ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਨਵੀਂ ਦਿੱਲੀ - ਖੇਤੀ ਕਾਨੂੰਨਾਂ ਖਿਲਾਫ਼ ਰੋਸ ਦੇ ਚਲਦਿਆਂ ਕਿਸਾਨ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਇਸ ਦੇ ਚਲਦਿਆਂ ਬੀਤੇ ਦਿਨ ਭਾਰੀ ਗਿਣਤੀ ਵਿਚ ਕਿਸਾਨ ਦਿੱਲੀ ਲਈ ਰਵਾਨਾ ਹੋਏ। ਇਹਨਾਂ ਕਿਸਾਨਾਂ ਦੀ ਸੇਵਾ ਲਈ ਵਿਸ਼ਵ ਪ੍ਰਸਿੱਧ ਸਮਾਜ ਸੇਵੀ ਸੰਸਥਾ ਖ਼ਾਲਸਾ ਏਡ ਫਿਰ ਅੱਗੇ ਆਈ ਹੈ। ਖ਼ਾਲਸਾ ਏਡ ਵੱਲੋਂ ਵੱਖ-ਵੱਖ ਥਾਵਾਂ 'ਤੇ ਕਿਸਾਨਾਂ ਲਈ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ। ਬੀਤੇ ਦਿਨ ਖਾਲਸਾ ਏਡ ਦੇ ਵਲੰਟੀਅਰਜ਼ ਨੇ ਸੰਭੂ ਬਾਰਡਰ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਵੀ ਲੰਗਰ ਲਗਾਇਆ।
  ਦੇਰ ਰਾਤ ਤੱਕ ਪਾਣੀਪਤ ਟੋਲ 'ਤੇ ਸੰਘਰਸ਼ ਵਿਚ ਡਟੇ ਕਿਸਾਨਾਂ ਲਈ ਖਾਲਸਾ ਏਡ ਵੱਲੋਂ ਗਰਮ ਚਾਹ ਤੇ ਨਾਸ਼ਤੇ ਸਮੇਤ ਤਾਜ਼ਾ ਭੋਜਨ ਦੀ ਸੇਵਾ ਕੀਤੀ ਗਈ। ਖ਼ਾਲਸਾ ਏਡ ਵੱਲੋਂ ਕੀਤੀ ਜਾ ਰਹੀ ਸੇਵਾ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖ਼ਾਲਸਾ ਵੱਲੋਂ ਵੀ ਕਿਸਾਨਾਂ ਦੀ ਹਮਾਇਤ ਕੀਤੀ ਜਾ ਰਹੀ ਹੈ। ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨੀ ਸੰਘਰਸ਼ ਦੇ ਚਲਦਿਆਂ ਉਹ ਸੋਸ਼ਲ ਮੀਡੀਆ 'ਤੇ ਲਗਾਤਾਰ ਅਪਣੀ ਪ੍ਰਤੀਕਿਰਿਆ ਦਿੰਦੇ ਰਹਿੰਦੇ ਹਨ। ਬੀਤੇ ਦਿਨ ਉਹਨਾਂ ਨੇ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨਾਲ ਕੀਤੇ ਜਾ ਰਹੇ ਵਰਤਾਅ ਦੀ ਨਿਖੇਧੀ ਵੀ ਕੀਤੀ ਸੀ। ਉਹਨਾਂ ਨੇ ਲੋਕਾਂ ਨੂੰ ਕਿਸਾਨਾਂ ਲਈ ਅਰਦਾਸ ਕਰਨ ਦੀ ਅਪੀਲ ਕੀਤੀ। ਰਵੀ ਸਿੰਘ ਨੇ ਹਰਿਆਣਾ ਸਰਕਾਰ ਤੇ ਹਰਿਆਣਾ ਪੁਲਿਸ ਨੂੰ ਅਪੀਲ ਕੀਤੀ ਕਿ ਉਹ ਸ਼ਾਂਤਮਈ ਪ੍ਰਦਰਸ਼ਨ ਲਈ ਦਿੱਲੀ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਵਿਚੋਂ ਲੰਘਣ ਦੇਣ।

  ਜੰਮੂ - ਜੰਮੂ ਤੇ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਜੰਮੂ ਯੂਨੀਵਰਸਿਟੀ ਵਿੱਚ ਸਥਾਪਤ ਗੁਰੂ ਨਾਨਕ ਚੇਅਰ ਦਾ ਉਦਘਾਟਨ ਕੀਤਾ। ਸਿਨਹਾ ਨੇ ਕਿਹਾ ਕਿ ਜਲਦੀ ਹੀ ਗੋਜਰੀ ਤੇ ਪਹਾੜੀ (ਖੇਤਰੀ) ਭਾਸ਼ਾਵਾਂ ਦੇ ਪ੍ਰਚਾਰ ਪਾਸਾਰ ਲਈ ਵੀ ਚੇਅਰਾਂ ਸਥਾਪਤ ਕੀਤੀਆਂ ਜਾਣਗੀਆਂ। ਉਪ ਰਾਜਪਾਲ ਨੇ ਕਿਹਾ, ‘ਦੇਸ਼ ਦੀ ਸੰਸਦ ਵਿੱਚ ਜੰਮੂ ਤੇ ਕਸ਼ਮੀਰ ਸਰਕਾਰੀ ਭਾਸ਼ਾਵਾਂ ਬਿੱਲ 2020 ਨੂੰ ਪਾਸ ਕਰਨ ਮੌਕੇ ਭਾਰਤ ਸਰਕਾਰ ਨੇ ਜੰਮੂ ਤੇ ਕਸ਼ਮੀਰ ਵਿੱਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਪਾਸਾਰ ਤੇ ਵਿਕਾਸ ਲਈ ਯਤਨ ਕਰਨ ਸਬੰਧੀ ਸਹਿਮਤੀ ਦਿੱਤੀ ਸੀ ਤੇ ਅੱਜ ਦਾ ਇਹ ਮੌਕਾ ਉਸ ਦਿਸ਼ਾ ਵਿੱਚ ਅਹਿਮ ਕਦਮ ਹੈ।’ ਉਨ੍ਹਾਂ ਕਿਹਾ ਕਿ ਗੁਰੂ ਨਾਨਕ ਚੇਅਰ ਸਥਾਪਤ ਕੀਤੇ ਜਾਣ ਨਾਲ ਵਿਦਿਆਰਥੀਆਂ ਦੇ ਅੰਦਰੂਨੀ ਤੇ ਬਾਹਰੀ ਵਿਕਾਸ ’ਚ ਮਦਦ ਮਿਲੇਗੀ। ਚੇਤੇ ਰਹੇ ਕਿ ਸੰਸਦ ਦੇ ਮੌਨਸੂਨ ਇਜਲਾਸ ਦੌਰਾਨ ਪਾਸ ਉਪਰੋਕਤ ਬਿੱਲ ’ਚੋਂ ਪੰਜਾਬੀ ਭਾਸ਼ਾ ਨੂੰ ਬਾਹਰ ਰੱਖਿਆ ਗਿਆ ਸੀ, ਜਿਸ ਦਾ ਵੱਖ ਵੱਖ ਸਿਆਸੀ ਪਾਰਟੀਆਂ ਤੇ ਸਥਾਨਕ ਲੋਕਾਂ ਨੇ ਵੱਡੇ ਪੱਧਰ ’ਤੇ ਵਿਰੋਧ ਕੀਤਾ ਸੀ।

  ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ) - ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਦਿੱਲੀ ਦੇ ਦਰਵਾਜ਼ਿਆਂ ਤੋਂ ਪਾਰ ਹੋ ਗਿਆ ਹੈ। ਆਖਰਕਾਰ ਸਰਕਾਰ ਨੇ ਮੱਥਾ ਟੇਕਿਆ ਅਤੇ ਕਿਸਾਨਾਂ ਨੂੰ ਦਿੱਲੀ ਵਿੱਚ ਦਾਖਲ ਹੋਣ ਦਿੱਤਾ। ਕੇਂਦਰ ਸਰਕਾਰ ਵਲੋਂ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਦਿੱਲੀ ਵਿੱਚ ਦਾਖਲ ਹੋਣ ਦੀ ਆਗਿਆ ਦੇ ਦਿੱਤੀ ਗਈ ਹੈ ਜਿਸ ਨਾਲ ਕਿਸਾਨਾਂ ਦੇ ਹੌਸਲੇ ਬੁਲੰਦ ਹੋ ਗਏ ਹਨ । ਪੁਲਿਸ ਅਤੇ ਸਰਕਾਰ ਵਲੋਂ ਕਿਸਾਨਾਂ ਨੂੰ ਸ਼ਾਂਤੀ ਅਤੇ ਵਿਵਸਥਾ ਬਣਾਈ ਰੱਖਣ ਲਈ ਕਿਹਾ ਗਿਆ ਹੈ। ਕਿਸਾਨਾਂ ਦੀ ਬਹੁਤੀ ਗਿਣਤੀ ਨੂੰ ਦੇਖਦਿਆਂ ਦਿੱਲੀ ਦੇ ਨਿਰੰਕਾਰੀ ਸਮਾਗਮ ਮੈਦਾਨ ਵਿੱਚ ਧਰਨਾ ਦੇਣ ਲਈ ਕਿਹਾ ਗਿਆ ਹੈ । ਕਿਸਾਨ ਨੇਤਾ ਦਿੱਲੀ ਦੇ ਲਾਲ ਕਿਲੇ ਮੈਦਾਨ ਵਿਚ ਧਰਨਾ ਦੇਣ ਦੀ ਮੰਗ ਕਰ ਰਹੇ ਹਨ । ਉਨ੍ਹਾਂ ਕਿਹਾ ਜੇ ਅੰਨਾ ਹਜ਼ਾਰੇ ਓਥੇ ਧਰਨਾ ਲਗਾ ਸਕਦਾ ਹੈ ਤੇ ਸਾਨੂੰ ਕਿਉਂ ਰੋਕਿਆ ਜਾ ਰਿਹਾ ਹੈ ।
  ਅਜ ਸਵੇਰੇ ਸ਼ੁਰੂ ਹੋਈ ਦਿੱਲੀ ਚਲੋ ਅੰਦੋਲਨ ਨੂੰ ਪਹਿਲਾਂ ਅੰਬਾਲਾ ਅਤੇ ਫਿਰ ਕੁਰੂਕਸ਼ੇਤਰ ਵਿਚ ਰੋਕ ਦਿੱਤਾ ਗਿਆ, ਜਿਥੇ ਕਿਸਾਨਾਂ ਅਤੇ ਪੁਲਿਸ ਵਿਚ ਭਾਰੀ ਟੱਕਰ ਹੋਈ। ਸ਼ੰਭੂ ਅਤੇ ਸਿੰਧੂ ਸਰਹੱਦ 'ਤੇ ਵੀ ਕਿਸਾਨਾਂ ਨੇ ਹੰਗਾਮਾ ਪੈਦਾ ਕਰ ਸਰਕਾਰ ਨੂੰ ਦਿੱਲੀ ਵਿਖੇ ਧਰਨਾ ਦੇਣ ਲਈ ਮਜਬੂਰ ਕਰ ਦਿਤਾ । ਹਰਿਆਣਾ ਦੇ ਪਾਣੀਪਤ ਟੋਲ ਪਲਾਜ਼ਾ ਤੋਂ ਹੀ ਕਿਸਾਨਾਂ ਅਤੇ ਪੁਲਿਸ ਵਿਚਕਾਰ ਝੜਪ ਦੀ ਖ਼ਬਰ ਮਿਲਦੀ ਰਹੀ ਸੀ । ਦਿੱਲੀ ਦੇ ਸਿੰਧੂ ਸਰਹਦ ਤੇ ਹਰਿਆਣਾ ਅਤੇ ਪੰਜਾਬ ਦੇ ਕਿਸਾਨ ਵੱਡੀ ਗਿਣਤੀ ਵਿਚ ਦਿੱਲੀ ਦੀ ਸਰਹਦ ਤੇ ਜੰਮ ਗਏ ਸਨ ਜਿਨ੍ਹਾਂ ਨੂੰ ਦੇਖਦਿਆਂ ਦਿੱਲੀ ਪੁਲਿਸ ਨੇ ਸਿੰਧੂ ਸਰਹੱਦ 'ਤੇ ਤਿੰਨ ਪਰਤਾਂ ਵਿਚ ਬੈਰੀਕੇਟ ਲਗਾਏ ਸਨ। ਸਭ ਤੋਂ ਅੱਗੇ ਕੰਡਿਆਂ ਵਾਲੀਆਂ ਤਾਰਾਂ ਸਨ, ਫਿਰ ਟਰੱਕਾਂ ਨੂੰ ਬੈਰੀਕੇਡਾਂ ਵਾਂਗ ਲਗਾਇਆ ਗਿਆ ਸੀ ਤੇ ਆਖਰ ਵਿਚ ਪਾਣੀ ਦੀਆਂ ਤੋਪਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਸੀ । ਇਥੋਂ ਤੱਕ ਕਿ ਅਜਿਹੇ ਸਖ਼ਤ ਪ੍ਰਬੰਧ ਵੀ ਕਿਸਾਨਾਂ ਨੂੰ ਦਿੱਲੀ ਵੜਨ ਤੋਂ ਨਹੀਂ ਰੋਕ ਸਕੇ।
  ਪੰਜਾਬ-ਹਰਿਆਣਾ ਬਾਰਡਰ ਤੋਂ ਦਿੱਲੀ ਬਾਰਡਰ ਤੱਕ ਤਿੰਨ ਰਾਜਾਂ ਦੀ ਪੁਲਿਸ ਨੇ 8 ਵਾਰ ਵੱਡੇ ਨਾਕੇਬੰਦੀ ਕਰਕੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਕਿਸਾਨ ਟਰੈਕਟਰ ਦੀ ਮਦਦ ਨਾਲ ਅੱਗੇ ਵਧਦੇ ਰਹੇ। ਕਿਸਾਨਾਂ ਨੂੰ ਦਿੱਲੀ ਦੀ ਸਿੰਧੂ ਸਰਹੱਦ 'ਤੇ ਰੋਕਿਆ ਗਿਆ। ਇੱਥੇ ਉਹ ਵੱਡੀ ਗਿਣਤੀ ਵਿੱਚ ਪਹੁੰਚੇ ਸਨ । ਪੁਲਿਸ ਨੇ ਇਥੇ ਅੱਥਰੂ ਗੈਸ ਕੀਤੀ ਪਰ ਕਿਸਾਨ ਦਿੱਲੀ ਵਿੱਚ ਦਾਖਲ ਹੋਣ ਲਈ ਅੜੇ ਹੋਏ ਸਨ। ਕੁਝ ਕਿਸਾਨ ਉਥੇ ਧਰਨੇ 'ਤੇ ਬੈਠ ਗਏ ਅਤੇ ਖਾਣਾ ਬਣਾਉਣ ਲੱਗੇ। ਕਿਸਾਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਸ਼ਾਂਤੀ ਨਾਲ ਪ੍ਰਦਰਸ਼ਨ ਕਰ ਰਹੇ ਹਾਂ। ਇਸ ਨੂੰ ਜਾਰੀ ਰੱਖਦਿਆਂ, ਅਸੀਂ ਦਿੱਲੀ ਵਿੱਚ ਦਾਖਲ ਹੋਵਾਂਗੇ, ਲੋਕਤੰਤਰ ਵਿਚ ਪ੍ਰਦਰਸ਼ਨਾਂ ਦੀ ਆਗਿਆ ਹੋਣੀ ਚਾਹੀਦੀ ਹੈ । ਕਿਸਾਨਾਂ ਦੇ ਅੰਦੋਲਨ ਦੇ ਮੱਦੇਨਜ਼ਰ, ਪੁਲਿਸ ਨੇ ਦਿੱਲੀ ਸਰਕਾਰ ਤੋਂ 9 ਸਟੇਡੀਅਮਾਂ ਨੂੰ ਅਸਥਾਈ ਜੇਲ੍ਹਾਂ ਵਜੋਂ ਬਣਾਉਣ ਦੀ ਇਜਾਜ਼ਤ ਮੰਗੀ, ਪਰ ਦਿੱਲੀ ਸਰਕਾਰ ਨੇ ਕਿਸਾਨਾਂ ਦੀ ਹਮਾਇਤ ਕਰਦਿਆਂ ਪੁਲਿਸ ਦੀ ਮੰਗ ਨੂੰ ਠੁਕਰਾ ਦਿੱਤਾ। ਦਿੱਲੀ ਦੇ ਗ੍ਰਹਿ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਅਹਿੰਸਕ ਢੰਗ ਨਾਲ ਅੰਦੋਲਨ ਕਰਨਾ ਹਰ ਭਾਰਤੀ ਦਾ ਅਧਿਕਾਰ ਹੈ ਤੇ ਅਸੀ ਸਟੇਡੀਅਮ ਨੂੰ ਜੇਲ ਨਹੀਂ ਬਣਾਉਣ ਦੇਵਾਂਗੇ ।

