ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਅੰਮ੍ਰਿਤਸਰ  - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਬਾਦਲ ਦੀ ਦਿੱਲੀ ਇਕਾਈ ਦੇ ਸਾਬਕਾ ਸ੍ਰ ਮਨਜੀਤ ਸਿੰਘ ਜੀ ਕੇ ਨੇ ਸੱਚ ਤੋ ਪਰਦਾ ਚੁੱਕਦਿਆ ਜਿਥੇ ਦਿੱਲੀ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੂੰ ਬਿਨਾਂ ਨਾਮ ਲਏ ਆੜੇ ਹੱਥੀ ਲਿਆ ਉਥੇ ਪਾਰਟੀ ਹਾਈ ਕਮਾਂਡ ਦਾ ਵੀ ਪਰਦਾਫਾਸ਼ ਕਰਦਿਆ ਸੰਕੇਤ ਦਿੱਤੇ ਕਿ ਅਕਾਲੀ ਦਲ ਦਾ ਪੰਜਾਬ ਦੇ ਲੋਕਾਂ ਨੇ ਲੱਗਪੱਗ ਬੋਰੀਆ ਬਿਸਤਰਾ ਗੋਲ ਕਰ ਦਿੱਤਾ ਹੈ ਕਿਉਕਿ 94 ਵਿਧਾਨ ਸਭਾ ਹਲਕਿਆ ਵਿੱਚੋ ਦਲ ਨੂੰ ਸਿਰਫ 20 ਹਲਕਿਆ ਵਿੱਚੋ ਹੀ ਲੀਡ ਮਿਲੀ ਹੈ। ਤੇ ਪੰਥਕ ਹਲਕੇ ਵੀ ਕਾਂਗਰਸ ਦੇ ਝੋਲੀ ਪੈ ਚੁੱਕੇ ਹਨ ਤੇ ਦੋ ਹਲਕਿਆ ਤੋ ਤਾਂ ਦਲ ਦੇ ਉਮੀਦਵਾਰ ਤੀਸਰੀ ਥਾਂ ਤੇ ਜਾ ਕੇ ਡਿੱਗੇ ਹਨ।
  ਜਾਰੀ ਇੱਕ ਬਿਆਨ ਰਾਹੀ ਸ੍ਰ ਮਨਜੀਤ ਸਿੰਘ ਜੀ ਕੇ ਨੇ ਕਿਹਾ ਕਿ ਉਹਨਾਂ ਨੂੰ ਅਕਾਲੀ ਦਲ 'ਚੋਂ ਕੱਢਣ ਦਾ ਕੋਈ ਸਵਾਲ ਹੀ ਪੈਦਾ ਨਹੀ ਹੁੰਦਾ ਜਦ ਕਿ ਉਹ ਆਪਣੇ ਆਹੁਦੇ ਤੇ ਅਕਾਲੀ ਦਲ ਦੇ ਸਾਰੇ ਆਹੁਦਿਆ ਤੇ ਮੁੱਢਲੀ ਮੈਂਬਰਸ਼ਿਪ ਤੋ ਪਹਿਲਾਂ ਹੀ ਅਸਤੀਫਾ ਦੇ ਚੁੱਕੇ ਹਨ। ਉਹਨਾਂ ਦਿੱਲੀ ਸੂਬਾ ਇਕਾਈ ਦੀ ਕਥਿਤ ਕੋਰ ਕਮੇਟੀ ਵੱਲੋਂ ਮੀਟਿੰਗ ਕਰਕੇ ਉਹਨਾਂ ਵਿਰੁੱਧ ਲੋੜੀਦੀ ਕਾਰਵਾਈ ਕਰਨ ਲਈ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੂੰ ਕੀਤੀ ਗਈ ਸਿਫਾਰਸ਼ ਬਾਰੇ ਕਿਹਾ ਕਿ ਸੂਬਾ ਇਕਾਈ ਪਹਿਲਾਂ ਹੀ ਭੰਗ ਕੀਤੀ ਜਾ ਚੁੱਕੀ ਹੈ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਇੰਚਾਰਜ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਵਿੱਚ ਕੋਰ ਕਮੇਟੀ ਦੀ ਮੀਟਿੰਗ ਕਿਹੜੇ ਨਿਯਮਾਂ ਅਨੁਸਾਰ ਕੀਤੀ ਗਈ ਹੈ ਉਹਨਾਂ ਦੀ ਸਮਝ ਤੋ ਬਾਹਰ ਹੈ। ਜੀ ਕੇ ਨੇ ਦੱਸਿਆ ਕਿ ਉਹ ਤਾਂ 7 ਦਿਸੰਬਰ 2018 ਨੂੰ ਹੀ ਦਿੱਲੀ ਕਮੇਟੀ ਅਤੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਤੇ ਦਲ ਦੀ ਮੁੱਢਲੀ ਮੈਂਬਰਸ਼ਿਪ ਤੋ ਵੀ ਅਸਤੀਫ਼ਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੌਂਪ ਚੁੱਕੇ ਹਨ। ਇਹ ਜਿਹੜੀ ਹੁਣ ਸ੍ਰ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਕਥਿਤ ਕਾਰਵਾਈ ਕੀਤੀ ਜਾ ਰਹੀ ਹੈ ਇਹ ਸਿਰਫ ਉਹਨਾਂ ਨੂੰ ਬਦਨਾਮ ਕਰਨ ਤੇ ਅਖਬਾਰੀ ਸੁਰਖੀਆ ਬਟੋਰਨ ਲਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਅਜਿਹੀਆ ਕਾਰਵਾਈਆ ਨਾਲ ਉਹਨਾਂ ਨੂੰ ਕੋਈ ਫਰਕ ਪੈਣ ਵਾਲਾ ਨਹੀ ਪਰ ਸਾਜ਼ਿਸੀ ਜਰੂਰ ਨੰਗੇ ਹੋ ਜਾਣਗੇ।
  ਜੀ ਕੇ ਨੇ ਸਵਾਲ ਕੀਤਾ ਕਿ ਜਿਨ•ਾਂ ਨੂੰ ਪੰਥਕ ਹਲਕਿਆਂ ਨੇ ਆਪਣੇ ਦਿਲ ਅਤੇ ਦਿਮਾਗ ਚੋਂ ਇਨ•ਾਂ ਚੋਣਾਂ ਵਿੱਚ ਕੱਢ ਦਿੱਤਾ ਹੈਂ ਉਹਨਾਂ ਨੂੰ ਕੋਈ ਅਧਿਕਾਰ ਨਹੀ ਰਹਿ ਜਾਂਦਾ ਕਿ ਉਹਨਾਂ ਨੂੰ ਪਾਰਟੀ ਚੋਂ ਕੱਢਣ। ਉਹਨਾਂ ਕਿਹਾ ਕਿ 19 ਮਈ ਨੂੰ ਲੋਕ ਸਭਾ ਦੇ ਹੋਏ ਮਤਦਾਨ ਦੋਰਾਨ ਅਕਾਲੀ ਦਲ ਦੇ 10 ਵਿੱਚੋਂ 8 ਉਮੀਦਵਾਰ ਮੋਦੀ ਸੁਨਾਮੀ ਦੇ ਬਾਵਜੂਦ ਬੁਰੀ ਤਰ•ਾਂ ਨਾਲ ਹਾਰ ਗਏ ਹਨ ਜਦੋਂ ਕਿ ਲੁਧਿਆਣਾ ਤੇ ਸੰਗਰੂਰ ਤੋ ਪਾਰਟੀ ਉਮੀਦਵਾਰ ਤੀਜੇ ਨੰਬਰ 'ਤੇ ਆਏ ਹਨ। ਖਡੂਰ ਸਾਹਿਬ ਵਰਗੀ ਪੰਥਕ ਸੀਟ ਜਿਸਨੂੰ ਅਕਾਲੀ ਦਲ ਕਦੇ ਨਹੀਂ ਹਾਰਿਆ ਸੀ, ਉਹ ਸੀਟ ਵੀ ਪਹਿਲੀ ਵਾਰ ਹਾਰ ਗਿਆ। ਮੋਦੀ ਲਹਿਰ ਦੇ ਬਾਵਜੂਦ ਪਾਰਟੀ ਪੰਜਾਬ ਦੀ ਆਪਣੀ ਹਿੱਸੇ ਦੀ 94 ਵਿਧਾਨ ਸਭਾ ਸੀਟਾਂ ਵਿੱਚੋਂ ਸਿਰਫ 20 ਉੱਤੇ ਹੀ ਜਿੱਤ ਪ੍ਰਾਪਤ ਕਰਣ ਵਿੱਚ ਕਾਮਯਾਬ ਰਹੀਂ ਹੈ।
  ਜੀ ਕੇ ਨੇ ਕਿਹਾ ਕਿ ਪੰਥਕ ਮਸਲਿਆਂ 'ਤੇ ਕੌਮ ਦੇ ਸਵਾਲਾਂ ਦਾ ਜਵਾਬ ਦੇਣ ਵਿੱਚ ਅਸਮਰਥ ਰਹੀ ਪਾਰਟੀ ਹਾਈਕਮਾਨ ਮਤਦਾਨ ਦੀ ਪਹਿਲੀ ਸ਼ਾਮ 'ਤੇ ਕਾਂਗਰਸ ਆਗੂ ਸੈਮ ਪਿਤਰੋਦਾ ਦੇ ਬਿਆਨ ਦਾ ਸਿਆਸੀ ਫਾਇਦਾ ਲੈਣ ਵਿੱਚ ਵੀ ਕਾਮਯਾਬ ਨਹੀਂ ਹੋਈ। ਉਹਨਾਂ ਪੰਥ ਪ੍ਰਤੀ ਆਪਣੀ ਪੀੜਾਂ ਨੂੰ ਜਾਹਿਰ ਕਰਦਿਆ ਕੌਮ ਦੇ ਨਾਂਅ ਖੁੱਲ•ਾ ਪੱਤਰ ਲਿਖ ਕੇ ਅਕਾਲੀ ਦਲ ਨੂੰ ਲੱਗੀ ਸਿਆਸੀ ਢਾਹ 'ਤੇ ਸਿੱਖ ਬੁੱਧੀਜੀਵੀਆਂ ਨੂੰ ਮੰਥਨ ਕਰਣ ਦੀ ਵੀ ਅਪੀਲ ਕੀਤੀ ਹੈਂ।
  ਉਹਨਾਂ ਦਾਅਵਾ ਕੀਤਾ ਕਿ ਪਾਰਟੀ ਆਪਣੇ ਜਨਤਕ ਆਧਾਰ ਵਾਲੇ ਵੋਟਰ ਕਿਸਾਨ ਅਤੇ ਪੰਥ ਦੋਵਾਂ ਂ ਨੂੰ ਬਚਾਉਣ ਵਿੱਚ ਨਾਕਾਮ ਹੀ ਨਹੀ ਸਗੋ ਬੁਰੀ ਤਰ•ਾ ਅਸਫਲ ਰਹੀ ਹੈਂ। ਪਾਰਟੀ ਨੂੰ ਲੱਗੀ ਢਾਹ ਦਾ ਜਵਾਬ ਦੇਣ ਦੀ ਬਜਾਏ ਉਹਨਾਂ ਦਾ ਮੂੰਹ ਬੰਦ ਕਰਵਾਉਣ ਦੇ ਬਣਾਏ ਜਾ ਰਹੇ ਮਨਸੂਬੇ ਕਦੇ ਵੀ ਕਾਮਯਾਬ ਨਹੀ ਹੋਣਗੇ। ਉਹਨਾਂ ਕਿਹਾ ਕਿ ਆਪਣਿਆ ਤੋ ਬਚੋ ਦੇ ਕਥਨ ਅਨੁਸਾਰ ਉਹਨਾਂ ਦੇ ਖਿਲਾਫ ਗਿਣੀ-ਮਿੱਥੀ ਸਾਜਿਸ਼ ਰਚਣ ਵਾਲੇ ਕੋਈ ਹੋਰ ਨਹੀ ਸਗੋ ਆਪਣੇ ਹੀ ਸਨ ਜਿਹੜੇ ਮੂੰਹ ਵਿੱਚ ਰਾਮ ਰਾਮ ਜੱਪਦੇ ਰਹੇ ਤੇ ਬਗਲ ਵਿੱਚ ਛੁਰੀ ਰੱਖ ਕੇ ਫੇਰਦੇ ਰਹੇ। ਉਹਨਾਂ ਕਿਹਾ ਕਿ ਜੇਕਰ ਅਦਾਲਤ ਉਹਨਾਂ ਨੂੰ ਦੋਸ਼ੀ ਕਰਾਰ ਦੇਵੇਗੀ ਤਾਂ ਉਹ ਸਜਾ ਭੁਗਤਣ ਲਈ ਵੀ ਤਿਆਰ ਹਨਂ। ਉਹਨਾਂ ਕਿਹਾ ਕਿ ਸਾਜਿਸ਼ਾ ਕਦੇ ਵੀ ਕਾਮਯਾਬ ਨਹੀ ਹੋਈਆ ਤੇ ਹਮੇਸ਼ਾਂ ਸ਼ਾਜਿਸ਼ ਕਰਨ ਵਾਲਿਆ ਨੂੰ ਹੀ ਮੂੰਹ ਦੀ ਖਾਣੀ ਪਈ ਹੈ।

  ਜਲੰਧਰ - ਲੋਕ ਸਭਾ ਦੀਆਂ 13 ਸੀਟਾਂ ਦੇ ਨਤੀਜੇ ਦਾ ਵਿਧਾਨ ਸਭਾ ਹਲਕਿਆਂ ਵਾਰ ਕੀਤੇ ਸਰਵੇਖਣ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਅਕਾਲੀ ਦਲ ਦਾ ਅਜੇ ਵੀ ਧਾਰਮਿਕ-ਸਿਆਸੀ ਸੰਕਟ ਨੇ ਪਿੱਛਾ ਨਹੀਂ ਛੱ ਡਿਆ ਹੈ | ਦੋ ਲੋਕ ਸਭਾ ਸੀਟਾਂ ਜਿੱਤਣ ਦੇ ਬਾਵਜੂਦ ਅਕਾਲੀ ਦਲ ਦੇ ਖਾਤੇ ਵਾਲੀਆਂ ਵਿਧਾਨ ਸਭਾ ਸੀਟਾਂ ਵਿਚੋਂ ਪਾਰਟੀ ਉਮੀਦਵਾਰਾਂ ਨੂੰ ਸਿਰਫ਼ 17 ਵਿਧਾਨ ਸਭਾ ਹਲਕਿਆਂ ਵਿਚ ਹੀ ਬੜ੍ਹਤ ਮਿਲੀ ਹੈ | 2017 ਦੀ ਵਿਧਾਨ ਸਭਾ ਚੋਣ ਵਿਚ ਪਾਰਟੀ ਬੇਹੱਦ ਪਛੜ ਕੇ 15 ਵਿਧਾਇਕਾਂ ਤੱਕ ਹੀ ਸੀਮਤ ਰਹਿ ਗਈ ਸੀ ਤੇ ਭਾਜਪਾ ਦੇ 3 ਵਿਧਾਇਕ ਜੇਤੂ ਰਹੇ ਸਨ, ਪਰ ਭਾਜਪਾ ਦੀ ਹਾਲਤ ਲੋਕ ਸਭਾ ਚੋਣ ਵਿਚ ਕਾਫ਼ੀ ਸੁਧਰੀ ਨਜ਼ਰ ਆ ਰਹੀ ਹੈ | ਉਨ੍ਹਾਂ ਨੂੰ ਭਾਜਪਾ ਵਾਲੇ ਖਾਤੇ ਦੇ 23 ਵਿਧਾਨ ਸਭਾ ਹਲਕਿਆਂ ਵਿਚ 14 ਹਲਕਿਆਂ 'ਚ ਇਸ ਚੋਣ ਵਿਚ ਬੜਤ ਮਿਲੀ ਹੈ | ਨਤੀਜੇ ਮੁਤਾਬਿਕ ਕਾਂਗਰਸ ਦੀ ਹਾਲਤ ਪਹਿਲਾਂ ਵਾਂਗ ਹੀ ਮਜ਼ਬੂਤ ਹੈ ਤੇ ਉਹ 75 ਵਿਧਾਨ ਸਭਾ ਹਲਕਿਆਂ 'ਚ ਅੱਗੇ ਰਹੀ ਹੈ | ਚੋਣ ਸਰਵੇਖਣ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਅਕਾਲੀ ਦਲ ਦੇ ਵੱਧ ਵੋਟਾਂ ਲਿਜਾਣ ਵਾਲੇ 18 ਹਲਕਿਆਂ ਵਿਚੋਂ ਕਈ ਹਲਕੇ ਅਜਿਹੇ ਹਨ, ਜਿਥੇ ਵਧ ਵੋਟ ਮੋਦੀ ਲਹਿਰ ਕਾਰਨ ਸ਼ਹਿਰੀ ਖੇਤਰਾਂ ਵਿਚੋਂ ਮਿਲੀ ਹੈ | ਬਠਿੰਡਾ ਸ਼ਹਿਰੀ, ਗੁਰਦਾਸਪੁਰ, ਬਟਾਲਾ ਆਦਿ ਹਲਕੇ ਅਜਿਹੇ ਹਨ, ਜਿਥੇ ਭਾਜਪਾ ਦੀ ਚੜ੍ਹਤ ਕਾਰਨ ਬੜਤ ਹਾਸਲ ਹੋਈ ਸਮਝੀ ਜਾ ਰਹੀ ਹੈ | ਅਹਿਮ ਗੱਲ ਇਹ ਹੈ ਕਿ ਲੋਕ ਸਭਾ ਚੋਣਾਂ ਵਿਚ ਫ਼ਤਹਿਗੜ੍ਹ, ਖਡੂਰ ਸਾਹਿਬ ਤੇ ਫ਼ਰੀਦਕੋਟ ਵਰਗੇ ਪੰਥਕ ਸਮਝੇ ਜਾਂਦੇ ਲੋਕ ਸਭਾ ਹਲਕਿਆਂ ਵਿਚ ਅਕਾਲੀ ਦਲ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ | ਖਡੂਰ ਸਾਹਿਬ ਲੋਕ ਸਭਾ ਹਲਕੇ ਵਿਚ ਦਲ ਇਕ ਵੀ ਵਿਧਾਨ ਸਭਾ ਖੇਤਰ ਤੋਂ ਬੜਤ ਹਾਸਲ ਨਹੀਂ ਕਰ ਸਕਿਆ, ਸਗੋਂ ਖਡੂਰ ਸਾਹਿਬ ਵਿਧਾਨ ਸਭਾ ਖੇਤਰ ਵਿਚ ਤੀਜੇ ਸਥਾਨ ਉੱਪਰ ਜਾ ਡਿੱ ਗਿਆ | ਫ਼ਤਹਿਗੜ੍ਹ ਸਾਹਿਬ ਲੋਕ ਸਭਾ ਹਲਕੇ ਵਿਚ ਦਲ ਸਿਰਫ਼ ਇਕ ਸਾਹਨੇਵਾਲ ਵਿਧਾਨ ਸਭਾ ਹਲਕੇ 'ਚ ਹੀ ਅੱਗੇ ਜਾ ਸਕਿਆ ਹੈ | ਫ਼ਰੀਦਕੋਟ ਹਲਕੇ 'ਚ ਸਿਰਫ ਗਿੱਦੜਬਾਹਾ ਹਲਕੇ ਵਿਚ ਅਕਾਲੀ ਉਮੀਦਵਾਰ ਦੀ ਬੜਤ ਰਹੀ, ਜਦਕਿ ਬਾਕੀ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਪਛੜ ਗਿਆ | ਸੰਗਰੂਰ ਹਲਕੇ ਵਿਚ ਵੀ ਅਕਾਲੀ ਦਲ ਦੇ ਉਮੀਦਵਾਰ ਸ: ਪ੍ਰਮਿੰਦਰ ਸਿੰਘ ਢੀਂਡਸਾ ਸਿਰਫ਼ ਆਪਣੇ ਵਿਧਾਨ ਸਭਾ ਹਲਕਾ ਲਹਿਰਾਗਾਗਾ ਵਿਚ ਹੀ ਅੱਗੇ ਰਹੇ ਹਨ | ਇਸੇ ਤਰ੍ਹਾਂ ਪਟਿਆਲਾ ਹਲਕੇ 'ਚ ਵੀ ਅਕਾਲੀ ਦਲ ਸਿਰਫ਼ ਡੇਰਾ ਬੱਸੀ ਵਿਧਾਨ ਸਭਾ ਹਲਕੇ 'ਚ ਅੱਗੇ ਰਿਹਾ ਹੈ | ਪੰਥਕ ਪੇਂਡੂ ਹਲਕਿਆਂ ਵਾਲੇ ਲੁਧਿਆਣਾ ਲੋਕ ਸਭਾ ਖੇਤਰ 'ਚ ਅਕਾਲੀ ਦਲ ਨੂੰ ਇਕ ਵੀ ਹਲਕੇ 'ਚ ਬੜਤ ਨਹੀਂ ਮਿਲੀ, ਜਦਕਿ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਗਿੱਲ, ਦਾਖਾ, ਆਤਮ ਨਗਰ ਤੇ ਲੁਧਿਆਣਾ ਦੱਖਣੀ ਹਲਕਿਆਂ 'ਚ ਅੱਗੇ ਰਹੇ ਹਨ | ਅੰਮਿ੍ਤਸਰ ਹਲਕੇ ਦੀ ਪਿਛਲੀ ਵਿਧਾਨ ਸਭਾ ਚੋਣ ਵਾਂਗ ਸਿਰਫ਼ ਮਜੀਠਾ ਹਲਕੇ 'ਚ ਹੀ ਅਕਾਲੀ ਦਲ ਅੱਗੇ ਰਿਹਾ ਹੈ | ਜਲੰਧਰ ਹਲਕੇ 'ਚ ਅਕਾਲੀ ਦਲ ਨਕੋਦਰ ਤੇ ਭਾਜਪਾ ਜਲੰਧਰ ਕੇਂਦਰੀ ਤੇ ਉੱਤਰੀ 'ਚ ਅੱਗੇ ਰਹਿਣ 'ਚ ਸਫ਼ਲ ਰਹੇ ਹਨ | ਹੁਸ਼ਿਆਰਪੁਰ ਹਲਕੇ 'ਚ ਭਾਜਪਾ ਦੀ ਚਾਰ ਹਲਕਿਆਂ ਫਗਵਾੜਾ, ਦਸੂਹਾ, ਮੁਕੇਰੀਆਂ ਤੇ ਹੁਸ਼ਿਆਰਪੁਰ 'ਚ ਬੜਤ ਰਹੀ ਪਰ ਅਕਾਲੀ ਹਲਕੇ ਪਛੜ ਗਏ | ਗੁਰਦਾਸਪੁਰ ਜ਼ਿਲ੍ਹੇ 'ਚ ਭਾਜਪਾ ਉਮੀਦਵਾਰ ਵੱਡੇ ਫਰਕ ਨਾਲ ਜਿੱ ਤਿਆ ਹੈ, ਪਰ ਅਕਾਲੀ ਦਲ ਨੂੰ ਤਿੰਨ ਬਟਾਲਾ, ਕਾਦੀਆਂ ਤੇ ਗੁਰਦਾਸਪੁਰ ਹਲਕਿਆਂ 'ਚ ਬੜਤ ਮਿਲੀ ਹੈ |
  ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਬਠਿੰਡਾ ਹਲਕੇ 'ਚ ਬਠਿੰਡਾ ਸ਼ਹਿਰੀ ਤੋਂ ਜੇਤੂ ਰਹੀ ਹੈ ਪਰ ਮੌੜ, ਤਲਵੰਡੀ ਸਾਬੋ ਤੇ ਸਰਦੂਲਗੜ੍ਹ ਵਰਗੇ ਪੰਥਕ ਹਲਕਿਆਂ 'ਚੋਂ ਪਛੜ ਗਏ ਹਨ | ਉਂਝ ਬਠਿੰਡਾ ਹਲਕੇ ਦੇ ਚਾਰ ਵਿਧਾਨ ਸਭਾ ਹਲਕਿਆਂ ਲੰਬੀ, ਬਠਿੰਡਾ, ਬੁਢਲਾਡਾ ਤੇ ਭੁਚੋਂ 'ਚ ਦਲ ਅੱਗੇ ਰਿਹਾ ਹੈ | ਫ਼ਿਰੋਜ਼ਪੁਰ ਹਲਕੇ 'ਚ ਸ: ਸੁਖਬੀਰ ਸਿੰਘ ਬਾਦਲ 9 ਵਿਧਾਨ ਸਭਾ ਖੇਤਰਾਂ ਵਿਚ ਹੀ ਜੇਤੂ ਰਹੇ ਹਨ | ਇਥੇ 3 ਹਲਕੇ ਭਾਜਪਾ ਤੇ 6 ਹਲਕੇ ਅਕਾਲੀ ਦਲ ਦੇ ਖਾਤੇ 'ਚ ਹਨ | ਅਨੰਦਪੁਰ ਸਾਹਿਬ ਹਲਕੇ ਵਿਚ ਭਾਜਪਾ ਤੇ ਅਕਾਲੀ ਇਕ-ਇਕ ਵਿਧਾਨ ਸਭਾ ਹਲਕੇ ਤੋਂ ਅੱਗੇ ਰਹੇ ਹਨ | ਚੋਣ ਨਤੀਜਿਆਂ ਦਾ ਸੰਕੇਤ ਸਪੱਸ਼ਟ ਹੈ ਕਿ ਅਕਾਲੀ ਲੀਡਰਸ਼ਿਪ ਇਕਮੁੱਠਤਾ ਦਿਖਾਉਣ ਦੇ ਬਾਵਜੂਦ ਆਪਣੇ ਧਾਰਮਿਕ ਤੇ ਸਿਆਸੀ ਸੰਕਟ ਵਿਚੋਂ ਉਭਰਨ ਵਿਚ ਕਾਮਯਾਬ ਨਹੀਂ ਰਹੀ | ਭਾਜਪਾ ਨੇ ਆਪਣੀ ਸਥਿਤੀ ਜ਼ਰੂਰ ਮਜ਼ਬੂਤ ਕੀਤੀ ਹੈ |

  ਜਲੰਧਰ - ਪੰਜਾਬ ਦੀਆਂ ਲੋਕ ਸਭਾ ਚੋਣਾਂ ’ਚ ਬੇਅਦਬੀ ਮੁੱਦੇ ਦਾ ਅਸਰ ਸਪੱਸ਼ਟ ਰੂਪ ਵਿਚ ਦੇਖਣ ਨੂੰ ਮਿਲਿਆ। ਸ਼੍ਰੋਮਣੀ ਅਕਾਲੀ ਦਲ 10 ਵਿਚੋਂ 8 ਸੀਟਾਂ ’ਤੇ ਬੁਰੀ ਤਰ੍ਹਾਂ ਹਾਰ ਗਿਆ। ਨਕੋਦਰ ਬੇਅਦਬੀ ਕਾਂਡ ਦਾ ਅਸਰ ਜਲੰਧਰ ਅਤੇ ਫਤਹਿਗੜ੍ਹ ਸਾਹਿਬ ਦੀਆਂ ਸੀਟਾਂ ’ਤੇ ਪੂਰੀ ਤਰ੍ਹਾਂ ਪਿਆ ਜਿਥੋਂ ਸ਼੍ਰੋਮਣੀ ਅਕਾਲੀ ਦਲ ਦੇ ਦੋਵੇਂ ਉਮੀਦਵਾਰ ਚੋਣ ਹਾਰ ਗਏ, ਜਿਨ੍ਹਾਂ ਦਾ ਨਾਂ ਇਸ ਕਾਂਡ ਨਾਲ ਸਿੱਧੇ ਰੂਪ ਵਿਚ ਜੁੜਦਾ ਆ ਰਿਹਾ ਸੀ। ਕਾਂਗਰਸ ਪਾਰਟੀ ਨੇ ਬੇਅਦਬੀ ਨੂੰ ਚੋਣ ਮੁੱਦੇ ਵਜੋਂ ਉਭਾਰ ਕੇ ਪੇਸ਼ ਕੀਤਾ ਜਦਕਿ ਸ਼੍ਰੋਮਣੀ ਅਕਾਲੀ ਦਲ ਨੇ ਇਸ ਗੱਲ ਲਈ ਸਾਰਾ ਜ਼ੋਰ ਲਾਇਆ ਹੋਇਆ ਸੀ ਕਿ ਬੇਅਦਬੀ ਕੋਈ ਮੁੱਦਾ ਹੀ ਨਾ ਬਣੇ। ਚੋਣ ਨਤੀਜਿਆਂ ਤੋਂ ਬਾਅਦ ਅਕਾਲੀ ਦਲ ਦੇ ਕਈ ਆਗੂ ਵੀ ਦੱਬੀ ਜ਼ੁਬਾਨ ਨਾਲ ਇਹ ਗੱਲ ਕਹਿਣ ਲੱਗ ਪਏ ਹਨ ਕਿ ਨਕੋਦਰ ਤੇ ਬਰਗਾੜੀ ਬੇਅਦਬੀ ਕਾਂਡ ਨਾਲ ਸਿੱਖ ਵੋਟ ਅਕਾਲੀ ਦਲ ਖਿਲਾਫ ਭੁਗਤੀ ਹੈ। ਭਾਵੇਂ ਕਿ ਜਨਤਕ ਤੌਰ ’ਤੇ ਇਸ ਨੂੰ ਅਕਾਲੀ ਦਲ ਮੰਨਣ ਨੂੰ ਤਿਆਰ ਨਹੀਂ ਹੈ। ਜ਼ਿਕਰਯੋਗ ਹੈ ਕਿ ਫਰਵਰੀ 1986 ਵਿਚ ਵਾਪਰੇ ਨਕੋਦਰ ਬੇਅਦਬੀ ਕਾਂਡ ਸਮੇਂ ਦਰਬਾਰਾ ਸਿੰਘ ਗੁਰੂ ਜਲੰਧਰ ਦੇ ਵਧੀਕ ਡਿਪਟੀ ਕਮਿਸ਼ਨਰ ਸਨ। ਇਸ ਕਾਂਡ ਬਾਰੇ 2001 ਵਿਚ ਰਿਪੋਰਟ ਪੇਸ਼ ਕੀਤੀ ਗਈ ਸੀ ਤਾਂ ਉਦੋਂ ਵਿਧਾਨ ਸਭਾ ਦੇ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਸਨ।
  ਉਧਰ ਨਕੋਦਰ ਕਾਂਡ ਦੇ ਪੀੜਤ ਪਰਿਵਾਰਾਂ ਨੇ ਇਸ ਗੱਲ ’ਤੇ ਤਸੱਲੀ ਪ੍ਰਗਟਾਈ ਹੈ ਕਿ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਉਮੀਦਵਾਰਾਂ ਨੂੰ ਮੂੰਹ ਨਹੀਂ ਲਾਇਆ ਜਿਹੜੇ ਗੁਰੂ ਗ੍ਰੰਥ ਸਾਹਿਬ ਦੀਆਂ ਪੰਜ ਬੀੜਾਂ ਸਾੜੇ ਜਾਣ ਅਤੇ ਪੁਲੀਸ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ ਚਾਰ ਸਿੱਖ ਨੌਜਵਾਨਾਂ ਬਾਰੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਸਨ। ਜਲੰਧਰ ਲੋਕ ਸਭਾ ਹਲਕੇ ਤੋਂ ਚੌਧਰੀ ਸੰਤੋਖ ਸਿੰਘ ਨੇ ਨਕੋਦਰ ਬੇਅਦਬੀ ਕਾਂਡ ਨੂੰ ਹਰ ਮੰਚ ਤੋਂ ਉਭਾਰਿਆ।
