ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਚੰਡੀਗੜ੍ਹ - ਕੇਂਦਰੀ ਗ੍ਰਹਿ ਵਿਭਾਗ ਵਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਮੰਗ 'ਤੇ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ 'ਚ ਨਜ਼ਰਬੰਦ 8 ਸਿੱਖ ਕੈਦੀਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮੁਆਫ਼ੀ ਸਬੰਧੀ ਪਟੀਸ਼ਨ ਨੂੰ ਪ੍ਰਵਾਨ ਕਰਦਿਆਂ ਭਾਈ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਉਮਰ ਕੈਦ 'ਚ ਤਬਦੀਲ ਕਰਨ ਦਾ ਫ਼ੈਸਲਾ ਲਿਆ ਹੈ | ਕੇਂਦਰੀ ਗ੍ਰਹਿ ਵਿਭਾਗ ਵਲੋਂ ਇਸ ਸਬੰਧੀ ਬਕਾਇਦਾ ਹੁਕਮ ਜਾਰੀ ਕਰ ਦਿੱਤੇ ਗਏ ਹਨ, ਜਦਕਿ ਛੁੱਟੀਆਂ ਕਾਰਨ ਪੰਜਾਬ ਸਰਕਾਰ ਨੂੰ ਇਸ ਸਬੰਧੀ ਕੋਈ ਲਿਖਤੀ ਸੂਚਨਾ ਅਜੇ ਮਿਲਣੀ ਬਾਕੀ ਹੈ | ਮੁੱਖ ਮੰਤਰੀ ਪੰਜਾਬ ਵਲੋਂ 14 ਸਤੰਬਰ, 2019 ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਕ ਪੱਤਰ ਲਿਖ ਕੇ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ 'ਚ ਨਜ਼ਰਬੰਦ 9 ਟਾਡਾ ਕੈਦੀਆਂ ਦੀ ਰਿਹਾਈ ਲਈ ਮੰਗ ਰੱਖੀ ਸੀ ਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲ ਕੇ ਵੀ ਬੇਨਤੀ ਕੀਤੀ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਉਕਤ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ | ਰਾਜ ਸਰਕਾਰ ਵਲੋਂ ਜਿਨ੍ਹਾਂ 9 ਕੈਦੀਆਂ ਦੀ ਰਿਹਾਈ ਦੀ ਸਿਫ਼ਾਰਸ਼ ਭੇਜੀ ਸੀ ਉਨ੍ਹਾਂ 'ਚ ਕਰਨਾਟਕ ਦੀ ਗੁਲਬਰਗ ਕੇਂਦਰੀ ਜੇਲ੍ਹ 'ਚ ਨਜ਼ਰਬੰਦ ਭਾਈ ਗੁਰਦੀਪ ਸਿੰਘ ਤੇ ਉੱਤਰ ਪ੍ਰਦੇਸ਼ ਦੀ ਬਰੇਲੀ ਜੇਲ੍ਹ 'ਚ ਨਜ਼ਰਬੰਦ ਭਾਈ ਵਰਿਆਮ ਸਿੰਘ ਤੋਂ ਇਲਾਵਾ ਪੰਜਾਬ 'ਚ ਨਾਭਾ ਦੀ ਉੱਚ ਸੁਰੱਖਿਆ ਜੇਲ੍ਹ 'ਚ ਨਜ਼ਰਬੰਦ ਭਾਈ ਲਾਲ ਸਿੰਘ, ਭਾਈ ਦਿਲਬਾਗ ਸਿੰਘ ਤੇ ਭਾਈ ਸ਼ਰਨ ਸਿੰਘ ਸ਼ਾਮਿਲ ਹਨ | ਜਦਕਿ ਅੰਮਿ੍ਤਸਰ ਦੀ ਕੇਂਦਰੀ ਜੇਲ੍ਹ 'ਚ ਭਾਈ ਹਰਦੀਪ ਸਿੰਘ ਤੇ ਭਾਈ ਬਾਜ਼ ਸਿੰਘ ਤੋਂ ਇਲਾਵਾ ਲੁਧਿਆਣਾ ਕੇਂਦਰੀ ਜੇਲ੍ਹ 'ਚ ਭਾਈ ਸੁਬੇਗ ਸਿੰਘ ਤੇ ਪਟਿਆਲਾ ਕੇਂਦਰੀ ਜੇਲ੍ਹ 'ਚ ਨਜ਼ਰਬੰਦ ਭਾਈ ਨੰਦ ਸਿੰਘ ਸ਼ਾਮਿਲ ਹਨ | ਉਕਤ ਸਾਰੇ ਕੈਦੀਆਂ ਨੂੰ ਅੱਤਵਾਦ ਦੇ ਦੌਰ 'ਚ ਗਿ੍ਫ਼ਤਾਰ ਕੀਤਾ ਗਿਆ ਸੀ ਤੇ ਇਨ੍ਹਾਂ 'ਤੇ ਟਾਡਾ ਐਕਟ
  ਅਧੀਨ ਕੇਸ ਬਣਾਏ ਗਏ ਸਨ ਤੇ ਵਿਸ਼ੇਸ਼ ਕੇਂਦਰੀ ਐਕਟ ਅਧੀਨ ਇਨ੍ਹਾਂ ਕੇਸਾਂ 'ਚ ਸਜ਼ਾ ਮੁਆਫ਼ੀ ਸਬੰਧੀ ਫ਼ੈਸਲਾ ਵੀ ਕੇਂਦਰ ਸਰਕਾਰ ਹੀ ਲੈ ਸਕਦੀ ਸੀ | ਇਹ ਸਾਰੇ ਕੈਦੀ ਕਰੀਬ 20 ਸਾਲ ਤੋਂ ਵੱਧ ਦੀ ਸਜ਼ਾ ਪੂਰੀ ਕਰ ਚੁੱਕੇ ਹਨ, ਜਦਕਿ ਕਈਆਂ ਦੀ ਸਜ਼ਾ 28 ਸਾਲ ਤੋਂ ਵੀ ਵੱਧ ਹੋ ਗਈ ਹੈ | ਪੰਜਾਬ ਸਰਕਾਰ ਨੂੰ ਅਜੇ ਇਸ ਸਬੰਧੀ ਸਥਿਤੀ ਸਪੱਸ਼ਟ ਨਹੀਂ ਹੋ ਸਕੀ ਕਿ ਕੇਂਦਰ ਵਲੋਂ ਉਨ੍ਹਾਂ ਦੀਆਂ ਸਿਫ਼ਾਰਸ਼ਾਂ 'ਚੋਂ ਕਿਸ ਇਕ ਕੈਦੀ ਦੀ ਰਿਹਾਈ ਸਬੰਧੀ ਸਿਫ਼ਾਰਸ਼ ਪ੍ਰਵਾਨ ਨਹੀਂ ਕੀਤੀ ਗਈ | ਰਾਜ ਸਰਕਾਰ ਦੇ ਇਕ ਬੁਲਾਰੇ ਨੇ ਅੱਜ 'ਅਜੀਤ' ਨੂੰ ਦੱਸਿਆ ਕਿ ਸਾਨੂੰ ਇਸ ਸਬੰਧੀ ਕੇਂਦਰ ਤੋਂ ਸੂਚੀ ਕੱਲ੍ਹ ਪ੍ਰਾਪਤ ਹੋ ਸਕੇਗੀ | ਵਰਨਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਨਾਂਅ ਆਪਣੀ ਸੂਚੀ 'ਚ ਸ਼ਾਮਿਲ ਨਹੀਂ ਕੀਤਾ ਗਿਆ ਸੀ, ਜਦਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਵਲੋਂ ਉਨ੍ਹਾਂ ਦੀ ਸਜ਼ਾ 'ਚ ਕਮੀ ਲਈ ਵੱਖਰੇ ਤੌਰ 'ਤੇ ਕੇਂਦਰੀ ਗ੍ਰਹਿ ਵਿਭਾਗ ਨੂੰ ਪਟੀਸ਼ਨ ਪਾਈ ਹੋਈ ਸੀ |

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਝਾਰਖੰਡ ਦੇ ਮੁੱਖ ਮੰਤਰੀ ਰਘੂਬਰ ਦਾਸ ਨੂੰ ਅਪੀਲ ਕੀਤੀ ਕਿ ਉੁਹ 1984 ਦੌਰਾਨ ਬੋਕਾਰੋ ’ਚ ਹੋਏ ਸਿੱਖ ਕਤਲੇਆਮ ਦੇ ਸਾਰੇ ਕੇਸਾਂ ਨੂੰ ਦੁਬਾਰਾ ਖੋਲ੍ਹਣ ਜਾਂ ਇਨ੍ਹਾਂ ਨੂੰ ਸੀਬੀਆਈ ਹਵਾਲੇ ਕਰਨ। ਸ੍ਰੀ ਬਾਦਲ ਐਲਾਨ ਕੀਤਾ ਕਿ ਅਕਾਲੀ ਦਲ ਇਨ੍ਹਾਂ ਕੇਸਾਂ ਦੇ ਅਧਿਐਨ ਲਈ ਸੁਪਰੀਮ ਕੋਰਟ ਦੇ ਵਕੀਲਾਂ ਦੀ ਇੱਕ ਟੀਮ ਭੇਜੇਗਾ ਅਤੇ ਉਸ ਤੋਂ ਬਾਅਦ ਇਸ ਮਾਮਲੇ ਨੂੰ ਉੱਚ ਪੱਧਰ ਉੱਤੇ ਉਠਾਇਆ ਜਾਵੇਗਾ।
  ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੇ ਸਬੰਧ ਵਿੱਚ ਅੱਜ ਬੋਕਾਰੋ ਵਿਚ ਇੱਕ ਗੁਰਮਤਿ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ 1984 ਵਿਚ ਕਥਿਤ ਤੌਰ ਕਾਂਗਰਸੀਆਂ ਦੇ ਇਸ਼ਾਰੇ ਉੱਤੇ 100 ਤੋਂ ਵੱਧ ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਸੀ ਪਰ ਮੁਲਜ਼ਮਾਂ ਨੂੰ ਹੁਣ ਤਕ ਸਜ਼ਾ ਨਹੀਂ ਦਿੱਤੀ ਗਈ ਹੈ। ਉਨ੍ਹਾਂ ਝਾਰਖੰਡ ਦੇ ਮੁੱਖ ਮੰਤਰੀ ਨੂੰ ’84 ਦੇ ਸਾਰੇ ਕੇਸਾਂ ਨੂੰ ਦੁਬਾਰਾ ਖੋਲ੍ਹਣ ਵਾਸਤੇ ਇੱਕ ਵਿਸ਼ੇਸ਼ ਜਾਂਚ ਟੀਮ ਬਣਾਉਣ ਦੀ ਅਪੀਲ ਕੀਤੀ। ਦਿੱਲੀ ਅਤੇ ਕਾਨਪੁਰ ਵਿਚ ਵਾਪਰੇ ਅਜਿਹੇ ਕੇਸਾਂ ਬਾਰੇ ਉਨ੍ਹਾਂ ਕਿਹਾ ਕਿ ਐੱਨਡੀਏ ਦੀ ਸਰਕਾਰ ਵੱਲੋਂ ਜਗਦੀਸ਼ ਟਾਈਟਲਰ ਅਤੇ ਕਮਲ ਨਾਥ ਵਰਗਿਆਂ ਖ਼ਿਲਾ਼ਫ ਚੱਲਦੇ ਕੇਸਾਂ ਦਾ ਤੇਜ਼ੀ ਨਾਲ ਨਿਬੇੜਾ ਕੀਤਾ ਜਾ ਰਿਹਾ ਹੈ। ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਦੱਸਿਆ ਕਿ ਲਾਂਘਾ 9 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਨੇ ਬੋਕਾਰੋ ਦੀ ਸਿੱਖ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਸਮਾਗਮਾਂ ਵਿਚ ਭਾਗ ਲੈਣ ਲਈ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਆਉਣ ਦੀ ਅਪੀਲ ਕੀਤੀ।

  ਹੁਸ਼ਿਆਰਪੁਰ- ਗੁਰਦਾਸ ਮਾਨ ਵੱਲੋਂ ਵਰਤੀ ਗਈ ਘਟੀਆ ਸ਼ਬਦਾਵਲੀ ਦੇ ਵਿਰੋਧ ’ਚ ਅੱਜ ਇੱਥੇ ਸਮੂਹ ਪੰਜਾਬੀ ਭਾਈਚਾਰੇ ਅਤੇ ਸਿੱਖ ਜਥੇਬੰਦੀਆਂ ਨੇ ਗੁਰਦਾਸ ਮਾਨ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਰੋਸ ਪ੍ਰਗਟਾਇਆ ਕਿ ਗੁਰਦਾਸ ਮਾਨ ਆਰਐੱਸਐੱਸ ਦੀ ਬੋਲੀ ਬੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਨ ਨੇ ‘ਇਕ ਦੇਸ਼ ਵਿਚ ਇੱਕ ਭਾਸ਼ਾ’ ਹਿੰਦੀ ਨੂੰ ਲਾਗੂ ਕਰਨ ਬਾਰੇ ਕਹਿ ਕੇ ਪੰਜਾਬੀ ਬੋਲੀ ਨੂੰ ਪਛਾੜਨ ਦਾ ਕੰਮ ਕੀਤਾ ਹੈ। ਇਸ ਨਾਲ ਸਿੱਖ ਭਾਈਚਾਰੇ ਅਤੇ ਸਮੂਹ ਪੰਜਾਬੀਆਂ ਅੰਦਰ ਭਾਰੀ ਰੋਸ ਹੈ। ਜਥੇਬੰਦੀਆਂ ਵਲੋਂ ਅੱਜ ਰੋਸ ਵਿਚ ਗੁਰਦੁਆਰਾ ਸਿੰਘ ਸਭਾ ਤੋਂ ਘੰਟਾ ਘਰ ਤੱਕ ਮਾਰਚ ਕੱਢਿਆ ਗਿਆ ਅਤੇ ਪੁਤਲਾ ਫੂਕਿਆ ਗਿਆ। ਉਨ੍ਹਾਂ ਕਿਹਾ ਕਿ ਬੜੇ ਦੁੱਖ ਗੱਲ ਹੈ ਕਿ ਮਾਨ ਨੂੰ ਆਪਣੇ ਬਿਆਨਾਂ ’ਤੇ ਕੋਈ ਪਛਤਾਵਾ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬੀ ਬੋਲੀ ਦੀ ਬਦੌਲਤ ਹੀ ਮਾਨ ਨੂੰ ਅੱਜ ਬਾਬਾ ਬੋਹੜ ਵੀ ਕਿਹਾ ਜਾਂਦਾ ਹੈ ਪਰ ਉਨ੍ਹਾਂ ਨੇ ਪੰਜਾਬੀ ਬੋਲੀ ਦਾ ਅਪਮਾਨ ਕੀਤਾ ਹੈ ਜਿਸ ਲਈ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕੀਤਾ ਜਾ ਸਕਦਾ।
  ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅ), ਦਲ ਖਾਲਸਾ, ਜੰਗ ਖਾਲਸਾ ਗਰੁੱਪ, ਫਤਿਹ ਯੂਥ ਕਲੱਬ ਆਦਿ ਜਥੇਬੰਦੀਆਂ ਦੇ ਨੁਮਾਇੰਦੇ ਗੁਰਦੀਪ ਸਿੰਘ, ਗੁਰਦੀਪ ਸਿੰਘ, ਰਸ਼ਪਾਲ ਸਿੰਘ, ਨੋਬਲਜੀਤ ਸਿੰਘ, ਅਨਮੋਲ ਸਿੰਘ, ਅਵਤਾਰ ਸਿੰਘ, ਕੇਵਲ ਸਿੰਘ, ਗੁਰਨਾਮ ਸਿੰਘ, ਸਰਬਜੋਤ ਸਿੰਘ ਤੇ ਹੋਰ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੇ ਮੌਜੂਦ ਸਨ।

  ਲੁਧਿਆਣਾ - ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫ਼ਾਂਸੀ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲਣ ਦੇ ਫ਼ੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ ਸ. ਬੇਅੰਤ ਸਿੰਘ ਨੂੰ ਕਤਲ ਕਰਨ ਵਾਲੇ ਰਾਜੋਆਣਾ ਦੀ ਸਜ਼ਾ ਨੂੰ ਬਦਲਣਾ ਕਿਸੇ ਵੀ ਪੱਖੋਂ ਜਾਇਜ਼ ਨਹੀਂ ਹੈ | ਸ. ਬਿੱਟੂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਭਾਈ ਰਾਜੋਆਣਾ ਦੀ ਫ਼ਾਂਸੀ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲਣ ਵਾਲਾ ਫ਼ੈਸਲਾ ਵਾਪਸ ਨਾ ਲਿਆ ਤਾਂ ਇਸ ਨਾਲ ਰਾਸ਼ਟਰਵਾਦ ਨੂੰ ਲੈ ਕੇ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਹੈ, ਉਹ ਝੂਠੀ ਪੈ ਜਾਵੇਗੀ ਕਿਉਂਕਿ ਉਨ੍ਹਾਂ ਸੰਯੁਕਤ ਰਾਸ਼ਟਰ 'ਚ ਅੱਤਵਾਰ ਖਿਲਾਫ਼ ਜ਼ਬਰਦਸਤ ਰੋਸ ਪ੍ਰਗਟਾਇਆ ਸੀ | ਉਨ੍ਹਾਂ ਕਿਹਾ ਕਿ ਉਹ ਤੇ ਉਨ੍ਹਾਂ ਦਾ ਪਰਿਵਾਰ ਫ਼ਾਂਸੀ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲਣ ਦਾ ਵਿਰੋਧ ਕਰਦੇ ਹਨ |

  ਨੇਪਾਲ - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੇਪਾਲ ਸਰਕਾਰ ਦੇ ਵਿਸ਼ੇਸ਼ ਸਹਿਯੋਗ ਸਦਕਾ ਭਾਰਤੀ ਅੰਬੈਸੀ ਅਤੇ ਸਿੱਖ ਸੰਗਤਾਂ ਵੱਲੋਂ 2 ਦਿਨਾਂ ਸਮਾਗਮ ਦਾ ਅਯੋਜਿਨ ਕੀਤਾ ਗਿਆ ,ਜਿਸ ਦੇ ਪਹਿਲੇ ਦਿਨ ਬੀਤੀ ਸ਼ਾਮ ਨੇਪਾਲ ਰਾਸ਼ਟਰ ਬੈਂਕ ਵੱਲੋਂ ਧੰਨ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਿੱਕੇ ਅਤੇ ਨੇਪਾਲ ਦੀ ਸਿੱਖ ਕੌਮ ਨਾਲ ਸਾਂਝ ਦਰਸਾਉਂਦੀ ਕਿਤਾਬ ਸਿੱਖ ਹੈਰੀਟੇਜ ਆਫ ਨੇਪਾਲ ਰਲੀਜ ਕੀਤੀ ਗਈ ਹੈ। ਇਸ ਸਮਾਗਮ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਨੇਪਾਲ ਦੇ ਰਿਜ਼ਰਵ ਬੈਂਕ ਯਾਨੀ ਕਿ ਨੇਪਾਲ ਰਾਸ਼ਟਰੀ ਬੈਂਕ ਦੇ ਗਵਰਨਰ ਚਿਰੰਜੀ ਬੀ ਨੇਪਾਲ, ਇੰਡਿਯਨ ਅੰਬੈਸਡਰ ਮਨਜੀਵ ਸਿੰਘ ਪੁਰੀ, ਡਾਕਟਰ ਦਲਜੀਤ ਸਿੰਘ ਚੀਮਾ, ਚਰਨਜੀਤ ਸਿੰਘ ਅਟਵਾਲ, ਮਹੇਸ਼ਇੰਦਰ ਸਿੰਘ ਗਰੇਵਾਲ , ਮੈਂਬਰ ਸ਼੍ਰੋਮਣੀ ਕਮੇਟੀ ਗੁਰਚਰਨ ਸਿੰਘ ਗਰੇਵਾਲ , ਮਹੰਤ ਮਨਜੀਤ ਸਿੰਘ ਜੰਮੂ , ਨੇਪਾਲ ਦੇ ਸਿੱਖ ਆਗੂ ਪ੍ਰੀਤਮ ਸਿੰਘ ਸਮੇਤ ਅਨੇਕਾਂ ਪ੍ਰਮੁੱਖ ਸਖਸ਼ੀਅਤਾਂ ਅਤੇ ਸੰਗਤਾਂ ਮੌਜੂਦ ਸਨ।
  ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਨੇਪਾਲ ਸਰਕਾਰ ਵੱਲੋਂ ਗੁਰੂ ਸਾਹਿਬ ਪ੍ਰਤੀ ਸ਼ਰਧਾ ਅਤੇ ਸਤਿਕਾਰ ਭੇਂਟ ਕਰਦਿਆਂ ਜਾਰੀ ਕੀਤੇ ਗਏ ਸਿੱਕਿਆਂ ਲਈ ਨੇਪਾਲ ਸਰਕਾਰ ਅਤੇ ਇਸ ਕਾਰਜ ਲਈ ਵਿਸ਼ੇਸ਼ ਉਪਰਾਲੇ ਕਰਨ ਵਾਲੇ ਅੰਬੈਸਡਰ ਮਨਜੀਵ ਸਿੰਘ ਪੁਰੀ ਦਾ ਧੰਨਵਾਦ ਕਰਦਿਆਂ ਇਸ ਦਿਨ ਨੂੰ ਇਤਿਹਾਸਕ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਪਹਿਲੀ ਵਾਰ ਕਿਸੇ ਵੀ ਮੁਲਕ ਵਲੋਂ ਗੁਰੂ ਨਾਨਕ ਦੇਵ ਜੀ ਨੂੰ ਸਮਰਪਤਿ ਕਰੰਸੀ ਸਿੱਕੇ ਜਾਰੀ ਕੀਤੇ ਗਏ ਹਨ। ਨੇਪਾਲ ਰਾਸ਼ਟਰ ਬੈਂਕ ਦੇ ਗਵਰਨਰ ਚਿਰੰਜੀ ਬੀ ਨੇਪਾਲ ਨੇ ਕਿਹਾ ਕਿ ਸਿੱਖ ਕੌਮ ਅਤੇ ਨੇਪਾਲ ਦੀ ਸਾਂਝ ਬਹੁਤ ਪੁਰਾਣੀ ਹੈ। ਸ੍ਰੀ ਗੁਰੂ ਨਾਨਕ ਦੇ ਸਤਿਕਾਰ 'ਚ ਸਿੱਕੇ ਜਾਰੀ ਕਰਕੇ ਨੇਪਾਲ ਸਰਕਾਰ ਨੂੰ ਬੇਹੱਦ ਖੁਸ਼ੀ ਹੋ ਰਹੀ ਹੈ ,ਕਿਓਕਿ ਗੁਰੂ ਸਾਹਿਬ ਨੇ ਨੇਪਾਲ 'ਚ ਕਾਫੀ ਸਮਾਂ ਬਿਤਾਇਆ ਹੈ ਅਤੇ ਇਥੇ ਉਨ੍ਹਾਂ ਨਾਲ ਸਬੰਧਿਤ ਅਨੇਕਾਂ ਅਸਥਾਨ ਹਨ। ਇਸ ਸਾਰੇ ਕਾਰਜ ਨੂੰ ਨੇਪਰੇ ਚੜਾਉਣ ਦਾ ਵਿਸ਼ੇਸ਼ ਉਪਰਾਲਾ ਕਰਨ ਵਾਲੇ ਭਾਰਤੀ ਰਾਜਦੂਤ ਮਨਜੀਵ ਸਿੰਘ ਪੁਰੀ ਨੇ ਦੱਸਿਆ ਕਿ 2500 ਅਤੇ 1000 ਰੁਪਏ ਦੇ ਚਾਂਦੀ ਅਤੇ 100 ਰੁਪਏ ਦੇ ਧਾਤੁ ਦੇ ਸਿੱਕੇ ਜਾਰੀ ਕੀਤੇ ਗਏ ਹਨ।
  ਉਨ੍ਹਾਂ ਦੱਸਿਆ ਕਿ ਅੱਜ ਜਾਰੀ ਕੀਤੀ ਕਿਤਾਬ ਸਿੱਖ ਹੈਰੀਟੇਜ ਆਫ ਨੇਪਾਲ ਵਿਚ ਸਿੱਖਾਂ ਦਾ ਨੇਪਾਲ ਦੇ ਵਿਕਾਸ 'ਚ ਪਾਇਆ ਯੋਗਦਾਨ ਤੇ ਸਾਂਝ ਨੂੰ ਤਸਵੀਰਾਂ ਰਾਹੀਂ ਦਰਸਾਇਆ ਗਿਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ 'ਚ ਸਿੱਖ ਕੌਮ ਅਤੇ ਨੇਪਾਲ ਦੀ ਸਾਂਝ ਹੋਰ ਮਜਬੂਤ ਹੋਵੇਗੀ।ਓਧਰ ਸਿੱਕਿਆ ਨੂੰ ਹਾਸਿਲ ਕਰਨ ਲਈ ਸੰਗਤਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸੰਗਤਾਂ ਨੇ ਸਿੱਕੇ ਜਾਰੀ ਕਰਨ ਦੇ ਨੇਪਾਲ ਸਰਕਾਰ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਹੈ।

  ਹਿਊਸਟਨ - ਅਮਰੀਕਾ ਦੇ ਟੈਕਸਸ ਸੂਬੇ ’ਚ ਭਾਰਤੀ-ਅਮਰੀਕੀ ਸਿੱਖ ਪੁਲੀਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ (42) ਦੀ ਟਰੈਫਿਕ ਸਿਗਨਲ ’ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਅਧਿਕਾਰੀਆਂ ਮੁਤਾਬਕ ਉਸ ਦੇ ਸਿਰ ’ਚ ਕਈ ਗੋਲੀਆਂ ਮਾਰੀਆਂ ਗਈਆਂ। ਪੁਲੀਸ ਤੁਰੰਤ ਹਰਕਤ ’ਚ ਆਈ ਅਤੇ ਉਸ ਨੇ ਦੋਸ਼ੀ ਨੂੰ ਫੜ ਲਿਆ। ‘ਹਿਊਸਟਨ ਕ੍ਰੌਨੀਕਲ’ ਨੇ ਸ਼ੈਰਿਫ ਐੱਡ ਗੌਂਜ਼ਾਲੇਜ਼ ਦੇ ਹਵਾਲੇ ਨਾਲ ਕਿਹਾ ਕਿ ਧਾਲੀਵਾਲ ਨੇ ਇਕ ਕਾਰ ਨੂੰ ਰੋਕਿਆ ਜਿਸ ’ਚ ਮਹਿਲਾ ਅਤੇ ਇਕ ਵਿਅਕਤੀ ਸਵਾਰ ਸਨ। ਵਾਹਨ ’ਚੋਂ ਇਕ ਵਿਅਕਤੀ ਬਾਹਰ ਨਿਕਲਿਆ ਅਤੇ ਉਸ ਨੇ ਗੋਲੀਆਂ ਚਲਾ ਦਿੱਤੀਆਂ। ਸੰਦੀਪ ਸਿੰਘ ਧਾਲੀਵਾਲ ਕਾਊਂਟੀ ਦੇ ਪਹਿਲੇ ਸਿੱਖ ਡਿਪਟੀ ਸਨ ਅਤੇ ਉਨ੍ਹਾਂ 10 ਸਾਲ ਪਹਿਲਾਂ ਪੁਲੀਸ ਵਿਭਾਗ ’ਚ ਨੌਕਰੀ ਸ਼ੁਰੂ ਕੀਤੀ ਸੀ। ਉਹ ਟੈਕਸਸ ਦੇ ਅਜਿਹੇ ਪਹਿਲੇ ਪੁਲੀਸ ਅਧਿਕਾਰੀ ਸਨ, ਜਿਨ੍ਹਾਂ ਨੂੰ ਕੰਮ ਦੌਰਾਨ ਸਿੱਖ ਧਰਮ ਦੀ ਰਵਾਇਤ ਮੁਤਾਬਕ ਦਾੜ੍ਹੀ ਅਤੇ ਦਸਤਾਰ ਸਜਾਉਣ ਦੀ ਇਜਾਜ਼ਤ ਮਿਲੀ ਹੋਈ ਸੀ। ਹੈਰਿਸ ਕਾਊਂਟੀ ਸ਼ੈਰਿਫ ਦੇ ਦਫ਼ਤਰ ’ਚ ਮੇਜਰ ਮਾਈਕ ਲੀ ਮੁਤਾਬਕ ਸ੍ਰੀ ਧਾਲੀਵਾਲ ਨੇ ਸਈਪ੍ਰੈੱਸ ਏਰੀਆ ’ਚ ਵਿਲੈਂਸੀ ਕੋਰਟ ’ਚ ਸ਼ੁੱਕਰਵਾਰ ਦੁਪਹਿਰ ਪੌਣੇ ਇਕ ਵਜੇ ਦੇ ਕਰੀਬ ਇਕ ਕਾਰ ਨੂੰ ਰੋਕਿਆ। ਲੀ ਨੇ ਕਿਹਾ ਕਿ ਡੈਸ਼ਕੈਮ ਵੀਡੀਓ ਤੋਂ ਪਤਾ ਲੱਗਾ ਕਿ ਸ੍ਰੀ ਧਾਲੀਵਾਲ ਅਤੇ ਕਾਰ ’ਚ ਬੈਠੇ ਸ਼ੱਕੀ ਰੌਬਰਟ ਸੋਲਿਸ (47) ਵਿਚਕਾਰ ਕੁਝ ਗੱਲਬਾਤ ਹੋਈ ਪਰ ਕਿਸੇ ਤਕਰਾਰ ਦਾ ਕੋਈ ਸੰਕੇਤ ਨਹੀਂ ਮਿਲਿਆ। ਧਾਲੀਵਾਲ ਕੁਝ ਪਲਾਂ ਮਗਰੋਂ ਜਦੋਂ ਆਪਣੀ ਸਕੁਐਡ ਕਾਰ ਵੱਲ ਪਰਤਿਆ ਤਾਂ ਹਮਲਾਵਰ ਭੱਜ ਕੇ ਉਸ ਕੋਲ ਆਇਆ ਅਤੇ ਸਿਰ ’ਚ ਗੋਲੀਆਂ ਮਾਰ ਦਿੱਤੀਆਂ। ਲੀ ਨੇ ਦੱਸਿਆ ਕਿ ਸੰਦੀਪ ਸਿੰਘ ਨੂੰ ਤੁਰੰਤ ਹੈਲੀਕਾਪਟਰ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਸ ਨੇ ਦਮ ਤੋੜ ਦਿੱਤਾ। ਸੰਦੀਪ ਸਿੰਘ ਧਾਲੀਵਾਲ ਵਿਆਹਿਆ ਹੋਇਆ ਸੀ ਅਤੇ ਉਸ ਦੇ ਤਿੰਨ ਬੱਚੇ ਹਨ।
  ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਨੂੰ ਨੇੜਲੇ ਸ਼ਾਪਿੰਗ ਸੈਂਟਰ ਦੇ ਅੰਦਰ ਜਾਂਦੇ ਦੇਖਿਆ ਗਿਆ ਸੀ। ਧਾਲੀਵਾਲ ਕੋਲ ਜਿਹੜਾ ਕੈਮਰਾ ਸੀ, ਉਸ ’ਚ ਪੂਰੇ ਮਾਮਲੇ ਦਾ ਵੀਡੀਓ ਬਣ ਗਿਆ ਸੀ ਅਤੇ ਜਾਂਚਕਾਰਾਂ ਨੇ ਗੋਲੀਆਂ ਚਲਾਉਣ ਵਾਲੇ ਵਿਅਕਤੀ ਦੀ ਪਛਾਣ ਕਰ ਲਈ। ਇਸ ਮਗਰੋਂ ਹਮਲਾਵਰ ਅਤੇ ਉਸ ਨਾਲ ਆਈ ਮਹਿਲਾ ਨੂੰ ਫੜ ਲਿਆ ਗਿਆ।
  ਜਾਣਕਾਰੀ ਮੁਤਾਬਕ ਸੰਦੀਪ ਸਿੰਘ ਧਾਲੀਵਾਲ ਗੁਰਦੁਆਰੇ ’ਚ ਵੀ ਸੇਵਾ ਕਰਦਾ ਸੀ ਅਤੇ ਜਦੋਂ ਉਹ ਡਿਪਟੀ ਬਣਿਆ ਤਾਂ ਘਰ ’ਚ ਪਾਠ ਰਖਵਾਇਆ ਗਿਆ ਸੀ। ਹਿਊਸਟਨ ਦੇ ਮੇਅਰ ਸਿਲਵੈਸਟਰ ਟਰਨਰ ਨੇ ਟਵੀਟ ਕਰਕੇ ਕਿਹਾ ਕਿ ਧਾਲੀਵਾਲ ਨੇ ਭਾਈਚਾਰੇ ਲਈ ਬਹੁਤ ਕੁਝ ਕੀਤਾ। ਟੈਕਸਸ ਦੇ ਗਵਰਨਰ ਗਰੇਗ ਐਬਟ ਨੇ ਉਸ ਦੀ ਮੌਤ ਨੂੰ ਵੱਡਾ ਨੁਕਸਾਨ ਕਰਾਰ ਦਿੱਤਾ ਹੈ। -ਆਈਏਐਨਐਸ

  ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਪੰਜਾਬ ਵਿੱਚ ਅਤਿਵਾਦ ਦੌਰਾਨ ਕੀਤੇ ਅਪਰਾਧਾਂ ਲਈ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਅੱਠ ਸਿੱਖ ਕੈਦੀਆਂ ਨੂੰ ਗੁਰੂ ਨਾਨਕ ਦੇਵ ਦੇ ਅਗਾਮੀ 550ਵੇਂ ਪ੍ਰਕਾਸ਼ ਪੁਰਬ ਮੌਕੇ ਇਨਸਾਨੀਅਤ ਦੇ ਪੱਖ ਤੋਂ ਰਿਹਾਅ ਕਰਨ ਦਾ ਫੈਸਲਾ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਹ ਐਲਾਨ ਕਰਦਿਆਂ ਕਿਹਾ ਕਿ ਇਕ ਸਿੱਖ ਦੀ ਮੌਤ ਦੀ ਸਜ਼ਾ ਨੂੰ ਵਿਸ਼ੇਸ਼ ਮੁਆਫ਼ੀ ਵਜੋਂ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਉਧਰ, ਕੇਂਦਰ ਨੇ ਮਹਾਤਮਾ ਗਾਂਧੀ ਦੀ 150ਵੀਂ ਜਨਮ ਵਰ੍ਹੇਗੰਢ ਮੌਕੇ ਕੁਝ ਹੋਰ ਕੈਦੀ ਰਿਹਾਅ ਕਰਨ ਦੀ ਤਿਆਰੀ ਕਰ ਲਈ ਹੈ।
  ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਇਕ ਬਿਆਨ ਵਿੱਚ ਕਿਹਾ ਕਿ ਕੇਂਦਰ ਸਰਕਾਰ ਨੇ ਮੁਲਕ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਨੌਂ ਸਿੱਖ ਕੈਦੀਆਂ ਨੂੰ ਵਿਸ਼ੇਸ਼ ਮੁਆਫ਼ੀ ਦੇਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਵਿੱਚੋਂ ਇਕ ਕੇਸ ਵਿੱਚ ਮੌਤ ਦੇ ਸਜ਼ਾਯਾਫ਼ਤਾ ਸਿੱਖ ਦੀ ਸਜ਼ਾ ਉਮਰ ਕੈਦ ਵਿੱਚ ਬਦਲਣ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਹੋਰਨਾਂ ਕੇਸਾਂ ਵਿੱਚ ਉਮਰ ਕੈਦ ਤੇ ਹੋਰ ਸਜ਼ਾਵਾਂ ਤਹਿਤ ਜੇਲ੍ਹਾਂ ਵਿੱਚ ਬੰਦ ਅੱਠ ਸਿੱਖ ਕੈਦੀਆਂ ਨੂੰ ਸਜ਼ਾ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਵਿਸ਼ੇਸ਼ ਮੁਆਫ਼ੀ ਤਹਿਤ ਰਿਹਾਅ ਕੀਤਾ ਜਾਵੇਗਾ। ਬੁਲਾਰੇ ਨੇ ਕਿਹਾ ਕਿ ਇਨ੍ਹਾਂ ਸਿੱਖ ਕੈਦੀਆਂ ਨੂੰ ਵੱਖ ਵੱਖ ਅਦਾਲਤਾਂ ਨੇ ਪੰਜਾਬ ਵਿੱਚ ਅਤਿਵਾਦ ਦੇ ਦੌਰ ਦੌਰਾਨ ਕੀਤੇ ਅਪਰਾਧਾਂ ਲਈ ਸਜ਼ਾਵਾਂ ਸੁਣਾਈਆਂ ਸਨ। ਸਰਕਾਰ ਦੇ ਇਸ ਫੈਸਲੇ ਸਬੰਧੀ ਰਾਜ ਸਰਕਾਰਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਚਿੱਠੀ-ਪੱਤਰ ਰਾਹੀਂ ਸੂਚਿਤ ਕਰ ਦਿੱਤਾ ਗਿਆ ਹੈ। ਇਸ ਦੌਰਾਨ ਕੇਂਦਰ ਸਰਕਾਰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ 150ਵੀਂ ਜਨਮ ਵਰ੍ਹੇਗੰਢ ਮੌਕੇ ਵਿਸ਼ੇਸ਼ ਮੁਆਫ਼ੀ ਵਜੋਂ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਕੁਝ ਹੋਰ ਕੈਦੀਆਂ ਨੂੰ ਰਿਹਾਅ ਕਰਨ ਦੀ ਯੋਜਨਾ ਘੜ ਰਹੀ ਹੈ। ਵੱਖ ਵੱਖ ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਹੁਣ ਤਕ ਦੋ ਪੜਾਵਾਂ (2 ਅਕਤੂਬਰ 2018 ਤੇ 6 ਅਪਰੈਲ 2019) ਵਿੱਚ 1424 ਕੈਦੀਆਂ ਨੂੰ ਰਿਹਾਅ ਕਰ ਚੁੱਕੇ ਹਨ। 2 ਅਕਤੂਬਰ ਨੂੰ ਤੀਜੇ ਪੜਾਅ ਤਹਿਤ ਕੁਝ ਹੋਰ ਕੈਦੀ ਰਿਹਾਅ ਕੀਤੇ ਜਾਣਗੇ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਲੰਮੇ ਸਮੇਂ ਤੋਂ ਸਿੱਖ ਕੈਦੀਆਂ ਦੀ ਸਜ਼ਾਵਾਂ ਮੁਆਫ਼ ਕੀਤੇ ਜਾਣ ਦੀ ਮੰਗ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਦਲ ਦੀ ਚਿਰੋਕਣੀ ਮੰਗ ਪੂਰੀ ਹੋ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 550 ਕੈਦੀਆਂ ਨੂੰ ਰਿਹਾਅ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਇਸ ਮੌਕੇ 9 ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦੀ ਤਜਵੀਜ਼ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਪ੍ਰਵਾਨ ਕਰਨ ਬਦਲੇ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਹੈ। ਰਾਜ ਸਰਕਾਰ ਦੀ ਬੇਨਤੀ ਪ੍ਰਵਾਨ ਕਰਨ ’ਤੇ ਸ੍ਰੀ ਸ਼ਾਹ ਦਾ ਧੰਨਵਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਕੈਦੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਤੇ ਬਜ਼ੁਰਗ ਹੋ ਚੁੱਕੇ ਹਨ ਤੇ ਇਨ੍ਹਾਂ ਨੂੰ ਆਪਣੀ ਬਾਕੀ ਜ਼ਿੰਦਗੀ ਆਪਣੇ ਸਕੇ ਸਬੰਧੀਆਂ ਨਾਲ ਬਿਤਾਉਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। -

