ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਅੰਮ੍ਰਿਤਸਰ - ਦਲ ਖ਼ਾਲਸਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨ ਕਿ "ਕੋਈ ਵੀ ਸਿੱਖ ਨਹੀਂ ਚਾਹੁੰਦਾ ਖ਼ਾਲਿਸਤਾਨ" ਦਾ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਉਹ ਸੱਚਾ ਸਿੱਖ ਹੀ ਨਹੀਂ, ਜੋ ਨਹੀਂ ਚਾਹੁੰਦਾ ਖ਼ਾਲਿਸਤਾਨ। ਜਥੇਬੰਦੀ ਵੱਲੋਂ ਜਾਰੀ ਬਿਆਨ ਵਿੱਚ ਸਪੱਸ਼ਟ ਕੀਤਾ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਦਾ ਇਹ ਅਧਿਕਾਰ-ਖੇਤਰ ਹੀ ਨਹੀਂ ਹੈ ਕਿ ਉਹ ਪੂਰੀ ਕੌਮ ਵੱਲੋਂ ਖ਼ਾਲਿਸਤਾਨ ਦੇ ਇਤਿਹਾਸਕ ਸੰਕਲਪ ਨੂੰ ਰੱਦ ਕਰਨ। ਜਥੇਬੰਦੀ ਦਾ ਮੰਨਣਾ ਹੈ ਕਿ ਇਹ ਅਧਿਕਾਰ ਕੇਵਲ ਅਕਾਲ ਤਖ਼ਤ ਸਾਹਿਬ ਕੋਲ ਹੀ ਹੈ ਜੋ ਸਿੱਖ ਕੌਮ ਦੀ ਸਰਵਉੱਚ ਸੰਸਥਾ ਹੈ ਅਤੇ ਜਿਸ ਦਾ ਜਥੇਦਾਰ ਹੀ ਕੌਮ ਦੇ ਬੁਲਾਰੇ ਵਜੋਂ ਸਿੱਖਾਂ ਦੀ ਸਾਂਝੀ ਭਾਵਨਾਵਾਂ ਦੀ ਤਰਜ਼ਮਾਨੀ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ੬ ਜੂਨ ਨੂੰ ਕਿਹਾ ਸੀ ਕਿ "ਹਰ ਸਿੱਖ ਚਾਹੁੰਦਾ ਹੈ ਖ਼ਾਲਿਸਤਾਨ ਅਤੇ ਜੇਕਰ ਭਾਰਤ ਸਰਕਾਰ ਉਹਨਾਂ ਨੂੰ ਦੇਵੇਗੀ ਤਾਂ ਉਹ ਇਸ ਵਾਰ ਜ਼ਰੂਰ ਲੈਣਗੇ।" ਗਿਆਨੀ ਹਰਪ੍ਰੀਤ ਸਿੰਘ ਦੇ ਇਸ ਬਿਆਨ ਦੇ ਜਵਾਬ ਵਿੱਚ ਬੀਤੇ ਕਲ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਈ ਸਿੱਖ ਨਹੀਂ ਚਾਹੁੰਦਾ ਖ਼ਾਲਿਸਤਾਨ ਜਦ ਕਿ ਦਲ ਖ਼ਾਲਸਾ ਜਥੇਬੰਦੀ ਦਾ ਮੰਨਣਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਸਿੱਖ ਅਜ਼ਾਦੀ ਸੰਘਰਸ਼ ਉੱਤੇ ਅਕਾਲ ਤਖ਼ਤ ਸਾਹਿਬ ਦੀ ਮੋਹਰ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਕਰਾਰੇ ਹੱਥੀਂ ਲੈਂਦਿਆਂ ਜਥੇਬੰਦੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੇਵਲ ਆਪਣੀ ਗੱਲ ਕਰ ਸਕਦੇ ਹਨ, ਉਹ ਕੌਮ ਵੱਲੋਂ ਗੱਲ ਕਰਨ ਲਈ ਅਧਿਕਾਰਤ ਨਹੀਂ ਹਨ। ਉਹਨਾਂ ਕਿਹਾ ਕਿ ਸਿੱਖਾਂ ਅੰਦਰ ਆਪਣੀ ਕਿਸਮਤ ਦੇ ਮਾਲਕ ਬਣਨ ਦੀ ਇੱਛਾ ਪ੍ਰਬਲ ਅਤੇ ਜਿਉਂਦੀ ਹੈ। ਇਤਿਹਾਸਕ, ਰਾਜਨੀਤਿਕ ਅਤੇ ਧਾਰਮਿਕ ਤੌਰ 'ਤੇ ਸਿੱਖ ਆਪਣਾ ਕੌਮੀ ਸੁਤੰਤਰ ਘਰ ਲੈਣ ਲਈ ਪੂਰੀ ਤਰ੍ਹਾਂ ਹੱਕਬਜਾਨਬ ਹਨ। ਉਹਨਾਂ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਵਰਗੇ ਭਾਰਤੀ ਮੁੱਖਧਾਰਾ'ਚ ਸੱਤਾ ਦਾ ਸੁੱਖ ਮਾਣਦੇ ਰਾਜਨੀਤਿਕ ਲੋਕਾਂ ਨੂੰ ਸਵਾਲ ਕਰਦੇ ਪੁੱਛਿਆ ਕਿ 'ਕੀ ਸਿੱਖ ਸਵੇਰੇ-ਸ਼ਾਮ 'ਰਾਜ ਕਰੇਗਾ ਖ਼ਾਲਸਾ' ਦਾ ਦੋਹਰਾ ਕੇਵਲ ਪੜ੍ਹਨ ਲਈ ਪੜ੍ਹਦੇ ਹਨ' ? ਦਲ ਖ਼ਾਲਸਾ ਦੇ ਆਗੂ ਨੇ ਭਾਰਤੀ ਲੀਡਰਸ਼ਿਪ ਦੀ ਕਰੜੀ ਅਲੋਚਨਾ ਕਰਦਿਆਂ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਸਵੈ-ਨਿਰਣੇ ਦਾ ਹੱਕ ਦੇਣ ਤੋਂ ਮੁਨਕਰ ਹਨ। ਉਹਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਸੰਬੋਧਿਨ ਹੁੰਦਿਆਂ ਕਿਹਾ ਕਿ ਜਿਸ ਦਿਨ ਭਾਰਤ ਸਰਕਾਰ ਯੂ.ਐੱਨ.ਓ. ਦੀ ਅਗਵਾਈ ਹੇਠ ਪੰਜਾਬ ਅੰਦਰ ਰੈਫਰੇਂਡਮ ਕਰਵਾਏਗੀ ਉਸ ਦਿਨ ਤੁਹਾਡਾ ਭੁਲੇਖਾ ਦੂਰ ਹੋ ਜਾਏਗਾ ਕਿ 'ਕਿੰਨੇ ਸਿੱਖ ਖ਼ਾਲਿਸਤਾਨ ਚਾਹੁੰਦੇ ਹਨ'।

  ਚੰਡੀਗੜ੍ਹ  - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ’ਤੇ ਬਣੇ ਤਣਾਅ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਪ੍ਰਧਾਨ ਮੰਤਰੀ ਕੇਅਰਜ਼ ਫ਼ੰਡ’ ਵਾਸਤੇ ਚੀਨੀ ਕੰਪਨੀਆਂ ਤੋਂ ਲਏ ਫ਼ੰਡ ਫ਼ੌਰੀ ਵਾਪਸ ਕਰ ਦੇਣੇ ਚਾਹੀਦੇ ਹਨ। ਮੌਜੂਦਾ ਮਾਹੌਲ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਚੀਨੀ ਕੰਪਨੀਆਂ ਨੂੰ ਪਾਈ ਪਾਈ ਮੋੜਨ। ਮੁੱਖ ਮੰਤਰੀ ਨੇ ਫ਼ੰਡ ਦੇਣ ਵਾਲੀਆਂ ਚੀਨੀ ਕੰਪਨੀਆਂ ਦੇ ਵੇਰਵੇ ਵੀ ਦੱਸੇ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਦੇ ਇਸ ਦਾਅਵੇ ਕਿ ਭਾਰਤੀ ਸਰਹੱਦ ਵਿੱਚ ਕੋਈ ਘੁਸਪੈਠ ਨਹੀਂ ਹੋਈ, ਨੂੰ ਰੱਦ ਕਰਦੇ ਹੋਏ ਕਿਹਾ ਕਿ ਗਲਵਾਨ ਘਾਟੀ ਵਿੱਚ ਚੀਨੀ ਫੌਜ ਦੇ ਦਖ਼ਲ ਕਰਕੇ ਹੀ ਅਜਿਹੇ ਹਾਲਾਤ ਬਣੇ ਹਨ। ਉਨ੍ਹਾਂ ਕਿਹਾ ਕਿ ਅਸਲ ਵਿਚ ਚੀਨ ਸਿਆਚਿਨ ਅਤੇ ਅਕਸਾਈ ਚਿਨ ਵਿਚਲੇ ਖੱਪੇ ਨੂੰ ਭਰਨਾ ਚਾਹੁੰਦਾ ਹੈ। ਹੁਣ ਚੀਨ ਖ਼ਿਲਾਫ਼ ਸਖ਼ਤ ਸਟੈਂਡ ਲੈਣ ਦਾ ਵੇਲਾ ਹੈ। ਮੁੱਖ ਮੰਤਰੀ ਨੇ ਚੀਨ ਮੁੱਦੇ ਸਮੇਤ ਪ੍ਰਸਤਾਵਿਤ ਬਿਜਲੀ ਸੋਧ ਬਿੱਲ, ਖੇਤੀ ਸੁਧਾਰਾਂ ਬਾਰੇ ਕੇਂਦਰੀ ਆਰਡੀਨੈਂਸਾਂ ਲਈ ਵੀ ਕੇਂਦਰ ਸਰਕਾਰ ਨੂੰ ਘੇਰਿਆ। ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਸਮਾਰਟ ਫ਼ੋਨ ਦੇਣ ਦੇ ਸੁਆਲ ’ਤੇ ਆਖਿਆ ਕਿ ਉਨ੍ਹਾਂ ਸਮਾਰਟ ਫੋਨ ਦੇਣ ਲਈ ਕੰਪਨੀ ਨੂੰ ਆਰਡਰ ਦਿੱਤੇ ਹੋਏ ਹਨ। ਉਹ ਹੁਣ ਚੈੱਕ ਕਰਨਗੇ ਕਿ ਕੀ ਇਹ ਚੀਨੀ ਕੰਪਨੀ ਤਾਂ ਸਪਲਾਈ ਨਹੀਂ ਦੇ ਰਹੀ ਹੈ। ਬਠਿੰਡਾ ਥਰਮਲ ਤੋਂ ਮਹਿੰਗੀ ਬਿਜਲੀ ਪੈਂਦੀ ਹੋਣ ਦਾ ਤਰਕ ਦੇ ਕੇ ਮੁੱਖ ਮੰਤਰੀ ਨੇ ਸੁਆਲ ਖ਼ਤਮ ਕਰ ਦਿੱਤਾ। ਮੁੱਖ ਮੰਤਰੀ ਨੇ ਇਸ ਮੌਕੇ ਨਵੇਂ ਮੁੱਖ ਸਕੱਤਰ ਵਿਨੀ ਮਹਾਜਨ ਦੀ ਪਿੱਠ ਵੀ ਥਾਪੜੀ। ਉਨ੍ਹਾਂ ਕਿਹਾ ਕਿ ਜੇ ਮੀਆਂ-ਬੀਵੀ ਰਾਜ ਦੇ ਦੋਵੇਂ ਪ੍ਰਮੁੱਖ ਅਹੁਦਿਆਂ ’ਤੇ ਹਨ ਤਾਂ ਇਸ ਵਿੱਚ ਕੋਈ ਹਰਜ ਨਹੀਂ। ਮੁੱਖ ਮੰਤਰੀ ਨੇ ਕਿਹਾ ਕਿ ਸਿੱਖਸ ਫ਼ਾਰ ਜਸਟਿਸ ਵਾਲਾ (ਗੁਰਪਤਵੰਤ ਸਿੰਘ) ਪੰਨੂ ਹੁਣ ਪੰਜਾਬ ਵਿਚ ਅਤਿਵਾਦ ਫੈਲਾਉਣ ਵਿੱਚ ਸ਼ਾਮਲ ਹੋ ਗਿਆ ਹੈ ਅਤੇ ਦੇਸ਼ ਦਾ ਕੋਈ ਵੀ ਸਿੱਖ ਖ਼ਾਲਿਸਤਾਨ ਦੀ ਥਾਂ ਦੇਸ਼ ਦੀ ਮਜ਼ਬੂਤੀ ਚਾਹੁੰਦਾ ਹੈ। ਉਹ ਖ਼ੁਦ ਵੀ ਖ਼ਾਲਿਸਤਾਨ ਨਹੀਂ ਚਾਹੁੰਦੇ ਹਨ। ਉਨ੍ਹਾਂ ਪੰਨੂ ਨੂੰ ਚੁਣੌਤੀ ਦਿੱਤੀ ਕਿ ਉਹ ਪੰਜਾਬ ਵਿਚ ਵੜ ਕੇ ਦਿਖਾਵੇ। ਬਹਿਬਲ ਤੇ ਬਰਗਾੜੀ ਕਾਂਡ ਦੇ ਮਾਮਲੇ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਬਾਦਲ ਹਾਲੇ ਜਾਂਚ ਵਿੱਚ ਦੋਸ਼ੀ ਨਹੀਂ ਠਹਿਰਾਏ ਗਏ ਹਨ ਅਤੇ ਫ਼ਿਲਹਾਲ ਜਾਂਚ ਚੱਲ ਰਹੀ ਹੈ।
  ਮੁੱਖ ਮੰਤਰੀ ਨੇ ਕੋਵਿਡ ਨੂੰ ਲੈ ਕੇ ਪੰਜਾਬ ਦੀ ਸਥਿਤੀ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਅੱਗੇ ਕੋਈ ਲੌਕਡਾਊਨ ਨਹੀਂ ਲੱਗੇਗਾ। ਦੂਜੇ ਸੂਬਿਆਂ ਦੇ ਮੁਕਾਬਲੇ ਪੰਜਾਬ ਦੀ ਸਥਿਤੀ ਬਿਹਤਰ ਹੈ। ਉਨ੍ਹਾਂ ਕਿਹਾ ਕਿ ਚਾਰ ਨਵੀਆਂ ਲੈਬਾਂ ਨਾਲ ਕੋਵਿਡ ਟੈਸਟਿੰਗ ਸਮਰੱਥਾ ਜੁਲਾਈ ਦੇ ਅੰਤ ਤੱਕ 20,000 ਪ੍ਰਤੀ ਦਿਨ ਤੱਕ ਵਧਾ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 554 ਵੈਂਟੀਲੇਟਰਾਂ ਦੀ ਮੌਜੂਦਗੀ ਤੋਂ ਇਲਾਵਾ ਸਿਹਤ ਵਿਭਾਗ ਕੋਲ 5.18 ਲੱਖ ਐੱਨ-95 ਮਾਸਕ, ਤੀਹਰੀ ਪਰਤ ਵਾਲੇ 75.47 ਲੱਖ ਮਾਸਕ, 2.52 ਲੱਖ ਪੀਪੀਈ ਕਿੱਟਾਂ ਅਤੇ 2223 ਆਕਸੀਜਨ ਸਿਲੰਡਰ ਦਾ ਸਟਾਕ ਮੌਜੂਦ ਹੈ। ਉਨ੍ਹਾਂ ਕਿਹਾ ਕਿ ਕਰੋਨਾ ਸੰਕਟ ਕਾਰਨ ਸੂਬੇ ਨੂੰ 33,000 ਕਰੋੜ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ, ਪਰ 20 ਲੱਖ ਕਰੋੜ ਰੁਪਏ ਦੇ ਕੇਂਦਰੀ ਪੈਕੇਜ ਵਿੱਚੋਂ ਸੂਬੇ ਨੂੰ ਧੇਲਾ ਵੀ ਨਹੀਂ ਦਿੱਤਾ ਗਿਆ। ਸਿਰਫ਼ ਸੂਬੇ ਦੇ ਹਿੱਸੇ ਦਾ 2200 ਕਰੋੜ ਰੁਪਏ ਦਾ ਜੀਐੱਸਟੀ ਮਿਲਿਆ ਹੈ।
  ਊਂਜ ਅੱਜ ਪ੍ਰੈੱਸ ਮਿਲਣੀ ਦੌਰਾਨ ਮੁੱਖ ਮੰਤਰੀ ਮਾਫ਼ੀਆ ਬਾਰੇ ਪੁੱਛੇ ਸਵਾਲਾਂ ਦਾ ਜਵਾਬ ਦੇਣ ਤੋਂ ਟਲਦੇ ਰਹੇ। ਉਹ ਸ਼ਰਾਬ ਤਸਕਰਾਂ ਖ਼ਿਲਾਫ਼ ਕੀਤੀ ਕਾਰਵਾਈ ਦਾ ਵਾਰ ਵਾਰ ਹਵਾਲਾ ਦਿੰਦੇ ਰਹੇ। ਕੇਬਲ ਅਤੇ ਟਰਾਂਸਪੋਰਟ ਮਾਫ਼ੀਏ ਖ਼ਿਲਾਫ਼ ਕੀਤੀ ਕਾਰਵਾਈ ਦੇ ਵੇਰਵੇ ਦੇਣ ਦੀ ਥਾਂ ਅਮਰਿੰਦਰ ਨੇ ਕਿਹਾ ਕਿ ਕੇਬਲ ਤੇ ਟਰਾਂਸਪੋਰਟ ਦੇ ਕਾਰੋਬਾਰ ਵਿਚ ਹੁਣ ਕੋਈ ਵੀ ਆ ਸਕਦਾ ਹੈ।

  ਅੰਮ੍ਰਿਤਸਰ - ਇਥੇ ਅਕਾਲ ਤਖ਼ਤ ਵਿਖੇ ਮੀਰੀ ਪੀਰੀ ਦਿਵਸ ਮਨਾਇਆ ਗਿਆ। ਇਸ ਮੌਕੇ ਅਖੰਡ ਪਾਠ ਦੇ ਭੋਗ ਪਾਏ ਗਏ। ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮੌਕੇ ਸੰਗਤਾਂ ਨੂੰ ਮੀਰੀ ਪੀਰੀ ਦਿਵਸ ਦੀ ਵਧਾਈ ਦਿੱਤੀ ਅਤੇ ਬਾਣੀ ਤੇ ਬਾਣੇ ਨਾਲ ਜੁੜਨ ਲਈ ਪ੍ਰੇਰਿਆ।
  ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਮੀਰੀ ਪੀਰੀ ਦਿਵਸ ਦੇ ਇਤਿਹਾਸ ਅਤੇ ਅੰਮ੍ਰਿਤਧਾਰੀ ਹੋਣ ਦੀ ਮਹੱਤਤਾ ਤੋਂ ਜਾਣੂ ਕਰਵਾਇਆ। ਇਸ ਮੌਕੇ ਤੱਕ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ।

  ਅੰਮ੍ਰਿਤਸਰ - ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਜੀਪੀਸੀ) ਵਲੋਂ ਅੱਜ ਲਾਹੌਰ ਦੇ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਮਹਾਰਾਜਾ ਰਣਜੀਤ ਸਿੰਘ ਦੀ 181ਵੀਂ ਬਰਸੀ ਸ਼ਰਧਾ ਨਾਲ ਮਨਾਈ ਗਈ ਹੈ। ਇਸ ਦੌਰਾਨ ਜਥੇਬੰਦੀ ਨੇ ਪਾਕਿਸਤਾਨ ਸਰਕਾਰ ਵਲੋਂ ਗੁਰਦੁਆਰਾ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਕੀਤੇ ਗਏ ਐਲਾਨ ਦਾ ਸਵਾਗਤ ਕੀਤਾ ਹੈ।
  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ 28 ਜੂਨ ਨੂੰ ਮਨਾਏ ਜਾਣ ਤੋਂ ਬਾਅਦ ਅੱਜ ਪੀਜੀਪੀਸੀ ਵਲੋਂ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਬਰਸੀ ਸਮਾਗਮ ਮਨਾਇਆ ਗਿਆ ਹੈ। ਇਸ ਸਬੰਧੀ ਗੁਰਦੁਆਰਾ ਡੇਹਰਾ ਸਾਹਿਬ, ਲਾਹੌਰ ਵਿਖੇ 27 ਜੂਨ ਨੂੰ ਅਖੰਡ ਪਾਠ ਪ੍ਰਕਾਸ਼ ਕਰਵਾਏ ਗਏ ਅਤੇ ਅੱਜ ਭੋਗ ਪਾਏ ਗਏ। ਗੁਰਬਾਣੀ ਦੇ ਕੀਰਤਨ ਮਗਰੋਂ ਅਰਦਾਸ ਕੀਤੀ ਗਈ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕੀਤਾ ਗਿਆ। ਪ੍ਰਬੰਧਕਾਂ ਨੇ ਆਖਿਆ ਕਿ ਕਰੋਨਾਵਾਇਰਸ ਮਹਾਮਾਰੀ ਕਾਰਨ ਬਰਸੀ ਸਮਾਗਮ ਸੰਖੇਪ ਰੂਪ ਵਿਚ ਮਨਾਇਆ ਗਿਆ ਹੈ ਅਤੇ ਵਿਦੇਸ਼ ਤੋਂ ਕੋਈ ਵੀ ਸਿੱਖ ਸ਼ਰਧਾਲੂ ਸਮਾਗਮ ਵਿੱਚ ਸ਼ਾਮਲ ਹੋਣ ਲਈ ਨਹੀਂ ਪੁੱਜਿਆ। ਸਮਾਗਮ ਵਿੱਚ ਕੇਵਲ ਪਾਕਿਸਤਾਨੀ ਸਿੱਖ ਸ਼ਾਮਲ ਹੋਏ।
  ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੋਬਿੰਦ ਸਿੰਘ ਨੇ ਸਮੁੱਚੀ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ ਪਾਕਿਸਤਾਨ ਸਰਕਾਰ ਵਲੋਂ ਗੁਰਦੁਆਰਾ ਕਰਤਾਰਪੁਰ ਲਾਂਘਾ ਖੋਲ੍ਹਿਆ ਗਿਆ ਹੈ ਅਤੇ ਸਿੱਖ ਸੰਗਤ ਗੁਰੂ ਘਰ ਦੇ ਦਰਸ਼ਨਾਂ ਲਈ ਪਹਿਲਾਂ ਵਾਂਗ ਪੁੱਜੇ। ਉਨ੍ਹਾਂ ਦੀ ਇਹ ਅਪੀਲ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਗੁਰਦੁਆਰੇ ਸਾਹਮਣੇ ਖੜ੍ਹੇ ਹੋ ਕੇ ਗੱਲ ਕਰਦਿਆਂ ਉਨ੍ਹਾਂ ਨੇ ਪਾਕਿਸਤਾਨ ਸਰਕਾਰ ਵਲੋਂ ਲਾਂਘਾ ਖੋਲ੍ਹਣ ਦੇ ਕੀਤੇ ਗਏ ਐਲਾਨ ਦਾ ਸਵਾਗਤ ਕੀਤਾ ਹੈ। ਉਨ੍ਹਾਂ ਆਖਿਆ ਕਿ ਪੀਜੀਪੀਸੀ ਵਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦਾ ਪਹਿਲਾਂ ਵਾਂਗ ਹੀ ਸਵਾਗਤ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨੇ ਸਰਬੱਤ ਦੇ ਭਲੇ ਅਤੇ ਮਹਾਮਾਰੀ ਦੇ ਖਾਤਮੇ ਤੋਂ ਸਮੁੱਚੀ ਲੋਕਾਈ ਦੇ ਬਚਾਅ ਲਈ ਅਰਦਾਸ ਕੀਤੀ।

   

  ਇਸਲਾਮਾਬਾਦ - ਕੋਵਿਡ-19 ਕਾਰਨ ਕਰੀਬ ਤਿੰਨ ਮਹੀਨੇ ਪਹਿਲਾਂ ਆਰਜ਼ੀ ਤੌਰ ’ਤੇ ਬੰਦ ਕੀਤੇ ਕਰਤਾਰਪੁਰ ਸਾਹਿਬ ਲਾਂਘੇ ਨੂੰ ਪਾਕਿਸਤਾਨ ਸੋਮਵਾਰ ਤੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਮੁੜ ਖੋਲ੍ਹਣ ਲਈ ਤਿਆਰ ਹੈ। ਵਿਦੇਸ਼ ਦਫ਼ਤਰ ਨੇ ਦੱਸਿਆ ਕਿ ਪਾਕਿਸਤਾਨ ਨੇ ਗੁਆਂਢੀ ਮੁਲਕ ਭਾਰਤ ਨੂੰ ਲਾਂਘਾ ਖੋਲ੍ਹਣ ਸਬੰਧੀ ਆਪਣੀ ਤਿਆਰੀ ਬਾਰੇ ਦੱਸ ਦਿੱਤਾ ਹੈ।

  ਕਰੋਨਾਵਾਇਰਸ ਮਹਾਮਾਰੀ ਕਾਰਨ ਭਾਰਤ ਨੇ 16 ਮਾਰਚ ਨੂੰ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਯਾਤਰਾ ਅਤੇ ਰਜਿਸਟ੍ਰੇਸ਼ਨ ਆਰਜ਼ੀ ਤੌਰ ’ਤੇ ਮੁਲਤਵੀ ਕਰ ਦਿੱਤੀ ਸੀ। ਵਿਦੇਸ਼ ਦਫ਼ਤਰ ਨੇ ਦੱਸਿਆ, ‘‘ਵਿਸ਼ਵ ਭਰ ਵਿੱਚ ਧਾਰਮਿਕ ਅਸਥਾਨ ਹੌਲ-ਹੌਲੀ ਖੁੱਲ੍ਹ ਰਹੇ ਹਨ, ਪਾਕਿਸਤਾਨ ਨੇ ਵੀ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਲੋੜੀਂਦੇ ਪ੍ਰਬੰਧ ਕੀਤੇ ਹਨ।’’ ਊਨ੍ਹਾਂ ਕਿਹਾ ਕਿ ਸਿਹਤ ਸਬੰਧੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਊਣ ਲਈ ਪਾਕਿਸਤਾਨ ਨੇ ਭਾਰਤ ਨੂੰ ਲਾਂਘਾ ਖੋਲ੍ਹਣ ਲਈ ਲੋੜੀਂਦੀਆਂ ਕਾਰਵਾਈਆਂ ਮੁਕੰਮਲ ਕਰਨ ਦਾ ਸੱਦਾ ਦਿੱਤਾ ਹੈ। ਦੱਸਣਯੋਗ ਹੈ ਕਿ ਪਿਛਲੇ ਵਰ੍ਹੇ ਦੋਵਾਂ ਮੁਲਕਾਂ ਵਲੋਂ ਖੋਲ੍ਹਿਆ ਗਿਆ ਇਹ ਲਾਂਘਾ ਭਾਰਤ ਦੇ ਗੁਰਦਾਸਪੁਰ ਵਿਚਲੇ ਡੇਰਾ ਬਾਬਾ ਨਾਨਕ ਅਤੇ ਪਾਕਿਤਸਾਨ ਵਿਚਾਲੇ ਕਰਤਾਰਪੁਰ ਸਾਹਿਬ ਨੂੰ ਜੋੜਦਾ ਹੈ। ਸਾਰੇ ਧਰਮਾਂ ਦੇ ਭਾਰਤੀ ਸ਼ਰਧਾਲੂਆਂ ਲਈ ਇਤਹਾਸਿਕ ਗੁਰਦੁਆਰੇ ਤੱਕ ਜਾਂਦਾ ਇਹ ਲਾਂਘਾ ਪੂਰਾ ਸਾਲ ਬਿਨਾਂ ਵੀਜ਼ਾ ਯਾਤਰਾ ਲਈ ਖੁੱਲ੍ਹਾ ਰਹਿੰਦਾ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਸਬੰਧ 5 ਅਗਸਤ, 2019 ਨੂੰ ਭਾਰਤ ਵਲੋਂ ਜੰਮੂ ਕਸ਼ਮੀਰ ’ਚੋਂ ਧਾਰਾ 307 ਮਨਸੂਖ ਕੀਤੇ ਜਾਣ ਅਤੇ ਸੂਬੇ ਨੂੰ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡੇ ਜਾਣ ਮਗਰੋਂ ਨਿਵਾਣ ਵੱਲ ਚਲੇ ਗਏ ਸਨ। ਪਾਕਿਸਤਾਨ ਨੇ ਭਾਰਤ ਨਾਲ ਆਪਣੇ ਕੂਟਨੀਤਕ ਸਬੰਧ ਘਟਾਉਂਦਿਆਂ ਭਾਰਤੀ ਹਾਈ ਕਮਿਸ਼ਨਰ ਨੂੰ ਕੱਢ ਦਿੱਤਾ ਸੀ। ਦੂਜੇ ਪਾਸੇ, ਭਾਰਤ ਨੇ ਮੰਗਲਵਾਰ ਨੂੰ ਜਾਸੂਸੀ ਦੇ ਦੋਸ਼ਾਂ ਦੌਰਾਨ ਪਾਕਿਸਤਾਨ ਨੂੰ ਨਵੀਂ ਦਿੱਲੀ ਵਿਚਲੇ ਆਪਣੇ ਅੰਬੈਸੀ ਸਟਾਫ ਨੂੰ ਅੱਧਾ ਕਰਨ ਲਈ ਆਖਦਿਆਂ ਕਿਹਾ ਸੀ ਕਿ ਊਹ ਇਸਲਾਮਾਬਾਦ ਵਿਚ ਆਪਣਾ ਅੰਬੈਸੀ ਸਟਾਫ ਵੀ ਘੱਟ ਕਰੇਗਾ।
