ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਚੰਡੀਗੜ੍ਹ - ਚੰਡੀਗੜ੍ਹ ਨੂੰ ਪੰਜਾਬ ਤੋਂ ਖੋਹਣ ਦੇ ਮੁੱਦੇ ਉਪਰ ਚੋਣ ਲੜ ਰਹੇ ਉਮੀਦਵਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਕਾਂਗਰਸ ਵੱਲੋਂ ਥਾਪੜਾ ਦਿੱਤਾ ਜਾ ਰਿਹਾ ਹੈ ਅਤੇ 28 ਪੰਜਾਬੀ ਪਿੰਡਾਂ ਨੂੰ ਉਜਾੜ ਕੇ ਪੰਜਾਬ ਦੀ ਰਾਜਧਾਨੀ ਵਜੋਂ ਉਸਾਰਿਆ ਚੰਡੀਗੜ੍ਹ ਇਸ ਚੋਣ ਘੜਮੱਸ ਦੌਰਾਨ ‘ਲਵਾਰਿਸ’ ਹੋਇਆ ਜਾਪਦਾ ਹੈ।
    ਭਾਜਪਾ ਅਤੇ ਅਕਾਲੀ ਦਲ ਬਾਦਲ ਗੱਠਜੋੜ ਵੱਲੋਂ ਦੂਸਰੀ ਵਾਰ ਚੋਣ ਲੜ ਰਹੀ ਕਿਰਨ ਖੇਰ ਦਾ ਮੁੱਖ ਏਜੰਡਾ ਹੈ ਕਿ ਚੰਡੀਗੜ੍ਹ ਪੰਜਾਬ ਨੂੰ ਨਹੀਂ ਮਿਲਣਾ ਚਾਹੀਦਾ ਅਤੇ ਇਸ ਦਾ ਸਟੇਟਸ ਯੂਟੀ ਰਹਿਣਾ ਚਾਹੀਦਾ ਹੈ। ਇਸ ਦੇ ਬਾਵਜੂਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਥੇ ਕਿਰਨ ਖੇਰ ਦੀ ਹਮਾਇਤ ਕਰ ਰਹੇ ਹਨ ਉਥੇ ਚੰਡੀਗੜ੍ਹ ਯੂਨਿਟ ਦੇ ਪ੍ਰਧਾਨ ਹਰਦੀਪ ਸਿੰਘ ਬੁਟੇਰਲਾ ਵੀ ਕਿਰਨ ਖੇਰ ਨੂੰ ਜਿਤਾਉਣ ਲਈ ਦਿਨ-ਰਾਤ ਇਕ ਕਰ ਰਹੇ ਹਨ। ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਚੰਡੀਗੜ੍ਹ ਨੂੰ ਹਰਿਆਣਾ ਦੇ ਹਵਾਲੇ ਕਰਨ ਦੀ ਮੰਗ ਕਰਨ ਵਾਲੇ ਹਰਿਆਣਾ ਭਾਜਪਾ ਦੇ ਉਮੀਦਵਾਰਾਂ ਦਾ ਵੀ ਹਰਿਆਣਾ ਵਿਚ ਸਮਰਥਨ ਕਰ ਰਹੇ ਹਨ। ਪੰਜਾਬ ਭਾਜਪਾ ਵੀ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਹਣ ਦੀ ਗੱਲ ਕਰਨ ਵਾਲੀ ਕਿਰਨ ਖੇਰ ਦਾ ਹੀ ਸਮਰਥਨ ਕਰ ਰਹੀ ਹੈ। ਇਸੇ ਦੌਰਾਨ ਹਰਿਆਣਾ ਦੇ ਖਜ਼ਾਨਾ ਮੰਤਰੀ ਕੈਪਟਨ ਅਭਿਮਨਿਊ, ਜੋ ਚੰਡੀਗੜ੍ਹ ਭਾਜਪਾ ਦੇ ਇੰਚਾਰਜ ਹਨ, ਉਹ ਹਰਿਆਣਾ ਵਿਧਾਨ ਸਭਾ ਵਿਚ ਤਾਂ ਚੰਡੀਗੜ੍ਹ ਨੂੰ ਹਰਿਆਣਾ ਵਿਚ ਸ਼ਾਮਲ ਕਰਨ ਦੇ ਤਰਕ ਦਿੰਦੇ ਹਨ ਪਰ ਹੁਣ ਚੰਡੀਗੜ੍ਹ ਨੂੰ ਯੂਟੀ ਹੀ ਬਣਾਈ ਰੱਖਣ ਦੇ ਅਧਾਰ ’ਤੇ ਚੋਣ ਲੜ ਰਹੀ ਕਿਰਨ ਖੇਰ ਨੂੰ ਜਿਤਾਉਣ ਲਈ ਪੱਬਾਂ ਭਾਰ ਹਨ।
    ਦੂਸਰੇ ਪਾਸੇ ਕਾਂਗਰਸੀ ਉਮੀਦਵਾਰ ਪਵਨ ਕੁਮਾਰ ਬਾਂਸਲ ਵੀ ਚੰਡੀਗੜ੍ਹ ਦਾ ਯੂਟੀ ਸਟੇਟਸ ਬਰਕਰਾਰ ਰੱਖਣ ਦੇ ਏਜੰਡੇ ’ਤੇ ਚੋਣ ਲੜ ਰਹੇ ਹਨ ਜਦਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸ੍ਰੀ ਬਾਂਸਲ ਨੂੰ ਜਿਤਾਉਣ ਲਈ ਯਤਨਸ਼ੀਲ ਹੈ। ਮੁੱਖ ਮੰਤਰੀ ਸਮੇਤ ਉਨ੍ਹਾਂ ਦਾ ਮੰਤਰੀ ਮੰਡਲ ਤੇ ਪੰਜਾਬ ਕਾਂਗਰਸ, ਵਿਧਾਨ ਸਭਾ ਵਿਚ ਤਾਂ ਚੰਡੀਗੜ੍ਹ ਨੂੰ ਪੰਜਾਬ ਦੇ ਹਵਾਲੇ ਕਰਨ ਦੇ ਮਤੇ ਪਾਸ ਕਰਦੇ ਹਨ ਜਦਕਿ ਕੁਰਸੀ ਖਾਤਰ ਚੰਡੀਗੜ੍ਹ ਨੂੰ ਯੂੁਟੀ ਹੀ ਬਣਾਈ ਰੱਖਣ ਦਾ ਏਜੰਡਾ ਮਿਥਣ ਵਾਲੇ ਸ੍ਰੀ ਬਾਂਸਲ ਦੀ ਹਮਾਇਤ ਕਰ ਰਹੇ ਹਨ।
    ਪੰਜਾਬ ਸਰਕਾਰ ਦੇ ਦੋ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਬਲਬੀਰ ਸਿੰਘ ਸਿੱਧੂ ਸਮੇਤ ਫਤਿਹਗੜ੍ਹ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਵੀ ਸ੍ਰੀ ਬਾਂਸਲ ਦੀ ਹਮਾਇਤ ਵਿਚ ਚੰਡੀਗੜ੍ਹ ’ਚ ਰੈਲੀਆਂ ਕਰ ਚੁੱਕੇ ਹਨ। ਇਸੇ ਤਰ੍ਹਾਂ ਆਨੰਦੁਪਰ ਸਾਹਿਬ ਤੋਂ ਕਾਂਗਰਸ ਦੀ ਟਿਕਟ ਤੋਂ ਚੋਣ ਲੜ ਰਹੇ ਮਨੀਸ਼ ਤਿਵਾੜੀ ਹੁਣ ਉਥੇ ਤਾਂ ਚੰਡੀਗੜ੍ਹ ਉਪਰ ਪੰਜਾਬ ਦਾ ਹੱਕ ਹੋਣ ਦੀ ਗੱਲ ਕਰਦੇ ਹਨ ਪਰ ਦੂਸਰੇ ਪਾਸੇ ਚੰਡੀਗੜ੍ਹ ਨੂੰ ਯੂਟੀ ਰਖਣ ਦੀ ਆਵਾਜ਼ ਉਠਾਉਣ ਵਾਲੇ ਸ੍ਰੀ ਬਾਂਸਲ ਦੀ ਵੀ ਹਮਾਇਤ ਕਰ ਗਏ ਹਨ। ਜੇਕਰ ਸ੍ਰੀ ਤਿਵਾੜੀ ਨੂੰ ਚੰਡੀਗੜ੍ਹ ਦੀ ਟਿਕਟ ਨਸੀਬ ਹੋ ਜਾਂਦੀ ਤਾਂ ਉਨ੍ਹਾਂ ਵੀ ਇਥੋਂ ਵੋਟਾਂ ਬਟੋਰਨ ਲਈ ਪੰਜਾਬ ਦੇ ਵਿਰੁੱਧ ਭੁਗਤਦਿਆਂ ਚੰਡੀਗੜ੍ਹ ਨੂੰ ਪੰਜਾਬ ਨੂੰ ਦੇਣ ਦੀ ਥਾਂ ਯੂਟੀ ਹੀ ਬਣਾਈ ਰਖਣ ਦੇ ਨਾਅਰੇ ਲਾਉਣੇ ਸਨ।
    ਚੰਡੀਗੜ੍ਹ ਨੂੰ ਹਰਿਆਣਾ ਵਿਚ ਮਿਲਾਉਣ ਦੀ ਮੰਗ ਕਰਨ ਵਾਲੇ ਹਰਿਆਣਾ ਕਾਂਗਰਸ ਦੇ ਆਗੂ ਵੀ ਅਗਲੇ ਦਿਨ ਚੰਡੀਗੜ੍ਹ ਨੂੰ ਯੂੁਟੀ ਰਖਣ ਦੇ ਹਾਮੀ ਸ੍ਰੀ ਬਾਂਸਲ ਲਈ ਵੋਟਾਂ ਮੰਗਣ ਆ ਰਹੇ ਹਨ।

    ਫ਼ਤਹਿਗੜ੍ਹ ਸਾਹਿਬ - “ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਅਸਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਇਆ ਜਾ ਰਿਹਾ ਹੈ । ਜਦੋਂਕਿ ਮੁਤੱਸਵੀ ਹੁਕਮਰਾਨਾਂ ਬੀਜੇਪੀ ਤੇ ਆਰ.ਐਸ.ਐਸ. ਦੀ ਗੁਲਾਮ ਬਣੀ ਐਸ.ਜੀ.ਪੀ.ਸੀ. ਇਹ ਦਿਹਾੜਾ ਬਿਕਰਮੀ ਕੈਲੰਡਰ ਅਨੁਸਾਰ ਮਨਾ ਰਹੀ ਹੈ । ਇਸਦੀ ਬਦੌਲਤ ਹੀ ਪਾਕਿਸਤਾਨ ਹਕੂਮਤ ਵੱਲੋਂ ਇੰਡੀਆਂ ਤੋਂ ਜਾਣ ਵਾਲੇ ਸਿੱਖ ਕੌਮ ਦੇ ਜਥੇ ਨੂੰ ਇਸ ਵਾਰੀ ਪ੍ਰਵਾਨਗੀ ਨਹੀਂ ਦਿੱਤੀ ਗਈ । ਜਿਸ ਲਈ ਐਸ.ਜੀ.ਪੀ.ਸੀ. ਦੇ ਮੌਜੂਦਾ ਅਧਿਕਾਰੀ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਸਿੱਧੇ ਤੌਰ ਤੇ ਜਿ਼ੰਮੇਵਾਰ ਹੈ, ਜੋ ਸਿੱਖ ਕੌਮ ਦੀ ਅਣਖ਼ੀਲੀ ਤੇ ਵੱਖਰੀ ਪਹਿਚਾਣ ਅਤੇ ਵੱਖਰੇ ਕੈਲੰਡਰ ਨੂੰ ਪ੍ਰਵਾਨ ਨਾ ਕਰਕੇ ਹੁਕਮਰਾਨਾਂ ਦੀ ਗੁਲਾਮੀਅਤ ਨੂੰ ਪ੍ਰਵਾਨ ਕਰਦੇ ਹੋਏ ਕੌਮੀ ਦਿਹਾੜਿਆ ਨੂੰ ਹਿੰਦੂਤਵ ਸੋਚ ਵਿਚ ਰਲਗੜ ਕਰ ਰਹੇ ਹਨ ।”
    ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਨੂੰ ਪਿੱਠ ਦੇ ਕੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਬਿਕਰਮੀ ਕੈਲੰਡਰ ਅਨੁਸਾਰ ਮਨਾਉਣ ਦੇ ਪ੍ਰੋਗਰਾਮ ਨੂੰ ਖ਼ਾਲਸਾ ਪੰਥ ਵਿਰੋਧੀ ਕਰਾਰ ਦਿੰਦੇ ਹੋਏ ਅਤੇ ਪਾਕਿਸਤਾਨ ਹਕੂਮਤ ਵੱਲੋਂ ਜੋ ਜਥੇ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ, ਉਸ ਲਈ ਦੋਸ਼ੀ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਇਮਰਾਨ ਖਾਨ ਦੀ ਪਾਕਿਸਤਾਨ ਹਕੂਮਤ ਨੂੰ ਸਿੱਖ ਕੌਮ ਦੇ ਬਿਨ੍ਹਾਂ ਤੇ ਸੰਜ਼ੀਦਾ ਅਪੀਲ ਕਰਦੇ ਹੋਏ ਕਿਹਾ ਕਿ ਜੋ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਨਕਸ਼ਾਹੀ ਕੈਲੰਡਰ ਅਨੁਸਾਰ ਸ਼ਹੀਦੀ ਪੁਰਬ ਮਨਾ ਰਹੀ ਹੈ, ਉਸ ਵਿਚ ਸਰਧਾ ਪੂਰਵਕ ਦਰਸ਼ਨ ਕਰਨ ਲਈ ਇੰਡੀਆਂ ਤੋਂ ਜਾਣ ਵਾਲੇ ਜਥੇ ਨੂੰ ਬਿਲਕੁਲ ਨਾ ਰੋਕੇ । ਕਿਉਂਕਿ ਸਿੱਖ ਕੌਮ ਲਈ ਇਹ ਦਿਹਾੜਾ ਬਹੁਤ ਹੀ ਮਹੱਤਵਪੂਰਨ ਅਤੇ ਸੰਜ਼ੀਦਾ ਹੈ । ਬੇਸ਼ੱਕ ਐਸ.ਜੀ.ਪੀ.ਸੀ. ਨਾਨਕਸ਼ਾਹੀ ਕੈਲੰਡਰ ਨੂੰ ਅਪ੍ਰਵਾਨ ਕਰਕੇ ਪਾਕਿਸਤਾਨ ਹਕੂਮਤ ਜਾਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚੇ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚਾਉਣ ਦੀ ਗੁਸਤਾਖੀ ਕਰ ਰਹੀ ਹੈ, ਇਸਦੇ ਬਾਵਜੂਦ ਵੀ ਪਾਕਿਸਤਾਨ ਹਕੂਮਤ ਨੂੰ ਸਿੱਖ ਕੌਮ ਦੇ ਸਰਧਾ ਅਤੇ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਜੋ ਜਥੇ ਉਤੇ ਰੋਕ ਲਗਾਈ ਗਈ ਹੈ, ਉਸ ਨੂੰ ਖ਼ਤਮ ਕਰਕੇ ਲਾਹੌਰ ਵਿਖੇ ਸ਼ਹੀਦੀ ਸਥਾਂਨ ਨੂੰ ਨਤਮਸਤਕ ਹੋਣ ਦੀ ਇਜਾਜਤ ਦੇਵੇ ਤਾਂ ਜੋ ਸਰਧਾ ਵਾਲੇ ਸਿੱਖ ਲਾਹੌਰ ਵਿਖੇ ਪਹੁੰਚ ਸਕਣ ਅਤੇ ਜੋ ਐਸ.ਜੀ.ਪੀ.ਸੀ. ਵੱਖਰੀ ਤਰੀਕ ਨੂੰ ਮਨਾ ਰਹੀ ਹੈ, ਉਹ ਇੰਡੀਆਂ ਵਿਚ ਇਹ ਦਿਨ ਮਨਾ ਲਵੇ ।
    ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸ੍ਰੀ ਇਮਰਾਨ ਖਾਨ ਹਕੂਮਤ ਲਾਹੌਰ ਵਿਖੇ ਸ਼ਹੀਦੀ ਸਥਾਂਨ ਤੇ ਜਾਣ ਵਾਲੇ ਜਥੇ ਤੇ ਲਗਾਈ ਰੋਕ ਨੂੰ ਖ਼ਤਮ ਕਰਕੇ ਇਜ਼ਾਜਤ ਦੇ ਦੇਵੇਗੀ ਕਿਉਂਕਿ ਲਾਹੌਰ ਸਿੱਖ ਕੌਮ ਦੇ ਖ਼ਾਲਸਾ ਰਾਜ ਦੀ ਰਾਜਧਾਨੀ ਵੀ ਹੈ ਅਤੇ ਗੁਰੂ ਸਾਹਿਬਾਨ ਜੀ ਦੀਆਂ ਯਾਦਾਂ ਨਾਲ ਸਮਰਪਿਤ ਸਥਾਂਨ ਹੈ । ਉਨ੍ਹਾਂ ਇਹ ਵੀ ਕਿਹਾ ਕਿ ਸ੍ਰੀ ਨਹਿਰੂ ਦੀ ਮੰਦਭਾਵਨਾ ਦੀ ਬਦੌਲਤ ਸਾਡੀ ਲਾਹੌਰ ਰਾਜਧਾਨੀ ਪਹਿਲੇ ਖੁਸ ਗਈ ਅਤੇ ਜੋ ਇਥੇ ਚੰਡੀਗੜ੍ਹ ਰਾਜਧਾਨੀ ਬਣਾਈ ਗਈ ਸੀ, ਉਹ ਵੀ ਇਨ੍ਹਾਂ ਨੇ ਸਾਜਿ਼ਸਾਂ ਰਾਹੀ ਸਾਨੂੰ ਮਲਕੀਅਤ ਨਹੀਂ ਦਿੱਤੀ । ਇਸ ਲਈ ਸ੍ਰੀ ਇਮਰਾਨ ਖਾਨ ਸਾਡੇ ਲਾਹੌਰ ਦੇ ਇਤਿਹਾਸ ਨੂੰ ਮੁੱਖ ਰੱਖਦੇ ਹੋਏ ਇਹ ਇਜਾਜਤ ਜ਼ਰੂਰ ਦੇਣ ।

