ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਅੰਮ੍ਰਿਤਸਰ - ਸ਼੍ਰੋਮਣੀ ਕਮੇਟੀ ਨੇ ਪ੍ਰਕਾਸ਼ ਪੁਰਬ ਮੌਕੇ ਕਰਵਾਏ ਜਾਣ ਵਾਲੇ ਵੱਖ-ਵੱਖ ਗੁਰਮਤਿ ਸਮਾਗਮਾਂ ਦਾ ਵੇਰਵਾ ਅੱਜ ਜਾਰੀ ਕਰ ਦਿੱਤਾ ਹੈ। ਇਸ ਮੁਤਾਬਕ ਪਹਿਲੀ ਤੋਂ 13 ਨਵੰਬਰ ਤੱਕ ਗੁਰਮਤਿ ਸਮਾਗਮ ਨਿਰੰਤਰ ਜਾਰੀ ਰਹਿਣਗੇ। ਪਹਿਲੀ ਤੋਂ ਅੱਠ ਨਵੰਬਰ ਤੱਕ ਸਮਾਗਮਾਂ ਦਾ ਸਥਾਨ ਭਾਈ ਮਰਦਾਨਾ ਜੀ ਦੀਵਾਨ ਹਾਲ ਗੁਰਦੁਆਰਾ ਸ੍ਰੀ ਬੇਰ ਸਾਹਿਬ, ਜਦੋਂਕਿ 9 ਤੋਂ 12 ਨਵੰਬਰ ਤੱਕ ਦੇ ਸਮਾਗਮ ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ ਵਿਚ ਹੋਣਗੇ।
  ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਸੰਗਤ ਨੂੰ ਗੁਰੂ ਸਾਹਿਬ ਦੀ ਵਿਚਾਰਧਾਰਾ ਨਾਲ ਜੋੜਨ ਲਈ ਵੱਖ-ਵੱਖ ਸਮਾਗਮ ਉਲੀਕੇ ਗਏ ਹਨ। ਇਸ ਤਹਿਤ ਪਹਿਲੀ ਤੋਂ 13 ਨਵੰਬਰ ਤੱਕ ਸਵੇਰੇ ਸ਼ਾਮ ਰਾਗੀ ਜਥੇ ਗੁਰਬਾਣੀ ਦਾ ਕੀਰਤਨ ਕਰਨਗੇ ਅਤੇ ਕਥਾ ਵਾਚਕ ਸੰਗਤ ਨੂੰ ਗੁਰਬਾਣੀ ਨਾਲ ਜੋੜਨਗੇ। ਇਸੇ ਦੌਰਾਨ ਵਿਸ਼ੇਸ਼ ਸਮਾਗਮਾਂ ਵਿਚ ਪਹਿਲੀ ਨਵੰਬਰ ਨੂੰ 550 ਰਬਾਬੀ ਤੰਤੀ ਸਾਜ਼ ਲੈ ਕੇ ਨਗਰ ਕੀਰਤਨ ਦੇ ਰੂਪ ਵਿਚ ਗੁਰਦੁਆਰਾ ਰਬਾਬਸਰ ਭਰੋਆਣਾ ਤੋਂ ਗੁਰਦੁਆਰਾ ਬੇਰ ਸਾਹਿਬ ਪੁੱਜਣਗੇ। ਦੋ ਨਵੰਬਰ ਨੂੰ ਮੁਲਕ ਭਰ ‘ਚ ਸੰਗਤ ਵੱਲੋਂ ਕੀਤੇ ਗਏ ਸਹਿਜਪਾਠਾਂ ਦੇ ਸੰਗਤੀ ਰੂਪ ਵਿਚ ਭੋਗ ਪਾਏ ਜਾਣਗੇ। ਤਿੰਨ ਨਵੰਬਰ ਨੂੰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦਾ ਕੌਮੀ ਪੱਧਰ ਦਾ ਸਮਾਗਮ ਹੋਵੇਗਾ। ਚਾਰ ਨਵੰਬਰ ਨੂੰ ਵੱਖ-ਵੱਖ ਸਿੱਖ ਸੰਸਥਾਵਾਂ ਤੇ ਅਕੈਡਮੀਆਂ ਦੇ ਵਿਦਿਆਰਥੀਆਂ ਦੇ ਕੀਰਤਨ, ਗੁਰਬਾਣੀ ਕੰਠ, ਕਵਿਤਾ, ਭਾਸ਼ਣਾ, ਪ੍ਰਸ਼ਨੋਤਰੀ, ਢਾਡੀ ਤੇ ਕਵੀਸ਼ਰੀ ਮੁਕਾਬਲੇ ਹੋਣਗੇ। ਪੰਜ ਨੂੰ ਸ਼੍ਰੋਮਣੀ ਕਮੇਟੀ ਅਤੇ ਖ਼ਾਲਸਾ ਸਕੂਲਾਂ ਦੇ ਵਿਦਿਆਰਥੀਆਂ ਦਾ ਸਮਾਗਮ ਹੋਵੇਗਾ। ਇਸੇ ਦਿਨ ਨਨਕਾਣਾ ਸਾਹਿਬ ਤੋਂ ਆਰੰਭ ਹੋਏ ਕੌਮਾਂਤਰੀ ਨਗਰ ਕੀਰਤਨ ਦੀ ਸੰਪੂਰਨਤਾ ਹੋਵੇਗੀ। ਇਸੇ ਤਰ੍ਹਾਂ ਛੇ ਨੂੰ ਵਿਸ਼ਵ ਸਿੱਖ ਨੌਜਵਾਨ ਸੰਮੇਲਨ ਅਤੇ ਇਨਾਮੀ ਕਵੀ ਮੁਕਾਬਲੇ ਹੋਣਗੇ। ਸੱਤ ਨੂੰ ਨੌਜਵਾਨ ਸੰਗੀਤ ਸੰਮੇਲਨ, ਇਨਾਮੀ ਢਾਡੀ ਮਕਾਬਲੇ ਜਦੋਂਕਿ ਅੱਠ ਨੂੰ ਗਤਕਾ, ਕਵੀਸ਼ਰੀ ਮੁਕਾਬਲੇ ਅਤੇ ਢਾਡੀ ਦਰਬਾਰ ਹੋਵੇਗਾ। ਅੱਠ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ ਵਿਚ ਅੰਤਰ ਧਰਮ ਸੰਵਾਦ ਸੰਮੇਲਨ ਹੋਵੇਗਾ। ਨੌਂ ਤੋਂ 12 ਤੱਕ ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ ਵਿਚ ਹੋਣ ਵਾਲੇ ਸਮਾਗਮਾਂ ’ਚ 9 ਨਵੰਬਰ ਨੂੰ ਇਸਤਰੀ ਸੰਮੇਲਨ ਤੇ ਕਵੀ ਦਰਬਾਰ, ਰਾਤ ਸਮੇਂ ਲਾਈਟ, ਸਾਊਂਡ ਅਤੇ ਲੇਜ਼ਰ ਸ਼ੋਅ, 10 ਨੂੰ ਗੁਰੂ ਨਾਨਕ ਦੇਵ ਜੀ ਰਚਿਤ ਰਾਗਾਂ ‘ਤੇ ਆਧਾਰਿਤ ਰਾਗ ਦਰਬਾਰ ਤੇ ਰਾਤ ਸਮੇਂ ਕਵੀਸ਼ਰੀ ਦਰਬਾਰ ਹੋਣਗੇ। 11 ਨਵੰਬਰ ਨੂੰ ਪੁਰਾਤਨ ਰਵਾਇਤ ਅਨੁਸਾਰ ਗੁਰਦੁਆਰਾ ਸੰਤਘਾਟ ਤੋਂ ਗੁਰਦੁਆਰਾ ਬੇਰ ਸਾਹਿਬ ਤੱਕ ਨਗਰ ਕੀਰਤਨ ਸਜਾਇਆ ਜਾਵੇਗਾ। ਵਿਸ਼ੇਸ਼ ਵਿਚਾਰ ਸਮਾਗਮ ਦੌਰਾਨ ਦੇਸ਼-ਵਿਦੇਸ਼ ਦੀਆਂ ਧਾਰਮਿਕ, ਰਾਜਨੀਤਕ ਸ਼ਖ਼ਸੀਅਤਾਂ ਅਤੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀ ਗੁਰੂ ਸਾਹਿਬ ਦੀ ਵਿਚਾਰਧਾਰਾ ਬਾਰੇ ਵਿਚਾਰ ਸਾਂਝੇ ਕਰਨਗੇ। 11 ਨੂੰ ਹੀ ਢਾਡੀ, ਕਵੀਸ਼ਰੀ ਦਰਬਾਰ ਤੇ 101 ਸਿੱਖ ਸ਼ਖ਼ਸੀਅਤਾਂ ਦੇ ਸਨਮਾਨ ਸਬੰਧੀ ਸਮਾਗਮ ਹੋਵੇਗਾ। 12 ਨਵੰਬਰ ਨੂੰ ਮੁੱਖ ਸਮਾਗਮ ਹੋਵੇਗਾ। 12 ਨਵੰਬਰ ਰਾਤ ਸਮੇਂ ਕੀਰਤਨ ਦਰਬਾਰ ਹੋਵੇਗਾ ਤੇ 12 ਤੇ 13 ਨਵੰਬਰ ਦਰਮਿਆਨੀ ਰਾਤ ਇੱਕ ਵਜੇ ਅਖੰਡ ਪਾਠ ਦੇ ਭੋਗ ਪਾਏ ਜਾਣਗੇ।

  ਚੰਡੀਗੜ੍ਹ - ਕੇਂਦਰ ਸਰਕਾਰ ਵੱਲੋਂ ਟਾਡਾ ਅਧੀਨ ਜੇਲ੍ਹ ਵਿੱਚ ਬੰਦ 8 ਸਿੱਖ ਕੈਦੀਆਂ ਦੀ ਰਿਹਾਈ ਦੇ ਫੈਸਲੇ ਦਾ ਸਿਹਰਾ ਲੈਣ ਲਈ ਭਾਵੇਂ ਕਿ ਸੂਬੇ ਦੀ ਕਾਂਗਰਸ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਦੌੜ ਲੱਗੀ ਹੋਈ ਹੈ ਪਰ ਅਸਲ ਵਿੱਚ ਇਨ੍ਹਾਂ ਕੈਦੀਆਂ ਵਿੱਚੋਂ 5 ਪਹਿਲਾਂ ਹੀ ਜੇਲ੍ਹ ਵਿੱਚੋਂ ਬਾਹਰ ਹਨ ਅਤੇ ਇੱਕ ਕੈਦੀ ਦੀ ਮੌਤ ਹੋ ਚੁੱਕੀ ਹੈ। ਸਰਕਾਰ ਨੇ ਪਿਛਲੇ ਸਾਲ ਫਿਰੋਜ਼ਪੁਰ ਦੇ ਸਵਰਨ ਸਿੰਘ, ਅੰਮ੍ਰਿਤਸਰ ਵਾਸੀ ਹਰਦੀਪ ਸਿੰਘ, ਵਰਿਆਮ ਸਿੰਘ ਜੋ ਕਿ ਉੱਤਰ ਪ੍ਰਦੇਸ਼ ਦੀ ਬਾਂਸ ਬਰੇਲੀ ਜੇਲ੍ਹ ਵਿੱਚ ਬੰਦ ਸਨ ਅਤੇ ਨਾਭਾ ਜੇਲ੍ਹ ਵਿੱਚ ਬੰਦ ਪਾਤੜਾਂ ਵਾਸੀ ਦਿਲਬਾਗ ਸਿੰਘ ਨੂੰ ਰਿਹਾਅ ਕਰ ਦਿੱਤਾ ਸੀ। ਜਨਵਰੀ 2016 ਵਿੱਚ ਰਿਹਾਅ ਕੀਤੇ ਅਜਨਾਲਾ ਵਾਸੀ ਬੱਲ ਸਿੰਘ ਦੀ ਮੌਤ ਹੋ ਚੁੱਕੀ ਹੈ। ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਜਿਨ੍ਹਾਂ ਕੈਦੀਆਂ ਨੂੰ ਰਿਹਾਅ ਕੀਤਾ ਜਾਣਾ ਹੈ, ਉਨ੍ਹਾਂ ਬਾਰੇ ਸੂਚੀ ਅਜੇ ਮਿਲਣੀ ਹੈ। ਪਹਿਲਾਂ ਹੀ ਰਿਹਾਅ ਹੋ ਚੁੱਕੇ ਕੈਦੀਆਂ ਦੇ ਨਾਂਅ ਸੂਚੀ ਵਿੱਚ ਸ਼ਾਮਲ ਹੋਣ ਬਾਰੇ ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ਜਾਪਦਾ ਹੈ ਕਿ ਪੰਜਾਬ ਸਰਕਾਰ ਨੇ ਕੈਦੀਆਂ ਦੀ ਸੂਚੀ ਨੂੰ ਅੱਪਡੇਟ ਨਹੀਂ ਕੀਤਾ।

  ਨਵੀਂ ਦਿੱਲੀ - ਕੇਂਦਰੀ ਰੇਲਵੇ ਮੰਤਰੀ ਪਿਊਸ਼ ਗੋਇਲ ਨੇ ਅੱਜ ਇੱਥੇ ‘ਸਰਬੱਤ ਦਾ ਭਲਾ’ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਈ ਅਤੇ ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਰੇਲ ਸੇਵਾ ਗੁਰੂ ਨਾਨਕ ਦੇਵ ਜੀ ਨੂੰ ਸੱਚੀ ਸ਼ਰਧਾਂਜਲੀ ਹੈ। ਇਹ ਰੇਲ ਗੱਡੀ ਨਵੀਂ ਦਿੱਲੀ ਤੋਂ ਵਿਸ਼ੇਸ਼ ਤੌਰ ਉੱਤੇ ਸੁਲਤਾਨਪੁਰ ਲੋਧੀ ਲਈ ਚਲਾਈ ਗਈ ਹੈ। ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾ਼ਸ਼ ਪੁਰਬ ਨੂੰ ਵੱਡੇ ਪੱਧਰ ਉੱਤੇ ਮਨਾਇਆ ਜਾ ਰਿਹਾ ਹੈ। ਇਸ ਮੌਕੇ ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ ਵਰਧਨ ਵੀ ਮੌਜੂਦ ਸਨ।
  ਇਸ ਮੌਕੇ ਸ੍ਰੀ ਗੋਇਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਆਪਣੀ ਆਸਥਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਸ਼ਾਂਤੀ ਦੇ ਦੂਤ ਸਨ। ਉਨ੍ਹਾਂ ਦੇ 12 ਨਵੰਬਰ ਨੂੰ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਸਮਾਗਮ ਅਤਿ ਪ੍ਰਭਾਵਸ਼ਾਲੀ ਅਤੇ ਯਾਦਗਾਰੀ ਹੋਣਗੇ। ਸਰਬੱਤ ਦਾ ਭਲਾ ਰੇਲ ਗੱਡੀ ਨੂੰ ਸ਼ੁੱਕਰਵਾਰ ਨੂੰ ਸਵੇਰੇ 6.30 ਵਜੇ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਅਤੇ ਇਹ ਬਾਅਦ ਦੁਪਹਿਰ ਸੁਲਤਾਨਪੁਰ ਲੋਧੀ ਪੁੱਜੀ। ਉਨ੍ਹਾਂ ਜਾਣਕਾਰੀ ਦਿੱਤੀ ਕਿ ਕੱਲ੍ਹ ਵੀ ਵਿਭਾਗ ਨੇ ਵੰਦੇ ਭਾਰਤ ਗੱਡੀ ਸ਼ੁਰੂ ਕੀਤੀ ਹੈ ਅਤੇ ਇਹ ਮਾਤਾ ਵੈਸ਼ਨੂੰ ਦੇਵੀ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖ ਕੇ ਸ਼ੁਰੂ ਕੀਤੀ ਗਈ ਹੈ ਅਤੇ ਅੱਜ ਦੀ ਰੇਲ ਗੱਡੀ ਸੁਲਤਾਨਪੁਰ ਲੋਧੀ ਜਾਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਸ਼ੁਰੂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਮੌਕੇ ਹਰਸਿਮਰਤ ਕੌਰ ਬਾਦਲ ਨੇ ਨਵੀਂ ਦਿੱਲੀ ਅਤੇ ਸੁਲਤਾਨਪੁਰ ਲੋਧੀ ਵਿਚਕਾਰ ਸ਼ਰਧਾਲੂਆਂ ਦੀ ਸਹੂਲਤ ਲਈ ਇੱਕ ਵਿਸ਼ੇਸ਼ ਰੇਲ ਸੇਵਾ ਸ਼ੁਰੂ ਕਰਨ ਲਈ ਆਖਿਆ ਸੀ। ਉਨ੍ਹਾਂ ਨੇ ਰੇਲ ਮੰਤਰਾਲੇ ਨੂੰ ਇਸ ਦਾ ਨਾਂਅ ‘ਸਰਬੱਤ ਦਾ ਭਲਾ ਐਕਸਪ੍ਰੈੱਸ’ ਰੱਖਣ ਦੀ ਵੀ ਅਪੀਲ ਕੀਤੀ ਸੀ। ‘ਸਰਬੱਤ ਦਾ ਭਲਾ’ ਐਕਸਪ੍ਰੈੱਸ ਰੇਲ ਗੱਡੀ ਸ਼ੁਰੂ ਕਰਨ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਪਿਊਸ਼ ਗੋਇਲ ਦਾ ਧੰਨਵਾਦ ਕਰਦਿਆਂ ਹਰਸਿਮਰਤ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਇਤਿਹਾਸਕ ਦਿਨ ਹੈ। ਇਹ ਰੇਲ ਗੱਡੀ ਦਿੱਲੀ, ਹਰਿਆਣਾ ਅਤੇ ਪੰਜਾਬ ਦੇ ਸ਼ਰਧਾਲੂਆਂ ਨੂੰ ਸੁਲਤਾਨਪੁਰ ਲੋਧੀ ਨਾਲ ਜੋੜੇਗੀ। ਇਸ ਦੌਰਾਨ ਕੇਂਦਰੀ ਮੰਤਰੀ ਸ੍ਰੀ ਹਰਸ਼ਵਰਧਨ ਨੇ ਕਿਹਾ ਕਿ ਇਹ ਸਰਕਾਰ ਵੱਲੋਂ ਦਿੱਲੀ ਵਾਸੀਆਂ ਦੇ ਲਈ ਇੱਕ ਤੋਹਫ਼ਾ ਹੈ। ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਰੇਲ ਮੰਤਰਾਲੇ ਵੱਲੋਂ ਕੀਤੇ ਜਾ ਰਹੇ ਵਿਸ਼ੇਸ਼ ਪ੍ਰਬੰਧਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ਦੇ ਆਧੁਨਿਕੀਕਰਨ ਉੱਤੇ 22 ਕਰੋੜ ਰੁਪਏ ਖਰਚਣ ਅਤੇ ਇੱਕ ਮਿਊਜ਼ੀਅਮ ਦੀ ਉਸਾਰੀ ਤੋਂ ਇਲਾਵਾ ਹਜ਼ੂਰ ਸਾਹਿਬ, ਨਾਂਦੇੜ ਤੋਂ ਫਿਰੋਜ਼ਪੁਰ ਵਿਚਕਾਰ 14 ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਯਾਤਰੀਆਂ ਦੀ ਸਹੂਲਤ ਲਈ ਉੱਤਰੀ ਰੇਲਵੇ ਵੱਲੋਂ 12 ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ। ਉਨ੍ਹਾਂ ਰੇਲ ਮੰਤਰੀ ਨੂੰ ਨਵੀਂ ਦਿੱਲੀ ਤੋਂ ਸੁਲਤਾਨਪੁਰ ਲੋਧੀ ਵਿਚਕਾਰ ਇੱਕ ਸਿੱਧੀ ਰੇਲ ਗੱਡੀ ਸ਼ੁਰੂ ਕਰਨ ਦੀ ਵੀ ਅਪੀਲ ਕੀਤੀ ਤਾਂ ਕਿ ਇੱਥੋਂ ਦੇ ਸ਼ਰਧਾਲੂ ਪਵਿੱਤਰ ਨਗਰੀ ਵਿਚ ਮੱਥਾ ਟੇਕਣ ਮਗਰੋਂ ਉਸੇ ਦਿਨ ਘਰਾਂ ਨੂੰ ਵਾਪਸ ਪਰਤ ਸਕਣ।ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੀ ਹਾਜ਼ਰ ਸਨ। ਇਸੇ ਦੌਰਾਨ ‘ਸਰਬੱਤ ਦਾ ਭਲਾ ਐਕਸਪ੍ਰੈੱਸ’ ਦਾ ਸਾਰੇ ਹੀ ਸਟੇਸ਼ਨਾਂ ਉੱਤੇ ਸਿੱਖ ਸੰਗਤ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।

  ਅੰਮ੍ਰਿਤਸਰ - ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਾ ਵੱਲੋਂ ਸਿੱਖੀ ਬਾਰੇ ਗੁਰਬਾਣੀ ਤੋਂ ਹਟ ਕੇ ਪ੍ਰਚਾਰ ਕਰਨ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੁੱਜ ਗਿਆ ਹੈ। ਭਾਰਤ ਸਮੇਤ ਵੱਖ-ਵੱਖ ਮੁਲਕਾਂ ਦੀਆਂ ਸਿੱਖ ਪ੍ਰਚਾਰਕ ਜਥੇਬੰਦੀਆਂ ਨੇ ਅੱਜ ਇੱਥੇ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਇਸ ਸਬੰਧੀ ਸ਼ਿਕਾਇਤ ਪੱਤਰ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪੇ ਹਨ। ਸ੍ਰੀ ਅਕਾਲ ਤਖ਼ਤ ਵੱਲੋਂ ਇਹ ਮਾਮਲਾ ਪੰਜ ਸਿੰਘ ਸਾਹਿਬਾਨ ਦੀ ਇਸ ਮਹੀਨੇ ਹੋਣ ਵਾਲੀ ਇਕੱਤਰਤਾ ਵਿਚ ਵਿਚਾਰਨ ਦਾ ਭਰੋਸਾ ਦਿੱਤਾ ਗਿਆ ਹੈ।
  ਦੇਸ਼ ਵਿਦੇਸ਼ ਤੋਂ ਆਏ ਸਿੱਖ ਪ੍ਰਚਾਰਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਦੋਸ਼ ਲਾਇਆ ਕਿ ਰਣਜੀਤ ਸਿੰਘ ਢੱਡਰੀਆਂ ਵਾਲਾ ਵੱਲੋਂ ਸਿੱਖੀ ਬਾਰੇ ਗੁਰਬਾਣੀ ਤੋਂ ਹਟ ਕੇ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਮਾਈ ਭਾਗੋ ਬਾਰੇ ਕੀਤੇ ਗਏ ਕੁਝ ਇਤਰਾਜ਼ਯੋਗ ਪ੍ਰਚਾਰ ਬਾਰੇ ਵੀ ਜਥੇਦਾਰ ਨੂੰ ਜਾਣੂ ਕਰਾਇਆ। ਇਨ੍ਹਾਂ ਪ੍ਰਚਾਰਕਾਂ ਨੇ ਅਪੀਲ ਕੀਤੀ ਕਿ ਇਸ ਮਾਮਲੇ ਵਿਚ ਉਸ ਖ਼ਿਲਾਫ਼ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇ। ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਸ਼ਿਕਾਇਤਾਂ ਨੂੰ ਪੰਜ ਸਿੰਘ ਸਾਹਿਬਾਨ ਦੀ ਹੋਣ ਵਾਲੀ ਇਕੱਤਰਤਾ ਵਿਚ ਵਿਚਾਰਿਆ ਜਾਵੇਗਾ। ਇਹ ਇਕੱਤਰਤਾ ਇਸੇ ਮਹੀਨੇ ਹੋਣ ਦੀ ਸੰਭਾਵਨਾ ਹੈ।
  ਇਹ ਸ਼ਿਕਾਇਤ ਪੱਤਰ ਦੇਣ ਵਾਲਿਆਂ ਵਿਚ ਇਟਲੀ, ਨਿਊਜ਼ੀਲੈਂਡ, ਇੰਗਲੈਂਡ, ਕੈਨੇਡਾ ਤੇ ਹੋਰ ਮੁਲਕਾਂ ਦੀਆਂ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਗਿਆਨੀ ਕੁਲਵੰਤ ਸਿੰਘ ਲੁਧਿਆਣਾ, ਗਿਆਨੀ ਸਤਨਾਮ ਸਿੰਘ ਖਡੂਰ ਸਾਹਿਬ, ਜਥਾ ਅੰਮ੍ਰਿਤ ਸੰਚਾਰ ਯੂਕੇ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਇਟਲੀ, ਨੈਸ਼ਨਲ ਸਿੱਖ ਧਰਮ ਪ੍ਰਚਾਰ ਕਮੇਟੀ ਇਟਲੀ, ਗੁਰਦੁਆਰਾ ਗੁਰੂ ਹਰਿਗੋਬਿੰਦ ਸਾਹਿਬ ਆਕਲੈਂਡ, ਗੁਰਦੁਆਰਾ ਗੁਰੂ ਅਮਰਦਾਸ ਸਾਹਿਬ ਨਿਊਜ਼ੀਲੈਂਡ, ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਕੈਲੇਫੋਰਨੀਆ, ਗੁਰਦੁਆਰਾ ਗੁਰਮਤਿ ਪ੍ਰਕਾਸ਼ ਮੋਨਟੀਕਾ, ਕੈਪੀਟਲ ਸਿੱਖ ਸੈਂਟਰ, ਪਟਿਆਲਾ, ਕੁਰੂਕਸ਼ੇਤਰ, ਕੇਸਗੜ੍ਹ ਸਾਹਿਬ ਤੇ ਹੋਰ ਥਾਵਾਂ ਤੋਂ ਸਿੱਖ ਪ੍ਰਚਾਰਕ ਪੁੱਜੇ ਹੋਏ ਸਨ।
  ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੀ ਹਾਜ਼ਰ ਸਨ। ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਗੁਰੂ ਨਾਨਕ ਦੇਵ ਦਾ 550 ਸਾਲਾ ਪ੍ਰਕਾਸ਼ ਪੁਰਬ ਸਮੁੱਚੀ ਕੌਮ ਨੂੰ ਇਕਜੁੱਟ ਹੋ ਕੇ ਮਨਾਉਣਾ ਚਾਹੀਦਾ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਵਿਚਾਲੇ ਚਲ ਰਹੇ ਮੱਤਭੇਦਾਂ ਬਾਰੇ ਉਨ੍ਹਾਂ ਆਖਿਆ ਕਿ ਜੇ ਲੋੜ ਪਈ ਤਾਂ ਸ੍ਰੀ ਅਕਾਲ ਤਖ਼ਤ ਵੱਲੋਂ ਇਸ ਮਾਮਲੇ ਵਿਚ ਮੁੜ ਦਖ਼ਲਅੰਦਾਜ਼ੀ ਕੀਤੀ ਜਾਵੇਗੀ ਪਰ ਫਿਲਹਾਲ ਤਾਲਮੇਲ ਕਮੇਟੀ ਦੀਆਂ ਮੀਟਿੰਗਾਂ ਜਾਰੀ ਹਨ।
  ਮੀਟਿੰਗਾਂ ਮਗਰੋਂ ਤਾਲਮੇਲ ਕਮੇਟੀ ਦੀ ਜੋ ਰਿਪੋਰਟ ਹੋਵੇਗੀ, ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਗਾਇਕ ਕੇ.ਐੱਸ. ਮੱਖਣ ਵੱਲੋਂ ਕਕਾਰ ਉਤਾਰ ਕੇ ਵਾਪਸ ਕਰਨ ਦੀ ਕਾਰਵਾਈ ਨੂੰ ਉਨ੍ਹਾਂ ਅਣਉੱਚਿਤ ਕਰਾਰ ਦਿੰਦਿਆਂ ਆਖਿਆ ਕਿ ਕਕਾਰ ਗੁਰੂ ਵੱਲੋਂ ਸੌਂਪੇ ਗਏ ਹਨ ਅਤੇ ਗੁਰੂ ਸਾਹਿਬ ਨੇ ਇਸ ਵਿਅਕਤੀ ਨੂੰ ਕੋਈ ਮਾੜਾ ਚੰਗਾ ਨਹੀਂ ਬੋਲਿਆ ਹੈ। ਗਾਇਕ ਗੁਰਦਾਸ ਮਾਨ ਵੱਲੋਂ ਪੰਜਾਬੀ ਭਾਸ਼ਾ ਬਾਰੇ ਕੀਤੀ ਟਿੱਪਣੀ ਸਬੰਧੀ ਉਨ੍ਹਾਂ ਆਖਿਆ ਕਿ ਜਦੋਂ ਕੋਈ ਪੰਜਾਬੀ ਹਿਤੈਸ਼ੀ ਅਜਿਹੀ ਗੱਲ ਕਰਦਾ ਹੈ ਤਾਂ ਮਨਾਂ ਨੂੰ ਠੇਸ ਪੁੱਜਦੀ ਹੈ।

  ਚੰਡੀਗੜ੍ਹ  - ਕੈਨੇਡਾ ਦੀ ਨਿਊ ਡੈਮੋਕਰੈਟਿਕ ਪਾਰਟੀ (ਐੱਨਡੀਪੀ) ਦੇ ਆਗੂ ਜਗਮੀਤ ਸਿੰਘ ਨੇ ਮਾਂਟਰੀਅਲ, ਕਿਊਬੈੱਕ ਵਿੱਚ ਇਕ ਵੋਟਰ ਵੱਲੋਂ ਕੀਤੀ ਨਸਲੀ ਟਿੱਪਣੀ ਦਾ ਬੜੇ ਠਰ੍ਹੰਮੇ ਤੇ ਸ਼ਾਂਤ ਚਿੱਤ ਰਹਿ ਕੇ ਜਵਾਬ ਦਿੱਤਾ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ 26 ਸਕਿੰਟ ਦੀ ਇਸ ਵੀਡੀਓ ਵਿੱਚ ਜਗਮੀਤ ਇਕ ਭਰੇ-ਪੁਰੇ ਬਾਜ਼ਾਰ ਵਿੱਚ ਇਕ ਸ਼ਖ਼ਸ (ਵੋਟਰ) ਕੋਲ ਜਾਂਦਾ ਵਿਖਾਈ ਦਿੰਦਾ ਹੈ। ਇਹ ਵੋਟਰ ਜਗਮੀਤ ਨੂੰ ਕਹਿੰਦਾ ਹੈ, ‘ਜੇਕਰ ਤੁਸੀਂ ਆਪਣੀ ਪੱਗੜੀ ਲਾਹ ਦਿਓ ਤਾਂ ਤੁਸੀਂ ਪੂਰੇ ਕੈਨੇਡੀਅਨ ਲੱਗੋਗੇ।’ ਇਸ ਸ਼ਖ਼ਸ ਦੀ ਟਿੱਪਣੀ, ਜੋ ਥੋੜ੍ਹੀ ਨਸਲੀ ਜਾਪਦੀ ਸੀ, ਦਾ ਜਵਾਬ ਦਿੰਦਿਆਂ ਜਗਮੀਤ ਨੇ ਕਿਹਾ, ‘ਕੈਨੇਡਾ ਦੀ ਇਹੀ ਖੂਬਸੂਰਤੀ ਹੈ ਕਿ ਇਥੋਂ ਦੇ ਲੋਕ ਹਰ ਵਰਗ/ਵੰਨਗੀ ਦੇ ਲੋਕਾਂ ਨੂੰ ਪਸੰਦ ਕਰਦੇ ਹਨ।’ ਇਸ ਸ਼ਖ਼ਸ ਨੇ ਅੱਗੇ ਕਿਹਾ, ‘ਤੁਸੀਂ ਜਿਸ ਮੁਲਕ ਵਿੱਚ ਹੋਵੋ, ਉਸ ਮੁਤਾਬਕ ਵਿਹਾਰ ਕਰੋ।’ ਜਗਮੀਤ ਨੇ ਇਸ ਸ਼ਖ਼ਸ ਨਾਲ ਹੱਥ ਮਿਲਾਉਣ ਤੋਂ ਪਹਿਲਾਂ ਕਿਹਾ, ‘ਇਹ ਕੈਨੇਡਾ ਹੈ, ਜਿੱਥੇ ਤੁਹਾਨੂੰ ਆਪਣੀ ਪਸੰਦ-ਨਾਪਸੰਦ ਦੱਸਣ ਦੀ ਖੁੱਲ੍ਹ ਹੈ।’ ਮਗਰੋਂ ਜਗਮੀਤ ਨੇ ਇਸ ਵੀਡੀਓ ਬਾਰੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ, ‘ਮੈਂ ਤੁਹਾਨੂੰ ਇਹੀ ਕਹਾਂਗਾ ਕਿ ਤੁਸੀਂ ਜੋ ਹੋ, ਉਸ ਨੂੰ ਨਾ ਬਦਲੋ। ਇਥੇ ਹਰ ਕੋਈ ਆਪਣੀ ਥਾਂ ਦਾ ਹੱਕਦਾਰ ਹੈ।’ ਨਿਊ ਡੈਮੋਕਰੈਟਿਕ ਪਾਰਟੀ ਕੈਨੇਡਾ ਦੀ ਤੀਜੀ ਸਭ ਤੋਂ ਵੱਡੀ ਸਿਆਸੀ ਪਾਰਟੀ ਹੈ।

  ਨਵੀਂ ਦਿੱਲੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਅਤੇ ਕਰਤਾਰਪੁਰ ਲਾਂਘਾ ਖੁੱਲ੍ਹਣ ਦੇ ਇਤਿਹਾਸਕ ਦਿਹਾੜੇ ਦੇ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਪੱਤਰ ਦਿੱਤਾ। ਵੱਖੋ-ਵੱਖਰੀਆਂ ਮਿਲਣੀਆਂ ਵਿੱਚ ਮੁੱਖ ਮੰਤਰੀ ਨੇ ਦੋਵਾਂ ਸਖਸ਼ੀਅਤਾਂ ਨੂੰ ਸੱਦਾ ਪੱਤਰ ਸੌਂਪਦਿਆਂ ਸਮਾਗਮਾਂ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਦੌਰਾਨ ਹੀ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਕਰਤਾਰਪੁਰ ਜਾਣ ਵਾਲੇ ਪਹਿਲੇ ਜਥੇ ਵਿੱਚ ਸ਼ਾਮਲ ਹੋਣ ਦਾ ਸੱਦਾ ਪ੍ਰਵਾਨ ਕਰ ਲਿਆ ਹੈ। ਇਸ ਦੌਰਾਨ ਹੀ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਉਹ ਕਰਤਾਰਪੁਰ ਲਾਂਘਾ ਖੋਲ੍ਹਣ ਸਬੰਧੀ ਸਮਾਗਮ ਲਈ ਪਾਕਿਸਤਾਨ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਉਹ ਉਦੋਂ ਤੱਕ ਪਾਕਿਸਤਾਨ ਨਹੀਂ ਜਾਣਗੇ ਜਦੋਂ ਤੱਕ ਪਾਕਿਸਤਾਨ ਸਰਹੱਦ ਪਾਰਲੇ ਅਤਿਵਾਦ ਨੂੰ ਨਹੀਂ ਰੋਕਦਾ। ਉਨ੍ਹਾਂ ਮੀਡੀਆ ਵਿੱਚ ਚੱਲ ਰਹੀਆਂ ਖ਼ਬਰਾਂ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਹੋਣ ਵਾਲੇ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਦਾ ਸੱਦਾ ਪ੍ਰਵਾਨ ਕਰ ਲਿਆ ਹੈ, ਬਾਰੇ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਉਨ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਯੋਜਨਾ ਹੈ।ਉਨ੍ਹਾਂ ਦੱਸਿਆ ਕਿ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਸੂਬਾ ਸਰਕਾਰ ਵੱਲੋਂ ਇਨ੍ਹਾਂ ਇਤਿਹਾਸਕ ਸਮਾਗਮਾਂ ਵਿੱਚ ਸ਼ਾਮਲ ਹੋਣ ਦੇ ਸੱਦਾ ਪੱਤਰ ਸਵੀਕਾਰ ਕਰ ਲਏ ਹਨ ਅਤੇ ਉਨ੍ਹਾਂ ਦੇ ਦੌਰੇ ਦੇ ਪ੍ਰੋਗਰਾਮ ਨੂੰ ਅੰਤਿਮ ਰੂਪ ਪਾਕਿਸਤਾਨ ਵਾਲੇ ਪਾਸਿਓਂ ਕਰਤਾਰਪੁਰ ਲਾਂਘਾ ਖੁੱਲ੍ਹਣ ਦੇ ਉਦਘਾਟਨੀ ਪ੍ਰੋਗਰਾਮ ਨੂੰ ਤੈਅ ਕਰਨ ਤੋਂ ਬਾਅਦ ਦਿੱਤਾ ਜਾਵੇਗਾ। ਮੁੱਖ ਮੰਤਰੀ ਵੱਲੋਂ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨਾਲ ਸਮਾਗਮਾਂ ਦੀ ਰੂਪ ਰੇਖਾ ਵੀ ਵੇਰਵੇ ਸਹਿਤ ਸਾਂਝੀ ਕੀਤੀ ਗਈ ਅਤੇ ਅਪੀਲ ਕੀਤੀ ਕਿ ਉਹ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਦੋਵਾਂ ਨੂੰ ਬੇਨਤੀ ਕੀਤੀ ਕਿ ਉਹ ਵਿਸ਼ੇਸ਼ ਤੌਰ ’ਤੇ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਲਾਂਘਾ ਖੁੱਲ੍ਹਣ ਦੇ ਉਦਘਾਟਨੀ ਸਮਾਗਮ ਅਤੇ 12 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੇ ਸਮਾਗਮ ਵਿੱਚ ਜ਼ਰੂਰ ਸ਼ਾਮਲ ਹੋਣ। ਮੁੱਖ ਮੰਤਰੀ ਨੇ ਅੱਜ ਇੱਥੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਪਹਿਲੇ ਸਰਵ ਪਾਰਟੀ ਜੱਥੇ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ। ਇਹ ਜਥਾ ਮੁੱਖ ਮੰਤਰੀ ਕੈੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ 9 ਨਵੰਬਰ ਨੂੰ ਜਾਣਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਡਾ. ਮਨਮੋਹਨ ਸਿੰਘ ਨੇ ਉਨ੍ਹਾਂ ਦੀ ਬੇਨਤੀ ਸਵੀਕਾਰ ਕਰ ਲਈ ਹੈ।
  ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਬੇਨਤੀ ਕੀਤੀ ਕਿ 550ਵੇਂ ਪ੍ਰਕਾਸ਼ ਪੁਰਬ ਦੇ ਇਤਿਹਾਸਕ ਦਿਹਾੜੇ ਮੌਕੇ ਸ੍ਰੀ ਗੁਰੂ ਨਾਨਕ ਦੇਵ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ (ਹੁਣ ਪਾਕਿਸਤਾਨ) ਜਾਣ ਵਾਲੇ ਵਿਸ਼ੇਸ਼ ਸਰਵ ਪਾਰਟੀ ਜੱਥੇ ਨੂੰ ਰਾਜਸੀ ਮਨਜ਼ੂਰੀ ਦਿਵਾਉਣ ਲਈ ਨਿੱਜੀ ਤੌਰ ’ਤੇ ਦਖਲ ਦੇਣ। ਉਨ੍ਹਾਂ ਬੇਨਤੀ ਕੀਤੀ ਕਿ 30 ਅਕਤੂਬਰ ਤੋਂ 3 ਨਵੰਬਰ 2019 ਤੱਕ 21 ਵਿਅਕਤੀਆਂ ਦੇ ਜੱਥੇ ਨੂੰ ਸ੍ਰੀ ਨਨਕਾਣਾ ਸਾਹਿਬ ਜਾਣ ਅਤੇ ਸ੍ਰੀ ਨਨਕਾਣਾ ਸਾਹਿਬ ਤੋਂ ਸੁਲਤਾਨਪੁਰ ਲੋਧੀ ਤੱਕ ਵਾਇਆ ਅੰਮਿ੍ਤਸਰ (ਵਾਹਗਾ) ਨਗਰ ਕੀਰਤਨ ਲਿਜਾਣ ਦੀ ਆਗਿਆ ਦਿੱਤੀ ਜਾਵੇ। ਨਗਰ ਕੀਰਤਨ 4 ਨਵੰਬਰ ਨੂੰ ਸੁਲਤਾਨਪੁਰ ਲੋਧੀ ਪੁੱਜੇਗਾ। ਮੁੱਖ ਮੰਤਰੀ ਨੇ ਵਿਦੇਸ਼ ਮੰਤਰੀ ਡਾ.ਐਸ.ਜੈਸ਼ੰਕਰ ਨੂੰ ਵੀ ਅਰਧ ਸਰਕਾਰੀ ਪੱਤਰ ਲਿਖਦਿਆਂ ਸ੍ਰੀ ਨਨਕਾਣਾ ਸਾਹਿਬ ਜਾਣ ਵਾਲੇ ਜੱਥੇ ਨੂੰ ਰਸਮੀ ਤੌਰ ’ਤੇ ਪ੍ਰਵਾਨਗੀ ਦਿਵਾਉਣ ਦੀ ਮੰਗ ਕੀਤੀ ਅਤੇ ਨਗਰ ਕੀਰਤਨ ਨੂੰ ਪਾਕਿਸਤਾਨ ਤੋਂ ਪੰਜਾਬ ਲਿਆਉਣ ਦੀ ਮਨਜ਼ੂਰੀ ਦੇਣ ਦੀ ਮੰਗ ਵੀ ਕੀਤੀ।