  ਭਾਰਤ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਪਾਕਿਸਤਾਨ ਦੀ ਪੇਸ਼ਕਸ਼ ਨੂੰ ਸਿਹਤ ਅਤੇ ਤਕਨੀਕੀ ਅਾਧਾਰ ’ਤੇ ਰੱਦ ਕਰ ਦਿੱਤਾ ਹੈ। ਅੱਜ ਪਾਕਿਸਤਾਨ ਨੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ 29 ਜੂਨ ਨੂੰ ਗਲਿਆਰਾ ਮੁੜ ਖੋਲ੍ਹਣ ਦੀ ਪੇਸ਼ਕਸ਼ ਕੀਤੀ ਸੀ ਪਰ ਇਸ ਪੇਸ਼ਕਸ਼ ਦੇ ਕੁਝ ਘੰਟਿਆਂ ਅੰਦਰ ਹੀ ਭਾਰਤ ਨੇ ਰੱਦ ਕਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਇਸ ਸਬੰਧੀ ਫੈਸਲਾ ਸਿਹਤ ਅਥਾਰਿਟੀ ਅਤੇ ਹੋਰਨਾਂ ਸਬੰਧਤ ਧਿਰਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਲਿਆ ਜਾਵੇਗਾ ਕਿਉਂਕਿ ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਰਹੱਦ ਪਾਰੋਂ ਯਾਤਰਾ ਮੁਅੱਤਲ ਹੈ। ਇਸ ਦੇ ਨਾਲ ਹੀ ਭਾਰਤ ਨੇ ਪਾਕਿਸਤਾਨ ’ਤੇ ਇਸ ਮਾਮਲੇ ਵਿੱਚ ਘੱਟ ਸੁਹਿਰਦ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਸਲਾਮਾਬਾਦ ਨੇ ਇਹ ਪੇਸ਼ਕਸ਼ ਸਿਰਫ ਦੋ ਦਿਨ ਪਹਿਲਾਂ ਕੀਤੀ ਹੈ ਜਦੋਂਕਿ ਦੁਵੱਲੇ ਸਮਝੌਤੇ ਤਹਿਤ ਅਜਿਹੀ ਸੂਚਨਾ ਯਾਤਰਾ ਦੀ ਤਰੀਕ ਤੋਂ ਘੱਟੋ-ਘੱਟ ਸੱਤ ਦਿਨ ਪਹਿਲਾਂ ਦੇਣੀ ਹੁੰਦੀ ਹੈ ਕਿਉਂਕਿ ਇਸ ਲਈ ਭਾਰਤ ਨੂੰ ਪਹਿਲਾਂ ਰਜਿਸਟਰੇਸ਼ਨ ਕਰਨੀ ਹੁੰਦੀ ਹੈ।
  ਇਸ ਤੋਂ ਇਲਾਵਾ ਪਾਕਿਸਤਾਨ ਨੇ ਦੁਵੱਲੇ ਸਮਝੌਤੇ ਤਹਿਤ ਵਾਅਦਾ ਕਰਨ ਦੇ ਬਾਵਜੂਦ ਰਾਵੀ ਨਦੀ ਦੀ ਮਾਰ ਹੇਠ ਆਉਣ ਵਾਲੇ ਇਲਾਕੇ ਵਿੱਚ ਪੁਲ ਵੀ ਨਹੀਂ ਬਣਾਇਆ ਹੈ। ਮੌਨਸੂਨ ਦੇ ਮੱਦੇਨਜ਼ਰ ਇਸ ਦਾ ਮੁਲਾਂਕਣ ਕਰਨ ਦੀ ਲੋੜ ਹੋਵੇਗੀ ਤਾਂ ਜੋ ਗਲਿਆਰੇ ਰਾਹੀਂ ਸੁਰੱਖਿਅਤ ਤੀਰਥ ਯਾਤਰਾ ਸੰਭਵ ਹੋ ਸਕੇ।

  ਚੰਡੀਗੜ੍ਹ - ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਨੇ 7 ਹੋਰ ਵਿਅਕਤੀਆਂ ਦੀ ਜਾਨ ਲੈ ਲਈ ਹੈ ਜਿਸ ਨਾਲ ਸੂਬੇ ਵਿੱਚ ਮਹਾਮਾਰੀ ਕਾਰਨ ਮਰਨ ਵਾਲਿਆਂ ਦਾ ਅੰਕੜਾ 128 ਤੱਕ ਪਹੁੰਚ ਗਿਆ ਹੈ। ਸੰਗਰੂਰ ਜ਼ਿਲ੍ਹੇ ਵਿੱਚ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ।
  ਸੱਜਰੀਆਂ ਮੌਤਾਂ ਵਿੱਚ ਵੀ ਸੰਗਰੂਰ ਜ਼ਿਲ੍ਹੇ ਵਿੱਚ ਤਿੰਨ, ਅੰਮ੍ਰਿਤਸਰ ਜ਼ਿਲ੍ਹੇ ’ਚ 2, ਜਲੰਧਰ ’ਚ ਇੱਕ ਅਤੇ ਬਠਿੰਡਾ ’ਚ ਵੀ ਇੱਕ ਵਿਅਕਤੀ ਕਰੋਨਾ ਤੋਂ ਜ਼ਿੰਦਗੀ ਦੀ ਲੜਾਈ ਹਾਰ ਗਿਆ। ਫ਼ਤਹਿਗੜ੍ਹ ਸਾਹਿਬ ਵਿੱਚ ਇੱਕ ਦਿਨ ਪਹਿਲਾਂ ਹੋਈ ਮੌਤ ਨੂੰ ਸਿਹਤ ਵਿਭਾਗ ਨੇ ਉੱਤਰਾਖੰਡ ਸੂਬੇ ਵਿੱਚ ਹੋਈਆਂ ਮੌਤਾਂ ’ਚ ਸ਼ਾਮਲ ਕਰ ਦਿੱਤਾ ਹੈ। ਪੰਜਾਬ ਵਿੱਚ ਇਸ ਕਰੋਨਾਵਾਇਰਸ ਲਾਗ ਦੇ ਸੱਜਰੇ ਕੇਸਾਂ ਦੀ ਗਿਣਤੀ 100 ਤੱਕ ਦੱਸੀ ਗਈ ਹੈ। ਇਨ੍ਹਾਂ ਤਾਜ਼ਾ ਮਾਮਲਿਆਂ ਵਿੱਚ ਸੰਗਰੂਰ ਤੇ ਅੰਮ੍ਰਿਤਸਰ ਵਿੱਚ 19-19, ਜਲੰਧਰ ਵਿੱਚ 17, ਲੁਧਿਆਣਾ ਵਿੱਚ 13, ਮੁਹਾਲੀ ਵਿੱਚ 8, ਹੁਸ਼ਿਆਰਪੁਰ ਵਿੱਚ 5, ਬਠਿੰਡਾ ਤੇ ਬਰਨਾਲਾ ਵਿੱਚ 4-4, ਮੋਗਾ, ਫ਼ਿਰੋਜ਼ਪੁਰ ਤੇ ਕਪੂਰਥਲਾ ਵਿੱਚ 2-2, ਮੁਕਤਸਰ, ਰੂਪਨਗਰ, ਪਟਿਆਲਾ, ਨਵਾਂ ਸ਼ਹਿਰ ਤੇ ਗੁਰਦਾਸਪੁਰ ਵਿੱਚ 1-1 ਮਾਮਲਾ ਸਾਹਮਣੇ ਆਇਆ ਹੈ।
  ਅੰਮ੍ਰਿਤਸਰ ਜ਼ਿਲ੍ਹੇ ਵਿੱਚ ਲਾਗ ਕਾਰਨ 38, ਲੁਧਿਆਣਾ ਤੇ ਜਲੰਧਰ ਵਿੱਚ 19-19, ਸੰਗਰੂਰ ਵਿੱਚ 12, ਮੁਹਾਲੀ, ਕਪੂਰਥਲਾ, ਪਠਾਨਕੋਟ ਤੇ ਹੁਸ਼ਿਆਰਪੁਰ ’ਚ 5-5 ਵਿਅਕਤੀ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਸਿਹਤ ਵਿਭਾਗ ਮੁਤਾਬਕ 20 ਹਜ਼ਾਰ ਤੋਂ ਵੱਧ ਵਿਅਕਤੀਆਂ ਨੂੰ ਘਰਾਂ ਵਿੱਚ ਹੀ ਇਕਾਂਤਵਾਸ ਕੀਤਾ ਹੋਇਆ ਹੈ। ਸਿਹਤ ਵਿਭਾਗ ਵੱਲੋਂ ਹੁਣ ਤੱਕ ਜਾਂਚ ਲਈ 2 ਲੱਖ 84 ਹਜ਼ਾਰ 431 ਨਮੂਨੇ ਲਏ ਜਾ ਚੁੱਕੇ ਹਨ। ਸੂਬੇ ਵਿੱਚ ਹੁਣ ਤੱਕ ਕੁੱਲ 3320 ਵਿਅਕਤੀਆਂ ਨੇ ਕਰੋਨਾਵਾਇਰਸ ’ਤੇ ਫ਼ਤਹਿ ਹਾਸਲ ਕੀਤੀ ਹੈ ਅਤੇ 119 ਵਿਅਕਤੀ ਅੱਜ ਹੀ ਸਿਹਤਯਾਬ ਹੋ ਕੇ ਘਰਾਂ ਨੂੰ ਪਰਤੇ ਹਨ।

   

  ਨਿਊਯਾਰਕ  - ਅਮਰੀਕਾ ਯੂਰਪ ਵਿੱਚ ਆਪਣੀਆਂ ਤਾਕਤਾਂ ਘਟਾਉਣ ਜਾ ਰਿਹਾ ਹੈ ਅਤੇ ਏਸ਼ੀਆ ਵਿੱਚ ਚੀਨ ਦੇ ਵੱਧ ਰਹੇ ਦਬਦਬੇ ਨੂੰ ਘਟਾਉਣ ਦੇ ਲਈ ਇੱਕ ਮਹੱਤਵਪੂਰਨ ਰਣਨੀਤਕ ਅਤੇ ਸੈਨਿਕ ਫੈਸਲੇ ਦੇ ਹਿੱਸੇ ਵਜੋਂ ਇਸ ਨੂੰ ਏਸ਼ੀਆ ਵਿੱਚ ਤੈਨਾਤ ਕਰਨ ਜਾ ਰਿਹਾ ਹੈ। ਯੂਐਸ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਕਿਹਾ ਕਿ ਭਾਰਤ ਅਤੇ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ਲਈ ਚੀਨ ਦੇ ਵੱਧ ਰਹੇ ਖ਼ਤਰੇ ਦੇ ਮੱਦੇਨਜ਼ਰ ਅਮਰੀਕਾ ਯੂਰਪ ਵਿੱਚ ਆਪਣੀਆਂ ਫੌਜਾਂ ਦੀ ਤਾਇਨਾਤੀ ਨੂੰ ਘਟਾਉਣ ਅਤੇ ਉਨ੍ਹਾਂ ਨੂੰ ਸਹੀ ਥਾਵਾਂ 'ਤੇ ਤਾਇਨਾਤ ਕਰਨ ਜਾ ਰਿਹਾ ਹੈ। ਮਾਈਕ ਪੋਂਪੀਓ ਤੋਂ ਪੁੱਛਿਆ ਗਿਆ ਕਿ ਅਮਰੀਕਾ ਆਪਣੀ ਫੌਜਾਂ ਜਰਮਨੀ ਤੋਂ ਕਿਉਂ ਵਾਪਿਸ ਲੈ ਰਿਹਾ ਹੈ। ਇਸ ਦੇ ਜਵਾਬ ਵਿਚ ਪੋਂਪੀਓ ਨੇ ਕਿਹਾ ਕਿ ਜਰਮਨੀ ਵਿੱਚ ਕੋਈ ਅਮਰੀਕੀ ਸੈਨਾ ਨਹੀਂ ਹੈ ਕਿਉਂਕਿ ਉਨ੍ਹਾਂ ਨੂੰ ਹੋਰ ਥਾਵਾਂ 'ਤੇ ਭੇਜਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਪੋਂਪੀਓ ਨੇ ਕਿਹਾ ਕਿ ਚੀਨ ਦੀ ਸੱਤਾਧਾਰੀ ਕਮਿਉਨਿਸਟ ਪਾਰਟੀ ਦੇ ਕਦਮ ਇਹ ਦਰਸਾਉਂਦੇ ਹਨ ਕਿ ਭਾਰਤ ਦੇ ਸਾਹਮਣੇ ਚੁਣੌਤੀ, ਵਿਅਤਨਾਮ ਨੂੰ ਖਤਰਾ, ਮਲੇਸ਼ੀਆ, ਇੰਡੋਨੇਸ਼ੀਆ ਅਤੇ ਦੱਖਣੀ ਚੀਨ ਸਾਗਰ ਵਿੱਚ ਵੀ ਚੀਨ ਦੀ ਚੁਣੌਤੀ ਹੈ।
  ਪੋਂਪੀਓ ਨੇ ਅੱਗੇ ਕਿਹਾ, “ਅਸੀਂ ਇਹ ਸੁਨਿਸ਼ਚਿਤ ਕਰਨ ਜਾ ਰਹੇ ਹਾਂ ਕਿ ਯੂਐਸ ਆਰਮੀ ਦੀ ਤੈਨਾਤੀ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਢੁਕਵੀਂ ਹੈ। ਦੱਸ ਦੇਈਏ ਕਿ ਏਸ਼ੀਆ ਵਿੱਚ ਹਿੰਦ ਮਹਾਂਸਾਗਰ ਤੋਂ ਇਲਾਵਾ ਜਾਪਾਨ, ਦੱਖਣੀ ਕੋਰੀਆ ਅਤੇ ਫਿਲਪੀਨਜ਼ ਵਿੱਚ ਅਮਰੀਕਾ ਦੇ ਸੈਨਿਕ ਅੱਡੇ ਹਨ। ਅਮਰੀਕਾ ਦੀ ਇਹ ਟਿੱਪਣੀ ਉਸ ਸਮੇਂ ਆਈ ਹੈ ਜਦੋਂ ਗਲਵਾਨ ਘਾਟੀ ਵਿੱਚ ਚੀਨ ਅਤੇ ਭਾਰਤ ਦਰਮਿਆਨ ਹਿੰਸਕ ਝੜਪਾਂ ਹੋਈਆਂ ਹਨ। ਪੌਂਪਿਓ ਨੇ ਪਿੱਛਲੇ ਹਫ਼ਤੇ ਭਾਰਤ ਨਾਲ ਤਣਾਅ ਵਧਾਉਣ ਅਤੇ ਦੱਖਣੀ ਚੀਨ ਸਾਗਰ ਨੂੰ ਮਿਲਟਰੀਕਰਨ ਕਰਨ ਲਈ ਚੀਨੀ ਫੌਜ ਦੀ ਅਲੋਚਨਾ ਕੀਤੀ ਸੀ। ਉਸ ਨੇ ਚੀਨੀ ਕਮਿਉਨਿਸਟ ਪਾਰਟੀ ਨੂੰ ਗੈਰ ਜ਼ਿੰਮੇਵਾਰਾਨਾ ਵੀ ਕਿਹਾ। ਪੋਂਪਿਓ ਨੇ ਕਿਹਾ ਸੀ, “ਪੀਐਲਏ ਨੇ ਭਾਰਤ ਨਾਲ ਸਰਹੱਦੀ ਵਿਵਾਦ ਨੂੰ ਵਧਾ ਦਿੱਤਾ ਹੈ, ਜੋ ਕਿ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਇਹ ਦੱਖਣੀ ਚੀਨ ਸਾਗਰ ਨੂੰ ਮਿਲਟਰੀਕਰਨ ਕਰ ਰਿਹਾ ਹੈ, ਉਥੇ ਨਾਜਾਇਜ਼ terrਢੰਗ ਨਾਲ ਕਬਜ਼ਾ ਕਰ ਰਿਹਾ ਹੈ ਅਤੇ ਮਹੱਤਵਪੂਰਨ ਸਮੁੰਦਰੀ ਰਸਤਿਆਂ ਨੂੰ ਖ਼ਤਰਾ ਪੈਦਾ ਕਰ ਰਿਹਾ ਹੈ।
