ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਆਕਲੈਂਡ - ਨਿਊਜ਼ੀਲੈਂਡ ਵਿੱਚ ਜਨਗਣਨਾ ਅੰਕੜਾ ਜਾਰੀ ਕਰ ਦਿੱਤਾ ਗਿਆ ਹੈ। ਅੰਕੜੇ ਅਨੁਸਾਰ ਨਿਊਜ਼ੀਲੈਂਡ ਬਹੁ-ਸੱਭਿਅਕ ਦੇਸ਼ ਹੈ ਜਿਸ ’ਚ ਤਕਰੀਬਨ 180 ਕੌਮਾਂ ਵਸਦੀਆਂ ਹਨ।
  2018 ਦੀ ਇਸ ਜਨਗਣਨਾ ਅਨੁਸਾਰ ਤਕਰੀਬਨ 48 ਲੱਖ ਦੀ ਆਬਾਦੀ ਵਾਲੇ ਇਸ ਮੁਲਕ ਵਿਚ ਹਰੇਕ ਭਾਈਚਾਰਾ ਪਿਆਰ ਨਾਲ ਵੱਸ ਰਿਹਾ ਹੈ। ਅੰਕੜੇ ਮੁਤਾਬਿਕ ਨਿਊਜ਼ੀਲੈਂਡ ’ਚ ਯੂਰਪੀ ਮੂਲ ਦੇ ਲੋਕਾਂ ਦੀ ਗਿਣਤੀ 30 ਲੱਖ 25 ਹਜ਼ਾਰ 587 ਦੀ ਆਬਾਦੀ ਨਾਲ ਸਭ ਤੋਂ ਪਹਿਲੇ ਨੰਬਰ ’ਤੇ ਹਨ ਜਦੋਂ ਕਿ ਦੂਜਾ ਨੰਬਰ ਸਥਾਨਕ ਮੂਲਵਾਸੀ ਮੌਰੀ ਮੂਲ ਦੇ ਲੋਕਾਂ ਦਾ ਹੈ ਜੋ ਇਸ ਸਾਲ ਦੇ ਨਵੇਂ ਅੰਕੜਿਆਂ ਮੁਤਾਬਿਕ 7 ਲੱਖ 77 ਹਜ਼ਾਰ 195 ਹਨ। ਤੀਜੇ ਨੰਬਰ ’ਤੇ ਚੀਨੀ ਭਾਈਚਾਰੇ ਦੇ ਲੋਕ ਤਕਰੀਬਨ 2 ਲੱਖ 60 ਹਜ਼ਾਰ ਦੀ ਆਬਾਦੀ ਨਾਲ ਬਾਹਰਲੇ ਭਾਈਚਾਰੇ ਵਿੱਚੋਂ ਸਭ ਤੋਂ ਅੱਗੇ ਹਨ। ਇੱਥੇ ਭਾਰਤੀ ਮੂਲ ਦੇ ਦੇ ਲੋਕ ਸਮੂਹਿਕ ਤੌਰ ’ਤੇ 2 ਲੱਖ 44 ਹਜ਼ਾਰ 717 ਦੀ ਆਬਾਦੀ ਨਾਲ ਚੀਨੀ ਮੂਲ ਦੇ ਲੋਕਾਂ ਦੇ ਮੁਕਾਬਲੇ ਵਿਚ ਹਨ। ਜੇਕਰ ਪਾਕਿਸਤਾਨੀ, ਬੰਗਲਾਦੇਸ਼ੀ, ਸ੍ਰੀ ਲੰਕਾ, ਨੇਪਾਲ, ਭੂਟਾਨੀ ਅਤੇ ਅਫਗਾਨੀ ਮੂਲ ਦੇ ਲੋਕਾਂ ਨੂੰ ਆਪਸ ਵਿਚ ਜੋੜ ਕੇ ਦੱਖਣ ਏਸ਼ਿਆਈ ਲੋਕਾਂ ਦੀ ਗਿਣਤੀ ਕੀਤੀ ਜਾਵੇ ਤਾਂ ਤਕਰੀਬਨ ਪੌਣੇ ਤਿੰਨ ਲੱਖ ਦੀ ਗਿਣਤੀ ਨਾਲ ਇਹ ਭਾਈਚਾਰਾ ਨਿਊਜ਼ੀਲੈਂਡ ਵਿਚ ਆਪਣੀ ਵੱਖਰੀ ਪਹਿਚਾਣ ਦਾ ਝੰਡਾ ਲਹਿਰਾਉਂਦਾ ਨਜ਼ਰ ਆ ਰਿਹਾ ਹੈ।
  ਜੇਕਰ ਇਸ ਵਾਰ ਦੀ ਨਿਊਜ਼ੀਲੈਂਡ ਦੀ ਜਨਗਣਨਾ ਦੀ ਮੰਨੀਏ ਤਾਂ ਇਸ ਮੁਲਕ ਵਿਚ ਲੋਕ ਲਗਾਤਾਰ ਧਰਮ ਤੋਂ ਆਪਣਾ ਮੁਖ ਮੋੜਦੇ ਨਜ਼ਰ ਆ ਰਹੇ ਹਨ। ਤਾਜ਼ਾ ਅੰਕੜਿਆਂ ਅਨੁਸਾਰ 48.59 ਫ਼ੀਸਦ ਲੋਕ ਕਿਸੇ ਵੀ ਧਰਮ ਵਿੱਚ ਸ਼ਰਧਾ ਨਹੀਂ ਰੱਖਦੇ। ਇਹ ਅੰਕੜਾ 2013 ਦੀ ਜਨਗਣਨਾ ਤੋਂ ਕਾਫੀ ਤੇਜ਼ੀ ਨਾਲ ਵਧਿਆ ਹੈ। ਦੂਸਰੇ ਪਾਸੇ ਬਾਹਰੋਂ ਆ ਕੇ ਵੱਸਣ ਵਾਲੇ ਪਰਵਾਸੀ ਭਾਈਚਾਰੇ ਦੇ ਆਪਣੇ ਧਰਮਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਵਿਚ ਸਿੱਖ ਭਾਈਚਾਰੇ ਦੀ ਗਿਣਤੀ 40,908, ਮੁਸਲਿਮ ਧਰਮ ਦੇ ਪੈਰੋਕਾਰਾਂ ਦੀ ਗਿਣਤੀ 61,455 ਤੇ ਹਿੰਦੂ ਧਰਮ ਦੇ ਲੋਕਾਂ ਦੀ ਗਿਣਤੀ 1,23,534 ਤੱਕ ਪਹੁੰਚ ਗਈ ਹੈ।

  ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਲਈ ਬਾਦਲ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ ਜਿਸ ਤੋਂ ਬਾਅਦ ਗੋਲੀਬਾਰੀ ਦੀਆਂ ਘਟਨਾਵਾਂ ਵੀ ਵਾਪਰੀਆਂ। ਮੁੱਖ ਮੰਤਰੀ ਵਲੋਂ ਇਕ ਅਖਬਾਰ ਨੂੰ ਦਿੱਤੀ ਇੰਟਰਵਿਊ ਮਗਰੋਂ ਪਾਰਟੀ ਦੇ ਅੰਦਰ ਤੇ ਬਾਹਰ ਉਨ੍ਹਾਂ ਦੀ ਆਲੋਚਨਾ ਹੋ ਰਹੀ ਹੈ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਬਾਦਲਾਂ ਨੂੰ ਬੇਅਦਬੀ ਮਾਮਲੇ ਵਿੱਚ ਕਥਿਤ ਸ਼ਮੂਲੀਅਤ ਸਬੰਧੀ ਕਲੀਨ ਚਿੱਟ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਨੁਕਤੇ ’ਤੇ ਉਨ੍ਹਾਂ ਇਹ ਗੱਲ ਨਹੀਂ ਕਹੀ ਕਿ ਪ੍ਰਕਾਸ਼ ਸਿੰਘ ਬਾਦਲ ਜਾਂ ਉਸ ਦਾ ਪੁੱਤਰ ਸੁਖਬੀਰ ਬੇਅਦਬੀ ਵਿੱਚ ਸ਼ਾਮਲ ਨਹੀਂ ਹਨ। ਭਾਵੇਂ ਬਾਦਲ ਨੇ ਖੁਦ ਉੱਥੇ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਨਹੀਂ ਕੀਤੀ ਸੀ ਪਰ ਇਸ ਮਾਮਲੇ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਨੂੰ ਰੱਦ ਨਹੀਂ ਕੀਤਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਦੋਵੇਂ ਬਾਦਲ ਪਵਿੱਤਰ ਗ੍ਰੰਥ ਦੀ ਬੇਅਦਬੀ ਦਾ ਜੁਰਮ ਕਰਨ ਵਾਲੇ ਵਿਅਕਤੀ ਜਿੰਨੇ ਹੀ ਜ਼ਿੰਮੇਵਾਰ ਹਨ ਜਿਸ ਨਾਲ ਸੂਬੇ ਅਤੇ ਲੋਕਾਂ ਲਈ ਇਕ ਤੋਂ ਬਾਅਦ ਇਕ ਘਟਨਾ ਵਾਪਰੀ। ਉਨ੍ਹਾਂ ਕਿਹਾ ਕਿ ਬਾਦਲ ਨਾ ਸਿਰਫ ਆਪਣੇ ਰਾਜ ਦੌਰਾਨ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਰੋਕਣ ਵਿੱਚ ਨਾਕਾਮ ਰਹੇ ਸਗੋਂ ਉਨ੍ਹਾਂ ਨੇ ਦੋਸ਼ੀਆਂ ਨੂੰ ਸਾਫ ਬਰੀ ਹੋ ਕੇ ਨਿਕਲਣ ਦੀ ਇਜਾਜ਼ਤ ਦਿੱਤੀ। ਕੈਪਟਨ ਨੇ ਕਿਹਾ ਕਿ ਚੋਣਾਂ ਵਿੱਚ ਸਮਰਥਨ ਜੁਟਾਉਣ ਲਈ ਬਾਦਲ ਦਾ ਡੇਰੇ ਨਾਲ ਖੜ੍ਹਨ ਦਾ ਫ਼ੈਸਲਾ ਸਿਆਸੀ ਕਦਮ ਸੀ ਪਰ ਇਸ ਨਾਲ ਅਪਰਾਧਿਕ ਕਾਰਵਾਈਆਂ ਨੇ ਸਿਰ ਚੁੱਕਿਆ ਜਦਕਿ ਉਹ ਸਿੱਧੇ ਤੌਰ ’ਤੇ ਬੇਸ਼ੱਕ ਜ਼ਿੰਮੇਵਾਰ ਨਾ ਹੋਣ ਪਰ ਉਨ੍ਹਾਂ ਦੀ ਜੁਆਬਦੇਹੀ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ।
  ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ਵਿੱਚ ਅਪਰਾਧਿਕ ਕਾਰਵਾਈਆਂ ਤਾਂ ਇਕ ਪੱਖ ਹੈ ਜਿਸ ਲਈ ਸ਼ਾਇਦ ਬਾਦਲ ਦੋਸ਼ੀ ਨਾ ਹੋਣ ਪਰ ਬਾਕੀ ਜੋ ਕੁਝ ਵਾਪਰਿਆ, ਉਸ ਲਈ ਕੌਣ ਜ਼ਿੰਮੇਵਾਰ ਹੈ। ਡੇਰੇ ਨਾਲ ਸਬੰਧਾਂ ਬਾਰੇ ਕੀ ਕਿਹਾ ਜਾਵੇ ਜਿਸ ਨਾਲ ਬੇਅਦਬੀ ਲਈ ਹਾਲਾਤ ਪੈਦਾ ਹੋਏ ਅਤੇ ਇਸ ਤੋਂ ਬਾਅਦ ਗੋਲੀਬਾਰੀ ਹੋਈ ਜਿਸ ਵਿੱਚ ਕੁਝ ਲੋਕ ਮਾਰੇ ਗਏ ਜਦਕਿ ਕੁਝ ਨਾਕਾਰਾ ਤੇ ਜ਼ਖਮੀ ਹੋ ਗਏ ਸਨ।’’ ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਇੰਟਰਵਿਊ ਵਿੱਚ ਵੀ ਇਨ੍ਹਾਂ ਤੱਥਾਂ ਨਾਲ ਸਭ ਕੁਝ ਸਪੱਸ਼ਟ ਕੀਤਾ ਸੀ ਪਰ ਬਦਕਿਸਮਤੀ ਨਾਲ ਮੀਡੀਆ ਨੇ ਆਪਣੀ ਇੰਟਰਵਿਊ ਨੂੰ ਸਨਸਨੀਖੇਜ਼ ਬਣਾਉਣ ਲਈ ਗਲਤ ਸੁਰਖੀ ਕੱਢੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,‘‘ਕੀ ਪ੍ਰਕਾਸ਼ ਸਿੰਘ ਬਾਦਲ ਨੇ ਉਸ ਵੇਲੇ ਮੁੱਖ ਮੰਤਰੀ ਵਜੋਂ ਅਤੇ ਸੁਖਬੀਰ ਨੇ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਹੁੰਦਿਆਂ ਪੁਲੀਸ ਨੂੰ ਗੋਲੀ ਚਲਾਉਣ ਦਾ ਹੁਕਮ ਨਹੀਂ ਦਿੱਤਾ ਸੀ ਅਤੇ ਇਨ੍ਹਾਂ ਦੋਵਾਂ ਦੇ ਦਾਅਵੇ ਮੁਤਾਬਕ ਉੱਥੇ ਕੀ ਵਾਪਰਿਆ ਸੀ, ਇਸ ਬਾਰੇ ਇਨ੍ਹਾਂ ਨੂੰ ਕੁਝ ਵੀ ਨਹੀਂ ਪਤਾ ਸੀ ਤਾਂ ਫੇਰ ਇਹ ਕਿਹੋ ਜਿਹੇ ਆਗੂ ਹਨ। ਇਹ ਸਰਕਾਰ ਕਿਸ ਤਰ੍ਹਾਂ ਦੀ ਚਲਾਉਂਦੇ ਰਹੇ ਹਨ। ਕਾਨੂੰਨ ਕਿਸੇ ਵੀ ਅਪਰਾਧ ਲਈ ਅਪਰਾਧੀ ਨਾਲੋਂ ਸਾਜ਼ਿਸ਼ਕਾਰ ਨੂੰ ਵੱਧ ਜ਼ਿੰਮੇਵਾਰ ਠਹਿਰਾਉਂਦਾ ਹੈ।

  ਜਲੰਧਰ - ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਦੋਸ਼ ਲਾਇਆ ਕਿ ਉਹ ਬਾਦਲਾਂ ਨੂੰ ਬਚਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਇਸੇ ਕਰਕੇ ਉਨ੍ਹਾਂ ਨੇ ਬਾਦਲਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ।
  ਉਨ੍ਹਾਂ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਜਿਹਾ ਕਰਕੇ ਬੇਅਦਬੀ ਕਾਂਡ ਬਾਰੇ ਬਣਾਈ ਗਈ ਸਿਟ ਦੀ ਜਾਂਚ ਨੂੰ ਲੀਹੋਂ ਲਾਹੁਣ ਦਾ ਯਤਨ ਕੀਤਾ ਹੈ। ਕਾਂਗਰਸ ਸਰਕਾਰ ਵੱਲੋਂ ਹੀ ਬਣਾਏ ਗਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਨਕਾਰ ਦਿੱਤਾ ਗਿਆ ਹੈ ਅਤੇ ਪੰਜਾਬ ਵਿਧਾਨ ਸਭਾ ਵਿਚ ਬੇਅਦਬੀ ਬਾਰੇ ਹੋਈ ਬਹਿਸ ਦਾ ਵੀ ਇਕ ਤਰ੍ਹਾਂ ਨਾਲ ਮਜ਼ਾਕ ਉਡਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਇਸ ਗੱਲ ਦਾ ਭੁਲੇਖਾ ਨਹੀਂ ਰਿਹਾ ਕਿ ਕੈਪਟਨ ਤੇ ਬਾਦਲ ਆਪਸ ਵਿਚ ਰਲੇ ਹੋਏ ਹਨ ਤੇ ਬੇਅਦਬੀ ਦੇ ਮਾਮਲੇ ਵਿਚ ਬਾਦਲਾਂ ਨੂੰ ਬਚਾਉਣ ਲਈ ਪੂਰਾ ਟਿੱਲ ਲਾ ਰਹੇ ਹਨ।
  ਸ੍ਰੀ ਖਹਿਰਾ ਨੇ ਕਿਹਾ ਕਿ ਕਰਤਾਰਪੁਰ ਲਾਂਘੇ ’ਤੇ ਪਾਕਿਸਤਾਨ ਵੱਲੋਂ ਰੱਖੀ ਗਈ 20 ਡਾਲਰ ਦੀ ਫੀਸ ਨੂੰ ਕੈਪਟਨ ਅਮਰਿੰਦਰ ਸਿੰਘ ਜਜ਼ੀਆ ਦੱਸ ਰਹੇ ਹਨ। ਉਨ੍ਹਾਂ ਨੂੰ ਜੇਕਰ ਇਹ 20 ਡਾਲਰ ਸ਼ਰਧਾਲੂਆਂ ਕੋਲੋਂ ਵਸੂਲਣ ’ਤੇ ਠੇਸ ਪਹੁੰਚਦੀ ਹੈ ਤਾਂ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 10-10 ਡਾਲਰ ਆਪਣੇ ਵੱਲੋਂ ਪਾਕਿਸਤਾਨ ਸਰਕਾਰ ਨੂੰ ਦੇਣ।
  ਸੁਖਪਾਲ ਸਿੰਘ ਖਹਿਰਾ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ 14 ਅਕਤੂਬਰ ਨੂੰ ਰੋਸ ਦਿਵਸ ਮਨਾਏਗੀ। ਕਿਉਂਕਿ ਇਸੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਸ਼ਾਂਤਮਈ ਢੰਗ ਨਾਲ ਆਪਣਾ ਰੋਸ ਪ੍ਰਗਟਾਉਂਦੇ ਸਿੱਖ ਨੌਜਵਾਨਾਂ ’ਤੇ ਪੰਜਾਬ ਪੁਲੀਸ ਨੇ ਗੋਲੀ ਚਲਾ ਦਿੱਤੀ ਸੀ, ਜਿਸ ਵਿਚ ਦੋ ਸਿੱਖ ਸ਼ਹੀਦ ਹੋ ਗਏ ਸਨ।
  ਉਨ੍ਹਾਂ ਦੀ ਯਾਦ ਵਿਚ ਇਹ ਰੋਸ ਦਿਵਸ ਮਨਾਇਆ ਜਾਵੇਗਾ। ਸ੍ਰੀ ਖਹਿਰਾ ਨੇ ਕਿਹਾ ਕਿ ਕੈਪਟਨ ਸਰਕਾਰ ਆਪਣੇ ਢਾਈ ਸਾਲਾਂ ਦੇ ਕਾਰਜਕਾਲ ’ਤੇ ਆਪਣੀ ਪਿੱਠ ਆਪੇ ਹੀ ਥਾਪੜ ਰਹੀ ਹੈ ਪਰ ਉਸ ਨੇ ਇਸ ਸਮੇਂ ਦੌਰਾਨ ਨਾ ਤਾਂ ਬੇਅਦਬੀ ਕਾਂਡ ਦੇ ਕਸੂਰਵਾਰਾਂ ਨੂੰ ਫੜਿਆ, ਨਾ ਹੀ ਨਸ਼ੇ ਬੰਦ ਹੋਏ, ਟਰਾਂਸਪੋਰਟ ਮਾਫੀਆ ਤੇ ਰੇਤ ਮਾਫੀਆ ਪਹਿਲਾਂ ਨਾਲੋਂ ਵੀ ਵੱਧ ਤਕੜਾ ਹੋਇਆ ਹੈ। ਗੁਰਦਾਸ ਮਾਨ ਵੱਲੋਂ ਪੰਜਾਬੀ ਮਾਂ ਬੋਲੀ ਬਾਰੇ ਕੀਤੀ ਗਈ ਟਿੱਪਣੀ ਨੂੰ ਅਫਸੋਸਜਨਕ ਦੱਸਦਿਆਂ ਉਨ੍ਹਾਂ ਕਿਹਾ ਕਿ ਗੁਰਦਾਸ ਮਾਨ ਨੂੰ ਆਪਣੀ ਗ਼ਲਤੀ ’ਤੇ ਪੰਜਾਬ ਦੇ ਲੋਕਾਂ ਕੋਲੋਂ ਮੁਆਫੀ ਮੰਗਣੀ ਚਾਹੀਦੀ ਸੀ ਪਰ ਉਸ ਨੇ ਇਕ ਹੋਰ ਗਲਤੀ ਕਰਕੇ ਵੱਡਾ ਗੁਨਾਹ ਕੀਤਾ ਹੈ।

