ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਸ੍ਰੀ ਗੋਇੰਦਵਾਲ ਸਾਹਿਬ - ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪਿੰਡ ਕੰਗ ਮੱਸਾ ਸਿੰਘ ਦੇ ਗ੍ਰਹਿ ਵਿਖੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਵਧ ਤੋਂ ਵਧ ਵੋਟਾਂ ਪਾ ਕੇ ਕਾਮਯਾਬ ਕਰਨ ਲਈ ਅਪੀਲ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਬ੍ਰਹਮਪੁਰਾ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਆਪਣੇ ਨਿੱਜੀ ਸਵਾਰਥਾਂ ਲਈ ਪੰਜਾਬ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਜਦ ਕੇਂਦਰ ਸਰਕਾਰ ਵਿਚ ਭਾਈਵਾਲੀ ਦਾ ਆਨੰਦ ਮਾਣ ਰਹੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਦੀ ਵੀ ਪੰਜਾਬ ਲਈ ਚੰਡੀਗੜ੍ਹ ਦੀ ਮੰਗ ਨਹੀਂ ਕੀਤੀ ਅਤੇ ਨਾ ਹੀ ਕਿਸਾਨਾਂ ਨੂੰ ਕੇਂਦਰ ਸਰਕਾਰ ਤੋਂ ਕੋਈ ਵਿਸ਼ੇਸ਼ ਰਾਹਤ ਦਿਵਾਈ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਬਾਦਲ ਪਰਿਵਾਰ ਆਰਐੱਸਐੱਸ ਦੇ ਗੁਲਾਮ ਹੈ ਜੋ ਕਿ ਬਹੁਤ ਸ਼ਰਮਨਾਕ ਗੱਲ ਹੈ। ਉਨ੍ਹਾਂ ਕਿਹਾ ਕਿ ਅੱਜ ਕਿਸਾਨਾਂ ਦੀ ਮੰਦੀ ਹਾਲਤ ਲਈ ਸਿਰਫ਼ ਅਕਾਲੀ-ਭਾਜਪਾ ਸਰਕਾਰ ਜਿੰਮੇਵਾਰ ਹੈ ਕਿਉਂਕਿ ਕੇਂਦਰ ਵਿਚ ਵਜ਼ੀਰ ਹੋਣ ਦੇ ਬਾਵਜੂਦ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਦੀ ਭਲਾਈ ਲਈ ਇੱਕ ਵੀ ਕੰਮ ਨਹੀਂ ਕੀਤਾ। ਉਨ੍ਹਾਂ ਦੋਸ਼ ਲਾਉਂਦਿਆ ਕਿਹਾ ਕਿ ਬਾਦਲ ਪਰਿਵਾਰ ਹੀ ਬਹਿਬਲ ਕਲਾਂ ਅਤੇ ਬਰਗਾੜੀ ਗੋਲੀ ਕਾਂਡ ਲਈ ਜ਼ਿੰਮੇਵਾਰ ਹੈ ਜਿਨ੍ਹਾਂ ਨੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਦੋ ਨਿਹਥੇ ਸਿੰਘਾਂ ’ਤੇ ਗੋਲੀਆਂ ਚਲਵਾਈਆਂ ਅਤੇ ਕਈਆਂ ਨੂੰ ਜ਼ਖਮੀ ਕਰ ਦਿੱਤਾ ਪਰ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਆਪਣੇ ਰਾਜ ਦੌਰਾਨ ਬਾਦਲਾਂ ਦੇ ਬਚਾਅ ਵਜੋਂ ਕੰਮ ਕਰ ਰਹੇ ਹਨ ਜੋ ਪੰਜਾਬ ਦੇ ਲੋਕਾਂ ਨਾਲ ਧੋਖਾ ਹੈ। ਇਸ ਮੌਕੇ ਸਰਵਣ ਸਿੰਘ ਸਾਬਕਾ ਮੈਬਰ ਪੰਚਾਇਤ, ਤਰਸੇਮ ਸਿੰਘ ਫੋਜ਼ੀ, ਬਾਬਾ ਮੰਗਲ ਸਿੰਘ, ਹਰਦਿਆਲ ਸਿੰਘ ਸਾਬਕਾ ਮੈਂਬਰ ਪੰਚਾਇਤ, ਕੁਲਵੰਤ ਸਿੰਘ ਕੰਗ ਥੇਹ, ਬਲਦੇਵ ਸਿੰਘ ਪ੍ਰਧਾਨ ਨਿਹੰਗ ਸਿੰਘ ਬੱਗਾ, ਪਿਆਰਾ ਸਿੰਘ, ਦਾਰਾ ਸਿੰਘ, ਦਿਆਲ ਸਿੰਘ, ਤੇਜਿੰਦਰ ਪਾਲ ਸਿੰਘ, ਡਾ:ਹਰਜੀਤ ਸਿੰਘ, ਗੁਰਦਿਆਲ ਸਿੰਘ, ਅਵਤਾਰ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

