ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਨਵੀਂ ਦਿੱਲੀ - ਸਿਹਤ ਮੰਤਰਾਲੇ ਨੇ ਦੱਸਿਆ ਕਿ ਬੀਤੇ ਚੌਵੀ ਘੰਟਿਆਂ ਵਿੱਚ ਦੇਸ਼ ਵਿੱਚ ਕਰੋਨਾ ਦੇ 64,553 ਨਵੇਂ ਕੇਸ ਆਉਣ ਨਾਲ ਭਾਰਤ ਵਿੱਚ ਕੋਵਿਡ-19 ਦੇ ਕੁੱਲ ਮਰੀਜ਼ਾਂ ਦੀ ਗਿਣਤੀ 2461190 ਤੱਕ ਪੁੱਜ ਗਈ ਹੈ। ਇਸ ਦੌਰਾਨ 1007 ਲੋਕਾਂ ਦੀ ਕਰੋਨਾ ਕਾਰਨ ਮੌਤ ਨਾਲ ਮਰਨ ਵਾਲਿਆਂ ਦਾ ਅੰਕੜਾ 48040 ਹੋ ਗਿਆ ਹੈ।

  ਮੋਗਾ - ਭਾਰਤ ਦੀ ਆਜ਼ਾਦੀ ਦਿਹਾੜੇ ਤੋਂ 24 ਘੰਟੇ ਪਹਿਲਾਂ ਜ਼ਿਲ੍ਹਾ ਸਕੱਤਰੇਤ ਉੱਤੇ ਸਵੇਰੇ ਤਕਰੀਬਨ 9 ਵਜੇ ਖਾਲਿਸਤਾਨ ਦਾ ਝੰਡਾ ਲਹਿਰਾਕੇ ਤਿਰੰਗਾ ਲੀਰੋ ਲੀਰੋ ਕਰ ਦਿੱਤਾ ਗਿਆ। ਘਟਨਾ ਮਗਰੋਂ ਪ੍ਰਸ਼ਾਸਨ ਨੇ ਸਨਮਾਨ ਸਹਿਤ ਸਲਾਮੀ ਦੇ ਕੇ ਨਵਾਂ ਤਿਰੰਗਾ ਝੰਡਾਂ ਲਹਿਰਾ ਦਿੱਤਾ ਹੈ। ਸਿੱਖਸ ਫਾਰ ਜਸਟਿਸ ਦੇ ਨੇਤਾ ਗੁਰਪਤਵੰਤ ਸਿੰਘ ਪੰਨੂ ਨੇ ਖਾਲਿਸਤਾਨੀ ਝੰਡਾ ਲਹਿਰਾਉਣ ਦੀ ਲਾਈਵ ਵੀਡੀਓ ਵੀ ਜਾਰੀ ਕਰ ਦਿੱਤੀ ਕੀਤੀ ਹੈ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਂ ਐੱਸਐੱਫਜੇ ਦੇ ਕਾਨੂੰਨੀ ਸਲਾਹਕਾਰ ਪੰਨੂ, ਜਿਸ ਨੂੰ ਕਿ ਅਤਿਵਾਦੀ ਐਲਾਨ ਦਿੱਤਾ ਗਿਆ ਹੈ, ਨੂੰ ਇਹ ਚੇਤਾਵਨੀ ਦੇ ਚੁੱਕੇ ਹਨ ਕਿ ਜੇ ਉਸ ਵਿਚ ਹਿੰਮਤ ਹੈ ਤਾਂ ਉਹ ਪੰਜਾਬ ਵਿਚ ਆ ਕੇ ਵਿਖਾਵੇ। ਲਾਈਵ ਵੀਡੀਓ ਵਿੱਚ ਫ਼ੌਜੀ ਵਰਦੀ ਲੋਅਰ ਪਹਿਨੀ ਤੇ ਇੱਕ ਹੋਰ ਨੌਜਵਾਨ ਜ਼ਿਲ੍ਹਾ ਸਕੱਤਰੇਤ ਦੀ 5 ਮੰਜ਼ਿਲੀ ਇਮਾਰਤ ਦੀ ਆਖਰੀ ਛੱਤ ਉੱਤੇ ਸਵੇਰੇ ਤਕਰੀਬਨ 9 ਵਜੇ ਖਾਲਿਸਤਾਨ ਦਾ ਝੰਡਾ ਲਹਿਰਾਉਂਦੇ ਦਿਖਾਈ ਦੇ ਰਹੇ ਹਨ। ਇਸ ਮਗਰੋਂ ਫ਼ੌਜੀ ਵਰਦੀ ਲੋਅਰ ਪਹਿਨੀ ਨੌਜਵਾਨ ਤਿਰੰਗਾ ਲੀਰੋ ਲੀਰੋ ਕਰਦਾ ਹੈ। ਇਸ ਤੋਂ ਸਪਸ਼ਟ ਹੈ ਕਿ ਇਹ ਕੰਮ 3 ਨੌਜਵਾਨਾਂ ਨੇ ਕੀਤਾ ਹੈ, ਦੋ ਖਾਲਿਸਤਾਨੀ ਝੰਡਾ ਲਹਿਰਾ ਰਹੇ ਹਨ ਅਤੇ ਤੀਜਾ ਲਾਈਵ ਵੀਡੀਓ ਬਣਾ ਰਿਹਾ ਹੈ। ਇਸ ਘਟਨਾ ਦੀ ਸੂਚਨਾਂ ਮਿਲਦੇ ਹੀ ਡੀਸੀ ਸੰਦੀਪ ਹੰਸ, ਐੈੱਸਐੱਸਪੀ ਹਰਮਨਬੀਰ ਸਿੰਘ ਗਿੱਲ ਤੇ ਹੋਰ ਸੀਨੀਅਰ ਪੁਲੀਸ ਤੇ ਸਿਵਲ ਅਧਿਕਾਰੀ ਮੌਕੇ ਉੱਤੇ ਪੁੱਜੇ ਅਤੇ ਘਟਨਾ ਦੀ ਜਾਣਕਾਰੀ ਹਾਸਲ ਕੀਤੀ। ਇਸ ਮਗਰੋਂ ਉਨ੍ਹਾਂ ਮੀਟਿੰਗ ਕੀਤੀ।

  ਸੰਯੁਕਤ ਰਾਸ਼ਟਰ - ਵਰਲਡ ਸਿੱਖ ਪਾਰਲੀਮੈਂਟ ਅਤੇ ਅਮਰੀਕਾ ਅਧਾਰਿਤ ਸਿੱਖ ਮਨੁੱਖੀ ਅਧਿਕਾਰ ਗੈਰ ਸਰਕਾਰੀ ਸੰਗਠਨਾਂ (NGOs) ਨੇ ਅਮਰੀਕੀ ਧਾਰਮਿਕ ਸੁਤੰਤਰਤਾ ਅਤੇ ਰਾਜ ਵਿਭਾਗ ਦੇ ਦਫਤਰ ਦੇ ਅਧਿਕਾਰੀਆਂ ਨਾਲ ਇੱਕ ਦੂਰ ਸੰਚਾਰ (“eleconference) ਰਾਹੀਂ ਮੁਲਾਕਾਤ ਦੌਰਾਨ ਭਾਰਤ, ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਸਿੱਖ ਭਾਈਚਾਰੇ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਬਾਰੇ ਗੱਲਬਾਤ ਕੀਤੀ। ਇਸ ਦੌਰਾਨ ਭਾਰਤ ਦੇ ਖਤਰਨਾਕ ਅਤੇ ਅਣਮਨੁੱਖੀ ਕਾਨੂੰਨਾਂ ਉੱਤੇ ਖਾਸ ਧਿਆਨ ਕੇਂਦ੍ਰਿਤ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਭਾਰਤ ਵੱਲੋਂ ਇਹਨਾਂ ਕਾਨੂੰਨਾਂ ਦੀ ਦੁਰਵਰਤੋਂ ਅਤੇ ਉਲੰਘਣਾ ਹੋ ਰਹੀ ਹੈ। ਖਾਸ ਕਰ ਪੰਜਾਬ ਵਿੱਚ ਸਿੱਖਾਂ ਅਤੇ ਹੋਰ ਘੱਟਗਿਣਤੀ ਭਾਰਤੀ ਭਾਈਚਾਰੇ ਨੂੰ ਭਾਰਤ ਵੱਲੋਂ ਨਿਸ਼ਾਨਾ ਬਣਾ ਕੇ ਅੱਤਿਆਚਾਰ ਕੀਤਾ ਜਾ ਰਿਹਾ ਹੈ।
