ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਫ਼ਰੀਦਕੋਟ - ਪੰਜਾਬ ਸਰਕਾਰ ਵੱਲੋਂ ਬਹਿਬਲ ਅਤੇ ਕੋਟਕਪੂਰਾ ਗੋਲੀ ਕਾਂਡ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਦੀ ਅੱਠ ਮਹੀਨਿਆਂ ਦੀ ਪੜਤਾਲ ਤੋਂ ਬਾਅਦ ਦੋ ਮੁੱਖ ਅਧਿਕਾਰੀਆਂ ਦੇ ਦਾਅਵਿਆਂ ਵਿੱਚ ਅੰਤਰ ਹੋਣ ਕਾਰਨ ਬੇਅਦਬੀ ਕਾਂਡ ਦੀ ਸਮੁੱਚੀ ਪੜਤਾਲ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ। ਪੰਜਾਬ ਦੇ ਏਡੀਜੀਪੀ ਅਤੇ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਪ੍ਰਬੋਧ ਕੁਮਾਰ ਨੇ ਸੀਬੀਆਈ ਦੇ ਡਾਇਰੈਕਟਰ ਨੂੰ 29 ਜੁਲਾਈ ਨੂੰ ਲਿਖੇ ਪੱਤਰ ਵਿੱਚ ਦਾਅਵਾ ਕੀਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਬੰਦ ਨਹੀਂ ਹੋਣੀ ਚਾਹੀਦੀ ਹੈ ਕਿਉਂਕਿ ਜਾਂਚ ਟੀਮ ਨੂੰ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਬੇਅਦਬੀ ਕਾਂਡ ਤੋਂ ਪਹਿਲਾਂ ਬਰਗਾੜੀ ਇਲਾਕੇ ਵਿੱਚ ਦੋ ਪਾਕਿਸਤਾਨੀ ਸਿਮ ਵਰਤੇ ਗਏ ਸਨ ਅਤੇ ਸੀਬੀਆਈ ਨੇ ਇਸ ਤੱਥ ਦੀ ਪੜਤਾਲ ਨਹੀਂ ਕੀਤੀ ਹੈ। ਸੀਬੀਆਈ ਦੇ ਐੱਸਪੀ ਪੀ. ਚੱਕਰਵਰਤੀ ਨੇ ਜਾਂਚ ਟੀਮ ਦੇ ਮੁਖੀ ਦਾ ਪੱਤਰ ਮਿਲਣ ਮਗਰੋਂ ਬੇਅਦਬੀ ਕਾਂਡ ਦੀ ਪੜਤਾਲ ਮੁੜ ਖੋਲ੍ਹਣ ਦੀ ਪੁਸ਼ਟੀ ਕੀਤੀ ਹੈ ਅਤੇ ਇਸ ਬਾਰੇ ਅਦਾਲਤ ਕੋਲੋਂ ਇਜਾਜ਼ਤ ਵੀ ਮੰਗੀ ਹੈ। ਦੂਜੇ ਪਾਸੇ ਕੋਟਕਪੂਰਾ ਗੋਲੀ ਕਾਂਡ ਵਿੱਚ 23 ਮਈ 2019 ਨੂੰ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ 56 ਸਫ਼ਿਆਂ ਦੀ ਪੜਤਾਲ ਰਿਪੋਰਟ ਪੇਸ਼ ਕੀਤੀ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਬੇਅਦਬੀ ਕਾਂਡ ਤੋਂ ਬਾਅਦ ਵਾਪਰੇ ਕੋਟਕਪੂਰਾ ਅਤੇ ਬਹਿਬਲ ਕਾਂਡ ਗਿਣੀ ਮਿੱਥੀ ਸਾਜ਼ਿਸ਼ ਤਹਿਤ ਵਾਪਰੇ ਹਨ ਅਤੇ ਇਸ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਸ਼ਮੂਲੀਅਤ ਹੋ ਸਕਦੀ ਹੈ। ਆਈਜੀ ਨੇ ਇਸ ਰਿਪੋਰਟ ਵਿੱਚ ਲਿਖਤੀ ਦਾਅਵਾ ਕੀਤਾ ਹੈ ਕਿ ਇਨ੍ਹਾਂ ਤਿੰਨਾਂ ਸ਼ਖਸੀਅਤਾਂ ਦੇ ਕੋਟਕਪੂਰਾ ਗੋਲੀ ਕਾਂਡ ਵਿੱਚ ਨਿਭਾਏ ਰੋਲ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਖਿਲਾਫ਼ ਪੜਤਾਲ ਮੁਕੰਮਲ ਹੋਣ ਮਗਰੋਂ ਧਾਰਾ 173 (8) ਤਹਿਤ ਚਲਾਨ ਅਦਾਲਤ ਵਿੱਚ ਦਿੱਤਾ ਜਾ ਸਕਦਾ ਹੈ।
    ਏਡੀਜੀਪੀ ਪ੍ਰਬੋਧ ਕੁਮਾਰ ਦੇ ਦਾਅਵਿਆਂ ਨੂੰ ਜੇਕਰ ਸੱਚ ਮੰਨਿਆ ਜਾਵੇ ਤਾਂ ਕੁੰਵਰ ਵਿਜੇ ਪ੍ਰਤਾਪ ਦੇ ਦਾਅਵੇ ਰੱਦ ਹੁੰਦੇ ਹਨ। ਦੱਸਣਯੋਗ ਹੈ ਕਿ ਜਾਂਚ ਟੀਮ ਦੇ ਅਧਿਕਾਰੀਆਂ ਦਰਮਿਆਨ ਆਪਸੀ ਵਖਰੇਵੇਂ ਵੀ ਜੱਗ ਜ਼ਾਹਿਰ ਹੋ ਗਏ ਸਨ।
    ਏਡੀਜੀਪੀ ਪ੍ਰਬੋਧ ਕੁਮਾਰ ਨੇ ਪੰਜਾਬ ਸਰਕਾਰ ਨੂੰ ਲਿਖਤੀ ਤੌਰ ’ਤੇ ਸੂਚਿਤ ਕੀਤਾ ਸੀ ਕਿ ਕੋਟਕਪੂਰਾ ਤੇ ਬਰਗਾੜੀ ਕਾਂਡ ਦੀ ਜਾਂਚ ਰਿਪੋਰਟ ਦੇ ਜੋ ਵੀ ਸਿੱਟੇ ਹੋਣਗੇ, ਉਨ੍ਹਾਂ ਲਈ ਕੁੰਵਰ ਵਿਜੇ ਪ੍ਰਤਾਪ ਸਿੰਘ ਹੀ ਜ਼ਿੰਮੇਵਾਰ ਹੋਣਗੇ। ਏਡੀਜੀਪੀ ਨੇ 29 ਜੁਲਾਈ 2019 ਨੂੰ ਸੀਬੀਆਈ ਨੂੰ ਲਿਖੇ ਪੱਤਰ ਦੀ ਪੁਸ਼ਟੀ ਕੀਤੀ ਹੈ। ਇਸੇ ਪੱਤਰ ਦੇ ਆਧਾਰ ’ਤੇ ਸੀਬੀਆਈ ਨੇ ਵਿਸ਼ੇਸ਼ ਅਦਾਲਤ ਵਿੱਚ ਜਾਂਚ ਲਈ ਇਜਾਜ਼ਤ ਮੰਗੀ ਹੈ।

    ਇਸਲਾਮਾਬਾਦ/ਲਾਹੌਰ - ਪਾਕਿਸਤਾਨ ਨੇ ਕਰਾਚੀ ਉਪਰੋਂ ਦੀ ਲੰਘਦੇ ਤਿੰਨ ਹਵਾਈ ਖੇਤਰ ਭਾਰਤੀ ਉਡਾਣਾਂ ਲਈ 31 ਅਗਸਤ ਤਕ ਬੰਦ ਕਰ ਦਿੱਤੇ। ਮੁਲਕ ਦੀ ਸਿਵਲ ਹਵਾਬਾਜ਼ੀ ਅਥਾਰਿਟੀ ਨੇ ਐਲਾਨ ਕੀਤਾ ਕਿ ਉਹ ਮੁਲਕ ਦੇ ਹਵਾਈ ਖੇਤਰ ਨੂੰ ਭਾਰਤੀ ਉਡਾਣਾਂ ਲਈ ਪੂਰੀ ਤਰ੍ਹਾਂ ਬੰਦ ਕਰਨ ’ਤੇ ਵਿਚਾਰ ਕਰ ਰਹੀ ਹੈ। ਪਾਕਿਸਤਾਨ ਦੀ ਇਸ ਸੱਜਰੀ ਪਾਬੰਦੀ ਨਾਲ ਉਹ ਸਾਰੀਆਂ ਕੌਮਾਂਤਰੀ ਉਡਾਣਾਂ ਅਸਰਅੰਦਾਜ਼ ਹੋਣਗੀਆਂ, ਜੋ ਕਰਾਚੀ ਉਪਰੋਂ ਲੰਘਦੇ ਇਨ੍ਹਾਂ ਤਿੰਨ ਹਵਾਈ ਰੂਟਾਂ ਦੀ ਵਰਤੋਂ ਕਰਦੀਆਂ ਹਨ। ਇਹ ਤਿੰਨੋਂ ਰੂਟ ਪਾਇਲਟਾਂ ਨੂੰ ਕਰਾਚੀ ਹਵਾਈ ਖੇਤਰ ਵਿੱਚ ਤਿੰਨ ਵੱਖੋ ਵੱਖਰੇ ਬਦਲ ਮੁਹੱਈਆ ਕਰਵਾਉਂਦੇ ਸਨ। ਹਵਾਬਾਜ਼ੀ ਅਥਾਰਿਟੀ ਨੇ ਏਅਰਮੈੱਨ ਨੂੰ ਜਾਰੀ ਨੋਟਿਸ (ਨੋਟਾਮ) ਵਿੱਚ ਕਿਹਾ ਕਿ ਚਾਰ ਰੋਜ਼ਾ ਪਾਬੰਦੀ ਦੀ ਮਿਆਦ 1 ਸਤੰਬਰ ਨੂੰ ਮੁੱਕੇਗੀ। ਇਸ ਦੌਰਾਨ ਪਾਕਿਸਤਾਨ ਨੇ ਗ਼ੈਰਕਾਨੂੰਨੀ ਭਾਰਤੀ ਯੰਤਰਾਂ ’ਤੇ ਸ਼ਿਕੰਜਾ ਕੱਸਣ ਲਈ ਵਿੱਢੀ ਮੁਹਿੰਮ ਤਹਿਤ ਸਰਗੋਧਾ ਜ਼ਿਲ੍ਹੇ ਵਿੱਚੋਂ ਅੱਜ 50 ਤੋਂ ਵੱਧ ਸੈਟੇਲਾਈਟ ਰਿਸੀਵਰ, ਦਰਜਨਾਂ ਡੀਟੀਐੱਚ ਤੇ ਕੇਬਲ ਨੈੱਟਵਰਕ ਨਾਲ ਜੁੜਿਆ ਹੋਰ ਸਾਜ਼ੋ-ਸਾਮਾਨ ਜ਼ਬਤ ਕੀਤਾ ਹੈ। ਸਾਇੰਸ ਤੇ ਟੈਕਨਾਲੋਜੀ ਮੰਤਰੀ ਫ਼ਵਾਦ ਚੌਧਰੀ ਨੇ ਲੰਘੇ ਦਿਨੀਂ ਇਕ ਟਵੀਟ ’ਚ ਕਿਹਾ ਸੀ ਕਿ ਮੁਲਕ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਭਾਰਤ ਨਾਲ ਲਗਦੇ ਹਵਾਈ ਖੇਤਰ ਨੂੰ ‘ਪੂਰੀ ਤਰ੍ਹਾਂ ਬੰਦ’ ਕਰਨ ’ਤੇ ਵਿਚਾਰ ਕਰ ਰਹੇ ਹਨ। ਪਾਕਿ ਕੈਬਨਿਟ ਨੇ ਮੰਗਲਵਾਰ ਦੀ ਮੀਟਿੰਗ ਦੌਰਾਨ ਭਾਰਤੀ ਉਡਾਣਾਂ ਲਈ ਆਪਣਾ ਹਵਾਈ ਖੇਤਰ ਅਤੇ ਭਾਰਤ ਵੱਲੋਂ ਅਫ਼ਗ਼ਾਨਿਸਤਾਨ ਨਾਲ ਵਪਾਰ ਲਈ ਵਰਤੇ ਜਾਂਦੇ ਜ਼ਮੀਨੀ ਰੂਟ ਨੂੰ ਬੰਦ ਕਰਨ ’ਤੇ ਵਿਚਾਰ ਚਰਚਾ ਕੀਤੀ ਸੀ। ਕੈਬਨਿਟ ਨੇ ਹਾਲਾਂਕਿ ਕਿਹਾ ਸੀ ਕਿ ਇਸ ਬਾਰੇ ਆਖਰੀ ਫੈਸਲਾ ਪ੍ਰਧਾਨ ਮੰਤਰੀ ਖ਼ਾਨ ਖੁ਼ਦ ਲੈਣਗੇ। ਇਸ ਸਾਲ ਫਰਵਰੀ ’ਚ ਭਾਰਤੀ ਹਵਾਈ ਫ਼ੌਜ ਵੱਲੋਂ ਬਾਲਾਕੋਟ ਵਿੱਚ ਦਹਿਸ਼ਤੀ ਕੈਂਪਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲਿਆਂ ਮਗਰੋਂ ਪਾਕਿਸਤਾਨ ਨੇ ਆਪਣਾ ਹਵਾਈ ਖੇਤਰ ਭਾਰਤੀ ਉਡਾਣਾਂ ਲਈ ਬੰਦ ਕਰ ਦਿੱਤਾ ਸੀ। -ਪੀਟੀਆਈ

     

    ਨਵੀਂ ਦਿੱਲੀ - ਧਾਰਾ 370 ਮਨਸੂਖ਼ ਕੀਤੇ ਜਾਣ ਮਗਰੋਂ ਜੰਮੂ ਕਸ਼ਮੀਰ ਦੇ ਸੰਵਿਧਾਨਕ ਰੁਤਬੇ ’ਚ ਲਿਆਂਦੇ ਗਏ ਬਦਲਾਅ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਨੂੰ ਸੁਪਰੀਮ ਕੋਰਟ ਨੇ ਪੰਜ ਜੱਜਾਂ ਦੀ ਸੰਵਿਧਾਨਕ ਬੈਂਚ ਹਵਾਲੇ ਕਰ ਦਿੱਤਾ ਹੈ। ਪਟੀਸ਼ਨਾਂ ਅਕਤੂਬਰ ਦੇ ਪਹਿਲੇ ਹਫ਼ਤੇ ’ਚ ਸੁਣਵਾਈ ਲਈ ਸੂਚੀਬੱਧ ਹੋਣਗੀਆਂ। ਸੰਵਿਧਾਨ ਦੀ ਧਾਰਾ 370 ਨੂੰ ਖ਼ਤਮ ਕਰਨ ਵਾਲੇ ਰਾਸ਼ਟਰਪਤੀ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਅਤੇ ਜੰਮੂ ਕਸ਼ਮੀਰ ਪ੍ਰਸ਼ਾਸਨ ਨੂੰ ਨੋਟਿਸ ਵੀ ਜਾਰੀ ਕੀਤੇ ਹਨ।
    ਚੀਫ਼ ਜਸਟਿਸ ਰੰਜਨ ਗੋਗੋਈ, ਜਸਟਿਸ ਐੱਸ ਏ ਬੋਬੜੇ ਅਤੇ ਐੱਸ ਏ ਨਜ਼ੀਰ ’ਤੇ ਆਧਾਰਿਤ ਤਿੰਨ ਮੈਂਬਰੀ ਬੈਂਚ ਕੇਂਦਰ ਦੀ ਇਸ ਦਲੀਲ ਨਾਲ ਸਹਿਮਤ ਨਹੀਂ ਸੀ ਕਿ ਇਸ ਮਾਮਲੇ ’ਚ ਨੋਟਿਸ ਜਾਰੀ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਅਟਾਰਨੀ ਜਨਰਲ ਕੇ ਕੇ ਵੇਣੂਗੋਪਾਲ ਅਤੇ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਅਦਾਲਤ ’ਚ ਹਾਜ਼ਰੀ ਦਰਜ ਕਰਵਾ ਰਹੇ ਹਨ। ਬੈਂਚ ਨੇ ਇਸ ਦਲੀਲ ਨੂੰ ਵੀ ਨਹੀਂ ਮੰਨਿਆ ਕਿ ਨੋਟਿਸ ਜਾਰੀ ਹੋਣ ਨਾਲ ‘ਸਰਹੱਦ ਪਾਰ’ ਇਸ ਮਾਮਲੇ ਨੂੰ ਹੋਰ ਉਛਾਲਿਆ ਜਾਵੇਗਾ ਅਤੇ ਗੰਭੀਰ ਨਤੀਜੇ ਨਿਕਲਣਗੇ। ਅਟਾਰਨੀ ਜਨਰਲ ਨੇ ਕਿਹਾ ਕਿ ਅਦਾਲਤ ਵੱਲੋਂ ਜੋ ਕੁਝ ਵੀ ਆਖਿਆ ਜਾ ਰਿਹਾ ਹੈ, ਉਸ ਨੂੰ ਸੰਯੁਕਤ ਰਾਸ਼ਟਰ ’ਚ ਉਠਾਇਆ ਜਾ ਸਕਦਾ ਹੈ। ਉਨ੍ਹਾਂ ਦਾ ਇਸ਼ਾਰਾ ਪਾਕਿਸਤਾਨ ਵੱਲ ਸੀ ਜਿਸ ਨੇ ਕਸ਼ਮੀਰ ਮਸਲੇ ਨੂੰ ਹਰ ਮੁਹਾਜ਼ ’ਤੇ ਉਠਾਉਣ ਦਾ ਐਲਾਨ ਕੀਤਾ ਹੋਇਆ ਹੈ। ਇਸ ਮੁੱਦੇ ’ਤੇ ਦੋਵੇਂ ਧਿਰਾਂ ਦੇ ਵਕੀਲਾਂ ’ਚ ਬਹਿਸ ਵਿਚਕਾਰ ਬੈਂਚ ਨੇ ਕਿਹਾ,‘‘ਸਾਨੂੰ ਪਤਾ ਹੈ ਕਿ ਕੀ ਕਰਨਾ ਹੈ, ਅਸੀਂ ਹੁਕਮ ਦੇ ਦਿੱਤਾ ਹੈ ਅਤੇ ਅਸੀਂ ਇਸ ਨੂੰ ਬਦਲਣ ਵਾਲੇ ਨਹੀਂ ਹਾਂ।’’ ਬੈਂਚ ਨੇ ਇਹ ਵੀ ਕਿਹਾ ਕਿ ਸਾਰੇ ਮਾਮਲੇ ਅਕਤੂਬਰ ਦੇ ਪਹਿਲੇ ਹਫ਼ਤੇ ’ਚ ਸੂਚੀਬੱਧ ਕੀਤੇ ਜਾਣਗੇ।
    ਧਾਰਾ 370 ਨੂੰ ਰੱਦ ਕਰਨ ਸਬੰਧੀ ਰਾਸ਼ਟਰਪਤੀ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਪਹਿਲੀ ਪਟੀਸ਼ਨ ਵਕੀਲ ਐੱਮ ਐੱਲ ਸ਼ਰਮਾ ਵੱਲੋਂ ਦਾਖ਼ਲ ਕੀਤੀ ਗਈ ਸੀ। ਇਸ ਮਗਰੋਂ ਜੰਮੂ ਕਸ਼ਮੀਰ ਦਾ ਇਕ ਹੋਰ ਵਕੀਲ ਸ਼ਾਕਿਰ ਸ਼ਬੀਰ ਵੀ ਜੁੜ ਗਿਆ। ਜੰਮੂ ਕਸ਼ਮੀਰ ਦੀ ਅਹਿਮ ਸਿਆਸੀ ਪਾਰਟੀ ਨੈਸ਼ਨਲ ਕਾਨਫਰੰਸ ਦੇ ਸੰਸਦ ਮੈਂਬਰਾਂ ਮੁਹੰਮਦ ਅਕਬਰ ਲੋਨ ਅਤੇ ਜਸਟਿਸ (ਸੇਵਾਮੁਕਤ) ਹਸਨੈਨ ਮਸੂਦੀ ਨੇ ਵੀ 10 ਅਗਸਤ ਨੂੰ ਸੂਬੇ ਦੇ ਰੁਤਬੇ ’ਚ ਕੀਤੇ ਬਦਲਾਅ ਨੂੰ ਚੁਣੌਤੀ ਦਿੰਦਿਆਂ ਸੁਪਰੀਮ ਕੋਰਟ ’ਚ ਪਟੀਸ਼ਨ ਦਾਖ਼ਲ ਕੀਤੀ ਸੀ ਜਿਸ ’ਚ ਦਲੀਲ ਦਿੱਤੀ ਗਈ ਕਿ ਸੂਬੇ ਦੇ ਨਾਗਰਿਕਾਂ ਦੇ ਹੱਕਾਂ ਨੂੰ ਖੋਹ ਲਿਆ ਗਿਆ ਹੈ। ਲੋਨ ਜੰਮੂ ਕਸ਼ਮੀਰ ਵਿਧਾਨ ਸਭਾ ਦੇ ਸਾਬਕਾ ਸਪੀਕਰ ਹਨ ਜਦਕਿ ਮਸੂਦੀ ਜੰਮੂ ਕਸ਼ਮੀਰ ਹਾਈ ਕੋਰਟ ਦੇ ਜੱਜ ਰਹੇ ਹਨ। ਹੋਰ ਪਟੀਸ਼ਨਾਂ ’ਚ ਕੁਝ ਸਾਬਕਾ ਰੱਖਿਆ ਅਧਿਕਾਰੀਆਂ ਅਤੇ ਨੌਕਰਸ਼ਾਹਾਂ ਨੇ ਇਸ ਸਬੰਧ ’ਚ ਸਰਕਾਰ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ। ਇਨ੍ਹਾਂ ਪਟੀਸ਼ਨਾਂ ’ਚ ਵੀ ਰਾਸ਼ਟਰਪਤੀ ਦੇ 5 ਅਗਸਤ ਦੇ ਹੁਕਮਾਂ ਨੂੰ ਗ਼ੈਰਸੰਵਿਧਾਨਕ ਐਲਾਨੇ ਜਾਣ ਦੀ ਮੰਗ ਕੀਤੀ ਗਈ ਹੈ। ਇਹ ਅਰਜ਼ੀਆਂ ਪ੍ਰੋਫ਼ੈਸਰ ਰਾਧਾ ਕੁਮਾਰ (ਸਾਬਕਾ ਵਾਰਤਾਕਾਰ) ਜੰਮੂ ਕਸ਼ਮੀਰ ਕਾਡਰ ਦੇ ਸਾਬਕਾ ਆਈਏਐੱਸ ਅਧਿਕਾਰੀ ਹਿੰਦਾਲ ਹੈਦਰ ਤੱਯਬਜੀ, ਏਅਰ ਵਾਈਸ ਮਾਰਸ਼ਲ (ਸੇਵਾਮੁਕਤ) ਕਪਿਲ ਕਾਕ, ਮੇਜਰ ਜਨਰਲ (ਸੇਵਾਮੁਕਤ) ਅਸ਼ੋਕ ਕੁਮਾਰ ਮਹਿਤਾ, ਪੰਜਾਬ ਕਾਡਰ ਦੇ ਸਾਬਕਾ ਆਈਏਐੱਸ ਅਧਿਕਾਰੀ ਅਮਿਤਾਭ ਪਾਂਡੇ ਅਤੇ ਕੇਰਲ ਕਾਡਰ ਦੇ ਸਾਬਕਾ ਆਈਏਐੱਸ ਅਧਿਕਾਰੀ ਗੋਪਾਲ ਪਿੱਲੈ ਵੱਲੋਂ ਦਾਖ਼ਲ ਕੀਤੀਆਂ ਗਈਆਂ ਹਨ। ਇਕ ਪਟੀਸ਼ਨ ਨੌਕਰਸ਼ਾਹ ਤੋਂ ਸਿਆਸਤਦਾਨ ਬਣੇ ਸ਼ਾਹ ਫੈਸਲ ਨੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀ ਸਾਬਕਾ ਆਗੂ ਸ਼ਹਿਲਾ ਰਾਸ਼ਿਦ ਨਾਲ ਮਿਲ ਕੇ ਪਾਈ ਹੋਈ ਹੈ। -ਪੀਟੀਆਈ
    ਦਿੱਲੀ ਹਾਈ ਕੋਰਟ ਨੇ ਨੌਕਰਸ਼ਾਹ ਤੋਂ ਸਿਆਸਤਦਾਨ ਬਣੇ ਸ਼ਾਹ ਫ਼ੈਸਲ ਦੀ ਅਪੀਲ ’ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਫ਼ੈਸਲ ਨੇ ਹਾਈ ਕੋਰਟ ’ਚ ਦਾਇਰ ਪਟੀਸ਼ਨ ਵਿੱਚ ਉਸ ਖ਼ਿਲਾਫ਼ ਜਾਰੀ ਲੁੱਕ ਆਊਟ ਸਰਕੁਲਰ ਦੀ ਕਾਪੀ ਮੁਹੱਈਆ ਕੀਤੇ ਜਾਣ ਦੀ ਮੰਗ ਕੀਤੀ ਹੈ। ਜਸਟਿਸ ਮਨਮੋਹਨ ਤੇ ਸੰਗੀਤਾ ਢੀਂਗਰਾ ਸਹਿਗਲ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਕੇਂਦਰ ਸਰਕਾਰ ਨੂੰ 2 ਸਤੰਬਰ ਜਾਂ ਇਸ ਤੋਂ ਪਹਿਲਾਂ ਜਵਾਬ ਦਾਇਰ ਕਰਨ ਲਈ ਆਖਿਆ ਹੈ। ਕੇਸ ਦੀ ਸੁਣਵਾਈ 3 ਸਤੰਬਰ ਨੂੰ ਹੋਵੇਗੀ ਤੇ ਇਸੇ ਦਿਨ ਫੈਸਲ ਦੀ ਨਜ਼ਰਬੰਦੀ ਨੂੰ ਚੁਣੌਤੀ ਦਿੰਦੀ ਪਟੀਸ਼ਨ ’ਤੇ ਵੀ ਸੁਣਵਾਈ ਹੋਵੇਗੀ। ਫ਼ੈਸਲ ਇਸ ਵੇਲੇ ਸ੍ਰੀਨਗਰ ਵਿੱਚ ਨਜ਼ਰਬੰਦ ਹੈ। ਫੈਸਲ ਦੀ ਪੈਰਵੀ ਕਰ ਰਹੇ ਵਕੀਲ ਵਰੀਸ਼ਾ ਫਰਾਸਤ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਹਦੇ ਮੁਵੱਕਿਲ ਖ਼ਿਲਾਫ਼ ਕਿਸ ਅਧਾਰ ’ਤੇ ਲੁੱਕ ਆਊਟ ਸਰਕੁਲਰ ਜਾਰੀ ਕੀਤਾ ਗਿਆ ਹੈ। ਵਕੀਲ ਨੇ ਕਿਹਾ ਕਿ ਸਰਕੁਲਰ ਫੈਸਲ ਨੂੰ ਯਾਤਰਾ ਕਰਨ ਤੋਂ ਰੋਕ ਸਕਦਾ ਹੈ, ਪਰ ਇਹ ਉਹਦੀ ਗ੍ਰਿਫ਼ਤਾਰੀ ਤੇ ਨਜ਼ਰਬੰਦੀ ਨੂੰ ਦਰੁਸਤ ਨਹੀਂ ਠਹਿਰਾਉਂਦਾ। ਇਸ ਪਿੱਛੇ ਕੇਂਦਰ ਸਰਕਾਰ ਦੇ ਮਾੜੇ ਇਰਾਦੇ ਹਨ। -ਪੀਟੀਆਈ

     

    ਐੱਸ.ਏ.ਐੱਸ. ਨਗਰ - ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਲੋਂ ਸਕੱਤਰ ਜਨਰਲ ਤੇ ਮੁੱਖ ਬੁਲਾਰੇ ਜਥੇ: ਸੇਵਾ ਸਿੰਘ ਸੇਖਵਾਂ, ਸਕੱਤਰ ਜਨਰਲ ਤੇ ਬੁਲਾਰੇ ਕਰਨੈਲ ਸਿੰਘ ਪੀਰਮੁਹੰਮਦ, ਸੀਨੀਅਰ ਮੀਤ ਪ੍ਰਧਾਨ ਜਥੇ: ਉਜਾਗਰ ਸਿੰਘ ਬਡਾਲੀ ਤੇ ਯੂਥ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਭਾਜਪਾ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਦੁਆਰਾ ਕਰਤਾਰਪੁਰ ਲਾਂਘੇ ਦਾ ਕੰਮ ਰੋਕਣ ਸਬੰਧੀ ਦਿੱਤੇ ਬਿਆਨ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ | ਉਨ੍ਹਾਂ ਕਿਹਾ ਕਿ ਭਾਵੇਂ ਪਿਛਲੇ ਸਮੇਂ ਸਵਾਮੀ ਵਲੋਂ ਸਿੱਖਾਂ ਦੇ ਹੱਕ 'ਚ ਬਿਆਨ ਦਿੱਤੇ ਗਏ ਸਨ ਪ੍ਰੰਤੂ ਅਜਿਹੇ ਬੇਤੁਕੇ ਬਿਆਨ ਨੇ ਉਨ੍ਹਾਂ ਦੀ ਸਿੱਖ ਵਿਰੋਧੀ ਮਾਨਸਿਕਤਾ ਤੋਂ ਪਰਦਾ ਉਠਾ ਦਿੱਤਾ ਹੈ | ਸਵਾਮੀ ਵਲੋਂ ਇਸ ਤਰ੍ਹਾਂ ਦਾ ਬਿਆਨ ਦੇਣਾ ਭਾਜਪਾ ਦੀ ਮਨਸ਼ਾ 'ਤੇ ਵੀ ਸਵਾਲ ਖੜ੍ਹੇ ਕਰਦਾ ਹੈ | ਇਸ ਬਿਆਨ 'ਤੇ ਭਾਜਪਾ ਨੂੰ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ | ਟਕਸਾਲੀ ਆਗੂਆਂ ਨੇ ਕਿਹਾ ਕਿ ਬਹੁਤ ਲੰਮੇ ਸਮੇਂ ਤੋਂ ਸਿੱਖ ਸੰਗਤ ਵਲੋਂ ਕੀਤੀਆਂ ਜਾ ਰਹੀਆਂ ਬੇਅੰਤ ਅਰਦਾਸਾਂ ਤੋਂ ਬਾਅਦ ਕਰਤਾਰਪੁਰ ਲਾਂਘਾ ਹੁਣ ਜਦੋਂ ਬਣਨ ਹੀ ਵਾਲਾ ਹੈ ਅਤੇ ਸਾਰੀ ਕੌਮ ਤੇ ਹਰ ਪੰਜਾਬੀ ਉਸ ਪਵਿੱਤਰ ਅਸਥਾਨ ਦੇ ਦਰਸ਼ਨਾਂ ਦੀਆਂ ਆਸਾਂ ਲਾਈ ਬੈਠੇ ਹਨ | ਤਾਂ ਅਜਿਹੇ ਸਮੇਂ 'ਚ ਅਜਿਹੇ ਬਿਆਨ ਸਿੱਖਾਂ ਦੀ ਸ਼ਰਧਾ ਨੂੰ ਵੱਡੀ ਸੱਟ ਮਾਰਦੇ ਹਨ | ਉਨ੍ਹਾਂ ਕੇਂਦਰ ਸਰਕਾਰ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਉਹ ਆਪਣੇ ਜ਼ਿੰਮੇਵਾਰ ਆਗੂਆਂ ਨੂੰ ਇਹੋ ਜਿਹੇ ਬੇਤੁਕੇ ਬਿਆਨ ਦੇਣ ਤੋਂ ਵਰਜਣ | ਇਸ ਮੌਕੇ ਸਾਹਿਬ ਸਿੰਘ ਬਡਾਲੀ, ਮੇਜਰ ਸਿੰਘ ਸੰਗਤਪੁਰਾ, ਮਨਦੀਪ ਸਿੰਘ ਖਿਜਰਾਬਾਦ, ਰਣਧੀਰ ਸਿੰਘ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਇਕਬਾਲ ਸਿੰਘ, ਰੁਪਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਆਦਿ ਵੀ ਮੌਜੂਦ ਸਨ |

    ਇਸਲਾਮਾਬਾਦ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਇਕ ਸੀਨੀਅਰ ਸਹਾਇਕ ਨੇ ਕਿਹਾ ਹੈ ਕਿ ਭਾਰਤ ਨਾਲ ਰਿਸ਼ਤਿਆਂ ਵਿਚ ਤਣਾਅ ਦੇ ਬਾਵਜੂਦ ਸ੍ਰੀ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਪਾਕਿ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਲਾਂਘਾ ਯੋਜਨਾ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਭਾਰਤੀ ਕਸਬੇ ਡੇਰਾ ਬਾਬਾ ਨਾਨਕ ਨੂੰ ਕਰਤਾਰਪੁਰ ਸਾਹਿਬ (ਪਾਕਿ) ਨਾਲ ਜੋੜਨ ਵਾਲੇ ਲਾਂਘੇ ਸਬੰਧੀ ਟਵੀਟ ਕਰਦਿਆਂ ਪਾਕਿ ਪ੍ਰਧਾਨ ਮੰਤਰੀ ਦੀ ਸਹਾਇਕ ਫ਼ਿਰਦੌਸ ਆਸ਼ਿਕ ਅਵਾਨ ਨੇ ਕਿਹਾ ਕਿ ਕਰਤਾਰਪੁਰ ਸਿੱਖਾਂ ਲਈ ਪਵਿੱਤਰ ਸਥਾਨ ਹੈ ਧਾਰਮਿਕ ਸਦਭਾਵਨਾ ਦੀ ਉੱਤਮ ਮਿਸਾਲ ਹੈ। ਉਨ੍ਹਾਂ ਇਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਕਿ ਪਾਕਿ ਨੇ ਭਾਰਤ ਨਾਲ ਸਬੰਧਾਂ ਵਿਚ ਤਾਜ਼ਾ ਤਣਾਅ ਕਾਰਨ ਲਾਂਘੇ ਦੇ ਕੰਮ ਰੋਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ-ਪਾਕਿ ਸਬੰਧਾਂ ਵਿਚ ਤਣਾਅ ਦੇ ਬਾਵਜੂਦ ਦਰਬਾਰ ਸਾਹਿਬ ਕਰਤਾਰਪੁਰ ਦੀ ਯਾਤਰਾ ਕਰਨ ਵਾਲੇ ਸਿੱਖ ਸ਼ਰਧਾਲੂਆਂ ਲਈ ਉਨ੍ਹਾਂ ਦੇ ਵਤਨ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ। ਰੇਡੀਓ ਪਾਕਿਸਤਾਨ ਮੁਤਾਬਕ ਉਨ੍ਹਾਂ ਕਿਹਾ ਕਿ ਵੱਧ ਰਹੇ ਅਤਿਵਾਦ ਤੇ ਅਸਹਿਣਸ਼ੀਲਤਾ ਦੀ ਦੁਨੀਆ ਵਿਚ ਕਰਤਾਰਪੁਰ ਲਾਂਘਾ ਸਨਮਾਨ ਤੇ ਸਹਿਣਸ਼ੀਲਤਾ ਦਾ ਪ੍ਰਤੀਕ ਹੈ। ਅਵਾਨ ਨੇ ਕਿਹਾ ਕਿ ਪਾਕਿ ਝੰਡੇ ਵਿਚ ਸਫ਼ੈਦ ਰੰਗ ਘੱਟ ਗਿਣਤੀਆਂ ਦੀ ਨੁਮਾਇੰਦਗੀ ਕਰਦਾ ਹੈ ਤੇ ਇਹ ਸਰਕਾਰ ਨੂੰ ਹਰੇ ਰੰਗ ਜਿੰਨਾ ਹੀ ਪਿਆਰਾ ਹੈ। ਉਨ੍ਹਾਂ ਕਿਹਾ ਕਿ ਇਸ ਲਾਂਘੇ ਦਾ ਤੈਅ ਪ੍ਰੋਗਰਾਮ ਮੁਤਾਬਕ ਇਸੇ ਸਾਲ ਨਵੰਬਰ ਵਿਚ ਉਦਘਾਟਨ ਕੀਤਾ ਜਾਵੇਗਾ।

    ਦਿੱਲੀ - ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ਼੍ਰ ਪਰਮਜੀਤ ਸਿੰਘ ਸਰਨਾ ਨੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੁਬਰਾਮਨੀਅਮ ਸੁਆਮੀ ਵੱਲੋ ਕਰਤਾਰਪੁਰ ਲਾਂਘੇ ਬਾਰੇ ਦਿੱਤੇ ਬਿਆਨ ਦੀ ਨਿਖੇਧੀ ਕਰਦਿਆ ਕਿਹਾ ਕਿ ਸਿੱਖਾਂ ਦੇ ਮਾਮਲਿਆ ਵਿੱਚ ਕਿਸੇ ਵੀ ਬਾਹਰੀ ਵਿਅਕਤੀ ਨੂੰ ਦਖਲ ਅੰਦਾਜੀ ਕਰਨ ਦਾ ਕੋਈ ਅਧਿਕਾਰ ਨਹੀ ਹੈ ਤੇ ਸੁਬਰਾਮਨੀਅਮ ਸੁਆਮੀ ਬਿਨਾਂ ਕਿਸੇ ਦੇਰੀ ਤੋ ਆਪਣਾ ਬਿਆਨ ਵਾਪਸ ਲੈ ਤੁਰੰਤ ਮੁਆਫੀ ਮੰਗੇ ਤਾਂ ਕਿ ਸਿੱਖਾਂ ਵਿੱਚ ਪਾਏ ਜਾ ਰਹੇ ਰੋਸ ਨੂੰ ਠੱਲ ਪਾਈ ਜਾ ਸਕੇ।
    ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਇੱਕ ਪਾਸੇ ਤਾਂ ਸੁਬਰਾਮਨੀਅਮ ਆਪਣੇ ਆਪ ਨੂੰ ਸਿੱਖਾਂ ਦਾ ਹਮਦਰਦ ਦੱਸ ਰਿਹਾ ਹੈ ਤੇ ਬਾਬੇ ਨਾਨਕ ਦੀਆ ਸਿੱਖਿਆਵਾਂ ਦਾ ਉਪਾਸਕ, ਜਦ ਕਿ ਦੂਜੇ ਪਾਸੇ ਸਿੱਖਾਂ ਵੱਲੋ ਪਿਛਲੇ ਕਰੀਬ 70 ਸਾਲਾਂ ਤੋ ਅਰਦਾਸਾ ਕਰਕੇ ਲਏ ਜਾ ਰਹੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਬਰੇਕਾਂ ਲਗਾਉਣ ਦੀਆ ਬਾਤਾਂ ਪਾ ਰਿਹਾ ਹੈ। ਉਹਨਾਂ ਕਿਹਾ ਕਿ ਸੁਬਰਾਮਨੀਅਮ ਆਪਣੇ ਆਪ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਜਦੀਕੀਆ ਵਿੱਚੋ ਹੋਣ ਦਾ ਵੀ ਦਾਅਵਾ ਕਰ ਰਿਹਾ ਹੈ ਤੇ ਫਿਰ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਵਿਰੋਧਤਾ ਕਰਨਾ ਸਾਬਤ ਕਰਦਾ ਹੈ ਕਿ ਉਹ ਕਿਸੇ ਦਬਾਅ ਹੇਠ ਵਿਰੋਧ ਕਰ ਰਿਹਾ ਹੈ। ਉਹਨਾਂ ਕਿਹਾ ਕਿ ਸਿੱਖ ਆਪਣਾ ਹਰ ਪ੍ਰਕਾਰ ਦਾ ਨੁਕਸਾਨ ਬਰਦਾਸ਼ਤ ਕਰ ਸਕਦੇ ਹਨ ਪਰ ਸਿੱਖ ਗੁਰਧਾਮਾਂ ਦੇ ਵਿਛੋੜੇ ਦੀ ਜੇਕਰ ਕੋਈ ਬਾਤ ਪਾਉਦਾ ਹੈ ਤਾਂ ਉਸ ਨੂੰ ਕਦੇ ਵੀ ਮਆਫ ਨਹੀ ਕਰਦੇ। ਉਹਨਾਂ ਕਿਹਾ ਕਿ ਸੁਬਰਾਮਨੀਅਮ ਸੁਆਮੀ ਜੇਕਰ ਵਾਕਿਆ ਹੀ ਸਿੱਖਾਂ ਦੇ ਹਮਦਰਦ ਹਨ ਤੇ ਬਾਬੇ ਨਾਨਕ ਦੀਆਂ ਪੈੜਾਂ ਤੇ ਚੱਲਣ ਦਾ ਦਾਅਵਾ ਕਰਦੇ ਹਨ ਤਾਂ ਉਹਨਾਂ ਨੂੰ ਬਿਨਾਂ ਕਿਸੇ ਦੇਰੀ ਆਪਣਾ ਬਿਆਨ ਵਾਪਸ ਲੈ ਕੇ ਸਿੱਖਾਂ ਵਿੱਚ ਉਤਪਨ ਹੋਏ ਰੋਸ ਨੂੰ ਖਤਮ ਕਰਨਾ ਚਾਹੀਦਾ ਹੈ ਵਰਨਾ ਸਿੱਖ ਇਹੀ ਕਹਿਣਗੇ ਕਿ ਸੁਬਰਾਮਨੀਅਮ ਸੁਆਮੀ ਦੋ ਮੂੰਹਾਂ ਸੱਪ ਹੈ ਤੇ ਉਹ ਮੂੰਹ ਫੱਟ ਕਿਸੇ ਵੇਲੇ ਵੀ ਕੋਈ ਅਣਹੋਣੀ ਗੱਲ ਕਰ ਸਕਦਾ ਹੈ। ਉਹਨਾਂ ਕਿਹਾ ਕਿ ਕਰਤਾਰਪੁਰ ਲਾਂਘੇ ਦੀ ਵਿਰੋਧਤਾ ਕਰਨ ਵਾਲੇ ਨੂੰ ਬਰਦਾਸ਼ਤ ਨਹੀ ਕੀਤਾ ਜਾ ਸਕਦਾ ਹੈ ਤੇ ਬੇਹਤਰ ਇਹੀ ਹੋਵੇਗਾ ਕਿ ਸੁਬਰਾਮਨੀਅਮ ਤੁਰੰਤ ਆਪਣੇ ਲਫਜਾਂ ਨੂੰ ਵਾਪਸ ਲਵੇ ਤਾਂ ਕਿ ਸਿੱਖਾਂ ਵਿੱਚ ਪਾਏ ਜਾ ਰਹੇ ਰੋਸ ਨੂੰ ਸ਼ਾਤ ਕੀਤਾ ਜਾ ਸਕੇ।