  - ਮਨਦੀਪ ਕੌਰ ਪੰਨੂ
  ਸਾਡੀ ਕੌਮ ਦਾ ਕੋਹਿਨੂਰ ਹੀਰਾ ਸਨਦੀਪ ਸਿੰਘ ਧਾਲੀਵਾਲ ਅੱਜ ਸਿਰ ਫਿਰੇ ਬੰਦੇ ਦੀ ਕੋਝੀ ਹਰਕਤ ਨਾਲ ਸਾਡੇ ਕੋਲੋ ਸਦਾ ਲਈ ਵਿਛੜ ਗਿਆ। ਇਹੋ ਜਿਹੇ ਦਰਵੇਸ਼ ਬੰਦੇ ਦੁਨੀਆ ਤੇ ਕਦੀ-ਕਦੀ ਪੈਦਾ ਹੁੰਦੇ ਹਨ ਤੇ ਮਰ ਕੇ ਵੀ ਸਦਾ ਲਈ ਅਮਰ ਹੋ ਜਾਂਦੇ ਹਨ। ਇਹੋ ਜਿਹੇ ਇਨਸਾਨ ਆਪਣੇ-ਆਪ ਵਿੱਚ ਇਕ ਚਲਦੀ ਫਿਰਦੀ ਸੰਸਥਾ ਹੁੰਦੇ ਹਨ। ਇਹੋ ਜਿਹੀਆਂ ਸ਼ਖ਼ਸੀਅਤਾਂ ਦਾ ਨਾਮ ਲੈਂਦੇ ਹੀ ਸਾਡਾ ਸੀਨਾ ਫ਼ਖਰ ਨਾਲ ਚੌੜਾ ਹੋ ਜਾਂਦਾ ਹੈ।

  -ਐਸ ਸੁਰਿੰਦਰ ਯੂ ਕੇ
  ਅੱਜ ਅਖੌਤੀ ਹਾਕਮ ਭਗਤ ਸਿੰਘ ਨੂੰ ਸ਼ਹੀਦ-ਏ-ਆਜ਼ਮ ਆਖਦੇ ਹਨ । ਭਗਤ ਦੀ ਸ਼ਹਾਦਤ ਵੇਲੇ ਇਹ ਮੀਸਣੇ ਘੇਸ ਮਾਰ ਗਏ ਸਨ ਜਿਵੇਂ ਅੱਜ ਹੋ ਰਿਹਾ ਹੈ । ਸ਼ਾਇਦ ਅਸੀਂ ਭੁੱਲ ਜਾਂਦੇ ਹਾਂ ਅੱਜ ਦੇ ਬਾਗੀ ਨੇ ਕੱਲ੍ਹ ਨੂੰ ਦੇਸ਼ ਭਗਤ ਬਣਨਾ ਹੈ । ਮਤਲਬ ਪ੍ਰਸਤ ਲੋਕ ਵਕਤ ਦੇ ਹਿਸਾਬ ਨਾਲ ਚਲਦੇ ਹਨ । ''
  ਕੀ ਤੁਹਾਨੂੰ ਪਤਾ ਹੈ ਭਗਤ ਸਿੰਘ ਦੀ ਲਾਹੌਰ ਜੇਲ੍ਹ ਵਿੱਚ ਭਾਈ ਰਣਧੀਰ ਸਿੰਘ ਜੀ ਨਾਲ ਮੁਲਾਕਾਤ ਹੋਈ ਸੀ ? ਭਾਈ ਸਾਹਿਬ ਸਿੱਖ ਕੌਮ ਦੇ ਮਹਾਨ ਵਿਦਵਾਨ ਹੋਏ ਹਨ । ਭਾਈ ਸਾਹਿਬ ਨੇ ਆਪਣੀ ਸਾਰੀ ਜ਼ਿੰਦਗੀ ਭਾਰਤ ਦੀ ਆਜ਼ਾਦੀ ਲਈ ਜੇਲ੍ਹ ਵਿੱਚ ਕੱਟੀ ਹੈ । ਭਾਈ ਸਾਹਿਬ ਦੇ ਵਿਚਾਰ ਸੁਣ ਕੇ ਭਗਤ ਸਿੰਘ ਨੇ ਸਿੰਘ ਸਜਣ ਦਾ ਨਿਰਣਾ ਕਰ ਲਿਆ ਸੀ । ਜਦੋਂ ਇਹ ਗੱਲ ਮਹਾਤਮਾ ਗਾਂਧੀ ਨੂੰ ਪਤਾ ਲੱਗੀ ਉਹ ਭੜਕ ਪਿਆ,ਤੇ ਭਗਤ ਸਿੰਘ ਦੇ ਸਿੰਘ ਸਜਣ ਤੇ ਇਤਰਾਜ਼ ਕੀਤਾ । ''
  ਭਗਤ ਸਿੰਘ ਤੇ ਬਹੁਤ ਫ਼ਿਲਮਾਂ ਬਣੀਆਂ ਹਨ । ਕੀ ਮੈਨੂੰ ਫ਼ਿਲਮ ਮੇਕਰ ਦੱਸਣਗੇ ਭਾਈ ਰਣਧੀਰ ਸਿੰਘ ਅਤੇ ਭਗਤ ਸਿੰਘ ਦੀ ਜੇਲ੍ਹ ਮੁਲਾਕਾਤ ਅੱਜ ਤੱਕ ਕਿਸੇ ਫਿਲਮ ਵਿੱਚ ਕਿਉਂ ਨਹੀਂ ਫਿਲਮਾਈ ਗਈ ? ਭਗਤ ਸਿੰਘ ਦੇ ਨਾਲ ਜੁੜਿਆ ਇਹ ਅਹਿਮ ਕਾਂਡ ਅੱਜ ਤਾਈਂ ਸਕਰੀਨ ਉੱਤੇ ਕਿਉਂ ਨਹੀਂ ਲਿਆਦਾ ਗਿਆ ? ਭਗਤ ਸਿੰਘ ਦੀ ਜ਼ਿੰਦਗੀ ਨਾਲ ਜੁੜਿਆ ਇਹ ਅਹਿਮ ਦਸਤਾਵੇਜ਼ ਕਿਉਂ ਗਾਇਬ ਹੈ ?
  ਸੱਚ ਤਾਂ ਇਹ ਹੈ ਜਿਸ ਪਾਰਟ ਵਿਖਾਉਣ ਨਾਲ ਸਿੱਖੀ ਦਾ ਝਲਕਾਰਾ ਪੈਂਦਾ ਹੈ ਉਹ ਗੱਲ ਸਾਡੇ ਦੁਸ਼ਮਣਾਂ ਨੂੰ ਹਜ਼ਮ ਨਹੀਂ ਹੁੰਦਾ । ਜਿਸ ਥਾਂ ਤੇ ਭਗਤ ਸਿੰਘ ਆਰੀਆ ਸਮਾਜੀ ਨਜ਼ਰ ਨਜ਼ਰ ਆਉਂਦਾ ਹੈ । ਉਹ ਹੀ ਵਿਖਾਇਆ ਜਾਵੇ । ਤਾਂ ਕਿ ਸਾਡਾ ਭਾਰਤ ਦੀ ਆਜ਼ਾਦੀ ਵਿੱਚੋਂ ਰੋਲ ਖਤਮ ਕਰ ਕੇ ਆਪਣੇ ਖਾਤੇ ਵਿੱਚ ਪਾਇਆ ਜਾਵੇ ।

