


ਨਵੀਂ ਦਿੱਲੀ - ਪੰਜਾਬ ਵਿੱਚ ਕਾਂਗਰਸ ਨੂੰ ਉਸ ਸਮੇਂ ਝਟਕਾ ਲੱਗਿਆ ਜਦੋਂ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਭਾਜਪਾ ਵਿੱਚ ਸ਼ਾਮਲ ਹੋ ਗਏ। ਨਵੀਂ ਸਿਆਸੀ ਪਾਰੀ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਕਾਂਗਰਸ ਨੂੰ ਅਲਵਿਦਾ ਆਖਦਿਆਂ ਧੜੇਬੰਦੀ ਲਈ ਪਾਰਟੀ ਦੀ ਆਲੋਚਨਾ ਕੀਤੀ। ਪੰਜ ਵਾਰ ਦੇ ਵਿਧਾਇਕ ਮਨਪ੍ਰੀਤ ਨੇ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿਛਲੇ 9 ਸਾਲਾਂ ਦੌਰਾਨ ਉਨ੍ਹਾਂ ਦੀ ਅਗਵਾਈ ਹੇਠ ਕੂਟਨੀਤਕ ਅਤੇ ਆਰਥਿਕ ਪੱਧਰ ਸਮੇਤ ਹਰ ਖੇਤਰ ’ਚ ਮੁਲਕ ਮਜ਼ਬੂਤ ਹੋਇਆ ਹੈ। ਪੰਜਾਬ ਦੇ ਹਾਲਾਤ ’ਤੇ ਚਿੰਤਾ ਜਤਾਉਂਦਿਆਂ ਉਨ੍ਹਾਂ ਕਿਹਾ ਕਿ ਸੂਬੇ ਦੇ ਹਾਲਾਤ ਹੱਥੋਂ ਨਿਕਲਦੇ ਜਾ ਰਹੇ ਹਨ ਅਤੇ ਭਾਜਪਾ ਹੀ ਇਕਲੌਤੀ ਪਾਰਟੀ ਹੈ ਜੋ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰ ਸਕਦੀ ਹੈ। ਕਾਂਗਰਸ ਛੱਡਣ ਦੇ ਫ਼ੈਸਲੇ ਬਾਰੇ ਉਨ੍ਹਾਂ ਕਿਹਾ,‘‘ਕੋਈ ਪਾਰਟੀ ’ਚ ਕਿਵੇਂ ਕੰਮ ਕਰ ਸਕਦਾ ਹੈ ਜਦੋਂ ਉਸ ’ਚ ਅੰਦਰੂਨੀ ਖਿੱਚੋਤਾਣ ਹੋਵੇ। ਸਿਰਫ਼ ਪੰਜਾਬ ਹੀ ਨਹੀਂ ਕਈ ਸੂਬਿਆਂ ’ਚ ਕਾਂਗਰਸ ਅੰਦਰ ਧੜੇਬੰਦੀ ਜ਼ੋਰਾਂ ’ਤੇ ਹੈ।’’ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਲਿਖੇ ਪੱਤਰ ’ਚ ਮਨਪ੍ਰੀਤ ਬਾਦਲ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਖ਼ਜ਼ਾਨੇ ਲਈ ਫੰਡ ਜੁਟਾਉਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਨ ਦੀ ਬਜਾਏ ਪਾਰਟੀ ਦੇ ਆਗੂ ਹੀ ਉਨ੍ਹਾਂ ਨੂੰ ਵਿੱਤੀ ਸੰਕਟ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਨਿੰਦਾ ਕਰ ਰਹੇ ਹਨ। ਇਥੇ ਭਾਜਪਾ ਹੈੱਡਕੁਆਰਟਰ ’ਤੇ ਮਨਪ੍ਰੀਤ ਬਾਦਲ ਕੇਂਦਰੀ ਮੰਤਰੀ ਪਿਯੂਸ਼ ਗੋਇਲ ਦੀ ਹਾਜ਼ਰੀ ’ਚ ਪਾਰਟੀ ’ਚ ਸ਼ਾਮਲ ਹੋਏ ਜਿਨ੍ਹਾਂ ਉਨ੍ਹਾਂ ਦੇ ਸੋਹਲੇ ਗਾਏ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਸੁਨਹਿਰਾ ਹੈ ਅਤੇ ਮਨਪ੍ਰੀਤ ਦੇ ਆਉਣ ਨਾਲ ਭਾਜਪਾ ਦਾ ਸਿੱਖਾਂ ਨਾਲ ਰਿਸ਼ਤਾ ਹੋਰ ਮਜ਼ਬੂਤ ਹੋਵੇਗਾ।
ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਟਵਿੱਟਰ ਹੈਂਡਲ ’ਤੇ ਪੋਸਟ ਕੀਤੇ ਪੱਤਰ ਵਿੱਚ ਕਿਹਾ, ‘ਮੈਂ ਪਾਰਟੀ ਅਤੇ ਸਰਕਾਰ ਦੋਵਾਂ ਵਿੱਚ, ਹਰ ਉਸ ਅਹੁਦੇ ਲਈ ਆਪਣੀ ਊਰਜਾ ਸਮਰਪਿਤ ਕਰ ਦਿੱਤੀ ਸੀ, ਜਿਸ ਨੂੰ ਸੰਭਾਲਣ ਦਾ ਮੈਨੂੰ ਸਨਮਾਨ ਮਿਲਿਆ ਸੀ। ਮੈਂ ਤੁਹਾਨੂੰ ਇਹ ਮੌਕੇ ਦੇਣ ਲਈ ਅਤੇ ਅਤੀਤ ਵਿੱਚ ਮੇਰੇ ਨਾਲ ਦਿਖਾਈ ਦਿਆਲਤਾ ਅਤੇ ਸ਼ਿਸ਼ਟਾਚਾਰ ਲਈ ਤੁਹਾਡਾ ਧੰਨਵਾਦ ਕਰਦਾ ਹਾਂ।’ ਉਨ੍ਹਾਂ ਕਿਹਾ, ‘ਅਫ਼ਸੋਸ ਨਾਲ ਪਾਰਟੀ ਦੇ ਅੰਦਰ ਪ੍ਰਚਲਿਤ ਸੱਭਿਆਚਾਰ ਤੇ ਮੌਜੂਦਾ ਦੌਰ ਵਿੱਚ ਬੇਤੁਕੀ ਇੱਛਾ ਦੇ ਮੱਦੇਨਜ਼ਰ ਮੈਂ ਹੁਣ ਭਾਰਤੀ ਰਾਸ਼ਟਰੀ ਕਾਂਗਰਸ ਦਾ ਹਿੱਸਾ ਬਣਿਆ ਰਹਿਣਾ ਨਹੀਂ ਚਾਹੁੰਦਾ ਹਾਂ।’ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਦਾ ਭਤੀਜਾ 2016 ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਿਆ ਸੀ। ਪਿਛਲੇ ਸਾਲ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਸਮੇਤ ਹੋਰ ਆਗੂ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।
ਕਾਂਗਰਸ ਨੇ ਮਨਪ੍ਰੀਤ ਬਾਦਲ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਪੰਜਾਬ ਕਾਂਗਰਸ ’ਚੋ ‘ਬਾਦਲ ਸਾਫ਼’ ਹੋ ਗਏ ਹਨ। ਮਨਪ੍ਰੀਤ ਨੂੰ ਕਰੜੇ ਹੱਥੀਂ ਲੈਂਦਿਆਂ ਕਾਂਗਰਸ ਦੇ ਜਨਰਲ ਸਕੱਤਰ (ਸੰਚਾਰ) ਜੈਰਾਮ ਰਮੇਸ਼ ਨੇ ਟਵਿੱਟਰ ’ਤੇ ਕਿਹਾ, ‘ਆਪਣੀ ਪਾਰਟੀ ਬਣਾਉਣ ਲਈ ਅਕਾਲੀ ਦਲ ਛੱਡਣ ਅਤੇ ਫਿਰ ਕਾਂਗਰਸ ’ਚ ਸ਼ਾਮਲ ਹੋਣ ਵਾਲੇ ਇਕ ਵਿਅਕਤੀ ਨੂੰ ਪੰਜ ਸਾਲ ਲਈ ਵਿੱਤ ਮੰਤਰੀ ਬਣਾਇਆ ਗਿਆ। ਫਿਰ ਉਸ ਨੂੰ 60,000 ਤੋਂ ਵਧ ਵੋਟਾਂ ਦੇ ਰਿਕਾਰਡ ਫ਼ਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਉਹ ਹੁਣ ਭਾਜਪਾ ਵਿੱਚ ਸ਼ਾਮਲ ਹੋ ਗਿਆ ਹੈ।’ ਰਮੇਸ਼ ਨੇ ਹਿੰਦੀ ਵਿੱਚ ਕੀਤੇ ਟਵੀਟ ’ਚ ਕਿਹਾ ਕਿ ‘ਪੰਜਾਬ ਕਾਂਗਰਸ ਪਰ ਸੇ ਬਾਦਲ ਛਟ ਗਏ ਹੈਂ।’ ਪੰਜਾਬ ਕਾਂਗਰਸ ਦੇ ਮੁਖੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਚੰਗਾ ਹੋਇਆ ਕਿ ਸੱਤਾ ਦੇ ਭੁੱਖੇ ਮਨਪ੍ਰੀਤ ਤੋਂ ਪਾਰਟੀ ਦਾ ਖਹਿੜਾ ਛੁੱਟ ਗਿਆ।
