ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਐਸ.ਏ.ਐਸ. ਨਗਰ (ਮੁਹਾਲੀ) - ਬਰਗਾੜੀ ਬੇਅਦਬੀ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਸੀਬੀਆਈ ਦੀ ਕਲੋਜ਼ਰ ਰਿਪੋਰਟ ਵਿਰੁੱਧ ਅਦਾਲਤ ਦਾ ਬੂਹਾ ਖੜਕਾਇਆ ਹੈ। ਵਿਸ਼ੇਸ਼ ਅਦਾਲਤ ਨੇ ਸੀਬੀਆਈ ਨੂੰ 29 ਅਗਸਤ ਨੂੰ ਪੇਸ਼ ਹੋ ਕੇ ਆਪਣਾ ਪੱਖ ਰੱਖਣ ਲਈ ਕਿਹਾ ਹੈ।
  ਇਸ ਸਬੰਧੀ ਸਰਕਾਰ ਨੇ ਮੁਹਾਲੀ ਦੀ ਸੀਬੀਆਈ ਅਦਾਲਤ ਵਿੱਚ ਕਲੋਜ਼ਰ ਰਿਪੋਰਟ ਨੂੰ ਚੁਣੌਤੀ ਦਿੰਦਿਆਂ ਪ੍ਰੋਟੈਸਟ ਪਟੀਸ਼ਨ ਦਾਇਰ ਕਰ ਦਿੱਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੇਅਦਬੀ ਮਾਮਲੇ ਦੀ ਜਾਂਚ ਵਿੱਚ ਅੜਿੱਕੇ ਡਾਹੁਣ ਦੀਆਂ ਕੋਸ਼ਿਸ਼ਾਂ ’ਤੇ ਅਕਾਲੀਆਂ ਦੀ ਸਖ਼ਤ ਅਲੋਚਨਾ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਮਾਮਲੇ ਦੀ ਤੈਅ ਤੱਕ ਜਾਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ।
  ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਬੇਅਦਬੀ ਮਾਮਲੇ ਵਿੱਚ ਸਰਕਾਰ ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨ-ਚਿੰਨ੍ਹ ਲਾਉਣ ਦੇ ਦੋਸ਼ਾਂ ਬਾਰੇ ਪੁੱਛੇ ਜਾਣ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੀਬੀਆਈ ਦੀ ਕਲੋਜ਼ਰ ਰਿਪੋਰਟ ਵਿਰੁੱਧ ਅਦਾਲਤ ਵਿੱਚ ਪਹੁੰਚ ਕਰ ਚੁੱਕੀ ਹੈ ਤਾਂ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਕੇ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸੂਬਾ ਸਰਕਾਰ ਵੱਲੋਂ ਸੀਬੀਆਈ ਦੀ ਕਲੋਜ਼ਰ ਰਿਪੋਰਟ ਬਾਰੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਭੇਜਿਆ ਗਿਆ ਸੀ ਪਰ ਹੁਣ ਤੱਕ ਕੋਈ ਜਵਾਬ ਨਾ ਆਉਣ ’ਤੇ ਸਰਕਾਰ ਨੇ ਹੁਣ ਅਦਾਲਤ ਵਿੱਚ ਅਰਜ਼ੀ ਦਾਇਰ ਕਰ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪਹਿਲਾਂ ਤਾਂ ਜਾਣਬੁੱਝ ਕੇ ਇਸ ਸੰਵੇਦਨਸ਼ੀਲ ਮਾਮਲੇ ਨੂੰ ਸੀਬੀਆਈ ਦੇ ਹੱਥਾਂ ਵਿੱਚ ਸੌਂਪਿਆ ਅਤੇ ਉਸ ਤੋਂ ਬਾਅਦ ਕੇਂਦਰੀ ਜਾਂਚ ਏਜੰਸੀ ਨੇ ਵੀ ਆਪਣੇ ਆਕਾਵਾਂ ਦੇ ਇਸ਼ਾਰਿਆਂ ’ਤੇ ਚੱਲਦਿਆਂ ਜਾਂਚ ਨੂੰ ਧੁਰ ਤੱਕ ਲਿਜਾਣ ਦੀ ਬਜਾਏ ਨਾ ਸਿਰਫ਼ ਅੱਧ ਵਿਚਾਲੇ ਹੀ ਬੰਦ ਕਰ ਦਿੱਤਾ ਸਗੋਂ ਨਿਯਮਾਂ ਦੇ ਉਲਟ ਬਰਗਾੜੀ ਕੇਸ ਖ਼ਤਮ ਕਰਨ ਲਈ ਕਲੋਜ਼ਰ ਰਿਪੋਰਟ ਦਾਇਰ ਕਰ ਦਿੱਤੀ। ਜਦਕਿ ਸਾਰੇ ਜਾਣਦੇ ਹਨ ਕਿ ਸੂਬਾ ਸਰਕਾਰ ਵੱਲੋਂ ਇਸ ਸਬੰਧੀ ਵਿਧਾਨ ਸਭਾ ਵਿੱਚ ਮਤਾ ਲਿਆ ਕੇ ਸੀਬੀਆਈ ਤੋਂ ਕੇਸ ਵਾਪਸ ਲਿਆ ਗਿਆ ਸੀ। ਇਸ ਦੇ ਬਾਵਜੂਦ ਸੀਬੀਆਈ ਨੇ ਕਲੋਜ਼ਰ ਰਿਪੋਰਟ ਪੇਸ਼ ਕਰ ਦਿੱਤੀ। ਧਾਰਾ 370 ਖ਼ਤਮ ਕਰਨ ਤੋਂ ਬਾਅਦ ਪੈਦਾ ਹੋਏ ਹਾਲਾਤ ਅਤੇ ਭਾਰਤ-ਪਾਕਿ ਸਬੰਧਾਂ ਬਾਰੇ ਪੁੱਛੇ ਜਾਣ ’ਤੇ ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਪਾਕਿਸਤਾਨ ਆਪਣੀ ਵਚਨਬੱਧਤਾ ਨੂੰ ਨਿਭਾਏਗਾ ਅਤੇ ਪਹਿਲਾਂ ਤੋਂ ਉਲੀਕੀ ਗਈ ਯੋਜਨਾ ਅਨੁਸਾਰ ਕਰਤਾਰਪੁਰ ਲਾਂਘੇ ਨੂੰ ਮੁਕੰਮਲ ਕਰੇਗਾ।

  ਚੰਡੀਗੜ੍ਹ - ਪੰਜਾਬ ਵਿੱਚ ਆਏ ਹੜ੍ਹਾਂ ਨਾਲ 1700 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਚੁੱਕਾ ਹੈ ਤੇ ਸਤਲੁਜ ਦਰਿਆ ਦੀ ਮਾਰ ਹੇਠ ਆਏ ਪੰਜ ਜ਼ਿਲ੍ਹਿਆਂ ਵਿਚ ਹੀ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਧੁੱਸੀ ਬੰਨ੍ਹ ਪੰਜ ਥਾਵਾਂ ਤੋਂ ਟੁੱਟੇ ਹਨ ਜਿਨ੍ਹਾਂ ਨੂੰ ਭਰਨ ਦਾ ਕੰਮ ਚੱਲ ਰਿਹਾ ਹੈ ਤੇ ਅੱਜ ਰਾਤ ਤਕ ਫਿਲੌਰ ਨੇੜਲੇ ਬੰਨ੍ਹ ਨੂੰ ਮੁਕੰਮਲ ਕਰ ਲਿਆ ਜਾਵੇਗਾ। ਇਸ ਤੋਂ ਬਾਅਦ ਅਗਲੇ ਪਾੜ ਨੂੰ ਭਰਨ ਦਾ ਕੰਮ ਕੀਤਾ ਜਾਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਮੁੱਢਲੇ ਅੰਦਾਜ਼ੇ ਮੁਤਾਬਕ ਸੂਬੇ ਵਿੱਚ ਹੜ੍ਹਾਂ ਨਾਲ 1700 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਤੇ ਹੜ੍ਹਾਂ ਕਾਰਨ ਫਸਲਾਂ, ਪਸ਼ੂਆਂ ਤੇ ਘਰਾਂ ਆਦਿ ਦਾ ਨੁਕਸਾਨ ਹੋਇਆ ਹੈ ਤੇ ਅੱਧੀ
  ਦਰਜਨ ਵਿਅਕਤੀਆਂ ਦੀ ਵੀ ਮੌਤ ਹੋਈ ਹੈ। ਨੁਕਸਾਨ ਦੀ ਅਸਲੀ ਸਥਿਤੀ ਦਾ ਪਤਾ ਵਿਸ਼ੇਸ਼ ਗਿਰਦਾਵਰੀ ਤੋਂ ਬਾਅਦ ਹੀ ਲੱਗੇਗਾ। ਪੰਜਾਬ ਸਰਕਾਰ ਨੁਕਸਾਨ ਦੀ ਰਿਪੋਰਟ ਕੇਂਦਰ ਸਰਕਾਰ ਕੋਲ ਪੇਸ਼ ਕਰਕੇ ਮਦਦ ਮੰਗੇਗੀ। ਪੰਜਾਬ ਸਰਕਾਰ ਨੇ ਹੜ੍ਹਾਂ ਨਾਲ ਹੋਏ ਨੁਕਸਾਨ ਨੂੰ ਕੁਦਰਤੀ ਆਫਤ ਐਲਾਨ ਦਿੱਤਾ ਹੈ ਤੇ ਪਿੰਡ ਨੂੰ ਇਕਾਈ ਮੰਨਣ ਨਾਲ ਲੋਕਾਂ ਨੂੰ ਵਾਹਨਾਂ ਅਤੇ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਲੈਣ ਵਿਚ ਸੌਖ ਰਹੇਗੀ।
  ਪ੍ਰਾਪਤ ਜਾਣਕਾਰੀ ਅੁਨਸਾਰ ਸਭ ਤੋਂ ਵੱਧ ਨੁਕਸਾਨ ਸਤਲੁਜ ਦੀ ਜ਼ੱਦ ’ਚ ਆਉਂਦੇ ਜ਼ਿਲ੍ਹਿਆਂ ਵਿੱਚ ਹੋਇਆ ਹੈ ਤੇ ਇਨ੍ਹਾਂ ਵਿੱਚ ਰੂਪਨਗਰ, ਲੁਧਿਆਣਾ, ਜਲੰਧਰ, ਮੋਗਾ ਅਤੇ ਫਿਰੋਜ਼ਪੁਰ ਜ਼ਿਲ੍ਹੇ ਸ਼ਾਮਲ ਹਨ।
  ਭਾਖੜਾ ਡੈਮ ਵਿੱਚ ਅਜੇ ਵੀ ਪਾਣੀ ਦਾ ਪੱਧਰ 1680 ਫੁੱਟ ਹੈ। ਸਿੰਜਾਈ ਮੰਤਰੀ ਸੁਖ ਸਰਕਾਰੀਆ ਨੇ ਦੱਸਿਆ ਕਿ ਇਸ ਵੇਲੇ ਭਾਖੜਾ ਵਿੱਚ 60,000 ਕਿਊਸਿਕ ਪਾਣੀ ਆ ਰਿਹਾ ਹੈ ਤੇ 70,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਤਲੁਜ ਦੇ ਪਾਣੀ ਨੇ ਫਿਲੌਰ ਕੋਲੋਂ ਦੋ ਥਾਵਾਂ ਤੋਂ ਬੰਨ੍ਹ ਤੋੜ ਦਿੱਤਾ ਹੈ ਤੇ ਪਹਿਲੇ ਬੰਨ੍ਹ ਨੂੰ ਬੰਨ੍ਹਣ ਦਾ ਕੰਮ ਅੱਜ ਰਾਤ ਨਿੱਬੜ ਜਾਵੇਗਾ। ਇਸ ਤੋਂ ਬਾਅਦ ਹੀ ਅਗਲੇ ਪਾੜ ਨੂੰ ਪੂਰਨ ਦਾ ਕੰਮ ਹੋ ਸਕੇਗਾ। ਇਸ ਤੋਂ ਅੱਗੇ ਸ਼ਾਹਕੋਟ ਨੇੜੇ ਦਰਿਆ ਵਿੱਚ ਪਿਆ ਪਾੜ ਪੂਰਨ ਦਾ ਕੰਮ ਚੱਲ ਰਿਹਾ ਹੈ।

  ਐਸ.ਏ.ਐਸ. ਨਗਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਰਗਾੜੀ ਬੇਅਦਬੀ ਮਾਮਲੇ ਦੀ ਜਾਂਚ ਵਿਚ ਅੜਿੱਕੇ ਡਾਹੁਣ ਦੀਆਂ ਕੋਸ਼ਿਸ਼ਾਂ ’ਤੇ ਅਕਾਲੀਆਂ ਦੀ ਸਖ਼ਤ ਅਲੋਚਨਾ ਕਰਦਿਆਂ ਆਖਿਆ ਕਿ ਉਨ੍ਹਾਂ ਦੀ ਸਰਕਾਰ ਸੀ.ਬੀ.ਆਈ. ਦੀ ਕਲੋਜ਼ਰ ਰਿਪੋਰਟ ਵਿਰੁਧ ਅਦਾਲਤ ਵਿਚ ਪਹੁੰਚ ਕਰ ਚੁੱਕੀ ਹੈ ਤਾਂ ਕਿ ਇਸ ਮਾਮਲੇ ਦੀ ਜਾਂਚ ਕਰ ਕੇ ਕਾਨੂੰਨੀ ਸਿੱਟੇ ’ਤੇ ਲਿਜਾਇਆ ਜਾ ਸਕੇ।
  ਪੱਤਰਕਾਰਾਂ ਨਾਲ ਗ਼ੈਰ-ਰਸਮੀ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪਹਿਲਾਂ ਤਾਂ ਜਾਣਬੁੱਝ ਕੇ ਇਸ ਸੰਵੇਦਨਸ਼ੀਲ ਮਾਮਲੇ ਨੂੰ ਸੀ.ਬੀ.ਆਈ ਦੇ ਹੱਥਾਂ ਵਿਚ ਸੌਂਪਿਆ ਅਤੇ ਉਸ ਤੋਂ ਬਾਅਦ ਕੇਂਦਰੀ ਜਾਂਚ ਏਜੰਸੀ ਨੇ ਵੀ ਆਪਣੇ ਆਕਾਵਾਂ ਦੇ ਇਸ਼ਾਰਿਆਂ ’ਤੇ ਚੱਲਦਿਆਂ ਜਾਂਚ ਨੂੰ ਧੁਰ ਤੱਕ ਲਿਜਾਣ ਦੀ ਬਜਾਏ ਬੰਦ ਕਰ ਦਿੱਤਾ।
  ਕੈਪਟਨ ਨੇ 1984 ਦੇ ਦੰਗਿਆਂ ਦੇ ਸੰਦਰਭ ਵਿਚ ਰਾਜੀਵ ਗਾਂਧੀ ਬਾਰੇ ਤੱਥਾਂ ਨੂੰ ਤੋੜਨ-ਮਰੋੜਣ ਦੀ ਕੋਸ਼ਿਸ਼ ਕਰਨ ’ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਰੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਜਦੋਂ ਇਹ ਦੰਗੇ ਹੋਏ ਸਨ ਤਾਂ ਉਸ ਵੇਲੇ ਸੁਖਬੀਰ ਖੁਦ ਤਾਂ ਅਮਰੀਕਾ ਵਿਚ ਸੀ ਅਤੇ ਉਸ ਨੂੰ ਕੁਝ ਵੀ ਨਹੀਂ ਪਤਾ ਕਿ ਉਸ ਵੇਲੇ ਭਾਰਤ ਵਿਚ ਕੀ ਵਾਪਰਿਆ ਸੀ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਠੋਸ ਗੱਲ ਤੋਂ ਯਭਲੀਆਂ ਮਾਰਨਾ ਸੁਖਬੀਰ ਬਾਦਲ ਦੀ ਪੁਰਾਣੀ ਆਦਤ ਹੈ।
  ਭਾਰਤ-ਪਾਕਿ ਸਬੰਧਾਂ ਬਾਰੇ ਪੁੱਛੇ ਜਾਣ ’ਤੇ ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਪਾਕਿਸਤਾਨ ਆਪਣੀ ਵਚਨਬੱਧਤਾ ਨੂੰ ਨਿਭਾਏਗਾ ਅਤੇ ਉਲੀਕੀ ਗਈ ਯੋਜਨਾ ਦੇ ਮੁਤਾਬਕ ਕਰਤਾਰਪੁਰ ਲਾਂਘੇ ਨੂੰ ਮੁਕੰਮਲ ਕਰੇਗਾ। ਮੋਹਲੇਧਾਰ ਮੀਂਹ ਨਾਲ ਆਏ ਹੜਾਂ ਕਾਰਨ ਸੂਬੇ ਵਿਚ ਹੋਏ ਨੁਕਸਾਨ ਬਾਰੇ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਹੜਾਂ ਨਾਲ ਲਗਭਗ 1700 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਪੂਰੀ ਤਰਾਂ ਤਿਆਰ ਹੈ ਅਤੇ ਲੋਕਾਂ ਦੇ ਜੀਵਨ ਨੂੰ ਹਰ ਹੀਲੇ ਸੁਰੱਖਿਅਤ ਬਣਾਇਆ ਜਾਵੇਗਾ।