    ਚੰਡੀਗੜ੍ਹ - ਭਾਜਪਾ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਡਾ. ਸੁਬਰਾਮਨੀਅਮ ਸਵਾਮੀ ਨੇ ਕਿਹਾ ਹੈ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਕੰਮ ਤੁਰੰਤ ਰੋਕ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਪਾਕਿਸਤਾਨ ਨਾਲ ਭਾਰਤ ਦੇ ਸਬੰਧ ਫਿਲਹਾਲ ਠੀਕ ਨਹੀਂ ਚੱਲ ਰਹੇ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਗੱਲ ਸਮਝਣੀ ਚਾਹੀਦੀ ਹੈ ਕਿ ਪਾਕਿਸਤਾਨ ਉਨ੍ਹਾਂ ਦੇ ਲਈ ਠੀਕ ਨਹੀਂ ਹੈ। ਇਸ ਲਈ ਰਾਸ਼ਟਰ ਦੇ ਲਈ ਲਾਂਘੇ ਦੇ ਕੰਮ ਇਥੇ ਹੀ ਠੱਪ ਕਰ ਦੇਣਾ ਚਾਹੀਦਾ ਹੈ।
    ਇੱਥੋਂ ਦੇ ਡੀਏਵੀ ਕਾਲਜ ਵਿਖੇ ਕਸ਼ਮੀਰ ਦੇ ਮੁੱਦੇ ਉਤੇ ਇੱਕ ਸੈਮੀਨਾਰ ਦੌਰਾਨ ਸਵਾਮੀ ਨੇ ਕਿਹਾ ਕਿ ਫਿਲਹਾਲ ਭਾਰਤ ਨੂੰ ਕਿਸੇ ਵੀ ਤਰ੍ਹਾਂ ਦਾ ਪਾਕਿਸਤਾਨ ਨਾਲ ਰਿਸ਼ਤਾ ਨਹੀਂ ਰੱਖਣਾ ਚਾਹੀਦਾ ਕਿਉਂਕਿ ਪਾਕਿਸਤਾਨ ਅੱਤਵਾਦ ਫੈਲਾਉਂਦਾ ਹੈ। ਸਵਾਮੀ ਨੇ ਕਿਹਾ ਹੈ ਕਿ ਪਾਕਿਸਤਾਨ ਤੇ ਭਾਰਤ ਦਰਮਿਆਨ ਬਣ ਰਿਹਾ ਕਰਤਾਰਪੁਰ ਸਾਹਿਬ ਦਾ ਲਾਂਘਾ ਫਿਲਹਾਲ ਰੋਕ ਦੇਣਾ ਚਾਹੀਦਾ ਹੈ। ਸੁਬਰਾਮਨੀਅਮ ਸਵਾਮੀ ਨੇ ਕਿਹਾ ਕਿ ਜਦੋਂ ਪਾਕਿਸਤਾਨ ਤੇ ਭਾਰਤ ਵਿਚਕਾਰ ਰਿਸ਼ਤਾ ਸੁਧਰ ਜਾਏਗਾ ਉਸ ਸਮੇਂ ਕਰਤਾਰਪੁਰ ਕੋਰੀਡੋਰ ਖੋਲ੍ਹਿਆ ਜਾ ਸਕਦਾ ਹੈ।
    ਸੈਮੀਨਾਰ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਬਰਾਮਨੀਅਮ ਸਵਾਮੀ ਨੇ ਕਿਹਾ ਕਿ ਕਰਤਾਰਪੁਰ ਕੋਰੀਡੋਰ ਅਤੇ 2020 ਦਾ ਰੈਫਰੰਡਮ ਦੇਸ਼ ਨੂੰ ਤੋੜਨ ਦਾ ਕੰਮ ਕਰੇਗਾ। ਇਸ ਲਈ ਕਰਤਾਰਪੁਰ ਕੋਰੀਡੋਰ ਬਣਨਾ ਹੀ ਨਹੀਂ ਚਾਹੀਦਾ ਅਤੇ ਕੋਰੀਡੋਰ ਰਸਤੇ ਦਾ ਕੰਮ ਰੋਕ ਦੇਣਾ ਚਾਹੀਦਾ ਹੈ। ਖਾਲਿਸਤਾਨ ਦੇ ਮੁੱਦੇ ਸਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ਵਿਚ ਸਵਾਮੀ ਨੇ ਵਿਵਾਦਗ੍ਰਸਤ ਟਿੱਪਣੀ ਕਰਦਿਆਂ ਕਿਹਾ ਕਿ ਖ਼ਾਲਿਸਤਾਨ ਦੀ ਮੰਗ ਖਾਲੀ ਦਿਮਾਗ ਵਾਲੇ ਸਿੱਖ ਕਰਦੇ ਹਨ। ਉਹ ਸਿੱਖਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ, ਇਸ ਲ਼ਈ ਉਹ ਹੁਣ ਕੋਈ ਦੇਸ਼ ਹਿੱਤ ਵਿਚ ਫੈਸਲੇ ਲੈਣਗੇ। ਉਨ੍ਹਾਂ ਕਿਹਾ ਕਿ ਸਿੱਖ ਰਾਸ਼ਟਰਵਾਦੀ ਹਨ ਅਤੇ ਕੋਈ ਵੀ ਪੰਜਾਬੀ ਅਤੇ ਸਿੱਖ ਖਾਲਿਸਤਾਨ ਨਹੀਂ ਚਾਹੁੰਦਾ। ਮੈਂ ਵੀ ਸਿੱਖ ਹਿਤੈਸ਼ੀ ਹਾਂ ਅਤੇ ਬਲਿਊ ਸਟਾਰ ਵੇਲੇ ਮੈਂ ਅਤੇ ਚੰਦਰਸ਼ੇਖ ਸਿੱਖਾਂ ਦੇ ਨਾਲ ਖੜ੍ਹੇ ਸੀ। ਇਸ ਦੇ ਨਾਲ ਹੀ ਸਵਾਮੀ ਨੇ ਕਿਹਾ ਕਿ ਹਿੰਦੂ-ਸਿੱਖ ਸਮਾਜ ਵਿਚ ਕਈ ਲੋਕ ਅਜਿਹੇ ਹਨ ਜਿਨ੍ਹਾਂ ਦਾ ਦਿਮਾਗ ਕੰਮ ਨਹੀਂ ਕਰਦਾ। ਸਵਾਮੀ ਨੇ ਕਿਹਾ ਕਿ ਸਿੱਖਾਂ ਨੂੰ ਸਮਝਣਾ ਚਾਹੀਦਾ ਹੈ ਕਿ ਪਾਕਿਸਤਾਨ ਇਨ੍ਹਾਂ ਦੇ ਲਈ ਖ਼ਰਾਬ ਹੈ। ਕਸ਼ਮੀਰ ਮੁੱਦੇ ਉਤੇ ਪਾਕਿਸਤਾਨ ਵਲੋਂ ਅਪਨਾਏ ਜਾ ਰਹੇ ਖ਼ਰਾਬ ਅੜੀਅਲ ਰਵੱਈਏ ਦੇ ਚੱਲਦਿਆਂ ਪਾਕਿਸਤਾਨ ਨਾਲ ਗੱਲਬਾਤ ਕਰਨਾ ਠੀਕ ਨਹੀਂ ਹੈ ਅਤੇ ਸਾਨੂੰ ਪਾਕਿਸਤਾਨ ਨੂੰ ਕੋਈ ਵੀ ਬਹਾਨਾ ਨਹੀਂ ਦੇਣਾ ਚਾਹੀਦਾ। ਇਸ ਲਈ ਕਰਤਾਪੁਰ ਲੰਘਾ ਜਿੰਨਾ ਬਣ ਗਿਆ ਠੀਕ ਹੈ ਅਤੇ ਅਗਲਾ ਕੰਮ ਫਿਲਹਾਲ ਇੱਥੇ ਹੀ ਰੋਕ ਦੇਣਾ ਚਾਹੀਦਾ ਹੈ ਜਿੰਨਾ ਚਿਰ ਰਿਸ਼ਤੇ ਦੋਵੇਂ ਦੇਸ਼ਾਂ ਵਿਚਕਾਰ ਨਹੀਂ ਸੁਧਰਦੇ।