  ਸਿੱਖ ਭਾਈਚਾਰੇ ਦੇ ਮਨਾਂ ਵਿਚ ਉਦੋਂ ਇਸ ਗੱਲ ਦਾ ਹੋਰ ਵੀ ਗੁੱਸਾ ਵਧ ਗਿਆ ਜਦੋਂ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਇਥੋਂ ਤੱਕ ਕਹਿ ਦਿੱਤਾ ਕਿ ਨਕੋਦਰ ਵਰਗੇ ਕਾਂਡ ਤਾਂ ਹੁੰਦੇ ਹੀ ਰਹਿੰਦੇ ਹਨ। ਇਹ ਖਬਰ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ ਤੇ ਲੋਕਾਂ ਨੇ ਤਿੱਖੀਆਂ ਟਿੱਪਣੀਆਂ ਕੀਤੀਆਂ ਸਨ। ਪੰਥਕ ਹਲਕੇ ਵਜੋਂ ਜਾਣੇ ਜਾਂਦੇ ਸ਼ਾਹਕੋਟ ’ਚ ਸਿੱਖ ਭਾਈਚਾਰੇ ਨੇ ਅਕਾਲੀ ਦਲ ਨੂੰ ਸਬਕ ਸਿਖਾਉਣ ਲਈ ਕਾਂਗਰਸ ਨੂੰ ਸਭ ਤੋਂ ਵੱਧ ਵੋਟਾਂ ਪਾਈਆਂ। ਇਸੇ ਹਲਕੇ ਦੀ ਲੀਡ ਚੌਧਰੀ ਸੰਤੋਖ ਸਿੰਘ ਲਈ ਜਿੱਤ ਦਾ ਕਾਰਨ ਵੀ ਬਣੀ ਸੀ। ਉਧਰ ਫਤਹਿਗੜ੍ਹ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ।
  ਕੈਨੇਡਾ ਰਹਿੰਦੇ ਨਕੋਦਰ ਬੇਅਦਬੀ ਕਾਂਡ ਦੇ ਪੀੜਤ ਪਰਿਵਾਰ ਦੇ ਆਗੂ ਬਲਦੇਵ ਸਿੰਘ ਲਿੱਤਰਾਂ ਨੇ ਤਸੱਲੀ ਪ੍ਰਗਟਾਈ ਹੈ ਕਿ ਜਲੰਧਰ ਤੇ ਫਤਹਿਗੜ੍ਹ ਸਾਹਿਬ ਦੇ ਲੋਕਾਂ ਨੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਸਬਕ ਸਿਖਾ ਦਿੱਤਾ ਹੈ।

  ਨਵੀਂ ਦਿੱਲੀ - ਲੋਕ ਸਭਾ ਚੋਣਾਂ ’ਚ ਖੱਬੇ ਪੱਖੀਆਂ ਨੂੰ ਆਪਣੇ ਸਭ ਤੋਂ ਮਜ਼ਬੂਤ ਗੜ੍ਹ ਪੱਛਮੀ ਬੰਗਾਲ ’ਚ ਇੰਨਾ ਕਰਾਰਾ ਝਟਕਾ ਲੱਗਾ ਹੈ ਕਿ ਉਸ ਦੇ ਸਿਰਫ਼ ਇੱਕ ਉਮੀਦਵਾਰ ਨੂੰ ਛੱਡ ਕੇ ਬਾਕੀ ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ।
  ਕਮਿਸ਼ਨ ਵੱਲੋਂ ਐਲਾਨੇ ਗਏ ਚੋਣ ਨਤੀਜੇ ਅਨੁਸਾਰ ਸੀਪੀਐੱਮ ਦੇ ਜਾਧਵਪੁਰ ਤੋਂ ਉਮੀਦਵਾਰ ਵਿਕਾਸ ਰੰਜਨ ਭੱਟਾਚਾਰੀਆ ਹੀ ਜ਼ਮਾਨਤ ਬਚਾਉਣ ਲਾਇਕ ਵੋਟਾਂ ਹਾਸਲ ਕਰਨ ’ਚ ਕਾਮਯਾਬ ਰਹੇ।
  ਲੋਕ ਸਭਾ ਚੋਣਾਂ ’ਚ ਹਰ ਉਮੀਦਵਾਰ ਨੂੰ ਜ਼ਮਾਨਤ ਰਾਸ਼ੀ ਬਚਾਉਣ ਲਈ ਕੁੱਲ ਪਈਆਂ ਵੋਟਾਂ ਦਾ ਘੱਟ ਤੋਂ ਘੱਟ 16 ਫੀਸਦ ਹਿੱਸਾ ਹਾਸਲ ਕਰਨਾ ਜ਼ਰੂਰੀ ਹੈ। ਸਾਧਾਰਨ ਵਰਗ ਦੇ ਉਮੀਦਵਾਰ ਲਈ ਜ਼ਮਾਨਤ ਰਾਸ਼ੀ 25 ਹਜ਼ਾਰ ਰੁਪਏ, ਐੱਸਸੀ ਉਮੀਦਵਾਰ ਲਈ 12500 ਤੇ ਐੱਸਟੀ ਉਮੀਦਵਾਰ ਲਈ ਜ਼ਮਾਨਤ ਰਾਸ਼ੀ 5000 ਰੁਪਏ ਹੈ।
  ਪੱਛਮੀ ਬੰਗਾਲ ’ਚ 2011 ਤੱਕ 34 ਸਾਲ ਸੱਤਾ ’ਚ ਰਹੇ ਖੱਬੇ ਪੱਖੀਆਂ ਲਈ ਸੀਪੀਐੱਮ ਦੇ ਸੀਨੀਅਰ ਆਗੂ ਮੁਹੰਮਦ ਸਲੀਮ ਦੀ ਜ਼ਮਾਨਤ ਜ਼ਬਤ ਹੋਣਾ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਹੈ। ਰਾਇਗੰਜ ਤੋਂ ਸੰਸਦ ਮੈਬਰ ਰਹੇ ਸਲੀਮ ਨੂੰ ਸਿਰਫ਼ 14.25 ਫੀਸਦ ਵੋਟਾਂ ਮਿਲੀਆਂ। ਜ਼ਮਾਨਤ ਗੁਆਉਣ ਵਾਲੇ ਸੀਪੀਆਈ ਦੇ ਮੁੱਖ ਉਮੀਦਵਾਰਾਂ ’ਚ ਡਮਡਮ ਤੋਂ ਨੇਪਾਲਦੇਵ ਭੱਟਾਚਾਰੀਆ, ਮੁਰਸ਼ਿਦਾਬਾਦ ਤੋਂ ਮੌਜੂਦਾ ਸੰਸਦ ਮੈਂਬਰ ਬਦਰੂਦੋਜਾ ਖਾਨ ਅਤੇ ਦੱਖਣੀ ਕੋਲਕਾਤਾ ਤੋਂ ਉਮੀਦਵਾਰ ਨੰਦਿਨੀ ਮੁਖਰਜੀ ਸ਼ਾਮਲ ਹਨ।
  ਪੱਛਮੀ ਬੰਗਾਲ ’ਚ ਪਿਛਲੇ ਛੇ ਦਹਾਕਿਆਂ ਦੌਰਾਨ ਖੱਬੇ ਪੱਖੀਆਂ ਲਈ ਇਹ ਸਭ ਤੋਂ ਖਰਾਬ ਚੋਣਾਂ ਹਨ। ਇਨ੍ਹਾਂ ਚੋਣਾਂ ’ਚ ਸੀਪੀਐਮ ਤੇ ਸੀਪੀਆਈ ਨੂੰ ਮਿਲਾ ਕੇ ਸਿਰਫ਼ ਪੰਜ ਉਮੀਦਵਾਰ ਹੀ ਜਿੱਤ ਸਕੇ ਹਨ। ਇਨ੍ਹਾਂ ’ਚੋਂ ਚਾਰ ਤਾਮਿਲ ਨਾਡੂ ਅਤੇ ਇੱਕ ਕੇਰਲ ਨਾਲ ਸਬੰਧਤ ਹੈ।

   

  ਨਵੀਂ ਦਿੱਲੀ - ਭਾਜਪਾ ਨੇ ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਮੋਦੀ ਲਹਿਰ ਦੇ ਸਿਰ ’ਤੇ  ਮੁੜ ਸੱਤਾ ਵਿੱਚ ਵਾਪਸੀ ਕੀਤੀ ਹੈ। ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਸ਼ਟਰਵਾਦ, ਸੁਰੱਖਿਆ, ਹਿੰਦੂਆਂ ਦੇ ਗੌਰਵ ਤੇ ਨਵੇਂ ਭਾਰਤ ਦੇ ਦਿੱਤੇ ਸੁਨੇਹੇ ਨੂੰ ਖਿੜੇ ਮੱਥੇ ਸਵੀਕਾਰ ਕਰਦਿਆਂ ਕਾਂਗਰਸ ਦੇ ‘ਨਿਆਂ’ ਨਾਲੋਂ ਦੇਸ਼ ਦੇ ਚੌਕੀਦਾਰ ਨੂੰ ਤਰਜੀਹ ਦਿੱਤੀ। ਆਖਰੀ ਖ਼ਬਰਾਂ ਮਿਲਣ ਤਕ ਭਾਜਪਾ 292 ਸੀਟਾਂ ਉੱਤੇ ਜਦੋਂਕਿ ਪਾਰਟੀ ਦੀ ਅਗਵਾਈ ਵਾਲਾ ਕੌਮੀ ਜਮਹੂਰੀ ਗੱਠਜੋੜ 344 ਸੀਟਾਂ ਨਾਲ ਅੱਗੇ ਚੱਲ ਰਿਹਾ ਸੀ। ਮੁੱਖ ਵਿਰੋਧੀ ਧਿਰ ਕਾਂਗਰਸ ਦੀ ਅਗਵਾਈ ਵਾਲਾ ਸਾਂਝਾ ਪ੍ਰਗਤੀਸ਼ੀਲ ਗੱਠਜੋੜ 89 ਸੀਟਾਂ ’ਤੇ ਅੱਗੇ ਸੀ। ਕਾਂਗਰਸ ਹਾਲਾਂਕਿ 51 ਸੀਟਾਂ ਨਾਲ ਇਸ ਦੌੜ ਵਿੱਚ ਕਿਤੇ ਪੱਛੜ ਗਈ।
  ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਨਸੀ ਸੰਸਦੀ ਸੀਟ 4.79 ਲੱਖ ਵੋਟਾਂ ਦੇ ਫ਼ਰਕ ਨਾਲ ਜਿੱਤ ਲਈ। ਉਧਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਮੇਠੀ ਸੰਸਦੀ ਸੀਟ ਤੋਂ ਹਾਰ ਗਏ ਜਦੋਂਕਿ ਕੇਰਲਾ ਦੀ ਵਾਇਨਾਡ ਸੰਸਦੀ ਸੀਟ ਤੋਂ ਉਨ੍ਹਾਂ ਸਾਢੇ ਛੇ ਲੱਖ ਦੀ ਵੱਡੀ ਲੀਡ ਨਾਲ ਜਿੱਤ ਦਰਜ ਕੀਤੀ। ਕਾਂਗਰਸ ਆਗੂ ਸੋਨੀਆ ਗਾਂਧੀ ਨੇ ਰਾਏਬਰੇਲੀ ਸੀਟ 1,67,170 ਵੋਟਾਂ ਨਾਲ ਜਿੱਤ ਲਈ ਹੈ। ਕਾਂਗਰਸ ਨੂੰ ਪੰਜਾਬ ਤੇ ਕੇਰਲ ਤੋਂ ਛੁੱਟ ਬਾਕੀ ਰਾਜਾਂ ਵਿੱਚ ਜ਼ਬਰਦਸਤ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਟੀਡੀਪੀ ਆਗੂ ਚੰਦਰਬਾਬੂ ਨਾਇਡੂ ਨੇ ਸੰਸਦੀ ਤੇ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਮਿਲੀ ਜ਼ਬਰਦਸਤ ਹਾਰ ਮਗਰੋਂ ਅਸਤੀਫਾ ਦੇ ਦਿੱਤਾ ਹੈ। ਜਗਨਮੋਹਨ ਰੈੱਡੀ ਦੀ ਅਗਵਾਈ ਵਾਲੀ ਵਾਈਐੱਸਆਰ ਕਾਂਗਰਸ ਨੇ ਸੂਬੇ ਵਿੱਚ ਸੰਸਦੀ ਤੇ ਅਸੈਂਬਲੀ ਚੋਣ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਾ ਮੁਜ਼ਾਹਰਾ ਕੀਤਾ ਹੈ। ਭਾਜਪਾ ਪੱਛਮੀ ਬੰਗਾਲ ਤੇ ਉੜੀਸਾ ਵਿੱਚ ਕ੍ਰਮਵਾਰ 19 ਤੇ 5 ਸੀਟਾਂ ’ਤੇ ਲੀਡ ਲੈਣ ਵਿੱਚ ਸਫ਼ਲ ਰਹੀ ਹੈ।
  ਮੌਜੂਦਾ ਰੁਝਾਨਾਂ ਮੁਤਾਬਕ ਭਾਜਪਾ 2014 ਦੀਆਂ ਸੰਸਦੀ ਚੋਣਾਂ ਵਿੱਚ ਵਿਖਾਈ ਕਾਰਗੁਜ਼ਾਰੀ ਵਿੱਚ ਸੁਧਾਰ ਕਰ ਸਕਦੀ ਹੈ। ਭਾਜਪਾ ਨੇ ਉਦੋਂ 282 ਸੀਟਾਂ ’ਤੇ ਆਪਣੇ ਦਮ ’ਤੇ ਸਫ਼ਲਤਾ ਹਾਸਲ ਕੀਤੀ ਸੀ। ਐਨਡੀਏ ਨੇ ਪੰਜ ਸਾਲ ਪਹਿਲਾਂ 336 ਸੀਟਾਂ ’ਤੇ ਜਿੱਤ ਦਰਜ ਕੀਤੀ ਸੀ ਤੇ ਐਤਕੀਂ ਇਹ ਅੰਕੜਾ 343 ਨੂੰ ਪੁੱਜਣ ਦੇ ਆਸਾਰ ਹਨ। ਇਸ ਦੌਰਾਨ ਮੌਜੂਦਾ ਰੁਝਾਨਾਂ ਦੇ ਚਲਦਿਆਂ ਸ਼ੇਅਰ ਬਾਜ਼ਾਰ ਪਹਿਲੀ ਵਾਰ 40 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਿਆ। ਰੁਪਿਆ ਡਾਲਰ ਦੇ ਮੁਕਾਬਲੇ 16 ਪੈਸੇ ਦੀ ਮਜ਼ਬੂਤੀ ਨਾਲ 69.51 ਨੂੰ ਜਾ ਪੁੱਜਾ।
  ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਆਈ ਮੋਦੀ ਨਾਂ ਦੀ ਸੁਨਾਮੀ ਵਿੱਚ ਉੱਤਰ ਪ੍ਰਦੇਸ਼, ਗੁਜਰਾਤ, ਰਾਜਸਥਾਨ, ਕਰਨਾਟਕ, ਮੱਧ ਪ੍ਰਦੇਸ਼, ਹਰਿਆਣਾ, ਹਿਮਾਚਲ, ਬਿਹਾਰ, ਉੱਤਰਾਖੰਡ, ਝਾਰਖੰਡ ਜਿਹੇ ਰਾਜਾਂ ਨੇ ਅਹਿਮ ਯੋਗਦਾਨ ਪਾਇਆ। ਪੱਛਮੀ ਬੰਗਾਲ ਤੇ ਉੜੀਸਾ ਵਿੱਚ ਦਾਖ਼ਲੇ ਨਾਲ ਭਾਜਪਾ ਨੂੰ ਪਹਿਲਾਂ ਨਾਲੋਂ ਮਜ਼ਬੂਤ ਮਿਲੀ ਹੈ। ਖ਼ਬਰ ਲਿਖੇ ਜਾਣ ਤਕ ਮਿਲੇ ਅੰਕੜਿਆਂ ਮੁਤਾਬਕ ਭਾਜਪਾ ਨੇ 542 ਮੈਂਬਰੀ ਲੋਕ ਸਭਾ ਵਿੱਚ 26 ਸੀਟਾਂ ’ਤੇ ਜਿੱਤ ਦਰਜ ਕਰ ਲਈ ਸੀ ਤੇ ਉਹ 278 ਸੀਟਾਂ ’ਤੇ ਅੱਗੇ ਸੀ। ਕਾਂਗਰਸ 43 ਸੀਟਾਂ ’ਤੇ ਅੱਗੇ ਸੀ ਤੇ ਸੱਤ ਸੀਟਾਂ ਉਹਦੀ ਝੋਲੀ ਪੈ ਚੁੱਕੀਆਂ ਸਨ। ਸ੍ਰੀ ਮੋਦੀ ਨੇ ਵਾਰਾਨਸੀ ਸੰਸਦੀ ਸੀਟ ਤੋਂ ਸਪਾ ਦੀ ਸ਼ਾਲਿਨੀ ਯਾਦਵ ਨੂੰ 4,79,505 ਵੋਟਾਂ ਦੇ ਫ਼ਰਕ ਨਾਲ ਸ਼ਿਕਸਤ ਦਿੱਤੀ। ਭਾਜਪਾ ਪ੍ਰਧਾਨ ਅਮਿਤ ਸ਼ਾਹ ਆਪਣੇ ਗ੍ਰਹਿ ਰਾਜ ਗੁਜਰਾਤ ਦੀ ਗਾਂਧੀਨਗਰ ਸੀਟ ਤੋਂ ਸਾਢੇ ਪੰਜ ਲੱਖ ਵੋਟਾਂ ਨਾਲ ਅੱਗੇ ਸਨ।
  ਸਿਆਸੀ ਤੌਰ ’ਤੇ ਅਹਿਮ ਰਾਜ ਉੱਤਰ ਪ੍ਰਦੇਸ਼ ਵਿੱਚ ਸਪਾ-ਬਸਪਾ ਵੱਲੋਂ ਦਿੱਤੀ ਸਖ਼ਤ ਚੁਣੌਤੀ ਦੇ ਬਾਵਜੂਦ ਭਾਜਪਾ ਦੋ ਸੀਟਾਂ ’ਤੇ ਜਿੱਤ ਨਾਲ ਕੁੱਲ 80 ਸੀਟਾਂ ’ਚੋਂ 59 ਸੀਟ ’ਤੇ ਅੱਗੇ ਸੀ। ਸਪਾ ਤੇ ਬਸਪਾ ਕ੍ਰਮਵਾਰ ਛੇ ਤੇ 10 ਸੀਟਾਂ ’ਤੇ ਅੱਗੇ ਸਨ। ਬਸਪਾ ਪੰਜ ਸਾਲ ਪਹਿਲਾਂ ਖਾਤਾ ਖੋਲ੍ਹਣ ਤੋਂ ਵੀ ਖੁੰਝ ਗਈ ਸੀ। ਉਂਜ ਸਪਾ-ਬਸਪਾ ਗੱਠਜੋੜ ਵੱਡੇ ਦਾਅਵਿਆਂ ਦੇ ਬਾਵਜੂਦ ਭਾਜਪਾ ਨੂੰ ਚੁਣੌਤੀ ਦੇਣ ਵਿੱਚ ਨਾਕਾਮ ਰਿਹਾ। ਭਾਜਪਾ ਨੇ ਹਾਲਾਂਕਿ ਇਸ ਸਭ ਤੋਂ ਵੱਡੇ ਰਾਜ ਵਿੱਚ ਪਿਛਲੀ ਵਾਰ 71 ਸੀਟਾਂ ’ਤੇ ਜਿੱਤ ਦਰਜ ਕੀਤੀ ਸੀ, ਪਰ ਪਾਰਟੀ ਨੇ ਚੋਣ ਸਰਵੇਖਣਾਂ ਵਿੱਚ ਦਰਸਾਏ ਅੰਕੜਿਆਂ ਨਾਲੋਂ ਚੰਗੀ ਕਾਰਗੁਜ਼ਾਰੀ ਵਿਖਾਈ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਗਾਂਧੀ ਪਰਿਵਾਰ ਦਾ ਗੜ੍ਹ ਕਹੇ ਜਾਂਦੇ ਅਮੇਠੀ ਤੋਂ ਆਪਣੀ ਸੀਟ ਬਚਾਉਣ ਵਿੱਚ ਨਾਕਾਮ ਰਹੇ। ਉਨ੍ਹਾਂ ਨੂੰ ਭਾਜਪਾ ਦੀ ਸਮ੍ਰਿਤੀ ਇਰਾਨੀ ਨੇ ਸ਼ਿਕਸਤ ਦਿੱਤੀ। ਮੱਧ ਪ੍ਰਦੇਸ਼ ਵਿੱਚ ਭਾਜਪਾ ਕੁੱਲ 29 ਸੰਸਦੀ ਸੀਟਾਂ ’ਚੋਂ 28 ’ਤੇ ਅੱਗੇ ਸੀ। ਰਾਜਸਥਾਨ ਵਿੱਚ ਭਾਜਪਾ ਹੂੰਝਾ ਫੇਰਦਿਆਂ ਸਾਰੀਆਂ 25 ਸੀਟਾਂ ’ਤੇ ਅੱਗੇ ਸੀ। ਉਧਰ ਛੱਤੀਸਗੜ੍ਹ ਵਿੱਚ ਭਾਜਪਾ ਤੇ ਕਾਂਗਰਸ ਕ੍ਰਮਵਾਰ 9 ਤੇ 2 ਸੀਟਾਂ ’ਤੇ ਅੱਗੇ ਸਨ। ਇਸੇ ਤਰ੍ਹਾਂ ਹਰਿਆਣਾ ਵਿੱਚ ਵੀ ਭਾਜਪਾ ਦੇ ਦਸ ਦੀਆਂ ਦਸ ਸੀਟਾਂ ’ਤੇ ਭਗਵੇਂ ਰੰਗ ਦਾ ਝੰਡਾ ਗੱਡਣ ਦੇ ਪੂਰੇ ਆਸਾਰ ਹਨ। ਭਾਜਪਾ ਦੇ ਅਮਿਤ ਮਾਲਵੀਆ ਨੇ ਕਿਹਾ, ‘ਲੋਕਾਂ ਨੇ ਵਿਰੋਧੀ ਪਾਰਟੀਆਂ ਦੇ ਇਸ ਬਿਆਨ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਕਿ ਲੋਕ ਡਰ ਹੇਠ ਜਿਊਣ ਲਈ ਮਜਬੂਰ ਹਨ। ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਅਗਲੀ ਸਰਕਾਰ ਨੂੰ ਲੈ ਕੇ ਕਾਫ਼ੀ ਉਤਸੁਕ ਹਨ। ਸਾਨੂੰ ਇਸ ਹਕੀਕਤ ਨੂੰ ਸਵੀਕਾਰ ਕਰਨਾ ਹੋਵੇਗਾ ਕਿ ਮੋਦੀ ਸਰਕਾਰ ਨੂੰ ਕਮਜ਼ੋਰ ਅਰਥਚਾਰਾ ਵਿਰਾਸਤ ਵਿੱਚ ਮਿਲਿਆ ਸੀ ਤੇ ਉਨ੍ਹਾਂ ਪਿਛਲੇ ਪੰਜ ਸਾਲਾਂ ਵਿੱਚ ਬਹੁਤ ਸ਼ਾਨਦਾਰ ਕੰਮ ਕੀਤਾ ਹੈ।’ ਉੜੀਸਾ ਦੀਆਂ ਕੁੱਲ 21 ਸੰਸਦੀ ਸੀਟਾਂ ’ਚੋਂ ਬੀਜੂ ਜਨਤਾ ਦਲ ਤੇ ਭਾਜਪਾ ਕ੍ਰਮਵਾਰ 16 ਤੇ 5 ਸੀਟਾਂ ਨਾਲ ਅੱਗੇ ਹਨ। ਸਾਲ 2014 ਵਿੱਚ ਸੱਤਾਧਾਰੀ ਬੀਜੇਡੀ ਨੇ ਇਥੇ 20 ਸੰਸਦੀ ਸੀਟਾਂ ਜਿੱਤੀਆਂ ਸਨ ਜਦੋਂਕਿ ਭਾਜਪਾ ਦੇ ਖਾਤੇ ’ਚ ਇਕ ਸੀਟ ਆਈ ਸੀ। ਉਂਜ ਬੀਜੂ ਪਟਨਾਇਕ ਦੀ ਅਗਵਾਈ ਵਾਲੇ ਬੀਜੇਡੀ ਨੇ ਸੰਸਦੀ ਚੋਣਾਂ ਦੇ ਨਾਲ ਹੀ ਹੋਈ ਵਿਧਾਨ ਸਭਾ ਦੀ ਚੋਣ ਵਿੱਚ ਸੱਤਾ ਵਿੱਚ ਵਾਪਸੀ ਕੀਤੀ ਹੈ। ਪੱਛਮੀ ਬੰਗਾਲ ਵਿੱਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਕੁੱਲ 42 ਸੀਟਾਂ ’ਚੋਂ 23 ਸੀਟਾਂ ’ਤੇ ਅੱਗੇ ਸੀ ਜਦੋਂਕਿ ਭਾਜਪਾ ਨੇ 19 ਸੀਟਾਂ ’ਤੇ ਬੜ੍ਹਤ ਬਣਾਈ ਹੋਈ ਸੀ। ਖੱਬੀਆਂ ਪਾਰਟੀਆਂ ਦਾ ਐਤਕੀਂ ਸੂਬੇ ’ਚ ਪੂਰੀ ਤਰ੍ਹਾਂ ਸਫ਼ਾਇਆ ਹੋ ਗਿਆ। ਤਾਮਿਲ ਨਾਡੂ ਵਿੱਚ ਡੀਐੱਮਕੇ 20 ਸੀਟਾਂ ’ਤੇ ਅਤੇ ਅੰਨਾ ਡੀਐੱਮਕੇ ਦੋ ਸੀਟਾਂ ’ਤੇ ਅੱਗੇ ਸੀ। ਕੇਰਲਾ ਵਿਚ ਕਾਂਗਰਸ ਦੀ ਅਗਵਾਈ ਵਾਲੇ ਯੂਡੀਐਫ 20 ਵਿਚੋਂ 19 ਸੀਟਾਂ ਨਾਲ ਅੱਗੇ ਚੱਲ ਰਿਹਾ ਸੀ। ਦਿੱਲੀ ਵਿੱਚ ਵੀ ਭਾਜਪਾ ਨੇ ਸਾਰੀਆਂ ਦੀਆਂ ਸਾਰੀਆਂ ਸੱਤ ਸੀਟਾਂ ’ਤੇ ਜਿੱਤ ਦਰਜ ਕੀਤੀ। ਉੱਤਰ-ਪੱਛਮੀ ਦਿੱਲੀ ਤੋਂ ਭਾਜਪਾ ਦੇ ਉਮੀਦਵਾਰ ਤੇ ਸੂਫੀ ਗਾਇਕ ਹੰਸ ਰਾਜ ਲੋਕ ਸਭਾ ਚੋਣ 5.5 ਲੱਖ ਵੋਟਾਂ ਦੇ ਫਰਕ ਨਾਲ ਜਿੱਤੀ।

  ਹੁਸ਼ਿਆਰਪੁਰ - ਦਲ ਖਾਲਸਾ ਨੇ ਦਰਬਾਰ ਸਾਹਿਬ ਹਮਲੇ ਦੀ 35ਵੀਂ ਵਰ੍ਹੇਗੰਢ ਮੌਕੇ 5 ਜੂਨ ਨੂੰ ਅੰਮ੍ਰਿਤਸਰ ਵਿਖੇ ਘੱਲੂਘਾਰਾ ਯਾਦਗਾਰੀ ਮਾਰਚ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਇਲਾਵਾ ਹਮਲੇ ’ਚ ਮਾਰੇ ਗਏ ਸਿੱਖ ਸ਼ਰਧਾਲੂਆਂ, ਅਕਾਲ ਤਖ਼ਤ ਸਾਹਿਬ ਦਾ ਢਹਿ ਢੇਰੀ ਹੋਣਾ ਅਤੇ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਵਿਚੋਂ ਲੁੱਟੇ ਤੇ ਸਾੜੇ ਗਏ ਵਡਮੁੱਲੇ ਖਜ਼ਾਨੇ ਵਿਰੁੱਧ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਵੀ ਸੱਦਾ ਦਿੱਤਾ ਗਿਆ ਹੈ। ਪਾਰਟੀ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਦੱਸਿਆ ਕਿ ਮਾਰਚ ਗੁਰਦੁਆਰਾ ਪਾਤਸ਼ਾਹੀ ਛੇਵੀਂ ਰਣਜੀਤ ਐਵੇਨਿਊ ਤੋਂ ਆਰੰਭ ਹੋ ਕੇ ਸ਼ਹਿਰ ਦੇ ਮੁੱਖ ਬਾਜ਼ਾਰਾਂ ’ਚੋਂ ਹੁੰਦਾ ਹੋਇਆ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਪਤ ਹੋਵੇਗਾ, ਜਿੱਥੇ ਗੁਰਧਾਮਾਂ ਦੀ ਪਵਿੱਤਰਤਾ ਲਈ ਜੂਝਦਿਆਂ ਸ਼ਹੀਦ ਹੋਣ ਵਾਲੇ ਸਿੰਘ ਤੇ ਸਿੰਘਣੀਆਂ ਨਮਿੱਤ ਅਰਦਾਸ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਥੇਬੰਦੀ ਵੱਲੋਂ ਹਮਖਿਆਲ ਜਥੇਬੰਦੀਆਂ ਨੂੰ ਮਾਰਚ ਵਿਚ ਸ਼ਾਮਲ ਹੋਣ ਅਤੇ ਮਿਲ ਕੇ ਆਜ਼ਾਦੀ ਸੰਘਰਸ਼ ਜਾਰੀ ਰੱਖਣ ਦਾ ਸੱਦਾ ਦਿੱਤਾ ਗਿਆ ਹੈ।