  ਅੰਮ੍ਰਿਤਸਰ - ਗਰਮ ਖ਼ਿਆਲੀ ਸਿੱਖ ਜਥੇਬੰਦੀਆਂ ਤੇ ਉਨ੍ਹਾਂ ਦੀਆਂ ਹੋਰ ਹਮਖ਼ਿਆਲੀ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਉਂਦਿਆਂ ਆਜ਼ਾਦੀ ਦਿਹਾੜੇ ਨੂੰ ਕਾਲੇ ਦਿਵਸ ਵਜੋਂ ਮਨਾਇਆ ਗਿਆ। ਇਸ ਸਬੰਧ ਵਿਚ ਸੂਬੇ ਦੇ 14 ਜ਼ਿਲ੍ਹਿਆਂ ਵਿਚ ਰੋਸ ਦਿਖਾਵੇ ਕੀਤੇ ਗਏ। ਜਦੋਂਕਿ ਤਰਨ ਤਾਰਨ ਵਿਚ ਜਥੇਬੰਦੀਆਂ ਦੀ ਇਸ ਕਾਰਵਾਈ ’ਤੇ ਰੋਕ ਲਾ ਦਿੱਤੀ ਗਈ ਸੀ ਤੇ ਪਹਿਲਾਂ ਹੀ ਸਿੱਖ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ ਸੀ। ਇਨ੍ਹਾਂ ਜਥੇਬੰਦੀਆਂ ਵਿਚ ਦਲ ਖ਼ਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਯੂਨਾਈਟਿਡ ਅਕਾਲੀ ਦਲ, ਸਿੱਖ ਯੂਥ ਆਫ ਪੰਜਾਬ ਅਤੇ ਸਟੂਡੈਂਟਸ ਫਾਰ ਸੁਸਾਇਟੀ ਨਾਂ ਦੀਆਂ ਜਥੇਬੰਦੀਆਂ ਸ਼ਾਮਲ ਸਨ।
  ਸਿੱਖ ਆਗੂਆਂ ਨੇ ਇਸ ਮੌਕੇ ਯੂਐਨਓ ਅਤੇ ਕੌਮਾਂਤਰੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਭਾਰਤ ਸਰਕਾਰ ‘ਤੇ ਦਬਾਅ ਬਣਾਉਣ ਤਾਂ ਜੋ ਵੱਖ ਵੱਖ ਖਿੱਤਿਆਂ ਵਿਚ ਸੰਘਰਸ਼ਸ਼ੀਲ ਕੌਮਾਂ ਨੂੰ ਸਵੈ-ਨਿਰਣੈ ਦਾ ਹੱਕ ਮਿਲ ਸਕੇ। ਅੰਮ੍ਰਿਤਸਰ ਵਿਚ ਕੀਤੇ ਗਏ ਰੋਸ ਦਿਖਾਵੇ ਵਿਚ ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ, ਬੁਲਾਰੇ ਕੰਵਰਪਾਲ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰ ਸਿੰਘ, ਯੂਨਾਈਟਿਡ ਅਕਾਲੀ ਦਲ ਦੇ ਗੁਰਦੀਪ ਸਿੰਘ ਬਠਿੰਡਾ ਦੀ ਅਗਵਾਈ ਹੇਠ ਉਨ੍ਹਾਂ ਦੇ ਕਾਰਕੁਨ ਸ਼ਾਮਲ ਹੋਏ।
  ਇਥੇ ਤਰ੍ਹਾਂ ਜਲੰਧਰ, ਗੁਰਦਾਸਪੁਰ, ਮਾਨਸਾ, ਬਠਿੰਡਾ, ਸੰਗਰੂਰ, ਬਰਨਾਲਾ, ਮੋਗਾ, ਪਟਿਆਲਾ, ਫਤਹਿਗੜ੍ਹ ਸਾਹਿਬ, ਫ਼ਿਰੋਜ਼ਪੁਰ ਅਤੇ ਕੋਟਕਪੂਰਾ ਵਿਚ ਵੀ ਰੋਸ ਮੁਜ਼ਾਹਰੇ ਕੀਤੇ ਗਏ।
  ਬਠਿੰਡਾ (ਪੱਤਰ ਪ੍ਰੇਰਕ): ਬਠਿੰਡਾ ਵਿੱਚ ਸਿੱਖ ਜਥੇਬੰਦੀਆਂ ਨੇ 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਇਆ। ਜਥੇਬੰਦੀਆਂ ਵੱਲੋਂ ਸ਼ਹਿਰ ਵਿੱਚ ਕਾਲੇ ਝੰਡਿਆਂ ਨਾਲ ਰੋਸ ਮਾਰਚ ਕੱਢਿਆ ਗਿਆ। ਇਸ ਵਿੱਚ ਦਲ ਖ਼ਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਯੂਨਾਈਟਿਡ ਅਕਾਲੀ ਦਲ ਤੇ ਪੰਜਾਬੀ ਮਾਂ-ਬੋਲੀ ਸਤਿਕਾਰ ਸਭਾ ਦੇ ਆਗੂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਸੰਬੋਧਨ ਕਰਦਿਆਂ ਦਲ ਖ਼ਾਲਸਾ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ, ਸ਼੍ਰੋਮਣੀ ਅਕਾਲੀ ਦਲ (ਅ) ਦੇ ਪਰਮਿੰਦਰ ਸਿੰਘ ਬਾਂਲਿਆਵਾਲੀ ਤੇ ਲਖਵੀਰ ਸਿੰਘ ਲੱਖਾ ਸਿਧਾਣਾ ਨੇ ਕਿਹਾ ਕਿ ਸਿੱਖਾਂ ਨੂੰ 1947 ਦੀ ਵੰਡ ਨੇ ਇੱਕ ਗ਼ੁਲਾਮੀ ਤੋਂ ਦੂਜੀ ਗ਼ੁਲਾਮੀ ਵੱਲ ਧੱਕਿਆ।

  ਨਵੀਂ ਦਿੱਲੀ - ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਹੁਣ ਏਆਈਐਮਆਈਐਮ ਚੀਫ ਅਸਦੂਦੀਨ ਓਵੈਸੀ ਨੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਸਰਕਾਰ ਨੂੰ ਖੂਬ ਖਰੀਆਂ-ਖਰੀਆਂ ਸੁਣਾਈਆਂ।
  ਓਵੈਸੀ ਨੇ ਇਸ ਹਮਲੇ ‘ਚ ਕਿਹਾ ਕਿ ਸਰਕਾਰ ਨੂੰ ਕਸ਼ਮੀਰ ਦੀ ਚਿੰਤਾ ਹੈ, ਕਸ਼ਮੀਰੀਆਂ ਦੀ ਨਹੀਂ। ਓਵੈਸ਼ੀ ਦੇ ਹਮਲੇ ‘ਤੇ ਬੀਜੇਪੀ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਸਾਨੂੰ ਕਿਸੇ ਤੋਂ ਸਰਟੀਫਿਕੇਟ ਦੀ ਲੋੜ ਨਹੀਂ ਹੈ। ਓਵੈਸ਼ੀ ਨੇ ਕਸ਼ਮੀਰ ਦੇ ਹਾਲਾਤ ‘ਤੇ ਸਰਕਾਰ ਨੂੰ ਘੇਰਦੇ ਹੋਏ ਕਿਹਾ, “ਕੀ ਇਹ ਐਮਰਜੈਂਸੀ ਹੈ? ਕਸ਼ਮੀਰ ‘ਚ ਕੋਈ ਸੰਚਾਰ ਨਹੀਂ ਹੈ। ਕੋਈ ਫੋਨ ਨਹੀਂ ਹੈ, ਕੀ ਇਹ ਲੋਕਤੰਤਰ ਹੈ। ਕੀ ਇਹ ਕਾਨੂੰਨ ਦਾ ਸ਼ਾਸਨ ਹੈ। ਕਸ਼ਮੀਰ ‘ਚ ਸੰਵਿਧਾਨਕ ਵਾਅਦਾਖਿਲਾਫੀ ਹੋਈ ਹੈ। ਤੁਹਾਨੂੰ ਕੀ ਲਗੱਦਾ ਹੈ ਕਿ ਮੋਦੀ, ਨਹਿਰੂ ਤੇ ਪਟੇਲ ਤੋਂ ਜ਼ਿਆਦਾ ਸਮਝਦਾਰ ਹੈ, ਮੈਨੂੰ ਨਹੀਂ ਲੱਗਦਾ।”
  ਓਵੈਸੀ ਨੇ ਕਿਹਾ, “ਦੇਸ਼ ‘ਚ ਬੇਰੁਜ਼ਗਾਰੀ ਦੀ ਦਰ 6% ਹੈ, ਕੀ ਇਹ ਲੋਕ ਕਸ਼ਮੀਰ ਨੂੰ ਬੇਵਕੂਫ ਬਣਾ ਰਹੇ ਹਨ। ਅਜੇ ਤਕ ਕਸ਼ਮੀਰ ‘ਚ ਨਿਵੇਸ਼ ਕਰਨ ਤੋਂ ਤੁਹਾਨੂੰ ਕਿਸ ਨੇ ਰੋਕਿਆ ਸੀ। ਇਹ ਲੀਜ਼ ‘ਤੇ ਜ਼ਮੀਨ ਲੈ ਕੇ ਉੱਥੇ ਨਿਵੇਸ਼ ਕਰ ਸਕਦੇ ਸੀ। ਇਹ ਕਸ਼ਮੀਰੀਆਂ ਨੂੰ ਬੇਵਕੂਫ ਬਣਾਉਣ ਲਈ ਹੈ।”
  ਐਕਟਰ ਰਜਨੀਕਾਂਤ ਨੇ ਮੋਦੀ ਤੇ ਸ਼ਾਹ ਨੂੰ ਕ੍ਰਿਸ਼ਨ ਤੇ ਅਰਜੁਨ ਕਿਹਾ ਸੀ। ਓਵੈਸੀ ਨੇ ਕਿਹਾ ਕਿ ਇੱਕ ਐਕਟਰ ਨੇ ਮੋਦੀ ਤੇ ਸ਼ਾਹ ਨੂੰ ਕ੍ਰਿਸ਼ਨ ਤੇ ਅਰਜੁਨ ਕਿਹਾ ਹੈ ਤਾਂ ਕੌਰਵ ਤੇ ਪਾਂਡਵ ਕੌਣ ਹਨ? ਕੀ ਤੁਸੀਂ ਦੇਸ਼ ‘ਚ ‘ਮਹਾਭਾਰਤ’ ਚਾਹੁੰਦੇ ਹੋ?”