  ਨਵੀਂ ਦਿੱਲੀ - ਕਿਸਾਨੀ ਸੰਘਰਸ਼ ਅੱਗੇ ਗੋਡੇ ਟੇਕਦਿਆਂ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਕੌਮੀ ਰਾਜਧਾਨੀ ਵਿੱਚ ਦਾਖ਼ਲੇ ਦੀ ਇਜਾਜ਼ਤ ਦੇਣ ਦਰਮਿਆਨ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਕੋਵਿਡ-19 ਤੇ ਠੰਢ ਦੇ ਹਵਾਲੇ ਨਾਲ ਆਪਣਾ ਸੰਘਰਸ਼ ਵਿਚਾਲੇ ਛੱਡ ਕੇ ਮੁੜ ਗੱਲਬਾਤ ਦੀ ਮੇਜ਼ ’ਤੇ ਆਉਣ ਦੀ ਅਪੀਲ ਕੀਤੀ ਹੈ। ਤੋਮਰ ਨੇ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਗੱਲਬਾਤ ਲਈ ਹਮੇਸ਼ਾ ਤਿਆਰ ਹੈ ਤੇ ਇਹੀ ਵਜ੍ਹਾ ਹੈ ਕਿ ਉਨ੍ਹਾਂ ਨੂੰ ਅਗਲੇ ਗੇੜ ਦੀ ਗੱਲਬਾਤ ਲਈ 3 ਦਸੰਬਰ ਦਾ ਸੱਦਾ ਦਿੱਤਾ ਹੋਇਆ ਹੈ।

  ਅੰਮ੍ਰਿਤਸਰ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਹੋਏ ਜਨਰਲ ਇਜਲਾਸ ਵਿਚ ਵੋਟ ਰਾਹੀਂ ਬੀਬੀ ਜਗੀਰ ਕੌਰ ਨੂੰ ਸਿੱਖ ਸੰਸਥਾ ਦੀ ਪ੍ਰਧਾਨ ਚੁਣ ਲਿਆ ਗਿਆ ਹੈ। ਉਹ ਪਹਿਲਾਂ ਵੀ ਤਿੰਨ ਵਾਰ ਸਿੱਖ ਸੰਸਥਾ ਦੀ ਪ੍ਰਧਾਨ ਰਹਿ ਚੁੱਕੇ ਹਨ। ਉਨ੍ਹਾਂ ਨਾਲ ਸੁਰਜੀਤ ਸਿੰਘ ਭਿੱਟੇਵੱਢ ਨੂੰ ਸੀਨੀਅਰ ਮੀਤ ਪ੍ਰਧਾਨ, ਬਾਬਾ ਬੂਟਾ ਸਿੰਘ ਨੂੰ ਜੂਨੀਅਰ ਮੀਤ ਪ੍ਰਧਾਨ ਅਤੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੂੰ ਜਨਰਲ ਸਕੱਤਰ ਚੁਣਿਆ ਗਿਆ ਹੈ। ਸ੍ਰੀ ਦਰਬਾਰ ਸਾਹਿਬ ਸਮੂਹ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਬਾਅਦ ਦੁਪਹਿਰ ਹੋਏ ਜਨਰਲ ਇਜਲਾਸ ਵਿਚ ਗੁਰਮਤਿ ਰਵਾਇਤਾਂ ਅਨੁਸਾਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਨ੍ਹਾਂ ਅਹੁਦੇਦਾਰਾਂ ਤੋਂ ਇਲਾਵਾ ਅੰਤ੍ਰਿੰਗ ਕਮੇਟੀ ਦੇ 11 ਮੈਂਬਰ ਵੀ ਨਾਮਜ਼ਦ ਕੀਤੇ ਗਏ। ਇਨ੍ਹਾਂ ਵਿਚ ਬਲਦੇਵ ਸਿੰਘ ਚੂੰਘਾ, ਸੰਤ ਚਰਨਜੀਤ ਸਿੰਘ, ਸਤਵਿੰਦਰ ਸਿੰਘ ਟੌਹੜਾ, ਨਵਤੇਜ ਸਿੰਘ ਕਾਉਣੀ, ਅਜਮੇਰ ਸਿੰਘ ਖੇੜਾ, ਦਰਸ਼ਨ ਸਿੰਘ ਸ਼ੇਰਖਾਂ, ਭੁਪਿੰਦਰ ਸਿੰਘ ਭਲਵਾਨ, ਹਰਭਜਨ ਸਿੰਘ ਮਸਾਣਾ ਤੇ ਬੀਬੀ ਮਲਕੀਤ ਕੌਰ ਕਮਾਲਪੁਰ ਹਾਕਮ ਧਿਰ ਵਲੋਂ ਸ਼ਾਮਲ ਹਨ। ਵਿਰੋਧੀ ਧਿਰ ਦੇ ਦੋ ਮੈਂਬਰ ਮਿੱਠੂ ਸਿੰਘ ਕਾਹਨੇਕੇ ਅਤੇ ਅਮਰੀਕ ਸਿੰਘ ਸ਼ਾਹਪੁਰ ਨੂੰ ਵੀ ਅੰਤ੍ਰਿੰਗ ਕਮੇਟੀ ਮੈਂਬਰ ਚੁਣਿਆ ਗਿਆ ਹੈ। ਜਨਰਲ ਇਜਲਾਸ ਦੌਰਾਨ ਵਿਰੋਧੀ ਧਿਰਾਂ ਵਲੋਂ ਪ੍ਰਧਾਨ ਦੀ ਚੋਣ ਵਾਸਤੇ ਆਪਣਾ ਉਮੀਦਵਾਰ ਐਲਾਨੇ ਜਾਣ ਕਾਰਨ ਪ੍ਰਧਾਨ ਦੀ ਚੋਣ ਵੋਟਾਂ ਪਾ ਕੇ ਕੀਤੀ ਗਈ। ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰਾਂ ਵਿਚੋਂ ਸਾਬਕਾ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੋਕੇ ਨੇ ਬੀਬੀ ਜਗੀਰ ਕੌਰ ਦਾ ਨਾਂ ਪ੍ਰਧਾਨ ਦੇ ਅਹੁਦੇ ਲਈ ਪੇਸ਼ ਕੀਤਾ, ਜਿਸ ਦੀ ਤਾਈਦ ਮਜੀਦ ਹਰਜਿੰਦਰ ਸਿੰਘ ਧਾਮੀ ਅਤੇ ਗੁਰਚਰਨ ਸਿੰਘ ਗਰੇਵਾਲ ਨੇ ਕੀਤੀ। ਇਸ ਦੌਰਾਨ ਵਿਰੋਧੀ ਧਿਰ ਵਲੋਂ ਅਮਰੀਕ ਸਿੰਘ ਸ਼ਾਹਪੁਰ ਨੇ ਪ੍ਰਧਾਨਗੀ ਦੀ ਚੋਣ ਵਾਸਤੇ ਮਿੱਠੂ ਸਿੰਘ ਕਾਹਨੇਕੇ ਦਾ ਨਾਂ ਪੇਸ਼ ਕੀਤਾ। ਇਜਲਾਸ ਦੀ ਪ੍ਰਧਾਨਗੀ ਕਰ ਰਹੇ ਗੋਬਿੰੰਦ ਸਿੰਘ ਲੌਂਗੋਵਾਲ ਨੇ ਦੋਵਾਂ ਧਿਰਾਂ ਨੂੰ ਪ੍ਰਧਾਨ ਦੀ ਚੋਣ ਸਹਿਮਤੀ ਨਾਲ ਕਰਨ ਲਈ ਆਖਿਆ ਪਰ ਵਿਰੋਧੀ ਧਿਰ ਪ੍ਰਧਾਨ ਦੀ ਚੋਣ ਵੋਟਾਂ ਨਾਲ ਕਰਾਉਣ ’ਤੇ ਅੜ ਗਈ। ਇਸ ’ਤੇ ਪਰਚੀਆਂ ਰਾਹੀਂ ਵੋਟਾਂ ਪਾਈਆਂ ਗਈਆਂ। ਬੀਬੀ ਜਗੀਰ ਕੌਰ ਵਲੋਂ ਗੁਰਚਰਨ ਸਿੰਘ ਗਰੇਵਾਲ ਅਤੇ ਮਿੱਠੂ ਸਿੰਘ ਕਾਹਨੇਕੇ ਵਲੋਂ ਜਸਵੰਤ ਸਿੰਘ ਪੜੈਣ ਚੋਣ ਨਿਗਰਾਨ ਨਿਯੁਕਤ ਕੀਤੇ ਗਏ। ਕੁੱਲ 143 ਮੈਂਬਰਾਂ ਨੇ ਵੋਟਾਂ ਪਾਈਆਂ। ਵੋਟਾਂ ਦੀ ਗਿਣਤੀ ਮਗਰੋਂ ਸ੍ਰੀ ਲੌਂਗੋਵਾਲ ਨੇ ਨਤੀਜੇ ਦਾ ਐਲਾਨ ਕੀਤਾ। ਬੀਬੀ ਜਗੀਰ ਕੌਰ ਨੂੰ 122 ਵੋਟਾਂ ਮਿਲੀਆਂ ਜਦੋਂਕਿ ਵਿਰੋਧੀ ਧਿਰ ਦੇ ਮਿੱਠੂ ਸਿੰਘ ਨੂੰ 20 ਵੋਟਾਂ ਪ੍ਰਾਪਤ ਹੋਈਆਂ ਅਤੇ ਇਕ ਵੋਟ ਤਕਨੀਕੀ ਗਲਤੀ ਕਾਰਨ ਰੱਦ ਹੋ ਗਈ। ਮਗਰੋਂ ਸਰਬਸੰਮਤੀ ਨਾਲ ਸੁਰਜੀਤ ਸਿੰਘ ਭਿੱਟੇਵੱਢ ਨੂੰ ਸੀਨੀਅਰ ਮੀਤ ਪ੍ਰਧਾਨ, ਬਾਬਾ ਬੂਟਾ ਸਿੰਘ ਨੂੰ ਜੂਨੀਅਰ ਮੀਤ ਪ੍ਰਧਾਨ ਅਤੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੂੰ ਜਨਰਲ ਸਕੱਤਰ ਚੁਣਿਆ ਗਿਆ। ਬੀਬੀ ਜਗੀਰ ਕੌਰ ਇਸ ਤੋਂ ਪਹਿਲਾਂ 1999 ਅਤੇ 2004 ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ। ਪ੍ਰਧਾਨ ਦੀ ਚੋਣ ਮਗਰੋਂ ਇਜਲਾਸ ਦੀ ਕਾਰਵਾਈ ਬੀਬੀ ਜਗੀਰ ਕੌਰ ਵਲੋਂ ਚਲਾਈ ਗਈ। ਉਨ੍ਹਾਂ ਦੀ ਪ੍ਰਧਾਨਗੀ ਵਿਚ ਬਾਕੀ ਅਹੁਦੇਦਾਰਾਂ ਅਤੇ ਅੰਤ੍ਰਿੰਗ ਕਮੇਟੀ ਦੇ 11 ਮੈਂਬਰਾਂ ਦੀ ਚੋਣ ਕੀਤੀ ਗਈ। ਉਨ੍ਹਾਂ ਨੇ ਹੀ ਵੱਖ-ਵੱਖ 11 ਮਤੇ ਪੜ੍ਹੇ ਅਤੇ ਜੈਕਾਰਿਆਂ ਦੀ ਗੂੰਜ ਨਾਲ ਮਤੇ ਪਾਸ ਕੀਤੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਬੀਬੀ ਜਗੀਰ ਕੌਰ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਸੱਦਾ ਦਿੱਤਾ ਕਿ ਧੜੇਬੰਦੀ ਨੂੰ ਖ਼ਤਮ ਕਰਕੇ ਗੁਰੂ ਘਰ ਨੂੰ ਸਮਰਪਿਤ ਹੁੰਦਿਆਂ ਸਿੱਖ ਸੰਸਥਾ ਦੇ ਵਿਕਾਸ ਲਈ ਕੰਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਤੀਤ ਦੀਆਂ ਗਲਤੀਆਂ ਸਬੰਧੀ ਵਾਦ-ਵਿਵਾਦ ਦੀ ਥਾਂ ਆਪਸ ਵਿਚ ਮਿਲ ਬੈਠ ਕੇ ਹੱਲ ਕੱਢਿਆ ਜਾਵੇ ਤਾਂ ਜੋ ਸਿੱਖ ਸੰਸਥਾ ਦਾ ਮਾਣ-ਸਨਮਾਨ ਕਾਇਮ ਰਹੇ। ਉਨ੍ਹਾਂ ਅਤੀਤ ਵਿਚ ਹੋਈਆਂ ਭੁੱਲਾਂ ਲਈ ਹਾਊਸ ਕੋਲੋਂ ਖਿਮਾ ਯਾਚਨਾ ਵੀ ਕੀਤੀ। ਇਸ ਮੌਕੇ ਸਿੰਘ ਸਾਹਿਬਾਨ ਵਲੋਂ ਨਵੀਂ ਚੁਣੀ ਪ੍ਰਧਾਨ ਅਤੇ ਟੀਮ ਦੇ ਬਾਕੀ ਮੈਂਬਰਾਂ ਸਮੇਤ ਸਾਬਕਾ ਪ੍ਰਧਾਨ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਨਵੀਂ ਚੁਣੀ ਟੀਮ ਨੇ ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ।
  328 ਲਾਪਤਾ ਪਾਵਨ ਸਰੂਪਾਂ ਕਾਰਨ ਸਿੱਖ ਸੰਗਤ ਵਿਚ ਪੈਦਾ ਹੋਏ ਰੋਹ ਕਾਰਨ ਹਾਕਮ ਧਿਰ ਵਲੋਂ ਇਸ ਵਾਰ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਸਮੁੱਚੀ ਟੀਮ ਬਦਲ ਦਿੱਤੀ ਗਈ ਹੈ। ਇਸ ਰੋਹ ਦਾ ਸ਼ਿਕਾਰ ਗੋਬਿੰਦ ਸਿੰਘ ਲੌਂਗੋਵਾਲ ਵੀ ਬਣੇ ਹਨ, ਜੋ ਤਿੰਨ ਵਾਰ ਲਗਾਤਾਰ ਸਿੱਖ ਸੰਸਥਾ ਦੇ ਪ੍ਰਧਾਨ ਰਹੇ ਹਨ। ਨਵੀਂ ਟੀਮ ਵਿਚ ਮਾਝੇ ਦੁਆਬੇ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਪ੍ਰਧਾਨ ਬੀਬੀ ਜਗੀਰ ਕੌਰ ਕਪੂਰਥਲਾ ਜ਼ਿਲ੍ਹੇ ਤੋਂ ਅਤੇ ਸੀਨੀਅਰ ਮੀਤ ਪ੍ਰਧਾਨ ਤੇ ਜਨਰਲ ਸਕੱਤਰ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਹਨ।

   

  ਅੰਮ੍ਰਿਤਸਰ - ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਸਿੱਖ ਸੰਸਥਾ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਤੇ ਅੰਤ੍ਰਿੰਗ ਕਮੇਟੀ ਮੈਂਬਰਾਂ ਲਈ ਉਮੀਦਵਾਰ ਚੁਣਨ ਦੇ ਸਾਰੇ ਹੱਕ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੌਂਪ ਦਿੱਤੇ ਹਨ। ਇਸ ਸਬੰਧ ਵਿਚ ਅੱਜ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਮੀਟਿੰਗ ਕੀਤੀ ਗਈ। ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਸਾਲਾਨਾ ਚੋਣ 27 ਨਵੰਬਰ ਨੂੰ ਸੱਦੇ ਗਏ ਜਨਰਲ ਇਜਲਾਸ ਵਿਚ ਹੋਵੇਗੀ ਜਿਸ ਵਿਚ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਅੰਤ੍ਰਿੰਗ ਕਮੇਟੀ ਦੇ 11 ਮੈਂਬਰ ਚੁਣੇ ਜਾਣਗੇ। ਇਸ ਵੇਲੇ ਸ਼੍ਰੋਮਣੀ ਕਮੇਟੀ ਸਦਨ ਵਿਚ 166 ਮੈਂਬਰ ਹਨ। ਇਨ੍ਹਾਂ ਤੋਂ ਇਲਾਵਾ ਪੰਜ ਸਿੰਘ ਸਾਹਿਬਾਨ ਵੀ ਸਦਨ ਦੇ ਮੈਂਬਰ ਹਨ ਪਰ ਉਨ੍ਹਾਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਹੈ। ਮੌਜੂਦਾ ਸਦਨ ਵਿਚੋਂ 17 ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਮੌਤ ਹੋ ਚੁੱਕੀ ਹੈ ਅਤੇ ਦੋ ਮੈਂਬਰਾਂ ਵਲੋਂ ਅਸਤੀਫਾ ਦਿੱਤਾ ਗਿਆ ਹੈ। ਇਸ ਵੇਲੇ ਸ਼੍ਰੋਮਣੀ ਕਮੇਟੀ ਵਿਚ ਅਕਾਲੀ ਦਲ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਬਹੁਮੱਤ ਹੈ।
  ਇਸ ਮੌਕੇ ਸ੍ਰੀ ਬਾਦਲ ਨੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਨ੍ਹਾਂ ਸਾਰਿਆਂ ਨੇ ਇਸ ਸਬੰਧੀ ਫੈਸਲਾ ਲੈਣ ਲਈ ਉਨ੍ਹਾਂ ’ਤੇ ਭਰੋਸਾ ਪ੍ਰਗਟਾਇਆ ਹੈ ਤੇ ਉਹ ਸੰਸਥਾ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਇਸ ਸਬੰਧੀ ਫੈਸਲਾ ਲੈਣਗੇ। ਇਸ ਤੋਂ ਪਹਿਲਾਂ ਪਾਰਟੀ ਦੇ ਜਨਰਲ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਮੀਟਿੰਗ ਦੀ ਕਾਰਵਾਈ ਸ਼ੁਰੂ ਕੀਤੀ ਅਤੇ ਮੈਂਬਰਾਂ ਨੂੰ ਮੀਟਿੰਗ ਦੇ ਮੰਤਵ ਤੋਂ ਜਾਣੂ ਕਰਾਇਆ।
  ਸੂਤਰਾਂ ਮੁਤਾਬਕ ਇਸ ਵੇਲੇ ਪਾਰਟੀ ਵਲੋਂ ਆਪਣੇ ਸ਼੍ਰੋਮਣੀ ਕਮੇਟੀ ਮੈਂਬਰਾਂ ਵਿਚ ਚੰਗੀ ਲੀਡਰਸ਼ਿਪ ਦੇ ਗੁਣ ਵਾਲੇ, ਸੂਝਬੂਝ ਵਾਲੇ ਅਤੇ ਦੂਰ ਦ੍ਰਿਸ਼ਟੀ ਰੱਖਣ ਵਾਲੇ ਆਗੂਆਂ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਇਸ ਵੇਲੇ ਸੀਨੀਅਰ ਮੈਂਬਰਾਂ ਵਿਚੋਂ ਗੋਬਿੰਦ ਸਿੰਘ ਲੌਂਗੋਵਾਲ ਤੋਂ ਇਲਾਵਾ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਅਤੇ ਸੰਤ ਬਾਬਾ ਬਲਬੀਰ ਸਿੰਘ ਘੁੰਨਸ ਦੇ ਪ੍ਰਧਾਨਗੀ ਲਈ ਨਾਵਾਂ ਬਾਰੇ ਵਧੇਰੇ ਚਰਚਾ ਹੈ। 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਕਾਰਨ ਪੈਦਾ ਹੋਏ ਰੋਹ ਨੂੰ ਧਿਆਨ ਵਿਚ ਰੱਖਦਿਆਂ ਅਹੁਦੇਦਾਰਾਂ ਵਿਚ ਬਦਲਾਅ ਕੀਤੇ ਜਾਣ ਦੀ ਵੀ ਚਰਚਾ ਚੱਲ ਰਹੀ ਹੈ। ਇਕ ਪੱਖ ਇਹ ਵੀ ਵਿਚਾਰਿਆ ਜਾ ਰਿਹਾ ਹੈ ਕਿ ਇਸ ਵੇਲੇ ਪਾਰਟੀ ਤੋਂ ਵੱਖ ਹੋਏ ਸੁਖਦੇਵ ਸਿੰਘ ਢੀਂਡਸਾ ਵੱਡੀ ਚੁਣੌਤੀ ਬਣ ਸਕਦੇ ਹਨ ਅਤੇ ਇਸ ਮੁਕਾਬਲੇ ਲਈ ਸੰਗਰੂਰ ਵਿਚੋਂ ਹੀ ਕਿਸੇ ਸ਼੍ਰੋਮਣੀ ਕਮੇਟੀ ਮੈਂਬਰ ਦੇ ਸਿਰ ਮੁੜ ਪ੍ਰਧਾਨਗੀ ਦਾ ਤਾਜ ਸਜ ਸਕਦਾ ਹੈ।

  ਅੰਮ੍ਰਿਤਸਰ - ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਜਾ ਰਹੇ ਕਿਸਾਨਾਂ ’ਤੇ ਹਰਿਆਣਾ ਪੁਲੀਸ ਵੱਲੋਂ ਤਸ਼ੱਦਦ ਕੀਤੇ ਜਾਣ ਦੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਨਿਖੇਧੀ ਕਰਦਿਆਂ ਇਸ ਦੀ ਤੁਲਨਾ ਅੰਗਰੇਜ਼ ਸਰਕਾਰ ਵੱਲੋਂ ਕੀਤੇ ਜਾਂਦੇ ਜਬਰ-ਜ਼ੁਲਮ ਨਾਲ ਕੀਤੀ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਨੇ ਕਿਹਾ ਕਿ ਆਪਣੀ ਆਵਾਜ਼ ਕੇਂਦਰ ਤੱਕ ਪਹੁੰਚਾਉਣ ਲਈ ਸ਼ਾਂਤੀਪੂਰਵਕ ਢੰਗ ਨਾਲ ਦਿੱਲੀ ਜਾ ਰਹੇ ਕਿਸਾਨਾਂ ’ਤੇ ਠੰਢ ਵਿੱਚ ਪਾਣੀ ਦੀਆਂ ਬੌਛਾੜਾਂ ਕਰਨਾ ਧੱਕੇਸ਼ਾਹੀ ਦੀ ਹੱਦ ਹੈ। ਉਨ੍ਹਾਂ ਕਿਹਾ ਕਿ ਜੇ ਲੋਕਪਾਲ ਬਿੱਲ ਲਈ ਦਿੱਲੀ ਵਿੱਚ ਇੰਨਾ ਵੱਡਾ ਸੰਘਰਸ਼ ਕੀਤਾ ਜਾ ਸਕਦਾ ਹੈ ਤਾਂ ਫਿਰ ਦੇਸ਼ ਦੇ ਕਿਸਾਨ ਆਪਣੀ ਆਵਾਜ਼ ਦਿੱਲੀ ਜਾ ਕੇ ਕੇਂਦਰ ਸਰਕਾਰ ਅਤੇ ਸੰਸਦ ਤੱਕ ਕਿਉਂ ਨਹੀਂ ਪਹੁੰਚਾ ਸਕਦੇ। ਉਨ੍ਹਾਂ ਕਿਹਾ ਕਿ ਸਰਕਾਰ ਇਸ ਸੰਘਰਸ਼ ਨੂੰ ‘ਦਿੱਲੀ ਬਨਾਮ ਪੰਜਾਬ’ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਤੋਂ ਸੁਚੇਤ ਹੋਣ ਦੀ ਲੋੜ ਹੈ। ਇਹ ਕਿਸਾਨਾਂ ਦੀ ਲੜਾਈ ਹੈ, ਜਿਸ ਵਿੱਚ ਪੰਜਾਬ, ਹਰਿਆਣਾ, ਯੂਪੀ ਤੇ ਸਮੇਤ ਹੋਰ ਕਿਸਾਨ ਵੀ ਸ਼ਾਮਲ ਹਨ। ਪਹਿਲਾਂ ਵੀ ਪੰਜਾਬ ਵਿਚ ਪਾਣੀਆਂ, ਰਾਜਧਾਨੀ ਤੇ ਹੋਰ ਮਾਮਲਿਆਂ ਨੂੰ ਲੈ ਕੇ ਹੋਏ ਸੰਘਰਸ਼ ਨੂੰ ਦਿੱਲੀ ਬਨਾਮ ਪੰਜਾਬ ਬਣਾਇਆ ਗਿਆ ਸੀ, ਜਿਸ ਦੇ ਮਾੜੇ ਸਿੱਟੇ ਨਿਕਲੇ ਸਨ। ਹੁਣ ਮੁੜ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਸੰਘਰਸ਼ਕਾਰੀ ਕਿਸਾਨਾਂ ਲਈ ਅਰਦਾਸ ਕਰਨਗੇ।

  ਪਟਿਆਲਾ  - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਗਲੇ ਪ੍ਰਧਾਨ ਦੀ ਪੰਥਕ ਹਲਕਿਆਂ ’ਚ ਅੱਜ ਦਿਨ ਭਰ ਚਰਚਾ ਹੁੰਦੀ ਰਹੀ। ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ’ਚ ਵਧੇਰੇ ਗਿਣਤੀ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਦੀ ਹੈ, ਜਿਸ ਕਾਰਨ ਸਾਫ਼ ਹੈ ਕਿ ਜਿਸ ਨੂੰ ਵੀ ਸੁਖਬੀਰ ਸਿੰਘ ਬਾਦਲ ਚਾਹੁੰਣਗੇ, ਉਹ ਹੀ ਮੈਂਬਰ ਪੰਥ ਦੀ ਵਕਾਰੀ ਸੰਸਥਾ ਦਾ ਅਗਲਾ ਵਾਰਿਸ ਹੋਵੇਗਾ। ਭਾਵੇਂ ਹਾਲੇ ਤਾਈਂ ਕਿਸੇ ਵੀ ਮੈਂਬਰ ਨੇ ਪ੍ਰਧਾਨਗੀ ਜਾਂ ਕਿਸੇ ਹੋਰ ਅਹੁਦੇਦਾਰੀ ਲਈ ਦਾਅਵੇਦਾਰੀ ਪੇਸ਼ ਕਰਨ ਦੀ ਗੱਲ ਨਹੀ ਕੀਤੀ, ਫਿਰ ਵੀ ਸਿਆਸੀ ਤੇ ਧਾਰਮਿਕ ਸੂਤਰਾਂ ਦਾ ਕਹਿਣਾ ਹੈ ਕਿ ਐਤਕੀਂ ਅੰਦਰਖ਼ਾਤੇ ਪਾਰਟੀ ਦੀਆਂ ਸਿਰਮੌਰ ਚਾਰ-ਪੰਜ ਸ਼ਖਸੀਅਤਾਂ ਪ੍ਰਧਾਨਗੀ ਦੇ ਤਾਜ ਲਈ ਉਤਾਵਲੀਆਂ ਹਨ। ਇਹ ਵੀ ਸੰਕੇਤ ਮਿਲਣ ਲੱਗੇ ਹਨ ਕਿ ਪ੍ਰਧਾਨ ਦਾ ਅਹੁਦਾ ਮੁੜ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਹਵਾਲੇ ਕੀਤਾ ਜਾ ਸਕਦਾ ਹੈ। ਸ਼੍ਰੋਮਣੀ ਕਮੇਟੀ ਦੇ ਇੱਕ ਮੈਂਬਰ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਅੰਦਰਖਾਤੇ ਚਾਰ ਪੰਜ ਸ਼ਖਸੀਅਤਾਂ ਦੀ ਪ੍ਰਧਾਨਗੀ ਦੇ ਅਹੁਦੇ ’ਤੇ ਅੱਖ ਟਿਕਣ ਤੋਂ ਪਾਰਟੀ ਹਾਈਕਮਾਂਡ ਕਾਫੀ ਚਿੰਤਤ ਹੈ ਪਰ ਫੈਸਲਾ ਹਰ ਪੱਖ ਦੇਖ ਕੇ ਲਿਆ ਜਾਵੇਗਾ।