    ਨਵੀਂ ਦਿੱਲੀ - ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਫਿਰ ਤੋਂ ਥੱਪੜ ਮਾਰਨ ਦੀ ਘਟਨਾ ਵਾਪਰੀ ਹੈ। ਇੱਕ ਨੌਜਵਾਨ ਨੇ ਕੇਜਰੀਵਾਲ ਨੂੰ ਉਨ੍ਹਾਂ ਦੇ ਰੋਡ ਸ਼ੋਅ ਦੌਰਾਨ ਥੱਪੜ ਮਾਰਿਆ। ਮੁੱਖ ਮੰਤਰੀ 'ਤੇ ਹਮਲਾ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮੁਲਜ਼ਮ ਸਥਾਨਕ ਵਾਸੀ ਨਹੀਂ ਹੈ ਬਲਕਿ ਕਿਤੋਂ ਬਾਹਰੋਂ ਆਇਆ ਸੀ। ਤਾਜ਼ਾ ਹਮਲਾ ਕਰਨ ਵਾਲੇ ਨੌਜਵਾਨ ਦੀ ਸ਼ਨਾਖ਼ਤ ਹੋਣੀ ਹਾਲੇ ਬਾਕੀ ਹੈ। ਕੇਜਰੀਵਾਲ ਦਿੱਲੀ ਦੇ ਮੋਤੀ ਨਗਰ ਇਲਾਕੇ ਵਿੱਚ ਲੋਕ ਸਭਾ ਚੋਣਾਂ ਲਈ ਪ੍ਰਚਾਰ ਤੇ ਰੋਡ ਸ਼ੋਅ ਕਰ ਰਹੇ ਸਨ। ਇਸੇ ਦੌਰਾਨ ਲਾਲ ਟੀ-ਸ਼ਰਟ ਪਹਿਨੀ ਇੱਕ ਨੌਜਵਾਨ ਕੇਜਰੀਵਾਲ ਦੀ ਖੁੱਲ੍ਹੀ ਗੱਡੀ 'ਤੇ ਚੜ੍ਹਦਾ ਹੈ ਤੇ ਬੜੀ ਤੇਜ਼ੀ ਨਾਲ ਕੇਜਰੀਵਾਲ 'ਤੇ ਹਮਲਾ ਕਰਦਾ ਹੈ। ਬਾਅਦ ਵਿੱਚ ਨੌਜਵਾਨ ਨੂੰ ਕੇਜਰੀਵਾਲ ਦੇ ਸਮਰਥਕਾਂ ਨੇ ਘੇਰ ਲਿਆ ਤੇ ਚੰਗੀ ਭੁਗਤ ਸਵਾਰੀ। ਮੁੱਖ ਮੰਤਰੀ ਨਾਲ ਉਨ੍ਹਾਂ ਦੇ ਰਾਜ ਵਿੱਚ ਅਜਿਹੀ ਘਟਨਾ ਵਾਪਰਨੀ, ਉਨ੍ਹਾਂ ਦੇ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਕਰਦਾ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਕੇਜਰੀਵਾਲ ਨਾਲ ਅਜਿਹੀ ਘਟਨਾ ਵਾਪਰੀ ਹੋਵੇ। ਦਿੱਲੀ ਦਾ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਵੀ ਕੇਜਰੀਵਾਲ ਦੇ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਮਗਰੋਂ ਉਨ੍ਹਾਂ 'ਤੇ ਸਿਆਹੀ ਵੀ ਸੁੱਟੀ ਗਈ ਅਤੇ ਕਈ ਮਹੀਨੇ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਦਫ਼ਤਰ ਵਿੱਚ ਵੀ ਕੇਜਰੀਵਾਲ 'ਤੇ ਮਿਰਚਾਂ ਸੁੱਟੀਆਂ ਗਈਆਂ ਸਨ।

    ਬਠਿੰਡਾ - ਪੰਥਕ ਧਿਰਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਬਾਦਲਾਂ ਖ਼ਿਲਾਫ਼ ਬਰਗਾੜੀ ਤੋਂ ਪਿੰਡ ਬਾਦਲ ਤੱਕ 8 ਮਈ ਨੂੰ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਹੈ। ਲੋਕ ਸਭਾ ਚੋਣਾਂ ਮੌਕੇ ਬਾਦਲਾਂ ਨੂੰ ਸਿਆਸੀ ਮੁਹਾਜ਼ ’ਤੇ ਪਛਾੜਨ ਲਈ ‘ਬਾਦਲ ਭਜਾਓ, ਪੰਥ ਬਚਾਓ’ ਬੈਨਰ ਹੇਠ ਬਠਿੰਡਾ ਅਤੇ ਫਿਰੋਜ਼ਪੁਰ ਹਲਕੇ ਵਿੱਚ ਦੋ ਰੋਸ ਮਾਰਚ ਉਲੀਕੇ ਗਏ ਹਨ। ਬਾਦਲ ਭਜਾਓ, ਪੰਥ ਬਚਾਓ ਕਮੇਟੀ ਦੀ ਅਗਵਾਈ ਵਿੱਚ ਅੱਜ ਦਰਜਨਾਂ ਪੰਥਕ ਧਿਰਾਂ ਅਤੇ ਸੰਸਥਾਵਾਂ ਦੇ ਨੁਮਾਇੰਦੇ ਵਿਚਾਰ ਚਰਚਾ ਲਈ ਇੱਥੇ ਗੁਰਦੁਆਰਾ ਸਿੰਘ ਸਭਾ ਵਿੱਚ ਇਕੱਤਰ ਹੋਏ। ਸਰਬਸੰਮਤੀ ਨਾਲ ਸਾਰੀਆਂ ਧਿਰਾਂ ਨੇ 8 ਮਈ ਨੂੰ ਬਰਗਾੜੀ ਤੋਂ ਬਾਦਲ ਵਾਇਆ ਬਠਿੰਡਾ ਅਤੇ 10 ਮਈ ਨੂੰ ਫਿਰੋਜ਼ਪੁਰ ਤੋਂ ਜਲਾਲਾਬਾਦ ਤੱਕ ਰੋਸ ਮਾਰਚ ਕਰਨ ਦਾ ਫੈਸਲਾ ਕੀਤਾ। ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਤੇ ਜਨਰਲ ਸਕੱਤਰ ਗੁਰਦੀਪ ਸਿੰਘ ਨੇ ਮੀਡੀਆ ਕੋਲ ਇਨ੍ਹਾਂ ਰੋਸ ਮਾਰਚਾਂ ਦੇ ਪ੍ਰੋਗਰਾਮ ਦਾ ਐਲਾਨ ਕੀਤਾ। ਗੁਰਦੁਆਰਾ ਸਿੰਘ ਸਭਾ ਵਿਚ ਭਾਈ ਜਗਤਾਰ ਸਿੰਘ ਹਵਾਰਾ ਵਾਲੀ ਕਮੇਟੀ ਦੇ ਪ੍ਰਧਾਨ ਨਰਾਇਣ ਸਿੰਘ ਨੇ ਵੀ ਇਨ੍ਹਾਂ ਮਾਰਚਾਂ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਜਦੋਂ ਕਿ ਪਹਿਲਾਂ ਇਸ ਕਮੇਟੀ ਨੇ 12 ਮਈ ਦਾ ਪ੍ਰੋਗਰਾਮ ਉਲੀਕਿਆ ਹੋਇਆ ਸੀ। ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਅਤੇ ਬਲਜੀਤ ਸਿੰਘ ਦਾਦੂਵਾਲ ਦੇ ਵੀ ਇਨ੍ਹਾਂ ਰੋਸ ਮਾਰਚਾਂ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਅੱਜ ਮੀਟਿੰਗ ਵਿੱਚ ਸਤਿਕਾਰ ਸਭਾਵਾਂ, ਏਕਨੂਰ ਖਾਲਸਾ ਫੌਜ,ਕਿਸਾਨ ਯੂਨੀਅਨ (ਸਿੱਧੂਪੁਰ), ਗਰੰਥੀ ਸਿੰਘਾਂ ਦੀਆਂ ਸਭਾਵਾਂ, ਪੰਥਕ ਸੇਵਾ ਲਹਿਰ ਆਦਿ ਦੇ ਆਗੂ ਸ਼ਾਮਲ ਹੋਏ।
