ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਚੰਡੀਗੜ੍ਹ: ਭਾਵੇਂ ਬਿਪਰਵਾਦੀ ਰਾਜ ਪ੍ਰਬੰਧ ਅਧੀਨ ਵਿਚਰ ਰਹੀ ਸਿੱਖ ਕੌਮ ਕੁੱਝ ਪੱਖਾਂ ਤੋਂ ਥਿੜਕੀ ਪ੍ਰਤੀਤ ਹੁੰਦੀ ਹੈ ਪਰ ਅੱਜ ਵੀ ਉਹ ਆਪਣੀ ਮਾਨਵਤਾਵਾਦੀ ਵਿਲੱਖਣਤਾ ਨੂੰ ਇਸ ਬਿਪਰਵਾਦੀ ਪ੍ਰਛਾਵੇਂ ਹੇਠ ਵੀ ਜਿਉਂਦਾ ਰੱਖ ਕੇ ਚੜ੍ਹਦੀਕਲਾ ਦੀ ਇੱਛਾ ਆਪਣੇ ਦਿਲਾਂ ਅੰਦਰ ਸਮੋਈ ਬੈਠੀ ਹੈ। ਇਸ ਗੱਲ ਦਾ ਝਲਕਾਰਾ ਸਮੇਂ ਦਰ ਸਮੇਂ ਸਿੱਖ ਸਮਾਜ ਦੀਆਂ ਸੇਵਾਵਾਂ ਵਿੱਚੋਂ ਨਜ਼ਰ ਪੈਂਦਾ ਰਹਿੰਦਾ ਹੈ। ਅਜਿਹਾ ਹੀ ਭਾਰਤ ਸਰਕਾਰ ਦੇ ਸਤਾਏ ਕਸ਼ਮੀਰੀਆਂ ਦੇ ਮਾਮਲੇ ਵਿੱਚ ਮਜ਼ਲੂਮ ਕਸ਼ਮੀਰੀਆਂ ਨਾਲ ਖੜ੍ਹ ਕੇ ਸਿੱਖ ਕੌਮ ਦੁਨੀਆ ਨੂੰ ਨਵਾਂ ਸੁਨੇਹਾ ਦੇ ਰਹੀ ਹੈ।
  ਜਿੱਥੇ ਇੱਕ ਪਾਸੇ ਭਾਰਤ ਦੇ ਹਿੰਦੀ ਖੇਤਰੀ ਲੋਕ ਕਸ਼ਮੀਰੀ ਔਰਤਾਂ ਪ੍ਰਤੀ ਭੱਦੀਆਂ ਟਿੱਪਣੀਆਂ ਕਰ ਰਹੇ ਹਨ ਤਾਂ ਉੱਥੇ ਮਹਾਰਾਸ਼ਟਰ ਵਿੱਚ ਡਰ ਸਹਿਮ ਦੇ ਮਾਹੌਲ 'ਚ ਘਿਰੀਆਂ ਹੋਈਆਂ 34 ਕਸ਼ਮੀਰੀ ਕੁੜੀਆਂ ਨੂੰ ਸਿੱਖ ਸੰਗਤ ਨੇ ਉਹਨਾਂ ਦੇ ਘਰਾਂ ਤੱਕ ਪਹੁੰਚਾਇਆ ਹੈ।
  ਸਿੱਖ ਸੰਗਤ ਨੇ ਦਸਵੰਧ ਦੇ 4 ਲੱਖ ਰੁਪਏ ਇਕੱਤਰ ਕੀਤੇ ਅਤੇ ਇਹਨਾਂ ਕਸ਼ਮੀਰੀ ਕੁੜੀਆਂ ਨੂੰ ਜਹਾਜ਼ ਰਾਹੀਂ ਸ਼੍ਰੀਨਗਰ ਪਹੁੰਚਾਇਆ।
  ਦਿੱਲੀ ਦੇ ਸਿੱਖ ਆਗੂ ਹਰਮਿੰਦਰ ਸਿੰਘ ਅਤੇ 3 ਹੋਰ ਸਿੱਖ ਇਹਨਾਂ ਬੱਚੀਆਂ ਨਾਲ ਗਏ ਤੇ ਉਹਨਾਂ ਨੂੰ ਸ਼੍ਰੀਨਗਰ ਉਹਨਾਂ ਦੇ ਘਰ ਪਹੁੰਚਾਇਆ।
  ਦੱਸ ਦਈਏ ਕਿ ਸਿੱਖ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਿੱਖ ਕੌਮ ਹਮੇਸ਼ਾ ਜ਼ਾਲਮ ਦੇ ਖਿਲਾਫ ਅਤੇ ਮਜ਼ਲੂਮ ਦੇ ਨਾਲ ਖੜ੍ਹਦੀ ਹੈ। ਇਤਿਹਾਸ ਵਿੱਚ ਵੀ ਜਦੋਂ ਅਫਗਾਨ ਹਾਕਮ ਭਾਰਤ ਦੀਆਂ ਹਿੰਦੂ ਔਰਤਾਂ ਨੂੰ ਗੁਲਾਮ ਬਣਾ ਕੇ ਲਿਜਾਂਉਂਦੇ ਸਨ ਤਾਂ ਸਿੱਖ ਜੁਝਾਰੂ ਇਹਨਾਂ ਹਿੰਦੂ ਬੀਬੀਆਂ ਨੂੰ ਉਹਨਾਂ ਤੋਂ ਛਡਵਾ ਕੇ ਉਹਨਾਂ ਬੀਬੀਆਂ ਦੇ ਘਰਾਂ ਤੱਕ ਪਹੁੰਚਾਉਂਦੇ ਸਨ।

  ਸ੍ਰੀਨਗਰ- ਸ੍ਰੀਨਗਰ ਵਿੱਚ ਅੱਜ ਸੈਂਕੜੇ ਲੋਕਾਂ ਨੇ ਭਾਰਤ ਵੱਲੋਂ ਸੂਬੇ ’ਚੋਂ ਧਾਰਾ 370 ਹਟਾਏ ਜਾਣ ਖ਼ਿਲਾਫ਼ ਰੋਸ ਮੁਜ਼ਾਹਰੇ ਕੀਤੇ ਹਨ। ਇਸ ਦੇ ਨਾਲ ਹੀ ਆਵਾਜਾਈ ਸਬੰਧੀ ਨਵੀਆਂ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ ਤੇ ਸੰਚਾਰ ਸਾਧਨ ਅਜੇ ਵੀ ਪੂਰੀ ਤਰ੍ਹਾਂ ਠੱਪ ਹਨ। ਈਦ ਦੇ ਮੱਦੇਨਜ਼ਰ ਪਾਬੰਦੀਆਂ ’ਚ ਜਿਹੜੀ ਸ਼ੁੱਕਰਵਾਰ ਤੇ ਸ਼ਨਿਚਰਵਾਰ ਨੂੰ ਆਰਜ਼ੀ ਢਿੱਲ ਦਿੱਤੀ ਗਈ ਸੀ, ਉਨ੍ਹਾਂ ਨੂੰ ਐਤਵਾਰ ਦੁਪਹਿਰੇ ਮੁੜ ਲਾਗੂ ਕਰ ਦਿੱਤਾ ਹੈ। ਪੁਲੀਸ ਦੀਆਂ ਵੈਨਾਂ ਪੂਰੇ ਸ਼ਹਿਰ ਵਿਚ ਘੁੰਮੀਆਂ ਤੇ ਲੋਕਾਂ ਨੂੰ ਦੁਕਾਨਾਂ ਬੰਦ ਕਰ ਕੇ ਘਰ ਜਾਣ ਲਈ ਕਹਿ ਦਿੱਤਾ ਗਿਆ। ਐਤਵਾਰ ਸ਼ਾਮ ਤੱਕ ਜ਼ਿਆਦਾਤਰ ਗਲੀਆਂ ’ਚ ਸੰਨਾਟਾ ਛਾ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਫ਼ੌਜ ਵੱਖ-ਵੱਖ ਇਲਾਕਿਆਂ ਦੀ ਨਜ਼ਰਸਾਨੀ ਕਰ ਰਹੀ ਹੈ। ਗੁੱਸੇ ਵਾਲੇ ਰੌਂਅ ਵਿੱਚ ਕਸ਼ਮੀਰੀ ਅੱਜ ਸ੍ਰੀਨਗਰ ਦੇ ਸੌਰਾ ਇਲਾਕੇ ਵਿਚ ਦੁਪਹਿਰ ਦੀ ਨਮਾਜ਼ ਮੌਕੇ ਮਸਜਿਦ ਵਿਚ ਇਕੱਤਰ ਹੋਏ ਤੇ ਭਾਰਤ ਵਿਰੋਧੀ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਪ੍ਰਦਰਸ਼ਨਕਾਰੀਆਂ ਨੇ ਕਈ ਬੈਨਰ ਚੁੱਕੇ ਹੋਏ ਸਨ। ਇਨ੍ਹਾਂ ’ਤੇ ‘ਸੇਵ ਆਰਟੀਕਲ 35ਏ’ ਲਿਖਿਆ ਹੋਇਆ ਸੀ। ਰੋਸ ਮਾਰਚ ਕਰ ਰਹੇ ਪੁਰਸ਼ਾਂ ਨਾਲ ਵੱਡੀ ਗਿਣਤੀ ’ਚ ਔਰਤਾਂ ਵੀ ਸਨ। ਲੋਕਾਂ ਦੀ ਭੀੜ ਨਾਅਰੇ ਮਾਰ ਰਹੀ ਸੀ ‘ਅਸੀਂ ਕੀ ਚਾਹੁੰਦੇ ਹਾਂ? ਆਜ਼ਾਦੀ। ਕਦੋਂ ਚਾਹੁੰਦੇ ਹਾਂ? ਹੁਣੇ।’ ਕੁੱਝ ਵਿਅਕਤੀਆਂ ਨੇ ਪੇਪਰ ਬੈਨਰ ਫੜੇ ਹੋਏ ਸਨ ਜਿਨ੍ਹਾਂ ’ਤੇ ਲਿਖਿਆ ਸੀ ‘ਮੋਦੀ, ਕਸ਼ਮੀਰ ਤੇਰੀ ਜਾਇਦਾਦ ਨਹੀਂ ਹੈ’। ਭਾਰਤੀ ਗ੍ਰਹਿ ਮੰਤਰਾਲੇ ਨੇ ਇਸ ਬਾਰੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ। ਇਸੇ ਇਲਾਕੇ ਵਿੱਚ ਸ਼ੁੱਕਰਵਾਰ ਨੂੰ ਵੀ ਵੱਡੇ ਮੁਜ਼ਾਹਰੇ ਹੋਏ ਸਨ।

  ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਭਾਰਤੀ ਕਬਜ਼ੇ ਵਾਲੇ ਕਸ਼ਮੀਰ ਵਿੱਚ ਭਾਰਤ ਸਰਕਾਰ ਦੀ ਨੀਤੀ ਹਿੰਦੂ ਰਾਸ਼ਟਰਵਾਦੀ ਆਰ.ਐੱਸ.ਐੱਸ ਦੀ ਵਿਚਾਰਧਾਰਾ ਵਾਲੀ ਹੈ, ਜੋ ਹਿੰਦੂ ਉੱਚਤਾ ਵਾਲੀ ਸੋਚ ਦੀ ਧਾਰਨੀ ਹੈ।
  ਇਮਰਾਨ ਖਾਨ ਨੇ ਟਵੀਟਾਂ ਦੀ ਇੱਕ ਲੜੀ ਰਾਹੀਂ ਆਪਣੇ ਵਿਚਾਰ ਸਾਂਝੇ ਕਰਦਿਆਂ ਲਿਖਿਆ, " ਭਾਰਤੀ ਕਬਜ਼ੇ ਵਾਲੇ ਕਸ਼ਮੀਰ ਵਿੱਚ ਕਰਫਿਊ, ਜ਼ਬਰ ਅਤੇ ਕਸ਼ਮੀਰੀਆਂ ਦੀ ਹੋਣ ਵਾਲੀ ਨਸਲਕੁਸ਼ੀ ਆਰ.ਐੱਸ.ਐੱਸ ਦੀ ਵਿਚਾਰਧਾਰਾ ਅਨੁਸਾਰ ਕੀਤੀ ਜਾ ਰਹੀ ਹੈ ਜੋ ਨਾਜ਼ੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੈ। "ਨਸਲੀ ਸਫਾਏ" (ਨਸਲਕੁਸ਼ੀ) ਨਾਲ ਕਸ਼ਮੀਰ ਦੀ ਅਬਾਦੀ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਵਾਲ ਇਹ ਹੈ: ਕੀ ਦੁਨੀਆ ਇਸ ਨੂੰ ਦੇਖੇਗੀ ਅਤੇ ਖੁਸ਼ ਹੋਵੇਗੀ ਜਿਵੇਂ ਮਿਊਨਿਚ ਵਿੱਚ ਹਿਟਲਰ ਦੀ ਵਾਰੀ ਹੋਇਆ ਸੀ?"
