ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਰਿਕਾਰਡ 17296 ਨਵੇਂ ਕੇਸ, ਕੁੱਲ ਕੇਸਾਂ ਦੀ ਗਿਣਤੀ ਪੰਜ ਲੱਖ ਨੇੜੇ ਢੁੱਕੀ
  ਨਵੀਂ ਦਿੱਲੀ - ਸ਼ੁੱਕਰਵਾਰ ਨੂੰ ਭਾਰਤ ਵਿਚ ਕੋਵਿਡ-19 ਦੇ ਨਵੇਂ ਕੇਸ 17,000 ਨੂੰ ਪਾਰ ਕਰ ਗਏ, ਜੋ ਹੁਣ ਤੱਕ ਇਕ ਦਿਨ ਵਿੱਚ ਸਭ ਤੋਂ ਵੱਧ ਮਾਮਲੇ ਹਨ। ਇਸ ਦੇ ਨਾਲ ਹੀ ਕਰੋਨਾ ਪੀੜਤਾਂ ਦੀ ਗਿਣਤੀ 4,90,401 ਤੱਕ ਪਹੁੰਚ ਗਈ ਜਦੋਂ ਕਿ ਬੀਤੇ ਚੌਵੀ ਘੰਟਿਆਂ ਦੌਰਾਨ 407 ਹੋਰ ਮੌਤਾਂ ਨਾਲ ਕੁੱਲ ਮੌਤਾਂ ਦਾ ਅੰਕੜਾ 15,301 ਤੱਕ ਪਹੁੰਚ ਗਿਅਾ ਹੈ। ਕੁੱਲ ਕੇਸਾਂ ਵਿੱਚ 50 ਫੀਸਦ ਤੋਂ ਵੱਧ ਦਸ ਸ਼ਹਿਰਾਂ ਤੇ ਜ਼ਿਲ੍ਹਿਆਂ ਤੋਂ ਰਿਪੋਰਟ ਹੋਏ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਇੱਕ ਦਿਨ ਵਿੱਚ ਸਭ ਤੋਂ ਵੱਧ 17,296 ਕਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਊਂਜ ਅੱਜ ਲਗਾਤਾਰ ਸੱਤਵਾਂ ਦਿਨ ਹੈ ਜਦੋਂ 14000 ਤੋਂ ਵੱਧ ਕੇਸਾਂ ਤੋਂ ਪਰਦਾ ਚੁੱਕਿਆ ਗਿਆ ਹੈ। ਸਰਗਰਮ ਕੇਸਾਂ ਦੀ ਗਿਣਤੀ 1,89,463 ਹੈ ਜਦੋਂਕਿ ਪਿਛਲੇ 24 ਘੰਟਿਆਂ ’ਚ 13940 ਮਰੀਜ਼ਾਂ ਦੇ ਠੀਕ ਹੋਣ ਨਾਲ ਹੁਣ ਤਕ 2,85,636 ਵਿਅਕਤੀ ਲਾਗ ਤੋਂ ਉੱਭਰਨ ਵਿੱਚ ਸਫ਼ਲ ਰਹੇ ਹਨ। ਸਿਹਤਯਾਬ ਹੋਣ ਵਾਲਿਆਂ ਦੀ ਦਰ 58.24 ਫੀਸਦ ਹੋ ਗਈ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਦਿੱਲੀ, ਚੇਨੱਈ, ਠਾਣੇ, ਮੁੰਬਈ, ਪਾਲਗੜ੍ਹ, ਪੁਣੇ, ਹੈਦਰਾਬਾਦ, ਰੰਗਾ ਰੈੱਡੀ, ਅਹਿਮਦਾਬਾਦ ਤੇ ਫ਼ਰੀਦਾਬਾਦ ਉਨ੍ਹਾਂ 10 ਜ਼ਿਲ੍ਹਿਆਂ ਤੇ ਸ਼ਹਿਰਾਂ ਵਿੱਚ ਸ਼ੁਮਾਰ ਹਨ, ਜਿੱਥੇ 19 ਜੂਨ ਤੋਂ 25 ਜੂਨ ਦਰਮਿਆਨ ਰਿਪੋਰਟ ਹੋਏ ਕੇਸ, ਕੁੱਲ ਕੇਸਾਂ ਦਾ 54.47 ਫੀਸਦ ਬਣਦੇ ਹਨ। ਪਹਿਲੀ ਜੂਨ ਤੋਂ ਅੱਜ ਤਕ ਕਰੋਨਾ ਪੀੜਤਾਂ ਦੀ ਗਿਣਤੀ ਵਿੱਚ 2,99,866 ਕੇਸਾਂ ਦਾ ਇਜ਼ਾਫਾ ਹੋਇਆ ਹੈ। ਇਸ ਅਰਸੇ ਦੌਰਾਨ 96,173 ਲੋਕ ਸਿਹਤਯਾਬ ਹੋਏ।
  ਦਿੱਲੀ ਵਿੱਚ ਕੋਵਿਡ-19 ਦੇ ਵਿਆਪਕ ਵਿਸ਼ਲੇਸ਼ਣ ਤੇ ਮਹਾਮਾਰੀ ਦੇ ਟਾਕਰੇ ਲਈ ਮੋਕਲੀ ਰਣਨੀਤੀ ਘੜਨ ਦੇ ਇਰਾਦੇ ਨਾਲ ਸ਼ਨਿੱਚਰਵਾਰ ਤੋਂ ਕੌਮੀ ਰਾਜਧਾਨੀ ਵਿੱਚ ਸਿਰੋਲੋਜੀਕਲ (ਖ਼ੂਨ ਵਿੱੱਚ ਐਂਟੀਬੌਡੀਜ਼ ਦੀ ਜਾਂਚ ਲਈ ਟੈਸਟ) ਸਰਵੇਖਣ ਕੀਤਾ ਜਾਵੇਗਾ। ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਸਰਵੇਖਣ ਡਿਜ਼ੀਜ਼ ਕੰਟਰੋਲ ਬਾਰੇ ਕੌਮੀ ਸੈਂਟਰ (ਐੱਨਸੀਡੀਸੀ) ਤੇ ਦਿੱਲੀ ਸਰਕਾਰ ਵੱਲੋਂ ਮਿਲ ਕੇ ਕੀਤਾ ਜਾਵੇਗਾ।