    ਭਾਈ ਮੋਹਕਮ ਸਿੰਘ ਨੇ ਦੱਸਿਆ ਕਿ ਬਾਦਲਾਂ ਨੂੰ ਪੰਥ ਚੋਂ ਰਾਜਸੀ ਤੌਰ ’ਤੇ ਖਤਮ ਕਰਨਾ ਜ਼ਰੂਰੀ ਹੈ ਕਿਉਂਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਲ 1978 ਤੋਂ ਸਿੱਖੀ ਦਾ ਘਾਣ ਕਰਨਾ ਸ਼ੁਰੂ ਕੀਤਾ ਹੈ ਅਤੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਰਦਾਸ਼ਤ ਤੋਂ ਬਾਹਰ ਹੈ। ਅੱਜ ਸਿਆਸੀ ਮੁਹਾਜ਼ ਤੋਂ ਇਨ੍ਹਾਂ ਨੂੰ ਲਾਂਭੇ ਕਰਨ ਦੀ ਲੋੋੜ ਹੈ ਤਾਂ ਜੋ ਸਿੱਖ ਸੰਸਥਾਵਾਂ ਨੂੰ ਬਚਾਇਆ ਜਾ ਸਕੇ। ਭਾਈ ਗੁਰਦੀਪ ਸਿੰਘ ਨੇ ਆਖਿਆ ਕਿ ਕਿ ਉਹ ਲੋਕਾਂ ਨੂੰ ਚੇਤੰਨ ਕਰਨਗੇ ਕਿ ਬਾਦਲਾਂ ਨੂੰ ਵੋਟ ਪਾਉਣ ਦਾ ਮਤਲਬ ਹੈ ਕਿ ਡੇਰਾ ਸਿਰਸਾ ਦੀ ਹਮਾਇਤ ਵਿਚ ਵੋਟ ਪਾਉਣਾ। ਉਨ੍ਹਾਂ ਵੋਟਰਾਂ ਨੂੰ ਸੱਦਾ ਦਿੱਤਾ ਕਿ ਚੋਣਾਂ ਵਿਚ ਗੁਰੂ ਸਾਹਿਬ ਦੀ ਬੇਅਦਬੀ ਨੂੰ ਧਿਆਨ ਵਿਚ ਰੱਖ ਕੇ ਵੋਟ ਪਾਈ ਜਾਵੇ। ਇਸ ਤੋਂ ਇਲਾਵਾ ਛੋਟੋ ਛੋਟੇ ਰੋਸ ਮਾਰਚ ਲਗਾਤਾਰ ਬਠਿੰਡਾ ਤੇ ਫਿਰੋਜ਼ਪੁਰ ਹਲਕੇ ਵਿਚ ਹੁੰਦੇ ਰਹਿਣਗੇ।

    ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਕੇਂਦਰੀ ਜੇਲ੍ਹ ਪਟਿਆਲਾ ਤੋਂ ਪੰਜਾਬ ਦੇ ਲੋਕਾਂ ਨੂੰ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ। ਭਾਈ ਰਾਜੋਆਣਾ ਨੇ ਇਸ ਗੱਠਜੋੜ ਨੂੰ ਪੰਜਾਬ ਦੀ ਤਰੱਕੀ, ਭਾਈਚਾਰਕ ਸਾਂਝ ਅਤੇ ਅਮਨ- ਸਾਂਤੀ ਵਾਲਾ ਦੱਸਿਆ ਹੈ। ਖਾਲਸਾ ਪੰਥ ਦੇ ਨਾਮ ਭੇਜੇ ਸੁਨੇਹੇ ਵਿਚ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਹਿੰਦੂ, ਸਿੱਖ ਏਕਤਾ ਦਾ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ।ਸ਼੍ਰੋਮਣੀ ਅਕਾਲੀ ਦਲ ਨੇ ਦੇਸ਼ ਦੇ ਲਈ ਅਤੇ ਪੰਜਾਬ ਦੇ ਹਿੱਤਾਂ ਲਈ ਹਮੇਸ਼ਾਂ ਹੀ ਵੱਡੇ ਸ਼ੰਘਰਸ ਅਤੇ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ ।ਭਾਜਪਾ ਦੀ ਦਿੱਲੀ ਸਰਕਾਰ ਨੇ 34 ਸਾਲਾਂ ਤੋਂ ਦਨ-ਦਨਾਉਂਦੇ ਫਿਰਦੇ ਨਵੰਬਰ 1984 ਦੇ ਕਾਤਲਾਂ ਵਿੱਚੋਂ ਕੁਝ ਕਾਤਲਾਂ ਨੂੰ ਸੱਜਣ ਕੁਮਾਰ ਵਰਗੇ ਵੱਡੇ ਮੱਗਰਮੱਛਾਂ ਨੂੰ ਗਿੱਚੀ ਤੋਂ ਫੜ੍ਹ ਕੇ ਜੇਲ੍ਹ ਭੇਜ ਕੇ ਜਿੱਥੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦੇਣ ਦੀ ਕੋਸ਼ਿਸ਼ ਕੀਤੀ ਹੈ ।ਉਥੇ ਇਸ ਕਤਲੇਆਮ ਨਾਲ ਜਖ਼ਮੀ ਹੋਈਆਂ ਸਿੱਖ ਭਾਵਨਾਵਾਂ ਤੇ ਮੱਲਮ ਲਗਾਉਣ ਦਾ ਕੰਮ ਵੀ ਕੀਤਾ ਹੈ ।ਇਸ ਤੋਂ ਇਲਾਵਾ ਪਾਕਿਸਤਾਨ ਨਾਲ ਤਲਖ਼ੀ ਭਰੇ ਸਬੰਧਾਂ ਦੇ ਬਾਵਜੂਦ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਲਾਂਘਾ ਖੋਲਣ ਦੀ ਕੋਸ਼ਿਸ਼ ਕਰਕੇ ਕਰੋੜਾਂ ਸਿੱਖਾਂ ਦੀਆਂ ਭਾਵਨਾਵਾਂ ਦਾ ਸਨਮਾਨ ਕੀਤਾ ਹੈ ।ਇਨ੍ਹਾਂ ਦੋਨਾਂ ਕੰਮਾਂ ਵਿੱਚ ਭਾਜਪਾ ਵੱਲੋਂ ਸਿੱਖ ਜਗਤ ਲਈ ਅਪਣਾਈ ਗਈ ਪਹੁੰਚ ਸਵਾਗਤਯੋਗ ਹੈ ।
    ੳਨ੍ਹਾ ਕਿਹਾ ਕਿ ਦੂਜੇ ਪਾਸੇ ਉਹ ਕਾਂਗਰਸ ਪਾਰਟੀ ਹੈ ਜਿਹੜੀ ਹਮੇਸ਼ਾਂ ਹੀ ਹਿੰਦੂਆਂ ਅਤੇ ਸਿੱਖਾਂ ਵਿੱਚ ਨਫ਼ਰਤ ਫੈਲਾ ਆਪਣੇ ਰਾਜਨੀਤਕ ਹਿੱਤਾਂ ਦੀ ਪੂਰਤੀ ਕਰਦੀ ਰਹੀ ਹੈ ।80ਦੇ ਦਹਾਕੇ ਵਿੱਚ ਇਸ ਕਾਂਗਰਸ ਪਾਰਟੀ ਨੇ ਇੰਦਰਾ ਗਾਂਧੀ ਦੀ ਅਗਵਾਈ ਦੇ ਵਿੱਚ ਸਿਰਫ਼ ਤੋਂ ਸਿਰਫ਼ ਦਿੱਲੀ ਦੀ ਸੱਤਾ ਤੇ ਕਾਬਜ਼ ਹੋਣ ਲਈ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਸਦੀਆਂ ਤੋਂ ਭਰਾਵਾਂ ਵਾਂਗ ਵੱਸਦੇ ਹਿੰਦੂਆਂ ਅਤੇ ਸਿੱਖਾਂ ਵਿੱਚ ਪਹਿਲਾਂ ਨਫ਼ਰਤ ਫੈਲਾਈ ।ਇਸ ਨਫ਼ਰਤ ਦਾ ਰਾਜਸੀ ਲਾਹਾ ਲੈਣ ਦੇ ਲਈ ਪਹਿਲਾਂ ਸਿੱਖ ਧਰਮ ਤੇ ਟੈਕਾਂ ਅਤੇ ਤੋਪਾਂ ਨਾਲ ਹਮਲਾ ਕਰਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਢਹਿ ਢੇਰੀ ਕੀਤਾ ਹਜ਼ਾਰਾਂ ਨਿਰਦੋਸ਼ ਸਰਧਾਲੂਆਂ ਦਾ ਕਤਲੇਆਮ ਕਰਕੇ ਕਰੋੜਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਲਹੂ-ਲੁਹਾਣ ਕੀਤਾ ।ਫਿਰ ਦਿੱਲੀ ਦੀਆਂ ਗਲੀਆਂ ਵਿੱਚ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ, ਸਿੱਖਾਂ ਦੀਆਂ ਧੀਆਂ-ਭੈਣਾਂ ਦੀ ਬੇਪਤੀ ਕਰਕੇ ਉਨ੍ਹਾਂ ਨੂੰ ਕੋਹ ਕੋਹ ਕੇ ਮਾਰਿਆ, ਅਜਿਹਾ ਜੁਲਮ ਕਰਨ ਵਾਲੇ ਸੱਜਣ ਕੁਮਾਰ ਵਰਗੇ ਜ਼ਾਲਮਾਂ ਨੂੰ ਦਰਿੰਦਿਆਂ ਨੂੰ ਉੱਚ ਅਹੁਦਿਆਂ ਨਾਲ ਨਿਵਾਜਿਆ ਅਤੇ ਆਪਣੇ ਸਿਰ ਦਾ ਤਾਜ ਬਣਾਇਆ ।