ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਲੰਡਨ - ਹਥਿਆਰਾਂ ਸਬੰਧੀ ਨਵਾਂ ਬਿੱਲ ਬਰਤਾਨੀਆ ਦੇ ਹੇਠਲੇ ਸਦਨ (ਹਾਊਸ ਆਫ਼ ਕਾਮਨਜ਼) ਅਤੇ ਉੱਪਰਲੇ ਸਦਨ (ਹਾਊਸ ਆਫ਼ ਲਾਰਡ) 'ਚ ਪਾਸ ਹੋਣ ਤੋਂ ਬਾਅਦ ਇਸ ਨੂੰ ਕਾਨੂੰਨੀ ਮਾਨਤਾ ਮਿਲ ਗਈ ਹੈ | ਇਸ ਬਿੱਲ ਵਿਚ ਸਿੱਖਾਂ ਨੂੰ ਵੱਡੀ ਅਤੇ ਛੋਟੀ ਕਿ੍ਪਾਨ ਲਈ ਵਿਸ਼ੇਸ਼ ਛੋਟ ਦਿੱਤੀ ਗਈ ਹੈ | ਇਸ ਬਿੱਲ 'ਤੇ ਸੰਸਦ 'ਚ ਬਹਿਸ ਦੌਰਾਨ ਐਮ. ਪੀ. ਪ੍ਰੀਤ ਕੌਰ ਗਿੱਲ, ਐਮ. ਪੀ. ਤਨਮਨਜੀਤ ਸਿੰਘ ਢੇਸੀ, ਐਮ. ਪੀ. ਪੈਟ ਫੈਬੀਅਨ, ਐਮ. ਪੀ. ਜਿੰਮ ਕਨਿੰਘਮ ਆਦਿ ਨੇ ਕਿਹਾ ਸੀ ਕਿ ਸਿੱਖਾਂ ਦਾ ਕਿ੍ਪਾਨ ਨਾਲ ਵੱਡਾ ਨਾਤਾ ਹੈ, ਜਿਸ ਦੀ ਵੱਖ-ਵੱਖ ਮੌਕਿਆਂ 'ਤੇ ਵਰਤੋਂ ਕੀਤੀ ਜਾਂਦੀ ਹੈ | ਗ੍ਰਹਿ ਵਿਭਾਗ ਬਾਰੇ ਮੰਤਰੀ ਵਿਕਟੋਰੀਆ ਐਟਕਿਨਜ਼ ਦਾ ਧੰਨਵਾਦ ਕਰਦਿਆਂ ਸਿੱਖ ਫੈਡਰੇਸ਼ਨ ਦੇ ਚੇਅਰਮੈਨ ਭਾਈ ਅਮਰੀਕ ਸਿੰਘ ਨੇ ਕਿਹਾ ਕਿ ਸਿੱਖ ਹਿੰਸਾ ਰੋਕਣ ਲਈ ਵੀ ਹਥਿਆਰਾਂ 'ਤੇ ਪਾਬੰਦੀ ਲਗਾਉਣ ਦੇ ਹਾਮੀ ਹਨ, ਪਰ ਸਿੱਖਾਂ ਦਾ ਕਿ੍ਪਾਨ ਨਾਲ ਗਹਿਰਾ ਨਾਤਾ ਹੈ | ਸਿੱਖਾਂ ਵਲੋਂ ਵੱਖ-ਵੱਖ ਮੌਕਿਆਂ 'ਤੇ ਵੱਡੀ ਕਿ੍ਪਾਨ ਦੀ ਵਰਤੋਂ ਕੀਤੀ ਜਾਂਦੀ ਹੈ, ਖ਼ੁਸ਼ੀ ਹੈ ਕਿ ਸਬੰਧਿਤ ਮਹਿਕਮੇ ਨੇ ਸਿੱਖਾਂ ਦੀ ਇਸ ਭਾਵਨਾ ਨੂੰ ਸਮਝਦਿਆਂ ਬਿੱਲ 'ਚ ਸੋਧ ਕੀਤੀ ਹੈ | ਇਸ ਮਾਮਲੇ ਨੂੰ ਉਜਾਗਰ ਕਰਨ ਲਈ ਸਿੱਖ ਫੈਡਰੇਸ਼ਨ ਯੂ. ਕੇ. ਨੇ ਸਿੱਖ ਪੁਲਿਸ ਅਧਿਕਾਰੀ ਦਾ ਵੀ ਧੰਨਵਾਦ ਕੀਤਾ, ਜਿਸ ਨੇ ਸਭ ਤੋਂ ਪਹਿਲਾਂ ਇਸ ਬਾਰੇ ਸੂਚਿਤ ਕਰਕੇ ਸਿੱਖ ਫੈਡਰੇਸ਼ਨ ਯੂ. ਕੇ. ਨੂੰ ਸੁਚੇਤ ਕੀਤਾ | ਮੰਤਰੀ ਵਿਕਟੋਰੀਆ ਐਟਕਿਨਜ਼ ਨੇ ਵੀ ਇਸ ਮੌਕੇ ਕਿ੍ਪਾਨ ਨੂੰ ਪਾਬੰਦ ਹਥਿਆਰਾਂ ਦੀ ਸੂਚੀ 'ਚੋਂ ਬਾਹਰ ਰੱਖਣ ਦੀ ਹਮਾਇਤ ਕੀਤੀ | ਹਥਿਆਰਾਂ ਸੰਬੰਧੀ ਇਸ ਬਿੱਲ 'ਤੇ ਕੱਲ੍ਹ ਮਹਾਰਾਣੀ ਵਲੋਂ ਦਸਤਖ਼ਤ ਕਰਨ ਤੋਂ ਬਾਅਦ ਇਸ ਨੂੰ ਕਾਨੂੰਨੀ ਦਰਜਾ ਮਿਲ ਗਿਆ ਅਤੇ ਸਿੱਖਾਂ ਨੂੰ ਵੱਡੀ ਅਤੇ ਛੋਟੀ ਕਿ੍ਪਾਨ ਰੱਖਣ ਦੀ ਮੁਕੰਮਲ ਆਜ਼ਾਦੀ ਹੈ |

    ਅੰਮਿ੍ਤਸਰ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਰੰਕਾਰੀ ਮਿਸ਼ਨ ਦਿੱਲੀ ਵਲੋਂ 'ਨਿਰੰਕਾਰੀ' ਸ਼ਬਦ ਦਾ ਕਾਪੀ ਰਾਈਟ ਲੈਣ ਸਬੰਧੀ ਕੀਤੀ ਜਾ ਰਹੀ ਕਾਰਵਾਈ ਦਾ ਸਖ਼ਤ ਨੋਟਿਸ ਲਿਆ ਹੈ | ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਹ ਮਾਮਲਾ ਸਾਹਮਣੇ ਆਉਣ ਉਪਰੰਤ ਨਿਰੰਕਾਰੀ ਮਿਸ਼ਨ ਦੀ ਇਸ ਹਰਕਤ ਨੂੰ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਵਾਲੀ ਕਰਾਰ ਦਿੰਦਿਆਂ ਆਖਿਆ ਕਿ ਇਹ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਿ ਕੋਈ ਨਿੱਜੀ ਤੌਰ 'ਤੇ ਪਾਵਨ ਗੁਰਬਾਣੀ ਦੇ ਕਿਸੇ ਸ਼ਬਦ ਦਾ ਕਾਪੀ ਰਾਈਟ ਲਵੇ | ਉਨ੍ਹਾਂ ਕਿਹਾ ਕਿ ਅਜਿਹਾ ਹਰਗਿਜ਼ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਇਸ ਬਾਰੇ ਕਾਨੂੰਨੀ ਮਾਹਿਰਾਂ ਦੀ ਰਾਏ ਨਾਲ ਅਗਲੀ ਕਾਰਵਾਈ ਕੀਤੀ ਜਾਵੇਗੀ | ਭਾਈ ਲੌਂਗੋਵਾਲ ਨੇ ਆਖਿਆ ਕਿ ਗੁਰਬਾਣੀ ਦਾ ਇਕ-ਇਕ ਸ਼ਬਦ ਸਿੱਖ ਸੰਗਤਾਂ ਦੇ ਨਾਲ-ਨਾਲ ਸਮੁੱਚੇ ਵਿਸ਼ਵ 'ਚ ਵੱਸਦੇ ਗੁਰੂ ਨਾਨਕ ਨਾਮ ਲੇਵਾ ਲਈ ਇਲਾਹੀ ਹੈ ਅਤੇ ਕੁਝ ਲੋਕ ਜਾਣ-ਬੁਝ ਕੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡਣ ਦਾ ਯਤਨ ਕਰ ਰਹੇ ਹਨ | ਉਨ੍ਹਾਂ ਇਹ ਵੀ ਆਖਿਆ ਕਿ ਜੋ ਲੋਕ ਅਜਿਹੀਆਂ ਕੋਝੀਆਂ ਹਰਕਤਾਂ ਕਰਕੇ ਮਾਨਵਤਾਂ 'ਚ ਵੰਡੀਆਂ ਪਾ ਰਹੇ ਹਨ, ਉਨ੍ਹਾਂ ਤੋਂ ਸੰਗਤ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ |

    ਚੇਨਈ - ਤਮਿਲਨਾਡੂ ਦੇ ਮਦੁਰੈ ‘ਚ ਬੁੱਧਵਾਰ ਨੂੰ ਇੱਕ ਚੋਣ ਸਭਾ ਦੌਰਾਨ ਮੱਕਲ ਨਿਧੀ ਮਾਇਅਮ (ਐਮਐਨਐਮ) ਪਾਰਟੀ ਦੇ ਸੰਸਥਾਪਕ ਤੇ ਐਕਟਰ ਕਮਲ ਹਾਸਨ ‘ਤੇ ਚੱਪਲ ਸੁੱਟੀ ਗਈ। ਬੇਸ਼ੱਕ ਚੱਪਲ ਉਨ੍ਹਾਂ ਨੂੰ ਲੱਗੀ ਨਹੀਂ ਪਰ ਇਸ ਮਾਮਲੇ ‘ਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 12 ਮਈ ਨੂੰ ਹਾਸਨ ਨੇ ਇੱਕ ਵਿਵਾਦਤ ਬਿਆਨ ਦਿੱਤਾ ਸੀ।
    ਉਨ੍ਹਾਂ ਨੇ ਕਿਹਾ ਸੀ, “ਆਜ਼ਾਦ ਭਾਰਤ ਦਾ ਪਹਿਲਾ ਅੱਤਵਾਦੀ ਹਿੰਦੂ ਸੀ। ਉਸ ਦਾ ਨਾਂ ਨਾਥੂਰਾਮ ਹੋਡਸੇ ਸੀ। ਇੱਥੋਂ ਹੀ ਅੱਤਵਾਦ ਦੀ ਸ਼ੁਰੂਆਤ ਹੋਈ ਸੀ।” ਇਸ ਤੋਂ ਬਾਅਦ ਬੀਜੇਪੀ ਸਮੇਤ ਕੁਝ ਪਾਰਟੀਆਂ ਹਾਸਨ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ।
    ਹਾਸਨ ਨੇ ਆਪਣੇ ਬਿਆਨ ਦੀ ਸਫਾਈ ਦਿੰਦੇ ਹੋਏ ਕਿਹਾ, “ਮੈਂ ਜੋ ਵੀ ਕਿਹਾ ਸੀ, ਉਸ ਨਾਲ ਭਾਜਪਾ ਸਮੇਤ ਹੋਰ ਦਲ ਨਾਰਾਜ਼ ਹੋ ਗਏ ਹਨ ਪਰ ਮੈਂ ਇੱਕ ਇਤਿਹਾਸਕ ਸੱਚ ਦਾ ਜ਼ਿਕਰ ਕੀਤਾ ਸੀ। ਮੇਰਾ ਮਕਸਦ ਵਿਵਾਦ ਖੜ੍ਹਾ ਕਰਨਾ ਨਹੀਂ ਸੀ। ਉਸ ਬਿਆਨ ਨਾਲ ਕਿਸੇ ਧਰਮ ਤੇ ਜਾਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।”
    ਗੋਡਸੇ ਵਾਲੇ ਬਿਆਨ ‘ਤੇ ਹਾਸਨ ਖਿਲਾਫ ਐਫਆਈਆਰ ਕਰਵਾਈ ਗਈ। ਉਹ ਅੰਤਮ ਜ਼ਮਾਨਤ ਲਈ ਬੁੱਧਵਾਰ ਨੂੰ ਮਦਰਾਸ ਹਾਈਕੋਰਟ ਪਹੁੰਚੇ। ਇਸ ਤੋਂ ਪਹਿਲਾਂ ਕੋਰਟ ਨੇ ਉਨ੍ਹਾਂ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਉਧਰ ਰਾਜਨੀਤਕ ਦਲ ਚੋਣ ਕਮਿਸ਼ਨ ਨੂੰ ਹਾਸਨ ਦੀ ਪਾਰਟੀ ਬੈਨ ਕਰਨ ਦੀ ਮੰਗ ਕਰ ਰਹੇ ਹਨ।

    ਫ਼ਰੀਦਕੋਟ - ਬਹਿਬਲ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਆਪਣੀ ਪੜਤਾਲ ਨੂੰ ਨਵਾਂ ਮੋੜ ਦਿੰਦਿਆਂ ਪੰਜਾਬ ਦੇ ਪ੍ਰਮੱਖ ਸਕੱਤਰ ਤੋਂ ਸੁਖਬੀਰ ਸਿੰਘ ਬਾਦਲ ਦੇ ਬੇਅਦਬੀ ਕਾਂਡ ਦੇ ਸਮੇਂ ਦੌਰਾਨ ਸਮੁੱਚੇ ਦੌਰਿਆਂ ਤੇ ਸਮਾਗਮਾਂ ਦਾ ਵੇਰਵਾ ਮੰਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਾਂਚ ਟੀਮ ਨੇ ਪ੍ਰਮੁੱਖ ਸਕੱਤਰ ਪੰਜਾਬ ਤੋਂ ਸੁਖਬੀਰ ਸਿੰਘ ਬਾਦਲ ਦੀਆਂ ਬਹਿਬਲ ਕਾਂਡ ਤੋਂ ਦਸ ਦਿਨ ਪਹਿਲਾਂ ਅਤੇ ਦਸ ਦਿਨ ਬਾਅਦ ਦੀਆਂ ਸਮੁੱਚੀਆਂ ਫੇਰੀਆਂ ਦਾ ਰਿਕਾਰਡ ਤਲਬ ਕੀਤਾ ਹੈ। ਇਸ ਤੋਂ ਇਲਾਵਾ ਜਾਂਚ ਟੀਮ ਨੇ ਸੁਖਬੀਰ ਸਿੰਘ ਬਾਦਲ ਨੂੰ ਜਾਰੀ ਕੀਤੇ ਸਰਕਾਰੀ ਵਾਹਨਾਂ ਦੀ ਲਿਸਟ ਮੰਗੀ ਹੈ ਅਤੇ ਨਾਲ ਹੀ ਖੁਫ਼ੀਆ ਤੰਤਰ ਤੋਂ ਉਨ੍ਹਾਂ ਦੇ ਅਕਤੂਬਰ 2015 ਦੌਰਾਨ ਦੌਰਿਆਂ ਦੇ ਵੇਰਵਿਆਂ ਦੀ ਰਿਪੋਰਟ ਮੰਗੀ ਹੈ। ਜਾਣਕਾਰੀ ਅਨੁਸਾਰ ਸੁਖਬੀਰ ਸਿੰਘ ਬਾਦਲ ਨਿੱਜੀ ਤੌਰ ‘ਤੇ ਜਾਂਚ ਟੀਮ ਸਾਹਮਣੇ ਪੇਸ਼ ਹੋ ਚੁੱਕੇ ਹਨ ਅਤੇ ਪੜਤਾਲ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਇਹ ਵੀ ਮੰਨਿਆ ਸੀ ਕਿ ਜਦੋਂ ਬਹਿਬਲ ਕਾਂਡ ਵਾਪਰਿਆ ਉਸ ਸਮੇਂ ਉਹ ਪੰਜਾਬ ਵਿੱਚ ਨਹੀਂ ਸੀ। ਭਰੋਸੇਯੋਗ ਸੂਤਰਾਂ ਅਨੁਸਾਰ ਪੜਤਾਲ ਤੋਂ ਸਾਹਮਣੇ ਆਇਆ ਹੈ ਕਿ ਸੁਖਬੀਰ ਸਿੰਘ ਬਾਦਲ 8 ਅਕਤੁਬਰ 2015 ਤੋਂ ਲੈ ਕੇ 14 ਅਕਤੂਬਰ 2015 ਤੱਕ ਪੰਜਾਬ ਵਿੱਚ ਨਹੀਂ ਸਨ। ਇਹ ਗੱਲ ਸੁਖਬੀਰ ਸਿੰਘ ਬਾਦਲ ਨੇ ਜਾਂਚ ਟੀਮ ਸਾਹਮਣੇ ਵੀ ਕਹੀ ਸੀ ਪਰ ਜਾਂਚ ਟੀਮ ਨੂੰ ਅਜੇ ਤੱਕ ਇਸ ਗੱਲ ਬਾਰੇ ਪੂਰੀ ਸੂਚਨਾ ਨਹੀਂ ਕਿ ਸੁਖਬੀਰ ਸਿੰਘ ਬਾਦਲ ਦੇ ਅਕਤੂਬਰ 2015 ਦੇ ਪੂਰੇ ਰੁਝੇਵੇਂ ਕੀ ਸਨ ਅਤੇ ਉਹ ਪੰਜਾਬ ਤੋਂ ਬਾਹਰ ਕਿੱਥੇ-ਕਿੱਥੇ ਤੇ ਕਿਸ ਮਕਸਦ ਲਈ ਗਏ ਅਤੇ ਇਸ ਸਮੇਂ ਦੌਰਾਨ ਸੁਖਬੀਰ ਬਾਦਲ ਦੀਆਂ ਮੁਲਾਕਾਤਾਂ ਕਿਸ-ਕਿਸ ਨਾਲ ਹੋਈਆਂ। ਜਾਂਚ ਟੀਮ ਵੱਲੋਂ ਤਲਬ ਕੀਤੇ ਗਏ ਹੁਣ ਤੱਕ 200 ਤੋਂ ਵੱਧ ਗਵਾਹਾਂ ਦੇ ਬਿਆਨ ਲਿਖਣ ਤੋਂ ਬਾਅਦ ਇੱਕ ਇਹ ਤੱਥ ਸਾਹਮਣੇ ਆਇਆ ਹੈ ਕਿ ਡੇਰਾ ਮੁਖੀ ਦੀ ਫਿਲਮ ਰਿਲੀਜ਼ ਕਰਵਾਉਣ ਅਤੇ ਉਸ ਨੂੰ ਮੁਆਫ਼ੀ ਦੇਣ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਅਦਾਕਾਰ ਅਕਸ਼ੈ ਕੁਮਾਰ ਦਰਮਿਆਨ ਮੀਟਿੰਗਾਂ ਹੋਈਆਂ ਸਨ ਅਤੇ ਅਕਸ਼ੈ ਕੁਮਾਰ ਨੇ ਇਸ ਵਿੱਚ ਵਿਚੋਲਗੀ ਕੀਤੀ ਸੀ। ਜਾਂਚ ਟੀਮ ਬਹਿਬਲ ਕਾਂਡ ਤੇ ਬੇਅਦਬੀ ਕਾਂਡ ਨੂੰ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇਣ ਅਤੇ ਉਸ ਦੀ ਫਿਲਮ ਰਿਲੀਜ਼ ਕਰਵਾਉਣ ਦੇ ਮਾਮਲੇ ਨਾਲ ਜੋੜ ਕੇ ਦੇਖ ਰਹੀ ਹੈ।

     

    ਬਰਗਾੜੀ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬੇਅਦਬੀ ਅਤੇ ਗੋਲੀਕਾਂਡ ਕਦੇ ਕਿਸੇ ਚੰਗੇ ਲੋਕਰਾਜ ਵਿਚ ਨਹੀਂ ਹੋ ਸਕਦੇ ਅਤੇ ਕਦੇ ਵੀ ਮੁੱਖ ਮੰਤਰੀ ਦੀ ਜਾਣਕਾਰੀ ਤੋਂ ਬਿਨਾਂ ਲੋਕਾਂ ਉੱਪਰ ਗੋਲੀ ਨਹੀਂ ਚਲਾਈ ਜਾ ਸਕਦੀ | ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਸਮੇਂ ਹਰ ਧਾਰਮਿਕ ਗ੍ਰੰਥ ਦੀ ਬੇਅਦਬੀ ਕੀਤੀ ਗਈ ਅਤੇ ਪੰਜਾਬ ਦੇ ਲੋਕ ਕਦੇ ਵੀ ਬੇਅਦਬੀ ਮਾਮਲਿਆਂ ਨੂੰ ਭੁਲਾ ਨਹੀਂ ਸਕਦੇ | ਉਨ੍ਹਾਂ ਬੇਅਦਬੀ ਸਮੇਂ ਗੋਲੀਕਾਂਡ ਦੌਰਾਨ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿਚ ਬਰਗਾੜੀ ਵਿਖੇ ਯਾਦਗਾਰ ਬਣਾਉਣ ਦਾ ਐਲਾਨ ਕੀਤਾ |