  ਓਵੈਸੀ ਨੇ ਇਹ ਵੀ ਕਿਹਾ ਕਿ ਦੇਸ਼ ਵਿੱਚ ਕਈ ਗੋਡਸੇ ਦੀਆਂ ਔਲਾਦਾਂ ਹਨ ਅਤੇ ਉਨ੍ਹਾਂ ਨੂੰ ਗੋਲੀ ਮਾਰ ਸਕਦੇ ਹਨ। ਰਾਹੁਲ ਗਾਂਧੀ ਨੇ ਟਵੀਟ ਕੀਤਾ ਹੈ ਕਿ ਜੰਮੂ-ਕਸ਼ਮੀਰ ਨੂੰ ਇੱਕਤਰਫਾ ਫ਼ੈਸਲਾ ਕਰਕੇ ਹਿੱਸਿਆਂ 'ਚ ਵੰਡਣਾ ਅਤੇ ਸੰਵਿਧਾਨ ਦਾ ਉਲੰਘਣ ਕਰਨਾ ਰਾਸ਼ਟਰੀ ਏਕੀਕਰਨ ਨਹੀਂ ਹੁੰਦਾ। ਦੇਸ਼ ਲੋਕਾਂ ਨਾਲ ਬਣਦਾ ਹੈ ਨਾਂ ਕਿ ਜ਼ਮੀਨ ਦੇ ਭੂਖੰਡਾਂ ਨਾਲ। ਤਾਕਤ ਦੇ ਇਸ ਗ਼ਲਤ ਇਸਤੇਮਾਲ ਦਾ ਰਾਸ਼ਟਰੀ ਸੁਰੱਖਿਆ 'ਤੇ ਗੰਭੀਰ ਅਸਰ ਪਵੇਗਾ।

  ਨਿਊਯਾਰਕ - ਭਾਰਤ ਸਰਕਾਰ ਵੱਲੋਂ ਕਸ਼ਮੀਰ ਤੋਂ ਵਿਸ਼ੇਸ਼ ਦਰਜੇ ਦਾ ਅਧਿਕਾਰ ਵਾਪਸ ਲੈਣ ਦੇ ਵਿਰੋਧ 'ਚ ਸੰਯੁਕਰ ਰਾਸ਼ਟਰ (ਯੂਐਨ) ਦੇ ਦਫ਼ਤਰ ਬਾਹਰ ਕੁਝ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦਾ ਖ਼ਾਲਿਸਤਾਨ ਪੱਖੀ ਸਿੱਖਾਂ ਨੇ ਵੀ ਸਮਰਥਨ ਕੀਤਾ। ਭਾਰਤੀ ਦੂਤਾਵਾਸ ਤੋਂ ਯੂਐਨ ਦੇ ਦਫ਼ਤਰ ਤਕ ਕੀਤੇ ਇਸ ਰੋਸ ਪ੍ਰਦਰਸ਼ਨ 'ਚ 400 ਲੋਕਾਂ ਨੇ ਹਿੱਸਾ ਲਿਆ। ਉਹ ਖ਼ਾਲਿਸਤਾਨ ਤੇ ਕਸ਼ਮੀਰ ਸਬੰਧੀ ਨਾਅਰੇ ਲਾ ਰਹੇ ਸਨ।
  ਪ੍ਰਦਰਸ਼ਨਕਾਰੀਆਂ ਨੇ ਹੱਥਾਂ 'ਚ ਪਾਕਿ ਮਕਬੂਜ਼ਾ ਕਸ਼ਮੀਰ, ਪੀਲੇ ਖ਼ਾਲਿਸਤਾਨੀ ਤੇ ਨੀਲੇ 'ਰੈਫ਼ਰੈਂਡਮ 2020' ਦੇ ਝੰਡੇ ਵੀ ਫੜੇ ਹੋਏ ਸਨ। ਜ਼ਿਆਦਾਤਰ ਪ੍ਰਦਰਸ਼ਨਕਾਰੀ ਸਿੱਖ ਤੇ ਕੁਝ ਪਾਕਿਸਤਾਨੀ ਤੇ ਕਸ਼ਮੀਰੀ ਹੀ ਸਨ। ਪ੍ਰਦਰਸ਼ਨਕਾਰੀਆਂ ਨੇ ਇਹ ਪ੍ਰਦਰਸ਼ਨ 'ਕਸ਼ਮੀਰੀ ਤੇ ਖ਼ਾਲਿਸਤਾਨ ਪੱਖੀ ਸਿੱਖ' ਤੇ 'ਸਥਾਨਕ ਸਿੱਖ ਗੁਰਦੁਆਰਿਆਂ' ਦੇ ਸਹਿਯੋਗ ਨਾਲ ਕੀਤਾ।
  ਸੰਗਠਨ ਸਿੱਖ ਫ਼ਾਰ ਜਸਟਿਸ ਦੇ ਮੁੱਖ ਪ੍ਰਬੰਧਕ ਗੁਰਪਤਵੰਤ ਸਿੰਘ ਪਨੂੰ ਨੇ ਕਿਹਾ ਕਿ ਕਸ਼ਮੀਰੀਆਂ ਨਾਲ ਕੀਤੇ ਧੋਖੇ ਤੋਂ ਉਹ ਦੁਖੀ ਹਨ। ਗਠਨ ਵੱਲੋਂ ਅਗਲੇ ਸਾਲ 'ਰੈਫ਼ਰੈਂਡਮ 2020' ਸ਼ੁਰੂ ਕੀਤਾ ਜਾ ਰਿਹਾ ਹੈ। ਪਨੂੰ ਨੇ ਕਿਹਾ ਕਿ ਉਹ ਮਨੁੱਖੀ ਅਧਿਕਾਰ ਕਮਿਸ਼ਨ ਦੇ ਜਨਰਲ ਸਕੱਤਰ ਐਂਟੋਨੀਓ ਗੁਟਰੇਜ਼ ਨੂੰ ਮੰਗ ਪੱਤਰ ਦੇਣਗੇ, ਜਿਸ 'ਚ ਕਸ਼ਮੀਰ ਵਿੱਚ ਭਾਰਤ ਸਰਕਾਰ ਵੱਲੋਂ ਕੀਤੀ ਤਾਨਾਸ਼ਾਹੀ ਕਾਰਵਾਈ ਬਾਰੇ ਜਾਣੂ ਕਰਵਾਇਆ ਜਾਵੇਗਾ।
  ਇਸ ਦੇ ਨਾਲ ਹੀ ਖ਼ਾਲਿਸਤਾਨੀ 'ਰੈਫ਼ਰੈਂਡਮ' ਦੀਆਂ ਮੰਗਾਂ ਬਾਰੇ ਵੀ ਦੱਸਿਆ ਜਾਵੇਗਾ। ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਦੇ ਪ੍ਰਧਾਨ ਕੁਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਕਸ਼ਮੀਰੀਆਂ ਲਈ ਕੀਤੇ ਪ੍ਰਦਰਸ਼ਨ ਨੂੰ ਉਨ੍ਹਾਂ ਦੇ ਸੰਗਠਨ ਵੱਲੋਂ ਪੂਰਾ ਸਮਰਥਨ ਦਿੱਤਾ ਗਿਆ ਹੈ। ਭਾਰਤ ਸਰਕਾਰ ਵੱਲੋਂ ਕਸ਼ਮੀਰ ਬਾਰੇ ਲਏ ਫ਼ੈਸਲੇ ਦੀ ਉਹ ਨਿਖੇਧੀ ਕਰਦੇ ਹਨ ਤੇ ਜੰਮੂ-ਕਸ਼ਮੀਰ ਨੂੰ ਮੁੜ ਪੁਰਾਣਾ ਦਰਜਾ ਵਾਪਸ ਦਿੱਤਾ ਜਾਣਾ ਚਾਹੀਦਾ ਹੈ।

