


ਬਟਾਲਾ - ਨਨਕਾਣਾ ਸਾਹਿਬ ਸਾਕੇ ਦੇ ਸ਼ਹੀਦ ਭਾਈ ਆਤਮਾ ਸਿੰਘ ਦੀ ਯਾਦ ਵਿਚ ਕੀਰਤਨ ਦਰਬਾਰ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਭਾਈ ਆਤਮਾ ਸਿੰਘ ਦੇ ਪਰਿਵਾਰ ਦੇ ਅੱਠ ਜੀਅ ਸ਼ਹੀਦੀ ਪਾ ਗਏ ਸਨ। ਇਸ ਮੌਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਸਾਕਾ ਨਨਕਾਣਾ ਸਾਹਿਬ ਨੇ ਸਿੱਖ ਕੌਮ ਵਿੱਚ ਨਵੀਂ ਚੇਤਨਾ ਲਿਆਂਦੀ ਸੀ, ਉਸ ਤੋਂ ਬਾਅਦ ਹੋਰ ਗੁਰਧਾਮਾਂ ਵਿੱਚ ਮਹੰਤਾਂ ਨੂੰ ਬਾਹਰ ਕੱਢਣ ਅਤੇ ਪ੍ਰਬੰਧਾਂ ’ਚ ਸੁਧਾਰ ਲਿਆਉਣ ਦਾ ਮੁੱਢ ਬੱਝਿਆ। । ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ, ਐਸਜੀਪੀਸੀ ਦੇ ਭਗਵੰਤ ਸਿੰਘ ਸਿਆਲਕਾ, ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ, ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।
ਭਾਈ ਨਿਬਾਹੂ ਸਿੰਘ ਰੰਘਰੇਟਾ ਤਰਨਾ ਦਲ ਦੇ ਮੁਖੀ ਬਾਬਾ ਬਲਦੇਵ ਸਿੰਘ ਮੁਸਤਫਾਪੁਰ ਨੇ ਸੰਬੋਧਨ ਕੀਤਾ। ਇਸ ਮੌਕੇ ਡਾ. ਅਟਵਾਲ, ਜਥੇਦਾਰ ਛੋਟੇਪੁਰ ਅਤੇ ਰਣੀਕੇ ਨੇ ਕਿਹਾ ਕਿ ਪਿੰਡ ਮੁਸਤਫਾਪੁਰ ਦੇ ਪਰਿਵਾਰਾਂ ਨਾਲ ਸਬੰਧਤ ਸ਼ਹੀਦ ਹੋਏ 8 ਸਿੰਘ, ਸਿੰਘਣੀਆਂ ਅਤੇ ਬੱਚਿਆਂ ਦੀਆਂ ਯਾਦਗਾਰਾਂ ਬਣਾਉਣੀਆਂ ਜ਼ਰੂਰੀ ਹਨ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਮਹਾਨ ਸ਼ਹੀਦਾਂ ਤੋਂ ਸੇਧ ਲੈ ਸਕਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਨਕਾਣਾ ਸਾਹਿਬ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਪਹਿਲਾਂ ਸਮਾਗਮ ਕਰਵਾਉਣ ਅਤੇ ਬਾਅਦ ਵਿਚ ਇਰਾਦਾ ਬਦਲਣ ਦੇ ਫ਼ੈਸਲੇ ਦੀ ਅੱਜ ਪਿੰਡ ਮੁਸਤਫ਼ਾਪੁਰ ’ਚ ਨਿਖ਼ੇਧੀ ਕੀਤੀ ਗਈ।
ਟੋਰਾਂਟੋ - ਕੈਨੇਡਾ 'ਚ ਥਲ ਸੈਨਾ ਦੇ ਮੁਖੀ ਐਡਮਿਰਲ ਆਰਟ ਮੈਕਡੋਨਾਲਡ ਨੇ ਅਚਾਨਕ ਅਸਤੀਫਾ ਦੇ ਦਿੱਤਾ | ਉਨ੍ਹਾਂ ਬੀਤੇ ਮਹੀਨੇ ਹੀ ਆਪਣਾ ਅਹੁਦਾ ਸੰਭਾਲਿਆ ਸੀ | ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਕਿਹਾ ਕਿ ਸੈਨਾ ਮੁਖੀ ਵਿਰੁੱਧ ਮਿਲਟਰੀ ਪੁਲਿਸ ਵਲੋਂ ਕੁਝ ਦੋਸ਼ਾਂ ਖਿਲਾਫ ਜਾਂਚ ਸ਼ੁਰੂ ਕੀਤੀ ਗਈ ਹੈ ਜਿਸ ਬਾਰੇ ਸੈਨਾ ਮੁਖੀ ਨੂੰ ਕੱਲ੍ਹ ਹੀ ਪਤਾ ਲੱਗਾ ਸੀ | ਦੋਸ਼ਾਂ ਦਾ ਵਿਸਥਾਰ ਨਹੀਂ ਦੱਸਿਆ ਗਿਆ | ਐਡਮਿਰਲ ਮੈਕਡੋਨਾਲਡ ਨੇ ਆਖਿਆ ਹੈ ਕਿ ਜਿਸ ਕਿਸੇ ਕੋਲ ਵੀ ਉਨ੍ਹਾਂ ਦੇ ਵਿਵਹਾਰ ਬਾਰੇ ਜਾਣਕਾਰੀ ਹੈ ਉਸ ਨੂੰ ਬੇਝਿਜਕ ਸਾਹਮਣੇ ਆ ਕੇ ਦੱਸਣਾ ਚਾਹੀਦਾ ਹੈ |
ਨਵੀਂ ਦਿੱਲੀ - 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਦੇ ਮਾਮਲੇ 'ਚ ਜੇਲ੍ਹ 'ਚ ਬੰਦ ਪੰਜਾਬੀ ਅਦਾਕਾਰ ਤੇ ਸਮਾਜ ਸੇਵੀ ਦੀਪ ਸਿੱਧੂ ਨੇ ਅਦਾਲਤ ਨੂੰ ਦੱਸਿਆ ਕਿ ਮੈਂ ਭੀੜ ਨੂੰ ਸ਼ਾਂਤ ਕਰਨ ਲਈ ਪੁਲਿਸ ਦੀ ਮਦਦ ਕਰ ਰਿਹਾ ਸੀ | ਸਿੱਧੂ ਨੇ ਲਾਲ ਕਿਲ੍ਹੇ 'ਤੇ ਹੋਈ ਹਿੰਸਾ 'ਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਉਸ ਦਿਨ ਦੁਪਹਿਰ 12 ਵਜੇ ਤੱਕ ਹਰਿਆਣਾ ਦੇ ਮੁਰਥਲ 'ਚ ਇਕ ਹੋਟਲ 'ਚ ਸੀ ਤੇ ਲਾਲ ਕਿਲ੍ਹੇ 'ਤੇ ਉਹ ਦੁਪਹਿਰ ਕਰੀਬ 2 ਵਜੇ ਪਹੁੰਚਿਆ ਸੀ, ਜਿਸ ਦੀਆਂ ਸੀ.ਸੀ.ਟੀ.ਵੀ. ਤਸਵੀਰਾਂ ਵੀ ਮੌਜੂਦ ਹਨ | ਉਸ ਨੇ ਅਦਾਲਤ ਨੂੰ ਗੁਹਾਰ ਲਗਾਈ ਕਿ ਉਕਤ ਤਸਵੀਰਾਂ ਨੂੰ ਸੁਰੱਖਿਅਤ ਰੱਖਿਆ ਜਾਵੇ, ਜੋ ਕਿ ਪਹਿਲਾਂ ਹੀ ਜਾਂਚ ਏਜੰਸੀਆਂ ਕੋਲ ਮੌਜੂਦ ਹਨ | ਇਸ ਤੋਂ ਪਹਿਲਾਂ ਇਕ ਵੱਖਰੇ ਸੈੱਲ 'ਚ ਭੇਜੇ ਜਾਣ ਤੋਂ ਬਾਅਦ ਦੀਪ ਸਿੱਧੂ ਨੇ ਜੇਲ੍ਹ 'ਚ ਸੁਰੱਖਿਆ ਦੀ ਮੰਗ ਵਾਲੀ ਪਟੀਸ਼ਨ ਵਾਪਸ ਲੈ ਲਈ |
ਚੰਡੀਗੜ੍ਹ - ਕਿਰਤ ਅਧਿਕਾਰਾਂ ਦੀ ਕਾਰਕੁਨ ਨੌਦੀਪ ਕੌਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਨੌਦੀਪ ਦੇ ਵਕੀਲ ਅਰਸ਼ਦੀਪ ਸਿੰਘ ਚੀਮਾ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਾਈ ਕੋਰਟ ਨੇ ਉਨ੍ਹਾਂ ਦੇ ਮੁਵੱਕਿਲ ਨੂੰ ਜ਼ਮਾਨਤ ਦੇ ਦਿੱਤੀ ਹੈ। ਸ੍ਰੀ ਚੀਮਾ ਨੇ ਦੱਸਿਆ ਕਿ ਨੌਦੀਪ ਨੂੰ 12 ਜਨਵਰੀ ਨੂੰ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿੱਚ ਸਨਅਤੀ ਇਕਾਈ ਦਾ ਕਥਿਤ ਤੌਰ ’ਤੇ ਘਿਰਾਓ ਕਰਨ ਤੇ ਜਬਰੀ ਉਗਰਾਹੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਨੇ ਨੌਦੀਪ ਖ਼ਿਲਾਫ਼ ਇਰਾਦਾ ਕਤਲ ਦੀ ਧਾਰਾ 307 ਤਹਿਤ ਕੇਸ ਦਰਜ ਕੀਤਾ ਸੀ ਤੇ ਇਸ ਵਿੱਚ ਸ਼ਿਕਾਇਤਕਰਤਾ ਕੁੰਡਲੀ ਦਾ ਐੱਸਐੱਚਓ ਸੀ। ਦੂਜੇ ਮਾਮਲੇ ਵਿੱਚ ਸ਼ਿਕਾਇਕਕਰਤਾ ਸਨਅਤੀ ਇਕਾਈ ਹੈ। ਹਾਈ ਕੋਰਟ ਨੇ ਇਸਤਗਾਸਾ ਤੇ ਬਚਾਅ ਧਿਰਾਂ ਦੀਆਂ ਦਲੀਲਾਂ ਸੁਣ ਬਾਅਦ ਦੋਵਾਂ ਮਾਮਲਿਆਂ ਵਿੱਚ ਨੌਦੀਪ ਕੌਰ ਨੂੰ ਜ਼ਮਾਨਤ ਦੇ ਦਿੱਤੀ।
ਮੁਹਾਲੀ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੇ ਸਿੱਖਾਂ ਦੇ ਜਥੇ ਨਨਕਾਣਾ ਸਾਹਿਬ ਜਾਣ ਦੀ ਆਗਿਆ ਨਾ ਦੇਣਾ ਮੰਦਭਾਗੀ ਗੱਲ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਜਪਾ ਨਾਲੋਂ ਨਾਤਾ ਤੋੜਨ ਕਾਰਨ ਸਿਆਸੀ ਬਦਲਾਖੋਰੀ ਕਾਰਨ ਸਰਕਾਰ ਨੇ ਜਾਣਬੁੱਝ ਕੇ ਸਿੱਖ ਜਥੇ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ। ਬੀਬੀ ਜਗੀਰ ਕੌਰ ਇੱਥੇ ਗੁਰੂ ਹਰਿਰਾਇ ਸਾਹਿਬ ਦੇ ਪ੍ਰਕਾਸ਼ ਪੁਰਬ ਸਬੰਧੀ ਸਾਲਾਨਾ ਜੋੜ ਮੇਲ ਅਤੇ ਗੁਰਮਤਿ ਸਮਾਗਮ ਵਿੱਚ ਹਿੱਸਾ ਲੈਣ ਆਏ ਸਨ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਆਈਏਐੱਸ, ਆਈਪੀਐੱਸ ਅਤੇ ਪੀਸੀਐੱਸ ਦੀ ਪ੍ਰੀਖਿਆ ਸਬੰਧੀ ਲੋੜਵੰਦ ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਦਿੱਤੀ ਜਾਵੇਗੀ। ਇਸ ਸਬੰਧੀ ਤਜਰਬੇਕਾਰ ਅਧਿਆਪਕਾਂ ਦੀ ਸ਼ਨਾਖ਼ਤ ਕਰ ਲਈ ਗਈ ਹੈ। ਜਦੋਂਕਿ ਇਸ ਤੋਂ ਪਹਿਲਾਂ ਕੋਚਿੰਗ ਦੇਣ ਲਈ ਫੀਸ ਵਸੂਲੀ ਜਾਂਦੀ ਸੀ। ਉਨ੍ਹਾਂ ਇਕ ਪਿੰਡ ਇਕ ਗੁਰਦੁਆਰਾ ਸਿਧਾਂਤ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਐੱਸਜੀਪੀਸੀ ਵੱਲੋਂ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਬੀਬੀ ਜਗੀਰ ਕੌਰ ਨੇ ਚੋਣਾਂ ਜਿੱਤਣ ਲਈ ਗੁਟਕੇ ਦੀ ਝੂਠੀ ਸਹੁੰ ਚੁੱਕਣ ਵਾਲੇ ਕੈਪਟਨ ਅਮਰਿੰਦਰ ਸਿੰਘ ਅਤੇ ਸਮੁੱਚੀ ਕਾਂਗਰਸ ਲੀਡਰਸ਼ਿਪ ਤੋਂ ਇਨਸਾਫ਼ ਅਤੇ ਵਿਕਾਸ ਦੀ ਉਮੀਦ ਨਹੀਂ ਰੱਖਣੀ ਚਾਹੀਦੀ। ਪੰਜਾਬ ਵਿੱਚ ਪਹਿਲਾਂ ਨਾਲੋਂ ਕਈ ਗੁਣਾ ਵੱਧ ਨਸ਼ਾ ਵਿਕ ਰਿਹਾ ਹੈ ਅਤੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਆਗਾਮੀ ਵਿਧਾਨ ਸਭਾ ਚੋਣਾਂ ਬਾਰੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਇਸਤਰੀ ਅਕਾਲੀ ਦਲ ਦੀਆਂ ਬੀਬੀਆਂ ਵੱਲੋਂ ਅਹਿਮ ਭੂਮਿਕਾ ਨਿਭਾਈ ਜਾਵੇਗੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੈਂਬਰ ਤੇ ਪੰਥਕ ਆਗੂ ਭਾਈ ਹਰਦੀਪ ਸਿੰਘ, ਬੀਬੀ ਪਰਮਜੀਤ ਕੌਰ ਲਾਂਡਰਾਂ, ਚਰਨਜੀਤ ਸਿੰਘ ਕਾਲੇਵਾਲ, ਅਜਮੇਰ ਸਿੰਘ ਖੇੜਾ (ਸਾਰੇ ਐਸਜੀਪੀਸੀ ਮੈਂਬਰ), ਬੀਬੀ ਹਰਜਿੰਦਰ ਕੌਰ, ਐੱਸਜੀਪਸੀ ਦੇ ਮੈਨੇਜਰ ਭਾਈ ਰਜਿੰਦਰ ਸਿੰਘ ਟਿਵਾਣਾ, ਅਵਤਾਰ ਸਿੰਘ ਸਾਂਪਲਾ, ਗੁਰਸੇਵ ਸਿੰਘ ਹਰਪਾਲਪੁਰ, ਪ੍ਰਚਾਰਕ ਭਾਈ ਜਤਿੰਦਰ ਸਿੰਘ ਤੇ ਭਾਈ ਰਾਜਪਾਲ ਸਿੰਘ, ਗੁਰਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਸੋਂਧੀ, ਸੀਨੀਅਰ ਮੀਤ ਪ੍ਰਧਾਨ ਕਰਮ ਸਿੰਘ ਬੱਬਰਾ, ਮੀਤ ਪ੍ਰਧਾਨ ਮਨਜੀਤ ਸਿੰਘ ਮਾਨ, ਹਰਦੀਪ ਸਿੰਘ ਬਠਲਾਣਾ, ਪਰਮਜੀਤ ਸਿੰਘ ਕਾਹਲੋਂ, ਬੀਬੀ ਕਸ਼ਮੀਰ ਕੌਰ, ਰਜਿੰਦਰ ਸਿੰਘ ਮਾਨ, ਬਲਵਿੰਦਰ ਸਿੰਘ ਟੌਹੜਾ ਸਮੇਤ ਹੋਰ ਆਗੂ ਹਾਜ਼ਰ ਸਨ।
ਅੰਮ੍ਰਿਤਸਰ - ਲਗਪਗ ਸੌ ਵਰ੍ਹੇ ਪਹਿਲਾਂ ਵਾਪਰੇ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਸਹੀ ਗਿਣਤੀ ਅਤੇ ਸ਼ਹੀਦਾਂ ਦੇ ਪਰਿਵਾਰਾਂ ਦਾ ਪਤਾ ਲਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਅਣਵੰਡੇ ਪੰਜਾਬ ਵਿਚ ਨਨਕਾਣਾ ਸਾਹਿਬ ਦੀ ਧਰਤੀ ’ਤੇ ਵਾਪਰੇ ਇਸ ਸਾਕੇ ਵਿੱਚ ਸੈਂਕੜੇ ਸਿੱਖ ਸ਼ਹੀਦ ਹੋਏ ਸਨ। ਇਸ ਕਤਲੇਆਮ ਵਿਚ ਕਿੰਨੇ ਸਿੱਖ ਮਾਰੇ ਗਏ ਸਨ, ਬਾਰੇ ਹਾਲੇ ਤਕ ਭੰਬਲਭੂਸਾ ਬਣਿਆ ਹੋਇਆ ਹੈ। ਵੱਖ ਵੱਖ ਪੁਸਤਕਾਂ ਅਤੇ ਲੇਖਾਂ ਵਿੱਚ ਸ਼ਹੀਦਾਂ ਦੀ ਗਿਣਤੀ ਵਿੱਚ ਵੱਡਾ ਅੰਤਰ ਹੈ। ਬੀਤੇ ਦਿਨ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਨੇ ਇਥੇ ਅਕਾਲ ਤਖਤ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਇਸ ਸਾਕੇ ਵਿੱਚ ਸ਼ਹੀਦ ਹੋਏ ਸਿੱਖਾਂ ਦੀ ਗਿਣਤੀ ਲਗਪਗ 130 ਦੱਸੀ ਸੀ।
ਇਸ ਸਬੰਧੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਇਸ ਸਬੰਧੀ ਸ਼ਹੀਦ ਮਿਸ਼ਨਰੀ ਕਾਲਜ, ਜੋ ਸਾਕਾ ਨਨਕਾਣਾ ਸਾਹਿਬ ਦੇ ਨਾਂ ’ਤੇ ਬਣਾਇਆ ਗਿਆ ਸੀ, ਦੀ ਪ੍ਰਿੰਸੀਪਲ ਅਤੇ ਖੋਜਕਰਤਾ ਪ੍ਰੋ. ਮਨਜੀਤ ਕੌਰ ਦੀ ਅਗਵਾਈ ਹੇਠ ਖੋਜ ਕਾਰਜ ਆਰੰਭ ਕੀਤਾ ਗਿਆ ਹੈ, ਜਿਨ੍ਹਾਂ ਨੇ ਕੁਝ ਪਰਿਵਾਰਾਂ ਦੀ ਸ਼ਨਾਖਤ ਕਰ ਲਈ ਹੈ।
ਪ੍ਰਿੰਸੀਪਲ ਮਨਜੀਤ ਕੌਰ ਨੇ ਦੱਸਿਆ ਕਿ ਖੋਜ ਕਾਰਜ ਦੌਰਾਨ ਪਤਾ ਲੱਗਾ ਹੈ ਕਿ ਉਸ ਵੇਲੇ ਦੇ ਪੁਲੀਸ ਇੰਸਪੈਕਟਰ ਚਰਨ ਸਿੰਘ ਨੇ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਸੀ, ਜਿਸ ਵਿੱਚ 156 ਸਿੱਖਾਂ ਦੇ ਮਾਰੇ ਜਾਣ ਅਤੇ ਜ਼ਖਮੀ ਹੋਣ ਦਾ ਜ਼ਿਕਰ ਸ਼ਾਮਲ ਸੀ। ਉਨ੍ਹਾਂ ਆਖਿਆ ਕਿ ਇਤਿਹਾਸ ਵਿੱਚ ਕੁਝ ਥਾਵਾਂ ’ਤੇ ਸ਼ਹੀਦਾਂ ਦੀ ਗਿਣਤੀ 260 ਅਤੇ ਕੁਝ ਥਾਵਾਂ ’ਤੇ 86 ਤੋਂ 150 ਦੱਸੀ ਗਈ ਹੈ ਪਰ ਉਨ੍ਹਾਂ ਮੁਤਾਬਕ ਸ਼ਹੀਦਾਂ ਦੀ ਗਿਣਤੀ 400 ਤੋਂ ਵੱਧ ਹੋਣ ਦਾ ਅਨੁਮਾਨ ਹੈ।
ਲਖਨਊ - ਉੱਤਰ ਪ੍ਰਦੇਸ਼ ਦੇ ਲਲਿਤਪੁਰ ਦੇ 43 ਸਾਲਾ ਵਿਅਕਤੀ, ਜਿਸ ਨੂੰ ਬਲਾਤਕਾਰ ਦੇ ਮਾਮਲੇ ਵਿੱਚ ‘ਗਲਤ ਤਰੀਕੇ ਨਾਲ ਦੋਸ਼ੀ’ ਕਰਾਰ ਦਿੱਤਾ ਗਿਆ ਸੀ , ਨੂੰ ਅਖੀਰ ਅਲਾਹਾਬਾਦ ਹਾਈ ਕੋਰਟ ਨੇ 20 ਸਾਲ ਬਾਅਦ ਜੇਲ੍ਹ ਵਿਚੋਂ ਬਰੀ ਕਰ ਦਿੱਤਾ।
ਇਹ ਵਿਅਕਤੀ ਪਿਛਲੇ ਦੋ ਦਹਾਕਿਆਂ ਤੋਂ ਆਗਰਾ ਜੇਲ੍ਹ ਵਿੱਚ ਆਈਪੀਸੀ ਅਤੇ ਐੱਸਸੀ/ ਐੱਸਟੀ ਐਕਟ ਤਹਿਤ ਬਲਾਤਕਾਰ ਦੇ ਦੋਸ਼ਾਂ ਤਹਿਤ ਜੇਲ੍ਹ ਵਿੱਚ ਸੀ।
ਇਸ ਸਮੇਂ ਦੌਰਾਨ ਉਸ ਦੇ ਮਾਪਿਆਂ ਅਤੇ ਦੋ ਭਰਾਵਾਂ ਦੀ ਮੌਤ ਹੋ ਗਈ ਪਰ ਉਸ ਨੂੰ ਉਨ੍ਹਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਆਖਰਕਾਰ ਉਸ ਨੂੰ ਬਰੀ ਕਰਨ ਦਾ ਫ਼ੈਸਲਾ ਸੁਣਾ ਦਿੱਤਾ। ਲਲਿਤਪੁਰ ਜ਼ਿਲ੍ਹੇ ਦੀ ਦਲਿਤ ਔਰਤ ਨੇ ਸਤੰਬਰ 2000 ਵਿਚ ਵਿਸ਼ਨੂੰ ਤਿਵਾੜੀ 'ਤੇ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਸੀ। ਵਿਸ਼ਨੂੰ ਉਸ ਸਮੇਂ 23 ਸਾਲ ਦਾ ਸੀ। ਪੁਲੀਸ ਨੇ ਵਿਸ਼ਨੂੰ ਤਿਵਾੜੀ ਨੂੰ ਆਈਪੀਸੀ ਦੀ ਧਾਰਾ 376, 506 ਅਤੇ ਐੱਸਸੀ/ ਐੱਸਟੀ (ਰੋਕਥਾਮ) ਐਕਟ ਦੀਆਂ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਇਸ ਕੇਸ ਦੀ ਜਾਂਚ ਤਤਕਾਲੀ ਨਰਹਟ ਸਰਕਲ ਅਧਿਕਾਰੀ ਅਖਿਲੇਸ਼ ਨਰਾਇਣ ਸਿੰਘ ਨੇ ਕੀਤੀ ਸੀ, ਜਿਸ ਨੇ ਵਿਸ਼ਨੂੰ ਖ਼ਿਲਾਫ਼ ਆਪਣੀ ਰਿਪੋਰਟ ਪੇਸ਼ ਕੀਤੀ। ਸੈਸ਼ਨ ਕੋਰਟ ਨੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਬਾਅਦ ਵਿੱਚ ਉਸ ਨੂੰ ਆਗਰਾ ਜੇਲ੍ਹ ਵਿੱਚ ਭੇਜ ਦਿੱਤਾ ਗਿਆ, ਜਿਥੇ ਉਹ ਇਸ ਸਮੇਂ ਬੰਦ ਹੈ। ਵਿਸ਼ਨੂੰ ਨੇ ਸੈਸ਼ਨ ਕੋਰਟ ਦੇ ਫੈਸਲੇ ਖ਼ਿਲਾਫ਼ 2005 ਵਿੱਚ ਹਾਈ ਕੋਰਟ ਵਿੱਚ ਅਪੀਲ ਕੀਤੀ ਪਰ ਕੇਸ ’ਤੇ 16 ਸਾਲਾਂ ਤੱਕ ਸੁਣਵਾਈ ਨਹੀਂ ਹੋਈ।
ਟੋਰਾਂਟੋ - ਕੈਨੇਡਾ ਦੇ ਮਿਸੀਸਾਗਾ ਸ਼ਹਿਰ 'ਚ ਉਂਟਾਰੀਓ ਖ਼ਾਲਸਾ ਦਰਬਾਰ (ਡਿਕਸੀ ਰੋਡ) ਗੁਰਦੁਆਰਾ ਸਾਹਿਬ ਦੇ (2015 ਤੋਂ ਪਹਿਲਾਂ) ਲੰਬਾ ਸਮਾਂ ਪ੍ਰਧਾਨ ਅਤੇ ਹੋਰ ਪ੍ਰਬੰਧਕੀ ਕਾਰਜਾਂ 'ਚ ਮੋਹਰੀ ਰਹੇ ਜਸਜੀਤ ਸਿੰਘ ਭੁੱਲਰ (67) ਦਾ ਟੋਰਾਂਟੋ ਵਿਖੇ ਹਸਪਤਾਲ 'ਚ ਦਿਹਾਂਤ ਹੋ ਗਿਆ | ਉਨ੍ਹਾਂ ਦੇ ਛੋਟੇ ਭਰਾ ਗੁਰਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਸ. ਭੁੱਲਰ ਪ੍ਰੋਸਟੇਟ ਕੈਂਸਰ ਤੋਂ ਪੀੜਤ ਸਨ ਤੇ ਬੀਤੇ ਦੋ ਕੁ ਹਫ਼ਤਿਆਂ ਤੋਂ ਅਚਾਨਕ ਉਨ੍ਹਾਂ ਦੀ ਹਾਲਤ ਨਿੱਘਰਦੀ ਗਈ | ਉਹ 1978 ਵਿਚ ਢਿੱਲਵਾਂ ਨੇੜੇ ਸਥਿਤ ਪਿੰਡ ਭੁੱਲਰ (ਕਪੂਰਥਲਾ) ਤੋਂ ਕੈਨੇਡਾ ਪੁੱਜੇ ਸਨ, ਜਿੱਥੇ ਭਾਈਚਾਰੇ ਦੀ ਬਿਹਤਰੀ ਵਾਸਤੇ ਅਤੇ ਖ਼ਾਸ ਤੌਰ 'ਤੇ ਉਂਟਾਰੀਓ ਖ਼ਾਲਸਾ ਦਰਬਾਰ ਗੁਰਦੁਆਰਾ ਸਾਹਿਬ ਦੀਆਂ ਸੇਵਾਵਾਂ 'ਚ ਵੱਧ ਚੜ੍ਹ ਕੇ ਯੋਗਦਾਨ ਪਾਇਆ | ਇਸ ਮੌਕੇ ਉੱਤਰੀ ਅਮਰੀਕਾ ਭਰ ਤੋਂ ਪੰਥਕ ਸ਼ਖ਼ਸੀਅਤਾਂ ਵੱਲੋਂ ਸ. ਭੁੱਲਰ ਦੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਹਨ |
ਨਵੀਂ ਦਿੱਲੀ - ਦਿੱਲੀ ਕੋਰਟ ਨੇ ਅਦਾਕਾਰ-ਕਾਰਕੁਨ ਦੀਪ ਸਿੱਧੂ ਨੂੰ ਅੱਜ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਦੀਪ ਸਿੱਧੂ ਨੂੰ ਗਣਤੰਤਰ ਦਿਵਸ ਮੌਕੇ ਦਿੱਲੀ ਦੇ ਲਾਲ ਕਿਲੇ ’ਚ ਹੋਈ ਹਿੰਸਾ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਤਿਹਾੜ ਜੇਲ੍ਹ ਵਿੱਚ ਬੰਦ ਸਿੱਧੂ ਨੂੰ ਸੱਤ ਦਿਨਾ ਪੁਲੀਸ ਰਿਮਾਂਡ ਖ਼ਤਮ ਹੋਣ ਮਗਰੋਂ ਜੇਲ੍ਹ ਵਿੱਚ ਹੀ ਮੈਟਰੋਪਾਲਿਟਨ ਮੈਜਿਸਟਰੇਟ ਸਮਰਜੀਤ ਕੌਰ ਅੱਗੇ ਪੇਸ਼ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਸਿੱਧੂ ਨੂੰ 9 ਫਰਵਰੀ ਨੂੰ ਸੱਤ ਦਿਨਾ ਪੁਲੀਸ ਰਿਮਾਂਡ ’ਤੇ ਭੇਜਿਆ ਸੀ, ਜਿਸ ਨੂੰ ਮਗਰੋਂ ਸੱਤ ਦਿਨ (23 ਫਰਵਰੀ ਤੱਕ) ਲਈ ਵਧਾ ਦਿੱਤਾ ਸੀ।
ਚੰਡੀਗੜ੍ਹ - ਪੰਜਾਬ ਵਿੱਚ ਕਰੋਨਾਵਾਇਰਸ ਦੇ ਮੁੜ ਪੈਰ ਪਸਾਰਨ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਨਵੀਆਂ ਪਾਬੰਦੀਆਂ ਜਾਰੀ ਕੀਤੀਆਂ ਹਨ। ਸਰਕਾਰ ਨੇ ਅੰਦਰੂਨੀ ਅਤੇ ਬਾਹਰੀ ਇਕੱਠਾਂ ਸਬੰਧੀ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ, ਜੋ ਪਹਿਲੀ ਮਾਰਚ ਤੋਂ ਲਾਗੂ ਹੋਣਗੇ। ਉਨ੍ਹਾਂ ਡਿਪਟੀ ਕਮਿਸ਼ਨਰਾਂ ਨੂੰ ਅਧਿਕਾਰ ਦਿੱਤੇ ਹਨ ਕਿ ਕਰੋਨਾ ਦੇ ਮਾਮਲੇ ਵਧਣ ਦੀ ਸੂਰਤ ਵਿੱਚ ਜੇ ਲੋੜ ਪਈ ਤਾਂ ਉਹ ਆਪਣੇ ਜ਼ਿਲ੍ਹਿਆਂ ਵਿੱਚ ਰਾਤ ਦਾ ਕਰਫਿਊ ਲਾਉਣ। ਇੱਕ ਅਧਿਕਾਰੀ ਨੇ ਬਿਆਨ ਵਿੱਚ ਦੱਸਿਆ ਕਿ ਕਰੋਨਾ ਦੀ ਸਥਿਤੀ ਸਬੰਧੀ ਵਰਚੂਅਲ ਮੁਲਾਂਕਣ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲੀ ਮਾਰਚ ਤੋਂ ਅੰਦਰੂਨੀ ਅਤੇ ਬਾਹਰੀ ਪ੍ਰੋਗਰਾਮਾਂ ਸਬੰਧੀ ਇਕੱਠ ਕ੍ਰਮਵਾਰ 100 ਤੇ 200 ਲੋਕਾਂ ਤੱਕ ਸੀਮਤ ਕਰਨ ਦੇ ਹੁਕਮ ਜਾਰੀ ਕੀਤੇ ਹਨ। ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਸਬੰਧੀ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ। ਸੂਬੇ ਵਿੱਚ ਕਰੋਨਾ ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਸਰਕਾਰ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਮੁੱਖ ਮੰਤਰੀ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਮਾਈਕਰੋ-ਕੰਟੇਨਮੈਂਟ ਰਣਨੀਤੀ ਅਪਣਾਉਣ ਅਤੇ ਕੋਵਿਡ-19 ਹੌਟਸਪੌਟ ਵਾਲੇ ਖੇਤਰਾਂ ਵਿੱਚ ਲੋੜ ਪੈਣ ’ਤੇ ਰਾਤ ਦਾ ਕਰਫਿਊ ਲਾਉਣ ਦੇ ਅਧਿਕਾਰ ਦਿੱਤੇ ਗਏ ਹਨ। ਉਨ੍ਹਾਂ ਪੁਲੀਸ ਨੂੰ ਵੀ ਨਿਰਦੇਸ਼ ਦਿੱਤੇ ਹਨ ਕਿ ਲੋਕਾਂ ਨੂੰ ਮਾਸਕ ਪਾਉਣਾ ਯਕੀਨੀ ਬਣਾਇਆ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਸਿਨੇਮਾ ਹਾਲਾਂ ਵਿੱਚ ਦਰਸ਼ਕਾਂ ਦੀ ਗਿਣਤੀ ਘਟਾਉਣ ਸਬੰਧੀ ਫ਼ੈਸਲਾ ਪਹਿਲੀ ਮਾਰਚ ਤੋਂ ਬਾਅਦ ਲਿਆ ਜਾਵੇਗਾ। ਕੇਂਦਰ ਸਰਕਾਰ ਨੇ ਪੰਜਾਬ, ਮਹਾਰਾਸ਼ਟਰ, ਕੇਰਲਾ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਨੂੰ ਕਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਸਥਿਤੀ ’ਤੇ ਸਖ਼ਤ ਨਿਗਰਾਨੀ ਰੱਖਣ ਅਤੇ ਟੈਸਟ ਵਧਾਉਣ ਲਈ ਕਿਹਾ ਹੈ।
The Sikh Spokesman Newspaper,
Toronto, Canada.
Published Every Thursday
Email : This email address is being protected from spambots. You need JavaScript enabled to view it.
www.sikhspokesman.com
Canada Tel : 905-497-1216
India : 94632 16267