  ਫ਼ਰੀਦਕੋਟ - ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੇ ਕੋਟਕਪੂਰਾ ਗੋਲੀ ਕਾਂਡ ਵਿੱਚ ਵਿਸ਼ੇਸ਼ ਜਾਂਚ ਟੀਮ ਨੇ ਸਿਟੀ ਕੋਟਕਪੂਰਾ ਦੇ ਤਤਕਾਲੀ ਐੱਸਐੱਚਓ ਗੁਰਦੀਪ ਸਿੰਘ ਪੰਧੇਰ ਨੂੰ ਦੇਰ ਰਾਤ ਗ੍ਰਿਫ਼ਤਾਰ ਕਰ ਲਿਆ। ਗੁਰਦੀਪ ਪੰਧੇਰ ਉੱਪਰ ਸਰਕਾਰੀ ਕਾਰਤੂਸਾਂ ਨੂੰ ਖੁਰਦ-ਬੁਰਦ ਕਰਨ ਅਤੇ ਸਿੱਖਾਂ ਸੰਗਤਾਂ ਨੂੰ ਦੋਸ਼ੀ ਸਾਬਤ ਕਰਨ ਲਈ ਕਥਿਤ ਤੌਰ ’ਤੇ ਫਰਜ਼ੀ ਰਿਕਾਰਡ ਤਿਆਰ ਕਰਨ ਦੇ ਦੋਸ਼ ਹਨ। ਐੱਸਆਈਟੀ ਨੇ ਅੱਜ ਗੁਰਦੀਪ ਪੰਧੇਰ ਨੂੰ ਇੱਥੇ ਡਿਊਟੀ ਮੈਜਿਸਟਰੇਟ ਹਰਵਿੰਦਰ ਸਿੰਘ ਸਿੰਧੀਆ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਇੰਸਪੈਕਟਰ ਪੰਧੇਰ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਿਟੀ ਪੁਲੀਸ ਕੋਟਕਪੂਰਾ ਨੇ 14 ਅਕਤੂਬਰ 2015 ਦੀ ਸਵੇਰ ਸ਼ਾਂਤਮਈ ਧਰਨੇ ’ਤੇ ਬੈਠੀ ਸਿੱਖ ਸੰਗਤ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਬਾਅਦ ’ਚ ਉਨ੍ਹਾਂ ਖ਼ਿਲਾਫ਼ ਹੀ ਮੁਕੱਦਮਾ ਨੰ. 192, ਅ/ਧ 307, 353, 332, 323, 382, 435, 120-ਬੀ ਅਤੇ ਜਨਤਕ ਜਾਇਦਾਦ ਨੁਕਸਾਨ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਸੀ। ਇਹ ਪਰਚਾ ਐੱਸਐੱਚਓ ਗੁਰਦੀਪ ਪੰਧੇਰ ਦੀ ਸ਼ਿਕਾਇਤ ’ਤੇ ਦਰਜ ਹੋਇਆ ਸੀ ਜਿਸ ਨੇ ਆਪਣੀ ਸ਼ਿਕਾਇਤ ਵਿੱਚ ਦਾਅਵਾ ਕੀਤਾ ਸੀ ਕਿ ਪੁਲੀਸ ਨੇ ਸਵੈ-ਰੱਖਿਆ ਲਈ ਕੁਝ ਗੋਲੀਆਂ ਚਲਾਈਆਂ ਸਨ। ਇੰਸਪੈਕਟਰ ਪੰਧੇਰ ਅਨੁਸਾਰ ਪੁਲੀਸ ਮੁਲਾਜ਼ਮ ਗੁਰਬਿੰਦਰ ਸਿੰਘ, ਬਲਵੰਤ ਸਿੰਘ, ਜੰਗ ਸਿੰਘ ਅਤੇ ਦੋ ਹੋਰ ਪੁਲੀਸ ਮੁਲਾਜ਼ਮਾਂ ਨੇ ਦੋ-ਦੋ ਫਾਇਰ ਕੀਤੇ ਸਨ ਪਰ ਇਨ੍ਹਾਂ ਸਾਰੇ ਮੁਲਾਜ਼ਮਾਂ ਨੇ ਅਦਾਲਤ ’ਚ ਬਿਆਨ ਦਿੱਤੇ ਕਿ ਉਨ੍ਹਾਂ ਨੇ 14 ਅਕਤੂਬਰ 2015 ਨੂੰ ਕੋਟਕਪੂਰਾ ’ਚ ਕੋਈ ਫਾਇਰਿੰਗ ਨਹੀਂ ਕੀਤੀ। ਵਿਸ਼ੇਸ਼ ਜਾਂਚ ਟੀਮ ਵੱਲੋਂ ਅਦਾਲਤ ’ਚ ਪੇਸ਼ ਹੋਏ ਜ਼ਿਲ੍ਹਾ ਅਟਾਰਨੀ ਰਜਨੀਸ਼ ਕੁਮਾਰ ਗੋਇਲ ਨੇ ਅਦਾਲਤ ਨੂੰ ਦੱਸਿਆ ਕਿ ਅਸਲ ਵਿੱਚ ਗੁਰਦੀਪ ਸਿੰਘ ਪੰਧੇਰ ਨੇ 10 ਸਰਕਾਰੀ ਕਾਰਤੂਸ ਖੁਰਦ-ਬੁਰਦ ਕਰ ਦਿੱਤੇ ਅਤੇ ਇਹ ਕਾਰਤੂਸ ਚੱਲੇ ਦਿਖਾਉਣ ਲਈ ਥਾਣੇ ਦੇ 19 ਨੰਬਰ ਰਜਿਸਟਰ ਵਿੱਚ ਫਰਜ਼ੀ ਇੰਦਰਾਜ ਕਰ ਦਿੱਤੇ।

  ਚੰਡੀਗੜ੍ਹ - ਪੰਜਾਬ ’ਚ ਪਿਛਲੇ 24 ਘੰਟਿਆਂ ਦੌਰਾਨ 7 ਹੋਰ ਕਰੋਨਾ ਪੀੜਤਾਂ ਦੀ ਮੌਤ ਹੋਣ ਕਾਰਨ ਮ੍ਰਿਤਕਾਂ ਦੀ ਅੰਕੜਾ 120 ਹੋ ਗਿਆ ਹੈ ਜਦਕਿ 142 ਸੱਜਰੇ ਮਾਮਲਿਆਂ ਨਾਲ ਪੀੜਤਾਂ ਦੀ ਗਿਣਤੀ 4769 ਤੱਕ ਪਹੁੰਚ ਗਈ ਹੈ। ਸਿਹਤ ਵਿਭਾਗ ਮੁਤਾਬਕ ਸੰਗਰੂਰ ਜ਼ਿਲ੍ਹੇ ’ਚ 2, ਅੰਮ੍ਰਿਤਸਰ ’ਚ 2, ਮੋਗਾ, ਤਰਨ ਤਾਰਨ ਅਤੇ ਲੁਧਿਆਣਾ ’ਚ 1-1 ਵਿਅਕਤੀ ਦੀ ਮੌਤ ਹੋਈ ਹੈ। ਸੱਜਰੇ ਮਾਮਲਿਆਂ ’ਚ ਅੰਮ੍ਰਿਤਸਰ ਮੋਹਰੀ ਰਿਹਾ।