    ਉਧਰ ਦੂਜੇ ਪਾਸੇ ਸਵਾਮੀ ਵਲੋਂ ਦਿੱਤੇ ਵਿਵਾਦਤ ਬਿਆਨ ਦੀ ਨਿਖੇਧੀ ਕਰਦਿਆਂ ਸਾਬਕਾ ਵਿੱਤ ਮੰਤਰੀ ਅਤੇ ਵਿਧਾਨ ਸਭਾ ‘ਚ ਅਕਾਲੀ ਦਲ ਦੇ ਨੇਤਾ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਅਕਾਲੀ ਦਲ ਸੁਬਰਾਮਨੀਅਮ ਸਵਾਮੀ ਦੇ ਬਿਆਨ ਦੀ ਨਿੰਦਾ ਕਰਦਾ ਹੈ। ਢੀਂਡਸਾ ਨੇ ਕਿਹਾ ਕਿ ਇਹ ਵਿਚਾਰ ਸਵਾਮੀ ਦੇ ਨਿੱਜੀ ਹੋ ਸਕਦੇ ਹਨ ਨਾ ਕਿ ਭਾਰਤੀ ਜਨਤਾ ਪਾਰਟੀ ਦੇ।
    ਢੀਂਡਸਾ ਨੇ ਕਿਹਾ ਕਿ ਸਵਾਮੀ ਨੂੰ ਅਕਸਰ ਵਿਵਾਦਿਤ ਬਿਆਨ ਦੇ ਕੇ ਸੁਰਖੀਆਂ ਵਿੱਚ ਰਹਿਣ ਦੀ ਆਦਤ ਹੈ। ਉਨ੍ਹਾਂ ਕਿਹਾ ਕਿ ਸਵਾਮੀ ਨੂੰ ਇਸ ਬਿਆਨ ਲਈ ਮੁਆਫ਼ੀ ਮੰਗ ਕੇ ਆਪਣਾ ਬਿਆਨ ਵਾਪਸ ਲੈਣਾ ਚਾਹੀਦਾ ਹੈ। ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਕਾਂਗਰਸ ਤੇ ਬੀਜੇਪੀ ਦੋਵੇਂ ਹੀ ਪਾਰਟੀਆਂ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਹੱਕ ਵਿੱਚ ਹਨ।

     

    ਅੰਮ੍ਰਿਤਸਰ - ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਭਾਜਪਾ ਨੇਤਾ ਸੁਬਰਾਮਨੀਅਮ ਸੁਆਮੀ ਵਲੋਂ ਕਰਤਾਰਪੁਰ ਲਾਂਘੇ ਦੇ ਨਿਰਮਾਣ ਨੂੰ ਰੋਕ ਦੇਣ ਦੀ ਵਕਾਲਤ ਨੂੰ ਗੈਰ ਸੰਜੀਦਾ, ਗੈਰ ਜਿੰਮੇਵਾਰਾਨਾ ਅਤੇ ਸਿੱਖਾਂ ਦੇ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਾਰ ਦਿਤਾ ਹੈ।
    ਪ੍ਰੋ: ਸਰਚਾਂਦ ਸਿੰਘ ਵਲੋਂ ਜਾਰੀ ਬਿਅਨ 'ਚ ਦਮਦਮੀ ਟਕਸਾਲ ਮੁਖੀ ਨੇ ਕਿਹਾ ਕਿ ਸਮੁਚੀ ਸਿੱਖ ਕੌਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਮੌਕੇ ਪਾਕਿਸਤਾਨ 'ਚ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਦੇ ਖੁਲੇ ਦਰਸ਼ਨ ਦੀਦਾਰ ਲਈ ਲਾਂਘਾ ਖੋਲਣ ਦੀ ਤੀਬਰਤਾ ਨਾਲ ਉਡੀਕ ਰਹੀ ਹੈ ਤਾਂ ਅਜਿਹੇ 'ਚ ਭਾਜਪਾ ਨੇਤਾ ਸਵਾਮੀ ਵਲੋਂ ਲਾਂਘੇ ਦੇ ਨਿਰਮਾਣ ਨੂੰ ਰੋਕਣ ਸੰਬੰਧੀ ਬਿਆਨਬਾਜ਼ੀ ਅਤੇ ਗੁਆਂਢੀ ਮੁਲਕ ਪ੍ਰਤੀ ਨਫਰਤ ਦੀ ਭਾਸ਼ਾ ਬੋਲੋੜਾ ਅਤੇ ਸਮਝ ਤੋਂ ਬਾਹਰ ਹੈ। ਉਹਨਾਂ ਕਿਹਾ ਕਿ ਪੰਜਾਬ ਸਰਹਦੀ ਸੂਬਾ ਹੈ ਅਤੇ ਆਪਣੇ ਗੁਆਂਢੀ ਮੁਲਕ ਨਾਲ ਸੁਖਾਵੇ ਮਾਹੌਲ ਦੀ ਹਮੇਸ਼ਾਂ ਆਸਵੰਦ ਰਿਹਾ ਹੈ। ਉਹਨਾਂ ਕਿਹਾ ਕਿ ਲਾਂਘੇ ਨਾਲ ਕਿਸੇ ਕਿਸਮ ਦੀ ਸੁਰਖਿਆ ਸੰਬੰਧੀ ਪ੍ਰੇਸ਼ਾਨੀ ਪੈਦਾ ਹੋਣ ਦਾ ਖਦਸ਼ਾ ਹੈ ਤਾਂ ਉਸ ਨੂੰ ਦੂਰ ਕਰਨ ਪ੍ਰਤੀ ਦੇਸ਼ ਦੀਆਂ ਸੁਰਖਿਆ ਏਜੰਸੀਆਂ ਹਰ ਤਰਾਂ ਕਾਬਲ ਹਨ। ਉਹਨਾਂ ਕਿਹਾ ਕਿ ਸਵਾਮੀ ਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਲਾਂਘੇ ਪ੍ਰਤੀ ਦੋਹਾਂ ਦੇਸ਼ਾਂ ਦੇ ਫੈਸਲੇ ਨਾਲ ਸਿੱਖ ਕੌਮ ਦੀ ਕਾਫੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋਈ ਹੈ। ਉਹਨਾਂ ਦੋਹਾਂ ਦੇਸ਼ਾਂ ਨੂੰ ਲਾਂਘੇ ਦਾ ਨਿਰਮਾਣ ਜਲਦ ਮੁਕੰਮਲ ਕਰਨ ਦੀ ਅਪੀਲ ਕੀਤੀ ਤਾਂ ਕਿ ਸਿੱਖ ਭਾਈਚਾਰਾ ਅਤੇ ਨਾਨਕ ਨਾਮ ਲੇਵੇ ਸੰਗਤਾਂ ਬਿਨਾ ਵੀਜਾ ਗੁ: ਕਰਤਾਰ ਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਸਕਣ। ਉਹਨਾਂ ਭਾਜਪਾ ਨੇਤਾ ਨੂੰ ਸਿੱਖ ਭਾਵਨਾਵਾਂ ਨਾਲ ਸੰਬੰਧਿਤ ਸੰਵੇਦਣਸ਼ੀਲ ਮੁਦਿਆਂ ਪ੍ਰਤੀ ਗੈਰ ਸੰਜੀਦਗੀ ਵਾਲੇ ਬਿਆਨ ਦੇਣ ਤੋਂ ਗੁਰੇਜ਼ ਕਰਨ ਅਤੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ, ਜੂਨ '84 ਦੌਰਾਨ ਸ੍ਰੀ ਦਰਬਾਰ ਸਾਹਿਬ 'ਤੇ ਕੀਤੇ ਗਏ ਫੌਜੀ ਹਮਲੇ ਨਾਲ ਸੰਬੰਧਿਤ ਸਰਕਾਰੀ ਫਾਇਲਾਂ ਜਨਤਕ ਕਰਾਉਣ ਲਈ ਕੇਂਦਰ ਸਰਕਾਰ 'ਤੇ ਵੱਧ ਤੋਂ ਵੱਧ ਦਬਾਅ ਪਾਉਣ ਕਿਹਾ।'