    ਨਵੀਂ ਦਿੱਲੀ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਤ੍ਰਿਲੋਕਪੁਰੀ ਕਤਲੇਆਮ ਦੇ ਦੋਸ਼ੀਆਂ ਦੇ ਬਰੀ ਹੋਣ ਮਗਰੋਂ ਆ ਰਹੀਆਂ ਸਿੱਖ ਆਗੂਆਂ ਦੀਆਂ ਪ੍ਰਤਿਕਿਰਿਆਵਾਂ ’ਤੇ ਅਫਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਹੈ ਕਿ ਅਜਿਹੇ ਮੁੱਦੇ ਉਪਰ ਸਿਆਸਤ ਕਰਨੀ ਜਾਂ ਅਖਬਾਰਾਂ ਵਿੱਚ ਤਸਵੀਰਾਂ ਛਪਵਾਉਣ ਲਈ ਗਲਤ ਬਿਆਨਬਾਜ਼ੀ ਕਰਨੀ ਛੋਟੀ ਸੋਚ ਨੂੰ ਦਰਸਾਉਂਦਾ ਹੈ ਸ੍ਰੀ ਸਿਰਸਾ ਨੇ ਨਿਰਪ੍ਰੀਤ ਕੌਰ, ਮਨਜੀਤ ਸਿੰਘ ਜੀਕੇ ਅਤੇ ਕੁੱਝ ਹੋਰ ਨੇਤਾਵਾਂ ਵੱਲੋਂ ਤ੍ਰਿਲੋਕਪੁਰੀ ਕਤਲੇਆਮ ਵਿੱਚ ਸੁਪਰੀਮ ਕੋਰਟ ਵੱਲੋਂ ਦੋਸ਼ੀਆਂ ਨੂੰ ਬਰੀ ਕੀਤੇ ਜਾਣ ਉਪਰ ਪ੍ਰਤੀਕਿਰਿਆ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਪਰ ਉਂਗਲੀ ਉਠਾਏ ਜਾਣ ਦਾ ਸਖਤ ਨੋਟਿਸ ਲਿਆ ਹੈ। ਦਿੱਲੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਦਿੱਲੀ ਸਰਕਾਰ ਦੇ ਵਕੀਲਾਂ ਵੱਲੋਂ ਦੋਸ਼ੀਆਂ ਵਿਰੁਧ ਕੇਸ ਲੜਿਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਨਿਰਪ੍ਰੀਤ ਕੌਰ ਅਤੇ ਦੂਜੇ ਨੇਤਾ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਦੀ ਨਾਕਾਮੀ ਨੂੰ ਛੁਪਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਮਾਮਲੇ ਵਿੱਚ ਜ਼ਿੰਮੇਵਾਰ ਠਹਿਰਾ ਰਹੇ ਹਨ, ਜੋ ਕਿ ਗੈਰ ਜ਼ਿੰਮੇਵਾਰਾਨਾ ਬਿਆਨਬਾਜ਼ੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੰਗਿਆ ਦੇ ਪੀੜਤਾਂ ਦੇ ਕੇਸ ਲੜਨ ਲਈ ਅਤੇ ਉਨ੍ਹਾਂ ਦੀਆਂ ਆਰਥਿਕ ਲੋੜਾਂ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿੰਮੇਵਾਰੀ ਨਾਲ ਪੈਸਾ ਖਰਚ ਰਹੀ ਹੈ ਤੇ ਜੋ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ ਉਹ ਨਿਰਪ੍ਰੀਤ ਰਾਹੀ ਹੀ ਖਰਚ ਕੀਤੇ ਜਾ ਰਹੇ ਹਨ। ਦਿੱਲੀ ਕਮੇਟੀ ਆਗੂ ਨੇ ਨਿਰਪ੍ਰੀਤ ਕੌਰ ਨੂੰ ਸਵਾਲ ਕਰਦਿਆਂ ਕਿਹਾ ਹੈ ਕਿ ਉਹ ਇਹ ਸਮਝਾਉਣ ਕਿ ਦਿੱਲੀ ਕਮੇਟੀ ਨੇ ਦਿੱਲੀ ਦੰਗਿਆਂ ਦੇ ਕੇਸ ਲੜਨ ਸਮੇਂ ਜਾਂ ਪੀੜਤਾਂ ਤੇ ਗਵਾਹਾਂ ਦੀ ਮਦਦ ਕਰਨ ਵਿੱਚ ਕਦੋਂ ਲਾਪ੍ਰਵਾਹੀ ਦਿਖਾਈ ਹੈ ਜਦੋਂਕਿ ਪੀੜਤਾਂ ਤੇ ਗਵਾਹਾਂ ਦੀ ਆਰਥਿਕ ਮਦਦ ਲਈ ਕਰੋੜਾਂ ਰੁਪਏ ਬੀਬੀ ਦੇ ਹੱਥੋਂ ਹੀ ਦਿਵਾਉਂਦੇ ਰਹੇ ਹਾਂ। ਸ੍ਰੀ ਸਿਰਸਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੂੰ ਵੀ ਕਰੜੇ ਹੱਥੀ ਲੈਂਦਿਆਂ ਕਿਹਾ ਹੈ ਕਿ ਉਹ ਦੱਸਣ ਅਗਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮਾਮਲੇ ਵਿੱਚ ਲਾਪ੍ਰਵਾਹੀ ਦਿਖਾਈ ਹੈ ਤਾਂ ਫਿਰ ਉਹ ਇਸ ਜ਼ਿੰਮੇਵਾਰੀ ਤੋਂ ਕਿਵੇਂ ਭੱਜ ਸਕਦੇ ਹਨ। ਉਨ੍ਹਾਂ ਕਿਹਾ ਕਿ ਉਸ ਨੇ ਤਾਂ ਅਜੇ ਥੋੜ੍ਹੇ ਸਮੇਂ ਤੋਂ ਸੇਵਾ ਸੰਭਾਲੀ ਹੈ। ਦਿੱਲੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿਆਸੀ ਸ਼ੌਹਰਤ ਖੱਟਣ ਲਈ ਬਿਆਨਬਾਜ਼ੀ ਕਰਨ ਵਾਲੇ ਲੋਕ ਭੁੱਲ ਰਹੇ ਹਨ ਕਿ ਜਦੋਂ ਹੇਠਲੀ ਅਦਾਲਤ ਨੇ 88 ਨੂੰ ਅਤੇ ਹਾਈ ਕੋਰਟ ਦੇ 70 ਲੋਕਾਂ ਨੂੰ ਸਜ਼ਾ ਸੁਣਾਈ ਸੀ, ਉਦੋਂ ਵੀ ਤਾਂ ਇਹੀ ਦਿੱਲੀ ਕਮੇਟੀ ਪੈਰਵੀ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਸਾਡੇ ਕਾਨੂੰਨੀ ਮਾਹਿਰ ਫੈਸਲੇ ਦਾ ਅਧਿਐਨ ਕਰਕੇ ਸੁਪਰੀਮ ਕੋਰਟ ਅੰਦਰ ਸਮੀਖਿਆ ਪਟੀਸ਼ਨ ਦਾਇਰ ਕਰ ਰਹੇ ਹਨ। ਸਿਰਸਾ ਨੇ ਇਨ੍ਹਾਂ ਸਿੱਖ ਆਗੂਆਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਇਸ ਅਤਿ ਗੰਭੀਰ ਮਸਲੇ ’ਤੇ ਸਿਆਸਤ ਨਾ ਕੀਤੀ ਜਾਵੇ ਸਗੋਂ ਇਕਜੁੱਟ ਹੋ ਕੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਬਾਰੇ ਸੋਚਿਆ ਜਾਵੇ।

    ਨਵੀਂ ਦਿੱਲੀ - ਸੁਪਰੀਮ ਕੋਰਟ ਨੇ 1984 ਦੇ ਸਿੱਖ ਕਤਲੇਆਮ ਮਾਮਲੇ ਵਿਚ 15 ਲੋਕਾਂ ਨੂੰ ਬਰੀ ਕਰ ਦਿੱਤਾ ਹੈ। ਇਹ ਮਾਮਲਾ ਦਿੱਲੀ ਦੇ ਤ੍ਰਿਲੋਕਪੁਰੀ ਨਾਲ ਜੁੜਿਆ ਹੋਇਆ ਹੈ। ਦਿੱਲੀ ਹਾਈ ਕੋਰਟ ਨੇ ਪਿਛਲੇ ਸਾਲ ਨਵੰਬਰ ਵਿਚ ਸਜਾ ਨੂੰ ਬਰਕਰਾਰ ਰੱਖਿਆ ਸੀ। ਹੁਣ ਇਸ ਕੇਸ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਆਖਿਆ ਹੈ ਕਿ ਇਨ੍ਹਾਂ ਲੋਕਾਂ ਖ਼ਿਲਾਫ਼ ਕੋਈ ਸਬੂਤ ਨਹੀਂ ਸਨ।
