ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਬਠਿੰਡਾ - ਭਾਰਤ ਦੇ ਵੱਖ ਵੱਖ ਸੂਬਿਆਂ ਵਿਚ ਪੜ੍ਹਾਈ ਲਈ ਆਏ ਕਸ਼ਮੀਰੀ ਵਿਦਿਆਰਥੀਆਂ ਨੂੰ ਅਤਿਵਾਦੀ ਹਮਲੇ ਦੀ ਆੜ ਵਿਚ ਡਰਾਉਣ ਤੇ ਧਮਕਾਉਣ ਦਾ ਪੰਜਾਬੀਆਂ ਨੇ ਤਿੱਖਾ ਨੋਟਿਸ ਲਿਆ ਹੈ। ਬਠਿੰਡਾ ਨੇੜੇ ਗੈਰ ਸਰਕਾਰੀ ਸੰਸਥਾ ਵਿਚ ਪੜ੍ਹ ਰਹੇ ਕਸ਼ਮੀਰੀ ਮੁਸਲਮਾਨ ਵਿਦਿਆਰਥੀਆਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦੇ ਹੋਏ ਪੰਜਾਬੀ ਮਾਂ ਬੋਲੀ ਕਾਰਵਾਈ ਸਭਾ ਵੱਲੋਂ ਬਾਬਾ ਹਰਦੀਪ ਸਿੰਘ ਮਹਿਰਾਜ ਤੇ ਲਖਵੀਰ ਸਿੰਘ ਲੱਖਾ ਸਿਧਾਣਾ ਨੇ ਕਸ਼ਮੀਰੀ ਨੌਜਵਾਨਾਂ ਨੂੰ ਭੈਅ ਮੁਕਤ ਰਹਿ ਕੇ ਨਮਾਜ਼ ਅਦਾ ਕਰਵਾਈ। ਬਾਬਾ ਹਰਦੀਪ ਸਿੰਘ ਮਹਿਰਾਜ ਤੇ ਲੱਖਾ ਸਿਧਾਣਾ ਨੇ ਕਿਹਾ ਕਿ ਉਹ ਸਿੱਖ ਧਰਮ ਦੇ ਸਿਧਾਂਤ ‘ਸਰਬੱਤ ਦੇ ਭਲਾ’ ਦੇ ਅਧਾਰਤ ਪੀੜਤਾਂ ਦੇ ਹੱਕ ਵਿਚ ਖੜ੍ਹਨਗੇ। ਸੈਕੜੇ ਕਸ਼ਮੀਰੀ ਪੰਜਾਬੀਆਂ ਨੇ ਕਿਹਾ ਕਿ ਉਹ ਇਸ ਬਦਲੇ ਪੰਜਾਬੀਆਂ ਦਾ ਧੰਨਵਾਦ ਕਰਦੇ ਹਨ। ਪੰਜਾਬੀ ਮਾਂ ਬੋਲੀ ਸਤਿਕਾਰ ਸਭਾ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਦੇ ਬਠਿੰਡਾ ਸੈਂਟਰ ਵਿਚ ਪੜ੍ਹਦੇ ਕਸ਼ਮੀਰੀ ਵਿਦਿਆਰਥੀਆਂ ਨੂੰ ਭੈਅ ਮੁਕਤ ਹੋ ਕੇ ਪੜ੍ਹਾਈ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਫਿਰਕੂ ਲੋਕਾਂ ਦੀਆਂ ਧਮਕੀਆਂ ਤੋਂ ਡਰ ਕੇ ਪੜ੍ਹਾਈ ਨਾ ਛੱਡਣ।
  ਇਸ ਮੌਕੇ ਕਸ਼ਮੀਰੀ ਨੌਜਵਾਨ ਵਿਦਿਆਰਥੀਆਂ ਨੇ ਅਪੀਲ ਕੀਤੀ ਕਿ ਪੇਪਰ ਖ਼ਤਮ ਹੋਣ ਬਾਅਦ ਉਨ੍ਹਾਂ ਨੂੰ ਸੁਰੱਖਿਆ ਸਮੇਤ ਵਾਪਸ ਪਹੁੰਚਾਇਆ ਜਾਵੇ। ਬਾਬਾ ਹਰਦੀਪ ਸਿੰਘ ਨੇ ਦੱਸਿਆ ਕਿ ਪੇਪਰ ਖ਼ਤਮ ਹੋਣ ਮਗਰੋਂ ਉਹ ਕਸ਼ਮੀਰੀ ਵਿਦਿਆਰਥੀਆਂ ਨੂੰ ਵਾਪਸੀ ਸਮੇਂ ਸੁਰੱਖਿਆ ਮੁਹੱਈਆ ਕਰਵਾਉਣਗੇ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਕਸ਼ਮੀਰੀ ਵਿਦਿਆਰਥੀਆਂ, ਕੱਪੜਾ ਵੇਚਣ ਅਤੇ ਹੋਰ ਕੰਮ ਕਾਜ ਲਈ ਆਉਦੇ ਕਸ਼ਮੀਰੀਆਂ ਡਰਾਉਣ-ਧਮਕਾਉਣ ਨਾ, ਸਗੋਂ ਉਨਾਂ ਦੀ ਮਦਦ ਕਰਨ।

  ਚੰਡੀਗੜ੍ਹ - ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਥੇ ਰੈਲੀ ਦੌਰਾਨ ਦੋਸ਼ ਲਾਇਆ ਕਿ ਚੰਡੀਗੜ੍ਹ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੰਸਦ ਮੈਂਬਰ ਕਿਰਨ ਖੇਰ ਮਹਿਜ਼ ਫਿਲਮੀ ਅਭਿਨੇਤਰੀ ਹੈ ਅਤੇ ਉਸ ਦਾ ਮੁੱਖ ਕੰਮ ਕੇਵਲ ਪੈਸੇ ਕਮਾਉਣਾ ਹੀ ਹੈ। ਉਹ ਅੱਜ ਸੈਕਟਰ-25 ਵਿਚ ‘ਆਪ’ ਦੇ ਚੰਡੀਗੜ੍ਹ ਤੋਂ ਉਮੀਦਵਾਰ ਹਰਮੋਹਨ ਧਵਨ ਦੀ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਰੈਲੀ ਇਕੱਠ ਪੱਖੋਂ ਫਿੱਕੀ ਰਹੀ ਕਿਉਂਕਿ ਵੱਡੀ ਗਿਣਤੀ ਵਿਚ ਕੁਰਸੀਆਂ ਖਾਲੀ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਪਾਰਟੀ ਦੀ ਆਸ ਮੁਤਾਬਕ ਲੋਕਾਂ ਨੇ ਹੰਗਾਰਾ ਨਹੀਂ ਦਿੱਤਾ। ਰੈਲੀ ਵਿਚ ਜ਼ਿਆਦਾਤਰ ਕਲੋਨੀਆਂ ਦੇ ਵਸਨੀਕ ਹੀ ਹਾਜ਼ਰ ਸਨ। ਰੈਲੀ ਵਿਚ ਕੇਜਰੀਵਾਲ ਮਸਾਂ 10-12 ਮਿੰਟ ਹੀ ਰਹੇ। ਉਨ੍ਹਾਂ ਦੇ ਜਾਣ ਮਗਰੋਂ ਸ੍ਰੀ ਧਵਨ ਸਮੇਤ ਸਮੁੱਚੀ ਰੈਲੀ ਵਿਚ ਨਿਰਾਸ਼ਾ ਪਸਰ ਗਈ ਪਰ ਬਾਅਦ ਵਿਚ ਭਾਜਪਾ ਦੇ ਬਾਗੀ ਸੰਸਦ ਮੈਂਬਰ ਸ਼ਤਰੂਘਣ ਸਿਨਹਾ ਅਤੇ ‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਰੈਲੀ ਵਿਚ ਰੂਹ ਫੂਕ ਦਿੱਤੀ। ਸ੍ਰੀ ਕੇਜਰੀਵਾਲ ਨੇ ਪਾਰਟੀ ਉਮੀਦਵਾਰ ਸ੍ਰੀ ਧਵਨ ਲਈ ਵੋਟਾਂ ਮੰਗਦਿਆਂ ਕਿਹਾ ਕਿ ਕਿਰਨ ਖੇਰ ਨੂੰ ਜਿਤਾ ਕੇ ਅੱਜ ਚੰਡੀਗੜ੍ਹ ਦੇ ਲੋਕ ਪਛਤਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਰਨ ਖੇਰ ਮੁੰਬਈ ਦੀ ਹੈ ਅਤੇ ਆਮ ਬੰਦੇ ਨੂੰ ਉਹ ਮਿਲਦੀ ਵੀ ਨਹੀਂ ਹੈ। ਸ੍ਰੀ ਕੇਜਰੀਵਾਲ ਨੇ ਕਿਹਾ ਜੇ ਸ੍ਰੀ ਧਵਨ ਜਿੱਤਣਗੇ ਤਾਂ ਉਨ੍ਹਾਂ ਨੂੰ ਕਿਸੇ ਵੀ ਸਮੇਂ ਮਿਲਿਆ ਜਾ ਸਕੇਗਾ। ਇਸ ਲਈ ਕਿਸੇ ਬਾਹਰੀ ਉਮੀਦਵਾਰ ਨੂੰ ਜਿਤਾਉਣ ਦੀ ਗਲਤੀ ਨਾ ਕੀਤੀ ਜਾਵੇ । ਉਨ੍ਹਾਂ ਭਰੋਸਾ ਦਿੱਤਾ ਕਿ ਸ੍ਰੀ ਧਵਨ ਦਿੱਲੀ ਦੀ ਤਰਜ਼ ’ਤੇ ਚੰਡੀਗੜ੍ਹ ਦਾ ਵਿਕਾਸ ਕਰਨਗੇ ਅਤੇ ਕਿਰਨ ਖੇਰ ਨੇ ਚੰਡੀਗੜ੍ਹ ਵਿਚ ਕੋਈ ਸਕੂਲ, ਸੜਕ ਜਾਂ ਹੋਰ ਕੋਈ ਵਿਕਾਸ ਦਾ ਕੰਮ ਨਹੀਂ ਕਰਵਾਇਆ। ਇਸ ਮੌਕੇ ਸੰਬੋਧਨ ਕਰਦਿਆਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕਿਰਨ ਖੇਰ ਪਾਰਲੀਮੈਂਟ ਵਿਚ ਚੰਡੀਗੜ੍ਹ ਦੇ ਮੁੱਦਿਆਂ ਬਾਰੇ ਤਾਂ ਨਾਂ ਮਾਤਰ ਹੀ ਬੋਲਦੀ ਹੈ ਕਿਉਂਕਿ ਉਹ ਮੁੰਬਈ ਤੋਂ ਦਿੱਲੀ ਪਾਰਲੀਮੈਂਟ ਵਿਚ ਆਉਂਦੀ ਹੈ ਅਤੇ ਉਥੋਂ ਹੀ ਵਾਪਸ ਮੁੰਬਈ ਚਲੀ ਜਾਂਦੀ ਹੈ। ਸ੍ਰੀ ਮਾਨ ਨੇ ਕਿਹਾ ਕਿ ਦੂਸਰੇ ਪਾਸੇ ਸ੍ਰੀ ਧਵਨ ਲੋਕਾਂ ਦੇ ਨੇਤਾ ਹਨ। ਸ਼ਤਰੂਘਨ ਸਿਨਹਾ ਨੇ ਸ੍ਰੀ ਧਵਨ ਨੂੰ ਸ਼ਾਨਦਾਰ, ਜਾਨਦਾਰ ਅਤੇ ਦਿਲਦਾਰ ਨੇਤਾ ਦੱਸਦਿਆਂ ਉਨ੍ਹਾਂ ਨੂੰ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ‘ਆਪ’ ਉਮੀਦਵਾਰ ਹਰਮੋਹਨ ਧਵਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਰਨ ਖੇਰ ਚੋਣਾਂ ਵਿਚ ਕੀਤੇ 60 ਵਾਅਦਿਆਂ ਵਿਚੋਂ ਇਕ ਵੀ ਪੂਰਾ ਨਹੀਂ ਕਰ ਸਕੀ। ਸ੍ਰੀ ਧਵਨ ਨੇ ਕਿਹਾ ਕਿ ਉਹ ਕੁਝ ਮਹੀਨੇ ਹੀ ਕੇਂਦਰੀ ਮੰਤਰੀ ਰਹੇ ਸਨ ਅਤੇ ਉਨ੍ਹਾਂ ਨੇ ਸੈਕਟਰ 32 ਦਾ ਸਰਕਾਰੀ ਹਸਪਤਾਲ, ਕਜੌਲੀ ਵਾਟਰ ਵਰਕਸ ਦਾ ਫੇਜ਼ 2 ਤੇ 3, ਕਰਮਚਾਰੀਆਂ ਨੂੰ ਪੰਜਾਬ ਪੈਟਰਨ ’ਤੇ ਤਨਖਾਹ ਸਕੇਲ ਤੇ ਸ਼ਹਿਰ ਨੂੰ ਬੀ-2 ਦਾ ਦਰਜਾ ਦਿਵਾਉਣ ਵਰਗੇ ਕੰਮ ਕਰਵਾਏ ਸਨ। ਰੈਲੀ ਵਿਚ ‘ਆਪ’ ਚੰਡੀਗੜ੍ਹ ਦੇ ਕਨਵੀਨਰ ਪ੍ਰੇਮ ਗਰਗ, ਸਾਬਕਾ ਡੀਐਸਪੀ ਵਿਜੈਪਾਲ ਸਿੰਘ, ‘ਆਪ’ ਪੰਜਾਬ ਦੇ ਬੁਲਾਰੇ ਸਤਵੀਰ ਵਾਲੀਆ, ‘ਆਪ’ ਦੇ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਨਰਿੰਦਰ ਸ਼ੇਰਗਿੱਲ ਵੀ ਮੌਜੂਦ ਸਨ।

  ਅੰਮ੍ਰਿਤਸਰ , (ਨਰਿੰਦਰਪਾਲ ਸਿੰਘ): ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਅੰਮ੍ਰਿਤਸਰ ਵਿੱਚ ਰੈਲੀ ਕੀਤੀ। ਸੂਬੇ ਤੋਂ ਲੋਕ ਸਭਾ ਚੋਣ ਮੁਹਿੰਮ ਸ਼ੁਰੂ ਕਰਨ ਲਈ ਰੱਖੀ ਬੀਜੇਪੀ ਦੀ ਇਹ ਰੈਲੀ ਫਿੱਕੀ ਹੀ ਰਹੀ। ਹਾਲਾਂਕਿ, ਸ਼ਾਹ ਆਪਣੇ ਭਾਸ਼ਣ ਦੌਰਾਨ ਪੰਜਾਬ ਦੀ ਕਾਂਗਰਸ ਸਰਕਾਰ 'ਤੇ ਕਈ ਨਿਸ਼ਾਨੇ ਵੀ ਲਾ ਗਏ, ਪਰ ਪ੍ਰੋਗਰਾਮ ਸਮੇਂ ਸਿਰ ਨਾ ਚੱਲਣ ਕਰਕੇ ਉਹ ਗੱਲ ਨਾ ਬਣੀ। ਇਸ ਦੇ ਨਾਲ ਹੀ ਸ਼ਾਹ ਦੀ ਫੇਰੀ ਕਈ ਸਵਾਲ ਖੜ੍ਹੇ ਕਰ ਗਈ ਜਿਨ੍ਹਾਂ ਵਿੱਚ ਪੁਰਾਣੇ ਭਾਜਪਾਈਆਂ ਨੂੰ ਮੂੰਹ ਨਾ ਲਾਉਣਾ ਤੇ ਨਹੁੰ-ਮਾਸ ਦਾ ਦਾਅਵਾ ਕਰਨ ਵਾਲੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੀ ਗ਼ੈਰ ਹਾਜ਼ਰੀ ਸ਼ਾਮਲ ਹੈ। ਦਰਅਸਲ, ਲੋਕ ਸਭਾ ਚੋਣਾਂ ਤੋਂ ਪਹਿਲਾਂ ਅਮਿਤ ਸ਼ਾਹ ਦੀ ਪੰਜਾਬ ਫੇਰੀ ਨੂੰ ਅੰਮ੍ਰਿਤਸਰ ਸੀਟ ਤੋਂ ਆਪਣਾ ਉਮੀਦਵਾਰ ਐਲਾਨਣ ਲਈ ਵਰਕਰਾਂ ਦੀ ਨਬਜ਼ ਟੋਹਣ ਲਈ ਰੱਖੀ ਗਈ ਸਮਝੀ ਜਾ ਰਹੀ ਸੀ, ਪਰ ਸ਼ਾਹ ਦੇ ਮੰਚ ਤੋਂ ਲੋਕ ਸਭਾ ਉਮੀਦਵਾਰ ਬਾਬਤ ਕੋਈ ਐਲਾਨ ਨਾ ਹੋਇਆ। ਇੰਨਾ ਜ਼ਰੂਰ ਹੋਇਆ ਕਿ ਬੀਜੇਪੀ ਤੋਂ ਟਿਕਟ ਦੀ ਆਸ ਲਾਈ ਬੈਠੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੀ ਫੱਟੀ ਪੋਚੀ ਗਈ। ਸ਼ਾਹ ਦੇ ਪਹੁੰਚਣ ਤੋਂ ਪਹਿਲਾਂ ਹੀ ਜੋਸ਼ੀ ਦੇ ਪੋਸਟਰਾਂ ਨੂੰ ਹਟਾ ਦਿੱਤਾ ਗਿਆ।
  ਸਾਬਕਾ ਕੈਬਨਿਟ ਮੰਤਰੀ ਸੁਰਜੀਤ ਜਿਆਣੀ ਹੁਰਾਂ ਨੂੰ ਵੀ ਸਟੇਜ ਨੇੜੇ ਨਹੀਂ ਲੱਗਣ ਦਿੱਤਾ ਗਿਆ। ਸਹਿਜੇ ਹੀ ਪਾਰਟੀ ਦੇ ਮੌਜੂਦਾ ਪ੍ਰਧਾਨ ਸ਼ਵੇਤ ਮਲਿਕ ਧੜੇ ਦੀ ਗੁਟਬੰਦੀ ਬਾਰੇ ਅੰਦਾਜ਼ਾ ਲਾਇਆ ਜਾ ਸਕਦਾ ਸੀ। ਜੰਮੂ ਵਿੱਚ ਰੈਲੀ ਉਪਰੰਤ ਸ਼ਾਹ ਦੇ ਅੰਮ੍ਰਿਤਸਰ ਪਹੁੰਚਣ 'ਚ ਹੋਈ ਦੇਰੀ ਕਾਰਨ ਕਈ ਵਰਕਰ ਰੈਲੀ 'ਚੋਂ ਚਲੇ ਗਏ ਸਨ। ਅਜਿਹੇ ਵਿੱਚ ਸ਼ਾਹ ਵੀ ਫਟਾਫਟ ਆਪਣਾ ਭਾਸ਼ਣ ਦੇ ਕੇ ਚੱਲਦੇ ਬਣੇ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ ਤਿੰਨ ਅੰਮ੍ਰਿਤਸਰ, ਗੁਰਦਾਸਪੁਰ ਤੇ ਹੁਸ਼ਿਆਰਪੁਰ ਭਾਜਪਾ ਦੇ ਹਿੱਸੇ ਆਉਂਦੀਆਂ ਹਨ ਜਦਕਿ ਬਾਕੀ 10 ਤੋਂ ਅਕਾਲੀ ਦਲ ਆਪਣੇ ਉਮੀਦਵਾਰ ਉਤਾਰਦਾ ਹੈ। ਅਮਿਤ ਸ਼ਾਹ ਦੀ ਅੱਜ ਦੀ ਰੈਲੀ ਮਗਰੋਂ ਇਹੋ ਸਾਹਮਣੇ ਆਉਂਦਾ ਹੈ ਕਿ ਬੀਜੇਪੀ ਅੰਮ੍ਰਿਤਸਰ ਲੋਕ ਸਭਾ ਸੀਟ ਲਈ ਉਮੀਦਵਾਰ ਐਲਾਨਣ 'ਚ ਕੋਈ ਕਾਹਲੀ ਨਹੀਂ ਕਰਨਾ ਚਾਹੁੰਦੀ। ਚਰਚਾ ਹੈ ਕਿ ਕਾਂਗਰਸ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਉਤਾਰ ਸਕਦੀ ਹੈ, ਅਜਿਹੇ ਵਿੱਚ ਕੇਂਦਰੀ ਮੰਤਰੀ ਤੇ ਭਾਜਪਾ ਦੇ ਮੋਹਰੀ ਸਿੱਖ ਚਿਹਰੇ ਹਰਦੀਪ ਪੁਰੀ ਪਾਰਟੀ ਲਈ ਯੋਗ ਉਮੀਦਵਾਰ ਹੋ ਸਕਦੇ ਹਨ।

  ਫਰੀਦਕੋਟ - ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਦੇ ਕਾਫ਼ਲੇ ਦੀ ਜਿਪਸੀ ’ਤੇ ਗੋਲੀਆਂ ਦੇ 18 ਨਿਸ਼ਾਨਾਂ ਦੀ ਜਾਂਚ ’ਚ ਨਵਾਂ ਮੋੜ ਆ ਗਿਆ ਹੈ। ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਸਿਟ) ਨੂੰ ਪਤਾ ਲੱਗਾ ਹੈ ਕਿ ਉਸ ਦੀ ਜਿਪਸੀ ’ਤੇ ਗੋਲੀਆਂ ਇਕ ਵਕੀਲ ਦੀ ਰਿਹਾਇਸ਼ ’ਤੇ ਮਾਰੀਆਂ ਗਈਆਂ ਸਨ ਅਤੇ ਐਸਪੀ ਰੈਂਕ ਦੇ ਅਧਿਕਾਰੀ ਨੇ ਆਪਣੇ ਕਾਰ ਡੀਲਰ ਦੋਸਤ ਦੇ ਨਿੱਜੀ ਸੁਰੱਖਿਆ ਕਰਮੀ ਦੀ 12 ਬੋਰ ਦੀ ਬੰਦੂਕ ਨਾਲ 14 ਅਕਤੂਬਰ 2015 ’ਚ ਇਹ ਗੋਲੀਆਂ ਦਾਗ਼ੀਆਂ ਸਨ। ਸੂਤਰਾਂ ਨੇ ਕਿਹਾ ਕਿ ਵਕੀਲ ਅਤੇ ਕਾਰ ਡੀਲਰ ਦਾ ਨਿੱਜੀ ਸੁਰੱਖਿਆ ਕਰਮੀ ਪਹਿਲਾਂ ਹੀ ਸਿਟ ਦੀ ਹਿਰਾਸਤ ’ਚ ਹਨ ਅਤੇ ਹੁਣ ਉਹ ਐਸਪੀ ਰੈਂਕ ਦੇ ਅਧਿਕਾਰੀ ਦੁਆਲੇ ਘੇਰਾ ਪਾਉਣ ਦੀ ਤਿਆਰੀ ਕਰ ਰਹੀ ਹੈ।