  ਪੰਜਾਬ ਵਿੱਚ ਹਾਲ ਹੀ ਵਿੱਚ ਗੈਰਕਾਨੂੰਨੀ ਗਤੀਵਿਧੀਆਂ ਅਤੇ ਸੁਰੱਖਿਆ ਐਕਟ (ਯੂ.ਏ.ਪੀ.ਏ.) ਦੇ ਅਧੀਨ ਸੈਂਕੜੇ ਬੇਕਸੂਰ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਅਜਿਹੇ ਕਾਨੂੰਨ ਸਰਕਾਰ ਨੂੰ ਖੁੱਲੇ• ਅਧਿਕਾਰ ਦਿੰਦੇ ਹਨ ਤਾਂ ਕਿ ਬਿਨਾਂ ਕਿਸੇ ਦੋਸ਼ ਦੇ ਲੋਕਾਂ ਨੂੰ ਜੇਲ•ਾਂ ਵਿੱਚ ਰੱਖਿਆ ਜਾ ਸਕੇ ਭਾਵੇਂ ਕਿ ਉਹ ਬੇਕਸੂਰ ਹੀ ਹੋਣ। ਉਹ ਕਾਨੂੰਨ ਲੋਕਾਂ ਲਈ ਜ਼ਮਾਨਤ ਪ੍ਰਾਪਤ ਕਰਨਾ ਮੁਸ਼ਕਲ ਬਣਾਉਂਦੇ ਹਨ ਅਤੇ ਇਸ ਤਰ•ਾਂ ਕਾਨੂੰਨ ਪੁਲਿਸ ਨੂੰ ਇੱਕ ਵੱਡੀ ਤਾਕਤ ਦਿੰਦੇ ਹਨ ਜਿਸ ਨਾਲ ਸਰਕਾਰਾਂ ਨੂੰ ਭ੍ਰਿਸ਼ਟਾਚਾਰ ਅਤੇ ਜ਼ੁਲਮ ਕਰਨੇ ਆਸਾਨ ਹੋ ਜਾਂਦੇ ਹਨ। ਇਹ ਕਨੂੰਨ ਪੁਲਿਸ ਅਧਿਕਾਰੀਆਂ ਨੂੰ ਬਿਨਾਂ ਉੱਚ ਨਿਆਂ ਅਧਿਕਾਰੀ ਦੀ ਆਗਿਆ ਦੇ “ਨਿੱਜੀ ਜਾਣਕਾਰੀ'' ਦੇ ਅਧਾਰ 'ਤੇ ਗ੍ਰਿਫਤਾਰ ਕਰਨ ਦੀ ਖੁੱਲ• ਦਿੰਦਾ ਹੈ। ਇਸ ਕਾਨੂੰਨ ਤਹਿਤ ਸੈਂਕੜੇ ਸਿੱਖ ਨੌਜਵਾਨਾਂ ਨੂੰ ਥੋੜੀ ਦੇਰ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਹੈ। ਸਿੱਖ ਨੌਜਵਾਨ ਲਵਪ੍ਰੀਤ ਸਿੰਘ, ਜੋ ਕਿ ਮਨੁੱਖੀ ਅਧਿਕਾਰਾਂ ਦਾ ਕਾਰਕੁੰਨ ਸੀ ਨੂੰ ਯੂ.ਏ.ਪੀ.ਏ ਕਾਨੂੰਨ ਅਧੀਨ ਹਿਰਾਸਤ ਵਿਚ ਲੈ ਲਿਆ ਗਿਆ ਸੀ ਅਤੇ ਉਸ ਦੀ ਸ਼ੱਕੀ ਹਾਲਾਤਾਂ ਵਿਚ ਖ਼ੁਦਕੁਸ਼ੀ ਕੀਤੇ ਜਾਣ ਦੀ ਕਹਾਣੀ ਬਣਾ ਦਿੱਤੀ ਗਈ। ਮਨੁੱਖੀ ਅਧਿਕਾਰਾਂ ਬਾਰੇ ਲਿਖਣ ਵਾਲੇ ਜਗਤਾਰ ਸਿੰਘ ਜੱਗੀ ਨੂੰ ਨਵੰਬਰ, 2017 ਉਸਦੇ ਵਿਆਹ ਤੋਂ ਸਿਰਫ ਇੱਕ ਦਿਨ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ। ਉਹ ਅਜੇ ਵੀ ਬਿਨਾਂ ਕਿਸੇ ਮੁਕੱਦਮੇ ਦੇ ਜੇਲ• ਵਿੱਚ ਬੰਦ ਹੈ।
  ਕੀਤੀਆਂ ਗਈਆਂ ਸਿਫਾਰਸਾਂ ਵਿਚ ਭਾਰਤ ਨੂੰ “ਵਿਸ਼ੇਸ਼ ਚਿੰਤਾ ਵਾਲੇ ਦੇਸ਼ਾਂ” ਦੀ ਸੂਚੀ ਵਿਚ ਸ਼ਾਮਲ ਕਰਨ ਆਖਿਆ ਗਿਆ ਹੈ। ਭਾਰਤ ਨੂੰ ਘੱਟ ਗਿਣਤੀਆਂ ਦੇ ਧਾਰਮਿਕ ਹੱਕਾਂ ਦੇ ਘਾਣ ਕਰਨ ਦੇ ਦੋਸ਼ੀ ਵਜੋਂ ਇਹ ਲਾਜ਼ਮੀ ਹੋ ਗਿਆ ਸੀ ਕਿ ਭਾਰਤ ਨੂੰ ”S39R6 ਵੱਲੋਂ 2009 ਦੀ ਟੀਅਰ-2 ਸੂਚੀ ਵਿੱਚ ਰੱਖਿਆ ਜਾਵੇ। ਭਾਰਤ ਸਿਰਫ ਪੰਜ ਦੇਸ਼ਾਂ ਵਿੱਚੋਂ ਇੱਕ ਹੈ ਜਿਨ•ਾਂ ਨੇ ਅਜੇ ਤੱਕ 1987 ਦੇ ਸੰਯੁਕਤ ਰਾਸ਼ਟਰ ਦੇ 'ਤਸ਼ੱਦਦ, ਜ਼ੁਲਮ, ਘਟੀਆ ਜਾਂ ਅਣਮਨੁੱਖੀ ਵਿਹਾਰ' (”N31“) ਦੇ ਮਤੇ ਨੂੰ ਪ੍ਰਮਾਣਿਤ ਨਹੀਂ ਕੀਤਾ।
  ਵਰਲਡ ਸਿੱਖ ਪਾਰਲੀਮੈਂਟ ਦੇ ਸਪੀਕਰ ਡਾ: ਅਮਰਜੀਤ ਸਿੰਘ ਨੇ ਕਿਹਾ, “ਦੱਖਣੀ ਏਸ਼ੀਆ ਦੇ ਖੇਤਰ ਵਿੱਚ ਸ਼ਾਂਤੀ ਲਿਆਉਣ ਲਈ, ਅਮਰੀਕਾ ਨੂੰ ਚਾਹੀਦਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਬਫਰ ਸਟੇਟ ਬਣਾਉਣ ਤੇ ਵਿਚਾਰ ਕਰੇ ਅਤੇ ਤਿੰਨ ਪਰਮਾਣੂ ਹਥਿਆਰਾਂ ਵਾਲੇ ਆਪਸੀ ਜੰਗ ਵਿੱਚ ਉਲਝੇ ਦੇਸ਼ਾਂ, ਚੀਨ, ਭਾਰਤ ਅਤੇ ਪਾਕਿਸਤਾਨ ਵਿਚਾਲੇ ਸ਼ਾਂਤੀ ਕਾਇਮ ਕੀਤੀ ਜਾਵੇ। ਵਰਲਡ ਸਿੱਖ ਪਾਰਲੀਮੈਂਟ ਦੀ ਯੂ. ਐੱਨ. ਅਤੇ ਐੱਨ.ਜੀ.ਓ. ਕੌਂਸਲ ਦੇ ਕੋਆਰਡੀਨੇਟਰ ਸਵਰਨਜੀਤ ਸਿੰਘ ਨੇ ਕਿਹਾ, “ਇਕ ਪਾਸੇ ਭਾਰਤ ਯੂ.ਐੱਨ. ਦੀ ਸੁੱਰਖਿਆ ਪਰਿਸ਼ਦ ਵਿਚ ਸਥਾਈ ਸੀਟ ਹਾਸਲ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ, ਦੂਜੇ ਪਾਸੇ ਭਾਰਤ ਲੋਕਾਂ ਦੇ ਬੁਨਿਆਦੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਿਚ ਸ਼ਰਮਿੰਦਗੀ ਨਹੀਂ ਸਮਝਦਾ ਅਤੇ ਸਵੈ-ਨਿਰਣੇ ਦੇ ਅਧਿਕਾਰ ਨੂੰ ਵੀ ਨਹੀਂ ਮੰਨਦਾ।”
  ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਅਮਰੀਕੀ ਅਧਿਕਾਰੀਆਂ, ਅੰਤਰ ਰਾਸ਼ਟਰੀ ਧਾਰਮਿਕ ਅਜਾਦੀ ਦੇ ਦਫਤਰ, ਅਤੇ ਹੋਰ ਸਿੱਖ ਜਥੇਬੰਦੀਆਂ ਦਾ ਸਾਰੇ ਵਿਚਾਰ ਸਾਂਝੇ ਕਰਨ ਲਈ ਧੰਨਵਾਦ ਕੀਤਾ। ਵਕੀਲ ਜਸਪਾਲ ਸਿੰਘ ਮੰਝਪੁਰ ਜੋ ਕਿ “ਯੂ.ਏ.ਪੀ.ਏ.” ਦੇ ਪੀੜਤ ਰਹੇ ਹਨ, ਮਹਿਮਾਨ ਬੁਲਾਰੇ ਸਨ। ਓਹਨਾ ਨੇ ਅੱਤਵਾਦ ਦੇ ਤਹਿਤ ਨੌਜਵਾਨ, ਸਿੱਖ ਅਤੇ ਰਾਜਨੀਤਿਕ ਕੈਦੀਆਂ ਨੂੰ ਬਚਾਉਣ ਲਈ ਚੱਲ ਰਹੀ ਕਾਨੂੰਨੀ ਕਾਰਵਾਈ 'ਤੇ ਜਾਣਕਾਰੀ ਸਾਂਝੀ ਕੀਤੀ। ਉਨ•ਾਂ ਕਿਹਾ, “ਅੰਮ੍ਰਿਤਧਾਰੀ ਸਿੱਖ ਜਾਂ ਦਲਿਤ ਘੱਟ ਗਿਣਤੀ'' ਭਾਰਤੀ ਪੁਲਿਸ ਦੇ ਨਿਸ਼ਾਨੇ 'ਤੇ ਹਨ ਅਤੇ ਉਹਨਾਂ ਉੱਪਰ ਯੂ.ਏ.ਪੀ.ਏ. ਕਨੂੰਨ ਲਗਾਇਆ ਜਾ ਰਿਹਾ ਹੈ। ਮੈਨੂੰ ਕੋਈ ਸ਼ੱਕ ਨਹੀਂ ਕਿ ਇਹ ਧਾਰਮਿਕ ਅਜ਼ਾਦੀ ਦੀ ਉਲੰਘਣਾ ਦਾ ਗੰਭੀਰ ਮਾਮਲਾ ਹੈ।”
  ਮਨੁੱਖੀ ਅਤੇ ਸਿਵਲ ਅਧਿਕਾਰਾਂ ਦੀ ਕੌਂਸਲ ਦੇ ਕੋਆਰਡੀਨੇਟਰ ਹਰਮਨ ਕੌਰ ਨੇ ਜ਼ੋਰ ਪਾਉਂਦਿਆਂ ਕਿਹਾ, “ਜੇਲ• ਵਿਚ ਬੰਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਸੱਜੀ ਅੱਖ ਵਿੱਚ ਮੋਤੀਆ ਦਾ ਪਤਾ ਲੱਗਿਆ ਹੈ ਜਿਸ ਕਾਰਨ ਉਸ ਦੀ ਨਿਗ•ਾ 'ਤੇ ਅਸਰ ਪੈ ਰਿਹਾ ਹੈ। ਉਹਨਾਂ ਦੀ ਡਾਕਟਰੀ ਸਹਾਇਤਾ ਲਈ ਵਾਰ ਵਾਰ ਮੰਗ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ, ਭਾਵੇਂ ਹੁਣ ਅਪ੍ਰੇਸ਼ਨ ਹੋ ਚੁੱਕਾ ਹੈ ਪਰ ਫਿਰ ਵੀ ਮੁਕੰਮਲ ਰੂਪ ਵਿਚ ਡਾਕਟਰੀ ਸਹਾਇਤਾ ਨਹੀਂ ਦਿੱਤੀ ਜਾ ਰਹੀ। ਜੇ ਇਕ ਜਥੇਦਾਰ ਅਜਿਹੀਆਂ ਘੋਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਸਾਹਮਣਾ ਕਰਦਾ ਹੈ, ਤਾਂ ਵਿਚਾਰੋ ਦੂਜਿਆਂ ਦਾ ਕੀ ਹਾਲ ਹੋਵੇਗਾ।”
  ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ: ਪ੍ਰਿਤਪਾਲ ਸਿੰਘ ਜੋ ਕਿ ਪਾਕਿਸਤਾਨ ਵਿਚ ਘੱਟਗਿਣਤੀ ਸਿੱਖ ਭਾਈਚਾਰੇ ਨੂੰ ਆ ਰਹੀਆਂ ਚਣੌਤੀਆਂ ਦੇ ਮੁੱਦਿਆਂ ਦੇ ਮਾਹਿਰ ਹਨ, ਨੇ ਪਾਕਿਸਤਾਨ ਵਿੱਚ ਮੌਜੂਦਾ ਧਾਰਮਿਕ ਆਜਾਦੀ ਦੇ ਮੁੱਦਿਆਂ ਬਾਰੇ ਸਿੱਖਾਂ ਨੂੰ ਪ੍ਰਭਾਵਿਤ ਕਰਨ ਬਾਰੇ ਗੱਲ ਕੀਤੀ। ਵੋਇਸਸ ਆਫ ਫਰੀਡਮ ਸੰਸਥਾ ਦੇ ਕਾਨੂੰਨੀ ਸਲਾਹਕਾਰ ਵਕੀਲ ਸਿਮਰਨਜੀਤ ਸਿੰਘ ਨੇ ਗ੍ਰਿਫਤਾਰ ਕੀਤੇ ਗਏ ਲੋਕਾਂ ਬਾਰੇ ਜਾਣਕਾਰੀ 'ਤੇ ਤਸ਼ੱਦਦ ਦੇ ਤਰੀਕਿਆਂ ਬਾਰੇ ਜਾਣਕਾਰੀ ਵਾਲਾ ਮੈਮੋਰੰਡਮ ਪ੍ਰਦਾਨ ਕੀਤਾ।

  ਅਮਰੀਕੀ ਸਿੱਖ ਕਾਕਸ ਕਮੇਟੀ ਦੇ ਕਾਰਜਕਾਰੀ ਡਾਇਰੈਕਟਰ, ਹਰਪ੍ਰੀਤ ਸਿੰਘ ਸੰਧੂ ਨੇ ਅਮਰੀਕੀ ਸਿੱਖਾਂ ਦੇ ਭਾਰਤੀ ਰਿਸ਼ਤੇਦਾਰਾਂ 'ਤੇ ਮਨੁੱਖੀ ਅਧਿਕਾਰਾਂ ਅਤੇ ਨਿਆਂ ਬਾਰੇ ਬੋਲਣ ਕਾਰਨ ਵੱਧ ਰਹੇ ਅੱਤਿਆਚਾਰ ਬਾਰੇ ਬੋਲਿਆ। ਵਰਚੂਅਲ ਕਾਲ 'ਤੇ ਆਪਣੀਆਂ ਚਿੰਤਾਵਾਂ ਜ਼ਾਹਰ ਕਰਨ ਵਾਲਿਆਂ ਵਿਚ ਯਾਦਵਿੰਦਰ ਸਿੰਘ ਸਿੱਖ ਚੈਂਬਰ ਆਫ ਕਾਮਰਸ, ਜਗਦੀਸ਼ ਸਿੰਘ ਵਰਲਡ ਸਿੱਖ ਪਾਰਲੀਮੈਂਟ ਦੀ ਧਾਰਮਿਕ ਕੌਂਸਲ, ਡਾ: ਰਣਜੀਤ ਸਿੰਘ ਪ੍ਰਤੀਨਿਧ ਸਿੱਖ ਯੂਥ ਆਫ ਅਮਰੀਕਾ, ਸੁਰਿੰਦਰ ਸਿੰਘ-ਪੰਥਕ ਸਿੱਖ ਸੁਸਾਇਟੀ ਅਤੇ ਹਰਜਿੰਦਰ ਸਿੰਘ ਸਿੱਖ ਈਸਟ ਕੋਸਟ ਤਾਲਮੇਲ ਕਮੇਟੀ ਵੀ ਇਸ ਸੱਦੇ ਵਿਚ ਸ਼ਾਮਲ ਹੋਈ ਅਤੇ ਆਪਣੀਆਂ ਚਿੰਤਾਵਾਂ ਸਾਂਝੀਆਂ ਕੀਤੀਆਂ।

  ਅੰਮ੍ਰਿਤਸਰ  - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਨ ਵਿਚ ‘ਗੋਬਿੰਦ ਰਮਾਇਣ’ ਦਾ ਜ਼ਿਕਰ ਕੀਤਾ ਤਾਂ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਦੇ ਬਾਰੇ ਟਿਪਣੀਆਂ ਸ਼ੁਰੂ ਕਰ ਦਿੱਤੀਆਂ। ਕਦੇ ਕਿਸੇ ਸਿੱਖ ਜਥੇਬੰਦੀ ਨੇ ਇਹ ਨਹੀ ਸੋਚਿਆ ਕਿ ਪਰਦੇ ਪਿੱਛੇ ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਦਸਣ ਲਈ ਕੀ ਕੁਝ ਕੀਤਾ ਜਾ ਰਿਹਾ ਹੈ। ਰਾਜਨੀਤਕ ਵਿਅਕਤੀ ਸਿਰਫ ਆਪਣਾ ਸਿਆਸੀ ਭਵਿਖ ਸੋਚ ਕੇ ਕੌਮਘਾਤ ਦੀ ਰਾਜਨੀਤੀ ਦਾ ਹਿੱਸਾ ਬਣਦੇ ਹਨ ਤੇ ਰਾਜਨੀਤਕਾਂ ਦੇ ਰਹਿਮੋਕਰਮ ਤੇ ਬੈਠੇ ਧਾਰਮਿਕ ਵਿਅਕਤੀ ਇਸ ਕਰਕੈ ਚੁੱਪ ਧਾਰ ਜਾਦੇ ਹਨ ਕਿਉਂਕਿ ਉਨਾਂ ਰਾਜਨੀਤਕਾਂ ਦੀ ਜੀ ਹਜੂਰੀ ਕਰਕੇ ਹੀ ਧਾਰਮਿਕ ਲਾਭ ਲੈਣੇ ਹੁੰਦੇ ਹਨ। ਸਾਲ 1999 ਵਿਚ ਖਾਲਸਾ ਪੰਥ ਦੇ 300 ਸਾਲਾ ਸਜਾਨਾ ਪੁਰਬ ਤੇ ਕੇਂਦਰ ਦੀ ਤਤਕਾਲੀ ਵਾਜਪਾਈ ਸਰਕਾਰ ਨੇ 100 ਕਰੋੜ ਰੁਪਏ ਜਾਰੀ ਕੀਤੇ ਸਨ। ਉਸ ਵਿਚੋ ਵਡੀ ਰਾਸ਼ੀ ਆਰ ਐਸ ਐਸ ਨੂੰ ਸਾਡੇ ਆਪਣਿਆ ਨੇ ਭੇਟ ਕਰ ਦਿੱਤੀ ਸੀ। ਇਸ ਰਾਸ਼ੀ ਨਾਲ ਇਕ ਗੁਰਬਾਣੀ ਰਿਸਰਚ ਫਾਉਂਡੇਸ਼ਨ ਦੀ ਸਥਾਪਣਾ ਕੀਤੀ ਗਈ। ਇਸ ਫਾਉਂਡੇਸ਼ਨ ਦੀ ਵਡੀ ਪ੍ਰਪਾਤੀ ਗੋਬਿੰਦ ਗੀਤਾ ਹੈ। ਗੋਬਿੰਦ ਗੀਤਾ ਜਿਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ ਨੂੰ ਸਾਲ 2017 ਵਿਚ ਜਾਰੀ ਕੀਤਾ ਗਿਆ। ਇਹ ਪੂਰੀ ਕਿਤਾਬ ਸ੍ਰੀ ਕ੍ਰਿਸ਼ਨ ਵਲੋ ਅਰਜੁਨ ਨੂੰ ਦਿੱਤੇ ਗਏ ਉਪਦੇਸ਼ ਤੇ ਅਧਾਰਿਤ ਹੈ ਜਿਸ ਦਾ ਮੂਲ ਪਾਠ ਗੀਤ ਦੇ ਰੂਪ ਵਿਚ ਮਿਲਦਾ ਹੈ। ਇਸ ਕਿਤਾਬ ਦਾ ਮੁਖ ਬੰਦ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਲਿਖਿਆ ਹੈ ਤੇ ਉਨਾਂ ਇਸ ਵਿਚ ਲਿਖਿਆ ਹੈ ਕਿ ਸਨਾਤਨ ਗ੍ਰੰਥਾ ਦੀ ਲੜੀ ਵਿਚ ਸ੍ਰੀ ਮਦਭਗਵਦ ਗੀਤਾ ਇਕ ਵਿਚਾਰਤਮਕ ਗ੍ਰੰਥ ਹੈ। ਸ੍ਰੀ ਗੁਰੂ ਸਾਹਿਬ ਨੇ ਇਸ ਉਪਰ ‘ਗੋਬਿੰਦ ਗੀਤਾ’ ਦੇ ਰੂਪ ਵਿਚ ਮਹਾਨ ਸਿਧਾਂਤ ਉਜਾਗਰ ਕੀਤੇ। ਉਜਵਲ ਜੀਵਨ ਪ੍ਰਪਕਤਾ ਨਾਲ ਧਾਰਨ ਕਰਨਾ ਪਵੇਗਾ। ਉਜਵਲ ਜੀਵਨ ਵਾਲੇ ਗੁਰਮੁੱਖ ਖਾਲਸੇ ਦੀ ਚੜਦੀ ਕਲਾ ਲਈ ਗੋਬਿੰਦ ਗੀਤਾ ਅਨਮੋਲ ਖਜਾਨਾ ਹੈ। ਪੁਰਾਤਨ ਖਜਾਨੇ ਵਿਚੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਨੂੰ ਮਰਿਯਾਦਾ ਦੀ ਪ੍ਰਪੱਕਤਾ ਨਹੀ ਸ੍ਰੀ ਕ੍ਰਿਸ਼ਨ ਅਰਜੁਨ ਸੰਵਾਦ ਦੀ ਰੂਪ ਰੇਖਾ ਵਾਂਗ ਗੋਬਿੰਦ ਗੀਤਾ ਦੀ ਰਚਨਾ ਕੀਤੀ ਹੈ। ਲੇਖਕ ਦਾਅਵਾ ਕਰਦਾ ਹੈ ਕਿ ਗੁਰੂ ਜੀ ਦੀ ਇਹ ਅੰਮ੍ਰਿਤ ਮਈ ਰਚਨਾ ਗੋਬਿੰਦ ਗੀਤਾ ਸ੍ਰੀ ਦਸਮਗ੍ਰੰਥ ਸਾਹਿਬ ਦਾ ਅਭਿੰਨ ਅੰਗ ਹੈ, ਜੋ ਕਿ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਸੁਭਾਏਮਾਨ ਪੁਰਾਤਨ ਹੱਥ ਲਿਖਤ ਸ੍ਰੀ ਦਸਮ ਗ੍ਰੰਥ ਵਿਚ ਅਕਿੰਤ ਹੈ। ਲੇਖਕ ਦਾਅਵਾ ਕਰਦਾ ਹੈ ਕਿ ਬਹੁਤ ਸਮਾਂ ਪਹਿਲਾਂ ਭਾਈ ਗੇਲਾ ਰਾਮ ਐਂਡ ਸੰਨਜ਼ ਮਾਲਕ ਸ੍ਰੀ ਭਾਰਤੀ ਭੰਡਾਰ ਪੁਸਤਕਾਲਯ ਮੁਲਤਾਨ ਤੋ ਪ੍ਰਕਾਸ਼ਿਤ ਹੋਈ ਸੀ। ਹੁਣ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਮੌਕੇ ਤੇ ਪੁਨਹ ਪ੍ਰਕਾਸ਼ਿਤ ਹੋਣ ਜਾ ਰਹੀ ਹੈ। ਇਸ ਗੋਬਿੰਦ ਗੀਤਾ ਵਿਚ 18 ਅਧਿਆਏ ਹਨ, ਜਿੰਨਾਂ ਵਿਚ ਪਹਿਲਾ ਅਧਿਆਏ ਅਰਜੁਨ ਵਿਸ਼ਾਦ ਯੋਗ, ਦੂਸਰਾ ਸਾਂਖਯ ਯੋਗ, ਤੀਜਾ ਕਰਮਯੋਗ, ਚੌਥਾ ਗਿਆਨ ਕਰਮ ਸਨਿਆਸ ਯੋਗ, ਪੰਜਵਾ ਕਰਮ ਸਨਿਆਸ ਯੋਗ , ਛੇਵਾਂ ਧਿਯਾਨ ਯੋਗ (ਆਤਮ ਸੰਯਮ ਯੋਗ), ਸਤਵਾਂ ਗਿਆਨ ਵਿਗਿਆਨ ਯੋਗ, ਅਠਵਾਂ ਅਖਰ ਬ੍ਰਹਮ ਯੋਗ, ਨੌਵਾਂ ਰਾਜ ਵਿਦਿਆ- ਰਾਜ ਗੈਹਯ ਯੋਗ, ਦਸਵਾਂ ਵਿਭੁਤੀ ਯੋਗ, ਯਾਰਵਾਂ ਵਿਸ਼ਵ ਰੂਪ ਦਰਸ਼ਨ ਯੋਗ, ਬਾਰਵਾ ਭਗਤੀ ਯੋਗ , ਤੇਰਵਾਂ ਖੇਤਰ ਗਯ ਵਿਭਾਗ ਸੋਗ, ਚੌਦਵਾ, ਗੁਣ ਤ੍ਰੈਯ ਵਿਭਾਗ ਯੋਗ, ਪੰਦਰਵਾਂ ਪਰੁਸ਼ੋਤਮ ਯੋਗ, ਸੋਲਵਾਂ ਦੇਵਾਸੁਰ ਸੰਪਦ ਵਿਭਾਗ ਯੋਗ ਸਤਾਰਵਾਂ ਸ਼੍ਰਧਾ ਤ੍ਰੈਯ ਵਿਭਾਗ ਯੋਗ ਅਤੇ ਅਠਾਰਵਾਂ ਮੌਕਸ਼ ਸੰਨਿਆਸ ਯੋਗ ਸ਼ਾਮਲ ਹੈ। ਇਸ ਗੋਬਿੰਦ ਗੀਤਾ ਦੇ ਸੰਪਾਦਕ ਸੰਤ ਦਰਸ਼ਨ ਸਿੰਘ ਸ਼ਾਸਤਰੀ ਅਤੇ ਸੰਤ ਜਸਵਿੰਦਰ ਸਿੰਘ ਸ਼ਾਸਤਰੀ ਹਨ ਤੇ ਇਨਾਂ ਦੇ ਪਤੇ ਵਜੋ ਨਿਰਮਲ ਸੰਪ੍ਰਦਾਇ ਕਾਸ਼ੀ ਦਸਿਆ ਗਿਆ ਹੈ।

  ਅੰਮ੍ਰਿਤਸਰ - ਸਿੱਖ ਜਥੇਬੰਦੀਆਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਗੋਬਿੰਦ ਸਿੰਘ ਦੁਆਰਾ ‘ਗੋਵਿੰਦ ਰਮਾਇਣ’ ਲਿਖੇ ਜਾਣ ਬਾਰੇ ਕਹਿ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਜਦਕਿ ਅਸਲੀਅਤ ’ਚ ਅਜਿਹਾ ਕੋਈ ਗ੍ਰੰਥ ਦਸਵੇਂ ਗੁਰੂ ਨੇ ਨਹੀਂ ਲਿਖਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸ੍ਰੀ ਮੋਦੀ ਇਸ ਬਿਆਨ ਲਈ ਲੋਕਾਂ ਕੋਲੋਂ ਮੁਆਫ਼ੀ ਮੰਗਣ।

  ਸਿੱਖ ਜਥੇਬੰਦੀਆਂ ਦੇ ਸਮੂਹ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਅਤੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਨੇਜਰ ਜਸਵਿੰਦਰ ਸਿੰਘ ਐਡਵੋਕੇਟ ਅਤੇ ਸਿੱਖ ਵਿਦਵਾਨ ਅਮਰਜੀਤ ਸਿੰਘ ਨੇ ਪ੍ਰਧਾਨ ਮੰਤਰੀ ਦੇ ਇਸ ਦਾਅਵੇ ਨੂੰ ਰੱਦ ਕੀਤਾ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਪਣੇ ਜੀਵਨ ਕਾਲ ਦੌਰਾਨ ‘ਗੋਵਿੰਦ ਰਮਾਇਣ’ ਨਾਂ ਦੀ ਰਮਾਇਣ ਲਿਖੀ ਗਈ ਸੀ। ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਵੱਲੋਂ ਇਹ ਗੱਲ ਉਸ ਵੇਲੇ ਆਖੀ ਗਈ ਜਦੋਂ ਰਾਮ ਮੰਦਰ ਦਾ ਨੀਂਹ ਪੱਥਰ ਰੱਖਣ ਪਾ ਪ੍ਰੋਗਰਾਮ ਚੱਲ ਰਿਹਾ ਸੀ। ‘ਪ੍ਰਧਾਨ ਮੰਤਰੀ ਵੱਲੋਂ ਕੀਤੀ ਗਈ ਇਹ ਗੱਲ ਭਵਿੱਖ ਵਿਚ ਇਤਿਹਾਸਕ ਹਵਾਲਾ ਬਣੇਗੀ, ਇਸ ਲਈ ਇਸ ਦਾ ਵਿਰੋਧ ਕਰਨਾ ਜ਼ਰੂਰੀ ਬਣਦਾ ਹੈ।’ ਉਨ੍ਹਾਂ ਆਖਿਆ ਕਿ ਇਸ ਮਾਮਲੇ ਵਿਚ ਸਿੱਖਾਂ ਦੀ ਨੁਮਾਇੰਦਾ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਪਰ ਉਨ੍ਹਾਂ ਅਜੇ ਤੱਕ ਇਸ ਖਿਲਾਫ਼ ਕੋਈ ਗੱਲ ਨਹੀਂ ਆਖੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਫਿਲਹਾਲ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ।

  ਸਿੱਖ ਆਗੂਆਂ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਦਾ ਦਾਅਵਾ ਤੱਥਾਂ ’ਤੇ ਆਧਾਰਿਤ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਆਰਐੱਸਐੱਸ ਵੱਲੋਂ ਕਈ ਵਾਰ ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਕਿਹਾ ਗਿਆ ਹੈ ਜਦੋਂਕਿ ਗੁਰੂ ਨਾਨਕ ਦੇਵ ਜੀ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਕੇ ਹਿੰਦੂ ਧਰਮ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਸੀ ਅਤੇ ਸਿੱਖ ਧਰਮ ਦੀ ਨੀਂਹ ਰੱਖੀ ਸੀ। ਅਯੁੱਧਿਆ ’ਚ ਹੋਏ ਸਮਾਗਮ ਵਿਚ ਸ਼ਾਮਲ ਹੋਏ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਵੱਲੋਂ ਸਿੱਖ ਕੌਮ ਨੂੰ ਲਵ-ਕੁਸ਼ ਦੇ ਵੰਸ਼ਜ ਦੱਸੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਇਹ ਇਕ ਮਿੱਥ ਹੈ ਤੇ ਇਸ ਵਿਚ ਕੋਈ ਸੱਚਾਈ ਨਹੀਂ ਹੈ ਅਤੇ ਸਿੱਖ ਸਿਰਫ਼ ਅਕਾਲ ਪੁਰਖ ਦੀ ਔਲਾਦ ਹਨ।

  ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਤ ਪੁਸਤਕ ਬਚਿੱਤਰ ਨਾਟਕ ਅਤੇ ਦਸ਼ਮ ਗ੍ਰੰਥ ਸਟੀਕ ਵਿਚ ਇਸ ਸਬੰਧੀ ਹਵਾਲੇ ਹੋਣ ਬਾਰੇ ਪੁੱਛੇ ਜਾਣ ’ਤੇ ਸਿੱਖ ਆਗੂਆਂ ਨੇ ਆਖਿਆ ਕਿ ਦਸਮ ਗ੍ਰੰਥ ਦਾ ਮਸਲਾ ਫਿਲਹਾਲ ਹੱਲ ਨਹੀਂ ਹੋਇਆ ਹੈ। ਉਨ੍ਹਾਂ ਆਖਿਆ ਕਿ ਦਸਮ ਗ੍ਰੰਥ ਗੁਰੂ ਸਾਹਿਬ ਦੀ ਲਿਖਤ ਨਹੀਂ ਹੈ। ਇਸ ਲਈ ਉਸ ਬਾਰੇ ਕੁਝ ਵੀ ਕਹਿਣਾ ਉਚਿਤ ਨਹੀਂ ਹੈ। ਉਨ੍ਹਾਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿਚ ਵਿਦਵਾਨਾਂ ਦੀ ਮੀਟਿੰਗ ਸੱਦਣ ਅਤੇ ਪ੍ਰਧਾਨ ਮੰਤਰੀ ਵੱਲੋਂ ਕੀਤੇ ਗਏ ਦਾਅਵੇ ਬਾਰੇ ਤਖ਼ਤ ਤੋਂ ਆਪਣਾ ਪ੍ਰਤੀਕਰਮ ਦੇਣ।

  ਪਟਿਆਲਾ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਸਿੱਖਾਂ ਦੇ ਮਸਲਿਆਂ ਪ੍ਰਤੀ ਕਾਂਗਰਸ ਸਰਕਾਰ ਕਦੇ ਵੀ ਗੰਭੀਰ ਨਹੀਂ ਹੋਈ ਹੈ, ਤੇ ਅੱਜ ਵੀ ਕਾਂਗਰਸ ਦੇ ਰਾਜ ’ਚ ਸਿੱਖਾਂ ਨਾਲ ਵਧੀਕੀਆਂ ਦਾ ਸਿਲਸਿਲਾ ਜਾਰੀ ਹੈ। ਉਹ ਸ੍ਰੀ ਗੁਰਦੁਆਰਾ ਸ੍ਰੀ ਅਰਦਾਸਪੁਰਾ ਸਾਹਿਬ ਕਲਿਆਣ ਤੋਂ 100 ਸਾਲਾ ਪੁਰਾਤਨ ਪਾਵਨ ਸਫ਼ਰੀ ਸਰੂਪ ਚੋਰੀ ਹੋਣ ਦੇ ਰੋਸ ’ਚ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਐੱਸਐੱਸਪੀ ਦਫ਼ਤਰ ਅੱਗੇ ਲੜੀਵਾਰ ਰੋਸ ਮੁਜ਼ਾਹਰੇ ਦੇ ਦੂਜੇ ਦਿਨ ਰੋਸ ਪ੍ਰੋਗਰਾਮ ਦੀ ਅਗਵਾਈ ਕਰ ਰਹੇ ਸਨ। ਇਹ ਰੋਸ ਧਰਨਾ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ’ਚ ਦਿੱਤਾ ਗਿਆ ਜਿਸ ਵਿੱਚ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟ ਕੀਤਾ। ਭਾਈ ਲੌਂਗੋਵਾਲ ਨੇ ਕਿਹਾ ਕਿ ਸਰੂਪ ਚੋਰੀ ਹੋਏ ਨੂੰ ਤਿੰਨ ਹਫ਼ਤੇ ਤੋਂ ਵੱਧ ਦਾ ਸਮਾਂ ਲੰਘ ਚੁੱਕਾ ਹੈ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਮੁੱਖ ਮੰਤਰੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਵੱਲੋਂ ਧਾਰੀ ਚੁੱਪ ਇਹ ਸਪੱਸ਼ਟ ਕਰਦੀ ਹੈ ਕਿ ਕਾਂਗਰਸ ਅੱਜ ਵੀ ਪੰਥ ਵਿਰੋਧੀ ਤਾਕਤਾਂ ਨੂੰ ਹੱਲਾਸ਼ੇਰੀ ਦੇ ਰਹੀ ਹੈ, ਜਿਸ ਕਾਰਨ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਕਾਰਨ ਸੰਗਤਾਂ ’ਚ ਰੋਸ ਹੈ। ਊਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਗੁਰੂ ਸਾਹਿਬਾਨ ਦਾ ਅਪਮਾਨ ਬਰਦਾਸ਼ਤ ਨਹੀਂ ਕਰੇਗੀ। ਊਨ੍ਹਾਂ ਦੋਸ਼ੀਆਂ ਨੂੰ ਸਜ਼ਾ ਦਿੱਤੇ ਜਾਣ ਤੱਕ ਧਰਨਾ ਜਾਰੀ ਰੱਖਣ ਦੀ ਚਿਤਾਵਨੀ ਦਿੱਤੀ। ਧਰਨੇ ਦੌਰਾਨ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਮਹਿਤਾ, ਜੂਨੀਅਰ ਮੀਤ ਪ੍ਰਧਾਨ ਗੁਰਬਖਸ਼ ਸਿੰਘ ਖਾਲਸਾ, ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ, ਅੰਤ੍ਰਿੰਗ ਕਮੇਟੀ ਮੈਂਬਰ ਜਸਮੇਰ ਸਿੰਘ ਲਾਛੜੂ, ਜਥੇਦਾਰ ਜਗਸੀਰ ਸਿੰਘ ਮਾਗੇਆਣਾ, ਜਥੇਦਾਰ ਮਗਵਿੰਦਰ ਸਿੰਘ ਖਾਪਰਖੇੜੀ, ਬੀਬੀ ਕੁਲਦੀਪ ਕੌਰ ਟੌਹੜਾ ਹਾਜ਼ਰ ਸਨ।