  ਇਮਰਾਨ ਖਾਨ ਨੇ ਇੱਕ ਹੋਰ ਟਵੀਟ ਕਰਦਿਆਂ ਕਿਹਾ, "ਮੈਨੂੰ ਡਰ ਹੈ ਕਿ ਆਰ.ਐੱਸ.ਐੱਸ ਦੀ ਇਹ ਹਿੰਦੂ ਉੱਚਤਾ ਵਾਲੀ ਵਿਚਾਰਧਾਰਾ, ਨਾਜ਼ੀ ਆਰਿਅਨ ਉੱਚਤਾ ਵਾਲੀ ਵਿਚਾਰਧਾਰਾ ਵਾਂਗ ਭਾਰਤੀ ਕਬਜ਼ੇ ਵਾਲੇ ਕਸ਼ਮੀਰ ਤੱਕ ਸੀਮਤ ਨਹੀਂ ਰਹੇਗੀ; ਬਲਕਿ ਇਹ ਇਸ ਤੋਂ ਬਾਅਦ ਭਾਰਤ ਵਿੱਚ ਮੁਸਲਮਾਨਾਂ ਦਾ ਘਾਣ ਕਰੇਗੀ ਅਤੇ ਜੋ ਬਾਅਦ ਵਿੱਚ ਪਾਕਿਸਤਾਨ ਨੂੰ ਆਪਣਾ ਨਿਸ਼ਾਨਾ ਬਣਾਵੇਗੀ। ਇਹ ਹਿਟਲਰ ਦੇ ਲੇਬਨਸਰਾਮ ਦਾ ਹਿੰਦੂ ਉੱਚਤਾ ਵਾਲਾ ਚਿਹਰਾ ਹੈ।"
  ਭਾਰਤ ਵੱਲੋਂ ਧਾਰਾ 370 ਹਟਾ ਕੇ ਕਸ਼ਮੀਰ 'ਤੇ ਸਿੱਧਾ ਕਬਜ਼ਾ ਕਰਨ ਮਗਰੋਂ ਪਾਕਿਸਤਾਨ ਦੇ ਸਦਨ ਵਿੱਚ ਬੋਲਦਿਆਂ ਵੀ ਇਮਰਾਨ ਖਾਨ ਨੇ ਕਿਹਾ ਸੀ ਕਿ ਕਸ਼ਮੀਰ ਵਿੱਚ ਭਾਜਪਾ ਜੋ ਕਰ ਰਹੀ ਹੈ ਉਹ ਉਹਨਾਂ ਦੀ ਵਿਚਾਰਧਾਰਾ ਮੁਤਾਬਿਕ ਹੈ ਜੋ ਕਿ ਇੱਕ ਨਸਲੀ ਨਫਰਤ ਵਾਲੀ ਵਿਚਾਰਧਾਰਾ ਹੈ।

  ਚੰਡੀਗੜ੍ਹ - ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੰਜਾਬੀ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਾਕਿਸਤਾਨ ਦੀ ਆਈਐਸਆਈ ਵੱਲੋਂ ਰਾਸ਼ਟਰ-ਵਿਰੋਧੀ ਮਨਸੂਬਿਆਂ ਤਹਿਤ ਪੈਸੇ ਦੇ ਕੇ ਖੜ੍ਹੀ ਕੀਤੀ ਸਿੱਖਸ ਫਾਰ ਜਸਟਿਸ (ਐਸਐਫਜੇ) ਦੇ ਝਾਂਸੇ ਵਿੱਚ ਨਾ ਆਉਣ। ਉਨ੍ਹਾਂ ਕਿਹਾ ਕਿ ਇਹ ਜਥੇਬੰਦੀ ਪੰਜਾਬ ਨੂੰ ਭਾਰਤ ਤੋਂ ਵੱਖ ਕਰਨ ਦੇ ਇਰਾਦੇ ਨਾਲ ਕੀਤੇ ਜਾ ਰਹੇ ਅਖੌਤੀ ‘ਲੰਡਨ ਐਲਾਨਨਾਮਾ ਸਮਾਗਮ’ ਵਿੱਚ ਸ਼ਮੂਲੀਅਤ ਕਰਵਾਉਣ ਲਈ ਨੌਜਵਾਨਾਂ ਨੂੰ ਮੁਫ਼ਤ ਵਿੱਚ ਲੰਡਨ ਦਾ ਗੇੜਾ ਲਗਵਾਉਣ ਦਾ ਲਾਲਚ ਦੇ ਰਹੀ ਹੈ। ਇੱਕ ਬਿਆਨ ਰਾਹੀਂ ਬੀਬੀ ਬਾਦਲ ਨੇ ਕਿਹਾ ਕਿ ਭੋਲੇ ਭਾਲੇ ਨੌਜਵਾਨਾਂ ਨੂੰ ਐਸਐਫਜੇ ਦੁਆਰਾ ਕੀਤੇ ਜਾ ਕੂੜ-ਪ੍ਰਚਾਰ ਰਾਹੀਂ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਜਿਨ੍ਹਾਂ ਵੈੱਬਸਾਈਟਾਂ ਦੇ ਜ਼ਰੀਏ ਨੌਜਵਾਨਾਂ ਨੂੰ ਲੁਭਾਉਣ ਲਈ ਲਾਲਚ ਦਿੱਤੇ ਜਾ ਰਹੇ ਹਨ, ਉਨ੍ਹਾਂ ਦਾ ਸੰਚਾਲਨ ਕਰਾਚੀ ਵਿੱਚੋਂ ਆਈਐਸਆਈ ਏਜੰਸੀ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਉਤੇ ਨਿਗਰਾਨੀ ਰੱਖਣ ਕਿ ਉਹ ਪੰਜਾਬ ’ਚ ਦੁਬਾਰਾ ਤੋਂ ਅਤਿਵਾਦ ਵੱਲ ਧੱਕਣ ਦੇ ਪਾਕਿਸਤਾਨ ਦੇ ਮਾੜੇ ਮਨਸੂਬਿਆਂ ਦਾ ਸ਼ਿਕਾਰ ਨਾ ਹੋ ਜਾਣ। ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਇੰਟੈਲੀਜੈਂਸ ਵਿੰਗ ਨੇ ਆਪਣੀ ਰਿਪੋਰਟ ਵਿੱਚ ਖ਼ਦਸ਼ਾ ਪ੍ਰਗਟਾਇਆ ਹੈ ਕਿ ਬਰਗਾੜੀ ਵਿਖੇ ਧਰਨੇ ’ਤੇ ਬੈਠੇ ਜਥੇਦਾਰਾਂ ਵਿੱਚ ਪੈਸੇ ਨੂੰ ਲੈ ਕੇ ਵੱਡੀ ਲੜਾਈ ਹੋ ਸਕਦੀ ਹੈ।

  ਲਾਹੌਰ - ਇੱਥੇ ਸ਼ਨਿੱਚਰਵਾਰ ਦੋ ਵਿਅਕਤੀਆਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਭੰਨਤੋੜ ਕੀਤੀ ਹੈ। ਸਰਕਾਰੀ ਸੂਤਰਾਂ ਅਨੁਸਾਰ ਇਹ ਵਿਅਕਤੀ ਭਾਰਤ ਵੱਲੋਂ ਕਸ਼ਮੀਰ ਵਿੱਚੋਂ ਧਾਰਾ 370 ਖ਼ਤਮ ਕੀਤੇ ਜਾਣ ਤੋਂ ਖਫ਼ਾ ਸਨ। ਜ਼ਿਕਰਯੋਗ ਹੈ ਕਿ ਲਾਹੌਰ ਕਿਲੇ ਵਿੱਚ ਲਾਇਬਰੇਰੀ ਦੇ ਬਾਹਰ 9 ਫੁੱਟ ਉੱਚਾ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਿਤ ਕੀਤਾ ਗਿਆ ਸੀ। ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਵਿਰੁੱਧ ਕੁਫ਼ਰ ਦੇ ਦੋਸ਼ ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਤਹਿਰੀਕ -ਏ-ਲੱਬਾਇਕ-ਪਾਕਿਸਤਾਨ (ਮੌਲਾਨਾ ਖੈਮ ਰਿਜ਼ਕੀ) ਨਾਲ ਸਬੰਧਤ ਹਨ। ਇਸ ਘਟਨਾ ਦੇ ਕਾਰਨ ਲਾਹੌਰ ਵਿੱਚ ਈਦ ਦੀਆਂ ਤਿਆਰੀਆਂ ਮੌਕੇ ਸ਼ੋਕ ਛਾਅ ਗਿਆ ਅਤੇ ਬੁੱਤ ਦੀ ਮੁਰੰਮਤ ਦੀ ਮੰਗ ਉਭਰਨ ਲੱਗੀ ਹੈ।