  ਬ੍ਰਸੇਲਜ਼ ਫੋਰਮ 2020 'ਚ ਸ਼ਾਮਿਲ ਹੁੰਦੇ ਹੋਏ, ਪੋਮਪੀਓ ਨੇ ਕਿਹਾ ਕਿ ਅਸੀਂ ਇਹ ਯਕੀਨੀ ਬਣਾਉਣ ਜਾ ਰਹੇ ਹਾਂ ਕਿ ਸਾਡੀ ਤਾਇਨਾਤੀ ਅਜਿਹੀ ਹੈ ਕਿ ਅਸੀਂ ਪੀਐਲਏ ਦਾ ਮੁਕਾਬਲਾ ਕਰ ਸਕੀਏ। ਉਨ੍ਹਾਂ ਕਿਹਾ ਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਸਾਡੇ ਸਮੇਂ ਦੀ ਚੁਣੌਤੀ ਹੈ ਅਤੇ ਅਸੀਂ ਇਸ ਨਾਲ ਨਜਿੱਠਣ ਲਈ ਸਾਰੇ ਸਰੋਤਾਂ ਨੂੰ ਉਪਲਬਧ ਰੱਖਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਦੱਸ ਦੇਈਏ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹਦਾਇਤ 'ਤੇ ਅਮਰੀਕਾ ਸੈਨਿਕਾਂ ਦੀ ਤਾਇਨਾਤੀ ਦੀ ਸਮੀਖਿਆ ਕਰ ਰਿਹਾ ਹੈ ਅਤੇ ਜਰਮਨੀ ਵਿੱਚ ਇਸ ਦੀਆਂ ਫੌਜਾਂ ਦੀ ਗਿਣਤੀ 52 ਹਜ਼ਾਰ ਤੋਂ ਘੱਟ ਕੇ 25 ਹਜ਼ਾਰ ਰਹਿ ਗਈ ਹੈ।

  - ਸੁਖਵਿੰਦਰ ਸਿੰਘ ਮੁੱਲਾਂਪੁਰ
  --
  ਮਹਾਰਾਜਾ ਰਣਜੀਤ ਸਿੰਘ ਦਾ ਜਨਮ 2 ਨਵੰਬਰ 1780 ਨੂੰ ਗੁੱਜਰਾਂਵਾਲੇ (ਹੁਣ ਪਾਕਿਸਤਾਨ 'ਚ) ਸਰਦਾਰ ਮਹਾਂ ਸਿੰਘ ਦੇ ਘਰ ਮਾਤਾ ਰਾਜ ਕੌਰ ਦੀ ਕੁੱਖੋਂ ਹੋਇਆ ਸੀ। ਗੁੱਜਰਾਂਵਾਲਾ ਵਿਚ ਉਨ੍ਹਾਂ ਦੇ ਜਨਮ ਅਸਥਾਨ ਵਾਲੀ ਥਾਂ 'ਤੇ ਹੁਣ ਮਿਊਂਸੀਪਲ ਕਮੇਟੀ ਦਾ ਦਫ਼ਤਰ ਅਤੇ ਟਾਊਨ ਹਾਲ ਹੈ। ਜਿਸ ਕਮਰੇ ਵਿਚ ਉਨ੍ਹਾਂ ਦਾ ਜਨਮ ਹੋਇਆ ਉਸ ਦੇ ਬਾਹਰ ਸ਼ਿਲਾਲੇਖ ਲੱਗਾ ਹੋਇਆ ਹੈ ਜਿਸ 'ਤੇ 'ਜਨਮ ਮਹਾਰਾਜਾ ਰਣਜੀਤ ਸਿੰਘ' ਲਿਖਿਆ ਹੋਇਆ ਹੈ। ਇਕ ਹੋਰ ਲਿਖਤ 'ਤੇ ਮਹਾਰਾਜਾ ਦਾ ਜਨਮ 2 ਨਵੰਬਰ 1780 ਲਿਖਿਆ ਹੋਇਆ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਉਨ੍ਹਾਂ ਦੀ ਬਹਾਦਰੀ ਸਦਕਾ 'ਸ਼ੇਰ-ਏ-ਪੰਜਾਬ' ਵੀ ਕਿਹਾ ਜਾਂਦਾ ਸੀ।

  ਲੰਡਨ (ਪੀਟੀਆਈ) : ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਸਰਕਾਰ ਦੀ ਸਹਾਇਤਾ ਪ੍ਰਾਪਤ ਨੈਸ਼ਨਲ ਹੈਲਥ ਸਰਵਿਸ (ਐੱਨਐੱਚਐੱਸ) ਲਈ ਫੰਡ ਇਕੱਠਾ ਕਰਨ ਵਾਲੇ ਬਰਤਾਨੀਆ ਦੇ 73 ਸਾਲਾ 'ਸਕਿਪਿੰਗ ਸਿੱਖ (ਰੱਸੀ ਟੱਪਣ ਵਾਲੇ ਸਿੱਖ) ਰਜਿੰਦਰ ਸਿੰਘ ਨੂੰ 'ਪੁਆਇੰਟ ਆਫ ਲਾਈਟ' ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ। ਕੋਰੋਨਾ ਵਾਇਰਸ 'ਤੇ ਕਾਬੂ ਪਾਉਣ ਲਈ ਲਾਗੂ ਲਾਕਡਾਊਨ ਦੌਰਾਨ ਰੱਸੀ ਟੱਪਣ ਵਾਲੀਆਂ ਆਪਣੀਆਂ ਵੀਡੀਓਜ਼ ਦੀ ਮਦਦ ਨਾਲ ਉਨ੍ਹਾਂ ਨੇ ਧਨ ਇਕੱਠਾ ਕੀਤਾ। ਸੋਸ਼ਲ ਮੀਡੀਆ 'ਤੇ ਉਹ 'ਸਕਿਪਿੰਗ ਸਿੱਖ' ਦੇ ਰੂਪ ਵਿਚ ਮਸ਼ਹੂਰ ਹੋਏ। ਪੱਛਮੀ ਲੰਡਨ ਦੇ ਹਰਲਿੰਗਟਨ ਦੇ ਰਜਿੰਦਰ ਸਿੰਘ ਨੇ ਇਸ ਸਾਲ ਦੀ ਸ਼ੁਰੂਆਤ 'ਚ ਸੋਸ਼ਲ ਮੀਡੀਆ 'ਤੇ ਆਪਣੀਆਂ ਵੀਡੀਓਜ਼ ਪੋਸਟ ਕਰਨੀਆਂ ਸ਼ੁਰੂ ਕੀਤੀਆਂ ਸਨ। ਉਨ੍ਹਾਂ ਦੀਆਂ ਵੀਡੀਓਜ਼ ਨੂੰ ਯੂ-ਟਿਊਬ 'ਤੇ 2,50,000 ਤੋਂ ਜ਼ਿਆਦਾ ਲੋਕਾਂ ਨੇ ਦੇਖਿਆ। ਆਪਣੀਆਂ ਵੀਡੀਓਜ਼ ਨਾਲ ਉਨ੍ਹਾਂ ਨੇ ਲੋਕਾਂ ਨੂੰ ਲਾਕਡਾਊਨ ਵਿਚ ਸਰਗਰਮ ਰਹਿਣ ਲਈ ਪ੍ਰੇਰਿਤ ਕੀਤਾ ਤੇ ਐੱਨਐੱਚਐੱਸ ਲਈ ਧਨ ਇਕੱਠਾ ਕੀਤਾ। ਜੌਨਸਨ ਨੇ ਇਸ ਹਫ਼ਤੇ ਰਜਿੰਦਰ ਸਿੰਘ ਨੂੰ ਭੇਜੇ ਨਿੱਜੀ ਪੱਤਰ ਵਿਚ ਲਿਖਿਆ ਹੈ, 'ਤੁਹਾਡੀਆਂ 'ਸਕਿਪਿੰਗ ਸਿੱਖ' ਫਿਟਨੈੱਸ ਵੀਡੀਓਜ਼ ਨੇ ਦੁਨੀਆ ਭਰ ਵਿਚ ਹਜ਼ਾਰਾਂ ਲੋਕਾਂ ਨੂੰ ਪ੍ਰੇਰਿਤ ਕੀਤਾ। ਲੋਕਾਂ ਨੇ ਇਹ ਵੀਡੀਓਜ਼ ਆਨਲਾਈਨ ਦੇਖੀਆਂ ਤੇ ਤੁਹਾਡੇ ਨਾਲ ਰੋਜ਼ਾਨਾ ਕਸਰਤ ਕੀਤੀ। ਤੁਸੀਂ ਸਿੱਖ ਭਾਈਚਾਰੇ ਨੂੰ ਇਕਜੁਟ ਕਰਨ ਅਤੇ ਉਨ੍ਹਾਂ ਵਿਚ ਊਰਜਾ ਭਰਨ ਦਾ ਬਿਹਤਰੀਨ ਤਰੀਕਾ ਲੱਭਿਆ।' ਪ੍ਰਧਾਨ ਮੰਤਰੀ 'ਪੁਆਇੰਟ ਆਫ ਲਾਈਟ' ਪੁਰਸਕਾਰ ਹਰ ਹਫ਼ਤੇ ਦੇ ਅਖੀਰ ਵਿਚ ਉਨ੍ਹਾਂ ਲੋਕਾਂ ਨੂੰ ਪ੍ਰਦਾਨ ਕਰਦੇ ਹਨ ਜੋ ਆਪਣੇ ਭਾਈਚਾਰੇ ਵਿਚ ਤਬਦੀਲੀ ਲਿਆ ਰਹੇ ਹਨ ਤੇ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਨ। ਇਹ ਸਨਮਾਨ ਮਿਲਣ 'ਤੇ ਰਜਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਜੌਨਸਨ ਦਾ ਧੰਨਵਾਦ ਕੀਤਾ ਅਤੇ ਕਿਹਾ, 'ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ। ਮੈਂ 'ਪੁਆਇੰਟ ਆਫ ਲਾਈਟ' ਪੁਰਸਕਾਰ ਹਾਸਲ ਕਰ ਕੇ ਬਹੁਤ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਇਕ ਸਿੱਖ ਹੋਣ ਦੇ ਨਾਤੇ ਮੈਨੂੰ ਦੂਜਿਆਂ ਦੀ ਸੇਵਾ ਕਰਨਾ ਚੰਗਾ ਲੱਗਦਾ ਹੈ।

  ਫਰੀਦਕੋਟ - ਕੋਟਕਪੂਰਾ ਅਤੇ ਬਹਿਬਲ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਅੱਜ ਫਰੀਦਕੋਟ ਦੇ ਸੈਸ਼ਨ ਜੱਜ ਨੂੰ ਲਿਖਤੀ ਸ਼ਿਕਾਇਤ ਦੇ ਕੇ ਕਿਹਾ ਕਿ ਬੇਅਦਬੀ ਕਾਂਡ ਨਾਲ ਸਬੰਧਤ ਕੁਝ ਕੇਸਾਂ ਦੀ ਸੁਣਵਾਈ ਅਜਿਹੇ ਜੱਜਾਂ ਨੂੰ ਸੌਂਪੀ ਗਈ ਹੈ, ਜੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਪਰਿਵਾਰਕ ਮੈਂਬਰ ਅਤੇ ਬੇਹੱਦ ਕਰੀਬੀ ਹਨ।
  ਟੀਮ ਦੇ ਮੈਂਬਰ ਆਈਜੀ ਕੰਵਰ ਵਿਜੈ ਪ੍ਰਤਾਪ ਸਿੰਘ ਨੇ ਜ਼ਿਲ੍ਹਾ ਅਟਾਰਨੀ ਰਾਹੀਂ ਕਾਰਜਕਾਰੀ ਸੈਸ਼ਨ ਜੱਜ ਫਰੀਦਕੋਟ ਦੀ ਅਦਾਲਤ ’ਚ ਅਰਜ਼ੀ ਦੇ ਕੇ ਖੁਲਾਸਾ ਕੀਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਕੋਟਕਪੂਰਾ ਅਤੇ ਬਹਿਬਲ ਗੋਲੀ ਕਾਂਡ ਵਾਪਰੇ ਸਨ, ਜਿਸ ’ਚ ਵਿਸ਼ੇਸ਼ ਜਾਂਚ ਟੀਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਪੁੱਛਗਿੱਛ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਕੁਝ ਕੇਸਾਂ ’ਚ ਮੁਲਜ਼ਮ ਵਜੋਂ ਸ਼ਾਮਲ ਕੀਤਾ ਜਾ ਸਕਦਾ ਹੈ। ਕੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਫ਼ਰੀਦਕੋਟ ਦੇ ਇੱਕ ਅਜਿਹੇ ਜੱਜ ਨੂੰ ਇਨ੍ਹਾਂ ਕੇਸਾਂ ਦੀ ਸੁਣਵਾਈ ਦਿੱਤੀ ਗਈ ਹੈ, ਜੋ ਬਾਦਲਾਂ ਦਾ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਹੈ। ਸੂਤਰਾਂ ਅਨੁਸਾਰ ਕਾਰਜਕਾਰੀ ਸੈਸ਼ਨ ਜੱਜ ਫ਼ਰੀਦਕੋਟ ਨੇ ਸੁਣਵਾਈ ਕਰਨ ਵਾਲੇ ਜੱਜ ਹਰਵਿੰਦਰ ਸਿੰਘ ਸਿੰਧੀਆ ਨੂੰ ਪੱਤਰ ਭੇਜ ਕੇ ਆਈਜੀ ਕੰਵਰ ਵਿਜੇ ਪ੍ਰਤਾਪ ਵੱਲੋਂ ਦਿੱਤੀ ਗਈ ਸ਼ਿਕਾਇਤ ’ਤੇ ਲਿਖਤੀ ਟਿੱਪਣੀ ਕਰਨ ਲਈ ਕਿਹਾ ਹੈ। ਸੈਸ਼ਨ ਜੱਜ ਫ਼ਰੀਦਕੋਟ ਕੰਵਰ ਵਿਜੇ ਪ੍ਰਤਾਪ ਦੀ ਅਰਜ਼ੀ ’ਤੇ 29 ਜੂਨ ਨੂੰ ਦੁਬਾਰਾ ਸੁਣਵਾਈ ਕਰਨਗੇ। ਆਈਜੀ ਕੰਵਰ ਵਿਜੈ ਪ੍ਰਤਾਪ ਸਿੰਘ ਨੇ ਇਸ ਬਾਰੇ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com