  ਸ੍ਰੀ ਚੀਮਾ ਨੇ ਕਿਹਾ ਕਿ 35 ਵਰ੍ਹੇ ਬੀਤਣ ਤੋਂ ਬਾਅਦ ਵੀ ਭਾਰਤ ਵੱਲੋਂ ਕੀਤੇ ਗਏ ਫ਼ੌਜੀ ਹਮਲੇ ਦੀ ਪੀੜ ਸੱਜਰੀ ਤੇ ਜ਼ਖ਼ਮ ਹਰੇ ਹਨ। ਉਨ੍ਹਾਂ ਸਰਕਾਰ ਵੱਲੋਂ ਪੰਜਾਬ ਦੀ ਸਮੱਸਿਆ ਦਾ ਰਾਜਨੀਤਕ ਢੰਗ ਨਾਲ ਹੱਲ ਕਰਨ ਦੀ ਬਜਾਏ ਸਿੱਖ ਗੁਰਧਾਮਾਂ ’ਤੇ ਕੀਤੇ ਗਏ ਫ਼ੌਜੀ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਮੱਸਿਆ ਅੱਜ ਵੀ ਜਿਉਂ ਦੀ ਤਿਉਂ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਸਿੱਖ 35 ਵਰ੍ਹੇ ਪਹਿਲਾਂ ਹੋਏ ਫ਼ੌਜੀ ਹਮਲੇ ਨੂੰ ਨਾ ਤਾਂ ਭੁੱਲੇ ਹਨ ਅਤੇ ਨਾ ਹੀ ਮੁਲਜ਼ਮ ਹਮਲਾਵਰਾਂ ਨੂੰ ਮੁਆਫ਼ ਕੀਤਾ ਹੈ। 6 ਜੂਨ 1984 ਤੋਂ ਸਿੱਖ ਕੌਮ ਦੇ ਭਾਰਤ ਨਾਲ ਰਿਸ਼ਤਿਆਂ ਦਰਮਿਆਨ ਨਾ ਮਿਟਣ ਵਾਲੀ ਦਰਾਰ ਪੈ ਚੁੱਕੀ ਹੈ। ਲੋਕ ਸਭਾ ਚੋਣਾਂ ਤੋਂ ਬਾਅਦ ਨਵੀਂ ਸਰਕਾਰ ਬਣਨ ਸਬੰਧੀ ਕੀਤੀਆਂ ਜਾ ਰਹੀਆਂ ਕਿਆਸ ਅਰਾਈਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ 23 ਮਈ ਨੂੰ ਦਿੱਲੀ ਦਰਬਾਰ ਦਾ ਚਿਹਰਾ ਭਾਵੇਂ ਨਰਿੰਦਰ ਮੋਦੀ, ਰਾਹੁਲ ਗਾਂਧੀ ਜਾਂ ਮਮਤਾ ਬਣੇ, ਸਿੱਖ ਆਪਣੀ ਆਜ਼ਾਦੀ ਲਈ ਸੰਘਰਸ਼ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪੰਜਾਬ ਦੇ ਲੋਕਾਂ ਨੂੰ ਸਵੈ-ਨਿਰਣੇ ਦੇ ਹੱਕ ਰਾਹੀਂ ਆਪਣਾ ਭਵਿੱਖ ਤੈਅ ਕਰਨ ਦਾ ਮੌਕਾ ਅਤੇ ਹੱਕ ਨਹੀਂ ਦਿੱਤਾ ਜਾਂਦਾ। ਇਸ ਮੌਕੇ ਹਰਚਰਨਜੀਤ ਸਿੰਘ ਧਾਮੀ, ਪਰਮਜੀਤ ਸਿਘ ਟਾਂਡਾ, ਕੰਵਰਪਾਲ ਸਿੰਘ, ਜਸਵੀਰ ਸਿੰਘ ਖਡੂਰ, ਕੁਲਦੀਪ ਸਿੰਘ ਰਾਜਧਨ, ਅਮਰੀਕ ਸਿੰਘ ਈਸੜੂ ਆਦਿ ਮੌਜੂਦ ਸਨ।

  ਲੰਬੀ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐੱਨ.ਡੀ.ਏ. ਦੀ ਵੱਡੀ ਜਿੱਤ ਨੂੰ ਵੋਟਰਾਂ ਦਾ ਸਿਆਣਪ ਭਰਿਆ ਫ਼ੈਸਲਾ ਕਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਦੇਸ਼ ਵਿਚ ਵਿਕਾਸ ਦਾ ਦੌਰ ਲਗਾਤਾਰ ਜਾਰੀ ਰੱਖਣ ਲਈ ਮੋਦੀ ਸਰਕਾਰ ਦਾ ਬਣਨਾ ਬੇਹੱਦ ਜ਼ਰੂਰੀ ਸੀ। ਉਨ੍ਹਾਂ ਚੋਣ ਨਤੀਜਿਆਂ ਬਾਰੇ ਕਿਹਾ ਕਿ ਇਸ ਬੇਮਿਸਾਲ ਸਫ਼ਲਤਾ ਲਈ ਸਮੂਹ ਵੋਟਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਸਹਿਯੋਗੀ ਦਲ ਵਧਾਈ ਦੇ ਪਾਤਰ ਹਨ। ਕਾਂਗਰਸ ਦੀ ਹਾਰ ਬਾਰੇ ਸ੍ਰੀ ਬਾਦਲ ਨੇ ਆਖਿਆ ਕਿ ਇਹ ਤਾਂ ਪਹਿਲਾਂ ਤੋਂ ਜੱਗ-ਜ਼ਾਹਰ ਸੀ।

  ਖਾਲਸੇ ਦੀ ਜਨਮ ਭੋਇੰ ਪੰਜਾਬ ਦੀ ਧਰਤੀ ਉੱਤੇ ਭਾਰਤੀ ਰਾਜਪ੍ਰਬੰਧ ਦੇ ਕਬਜ਼ੇ ਦਾ ਜੁਗਾੜ, ਚੋਣਾਂ ਦਾ ਮੇਲਾ, ਅੱਜ ਆਏ ਨਤੀਜਿਆਂ ਨਾਲ ਖਤਮ ਹੋ ਗਿਆ ਹੈ। ਪਰ ਇਸ ਮੇਲੇ ਵਿੱਚੋਂ ਖਾਲਸਾ ਪੰਥ ਨੇ ਕੀ ਖੱਟਿਆ ਕੀ ਗੁਆਇਆ ਇਸ ਦੀ ਪੜਚੋਲ ਕਰਨ ਲਈ ਸਾਨੂੰ ਗੁਰੂ ਭੈਅ ਵਿੱਚ ਰਹਿੰਦਿਆਂ ਹਲੀਮੀ ਨਾਲ ਵਿਚਾਰ ਕਰਨੀ ਚਾਹੀਦੀ ਹੈ। ਇਹ ਕੋਈ ਦੋ ਦਿਨਾਂ ਦਾ ਹਾਸਾ ਖੇਡਾ ਨਹੀਂ, ਇਹ ਸਾਡੇ ਉੱਤੇ ਕਾਬਜ਼ ਹੋਣ ਵਾਲੇ ਕਾਬਜ਼ਕਾਰ ਦੀ ਚੋਣ ਦਾ ਮਾਮਲਾ ਹੈ, ਜਿਸ ਫੈਂਸਲੇ ਵਿੱਚ ਅਸਲ ਅਰਥਾਂ 'ਚ ਖਾਲਸਾ ਪੰਥ ਦੀ ਕੋਈ ਹੈਸੀਅਤ ਨਹੀਂ। ਜਿਵੇਂ ਦੁਸ਼ਮਣ ਦੇ ਖੇਮੇ ਵਿੱਚ ਹੁੰਦੀ ਹਰ ਗਤੀਵਿਧੀ 'ਤੇ ਨਜ਼ਰ ਰੱਖਣੀ ਜੰਗ ਦਾ ਇੱਕ ਅਸੂਲ ਹੁੰਦਾ ਹੈ ਉਸੇ ਤਰ੍ਹਾਂ ਸਾਨੂੰ ਇਹਨਾਂ ਚੋਣਾਂ ਨੂੰ ਲੈਣਾ ਚਾਹੀਦਾ ਹੈ। 1947 ਤੋਂ ਬਾਅਦ 2019 ਤੱਕ ਆਉਂਦਿਆਂ ਭਾਰਤੀ ਰਾਜਸੱਤਾ ਦਾ ਪੂਰੀ ਤਰ੍ਹਾਂ ਕੇਂਦਰੀਕਰਨ ਹੋ ਚੁੱਕਿਆ ਹੈ ਤੇ ਅਣਦਿੱਖ ਰੂਪ ਵਿੱਚ ਇਸ ਖਿੱਤੇ 'ਤੇ ਰਾਜ ਕਰ ਰਿਹਾ ਹਿੰਦੁਤਵਾ ਹੁਣ ਪ੍ਰਤੱਖ ਰੂਪ ਵਿੱਚ ਐਲਾਨੀਆ ਹਿੰਦੂ ਰਾਜ ਸਥਾਪਿਤ ਕਰਨ ਜਾ ਰਿਹਾ ਹੈ। ਇਸ ਰਾਜ ਭਾਗ ਨੂੰ ਹਿੰਦੀ ਖੇਤਰ ਵਿੱਚ ਰਹਿੰਦੀ ਹਿੰਦੂ ਬਹੁਗਿਣਤੀ ਦੀ ਪੂਰੀ ਹਮਾਇਤ ਹਾਸਿਲ ਹੈ ਜੋ ਅੱਜ ਦੇ ਚੋਣ ਨਤੀਜਿਆਂ ਰਾਹੀਂ ਦੇਖੀ ਜਾ ਸਕਦੀ ਹੈ। ਅਜਿਹੇ ਵਿੱਚ ਖਾਲਸਾ ਪੰਥ ਦੀ ਭਵਿੱਖੀ ਰਾਜਸੀ ਰਣਨੀਤੀ ਬਹੁਤ ਅਹਿਮ ਹੋ ਜਾਂਦੀ ਹੈ ਜਿਸ ਦਾ ਇੱਕੋ ਇੱਕ ਨਿਸ਼ਾਨਾ ਭਾਰਤੀ ਰਾਜਪ੍ਰਬੰਧ ਤੋਂ ਅਜ਼ਾਦੀ ਹਾਸਲ ਕਰਨਾ ਹੋਣਾ ਚਾਹੀਦਾ ਹੈ। ਅਸੀਂ ਮੰਨਦੇ ਹਾਂ ਕਿ ਖਾਲਸਾ ਪੰਥ ਅੱਜ ਗੁਰੂ ਦੀ ਕ੍ਰਿਪਾ ਤੋਂ ਸੱਖਣਾ, ਯੋਗ ਅਗਵਾਈ ਤੋਂ ਵਾਂਝਾ ਖੁਆਰ ਹੋ ਰਿਹਾ ਹੈ ਪਰ ਇਹ ਗੁਰੂ ਦੀ ਖੇਡ ਹੈ। ਪੰਥ ਦੀਆਂ ਸੁਹਿਰਦ ਸਖਸ਼ੀਅਤਾਂ ਨੂੰ ਅਸੀਂ ਵਿਦਿਆਰਥੀ ਅਪੀਲ ਕਰਦੇ ਹਾਂ ਕਿ ਅਜਿਹੇ ਔਖੇ ਸਮੇਂ ਗੁਰੂ ਚਰਨਾਂ ਦਾ ਆਸਰਾ ਤੱਕੀਏ ਤੇ ਆਪਣੇ ਇਤਿਹਾਸ ਨੂੰ ਯਾਦ ਕਰਦਿਆਂ ਚੜ੍ਹਦੀਕਲਾ ਦਾ ਚੋਲਾ ਪਾ ਅਰਦਾਸ ਕਰੀਏ ਕਿ ਗੁਰੂ ਸਾਡੀ ਬਾਂਹ ਫੜ੍ਹ ਸਾਨੂੰ ਇਸ ਖੁਆਰੀ ਵਿੱਚੋਂ ਕੱਢ ਖਾਲਸਾ ਪੰਥ ਨੂੰ ਪਾਤਸ਼ਾਹੀ ਦੀ ਦਾਤ ਬਖਸ਼ਣ। ਚੋਣਾਂ ਵਿੱਚ ਯਕੀਨ ਰੱਖਣ ਵਾਲਿਆਂ ਨੂੰ ਬੇਨਤੀ ਹੈ ਕਿ ਚੋਣਾਂ ਨਾਲ ਦਿੱਲੀ ਤਖ਼ਤ ਦੇ ਤਾਬਿਆਦਾਰ ਬਣਿਆ ਜਾ ਸਕਦਾ ਹੈ, ਅਕਾਲ ਤਖ਼ਤ ਦੇ ਸੇਵਾਦਾਰ ਨਹੀਂ ਬਣਿਆ ਜਾ ਸਕਦਾ। ਗੁਰੂ ਨੇ ਖਾਲਸਾ ਪੰਥ ਦੀ ਹਸਤੀ ਅਜ਼ਾਦ ਸਿਰਜੀ ਹੈ, ਜਿਹੜੀ ਅਕਾਲ ਤਖ਼ਤ ਤੋਂ ਇਲਾਵਾ ਕਿਸੇ ਹੋਰ ਤਖ਼ਤ ਦੀ ਅਧੀਨਗੀ ਵਿੱਚ ਰਹਿੰਦਿਆਂ ਆਪਣੇ ਪੂਰਨ ਸਰੂਪ 'ਚ ਪ੍ਰਕਾਸ਼ਮਾਨ ਨਹੀਂ ਹੋ ਸਕਦੀ।
  ਪੰਜਾਬ ਜਿਉਂਦਾ ਗੁਰਾਂ ਦੇ ਨਾਂ 'ਤੇ।
  ਬੇਨਤੀ ਕਰਤਾ: ਸੱਥ

  ਨਵੀਂ ਦਿੱਲੀ - ਲੋਕ ਸਭਾ ਚੋਣਾਂ ’ਚ ਕਾਂਗਰਸ ਦੀ ਹਾਰ ਸਵੀਕਾਰ ਕਰਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਹ ਚੋਣਾਂ ’ਚ ਪਾਰਟੀ ਦੀ ਹੋਈ ਹਾਰ ਲਈ ਸੌ ਫੀਸਦ ਜ਼ਿੰਮੇਵਾਰੀ ਲੈਂਦੇ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤੀ ਜਨਤਾ ਪਾਰਟੀ ਨੂੰ ਜਿੱਤ ਦੀ ਵਧਾਈ ਵੀ ਦਿੱਤੀ। ਉਨ੍ਹਾਂ ਕਿਹਾ ਕਿ ਕਾਂਗਰਸ ਭਵਿੱਖ ਵਿੱਚ ਵੀ ਭਗਵਾਂ ਪਾਰਟੀ ਨਾਲ ਵਿਚਾਰਧਾਰਕ ਲੜਾਈ ਜਾਰੀ ਰੱਖੇਗੀ। ਅੱਜ ਇੱਥੇ ਪਾਰਟੀ ਹੈਡਕੁਆਰਟਰ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਜਲਦ ਹੀ ਹੋਵੇਗੀ ਅਤੇ ਇਸ ’ਚ ਫ਼ੈਸਲਾ ਕੀਤਾ ਜਾਵੇਗਾ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਉਨ੍ਹਾਂ ਨੂੰ ਕਾਂਗਰਸ ਪ੍ਰਧਾਨ ਵਜੋਂ ਜ਼ਿੰਮੇਵਾਰੀ ਸੰਭਾਲਣੀ ਚਾਹੀਦੀ ਹੈ ਜਾਂ ਨਹੀਂ। ਉਨ੍ਹਾਂ ਕਿਹਾ, ‘ਲੋਕ ਸਭਾ ਚੋਣਾਂ ’ਚ ਪਾਰਟੀ ਦੀ ਹਾਰ ਲਈ ਮੈਂ ਸੌ ਫੀਸਦ ਜ਼ਿੰਮੇਵਾਰੀ ਲੈਂਦਾ ਹਾਂ। ਮੈਂ ਨਰਿੰਦਰ ਮੋਦੀ ਜੀ ਅਤੇ ਭਾਜਪਾ ਨੂੰ ਉਨ੍ਹਾਂ ਦੀ ਜਿੱਤ ਲਈ ਵਧਾਈ ਦਿੰਦਾ ਹਾਂ। ਭਾਰਤ ਦੇ ਲੋਕਾਂ ਨੇ ਇਹ ਫ਼ੈਸਲਾ ਕੀਤਾ ਹੈ ਕਿ ਨਰਿੰਦਰ ਮੋਦੀ ਹੀ ਮੁੜ ਦੇਸ਼ ਦੇ ਪ੍ਰਧਾਨ ਮੰਤਰੀ ਹੋਣਗੇ ਅਤੇ ਮੈਂ ਇਸ ਫ਼ੈਸਲੇ ਦਾ ਸਵਾਗਤ ਕਰਦਾ ਹਾਂ।’ ਉਨ੍ਹਾਂ ਨਾਲ ਹੀ ਸ੍ਰਮਿਤੀ ਇਰਾਨੀ ਨੂੰ ਅਮੇਠੀ ਲੋਕ ਸਭਾ ਸੀਟ ਤੋਂ ਜਿੱਤ ਦਰਜ ਕਰਨ ਲਈ ਵਧਾਈ ਦਿੱਤੀ, ਜਿੱਥੋਂ ਉਹ 2004 ਤੋਂ ਲਗਤਾਰ ਤਿੰਨ ਵਾਰ ਜਿੱਤੇ ਸਨ।

  ਨਵੀਂ ਦਿੱਲੀ - ਲੋਕ ਸਭਾ ਚੋਣਾਂ ਵਿੱਚ ਮੁੜ ਹੋਈ ਵੱਡੀ ਜਿੱਤ ਤੋਂ ਬਾਗੋਬਾਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਦੀ ਮੁੜ ਜਿੱਤ ਹੋਈ ਹੈ ਅਤੇ ਹੁਣ ਸਭ ਨਾਲ ਮਿਲ ਕੇ ਮਜ਼ਬੂਤ ਰਾਸ਼ਟਰ ਦਾ ਨਿਰਮਾਣ ਕੀਤਾ ਜਾਵੇਗਾ। ਮੋਦੀ ਨੇ ਟਵੀਟ ਕੀਤਾ, ‘‘ਸਭ ਦੇ ਨਾਲ+ ਸਭਨਾਂ ਲਈ ਵਿਕਾਸ+ ਸਭ ਦਾ ਭਰੋਸਾ  ਭਾਰਤ ਦੀ ਜਿੱਤ।’’ ਉਨ੍ਹਾਂ ਕਿਹਾ, ‘‘ਅਸੀਂ ਮਿਲ ਕੇ ਵਿਕਾਸ ਕਰਦੇ ਹਾਂ। ਅਸੀਂ ਮਿਲ ਕੇ ਖ਼ੁਸ਼ਹਾਲ ਹੁੰਦੇ ਹਾਂ। ਅਸੀਂ ਮਿਲ ਕੇ ਮਜ਼ਬੂਤ ਭਾਰਤ ਦਾ ਨਿਰਮਾਣ ਕਰਾਂਗੇ। ਭਾਰਤ ਦੀ ਮੁੜ ਜਿੱਤ ਹੋਈ ਹੈ।’’ ਹੋਰ ਟਵੀਟ ਕਰਦਿਆਂ ਉਨ੍ਹਾਂ ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ (ਐੱਨਡੀਏ) ’ਤੇ ਮੁੜ ਭਰੋਸਾ ਕਰਨ ਲਈ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਟਵੀਟ ਕੀਤਾ, ‘‘ਸ਼ੁਕਰੀਆ ਭਾਰਤ! ਸਾਡੇ ਗਠਜੋੜ ਵਿਚ ਭਰੋਸਾ ਪ੍ਰਗਟਾਉਣ ਲਈ ਧੰਨਵਾਦ। ਇਸ ਨਾਲ ਸਾਨੂੰ ਲੋਕਾਂ ਦੀਆਂ ਆਸਾਂ ’ਤੇ ਖਰੇ ਉਤਰਨ ਲਈ ਹੋਰ ਮਿਹਨਤ ਕਰਨ ਦੀ ਸਮਰੱਥਾ ਮਿਲੀ ਹੈ।’’ ਮੋਦੀ ਨੇ ਭਾਜਪਾ ਵਰਕਰਾਂ ਦਾ ਵੀ ਸਖ਼ਤ ਮਿਹਨਤ ਕਰਨ ਅਤੇ ਜ਼ਮੀਨੀ ਪੱਧਰ ਤੱਕ ਪ੍ਰਚਾਰ ਕਰਨ ’ਤੇ ਧੰਨਵਾਦ ਕੀਤਾ। ‘‘ਮੈਂ ਭਾਜਪਾ ਦੇ ਹਰੇਕ ਕਾਰਕੁਨ ਦਾ ਧੰਨਵਾਦ ਕਰਦਾ ਹੈ, ਜਿਨ੍ਹਾਂ ਲਗਾਤਾਰ ਮਿਹਨਤ ਕਰਕੇ ਘਰ-ਘਰ ਜਾ ਕੇ ਸਾਡੇ ਵਿਕਾਸ ਦੇ ਏਜੰਡੇ ਦਾ ਪ੍ਰਚਾਰ ਕੀਤਾ। ’’

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com