  ਇਸ ਜ਼ਿਲ੍ਹੇ ’ਚ 31, ਜਲੰਧਰ ’ਚ 25, ਸੰਗਰੂਰ ’ਚ 21, ਲੁਧਿਆਣਾ ’ਚ 19, ਮੁਕਤਸਰ ’ਚ 9, ਪਟਿਆਲਾ ’ਚ 8, ਮੋਗਾ ਤੇ ਕਪੂਰਥਲਾ ’ਚ 6-6, ਮੁਹਾਲੀ ਤੇ ਫਿਰੋਜ਼ਪੁਰ ’ਚ 4-4, ਫਾਜ਼ਿਲਕਾ ਤੇ ਗੁਰਦਾਸਪੁਰ ’ਚ 2-2, ਤਰਨ ਤਾਰਨ, ਹੁਸ਼ਿਆਰਪੁਰ, ਫਰੀਦਕੋਟ, ਰੋਪੜ ਤੇ ਮਾਨਸਾ ’ਚ 1-1 ਮਾਮਲਾ ਸਾਹਮਣੇ ਆਇਆ ਹੈ। ਸੰਗਰੂਰ ਜ਼ਿਲ੍ਹੇ ’ਚ ਹੁਣ ਤੱਕ 9, ਅੰਮ੍ਰਿਤਸਰ ’ਚ 36, ਲੁਧਿਆਣਾ ’ਚ 19, ਜਲੰਧਰ ’ਚ 18, ਪਟਿਆਲਾ, ਹੁਸ਼ਿਆਰਪੁਰ, ਪਠਾਨਕੋਟ ਤੇ ਕਪੂਰਥਲਾ ’ਚ 5-5 ਮੌਤਾਂ ਹੋ ਚੁੱਕੀਆਂ ਹਨ। ਪੰਜਾਬ ’ਚ ਹੁਣ ਤੱਕ 3192 ਵਿਅਕਤੀਆਂ ਠੀਕ ਹੋਏ ਹਨ।

  ਹੁਸ਼ਿਆਰਪੁਰ - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਕਿਸਾਨਾਂ ਪ੍ਰਤੀ ਦੋਗਲੀ ਨੀਤੀ ਅਪਨਾਉਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ਮੰਤਰੀ ਅਹੁਦੇ ਦੇ ਲਾਲਚ ’ਚ ਬਾਦਲ ਕਿਸਾਨਾਂ ਦੇ ਹਿੱਤਾਂ ਨਾਲ ਧ੍ਰੋਹ ਕਮਾ ਰਹੇ ਹਨ। ਅੱਜ ਇੱਥੇ ਕਣਕ ਮੰਡੀ ਪੁੱਜੇ ਜਾਖੜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਨੂੰ ਖੇਤੀ ਆਰਡੀਨੈਂਸਾਂ ਬਾਰੇ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਸਮਾਂ ਜੱਕੋਤੱਕੀ ਵਾਲਾ ਨਹੀਂ, ਸਗੋਂ ਕਿਸਾਨਾਂ ਨਾਲ ਖੁੱਲ੍ਹ ਕੇ ਖੜ੍ਹੇ ਹੋਣ ਦਾ ਹੈ। ਉਨ੍ਹਾਂ ਕਿਹਾ ਕਿ ਜੇ ਆਰਡੀਨੈਂਸਾਂ ਨੂੰ ਰੱਦ ਨਾ ਕੀਤਾ ਗਿਆ ਤਾਂ ਜ਼ਮੀਨਾਂ ਦੇ ਮਾਲਕ ਖੇਤ ਮਜ਼ਦੂਰ ਬਣ ਕੇ ਰਹਿ ਜਾਣਗੇ। ਸ੍ਰੀ ਜਾਖੜ ਨੇ ਕਿਹਾ ਕਿ ਸੁਖਬੀਰ ਬਾਦਲ ਦੋ ਬੇੜੀਆਂ ’ਚ ਸਵਾਰ ਹਨ। ਕੋਈ ਸਮਾਂ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਖ਼ਾਤਰ ਹਰ ਕੁਰਬਾਨੀ ਲਈ ਤਿਆਰ ਰਹਿੰਦਾ ਸੀ ਪਰ ਅੱਜ ਹਾਲਾਤ ਇਹ ਹਨ ਕਿ ਇਕ ਮੰਤਰੀ ਦੀ ਕੁਰਸੀ ਨੂੰ ਹੀ ਵੱਡੀ ਕੁਰਬਾਨੀ ਸਮਝਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਭਾਈਵਾਲ ਭਾਰਤੀ ਜਨਤਾ ਪਾਰਟੀ ਨੇ ਸਾਜ਼ਿਸ਼ ਤਹਿਤ ਲੁਕਵੇਂ ਢੰਗ ਨਾਲ ਕਾਲਾ ਕਾਨੂੰਨ ਪਾਸ ਕੀਤਾ ਹੈ, ਜਿਸ ਨਾਲ ਕਿਸਾਨ ਰੁਲ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ਨੂੰ ਖਤਮ ਕਰਨਾ ਚਾਹੁੰਦੀ ਹੈ ਅਤੇ ਇਸ ਬਾਰੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਬਿਆਨ ਵੀ ਦੇ ਚੁੱਕੇ ਹਨ। ਭਾਜਪਾ ਐੱਮਐੱਸਪੀ ਨੂੰ ਨਹੀਂ, ਸਗੋਂ ਕਿਸਾਨਾਂ ਨੂੰ ਵੀ ਬੋਝ ਦੱਸ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਇਹ ਆਰਡੀਨੈਂਸ ਰੱਦ ਨਾ ਹੋਏ ਤਾਂ ਕਿਸਾਨਾਂ ਨਾਲ ਨਾਇਨਸਾਫ਼ੀ ਹੋਵੇਗੀ। ਜਾਖੜ ਨੇ ਤੇਲ ਦੀਆਂ ਕੀਮਤਾਂ ’ਚ ਹੋ ਰਹੇ ਵਾਧੇ ਦੀ ਵੀ ਨਿੰਦਾ ਕੀਤੀ।
  ਸੁਨੀਲ ਜਾਖੜ ਖੇਤੀ ਆਰਡੀਨੈਂਸਾਂ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਹੈਲੀਕਾਪਟਰ ਰਾਹੀਂ ਹੁਸ਼ਿਆਰਪੁਰ ਦੀ ਦਾਣਾ ਮੰਡੀ ਆਏ ਸਨ ਪਰ ਉਨ੍ਹਾਂ ਦੀ ਇਹ ਫ਼ੇਰੀ 5-7 ਮਿੰਟ ਵਿਚ ਹੀ ਮੁੱਕ ਗਈ। ਉਹ ਸਿਰਫ਼ ਇਕ ਹੀ ਕਿਸਾਨ ਨੂੰ ਮਿਲੇ, ਜਿਸ ਨੇ ਬੀਤੇ ਦਿਨੀਂ ਸੋਸ਼ਲ ਮੀਡੀਆ ’ਤੇ ਵੀਡੀਓ ਪਾ ਕੇ ਮੋਦੀ ਸਰਕਾਰ ਦੀ ਆਲੋਚਨਾ ਕੀਤੀ ਸੀ। ਜਾਖੜ ਉੱਥੇ ਹਾਜ਼ਰ ਕਾਂਗਰਸ ਪੱਖੀ ਆੜ੍ਹਤੀਆਂ ਨੂੰ ਵੀ ਮਿਲੇ।
  ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਕਿਸਾਨੀ ਲਈ ਬਹੁਤ ਹੀ ਹਾਨੀਕਾਰਕ ਸਿੱਧ ਹੋਣ ਵਾਲੇ ਆਰਡੀਨੈਂਸਾਂ ਦੀ ਹਮਾਇਤ ਕਰ ਕੇ ਸੂਬੇ ਅਤੇ ਕਿਸਾਨਾਂ ਦੇ ਹਿੱਤਾਂ ਨਾਲ ਗੱਦਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਗਏ ਆਰਡੀਨੈਂਸ ਜਿੱਥੇ ਸੂਬਿਆਂ ਦੇ ਅਧਿਕਾਰਾਂ ਉੱਤੇ ਛਾਪਾ ਮਾਰਦੇ ਹਨ ਉਥੇ ਇਨ੍ਹਾਂ ਦੇ ਲਾਗੂ ਹੋਣ ਨਾਲ ਘੱਟੋ ਘੱਟ ਸਮਰਥਨ ਮੁੱਲ ਉੱਤੇ ਫਸਲਾਂ ਦੀ ਯਕੀਨੀ ਖ਼ਰੀਦ ਵਾਲੇ ਚੱਲ ਰਹੇ ਮੰਡੀਕਰਨ ਸਿਸਟਮ ਦੇ ਖਾਤਮੇ ਦਾ ਵੀ ਮੁੱਢ ਬੱਝੇਗਾ।

  ਐਸ.ਏ.ਐਸ. ਨਗਰ (ਮੁਹਾਲੀ) - ਪੰਜਾਬ ਦੇ ਸਾਬਕਾ ਆਈਏਐਸ ਅਧਿਕਾਰੀ ਦੇ ਬੇਟੇ ਅਤੇ ਸਿਟਕੋ ਦੇ ਜੂਨੀਅਰ ਇੰਜਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਪੱਕੀ ਜ਼ਮਾਨਤ ਦੇਣ ਦੀ ਕਾਰਵਾਈ ਅੱਗੇ ਟਲ ਗਈ ਹੈ। ਮੁਹਾਲੀ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਮੋਨਿਕਾ ਗੋਇਲ ਦੀ ਅਦਾਲਤ ਨੇ ਅੱਜ ਫਿਰ ਸੈਣੀ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਦੀ ਗ੍ਰਿਫ਼ਤਾਰੀ ’ਤੇ ਸਟੇਅ ਆਰਡਰ ਬਰਕਰਾਰ ਰੱਖੇ ਤੇ ਪੱਕੀ ਜ਼ਮਾਨਤ ਦੇਣ ਸਬੰਧੀ ਸੁਣਵਾਈ 6 ਜੁਲਾਈ ਤੱਕ ਅੱਗੇ ਟਾਲ ਦਿੱਤੀ ਹੈ।
  ਪੰਜਾਬ ਸਰਕਾਰ ਵੱਲੋਂ ਇਸ ਬਹੁ-ਚਰਚਿਤ ਕੇਸ ਦੀ ਪੈਰਵੀ ਲਈ ਨਿਯੁਕਤ ਕੀਤੇ ਸਪੈਸ਼ਲ ਪਬਲਿਕ ਪ੍ਰਾਸੀਕਿਊਟਰ ਸਰਤੇਜ ਸਿੰਘ ਨਰੂਲਾ ਅਤੇ ਸਰਕਾਰੀ ਵਕੀਲ ਸੰਜੀਵ ਬੱਤਰਾ ਅਤੇ ਬਚਾਅ ਪੱਖ ਦੇ ਵਕੀਲ ਐੱਚ.ਐੱਸ. ਧਨੋਆ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਏ ਅਤੇ ਉਨ੍ਹਾਂ ਵਿੱਚ ਭਖਵੀਂ ਬਹਿਸ ਹੋਈ। ਇਸ ਮੌਕੇ ਪੀੜਤ ਪਰਿਵਾਰ ਦੇ ਵਕੀਲ ਪਰਦੀਪ ਸਿੰਘ ਵਿਰਕ ਵੀ ਹਾਜ਼ਰ ਸਨ। ਸ੍ਰੀ ਨਰੂਲਾ ਅਤੇ ਸ੍ਰੀ ਬੱਤਰਾ ਨੇ ਕਿਹਾ ਕਿ ਸਾਬਕਾ ਡੀਜੀਪੀ ਸੈਣੀ ਖ਼ਿਲਾਫ਼ ਪੁਲੀਸ ਵੱਲੋਂ ਹਾਲੇ ਤੱਕ ਧਾਰਾ 302 ਦੇ ਜੁਰਮ ਦਾ ਵਾਧਾ ਹੀ ਨਹੀਂ ਕੀਤਾ ਗਿਆ, ਫਿਰ ਸਟੇਅ ਬਰਕਰਾਰ ਰੱਖਣ ਦੀ ਕੋਈ ਤੁਕ ਨਹੀਂ ਬਣਦੀ। ਉਂਜ ਵੀ ਪੀੜਤ ਪਰਿਵਾਰ ਵੱਲੋਂ ਸਾਬਕਾ ਡੀਜੀਪੀ ਸੈਣੀ ਖ਼ਿਲਾਫ਼ ਦਰਜ ਕੇਸ ਦੀ ਸੁਣਵਾਈ ਦੂਜੀ ਅਦਾਲਤ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਗਈ ਹੈ ਜਿਸ ਦੀ ਸੁਣਵਾਈ 29 ਜੂਨ ਨੂੰ ਹੋਣੀ ਹੈ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੁਣਵਾਈ ਲਈ 6 ਜੁਲਾਈ ਦਾ ਦਿਨ ਨਿਰਧਾਰਿਤ ਕੀਤਾ ਹੈ।