ਚੰਡੀਗੜ੍ਹ- ਸਤਲੁਜ ਯਮੁਨਾ ਲਿੰਕ ਨਹਿਰ (ਐੱਸਵਾਈਐੱਲ) ਦੇ ਮੁੱਦੇ ’ਤੇ ਅੱਜ ਇੱਥੇ ਦੋਹਾਂ ਰਾਜਾਂ ਦੇ ਮੁੱਖ ਮੰਤਰੀਆਂ ਭਗਵੰਤ ਮਾਨ ਅਤੇ ਮਨੋਹਰ ਲਾਲ ਖੱਟਰ ਦਰਮਿਆਨ ਹੋਈ ਮੀਟਿੰਗ ਬੇਸਿੱਟਾ ਰਹੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਨੂੰ ਆਪਣਾ ਛੋਟਾ ਭਰਾ ਦੱਸਿਆ ਪਰ ਐੱਸਵਾਈਐੱਲ ਅਤੇ ਹਾਂਸੀ ਬੁਟਾਨਾ ਨਹਿਰ ਦੇ ਮਾਮਲੇ ’ਤੇ ਹਰਿਆਣਾ ਦੇ ਦਾਅਵੇ ਅਤੇ ਦਲੀਲਾਂ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਜਦੋਂ ਸੂਬੇ ਕੋਲ ਵਾਧੂ ਪਾਣੀ ਹੀ ਨਹੀਂ ਹੈ ਤਾਂ ਨਹਿਰ ਦੀ ਉਸਾਰੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਹਰਿਆਣਾ ਵੱਲੋਂ ਪਹਿਲਾਂ ਨਹਿਰ ਦੀ ਉਸਾਰੀ ਨੇਪਰੇ ਚਾੜ੍ਹਨ ਦੀ ਮੰਗ ਨੂੰ ਰੱਦ ਕਰਦਿਆਂ ਪੰਜਾਬ ਨੇ ਕਿਹਾ ਕਿ ਨਹਿਰ ਦੀ ਉਸਾਰੀ ਤੋਂ ਪਹਿਲਾਂ ਪਾਣੀ ਦੇ ਮੁੱਦੇ ’ਤੇ ਚਰਚਾ ਹੋਣੀ ਚਾਹੀਦੀ ਹੈ ਕਿਉਂਕਿ ਜਦੋਂ ਪਾਣੀ ਹੀ ਨਹੀਂ ਹੈ ਤਾਂ ਨਹਿਰ ਦੀ ਉਸਾਰੀ ਦੀ ਕੋਈ ਤੁੱਕ ਨਹੀਂ ਰਹਿ ਜਾਂਦੀ। ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਹਾਂਸੀ ਬੁਟਾਨਾ ਨਹਿਰ ਦੀ ਉਸਾਰੀ ਦੇ ਚੁੱਕੇ ਮੁੱਦੇ ’ਤੇ ਪੰਜਾਬ ਨੇ ਕਿਹਾ ਕਿ ਇਹ ਮਾਮਲਾ ਪਹਿਲਾਂ ਹੀ ਅਦਾਲਤ ਵਿੱਚ ਵਿਚਾਰ ਅਧੀਨ ਹੈ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਗੰਗਾ ਅਤੇ ਯਮੁਨਾ ਨਦੀਆਂ ਵਿੱਚੋਂ ਪਾਣੀ ਦਾ ਹਿੱਸਾ ਲੈਣ ਲਈ ਦੋਹਾਂ ਰਾਜਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਪਹੁੰਚ ਕਰਨੀ ਚਾਹੀਦੀ ਹੈ।
ਮੀਟਿੰਗ ਤੋਂ ਬਾਅਦ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਦੋਹਾਂ ਰਾਜਾਂ ਦਰਮਿਆਨ ਇਸ ਨਹਿਰ ਲਈ ਸਮਝੌਤਾ ਹੋਇਆ ਸੀ, ਉਦੋਂ ਪੰਜਾਬ ਨੂੰ 18.56 ਮਿਲੀਅਨ ਏਕੜ ਫੁੱਟ (ਐੱਮਏਐੱਫ) ਪਾਣੀ ਮਿਲ ਰਿਹਾ ਸੀ, ਜੋ ਹੁਣ ਘਟ ਕੇ 12.63 ਐੱਮਏਐੱਫ ਰਹਿ ਗਿਆ ਹੈ, ਜਿਸ ਤੋਂ ਸਾਫ ਹੈ ਕਿ ਪੰਜਾਬ ਕੋਲ ਕਿਸੇ ਵੀ ਰਾਜ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਨੂੰ ਸਤਲੁਜ, ਯਮੁਨਾ ਤੇ ਹੋਰ ਨਹਿਰਾਂ ਤੋਂ 14.10 ਐੱਮਏਐੱਫ ਪਾਣੀ ਮਿਲ ਰਿਹਾ ਹੈ, ਜਦਕਿ ਪੰਜਾਬ ਨੂੰ ਸਿਰਫ 12.63 ਐੱਮਏਐੱਫ ਪਾਣੀ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਕੋਲ ਵਾਹੀਯੋਗ ਰਕਬਾ ਘੱਟ ਹੋਣ ਦੇ ਬਾਵਜੂਦ ਉਸ ਨੂੰ ਪੰਜਾਬ ਨਾਲੋਂ ਵੱਧ ਪਾਣੀ ਮਿਲ ਰਿਹਾ ਹੈ ਪਰ ਫਿਰ ਵੀ ਉਹ ਪੰਜਾਬ ਤੋਂ ਹੋਰ ਪਾਣੀ ਦੀ ਮੰਗ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਪੰਜਾਬ ਨੂੰ ਖੇਤੀਬਾੜੀ ਜ਼ਰੂਰਤਾਂ ਲਈ ਸਿਰਫ 27 ਫੀਸਦੀ ਨਹਿਰੀ ਪਾਣੀ ਮਿਲਦਾ ਹੈ, ਬਾਕੀ 73 ਫੀਸਦੀ ਲੋੜ ਧਰਤੀ ਹੇਠਲੇ ਪਾਣੀ ਤੋਂ ਪੂਰੀ ਕੀਤੀ ਜਾ ਰਹੀ ਹੈ ਜਿਸ ਕਾਰਨ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਡਿੱਗ ਰਿਹਾ ਹੈ ਅਤੇ ਰਾਜ ਦੇ ਜ਼ਿਆਦਾਤਰ ਬਲਾਕ ਡਾਰਕ ਜ਼ੋਨ ਵਿੱਚ ਆ ਚੁੱਕੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਤੋਂ ਪਾਣੀ ਮੰਗਣ ਦੀ ਥਾਂ ਹਰਿਆਣਾ ਨੂੰ ਯਮੁਨਾ ਦਾ ਪਾਣੀ ਪੰਜਾਬ ਨੂੰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਹਰਿਆਣਾ ਨੂੰ ਸਚਮੁਚ ਪਾਣੀ ਦੀ ਲੋੜ ਹੈ ਤਾਂ ਉਹ ਇਸ ਮਸਲੇ ਦੇ ਹੱਲ ਲਈ ਆਪਣੇ ਹਰਿਆਣਾ ਦੇ ਹਮਰੁਤਬਾ ਨਾਲ ਪ੍ਰਧਾਨ ਮੰਤਰੀ ਕੋਲ ਜਾਣ ਲਈ ਤਿਆਰ ਹਨ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਨੂੰ ਤਾਂ ਸਗੋਂ ਪ੍ਰਧਾਨ ਮੰਤਰੀ ਅੱਗੇ ਗੰਗਾ ਤੇ ਯਮੁਨਾ ਦੇ ਕੇਸ ਦੀ ਪੈਰਵੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ, ‘ਅਸੀਂ ਹਰਿਆਣਾ ਨੂੰ ਆਪਣਾ ਛੋਟਾ ਭਰਾ ਮੰਨਦੇ ਹਾਂ ਪਰ ਜੇਕਰ ਸਾਡੇ ਕੋਲ ਕੋਈ ਚੀਜ਼ ਹੈ ਹੀ ਨਹੀਂ ਤਾਂ ਅਸੀਂ ਉਹ ਕਿਵੇਂ ਦੇ ਸਕਦੇ ਹਾਂ?’ ਮੁੱਖ ਮੰਤਰੀ ਨੇ ਕਿਹਾ ਕਿ ਦੁਨੀਆ ਭਰ ਦੇ ਜਲ ਸਮਝੌਤਿਆਂ ਵਿੱਚ ਇਹ ਧਾਰਾ ਸ਼ਾਮਲ ਹੁੰਦੀ ਹੈ ਕਿ ਵਾਤਾਵਰਣ ਤਬਦੀਲੀ ਦੇ ਮੱਦੇਨਜ਼ਰ 25 ਸਾਲਾਂ ਬਾਅਦ ਸਮਝੌਤੇ ਦੀ ਸਮੀਖਿਆ ਕੀਤੀ ਜਾਵੇ ਪਰ ਐੱਸਵਾਈਐਲ ਸਮਝੌਤੇ ’ਚ ਇਸ ਧਾਰਾ ਨੂੰ ਸ਼ਾਮਲ ਹੀ ਨਹੀਂ ਕੀਤਾ ਗਿਆ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨਾਲ ਇਹ ਬੇਇਨਸਾਫੀ ਹੈ ਤੇ ਇਸ ਲਈ ਕੇਂਦਰ ਤੇ ਪੰਜਾਬ ਦੀਆਂ ਅਕਾਲੀ-ਭਾਜਪਾ ਤੇ ਕਾਂਗਰਸ ਦੀਆਂ ਸਰਕਾਰਾਂ ਜ਼ਿੰਮੇਵਾਰ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਦੋਵੇਂ ਪਾਰਟੀਆਂ ਪੰਜਾਬ ਤੇ ਪੰਜਾਬੀਆਂ ਦੇ ਵਿਰੁੱਧ ਸਾਜ਼ਿਸ਼ ਘੜਨ ਲਈ ਇਕ-ਦੂਜੇ ਦੀ ਸੁਰ ਵਿੱਚ ਸੁਰ ਮਿਲਾਉਂਦੀਆਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਕਾਲੀ ਲੀਡਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਮਿੱਤਰ ਅਤੇ ਹਰਿਆਣਾ ਦੇ ਨੇਤਾ ਦੇਵੀ ਲਾਲ ਨੂੰ ਖੁਸ਼ ਕਰਨ ਲਈ ਨਹਿਰ ਦੇ ਸਰਵੇ ਦਾ ਹੁਕਮ ਦਿੱਤਾ ਸੀ ਜਦਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਉਸ ਵੇਲੇ ਸੰਸਦ ਮੈਂਬਰ ਸਨ, ਨੇ ਵੀ ਇਸ ਨਹਿਰ ਦਾ ਟੱਕ ਲਾਉਣ ਲਈ ਤਤਕਾਲੀ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਵਿਵਾਦਪੂਰਨ ਸਮਝੌਤਾ ਹੋਣ ਤਾਂ ਬਾਅਦ ਇਹ ਪਹਿਲੀ ਵਾਰ ਹੋਇਆ ਕਿ ਪੰਜਾਬ ਨੇ ਆਪਣਾ ਪੱਖ ਜ਼ੋਰਦਾਰ ਢੰਗ ਨਾਲ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਮੁੱਦੇ ਉਤੇ ਪੰਜਾਬ ਤੇ ਪੰਜਾਬੀਆਂ ਦੇ ਹਿੱਤ ਮਹਿਫੂਜ਼ ਰੱਖਣ ਲਈ ਦ੍ਰਿੜ੍ਹ ਹੈ। ਮੀਟਿੰਗ ਦੌਰਾਨ ਹਰਿਆਣਾ ਨੇ ਦਲੀਲ ਦਿੱਤੀ ਕਿ ਸਤਲੁਜ ਦਾ ਪਾਣੀ ਲੈਣ ਲਈ ਭਾਖੜਾ ਮੇਨ ਲਾਈਨ ਕਾਫ਼ੀ ਪੁਰਾਣੀ ਹੋ ਚੁੱਕੀ ਜੋ ਕਿਸੇ ਵੇਲੇ ਵੀ ਟੁੱਟ ਸਕਦੀ ਹੈ। ਇਸ ਲਈ ਐੱਸਵਾਈਐੱਲ ਦੀ ਉਸਾਰੀ ਜ਼ਰੂਰੀ ਹੈ। ਇਸ ਦੇ ਜਵਾਬ ਵਿੱਚ ਪੰਜਾਬ ਸਰਕਾਰ ਨੇ ਕਿਹਾ ਕਿ ਰਾਜਸਥਾਨ ਨਹਿਰ ਇਸ ਤੋਂ ਪਹਿਲਾਂ ਦੀ ਬਣੀ ਹੋਈ ਹੈ, ਉਹ ਤਾਂ ਕਦੇ ਟੁੱਟੀ ਨਹੀਂ। ਇਸ ਤੋਂ ਪਹਿਲਾਂ ਸ੍ਰੀ ਖੱਟਰ ਨੇ ਭਗਵੰਤ ਮਾਨ ਦਾ ਸਵਾਗਤ ਕੀਤਾ। ਭਗਵੰਤ ਮਾਨ ਨੂੰ ਗਾਰਡ ਆਫ ਆਨਰ ਦਿੱਤਾ ਗਿਆ।
ਇਸ ਮੌਕੇ ਪੰਜਾਬ ਦੇ ਐਡਵੋਕੇਟ ਜਨਰਲ ਵਿਨੋਦ ਘਈ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਣੂ ਪ੍ਰਸਾਦ ਅਤੇ ਪ੍ਰਮੁੱਖ ਸਕੱਤਰ ਜਲ ਸਰੋਤ ਕ੍ਰਿਸ਼ਨ ਕੁਮਾਰ ਤੇ ਹੋਰ ਹਾਜ਼ਰ ਸਨ।
ਐੱਸਵਾਈਐੱਲ ਸਾਡੇ ਲਈ ਜਿਊਣ-ਮਰਨ ਦਾ ਸਵਾਲ: ਖੱਟਰ
ਪੰਚਕੂਲਾ (ਪੀਪੀ ਵਰਮਾ):
ਐੱਸਵਾਈਐੱਲ ਨਹਿਰ ਦੇ ਮੁੱਦੇ ’ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇੱਥੇ ਕਿਹਾ ਕਿ ਇਸ ਮੁੱਦੇ ’ਤੇ ਪੰਜਾਬ ਨਾਲ ਕੋਈ ਸਹਿਮਤੀ ਨਹੀਂ ਬਣੀ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਐੱਸਵਾਈਐੱਲ ਦੀ ਉਸਾਰੀ ਲਈ ਕਿਹਾ ਹੈ ਪਰ ਪੰਜਾਬ ਸਹਿਮਤ ਨਹੀਂ ਹੈ। ਉਨ੍ਹਾਂ ਕਿਹਾ ਕਿ ਐੱਸਵਾਈਐੱਲ ਦੀ ਉਸਾਰੀ ਉਨ੍ਹਾਂ ਲਈ ਜਿਊਣ-ਮਰਨ ਦਾ ਸਵਾਲ ਹੈ। ਹੁਣ ਮੁੱਖ ਮੰਤਰੀ ਇਸ ਮਸਲੇ ਨੂੰ ਲੈ ਕੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਨਾਲ ਗੱਲ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਪਾਣੀ ਲਈ ਪਹਿਲਾਂ ਵੀ ਟ੍ਰਿਬਿਊਨਲ ਬਣਾਇਆ ਗਿਆ ਸੀ। ਉਸ ਤੋਂ ਬਾਅਦ 3 ਜੱਜਾਂ ਦਾ ਨਵਾਂ ਟ੍ਰਿਬਿਊਨਲ ਬਣਾਇਆ ਗਿਆ। ਟ੍ਰਿਬਿਊਨਲ ਦੇ ਫ਼ੈਸਲੇ ਅਨੁਸਾਰ ਐੱਸਵਾਈਐੱਲ ਨਹਿਰ ਦੀ ਉਸਾਰੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨਾਲ ਕੁਝ ਹੋਰ ਜ਼ਰੂਰੀ ਮੁੱਦਿਆਂ ’ਤੇ ਵੀ ਗੱਲਬਾਤ ਹੋਈ ਹੈ। ਘੱਗਰ ਦਾ ਪਾਣੀ ਸਾਫ ਕਰਨ ਲਈ ਅਧਿਕਾਰੀਆਂ ਦੀ ਕਮੇਟੀ ਬਣਾਈ ਗਈ ਹੈ।