  ਲੰਡਨ - ਸਿੱਖ ਫੈਡਰੇਸ਼ਨ ਯੂ. ਕੇ. ਵਲੋਂ ਸਿੱਖ ਮਸਲਿਆਂ ਨੂੰ ਲੈ ਕੇ ਅੰਤਰਰਾਸ਼ਟਰੀ ਸਿੱਖ ਚੋਣ ਮਨੋਰਥ ਪੱਤਰ ਤਿਆਰ ਕੀਤਾ ਜਾ ਰਿਹਾ ਹੈ | ਜਿਸ ਨੂੰ ਜਨਵਰੀ 2020 'ਚ ਜਾਰੀ ਕੀਤਾ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰੈਸ ਸਕੱਤਰ ਹਰਨੇਕ ਸਿੰਘ ਨੇ ਕਿਹਾ ਹੈ ਕਿ ਦੇਸ਼-ਵਿਦੇਸ਼ 'ਚ ਵਸਦੇ ਸਿੱਖਾਂ ਨੂੰ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਜਿਸ ਕਰਕੇ ਵੱਖ-ਵੱਖ ਦੇਸ਼ਾਂ ਵਿਚ ਵਸਦੇ ਸਿੱਖਾਂ ਨਾਲ ਸਲਾਹ ਮਸ਼ਵਰਾ ਕਰਕੇ ਇਕ ਸਾਂਝਾ ਚੋਣ ਮਨੋਰਥ ਪੱਤਰ ਤਿਆਰ ਕੀਤਾ ਜਾ ਰਿਹਾ ਹੈ | ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ 40 ਵੱਖ-ਵੱਖ ਦੇਸ਼ਾਂ ਦੇ ਸਿੱਖ ਕਾਰਕੁੰਨਾਂ ਵਲੋਂ ਮਿਲ ਕੇ ਇਨਸਾਫ ਅਤੇ ਸਿੱਖਾਂ ਦੇ ਹੱਕਾਂ ਲਈ ਇਸ ਦੀ ਵਰਤੋਂ ਕਰਨਗੇ ਅਤੇ ਹਰ 6 ਮਹੀਨੇ ਬਾਅਦ ਇਸ ਬਾਰੇ ਵਿਚਾਰ ਚਰਚਾ ਹੋਇਆ ਕਰੇਗੀ | ਉਨ੍ਹਾਂ ਇਹ ਵੀ ਕਿਹਾ ਕਿ ਸਿੱਖ ਚੋਣ ਮਨੋਰਥ ਪੱਤਰ ਅੰਗਰੇਜ਼ੀ, ਫਰੈਂਚ, ਸਪੈਨਿਸ਼, ਕਰਮਨੀ ਅਤੇ ਇਟਾਲੀਅਨ ਤੋਂ ਇਲਾਵਾ ਹੋਰ ਭਾਸ਼ਾਵਾਂ 'ਚ ਵੀ ਉਪਲੱਬਧ ਹੋਵੇਗਾ | ਇਸ ਚੋਣ ਮਨੋਰਥ ਪੱਤਰ ਵਿੱਚ 1984 ਦੀ ਸਿੱਖ ਨਸਲਕੁਸ਼ੀ ਦੀ ਯੂ ਐਨ ਓ ਤੋਂ ਜਾਂਚ, ਸਿੱਖਾਂ ਦੇ ਆਪਣੇ ਘਰ ਲਈ ਮੁਹਿੰਮ ਅਤੇ ਵਿਸ਼ਵ ਭਰ ਦੀਆਂ ਸਰਕਾਰਾਂ ਨਾਲ ਗੱਲਬਾਤ ਲਈ ਉੱਚ ਪੱਧਰੀ ਪਹੁੰਚ ਅਪਣਾਉਣ ਸਮੇਤ ਵੱਧ ਤੋਂ ਵੱਧ ਮੁੱਦਿਆਂ ਨੂੰ ਸ਼ਾਮਿਲ ਕੀਤਾ ਜਾਵੇਗਾ |

  ਅੰਮ੍ਰਿਤਸਰ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਭਾਵਨਾਵਾਂ ਨੂੰ ਠੇਸ ਪੁਚਾਉਣ ਦੇ ਮਾਮਲੇ ਵਿਚ ਗਾਇਕ ਸਿੱਧੂ ਮੂਸੇਵਾਲਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਇਸ ਗਾਇਕ ਦੇ ਇੱਕ ਗੀਤ ਵਿਚ ਸਿੱਖ ਇਤਿਹਾਸ ਦੀ ਸਤਿਕਾਰਯੋਗ ਸ਼ਖਸੀਅਤ ਮਾਤਾ ਭਾਗ ਕੌਰ ਦੀ ਤੌਹੀਨ ਕੀਤੇ ਜਾਣ ਮਗਰੋਂ ਸਿੱਖ ਜਗਤ ਅੰਦਰ ਰੋਸ ਦੀ ਲਹਿਰ ਹੈ, ਜਿਸ ਕਾਰਨ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ ’ਤੇ ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਕੋਲ ਸ਼ਿਕਾਇਤ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਬੰਧਤ ਗਾਇਕ ਦਾ ਕਸੂਰ ਮੁਆਫੀਯੋਗ ਨਹੀਂ ਹੈ ਅਤੇ ਇਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਸੇ ਦੌਰਾਨ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਗਾਇਕ ਗੁਰਦਾਸ ਮਾਨ ਵੱਲੋਂ ਪੰਜਾਬੀ ਭਾਸ਼ਾ ਨੂੰ ਨੀਵਾਂ ਦਿਖਾਉਣ ਦੀ ਵੀ ਨਿੰਦਾ ਕੀਤੀ ਹੈ। ਉਨ੍ਹਾਂ ਆਖਿਆ ਕਿ ਮਾਂ ਬੋਲੀ ਪੰਜਾਬੀ ਨੂੰ ਨੀਵੀਂ ਦਰਸਾਉਣ ਵਾਲਾ ਪੰਜਾਬੀ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਗੁਰਦਾਸ ਮਾਨ ਨੂੰ ਆਪਣੀ ਗਲਤੀ ਲਈ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ। ਡਾ. ਰੂਪ ਸਿੰਘ ਨੇ ਪੰਜਾਬ ਸਰਕਾਰ ਨੂੰ ਵੀ ਪੰਜਾਬੀ ਦੀ ਅਣਦੇਖੀ ਲਈ ਸਵਾਲਾਂ ਦੇ ਘੇਰੇ ਵਿੱਚ ਲਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਪੰਜਾਬ ਅੰਦਰ ਥਾਂ-ਥਾਂ ਲਾਏ ਗਏ ਅੰਗਰੇਜ਼ੀ ਦੇ ਬੋਰਡ ਪੰਜਾਬ ਸਰਕਾਰ ਦੀ ਪੰਜਾਬੀ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਹਿੰਦੀ ਦਿਵਸ ਵਾਲੇ ਦਿਨ ਭਾਸ਼ਾ ਵਿਭਾਗ ਦੇ ਇੱਕ ਸਮਾਗਮ ਵਿਚ ਪੰਜਾਬੀ ਦਾ ਨਿਰਾਦਰ ਕੀਤਾ ਗਿਆ ਸੀ।

  ਚੰਡੀਗੜ੍ਹ - ਪੰਜਾਬ ਦੇ ਸਿੱਖਿਆ ਮੰਤਰੀ ਅਤੇ ਕਾਂਗਰਸ ਦੇ ਕੌਮੀ ਬੁਲਾਰੇ ਵਿਜੈਇੰਦਰ ਸਿੰਗਲਾ ਨੇ ਕਿਹਾ ਹੈ ਕਿ ਭਾਜਪਾ ਵੱਲੋਂ ਚਲਾਇਆ ਜਾ ਰਿਹਾ ‘ਇਕ ਰਾਸ਼ਟਰ-ਇਕ ਭਾਸ਼ਾ’ ਦਾ ਏਜੰਡਾ ਦੇਸ਼ ਦੇ ਸੰਘੀ ਢਾਂਚੇ ਨੂੰ ਤਬਾਹ ਕਰ ਦੇਵੇਗਾ ਅਤੇ ਇਹ ਰੁਝਾਨ ਬਹੁ ਭਾਸ਼ਾਈ ਸੂਬਿਆਂ ਦੇ ਸੁਮੇਲ ਵਾਲੇ ਭਾਰਤ ਦੇਸ਼ ਲਈ ਬਹੁਤ ਖਤਰਨਾਕ ਹੈ।
  ਸ੍ਰੀ ਸਿੰਗਲਾ ਨੇ ਕਿਹਾ ਕਿ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ‘ਇਕ ਰਾਸ਼ਟਰ- ਇਕ ਭਾਸ਼ਾ’ ਦੇ ਦਿੱਤੇ ਬਿਆਨ ਨਾਲ ਭਾਜਪਾ ਦੇ ਲੁਕਵੇਂ ਏਜੰਡੇ ਦੀ ਬਿੱਲੀ ਥੈਲਿਓਂ ਬਾਹਰ ਆ ਗਈ ਹੈ, ਜਿਹੜੀ ਦੇਸ਼ ਦੇ ਸੰਵਿਧਾਨ ਦੀ ਮੂਲ ਭਾਵਨਾ ਦੇ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਭਾਰਤ ਬਹੁ ਭਾਸ਼ਾਈ, ਬਹੁ ਸੱਭਿਆਤਾਵਾਂ, ਵਿਭਿੰਨਤਾਵਾਂ ਵਾਲਾ ਦੇਸ਼ ਹੈ, ਜਿਸ ਦਾ ਸੰਵਿਧਾਨ ‘ਅਨੇਕਤਾ ਵਿੱਚ ਏਕਤਾ’ ਦੀ ਗੱਲ ਕਰਦਾ ਹੈ ਪਰ ਗ੍ਰਹਿ ਮੰਤਰੀ ਸ੍ਰੀ ਸ਼ਾਹ ਵੱਲੋਂ ਕਹੀ ਗੱਲ ਸੰਵਿਧਾਨ ਦੀ ਮੂਲ ਭਾਵਨਾ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਐੱਨਡੀਏ ਦੀ ਸਰਕਾਰ ਦੇਸ਼ ਵਿੱਚ ਆਈ ਹੈ, ਉਦੋਂ ਤੋਂ ਦੇਸ਼ ਦੇ ਸੰਵਿਧਾਨ ਨੂੰ ਕਮਜ਼ੋਰ ਕਰਨ ਅਤੇ ਸੰਵਿਧਾਨਕ ਸੰਸਥਾਵਾਂ ਦਾ ਘਾਣ ਕੀਤਾ ਜਾ ਰਿਹਾ ਹੈ ਅਤੇ ਹੁਣ ਇਸ ਨਵੇਂ ਵਿਚਾਰ ਨਾਲ ਦੇਸ਼ ਦੇ ਸੰਵਿਧਾਨ ਉਪਰ ਸਭ ਤੋਂ ਵੱਡਾ ਹਮਲਾ ਹੋਇਆ ਹੈ। ਸ੍ਰੀ ਸਿੰਗਲਾ ਨੇ ਕੇਂਦਰੀ ਸੱਤਾ ਵਿੱਚ ਭਾਈਵਾਲ ਅਕਾਲੀ ਦਲ ਨੂੰ ਵੀ ਇਸ ਮਾਮਲੇ ਉਤੇ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਹੈ।
  ਉਨ੍ਹਾਂ ਕਿਹਾ ਕਿ ਭਾਜਪਾ ਦੇ ਇਸ ਵਿਚਾਰ ਦਾ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਵਿਰੋਧ ਹੋਵੇਗਾ ਅਤੇ ਕਾਂਗਰਸ ਪਾਰਟੀ ਕਦੇ ਵੀ ਭਾਜਪਾ ਨੂੰ ਆਪਣੇ ਮਨਸੂਬਿਆਂ ਵਿੱਚ ਸਫਲ ਨਹੀਂ ਹੋਣ ਦੇਵੇਗੀ।