    ਉੱਚ ਅਦਾਲਤ ਨੇ ਕਿਹਾ ਕਿ ਪੁਲਿਸ ਖ਼ੁਦ ਮੰਨ ਰਹੀ ਹੈ ਕਿ ਦੰਗਿਆਂ ਵਿਚ ਇਨ੍ਹਾਂ ਲੋਕਾਂ ਨੂੰ ਕਿਸੇ ਨੇ ਨਹੀਂ ਵੇਖਿਆ ਸੀ ਤੇ ਨਾ ਹੀ ਕਿਸੇ ਨੇ ਇਨ੍ਹਾਂ ਦੀ ਪਛਾਣ ਕੀਤੀ ਹੈ। ਅਜਿਹੇ ਵਿਚ ਸਵਾਲ ਉੱਠਦਾ ਹੈ ਕਿ ਹਾਈਕੋਰਟ ਨੇ ਇਨ੍ਹਾਂ ਨੂੰ ਸਜਾ ਕਿਵੇਂ ਦੇ ਦਿੱਤੀ। ਦੱਸ ਦਈਏ ਕਿ ਹਾਈਕੋਰਟ ਨੇ ਪੂਰਬੀ ਦਿੱਲੀ ਦੇ ਤ੍ਰਿਲੋਕਪੁਰੀ ਵਿਚ ਅਗਜਨੀ ਕਰਨ ਤੇ ਸਿੱਖਾਂ ਵਿਰੁੱਧ ਦੰਗੇ ਭੜਕਾਉਣ ਦੇ ਮਾਮਲੇ ਵਿਚ ਇਨ੍ਹਾਂ ਲੋਕਾਂ ਨੂੰ ਦੋਸ਼ੀ ਠਹਿਰਾਇਆ ਸੀ। ਹੁਣ ਇਨ੍ਹਾਂ ਖ਼ਿਲਾਫ਼ ਸਬੂਤ ਨਾ ਹੋਣ ਕਾਰਨ ਉੱਚ ਅਦਾਲਤ ਨੇ ਇਨ੍ਹਾਂ 15 ਲੋਕਾਂ ਨੂੰ ਬਰੀ ਕਰ ਦਿੱਤਾ ਹੈ।
    ਦਿੱਲੀ ਹਾਈਕੋਰਟ ਨੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਤਕਰੀਬਨ 83 ਲੋਕਾਂ ਨੂੰ ਦੋਸ਼ੀ ਠਹਿਰਾਇਆ ਸੀ ਤੇ 5 ਸਾਲ ਜੇਲ੍ਹ ਦੀ ਸਜਾ ਸੁਣਾਉਣ ਦੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਸੀ। ਦੋਸ਼ੀਆਂ ਨੇ ਇਸ ਫੈਸਲੇ ਖ਼ਿਲਾਫ਼ ਹਾਈ ਕੋਰਟ ਵਿਚ ਅਪੀਲ ਕੀਤੀ ਸੀ। ਹਾਈਕੋਰਟ ਨੇ ਇਨ੍ਹਾਂ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਸੀ ਤੇ 4 ਹਫਤਿਆਂ ਵਿਚ ਆਤਮਸਮਰਪਣ ਕਰਨ ਦੇ ਹੁਕਮ ਦਿੱਤੇ ਸਨ। ਬਾਅਦ ਵਿਚ ਇਸ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਗਈ ਸੀ।

    ਸਿਨਸਿਨਾਟੀ : ਅਮਰੀਕਾ ਦੇ ਸਿਨਸਿਨਾਟੀ ਵਿਚ ਇੱਕ ਸਿੱਖ ਪਰਿਵਾਰ ਦੇ 4 ਮੈਂਬਰਾਂ ਦੀ ਗੋਲੀਆਂ ਮਾਰਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਘਟਨਾ ਤੋਂ ਬਾਅਦ ਸਿੱਖ ਭਾਈਚਾਰੇ ਵਿਚ ਸ਼ੋਕ ਦੀ ਲਹਿਰ ਫੈਲ ਗਈ ਹੈ।ਓਥੇ ਐਤਵਾਰ ਦੀ ਰਾਤ ਨੂੰ ਇੱਕ ਪਰਿਵਾਰ ਦੇ 4 ਮੈਂਬਰਾਂ ਦਾ ਗੋਲੀ ਮਾਰਕੇ ਕਤਲ ਕਰ ਦਿੱਤਾ ਗਿਆ ਹੈ।ਮ੍ਰਿਤਕਾਂ ਵਿਚ 3 ਔਰਤਾਂ ਅਤੇ ਇੱਕ ਵਿਅਕਤੀ ਸ਼ਾਮਲ ਹੈ।
    ਇਸ ਸਬੰਧੀ ਵੇਸਟ ਚੇਸਟਰ ਪੁਲਿਸ ਨੇ ਦੱਸਿਆ ਹੈ ਕਿ ਕਿਸੇ ਵਿਅਕਤੀ ਨੇ ਉਨ੍ਹਾਂ ਨੂੰ ਫ਼ੋਨ ਕਰਕੇ ਇਸ ਘਟਨਾ ਸਬੰਧੀ ਜਾਣਕਾਰੀ ਦਿੱਤੀ ਸੀ।ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਉਤਰੀ ਸਿਨਸਿਨਾਟੀ ਵਿਚ ਸਥਿਤ ਕੰਪਲੈਕਸ ਵਿਚ ਪਹੁੰਚੀ ਤਾਂ ਇਕ ਸਿੱਖ ਪਰਿਵਾਰ ਦੇ 4 ਮੈਂਬਰਾਂ ਦੀਆਂ ਲਾਸ਼ਾਂ ਫਰਸ ਉਤੇ ਪਈਆਂ ਸਨ।
    ਇਸ ਮਾਮਲੇ ਸਬੰਧੀ ਪੁਲਿਸ ਵੱਲੋਂ ਗੁਆਢੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।ਜਦੋਂ ਇਹ ਘਟਨਾ ਵਾਪਰੀ ਤਾਂ ਉਸ ਸਮੇਂ ਪਰਿਵਾਰ ਰਾਤ ਦੇ ਖਾਣੇ ਦੀ ਤਿਆਰੀ ਕਰ ਰਿਹਾ ਸੀ।