  ਇਸਲਾਮਾਬਾਦ - ਜੰਮੂ ਕਸ਼ਮੀਰ ’ਚ ਧਾਰਾ 370 ਹਟਾਏ ਜਾਣ ਦੇ ਰੋਸ ਵਜੋਂ ਪਾਕਿਸਤਾਨ ਨੇ ਅੱਜ ਅਧਿਕਾਰਤ ਤੌਰ ’ਤੇ ਭਾਰਤ ਨਾਲ ਵਪਾਰਕ ਲੈਣ-ਦੇਣ ਬੰਦ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਗਵਾਈ ਵਿਚ ਅੱਜ ਹੋਈ ਫੈਡਰਲ ਕੈਬਨਿਟ ਦੀ ਮੀਟਿੰਗ ਮੌਕੇ ਕੇਂਦਰੀ ਸੁਰੱਖਿਆ ਕਮੇਟੀ ਤੇ ਸੰਸਦ ਦੇ ਸਾਂਝੇ ਸੈਸ਼ਨ ਦੇ ਫ਼ੈਸਲਿਆਂ ਦੀ ਹਮਾਇਤ ਕੀਤੀ ਗਈ। ਇਨ੍ਹਾਂ ਫ਼ੈਸਲਿਆਂ ਵਿਚ ਵਪਾਰਕ ਰਿਸ਼ਤੇ ਮੁਅੱਤਲ ਕਰਨਾ ਵੀ ਸ਼ਾਮਲ ਸੀ। ਪੁਲਵਾਮਾ ਦਹਿਸ਼ਤਗਰਦ ਹਮਲੇ ਤੋਂ ਬਾਅਦ ਦੋਵਾਂ ਗੁਆਂਢੀ ਮੁਲਕਾਂ ਵਿਚਲੇ ਵਪਾਰਕ ਸਬੰਧ ਪਹਿਲਾਂ ਹੀ ਵਿਗੜੇ ਹੋਏ ਹਨ। ਭਾਰਤ ਨੇ ਪਾਕਿ ਤੋਂ ਦਰਾਮਦ ਕੀਤੀਆਂ ਜਾਂਦੀਆਂ ਸਾਰੀਆਂ ਵਸਤਾਂ ’ਤੇ 200 ਫ਼ੀਸਦ ਕਸਟਮ ਡਿਊਟੀ ਲਾ ਦਿੱਤੀ ਸੀ। ਪਾਕਿ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਦੋ ਵੱਖ-ਵੱਖ ਨੋਟੀਫ਼ਿਕੇਸ਼ਨ ਜਾਰੀ ਕੀਤੇ ਗਏ ਹਨ।
  ਪਾਕਿਸਤਾਨ ਵੱਲੋਂ ਭਾਰਤ ਨਾਲ ਸਾਰੇ ਰੇਲ ਸੰਪਰਕ ਮੁਅੱਤਲ ਕਰਨ ਦੇ ਐਲਾਨ ਤੋਂ ਬਾਅਦ ਅੱਜ ਕਰਾਚੀ ਲਈ ਰਵਾਨਾ ਹੋਈ ਥਾਰ ਐਕਸਪ੍ਰੈੱਸ ਨੂੰ ਪਾਕਿ ਵੱਲੋਂ ਸਰਹੱਦ ’ਤੇ ਕਲੀਅਰੈਂਸ ਦੇ ਦਿੱਤੀ ਗਈ। ਇਸ ਤੋਂ ਇਲਾਵਾ ਕਰਾਚੀ ਤੋਂ ਚੱਲੀ ਗੱਡੀ ਵੀ ਸ਼ਨਿਚਰਵਾਰ ਦੁਪਹਿਰੇ ਭਾਰਤ ਪੁੱਜ ਗਈ। ਪਾਕਿ ਰੇਲ ਮੰਤਰੀ ਸ਼ੇਖ਼ ਰਾਸ਼ਿਦ ਅਹਿਮਦ ਨੇ ਕਿਹਾ ਸੀ ਕਿ ਜੋਧਪੁਰ ਤੋਂ ਕਰਾਚੀ ਜਾਣ ਵਾਲੀ ਇਹ ਆਖ਼ਰੀ ਰੇਲਗੱਡੀ ਹੋਵੇਗੀ। ਕਰਾਚੀ ਜਾਣ ਵਾਲੀ ਰੇਲਗੱਡੀ ਇਕ ਵਜੇ ਜੋਧਪੁਰ ਦੇ ਭਗਤ ਕੀ ਕੋਠੀ ਸਟੇਸ਼ਨ ਤੋਂ ਰਾਤ ਇਕ ਵਜੇ ਚੱਲੀ ਤੇ ਭਾਰਤ ਵਾਲੇ ਪਾਸੇ ਆਖ਼ਰੀ ਸਟੇਸ਼ਨ ’ਤੇ 6.55 ’ਤੇ ਪੁੱਜਣ ਮਗਰੋਂ ਅੱਗੇ ਲਈ ਚੱਲੀ। ਰੇਲਗੱਡੀ ਸਵੇਰੇ ਦਸ ਵਜੇ ਜ਼ੀਰੋ ਪੁਆਇੰਟ ’ਤੇ ਪੁੱਜੀ ਤੇ ਦੋਵਾਂ ਮੁਲਕਾਂ ਦੇ ਮੁਸਾਫ਼ਰਾਂ ਨੇ ਗੱਡੀਆਂ ਬਦਲ ਲਈਆਂ। ਜੋਧਪੁਰ ਤੇ ਕਰਾਚੀ ਵਿਚਾਲੇ ਇਹ ਰੇਲਗੱਡੀ ਹਰ ਸ਼ਨਿਚਰਵਾਰ ਚੱਲਦੀ ਸੀ।

  ਚੰਡੀਗੜ੍ਹ - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕਸ਼ਮੀਰੀ ਔਰਤਾਂ ਬਾਰੇ ਟਿੱਪਣੀ ਕਰ ਕੇ ਵਿਵਾਦਾਂ ਵਿੱਚ ਘਿਰ ਗਏ ਹਨ। ਉਨ੍ਹਾਂ ਸ਼ੁੱਕਰਵਾਰ ਨੂੰ ਫਤਿਹਾਬਾਦ ਵਿੱਚ ਇਕ ਸਮਾਗਮ ਦੌਰਾਨ ਕੁੜੀਆਂ ਦੀ ਘੱਟ ਰਹੀ ਗਿਣਤੀ ’ਤੇ ਚਿੰਤਾ ਜ਼ਾਹਿਰ ਕਰਦਿਆਂ ਟਿੱਪਣੀ ਕੀਤੀ ਸੀ ਕਿ, ‘‘ ਕੁਝ ਲੋਕ ਕਹਿ ਰਹੇ ਹਨ ਕਿ ਹੁਣ ਕਸ਼ਮੀਰ ਖੁੱਲ੍ਹਾ ਹੈ, ਉਥੋਂ ਵਿਆਹ ਲਈ ਲੜਕੀਆਂ ਨੂੰ ਲਿਆਇਆ ਜਾ ਸਕਦਾ ਹੈ। ’’ ਉਨ੍ਹਾਂ ਦਾ ਇਸ਼ਾਰਾ ਕਸ਼ਮੀਰ ਵਿਚੋਂ ਧਾਰਾ 370 ਦੀਆਂ ਵਧੇਰੇ ਤਜਵੀਜ਼ਾਂ ਖਤਮ ਕੀਤੇ ਜਾਣ ਵੱਲ ਸੀ।