ਪੰਜਾਬ ਦੀ ਪਵਿੱਤਰ ਧਰਤੀ ਨੂੰ ਹਜ਼ਾਰਾਂ ਨਿਰਦੋਸ਼ ਲੋਕਾਂ ਦੇ ਖੂਨ ਨਾਲ ਰੰਗਿਆ ।ਦੇਸ਼ ਭਗਤ ਕੌਮ ਨੂੰ ਦੇਸ਼ਧਰੋਹੀ ਬਨਾਉਣ ਦੇ, ਸਾਬਿਤ ਕਰਨ ਦੇ ਨਾਪਾਕ ਯਤਨ ਕੀਤੇ । ਅਜਿਹੀ ਜ਼ਾਲਮ ਅਤੇ ਕਾਤਲ ਕਾਂਗਰਸ ਪਾਰਟੀ ਨੂੰ ਕਦੇ ਵੀ ਕੋਈ ਗੈਰਤਮੰਦ ਸਿੱਖ ਵੋਟ ਨਹੀਂ ਪਾ ਸਕਦਾ ।ਇਸ ਕਾਂਗਰਸ ਪਾਰਟੀ ਨੂੰ ਵੋਟ ਪਾਉਣਾ ਅਤੇ ਇਸ ਕਾਂਗਰਸ ਪਾਰਟੀ ਦਾ ਪੰਜਾਬ ਦੀ ਧਰਤੀ ਤੋਂ ਜਿੱਤਣਾ ਸੱਚਮੁੱਚ ਹੀ ਇਸ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਦਾ ਅਤੇ ਇਸ ਧਰਤੀ ਤੇ ਵੱਸਦੇ ਗੈਰਤਮੰਦ ਪੰਜਾਬੀਆਂ ਦਾ ਅਪਮਾਨ ਹੈ ।
    ਭਾਈ ਰਾਜੋਆਣਾ ਨੇ ਕਿਹਾ ਕਿ ਸਾਨੂੰ ਅਖੌਤੀ ਪੰਥਕ, ਸ਼ੰਘਰਸੀ ਅਤੇ ਖ਼ਾਲਿਸਤਾਨੀ ਮਾਖੌਟੇ ਵਿੱਚ ਇਨ੍ਹਾਂ ਕਾਂਗਰਸੀ ਹੁਕਮਰਾਨਾਂ ਦੇ ਪਾਲੇ ਹੋਏ ਕਰਿੰਦਿਆਂ ਤੋਂ ਵੀ ਸੁਚੇਤ ਰਹਿਣਾ ਚਾਹੀਦਾ ਹੈ ।ਇਹ ਲੋਕ ਵੀ ਹਮੇਸ਼ਾਂ ਹਿੰਦੂ ਸਿੱਖਾਂ ਵਿੱਚ ਨਫ਼ਰਤ ਫੈਲਾਉਣ ਅਤੇ ਸਿੱਖਾਂ ਦਾ ਦੂਸਰੇ ਧਰਮਾਂ ਵਰਗਾਂ ਦੇ ਲੋਕਾਂ ਨਾਲ ਟਕਰਾ ਕਰਵਾਉਣ ਲਈ ਯਤਨਸ਼ੀਲ ਰਹਿੰਦੇ ਹਨ ।ਅਜਿਹਾ ਕਰਕੇ ਇਹ ਲੋਕ ਇਸ ਕਾਤਲ ਕਾਂਗਰਸ ਪਾਰਟੀ ਲਈ ਮਾਹੌਲ ਤਿਆਰ ਕਰਦੇ ਹਨ ਅਤੇ ਕਾਂਗਰਸ ਪਾਰਟੀ ਦੀ ਜਿੱਤ ਲਈ ਰਾਹ ਪੱਧਰਾ ਕਰਦੇ ਹਨ ।ਇਨ੍ਹਾਂ ਲੋਕਾਂ ਦਾ ਸਾਰਾ ਸ਼ੰਘਰਸ ਅਤੇ ਕੂੜ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਖਿਲਾਫ਼ ਹੀ ਹੁੰਦਾ ਹੈ ।ਪੰਜਾਬ ਅਤੇ ਦੇਸ਼ ਵਿੱਚ ਸਿੱਖ ਧਰਮ ਤੇ ਹਮਲਾ ਕਰਨ ਵਾਲੀ ਅਤੇ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੀ ਕਾਤਲ ਕਾਂਗਰਸ ਪਾਰਟੀ ਦੀ ਸਰਕਾਰ ਬਨਣ ਨਾਲ ਇਨ੍ਹਾਂ ਦਾ ਖਾਲਿਸਤਾਨ ਬਣ ਜਾਂਦਾ ਹੈ ।ਕਾਂਗਰਸ ਪਾਰਟੀ ਦੇ ਕੂੜ ਪ੍ਰਚਾਰ ਦਾ ਵਿਧਾਨ ਸਭਾ ਦਾ ਸ਼ੈਸ਼ਨ ਇਨ੍ਹਾਂ ਨੂੰ ਖਾਲਸਾ ਦਰਬਾਰ ਲੱਗਦਾ ਹੈ ।ਸਿੱਖੀ ਅਤੇ ਸ਼ੰਘਰਸੀ ਮਾਖੌਟੇ ਵਿੱਚ ਵਿਚਰਦੇ ਵੱਡੀਆਂ- ਵੱਡੀਆਂ ਪੱਗਾਂ ਬੰਨੀ ਫਿਰਦੇ ਇਨ੍ਹਾਂ ਅਕ੍ਰਿਤਘਣ ਲੋਕਾਂ ਤੋਂ ਅਤੇ ਇਨ੍ਹਾਂ ਦੇ ਕੂੜ ਪ੍ਰਚਾਰ ਤੋਂ ਸੁਚੇਤ ਹੋ ਕੇ ਸਾਨੂੰ ਸਾਰਿਆਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ ।
    ਉਹਨਾਂ ਕਿਹਾ ਮੇਰੀ ਸਮੁੱਚੇ ਖਾਲਸਾ ਪੰਥ ਨੂੰ ਅਤੇ ਇਸ ਧਰਤੀ ਤੇ ਵੱਸਦੇ ਸੱਭ ਧਰਮਾਂ ਵਰਗਾਂ ਦੇ ਲੋਕਾਂ ਨੂੰ ਇਹ ਅਪੀਲ ਹੈ ਕਿ ਪੰਜਾਬ ਦੀ ਤਰੱਕੀ ਲਈ, ਭਾਈਚਾਰਕ ਸਾਂਝ ਲਈ ਅਤੇ ਅਮਨ- ਸਾਂਤੀ ਲਈ ਆਪਣੀ ਇੱਕ-ਇੱਕ ਕੀਮਤੀ ਵੋਟ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੇ ਉਮੀਦਵਾਰਾਂ ਨੂੰ ਪਾ ਕੇ ਉਨ੍ਹਾਂ ਨੂੰ ਕਾਮਯਾਬ ਬਣਾਇਆ ਜਾਵੇ ।ਬੰਦ ਕਮਰੇ ਵਿੱਚ ਵੋਟ ਪਾਉਣ ਦੇ ਮਿਲੇ ਅਧਿਕਾਰ ਨੂੰ ਇੱਕ ਹਥਿਆਰ ਬਣਾ ਕੇ ਪੰਜਾਬ ਦੀ ਪਵਿੱਤਰ ਧਰਤੀ ਨੂੰ ਨਿਰਦੋਸ਼ ਲੋਕਾਂ ਦੇ ਖੂਨ ਨਾਲ ਰੰਗਣ ਵਾਲੀ ਅਤੇ ਝੂਠੇ ਵਾਅਦੇ ਕਰਕੇ ਪੰਜਾਬ ਦੇ ਲੋਕਾਂ ਨੂੰ ਧੋਖਾ ਦੇਣ ਵਾਲੀ ਕਾਂਗਰਸ ਪਾਰਟੀ ਨੂੰ ਸਬਕ ਸਿਖਾਇਆ ਜਾਵੇ ।ਆਪਣੀ ਇੱਕ-ਇੱਕ ਕੀਮਤੀ ਵੋਟ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰਾਂ ਨੂੰ ਪਾਈ ਜਾਵੇ ।ਇਸ ਦੇ ਵਿੱਚ ਹੀ ਪੰਜਾਬ ਅਤੇ ਪੰਜਾਬੀਆਂ ਦਾ ਭਲਾ ਹੈ ।

    ਜਲੰਧਰ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਆਪਣੇ ਪਹਿਲੇ ਰੌਂਅ ਵਿੱਚ ਦਿਖੇ, ਜਿਸ ਬਾਰੇ ਲੋਕ ਉਨ੍ਹਾਂ ਤੋਂ ਲੰਬੇ ਸਮੇਂ ਤੋਂ ਉਮੀਦ ਕਰ ਰਹੇ ਸਨ। ਕਰਤਾਰਪੁਰ ਵਿੱਚ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਨੇੜੇ ਕੀਤੀ ਚੋਣ ਰੈਲੀ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੁਲਵਾਮਾ ’ਤੇ ਵੋਟਾਂ ਮੰਗਣ ਅਤੇ ਬਾਦਲਾਂ ਨੂੰ ਬੇਅਦਬੀ ਦੇ ਮਾਮਲੇ ਵਿੱਚ ਰਗੜੇ ਲਾਏ। ਉਨ੍ਹਾਂ ਸਪੱਸ਼ਟ ਐਲਾਨ ਕੀਤਾ ਕਿ ਤਿੰਨ ਹਫ਼ਤਿਆਂ ਬਾਅਦ ਚੋਣ ਜ਼ਾਬਤਾ ਖਤਮ ਹੁੰਦੇ ਸਾਰ ਹੀ ਅਗਲੇ ਦਿਨ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸਿਟ ਦੀ ਮੁੜ ਜ਼ਿੰਮੇਵਾਰੀ ਸੌਂਪੀ ਜਾਵੇਗੀ। ਉਨ੍ਹਾਂ ਇਹ ਤਾੜਨਾ ਵੀ ਕੀਤੀ ਕਿ ਬੇਅਦਬੀ ਦਾ ਕੋਈ ਦੋਸ਼ੀ ਵੀ ਨਹੀਂ ਬਚੇਗਾ ਤੇ ਬਾਦਲਾਂ ਨੂੰ ਫੜ ਕੇ ਅੰਦਰ ਕਰਾਂਗੇ।