  ਨਿਊਯਾਰਕ - ਭਾਰਤ ਵੱਲੋਂ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਮਗਰੋਂ ਚੀਨ ਨੇ ਪਾਕਿਸਤਾਨ ਦਾ ਸਾਥ ਦਿੱਤਾ ਹੈ। ਹੁਣ ਭਾਰਤ ਦੇ ਫੈਸਲੇ ‘ਤੇ ਸੰਯੁਕਤ ਰਾਸ਼ਟਰ ਸੁਰੱਖਿਆ ਸਭਾ ‘ਚ ਚਰਚਾ ਹੋਣ ਦੀ ਸੰਭਾਵਨਾ ਹੈ। ਯੂਐਨਐਸਸੀ ਦੀ ਪ੍ਰਧਾਨ ਜੋਆਨਾ ਰੋਨੇਕਾ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਵੱਲੋਂ ਜੰਮੂ-ਕਸ਼ਮੀਰ ਬਾਰੇ ਲਏ ਫੈਸਲੇ ਤੋਂ ਬਾਅਦ ਚੀਨ ਨੇ ਇਸ ਸੈਸ਼ਨ ਨੂੰ ਕਰਵਾਉਣ ਦੀ ਅਪੀਲ ਕੀਤੀ ਸੀ। ਚੀਨ ਸਭਾ ਦਾ ਸਥਾਈ ਮੈਂਬਰ ਹੈ। ਉਧਰ, ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਸੂਤਰਾਂ ਮੁਤਾਬਕ, ਯੂਐਨਐਸਸੀ ਦੀ ਬੈਠਕ ਸ਼ੁੱਕਰਵਾਰ ਨੂੰ ਹੋਵੇਗੀ।
  ਰੋਨੇਕਾ ਨੇ ਦੱਸਿਆ ਕਿ ਇਹ ਸੈਸ਼ਨ ਸ਼ੁੱਕਰਵਾਰ 16 ਅਗਸਤ ਨੂੰ ਹੋ ਸਕਦਾ ਹੈ। ਇਸ ਤੋਂ ਪਹਿਲਾਂ ਪਾਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਭਾਰਤ ਦੇ ਕਸ਼ਮੀਰ ਨੂੰ ਲੈ ਕੇ ਲਏ ਫੈਸਲੇ ‘ਤੇ ਤੁਰੰਤ ਮੀਟਿੰਗ ਕਰਨ ਦੀ ਅਪੀਲ ਕੀਤੀ ਸੀ। ਚੀਨ ਨੇ ਪਾਕਿ ਦਾ ਸਾਥ ਦਿੰਦੇ ਹੋਏ ਇਸ ਫੈਸਲੇ ‘ਤੇ ਗੁਪਤ ਮੀਟਿੰਗ ਦੀ ਗੱਲ ਕੀਤੀ ਸੀ।
  ਪਾਕਿਸਤਾਨ ਨੇ ਕਸ਼ਮੀਰ ਮੁੱਦੇ ਨੂੰ ਅੰਤਰਾਸ਼ਟਰੀ ਮੰਚਾਂ ‘ਤੇ ਚੁੱਕਣ ਦੀ ਲਗਾਤਾਰ ਕੋਸ਼ਿਸ਼ ਕੀਤੀ ਹੈ। ਉਹ ਇਸ ਮਾਮਲੇ ‘ਚ ਵਿਸ਼ਵ ਸਮੂਹ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹੈ। ਪਾਕਿਸਤਾਨ ਨੇ ਇਲਜ਼ਾਮ ਲਾਇਆ ਹੈ ਕਿ ਭਾਰਤ ਦਾ ਧਾਰਾ 370 ਨੂੰ ਹਟਾਉਣਾ ਅੰਤਰਾਸ਼ਟਰੀ ਸੁਰੱਖਿਆ ਲਈ ਖ਼ਤਰੇ ਨੂੰ ਪੈਦਾ ਕਰ ਸਕਦਾ ਹੈ। ਉਧਰ, ਭਾਰਤ ਦਾ ਕਹਿਣਾ ਹੈ ਕਿ ਇਹ ਉਸ ਦਾ ਅੰਦਰੂਨੀ ਮਸਲਾ ਹੈ। ਉਸ ਨੇ ਐਲਓਸੀ ਦਾ ਉਲੰਘਣਾ ਨਹੀਂ ਕੀਤੀ ਹੈ।

  -ਕਿਰਪਾਲ ਸਿੰਘ ਬਠਿੰਡਾ 88378-13661

  ਭਾਰਤ ਵਿੱਚ ਚੱਲ ਰਹੇ ਵੱਖ ਵੱਖ ਕੈਲੰਡਰਾਂ ਕਾਰਨ ਤਿਉਹਾਰਾਂ ਦੀਆਂ ਤਰੀਖਾਂ ਸਰਕਾਰੀ ਕੈਲੰਡਰਾਂ ਵਿੱਚ ਨਿਸ਼ਚਿਤ ਕਰਨ ਸਮੇਂ ਆ ਰਹੀਆਂ ਔਕੜਾਂ ਨੂੰ ਹੱਲ ਕਰਨ ਲਈ ਭਾਰਤ ਸਰਕਾਰ ਨੇ ਨਵੰਬਰ 1952 ਵਿੱਚ ਪ੍ਰੋ: ਐੱਮ.ਐੱਨ. ਸ਼ਾਹ ਦੀ ਪ੍ਰਧਾਨਗੀ ਹੇਠ ਕੈਲੰਡਰ ਸੁਧਾਰ ਕਮੇਟੀ ਬਣਾਈ ਜਿਸ ਦੇ ਜਿੰਮੇ ਵਿਗਿਆਨਿਕ ਨਿਯਮਾਂ ’ਤੇ ਪੂਰਾ ਉਤਰਨ ਵਾਲਾ ਇੱਕ ਸਰਬ ਸਾਂਝਾ ਕੈਲੰਡਰ ਬਣਾਉਣ ਦਾ ਕਾਰਜ ਸੌਂਪਿਆ ਗਿਆ। ਇਸ ਕਮੇਟੀ ਨੇ ਭਾਰਤ ਵਿੱਚ ਪ੍ਰਚਲਿਤ ਵੱਖ ਵੱਖ 30 ਕੈਲੰਡਰਾਂ ਤੋਂ ਇਲਾਵਾ ਦੁਨੀਆਂ ਭਰ ਵਿੱਚ ਪ੍ਰਚਲਿਤ ਪੁਰਾਤਨ ਅਤੇ ਨਵੀਨ ਰੂਪ ’ਚ ਸੋਧੇ ਹੋਏ ਸੂਰਜੀ ਅਤੇ ਚੰਦਰ ਕੈਲੰਡਰਾਂ ਦਾ ਇਤਿਹਾਸ ਵਾਚਣ ਉਪਰੰਤ ਇੱਕ ਸੂਰਜੀ ਕੈਲੰਡਰ ਤਜਵੀਜ਼ ਕੀਤਾ ਜਿਸ ਦੀ ਰਿਪੋਰਟ ਕਮੇਟੀ ਨੇ ਭਾਰਤ ਸਰਕਾਰ ਨੂੰ ਨਵੰਬਰ 1955 ਵਿੱਚ ਪੇਸ਼ ਕੀਤੀ। ਇਸ ਰਿਪੋਰਟ ਦਾ ਪੰਜਾਬੀ ਵਿੱਚ ਉਲੱਥਾ ਪ੍ਰਿੰਟਿੰਗ ਅਤੇ ਸਟੇਸ਼ਨਰੀ ਵਿਭਾਗ, ਪੰਜਾਬ, ਚੰਡੀਗੜ੍ਹ ਨੇ ਛਪਵਾਇਆ। ਇਸ ਰਿਪੋਰਟ ਦੇ “ਅਧਿਆਇ 2, ਸੂਰਜੀ ਕੈਲੰਡਰ, 2.1 ਪ੍ਰਾਚੀਨ ਮਿਸਰ ਵਿੱਚ ਵਕਤ ਨਾਪਣ ਦਾ ਤਰੀਕਾ” ਸਿਰਲੇਖ ਹੇਠ ਇੱਕ ਦਿਲਚਸਪ ਕਥਾ ਹੈ, ਜਿਸ ਨੂੰ ਪਾਠਕਾਂ ਦੀ ਜਾਣਕਾਰੀ ਲਈ ਇੱਥੇ ਸਾਂਝਾ ਕਰਨਾ ਲਾਹੇਵੰਦ ਹੋਵੇਗਾ। ਕਥਾ ਹੂ ਬਹੂ ਇਉਂ ਹੈ : -
