ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਨਵੀਂ ਦਿੱਲੀ , (ਮਨਪ੍ਰੀਤ ਸਿੰਘ ਖਾਲਸਾ):- ਦਲ ਖਾਲਸਾ ਦੇ ਜਲਾਵਤਨੀ ਆਗੂ ਭਾਈ ਗਜਿੰਦਰ ਸਿੰਘ ਨੇ ਸਿੱਖ ਕੌਮ ਦੇ ਆਗੂਆਂ ਵਲੋਂ ਰਾਮ ਮੰਦਿਰ ਦੇ ਅਜ ਹੋਏ ਭੂਮੀਪੂਜਨ ਵਿਚ ਨਾ ਜਾਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਭੇਜੇ ਅਪਣੇ ਸੁਨੇਹੇ ਵਿਚ ਲਿਖਿਆ ਕਿ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਸਿੱਖ ਕੌਮ ਦਾ ਕੋਈ ਵੀ ਹਿੱਸਾ, ਰਾਮ ਮੰਦਰ ਦੇ ਭੂਮੀ ਪੂਜਨ ਸਮਾਗਮ ਵਿੱਚ ਸ਼ਾਮਿਲ ਨਹੀਂ ਹੋਇਆ । ਕੌਮ ਦੇ ਸੱਭ ਧਾਰਮਿਕ ਤੇ ਸਿਆਸੀ ਹਿਸਿਆਂ ਨੇ ਸਾਂਝੇ ਤੌਰ ਤੇ ਕੌਮੀ ਵਿਲੱਖਣਤਾ ਦਾ ਪ੍ਰਗਟਾਵਾ ਕੀਤਾ ਹੈ, ਜਿਸ ਲਈ ਸੱਭ ਮੁਬਾਰਕਬਾਦ ਦੇ ਹੱਕਦਾਰ ਹਨ । ਇਸ ਸਮਾਗਮ ਵਿੱਚ ਸ਼ਾਮਿਲ ਨਾ ਹੋ ਕੇ ਸਮੁੱਚੀ ਕੌਮ ਨੇ ਹਿੰਦੁੱਤਵੀ ਤਾਕਤਾਂ ਨੂੰ ਬਹੁਤ ਸਪਸ਼ਟ ਮੈਸੇਜ ਦੇ ਦਿੱਤਾ ਹੈ, ਕਿ ਸਿੱਖ ਹਿੰਦੁਤੱਵ ਦਾ ਹਿੱਸਾ ਨਹੀਂ ਹਨ । ਗਿਆਨੀ ਇਕਬਾਲ ਸਿੰਘ ਸੋਚ ਪੱਖੋਂ ਸ਼ੁਰੂ ਤੋਂ ਹੀ 'ਬਨਾਰਸੀ/ਨਾਗ਼ਪੁਰੀ' ਹੈ, ਆਨੰਦਪੁਰੀ ਨਹੀਂ ਹੈ । ਇਸ ਸੋਚ ਦੇ ਹੋਰ ਵੀ ਕਈ ਲੋਕ ਸਿੱਖੀ ਭੇਖ ਵਿੱਚ ਮੌਜੂਦ ਹਨ । ਇਹ ਲੋਕ ਜੋ ਸਾਡੇ ਬਣੇ ਹੀ ਨਹੀਂ, ਇਹਨਾਂ ਦਾ ਜਾਣਾ ਮਹਿਸੂਸ ਹੀ ਕੀ ਕਰਨਾ ਹੋਇਆ । ਇਹੋ ਜਿਹੇ ਅਵਸਰ ਲਕੀਰ ਦੇ ਏਧਰ ਜਾਂ ਓਧਰ ਹੋਣ ਦੇ ਹੁੰਦੇ ਹਨ, ਤੇ ਗਿਆਨੀ ਇੱਕਬਾਲ ਸਿੰਘ ਨੇ ਲਕੀਰ ਦੇ ਪਰਲੇ ਪਾਸੇ ਖੜ੍ਹਨ ਦਾ ਫੈਸਲਾ ਕੀਤਾ ਹੈ ਤੇ ਦੁਨੀਆਂ ਭਰ ਦੇ ਸਿੱਖਾਂ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਲੋਕਾਂ ਨੂੰ ਆਪਣਿਆਂ ਵਿੱਚ ਗਿਣਨਾ ਬੰਦ ਕਰ ਦੇਣ । ਪਹਿਰਾਵਾ ਆਨੰਦਪੁਰੀ ਤੇ ਸੋਚ ਬਨਾਰਸੀ ਰੱਖਣ ਵਾਲੇ ਕੌਮ ਦਾ ਪਹਿਲਾਂ ਵੀ ਕਾਫੀ ਨੁਕਸਾਨ ਕਰ ਚੁੱਕੇ ਹਨ, ਤੇ ਅੱਗੋਂ ਵੀ ਕਰਨਗੇ । ਇਹ ਹੁਣ ਸਿੱਖ ਸੰਸਥਾਵਾਂ ਨੇ ਫੈਸਲਾ ਕਰਨਾ ਹੈ ਕਿ ਇਸ ਲਕੀਰ ਟੱਪ ਕੇ ਪਰਲੇ ਪਾਸੇ ਗਏ ਬੰਦੇ ਨਾਲ ਕੀ ਸਲੂਕ ਕੀਤਾ ਜਾਵੇ..?