  ਚੰਡੀਗੜ੍ਹ - ਪੰਜਾਬ ਦੇ ਕਿਸਾਨਾਂ ਨੇ 26 ਅਤੇ 27 ਨਵੰਬਰ ਦੇ ਦਿੱਲੀ ਕੂਚ ਦੇ ਐਲਾਨ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਅੱਜ ਹਰਿਆਣਾ ਪੁਲੀਸ ਵੱਲੋਂ ਦੋਹਾਂ ਰਾਜਾਂ ਦੀ ਸਰਹੱਦ ’ਤੇ ਪੈਂਦੇ ਕੌਮੀ ਅਤੇ ਰਾਜਮਾਰਗਾਂ ’ਤੇ ਖੜ੍ਹੀਆਂ ਕੀਤੀਆਂ ਰੋਕਾਂ ਨੂੰ ਢਹਿ-ਢੇਰੀ ਕਰ ਦਿੱਤਾ। ਪੰਜਾਬ ਅਤੇ ਹਰਿਆਣਾ ਦੀ ਹੱਦ ’ਤੇ ਪੈਂਦੇ ਲਾਂਘਿਆਂ ਉਤੇ ਤਣਾਅ ਦਾ ਮਾਹੌਲ ਬਣਿਆ ਰਿਹਾ ਪਰ ਪੁਲੀਸ ਅਤੇ ਕਿਸਾਨਾਂ ਵੱਲੋਂ ਸੰਜਮ ਵਰਤਣ ਕਾਰਨ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਇਸ ਦੌਰਾਨ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਤੋਂ ਦਿੱਲੀ ਲਈ ਚੱਲੇ ਕਿਸਾਨਾਂ ਨੂੰ ਲੰਮੇ ਸਫਰ ਦੌਰਾਨ ਵੱਡੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਤੋਂ ਚੱਲੇ ਕਿਸਾਨਾਂ ਦੇ ਦਿੱਲੀ ਸਰਹੱਦ ਤੱਕ ਭਲਕੇ ਵੱਡੇ ਤੜਕੇ ਜਾਂ ਦਿਨ ਚ੍ਹੜਨ ਬਾਅਦ ਹੀ ਪਹੁੰਚਣ ਦੀ ਉਮੀਦ ਹੈ।
  ਕੇਂਦਰੀ ਗ੍ਰਹਿ ਮੰਤਾਰਲੇ ਵੱਲੋਂ ਜਿਸ ਤਰ੍ਹਾਂ ਦਿੱਲੀ ਸਰਹੱਦ ’ਤੇ ਪੁਲੀਸ ਅਤੇ ਨੀਮ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ, ਉਸ ਨੂੰ ਦੇਖਦਿਆਂ ਕਿਸਾਨਾਂ ਨੂੰ ਕੌਮੀ ਰਾਜਧਾਨੀ ਅੰਦਰ ਜਾਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੀ ਹਾਲਤ ਵਿੱਚ ਕੌਮੀ ਰਾਜਧਾਨੀ ਨੂੰ ਹਰਿਆਣਾ ਅਤੇ ਹੋਰ ਸੂਬਿਆਂ ਤੋਂ ਜਾਣ ਵਾਲੇ ਰਸਤੇ ਬੰਦ ਹੋਣ ਦਾ ਵੀ ਖਦਸ਼ਾ ਹੈ। ਸੂਬੇ ਦੀਆਂ 30 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨਾਂ ਦੇ ਵੱਡੇ ਕਾਫਲੇ ਦਿੱਲੀ ਅਤੇ ਹਰਿਆਣਾ ਨਾਲ ਲਗਦੀ ਸਰਹੱਦ ’ਤੇ ਰਾਤ ਤੱਕ ਪਹੁੰਚਣੇ ਸ਼ੁਰੂ ਹੋ ਗਏ ਸਨ। ਪੁਲੀਸ ਅਤੇ ਕਿਸਾਨਾਂ ਦਰਮਿਆਨ ਸਭ ਤੋਂ ਜ਼ਿਆਦਾ ਟਕਰਾਅ ਸ਼ੰਭੂ ਸਰਹੱਦ ਅਤੇ ਕਰਨਾਲ ਵਿਖੇ ਹੋਇਆ। ਸ਼ੰਭੂ ਤੋਂ ਬਾਅਦ ਕਿਸਾਨਾਂ ਨੇ ਜੱਦੋਜ਼ਹਿਦ ਮਗਰੋਂ ਕਰਨਾਲ ਮੋਰਚਾ ਵੀ ਫਤਹਿ ਕਰ ਲਿਆ। ਸ਼ੰਭੂ ਸਰਹੱਦ ’ਤੇ ਕਿਸਾਨਾਂ ਦੇ ਕਾਫਲੇ ਦੀ ਅਗਵਾਈ ਬਲਬੀਰ ਸਿੰਘ ਰਾਜੇਵਾਲ ਨੇ ਕੀਤੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨ ਖਨੌਰੀ ਅਤੇ ਡੱਬਵਾਲੀ ਸਰਹੱਦ ’ਤੇ ਡੇਰਾ ਲਾ ਕੇ ਬੈਠੇ ਹਨ। ਜਥੇਬੰਦੀ ਦੇ ਆਗੂਆਂ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਹਜ਼ਾਰਾਂ ਕਿਸਾਨ ਭਲਕੇ ਸਵੇਰੇ ਦੋਵੇਂ ਥਾਵਾਂ ਤੋਂ ਦਿੱਲੀ ਵੱਲ ਕੂਚ ਕਰਨਗੇ।
  ਗੂਹਲਾ ਚੀਕਾ ਸਰਹੱਦ ’ਤੇ ਜਗਮੋਹਨ ਸਿੰਘ, ਸੁਰਜੀਤ ਫੂਲ, ਖਨੌਰੀ ’ਚ ਰਜਿੰਦਰ ਸਿੰਘ ਅਤੇ ਸਰਦੂਲਗੜ੍ਹ ਸਰਹੱਦ ’ਤੇ ਬੂਟਾ ਸਿੰਘ ਬੁਰਜ ਗਿੱਲ ਅਤੇ ਰੁਲਦੂ ਸਿੰਘ ਮਾਨਸਾ ਨੇ ਕਿਸਾਨ ਜਥਿਆਂ ਦੀ ਅਗਵਾਈ ਕੀਤੀ। ਸ਼ੰਭੂ ਸਰਹੱਦ ’ਤੇ ਪੁਲੀਸ ਨੇ ਕਿਸਾਨਾਂ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਜਲ ਤੋਪਾਂ ਦੇ ਮੂੰਹ ਖੋਲ੍ਹ ਦਿੱਤੇ ਅਤੇ ਅੱਥਰੂ ਗੈਸ ਦੇ ਗੋਲਿਆਂ ਦਾ ਵੀ ਮੀਂਹ ਵਰ੍ਹਾਇਆ। ਕਿਸਾਨਾਂ ਨੇ ਪੁਲੀਸ ਦੇ ਇਨ੍ਹਾਂ ਹਮਲਿਆਂ ਦੀ ਪ੍ਰਵਾਹ ਨਾ ਕੀਤੀ ਅਤੇ ਪੁਲੀਸ ਰੋਕਾਂ ਹਟਾਉਣ ਦਾ ਕੰਮ ਜਾਰੀ ਰੱਖਿਆ। ਦੇਖਦਿਆਂ ਹੀ ਦੇਖਦਿਆਂ ਕਿਸਾਨਾਂ ਨੇ ਪੁਲੀਸ ਦੇ ਬੈਰੀਕੇਡ ਘੱਗਰ ਦਰਿਆ ਵਿੱਚ ਸੁੱਟ ਦਿੱਤੇ ਅਤੇ ਰਾਹ ਰੋਕਣ ਲਈ ਖੜ੍ਹੇ ਕੀਤੇ ਵਾਹਨ ਵੀ ਹਟਾ ਦਿੱਤੇ। ਇਸ ਤੋਂ ਬਾਅਦ ਕਿਸਾਨਾਂ ਦੇ ਕਾਫਲੇ ਦਿੱਲੀ ਵੱਲ ਵੱਧਣੇ ਸ਼ੁਰੂ ਹੋਏ ਅਤੇ ਫਿਰ ਕਤਾਰਾਂ ਦੇ ਰੂਪ ਵਿੱਚ ਟਰੈਕਟਰ-ਟਰਾਲੀਆਂ ਅਤੇ ਨਿੱਜੀ ਵਾਹਨਾਂ ’ਤੇ ਸਵਾਰ ਕਿਸਾਨਾਂ ਨੇ ਦਿੱਲੀ ਵੱਲ ਨੂੰ ਮੂੰਹ ਸਿੱਧੇ ਕਰ ਲਏ। ਹਰਿਆਣਾ ਸਰਕਾਰ ਦੀਆਂ ਹਦਾਇਤਾਂ ’ਤੇ ਪੁਲੀਸ ਨੇ ਸੜਕਾਂ ’ਤੇ ਮਿੱਟੀ ਦੇ ਵੱਡੇ ਢੇਰ, ਬੈਰੀਕੇਡ, ਪੱਥਰ ਅਤੇ ਵਾਹਨ ਖੜ੍ਹੇ ਕੀਤੇ ਹੋਏ ਸਨ। ਕੌਮੀ ਸ਼ਾਹਰਾਹ ’ਤੇ ਦਿਨ ਚੜ੍ਹਦਿਆਂ ਹੀ ਸ਼ੰਭੂ ਸਰਹੱਦ ’ਤੇ ਸਭ ਤੋਂ ਪਹਿਲਾਂ ਕਿਸਾਨਾਂ ਅਤੇ ਪੁਲੀਸ ਦਰਮਿਆਨ ਮਾਮੂਲੀ ਟਕਰਾਅ ਦੀਆਂ ਰਿਪੋਰਟਾਂ ਆਉਣ ਲੱਗ ਪਈਆਂ ਸਨ। ਉਸ ਤੋਂ ਬਾਅਦ ਰਤੀਆ, ਖਨੌਰੀ, ਸਰਦੂਲਗੜ੍ਹ ਆਦਿ ਥਾਵਾਂ ’ਤੇ ਰੋਕਾਂ ਨੂੰ ਵੀ ਕਿਸਾਨਾਂ ਨੇ ਹਟਾ ਦਿੱਤਾ ਤਾਂ ਕਿਸਾਨਾਂ ਦੇ ਹੌਸਲੇ ਵੱਧ ਗਏ। ਪੁਲੀਸ ਹੋਰ ਥਾਵਾਂ ਤੋਂ ਜਦੋਂ ਪਿਛਾਂਹ ਹਟਦੀ ਗਈ ਤਾਂ ਕਿਸਾਨ ਅਗਾਂਹ ਵਧਣ ਲੱਗੇ। ਹਰਿਆਣਾ ਦੇ ਕਿਸਾਨਾਂ ਨੇ ਵੀ ਪੰਜਾਬ ਦੇ ਕਿਸਾਨਾਂ ਦਾ ਸਵਾਗਤ ਕੀਤਾ ਅਤੇ ਰਸਤੇ ਖੋਲ੍ਹਣ ’ਚ ਭੂਮਿਕਾ ਨਿਭਾਈ। ਪੰਜਾਬ ਤੋਂ ਤੁਰੇ ਕਿਸਾਨਾਂ ਦੇ ਵੱਡੇ ਕਾਫਲਿਆਂ ਵਿੱਚ ਕਿਸਾਨਾਂ ਨੇ ਟੈਂਟ-ਤਰਪਾਲਾਂ ਅਤੇ ਲੰਮੇ ਸੰਘਰਸ਼ ਲਈ ਖਾਣੇ ਆਦਿ ਦਾ ਬਾਕਾਇਦਾ ਪ੍ਰਬੰਧ ਕੀਤਾ ਹੋਇਆ ਹੈ।

  ਨਵੀਂ ਦਿੱਲੀ - ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਅਤੇ ਹੋਰ ਕਿਸਾਨ ਆਗੂਆਂ ਵੱਲੋਂ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਅਰਦਾਸ ਕਰਕੇ ਜੰਤਰ-ਮੰਤਰ ਵੱਲ ਮਾਰਚ ਕੀਤਾ ਗਿਆ। ਪੁਲੀਸ ਰੋਕਾਂ ਤੋੜ ਕੇ ਜਦੋਂ ਉਹ ਅੱਗੇ ਵੱਧ ਰਹੇ ਸਨ ਤਾਂ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ।
  ਖੇਤੀ ਕਾਨੂੰਨਾਂ ਖ਼ਿਲਾਫ਼ ਇਸ ਰੋਸ ਪ੍ਰਦਰਸ਼ਨ ਵਿੱਚ ਵਿਧਾਇਕ ਸੁਖਪਾਲ ਸਿੰਘ ਖਹਿਰਾ, ਜਗਦੇਵ ਕਮਾਲੂ, ਪਿਰਮਲ ਸਿੰਘ ਖ਼ਾਲਸਾ, ਰਣਜੀਤ ਸਿੰਘ ਤਲਵੰਡੀ, ਮਨਪ੍ਰੀਤ ਸਿੰਘ ਤਲਵੰਡੀ, ਪੰਥਕ ਅਕਾਲੀ ਲਹਿਰ ਦੇ ਸੂਬਾ ਕਮੇਟੀ ਮੈਂਬਰ ਰਾਜਦੀਪ ਸਿੰਘ ਆਂਡਲੂ, ਬਿੰਦਰਜੀਤ ਸਿੰਘ ਗਿੱਲ, ਜਗਤਾਰ ਸਿੰਘ ਤਲਵੰਡੀ ਅਤੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਦੇ ਕਾਰਕੁਨ ਸ਼ਾਮਲ ਸਨ। ਬੰਗਲਾ ਸਾਹਿਬ ਤੋਂ ਵਾਈਐੱਮਸੀਏ ਦੇ ਪਿੱਛੋਂ ਦੀ ਹੁੰਦੇ ਹੋਏ ਪਟੇਲ ਚੌਕ ਤੋਂ ਸੰਸਦ ਮਾਰਗ ਥਾਣੇ ਤੱਕ ਪੁੱਜੇ ਪ੍ਰਦਰਸ਼ਨਕਾਰੀਆਂ ਨੂੰ ਪੁਲੀਸ ਨੇ ਬੈਰੀਕੇਡ ਲਾ ਕੇ ਰੋਕਣਾ ਚਾਹਿਆ ਪਰ ਪੁਲੀਸ ਰੋਕਾਂ ਤੋੜ ਕੇ ਕਰੀਬ 50 ਲੋਕਾਂ ਦਾ ਕਾਫ਼ਲਾ ਜੰਤਰ-ਮੰਤਰ ਵੱਲ ਵਧਿਆ ਜਿੱਥੇ ਪੁਲੀਸ ਨੇ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ। ਸ੍ਰੀ ਢੀਂਡਸਾ ਤੇ ਹੋਰ ਸਾਥੀ ਇੱਥੇ ਹੀ ਧਰਨਾ ਲਾ ਕੇ ਬੈਠ ਗਏ ਅਤੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਦਿੱਲੀ ਪੁਲੀਸ ਨੇ 50 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲੀਸ ਉਨ੍ਹਾਂ ਨੂੰ ਬਾਬਾ ਖੜਕ ਸਿੰਘ ਮਾਰਗ ਰਾਹੀਂ ਹਰੀ ਨਗਰ ਦੇ ਸ਼ਿਆਮ ਬਾਬਾ ਖਾਟੂ ਖੇਡ ਕੰਪਲੈਕਸ ’ਚ ਲੈ ਗਈ ਜਿੱਥੋਂ ਕੁਝ ਘੰਟਿਆਂ ਬਾਅਦ ਰਿਹਾਅ ਕਰ ਦਿੱਤਾ ਗਿਆ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com