  ਅੰਮਿ੍ਤਸਰ - 1984 ਦੇ ਕਾਨਪੁਰ ਸਿੱਖ ਕਤਲੇਆਮ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ 'ਸਿਟ' ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਦੀ ਅਗਵਾਈ 'ਚ ਕਾਨਪੁਰ ਗਏ ਇਕ ਉੱਚ-ਪੱਧਰੀ ਵਫ਼ਦ ਨੂੰ ਭਰੋਸਾ ਦਿੱਤਾ ਹੈ ਕਿ ਇਕ ਹਫ਼ਤੇ 'ਚ ਗਵਾਹਾਂ ਦੇ ਬਿਆਨ ਦਰਜ ਕਰਵਾਏ ਜਾਣਗੇ | 'ਸਿਟ' ਨੇ ਬੰਦ ਪਏ ਕੇਸ ਮੁੜ ਖੋਲ੍ਹਣ ਦੀ ਵੀ ਗੱਲ ਆਖੀ ਹੈ | ਦੱਸਣਯੋਗ ਹੈ ਕਿ ਬੀਤੇ ਦਿਨੀਂ ਕਾਨਪੁਰ ਸਿੱਖ ਕਤਲੇਆਮ ਸਬੰਧੀ ਕੇਸਾਂ ਦੀਆਂ ਅਹਿਮ ਫ਼ਾਈਲਾਂ ਗੁੰਮ ਹੋਣ ਦਾ ਮਾਮਲਾ ਉਜਾਗਰ ਹੋਇਆ ਸੀ, ਜਿਸ ਦੇ ਚੱਲਦਿਆਂ ਅੱਜ ਸਿੱਖ ਆਗੂਆਂ ਨੇ ਐਸ. ਆਈ. ਟੀ. ਦੇ ਮੈਂਬਰ ਸੁਭਾਸ਼ ਅਗਰਵਾਲ ਸਮੇਤ ਹੋਰ ਮੈਂਬਰਾਂ ਨਾਲ ਮੁਲਾਕਾਤ ਕੀਤੀ | ਵਫ਼ਦ 'ਚ ਭਾਈ ਲੌਾਗੋਵਾਲ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ਬਲਵਿੰਦਰ ਸਿੰਘ ਭੂੰਦੜ ਤੇ ਕਾਨਪੁਰ ਦੇ ਸਿੱਖ ਪ੍ਰਤੀਨਿਧ ਵੀ ਸ਼ਾਮਿਲ ਸਨ | ਵਫ਼ਦ ਮੈਂਬਰਾਂ ਵੱਲੋਂ ਸਿਟ ਕੋਲ ਸਿੱਖ ਕਤਲੇਆਮ ਦੇ ਗਵਾਹਾਂ ਦੀ ਸੁਰੱਖਿਆ, ਸਮੇਂ ਸਿਰ ਗਵਾਹੀ ਦਰਜ ਕਰਵਾਉਣ ਨੂੰ ਯਕੀਨੀ ਬਣਾਉਣ, ਬੰਦ ਹੋਏ ਕੇਸ ਮੁੜ ਖੋਲ੍ਹਣ ਅਤੇ ਗਾਇਬ ਹੋਈਆਂ ਫਾਈਲਾਂ ਸਬੰਧੀ ਮਾਮਲੇ ਵੀ ਉਠਾਏ ਗਏ | 'ਸਿਟ' ਵਲੋਂ ਵਫਦ ਨੂੰ ਜਾਂਚ ਛੇਤੀ ਮੁਕੰਮਲ ਹੋਣ ਦਾ ਭਰੋਸਾ ਦਿੱਤਾ ਗਿਆ ਹੈ |

  ਚੰਡੀਗੜ੍ਹ - ਆਰਐਸਐਸ ਦੇ ਏਜੰਡੇ ਦੀ ਹਮਾਇਤ ਕਰਕੇ ਗਾਇਕ ਗੁਰਦਾਸ ਮਾਨ ਕਸੂਤੇ ਘਿਰ ਗਏ ਹਨ। ਆਰਐਸਐਸ ਦੇ ਏਜੰਡੇ ਮੁਤਾਬਕ ਭਾਰਤ ’ਚ ਇੱਕ ਭਾਸ਼ਾ ਹਿੰਦੀ, ਇੱਕ ਰਾਸ਼ਟਰ ਤੇ ਇੱਕ ਸੱਭਿਆਚਾਰ ਦੇ ਹੱਕ ’ਚ ਨਾਅਰਾ ਮਾਰਨ ਮਗਰੋਂ ਗੁਰਦਾਸ ਮਾਨ ਦੀ ਅਲੋਚਨਾ ਹੋ ਰਹੀ ਹੈ। ਬੇਸ਼ੱਕ ਕੁਝ ਵਰਗ ਉਨ੍ਹਾਂ ਦਾ ਬਚਾਅ ਕਰ ਰਹੇ ਹਨ ਪਰ ਸਾਹਿਤਕ ਤੇ ਸਿੱਖ ਜਥੇਬੰਦੀਆਂ ਉਨ੍ਹਾਂ ਦੇ ਖਿਲਾਫ ਡਟ ਗਏ ਹਨ।
  ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਡਾ. ਤੇਜਵੰਤ ਮਾਨ ਨੇ ਕਿਹਾ ਹੈ ਕਿ ਗੁਰਦਾਸ ਮਾਨ ਨੇ ਇੱਕ ਭਾਸ਼ਾ, ਇੱਕ ਰਾਸ਼ਟਰ ਤੇ ਇੱਕ ਸੱਭਿਆਚਾਰ ਦੇ ਹੱਕ ’ਚ ਖੜ੍ਹ ਕੇ ਪੰਜਾਬ ਤੇ ਪੰਜਾਬੀ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਸਭਾ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਅਜਿਹੇ ਗਾਇਕਾਂ ਦੇ ਮੁਕੰਮਲ ਬਾਈਕਾਟ ਦਾ ਸੱਦਾ ਦਿੱਤਾ ਹੈ।
  ਡਾ. ਤੇਜਵੰਤ ਮਾਨ ਨੇ ਕਿਹਾ ਕਿ ਜਿਸ ਵਿਅਕਤੀ ਨੇ 40 ਸਾਲ ਮਾਂ ਬੋਲੀ ਦੀ ਸੇਵਾ ਦੇ ਨਾਂ ਹੇਠ ਪੈਸਾ ਤੇ ਸ਼ੋਹਰਤ ਹਾਸਲ ਕੀਤੀ ਹੋਵੇ, ਉਸ ਵੱਲੋਂ ਆਰਐਸਐਸ ਦੇ ਹਿੰਦੂਤਵੀ ਏਜੰਡੇ-ਇੱਕ ਭਾਸ਼ਾ, ਇੱਕ ਰਾਸ਼ਟਰ ਤੇ ਇੱਕ ਸੱਭਿਆਚਾਰ ਦੀ ਵਕਾਲਤ ਕਰਕੇ ਮਾਂ ਬੋਲੀ ਪੰਜਾਬੀ ਨਾਲ ਧ੍ਰੋਹ ਕਮਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਗੁਰਦਾਸ ਮਾਨ ਨੇ ਗਾਇਕੀ ਜਿਹੀ ਸੂਖ਼ਮ ਕਲਾ ਦੀ ਪਵਿੱਤਰਤਾ ਨੂੰ ਵੀ ਭੰਗ ਕਰ ਕੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤੇ ਅਜਿਹਾ ਕਰਕੇ ਉਸ ਨੇ ਪੰਜਾਬੀ ਗਾਇਕੀ ਦੀਆਂ ਸ਼ਾਨਦਾਰ ਰਵਾਇਤਾਂ ਨੂੰ ਤੋੜਿਆ ਹੈ।