    ਲੰਡਨ - ਬਰਤਾਨੀਆ ਦੇ ਇੱਕ ਸਿੱਖ ਪਰਿਵਾਰ 'ਤੇ ਥਾਈਲੈਂਡ ਦੇ ਇੱਕ ਪੰਜ ਸਿਤਾਰਾ ਹੋਟਲ ਵਿੱਚ ਸ਼ਰਾਬੀ ਵਿਅਕਤੀ ਵੱਲੋਂ ਹਮਲਾ ਕੀਤਾ ਗਿਆ ਜਿਸ ਵਿੱਚ 34 ਸਾਲਾ ਅਮ੍ਰਿਤਪਾਲ ਸਿੰਘ ਬਜਾਜ ਦੀ ਮੌਤ ਹੋ ਗਈ।
    ਅਮ੍ਰਿਤਪਾਲ ਸਿੰਘ ਬਜਾਜ ਆਪਣੀ ਪਤਨੀ ਅਤੇ 2 ਸਾਲਾਂ ਦੇ ਪੁੱਤਰ ਸਮੇਤ ਥਾਈਲੈਂਡ ਘੁੰਮਣ ਗਏ ਹੋਏ ਸਨ। ਜਿਸ ਹੋਟਲ ਦੇ ਕਮਰੇ ਵਿੱਚ ਇਹ ਪਰਿਵਾਰ ਰੁਕਿਆ ਸੀ ਉਸ ਦੇ ਨਾਲ ਦੇ ਕਮਰੇ ਵਿੱਚ ਇੱਕ ਨੋਰਵੇ ਮੂਲ ਦਾ ਬੰਦਾ ਰੁਕਿਆ ਸੀ ਜਿਸ ਦੇ ਰੌਲੇ ਰੱਪੇ ਤੋਂ ਤੰਗ ਆ ਕੇ ਬਜਾਜ ਨੇ ਉਸ ਨਾਲ ਇਤਰਾਜ਼ ਪ੍ਰਗਟਾਇਆ ਸੀ।
    ਇਸ ਤੋਂ ਗੁੱਸੇ ਵਿੱਚ ਆਏ ਇਸ ਵਿਅਕਤੀ ਨੇ ਬਾਲਕੋਨੀ ਦੇ ਰਾਹੀਂ ਬਜਾਜ ਪਰਿਵਾਰ ਦੇ ਕਮਰੇ ਵਿੱਚ ਦਾਖਲ ਹੋ ਕੇ ਹਮਲਾ ਕਰ ਦਿੱਤਾ ਤੇ ਆਪਣੇ ਬੱਚੇ ਅਤੇ ਪਤਨੀ ਨੂੰ ਬਚਾਉਂਦਿਆਂ ਬਜਾਜ ਦੀ ਇਸ ਕਾਤਲ ਨਾਲ ਲੜਾਈ ਦੌਰਾਨ ਮੌਤ ਹੋ ਗਈ।
    ਬਜਾਜ ਦੀ ਪਤਨੀ ਨੇ ਕਿਹਾ, "ਮੇਰੇ ਪਤੀ ਨੇ ਮੇਰੀ ਅਤੇ ਮੇਰੇ ਪੁੱਤਰ ਦੀ ਜਾਨ ਬਚਾਉਣ ਲਈ ਆਪਣੀ ਜਾਨ ਦੇ ਦਿੱਤੀ। ਉਹ ਹਮੇਸ਼ਾ ਸਾਡੇ ਨਾਇਕ ਰਹਿਣਗੇ।"
    ਬੰਦਨਾ ਕੌਰ ਬਜਾਜ ਨੇ ਦੱਸਿਆ ਕਿ ਹਮਲਾਵਰ ਨਗਨ ਅਵਸਥਾ ਵਿੱਚ ਉਹਨਾਂ ਦੇ ਕਮਰੇ ਅੰਦਰ ਦਾਖਲ ਹੋਇਆ ਤੇ ਉਸਨੇ ਹਮਲਾ ਕਰ ਦਿੱਤਾ।
    ਬੰਦਨਾ ਕੌਰ ਬਜਾਜ ਨੇ ਦੱਸਿਆ ਕਿ ਜਦੋਂ ਅਮ੍ਰਿਤਪਾਲ ਸਿੰਘ ਬਜਾਜ ਉਸ ਹਮਲਾਵਰ ਨਾਲ ਜੂਝ ਰਹੇ ਸਨ ਤਾਂ ਉਹਨਾਂ ਬੱਚੇ ਨੂੰ ਨਾਲ ਲੈ ਕੇ ਉੱਥੋਂ ਚਲੇ ਜਾਣ ਲਈ ਕਿਹਾ ਤਾਂ ਕਿ ਉਸ ਦਾ ਅਤੇ ਬੱਚੇ ਦਾ ਬਚਾਅ ਹੋ ਸਕੇ।
    ਇਸ ਹਮਲਾਵਰ ਨਾਲ ਜੂਝਦਿਆਂ ਅਮ੍ਰਿਤਪਾਲ ਸਿੰਘ ਦੀ ਮੌਤ ਹੋ ਗਈ ਅਤੇ ਹੁਣ ਬੰਦਨਾ ਕੌਰ ਬਜਾਜ ਆਪਣੇ ਦੋ ਸਾਲ ਦੇ ਬੱਚੇ ਵੀਰ ਸਿੰਘ ਨਾਲ ਇਕੱਲੀ ਰਹਿ ਗਈ ਹੈ। ਬਰਤਾਨਵੀ ਦੂਤਾਵਾਸ ਦੇ ਅਫਸਰ ਬਜਾਜ ਪਰਿਵਾਰ ਨਾਲ ਸੰਪਰਕ ਵਿੱਚ ਹਨ।
    ਨੋਰਵੀਅਨ ਵਿਦੇਸ਼ ਮਹਿਕਮੇ ਨੇ ਕਾਲਤ ਨੋਰਵੀਅਨ ਵਿਅਕਤੀ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ।

    ਸੰਗਰੂਰ - ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਨੇ ਕਿਹਾ ਹੈ ਕਿ ਸ੍ਰੀ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸਮਾਰੋਹ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਬਣਾਈ 5 ਮੈਂਬਰੀ ਤਾਲਮੇਲ ਕਮੇਟੀ ਦੀ ਮੀਟਿੰਗ 6 ਸਤੰਬਰ ਨੰੂ ਰੱਖੀ ਗਈ ਹੈ | ਇਸ ਤੋਂ ਪਹਿਲਾਂ ਇਹ ਮੀਟਿੰਗ 14 ਅਗਸਤ ਨੰੂ ਰੱਖੀ ਗਈ ਸੀ ਜਿਸ 'ਚ ਪੰਜਾਬ ਸਰਕਾਰ ਦੇ ਪ੍ਰਤੀਨਿਧ ਸ਼ਾਮਿਲ ਨਹੀਂ ਸਨ ਹੋਏ, ਜਿਸ ਕਾਰਨ ਇਹ ਮੀਟਿੰਗ ਮੁਲਤਵੀ ਕਰਨੀ ਪਈ ਸੀ | ਭਾਈ ਲੌਾਗੋਵਾਲ ਨੇ ਦੱਸਿਆ ਕਿ 6 ਸਤੰਬਰ ਦੀ ਮੀਟਿੰਗ ਲਈ ਅਜੇ ਤੱਕ ਪੰਜਾਬ ਸਰਕਾਰ ਵਲੋਂ ਕੋਈ ਹੁੰਗਾਰਾ ਨਹੀਂ ਮਿਲਿਆ | ਜਦ ਉਨ੍ਹਾਂ ਨੰੂ ਪੁੱਛਿਆ ਗਿਆ ਕਿ ਜੇਕਰ 6 ਸਤੰਬਰ ਦੀ ਮੀਟਿੰਗ 'ਚ ਵੀ ਪੰਜਾਬ ਸਰਕਾਰ ਸ਼ਾਮਿਲ ਨਹੀਂ ਹੁੰਦੀ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਕੋਈ ਗੱਲ 6 ਸਤੰਬਰ ਨੰੂ ਹੀ ਕੀਤੀ ਜਾਵੇਗੀ |

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com