    ਚੋਣ ਰੈਲੀ ਵਿੱਚ ਪਹਿਲੀ ਵਾਰ ਜਨਤਕ ਤੌਰ ’ਤੇ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧਾ ਸਵਾਲ ਕੀਤਾ ਗਿਆ ਕਿ ਕੀ ਅਕਾਲੀ ਤੇ ਕਾਂਗਰਸੀ ਰਲੇ ਹੋਏ ਹਨ? ਲੋਕਾਂ ਨਾਲ ਸਿੱਧਾ ਰਾਬਤਾ ਰੱਖਣ ਦੇ ਇਰਾਦੇ ਨਾਲ ਕਾਂਗਰਸ ਪਾਰਟੀ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਕੈਪਟਨ ਅਮਰਿੰਦਰ ਸਿੰਘ ਤੋਂ ਸਿੱਧੇ ਸਵਾਲ ਪੁੱਛਣ ਲਈ ਆਪਣੀ ਪਰਚੀ ਡੱਬੇ ਵਿਚ ਪਾ ਸਕਦੇ ਸਨ। ਵੱਖ-ਵੱਖ ਇਲਾਕਿਆਂ ਤੋਂ ਆਏ ਲੋਕਾਂ ਨੇ 700 ਪਰਚੀਆਂ ਪਾ ਕੇ ਸਵਾਲ ਪੁੱਛੇ ਸਨ। ਇਨ੍ਹਾਂ ਵਿਚੋਂ ਸਿਰਫ ਪੰਜ ਤਿੱਖੇ ਸਵਾਲਾਂ ਦੇ ਜਵਾਬ ਕੈਪਟਨ ਅਮਰਿੰਦਰ ਸਿੰਘ ਨੂੰ ਲੋਕਾਂ ਦੀ ਕਚਹਿਰੀ ਵਿੱਚ ਦੇਣੇ ਪਏ ਜਦਕਿ ਬਾਕੀ ਸਵਾਲਾਂ ਦਾ ਜਵਾਬ ਟੈਲੀਫੋਨ ’ਤੇ ਦੇਣ ਦਾ ਭਰੋਸਾ ਦਿੱਤਾ।
    ਕਰਤਾਰਪੁਰ ਵਿਚ ਕੀਤੀ ਗਈ ਇਸ ਰੈਲੀ ਦੌਰਾਨ ਜਲੰਧਰ ਲੋਕ ਸਭਾ ਤੋਂ ਕਾਂਗਰਸ ਦੇ ਉਮੀਦਵਾਰ ਸੰਤੋਖ ਚੌਧਰੀ ਅਤੇ ਹੁਸ਼ਿਆਰਪੁਰ ਤੋਂ ਕਾਂਗਰਸੀ ਉਮੀਦਵਾਰ ਰਾਜ ਕੁਮਾਰ ਚੱਬੇਵਾਲ ਅਤੇ ਹੋਰ ਕਾਂਗਰਸੀ ਲੀਡਰਾਂ ਦੀ ਹਾਜ਼ਰੀ ਵਿਚ ਉਨ੍ਹਾਂ ਬੇਅਦਬੀ ਮਾਮਲੇ ਵਿਚ ਸਿਟ ਦੇ ਮੁਖੀ ਵਿਰੁੱਧ ਸ਼ਿਕਾਇਤ ਕੀਤੇ ਜਾਣ ’ਤੇ ਰੱਜ ਕੇ ਭੜ੍ਹਾਸ ਕੱਢੀ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਦੀ ਉਨ੍ਹਾਂ ਨੇ ਸੱਤਾ ਸੰਭਾਲੀ ਹੈ ਉਦੋਂ ਤੋਂ ਬੇਅਦਬੀ ਦੀ ਇੱਕ ਵੀ ਪ੍ਰਮੁੱਖ ਘਟਨਾ ਨਹੀਂ ਵਾਪਰੀ ਜਿਸ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਮਾਮਲਿਆਂ ਪਿੱਛੇ ਕੌਣ ਸੀ। ਇਸ ਮੌਕੇ ਸਾਬਕਾ ਐੱਮਪੀ ਮਹਿੰਦਰ ਸਿੰਘ ਕੇਪੀ, ਵਿਧਾਇਕ ਪਰਗਟ ਸਿੰਘ, ਚੌਧਰੀ ਸੁਰਿੰਦਰ ਸਿੰਘ, ਬਾਵਾ ਹੈਨਰੀ, ਅਵਤਾਰ ਹੈਨਰੀ, ਰਜਿੰਦਰ ਬੇਰੀ, ਸੁਸ਼ੀਲ ਰਿੰਕੂ, ਹਰਦੇਵ ਸਿੰਘ ਲਾਡੀ, ਜਗਬੀਰ ਸਿੰਘ ਬਰਾੜ, ਸੁਖਵਿੰਦਰ ਸਿੰਘ ਲਾਲੀ, ਬਲਦੇਵ ਸਿੰਘ ਦੇਵ ਤੇ ਬਹੁਤ ਸਾਰੇ ਆਗੂ ਹਾਜ਼ਰ ਸਨ।
    ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸੰਦਰਭ ਵਿੱਚ ਕਰਤਾਰਪੁਰ ਦੀ ਮਹੱਤਤਾ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਉਮੀਦ ਪ੍ਰਗਟ ਕੀਤੀ ਕਿ ਕਰਤਾਰਪੁਰ ਲਾਂਘਾ ਸਮੇਂ ਸਿਰ ਤਿਆਰ ਹੋ ਜਾਵੇਗਾ।
    ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪੰਜਾਬ ਵਿੱਚ ਕਿੰਨੇ ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ ਹਨ ਤੇ ਕਿੰਨੀ ਕਣਕ ਖਰੀਦੀ ਗਈ ਹੈ, ਬਾਰੇ ਅੰਕੜੇ ਰੋਜ਼ਾਨਾ ਹਾਸਲ ਕਰਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਨੂੰ ਇਹ ਰਿਪੋਰਟ ਸਵੇਰੇ ਦਿੱਤੀ ਗਈ ਸੀ ਕਿ ਇੱਕ ਦਿਨ ਵਿੱਚ ਇੱਕ ਹਜ਼ਾਰ ਨੌਜਵਾਨ ਨੂੰ ਰੁਜ਼ਗਾਰ ਮਿਲਿਆ ਹੈ।

    ਸਿਰਸਾ - ‘ਸੋਸ਼ਲ ਮੀਡੀਆ ’ਤੇ ਇਨ੍ਹੀਂ ਦਿਨੀਂ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਗੁਰਮੀਤ ਰਾਮ ਰਹੀਮ ਦੀ ਤੁਲਨਾ ਗੁਰੂ ਗੋਬਿੰਦ ਸਿੰਘ ਨਾਲ ਅਤੇ ਹਨੀਪ੍ਰੀਤ ਦੀ ਤੁਲਨਾ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਨਾਲ ਕੀਤੀ ਜਾ ਰਹੀ ਹੈ। ਇਸ ਨਾਲ ਸਮੁੱਚੀ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਤੇ ਸੰਗਤ ਵਿਚ ਇਸ ਪ੍ਰਤੀ ਰੋਸ ਹੈ।’ ਇਹ ਗੱਲ ਅੱਜ ਸਰਬੱਤ ਖ਼ਾਲਸਾ ਵੱਲੋਂ ਥਾਪੇ ਗਏ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਦਸਵੀਂ ਪਾਤਸ਼ਾਹੀ ਗੁਰਦੁਆਰੇ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਹੀ। ਉਨ੍ਹਾਂ ਨੇ ਡੇਰਾ ਸਿਰਸਾ ਤੋਂ ਸਮਰਥਨ ਮੰਗਣ ਵਾਲੇ ਸਿਆਸੀ ਆਗੂਆਂ ਦੇ ਸੰਪੂਰਨ ਬਾਈਕਾਟ ਦੀ ਚਿਤਾਵਨੀ ਵੀ ਦਿੱਤੀ। ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਹਮੇਸ਼ਾ ਗੁਨਾਹਾਂ ਦਾ ਅੱਡਾ ਰਿਹਾ ਹੈ। ਜਬਰ-ਜਨਾਹ ਮਾਮਲੇ ਵਿਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸੁਨਾਰੀਆ ਜੇਲ੍ਹ ਵਿਚ ਸਜ਼ਾ ਕੱਟ ਰਿਹਾ ਹੈ ਅਤੇ ਉੱਥੇ ਹੀ ਸਿਆਸੀ ਸਰਗਰਮੀਆਂ ਚਲਾ ਰਿਹਾ ਹੈ। ਇਸ ’ਤੇ ਸਰਕਾਰ ਨੂੰ ਤੁਰੰਤ ਕਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਡੇਰਾ ਸਿਰਸਾ ਵਿਚ ਸਿਆਸੀ ਆਗੂਆਂ ਨੂੰ ਸਮਰਥਨ ਵਰਗੀਆਂ ਸਰਗਰਮੀਆਂ ਨਹੀਂ ਹੋਣੀਆਂ ਚਾਹੀਦੀਆਂ। ਉਨ੍ਹਾਂ ਨੇ ਸਿਆਸੀ ਆਗੂਆਂ ਨੂੰ ਚਿਤਾਵਨੀ ਦਿੱਤੀ ਕਿ ਜੋ ਵੀ ਸਿਆਸੀ ਆਗੂ ਡੇਰਾ ਸਿਰਸਾ ਤੋਂ ਸਮਰਥਨ ਲੈਣ ਜਾਵੇਗਾ, ਉਸ ਦਾ ਸੰਪੂਰਨ ਬਾਈਕਾਟ ਕੀਤਾ ਜਾਵੇਗਾ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਸਿੱਖ ਸਮਾਜ ਨੇ ਕਿਸੇ ਵੀ ਪਾਰਟੀ ਨੂੰ ਸਮਰਥਨ ਨਹੀਂ ਦਿੱਤਾ ਤੇ ਸਿੱਖ ਜਿਸ ਨੂੰ ਚਾਹੇ ਵੋਟਾਂ ਪਾ ਸਕਦੇ ਹਨ। ਉਨ੍ਹਾਂ ਸਿੱਖ ਸੰਗਤ ਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਡੇਰਾ ਸਿਰਸਾ ਵਿਚ ਜਾ ਕੇ ਵੋਟਾਂ ਮੰਗਣ ਵਾਲੇ ਕਿਸੇ ਵੀ ਉਮੀਦਵਾਰ ਨੂੰ 12 ਮਈ ਨੂੰ ਹਰਿਆਣਾ ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਵੋਟ ਨਾ ਦੇਣ।
    ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਚੇਅਰਮੈਨ ਰਾਮ ਸਿੰਘ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਤੇ ਗੁਰਮੀਤ ਰਾਮ ਰਹੀਮ ਉੱਤੇ ਬਲਜੀਤ ਸਿੰਘ ਦਾਦੂਵਾਲ ਵੱਲੋਂ ਲਾਏ ਗਏ ਸਾਰੇ ਇਲਜ਼ਾਮ ਝੂਠੇ ਹਨ। ਡੇਰਾ ਸਿਰਸਾ ਕਦੇ ਵੀ ਗੁਨਾਹਾਂ ਦਾ ਅੱਡਾ ਨਹੀਂ ਹੈ, ਸਗੋਂ ਇੱਥੇ ਮਨੁੱਖਤਾ ਦੀ ਭਲਾਈ ਦੇ ਕੰਮ ਹੁੰਦੇ ਹਨ। ਉਨ੍ਹਾਂ ਕਿਸੇ ਸਿਆਸੀ ਆਗੂ ਨੂੰ ਡੇਰੇ ਵਿਚ ਸਮਰਥਨ ਲਈ ਨਹੀਂ ਬੁਲਾਇਆ। ਗੁਰੂ ਗੋਬਿੰਦ ਸਿੰਘ ਨਾਲ ਤੁਲਨਾ ਵਾਲੀ ਵੀਡੀਓ ਦੀ ਉਨ੍ਹਾਂ ਨਿੰਦਾ ਕੀਤੀ।

    ਅੰਮ੍ਰਿਤਸਰ - ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਭਾਰਤ ਤੋਂ ਬਾਹਰ ਨੇਪਾਲ, ਬੰਗਲਾਦੇਸ਼ ਅਤੇ ਸ੍ਰੀਲੰਕਾ ਵਿਚ ਵੀ ਕਰਨ ਦੀ ਯੋਜਨਾ ਹੈ। ਇਸ ਤੋਂ ਇਲਾਵਾ ਪਾਕਿਸਤਾਨ ਵਿਚ ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਦੇ ਨਾਂ ’ਤੇ ਉਸਾਰੀ ਜਾਣ ਵਾਲੀ ਯੂਨੀਵਰਸਿਟੀ ਲਈ ਸ਼੍ਰੋਮਣੀ ਕਮੇਟੀ ਨੇ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ ਹੈ। ਇਹ ਖੁਲਾਸਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤਾ ਹੈ।
    ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿਚ ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਮਗਰੋਂ ਸ੍ਰੀ ਲੌਂਗੋਵਾਲ ਨੇ ਦੱਸਿਆ ਕਿ ਪਾਕਿਸਤਾਨ ਵਿਚ ਲਹਿੰਦੇ ਪੰਜਾਬ ਦੀ ਸਰਕਾਰ ਵੱਲੋਂ 60 ਏਕੜ ਜ਼ਮੀਨ ਗੁਰੂ ਨਾਨਕ ਦੇਵ ਦੇ ਨਾਂ ’ਤੇ ਬਣਨ ਵਾਲੀ ਯੂਨੀਵਰਸਿਟੀ ਲਈ ਦਿੱਤੀ ਗਈ ਹੈ। ਇਹ ਜ਼ਮੀਨ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਹੈ। ਉਨ੍ਹਾਂ ਨੇ ਲਹਿੰਦੇ ਪੰਜਾਬ ਦੀ ਸਰਕਾਰ ਦੇ ਇਸ ਉਪਰਾਲੇ ਦਾ ਧੰਨਵਾਦ ਕਰਦਿਆਂ ਆਖਿਆ ਕਿ ਜੇ ਯੂਨੀਵਰਸਿਟੀ ਦੀ ਉਸਾਰੀ ਜਾਂ ਸ਼ੁਰੂਆਤ ਵੇਲੇ ਉਨ੍ਹਾਂ ਨੂੰ ਕਿਸੇ ਮੱਦਦ ਦੀ ਲੋੜ ਹੋਵੇਗੀ ਤਾਂ ਸ਼੍ਰੋਮਣੀ ਕਮੇਟੀ ਇਹ ਮੱਦਦ ਮੁਹੱਈਆ ਕਰਨ ਲਈ ਤਿਆਰ ਹੈ। ਪਾਕਿਸਤਾਨ ਵਿਚ 550 ਸਾਲਾ ਪ੍ਰਕਾਸ਼ ਪੁਰਬ ਇਕੱਠਿਆਂ ਮਨਾਉਣ ਸਬੰਧੀ ਫਿਲਹਾਲ ਕੋਈ ਪ੍ਰੋਗਰਾਮ ਨਹੀਂ ਬਣਿਆ। ਉਨ੍ਹਾਂ ਆਖਿਆ ਕਿ ਦੇਸ਼ ਵਿਚ ਨਵੀਂ ਸਰਕਾਰ ਬਣਨ ਮਗਰੋਂ ਇਸ ਸਬੰਧੀ ਯਤਨ ਸ਼ੁਰੂ ਕੀਤੇ ਜਾਣਗੇ।