  ਇਸ ਨਾਲ ਗਾਇਕ ਹੁਣ ਅਖੌਤੀ ਪੰਜਾਬੀ ਗਾਇਕਾਂ ਦੀ ਕਤਾਰ ਵਿੱਚ ਖੜ੍ਹਾ ਹੋ ਗਿਆ ਹੈ। ਡਾ. ਮਾਨ ਨੇ ਕਿਹਾ ਕਿ ਭਾਰਤ ਦੀ ਬਹੁਕੌਮੀ, ਬਹੁ-ਭਾਸ਼ਾਈ ਤੇ ਬਹੁ-ਸੱਭਿਆਚਾਰਕ ਪਛਾਣ ਨੂੰ ਖ਼ਤਮ ਕਰਨ ਵਾਲੀਆਂ ਤਾਕਤਾਂ ਦੇ ਹੱਥਾਂ ਵਿੱਚ ਖੇਡਣ ਵਾਲੇ ਗੁਰਦਾਸ ਮਾਨ ਨੇ ਕਾਫ਼ੀ ਕੁਟਿਲਤਾ ਨਾਲ ਪੰਜਾਬੀ ਭਾਸ਼ਾ ਦੇ ਹਿਤੈਸ਼ੀਆਂ ਨੂੰ ਵਿਹਲੜ ਗਰਦਾਨ ਕੇ ਆਪਣੀ ਗੁਲਾਮ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ। ਡਾ. ਤੇਜਵੰਤ ਮਾਨ ਨੇ ਕਿਹਾ ਕਿ ਗੁਰਦਾਸ ਮਾਨ ਨੂੰ ਭਾਰਤ ਦੀ ਵੰਨ-ਸੁਵੰਨਤਾ ਤੇ ਬਹੁਕੌਮੀ ਸਰੂਪ ਬਾਰੇ ਕੋਈ ਜਾਣਕਾਰੀ ਹੀ ਨਹੀਂ।

  ਚੰਡੀਗੜ੍ਹ -  ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਲਾਂਘੇ ਲਈ ਕੇਵਲ ਪੇਸ਼ ਕੀਤੀ ਫੀਸ ਦੀ ਮੁਢਲੀ ਤਜ਼ਵੀਜ਼ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ "ਜਜ਼ੀਆ" ਕਰਾਰ ਦੇਣ ਵਾਲਾ ਭੜਕਾਊ ਅਤੇ ਬੇਲੋੜਾ ਬਿਆਨ ਹੈ, ਜੋ ਮੌਕੇ ਦੀਆਂ ਪ੍ਰਸਥਿਤੀਆਂ ਦੇ ਅਨੁਕੂਲ ਨਹੀਂ ਬਲਕਿ ਉਲਟ ਹੈ। ਪੰਜਾਬ ਦੇ ਬੁੱਧੀਜੀਵੀਆਂ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਫੀਸ ਦਾ ਮਸਲਾ ਜਿੱਥੇ ਪਾਕਿਸਤਾਨ ਦਾ ਅੰਦਰੂਨੀ ਹੈ, ਉੱਥੇ ਹੀ ਇਹ ਭਾਰਤ -ਪਾਕਿਸਤਾਨ ਦੇ ਵਿਦੇਸ਼ੀ ਮਾਮਲਿਆਂ ਨਾਲ ਜੁੜਿਆ ਹੋਇਆ ਹੈ। ਇਸਦਾ ਹੱਲ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਹੀ ਕਰਨਾ ਹੋਵੇਗਾ। ਕਰਤਾਰਪੁਰ ਲਾਂਘੇ ਦੇ ਮੁੱਦੇ ਉੱਤੇ ਕੈਪਟਨ ਅਮਰਿੰਦਰ ਬਾਰ ਬਾਰ ਭੜਕਾਹਟ ਭਰੀ ਬਿਆਨਬਾਜ਼ੀ ਕਰਕੇ ਲਾਂਘਾ ਵਿਰੋਧੀ ਤਾਕਤਾਂ ਦੇ ਹੱਥਾਂ 'ਚ ਨਾ ਖੇਡਣ। ਇਹ ਤਾਕਤਾਂ ਪਹਿਲਾਂ ਹੀ ਲਾਂਘਾ ਆਰੰਭ ਹੋਣ ਕਰਕੇ ਮੱਚ ਕੇ ਕੋਲੇ ਹੋਈਆਂ ਫਿਰਦੀਆਂ ਹਨ ਅਤੇ ਲਾਂਘਾ ਬੰਦ ਕਰਾਉਣ ਲਈ ਸਾਜ਼ਿਸ਼ਾਂ ਘੜ ਰਹੀਆਂ ਹਨ। ਐਸ ਜੀ ਪੀ ਸੀ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੂੰ ਲਾਂਘਾ ਫੀਸ ਬਾਰੇ ਬਿਆਨਬਾਜ਼ੀ ਕਰਨ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਵੀ ਸੋਟੀ ਫੇਰ ਲੈਣੀ ਚਾਹੀਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਦੇ ਉਲਟ ਅਜਿਹਾ ਬੜਾ ਕੁੱਝ ਇਕੱਠਾ ਹੋਇਆ ਪਿਆ ਹੈ ਜਿਹੜਾ ਸਿੱਖ ਕੌਮ ਨੂੰ ਸ਼ਰਮਸਾਰ ਕਰਦਾ ਹੈ। ਐਸ ਜੀ ਪੀ ਸੀ ਵੱਲੋਂ ਸਿੱਖਾਂ ਦੇ ਇਤਿਹਾਸਕ ਸਥਾਨਾਂ ਉੱਤੇ ਮਨਾਏ ਜਾਂਦੇ ਦਿਹਾੜਿਆਂ ਮੌਕੇ ਮੰਜਿਆਂ ਉੱਤੇ ਖਿਡੌਣੇ ਧਰ ਕੇ ਜਾਂ ਤੁਰ ਫਿਰ ਕੇ ਚੀਜ਼ਾਂ ਵੇਚਣ ਵਾਲੇ ਗਰੀਬ ਕਿਰਤੀ ਲੋਕਾਂ ਤੋਂ ਜਗ੍ਹਾ ਦਾ 2 ਦਿਨਾਂ ਦਾ ਕਿਰਾਇਆ 5-5 ਹਜ਼ਾਰ ਰੁਪਏ ਲੈਣਾ, ਇੱਕ ਰਾਤ ਠਹਿਰਣ ਬਦਲੇ ਸ਼ਰਧਾਲੂਆਂ ਤੋਂ ਕਮਰੇ ਦਾ ਕਰਾਇਆ 500-1000 ਰੁਪਏ ਅਤੇ ਵਾਹਨਾਂ ਦੀਆਂ ਪਾਰਕਿੰਗ ਲਈ ਮੋਟੀਆਂ ਫੀਸਾਂ ਉਗਰਾਹੁਣਾ ਕਿਵੇਂ ਜਾਇਜ਼ ਹੈ ? ਬੁੱਧੀਜੀਵੀਆਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੇਖਦੇ ਹੋਏ ਲਾਂਘਾ ਫੀਸ ਦਾ ਕੇਸ ਮੁੜ ਵਿਚਾਰਨ ਤਾਂ ਜੋ ਹਰ ਸਿੱਖ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ ਕਰ ਸਕੇ। ਇਸ ਮੌਕੇ ਗੁਰਤੇਜ ਸਿੰਘ, ਗੁਰਦਰਸ਼ਨ ਸਿੰਘ, ਜਸਪਾਲ ਸਿੰਘ, ਗੁਰਪ੍ਰੀਤ ਸਿੰਘ, ਹਰਦੀਪ ਸਿੰਘ ਡਿਬਡਿਬਾ, ਰਾਜਿੰਦਰ ਸਿੰਘ ਖਾਲਸਾ, ਸੁਰਿੰਦਰ ਸਿੰਘ ਕਿਸ਼ਨਪੁਰਾ ਅਤੇ ਖੁਸ਼ਹਾਲ ਸਿੰਘ ਆਦਿ ਹਾਜ਼ਿਰ ਸਨ।