  ਅਕਾਲੀ ਆਗੂਆਂ ਅਤੇ ਪੁਲੀਸ ਅਫ਼ਸਰਾਂ ਨਾਲ ਸਬੰਧਾਂ ਲਈ ਜਾਣਿਆ ਜਾਂਦਾ ਵਕੀਲ ਫਰੀਦਕੋਟ ’ਚ ਪ੍ਰਾਈਵੇਟ ਵਿਦਿਅਕ ਅਦਾਰੇ ’ਤੇ ਗ਼ੈਰਕਾਨੂੰਨੀ ਕਬਜ਼ੇ ਲਈ ਪਹਿਲਾਂ ਹੀ ਵਿਵਾਦਾਂ ’ਚ ਘਿਰਿਆ ਹੋਇਆ ਹੈ। ਕੁਝ ਦਿਨ ਪਹਿਲਾਂ ਪੰਜਾਬ ਦੇ ਗ੍ਰਹਿ ਮਾਮਲਿਆਂ, ਨਿਆਂ ਅਤੇ ਜੇਲ੍ਹਾਂ ਬਾਰੇ ਤਤਕਾਲੀ ਵਿਸ਼ੇਸ਼ ਸਕੱਤਰ ਸੰਜੇ ਪੋਪਲੀ ਨੇ ਫਰੀਦਕੋਟ ਦੇ ਡਿਵੀਜ਼ਨਲ ਕਮਿਸ਼ਨਰ ਨੂੰ ਦੋਸ਼ਾਂ ਦੀ ਸਮਾਂਬੱਧ ਜਾਂਚ ਕਰਨ ਲਈ ਕਿਹਾ ਸੀ। ਇਸ ਸਬੰਧੀ ਸ਼ਿਕਾਇਤ ਕੈਲੀਫੋਰਨੀਆ ਆਧਾਰਿਤ ਡੈਂਟਿਸਟ ਡਾਕਟਰ ਅਮਰਜੀਤ ਸਿੰਘ ਮਰਵਾਹ (90) ਨੇ ਕੀਤੀ ਸੀ।ਸਿਟ ਵੱਲੋਂ ਜਿਪਸੀ ’ਤੇ ਗੋਲੀਆਂ ਦੇ ਨਿਸ਼ਾਨਾਂ ਸਮੇਤ ਬਹਿਬਲ ਕਲਾਂ ’ਚ ਪ੍ਰਦਰਸ਼ਨਕਾਰੀਆਂ ’ਤੇ ਵਰਤੇ ਗਏ ਨਿੱਜੀ ਅਤੇ ਗ਼ੈਰਕਾਨੂੰਨੀ ਹਥਿਆਰਾਂ ਦੀ ਵਰਤੋਂ ’ਤੇ ਵੀ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ।

  ਚੰਡੀਗੜ - ਬੇਅਦਬੀ ਮਾਮਲਿਆਂ ਬਾਰੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਤਾਜ਼ਾ ਬਿਆਨ ਨੂੰ ਲੋਕਾਂ ਸਾਹਮਣੇ ਜ਼ਾਹਰਾ ਤੌਰ 'ਤੇ ਘਬਰਾਹਟ ਦੀ ਨਿਸ਼ਾਨੀ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਨੂੰ ਲਗਾਤਾਰ ਅਜਿਹੇ ਢਕਵੰਜ ਰਚਣ ਵਿਰੁੱਧ ਚਿਤਾਵਨੀ ਦਿੱਤੀ ਹੈ। ਉਨਾਂ ਕਿਹਾ ਕਿ ਅਜਿਹੀ ਨੋਟੰਕੀ ਅਕਾਲੀਆਂ ਦੀ ਸਿਆਸੀ ਤੌਰ 'ਤੇ ਖੁੱਸੀ ਹੋਈ ਜ਼ਮੀਨ ਮੁੜ ਹਾਸਲ ਕਰਨ ਵਿੱਚ ਉਸ ਲਈ ਮਦਦਗਾਰ ਸਾਬਤ ਨਹੀਂ ਹੋਵੇਗੀ।
  ਬਾਦਲ ਵੱਲੋਂ ਉਸ ਨੂੰ ਜੇਲ ਵਿੱਚ ਭੇਜਣ ਦੀ ਨਾਟਕੀ ਚੁਣੌਤੀ 'ਤੇ ਸਖਤ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਵੱਡੇ ਬਾਦਲ ਦੀ ਇਕ ਹੋਰ ਡਰਾਮੇਬਾਜ਼ੀ ਦੱਸਦਿਆਂ ਇਸ ਦੀ ਖਿੱਲੀ ਉਡਾਈ। ਉਨਾਂ ਕਿਹਾ ਕਿ ਬੇਅਦਬੀ ਮਾਮਲਿਆਂ ਬਾਰੇ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਪਿਛੋਕੜ ਵਿੱਚ ਬਾਦਲ ਆਪਣੇ ਆਪ ਨੂੰ ਨੁੱਕਰੇ ਲੱਗਿਆ ਮਹਿਸੂਸ ਕਰ ਰਿਹਾ ਹੈ।
  ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ''ਜੇਕਰ ਉਸ (ਬਾਦਲ) ਕੋਲ ਲੁਕੋਣ ਲਈ ਕੁਝ ਨਹੀ ਹੈ ਤਾਂ ਉਹ ਇਨਾਂ ਰੌਲਾ-ਰੱਪਾ ਕਿਉਂ ਪਾਉਂਦਾ ਹੈ।'' ਉਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੂੰ ਜਦੋਂ ਬੇਚੈਨੀ ਵਾਲੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਆਪਣੀ ਆਦਤ ਅਨੁਸਾਰ ਅਜਿਹੇ ਢਕਵੰਜ ਰਚਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੇ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਸਬੰਧ ਵਿੱਚ ਕਦੇ ਵੀ ਬਾਦਲ ਜਾਂ ਕਿਸੇ ਹੋਰ ਦਾ ਨਾਂ ਨਹੀ ਲਿਆ ਅਤੇ ਉਨਾਂ ਨੂੰ ਹੈਰਾਨੀ ਹੋਈ ਹੈ ਕਿ ਬਾਦਲ ਦੀ ਇਹ ਪ੍ਰਤੀਕਿਰਿਆ ਉਸ ਦੇ ਗੁਨਾਹਗਾਰ ਜ਼ਮੀਰ ਦਾ ਪ੍ਰਗਟਾਵਾ ਕਰਦੀ ਹੈ।
  ਅਕਾਲੀ ਦਲ ਦੇ ਸਰਪ੍ਰਸਤ ਵੱਲੋਂ ਕਾਂਗਰਸ ਸਰਕਾਰ ਦੁਆਰਾ ਉਸ ਨੂੰ ਸਿਆਸੀ ਤੌਰ 'ਤੇ ਨਿਸ਼ਾਨਾ ਬਣਾਉਣ ਦੇ ਲਾਏ ਦੋਸ਼ਾਂ ਨੂੰ ਰੱਦ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਅਜਿਹੇ ਸ਼ਰਮਨਾਕ ਅਤੇ ਘਟੀਆ ਹੱਥਕੰਡੇ ਵਰਤਣਾ ਅਕਾਲੀਆਂ ਦਾ ਕੰਮ ਹੈ ਅਤੇ ਕਾਂਗਰਸ ਲੀਡਰਸ਼ਿਪ ਕਦੇ ਵੀ ਅਜਿਹੇ ਕੰਮਾਂ ਵਿੱਚ ਵਿਸ਼ਵਾਸ ਨਹੀਂ ਰੱਖਦੀ। ਉਨਾਂ ਨੇ ਆਪਣੇ ਸਟੈਂਡ ਨੂੰ ਮੁੜ ਦੁਹਰਾਉਂਦੇ ਆਖਿਆ ਕਿ ਉਹ ਸਿਆਸੀ ਬਦਲਾਖੋਰੀ ਦੀ ਰਾਹ 'ਤੇ ਨਹੀਂ ਚੱਲਣਗੇ ਅਤੇ ਕਾਨੂੰਨ ਨੂੰ ਖੁਦ ਆਪਣਾ ਰਾਹ ਅਖਤਿਆਰ ਕਰਨ ਦੀ ਇਜ਼ਾਜਤ ਦੇਣਗੇ।
  ਮੁੱਖ ਮੰਤਰੀ ਨੇ ਕਿਹਾ ਕਿ ਗੋਲੀਕਾਂਡ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦੇ ਗਠਨ ਦਾ ਫੈਸਲਾ ਵਿਧਾਨ ਸਭਾ ਵਿੱਚ ਲਿਆ ਗਿਆ ਸੀ ਅਤੇ ਇਹ ਟੀਮ ਪੂਰੀ ਤਰਾਂ ਆਜ਼ਾਦਾਨਾ ਏਜੰਸੀ ਹੈ ਜਿਸ ਵਿੱਚ ਸਰਕਾਰ ਦੀਂ ਕਿਸੇ ਤਰਾਂ ਦੀ ਦਖਲਅੰਦਾਜ਼ੀ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੁੱਛਗਿਛ ਲਈ ਕਿਸ ਨੂੰ ਬੁਲਾਉਣਾ ਅਤੇ ਕਿਸ ਨੂੰ ਗ੍ਰਿਫਤਾਰ ਕਰਨਾ ਹੈ, ਇਹ ਐਸ.ਆਈ.ਟੀ. ਦਾ ਅਧਿਕਾਰ ਖੇਤਰ ਹੈ। ਉਨਾਂ ਕਿਹਾ ਕਿ ਇਹ ਜਾਂਚ ਏਜੰਸੀ ਸਰਕਾਰ ਦੀ ਕਠਪੁਤਲੀ ਵਜੋਂ ਕੰਮ ਨਹੀਂ ਕਰਦੀ ਜਿਵੇਂ ਕਿ ਬਾਦਲਾਂ ਦੇ ਸ਼ਾਸਨਕਾਲ ਦੌਰਾਨ ਹੁੰਦਾ ਸੀ।
  ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਇਹ ਵਾਰ-ਵਾਰ ਸਪੱਸ਼ਟ ਕੀਤਾ ਹੈ ਕਿ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਮਾਰੇ ਗਏ ਬੇਕਸੂਰ ਲੋਕਾਂ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਅਹੁਦੇ ਜਾਂ ਸਿਆਸੀ ਤੌਰ 'ਤੇ ਕਿੱਡਾ ਹੀ ਕੱਦਾਵਾਰ ਕਿਉਂ ਨਾ ਹੋਵੇ। ਉਨਾਂ ਕਿਹਾ ਕਿ ਜੇਕਰ ਬਾਦਲ ਇਸ ਨੂੰ ਆਪਣੇ ਲਈ ਖ਼ਤਰਾ ਹੋਣ ਵਜੋਂ ਦੇਖਦਾ ਹੈ ਤਾਂ ਇਸ ਦਾ ਇਹੀ ਮਤਲਬ ਕੱਢਿਆ ਜਾ ਸਕਦਾ ਹੈ ਕਿ ਉਹ ਐਸ.ਆਈ.ਟੀ. ਦੀ ਜਾਂਚ ਵਿੱਚੋਂ ਨਿਕਲਣ ਵਾਲੇ ਨਤੀਜਿਆਂ ਤੋਂ ਡਰਦਾ ਹੈ।
  ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਨੂੰ ਹੁਣ ਛੋਟੇ-ਮੋਟੇ ਗੁੰਡਿਆਂ ਵਾਂਗ ਵਿਹਾਰ ਕਰਨ ਅਤੇ ਲੋਕਾਂ ਦਾ ਧਿਆਨ ਖਿੱਚਣ ਲਈ ਗੈਰ-ਜ਼ਰੂਰੀ ਮੁੱਦਿਆਂ 'ਤੇ ਹੁੱਲੜਬਾਜ਼ੀ ਕਰਨ ਅਤੇ ਡਰਾਮੇਬਾਜ਼ੀ ਬੰਦ ਕਰਕੇ ਜ਼ਿੰਮੇਵਾਰ ਵਿਰੋਧੀ ਧਿਰ ਵਜੋਂ ਕੰਮ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਉਨਾਂ ਨੇ ਬਾਦਲ ਨੂੰ ਪੁੱਛਿਆ ਕਿ ਕੀ ਉਸ ਨੂੰ ਅਜਿਹਾ ਕਰਨਾ ਔਖਾ ਲਗਦਾ ਹੈ? ਉਨਾਂ ਕਿਹਾ ਕਿ ਪੰਜਾਬ ਦੇ ਲੋਕ ਮੂਰਖ ਨਹੀ ਹਨ ਅਤੇ ਉਹ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀਆਂ ਦੀਆਂ ਅਜਿਹੀਆਂ ਚਾਲਬਾਜ਼ੀਆਂ ਨੂੰ ਚੰਗੀ ਤਰਾਂ ਸਮਝਦੇ ਹਨ। ਉਨਾਂ ਕਿਹਾ ਕਿ ਅਗਾਮੀ ਲੋਕ ਸਭਾ ਚੋਣਾਂ ਵਿੱਚ ਆਪਣੀ ਸਪੱਸ਼ਟ ਹਾਰ ਦਿਸਦੀ ਵੇਖ ਕੇ ਬਾਦਲ ਨਿਰਾਸ਼ਾ ਦੇ ਆਲਮ ਵਿੱਚ ਅਜਿਹਾ ਕਰ ਰਿਹਾ ਹੈ।

   

  ਸ਼ੇਰਪੁਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਹਿਬਲ ਕਲਾਂ ਤੇ ਬਰਗਾੜੀ ਮਾਮਲੇ ’ਚ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਜਾਂਚ ਕਮਿਸ਼ਨ ਬਣਾਏ ਜਾਣ ਸਮੇਂ ਅਤੇ ਫਿਰ ਜਾਂਚ ਲਈ ‘ਸਿਟ’ ਬਣਾਉਣ ਤੋਂ ਪਹਿਲਾਂ ਹੀ ਬਾਦਲ ਪਰਿਵਾਰ ਨੂੰ ਜੇਲ੍ਹ ’ਚ ਡੱਕਣ ਦੇ ਸੰਕੇਤ ਦਿੱਤੇ ਗਏ ਸਨ, ਅਜਿਹੀ ਸਥਿਤੀ ਵਿਚ ਸਬੰਧਤ ਅਧਿਕਾਰੀਆਂ ਤੋਂ ਨਿਰਪੱਖ ਜਾਂਚ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ? ਉਨ੍ਹਾਂ ਕਿਹਾ ਕਿ ਨਿਰਪੱਖ ਜਾਂਚ ਲਈ ਸੁਪਰੀਮ ਕੋਰਟ ਵੱਲੋਂ ਕਿਸੇ ਜੱਜ ਦਾ ਨਾਮ ਮੁਕੱਰਰ ਕੀਤਾ ਜਾਣਾ ਚਾਹੀਦਾ ਹੈ।
  ਸ੍ਰੀ ਬਾਦਲ ਪਿੰਡ ਕਾਂਝਲਾ ਵਿਚ ਮਰਹੂਮ ਕੈਬਨਿਟ ਮੰਤਰੀ ਗੋਬਿੰਦ ਸਿੰਘ ਕਾਂਝਲਾ ਦੇ ਦੇਹਾਂਤ ’ਤੇ ਉਨ੍ਹਾਂ ਦੇ ਪੁੱਤ ਸਰਪੰਚ ਅਮਨਦੀਪ ਸਿੰਘ ਕਾਂਝਲਾ ਸਮੇਤ ਪੂਰੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਸਨ। ਉਨ੍ਹਾਂ ਕਰੀਬ 15 ਮਿੰਟ ਪਰਿਵਾਰ ਨਾਲ ਬੰਦ ਕਮਰਾ ਮੀਟਿੰਗ ਕੀਤੀ।