    ਅਰਾਵਾਕੁਰਿਚੀ(ਤਾਮਿਲ ਨਾਡੂ) - ਅਦਾਕਾਰ ਤੇ ਮੱਕਲ ਨਿਧੀ ਮਾਇਯਮ ਪਾਰਟੀ ਦੇ ਬਾਨੀ ਕਮਲ ਹਾਸਨ ਨੇ ਮਹਾਤਮਾ ਗਾਂਧੀ ਦੇ ਕਾਤਲ ਨੱਥੂਰਾਮ ਗੋਡਸੇ ਨੂੰ ਆਜ਼ਾਦ ਭਾਰਤ ਦਾ ਪਹਿਲਾ ‘ਹਿੰਦੂਵਾਦੀ ਅਤਿਵਾਦੀ’ ਦੱਸ ਕੇ ਨਵਾਂ ਵਿਵਾਦ ਸਹੇੜ ਲਿਆ ਹੈ। ਉਧਰ ਸੂਬਾਈ ਭਾਜਪਾ ਨੇ ਅਦਾਕਾਰ ਦੀਆਂ ਇਨ੍ਹਾਂ ਟਿੱਪਣੀਆਂ ਦਾ ਸਖ਼ਤ ਵਿਰੋਧ ਕਰਦਿਆਂ ਇਸ ਨੂੰ ‘ਵੰਡ ਦੀ ਸਿਆਸਤ’ ਕਰਾਰ ਦਿੱਤਾ ਹੈ। ਭਾਜਪਾ ਨੇ ਚੋਣ ਕਮਿਸ਼ਨ ਤਕ ਪਹੁੰਚ ਕਰਕੇ ਹਾਸਨ ਖਿਲਾਫ਼ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਲਈ ਕਾਰਵਾਈ ਦੀ ਮੰਗ ਕੀਤੀ ਹੈ। ਬੀਤੀ ਰਾਤ ਇਥੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਹਾਸਨ ਨੇ ਕਿਹਾ ਕਿ ਉਹ ਉਨ੍ਹਾਂ ਕੁਝ ‘ਮਾਣਮੱਤੇ ਭਾਰਤੀਆਂ’ ਵਿੱਚ ਸ਼ਾਮਲ ਹੈ, ਜੋ ਚਾਹੁੰਦੇ ਹਨ ਕਿ ਹਰੇਕ ਭਾਰਤੀ ਨੂੰ ਬਰਾਬਰੀ ਦਾ ਅਧਿਕਾਰ ਹੋਵੇ ਤੇ ਜਿੱਥੇ ਤਿਰੰਗੇ ਦੇ ‘ਤਿੰਨ ਰੰਗ’ (ਜੋ ਵੱਖ ਵੱਖ ਧਰਮਾਂ ’ਚ ਸ਼ਰਧਾ ਰੱਖਣ ਵਾਲਿਆਂ ਦੀ ਤਰਜਮਾਨੀ ਕਰਦੇ ਹਨ) ਜਿਉਂ ਤੇ ਤਿਉਂ ਬਰਕਰਾਰ ਰਹਿਣ। ਅਦਾਕਾਰ ਨੇ ਕਿਹਾ, ‘ਮੈਂ ਇਹ ਸਭ ਇਸ ਲਈ ਨਹੀਂ ਕਹਿ ਰਿਹਾ ਕਿ ਇਹ ਮੁਸਲਿਮ ਬਹੁਗਿਣਤੀ ਵਾਲਾ ਇਲਾਕਾ ਹੈ। ਮੈਂ ਇਹ ਸਭ ਕੁਝ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਖੜ੍ਹ ਕੇ ਆਖ ਰਿਹਾ ਹਾਂ। ਆਜ਼ਾਦ ਭਾਰਤ ਦਾ ਪਹਿਲਾ ਇੰਤਹਾਪਸੰਦ ਹਿੰਦੂ ਸੀ, ਜਿਸ ਦਾ ਨਾਂ ਨੱਥੂਰਾਮ ਗੋਡਸੇ ਸੀ। ਉਦੋਂ ਹੀ ਇੰਤਹਾਪਸੰਦੀ ਦੀ ਸ਼ੁਰੂਆਤ ਹੋਈ ਸੀ।’ ਉਧਰ ਸੂਬਾਈ ਭਾਜਪਾ ਦੀ ਪ੍ਰਧਾਨ ਤਾਮਿਲਿਸਾਈ ਸੁੰਦਰਾਰਾਜਨ ਨੇ ਕਿਹਾ ਕਿ ਜਦੋਂ ਗਾਂਧੀ ਦੀ ਹੱਤਿਆ ਹੋਈ ਤਾਂ ਪੂਰਾ ਮੁਲਕ ਸਦਮੇ ਵਿੱਚ ਸੀ। ਕਿਸੇ ਨੇ ਵੀ ਇਸ ਹੱਤਿਆ ਦੀ ਹਮਾਇਤ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਸ ‘ਘ੍ਰਿਣਤ’ ਅਪਰਾਧ ਲਈ ਗੋਡਸੇ ਨੂੰ ਫ਼ਾਂਸੀ ਦੀ ਸਜ਼ਾ ਹੋਈ ਸੀ। ਉਨ੍ਹਾਂ ਕਿਹਾ ਕਿ ਹਾਸਨ ਵੱਲੋਂ ਮੁਸਲਿਮ ਬਹੁਗਿਣਤੀ ਵਾਲੇ ਇਲਾਕੇ ’ਚ ‘ਹਿੰਦੂ ਇੰਤਹਾਪਸੰਦੀ’ ਬਾਰੇ ਗੱਲ ਕਰਨ ਦੀ ਜ਼ੋਰਦਾਰ ਨਿਖੇਧੀ ਬਣਦੀ ਹੈ। ਉਨ੍ਹਾਂ ਕਿਹਾ ਕਿ ਅਦਾਕਾਰ ਦੀਆਂ ਟਿੱਪਣੀਆਂ ‘ਫਿਰਕੂ ਹਿੰਸਾ’ ਨੂੰ ਹਵਾ ਦੇਣ ਦੇ ਬਰਾਬਰ ਹਨ।
    ਇਸ ਦੌਰਾਨ ਅਦਾਕਾਰ ਵਿਵੇਕ ਓਬਰਾਏ ਨੇ ਹਾਸਨ ਦੀਆਂ ਟਿੱਪਣੀਆਂ ਦੇ ਜਵਾਬ ’ਚ ਕਿਹਾ ਕਿ ‘ਕਲਾ ਤੇ ਦਹਿਸ਼ਤ’ ਦੋਵਾਂ ਦਾ ਕੋਈ ਧਰਮ ਨਹੀਂ ਹੁੰਦਾ। ਵਿਵੇਕ ਨੇ ਸਵਾਲ ਕੀਤਾ ਕਿ ਕੀ ਗੋਡਸੇ ਦੇ ਧਰਮ ਦਾ ਜ਼ਿਕਰ ਮੁਸਲਿਮ ਵੋਟਾਂ ਲਈ ਕੀਤਾ ਗਿਆ ਹੈ। ਭਾਜਪਾ ਨੇ ਅੱਜ ਕਿਹਾ ਕਿ ਹਾਸਨ ਨੂੰ ਦਹਿਸ਼ਤਗਰਦ ਕੇਂਦਰੀ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਅਦਾਕਾਰ ਤੋਂ ਸਿਆਸਤਦਾਨ ਬਣੇ ਹਾਸਨ ਘੱਟ ਗਿਣਤੀਆਂ ਨੂੰ ਖੁਸ਼ ਕਰਨ ਲਈ ਕਾਂਗਰਸ ਅਤੇ ਕਮਿਊਨਿਸਟਾਂ ਵਾਂਗ ਹਿੰਦੂਆਂ ਨੂੰ ਬੁਰਾ ਬਣਾ ਰਹੇ ਹਨ। ਇਸੇ ਦੌਰਾਨ ਤਾਮਿਲਨਾਡੂ ਦੇ ਮੰਤਰੀ ਕੇ ਟੀ ਰਾਜੇਂਦਰ ਭਾਲਾਜੀ ਨੇ ਕਿਹਾ ਕਿ ਕਮਲ ਹਾਸਨ ਦੀ ਇਸ ਟਿੱਪਣੀ ਲਈ ਉਨ੍ਹਾਂ ਦੀ ਜ਼ੁਬਾਨ ਕੱਟ ਦੇਣੀ ਚਾਹੀਦੀ ਹੈ।

     