  ਫ਼ਰੀਦਕੋਟ - ਕੋਟਕਪੂਰਾ ਗੋਲੀ ਕਾਂਡ ਵਿੱਚ ਅੱਜ ਇੱਥੇ ਸ਼ੈਸ਼ਨ ਜੱਜ ਹਰਪਾਲ ਸਿੰਘ ਦੀ ਅਦਾਲਤ ਵਿੱਚ ਮਾਮਲੇ ਦੀ ਸੁਣਵਾਈ ਹੋਈ। ਇਸ ਦੌਰਾਨ ਮੁਅੱਤਲ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਅਤੇ ਬਾਕੀ ਪੁਲੀਸ ਅਧਿਕਾਰੀਆਂ ਨੇ ਅਦਾਲਤ ਵਿੱਚ ਅਰਜ਼ੀ ਦੇ ਕੇ ਮੰਗ ਕੀਤੀ ਹੈ ਕਿ ਵਿਸ਼ੇਸ਼ ਜਾਂਚ ਟੀਮ ਦੇ ਸਾਰੇ ਅਫ਼ਸਰਾਂ ਦੇ ਮੋਬਾਈਲ ਫੋਨ ਕਾਲਾਂ ਦਾ ਜਾਂਚ ਸਮੇਂ ਦਾ ਰਿਕਾਰਡ ਸੁਰੱਖਿਅਤ ਰੱਖਿਆ ਜਾਵੇ, ਤਾਂ ਜੋ ਪੜਤਾਲ ਦੀ ਸਾਰੀ ਸਥਿਤੀ ਸਪਸ਼ਟ ਹੋ ਸਕੇ। ਪੁਲੀਸ ਅਧਿਕਾਰੀਆਂ ਨੇ ਕਾਲ ਡਿਟੇਲ ਦੀ ਨਕਲ ਅਦਾਲਤ ਵਿੱਚ ਪੇਸ਼ ਕਰਨ ਦੀ ਮੰਗ ਕੀਤੀ ਹੈ।
  ਪੁਲੀਸ ਅਧਿਕਾਰੀਆਂ ਦੀ ਇਸ ਅਰਜ਼ੀ ’ਤੇ ਕਾਰਵਾਈ ਕਰਦਿਆਂ ਸੈਸ਼ਨ ਜੱਜ ਨੇ ਵਿਸ਼ੇਸ਼ ਜਾਂਚ ਟੀਮ ਨੂੰ ਆਦੇਸ਼ ਦਿੱਤੇ ਹਨ ਕਿ ਉਹ 18 ਅਕਤੂਬਰ ਤੱਕ ਅਦਾਲਤ ਵਿੱਚ ਉਹ ਆਪਣਾ ਜਵਾਬ ਪੇਸ਼ ਕਰਨ। ਗੋਲੀ ਕਾਂਡ ਵਿੱਚ ਮੁਲਜ਼ਮਾਂ ਵਜੋਂ ਨਾਮਜ਼ਦ ਪੁਲੀਸ ਅਧਿਕਾਰੀਆਂ ਨੇ ਅਦਾਲਤ ਵਿੱਚ ਅਰਜ਼ੀ ਦੇ ਕੇ ਵਿਸ਼ੇਸ਼ ਜਾਂਚ ਟੀਮ ’ਤੇ ਦੋਸ਼ ਲਾਇਆ ਹੈ ਕਿ ਜਾਂਚ ਟੀਮ ਨੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰਨ ਬਹਾਨੇ ਉਨ੍ਹਾਂ ਨਾਲ ਨਿੱਜੀ ਰੰਜਿਸ਼ ਕੱਢੀ ਹੈ ਅਤੇ ਜਾਂਚ ਟੀਮ ਦੇ ਅਧਿਕਾਰੀਆਂ ਦੀਆਂ ਮੋਬਾਈਲ ਫੋਨ ਕਾਲਾਂ ਤੋਂ ਸਾਰੀ ਸਥਿਤੀ ਸਪੱਸ਼ਟ ਹੋ ਜਾਵੇਗੀ। ਦੱਸਣਯੋਗ ਹੈ ਕਿ ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਏਡੀਜੀਪੀ ਪ੍ਰਬੋਧ ਕੁਮਾਰ ਦੀ ਨਿਗਰਾਨੀ ਵਿੱਚ ਹੋ ਰਹੀ ਸੀ ਅਤੇ ਜਾਂਚ ਟੀਮ ਦੇ ਮੈਂਬਰ ਕੰਵਰ ਵਿਜੇ ਪ੍ਰਤਾਪ ਸਿੰਘ ਨੇ ਇਸ ਜਾਂਚ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
  12 ਮਹੀਨੇ ਚੱਲੀ ਲੰਬੀ ਪੜਤਾਲ ਕੁਝ ਸਮਾਂ ਪਹਿਲਾਂ ਉਦੋਂ ਵਿਵਾਦਾਂ ਵਿੱਚ ਘਿਰ ਗਈ ਸੀ ਜਦੋਂ ਜਾਂਚ ਟੀਮ ਦੇ ਦੋ ਸੀਨੀਅਰ ਮੈਂਬਰਾਂ ਨੇ ਪੰਜਾਬ ਸਰਕਾਰ ਨੂੰ ਲਿਖਤੀ ਤੌਰ ’ਤੇ ਸੂਚਿਤ ਕੀਤਾ ਸੀ ਕਿ ਜਾਂਚ ਦੇ ਚੰਗੇ ਮਾੜੇ ਸਿੱਟਿਆਂ ਲਈ ਸਾਰੀ ਜ਼ਿੰਮੇਵਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਹੋਵੇਗੀ। ਸੂਤਰਾਂ ਅਨੁਸਾਰ ਜਾਂਚ ਟੀਮ ਦੇ ਅਧਿਕਾਰੀਆਂ ਦੇ ਆਪਸੀ ਟਕਰਾਅ ਦਾ ਵਿਵਾਦਾਂ ’ਚ ਘਿਰੇ ਪੁਲੀਸ ਅਧਿਕਾਰੀ ਫਾਇਦਾ ਉਠਾਉਣਾ ਚਾਹੁੰਦੇ ਹਨ ਅਤੇ ਜਾਂਚ ਟੀਮ ਦੇ ਮੋਬਾਈਲ ਫੋਨਾਂ ਦੀਆਂ ਕਾਲਾਂ ਜਨਤਕ ਹੋਣ ਨਾਲ ਕਾਫੀ ਕੁਝ ਸਾਹਮਣੇ ਆਉਣ ਦੀ ਸੰਭਾਵਨਾ ਹੈ। ਅਦਾਲਤ ਨੇ ਪੁਲੀਸ ਅਧਿਕਾਰੀਆਂ ਦੀਆਂ ਅਰਜ਼ੀਆਂ ਅਦਾਲਤ ਵਿੱਚ ਆਉਣ ਤੋਂ ਬਾਅਦ ਇਨ੍ਹਾਂ ਅਧਿਕਾਰੀਆਂ ਖ਼ਿਲਾਫ਼ ਦੋਸ਼ ਆਇਦ ਕਰਨ ਦੀ ਕਾਰਵਾਈ ਵੀ 18 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਹੈ।
  ਪੁਲੀਸ ਅਧਿਕਾਰੀਆਂ ਨੇ ਕੋਟਕਪੂਰਾ ਗੋਲੀ ਕਾਂਡ ਵਿੱਚ ਦਰਜ ਹੋਏ ਮੁਕਦਮਾ ਨੰਬਰ 129 ਨੂੰ ਰੱਦ ਕਰਨ ਲਈ ਹਾਈ ਕੋਰਟ ਵਿੱਚ ਵੀ ਪਟੀਸ਼ਨ ਦਾਇਰ ਕੀਤੀ ਹੋਈ ਹੈ, ਜਿਸ ਦੀ 3 ਅਕਤੂਬਰ ਨੂੰ ਸੁਣਵਾਈ ਹੋਣੀ ਹੈ। ਪਰਮਰਾਜ ਸਿੰਘ ਉਮਰਾਨੰਗਲ ਨੇ ਅਦਾਲਤ ਵਿੱਚ ਇੱਕ ਹੋਰ ਅਰਜ਼ੀ ਦੇ ਕੇ 14 ਅਕਤੂਬਰ 2015 ਨੂੰ ਕੋਟਕਪੂਰਾ ਗੋਲੀ ਕਾਂਡ ਬਾਰੇ ਦਰਜ ਹੋਏ ਮੁਕੱਦਮਾ ਨੰਬਰ 192 ਦੀ ਸਟੇਟਸ ਰਿਪੋਰਟ ਵੀ ਅਦਾਲਤ ਵਿੱਚ ਪੇਸ਼ ਕਰਵਾਉਣ ਦੀ ਮੰਗ ਕੀਤੀ ਹੈ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com