    ਭਾਈ ਲੌਂਗੋਵਾਲ ਨੇ ਦੱਸਿਆ ਕਿ 550 ਸਾਲਾ ਪ੍ਰਕਾਸ਼ ਪੁਰਬ ਦੇਸ਼ ਤੋਂ ਇਲਾਵਾ ਨੇਪਾਲ, ਬੰਗਲਾਦੇਸ਼ ਅਤੇ ਸ੍ਰੀਲੰਕਾ ਵਿਚ ਵੀ ਮਨਾਉਣ ਦੀ ਯੋਜਨਾ ਹੈ। ਇਨ੍ਹਾਂ ਮੁਲਕਾਂ ਵਿਚ ਇਸ ਸਬੰਧੀ ਸੈਮੀਨਾਰ ਅਤੇ ਸਮਾਗਮ ਕੀਤੇ ਜਾਣਗੇ। ਇਸ ਸਬੰਧੀ ਜ਼ਿੰਮੇਵਾਰੀ ਸਾਬਕਾ ਉਪ ਕੁਲਪਤੀ ਡਾ. ਜਸਪਾਲ ਸਿੰਘ ਨੂੰ ਸੌਂਪੀ ਗਈ ਹੈ, ਜੋ ਤਰੀਕ ਅਤੇ ਜਗ੍ਹਾ ਬਾਰੇ ਫ਼ੈਸਲਾ ਕਰਨਗੇ।
    ਡਾ. ਰੂਪ ਸਿੰਘ ਨੇ ਸੁਲਤਾਨਪੁਰ ਲੋਧੀ ਵਿਚ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਉਸਾਰੇ ਜਾ ਰਹੇ ਮੂਲ ਮੰਤਰ ਅਸਥਾਨ ਬਾਰੇ ਦੱਸਿਆ ਕਿ ਇਸ ਇਮਾਰਤ ਨੂੰ ਵੇਈਂ ਨਾਲ ਜੋੜਿਆ ਗਿਆ ਹੈ। ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਜੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਪ੍ਰਚਾਰ ਲਈ ਆਖਿਆ ਗਿਆ ਤਾਂ ਉਹ ਇਸ ਬਾਰੇ ਵਿਚਾਰ ਕਰਨਗੇ ਪਰ ਫ਼ਿਲਹਾਲ ਪਾਰਟੀ ਨੇ ਇਸ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਕਿਹਾ।

    ਫ਼ਰੀਦਕੋਟ - ਬਹਿਬਲ ਕਾਂਡ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੋਗਾ ਦੇ ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ ਨੂੰ ਪਟਿਆਲਾ ਜੇਲ੍ਹ ਦੇ ਅਧਿਕਾਰੀਆਂ ਨੇ ਇੱਥੇ ਇਲਾਕਾ ਮੈਜਿਸਟਰੇਟ ਚੇਤਨ ਸ਼ਰਮਾ ਦੀ ਅਦਾਲਤ ਵਿੱਚ ਪੇਸ਼ ਕੀਤਾ। ਚਲਾਨ ਪੇਸ਼ ਹੋਣ ਤੋਂ ਬਾਅਦ ਚਰਨਜੀਤ ਸ਼ਰਮਾ ਪਹਿਲੀ ਵਾਰ ਅਦਾਲਤ ’ਚ ਪੇਸ਼ ਹੋਏ। ਅਦਾਲਤ ਨੇ ਚਲਾਨ ਦੀਆਂ ਨਕਲਾਂ ਚਰਨਜੀਤ ਸ਼ਰਮਾ ਨੂੰ ਸੌਂਪ ਦਿੱਤੀਆਂ ਹਨ। ਚਰਨਜੀਤ ਸ਼ਰਮਾ ਅਤੇ ਉਸ ਦੇ ਵਕੀਲਾਂ ਨੇ ਜਾਂਚ ਟੀਮ ਵੱਲੋਂ ਪੇਸ਼ ਕੀਤੇ ਗਏ ਚਲਾਨ ਪੜ੍ਹਨ ਲਈ ਕੁਝ ਸਮਾਂ ਮੰਗਿਆ ਹੈ। ਅਦਾਲਤ ਨੇ ਇਸ ਤੋਂ ਬਾਅਦ ਮਾਮਲੇ ਦੀ ਸੁਣਵਾਈ 14 ਮਈ ਤੱਕ ਮੁਲਤਵੀ ਕਰ ਦਿੱਤੀ। ਬਹਿਬਲ ਕਾਂਡ ਦੌਰਾਨ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਨਾਮ ਦੇ ਦੋ ਨੌਜਵਾਨਾਂ ਦੀ ਪੁਲੀਸ ਦੀ ਗੋਲੀ ਨਾਲ ਮੌਤ ਹੋ ਗਈ ਹੈ। ਬਾਜਾਖਾਨਾ ਪੁਲੀਸ ਨੇ 21 ਅਕਤੂਬਰ 2015 ਨੂੰ ਆਈਪੀਸੀ ਦੀ ਧਾਰਾ 302, 307, 120-ਬੀ, 201 ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਵਿਸ਼ੇਸ਼ ਜਾਂਚ ਟੀਮ ਨੇ ਇਸ ਮਾਮਲੇ ਵਿੱਚ 27 ਜਨਵਰੀ ਨੂੰ ਚਰਨਜੀਤ ਸ਼ਰਮਾ ਨੂੰ ਹੁਸ਼ਿਆਰਪੁਰ ਤੋਂ ਗ੍ਰਿਫ਼ਤਾਰ ਕੀਤਾ ਸੀ। ਚਰਨਜੀਤ ਸ਼ਰਮਾ ਨੇ ਕਿਹਾ ਕਿ ਉਸ ਨੂੰ ਇਸ ਮਾਮਲੇ ਵਿੱਚ ਝੂਠਾ ਫਸਾਇਆ ਗਿਆ ਹੈ ਅਤੇ ਉਸ ਦਾ ਬਹਿਬਲ ਵਿਖੇ ਵਾਪਰੇ ਸਮੁੱਚੇ ਹਾਦਸੇ ਵਿੱਚ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ।

    ਅੰਮਿ੍ਤਸਰ - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸੰਸਾਰ ਭਰ 'ਚ ਵਸਦੇ ਸਿੱਖ ਜਗਤ ਨੂੰ ਅਪੀਲ ਕੀਤੀ ਹੈ ਕਿ ਸਿੱਖ ਧਰਮ ਦੇ ਕੇਂਦਰੀ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦਾ ਨਾਂਅ ਗੋਲਡਨ ਟੈਂਪਲ ਦੀ ਥਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਹੀ ਲਿਆ ਜਾਂ ਲਿਖਿਆ ਜਾਵੇ | ਬੀਤੇ ਦਿਨੀਂ ਰਾਸ਼ਟਰੀ ਰਾਜਮਾਰਗ ਅਥਾਰਿਟੀ ਵਲੋਂ ਅੰਮਿ੍ਤਸਰ ਦੇ ਮਜੀਠਾ ਰੋਡ ਬਾਈਪਾਸ 'ਤੇ ਲੱਗੇ ਇਕ ਦਿਸ਼ਾ ਸੂਚਕ ਬੋਰਡ 'ਚ ਸ੍ਰੀ ਹਰਿਮੰਦਰ ਸਾਹਿਬ ਦਾ ਨਾਂਅ ਸੁਨਹਿਰੀ ਮੰਦਰ ਵਜੋਂ ਲਿਖੇ ਜਾਣ 'ਤੇ ਪ੍ਰਤੀਕਰਮ ਕਰਦਿਆਂ ਸਿੰਘ ਸਾਹਿਬ ਨੇ ਕਿਹਾ
    ਕਿ ਸਬੰਧਿਤ ਵਿਭਾਗ ਵਲੋਂ ਅਜਿਹਾ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਈ ਗਈ ਹੈ | ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਕੋਈ ਮੰਦਰ ਨਹੀਂ, ਇਹ ਤਾਂ ਸਿੱਖਾਂ ਦਾ ਪਾਵਨ ਸਰਵਉੱਚ ਧਾਰਮਿਕ ਅਸਥਾਨ ਹੈ | ਉਨ੍ਹਾਂ ਸਮੁੱਚੇ ਸਿੱਖ ਜਗਤ ਨੂੰ ਇਸ 'ਤੇ ਅਮਲ ਕਰਨ ਦੀ ਅਪੀਲ ਕੀਤੀ |

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com