  ਹੋਰ ਪ੍ਰਾਚੀਨ ਕੌਮਾਂ ਵਾਂਗੂ ਪ੍ਰਾਚੀਨ ਮਿਸਰੀ ਵੀ 360 ਦਿਨਾਂ ਦਾ ਸਾਲ ਮੰਨਦੇ ਸਨ, ਜਿਹੜਾ ਤੀਹ ਤੀਹ ਦਿਨਾਂ ਦੇ 12 ਮਹੀਨਿਆਂ ਵਿੱਚ ਵੰਡਿਆ ਹੋਇਆ ਸੀ। ਪਰ ਨੀਲ ਦਰਿਆ ਵਿੱਚ ਵਾਰ ਵਾਰ ਆਉਣ ਵਾਲੇ ਹੜ੍ਹਾਂ ਤੋਂ ਬੜੀ ਛੇਤੀ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਰੁੱਤੀ ਸਾਲ ਵਿੱਚ ਲਗਭਗ 365 ਦਿਨ ਹੁੰਦੇ ਹਨ ਅਤੇ ਚੰਦੀ ਮਹੀਨਾ (ਇੱਕ ਏਕਮ ਤੋਂ ਅਗਲੀ ਏਕਮ ਤੱਕ ਦਾ ਸਮਾਂ) ਲਗਭਗ ਸਾਢੇ 29 ਦਿਨਾਂ (ਅਸਲੀ ਲੰਬਾਈ (29.531 ਦਿਨ) ਦਾ ਹੁੰਦਾ ਹੈ। ਪਰ ਉਹ ਪਹਿਲਾਂ ਹੀ 30 ਦਿਨਾਂ ਦੇ ਮਹੀਨਿਆਂ ਵਾਲਾ ਅਤੇ 360 ਦਿਨਾਂ ਦੇ ਸਾਲ ਵਾਲਾ ਕੈਲੰਡਰ ਬਣਾ ਚੁੱਕੇ ਸਨ, ਜਿਸ ਨੂੰ ਧਾਰਮਿਕ ਸੰਸਥਾਵਾਂ ਦੀ ਪ੍ਰਵਾਨਗੀ ਮਿਲ ਚੁੱਕੀ ਸੀ। ਪ੍ਰਾਚੀਨ ਇਤਿਹਾਸ ਅਨੁਸਾਰ ਇਸ ਤਰ੍ਹਾਂ ਕੈਲੰਡਰ ਸੁਧਾਰ ਦੀ ਲੋੜ ਪਹਿਲੀ ਵਾਰ ਅਨੁਭਵ ਕੀਤੀ ਗਈ। ਲੋਕਾਂ ਕੋਲੋਂ ਇਹ ਸੁਧਾਰ ਮਨਵਾਉਣ ਲਈ ਉਨ੍ਹਾਂ ਦੇ ਪੁਜਾਰੀਆਂ ਨੇ ਹੇਠ ਲਿਖਿਆ ਮਿਥਿਹਾਸ ਘੜ ਲਿਆ:-
  “ਪ੍ਰਿਥਵੀ ਦੇ ਦੇਵਤਾ ਸੇਬ (Seb) ਅਤੇ ਅਸਮਾਨ ਦੀ ਦੇਵੀ ਨਟ (Nut) ਵਿਚਕਾਰ ਇੱਕ ਵਾਰੀ ਨਾਜਾਇਜ਼ ਮਿਲਾਪ ਹੋਇਆ। ਜਿਸ ਤੋਂ ਗੁੱਸੇ ਹੋ ਕੇ ਸਰਬ ਸ਼ਕਤੀਮਾਨ ਦੇਵਤੇ ਰਾ (Ra) ਸੂਰਜ ਨੇ ਆਕਾਸ਼ ਦੀ ਦੇਵੀ ਨਟ ਨੂੰ ਸਰਾਪ ਦਿੱਤਾ ਕਿ ਇਸ ਮਿਲਾਪ ਵਿੱਚੋਂ ਪੈਦਾ ਹੋਏ ਬੱਚੇ, ਨਾ ਕਿਸੇ ਸਾਲ ਵਿੱਚ ਅਤੇ ਨਾ ਕਿਸੇ ਮਹੀਨੇ ਵਿੱਚ ਜੰਮਣਗੇ। ਨਟ ਸਲਾਹ ਮਸ਼ਵਰੇ ਲਈ ਸਿਆਣਪ ਦੇ ਦੇਵਤੇ ‘ਥੋਥ’ (Thoth) ਕੋਲ ਗਈ। ਥੋਥ ਨੇ ਚੰਦਰਮਾ ਦੀ ਦੇਵੀ ਨਾਲ ਸਤਰੰਜ ਦੀ ਇੱਕ ਬਾਜੀ ਲਈ ਅਤੇ ਉਸ ਤੋਂ ਉਸ ਦੇ ਪ੍ਰਕਾਸ਼ ਦਾ 72ਵਾਂ ਹਿੱਸਾ ਜਿੱਤ ਲਿਆ, ਜਿਸ ਨਾਲ ਉਸ ਨੇ ਪੰਜ ਦਿਨ ਵਾਧੂ ਬਣਾਏ। ਸੂਰਜ ਦੇਵਤਾ ਰਾ ਨੂੰ ਖੁਸ਼ ਕਰਨ ਲਈ ਇਹ ਪੰਜ ਦਿਨ ਉਸ ਨੂੰ ਦੇ ਦਿੱਤੇ ਜਿਸ ਨਾਲ ਉਸ ਦੇ ਸਾਲ ਵਿੱਚ ਤਾਂ ਪੰਜ ਦਿਨਾਂ ਦਾ ਵਾਧਾ ਹੋ ਗਿਆ ਪਰ ਚੰਦਰਮਾ ਦੇ ਸਾਲ ਵਿੱਚ ਪੰਜ ਦਿਨ ਘਟ ਗਏ। ਸੂਰਜੀ ਸਾਲ ਦੇ ਇਨ੍ਹਾਂ ਪੰਜ ਦਿਨਾਂ ਨੂੰ ਕਿਸੇ ਮਹੀਨੇ ਵਿੱਚ ਨਾ ਜੋੜਿਆ ਗਿਆ ਅਤੇ ਪਹਿਲਾਂ ਵਾਂਗੂ ਉਨ੍ਹਾਂ ਦੀ ਗਿਣਤੀ 30 ਦਿਨ ਹੀ ਰਹੀ ਪਰ ਇਹ ਪੰਜ ਦਿਨ ਸਾਲ ਦੇ ਖਾਤਮੇ ਪਿੱਛੋਂ ਆਉਂਦੇ ਸਨ ਅਤੇ ਸੇਬ ਤੇ ਨਟ ਦੇ ਮਿਲਾਪ ਵਿੱਚੋਂ ਪੈਦਾ ਹੋਏ ਦੇਵਤਿਆਂ ਅਰਥਾਤ Osiris, Isis, Nephthys, Set ਅਤੇ Anubis ਮਿਸਰੀ ਮੰਦਰਾਂ ਦੇ ਪ੍ਰਮੁਖ ਦੇਵਤਿਆਂ ਦੇ ਜਨਮ ਦਿਨ ਦੇ ਤੌਰ ’ਤੇ ਮਨਾਏ ਜਾਂਦੇ ਸਨ।”
  ਇਹ ਸਾਖੀ ਲਿਖਣ ਉਪਰੰਤ ਕਮੇਟੀ ਨੇ ਆਪਣੇ ਵਿਚਾਰ ਇਉਂ ਪ੍ਰਗਟ ਕੀਤੇ: “ਆਓ ! ਅਸੀਂ ਇਸ ਮਿਥਿਹਾਸ ਦੀ ਪਰਖ ਕਰੀਏ। ਇਸ ਦੇ ਅਰਥ ਤਾਂ ਚੰਦ ਨੂੰ ਸਮਾਂ-ਮਾਪਕ ਦੇ ਤੌਰ ’ਤੇ ਬਿਲਕੁਲ ਛੱਡ ਦੇਣ ਅਤੇ ਕੈਲੰਡਰ ਨੂੰ ਕੇਵਲ ਸੂਰਜ ਉੱਤੇ ਹੀ ਆਧਾਰਤ ਕਰਨ ਦੇ ਹਨ। ਇਹ ਬਹੁਤ ਹੀ ਸਿਆਣਪ ਭਰਿਆ ਕਦਮ ਸੀ ਕਿਉਂਕਿ ਪ੍ਰਾਚੀਨ ਸਮੇਂ ਤੋਂ ਹੀ ਪਤਾ ਲੱਗ ਗਿਆ ਸੀ ਕਿ ਚੰਦ ਦੀ ਸਹਾਇਤਾ ਨਾਲ ਸਮਾਂ ਮਾਪਣਾ ਸੁਖਾਲਾ ਨਹੀਂ।”