  ਨਵੀਂ ਦਿੱਲੀ - ਇੱਕ ਪਾਸੇ ਚੀਨ ਦੇ ਨਾਲ ਗਲਵਾਨ ਘਾਟੀ ‘ਚ ਤਨਾਤਨੀ ਤਾਂ ਦੂਜੇ ਪਾਸੇ ਪਾਕਿਸਤਾਨ ਵੱਲੋਂ ਐਲਓਸੀ ‘ਤੇ ਜੰਗਬੰਦੀ ਦੀ ਉਲੰਘਣਾ ਤੇ ਅੱਤਵਾਦੀ ਸਾਜਿਸ਼ਾਂ ਦਾ ਦੋਸ਼ ਲਾਇਆ ਗਿਆ ਹੈ। ਇਸਲਾਮਿਕ ਕਾਰਪੋਰੇਸ਼ਨ ਦੇ ਸੰਗਠਨ ਨੇ ਜੰਮੂ-ਕਸ਼ਮੀਰ ਦੀ ਤਾਜ਼ਾ ਸਥਿਤੀ ਬਾਰੇ ਵਿਚਾਰ ਵਟਾਂਦਰੇ ਲਈ ਹੰਗਾਮੀ ਬੈਠਕ ਬੁਲਾਈ ਹੈ। ਇਸ ਸੰਸਥਾ ਦਾ ਉਦੇਸ਼ ਵਿਸ਼ਵ ਦੇ ਸਾਰੇ ਮੁਸਲਮਾਨਾਂ ਦੀ ਇੱਜ਼ਤ, ਆਜ਼ਾਦੀ ਤੇ ਰਾਸ਼ਟਰੀ ਅਧਿਕਾਰਾਂ ਦੀ ਰੱਖਿਆ ਕਰਨਾ ਹੈ। ਓਆਈਸੀ ਸੋਮਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਐਮਰਜੈਂਸੀ ਬੈਠਕ ਕਰੇਗੀ। ਇਸ ਬੈਠਕ ‘ਚ ਕਸ਼ਮੀਰ ਦੇ ਮੁੱਦੇ 'ਤੇ ਵਿਚਾਰ ਕੀਤਾ ਜਾਵੇਗਾ। ਓਆਈਸੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਸ ਆਨਲਾਈਨ ਬੈਠਕ ਵਿੱਚ ਜੰਮੂ ਕਸ਼ਮੀਰ ਦੇ ਵਿਦੇਸ਼ ਮੰਤਰੀ ਤੇ ਏਆਈਸੀ ਦੇਸ਼ਾਂ ਦੇ ਵਿਦੇਸ਼ ਮੰਤਰੀ, ਓਆਈਸੀ ਸਮੂਹ ਦੇ ਮੈਂਬਰ, ਅਜ਼ਰਬਾਈਜਾਨ, ਨਾਈਜਰ, ਪਾਕਿਸਤਾਨ, ਸਾਊਦੀ ਅਰਬ ਤੇ ਤੁਰਕੀ ਹਿੱਸਾ ਲੈਣਗੇ।
  ਓਆਈਸੀ ਇਸਲਾਮਿਕ ਦੇਸ਼ਾਂ ਦੀ ਇੱਕ ਸੰਸਥਾ ਹੈ ਤੇ ਸਾਊਦੀ ਅਰਬ ਦਾ ਇਸ ‘ਚ ਦਬਦਬਾ ਹੈ। ਜਦੋਂ ਭਾਰਤ ਨੇ ਜਦੋਂ ਜੰਮੂ-ਕਸ਼ਮੀਰ ਦਾ ਖਾਸ ਦਰਜਾ ਖਤਮ ਕੀਤਾ ਸੀ, ਤਾਂ ਓਆਈਸੀ ਲਗਪਗ ਚੁੱਪ ਸੀ। ਸਾਊਦੀ ਨੇ ਵੀ ਧਾਰਾ 370 ਨੂੰ ਹਟਾਉਣ ਵਿੱਚ ਪਾਕਿਸਤਾਨ ਦਾ ਸਮਰਥਨ ਨਹੀਂ ਕੀਤਾ ਤੇ ਸੰਯੁਕਤ ਅਰਬ ਅਮੀਰਾਤ ਨੇ ਇਸ ਨੂੰ ਭਾਰਤ ਦਾ ਅੰਦਰੂਨੀ ਮਾਮਲਾ ਕਰਾਰ ਦਿੱਤਾ। ਹਾਲਾਂਕਿ, ਟਰਕੀ ਅਤੇ ਮਲੇਸ਼ੀਆ ਨੇ ਇਸ ਮਾਮਲੇ ਵਿੱਚ ਭਾਰਤ ਦੀ ਖੁੱਲ੍ਹ ਕੇ ਆਲੋਚਨਾ ਕੀਤੀ। ਓਆਈਸੀ ਸੰਗਠਨ1969 ਵਿੱਚ ਬਣਾਇਆ ਗਿਆ ਸੀ। ਇਸ ਸੰਗਠਨ ਵਿਚ 56 ਦੇਸ਼ ਹਨ।
  ਓਆਈਸੀ ਦਾ ਉਦੇਸ਼ ਆਰਥਿਕ ਸਮਾਜਿਕ, ਸਭਿਆਚਾਰਕ, ਵਿਗਿਆਨਕ ਅਤੇ ਹੋਰ ਮਹੱਤਵਪੂਰਨ ਖੇਤਰਾਂ ਵਿੱਚ ਮੈਂਬਰ ਦੇਸ਼ਾਂ ਵਿੱਚ ਇਸਲਾਮੀ ਏਕਤਾ ਨੂੰ ਉਤਸ਼ਾਹਤ ਕਰਨਾ ਹੈ। ਮੈਂਬਰਾਂ ਦਰਮਿਆਨ ਵਿਚਾਰ ਵਟਾਂਦਰੇ ਦਾ ਪ੍ਰਬੰਧ ਕਰਨਾ ਹੈ। ਇਸ ਤੋਂ ਇਲਾਵਾ ਇਸ ਦਾ ਉਦੇਸ਼ ਨਿਆਂ ਅਧਾਰਤ ਅੰਤਰਰਾਸ਼ਟਰੀ ਸ਼ਾਂਤੀ ਤੇ ਸੁਰੱਖਿਆ ਨੂੰ ਬਹਾਲ ਕਰਨਾ ਹੈ। ਇਸ ਸੰਸਥਾ ਦਾ ਉਦੇਸ਼ ਵਿਸ਼ਵ ਦੇ ਸਾਰੇ ਮੁਸਲਮਾਨਾਂ ਦੀ ਇੱਜ਼ਤ, ਆਜ਼ਾਦੀ ਤੇ ਰਾਸ਼ਟਰੀ ਅਧਿਕਾਰਾਂ ਦੀ ਰੱਖਿਆ ਕਰਨਾ ਹੈ।

  ਨਵੀਂ ਦਿੱਲੀ - ਲੇਹ ਵਿੱਚ ਭਾਰਤ ਦੇ ਮਿਗ-29 ਤੇ ਅਪਾਚੇ ਲੜਾਕੂ ਹੈਲੀਕਾਪਟਰ ਤਾਇਨਾਤ ਕਰਨ ਮਗਰੋਂ ਚੀਨ ਨੇ ਵੀ ਲੱਦਾਖ ਦੇ ਨਾਲ ਲੱਗਦੇ ਵੱਡੇ ਏਅਰਬੇਸ ਹੋਟਾਨ, ਨਗਯਾਰੀ, ਸ਼ਿਗਾਤਸੇ (ਸਿੱਕਮ ਦੇ ਨੇੜੇ) ਤੇ ਨਯਿੰਗਚੀ (ਅਰੁਣਾਚਲ ਪ੍ਰਦੇਸ਼ ਦੇ ਨੇੜੇ) ਵਿੱਚ ਵੱਡੇ ਪੱਧਰ ‘ਤੇ ਜੈੱਟ, ਬੰਬ ਏਅਰਕ੍ਰਾਫਟ ਤੇ ਹੈਲੀਕਾਪਟਰ ਤਾਇਨਾਤ ਕੀਤੇ ਹਨ। ਇੰਨਾ ਹੀ ਨਹੀਂ, ਚੀਨੀ ਫੌਜ ਨੇ ਪੈਨਗੰਗ ਸੂ ਝੀਲ ਵਿੱਚ ਫਿੰਗਰ 4 ਦੇ ਸਾਹਮਣੇ ਭਾਰਤੀ ਫੌਜੀਆਂ ਨੂੰ ਗਸ਼ਤ ਕਰਨ ਤੋਂ ਰੋਕਣ ਲਈ ਆਪਣੀ ਅਪਰਾਧਿਕ ਕਾਰਵਾਈ ਤੇ ਨਿਗਰਾਨੀ ਵਿੱਚ ਵਾਧਾ ਕੀਤਾ ਹੈ।