  ਇਸ ਮੌਕੇ ਉਨ੍ਹਾਂ ਸਵਾਲ ਕੀਤਾ ਕਿ ਪੁਲਵਾਮਾ ਹਮਲੇ ਦੀ ਦੁਖਦਾਈ ਘਟਨਾ ਵਾਪਰੀ, ਪਰ ਇਸ ਮਸਲੇ ਵਿਚ ਕੀ ਦੇਸ਼ ਦੇ ਪ੍ਰਧਾਨ ਮੰਤਰੀ ਖ਼ਿਲਾਫ਼ ਮੁਕੱਦਮਾ ਚਲਾਇਆ ਜਾ ਸਕਦਾ ਹੈ ? ਢੀਂਡਸਾ ਵੱਲੋਂ ਸੰਗਰੂਰ ਤੋਂ ਚੋਣ ਲੜਨ ਤੋਂ ਜਵਾਬ ਦੇਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਸ੍ਰੀ ਢੀਂਡਸਾ ਉਨ੍ਹਾਂ ਦੇ ਸਤਿਕਾਰਯੋਗ ਹਨ, ਜਿਸ ਕਰ ਕੇ ਉਹ ਕੋਈ ਟਿੱਪਣੀ ਨਹੀਂ ਕਰਨਗੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਮੁੜ ਚੋਣ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਪਾਰਟੀ ਦੇ ਵਿਧਾਨ ਮੁਤਾਬਿਕ ਇਹ ਚੋਣ ਬਾਕਾਇਦਾ ਡੈਲੀਗੇਟਾਂ ਵੱਲੋਂ ਕੀਤੀ ਜਾਂਦੀ ਹੈ, ਜਿਸ ਕਰ ਕੇ ਇਸ ਸਬੰਧੀ ਫ਼ੈਸਲਾ ਡੈਲੀਗੇਟਾਂ ਨੇ ਕਰਨਾ ਹੈ।

  ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਉਹ ਬਿਲਕੁਲ ਇੱਕ ਖੁੱਲ੍ਹੀ ਕਿਤਾਬ ਹਨ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੀ ਹੈ, ਤਾਂ ਉਹ ਖ਼ੁਦ ਆਪਣੀ ਗ੍ਰਿਫ਼ਤਾਰੀ ਦੇਣ ਲਈ ਤਿਆਰ ਹਨ ਤੇ ਉਨ੍ਹਾਂ ਨੂੰ ਦੱਸਿਆ ਜਾਵੇ ਕਿ ਉਹ ਗ੍ਰਿਫ਼ਤਾਰੀ ਲਈ ਕਿੱਥੇ ਪੁੱਜਣ। ਸ੍ਰੀ ਬਾਦਲ ਨੇ ਅੱਜ ਚੰਡੀਗੜ੍ਹ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਸਾਲ 2015 ’ਚ ਵਾਪਰੀ ਬਹਿਬਲ ਕਲਾਂ ਗੋਲੀਕਾਂਡ ਦੇ ਸੰਦਰਭ ਵਿੱਚ ਆਪਣਾ ਸਪੱਸ਼ਟੀਕਰਨ ਦਿੱਤਾ।
  ਸ੍ਰੀ ਬਾਦਲ ਨੇ ਕਿਹਾ ਕਿ ਉਹ ਖ਼ੁਸ਼ਕਿਸਮਤ ਹੋਣਗੇ, ਜੇ ਉਨ੍ਹਾਂ ਦਾ ਆਖ਼ਰੀ ਸਾਹ ਕੈਪਟਨ ਅਮਰਿੰਦਰ ਸਿੰਘ ਦੀ ਜੇਲ੍ਹ ਵਿੱਚ ਨਿੱਕਲੇ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਸਰਕਾਰ ਉਨ੍ਹਾਂ ਨੂੰ ਆਨੀਂ–ਬਹਾਨੀਂ ਗ੍ਰਿਫਤਾਰ ਕਰਨਾ ਚਾਹੁੰਦੀ ਹੈ; ਇਸੇ ਲਈ ਉਹ ਆਪਣੀ ਗ੍ਰਿਫ਼ਤਾਰੀ ਦੇਣ ਲਈ ਤਿਆਰ ਹਨ।
  ਉਨ੍ਹਾਂ ਕਿਹਾ ਕਿ ਅਸਲ ਵਿੱਚ ਕੈਪਟਨ ਸਰਕਾਰ ਦਾ ਅਸਲ ਮੰਤਵ ਹੀ ਉਨ੍ਹਾਂ ਦੀ ਗ੍ਰਿਫ਼ਤਾਰੀ ਹੈ ਤੇ ਐਂਵੇਂ ਹੁਣ ਇੱਧਰ–ਉੱਧਰ ਦੀ ਨਾਟਕਬਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਉੱਤੇ ਐਂਵੇਂ ਹੀ ਇਲਜ਼ਾਮ ਲਾਏ ਗਏ ਤੇ ਉਹ ਕਦੇ ਵੀ ਬਹਿਬਲ ਕਲਾਂ ਜਾਂ ਕੋਟਕਪੂਰਾ ਵਿੱਚ ਆਮ ਰੋਸ ਮੁਜ਼ਾਹਰਾਕਾਰੀਆਂ ਉੱਤੇ ਗੋਲੀਆਂ ਚਲਾਉਣ ਦਾ ਹੁਕਮ ਨਹੀਂ ਦੇ ਸਕਦੇ ਸਨ।
  ਸ੍ਰੀ ਬਾਦਲ ਨੇ ਕਿਹਾ ਕਿ ਉਹ ਅੱਜ ਸਵੇਰੇ ਸੱਤ ਵਜੇ ਪਿੰਡ ਬਾਦਲ ਤੋਂ ਚੰਡੀਗੜ੍ਹ ਆਪਣੀ ਗ੍ਰਿਫ਼ਤਾਰੀ ਦੇਣ ਲਈ ਆਏ ਹਨ।
  ਸ੍ਰੀ ਬਾਦਲ ਨੇ ਕਾਂਗਰਸ ਪਾਰਟੀ ਉੱਤੇ ਵਿਅੰਗ ਕੱਸਦਿਆਂ ਕਿਹਾ ਕਿ ਉਸ ਨੂੰ ਇਹ ਵੀ ਪਤਾ ਨਹੀਂ ਹੈ ਕਿ ਉਸ ਨੇ ਕੀ ਕਰਨਾ ਹੈ। ਇੱਕ ਪਾਸੇ ਦੇਸ਼ 'ਚ ਅੱਤਵਾਦ ਦੀ ਅੱਗ ਫੈਲ ਰਹੀ ਹੈ ਤੇ ਦੂਜੇ ਪਾਸੇ ਇਹ ਉਲਝੇ ਹੋਏ ਹਨ। 'ਕਾਂਗਰਸ ਦਾ ਇੱਕ ਮੰਤਰੀ ਕਹਿ ਰਿਹਾ ਹੈ ਕਿ ਪਾਕਿਸਤਾਨ ਬਹੁਤ ਵਧੀਆ ਦੇਸ਼ ਹੈ।'

  25 ਫਰਵਰੀ ਨੂੰ ਹੈੱਡਕੁਆਟਰ 'ਤੇ ਪਹੁੰਚਣ ਲਈ ਆਖਿਆ
  ਫਰੀਦਕੋਟ - ਬੇਅਦਬੀ 'ਤੇ ਗੋਲ਼ੀਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਹੱਥ ਹੁਣ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਡੀਜੀਪੀ ਸੁਮੇਧ ਸਿੰਘ ਸੈਣੀ ਤੱਕ ਵੀ ਪਹੁੰਚ ਗਏ ਹਨ। ਸੂਤਰਾ ਦੇ ਦੱਸਣ ਮੁਤਾਬਿਕ ਐਸਆਈਟੀ ਨੇ ਹੁਣ ਡੀਜੀਪੀ ਸੁਮੇਧ ਸੈਣੀ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਕਰ ਦਿੱਤੇ ਹਨ। ਦੱਸਣਯੋਗ ਹੈ ਕਿ ਐਸਆਈਟੀ ਨੇ ਸੈਣੀ ਨੂੰ ਚੰਡੀਗੜ੍ਹ ਸਥਿਤ ਪੁਲਿਸ ਹੈੱਡਕੁਆਟਰ ਵਿੱਚ 25 ਫਰਵਰੀ ਨੂੰ ਪੇਸ਼ ਹੋਣ ਲਈ ਕਿਹਾ ਹੈ। ਡੀਜੀਪੀ ਸੁਮੇਧ ਸੈਣੀ ਇਸ ਮਾਮਲੇ ਵਿੱਚ ਸਭ ਤੋਂ ਉੱਚ ਅਧਿਕਾਰੀ ਹਨ,ਜਿਨ੍ਹਾਂ ਤੋਂ ਐਸਆਈਟੀ ਪੁੱਛਗਿੱਛ ਕਰੇਗੀ। ਸੈਣੀ ਤੋਂ ਪਹਿਲਾਂ ਐਸਆਈਟੀ ਨੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ 'ਤੇ ਮੌਜੂਦਾ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਗੋਲ਼ੀਕਾਂਡ ਸਬੰਧੀ ਮਾਮਲਿਆਂ ਵਿਚ ਗ੍ਰਿਫ਼ਤਾਰ ਕਰਨ ਤੋਂ ਬਾਅਦ ਅਦਾਲਤ 'ਚ ਪੇਸ ਕਰਨ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
  ਐਸਆਈਟੀ ਨੇ ਬੇਅਦਬੀ ਮਾਮਲਿਆਂ ਨਾਲ ਡੇਰਾ ਸਿਰਸਾ ਮੁਖੀ ਦਾ ਸਬੰਧ ਜਾਂਚਣ ਲਈ ਬਾਲੀਵੁੱਡ ਕਲਾਕਾਰ ਅਕਸ਼ੈ ਕੁਮਾਰ ਤੋਂ ਵੀ ਥੋੜਾ ਕੁ ਸਮਾਂ ਪਹਿਲਾਂ ਪੁੱਛਗਿੱਛ ਕੀਤੀ ਸੀ। ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ,ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਵੀ ਅਕਤੂਬਰ 2015 ਵਿੱਚ ਵਾਪਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ 'ਤੇ ਇਸ ਦੇ ਰੋਸ ਵਜੋਂ ਪ੍ਰਦਰਸ਼ਨ ਕਰ ਰਹੇ ਸਿੱਖਾਂ 'ਤੇ ਹੋਈ ਪੁਲਿਸ ਕਾਰਵਾਈ ਬਾਰੇ ਪੁੱਛਗਿੱਛ ਕਰ ਚੁੱਕੀ ਹੈ। ਇਸ ਕਾਰਵਾਈ ਵਿੱਚ ਦੋ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ 'ਤੇ ਕਈ ਜ਼ਖ਼ਮੀ ਹੋ ਗਏ ਸਨ। ਇਨ੍ਹਾਂ ਘਟਨਾਵਾਂ ਦੌਰਾਨ ਪੰਜਾਬ ਪੁਲਿਸ ਦੀ ਕਮਾਨ ਸੁਮੇਧ ਸਿੰਘ ਸੈਣੀ ਦੇ ਹੱਥ ਵਿੱਚ ਸੀ ਅਤੇ ਗੋਲ਼ੀਕਾਂਡ ਤੋਂ ਕੁਝ ਸਮੇਂ ਬਾਅਦ ਸੈਣੀ ਦੀ ਥਾਂ ਸੁਰੇਸ਼ ਅਰੋੜਾ ਨੂੰ ਪੰਜਾਬ ਪੁਲਿਸ ਦਾ ਮੁਖੀ ਲਾਇਆ ਗਿਆ ਸੀ। ਦੱਸਣਯੋਗ ਹੈ ਕਿ ਬੇਅਦਬੀ ਅਤੇ ਗੋਲੀਕਾਂਡ ਦੀ ਜਾਂਚ ਕਰ ਰਹੀ ਪੁਲਿਸ ਦੀ ਵਿਸੇਸ ਜਾਂਚ ਟੀਮ ਵੱਲੋਂ ਉਕਤ ਮਾਮਲੇ ਨੂੰ ਲੈ ਕੇ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਬੇਅਦਬੀ ਅਤੇ ਗੋਲੀਕਾਂਡ ਦੀ ਸੱਚਾਈ ਜੱਗ ਜ਼ਾਹਿਰ ਕੀਤੀ ਜਾ ਸਕੇ,ਇਹ ਵੀ ਪਤਾ ਲੱਗਾ ਹੈ ਕਿ ਸੁਖਬੀਰ ਬਾਦਲ ਦੇ ਕਰੀਬੀ ਰਹੇ ਇੱਕ ਵਿਅਕਤੀ ਘਰ ਛਾਪੇਮਾਰੀ ਕਰਨ ਉਪਰੰਤ ਅਗਲੇਰੀ ਕਾਰਵਾਈ ਚੱਲ ਰਹੀ ਹੈ।

  ਰਾਮਪੁਰਾ ਫੂਲ - ਬਿਜਲੀ ਮੰਤਰੀ ਗੁਰਪ੍ਰੀਤ ਕਾਂਗੜ ਵੱਲੋਂ ਦਿੱਲੀ ਸਰਾਏ ਰੋਹਿਲਾ ਰੇਲਗੱਡੀ ਨੂੰ ਰਾਮਪੁਰਾ ਰੋਕਣ ਲਈ ਸੰੰਘਰਸ਼ ਕਰਨ ਵਾਲੇ ਵਿਅਕਤੀਆਂ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਦੀ ਹਾਜ਼ਰੀ 'ਚ ਨੰਗੇ ਸਿਰ ਤੇ ਜੁੱਤੀਆਂ ਸਮੇਤ ਸਿਰੋਪਾਓ ਭੇਟ ਕਰਨ 'ਤੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਖ਼ਾਲਸਾ ਨੇ ਸਖ਼ਤ ਸਟੈਂਡ ਲਿਆ ਹੈ।
  ਇਸ ਸਬੰਧੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਖ਼ਾਲਸਾ ਨੇ ਮੋਬਾਈਲ 'ਤੇ ਗੱਲ ਕਰਦਿਆਂ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਸਿਰੋਪਾਓ ਦੀ ਬੇਅਦਬੀ ਦੀ ਘਟਨਾ ਦੀ ਨਿੰਦਾ ਕੀਤੀ, ਉੱਥੇ ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਆਦੇਸ਼ਾਂ ਮੁਤਾਬਕ ਸਿਆਸੀ ਪਾਰਟੀਆਂ ਨੂੰ ਸਿਆਸੀ ਕੰਮਾਂ ਲਈ ਸਿਰੋਪਾਓ ਦੀ ਵਰਤੋਂ ਕਰਨ ਸਬੰਧੀ ਵੀ ਸਖ਼ਤ ਤਾੜਨਾ ਕੀਤੀ। ਉਨ੍ਹਾਂ ਕਿਹਾ ਕਿ ਸਿਰੋਪਾਓ ਦੀ ਮਹਾਨਤਾ ਨੂੰ ਗੁਰਮਤਿ ਅਨੁਸਾਰ ਬਰਕਰਾਰ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਜੋ ਪਾਰਟੀਆਂ ਆਪਣੇ ਮੈਂਬਰਾਂ ਨੂੰ ਪਾਰਟੀ 'ਚ ਸ਼ਾਮਲ ਕਰਨ ਲਈ ਸਿਰੋਪਾਓ ਦੀ ਵਰਤੋਂ ਕਰਦੀਆਂ ਹਨ, ਉਹ ਪਾਰਟੀਆਂ ਆਪਣਾ ਵੱਖਰਾ ਪਾਰਟੀ-ਚਿੰਨ੍ਹ ਬਣਾਉਣ।
  ਪੰਜ ਸਿੰਘ ਸਾਹਿਬਾਨ ਵੱਲੋਂ ਰਾਜਨੀਤਿਕ ਪਾਰਟੀਆਂ ਵੱਲੋਂ ਕੀਤੀ ਜਾਂਦੀ ਸਿਰੋਪਾਓ ਦੀ ਵਰਤੋਂ 'ਤੇ ਪੂਰਨ ਪਾਬੰਦੀ ਲਾਈ ਗਈ ਹੈ। ਜੇਕਰ ਫੇਰ ਵੀ ਕੋਈ ਅਜਿਹਾ ਕਰਦਾ ਹੈ ਤਾਂ ਉਸ ਆਗੂ 'ਤੇ ਕਾਰਵਾਈ ਕੀਤੀ ਜਾਵੇਗੀ। ਅਕਾਲ ਤਖਤ ਸਾਹਿਬ ਨੇ ਇਸ ਦਾ ਬਦਲ ਵੀ ਪਾਰਟੀਆਂ ਨੂੰ ਦਿੱਤਾ ਹੈ । ਉਨ੍ਹਾਂ ਅੱਗੇ ਕਿਹਾ ਕਿ ਅਜਿਹੀਆਂ ਸਿਆਸੀ ਗਤੀਵਿਧੀਆਂ ਮੌਕੇ ਸਿਆਸੀ ਪਾਰਟੀਆਂ ਨੂੰ ਆਪਣਾ ਕੋਈ ਵੱਖਰਾ ਪਾਰਟੀ ਚਿੰਨ੍ਹ ਸਨਮਾਨ ਵਜੋਂ ਦਿੱਤਾ ਜਾਣਾ ਚਾਹੀਦਾ ਹੈ।

  ਮਲੌਦ : ਸ਼੍ਰੋਮਣੀ ਅਕਾਲੀ ਦਲ ਦੇ ਪ੍ਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਵੱਲੋਂ ਹਲਕਾ ਪਾਇਲ ਦੇ ਵਰਕਰਾਂ ਨਾਲ ਕਸਬਾ ਮਲੌਦ ਵਿਖੇ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਸੂਬਾ ਸਰਕਾਰ ਦੀਆਂ ਨਕਾਮੀਆਂ ਤੇ ਝੂਠ ਗਿਣਾਉਂਦਿਆਂ ਲੋਕ ਸਭਾ ਚੋਣਾਂ ਲਈ ਵਰਕਰਾਂ ਨੂੰ ਤਿਆਰ ਹੋਣ ਲਈ ਕਿਹਾ।
  ਸੁਖਬੀਰ ਬਾਦਲ ਨੇ ਕਿਹਾ ਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੋਸਤੀ ਨੂੰ ਪਹਿਲ ਦੇ ਕੇ ਹੀ ਪਾਕਿਸਤਾਨ ਖ਼ਿਲਾਫ਼ ਨਹੀਂ ਬੋਲ ਰਹੇ ਸਗੋਂ ਪੁਲਵਾਮਾ ਵਿਖੇ ਹੋਇਆ ਹਮਲਾ ਪਾਕਿਸਤਾਨ ਸਰਕਾਰ ਤੇ ਪਾਕਿਸਤਾਨ ਦੀ ਫੌਜ ਵੱਲੋਂ ਕਰਵਾਇਆ ਗਿਆ ਹੈ, ਦੀ ਨਿਖੇਧੀ ਕਰਨ ਦੀ ਬਜਾਏ ਪਾਕਿਸਤਾਨ ਦਾ ਬਚਾਅ ਵੀ ਕਰ ਰਹੇ ਹਨ।
  ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਬਾਰੇ ਪੁੱਛੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੋਈ ਸੰਮਨ ਨਹੀਂ ਕੀਤਾ ਗਿਆ ਹੈ ਤੇ ਰਾਜਨੀਤਿਕ ਫਾਇਦੇ ਲਈ ਝੂਠ ਫੈਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਲੋਕਾਂ ਦਾ ਧਿਆਨ ਭਟਕਾ ਰਹੀ ਹੈ।
  ਇਸ ਮੌਕੇ ਈਸ਼ਰ ਸਿੰਘ, ਪ੍ਰੋ. ਭੁਪਿੰਦਰ ਸਿੰਘ ਚੀਮਾ, ਜਥੇ. ਰਘਵੀਰ ਸਿੰਘ ਸਹਾਰਨ ਮਾਜਰਾ, ਯਾਦਵਿੰਦਰ ਸਿੰਘ ਯਾਦੂ ਕੌਰ, ਬਰਜਿੰਦਰ ਸਿੰਘ ਲੋਪੋਂ, ਜਥੇ. ਗੁਰਜੀਤ ਸਿੰਘ ਪੰਧਰਖੇੜੀ, ਪਿ੍ਤਪਾਲ ਸਿੰਘ ਝੰਮਟ, ਜਥੇ. ਹਰਪਾਲ ਸਿੰਘ ਜੱਲ੍ਹਾ, ਸੰਜੀਵ ਪੁਰੀ ਮਲੌਦ, ਜਗਦੀਪ ਸਿੰਘ ਲਹਿਲ, ਸ਼ਰਨਦੀਪ ਸਿੰਘ ਸੰਨੀ ਬੇਰਕਲਾਂ, ਜਗਜੀਤ ਸਿੰਘ ਦੌਲਤਪੁਰ ਆਦਿ ਹਾਜ਼ਰ ਸਨ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com