ਸਿਰਸਾ - ਡੇਰਾ ਸਿਰਸਾ ਮੁਖੀ ਸੁਨਾਰੀਆ ਜੇਲ੍ਹ ’ਚੋਂ 7 ਵਜੇ ਪੈਰੋਲ ’ਤੇ ਬਾਹਰ ਆ ਗਿਆ ਤੇ ਉੱਤਰ ਪ੍ਰਦੇਸ਼ ਸਥਿਤ ਡੇਰੇ ’ਚ ਚਲਾ ਗਿਆ। ਉਸ ਨੂੰ 40 ਦਿਨ ਦੀ ਪੈਰੋਲ ਮਿਲੀ ਹੈ। ਦੋ ਸਾਧਵੀਆਂ ਤੇ ਦੋ ਕਤਲਾਂ ਦੇ ਮਾਮਲੇ ਉਹ ਉਮਰ ਕੈਦ ਭੁਗਤ ਰਿਹਾ ਹੈ। ਸਖ਼ਤ ਸੁਰੱਖਿਆ ਘੇਰੇ ਵਿੱਚ ਉਹ ਯੂਪੀ ਦੇ ਬਾਗਪਤ ਵਿਚਲੇ ਡੇਰੇ ਲਈ ਰਵਾਨਾ ਹੋਇਆ। ਉਸ ਨਾਲ ਹਨੀਪ੍ਰੀਤ ਵੀ ਸੀ। ਡੇਰਾ ਮੁਖੀ ਦੀ ਪੈਰੋਲ ਦੇ ਮੱਦੇਨਜ਼ਰ ਜੇਲ੍ਹ 'ਚ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਸਨ। ਉਸ ਦੇ ਨਾਲ ਪੁਲੀਸ ਦੀ ਟੀਮ ਯੂਪੀ ਲਈ ਰਵਾਨਾ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਡੇਰਾ ਮੁਖੀ ਨੂੰ ਸਿਰਸਾ ਡੇਰੇ 'ਚ ਜਾਣ ਦੀ ਮਨਾਹੀ ਹੋਵੇਗੀ, ਇਸ ਤੋਂ ਇਲਾਵਾ ਉਹ ਕਿਸੇ ਵੀ ਹੋਰ ਡੇਰੇ 'ਚ ਬਾਸ਼ਰਤ ਰਹਿ ਸਕਦਾ ਹੈ।
ਜੈਤੋ - ਚਰਚਿਤ ‘ਬਹਿਬਲ ਕਲਾਂ ਗੋਲ਼ੀ ਕਾਂਡ’ ਦੇ ਸੱਤ ਸਾਲ ਪੂਰੇ ਹੋਣ ’ਤੇ ਅੱਜ ਬਹਿਬਲ ਕਲਾਂ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਪੰਥਕ ਧਿਰਾਂ ਨੇ ਮੰਚ ਤੋਂ ਨਿਆਂ ਦੀ ਮੰਗ ਕੀਤੀ ਤਾਂ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਡੇਢ ਮਹੀਨੇ ਦਾ ਹੋਰ ਸਮਾਂ ਮੰਗਣ ’ਤੇ ਸਿੱਖ ਆਗੂਆਂ ਵੱਲੋਂ ਇਸ ਨੂੰ ਸਹਿਮਤੀ ਦੇ ਦਿੱਤੀ ਗਈ। ਇਥੇ ਪੁੱਜੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਰਕਾਰ ਇਸ ਮਾਮਲੇ ਪ੍ਰਤੀ ਸੰਜੀਦਾ ਹੋ ਕੇ ਜਾਂਚ ਏਜੰਸੀਆਂ ਨੂੰ ਸਹਿਯੋਗ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਸਿਆਸਤ ਹੋਣ ਕਾਰਨ ਨਿਆਂ ਵਿੱਚ ਦੇਰੀ ਹੋਈ ਹੈ, ਹੁਣ ਵੱਧ ਤੋਂ ਵੱਧ ਡੇਢ ਮਹੀਨੇ ਦੇ ਅੰਦਰ ਇਨਸਾਫ਼ ਦਿੱਤਾ ਜਾਵੇਗਾ। ਉਨ੍ਹਾਂ ਇਥੋਂ ਤੱਕ ਆਖਿਆ ਕਿ ਜੇ ਨਿਆਂ ਨਹੀਂ ਹੁੰਦਾ ਤਾਂ ਫਿਰ ਸਰਕਾਰਾਂ ਤੋਂ ਕਰਾਉਣਾ ਕੀ ਹੈ? ਸਮਾਗਮ ’ਚ ਪੰਜਾਬ ਦੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਵੀ ਪਹੁੰਚੇ ਹੋਏ ਸਨ ਅਤੇ ਉਨ੍ਹਾਂ ਵੀ ਨਿਆਂ ਦੇਣ ਲਈ ਸਮਾਂ ਦੇਣ ਲਈ ਕਿਹਾ।
ਘਟਨਾ ਸਬੰਧੀ ਬਹਿਬਲ ਕਲਾਂ ਦੇ ਗੁਰਦੁਆਰਾ ਟਿੱਬੀ ਸਾਹਿਬ ਵਿੱਚ ‘ਇਨਸਾਫ਼’ ਲਈ ਹੋਈ ਅਰਦਾਸ ’ਚ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ, ‘ਵਾਰਸ ਪੰਜਾਬ ਦੇ’ ਜਥੇਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਅਤੇ ਸਿੱਖ ਆਗੂ ਅਮਰੀਕ ਸਿੰਘ ਅਜਨਾਲਾ ਸ਼ਾਮਲ ਹੋਏ ਅਤੇ ਲੋਕਾਂ ਨੂੰ ਸੰਬੋਧਨ ਕੀਤਾ।
ਗੌਰਤਲਬ ਹੈ ਕਿ 14 ਅਕਤੂਬਰ 2015 ਨੂੰ ਬਹਿਬਲ ਕਲਾਂ ਵਿੱਚ ਹੋਈ ਕਥਿਤ ਪੁਲੀਸ ਫਾਇਰਿੰਗ ਵਿੱਚ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀ ਮੌਤ ਹੋ ਗਈ ਸੀ। ਇਸ ਮੌਕੇ ਗਿਆਨੀ ਕੇਵਲ ਸਿੰਘ, ਸੁਖਰਾਜ ਸਿੰਘ ਨਿਆਮੀਵਾਲਾ, ਬਲਦੇਵ ਸਿੰਘ ਸਿਰਸਾ, ਸੁਖਜੀਤ ਸਿੰਘ ਖੋਸਾ, ਐਡਵੋਕੇਟ ਹਰਪਾਲ ਸਿੰਘ ਖਾਰਾ, ਨਰਾਇਣ ਸਿੰਘ ਚੌਰਾ, ਸਤਨਾਮ ਸਿੰਘ ਖੰਡਾ, ਲੱਖਾ ਸਿਧਾਣਾ, ਡਾ. ਕੁਲਵੰਤ ਕੌਰ, ਸਤਨਾਮ ਸਿੰਘ ਚੰਦੜ, ਪ੍ਰਗਟ ਸਿੰਘ ਭੋਡੀਪੁਰਾ, ਜਸਵਿੰਦਰ ਸਿੰਘ, ਹਰਜੋਤ ਸਿੰਘ, ਬਖਸ਼ੀਸ਼ ਸਿੰਘ, ਚਮਕੌਰ ਸਿੰਘ, ਹਰਪਿੰਦਰ ਸਿੰਘ ਆਦਿ ਸਿੱਖ ਆਗੂ ਹਾਜ਼ਰ ਹੋਏ ਅਤੇ ਉਨ੍ਹਾਂ ਇਸ ਮਾਮਲੇ ਵਿੱਚ ਫੌਰੀ ਇਨਸਾਫ਼ ਦੇਣ ਦੀ ਮੰਗ ਕੀਤੀ।
ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪੜਤਾਲੀਆ ਰਿਪੋਰਟ ’ਚ ਜੇਕਰ ਇੱਕ ਵੀ ਗੱਲ ਗ਼ਲਤ ਨਿਕਲੀ ਤਾਂ ਉਹ ਵਿਧਾਇਕੀ ਤੋਂ ਅਸਤੀਫ਼ਾ ਦੇ ਦੇਣਗੇ। ਉਨ੍ਹਾਂ ਬੇਅਦਬੀ ਮੁੱਦੇ ’ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅਤੇ ਬਾਦਲ ਪਰਿਵਾਰ ’ਤੇ ਵੀ ਸਵਾਲ ਉਠਾਏ। ਉਨ੍ਹਾਂ ਆਖਿਆ ਕਿ ਉਸ ਨੇ ਆਪਣੀ ਪੜਤਾਲੀਆ ਰਿਪੋਰਟ ਵਿੱਚ ਬੇਅਦਬੀ ਕਾਂਡ, ਕੋਟਕਪੂਰਾ ਤੇ ਬਹਿਬਲ ਗੋਲੀ ਕਾਂਡ ਦੀ ਸੱਚਾਈ ਸਾਹਮਣੇ ਲਿਆਂਦੀ ਸੀ ਪਰ ਕੈਪਟਨ ਅਮਰਿੰਦਰ ਸਿੰਘ ਨੇ ਕਥਿਤ ਅਕਾਲੀਆਂ ਦੇ ਦਬਾਅ ਹੇਠ ਰਿਪੋਰਟ ’ਤੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਆਖਿਆ ਕਿ ਪੜਤਾਲੀਆ ਰਿਪੋਰਟ ’ਚ ਸਾਬਤ ਹੋ ਗਿਆ ਸੀ ਕਿ ਬਹਿਬਲ ਤੇ ਕੋਟਕਪੂਰਾ ਗੋਲੀ ਕਾਂਡ ਪਿੱਛੇ ਕਿਹੜੀਆਂ ਸ਼ਕਤੀਆਂ ਕੰਮ ਕਰ ਰਹੀਆਂ ਹਨ। ਉਨ੍ਹਾਂ ਆਖਿਆ ਕਿ ਤਤਕਾਲੀ ਸਰਕਾਰ ਨੇ ਸਚਾਈ ਸਾਹਮਣੇ ਲਿਆਉਣ ਲਈ ਗੰਭੀਰਤਾ ਨਹੀਂ ਦਿਖਾਈ, ਜਿਸ ਕਾਰਨ ਪੀੜਤਾਂ ਨੂੰ ਇਨਸਾਫ ਲੈਣ ਲਈ ਧਰਨੇ ਦੇਣੇ ਪੈ ਰਹੇ ਹਨ।
ਚੰਡੀਗੜ੍ਹ - ਸਤਲੁਜ ਯਮੁਨਾ ਲਿੰਕ ਨਹਿਰ (ਐੱਸਵਾਈਐੱਲ) ਦੇ ਮੁੱਦੇ ਉੱਤੇ ਪੰਜਾਬ ਵਿੱਚ ਸਿਆਸਤ ਮੁੜ ਭਖ ਗਈ ਹੈ। ਜਿੱਥੇ ‘ਆਪ’ ਸਰਕਾਰ ਦੇ ਵਜ਼ੀਰਾਂ ਅਤੇ ਨੇਤਾਵਾਂ ਨੇ ਪੰਜਾਬ ਤੇ ਹਰਿਆਣਾ ’ਚ ਹੋਈ ਸਾਂਝੀ ਬੈਠਕ ਵਿਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰੱਖੇ ਪੱਖ ਦੀ ਸ਼ਲਾਘਾ ਕੀਤੀ, ਉੱਥੇ ਹੀ ਵਿਰੋਧੀ ਧਿਰ ਵੱਲੋਂ ਮੁੱਖ ਮੰਤਰੀ ਨੂੰ ਨਿਸ਼ਾਨੇ ’ਤੇ ਲਿਆ ਗਿਆ। ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅੱਜ ਮੀਟਿੰਗ ਵਿਚ ਪੰਜਾਬ ਦੇ ਪਾਣੀਆਂ ਦੇ ਹੱਕ ’ਚ ਡਟ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪੁੱਤਰ ਹੋਣ ਦਾ ਫ਼ਰਜ਼ ਨਿਭਾਇਆ ਹੈ। ਪੰਜਾਬ ਦੇ ਹਿੱਤ ਭਗਵੰਤ ਮਾਨ ਦੀ ਅਗਵਾਈ ਵਿੱਚ ਪੂਰੀ ਤਰ੍ਹਾਂ ਸੁਰੱਖਿਅਤ ਹਨ। ਸ੍ਰੀ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਪਾਣੀਆਂ ਦੀ ਰਾਖੀ ਵਿੱਚ ਲਏ ਗਏ ਸਟੈਂਡ ਨਾਲ ਵਿਰੋਧੀਆਂ ਦੇ ਮੂੰਹ ਬੰਦ ਹੋ ਗਏ ਹਨ। ਇਸੇ ਦੌਰਾਨ ‘ਆਪ’ ਦੇ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਾਂਗਰਸ ਪਾਰਟੀ ਨੂੰ ਐੱਸਵਾਈਐੱਲ ਵਿਵਾਦ ਦੀ ਪਿਤਾਮਾ ਕਰਾਰ ਦਿੱਤਾ ਅਤੇ ਕਿਹਾ ਕਿ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਪੰਜਾਬ ਦੇ ਪਾਣੀਆਂ ’ਤੇ ਡਾਕਾ ਮਾਰਿਆ ਸੀ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 1978 ਵਿੱਚ ਐੱਸਵਾਈਐੱਲ ਲਈ ਜ਼ਮੀਨ ਗ੍ਰਹਿਣ ਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਸੀ ਅਤੇ ਹਰਿਆਣਾ ਦੀ ਦੇਵੀ ਲਾਲ ਸਰਕਾਰ ਨੂੰ ਤਿੰਨ ਕਰੋੜ ਦੀ ਕਿਸ਼ਤ ਜਾਰੀ ਕੀਤੀ ਸੀ। ਇਸੇ ਤਰ੍ਹਾਂ ਅਮਰਿੰਦਰ ਸਿੰਘ ਖ਼ੁਦ 1982 ਵਿਚ ਐੱਸਵਾਈਐੱਲ ਨਹਿਰ ਦੀ ਖ਼ੁਦਾਈ ਲਈ ਚਾਂਦੀ ਦੀ ਕਹੀ ਲੈ ਕੇ ਆਏ ਸਨ। ਦੂਸਰੇ ਪਾਸੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਧਾਨ ਮੰਤਰੀ ਤੱਕ ਪਹੁੰਚ ਕੀਤੇ ਜਾਣ ਦਾ ਮਤਲਬ ਆਪਣੇ ਅਧਿਕਾਰ ਕਿਸੇ ਹੋਰ ਨੂੰ ਸੌਂਪਣ ਦੇ ਬਰਾਬਰ ਹੈ। ਸ੍ਰੀ ਵੜਿੰਗ ਨੇ ਕਿਹਾ ਕਿ ਮਾਨ ਦਾ ਪੱਖ ਸਿੱਧਾ ਅਤੇ ਸਪੱਸ਼ਟ ਹੋਣਾ ਚਾਹੀਦਾ ਸੀ ਕਿ ਪੰਜਾਬ ਵਿਚ ਦੇਣ ਲਈ ਵਾਧੂ ਪਾਣੀ ਨਹੀਂ ਹੈ। ਵੜਿੰਗ ਨੇ ਇਹ ਵੀ ਕਿਹਾ ਕਿ ਕਾਂਗਰਸ ਸਰਕਾਰ ਨੇ ਹੀ 2004 ਵਿਚ ਪਾਣੀਆਂ ਦੀ ਵੰਡ ਦੇ ਸਮਝੌਤੇ ਰੱਦ ਕੀਤੇ ਸਨ। ਇਸੇ ਦੌਰਾਨ ‘ਆਪ’ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਅੱਜ ਇੱਥੇ ਕਿਹਾ ਕਿ ਉਕਤ ਤਿੰਨੇ ਧਿਰਾਂ ਨੇ ਆਪਣੇ ਨਿੱਜੀ ਸਿਆਸੀ ਹਿੱਤਾਂ ਲਈ ਐੱਸਵਾਈਐੱਲ ਮਾਮਲੇ ਨੂੰ ਲਟਕਾ ਕੇ ਪੰਜਾਬ ਨਾਲ ਧ੍ਰੋਹ ਕਮਾਇਆ ਹੈ। ਕਾਂਗਰਸ ਪਾਰਟੀ ਨੂੰ ਐੱਸਵਾਈਐੱਲ ਵਿਵਾਦ ਪੈਦਾ ਕਰਨ ਵਾਲੀ ਦੱਸਦਿਆਂ ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪੰਜਾਬ ਦੇ ਪਾਣੀਆਂ ’ਤੇ ਸਭ ਤੋਂ ਪਹਿਲਾਂ ਡਾਕਾ ਮਾਰਿਆ। ਉਨ੍ਹਾਂ ਕਾਂਗਰਸ ਨੂੰ ਸਵਾਲ ਕੀਤਾ ਕਿ 2004 ਵਿੱਚ ਹਰਿਆਣਾ, ਪੰਜਾਬ ਅਤੇ ਕੇਂਦਰ, ਤਿੰਨੇ ਥਾਵਾਂ ’ਤੇ ਕਾਂਗਰਸ ਪਾਰਟੀ ਦੀ ਸਰਕਾਰ ਸੀ, ਫਿਰ ਵੀ ਕਾਂਗਰਸ ਨੇ ਇਸ ਮਸਲੇ ਦਾ ਹੱਲ ਕਿਉਂ ਨਹੀਂ ਕੀਤਾ ਗਿਆ? ਕੰਗ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ’ਤੇ ਇਸ ਮਾਮਲੇ ਨੂੰ ਅੱਗੇ ਵਧਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਬਾਦਲ ਸਰਕਾਰ ਨੇ 1978 ਵਿੱਚ ਐੱਸਵਾਈਐੱਲ ਲਈ ਜ਼ਮੀਨ ਐਕੁਆਇਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਤੇ ਮਗਰੋਂ ਹਰਿਆਣਾ ਦੀ ਦੇਵੀ ਲਾਲ ਸਰਕਾਰ ਨੂੰ ਐੱਸਵਾਈਐੱਲ ਲਈ ਤਿੰਨ ਕਰੋੜ ਰੁਪਏ ਦੀ ਕਿਸ਼ਤ ਜਾਰੀ ਕਰਨ ਲਈ ਪੱਤਰ ਵੀ ਲਿਖਿਆ। ਇਸ ਮੌਕੇ ਕੈਪਟਨ ਤੇ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਸ੍ਰੀ ਕੰਗ ਨੇ ਕਿਹਾ ਕਿ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ 1982 ’ਚ ਖ਼ੁਦ ਐੱਸਵਾਈਐੱਲ ਨਹਿਰ ਦੀ ਖੁਦਾਈ ਲਈ ਚਾਂਦੀ ਦੀ ਕਹੀ ਲੈ ਕੇ ਆਏ ਸਨ। ਉਨ੍ਹਾਂ ਕਿਹਾ ਕਿ ਜੇਕਰ ਹਰਿਆਣਾ ਨੂੰ ਯਮੁਨਾ ਦਾ ਪਾਣੀ ਮਿਲ ਰਿਹਾ ਹੈ ਤਾਂ ਪੰਜਾਬ ਨੂੰ ਕਿਉਂ ਨਹੀਂ ਮਿਲ ਰਿਹਾ?
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮਾਨ ਸਰਕਾਰ ਦਾ ਦਰਿਆਈ ਪਾਣੀਆਂ ਬਾਰੇ ਰੁਖ ਨਾ ਸਿਰਫ਼ ਕਮਜ਼ੋਰ ਸੀ ਬਲਕਿ ਇਸ ਵਿਚ ਸਪਸ਼ਟਤਾ ਅਤੇ ਦ੍ਰਿੜਤਾ ਦੀ ਘਾਟ ਵੀ ਸੀ। ਸ੍ਰੀ ਬਾਜਵਾ ਨੇ ਕਿਹਾ ਕਿ ਅੱਜ ਭਗਵੰਤ ਮਾਨ ਨੇ ਦਰਿਆਈ ਪਾਣੀ ਰਾਜ ਦਾ ਵਿਸ਼ਾ ਹੋਣ ਦੀ ਗੱਲ ਵੀ ਨਹੀਂ ਉਠਾਈ ਬਲਕਿ ਮਨੋਹਰ ਲਾਲ ਖੱਟਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਜਾਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕੋਲ ਪਾਣੀਆਂ ਦੀ ਵੰਡ ਬਾਰੇ ਫ਼ੈਸਲਾ ਲੈਣ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਭਗਵੰਤ ਮਾਨ ਹਰਿਆਣੇ ਦਾ ਮਸਲਾ ਹੱਲ ਕਰਨ ਲਈ ਕਾਹਲੇ ਹਨ।
ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬਰ ਸਿੰਘ ਬਾਦਲ ਨੇ ਇਥੇ ਕਿਹਾ ਕਿ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਪ੍ਰਵਾਨਿਤ ਰਿਪੇਰੀਅਨ ਸਿਧਾਂਤਾਂ ਮੁਤਾਬਕ ਪੰਜਾਬ ਦੇ ਦਰਿਆਈ ਪਾਣੀਆਂ ’ਤੇ ਇਕਲੌਤਾ ਹੱਕ ਸਿਰਫ਼ ਪੰਜਾਬ ਦਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਹਰਿਆਣਾ ਦੇ ਹਮਰੁਤਬਾ ਨਾਲ ਗੱਲਬਾਤ ਵਿਚ ਐੱਸਵਾਈਐੱਲ ’ਤੇ ਚਰਚਾ ਕਰਨ ਅਤੇ ਹਰਿਆਣਾ ਨੂੰ ਬਰਾਬਰ ਦਾ ਹਿੱਸਾ ਦੇਣ ਦੀ ਗੱਲ ਕਰਨ ਦੀ ਥਾਂ ਇਸ ਗੱਲ ’ਤੇ ਜ਼ੋਰ ਦੇਣਾ ਚਾਹੀਦਾ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਭਗਵੰਤ ਮਾਨ ਪਾਣੀ ਦੀ ਉਪਲਬਧਤਾ ਚੈੱਕ ਕਰਨ ਵਾਸਤੇ ਹਰਿਆਣਾ ਵੱਲੋਂ ਗੱਲਬਾਤ ਕਰਨ ਲਈ ਵਿਛਾਏ ਜਾਲ ਵਿੱਚ ਫਸ ਗਏ। ਉਨ੍ਹਾਂ ਕਿਹਾ ਕਿ ਅਜਿਹਾ ਇਸ ਗੱਲ ਦੇ ਬਾਵਜੂਦ ਕੀਤਾ ਗਿਆ ਕਿ ਗ਼ੈਰ ਰਿਪੇਰੀਅਨ ਰਾਜ ਹੋਣ ਦੇ ਕਾਰਨ ਹਰਿਆਣਾ ਦਾ ਮਾਮਲੇ ਵਿੱਚ ਕੋਈ ਹੱਕ ਨਹੀਂ ਬਣਦਾ। ਸ੍ਰੀ ਬਾਦਲ ਨੇ ਇਸ ਗੱਲ ਦਾ ਵੀ ਗੰਭੀਰ ਨੋਟਿਸ ਲਿਆ ਕਿ ਪੰਜਾਬ ਦੇ ਐਡਵੋਕੇਟ ਜਨਰਲ ਨੇ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਇਹ ਦਾਅਵਾ ਕੀਤਾ ਕਿ ਜੇਕਰ ਸੂਬੇ ਕੋਲ ਪਾਣੀ ਹੋਇਆ ਤਾਂ ਉਹ ਐੱਸਵਾਈਐੱਲ ਦੀ ਉਸਾਰੀ ’ਤੇ ਗੌਰ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਤੁਰੰਤ ਖ਼ੁਦ ਨੂੰ ਇਸ ਸਟੈਂਡ ਤੋਂ ਵੱਖ ਕਰਨਾ ਚਾਹੀਦਾ ਹੈ ਤੇ ਪੰਜਾਬ ਵਿਰੋਧੀ ਬਿਆਨ ਦੇਣ ਲਈ ਏਜੀ ਦੀ ਨਿਖੇਧੀ ਕਰਨੀ ਚਾਹੀਦੀ ਹੈ। ਸ੍ਰੀ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿਤਾਵਨੀ ਦਿੱਤੀ ਕਿ ਉਹ ਪੰਜਾਬੀਆਂ ਦੀਆਂ ਇੱਛਾਵਾਂ ਦੇ ਖ਼ਿਲਾਫ਼ ਸੂਬੇ ਨੂੰ ਅੱਗ ਨਾ ਲਾਉਣ ਕਿਉਂਕਿ ਪੰਜਾਬੀ ਹਰਿਆਣਾ ਨਾਲ ਕੋਈ ਗੱਲਬਾਤ ਨਹੀਂ ਕਰਨਾ ਚਾਹੁੰਦੇ।
ਸਿਰਸਾ - ਸਾਧਵੀ ਜਬਰ ਜਨਾਹ ਤੇ ਕਤਲ ਕੇਸਾਂ ’ਚ ਰੋਹਤਕ ਦੀ ਸੁਨਾਰੀਆ ਜੇਲ੍ਹ ’ਚ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਮੁਖੀ ਨੂੰ 40 ਦਿਨਾਂ ਦੀ ਪੈਰੋਲ ਮਿਲ ਗਈ ਹੈ। ਡੇਰੇ ਦੇ ਸੂਤਰਾਂ ਮੁਤਾਬਕ ਜੇਲ੍ਹ ’ਚੋਂ ਬਾਹਰ ਆਉਣ ਬਾਅਦ ਉਹ ਰਾਜਸਥਾਨ ਜਾ ਸਕਦਾ ਹੈ ਪਰ ਇਸ ਦੀ ਪੁਸ਼ਟੀ ਨਹੀਂ ਹੋਈ। ਗੁਰਮੀਤ ਰਾਮ ਰਹੀਮ ਨੂੰ ਪਹਿਲਾਂ ਵੀ ਜੇਲ੍ਹ ਤੋਂ ਪੈਰੋਲ ਮਿਲ ਚੁੱਕੀ ਹੈ। ਜ਼ਿਕਰਯੋਗ ਹੈ ਕਿ ਗੁਰਮੀਤ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਸਾਧਵੀ ਯੌਨ ਸ਼ੋਸ਼ਣ ਮਾਮਲੇ 'ਚ 20 ਸਾਲ ਦੀ ਸਜ਼ਾ ਕੱਟ ਰਹੇ ਹਨ।
ਕੋਟਕਪੂਰਾ - ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚ ਸੱਤ ਸਾਲ ਪਹਿਲਾਂ ਵਾਪਰੇ ਬੇਅਦਬੀ ਕਾਂਡ ਤੇ ਮਗਰੋਂ ਵਾਪਰੇ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ਵਿੱਚ ਕਾਰਵਾਈ ਕਰਨ ਦੀ ਮੰਗ ਤਹਿਤ ਗੁਰਦੁਆਰਾ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ, ਬਾਬਾ ਬਲਦੇਵ ਸਿੰਘ ਜੋਗੇਵਾਲ, ਬਾਬਾ ਰੇਸ਼ਮ ਸਿੰਘ ਖੁਖਰਾਣਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਹੇਠ ਇਨਸਾਫ਼ ਮਾਰਚ ਕੱਢਿਆ ਗਿਆ। ਪਿੰਡ ਬੁਰਜ ਜਵਾਹਰ ਸਿੰਘ ਵਾਲਾ ’ਚ ਅੱਜ ਸਵੇਰੇ ਵੱਡੀ ਗਿਣਤੀ ਸੰਗਤ ਇਕੱਤਰ ਹੋਈ ਤੇ ਇਥੋਂ ਅਰਦਾਸ ਕਰਕੇ ਮਾਰਚ ਆਰੰਭਿਆ ਗਿਆ, ਜੋ ਮੱਲ ਕੇ, ਸਾਹੋ ਕੇ ਤੇ ਪੰਜਗਰਾਈਂ ਤੋਂ ਹੁੰਦਾ ਹੋਇਆ ਕੋਟਕਪੂਰਾ ਦੇ ਬੱਤੀਆਂ ਵਾਲੇ ਉਸ ਚੌਕ ਵਿੱਚ ਪਹੁੰਚਿਆ, ਜਿਥੇ ਗੋਲੀਕਾਂਡ ਦੀ ਘਟਨਾ ਵਾਪਰੀ ਸੀ। ਬੱਤੀਆਂ ਵਾਲੇ ਚੌਕ ਵਿੱਚ ਸਿੱਖ ਆਗੂਆਂ ਨੇ ਤਕਰੀਰਾਂ ਕਰਦਿਆਂ ਕਿਹਾ ਕਿ ਪਿਛਲੇ ਸੱਤ ਸਾਲਾਂ ਦੌਰਾਨ ਕੋਈ ਵੀ ਸਰਕਾਰ ਇਸ ਕੇਸ ਵਿੱਚ ਇਨਸਾਫ਼ ਨਹੀਂ ਦਿਵਾ ਸਕੀ, ਸਗੋਂ ਹਰੇਕ ਸਿਆਸੀ ਪਾਰਟੀ ਵੱਲੋਂ ਸਿਰਫ਼ ਇਸ ਮੁੱਦੇ ਦਾ ਲਾਹਾ ਹੀ ਲਿਆ ਗਿਆ ਹੈ। ਸੂਬਾ ਸਰਕਾਰ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ‘ਆਪ’ ਆਗੂਆਂ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਚਾਰ ਘੰਟਿਆਂ ਵਿੱਚ ਇਸ ਮਸਲੇ ਦਾ ਹੱਲ ਕੱਢਿਆ ਜਾਵੇਗਾ, ਪਰ ਮਾਨ ਸਰਕਾਰ ਨੇ ਵੀ ਸੱਤਾ ਵਿੱਚ ਆਉਣ ਮਗਰੋਂ ਆਪਣਾ ਵਾਅਦਾ ਹੁਣ ਤੱਕ ਪੂਰਾ ਨਹੀਂ ਕੀਤਾ। ਅਕਾਲੀ ਦਲ (ਅੰਮ੍ਰਿਤਸਰ) ਦੇ ਸੀਨੀਅਰ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਸਰਕਾਰਾਂ ਨੇ ਸਿੱਖ ਕੌਮ ਨੂੰ ਇਨਸਾਫ ਤਾਂ ਕੀ ਦੇਣਾ ਸੀ, ਸਗੋਂ ਜ਼ਖ਼ਮਾਂ ’ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਡੇਰੇ ਦਾ ਕੇਸ ਲੜਣ ਵਾਲੇ ਨੂੰ ਐਡਵੋਕਟ ਜਰਨਲ ਬਣਾਇਆ ਗਿਆ ਤੇ ਡੇਰਾ ਮੁਖੀ ਸਾਧ ਨੂੰ ਪੈਰੋਲ ਦੇ ਕੇ ਸਿੱਖਾਂ ਦੇ ਦਿਲ ਦੁਖਾਏ ਗਏ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਬਣਾਈਆਂ ਗਈਆਂ ਵਿਸ਼ੇਸ਼ ਜਾਂਚ ਟੀਮਾਂ ਵੀ ਤੋਂ ਵੀ ਹੁਣ ਕੋਈ ਆਸ ਨਹੀਂ ਰਹੀ। ਇਸੇ ਦੌਰਾਨ ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਸਥਿਤ ਪਿੰਡ ਬਹਿਬਲ ਕਲਾਂ ਵਿੱਚ ਬੇਅਦਬੀ ਇਨਸਾਫ ਮੋਰਚੇ ਵੱਲੋਂ ਭਲਕੇ 14 ਅਕਤੂਬਰ ਨੂੰ ਭਾਈ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਬਿੱਟੂ ਸਰਾਵਾਂ ਦਾ ਸ਼ਰਧਾਂਜਲੀ ਸਮਾਗਮ ਮਨਾਇਆ ਜਾ ਰਿਹਾ ਹੈ। ਗੋਲੀਕਾਂਡ ਵਿੱਚ ਮਾਰੇ ਗਏ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨੇ ਦੱਸਿਆ ਕਿ ਸਮਾਗਮ ਵਿੱਚ ਸਰਕਾਰਾਂ ਦੇ ਰਵੱਈਏ ਨੂੰ ਵੇਖਦਿਆਂ ਸਖ਼ਤ ਫੈਸਲਾ ਲੈੈਂਦਿਆਂ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।