  ਮੀਡੀਆ ਰਿਪੋਰਟ ਮੁਤਾਬਕ, ਚੀਨ ਨੇ ਭਾਰਤ ਨਾਲ ਲੱਗਦੀ ਆਪਣੀ ਪੂਰੀ ਸਰਹੱਦ ‘ਤੇ ਸਥਿਤ ਹਵਾਈ ਅੱਡਿਆਂ ਹੋਟਾਨ, ਨਗਯਾਰੀ, ਸ਼ਿਗਾਤਸੇ ਤੇ ਨਇੰਗਚੀ ਵਿਖੇ ਵਾਧੂ ਲੜਾਕੂ ਜਹਾਜ਼, ਬੰਬ ਤੇ ਲੜਾਕੂ ਹੈਲੀਕਾਪਟਰ ਤਾਇਨਾਤ ਕੀਤੇ ਹਨ। ਪੀਐਲਏ ਅਰੁਣਾਚਲ ਦੀ ਸਰਹੱਦ ‘ਤੇ ਵੀ ਆਪਣੀ ਗਤੀਵਿਧੀ ਨੂੰ ਵੀ ਤੇਜ਼ ਕਰ ਦਿੱਤਾ ਹੈ। ਪੈਨਗਾਂਗ ਸੋਈ ਝੀਲ 'ਤੇ ਜਿੱਥੇ ਚੀਨੀ ਫੌਜ ਐਲਏਸੀ ਨੂੰ ਬਦਲਣਾ ਚਾਹੁੰਦੀ ਹੈ, ਉੱਥੇ ਵੀ ਚੀਨੀ ਫੌਜ ਨੇ ਗੋਗਰਾ ਹੌਟ ਸਪਰਿੰਗ ਵਿਖੇ ਵੱਡੇ ਪੱਧਰ 'ਤੇ ਫੌਜਾਂ ਤੇ ਹਥਿਆਰ ਵੀ ਤਾਇਨਾਤ ਕੀਤੇ ਹਨ।
  ਦੱਸਿਆ ਜਾ ਰਿਹਾ ਹੈ ਕਿ ਚੀਨ ਨੇ ਲਦਾਖ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਲੜਾਈ ਦੇ ਜਹਾਜ਼ ਜੇ-11 ਤੇ ਜੇ-16 ਐਸ ਨੂੰ ਤਾਇਨਾਤ ਕੀਤਾ ਹੈ, ਜੋ ਉੱਚਾਈ ਵਾਲੇ ਖੇਤਰਾਂ ਵਿਚ ਉਡਾਣ ਭਰਨ ਲਈ ਢੁਕਵੇਂ ਹਨ। ਚੀਨ ਦਾ ਸ਼ੇਯਾਂਗ ਜੇ-11 ਰੂਸ ਦੀ ਸੁਖੋਈ ਐਸਯੂ-27 ਦਾ ਚੀਨੀ ਵਰਜਨ ਹੈ।
  ਲੜਾਕੂ ਜਹਾਜ਼ ਦੀ ਹਵਾਈ ਉੱਤਮ ਹੋਣ ਕਰਕੇ ਇਹ ਲੰਬੀ ਰੇਂਜ ਦੇ ਹਮਲਿਆਂ ‘ਚ ਸਮਰੱਥ ਹੈ। ਇਸ ਵਿੱਚ ਦੋ ਇੰਜਨ ਹਨ, ਜੋ ਜੈੱਟ ਨੂੰ ਵਧੇਰੇ ਸ਼ਕਤੀ ਪ੍ਰਦਾਨ ਕਰਦੇ ਹਨ। ਚੀਨ ਵਿੱਚ ਨਿਰਮਿਤ ਇਹ ਜਹਾਜ਼ ਸਿਰਫ ਚੀਨੀ ਹਵਾਈ ਸੈਨਾ ਦੁਆਰਾ ਸੰਚਾਲਿਤ ਕਰਦਾ ਹੈ। ਇਹ ਜੈੱਟ 33000 ਕਿਲੋਗ੍ਰਾਮ ਤੱਕ ਦੇ ਭਾਰ ਨਾਲ ਉੱਡ ਸਕਦਾ ਹੈ। ਇਹ ਜਹਾਜ਼ ਇੱਕ ਵਾਰ ‘ਚ 1500 ਕਿਲੋਮੀਟਰ ਦੀ ਦੂਰੀ ਤਕ ਮਾਰ ਸਕਦਾ ਹੈ।

  ਕੈਲਗਰੀ - ਕਮਿਊਨਟੀ ਦੀ ਜਾਣੀ ਪਹਿਚਾਣੀ ਸ਼ਖ਼ਸੀਅਤ ਗੁਰਸਿੱਖ ਪਰਮੀਤ ਸਿੰਘ ਬੋਪਾਰਾਏ ਨੂੰ ਅਲਬਰਟਾ ਐਨ.ਡੀ.ਪੀ. ਪਾਰਟੀ ਵਲੋਂ ਮਾਣ ਦਿੰਦਿਆਂ ਪਾਰਟੀ ਦਾ ਉਪ ਪ੍ਰਧਾਨ ਬਣਾਇਆ ਗਿਆ ਹੈ | ਪਰਮੀਤ ਸਿੰਘ ਪਿਛਲੇ ਸਮੇਂ ਤੋਂ ਕਮਿਊਨਟੀ 'ਚ ਅਤੇ ਧਾਰਮਿਕ ਸੇਵਾਵਾਂ ਨਿਭਾਉਣ ਕਰਕੇ ਪੰਜਾਬੀਆਂ 'ਚ ਕਾਫੀ ਹਰਮਨ ਪਿਆਰੇ ਹਨ | ਉਹ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਮੁੱਖ ਸੇਵਾਦਾਰ ਦੀਆਂ ਸੇਵਾਵਾਂ ਵੀ ਨਿਭਾਅ ਚੁੱਕੇ ਹਨ | ਅਲਬਰਟਾ 'ਚ ਪਹਿਲੀ ਵਾਰ ਦੇਖਣ ਵਿਚ ਆਇਆ ਹੈ ਕਿ ਕਿਸੇ ਪਾਰਟੀ ਨੇ ਪੂਰਨ ਗੁਰਸਿੱਖ ਨੂੰ ਪਾਰਟੀ ਦੀ ਵੱਡੀ ਜ਼ਿੰਮੇਵਾਰੀ ਸੌਾਪੀ ਹੋਵੇ | ਸ. ਪਰਮੀਤ ਸਿੰਘ ਬੋਪਾਰਾਏ ਨੇ ਪਾਰਟੀ ਹਾਈਕਮਾਨ, ਵਰਕਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਹੈ |

  ਫ਼ਰੀਦਕੋਟ - ਬਹਿਬਲ ਗੋਲੀ ਕਾਂਡ ’ਚ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸੁਹੇਲ ਸਿੰਘ ਬਰਾੜ ਅਤੇ ਪੰਕਜ ਮੋਟਰਜ਼ ਦੇ ਮੈਨੇਜਿੰਗ ਡਾਇਰੈਕਟਰ ਪੰਕਜ ਬਾਂਸਲ ਨੂੰ ਅੱਜ ਇੱਥੇ ਡਿਊਟੀ ਮੈਜਿਸਟ੍ਰੇਟ ਅਮਨਦੀਪ ਕੌਰ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ ਪੁਛਗਿੱਛ ਲਈ 24 ਜੂਨ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸੇ ਦੌਰਾਨ ਐੱਸ.ਆਈ.ਟੀ. ਨੇ ਬਹਿਬਲ ਗੋਲੀ ਕਾਂਡ ਸਬੰਧੀ ਦਰਜ ਕੇਸ ਨੰਬਰ 130 ਦੇ ਜੁਰਮਾਂ ’ਚ ਵਾਧਾ ਕਰਦਿਆਂ ਹੋਇਆਂ ਮੁਲਜ਼ਮਾਂ ਖ਼ਿਲਾਫ਼ ਧਾਰਾ 109 (ਜੁਰਮ ਲਈ ਸ਼ਹਿ ਦੇਣਾ) ਦਾ ਵਾਧਾ ਕੀਤਾ ਹੈ। ਵਿਸ਼ੇਸ਼ ਜਾਂਚ ਟੀਮ ਵੱਲੋਂ ਅਦਾਲਤ ’ਚ ਪੇਸ਼ ਜ਼ਿਲ੍ਹਾ ਅਟਾਰਨੀ ਰਜਨੀਸ਼ ਕੁਮਾਰ ਗੋਇਲ ਨੇ ਕਿਹਾ ਕਿ ਸੁਹੇਲ ਸਿੰਘ ਬਰਾੜ ਤੋਂ ਹੋਈ ਪੁੱਛਗਿੱਛ ਦੌਰਾਨ ਨਵੇਂ ਤੱਥ ਸਾਹਮਣੇ ਆਏ ਹਨ ਜਿਨ੍ਹਾਂ ਦੇ ਆਧਾਰ ’ਤੇ ਹੀ ਪੰਕਜ ਬਾਂਸਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਕੇਸ ’ਚ ਕੁਝ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਕੀ ਹੈ ਜਿਸ ਕਰਕੇ ਦੋਵਾਂ ਮੁਲਜ਼ਮਾਂ ਨੂੰ ਪੁਲੀਸ ਰਿਮਾਂਡ ’ਚ ਲੈਣਾ ਜ਼ਰੂਰੀ ਹੈ। ਮੁਲਜ਼ਮਾਂ ਦੇ ਵਕੀਲਾਂ ਨੇ ਪੁਲੀਸ ਰਿਮਾਂਡ ਦੀ ਅਰਜ਼ੀ ਦਾ ਵਿਰੋਧ ਕਰਦਿਆਂ ਕਿਹਾ ਕਿ ਦੋਵੇਂ ਮੁਲਜ਼ਮ ਪਹਿਲਾਂ ਹੀ ਜਾਂਚ ਟੀਮ ਕੋਲ ਬਿਆਨ ਕਲਮਬੰਦ ਕਰਵਾ ਚੁੱਕੇ ਹਨ। ਸੁਹੇਲ ਸਿੰਘ ਦੇ ਵਕੀਲ ਗੁਰਸਾਹਿਬ ਸਿੰਘ ਬਰਾੜ ਨੇ ਅਦਾਲਤ ਨੂੰ ਦੱਸਿਆ ਕਿ ਜਾਂਚ ਟੀਮ ਲਗਾਤਾਰ ਆਪਣੀ ਕਹਾਣੀ ਬਦਲ ਰਹੀ ਹੈ। ਅਦਾਲਤ ਨੇ ਦੋਹਾਂ ਮੁਲਾਜ਼ਮਾਂ ਨੂੰ ਮੈਡੀਕਲ ਟੈਸਟ ਤੋਂ ਬਾਅਦ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਮਾਮਲੇ ਦੀ ਅਗਲੀ ਸੁਣਵਾਈ 24 ਜੂਨ ਨੂੰ ਹੋਵੇਗੀ। ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਆਈ.ਜੀ. ਕੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਪੜਤਾਲ ਨਿਰਪੱਖਤਾ ਨਾਲ ਕੀਤੀ ਜਾ ਰਹੀ ਹੈ।
  ਪੰਕਜ ਬਾਂਸਲ ਦੀ ਗ੍ਰਿਫ਼ਤਾਰੀ ਨਾਲ ਕੁਝ ਪੁਲੀਸ ਅਧਿਕਾਰੀਆਂ ਦੀਆਂ ਮੁਸ਼ਕਲਾਂ ਵਧਣ ਦੀ ਸੰਭਾਵਨਾ ਹੈ। ਪੰਕਜ ਬਾਂਸਲ ਦੇ ਇੱਕ ਦਰਜਨ ਪੁਲੀਸ ਅਧਿਕਾਰੀਆਂ ਨਾਲ ਨੇੜਲੇ ਸਬੰਧ ਸਨ। ਪਤਾ ਲੱਗਾ ਹੈ ਕਿ ਪੰਕਜ ਬਾਂਸਲ ਕੋਲ ਇੱਕ ਵਿਦੇਸ਼ੀ ਰਿਵਾਲਵਰ ਸੀ ਜੋ ਉਸ ਨੂੰ ਪੁਲੀਸ ਅਧਿਕਾਰੀ ਨੇ ਮਹਿੰਗੇ ਮੁੱਲ ’ਤੇ ਲੈ ਕੇ ਦਿੱਤਾ ਸੀ। ਬਾਅਦ ’ਚ ਪਤਾ ਲੱਗਾ ਕਿ ਇਹ ਰਿਵਾਲਵਰ ਕਿਸੇ ਅਸਲੇ ਖਾਨੇ ਤੋਂ ਚੋਰੀ ਹੋਇਆ ਸੀ। ਕੁਝ ਪੁਲੀਸ ਅਧਿਕਾਰੀਆਂ ਵੱਲੋਂ ਪੰਕਜ ਬਾਂਸਲ ਤੋਂ ਕਥਿਤ ਤੌਰ ’ਤੇ ਲਈਆਂ ਮਹਿੰਗੀਆਂ ਕਾਰਾਂ ਵੀ ਜਾਂਚ ਦਾ ਵਿਸ਼ਾ ਬਣੀਆਂ ਹੋਈਆਂ ਹਨ।