    ਸ੍ਰੀਨਗਰ - ਪੁਲਵਾਮਾ ਵਿਚ ਅਤਿਵਾਦੀ ਹਮਲੇ ਦਾ ਸ਼ਿਕਾਰ ਹੋਏ ਸੀਆਰਪੀਐੱਫ (ਕੇਂਦਰੀ ਰਿਜ਼ਰਵ ਪੁਲੀਸ ਬਲ) ਕਾਫ਼ਲੇ ’ਚ ਸ਼ਾਮਲ ਜਵਾਨ ਨੂੰ ਨੀਮ ਫ਼ੌਜੀ ਬਲ ਦੇ ਸਭ ਤੋਂ ਵੱਡੇ ਸੇਵਾ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਹੈੱਡ ਕਾਂਸਟੇਬਲ ਇਕਬਾਲ ਸਿੰਘ ਦਾ ਸਨਮਾਨ ਇਕ ਵਿਸ਼ੇਸ਼ ਲੋੜਾਂ ਵਾਲੇ ਬੱਚੇ ਨਾਲ ਆਪਣਾ ਭੋਜਨ ਸਾਂਝਾ ਕਰਨ ਲਈ ਕੀਤਾ ਗਿਆ ਹੈ। ਉਸ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ ਤੇ ਸ਼ਲਾਘਾ ਕੀਤੀ ਜਾ ਰਹੀ ਹੈ। ਸਿੱਖ ਜਵਾਨ ਇਕਬਾਲ ਸ੍ਰੀਨਗਰ ਦੇ ਨਵਾਕਾਡਲ ਇਲਾਕੇ ਵਿਚ ਸੋਮਵਾਰ ਨੂੰ ਜਦ ਦੁਪਹਿਰ ਦਾ ਖਾਣਾ ਖਾ ਰਿਹਾ ਸੀ ਤਾਂ ਉਸ ਨੇ ਇਕ ਬੰਦ ਦੁਕਾਨ ਅੱਗੇ ਬੱਚੇ ਨੂੰ ਬੈਠੇ ਦੇਖਿਆ।
    ਇਸ ਤੋਂ ਬਾਅਦ ਉਹ ਬੱਚੇ ਕੋਲ ਗਿਆ ਤੇ ਆਪਣਾ ਖਾਣੇ ਵਾਲਾ ਡੱਬਾ ਉਸ ਅੱਗੇ ਕੀਤਾ ਪਰ ਇਸੇ ਦੌਰਾਨ ਜਵਾਨ ਨੇ ਦੇਖਿਆ ਕਿ ਬੱਚੇ ਦੇ ਹੱਥ ਕੰਮ ਨਹੀਂ ਕਰ ਰਹੇ ਤੇ ਉਹ ‘ਅਧਰੰਗ’ ਦਾ ਸ਼ਿਕਾਰ ਹੈ। ਇਕਬਾਲ ਜੋ ਕਿ 49ਵੀਂ ਬਟਾਲੀਅਨ ਨਾਲ ਡਰਾਈਵਰ ਵਜੋਂ ਤਾਇਨਾਤ ਹੈ, ਨੇ ਬੱਚੇ ਦੀ ਗੋਦ ’ਚ ਕੱਪੜਾ ਵਿਛਾ ਕੇ ਉਸ ਨੂੰ ਖਾਣਾ ਖਿਲਾਇਆ। ਜਵਾਨ ਨੇ ਬੱਚੇ ਦਾ ਮੂੰਹ ਸਾਫ਼ ਕਰ ਕੇ ਉਸ ਨੂੰ ਪਾਣੀ ਵੀ ਪੀਣ ਲਈ ਦਿੱਤਾ।
    ਸੀਆਰਪੀਐੱਫ ਨੇ ਇਸ ਘਟਨਾ ਦਾ ਨੋਟਿਸ ਲੈਂਦਿਆਂ ਜਵਾਨ ਨੂੰ ‘ਡਾਇਰੈਕਟਰ ਜਨਰਲ ਕਮੈਂਡੇਸ਼ਨ ਡਿਸਕ’ ਤੇ ਸਰਟੀਫ਼ਿਕੇਟ ਨਾਲ ਸਨਮਾਨਿਤ ਕੀਤਾ ਹੈ। ਇਹ ਨੀਮ ਫ਼ੌਜੀ ਬਲ ਵੱਲੋਂ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਸੇਵਾ ਸਨਮਾਨ ਹੈ। ਇਕਬਾਲ ਨੇ ਇਕ ਵੀਡੀਓ ਸੁਨੇਹੇ ਵਿਚ ਕਿਹਾ ਕਿ ਸੀਆਰਪੀਐੱਫ ਸੰਕਟ ਦੇ ਸਮੇਂ ਕਸ਼ਮੀਰ ਦੇ ਲੋਕਾਂ ਦੀ ਮਦਦ ਲਈ ਹਮੇਸ਼ਾ ਤਿਆਰ ਹੈ। ਜੰਮੂ ਕਸ਼ਮੀਰ ਪੁਲੀਸ ਨੇ ਵੀ ਇਕਬਾਲ ਦੀ ਵੀਡੀਓ ਨੂੰ ਟਵਿੱਟਰ ’ਤੇ ਸ਼ੇਅਰ ਕੀਤਾ ਹੈ।

    ਨਵੀਂ ਦਿੱਲੀ - 1984 ਦੇ ਸਿੱਖ ਕਤਲੇਆਮ ਦੀ ਪੀੜਤ ਅਤੇ ਗਵਾਹ ਬੀਬੀ ਜਗਦੀਸ਼ ਕੌਰ ਨੇ ਇਥੇ ਥਾਣਾ ਪਾਰਲੀਮੈਂਟ ਸਟਰੀਟ ਵਿੱਚ ਰਾਜੀਵ ਗਾਂਧੀ ਅਤੇ ਹੋਰਨਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਵਿੱਚ ਕਤਲ, ਸਬੂਤ ਖ਼ੁਰਦ-ਬੁਰਦ ਕਰਨ ਅਤੇ ਖਤਰਨਾਕ ਹਥਿਆਰਾਂ ਦੀ ਵਰਤੋਂ ਆਦਿ ਦੇ ਦੋਸ਼ ਲਾਏ ਗਏ ਹਨ। ਸ਼ਿਕਾਇਤ ਦਰਜ ਕਰਵਾਉਣ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ ਇੰਦਰਾ ਗਾਂਧੀ ਦੀ ਮੌਤ ਤੋਂ 4-5 ਦਿਨ ਮਗਰੋਂ ਇੱਕ ਸ਼ੋਕ ਸਭਾ ਹੋਈ ਸੀ, ਉੱਥੇ ਪੱਤਰਕਾਰਾਂ ਨੇ ਰਾਜੀਵ ਗਾਂਧੀ ਨੂੰ ਜਦੋਂ ਇਹ ਸਵਾਲ ਕੀਤਾ ਕਿ ਪਿਛਲੇ ਦਿਨੀਂ ਹਜ਼ਾਰਾਂ ਕਤਲ ਹੋਏ ਹਨ ਤਾਂ ਇਸ ਦੇ ਜਵਾਬ ਵਿੱਚ ਰਾਜੀਵ ਗਾਂਧੀ ਨੇ ਬੜਾ ਹੀ ਸ਼ਰਮਨਾਕ ਜੁਆਬ ਦਿੱਤਾ ਸੀ,‘ਜਬ ਕੋਈ ਬੜਾ ਪੇੜ ਗਿਰਤਾ ਹੈ ਤੋ ਧਰਤੀ ਹਿਲਤੀ ਹੈ।’ ਉਨ੍ਹਾਂ ਕਿਹਾ ਕਿ ਉਸ ਦੀ ਮਾਂ ਤਾਂ ਵੱਡਾ ਦਰੱਖਤ ਸੀ, ਪਰ ਜਿਹੜੇ ਸਾਡੇ ਪਰਿਵਾਰ ਦੇ ਬੇਗੁਨਾਹ ਜੀਅ ਮਾਰੇ ਗਏ ਅਤੇ ਅਤੇ ਸਾਡੇ ਆਂਢ-ਗੁਆਂਢ ਵਿੱਚ ਦੇਸ਼ ਦੀ ਸੇਵਾ ਕਰਨ ਵਾਲੇ ਫੌਜੀ ਅਫਸਰ ਕਤਲ ਕਰ ਦਿੱਤੇ ਗਏ, ਉਨ੍ਹਾਂ ਦੀ ਗਿਣਤੀ ਕਿਹੜੇ ‘ਪੇੜਾਂ’ ਵਿੱਚ ਆਉਂਦੀ ਸੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਰਕਾਰ ਨੇ ਹਜ਼ਾਰਾਂ ਬੇਗੁਨਾਹਾਂ ਦਾ ਕਤਲ ਕਰਵਾਉਣ ਵਾਲੇ ਨੂੰ ਭਾਰਤ ਰਤਨ ਐਵਾਰਡ ਨਾਲ ਸਨਮਾਨਤ ਕਰਕੇ ਭਾਰਤ ਰਤਨ ਵਰਗੇ ਐਵਾਰਡ ਦੀ ਵੀ ਤੌਹੀਨ ਕੀਤੀ ਹੈ। ਉਨ੍ਹਾਂ ਕਿਹਾ ਕਿ ਅਪਰਾਧ ਕਰਨ ਵਾਲਾ ਜਿੰਨਾ ਦੋਸ਼ੀ ਹੈ, ਅਪਰਾਧੀ ਨੂੰ ਬਚਾਉਣ ਵਾਲਾ ਵੀ ਓਨਾ ਹੀ ਦੋਸ਼ੀ ਹੈ। ਇਸ ਕਰਕੇ ਸੋਨੀਆਂ ਗਾਂਧੀ ਅਤੇ ਉਨ੍ਹਾਂ ਦੇ ਪਰਿਵਾਰ ਉਪਰ ਵੀ ਅਪਰਾਧਿਕ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਨੇ ਸੱਜਣ ਕੁਮਾਰ, ਐੱਚ.ਕੇ.ਐਲ. ਭਗਤ, ਜਗਦੀਸ਼ ਟਾਈਟਲਰ ਅਤੇ ਕਮਲ ਨਾਥ ਵਰਗੇ ਵਿਅਕਤੀਆਂ ਨੂੰ ਨਾ ਕੇਵਲ ਬਚਾਇਆ ਬਲਕਿ ਉੱਚ ਅਹੁਦੇ ਵੀ ਦਿੱਤੇ ਹਨ।

    ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਜਿੱਥੇ ਕਿਤੇ ਵੀ ਬੇਅਦਬੀ ਦੀ ਘਟਨਾ ਵਾਪਰਦੀ ਤਾਂ ਉਹ ਉਹਦਾ ਡਟ ਕੇ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲਗਦਾ ਹੈ ਕਿ ਉਹ ਬੇਅਦਬੀ ਦੇ ਮਾਮਲਿਆਂ ਤੋਂ ਬਚ ਨਿਕਲਣਗੇ, ਪਰ ਇਹ ਉਨ੍ਹਾਂ ਦੀ ਗ਼ਲਤਫ਼ਹਿਮੀ ਹੈ। ਆਪਣੇ ਹੀ ਕੈਬਨਿਟ ਮੰਤਰੀ ਨਵਜੋਤ ਸਿੱਧੂ ’ਤੇ ਭੜਾਸ ਕੱਢਦਿਆਂ ਕੈਪਟਨ ਨੇ ਕਿਹਾ ਕਿ ਜੇਕਰ ਉਹ ਦੇਸ਼ ਭਰ ਵਿੱਚ ਕਾਂਗਰਸੀ ਉਮੀਦਵਾਰਾਂ ਲਈ ਪ੍ਰਚਾਰ ਕਰ ਸਕਦਾ ਹੈ ਤਾਂ ਇਥੇ ਪੰਜਾਬ ਵਿੱਚ ਪ੍ਰਚਾਰ ਲਈ ਉਸ ਨੂੰ ਕਿਸੇ ਨੇ ਨਹੀਂ ਡੱਕਿਆ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤਕ ਦੀ ਕਾਰਗੁਜ਼ਾਰੀ ਤੋਂ ਸਾਫ਼ ਹੈ ਕਿ ਕਾਂਗਰਸ ਕੇਂਦਰ ਵਿੱਚ ਹੋਰਨਾਂ ਭਾਈਵਾਲ ਪਾਰਟੀਆਂ ਨਾਲ ਸਰਕਾਰ ਬਣਾਏਗੀ। ਕੈਪਟਨ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਸੂਬੇ ਦਾ ਭਵਿੱਖੀ ਮੁੱਖ ਮੰਤਰੀ ਦੱਸਣ ਦੇ ਬਿਆਨ ਦੀ ਮੁੜ ਪੈਰਵੀ ਕੀਤੀ। ਮੁੱਖ ਮੰਤਰੀ ਇਥੇ ਵਿਸ਼ੇਸ਼ ਇੰਟਰਵਿਊ ਦੌਰਾਨ ਬੋਲ ਰਹੇ ਸਨ।