  ਅੰਮ੍ਰਿਤਸਰ - ਜਥੇਦਾਰ ਪ੍ਰਸ਼ੋਤਮ ਸਿੰਘ ਫੱਗੂਵਾਲਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਇਥੇ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਪੱਤਰ ਦੇ ਕੇ ਅਪੀਲ ਕੀਤੀ ਹੈ ਕਿ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਤਬਦੀਲੀ ਦੇ ਮਾਮਲੇ ਵਿੱਚ ਸੁਖਦੇਵ ਸਿੰਘ ਢੀਂਡਸਾ ਨੂੰ ਅਕਾਲ ਤਖ਼ਤ ਤੇ ਤਲਬ ਕੀਤਾ ਜਾਵੇ ਅਤੇ ਉਨ੍ਹਾਂ ਕੋਲੋਂ ਪੁੱਛਿਆ ਜਾਵੇ ਕਿ ਹੁਣ ਤੱਕ ਇਹ ਤਬਦੀਲੀਆਂ ਕਿਉਂ ਨਹੀਂ ਕੀਤੀਆਂ। ਉਨ੍ਹਾਂ ਕੋਲੋਂ ਗੁਰਦੁਆਰੇ ਦਾ ਪ੍ਰਬੰਧ ਲੈ ਕੇ ਸ਼੍ਰੋਮਣੀ ਕਮੇਟੀ ਨੂੰ ਸੌਂਪਿਆ ਜਾਵੇ। ਉਨ੍ਹਾਂ ਕਿਹਾ ਕਿ ਗਿਆਰਾਂ ਸਾਲ ਪਹਿਲਾਂ ਅਕਾਲ ਤਖ਼ਤ ਵੱਲੋਂ ਇਸ ਸਬੰਧ ਵਿਚ ਆਦੇਸ਼ ਕੀਤੇ ਗਏ ਸਨ ਪਰ ਉਨ੍ਹਾਂ ਆਦੇਸ਼ਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਉਹ ਇਸ ਮਾਮਲੇ ’ਤੇ ਕਈ ਵਾਰ ਰੋਸ ਪ੍ਰਦਰਸ਼ਨ ਵੀ ਕਰ ਚੁੱਕੇ ਹਨ ਅਤੇ ਭੁੱਖ ਹੜਤਾਲ ਵੀ ਕੀਤੀ ਹੈ। ਉਨ੍ਹਾਂ ਦੇ ਨਾਲ ਆਏ ਸਾਥੀਆਂ ਨੇ ਆਪਣੀ ਇਸ ਮੰਗ ਸਬੰਧੀ ਬੈਨਰ ਅਤੇ ਤਖ਼ਤੀਆਂ ਚੁੱਕੀਆਂ ਹੋਈਆਂ ਸਨ।

  ਚੰਡੀਗੜ੍ਹ - ਪੰਜਾਬ ਵਿੱਚ ਕਰੋਨਾਵਾਇਰਸ ਨਾਲ ਇੱਕੋ ਦਿਨ ਵਿਚ ਰਿਕਾਰਡ 29 ਮੌਤਾਂ ਹੋਈਆਂ ਹਨ। ਸੂਬੇ ਵਿੱਚ ਸਭ ਤੋਂ ਵੱਧ ਮੌਤਾਂ ਲੁਧਿਆਣਾ ਵਿੱਚ ਹੀ ਹੋ ਰਹੀਆਂ ਹਨ ਤੇ ਲੰਘੇ 24 ਘੰਟਿਆਂ ਦੌਰਾਨ ਵੀ ਸਨਅਤੀ ਸ਼ਹਿਰ ਵਿੱਚ ਹੀ ਮੌਤਾਂ ਸਭ ਤੋਂ ਵੱਧ ਹੋਈਆਂ। ਲੁਧਿਆਣਾ ਵਿੱਚ 9, ਪਟਿਆਲਾ ਵਿੱਚ 5, ਜਲੰਧਰ ਵਿੱਚ 4, ਗੁਰਦਾਸਪੁਰ ਵਿੱਚ 3, ਸੰਗਰੂਰ ਵਿੱਚ 2, ਅੰਮ੍ਰਿਤਸਰ, ਫਰੀਦਕੋਟ, ਫਿਰੋਜ਼ਪੁਰ, ਰੋਪੜ, ਕਪੂਰਥਲਾ ਤੇ ਮਾਨਸਾ ਵਿੱਚ ਇੱਕ-ਇੱਕ ਵਿਅਕਤੀ ਇਸ ਮਹਾਮਾਰੀ ਦੀ ਭੇਟ ਚੜ੍ਹ ਗਿਆ ਹੈ। ਲੰਘੇ 24 ਘੰਟਿਆਂ ਦੌਰਾਨ ਸੂਬੇ ਵਿੱਚ 894 ਮਾਮਲੇ ਆਉਣ ਤੋਂ ਬਾਅਦ ਕੁੱਲ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 19,856 ਤੱਕ ਪਹੁੰਚ ਗਈ ਹੈ। ਜ਼ਿਲ੍ਹਾ ਵਾਰ ਸਥਿਤੀ ਦੇਖੀ ਜਾਵੇ ਤਾਂ ਲੁਧਿਆਣਾ ਵਿੱਚ 303, ਪਟਿਆਲਾ ਵਿੱਚ 185, ਅੰਮ੍ਰਿਤਸਰ ਵਿੱਚ 53, ਬਰਨਾਲਾ ਵਿੱਚ 33, ਬਠਿੰਡਾ ਵਿੱਚ 29, ਮੁਹਾਲੀ ਵਿੱਚ 27, ਤਰਨਤਾਰਨ ਵਿੱਚ 23, ਫਿਰੋਜ਼ਪੁਰ ਵਿੱਚ 19, ਪਠਾਨਕੋਟ ਵਿੱਚ 18, ਸੰਗਰੂਰ ਵਿੱਚ 17, ਫਤਿਹਗੜ੍ਹ ਸਾਹਿਬ ਅਤੇ ਮੋਗਾ ਵਿੱਚ 14-14, ਫਰੀਦਕੋਟ ਵਿੱਚ 13, ਮੁਕਤਸਰ ਵਿੱਚ 11, ਰੋਪੜ ਵਿੱਚ 10, ਫਾਜ਼ਿਲਕਾ ਵਿੱਚ 9, ਕਪੂਰਥਲਾ ਵਿੱਚ 8, ਹੁਸ਼ਿਆਰਪੁਰ ਵਿੱਚ 6, ਗੁਰਦਾਸਪੁਰ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿਨ੍ਹਾਂ 5 ਜ਼ਿਲ੍ਹਿਆਂ ਵਿੱਚ ਸਭ ਤੋਂ ਜ਼ਿਆਦਾ ਮਾਮਲੇ ਹਨ ਉਨ੍ਹਾਂ ਵਿੱਚ ਲੁਧਿਆਣਾ ਵਿੱਚ 4236 ਕੇਸ ਤੇ ਮੌਤਾਂ 131, ਜਲੰਧਰ ਵਿੱਚ 2745 ਮਾਮਲੇ ਤੇ ਮੌਤਾਂ 64, ਪਟਿਆਲਾ ਵਿੱਚ ਮਾਮਲੇ 2122 ਤੇ ਮੌਤਾਂ 43 ਮੌਤਾਂ, ਅੰਮ੍ਰਿਤਸਰ ਵਿੱਚ ਮਾਮਲੇ 2077 ਤੇ ਮੌਤਾਂ 86, ਸੰਗਰੂਰ ਵਿੱਚ 1180 ਕੇਸ ਸਾਹਮਣੇ ਆਏ ਹਨ ਤੇ 32 ਮੌਤਾਂ ਹੋ ਚੁੱਕੀਆਂ ਹਨ।