  ਖੱਟਰ ਦੇ ਬਿਆਨ ’ਤੇ ਕਾਂਗਰਸ ਨੇਤਾ ਰਾਹੁਲ ਗਾਧੀ ਸਣੇ ਵੱਖ ਵੱਖ ਨੇਤਾਵਾਂ ਅਤੇ ਵਰਗਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਰਾਹੁਲ ਗਾਂਧੀ ਨੇ ਖੱਟਰ ਦੇ ਬਿਆਨ ਨੂੰ ‘ਨਿਖੇਧੀਪੂਰਨ’ ਕਰਾਰ ਦਿੱਤਾ। ਉਨ੍ਹਾਂ ਟਵੀਟ ਕੀਤਾ, ‘‘ਕਸ਼ਮੀਰੀ ਔਰਤਾਂ ਦੇ ਸਬੰਧ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਦੀ ਟਿੱਪਣੀ ਨਿਖੇਧੀਪੂਰਨ ਹੈ। ਇਹ ਦਰਸਾਉਂਦਾ ਹੈ ਕਿ ਆਰਐੱਸਐੱਸ ਦੀ ਵਰ੍ਹਿਆਂ ਦੀ ਟਰੇਨਿੰਗ ਇਕ ਕਮਜ਼ੋਰ, ਅਸੁਰੱਖਿਅਤ ਅਤੇ ਤਰਸਯੋਗ ਵਿਅਕਤੀ ਦੀ ਸੋਚ ਨੂੰ ਕਿਹੋ ਜਿਹਾ ਬਣਾ ਦਿੰਦੀ ਹੈ। ਚਾਰੇ ਪਾਸੇ ਹੋ ਰਹੀ ਨਿਖੇਧੀ ’ਤੇ ਟਿੱਪਣੀ ਕਰਦਿਆਂ ਸ੍ਰੀ ਖੱਟਰ ਨੇ ਮੀਡੀਆ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਮੀਡੀਆ ਨੇ ਉਨ੍ਹਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ। ਉਨ੍ਹਾਂ ਟਵਿੱਟਰ ’ਤੇ ਸਮਾਗਮ ਦੀ ਵੀਡੀਓ ਸ਼ੇਅਰ ਕਰਦਿਆਂ ਮੀਡੀਆ ’ਤੇ ਦੋਸ਼ ਲਾਇਆ ਕਿ ਉਹ ਉਨ੍ਹਾਂ ਖਿਲਾਫ਼ ਗੁੰਮਰਾਹਕੁੰਨ ਅਤੇ ਤੱਥਹੀਣ ਮੁਹਿੰਮ ਚਲਾ ਰਿਹਾ ਹੈ। ’’ ਉਨ੍ਹਾਂ ਕਿਹਾ, ‘‘ਧੀਆਂ ਸਾਡਾ ਮਾਣ ਹਨ। ਪੁੂਰੇ ਮੁਲਕ ਦੀਆਂ ਧੀਆਂ ਸਾਡੀਆਂ ਧੀਆਂ ਹਨ। ਉਨ੍ਹਾਂ ਰਾਹੁਲ ’ਤੇ ਹਮਲਾ ਕਰਦਿਆਂ ਉਸ ਨੂੰ ਅਜਿਹੀਆਂ ਖ਼ਬਰਾਂ ’ਤੇ ਪ੍ਰਤੀਕਿਰਿਆ ਨਾ ਕਰਨ ਦੀ ਸਲਾਹ ਦਿੱਤੀ। ਦੂਜੇ ਪਾਸੇ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਉਹ ਕਸ਼ਮੀਰੀ ਔਰਤਾਂ ਬਾਰੇ ਟਿੱਪਣੀ ਸਬੰਧੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੋਂ ਸਪਸ਼ਟੀਕਰਨ ਮੰਗਣਗੇ। ਉਨ੍ਹਾਂ ਕਿਸੇ ਦਾ ਨਾਂ ਲਏ ਬਿਨਾਂ ਟਵੀਟ ਕੀਤਾ, ‘‘ ਕਿਉਂ ਉਨ੍ਹਾਂ ਦੀ ਸੋਚ ਔਰਤਾਂ ਅਤੇ ਉਨ੍ਹਾਂ ਦੀ ਦਿੱਖ ਅਤੇ ਰੰਗ ’ਤੇ ਆ ਕੇ ਮੁੱਕ ਜਾਂਦੀ ਹੈ? ਕਿਵੇਂ ਉਹ ਆਪਣਾ ਵੱਡਾ ਮੂੰਹ ਖੋਲ੍ਹ ਕੇ ਔਰਤਾਂ ਬਾਰੇ ਅਜਿਹੀਆਂ ਮੂਰਖਤਾਪੂਰਨ ਟਿੱਪਣੀਆਂ ਕਰਦੇ ਹਨ? ਲੋਕ ਉਨ੍ਹਾਂ ਨੂੰ ਸੱਤਾ ’ਤੇ ਕਿਉਂ ਬਿਠਾਉਂਦੇ ਹਨ? ਮੈਂ ਉਸ ਤੋਂ ਸਪਸ਼ਟੀਕਰਨ ਮੰਗਾਂਗੀ।’’

  ਅੰਮ੍ਰਿਤਸਰ - ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਸੋਸ਼ਲ ਮੀਡੀਆ ’ਤੇ ਕਸ਼ਮੀਰੀ ਮਹਿਲਾਵਾਂ ਦੀਆਂ ਤਸਵੀਰਾਂ ਪਾ ਕੇ ਕੀਤੀਆਂ ਭੱਦੀਆਂ ਟਿੱਪਣੀਆਂ ਨਾਲ ਦੇਸ਼ ਦਾ ਸਿਰ ਨੀਵਾਂ ਹੋਇਆ ਹੈ। ਅਜਿਹੀਆਂ ਟਿੱਪਣੀਆਂ ਅਤੇ ਭੱਦੀ ਸ਼ਬਦਾਵਲੀ ਵਰਤਣ ਵਾਲੇ ਲੋਕ ਬਿਮਾਰ ਮਾਨਸਿਕਤਾ ਵਾਲੇ ਹਨ।
  ਜੰਮੂ ਕਸ਼ਮੀਰ ਵਿਚ ਧਾਰਾ 370 ਖ਼ਤਮ ਕੀਤੇ ਜਾਣ ਮਗਰੋਂ ਸੋਸ਼ਲ ਮੀਡੀਆ ’ਤੇ ਕਸ਼ਮੀਰੀ ਮਹਿਲਾਵਾਂ ਬਾਰੇ ਕੀਤੀਆਂ ਜਾ ਰਹੀਆਂ ਇਤਰਾਜ਼ਯੋਗ ਟਿੱਪਣੀਆਂ ਦਾ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਮਹਿਲਾਵਾਂ ਦਾ ਅਪਮਾਨ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਵਰਤੇ ਜਾਣ ਦੀ ਲੋੜ ਹੈ।
  ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ ’ਤੇ ਕੁਝ ਲੋਕਾਂ ਵਲੋਂ ਕਸ਼ਮੀਰੀ ਮਹਿਲਾਵਾਂ ਬਾਰੇ ਅਸਭਿਅਕ ਭਾਸ਼ਾ ਦੀ ਵਰਤੋਂ ਕਰਕੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ, ਜੋ ਉਕਸਾਉਣ ਵਾਲੀਆਂ ਹਨ। ਇਸ ਦਾ ਸਖ਼ਤ ਨੋਟਿਸ ਲੈਂਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਪ੍ਰਮਾਤਮਾ ਨੇ ਸਭ ਨੂੰ ਜੀਵਨ ਜਿਊਣ ਦੇ ਬਰਾਬਰ ਹੱਕ ਦਿੱਤੇ ਹਨ। ਇਸ ਲਈ ਕਿਸੇ ਨਾਲ ਲਿੰਗ, ਜਾਤ-ਪਾਤ ਜਾਂ ਨਸਲੀ ਆਧਾਰ ’ਤੇ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕਸ਼ਮੀਰ ਵਿਚ ਧਾਰਾ 370 ਖ਼ਤਮ ਕਰਨ ਤੋਂ ਬਾਅਦ ਪੈਦਾ ਹੋਏ ਨਾਜ਼ੁਕ ਹਾਲਾਤ ਦੌਰਾਨ ਸੋਸ਼ਲ ਮੀਡੀਆ ’ਤੇ ਕੁਝ ਲੋਕਾਂ, ਜਿਨ੍ਹਾਂ ਵਿਚ ਸਿਆਸੀ ਅਤੇ ਧਾਰਮਿਕ ਆਗੂ ਵੀ ਸ਼ਾਮਲ ਹਨ, ਵਲੋਂ ਕਸ਼ਮੀਰੀ ਮਹਿਲਾਵਾਂ ਦੀ ਇੱਜ਼ਤ-ਆਬਰੂ ਅਤੇ ਸਵੈ-ਮਾਣ ਸਬੰਧੀ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਮੁੱਚੇ ਮਹਿਲਾ ਵਰਗ ਦਾ ਅਪਮਾਨ ਹੈ ਅਤੇ ਮਹਿਲਾਵਾਂ ਖ਼ਿਲਾਫ਼ ਅਜਿਹਾ ਗੁਨਾਹ ਬਖ਼ਸ਼ਣਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਕਸ਼ਮੀਰੀ ਮਹਿਲਾਵਾਂ ਦੀਆਂ ਤਸਵੀਰਾਂ ਪਾ ਕੇ ਕੀਤੀਆਂ ਭੱਦੀਆਂ ਟਿੱਪਣੀਆਂ ਨਾਲ ਦੇਸ਼ ਦਾ ਸਿਰ ਨੀਵਾਂ ਹੋਇਆ ਹੈ। ਅਜਿਹੀਆਂ ਟਿੱਪਣੀਆਂ ਅਤੇ ਭੱਦੀ ਸ਼ਬਦਾਵਲੀ ਵਰਤਣ ਵਾਲੇ ਲੋਕ ਬਿਮਾਰ ਮਾਨਸਿਕਤਾ ਵਾਲੇ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿਚ ਔਰਤ ਨੂੰ ਦੇਵੀ ਦਾ ਰੂਪ ਮੰਨਿਆ ਜਾਂਦਾ ਹੈ ਪਰ ਟਿੱਪਣੀਆਂ ਕਰਨ ਵਾਲੇ ਲੋਕਾਂ ਲਈ ਔਰਤ ਕੇਵਲ ਦੇਹ ਦੇ ਰੂਪ ਤਕ ਸੀਮਤ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਅਜਿਹੀ ਮਾਨਸਿਕਤਾ ਨੂੰ ਹਲਕੇ ਵਿਚ ਨਹੀਂ ਲੈਣਾ ਚਾਹੀਦਾ। ਉਨ੍ਹਾਂ ਦੋਸ਼ ਲਾਇਆ ਕਿ ਮਾੜੀ ਮਾਨਸਿਕਤਾ ਵਾਲੀ ਭੀੜ ਵਲੋਂ ਅਜਿਹਾ ਸੋਚੀ-ਸਮਝੀ ਸਾਜ਼ਿਸ਼ ਅਧੀਨ ਕੀਤਾ ਜਾ ਰਿਹਾ ਹੈ, ਜੋ ਗੰਭੀਰ ਮਾਮਲਾ ਹੈ। ਅਜਿਹੀ ਹੀ ਮਾਨਸਿਕਤਾ ਪਹਿਲਾਂ ਨਵੰਬਰ 1984 ਵਿਚ ਸਿੱਖ ਬੀਬੀਆਂ ਖ਼ਿਲਾਫ਼ ਵੀ ਪ੍ਰਗਟਾਈ ਗਈ ਸੀ ਅਤੇ ਹੁਣ ਕਸ਼ਮੀਰੀ ਮਹਿਲਾਵਾਂ ਖ਼ਿਲਾਫ਼ ਪ੍ਰਗਟਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਮਾਨਸਿਕਤਾ ਵਾਲੇ ਲੋਕਾਂ ਨਾਲ ਸਖ਼ਤੀ ਵਰਤਣ ਦੀ ਲੋੜ ਹੈ। ਸਿੱਖ ਭਾਈਚਾਰੇ ਵਲੋਂ ਕਸ਼ਮੀਰੀ ਮਹਿਲਾਵਾਂ ਦੀ ਰੱਖਿਆ ਕਰਨ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖ ਆਪਣਾ ਧਰਮ ਨਿਭਾਉਣ ਵਿਚ ਪਿੱਛੇ ਨਹੀਂ ਹਟਣਗੇ। ਕਸ਼ਮੀਰ ਦੀਆਂ ਮਹਿਲਾਵਾਂ ਸਾਡੇ ਸਮਾਜ ਦਾ ਹਿੱਸਾ ਹਨ ਅਤੇ ਉਨ੍ਹਾਂ ਦੇ ਗੌਰਵ ਤੇ ਸਵੈਮਾਣ ਦੀ ਰੱਖਿਆ ਕਰਨਾ ਸਾਡਾ ਧਰਮ ਹੈ।

  ਚੰਡੀਗੜ੍ਹ - ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਕਰੀਬ 10 ਮਹੀਨਿਆਂ ਬਾਅਦ ਆਮ ਆਦਮੀ ਪਾਰਟੀ (‘ਆਪ’) ਦੇ ਵਿਧਾਨ ਸਭਾ ਹਲਕਾ ਦਾਖਾ ਦੇ ਵਿਧਾਇਕ ਅਤੇ ਪਦਮਸ੍ਰੀ ਵਕੀਲ ਹਰਵਿੰਦਰ ਸਿੰਘ ਫੂਲਕਾ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ।