    ਮੁੱਖ ਮੰਤਰੀ ਨੇ ਗਰਮਖਿਆਲੀਆਂ ਨਾਲ ਮਿਲੀਭੁਗਤ ਕਰਕੇ ਬੇਅਦਬੀ ਨੂੰ ਚੋਣ ਮੁੱਦਾ ਬਣਾਉਣ ਦੇ ਅਕਾਲੀ ਦਲ ਵੱਲੋਂ ਲਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ‘ਸੁਖਬੀਰ ਇਹ ਗੱਲ ਸੁਣ ਲਏ, ਜਿੱਥੇ ਵੀ ਬੇਅਦਬੀ ਦਾ ਮਾਮਲਾ ਹੋਵੇਗਾ, ਮੈਂ ਉਸ ਦਾ ਡਟ ਕੇ ਵਿਰੋਧ ਕਰਾਂਗਾ।’ ਉਨ੍ਹਾਂ ਕਿਹਾ, ‘ਜੇ ਸੁਖਬੀਰ ਸੋਚਦਾ ਹੈ ਕਿ ਉਹ ਬੇਅਦਬੀ ਦੇ ਮਾਮਲਿਆਂ ਤੋਂ ਬਚ ਜਾਵੇਗਾ ਤਾਂ ਇਹ ਉਹਦੀ ਗ਼ਲਤਫ਼ਹਿਮੀ ਹੈ। ਮੈਂ ਇਸ ਮੁੱਦੇ ’ਤੇ ਉਸ ਦਾ ਸਭ ਤੋਂ ਵੱਧ ਵਿਰੋਧ ਕਰਾਂਗਾ।’ ਕੈਪਟਨ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਉਸ ਰਾਇ ਨੂੰ ਵੀ ਮੁੱਢੋਂ ਰੱਦ ਕਰ ਦਿੱਤਾ ਕਿ ਲੋਕ ਬੇਅਦਬੀ ਨੂੰ ਭੱਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਿੱਖ ਅਜੇ ਤਕ ਘੱਲੂਘਾਰਾ ਨੂੰ ਨਹੀਂ ਭੁੱਲੇ ਤਾਂ ਉਹ ਇਸ ਮੁੱਦੇ ਨੂੰ ਕਿਵੇਂ ਭੁੱਲ ਸਕਦੇ ਹਨ।
    ਮੁੱਖ ਮੰਤਰੀ ਨੇ ਸੁਖਬੀਰ ਬਾਦਲ ਦੇ ਇਸ ਵਿਚਾਰ ਨੂੰ ਵੀ ਰੱਦ ਕਰ ਦਿੱਤਾ ਕਿ ਅਕਾਲੀ ਦਲ ਮੁੜ ਉੱਭਰ ਰਿਹਾ ਹੈ ਅਤੇ ਬਠਿੰਡਾ ਤੇ ਫਿਰੋਜ਼ਪੁਰ ਦੀਆਂ ਦੋਵੇਂ ਸੀਟਾਂ ਜਿੱਤੇਗਾ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਮਾਮਲਿਆਂ ਨੇ ਅਕਾਲੀ ਦਲ ਨੂੰ ਮੁਕੰਮਲ ਤੌਰ ’ਤੇ ਤਬਾਹ ਕਰ ਦਿੱਤਾ ਹੈ ਤੇ ਇਸ ਕਰਕੇ ਅਕਾਲੀ ਦਲ ਦੋਵੇਂ ਸੀਟਾਂ ਹਾਰੇਗਾ। ਉਨ੍ਹਾਂ ਕਿਹਾ ਕਿ ਲੋਕ ਕੇਂਦਰੀ ਮੰਤਰੀ ਤੇ ਬਠਿੰਡਾ ਸੰਸਦੀ ਹਲਕੇ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਪਿੰਡਾਂ ਵਿਚ ਵੜਨ ਨਹੀਂ ਦੇ ਰਹੇ ਤੇ ਕਾਲੀਆਂ ਝੰਡੀਆਂ ਵਿਖਾਉਂਦੇ ਹਨ। ਇਹੋ ਹਾਲਤ ਸੁਖਬੀਰ ਬਾਦਲ ਦੀ ਹੈ। ਲੋਕ ‘ਆਪ’ ਤੋਂ ਅੱਕ ਚੁੱਕੇ ਹਨ। ਆਪਣੀ ਸਰਕਾਰ ਵਿਰੁੱਧ ਸਥਾਪਤੀ ਵਿਰੋਧੀ ਲਹਿਰ ਨਾ ਹੋਣ ਦੀ ਗੱਲ ਕਰਦਿਆਂ ਕੈਪਟਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੀ ਸਰਕਾਰ ਦੀ ਪੰਜ ਸਾਲ ਦੀ ਕਾਰਗੁਜ਼ਾਰੀ ਦਾ ਰਿਪੋਰਟ ਕਾਰਡ ਪੇਸ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਸਾਲ 2022 ਵਿਚ ਵਿਧਾਨ ਸਭਾ ਚੋਣਾਂ ਵੇਲੇ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਪੇਸ਼ ਕਰਨਗੇ। ਉਨ੍ਹਾਂ ਮੰਨਿਆ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੁਝ ਮੁਸ਼ਕਲਾਂ ਸਨ, ਪਰ ਪਾਰਟੀ ਨੇ ਇਨ੍ਹਾਂ ਨੂੰ ਹੱਲ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤ ਵਿੱਚ ਸਥਿਤੀ ਕੁਝ ਖਰਾਬ ਸੀ, ਪਰ ਹਰ ਦਿਨ ਪਾਰਟੀ ਮਜ਼ਬੂਤ ਹੋ ਰਹੀ ਹੈ
    ਪਾਰਟੀ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਦੇ ਬਠਿੰਡਾ ਰੈਲੀ ਵਿੱਚ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨਾਲ ਪੁੱਜਣ ’ਤੇ ਸਿੱਧੂ ਖ਼ਿਲਾਫ਼ ਭੜਾਸ ਕੱਢਦਿਆਂ ਕੈਪਟਨ ਨੇ ਕਿਹਾ, ‘ਸਿੱਧੂ ਨੂੰ ਸੱਦਣਾ ਮੇਰੀ ਜ਼ਿੰਮੇਵਾਰੀ ਨਹੀਂ ਸੀ, ਅਤੇ ਨਾ ਹੀ ਕਿਸੇ ਹੋਰ ਵੱਲੋਂ ਉਸ ਨੂੰ ਸੂਬੇ ਵਿੱਚ ਸੱਦਣ ਦੀ ਲੋੜ ਸੀ। ਉਸ ਨੂੰ ਆਪਣੇ ਤੌਰ ’ਤੇ ਪ੍ਰਚਾਰ ਕਰਨਾ ਚਾਹੀਦਾ ਹੈ। ਕੀ ਉਸ ਨੂੰ ਲਿਆਉਣ ਲਈ ਵਿਸ਼ੇਸ਼ ਕਾਰ ਭੇਜਣ ਦੀ ਲੋੜ ਸੀ। ਜੇਕਰ ਉਹ ਪੂਰੇ ਦੇਸ਼ ਵਿਚ ਪ੍ਰਚਾਰ ਕਰ ਸਕਦਾ ਹੈ ਤਾਂ ਉਸ ਨੂੰ ਏਥੇ ਪ੍ਰਚਾਰ ਕਰਨ ਤੋਂ ਕਿਸੇ ਨੇ ਰੋਕਿਆ ਹੈ।’
    ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਪੰਜਾਬ ਦਾ ਭਵਿੱਖੀ ਮੁੱਖ ਮੰਤਰੀ ਦੱਸਣ ਬਾਰੇ ਕੈਪਟਨ ਨੇ ਕਿਹਾ ਕਿ ਉਨ੍ਹਾਂ ਨੇ ਗੁਰਦਾਸਪੁਰ ਵਿੱਚ ਜੋ ਕੁਝ ਕਿਹਾ ਸੀ, ਉਹ ਬਿਲਕੁਲ ਸਹੀ ਹੈ। ਪੰਜਾਬ ਨੂੰ ਇਕ ਬੁੱਧੀਮਾਨ ਅਤੇ ਚੰਗੇ ਮੈਨੇਜਰ ਦੀ ਲੋੜ ਹੈ, ਜਿਹੜਾ ਸੂਬੇ ਦੇ ਕੰਮਕਾਜ ਨੂੰ ਬਿਹਤਰ ਢੰਗ ਨਾਲ ਚਲਾਉਣਾ ਜਾਣਦਾ ਹੋਵੇ। ਸੂਬੇ ਨੂੰ ਦੂਰਅੰਦੇਸ਼ ਆਗੂ ਦੀ ਲੋੜ ਹੈ ਜਿਹੜਾ ਸੂਬੇ ਦੀਆਂ ਸਮੱਸਿਆਵਾਂ ਨੂੰ ਸਹੀ ਸੰਦਰਭ ਵਿਚ ਹੱਲ ਕਰਨ ਦੀ ਸਮਰੱਥਾ ਰੱਖਦਾ ਹੋਵੇ। ਸੁਨੀਲ ਜਾਖੜ ਸੂਬੇ ਲਈ ਵਧੀਆ ਮੁੱਖ ਮੰਤਰੀ ਸਾਬਤ ਹੋਵੇਗਾ।
    ਲੋਕ ਸਭਾ ਚੋਣਾਂ ਦੇ ਹੁਣ ਤਕ ਮੁਕੰਮਲ ਹੋ ਚੁੱਕੇ ਛੇ ਗੇੜਾਂ ਵਿੱਚ ਕਾਂਗਰਸ ਦੀ ਕਾਰਗੁਜ਼ਾਰੀ ਬਾਰੇ ਪੁੱਛੇ ਜਾਣ ’ਤੇ ਮੁੱਖ ਮੰਤਰੀ ਨੇ ਕਿਹਾ, ‘ਮੈਂ ਹੁਣ ਤਕ ਜੋ ਸੁਣਿਆ ਹੈ, ਉਸ ਮੁਤਾਬਕ ਪਾਰਟੀ ਨੇ ਹਰ ਥਾਂ ਚੰਗੀ ਕਾਰਗੁਜ਼ਾਰੀ ਦਿਖਾਈ ਹੈ। ਯੂਪੀਏ-3 ਆਪਣੇ ਸਹਿਯੋਗੀ ਦਲਾਂ ਨਾਲ ਮਿਲ ਕੇ ਕੇਂਦਰ ’ਚ ਸਰਕਾਰ ਬਣਾਏਗੀ।

    ਬਗ਼ਦਾਦ - ਯੂਕੇ ਤੋਂ ਉੱਠ ਕੇ ਪੂਰੀ ਦੁਨੀਆ ‘ਚ ਫੈਲੀ ਸੰਸਥਾ ਖਾਲਸਾ ਏਡ ਨੇ ਇਰਾਕ ਦੇ ਸ਼ਰਨਾਰਥੀ ਕੈਂਪਾਂ ਵਿੱਚ ਮੁਸਲਮਾਨਾਂ ਦੀਆਂ ਧਾਰਮਿਕ ਤੇ ਸਰੀਰਕ ਲੋੜਾਂ ਪੂਰੀਆਂ ਕੀਤੀਆਂ। ਖ਼ਾਲਸਾ ਏਡ ਨੇ ਮੁਸਲਮਾਨਾਂ ਲਈ ਲੰਗਰ ਲਾਏ ਤੇ ਨਾਲ ਹੀ ਕੁਰਾਨ ਸ਼ਰੀਫ ਵੀ ਵੰਡੀਆਂ। ਖ਼ਾਲਸਾ ਏਡ ਨੇ ਇਹ ਕੰਮ ਰਮਜ਼ਾਨ ਦੇ ਮਹੀਨੇ ਵਿੱਚ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਲੋਕ ਸੰਸਥਾ ਦੇ ਇਸ ਕੰਮ ਦੀ ਖ਼ੂਬ ਸ਼ਲਾਘਾ ਕਰ ਰਹੇ ਹਨ। ਸੋਸ਼ਲ ਮੀਡੀਆ ਯੂਜ਼ਰਰ ਸਾਜਿਦ ਵਾਨੀ ਨੇ ਲਿਖਿਆ ਕਿ ਇਹ ਪ੍ਰੇਰਨਾਦਾਇਕ ਹੈ। ਇੱਕ ਹੋਰ ਯੂਜ਼ਰ ਹਰਜਿੰਦਰ ਸਿੰਘ ਕੁਕਰੇਜਾ ਨੇ ਲਿਖਿਆ ਹੈ ਕਿ ਮੁਸਲਿਮ ਸ਼ਰਨਾਰਥੀ ਕੈਂਪਾਂ ਵਿੱਚ ਕੁਰਾਨ ਤੇ ਖਾਣਾ ਵੰਡਣਾ, ਸਾਰੇ ਧਰਮਾਂ ਵਿੱਚ ਆਪਸੀ ਨਿੱਘ ਨੂੰ ਦਰਸਾਉਂਦਾ ਹੈ।
    ਇਹ ਸੰਸਥਾ ਪਿਛਲੇ ਸਮੇਂ ਦੌਰਾਨ ਮੱਧ-ਪੂਰਬੀ ਤੇ ਯੂਰਪ ਦੇ ਲੋਕਾਂ ਦੀ ਮਦਦ ਕਰ ਚੁੱਕਿਆ ਹੈ। ਭਾਰਤ, ਬੰਗਲਾਦੇਸ਼, ਮਿਆਂਮਾਰ ਤੇ ਨੇਪਾਲ ਵਿੱਚ ਵੀ ਕੁਦਰਤੀ ਕਰੋਪੀ ਤੇ ਹੋਰ ਮੁਸ਼ਕਲ ਹਾਲਾਤ ਸਮੇਂ ਖ਼ਾਲਸਾ ਏਡ ਦੇ ਲੰਗਰਾਂ ਦੀ ਸ਼ਲਾਘਾ ਪੂਰੀ ਦੁਨੀਆ ਨੇ ਕੀਤੀ ਹੈ। ਇਸ ਸਮੇਂ ਖ਼ਾਲਸਾ ਏਡ ਓਡੀਸ਼ਾ ‘ਚ ਤੂਫ਼ਾਨ ਫਾਨੀ ਦੀ ਲਪੇਟ ਵਿੱਚ ਆਉਣ ਵਾਲੇ ਲੋਕਾਂ ਦੀ ਮਦਦ ਲੰਗਰ ਤੇ ਹੋਰ ਜ਼ਰੂਰੀ ਵਸਤਾਂ ਪਹੁੰਚਾ ਕੇ ਕਰ ਰਹੇ ਹਨ। ਹੁਣ ਸੰਸਥਾ ਨੇ ਦੂਜੇ ਧਰਮ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਕੇ ਨਿਵੇਕਲੀ ਮਿਸਾਲ ਕਾਇਮ ਕਰ ਦਿੱਤੀ ਹੈ।

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com