  ਅੰਮ੍ਰਿਤਸਰ - ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪਾਰਟੀ ਦਾ ਉੱਚ ਪੱਧਰੀ ਵਫਦ ਜਲਦ ਹੀ ਨਵੀਂ ਦਿੱਲੀ ਜਾ ਕੇ ਮਿਲੇਗਾ ਤਾਂ ਜੋ ਮਹਾਨ ਸਿੱਖ ਸੰਸਥਾਵਾਂ ਬਾਦਲਾਂ ਤੋਂ ਆਜ਼ਾਦ ਕਰਵਾਈਆਂ ਜਾ ਸਕਣ। ਉਨ੍ਹਾਂ ਦੋਸ਼ ਲਾਇਆ ਕਿ ਸੰਸਦ, ਵਿਧਾਨ ਸਭਾਵਾਂ, ਨਗਰ ਨਿਗਮ, ਪੰਚਾਇਤਾਂ ਦੀਆਂ ਚੋਣਾਂ ਪੰਜ ਸਾਲ ਬਾਅਦ ਹੋ ਜਾਂਦੀਆਂ ਹਨ ਪਰ ਸਿੱਖਾਂ ਦੀ ਮਹਾਨ ਸੰਸਥਾ ਸ਼੍ਰੋਮਣੀ ਕਮੇਟੀ ਦੀ ਚੋਣ ਪਿਛਲੇ 70 ਸਾਲਾਂ ਵਿਚ ਕਦੇ ਸਮੇਂ ਸਿਰ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਬਾਦਲ ਇਕ ਦਫਤਰ ਵਜੋਂ ਵਰਤ ਰਹੇ ਹਨ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਦੇ ਕਹਿਣ ’ਤੇ ਕੇਂਦਰ ਸਰਕਾਰ ਸਮੇਂ ਸਿਰ ਚੋਣ ਨਹੀਂ ਕਰਵਾ ਰਹੀ।

  ਅੰਮ੍ਰਿਤਸਰ - ਹਵਾਰਾ ਕਮੇਟੀ ਦੇ ਮੈਂਬਰਾਂ ਨੇ 267 ਪਾਵਨ ਸਰੂਪਾਂ ਦੇ ਮਾਮਲੇ ਦੀ ਜਾਂਚ ਸਬੰਧੀ ਮੁੱਖ ਜਾਂਚਕਰਤਾ ਐਡਵੋਕੇਟ ਈਸ਼ਰ ਸਿੰਘ ਦੇ ਨਾਂ ਇਕ ਪੱਤਰ ਜਾਰੀ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ ਕੁਝ ਨੁਕਤਿਆਂ ਨੂੰ ਲੈ ਕੇ ਜਾਂਚ ’ਤੇ ਸਵਾਲੀਆ ਚਿੰਨ੍ਹ ਲਾਇਆ ਹੈ।
  ਇਸ ਸਬੰਧੀ ਹਵਾਰਾ ਕਮੇਟੀ ਦੇ ਮੁੱਖ ਬੁਲਾਰੇ ਪ੍ਰੋ. ਬਲਜਿੰਦਰ ਸਿੰੰਘ ਨੇ ਦੱਸਿਆ ਕਿ ਮੁੱਖ ਜਾਂਚਕਰਤਾ ਨੂੰ ਪੱਤਰ ਭੇਜ ਕੇ ਲਗਪਗ ਅੱਠ ਨੁਕਤੇ ਜਾਂਚ ਕਮੇਟੀ ਦੇ ਧਿਆਨ ਵਿਚ ਲਿਆਂਦੇ ਗਏ ਹਨ। ਉਨ੍ਹਾਂ ਆਖਿਆ ਕਿ ਜਾਂਚ ਸ਼ੁਰੂ ਕਰਨ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦਾ ਗੁਰੂ ਗ੍ਰੰਥ ਸਾਹਿਬ ਭਵਨ ਅਤੇ ਇਸ ਵਿਚ ਚਲਦੀ ਪ੍ਰਿੰਟਿੰਗ ਪ੍ਰੈੱਸ, ਸਟੋਰ ਅਤੇ ਦਫਤਰ ਆਦਿ ਗਵਾਹਾਂ ਦੀ ਮੌਜੂਦਗੀ ਵਿਚ ਸੀਲ ਕੀਤੇ ਜਾਣੇ ਚਾਹੀਦੇ ਸਨ। ਸਮੁੱਚਾ ਰਿਕਾਰਡ ਆਪਣੇ ਕਬਜ਼ੇ ਵਿਚ ਲੈਣਾ ਚਾਹੀਦਾ ਸੀ ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਿੰਟਿੰਗ ਪ੍ਰੈੱਸ, ਸਟੋਰ ਅਤੇ ਦਫ਼ਤਰ ਸੀਲ ਨਾ ਹੋਣ ਕਾਰਨ 125 ਪਾਵਨ ਸਰੂਪਾਂ ਦੇ ਫਰਮੇ ਤਿਆਰ ਕਰਕੇ ਇਨ੍ਹਾਂ ਨੂੰ ਪਿਛਲੀਆਂ ਤਰੀਕਾਂ ਦੇ ਰਿਕਾਰਡ ਵਿਚ ਪਾ ਲਿਆ ਗਿਆ ਹੈ। ਇਸੇ ਤਰ੍ਹਾਂ ਸਬੰਧਤ ਰਿਕਾਰਡ ਨਾਲ ਅਧਿਕਾਰੀਆਂ ਵੱਲੋਂ ਛੇੜਛਾੜ ਕੀਤੀ ਗਈ ਹੈ।
  ਉਨ੍ਹਾਂ ਲਿਖਿਆ ਕਿ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਦੇ ਜਿਸ ਕਮਰੇ ਵਿਚ ਜਾਂਚ ਚੱਲ ਰਹੀ ਹੈ, ਉਸ ਕਮਰੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦਾ ਕੰਟਰੋਲ ਸ਼੍ਰੋਮਣੀ ਕਮੇਟੀ ਕੋਲ ਹੈ। ਜਦੋਂਕਿ ਇਹ ਕੰਟਰੋਲ ਜਾਂਚ ਅਧਿਕਾਰੀ ਦੇ ਅਧੀਨ ਹੋਣਾ ਚਾਹੀਦਾ ਸੀ। ਇਸੇ ਤਰ੍ਹਾਂ ਪੁੱਛਗਿੱਛ ਦੌਰਾਨ ਜਦੋਂ ਸਬੰਧਤ ਵਿਅਕਤੀਆਂ ਨੂੰ ਸੱਦਿਆ ਗਿਆ ਤਾਂ ਉਨ੍ਹਾਂ ਨਾਲ ਹੋਰ ਅਹਿਮ ਵਿਅਕਤੀ ਵੀ ਹਾਜ਼ਰ ਸਨ, ਜੋ ਜਾਂਚ ਦੇ ਬੁਨਿਆਦੀ ਨਿਯਮਾਂ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਘੱਟ ਗਏ ਪਾਵਨ ਸਰੂਪਾਂ ਸਬੰਧੀ ਪਿਛਲੀਆਂ ‘ਬੈਲੇਂਸ ਸ਼ੀਟਾਂ’ ਅਤੇ ਆਡਿਟ ਰਿਪੋਰਟ ਵਿਚ ਹਵਾਲਾ ਨਹੀਂ ਮਿਲਦਾ ਹੈ, ਜਿਸ ਲਈ ਸਿੱਖ ਸੰਸਥਾ ਦਾ ਆਡਿਟਰ ਜ਼ਿੰਮੇਵਾਰ ਹੈ। ਉਨ੍ਹਾਂ ਨੇ ਮੁੱਖ ਜਾਂਚ ਕਰਤਾ ਨੂੰ ਆਖਿਆ ਕਿ ਉਹ ਵੀ ਦਾਅਵੇ ਤੋਂ ਪਿਛੇ ਹੱਟ ਗਏ ਹਨ।