    ਅੰਮ੍ਰਿਤਸਰ - ਜਗਤਾਰ ਸਿੰਘ ਹਵਾਰਾ ਵੱਲੋਂ ਬਣਾਈ ਗਈ 12 ਮੈਂਬਰੀ ਕਮੇਟੀ ਨੇ ਚੋਣਾਂ ਤੋਂ ਪਹਿਲਾਂ 12 ਮਈ ਨੂੰ ਬਠਿੰਡਾ ਹਲਕੇ ਵਿਚ ਬੇਅਦਬੀ ਤੇ ਬਰਗਾੜੀ ਮੁੱਦਿਆਂ ’ਤੇ ਖ਼ਾਲਸਈ ਮਾਰਚ ਕੱਢਣ ਦਾ ਐਲਾਨ ਕੀਤਾ ਹੈ। ਇਸ ਸਬੰਧੀ 12 ਮੈਂਬਰੀ ਕਮੇਟੀ ਦੀ ਮੀਟਿੰਗ ਰਣਜੀਤ ਐਵੇਨਿਊ ਸਥਿਤ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਖੇ ਹੋਈ, ਜਿਸ ਵਿਚ ਮੋਰਚੇ ਵੱਲੋਂ ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ।
    ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਮੈਂਬਰ ਪ੍ਰੋ. ਬਲਜਿੰਦਰ ਸਿੰਘ ਨੇ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿਚ 12 ਮਈ ਨੂੰ ਬਠਿੰਡਾ ਦੇ ਗੁਰਦੁਆਰਾ ਗੁਰੂਸਰ ਤੋਂ ਬਠਿੰਡਾ ਦੀਆਂ ਸੜਕਾਂ ’ਤੇ ਖ਼ਾਲਸਈ ਮਾਰਚ ਕੱਢਿਆ ਜਾਵੇਗਾ। ਮਾਰਚ ਵਿਚ ਸ਼ਾਮਲ ਵਿਅਕਤੀ ਬਸੰਤੀ ਰੰਗ ਦੀਆਂ ਦਸਤਾਰਾਂ ਸਜਾਉਣਗੇ ਅਤੇ ਖ਼ਾਲਸਈ ਝੰਡੇ ਲੈ ਕੇ ਚੱਲਣਗੇ।
    ਇਸ ਮਾਰਚ ਵਿਚ ਬਰਗਾੜੀ ਇਨਸਾਫ਼ ਮੋਰਚੇ ਦੀਆਂ ਮੰਗਾਂ ਤੇ ਬਾਦਲ ਪਰਿਵਾਰ ਦਾ ਕੱਚਾ ਚਿੱਠਾ ਲੋਕਾਂ ਸਾਹਮਣੇ ਖੋਲ੍ਹਿਆ ਜਾਵੇਗਾ। ਕਮੇਟੀ ਮੈਂਬਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਬਰਗਾੜੀ ਮੋਰਚੇ ਦੇ ਮੰਚ ਤੋਂ ਕੀਤੇ ਗਏ ਵਾਅਦੇ ਤੋਂ ਮੁੱਕਰ ਚੁੱਕੀ ਹੈ। ਸਰਕਾਰ ਨੇ ਨਾ ਤਾਂ ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਦੀ ਰਿਹਾਈ ਕੀਤੀ ਹੈ ਅਤੇ ਨਾ ਹੀ ਪੰਜਾਬ ਤੋਂ ਬਾਹਰ ਦੇ ਸੂਬਿਆਂ ਦੀਆਂ ਜੇਲ੍ਹਾਂ ਵਿਚ ਬੰਦ ਸਿੱਖਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿਚ ਤਬਦੀਲ ਕੀਤਾ ਹੈ।
    ਬਹਿਬਲ ਕਲਾਂ ਗੋਲੀ ਕਾਂਡ ਦੇ ਮੁਲਜ਼ਮਾਂ ਨੂੰ ਅਜੇ ਤਕ ਕਟਹਿਰੇ ਵਿਚ ਖੜ੍ਹਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀਆਂ ਜ਼ਮਾਨਤਾਂ ਹੋ ਰਹੀਆਂ ਹਨ। ਉਨ੍ਹਾਂ ਨੇ ਪੰਥਕ ਜਥੇਬੰਦੀਆਂ, ਬੁੱਧੀਜੀਵੀਆਂ ਤੇ ਨਿਆਂ ਪਸੰਦ ਲੋਕਾਂ ਨੂੰ 12 ਮਈ ਦੇ ਮਾਰਚ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।