  ਲੁਧਿਆਣਾ - ਪੰਜਾਬ 'ਚ ਕਰੋਨਾਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ। ਕਰੋਨਾਵਾਇਰਸ ਦੇ 152 ਨਵੇਂ ਕੇਸ ਸਾਹਮਣੇ ਆਏ ਹਨ। ਸੂਬੇ 'ਚ ਕਰੋਨਾ ਮਰੀਜ਼ਾਂ ਦੀ ਗਿਣਤੀ 4500 ਵੱਲ ਨੂੰ ਵੱਧਦੀ ਜਾ ਰਹੀ ਹੈ। ਕਰੋਨਾਵਾਇਰਸ ਨਾਲ ਫਿਰੋਜ਼ਪੁਰ ਤੋਂ ਇੱਕ ਮੌਤ ਹੋਣ ਦੀ ਵੀ ਖਬਰ ਸਾਹਮਣੇ ਆਈ ਹੈ ਜਿਸ ਨਾਲ ਸੂਬੇ 'ਚ ਕਰੋਨਾ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 99 ਹੋ ਗਈ ਹੈ। ਅੱਜ ਸਾਰੇ ਜ਼ਿਲ੍ਹਿਆਂ 'ਚ ਕੁਲ 152 ਕੇਸ ਆਏ। ਜਿਨ੍ਹਾਂ 'ਚ ਅੰਮ੍ਰਿਤਸਰ ਤੋਂ 23, ਜਲੰਧਰ ਤੋਂ 9 , ਲੁਧਿਆਣਾ 'ਚ 56, ਪਠਾਨਕੋਟ 'ਚ 16, ਮੁਹਾਲੀ 'ਚ 7, ਫ਼ਾਜ਼ਿਲਕਾ 'ਚ 6, ਸੰਗਰੂਰ 'ਚ 2, ਪਟਿਆਲਾ 'ਚ 3, ਫਰੀਦਕੋਟ 'ਚ 2, ਮੁਕਤਸਰ 2, ਕਪੂਰਥਲਾ 3, ਹੁਸ਼ਿਆਰਪੁਰ 7, ਰੋਪੜ 5, ਨਵਾਂ ਸ਼ਹਿਰ 2 ਅਤੇ ਗੁਰਦਾਸਪੁਰ ਤੋਂ 5, ਫਤਿਹਗੜ੍ਹ ਸਾਹਿਬ ਅਤੇ ਤਰਨਤਾਰਨ ਤੋਂ 1-1 ਮਰੀਜ਼ ਆਇਆ ਸਾਹਮਣੇ । ਭਾਰਤ 'ਚ ਕਰੋਨਾ ਪੀੜ੍ਹਤਾਂ ਦੀ ਗਿਣਤੀ ਦਿਨੋਂ ਦਿਨ ਰਿਕਾਰਤ ਤੋੜਦੀ ਹੋਈ ਵੱਧਦੀ ਹੀ ਜਾ ਰਹੀ ਹੈ।
  ਭਾਰਤ ਵਿਚ ਕਰੋਨਾ ਦੀ ਸਮੱਸਿਆ ਦਿਨੋਂ ਦਿਨ ਗੰਭੀਰ ਰੂਪ ਨਾਲ ਪੈਰ ਪਸਾਰਦੀ ਜਾ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕਰੋਨਾ ਪੀੜ੍ਹਤ ਮਰੀਜ਼ਾਂ 'ਚ ਰਿਕਾਰਡ ਤੋੜ ਵਾਧਾ, 19478 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਅਤੇ 430 ਹੋਰ ਲੋਕਾਂ ਦੀ ਮੌਤ ਵੀ ਹੋ ਗਈ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਤੱਕ 4 ਲੱਖ 21 ਹਜ਼ਾਰ 765 ਵਿਅਕਤੀ ਕਰੋਨਾ ਵਾਇਰਸ ਤੋਂ ਪੀੜ੍ਹਤ ਪਾਏ ਗਏ ਹਨ। ਉਥੇ ਹੀ 13502 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। 2 ਲੱਖ 35 ਹਜ਼ਾਰ 078 ਲੋਕ ਠੀਕ ਵੀ ਹੋਏ ਹਨ। ਦੇਸ਼ ਭਰ 'ਚ ਕਰੋਨਾ ਵਾਇਰਸ ਦੇ ਮਾਮਲਿਆਂ 'ਚ ਰੋਜ਼ਾਨਾ ਇਜ਼ਾਫਾ ਹੋ ਰਿਹਾ ਹੈ।
  ਭਾਰਤ 'ਚ ਮਹਾਰਾਸ਼ਟਰ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਹੈ। ਦੁਨੀਆ ਭਰ ਦੇ 210 ਦੇਸ਼ਾਂ 'ਚ ਕਰੋਨਾਵਾਇਰਸ ਮਹਾਂਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 4 ਲੱਖ ਟੱਪ ਚੁੱਕੀ ਹੈ। ਪਿਛਲੇ 24 ਘੰਟਿਆਂ 'ਚ ਪੌਣੇ ਦੋ ਲੱਖ ਦੇ ਕਰੀਬ ਨਵੇਂ ਕਰੋਨਾ ਕੇਸ ਸਾਹਮਣੇ ਆਏ ਹਨ। ਜਦਕਿ ਮਰਨ ਵਾਲਿਆਂ ਦੀ ਗਿਣਤੀ ਵਿਚ 5 ਹਜ਼ਾਰ ਦੇ ਲਗਭਗ ਦਾ ਵਾਧਾ ਹੋਇਆ ਹੈ। ਵਰਲਡੋਮੀਟਰ ਅਨੁਸਾਰ ਹੁਣ ਤੱਕ 89 ਲੱਖ 75 ਹਜ਼ਾਰ 984 ਤੋਂ ਵੱਧ ਵਿਅਕਤੀ ਕਰੋਨਾ ਵਾਇਰਸ ਨਾਲ ਪੀੜ੍ਹਤ ਹੋ ਚੁੱਕੇ ਹਨ। ਇਨ੍ਹਾਂ 'ਚੋਂ 4 ਲੱਖ 67 ਹਜ਼ਾਰ 850 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ 47 ਲੱਖ ਤੋਂ ਵੱਧ ਲੋਕ ਇਸ ਮਹਾਂਮਾਰੀ ਤੋਂ ਅਜ਼ਾਦ ਵੀ ਹੋ ਚੁੱਕੇ ਹਨ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com