  ਇਸ ਉਪਰੰਤ ਸਪੀਕਰ ਨੇ ਕਿਹਾ ਕਿ ਸ੍ਰੀ ਫੂਲਕਾ ਦਾ ਅਸਤੀਫ਼ਾ ਪ੍ਰਵਾਨ ਕਰਨ ਨਾਲ ਹਲਕਾ ਦਾਖਾ ਦੀ ਵਿਧਾਨ ਸਭਾ ਸੀਟ ਖਾਲੀ ਹੋ ਗਈ ਹੈ, ਜਿਸ ਨੂੰ ਸੀਟ ਭਰਨ ਲਈ ਜ਼ਿਮਨੀ ਚੋਣ ਕਰਵਾਉਣ ਲਈ ਭਾਰਤ ਸਰਕਾਰ ਦੇ ਚੋਣ ਕਮਿਸ਼ਨ ਨੂੰ ਸੂਚਿਤ ਕੀਤਾ ਜਾ ਰਿਹਾ ਹੈ। ਸਪੀਕਰ ਨੇ ਦੱਸਿਆ ਕਿ ਸ੍ਰੀ ਫੂਲਕਾ ਵੱਲੋਂ ਪਹਿਲਾਂ ਨਿਰਧਾਰਿਤ ਚੌਖਟੇ ਤਹਿਤ ਅਸਤੀਫ਼ਾ ਨਹੀਂ ਦਿੱਤਾ ਗਿਆ ਸੀ ਅਤੇ ਹੁਣ ਸ੍ਰੀ ਫੂਲਕਾ ਵੱਲੋਂ ਨਿਰਧਾਰਿਤ ਨਿਯਮਾਂ ਦੀ ਸ਼ਬਦਾਵਲੀ ਤਹਿਤ ਅਸਤੀਫ਼ਾ ਦਿੱਤੇ ਜਾਣ ਤੋਂ ਬਾਅਦ ਪ੍ਰਵਾਨ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੁਝ ਹੋਰ ਵਿਧਾਇਕਾਂ ਦੇ ਵਿਚਾਰਅਧੀਨ ਅਸਤੀਫ਼ਿਆਂ ਉਪਰ ਵੀ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਲਈ ਵਿਚਾਰ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਸ੍ਰੀ ਫੂਲਕਾ ਨੇ 12 ਅਕਤੂਬਰ 2018 ਨੂੰ ਕੈਪਟਨ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਵਿਚ ਦਿੱਤੇ ਗਏ ਭਰੋਸੇ ਅਨੁਸਾਰ ਗੁਰੂੁ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਮਾਮਲੇ ਵਿਚ ਬਾਦਲਾਂ ਵਿਰੁੱਧ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਅਸਤੀਫ਼ਾ ਦਿੱਤਾ ਸੀ। ਉਹ ‘ਆਪ’ ਤੋਂ ਪਹਿਲਾਂ ਹੀ ਇਹ ਕਹਿ ਕੇ ਅਸਤੀਫ਼ਾ ਦੇ ਚੁੱਕੇ ਹਨ ਕਿ ਉਹ ਜਿਸ ਮਿਸ਼ਨ ਨਾਲ ਸਿਆਸਤ ਵਿਚ ਆਏ ਸਨ, ਉਨ੍ਹਾਂ ਨੂੰ ਇਸ ਪਾਰਟੀ ਵਿਚ ਰਹਿ ਕੇ ਆਪਣਾ ਮਿਸ਼ਨ ਪੂਰਾ ਹੁੰਦਾ ਨਹੀਂ ਦਿਖਾਈ ਦਿੰਦਾ। ਸ੍ਰੀ ਫੂਲਕਾ ਦੇ ਅਸਤੀਫ਼ਾ ਦੇਣ ਨਾਲ ‘ਆਪ’ ਵਿਧਾਇਕਾਂ ਦੀ ਗਿਣਤੀ ਸਰਕਾਰੀ ਤੌਰ ’ਤੇ ਘਟ ਕੇ 20 ਤੋਂ 19 ਅਤੇ ਕੁੱਲ ਵਿਧਾਇਕਾਂ ਦੀ ਗਿਣਤੀ 117 ਤੋਂ ਘੱਟ ਕੇ 116 ਰਹਿ ਗਈ ਹੈ।
  ਉਂਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਸੰਸਦ ਮੈਂਬਰ ਚੁਣੇ ਜਾਣ ਨਾਲ ਅਤੇ ਭਾਜਪਾ ਦੇ ਸੋਮ ਪ੍ਰਕਾਸ਼ ਦੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਚੁਣੇ ਜਾਣ ਨਾਲ ਕ੍ਰਮਵਾਰ ਵਿਧਾਨ ਸਭਾ ਹਲਕਾ ਜਲਾਲਾਬਾਦ ਅਤੇ ਫਗਵਾੜਾ ਦੀਆਂ ਸੀਟਾਂ ਵੀ ਖਾਲੀ ਹੋ ਗਈਆਂ ਹਨ। ਇਹ ਦੋਵੇਂ ਸੰਸਦ ਮੈਂਬਰ ਆਪਣੀ ਵਿਧਾਨ ਸਭਾ ਦੀ ਮੈਂਬਰਸ਼ਿਪ ਛੱਡ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ‘ਆਪ’ ਦੇ ਵਿਧਾਨ ਸਭਾ ਹਲਕਾ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਵੀ ਵਿਧਾਇਕ ਦੇ ਅਹੁਦਿਆਂ ਤੋਂ ਅਸਤੀਫ਼ੇ ਦੇ ਕੇ ਕਾਂਗਰਸ ਵਿਚ ਸ਼ਾਮਲ ਹੋ ਚੁੱਕੇ ਹਨ ਅਤੇ ਉਨ੍ਹਾਂ ਦੇ ਅਸਤੀਫ਼ੇ ਸਪੀਕਰ ਕੋਲ ਵਿਚਾਰਅਧੀਨ ਹਨ, ਜੋ ਕਿਸੇ ਵੇਲੇ ਵੀ ਪ੍ਰਵਾਨ ਕਰਨ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ‘ਆਪ’ ਦੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ‘ਆਪ’ ਨੂੰ ਅਲਵਿਦਾ ਕਹਿ ਕੇ ਆਪਣੀ ਪੰਜਾਬ ਏਕਤਾ ਪਾਰਟੀ ਬਣਾ ਚੁੱਕੇ ਹਨ। ਉਹ ਪਾਰਟੀ ਤੇ ਵਿਧਾਇਕ ਦੇ ਅਹੁਦਿਆਂ ਤੋਂ ਅਸਤੀਫ਼ਾ ਦੇ ਕੇ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਵੀ ਲੜ ਚੁੱਕੇ ਹਨ। ਸ੍ਰੀ ਖਹਿਰਾ ਦਾ ਅਸਤੀਫ਼ਾ ਵੀ ਵਿਚਾਰਅਧੀਨ ਹੈ। ਸ੍ਰੀ ਖਹਿਰਾ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਖਾਰਜ ਕਰਨ ਬਾਰੇ ‘ਆਪ’ ਦੀ ਲੀਡਰਸ਼ਿਪ ਵੀ ਸਪੀਕਰ ਨੂੰ ਮਿਲ ਚੁੱਕੀ ਹੈ। ‘ਆਪ’ ਦੇ ਹੀ ਹਲਕਾ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਵੀ ਪਾਰਟੀ ਤੋਂ ਅਸਤੀਫ਼ਾ ਦੇ ਕੇ ਹਲਕਾ ਫ਼ਰੀਦਕੋਟ ਤੋਂ ਪੰਜਾਬ ਏਕਤਾ ਪਾਰਟੀ ਵੱਲੋਂ ਲੋਕ ਸਭਾ ਦੀ ਚੋਣ ਲੜ ਚੁੱਕੇ ਹਨ। ਮਾਸਟਰ ਬਲਦੇਵ ਸਿੰਘ ਨੇ ਭਾਵੇਂ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੱਤਾ ਪਰ ਉਨ੍ਹਾਂ ਬਾਰੇ ਸਪੀਕਰ ਨੂੰ ਪੁੱਜੀ ਇਕ ਸ਼ਿਕਾਇਤ ਨੂੰ ਮੁੱਖ ਰੱਖਦਿਆਂ ਉਨ੍ਹਾਂ ਦੀ ਮੈਂਬਰਸ਼ਿਪ ਦਾ ਮਾਮਲਾ ਵੀ ਸਪੀਕਰ ਦੇ ਵਿਚਾਰਅਧੀਨ ਹੈ। ਇਸ ਤਰਾਂ ਸੂਬੇ ਵਿਚ ਸ੍ਰੀ ਫੂਲਕਾ ਦੇ ਹਲਕਾ ਦਾਖਾ ਤੋਂ ਇਲਾਵਾ ਛੇ ਹੋਰ ਵਿਧਾਨ ਸਭਾ ਹਲਕਿਆਂ ਵਿਚ ਜ਼ਿਮਨੀ ਚੋਣਾਂ ਹੋਣ ਦੇ ਆਸਾਰ ਬਣੇ ਹਨ।

  ਚੰਡੀਗੜ੍ਹ - ਦੋ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ਹੇਠ ਰੋਹਤਕ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਅਰਜ਼ੀ ਅੱਜ ਰੱਦ ਕਰ ਦਿੱਤੀ ਗਈ ਹੈ। ਡੇਰਾ ਮੁਖੀ ਨੇ ਆਪਣੀ ਬਿਮਾਰ ਮਾਂ ਦੀ ਦੇਖ-ਭਾਲ ਕਰਨ ਲਈ ਪੈਰੋਲ ਦੀ ਅਰਜ਼ੀ ਲਾਈ ਸੀ। ਸਿਰਸਾ ਦੇ ਡਿਪਟੀ ਕਮਿਸ਼ਨਰ ਦੀ ਰਿਪੋਰਟ ਦੇ ਆਧਾਰ ’ਤੇ ਸੁਨਾਰੀਆ ਜੇਲ੍ਹ ਸੁਪਰਡੈਂਟ ਸੁਨੀਲ ਸਾਂਗਵਾਨ ਵਲੋਂ ਇਹ ਅਰਜ਼ੀ ਅਯੋਗ ਠਹਿਰਾਈ ਗਈ ਹੈ। ਡੀਸੀ ਵਲੋਂ ਇਹ ਰਿਪੋਰਟ ਸੁਰੱਖਿਆ ਪ੍ਰਬੰਧਾਂ ਅਤੇ ਡਾਕਟਰਾਂ ਦੀ ਟੀਮ ਵਲੋਂ ਡੇਰਾ ਮੁਖੀ ਦੀ ਮਾਂ ਦੀ ਕੀਤੀ ਗਈ ਸਿਹਤ ਜਾਂਚ ਦੇ ਆਧਾਰ ’ਤੇ ਤਿਆਰ ਕੀਤੀ ਗਈ ਸੀ। ਸਿਰਸਾ ਦੇ ਸਿਵਲ ਸਰਜਨ ਗੋਵਿੰਦ ਗੁਪਤਾ ਵਲੋਂ ਡੇਰਾ ਮੁਖੀ ਦੀ ਮਾਂ ਨਸੀਬ ਕੌਰ (83) ਦੀ ਸਿਹਤ ਜਾਂਚ ਕੀਤੀ ਗਈ ਸੀ। ਸਿਰਸਾ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਵੀਰਵਾਰ ਨੂੰ ਡੇਰਾ ਮੁਖੀ ਦੀ ਮਾਂ ਦੀ ਮੈਡੀਕਲ ਰਿਪੋਰਟ ਸੁਨੀਲ ਸਾਂਗਵਾਨ ਨੂੰ ਭੇਜੀ ਸੀ। ਇਸ ਬਾਰੇ ਸੰਪਰਕ ਕਰਨ ’ਤੇ ਸਾਂਗਵਾਨ ਨੇ ਮਾਮਲੇ ਸਬੰਧੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ। ਰੋਹਤਕ ਡਿਵੀਜ਼ਨ ਦੇ ਕਮਿਸ਼ਨਰ ਪੰਕਜ ਯਾਦਵ ਨੇ ਦੱਸਿਆ ਕਿ ਜੇਲ੍ਹ ਸੁਪਰਡੈਂਟ ਨੂੰ ਪੈਰੋਲ ਅਰਜ਼ੀ ਮਨਜ਼ੂਰ ਕਰਨ ਲਈ ਕੋਈ ਜਾਇਜ਼ ਕਾਰਨ ਨਹੀਂ ਮਿਲਿਆ। ਉਨ੍ਹਾਂ ਕਿਹਾ, ‘‘ਜਿਸ ਆਧਾਰ ’ਤੇ ਪੈਰੋਲ ਮੰਗੀ ਗਈ ਸੀ, ਉਹ ਅਯੋਗ ਪਾਇਆ ਗਿਆ ਹੈ।’’ ਦੱਸਣਯੋਗ ਹੈ ਕਿ ਡੇਰਾ ਮੁਖੀ ਦੀ ਪਤਨੀ ਹਰਜੀਤ ਕੌਰ ਨੇ ਬੀਤੀ 5 ਅਗਸਤ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਆਪਣੇ ਪਤੀ ਲਈ ਤਿੰਨ ਹਫ਼ਤਿਆਂ ਦੀ ਪੈਰੋਲ ਮੰਗੀ ਸੀ। ਪਟੀਸ਼ਨ ਵਿੱਚ ਉਸ ਨੇ ਪੈਰੋਲ ਲਈ ਰਾਮ ਰਹੀਮ ਦੀ ਮਾਂ ਦੇ ਹਿਰਦੇ ਰੋਗ ਸਬੰਧੀ ਇਲਾਜ ਨੂੰ ਆਧਾਰ ਬਣਾਇਆ ਸੀ। ਉਸ ਨੇ ਅਰਜ਼ੀ ਵਿੱਚ ਕਿਹਾ ਸੀ, ‘‘ਮੇਰੀ ਸੱਸ ਚਾਹੁੰਦੀ ਹੈ ਕਿ ਇਲਾਜ ਦੌਰਾਨ ਉਸ ਦਾ ਪੁੱਤਰ ਉਸ ਦੇ ਕੋਲ ਹੋਵੇ।’’ ਇਸ ’ਤੇ ਅਦਾਲਤ ਨੇ ਜੇਲ੍ਹ ਅਧਿਕਾਰੀਆਂ ਨੂੰ ਪੰਜ ਦਿਨਾਂ ਵਿੱਚ ਪੈਰੋਲ ਬਾਰੇ ਫ਼ੈਸਲਾ ਲੈਣ ਦਾ ਆਦੇਸ਼ ਦਿੱਤਾ ਸੀ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com