫਾਂਸੀ 'ਤੇਟੰਗਵਾਉਣਾ ਚਾਹੁੰਦੇ ਹਾਂ, ਅੰਦਰਲੇ ਦੁਸ਼ਮਣ ਨੂੰ ਮੁੱਖ ਮੰਤਰੀ ਬਣਾ ਰਹੇ ਹਾਂ; ਜੇ ਸਾਡਾ ਇਹੀ ਹਾਲ ਰਿਹਾ ਤਾਂ ਸਾਨੂੰ ਇਨਸਾਫ਼ ਕਦੇ ਵੀ ਨਹੀਂ ਮਿਲ ਸਕੇਗਾ। ਕਿਉਂਕਿ ਜੋ ਲੋਕ ਆਪਣੇ ਆਪ ਨਾਲ ਇਨਸਾਫ਼ ਨਹੀਂ ਕਰਦੇ (ਵੋਟ ਪਾਉਣ ਸਮੇਂ ਨਹੀਂ ਸੋਚਦੇ) ਉਨ੍ਹਾਂ ਨੂੰ ਕਿਸੇ ਨੇ ਕੀ ਇਨਸਾਫ਼ ਦੇਣਾ ਹੈ। ਮੈਂ ਤਾਂ ਅਖੀਰ ਵਿਚ ਇਹੀ ਕਹਿਣਾ ਚਾਹੁੰਦਾ ਹਾਂ ਕਿ ਪ੍ਰਮਾਤਮਾ! ਸਾਨੂੰ ਵਿਵੇਕ ਬੁੱਧੀ ਬਖ਼ਸ਼ੇ ਤਾਂ ਕਿ ਅਸੀਂ ਆਪਣੇ ਅਸਲੀ ਦੁਸ਼ਮਣ ਨੂੰ ਪਹਿਚਾਣ ਸਕੀਏ। ਸੱਜਣ ਕੁਮਾਰ ਨੂੰ ਬਰੀ ਕਰਨ 'ਤੇ ਕੇਂਦਰ ਸਰਕਾਰ ਤੇ ਅਦਾਲਤਾਂ ਵਿਰੁੱਧ ਰੋਸ ਮੁਜ਼ਾਹਰੇ ਕਰਨ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਸੁਮੇਧ ਸੈਣੀ ਸਿੱਖਾਂ ਦੇ ਕਤਲਾਂ 'ਚ ਕਲੀਨ ਚਿੱਟ ਦੇ ਕੇ ਡੀਜੀਪੀ ਬਣਾਉਣ ਵਾਲੀ ਬਾਦਲ ਸਰਕਾਰ ਵਿਰੁੱਧ ਵੀ ਰੋਸ ਮੁਜ਼ਾਹਰੇ ਕਰਨ।

  -ਹਰਲਾਜ ਸਿੰਘ ਬਹਾਦਰਪੁਰ,

  ਪਿੰਡ ਤੇ ਡਾਕ : ਬਹਾਦਰਪੁਰ
  ਤਹਿ: ਬੁਢਲਾਡਾ, ਜ਼ਿਲ੍ਹਾ ਮਾਨਸਾ (ਪੰਜਾਬ) ਪਿੰਨ - 151501
  ਮੋ : 94170-23911 e-mail : harlajsingh70 @ gmail.com

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  Fri, 3 Aug 18

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com