  ਲੰਡਨ - ਸਾਕਾ ਨੀਲਾ ਤਾਰਾ ਵਿਚ ਬਰਤਾਨਵੀ ਸਰਕਾਰ ਦੀ ਭੂਮਿਕਾ ਸਮੀਖਿਆ ਸਬੰਧੀ ਹੋਰ ਪਤਰਾਂ ਖੁੱਲ• ਰਹੀਆਂ ਹਨ | ਬਰਤਾਨੀਆ ਸਰਕਾਰ ਦੀ ਭੂਮਿਕਾ ਦੇ ਮੁੱਦੇ 'ਤੇ ਜੈਰਮੀ ਹੇਵੁੱਡ ਦੀ ਰਿਪੋਰਟ ਬਾਰੇ ਪੱਤਰਕਾਰ ਫਿਲ ਮਿਲਰ ਨੂੰ 'ਫਰੀਡਮ ਆਫ ਇਨਫਰਮੇਸ਼ਨ' ਰਾਹੀਂ ਜਾਣਕਾਰੀ ਹਾਸਿਲ ਕਰਨ ਲਈ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ, ਜਿਸ ਲਈ 2 ਸਾਲ 7 ਮਹੀਨੇ ਤੱਕ ਦਾ ਸਮਾਂ ਲੱਗਾ | ਅਖੀਰ ਟਿ੍ਬਿਊਨਲ ਦੇ ਫੈਸਲੇ ਤੋਂ ਬਾਅਦ ਹੀ ਇਹ ਮਾਮਲਾ ਸਾਹਮਣੇ ਆਇਆ ਹੈ ਕਿ 1984 ਦੌਰਾਨ ਭਾਰਤ/ਯੂ.ਕੇ. ਸਬੰਧਾਂ 'ਤੇ ਕੰਮ ਕਰਨ ਵਾਲਿਆਂ ਨੇ 2014 ਸਮੀਖਿਆ ਦੌਰਾਨ ਸਰ ਜੇਰਮੀ ਹੇਵੁਡ ਦੀ ਮਦਦ ਕੀਤੀ | ਫਿਲ ਮਿਲਰ ਦੀ ਅਦਾਲਤੀ ਕਾਰਵਾਈ ਵਿਚ ਐਮ.ਪੀ. ਤਨਮਨਜੀਤ ਸਿੰਘ ਢੇਸੀ ਦੀ ਵੀ ਅਹਿਮ ਭੂਮਿਕਾ ਰਹੀ ਹੈ | ਫਿਲ ਮਿਲਰ ਕਹਿੰਦੇ ਹਨ ਕਿ ਜੁਲਾਈ 1984 ਵਿਚ ਯੂ.ਕੇ. ਸਰਕਾਰ ਦੇ ਪਹਿਲੇ 'ਨੈਸ਼ਨਲ ਗਾਰਡ' ਮੀਮੋ ਵਿਚ ਨਾਮਜ਼ਦ ਬਰਤਾਨਵੀ ਡਿਪਲੋਮੈਟਾਂ ਵਿਚੋਂ ਆਪਰੇਸ਼ਨ ਬਲੂ ਸਟਾਰ ਤੋਂ ਇਕ ਮਹੀਨਾ ਬਾਅਦ ਵਿਦੇਸ਼ ਦਫਤਰ ਦੇ ਦੱਖਣੀ ਏਸ਼ੀਆਈ ਵਿਭਾਗ ਦੇ ਮੈਂਬਰ ਬਰੂਸ ਕਲੇਗਹਾਰਨ ਸਨ, ਜੋ ਏਲੀਟ ਯੂਨਿਟ ਲਈ ਸੰਭਾਵਿਤ ਸਿਖਲਾਈ ਵਿਚਾਰ ਵਟਾਂਦਰੇ 'ਚ ਵੀ ਸ਼ਾਮਿਲ ਸਨ ਅਤੇ ਕਲੇਗਹਾਰਨ ਨੇ ਹੀ 2014 ਸਮੀਖਿਆ ਵਿਚ ਕੰਮ ਕੀਤਾ | ਮਿਲਰ ਨੇ ਆਪਣੇ ਲੇਖ ਵਿਚ ਕਿਹਾ ਹੈ ਕਿ ਹਟਾਈਆਂ ਗਈਆਂ ਗੁਪਤ ਫਾਈਲਾਂ ਅਨੁਸਾਰ ਆਪ੍ਰੇਸ਼ਨ ਬਲੂ ਸਟਾਰ ਤੋਂ ਇਕ ਦਿਨ ਪਹਿਲਾਂ ਕਲੇਗਹਾਰਨ ਨੇ ਆਪਣੇ ਸਾਥੀਆਂ ਨੂੰ ਚਿਤਾਵਨੀ ਦਿੱਤੀ ਸੀ ਕਿ ਜੇ ਐਚ.ਐਮ.ਜੀ. (ਬਰਤਾਨਵੀ ਸਰਕਾਰ) ਦੀ ਪਹਿਚਾਣ ਯੂ.ਕੇ. ਵਿਚ ਸਿੱਖਾਂ ਦੇ ਮਨਾਂ 'ਚ ਹੋ ਗਈ ਤਾਂ ਇਹ ਖ਼ਤਰਨਾਕ ਹੋਵੇਗਾ, ਖਾਸ ਕਰਕੇ ਜੇ ਭਾਰਤ ਸਰਕਾਰ ਵਲੋਂ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ 'ਤੇ ਕਾਰਵਾਈ ਕੀਤੀ ਗਈ | ਵਿਦੇਸ਼ ਮੰਤਰਾਲਾ ਕਲੇਗਹਾਰਨ ਦਾ ਨਾਂਅ ਜਨਤਕ ਨਹੀਂ ਕਰਨਾ ਚਾਹੁੰਦਾ ਸੀ | ਫਿਲ ਮਿਲਰ ਲਿਖਦਾ ਹੈ ਕਿ ਇਸ ਮਾਮਲੇ ਵਿਚ ਤਨਮਨਜੀਤ ਸਿੰਘ ਢੇਸੀ ਨੇ ਇਕ ਗਵਾਹ ਵਜੋਂ ਬਿਆਨ ਦਿੱਤੇ ਅਤੇ ਵਿਦੇਸ਼ ਮੰਤਰਾਲੇ ਨਾਲ ਬਹਿਸ ਕੀਤੀ ਅਤੇ ਦਲੀਲ ਦਿੱਤੀ ਕਿ ਸਿੱਖਾਂ ਵਿਰੁੱਧ ਲੁਕਵਾਂ ਨਸਲਵਾਦ ਹੈ | ਢੇਸੀ ਨੇ ਕਿਹਾ ਕਿ 1980ਵਿਆਂ ਵਿਚ ਐਾਗਲੋ ਏਸ਼ੀਆਈ ਬਰਤਾਨਵੀ ਅਧਿਕਾਰੀਆਂ ਨੂੰ 2014 ਦੀ ਸਮੀਖਿਆ ਲਈ ਫਾਈਲਾਂ ਤੱਕ ਪਹੁੰਚ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਸੀ | ਉਨ੍ਹਾਂ ਕਿਹਾ ਕਿ ਜੇ ਇਹ ਮਾਮਲਾ ਸਾਬਤ ਹੁੰਦਾ ਹੈ ਤਾਂ ਕਿਸੇ ਨਿੱਜੀ ਦੀ ਆਲੋਚਨਾ ਨਹੀਂ ਹੋਵੇਗੀ ਸਗੋਂ ਹੇਵੁੱਡ ਸਮੀਖਿਆ ਦੀ ਅਯੋਗਤਾ ਸਾਹਮਣੇ ਆਵੇਗੀ ਅਤੇ ਜਿਸ ਲਈ ਆਜ਼ਾਦ ਜਾਂਚ ਦੀ ਲੋੜ ਹੈ | ਫਿਲ ਮਿਲਰ ਇਹ ਵੀ ਆਖਦਾ ਹੈ ਕਿ ਜੱਜ ਨੇ ਫੈਸਲਾ ਸੁਣਾਉਂਦਿਆਂ ਬਰੂਸ ਕਲੇਗਹਾਰਨ ਦੀ ਭੂਮਿਕਾ ਦਾ ਖੁਲਾਸਾ ਕੀਤੇ ਜਾਣ 'ਤੇ ਕੋਈ ਰੋਕ ਨਹੀਂ ਲਗਾਈ ਅਤੇ ਵਿਦੇਸ਼ ਮੰਤਰਾਲੇ ਨੂੰ ਮੇਰੇ ਹੋਰ ਸਵਾਲਾਂ ਦੇ ਜਵਾਬ ਦੇਣ ਦਾ ਆਦੇਸ਼ ਦਿੱਤਾ | ਇਨ੍ਹਾਂ ਤੱਥਾਂ ਦੇ ਬਾਹਰ ਆਉਣ ਨਾਲ ਇਹ ਵੀ ਸ਼ੰਕੇ ਹੋ ਗਏ ਹਨ ਕਿ ਜੈਰਮੀ ਹੇਵੁੱਡ ਨੂੰ ਉਹੀ ਫਾਈਲਾਂ ਹੀ ਵਿਖਾਈਆਂ ਗਈਆਂ ਹਨ ਜਿਨ੍ਹਾਂ ਨੂੰ ਉਹ ਵਿਖਾਉਣਾ ਚਾਹੁੰਦੇ ਹਨ, ਕਿਉਂਕਿ ਸਰਕਾਰ ਵਲੋਂ ਪਹਿਲਾਂ ਵੀ ਕੁਝ ਫਾਈਲਾਂ ਜਨਤਕ ਕਰਕੇ ਬਾਅਦ ਵਿਚ ਸਰਕਾਰੀ ਆਰਚਿਵ ਤੋਂ ਹਟਾ ਲਈਆਂ ਸਨ | ਭਾਵੇਂ ਕਿ ਲੇਬਰ ਪਾਰਟੀ ਸਿੱਖਾਂ ਦੇ ਇਸ ਮਸਲੇ 'ਤੇ ਨਿਰਪੱਖ ਜਾਂਚ ਦੀ ਮੰਗ ਕਰ ਰਹੀ ਹੈ, ਤਾਂ ਕਿ ਘਟਨਾਕ੍ਰਮ ਵਿਚ ਬਰਤਾਨਵੀ ਸਰਕਾਰ ਦੀ ਭੂਮਿਕਾ ਬਾਰੇ ਪਤਾ ਲੱਗ ਸਕੇ | ਯੂ.ਕੇ. ਦੇ ਸਾਬਕਾ ਸ਼ੈਡੋ ਖਜ਼ਾਨਾ ਮੰਤਰੀ ਨੇ ਢੇਸੀ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਰਕਾਰ ਨੂੰ ਆਜ਼ਾਦ ਅਤੇ ਨਿਰਪੱਖ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਕਿ ਸਿੱਖਾਂ ਨਾਲ ਬੀਤੀ ਦਾ ਸੱਚ ਲੋਕਾਂ ਸਾਹਮਣੇ ਆ ਸਕੇ |

  ਟੋਰਾਂਟੋ, (ਸਤਪਾਲ ਸਿੰਘ ਜੌਹਲ) - ਕੋਰੋਨਾ ਵਾਇਰਸ ਦੇ ਕਰੋਪ ਵਿਚੋਂ ਕੈਨੇਡਾ ਲਗਪਗ ਬਾਹਰ ਹੁੰਦਾ ਜਾ ਰਿਹਾ ਹੈ ਅਤੇ ਹੁਣ ਨਵੇਂ ਕੇਸ ਸੀਮਤ ਗਿਣਤੀ ਵਿਚ ਹਨ। ਮੌਤਾਂ ਦਾ ਅੰਕੜਾ 8950 ਤੋਂ ਉਪਰ ਜਾ ਚੁੱਕਾ ਹੈ। ਮਹਾਮਾਰੀ ਦੌਰਾਨ ਹੋਈ ਤਾਲਾਬੰਦੀ ਦੌਰਾਨ ਕਾਰੋਬਾਰ ਅਤੇ ਦਫਤਰ ਬੰਦ ਰਹੇ ਅਤੇ ਵੱਡੀ ਗਿਣਤੀ ਵਿਚ ਲੋਕਾਂ ਦੇ ਰੁਜ਼ਗਾਰ ਖਤਮ ਹੋ ਗਏ। ਕਮਾਲ ਦੀ ਗੱਲ ਇਹ ਵੀ ਹੈ ਕਿ ਤਾਲਾਬੰਦੀ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਕੈਨੇਡਾ ਸਰਕਾਰ ਤੋਂ ਮਹੀਨਾਵਾਰ ਉਨਾਂ ਦੀ ਤਨਖਾਹ ਤੋਂ ਕਿਤੇ ਵੱਧ ਪੈਸੇ ਮਿਲਦੇ ਰਹੇ ਜੋ ਅਗਲੇ ਮਹੀਨੇ ਤੱਕ ਮਿਲਣੇ ਹਨ। ਸਰਕਾਰ ਦੀਆਾ ਹਦਾਇਤਾਂ ਮਗਰੋਂ ਬੈਂਕਾਂ ਨੇ ਹਰੇਕ ਕਰਜ਼ਦਾਰ ਨੂੰ ਕਿਸ਼ਤਾਂ ਅੱਗੇ ਪਾਉਣ ਦਾ ਮੌਕਾ ਦਿੱਤਾ। ਕਾਰੋਬਾਰੀਆਂ ਨੂੰ ਆਪਣੇ ਦਫਤਰਾਂ ਦੇ ਕਿਰਾਏ ਦੇਣ ਲਈ 75 ਫੀਸਦੀ ਤੱਕ ਕਿਰਾਏ ਦਾ ਪ੍ਰਬੰਧ ਕੈਨੇਡਾ ਸਰਕਾਰ ਨੇ ਕੀਤਾ। ਨਿੱਜੀ ਕੰਪਨੀਆਂ ਨੂੰ ਮੁਲਾਜ਼ਮਾਂ ਦੀ ਤਨਖਾਹ ਵਾਸਤੇ ਪ੍ਰਤੀ ਮੁਲਾਜ਼ਮ ਤਨਖਾਹ ਦਾ 75 ਫੀਸਦੀ ਸਰਕਾਰ ਨੇ ਦਿੱਤਾ ਤਾਂ ਕਿ ਲੋਕਾਂ ਦੀਆਾ ਨੌਕਰੀਆਂ ਨਾ ਖੁਸ ਜਾਣ। ਟੈਕਸ ਵਿਭਾਗ ਨੇ ਟੈਕਸ ਉਗਰਾਹੀ ਅੱਗੇ ਪਾ ਦਿੱਤੀ। ਕਿਸੇ ਮੁਲਾਜ਼ਮ ਨੂੰ ਤਨਖਾਹ ਵਿਚ ਕਟੌਤੀ ਹੋਣ ਜਾਂ ਤਨਖਾਹ ਨਾ ਮਿਲਣ ਦੀ ਚਿੰਤਾ ਨਹੀਂ ਹੋਈ।

  ਅੰਮ੍ਰਿਤਸਰ - ਆਰ ਐਸ ਐਸ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਜਾਰੀ ਹੁਕਮਨਾਮੇ ਦੀ ਉਲੰਘਣਾ ਕਰਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾਂ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਅੱਜ ਆਰ ਐਸ ਐਸ ਦੇ ਸੱਦੇ ਤੇ ਅਯੋਧਿਆ ਪੁੱਜੇ। ਉਨਾਂ ਗੁਰਦੁਆਰਾ ਬ੍ਰਹਮ ਕੁੰਡ ਅਯੁੱਧਿਆ ਵਿੱਚ ਸ੍ਰੀ ਰਾਮ ਜਨਮ ਭੂਮੀ ਮੰਦਰ ਦੇ ਨੀਂਹ ਪੱਥਰ ਦੇ ਸ਼ੁਕਰਾਨੇ ਵਜੋਂ ਅੱਜ ਸ੍ਰੀ ਅਖੰਡ ਪਾਠ ਦੇ ਭੋਗ ਦੇ ਸਮਾਗਮਾਂ ਵਿਚ ਭਾਗ ਲਿਆ। ਇਸ ਮੌਕੇ ‘ਤੇ ਗਿਆਨੀ ਇਕਬਾਲ ਸਿੰਘ ਨੇ ਸ਼ੁਕਰਾਨੇ ਦੀ ਅਰਦਾਸ ਵੀ ਕੀਤੀ। ਪੱਤਰਕਾਰਾਂ ਨਾਲ ਗਲ ਕਰਦਿਆਂ ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਸੇਸ਼ ਸੱਦੇ ਤੇ ਆਏ ਹਨ ਤੇ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਰਾਮ ਦੀ ਅੰਸ ਵਿਚੋ ਹੀ ਸਨ। ਰਾਮ ਜਨਮ ਭੂਮੀ ‘ਤੇ ਬਣਨ ਵਾਲੇ ਮੰਦਰ ਦੇ ਭੂਮੀ ਪੂਜਨ ਲਈ ਪੂਰੇ ਹਿੰਦੁਸਤਾਨ ਵਿੱਚੋਂ ਸਿੱਖ ਸਮਾਜ ਦਾ ਇੱਕ ਜੱਥਾ ਰਾਸ਼ਟਰੀ ਸਿੱਖ ਸੰਗਤ ਦੇ ਕੌਮੀ ਪ੍ਰਧਾਨ ਗੁਰਚਰਨ ਸਿੰਘ ਗਿੱਲ ਜੀ ਦੀ ਅਗਵਾਈ ਹੇਠ ਪਹੁੰਚਿਆ। ਗੁਰਬਚਨ ਸਿੰਘ ਮੋਖਾ ਕੌਮੀ ਕਾਰਜਕਾਰੀ ਪ੍ਰਧਾਨ, ਜਸਬੀਰ ਸਿੰਘ ਸਹਿ ਸੰਗਠਨ ਮੰਤਰੀ, ਡਾ .ਦੇਵ ਸਿੰਘ ਅਦਿੱਤੀ ਰਾਸ਼ਟਰੀ ਧਰਮ ਗੁਰੂ ਭਾਵਾਦਾਸ,ਸੰਤ ਬਾਬਾ ਨਿਰਮਲ ਸਿੰਘ ਤੋਂ ਇਲਾਵਾ ਹੋਰ ਸ਼ਖ਼ਸੀਅਤਾਂ ਸ਼ਾਮਿਲ ਸਨ ਗੁਰਦੁਆਰਾ ਬ੍ਰਹਮ ਕੁੰਡ ਅਯੋਧਿਆ ਵਿੱਚ ਸ਼ੁਕਰਾਨੇ ਦੇ ਪਾਠ ਦੀ ਅਰਦਾਸ ਉਪਰੰਤ ਰਾਸ਼ਟਰੀ ਸਿੱਖ ਸੰਗਤ ਸਿੱਖ ਨੇ ਪਵਿੱਤਰ ਜਲ ਦੀ ਗਾਗਰ ਭੇਟ ਕੀਤੀ। ਰਾਸ਼ਟਰੀ ਸਿੱਖ ਸੰਗਤ ਪੰਜਾਬ ਦੇ ਬੁਲਾਰੇ ਤੇ ਅੰਮ੍ਰਿਤਸਰ ਦੇ ਜਨਰਲ ਸਕੱਤਰ ਡਾ ਸੰਦੀਪ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਪਵਿੱਤਰ ਪੰਜ ਸਰੋਵਰਾਂ ਦੇ ਜਲ ਦੀ ਗਾਗਰ ਰਾਸ਼ਟਰੀ ਸਿੱਖ ਸੰਗਤ ਦੇ ਅਧਿਕਾਰੀ ਅੰਮ੍ਰਿਤਸਰ ਤੋਂ ਲੈ ਕੇ ਅਯੋਧਿਆ ਪਹੁੰਚੇ ਹੋਏ ਸਨ। ਅਰਦਾਸ ਮੌਕੇ ਸੰਤ ਗਿਆਨ ਦੇਵ ਜੀ ਮਹਾਰਾਜ, ਡਾ .ਦੇਵ ਸਿੰਘ, ਬਾਬਾ ਨਿਰਮਲ ਸਿੰਘ ਰੰਧਾਵਾ, ਬਾਬਾ ਗੁਰਜੀਤ ਸਿੰਘ ਅਯੁੱਧਿਆ,ਰਾਸ਼ਟਰੀ ਸਿੱਖ ਸੰਗਤ ਦੇ ਰਾਸ਼ਟਰੀ ਪ੍ਰਧਾਨ ਗੁਰਚਰਨ ਸਿੰਘ ਗਿੱਲ, ਗੁਰਬਚਨ ਸਿੰਘ ਮੋਖਾ ,ਜਸਬੀਰ ਸਿੰਘ ,ਭਾਜਪਾ ਨੇਤਾ ਆਰ ਪੀ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰੇ ਦੇ ਆਗੂ ਹਾਜਰ ਸਨ । ਰਾਸ਼ਟਰੀ ਪ੍ਰਧਾਨ ਗੁਰਬਚਨ ਸਿੰਘ ਗਿੱਲ ਨੇ ਕਿਹਾ ਕਿ ਅਯੁੱਧਿਆ ਵਿਚ ਰਾਮ ਮੰਦਿਰ ਦੇ ਨਿਰਮਾਣ ਵਿੱਚ ਸਿੱਖ ਸੰਗਤ ਦਾ ਪਹੁੰਚਣਾ ਇੱਕ ਇਤਿਹਾਸਕ ਦਿਨ ਵਜੋਂ ਜਾਣਿਆ ਜਾਵੇਗਾ ਰਾਸ਼ਟਰੀ ਸਿੱਖ ਸੰਗਤ ਤੋਂ ਪਹਿਲੇ ਦਿਨ ਤੋਂ ਹੀ ਇਸ ਮੰਦਰ ਦੇ ਨਿਰਮਾਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ ਹੈ ਜੋ ਕਿ ਹਿੰਦੂ ਸਿੱਖ ਏਕਤਾ ਦਾ ਇੱਕ ਵੱਡੀ ਮਿਸਾਲ ਹੈ ਇਸ ਦੇ ਨਾਲ ਨਾਲ ਹੀ ਉਨ੍ਹਾਂ ਨੇ ਸਾਰੇ ਸਿੱਖ ਜਗਤ ਨੂੰ ਰਾਮ ਮੰਦਰ ਦੇ ਨਿਰਮਾਣ ਦੀ ਖੁਸ਼ੀ ਵਿਚ ਦੀਵੇ ਜਲਾਉਣ ਲਈ ਕਿਹਾ। ਦਸਣਯੋਗ ਹੈ ਕਿ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਕਾਰਜਕਾਲ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਆਰ ਐਸ ਐਸ ਨਾਲ ਕਿਸੇ ਤਰਾਂ ਦਾ ਮਿਲਵਰਤਨ ਨਾ ਕਰਨ ਦਾ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਤੇ ਇਸ ਹੁਕਮਨਾਮੇ ਤੇ ਗਿਆਨੀ ਇਕਬਾਲ ਸਿੰਘ ਦੇ ਵੀ ਦਸਤਖਤ ਹਨ।

  ਨਿਉਯਾਰਕ - ਆਪਣੇ ਸੁਭਾਅ ਮੁਤਾਬਕ ਹਿੰਦੂ ਜ਼ਹਿਨੀਅਤ ਘੱਟ ਗਿਣਤੀ ਕੌਮਾਂ ਤੇ ਜ਼ੁਲਮ ਕਰਕੇ ਸਦਾ ਖ਼ੁਸ਼ੀ ਦਾ ਪ੍ਰਗਟਾਵਾ ਨਾੱਚ ਗਾਣਾ ਕਰਕੇ ਕਰਦੀ ਆਈ ਹੈ ਜਿਵੇਂ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ਤੌ ਬਾਅਦ ਸ਼ੀ ਅੰਮ੍ਰਿਤਸਰ ਅਤੇ ਭਾਰਤ ਦੇ ਵੱਖ ਵੱਖ ਸ਼ਹਿਰਾਂ ਵਿੱਚ ਹਿੰਦੂ ਜ਼ਹਿਨੀਅਤ ਵੱਲੋਂ ਲੱਡੂ ਵੰਡੇ ਗਏ ਅਤੇ ਨਾਚ ਗਾਣੇ ਕੀਤੇ ਗਏ ਇਸੇ ਤਰਜ਼ ਦਾ ਪ੍ਰੋਗਰਾਮ ਅਯੁੱਧਿਆ ਵਿੱਚ ਰਾਮ ਮੰਦਿਰ ਦੇ ਨਿਰਮਾਣ ਦੀ ਨੂੰਹ ਪੱਥਰ ਰੱਖਣ ਦੀ ਖ਼ੁਸ਼ੀ ਵਿੱਚ ਨਿਉਯਾਰਕ ਟਾਇਮ ਸੁਕੇਅਰ ਉੱਪਰ ਹਿੰਦੂ ਸੰਗਠਨਾਂ ਵਲਿ ਰੱਖਿਆ ਗਿਆ ਸੀ ਪਰ ਇਸ ਖ਼ੁਸ਼ੀ ਵਿੱਚ ਖੱਟਾ ਓਦੋਂ ਪਿਆ ਜਦ ਸਿੱਖ ਜਥੇਬੰਦੀਆਂ ਤੇ ਕਸ਼ਮੀਰੀਆਂ ਨੇ ਇਸ ਗ਼ੈਰ ਮਾਨਵੀ ਕਾਰੇ ਨੂੰ ਜਗ ਜਾਹਿਰ ਕਰਨ ਹਿਤ ਅਤੇ ਏਨਾ ਵੱਲੋਂ ਮਚਾਏ ਜਾਣ ਵਾਲੇ ਹੁੜਦੁੰਗ ਨੂੰ ਠੰਡਾ ਕਰਨ ਦੇ ਲਈ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ, ਜਿਸਤੋ ਖ਼ੁਸ਼ੀ ਵਿੱਚ ਖੀਵੇ ਹੋਣ ਤੋ ਪਹਿਲਾ ਹੀ ਇਹਨਾਂ ਨਾਜ਼ੀ ਮੋਦੀ ਦੇ ਹਮਾਇਤੀਆਂ ਦੇ ਰੰਗ ਪੀਲੇ ਪੈ ਗਏ । ਰੋਸ ਪ੍ਰਦਰਸ਼ਨ ਨਿਉਯਾਰਕ ਦੇ ਸਮੇ ਮੁਤਾਬਕ 6 :00 ਸ਼ਾਮ ਤੌ 9 :00 ਵਜੇ ਸ਼ਾਮ ਤੱਕ ਚਲਿਆ । ਜਦੋਂ ਤੱਕ ਇਹ ਮੋਦੀ ਸਮਰਥਕ ਸੁਕੇਅਰ ਵਿੱਚ ਰਹੇ ।ਜ਼ੋਰਦਾਰ ਨਾਅਰੇਬਾਜੀ ਕਸ਼ਮੀਰੀ ਭਰਾਵਾਂ ਅਤੇ ਸਿੱਖ ਕਾਰਕੁੰਨਾਂ ਵੱਲੋਂ ਹੁੰਦੀ ਰਹੀ ਵੱਡੀ ਗਿਣਤੀ ਵਿੱਚ ਪੈਂਫ਼ਲਿਟ ਵੰਡੇ ਗਏ, ਹਰ ਪਾਸੇ ਖਾਲਿਸਤਾਨ ਅਤੇ ਆਜ਼ਾਦ ਕਸ਼ਮੀਰ ਦੇ ਝੰਡੇ ਝੂਲਦੇ ਰਹੇ ਇਸ ਜ਼ਬਰਦਸਤ ਮੁਜ਼ਾਹਰੇ ਵਿੱਚ ਸਿੱਖ ਬੁਲਾਰਿਆਂ ਅਤੇ ਕਸ਼ਮੀਰੀ ਬੁਲਾਰਿਆਂ ਨੇ ਸੰਬੋਧਨ ਹੋਕੇ ਭਾਰਤੀ ਹਕੂਮਤ ਦੇ ਜਬਰ ਨੂੰ ਲੋਕਾਂ ਸਾਹਮਣੇ ਨੰਗਿਆਂ ਵੀ ਕੀਤਾ 5 ਅਗਸਤ ਨੂੰ ਕਸ਼ਮੀਰੀ ਵਿੱਚ ਧਾਰਾ 370 ਨੂੰ ਤੌੜਕੇ ਸਾਰੇ ਕਸ਼ਮੀਰ ਨੂੰ ਇੱਕ ਜੇਲ ਬਣਾਈ ਨੂੰ ਇੱਕ ਸਾਲ ਹੋ ਗਿਆ ਹੈ ਇਸ ਮੁਜ਼ਾਹਰੇ ਵਿੱਚ ਕਸ਼ਮੀਰੀ ਭਰਾਵਾਂ ਨਾਲ ਸਿੱਖਾਂ ਦਾ ਮੋਢੇ ਨਾਲ ਮੋਢਾ ਲਗਾਕੇ ਖੜੇ ਹੋਣਾ ਜਿੱਥੇ ਭਾਰਤੀ ਖੇਮੇ ਵਿੱਚ ਸਾੜ ਪਾਉਣ ਵਾਲਾ ਹੈ ਉੱਥੇ ਸੰਘਰਸ਼ਸ਼ੀਲ ਕਸ਼ਮੀਰੀਆਂ ਅਤੇ ਸਿੱਖਾਂ ਵਿੱਚ ਆਪਸੀ ਪਿਆਰ ਸਦਭਾਵਨਾ ਨੂੰ ਵਧਾਉਣ ਵਾਲਾ ਹੈ ਥੋੜੇ ਸਮੇ ਦੇ ਨੋਟਿਸ ਤੇ ਵੀ ਗਿਣਤੀ ਪੱਖੋਂ 500 ਤੌ ਵੱਧ ਵੀਰਾਂ ਭੈਣਾਂ ਦੀ ਸ਼ਮੂਲੀਅਤ ਰਹੀ ਆਉਣ ਵਾਲੇ ਸਮੇਂ ਵਿੱਚ ਵੀ ਬਾਹਰਲੇ ਸਿੱਖ ਭਾਰਤੀ ਹਕੂਮਤ ਦੇ ਮਨੁੱਖਤਾ ਵਿਰੋਧੀ ਕਾਰਨਾਮਿਆ ਉੱਪਰ ਬਾਜ ਵਾਲੀ ਅੱਖ ਰੱਖ ਰਹੇ ਹਨ ਅਤੇ ਹਰ ਹਿਦੂਤਵੀ ਕਾਰੇ ਨੂੰ ਤਕੜੇ ਹੱਥੀ ਲਿਆ ਜਾਵੇਗਾ ॥  