ਸਾਂ ਫਰਾਂਸਿਸਕੋ - ਅਮਰੀਕਾ ਵਿੱਚ ਇਸ ਮਹੀਨੇ ਦੇ ਸ਼ੁਰੂ ਵਿੱਚ ਅੱਠ ਮਹੀਨੇ ਦੀ ਬੱਚੀ ਸਮੇਤ ਭਾਰਤੀ ਮੂਲ ਦੇ ਸਿੱਖ ਪਰਿਵਾਰ ਨੂੰ ਅਗਵਾ ਕਰਕੇ ਕਤਲ ਕਰਨ ਦੇ ਮੁਲਜ਼ਮ ਨੇ ਆਪਣਾ ਗੁਨਾਹ ਕਬੂਲ ਨਹੀਂ ਕੀਤਾ। ਅੱਠ ਮਹੀਨੇ ਦੀ ਅਰੂਹੀ ਢੇਰੀ, ਉਸਦੇ ਮਾਤਾ-ਪਿਤਾ ਅਤੇ ਇੱਕ ਰਿਸ਼ਤੇਦਾਰ ਨੂੰ ਕਥਿਤ ਤੌਰ 'ਤੇ 3 ਅਕਤੂਬਰ ਨੂੰ ਜੀਸਸ ਸਾਲਗਾਡੋ ਨੇ ਅਗਵਾ ਕਰ ਲਿਆ ਸੀ। ਕੇਐੱਫਐੱਸਐੱਨ ਟੀਵੀ ਨੇ ਦੱਸਿਆ ਕਿ 48 ਸਾਲਾ ਮੁਲਜ਼ਮ ਨੇ ਆਪਣਾ ਗੁਨਾਹ ਕਬੂਲ ਨਹੀਂ ਕੀਤਾ। ਉਹ ਅਗਲੇ ਮਹੀਨੇ ਤੋਂ ਮੁਕੱਦਮੇ ਦਾ ਸਾਹਮਣਾ ਕਰੇਗਾ। ਉਹ ਇਸ ਸਮੇਂ ਜੇਲ੍ਹ ਵਿੱਚ ਹੈ। ਦੋਸ਼ੀ ਪਾਏ ਜਾਣ 'ਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਇਸ ਦੌਰਾਨ ਅਰੂਹੀ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਆਂ ਦਾ ਅੰਤਿਮ ਸੰਸਕਾਰ ਸ਼ਨਿਚਰਵਾਰ ਕੀਤਾ ਜਾਵੇਗਾ।
ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇੱਥੇ ਪੰਜਾਬ ਪੁਲੀਸ ਵੱਲੋਂ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ (ਸਿਟ) ਅੱਗੇ ਦੂਜੀ ਵਾਰ ਪੇਸ਼ ਹੋਏ। ਆਈਜੀ ਰੈਂਕ ਦੇ ਪੁਲੀਸ ਅਧਿਕਾਰੀ ਨੌਨਿਹਾਲ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਸ੍ਰੀ ਬਾਦਲ ਤੋਂ ਤਿੰਨ ਘੰਟੇ ਪੁੱਛ ਪੜਤਾਲ ਕੀਤੀ। ਅਕਾਲੀ ਦਲ ਅਤੇ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਵਾਪਰੇ ਇਸ ਗੋਲੀ ਕਾਂਡ ਵਿੱਚ ਦੋ ਵਿਅਕਤੀਆਂ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਬਿੱਟੂ ਸਰਾਵਾਂ ਦੀ ਪੁਲੀਸ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ ਤੇ ਪੁਲੀਸ ਨੇ ‘ਅਣਪਛਾਤੇ ਪੁਲੀਸ ਕਰਮਚਾਰੀਆਂ’ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਸ੍ਰੀ ਬਾਦਲ ਉਸ ਸਮੇਂ ਗ੍ਰਹਿ ਮੰਤਰੀ ਸਨ। ਪੁਲੀਸ ਨੇ ਉਨ੍ਹਾਂ ਤੋਂ ਸਮੁੱਚੀ ਪ੍ਰਕਿਰਿਆ ਅਤੇ ਘਟਨਾ ਨਾਲ ਸਬੰਧਤ ਸਵਾਲ ਪੁੱਛੇ ਹਨ। ਸਿਟ ਵੱਲੋਂ ਇਹ ਵੀ ਪੁੱਛਿਆ ਗਿਆ ਕਿ ਗ੍ਰਹਿ ਮੰਤਰੀ ਵਜੋਂ ਉਨ੍ਹਾਂ ਨੂੰ ਇਸ ਗੋਲੀ ਕਾਂਡ ਦੀ ਜਾਣਕਾਰੀ ਕਦੋਂ ਕਿਵੇਂ ਅਤੇ ਕਿਸ ਰਾਹੀਂ ਲੱਗੀ। ਪੁਲੀਸ ਅਧਿਕਾਰੀਆਂ ਨੇ ਪੁੱਛਿਆ ਕਿ ਜਦੋਂ ਗ੍ਰਹਿ ਮੰਤਰੀ ਹੁੰਦਿਆਂ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਤਾਂ ਉਸ ਤੋਂ ਬਾਅਦ ਕਿਸ ਤਰ੍ਹਾਂ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਪੁਲੀਸ ਅਧਿਕਾਰੀਆਂ ਦਾ ਦੱਸਣਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਨੇ ਸਿਟ ਵੱਲੋਂ ਕੀਤੇ ਜਿਨ੍ਹਾਂ ਸਵਾਲਾਂ ਦਾ ਜਵਾਬ ਦਿੱਤਾ ਹੈ, ਉਨ੍ਹਾਂ ਦੀ ਪ੍ਰਮਾਣਿਕਤਾ ਦੇਖੀ ਜਾਵੇਗੀ ਤੇ ਪੁਲੀਸ ਦਾ ਰਿਕਾਰਡ ਵੀ ਘੋਖਿਆ ਜਾਵੇਗਾ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਚੱਲ ਰਹੀ ਹੈ। ਇਸ ਲਈ ਜਦੋਂ ਤੱਕ ਇਹ ਜਾਂਚ ਸਿਰੇ ਨਹੀਂ ਲੱਗ ਜਾਂਦੀ ਤਾਂ ਸਬੰਧਤ ਵਿਅਕਤੀਆਂ ਨੂੰ ਇੱਕ ਤੋਂ ਵੱਧ ਵਾਰ ਬੁਲਾਇਆ ਜਾਣਾ ਸੰਭਵ ਹੈ। ਇਸੇ ਲਈ ਸੁਖਬੀਰ ਸਿੰਘ ਬਾਦਲ ਨੂੰ ਅੱਜ ਦੂਜੀ ਵਾਰੀ ਬੁਲਾਇਆ ਗਿਆ ਸੀ।
ਪੰਜਾਬ ਪੁਲੀਸ ਦੀ ਸਿਟ ਦੇ ਮੂਹਰੇ ‘ਪੇਸ਼ੀ ਭੁਗਤਣ’ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਪੰਥ ਅਤੇ ਪੰਜਾਬ ਨਾਲ ਜੁੜਿਆ ਮਸਲਾ ਹੈ। ਇਸ ਮੁੱਦੇ ’ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਇਸ ਸੰਵੇਦਨਸ਼ੀਲ ਮੁੱਦੇ ’ਤੇ ਪਹਿਲਾਂ ਵੀ ਜਾਂਚ ਟੀਮ ਨੂੰ ਹਮੇਸ਼ਾ ਸਹਿਯੋਗ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੱਟ ਵੱਲੋਂ ਜੋ ਵੀ ਜਾਣਕਾਰੀ ਮੰਗੀ ਗਈ ਸੀ, ਉਹ ਪੂਰੀ ਤਰ੍ਹਾਂ ਮੁਹੱਈਆ ਕਰਵਾ ਦਿੱਤੀ ਗਈ ਹੈ। ਸ੍ਰੀ ਬਾਦਲ ਨੇ ਕਿਹਾ ਕਿ ਜੇਕਰ ਜਾਂਚ ਟੀਮ ਨੂੰ ਫ਼ਿਰ ਲੋੜ ਹੋਵੇ ਤਾਂ ਫ਼ਿਰ ਹਾਜ਼ਰ ਹੋ ਜਾਵਾਂਗਾ।
The Sikh Spokesman Newspaper,
Toronto, Canada.
Published Every Thursday
Email : This email address is being protected from spambots. You need JavaScript enabled to view it.
www.sikhspokesman.com
Canada Tel : 905-497-1216
India : 94632 16267