  ਨਵੀਂ ਦਿੱਲੀ , (ਮਨਪ੍ਰੀਤ ਸਿੰਘ ਖਾਲਸਾ):- ਦਲ ਖਾਲਸਾ ਦੇ ਜਲਾਵਤਨੀ ਆਗੂ ਭਾਈ ਗਜਿੰਦਰ ਸਿੰਘ ਨੇ ਸਿੱਖ ਕੌਮ ਦੇ ਆਗੂਆਂ ਵਲੋਂ ਰਾਮ ਮੰਦਿਰ ਦੇ ਅਜ ਹੋਏ ਭੂਮੀਪੂਜਨ ਵਿਚ ਨਾ ਜਾਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਭੇਜੇ ਅਪਣੇ ਸੁਨੇਹੇ ਵਿਚ ਲਿਖਿਆ ਕਿ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਸਿੱਖ ਕੌਮ ਦਾ ਕੋਈ ਵੀ ਹਿੱਸਾ, ਰਾਮ ਮੰਦਰ ਦੇ ਭੂਮੀ ਪੂਜਨ ਸਮਾਗਮ ਵਿੱਚ ਸ਼ਾਮਿਲ ਨਹੀਂ ਹੋਇਆ । ਕੌਮ ਦੇ ਸੱਭ ਧਾਰਮਿਕ ਤੇ ਸਿਆਸੀ ਹਿਸਿਆਂ ਨੇ ਸਾਂਝੇ ਤੌਰ ਤੇ ਕੌਮੀ ਵਿਲੱਖਣਤਾ ਦਾ ਪ੍ਰਗਟਾਵਾ ਕੀਤਾ ਹੈ, ਜਿਸ ਲਈ ਸੱਭ ਮੁਬਾਰਕਬਾਦ ਦੇ ਹੱਕਦਾਰ ਹਨ । ਇਸ ਸਮਾਗਮ ਵਿੱਚ ਸ਼ਾਮਿਲ ਨਾ ਹੋ ਕੇ ਸਮੁੱਚੀ ਕੌਮ ਨੇ ਹਿੰਦੁੱਤਵੀ ਤਾਕਤਾਂ ਨੂੰ ਬਹੁਤ ਸਪਸ਼ਟ ਮੈਸੇਜ ਦੇ ਦਿੱਤਾ ਹੈ, ਕਿ ਸਿੱਖ ਹਿੰਦੁਤੱਵ ਦਾ ਹਿੱਸਾ ਨਹੀਂ ਹਨ । ਗਿਆਨੀ ਇਕਬਾਲ ਸਿੰਘ ਸੋਚ ਪੱਖੋਂ ਸ਼ੁਰੂ ਤੋਂ ਹੀ 'ਬਨਾਰਸੀ/ਨਾਗ਼ਪੁਰੀ' ਹੈ, ਆਨੰਦਪੁਰੀ ਨਹੀਂ ਹੈ । ਇਸ ਸੋਚ ਦੇ ਹੋਰ ਵੀ ਕਈ ਲੋਕ ਸਿੱਖੀ ਭੇਖ ਵਿੱਚ ਮੌਜੂਦ ਹਨ । ਇਹ ਲੋਕ ਜੋ ਸਾਡੇ ਬਣੇ ਹੀ ਨਹੀਂ, ਇਹਨਾਂ ਦਾ ਜਾਣਾ ਮਹਿਸੂਸ ਹੀ ਕੀ ਕਰਨਾ ਹੋਇਆ । ਇਹੋ ਜਿਹੇ ਅਵਸਰ ਲਕੀਰ ਦੇ ਏਧਰ ਜਾਂ ਓਧਰ ਹੋਣ ਦੇ ਹੁੰਦੇ ਹਨ, ਤੇ ਗਿਆਨੀ ਇੱਕਬਾਲ ਸਿੰਘ ਨੇ ਲਕੀਰ ਦੇ ਪਰਲੇ ਪਾਸੇ ਖੜ੍ਹਨ ਦਾ ਫੈਸਲਾ ਕੀਤਾ ਹੈ ਤੇ ਦੁਨੀਆਂ ਭਰ ਦੇ ਸਿੱਖਾਂ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਲੋਕਾਂ ਨੂੰ ਆਪਣਿਆਂ ਵਿੱਚ ਗਿਣਨਾ ਬੰਦ ਕਰ ਦੇਣ । ਪਹਿਰਾਵਾ ਆਨੰਦਪੁਰੀ ਤੇ ਸੋਚ ਬਨਾਰਸੀ ਰੱਖਣ ਵਾਲੇ ਕੌਮ ਦਾ ਪਹਿਲਾਂ ਵੀ ਕਾਫੀ ਨੁਕਸਾਨ ਕਰ ਚੁੱਕੇ ਹਨ, ਤੇ ਅੱਗੋਂ ਵੀ ਕਰਨਗੇ । ਇਹ ਹੁਣ ਸਿੱਖ ਸੰਸਥਾਵਾਂ ਨੇ ਫੈਸਲਾ ਕਰਨਾ ਹੈ ਕਿ ਇਸ ਲਕੀਰ ਟੱਪ ਕੇ ਪਰਲੇ ਪਾਸੇ ਗਏ ਬੰਦੇ ਨਾਲ ਕੀ ਸਲੂਕ ਕੀਤਾ ਜਾਵੇ..?

  ਅੰਮ੍ਰਿਤਸਰ - ਜਥੇਦਾਰ ਪ੍ਰਸ਼ੋਤਮ ਸਿੰਘ ਫੱਗੂਵਾਲਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਇਥੇ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਪੱਤਰ ਦੇ ਕੇ ਅਪੀਲ ਕੀਤੀ ਹੈ ਕਿ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਤਬਦੀਲੀ ਦੇ ਮਾਮਲੇ ਵਿੱਚ ਸੁਖਦੇਵ ਸਿੰਘ ਢੀਂਡਸਾ ਨੂੰ ਅਕਾਲ ਤਖ਼ਤ ਤੇ ਤਲਬ ਕੀਤਾ ਜਾਵੇ ਅਤੇ ਉਨ੍ਹਾਂ ਕੋਲੋਂ ਪੁੱਛਿਆ ਜਾਵੇ ਕਿ ਹੁਣ ਤੱਕ ਇਹ ਤਬਦੀਲੀਆਂ ਕਿਉਂ ਨਹੀਂ ਕੀਤੀਆਂ। ਉਨ੍ਹਾਂ ਕੋਲੋਂ ਗੁਰਦੁਆਰੇ ਦਾ ਪ੍ਰਬੰਧ ਲੈ ਕੇ ਸ਼੍ਰੋਮਣੀ ਕਮੇਟੀ ਨੂੰ ਸੌਂਪਿਆ ਜਾਵੇ। ਉਨ੍ਹਾਂ ਕਿਹਾ ਕਿ ਗਿਆਰਾਂ ਸਾਲ ਪਹਿਲਾਂ ਅਕਾਲ ਤਖ਼ਤ ਵੱਲੋਂ ਇਸ ਸਬੰਧ ਵਿਚ ਆਦੇਸ਼ ਕੀਤੇ ਗਏ ਸਨ ਪਰ ਉਨ੍ਹਾਂ ਆਦੇਸ਼ਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਉਹ ਇਸ ਮਾਮਲੇ ’ਤੇ ਕਈ ਵਾਰ ਰੋਸ ਪ੍ਰਦਰਸ਼ਨ ਵੀ ਕਰ ਚੁੱਕੇ ਹਨ ਅਤੇ ਭੁੱਖ ਹੜਤਾਲ ਵੀ ਕੀਤੀ ਹੈ। ਉਨ੍ਹਾਂ ਦੇ ਨਾਲ ਆਏ ਸਾਥੀਆਂ ਨੇ ਆਪਣੀ ਇਸ ਮੰਗ ਸਬੰਧੀ ਬੈਨਰ ਅਤੇ ਤਖ਼ਤੀਆਂ ਚੁੱਕੀਆਂ ਹੋਈਆਂ ਸਨ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com