  ਨਵੀਂ ਦਿੱਲੀ , (ਮਨਪ੍ਰੀਤ ਸਿੰਘ ਖਾਲਸਾ):- ਅੱਜ ਤੋਂ ਬਾਬਰੀ ਮਸਜਿਦ ਦੇ ਸਥਾਨ 'ਤੇ ਰਾਮ ਮੰਦਰ ਦੀ ਉਸਾਰੀ ਕੀਤੀ ਜਾ ਰਹੀ ਹੈ, ਇਸ ਤੇ ਇਕ ਵਾਰ ਫਿਰ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਸ਼ਰੀਅਤ ਦੀ ਰੌਸ਼ਨੀ ਵਿਚ ਜਦੋਂ ਇਕ ਵਾਰ ਮਸਜਿਦ ਦੀ ਸਥਾਪਨਾ ਕਰ ਦੀਤੀ ਜਾਦੀਂ ਹੈ ਤਦ ਉਹ ਅੰਤਕਾਲ ਦੇ ਦਿਨ ਤੱਕ ਮਸਜਿਦ ਬਣ ਜਾਂਦੀ ਹੈ । ਇਸ ਲਈ, ਬਾਬਰੀ ਮਸਜਿਦ ਕੱਲ੍ਹ ਇਕ ਮਸਜਿਦ ਸੀ, ਅਤੇ ਅੱਜ ਵੀ ਇਕ ਮਸਜਿਦ ਹੈ ਅਤੇ ਭਵਿੱਖ ਵਿਚ ਇਕ ਮਸਜਿਦ ਰਹੇਗੀ, ਅੱਗੇ ਰੱਬ ਦੀ ਇੱਛਾ ਹੈ । ਮਸਜਿਦ ਵਿਚ ਮੂਰਤੀਆਂ ਰੱਖ ਕੇ, ਪੂਜਾ ਪਾਠ ਅਰੰਭ ਕਰਕੇ ਜਾਂ ਲੰਬੇ ਸਮੇਂ ਤਕ ਅਰਦਾਸ ਕਰਨ'ਤੇ ਪਾਬੰਦੀ ਲਗਾ ਕੇ ਮਸਜਿਦ ਦੀ ਹੋਂਦ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਹੈ । ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੇ ਜਨਰਲ ਸੱਕਤਰ ਹਜ਼ਰਤ ਮੌਲਾਨਾ ਮੁਹੰਮਦ ਵਲੀ ਰਹਿਮਾਨੀ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਬਾਬਰੀ ਮਸਜਿਦ ਕਦੇ ਵੀ ਕਿਸੇ ਦੇ ਮੰਦਰ ਜਾਂ ਕਿਸੇ ਹਿੰਦੂ ਧਰਮ ਅਸਥਾਨ ਨੂੰ ਢਾਹ ਕੇ ਨਹੀਂ ਬਣਾਈ ਗਈ ਸੀ।
  ਸੁਪਰੀਮ ਕੋਰਟ ਨੇ ਆਪਣੇ 2019 ਦੇ ਫੈਸਲੇ ਵਿਚ ਸਾਡੇ ਹਾਲਾਤਾਂ ਦੀ ਪੁਸ਼ਟੀ ਕੀਤੀ ਹੈ ਜਿਸ ਵਿਚ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਹੈ ਕਿ ਬਾਬਰੀ ਮਸਜਿਦ ਦੇ ਅਧੀਨ ਖੁਦਾਈ ਵਿਚ ਮਿਲੀਆਂ ਕਲਾਕਰੀਤਿਆਂ ਬਾਬਰੀ ਮਸਜਿਦ ਦੀ ਉਸਾਰੀ ਤੋਂ 400 ਸਾਲ ਪਹਿਲਾਂ ਸੱਤਵੀਂ ਸਦੀ ਦੀ ਇਮਾਰਤ ਦੀਆਂ ਸਨ, ਇਸ ਲਈ, ਕਿਸੇ ਮਸਜਿਦ ਨੂੰ ਬਣਾਉਣ ਲਈ ਕੋਈ ਮੰਦਰ ਢਾਹਿਆ ਨਹੀ ਗਿਆ ਸੀ ।
  ਸੁਪਰੀਮ ਕੋਰਟ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ 22 ਦਸੰਬਰ, 1949 ਦੀ ਰਾਤ ਤੱਕ ਨਮਾਜ਼ ਬਾਬਰੀ ਮਸਜਿਦ ਵਿਖੇ ਪੜੀ ਜਾਦੀਂ ਰਹੀ ਹੈ ਅਤੇ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ 22 ਦਸੰਬਰ 1949 ਨੂੰ ਮੂਰਤੀਆਂ ਨੂੰ ਉਥੇ ਰਖਣਾ ਇਕ ਗੈਰਕਾਨੂੰਨੀ ਅਤੇ ਗੈਰ ਸੰਵਿਧਾਨਕ ਕੰਮ ਸੀ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ 6 ਦਸੰਬਰ 1992 ਨੂੰ ਬਾਬਰੀ ਮਸਜਿਦ ਦੀ ਸ਼ਹਾਦਤ ਇਕ ਗੈਰਕਾਨੂੰਨੀ, ਗੈਰ ਸੰਵਿਧਾਨਕ ਅਤੇ ਅਪਰਾਧਿਕ ਕਾਰਵਾਈ ਸੀ। ਬਦਕਿਸਮਤੀ ਨਾਲ, ਇਨ੍ਹਾਂ ਸਾਰੇ ਸਪਸ਼ਟ ਤੱਥਾਂ ਨੂੰ ਸਵੀਕਾਰ ਕਰਨ ਦੇ ਬਾਵਜੂਦ, ਅਦਾਲਤ ਨੇ ਇੱਕ ਬਹੁਤ ਹੀ ਨਾਜਾਇਜ਼ ਫੈਸਲਾ ਲਿਤਾ ਸੀ ।
  ਹੈਦਰਾਬਾਦ ਦੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਸਨੇ ਅਜ ਬੁੱਧਵਾਰ ਇਕ ਟਵੀਟ ਕੀਤਾ ਕਿ 'ਬਾਬਰੀ ਮਸਜਿਦ ਸੀ, ਹੈ ਅਤੇ ਰਹੇਗੀ ਇੰਸ਼ਾ ਅੱਲ੍ਹਾ, ਬਾਬਰੀ ਜੀਵਤ ਹੈ। ' ਉਨ੍ਹਾਂ ਕਿਹਾ ਕਿ ਭਾਰਤ ਇਕ ਧਰਮ ਨਿਰਪੱਖ ਦੇਸ਼ ਹੈ। ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਤੋੜ ਦਿੱਤੀ ਹੈ। ਅੱਜ ਲੋਕਤੰਤਰ ਅਤੇ ਧਰਮ ਨਿਰਪੱਖਤਾ ਨੂੰ ਹਰਾ ਦਿੱਤਾ ਗਿਆ ਹੈ ਅਤੇ ਹਿੰਦੂਤਵ ਜਿੱਤਿਆ ਹੈ ।