  ਸਿੱਧੂ ਮੂਸੇਵਾਲਾ ਤੇ ਗੁਰਦਾਸ ਮਾਨ ਦੀ ਤਿੱਖੇ ਸ਼ਬਦਾਂ 'ਚ ਅਲੋਚਣਾ
  ਸ਼ਹਿਣਾ/ਭਦੌੜ,22 ਸਤੰਬਰ (ਅਵਤਾਰ ਸਿੰਘ ਚੀਮਾ):ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਇੱਕ ਰਾਸ਼ਟਰ ਇੱਕ ਭਾਸ਼ਾ ਸੰਬੰਧੀ ਦਿੱਤੇ ਬਿਆਨ ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਮੁਖੀ ਦਰਬਾਰ-ਏ-ਖਾਲਸਾ ਅਤੇ ਉੱਘੇ ਸਿੱਖ ਪ੍ਰਚਾਰਕ ਭਾਈ ਹਰਜੀਤ ਸਿੰਘ ਢਿਪਾਲੀ ਨੇ ਤਿੱਖਾ ਪ੍ਰਤੀਕਰਮ ਦਿੰਦਿਆ ਇਸ ਨੂੰ ਗ਼ੈਰ ਸੰਵਿਧਾਨਕ ਕਰਾਰ ਦਿੱਤਾ ! ਉਹਨਾਂ ਕਿਹਾ ਕਿ ਭਾਰਤ ਦੇ ਸੰਵਿਧਾਨ ਅਨੁਸਾਰ ਦੇਸ਼ ਦੀਆਂ 18 ਭਸ਼ਾਵਾਂ ਨੂੰ ਮਾਨਤਾ ਹੈ, ਜਦੋ ਕਿ ਦੇਸ਼ ਗ੍ਹਹਿ ਮੰਤਰੀ ਸਿਰਮ ਇੱਕ ਭਾਸ਼ਾ ਦੀ ਗੱਲ ਕਰਕੇ ਦੇਸ਼ ਦੀਆਂ ਬਾਕੀ 17 ਭਸ਼ਾਵਾਂ ਦਾ ਅਪਮਾਨ ਕਰ ਰਹੇ ਹਨ ! ਉਹਨਾਂ ਜਿੱਥੇ ਹਿੰਦੀ ਦਿਵਸ ਮੌਕੇ ਹੁਕਮ ਚੰਦ ਸ਼ਰਮਾਂ ਵੱਲੋਂ ਮਾਂ ਬੋਲੀ ਪੰਜਾਬੀ ਲਈ ਵਰਤੇ ਗਏ ਅਪਮਾਨਜਨਕ ਸ਼ਬਦਾਂ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ, ਉੱਥੇ ਡਾ. ਤੇਜਵੰਤ ਸਿੰਘ ਮਾਨ ਵੱਲੋਂ ਮਾਂ ਬੋਲੀ ਦੇ ਹੱਕ 'ਚ ਡਟਣ ਦੀ ਸ਼ਾਲਾਘਾ ਵੀ ਕੀਤੀ ! ਦੋਨਾਂ ਪੰਥਕ ਵਿਦਵਾਨਾਂ ਨੇ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਨੀਵੇ ਪੱਧਰ ਦੇ ਗੀਤ 'ਚ ਸਿੱਖ ਕੌਮ ਦੀ ਮਹਾਨ ਸ਼ਖਸ਼ੀਅਤ ਮਾਤਾ ਭਾਗ ਕੌਰ ਜੀ ਦਾ ਨਾਂ ਵਰਤਣ ਤੇ ਸਖ਼ਤ ਇਤਰਾਜ ਕਰਦਿਆ ਦੱਸਿਆ ਕਿ ਮਾਤਾ ਭਾਗ ਕੌਰ ਜੀ ਦਾ ਪਰਿਵਾਰ ਪੰਚਮ ਪਾਤਸ਼ਾਹ ਜੀ ਦੇ ਮੌਕੇ ਤੋਂ ਹੀ ਸਿੱਖੀ ਨਾਲ ਜੁੜਿਆ ਹੋਇਆ ਸੀ ! ਮਾਤਾ ਜੀ ਦਾ ਪਤੀ, ਜੇਠ, ਦੋ ਭਰਾਵਾਂ ਸਮੇਤ ਕਈ ਸ਼ਹੀਦੀਆਂ ਇਸ ਪਰਿਵਾਰ ਨੇ ਸਿੱਖੀ ਲਈ ਦਿੱਤੀਆ ਹਨ ! ਉਹਨਾਂ ਕਿਹਾ ਕਿ ਜਿਸ ਬੀਬੀ ਜੀ ਦੀ ਤਸੀਰ ਮਾਤਾ ਭਾਗ ਕੌਰ ਵਰਗੀ ਹੋਵੇਗੀ ਉਸਦਾ ਜੀਵਨ ਗੁਰਬਾਣੀ ਅਨੁਸਾਰ ਹੋਵੇਗਾ, ਨਾ ਕਿ ਉਹ ਲੱਚਰ ਗਾਰਿਕਾਂ ਦੇ ਗੀਤ ਸੁਣੇਗੀ ! ਭਾਈ ਮਾਝੀ ਅਤੇ ਢਿਪਾਲੀ ਨੇ ਕਿਹਾ ਕਿ ਸ਼ੋਸ਼ਲ ਮੀਡੀਆ ਰਾਹੀ ਪੰਜਾਬੀ ਮਾਂ ਬੋਲੀ ਦੇ ਗੱਕ 'ਚ ਲਿਖਣ ਵਾਲੇ ਸਤਿਕਾਰਯੋਗ ਸੱਜਣਾਂ ਨੂੰ ਵੇਹਲੜ ਕਹਿ ਕਿ ਦੇਸ਼ ਦੀ ਇਕ ਬੋਲੀ ਦੀ ਵਕਾਲਤ ਕਰਨ ਵਾਲਾ ਗੁਰਦਾਸ ਮਾਨ ਮਾਂ ਬੋਲੀ ਦਾ ਨਲਾਇਕ ਪੁੱਤਰ ਹੈ ਜੋ ਸ਼ੋਸ਼ਲ ਮੀਡੀਆ ਤੇ ਕੇ ਪੀ ਐਸ ਗਿੱਲ ਵਰਗੇ ਜਾਲਮ ਅਫ਼ਸਰਾਂ ਨਾਲ ਆਪਣੀ ਸ਼ਾਂਝ ਸੰਬੰਧੀ ਹੋ ਰਹੀ ਚਰਚਾ ਤੇ ਅਜੇ ਤੱਕ ਚੁੱਪ ਹੈ !

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com