  • ਸਰਕਾਰੀ ਸਨਮਾਨਾਂ ਨਾਲ ਸਸਕਾਰ ਮੌਕੇ 21 ਤੋਪਾਂ ਦੀ ਸਲਾਮੀ ਦਿੱਤੀ • ਵੱਡੀ ਗਿਣਤੀ 'ਚ ਪੁਲਿਸ ਅਧਿਕਾਰੀ, ਪ੍ਰਸ਼ਾਸਨ, ਆਮ ਲੋਕਾਂ ਤੇ ਸਿੱਖ ਭਾਈਚਾਰੇ ਨੇ ਦਿੱਤੀ ਸ਼ਰਧਾਂਜਲੀ
  ਹਿਊਸਟਨ - ਬੀਤੇ ਦਿਨੀਂ ਅਮਰੀਕਾ ਦੇ ਸ਼ਹਿਰ ਹਿਊਸਟਨ ਵਿਖੇ ਆਪਣੀ ਡਿਊਟੀ ਦੌਰਾਨ ਮਾਰੇ ਗਏ ਟ੍ਰੈਫਿਕ ਪੁਲਿਸ ਅਫ਼ਸਰ ਡਿਪਟੀ ਸੰਦੀਪ ਸਿੰਘ ਧਾਲੀਵਾਲ ਦਾ ਅੰਤਿਮ ਸੰਸਕਾਰ ਸਿੱਖ ਧਾਰਮਿਕ ਰਸਮਾਂ ਅਤੇ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ 'ਚ ਪੁਲਿਸ ਅਧਿਕਾਰੀ, ਪ੍ਰਸ਼ਾਸਨ, ਆਮ ਤੇ ਸਿੱਖ ਭਾਈਚਾਰੇ ਦੇ ਲੋਕ ਹਾਜ਼ਰ ਸਨ | ਸਿਰਫ਼ ਹਿਊਸਟਨ ਹੀ ਨਹੀਂ ਸਗੋਂ ਪੂਰੇ ਅਮਰੀਕਾ ਨੇ ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਸ਼ਰਧਾਂਜਲੀ ਭੇਟ ਕੀਤੀ | ਅੰਤਿਮ ਸੰਸਕਾਰ ਮੌਕੇ ਪੁਲਿਸ ਅਧਿਕਾਰੀਆਂ ਵਲੋਂ 21 ਤੋਪਾਂ ਦੀ ਸਲਾਮੀ ਦਿੱਤੀ ਗਈ | ਅੰਤਿਮ ਯਾਤਰਾ ਦਾ ਰਸਤਾ ਨੀਲੇ ਅਤੇ ਚਿੱਟੇ ਰੰਗਾਂ 'ਚ ਰੰਗਿਆ ਗਿਆ ਸੀ | ਸੰਦੀਪ ਸਿੰਘ ਧਾਲੀਵਾਲ (42) ਹੈਰਿਸ ਕਾਊਾਟੀ ਵਿਚ ਇਕ ਸਿੱਖ ਸ਼ੈਰਿਫ ਦਾ ਪਹਿਲਾ ਡਿਪਟੀ ਸੀ, ਇਸ ਖੇਤਰ ਵਿਚ ਕਰੀਬ ਦਸ ਹਜ਼ਾਰ ਲੋਕ ਰਹਿੰਦੇ ਹਨ | ਅਮਰੀਕਾ ਦੇ ਝੰਡੇ ਵਿਚ ਲਪੇਟੀ ਧਾਲੀਵਾਲ ਦੀ ਮਿ੍ਤਕ ਦੇਹ ਨੂੰ ਦੇਖ ਕੇ ਮਾਹੌਲ ਬਹੁਤ ਹੀ ਗ਼ਮਗੀਨ ਸੀ | ਉਸ ਦੇ ਪਰਿਵਾਰਕ ਮੈਂਬਰ ਜਿਨ੍ਹਾਂ ਵਿਚ ਉਸ ਦੀ ਪਤਨੀ, ਦੋਵੇਂ ਛੋਟੀਆਂ ਬੇਟੀਆਂ ਤੇ ਉਸ ਦਾ ਛੋਟਾ ਬੇਟਾ ਅਤੇ ਧਾਲੀਵਾਲ ਦਾ ਪਿਤਾ ਤੇ ਉਸ ਦੀ ਭੈਣ ਤੇ ਹੋਰ ਰਿਸ਼ਤੇਦਾਰਾਂ ਲਈ ਇਹ ਬਹੁਤ ਕਠਿਨ ਸਮਾਂ ਸੀ | ਇਸ ਮੌਕੇ ਹਰ ਅੱਖ ਨਮ ਸੀ ਤੇ ਗ਼ੈਰ-ਸਿੱਖ ਗੋਰੇ ਵੀ ਧਾਲੀਵਾਲ ਨੂੰ ਯਾਦ ਕਰਕੇ ਅੱਥਰੂ ਵਹਾ ਰਹੇ ਸਨ | ਬੇਰੀ ਸੈਂਟਰ ਤੋਂ 'ਫਿਊਨਲ ਹੋਮ' ਤੱਕ ਸੰਦੀਪ ਸਿੰਘ ਧਾਲੀਵਾਲ ਦੀ ਮਿ੍ਤਕ ਦੇਹ ਪੁਲਿਸ ਦੀ ਇਕ ਵਿਸ਼ੇਸ਼ ਗੱਡੀ ਵਿਚ ਲਿਜਾਈ ਗਈ ਜਿਸ ਦੀ ਅਗਵਾਈ ਇਕ ਬਹੁਤ ਵੱਡਾ ਮੋਟਰ ਸਾਈਕਲ ਪੁਲਿਸ ਦਾ ਦਸਤਾ ਕਰ ਰਿਹਾ ਸੀ ਤੇ ਪਿੱਛੇ ਇਕ ਬਹੁਤ ਵੱਡਾ ਗੱਡੀਆਂ ਦਾ ਕਾਫ਼ਲਾ ਚੱਲ ਰਿਹਾ ਸੀ | ਸੜਕਾਂ ਦੇ ਦੋਵੇਂ ਪਾਸੇ ਗੋਰੇ ਲੋਕ ਅਮਰੀਕਾ ਦੇ ਝੰਡੇ ਲਹਿਰਾ ਕੇ ਧਾਲੀਵਾਲ ਨੂੰ ਸਲੂਟ ਕਰ ਰਹੇ ਸਨ |
  ਅੰਤਿਮ ਸੰਸਕਾਰ ਤੋਂ ਪਹਿਲਾਂ ਹਿਊਸਟਨ ਦੇ ਬੇਰੀ ਸੈਂਟਰ ਵਿਖੇ ਤਕਰੀਬਨ 12 ਹਜ਼ਾਰ ਲੋਕਾਂ ਦੀ ਹਾਜ਼ਰੀ ਵਿਚ ਸ਼ਰਧਾਂਜਲੀ ਸਮਾਗਮ ਸਰਕਾਰੀ ਤੌਰ 'ਤੇ ਕੀਤਾ ਗਿਆ, ਜਿਥੇ ਪਹਿਲਾਂ ਗੁਰਬਾਣੀ ਦਾ ਪਾਠ ਤੇ ਕੀਰਤਨ ਕੀਤਾ ਗਿਆ ਉਪਰੰਤ ਵੱਖ-ਵੱਖ ਬੁਲਾਰੇ ਜਿਨ੍ਹਾਂ ਵਿਚ ਲੈਫ਼ਟੀਨੈਂਟ ਗਵਰਨਰ ਡੈਨਪੈਟਰਿਕ, ਨਿਊਜਰਸੀ ਦੇ ਅਟਾਰਨੀ ਜਨਰਲ ਗੁਰਬੀਰ ਸਿੰਘ ਗਰੇਵਾਲ, ਸੈਨੇਟਰ ਟੈਡ ਕਰੂਸ, ਕਮਿਸ਼ਨਰ ਹੈਰਿਸ ਕਾਊਾਟੀ, ਮਿ: ਏਡਰੀਮਾਨ ਗਰਸੀਆ, ਬੀਬੀ ਐਮੀ ਲਾਸਕੋ, ਕੈਪਟਨ ਸਿਮਰਤਪਾਲ ਸਿੰਘ, ਸ਼ੈਰਿਫ਼ ਅਫ਼ਸਰ ਇਡ ਗੁਨਜਾਲਿਸ, ਹਰਦਮ ਸਿੰਘ ਆਜ਼ਾਦ, ਹਿਊਸਟਨ ਦੇ ਮੇਅਰ ਆਦਿ ਸ਼ਾਮਿਲ ਸਨ, ਨੇ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਹਿਊਸਟਨ ਦੇ ਮੇਅਰ ਨੇ ਸਟੇਜ ਤੋਂ ਐਲਾਨ ਕੀਤਾ ਕਿ 2 ਅਕਤੂਬਰ ਨੂੰ ਹਰ ਸਾਲ 'ਧਾਲੀਵਾਲ ਡੇਅ' ਵਜੋਂ ਮਨਾਇਆ ਜਾਵੇਗਾ | ਸ਼ਰਧਾਂਜਲੀ ਸਮਾਗਮ ਦੌਰਾਨ ਅਮਰੀਕੀ ਫ਼ੌਜ ਦੇ ਕਪਤਾਨ ਸਿਮਰਤਪਾਲ ਸਿੰਘ ਨੇ ਕਿਹਾ ਕਿ ਸਾਡਾ ਸ਼ੇਰ ਸਰੀਰਕ ਤੌਰ 'ਤੇ ਚਲਾ ਜਾ ਸਕਦਾ ਹੈ, ਪਰ ਉਸ ਦੀ ਨਿਰਸਵਾਰਥ ਸੇਵਾ ਅਤੇ ਰੁਕਾਵਟਾਂ ਨੂੰ ਤੋੜਨ ਵਾਲੀ ਵਿਰਾਸਤ ਬਣੀ ਰਹੇਗੀ | ਸਾਰਿਆਂ ਨੇ ਸੰਦੀਪ ਸਿੰਘ ਧਾਲੀਵਾਲ ਦੀ ਜੰਮ ਕੇ ਤਾਰੀਫ਼ ਕੀਤੀ ਤੇ ਉਸ ਵਲੋਂ ਕੀਤੇ ਕੰਮਾਂ ਨੂੰ ਯਾਦ ਕੀਤਾ | ਬੁਲਾਰਿਆਂ ਨੇ ਕਿਹਾ ਕਿ ਸੰਦੀਪ ਨੇ ਸਿੱਖ ਕੌਮ ਦਾ ਸਿਰ ਉੱਚਾ ਕੀਤਾ ਹੈ ਤੇ ਆਪਣੀ ਦਸਤਾਰ ਦੀ ਪਹਿਚਾਣ ਗ਼ੈਰ-ਸਿੱਖਾਂ ਨੂੰ ਕਰਾਈ | ਇਸ ਮੌਕੇ ਸੰਦੀਪ ਸਿੰਘ ਧਾਲੀਵਾਲ ਦੇ ਸੀਨੀਅਰ ਪੁਲਿਸ ਅਫ਼ਸਰਾਂ ਨੇ ਸੰਦੀਪ ਸਿੰਘ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਬਹੁਤ ਸੂਝਵਾਨ ਤੇ ਨਿਡਰ ਪੁਲਿਸ ਅਫ਼ਸਰ ਸੀ | ਸੰਬੋਧਨ ਕਰਦੇ ਹੋਏ ਕਈ ਬੁਲਾਰੇ ਭਾਵੁਕ ਵੀ ਹੋਏ | ਸ਼ਰਧਾਂਜਲੀ ਸਮਾਗਮ ਤੇ ਅੰਤਿਮ ਸੰਸਕਾਰ ਸਮੇਂ ਕਾਫ਼ੀ ਮੁਲਕਾਂ ਤੋਂ ਪਤਵੰਤੇ ਸੰਦੀਪ ਸਿੰਘ ਧਾਲੀਵਾਲ ਨੂੰ ਅੰਤਿਮ ਵਿਦਾਇਗੀ ਦੇਣ ਲਈ ਪੁੱਜੇ ਹੋਏ ਸਨ | ਜਿਨ੍ਹਾਂ ਵਿਚ ਕੈਨੇਡਾ ਤੋਂ ਸਿੱਖ ਪੁਲਿਸ ਅਫ਼ਸਰਾਂ ਦਾ ਇਕ ਗਰੁੱਪ, ਇੰਗਲੈਂਡ ਤੋਂ ਖ਼ਾਲਸਾ ਏਡ ਦੇ ਮੁਖੀ ਰਵੀ ਸਿੰਘ, ਯੂਰਪ ਤੋਂ ਅਤੇ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਤੋਂ ਪਤਵੰਤੇ ਸ਼ਾਮਿਲ ਹੋਏ | ਇਸ ਮੌਕੇ ਅਮਰੀਕਾ ਅਤੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਤੋਂ ਜਿਹੜੇ ਪਤਵੰਤੇ ਪਹੁੰਚੇ ਸਨ, ਉਨ੍ਹਾਂ ਵਿਚ ਸਿਆਟਲ ਤੋਂ ਗੁਰਦੁਆਰਾ ਸੱਚਾ ਮਾਰਗ ਦੇ ਸਕੱਤਰ ਹਰਸ਼ਿੰਦਰ ਸਿੰਘ ਸੰਧੂ, ਯੂਨਾਈਟਿਡ ਸਿੱਖਸ ਦੇ ਬਲਵੰਤ ਸਿੰਘ, ਸਿੱਖ ਚਿੰਤਕ ਸਤਪਾਲ ਸਿੰਘ ਪੁਰੇਵਾਲ, ਲਾਸਵੇਗਸ ਤੋਂ ਐਫ. ਬੀ. ਆਈ. ਕਮੇਟੀ ਮੈਂਬਰ ਅਮਰ ਸਿੰਘ ਚੱਢਾ, ਸਿੱਖ ਕੰਪੇਨ ਦੇ ਡਾ: ਰਾਜਵੰਤ ਸਿੰਘ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |

  ਅੰਮ੍ਰਿਤਸਰ - ਸ਼ਤਾਬਦੀ ਕਮੇਟੀ ਦੀ ਚੇਅਰਪਰਸਨ ਤੇ ਸ਼ੋ੍ਰਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਆਦੇਸ਼ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਪੰਜਾਬ ਸਰਕਾਰ ਨਾਲ ਮਿਲ ਕੇ ਮਨਾਉਣ ਲਈ ਪਹਿਲ ਕਦਮੀ ਕੀਤੀ ਸੀ ਤੇ ਉਨ੍ਹਾਂ ਦੀ ਇਸ ਪਹੁੰਚ ਨੂੰ ਪੰਜਾਬ ਸਰਕਾਰ ਨੇ ਕੋਈ ਠੋਸ ਹੁੰਗਾਰਾ ਨਹੀਂ ਦਿੱਤਾ | ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸਮੇਂ ਦੀਆਂ ਸਰਕਾਰਾਂ ਸ਼ੋ੍ਰਮਣੀ ਕਮੇਟੀ ਨਾਲ ਮਿਲ ਕੇ ਵੱਖ-ਵੱਖ ਸ਼ਤਾਬਦੀਆਂ ਮਨਾਉਂਦੀਆਂ ਆਈਆਂ ਹਨ ਤੇ ਇਸੇ ਆਸ਼ੇ ਨੂੰ ਮੁੱਖ ਰੱਖ ਕੇ ਸ਼ੋ੍ਰਮਣੀ ਕਮੇਟੀ ਨੇ ਸਰਕਾਰ ਨਾਲ ਮਿਲ ਕੇ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦਾ ਫ਼ੈਸਲਾ ਲਿਆ ਸੀ | ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਵਲੋਂ 1 ਨਵੰਬਰ ਤੋਂ 8 ਨਵੰਬਰ ਤੱਕ ਭਾਈ ਮਰਦਾਨਾ ਹਾਲ ਵਿਚ ਤੇ 9 ਨਵੰਬਰ ਤੋਂ 12 ਨਵੰਬਰ ਤੱਕ ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ ਵਿਚ ਸਮਾਗਮ ਕਰਵਾਏ ਜਾ ਰਹੇ ਹਨ, ਜਦਕਿ ਪੰਜਾਬ ਸਰਕਾਰ ਵਲੋਂ ਵੱਖਰਾ ਪੰਡਾਲ ਬਣਾਇਆ ਜਾ ਰਿਹਾ ਹੈ ਤੇ ਹੁਣ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਸਰਕਾਰ ਸ਼ੋ੍ਰਮਣੀ ਕਮੇਟੀ ਨਾਲ ਮਿਲ ਕੇ ਪ੍ਰਕਾਸ਼ ਪੁਰਬ ਮਨਾਉਣ ਤੋਂ ਕਿਨਾਰਾ ਕਰ ਰਹੀ ਹੈ | ਬੀਬੀ ਜਗੀਰ ਕੌਰ ਨੇ ਕਿਹਾ ਕਿ ਗੁਰੂ ਨਾਨਕ ਸਟੇਡੀਅਮ ਜਿੱਥੇ ਸ਼ੋ੍ਰਮਣੀ ਕਮੇਟੀ ਵਲੋਂ ਮੁੱਖ ਸਮਾਗਮ ਕਰਵਾਇਆ ਜਾਣਾ ਹੈ, ਉਨ੍ਹਾਂ ਦੀ ਵਾਰ-ਵਾਰ ਬੇਨਤੀ ਦੇ ਬਾਵਜੂਦ ਵੀ ਪ੍ਰਸ਼ਾਸਨ ਵਲੋਂ ਸਟੇਡੀਅਮ ਕੋਲ ਦੀ ਲੰਘਦੇ ਨਾਲੇ ਨੂੰ ਬੰਦ ਨਹੀਂ ਕਰਵਾਇਆ ਗਿਆ ਤੇ ਸਰਕਾਰ ਸ਼ੋ੍ਰਮਣੀ ਕਮੇਟੀ ਵਲੋਂ ਕੀਤੇ ਜਾ ਰਹੇ ਸਮਾਗਮਾਂ ਨੂੰ ਤਾਰਪੀਡੋ ਕਰ ਰਹੀ ਹੈ | ਬੀਬੀ ਜਗੀਰ ਕੌਰ ਨੇ ਕਿਹਾ ਕਿ ਵੇਈਾ 'ਤੇ ਪੁਲ ਬਣਾਉਣ ਤੇ ਹੋਰ ਛੋਟੇ ਮੋਟੇ ਕਾਰਜਾਂ ਤੋਂ ਇਲਾਵਾ ਪੰਜਾਬ ਸਰਕਾਰ ਨੇ ਸੁਲਤਾਨਪੁਰ ਲੋਧੀ ਦੀ ਕਾਇਆ ਕਲਪ ਲਈ ਕੋਈ ਠੋਸ ਉਪਰਾਲਾ ਨਹੀਂ ਕੀਤਾ | ਸੁਲਤਾਨਪੁਰ ਲੋਧੀ ਨੂੰ ਆਉਣ ਵਾਲੀਆਂ ਸੜਕਾਂ ਨਾ ਤਾਂ ਚੌੜੀਆਂ ਕੀਤੀਆਂ ਗਈਆਂ ਹਨ ਤੇ ਨਾ ਹੀ ਸ਼ਹਿਰ ਦੁਆਲੇ ਰਿੰਗ ਰੋਡ ਹੀ ਬਣਾਈ ਗਈ ਹੈ, ਜਿਸ ਕਾਰਨ 550 ਸਾਲਾ ਪ੍ਰਕਾਸ਼ ਪੁਰਬ 'ਤੇ ਸੁਲਤਾਨਪੁਰ ਲੋਧੀ ਆਉਣ ਵਾਲੀਆਂ ਸੰਗਤਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ |

  ਬਠਿੰਡਾ - ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ’ਤੇ ਗੁਰੂ ਨਾਨਕ ਦੇਵ ਨੂੰ ਸ਼ਰਧਾਂਜਲੀ ਵਜੋਂ ਨਿਊ ਦਿੱਲੀ-ਲੋਹੀਆਂ ਖਾਸ-ਨਿਊ ਦਿੱਲੀ ਇੰਟਰਸਿਟੀ ਐਕਸਪ੍ਰੈੱਸ ਦਾ ਨਾਂ ਬਦਲ ਕੇ ‘ਸਰਬੱਤ ਦਾ ਭਲਾ ਐਕਸਪ੍ਰੈੱਸ’ ਰੱਖਣ ਲਈ ਕੇਂਦਰੀ ਰੇਲਵੇ ਮੰਤਰੀ ਪਿਯੂਸ਼ ਗੋਇਲ ਦਾ ਧੰਨਵਾਦ ਕੀਤਾ ਹੈ। ਕੇਂਦਰੀ ਮੰਤਰੀ ਨੇ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਮੌਕੇ ਸੁਲਤਾਨਪੁਰ ਲੋਧੀ ਲਈ ਵਿਸ਼ੇਸ਼ ਰੇਲ ਗੱਡੀ ਸ਼ੁਰੂ ਕਰਨ ਦੀ ਬੇਨਤੀ ਕੀਤੀ ਸੀ ਤੇ ਸੁਝਾਅ ਦਿੱਤਾ ਸੀ ਕਿ ਸੁਲਤਾਨਪੁਰ ਲੋਧੀ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਦਾ ਨਾਂ ‘ਸਰਬੱਤ ਦਾ ਭਲਾ ਐਕਸਪ੍ਰੈੱਸ’ ਰੱਖਿਆ ਜਾਵੇ। ਬੀਬਾ ਬਾਦਲ ਨੇ ਕਿਹਾ ਕਿ ਉਹ ਕੱਲ੍ਹ ਸਵੇਰੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਇਸ ਰੇਲ ਗੱਡੀ ਨੂੰ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਹ ਗੱਡੀ ਕੱਲ੍ਹ ਸ਼ਾਮ ਦੋ ਵੱਜ ਕੇ ਅਠੱਤੀ ਮਿੰਟ ’ਤੇ ਸੁਲਤਾਨਪੁਰ ਲੋਧੀ ਪਹੁੰਚੇਗੀ।

  ਜਲੰਧਰ - ਹਿੰਦੂ ਤਖਤ ਦੇ ਪੰਚਾਨੰਦ ਗਿਰੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਅਤੇ ਖਾਲਿਸਤਾਨੀਆਂ ਦੀ ਰਿਹਾਈ ਕਰਨ ਦੇ ਫੈਸਲੇ ਨਾਲ ਖਾਲਿਸਤਾਨੀਆਂ ਦੇ ਹੌਂਸਲੇ ਬੁਲੰਦ ਹੋਣਗੇ ਅਤੇ ਜੇਕਰ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ ਤਾਂ ਉਹ ਜੇਲ੍ਹ ਤੋਂ ਰਿਹਾ ਹੋ ਕੇ ਦਹਿਸ਼ਤ ਫੈਲਾਉਣਗੇ ਅਤੇ ਪੰਜਾਬ ਅਤੇ ਦੇਸ਼ ਨੂੰ ਤੋੜਣਗੇ ਅਤੇ ਵਧੇਰੇ ਸਰਗਰਮੀ ਨਾਲ ਕੰਮ ਕਰਣਗੇ। ਪੰਚਾਨੰਦ ਗਿਰੀ ਨੇ ਕਿਹਾ ਕਿ ਬਲਵੰਤ ਸਿੰਘ ਰਾਜੋਆਣਾ, ਜੋ ਬੇਅੰਤ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਦਾ ਕਾਤਲ ਹੈ, ਨੂੰ ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਤੁਰੰਤ ਫਾਂਸੀ ਦਿੱਤੀ ਜਾਵੇ ਅਤੇ ਉਸ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਨਾ ਬਦਲਿਆ ਜਾਵੇ।
  ਉਨ੍ਹਾਂ ਕਿਹਾ ਕਿ ਇਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਤਵਾਦ ਵਿਰੁੱਧ ਜ਼ੀਰੋ ਟਾਲਰੈਂਸ ਦੀ ਗੱਲ ਕਰਦੇ ਹਨ ਅਤੇ ਦੂਜੇ ਪਾਸੇ ਵੋਟਾਂ ਕੇ ਚੱਕਰ ਵਿੱਚ ਦੇਸ਼ ਨੂੰ ਤੋੜਨ ਦੇ ਸੁਪਨੇ ਵੇਖਣ ਵਾਲਿਆਂ ਨੂੰ ਖੁਸ਼ ਕਰਨ ਲਈ ਬੱਬਰ ਖਾਲਸਾ ਦੇ ਖਾੜਕੂ ਨੂੰ ਫਾਂਸੀ ਦੀ ਬਜਾਏ ਉਮਰ ਕੈਦ ਵਿਚ ਸਜ਼ਾ ਬਦਲਣ ਦਾ ਤੁਗਲਕੀ ਫ਼ੈਸਲਾ ਕੀਤਾ ਹੈ। ਜਦੋਂਕਿ ਪੰਜਾਬ ਵਿਚ ਪਾਕਿਸਤਾਨ ਖਾਲਿਸਤਾਨੀਆਂ ਦੇ ਸਲੀਪਰ ਸੈੱਲ ਰਾਹੀਂ ਪੰਜਾਬ ਵਿਚ ਗੈਰਕਨੂੰਨੀ ਹਥਿਆਰਾਂ ਅਤੇ ਬੰਬਾਂ ਨੂੰ ਸਟੋਰ ਕਰਕੇ ਅੱਤਵਾਦ ਨੂੰ ਉਤਸ਼ਾਹਤ ਕਰਕੇ ਰਿਫੰਡਮ 2020 ਦਾ ਸੁਪਨਾ ਦੇਖ ਰਿਹਾ ਹੈ। ਖਾਲਿਸਤਾਨੀ ਪਾਕਿਸਤਾਨ ਤੋਂ ਹਥਿਆਰ ਮੰਗਾ ਕੇ ਪੰਜਾਬ ਵਿਚ ਖ਼ੂਨੀ ਖੇਡ ਖੇਡਣਾ ਚਾਹੁੰਦੇ ਹਨ ਅਤੇ ਸਰਕਾਰ ਉਨ੍ਹਾਂ ਨੂੰ ਜੇਲਾਂ ਵਿਚੋਂ ਰਿਹਾ ਕਰ ਰਹੀ ਹੈ।
  ਪੰਚਾਨੰਦ ਗਿਰੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਕਰਤਾਰਪੁਰ ਲਾਂਘਾ ਅਜੇ ਤੱਕ ਸ਼ੁਰੂ ਨਹੀਂ ਹੋਇਆ, ਪਹਿਲਾਂ ਹੀ ਪਾਕਿਸਤਾਨ ਪੰਜਾਬ ਵਿੱਚ ਅੱਤਵਾਦ ਨੂੰ ਉਤਸ਼ਾਹਤ ਕਰ ਰਿਹਾ ਹੈ। ਲਾਂਘਾ ਖੋਲ੍ਹਣ ਤੋਂ ਬਾਅਦ ਅੱਤਵਾਦੀ ਜਨਤਕ ਤੌਰ ਤੇ ਦਹਿਸ਼ਤ ਫੈਲਾਉਣਗੇ, ਜਿਸ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਜਾਵੇਗਾ। ਇਸ ਲਈ ਪੰਜਾਬ ਦੇ ਮੁੱਖ ਮੰਤਰੀ ਲਾਂਘੇ ਨੂੰ ਖੋਲਣ ਬਾਰੇ ਇਕ ਵਾਰ ਫਿਰ ਵਿਚਾਰ ਕਰਨ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com