  ਅਯੁੱਧਿਆ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਰਾਮ ਮੰਦਰ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਕਿਹਾ ਕਿ ਸਦੀਆਂ ਦੀ ਉਡੀਕ ਖ਼ਤਮ ਹੋ ਗਈ ਹੈ। ਇਹ ਉਨ੍ਹਾਂ ਦੀ ਚੰਗੇ ਕਰਮ ਹਨ ਕਿ ਸ੍ਰੀ ਰਾਮ ਜਨਮ ਭੂਮੀ ਟਰਸਟ ਨੇ ਉਨ੍ਹਾਂ ਨੂੰ ਮੰਦਰ ਦੀ ਉਸਾਰੀ ਲਈ ਕੀਤੀ ਜਾ ਰਹੀ ਪੂਜਾ ਲਈ ਸੱਦਾ ਦਿੱਤਾ। ਅੱਜ ਪੂਰਾ ਦੇਸ਼ ਰਾਮ ਦੇ ਰੰਗ ਵਿੱਚ ਰੰਗਿਆ ਗਿਆ ਹੈ। ਉਨ੍ਹਾਂ ਕਿਹਾ ਕਿ ਟੈਂਟ ਦੇ ਹੇਠ ਰਹੇ ਰਾਮਲੱਲਾ ਲਈ ਹੁਣ ਵਿਸ਼ਾਲ ਮੰਤਰ ਬਣੇਗਾ। ਆਜ਼ਾਦੀ ਅੰਦੋਲਨ ਵਾਂਗ ਰਾਮ ਮੰਦਰ ਅੰਦੋਲਨ ਚੱਲਿਆ। ਉਹ 130 ਕਰੋੜ ਭਾਰਤੀਆਂ ਨੂੰ ਨਮਨ ਕਰਦੇ ਹਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਅੱਜ ਬਾਅਦ ਦੁਪਹਿਰ 12:44 ਵਜੇ ‘ਭੂਮੀ ਪੂਜਨ’ ਦੇ ‘ਮਹੂਰਤ’ ਅਨੁਸਾਰ ਅਯੁੱਧਿਆ ਵਿਚ ਵਿਸ਼ਾਲ ਰਾਮ ਮੰਦਰ ਦੀ ਨੀਂਹ ਰੱਖੀ। ਇਸ ਮੌਕੇ ਯੂਪੀ ਦੀ ਰਾਜਪਾਲ ਆਨੰਦੀਬੇਨ ਪਟੇਲ ਅਤੇ ਆਰਐੱਸਐੱਸ ਮੁਖੀ ਮੋਹਨ ਭਾਗਵਤ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਯੋਗ ਗੁਰੂ ਰਾਮਦੇਵ ਵਰਗੇ ਕਈ ਹਸਤੀਆਂ ਮੌਜੂਦ ਸਨ। ਇਥੇ ਪੁੱਜਣ ਵੇਲੇ ਸ੍ਰੀ ਮੋਦੀ ਨੇ ਸਭ ਤੋਂ ਪਹਿਲਾਂ 10ਵੀਂ ਸਦੀ ਦੇ ਹਨੂਮਾਨ ਗੜ੍ਹੀ ਮੰਦਿਰ ਵਿਖੇ ਪੂਜਾ ਕੀਤੀ ਤੇ ਮੰਤਰ ਦੀ ਪਰਿਕਰਮਾ 'ਕੀਤੀ। ਇਸ ਮੌਕੇ ਮੰਦਿਰ ਦੇ ਮੁੱਖ ਪੁਜਾਰੀ ਗੱਦੀਨਸ਼ੀਨ ਪ੍ਰੇਮਦਾਸ ਮਹਾਰਾਜ ਨੇ ਪ੍ਰਧਾਨ ਮੰਤਰੀ ਨੂੰ ਚਾਂਦੀ ਦਾ 'ਮੁਕਤ' ਭੇਟ ਕੀਤਾ।

  ਅਯੁੱਧਿਆ -  ਰਾਮ ਮੰਦਰ ਨਿਰਮਾਣ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਇਹ ਅਨੰਦ ਦਾ ਪਲ ਹੈ ਕਿਉਂਕਿ ਜੋ ਸੰਕਲਪ ਲਿਆ ਸੀ ਪੂਰਾ ਹੋਇਆ। ਉਨ੍ਹਾਂ ਕਿਹਾ, “ਪ੍ਰਣ ਲਿਆ ਸੀ ਅਤੇ ਮੈਨੂੰ ਯਾਦ ਹੈ ਕਿ ਸਾਡੇ ਸੰਘ ਚਾਲਕ ਬਾਲਾ ਸਾਹੇਬ ਦੇਵਰਸ ਜੀ ਨੇ ਅੱਗੇ ਕਦਮ ਚੁੱਕਣ ਤੋਂ ਪਹਿਲਾਂ ਸਾਨੂੰ ਯਾਦ ਦਿਵਾਇਆ ਸੀ ਕਿ ਕੰਮ ਕਰਨ ਵਿਚ ਵੀਹ-ਤੀਹ ਸਾਲ ਕੰਮ ਕਰਨਾ ਪਵੇਗਾ ਤੇ 30ਵੇਂ ਸਾਲ ਦੀ ਸ਼ੁਰੂਆਤ ਵਿਚ ਸਾਨੂੰ ਸੰਕਲਪ ਦੀ ਪ੍ਰਾਪਤੀ ਦਾ ਅਨੰਦ ਮਿਲੇਗਾ।'' ਅਯੁੱਧਿਆ ਵਿਚ ਭੂਮੀ ਪੂਜਨ ਪ੍ਰੋਗਰਾਮ ਤੋਂ ਬਾਅਦ ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ, “ਬਹੁਤ ਸਾਰੇ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਹਨ। ਬਹੁਤ ਸਾਰੇ ਲੋਕ ਹਨ ਜੋ ਇਥੇ ਨਹੀਂ ਆ ਸਕੇ। ਰੱਥ ਯਾਤਰਾ ਦੀ ਅਗਵਾਈ ਕਰਨ ਵਾਲੇ ਐੱਲਕੇ ਅਡਵਾਨੀ ਆਪਣੇ ਘਰ ਬੈਠ ਕੇ ਇਹ ਪ੍ਰੋਗਰਾਮ ਦੇਖ ਰਹੇ ਹੋਣਗੇ। ਬਹੁਤ ਸਾਰੇ ਲੋਕ ਹਨ ਜੋ ਆ ਸਕਦੇ ਸਨ ਪਰ ਬੁਲਾਏ ਨਹੀਂ ਜਾ ਸਕਦੇ ਕਿਉਂਕਿ ਹਾਲਾਤ ਹੀ ਅਜਿਹੇ ਹਨ।''

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com