  ਕਾਸ਼ ਕਿ ਜਿਹੜੀ ਗੱਲ ਮਿਸਰੀ ਲੋਕਾਂ ਨੂੰ 22 ਈਸਵੀ ਪੂਰਵ ਵਿੱਚ ਹੀ ਪਤਾ ਲੱਗ ਗਈ ਸੀ; ਭਾਰਤ ਸਰਕਾਰ ਵੱਲੋਂ ਗਠਿਤ ਕੀਤੀ ਕੈਲੰਡਰ ਸੁਧਾਰ ਕਮੇਟੀ ਦੇ ਵਿਦਵਾਨ (ਖਗੋਲ ਵਿਗਿਆਨੀਆਂ) ਨੇ ਵੀ ਉਸ ਮੁਤਾਬਕ 1955 ਈ: ’ਚ ਸੂਰਜ ਆਧਾਰਿਤ ਕੈਲੰਡਰ ਨੂੰ ਸਵੀਕਾਰਨ ਲਈ ਹਾਮੀ ਭਰ ਦਿੱਤੀ, ਪਰ ਬਿਬੇਕ ਬੁੱਧ ਦੇ ਮਾਲਕ ਕਹਾਉਣ ਵਾਲੇ ਬ੍ਰਹਮਗਿਆਨੀਆਂ ਤੋਂ ਵਰੋਸੋਏ ਸਿੱਖ-ਬਾਬਿਆਂ ਨੂੰ ਅੱਜ 21ਵੀਂ ਸਦੀ ਵਿੱਚ ਵੀ ਇਹ ਗੱਲ ਸਮਝ ਨਾ ਆਈ। ਜੇ ਸ: ਪਾਲ ਸਿੰਘ ਪੁਰੇਵਾਲ ਵੀ ਕਿਸੇ ਅਖੌਤੀ ਬਾਬੇ ਦੀ ਸ਼ਰਨ ਵਿਚ ਆ ਕੇ ਮਿਸਰੀ ਪੁਜਾਰੀਆਂ ਵਾਙ ਉਸ ਨੂੰ ਮਨਘੜਤ ਕਹਾਣੀ ਘੜ ਕੇ ਸੁਣਾਉਣ ਲਈ ਰਾਜੀ ਕਰ ਲੈਂਦੇ ਤਾਂ ਇੰਨਾ ਵਿਰੋਧ ਨਾ ਹੁੰਦਾ, ਪਰ ਉਨ੍ਹਾਂ ਨੇ ਸਿੱਖਾਂ ਨੂੰ ਬੁੱਧੀਮਾਨ ਸਮਝ ਕੇ ਮਨਘੜਤ ਕਹਾਣੀਆਂ ਦਾ ਸਹਾਰਾ ਲੈਣ ਦੀ ਬਜਾਏ ਕੈਲੰਡਰ ਨਿਯਮਾਂ ਦੀਆਂ ਬਰੀਕੀਆਂ ਸਮਝਾਉਦਿਆਂ ਇਹ ਦੱਸਣ ਦਾ ਯਤਨ ਕਰਨ ਲੱਗ ਪਏ ਕਿ ਜੇ ਆਪਾਂ ਇਸੇ ਤਰ੍ਹਾਂ ਹੀ ਚਲਦੇ ਰਹੇ ਅਤੇ ਕੈਲੰਡਰ ਵਿੱਚ ਸੋਧ ਨਾ ਕੀਤੀ ਤਾਂ 13000 ਸਾਲਾਂ ਪਿੱਛੋਂ ਗੁਰਬਾਣੀ ਵਿੱਚ ਦਰਜ ਬਾਰਹ ਮਾਹਾ ਅਤੇ ਰੁੱਤੀ ਸਲੋਕ ਮਹੀਨਿਆਂ ਦੀਆਂ ਰੁੱਤਾਂ ਦਾ ਸਬੰਧ ਕੁਦਰਤੀ ਰੁੱਤਾਂ ਨਾਲੋਂ ਇਸ ਕਦਰ ਟੁੱਟ ਜਾਵੇਗਾ ਕਿ ਜਿੰਨੀ ਅੱਜ ਹਾੜ ਦੇ ਮਹੀਨੇ ਗਰਮੀ ਪੈਂਦੀ ਹੈ ਓਨੀ ਗਰਮੀ ਲਾਗੂ ਪਰਚਲਿਤ ਬਿਕਰਮੀ ਕੈਲੰਡਰ ਮੁਤਾਬਕ ਪੋਹ ਦੇ ਮਹੀਨੇ ਵਿੱਚ ਪਵੇਗੀ ਅਤੇ ਅਜੋਕੀ ਪੋਹ ਵਿੱਚ ਪੈਣ ਵਾਲੀ ਸਰਦੀ ਤਦ ਹਾੜ ਦੇ ਮਹੀਨੇ ਵਿੱਚ ਪਵੇਗੀ। ਇਸ ਤਬਦੀਲੀ ਨਾਲ ਇਹ ਇਤਿਹਾਸਕ ਤੱਥ ਸਮਝਾਉਣਾ ਔਖਾ ਹੋ ਜਾਵੇਗੀ ਕਿ ਗੁਰੂ ਅਰਜਨ ਸਾਹਿਬ ਜੀ ਨੂੰ ਸਮੇਂ ਦੀ ਜਾਲਮ ਸਰਕਾਰ ਨੇ ਗਰਮੀ ਵਿਚ ਤੱਤੀ ਰੇਤ ਪਾ ਕੇ ਸ਼ਹੀਦ ਕੀਤਾ ਹੈ ਜਾਂ ਸਰਦੀ ਵਿੱਚ ਅਤੇ ਇਸੇ ਤਰ੍ਹਾਂ ਪੋਹ ਦੀ ਠੰਡ ਵਿੱਚ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁੱਜਰ ਕੌਰ ਜੀ ਨੂੰ ਤਸੀਹੇ ਦੇਣ ਲਈ ਠੰਡੇ ਬੁਰਜ ਵਿੱਚ ਠੰਡ ਵਿੱਚ ਤਸੀਹੇ ਦੇਣ ਲਈ ਰੱਖਿਆ ਹੈ ਜਾਂ ਗਰਮੀ ਵਿਚ ਹਮਦਰਦੀ ਲਈ।
  ਪਰ ਜਿਨ੍ਹਾਂ ਬਾਬਿਆਂ ਨੂੰ ਡਾਇਰੀ ਵੇਖੇ ਬਿਨਾਂ ਇਹੀ ਪਤਾ ਨਾ ਲੱਗੇ ਕਿ ਆਉਣ ਵਾਲੇ ਮਹੀਨੇ ਦੀ ਸੰਗਰਾਂਦ ਕਿਸ ਦਿਨ ਹੈ ਜਾਂ ਪਿਛਲੇ ਸਾਲ ਇਹੀ ਸੰਗਰਾਂਦ ਕਦੋਂ ਸੀ ਅਤੇ ਅੱਜ ਚੰਦਰ ਮਹੀਨੇ ਦੀ ਕਿਹੜੀ ਤਿੱਥ ਹੈ ਜਾਂ ਕੱਲ ਨੂੰ ਕਿਹੜੀ ਹੋਵੇਗੀ; ਉਹ ਕਿਵੇਂ ਸਮਝਣ ਕਿ ਅਗਾਂਹ 13000 ਸਾਲ ਬਾਅਦ ਆਉਣ ਵਾਲੀਆਂ ਰੁੱਤਾਂ ਦਾ ਅਪਣਾਏ ਜਾ ਰਹੇ ਕੈਲੰਡਰ ਮਹੀਨਿਆਂ ਉਤੇ ਪ੍ਰਭਾਵ ਕਿਹੋ ਜਿਹਾ ਹੋਵੇਗਾ ? ਇਸ ਲਈ ਉਹ ਯੂਨੀਅਨ ਬਣਾ ਕੇ ਸੱਤਾਧਾਰੀ ਰਾਜਨੀਤਕ ਪਾਰਟੀ ਕੋਲ ਗਏ ਤੇ ਆਪਣੇ ਵੋਟ ਗਿਣਤੀ ਦਾ ਅਹਿਸਾਸ ਕਰਵਾ ਵਿਗਿਆਨ ਆਧਾਰਿਤ ਨਾਨਕਸ਼ਾਹੀ ਕੈਲੰਡਰ (2003-2010) ਦਾ ਕਤਲ ਕਰਵਾ ਦਿੱਤਾ । ਜੈਸਾ ਰਾਜਾ ਵੈਸੀ ਪਰਜਾ ਮੁਤਾਬਕ ਕੁਝ ਗੂਗਲ ਵਿਦਵਾਨ ਵੀ ਇਨ੍ਹਾਂ ਦੀ ਸਹਾਇਤਾ ਲਈ ਮਿਲ ਗਏ ਜਿਨ੍ਹਾਂ ਵਿੱਚੋਂ ਕਿਸੇ ਨੇ ਬਾਬਿਆਂ ਦੀ ਸਹੂਲਤ ਲਈ 86 ਸਾਲਾ ਕੈਲੰਡਰ ਬਣਾ ਦਿੱਤਾ ਅਤ ਕੁਝ ਫੇਸਬੁੱਕ ਉਤੇ ਨਿਰੰਤਰ ਊਲ ਜਲੂਲ ਲਿਖ ਕੇ ਨਾਨਕਸ਼ਾਹੀ ਕੈਲੰਡਰ ਵਿੱਚ ਨੁਕਸ ਕਢਦੇ ਰਹਿੰਦੇ ਹਨ ਜਿਵੇਂ ਕਿ ਪੁਰੇਵਾਲ ਨੇ ਗੁਰਬਾਣੀ ਦੀ ਤੁਕ “ਰਥੁ ਫਿਰੈ” ਦੇ ਗ਼ਲਤ ਅਰਥ ਕੀਤੇ ਹਨ; ਕਦੀ ਕਹਿੰਦੇ ਹਨ ਕਿ ਸੂਰਜ ਦਾ ਰਥ ਲਗਾਤਾਰ ਆਪਣੀ ਚਾਲ ਚਲਦਾ ਹੀ ਰਹਿੰਦਾ ਹੈ; ਉਹ ਨਾ ਕਦੇ ਉੱਤਰੈਣ ਤੋਂ ਦੱਖਨੈਣ ਜਾਂ ਦੱਖਨੈਣ ਤੋਂ ਉੱਤਰੈਣ ਨੂੰ ਮੁੜਦਾ ਹੈ, ਨਾ ਹੀ ਪੈਂਡੂਲਮ ਵਾਙ ਚਲਦਾ, ਕੋਈ ਕਹਿੰਦਾ ਜੇ ਸਮਾਂ ਪਾ ਕੇ ਹਾੜ ਦੇ ਮਹੀਨੇ ਸਰਦੀ ਅਤੇ ਪੋਹ ਦੇ ਮਹੀਨੇ ਗਰਮੀ ਪੈਣ ਲੱਗ ਪਏ ਤਾਂ ਇਸ ਨਾਲ ਗੁਰਬਾਣੀ ਦੇ ਸਿਧਾਂਤ ਨੂੰ ਕੀ ਫਰਕ ਪੈਂਦਾ ਹੈ ? ਕੋਈ ਕਹਿੰਦਾ ਹੈ ਪੁਰੇਵਾਲ ਵੱਲੋਂ ਨਿਸਚਿਤ ਕੀਤੇ ਗੁਰਪੁਰਬਾਂ ਦੀਆਂ ਤਰੀਖਾਂ ਵਿੱਚ 4 ਤੋਂ 7 ਦਿਨਾਂ ਦੀ ਗਲਤੀ ਹੈ ਅਤੇ ਕੋਈ ਕਹਿੰਦਾ ਹੈ ਕਿ ਪੁਰੇਵਾਲ ਨੇ ਚਾਰ ਚਾਰ ਗੁਰਪੁਰਬ ਇਕੱਠੇ ਕਰ ਦਿੱਤੇ। ਇਨ੍ਹਾਂ ਸਾਰੇ ਗੈਰ-ਵਾਜ਼ਬ ਸਵਾਲਾਂ ਦਾ ਜਵਾਬ ਅਗਲੀ ਲੇਖ ਲੜੀ ਵਿੱਚ ਤੱਥਾਂ ਦੇ ਅਧਾਰ ’ਤੇ ਦੇਣ ਦਾ ਯਤਨ ਕੀਤਾ ਜਾਵੇਗਾ।

  ਅੰਮ੍ਰਿਤਸਰ - ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਇਕ ਮੰਚ ਤੋਂ ਸਾਂਝੇ ਤੌਰ ‘ਤੇ ਮਨਾਉਣ ਲਈ ਅਕਾਲ ਤਖ਼ਤ ਦੇ ਜਥੇਦਾਰ ਵਲੋਂ ਕੀਤੇ ਆਦੇਸ਼ਾਂ ਨੂੰ ਫ਼ਿਲਹਾਲ ਬੂਰ ਪੈਂਦਾ ਦਿਖਾਈ ਨਹੀਂ ਦੇ ਰਿਹਾ। ਅੱਜ ਇਸ ਸਬੰਧ ਵਿਚ ਸਾਂਝੀ ਕਮੇਟੀ ਦੀ ਮੀਟਿੰਗ ਸੱਦੀ ਗਈ ਸੀ ਪਰ ਸਰਕਾਰ ਦੇ ਨੁਮਾਇੰਦਿਆਂ ਦੇ ਨਾ ਆਉਣ ਕਾਰਨ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਇਸ ਸਾਂਝੀ ਤਾਲਮੇਲ ਕਮੇਟੀ ਲਈ ਆਪਣੇ ਦੋ ਨੁਮਾਇੰਦਿਆਂ ਵਜੋਂ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੈਂਬਰ ਜਥੇਦਾਰ ਤੋਤਾ ਸਿੰਘ ਤੇ ਸਾਬਕਾ ਪ੍ਰਧਾਨ ਜਗੀਰ ਕੌਰ ਨੂੰ ਚੁਣਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਮੁੱਖ ਮੰਤਰੀ ਵੱਲੋਂ ਹੁਣ ਤਕ ਕੋਈ ਹੁੰਗਾਰਾ ਨਹੀਂ ਆਇਆ ਹੈ। ਹੁਣ ਇਹ ਸਾਂਝੀ ਮੀਟਿੰਗ 6 ਸਤੰਬਰ ਨੂੰ ਮੁੜ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿਚ ਰੱਖੀ ਗਈ ਹੈ।

  ਨਵੀਂ ਦਿੱਲੀ -ਸਿਆਸੀ ਰੂਪ 'ਚ ਸੰਵੇਦਨਸ਼ੀਲ ਰਾਮ ਜਨਮ ਭੂਮੀ-ਬਾਬਰੀ ਮਸਜਿਦ ਜ਼ਮੀਨ ਵਿਵਾਦ ਮਾਮਲੇ ਦੀ ਰੋਜ਼ਾਨਾ ਹੋ ਰਹੀ ਸੁਣਵਾਈ ਦੇ 6ਵੇਂ ਦਿਨ ਰਾਮ ਲੱਲ੍ਹਾ ਧਿਰ ਦੇ ਵਕੀਲ ਸੀ. ਐਸ. ਵੈਦਿਆਨਾਥਨ ਨੇ ਕਿਹਾ ਕਿ ਧਾਰਮਿਕ ਗ੍ਰੰਥ 'ਪੁਰਾਣਾਂ' ਦੇ ਮੁਤਾਬਿਕ ਹਿੰਦੂਆਂ ਦਾ ਇਹ ਵਿਸ਼ਵਾਸ ਹੈ ਕਿ ਭਗਵਾਨ ਰਾਮ ਦਾ ਜਨਮ ਅਯੁੱਧਿਆ 'ਚ ਹੋਇਆ ਸੀ ਅਤੇ ਅਦਾਲਤ ਨੂੰ ਇਸ ਦੇ ਅੱਗੇ ਜਾ ਕੇ ਇਹ ਨਹੀਂ ਵੇਖਣਾ ਚਾਹੀਦਾ ਕਿ ਇਹ ਕਿੰਨਾ ਤਰਕਸੰਗਤ ਹੈ | ਵਕੀਲ ਵੈਦਿਆਨਾਥਨ ਨੇ ਬਹਿਸ ਦੌਰਾਨ 1608-1611 ਦੌਰਾਨ ਭਾਰਤ ਆਏ ਅੰਗਰੇਜ਼ ਵਪਾਰੀ ਵਿਲਿਯਮ ਫਿੰਚ ਦੀ ਯਾਤਰਾ ਦਾ ਹਵਾਲਾ ਵੀ ਦਿੱਤਾ, ਜਿਸ ਵਿਚ ਦਰਜ ਕੀਤਾ ਗਿਆ ਸੀ ਕਿ ਅਯੁੱਧਿਆ 'ਚ ਇਕ ਕਿਲ੍ਹਾ ਜਾਂ ਮਹਿਲ ਸੀ, ਜਿਥੇ ਹਿੰਦੂਆਂ ਦਾ ਵਿਸ਼ਵਾਸ ਹੈ ਕਿ ਇਥੇ ਭਗਵਾਨ ਰਾਮ ਦਾ ਜਨਮ ਹੋਇਆ ਸੀ | ਮਾਮਲੇ ਦੀ ਸੁਣਵਾਈ ਕਰ ਰਹੀ ਸੰਵਿਧਾਨਕ ਬੈਂਚ 'ਚ ਸ਼ਾਮਿਲ ਜਸਟਿਸ ਬੋਬੜੇ ਨੇ ਪੁੱਛਿਆ ਕਿ ਇਸ ਸਥਾਨ ਨੂੰ ਬਾਬਰੀ ਮਸਜਿਦ ਕਦੋਂ ਤੋਂ ਆਖਣਾ ਸ਼ੁਰੂ ਕੀਤਾ ਗਿਆ? ਇਸ ਦੇ ਜਵਾਬ 'ਚ ਰਾਮ ਲੱਲ੍ਹਾ ਧਿਰ ਦੇ ਵਕੀਲ ਨੇ ਕਿਹਾ ਕਿ 19ਵੀਂ ਸਦੀ 'ਚ ਆਖਣਾ ਸ਼ੁਰੂ ਕੀਤਾ ਗਿਆ ਉਸ ਤੋਂ ਪਹਿਲਾਂ ਦਾ ਕੋਈ ਸਬੂਤ ਨਹੀਂ ਹੈ |

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com