    ਚੰਡੀਗੜ੍ਹ - ਚੰਡੀਗੜ੍ਹ ਦੀਆਂ ਵੱਖ-ਵੱਖ ਸਿੱਖ, ਸਿਆਸੀ ਅਤੇ ਸਮਾਜਿਕ ਜੱਥੇਬੰਦੀਆਂ ਨੇ ਕਾਂਗਰਸੀ ਉਮੀਦਵਾਰ ਪਵਨ ਕੁਮਾਰ ਬਾਂਸਲ ਨੂੰ ਯੂਥ ਸਿੱਖ ਆਗੂ ਅਤੇ ਚੰਡੀਗੜ੍ਹ ਗੁਰਦੁਆਰਾ ਅਸਥਾਪਨ ਕਮੇਟੀ ਦੇ ਜਨਰਲ ਸਕੱਤਰ ਗੁਰਜੋਤ ਸਿੰਘ ਸਾਹਨੀ ਦੀ ਰਿਹਾਇਸ਼ ਸੈਕਟਰ-18 ਵਿੱਚ ਕਰਵਾਏ ਇਕੱਠ ਵਿੱਚ ਉਚੇਰੇ ਤੌਰ ’ਤੇ ਸੱਦਿਆ। ਇਸ ਮੌਕੇ ਪੰਜਾਬੀਆਂ ਅਤੇ ਸਿੱਖ ਮਸਲਿਆਂ ਨੂੰ ਗੰਭੀਰਤਾ ਨਾਲ ਉਠਾਇਆ ਗਿਆ।
    ਇਸ ਮੌਕੇ ਸ੍ਰੀ ਸਾਹਨੀ ਨੇ ਚੰਡੀਗੜ੍ਹ ਵਿੱਚਲੇ ਸਿੱਖਾਂ ਦੇ ਮਸਲਿਆਂ ਬਾਰੇ ਸ੍ਰੀ ਬਾਂਸਲ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਦਿੱਲੀ ਦੀ ਤਰਜ਼ ’ਤੇ ਸਿੱਖ ਘੱਟ ਗਿਣਤੀ ਕਮਿਸ਼ਨ ਕਾਇਮ ਕੀਤਾ ਜਾਵੇ ਤਾਂ ਜੋ ਸਿੱਖ ਮਸਲਿਆਂ ਨੂੰ ਇਸ ਕਮਿਸ਼ਨ ਰਾਹੀਂ ਹੱਲ ਕਰਵਾਇਆ ਜਾ ਸਕੇ। ਆਗੂਆਂ ਨੇ ਕਿਹਾ ਕਿ ਯੂਟੀ ਪ੍ਰਸ਼ਾਸਨ ਅਕਸਰ ਸਿੱਖ ਭਾਈਚਾਰੇ ਦੇ ਮਸਲਿਆਂ ਨੂੰ ਅੱਖੋਂ ਪਰੋਖੇ ਕਰਦਾ ਆ ਰਿਹਾ ਹੈ। ਇਸ ਇਕੱਠ ਵਿਚ ਚੰਡੀਗੜ੍ਹ ਸਮੂਹ ਗੁਰਦੁਆਰਾ ਪ੍ਰਬੰਧਕ ਸੰਗਠਨ ਦੇ ਚੇਅਰਮੈਨ ਜੱਥੇਦਾਰ ਤਾਰਾ ਸਿੰਘ ਤੇ ਸਕੱਤਰ ਜਨਰਲ ਰਘਬੀਰ ਸਿੰਘ ਰਾਮਪੁਰ, ਰਛਪਾਲ ਸਿੰਘ ਸੈਕਟਰ-7, ਪਰਮਜੀਤ ਸਿੰਘ ਸੈਕਟਰ-19, ਅਮਰਜੀਤ ਸਿੰਘ, ਸਾਬਕਾ ਕੌਸਲਰ ਮੇਜਰ ਸੰਧੂ, ਜਸਬੀਰ ਸਿੰਘ ਉਪਲ, ਅਜੀਤ ਸਿੰਘ ਸੈਣੀ, ਪ੍ਰੇਮ ਸਿੰਘ ਮਲੋਆ, ਗੁਰਮੇਲ ਸਿੰਘ ਸੈਣੀ, ਗੁਰਵਿੰਦਰ ਸਿੰਘ ਓਬਰਾਏ, ਇੰਦਰਪਾਲ ਸਿੰਘ ਅਤੇ ਹੋਰ ਸੰਸਥਾਵਾਂ ਦੇ ਪ੍ਰਤੀਨਿਧ ਸ਼ਾਮਲ ਸਨ।
    ਇਸ ਮੌਕੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਸ੍ਰੀ ਬਾਂਸਲ ਮੂਹਰੇ ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਦੀ ਹੋ ਰਹੀ ਬੇਕਦਰੀ ਦਾ ਮੁੱਦਾ ਉਠਾਇਆ। ਉਨ੍ਹਾਂ ਸ੍ਰੀ ਬਾਂਸਲ ਕੋਲੋਂ ਪੰਜਾਬੀ ਨੂੰ ਚੰਡੀਗੜ੍ਹ ਪ੍ਰਸ਼ਾਸਨ ਦੀ ਸਰਕਾਰੀ ਭਾਸ਼ਾ ਬਣਾਉਣ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਉਹ ਪਿਛਲੇ ਲੰਮੇਂ ਸਮੇਂ ਤੋ ਇਸ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਹਨ ਜਿਸ ਤਹਿਤ ਉਨ੍ਹਾਂ ਭੁੱਖ ਹੜਤਾਲਾਂ, ਰੋਸ ਧਰਨੇ ਆਦਿ ਮਾਰ ਕੇ ਚੰਡੀਗੜ੍ਹ ਵਿੱਚ ਪੰਜਾਬੀ ਲਾਗੂ ਕਰਵਾਉਣ ਲਈ ਜੱਦੋ-ਜਹਿਦ ਕੀਤੀ ਹੈ ਪਰ ਮੌਕੇ ਦੀ ਸਰਕਾਰ ਨੇ ਉਨ੍ਹਾਂ ਦੀ ਕਦੇ ਵੀ ਬਾਂਹ ਨਹੀਂ ਫੜੀ। ਆਗੂਆਂ ਨੇ ਰੋਸ ਪ੍ਰਗਟ ਕੀਤਾ ਕਿ ਚੰਡੀਗੜ੍ਹ ਵਿੱਚ ਰਾਜਸੀ ਪਾਰਟੀਆਂ ਦੇ ਤਕਰੀਬਨ ਸਾਰੇ ਆਗੂ ਪੰਜਾਬ ਨਾਲ ਸਬੰਧਤ ਹਨ ਪਰ ਕਿਸੇ ਨੇ ਵੀ ਕਦੇ ਖੁੱਲ੍ਹ ਕੇ ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਨੂੰ ਬਣਦਾ ਸਥਾਨ ਦਿਵਾਉਣ ਦੀ ਆਵਾਜ਼ ਨਹੀਂ ਉਠਾਈ। ਇਸ ਕਾਰਨ ਪੰਜਾਬੀ ਭਾਈਚਾਰੇ ਵਿਚ ਰੋਸ ਦੀ ਭਾਵਨਾ ਪੈਦਾ ਹੋ ਰਹੀ ਹੈ। ਆਗੂਆਂ ਨੇ ਰੋਸ ਪ੍ਰਗਟ ਕੀਤਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਸ਼ਹਿਰ ਵਿਚ ਸਿਗਰਟਨੋਸ਼ੀ ਸ਼ਰੇਆਮ ਚੱਲ ਰਹੀ ਹੈ। ਇਸੇ ਦੌਰਾਨ ਪਵਨ ਕੁਮਾਰ ਬਾਂਸਲ ਨੇ ਵਿਸਵਾਸ਼ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਬਣਨ ’ਤੇ ਉਹ ਜਾਇਜ਼ ਮੰਗਾਂ ਨੂੰ ਨੇਪਰੇ ਚਾੜ੍ਹਨ ਲਈ ਪਹਿਲ ਦੇ ਆਧਾਰ ’ਤੇ ਯਤਨ ਕਰਨਗੇ। ਇਸ ਮੌਕੇ ਧਾਰਮਿਕ, ਸਿਆਸੀ ਤੇ ਸਮਾਜਿਕ ਜੱਥੇਬੰਦੀਆਂ ਦੇ ਆਗੂ ਵੀ ਮੌਜੂਦ ਸਨ।

    ਲਾਹੌਰ - ਕਰਤਾਰਪੁਰ ਦੇ ਗੁਰਦਆਰਾ ਦਰਬਾਰ ਸਾਹਿਬ ਲਈ ਤਿਆਰ ਕੀਤੇ ਜਾ ਰਹੇ ਲਾਂਘੇ ਨਾਲ ਪੈਂਦੇ ਇੱਕ ਹੋਰ ਗੁਰਦੁਆਰੇ ਵਿੱਚ ਬਾਬੇ ਨਾਨਕ ਦੇ ਸਮੇਂ ਦੇ ਪੁਰਾਤਨ ਖੂਹ ਬਾਰੇ ਪਤਾ ਲੱਗਿਆ ਹੈ। ਇਸ ਖੂਹ ਦਾ ਉਦੋਂ ਪਤਾ ਲੱਗਾ ਜਦੋਂ ਗੁਰਦੁਆਰਾ ਡੇਰਾ ਸਾਹਿਬ ਕਰਤਾਰਪੁਰ ਦੇ ਨਜ਼ਦੀਕ ਖ਼ੁਦਾਈ ਚੱਲ ਰਹੀ ਸੀ। ਇਹ ਸਥਾਨ ਲਾਹੌਰ ਤੋਂ 125 ਕਿਲੋਮੀਟਰ ਦੂਰ ਹੈ। ਵੀਹ ਫੁੱਟ ਡੂੰਘਾ ਖੂਹ ਪੁਰਾਤਨ ਨਾਨਕਸ਼ਾਹੀ ਇੱਟਾਂ (ਛੋਟੀਆਂ ਇੱਟਾਂ) ਦਾ ਬਣਿਆ ਹੋਇਆ ਹੈ। ਇਹ ਜਾਣਕਾਰੀ ਗੁਰਦੁਆਰੇ ਦੇ ਸੇਵਾਦਾਰ ਸਰਦਾਰ ਗੋਬਿੰਦ ਸਿੰਘ ਨੇ ਦਿੱਤੀ ਹੈ।
    ਉਨ੍ਹਾਂ ਦੱਸਿਆ ਕਿ ਇਹ ਖੂਹ ਗੁਰੂ ਨਾਨਕ ਦੇਵ ਜੀ ਦੇ ਸਮੇਂ ਦਾ ਬਣਿਆ ਹੋਇਆ ਜਾਪਦਾ ਹੈ ਅਤੇ ਇਸ ਨੂੰ ਨਵੇਂ ਸਿਰੇ ਤੋਂ ਚਾਲੂ ਕਰਕੇ ਸੰਗਤ ਲਈ ਖੋਲ੍ਹਿਆ ਜਾਵੇਗਾ। ਉਨ੍ਹਾਂ ਕਿਹਾ ਕਿ ‘ਖੂਹ ਸਾਹਿਬ’ ਸਿੱਖ ਸ਼ਰਧਾਲੂਆਂ ਲਈ ਵਿਸ਼ੇਸ਼ ਸ਼ਰਧਾ ਦਾ ਕੇਂਦਰ ਬਣੇਗਾ ਅਤੇ ਉਹ ਇਸ ਖੂਹ ਨੂੰ ਜਲਦੀ ਹੀ ਚਾਲੂ ਕਰ ਦੇਣਗੇ। ਸ਼ਰਧਾਲੂ ਇੱਥੋਂ ਦਾ ਪਵਿੱਤਰ ਜਲ ਵੀ ਨਾਲ ਲੈ ਕੇ ਜਾ ਸਕਣਗੇ। ਇਹ ਭਾਰਤੀ ਅਤੇ ਹੋਰ ਵਿਦੇਸ਼ੀ ਸਿੱਖਾਂ ਲਈ ਹੋਰ ਵੀ ਖਿੱਚ ਦਾ ਕੇਂਦਰ ਬਣੇਗਾ ਕਿਉਂਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਵੱਡੀ ਗਿਣਤੀ ਵਿੱਚੋਂ ਸਿੱਖਾਂ ਦੇ ਭਾਰਤ ਤੋਂ ਅਤੇ ਵਿਦੇਸ਼ਾਂ ਵਿੱਚੋਂ ਸ੍ਰੀ ਕਰਤਾਰਪੁਰ ਸਾਹਿਬ ਪੁੱਜਣ ਦੀ ਉਮੀਦ ਹੈ ਅਤੇ ਲੋਕ ਹੁਣ ਖੂਹ ਦੇ ਵੀ ਦਰਸ਼ਨ ਕਰਨਗੇ। ਇਸ ਖੂਹ ਬਾਰੇ ਅਜੇ ਤੱਕ ਪਾਕਿਸਤਾਨ ਦੀ ਸਰਕਾਰ ਵੱਲੋਂ ਕਿਸੇ ਪ੍ਰਕਾਰ ਦਾ ਕੋਈ ਅਧਿਕਾਰਤ ਦਾਅਵਾ ਸਾਹਮਣੇ ਨਹੀਂ ਆਇਆ।

    ਚੰਡੀਗੜ੍ਹ - ਬਹਿਬਲ ਕਲਾਂ ਗੋਲੀ ਕਾਂਡ ਵਿੱਚ ਤਫ਼ਤੀਸ਼ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਉਨ੍ਹਾਂ ਮੀਡੀਆ ਰਿਪੋਰਟਾਂ ਨੂੰ ਖਾਰਜ ਕੀਤਾ ਹੈ ਜਿਨ੍ਹਾਂ ਵਿੱਚ ਕੁੱਝ ਵਿਅਕਤੀਆਂ ਨੂੰ ਇਸ ਜਾਂਚ ਵਿੱਚ ਕਲੀਨ ਚਿੱਟ ਦੇਣ ਦਾ ਦਾਅਵਾ ਕੀਤਾ ਗਿਆ ਹੈ। ਵਿਸ਼ੇਸ਼ ਜਾਂਚ ਟੀਮ ਦਾ ਕਹਿਣਾ ਹੈ ਕਿ ਉਸ ਵੱਲੋਂ ਸਿਰਫ਼ ਇੱਕ ਦੋਸ਼ੀ ਖਿਲਾਫ਼ ਹੀ ਚਲਾਨ ਪੇਸ਼ ਕੀਤਾ ਗਿਆ ਹੈ।
    ਪੰਜਾਬ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਇਹ ਮਾਮਲਾ ਅਜੇ ਜਾਂਚ ਅਧੀਨ ਹੈ ਅਤੇ ਕਈ ਪਹਿਲੂਆਂ ’ਤੇ ਤਫਤੀਸ਼ ਜਾਰੀ ਹੈ। ਤਫਤੀਸ਼ ਮੁਕੰਮਲ ਹੋਣ ਤੱਕ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਕਲੀਨ ਚਿੱਟ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਫਰੀਦਕੋਟ ਅਦਾਲਤ ਵਿੱਚ ਪੇਸ਼ ਕੀਤਾ ਗਿਆ 792 ਸਫਿਆਂ ਦਾ ਚਲਾਨ ਜਿਸ ਦਾ ਮੀਡੀਆ ਰਿਪੋਰਟਾਂ ਵਿੱਚ ਵੀ ਜ਼ਿਕਰ ਕੀਤਾ ਗਿਆ ਹੈ, ਉਹ ਸਿਰਫ਼ ਇੱਕ ਮੁਲਜ਼ਮ ਸਾਬਕਾ ਐੱਸ.ਐੱਸ.ਪੀ. ਚਰਨਜੀਤ ਸਿੰਘ ਸ਼ਰਮਾ ਖਿਲਾਫ਼ ਹੀ ਪੇਸ਼ ਕੀਤਾ ਗਿਆ ਹੈ। ਇਹ ਚਲਾਨ ਠੋਸ ਸਬੂਤਾਂ ’ਤੇ ਆਧਾਰਤ ਹੈ, ਜਿਸ ਵਿੱਚ ਅਜੇ ਵੀ ਕਈ ਪਹਿਲੂਆਂ ’ਤੇ ਦੋਸ਼ੀ ਖਿਲਾਫ਼ ਜਾਂਚ ਜਾਰੀ ਹੈ। ਤਫ਼ਤੀਸ਼ ਮੁਕੰਮਲ ਹੋਣ ਉਪਰੰਤ ਚਰਨਜੀਤ ਸ਼ਰਮਾ ਸਮੇਤ ਕਾਨੂੰਨ ਅਨੁਸਾਰ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਖਿਲਾਫ਼ ਤਰਤੀਮਾ ਚਲਾਨ (ਸਪਲੀਮੈਂਟਰੀ ਚਲਾਨ) ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਬੁਲਾਰੇ ਨੇ ਕਿਹਾ ਕਿ ਅਸਲ ਵਿੱਚ ਜਾਂਚ ਅਜੇ ਜਾਰੀ ਹੈ ਅਤੇ ਕਿਸੇ ਨੂੰ ਵੀ ਕਲੀਨ ਚਿੱਟ ਦੇਣ ਦੀ ਅਜੇ ਕੋਈ ਸੰਭਾਵਨਾ ਨਹੀਂ ਬਣਦੀ। ਅਧੂਰੀ ਜਾਂਚ ਦੇ ਆਧਾਰ ਉੱਤੇ ਚਲਾਨ ਵਜੋਂ ਪੇਸ਼ ਕੀਤੇ ਗਏ ਇੱਕ ਦਸਤਾਵੇਜ਼ ਨੂੰ ਉਨ੍ਹਾਂ ਵਿਅਕਤੀਆਂ ਨੂੰ ਕਲੀਨ ਚਿੱਟ ਦੇਣ ਦੇ ਸਬੂਤ ਵਜੋਂ ਨਹੀਂ ਲਿਆ ਜਾ ਸਕਦਾ ਜਿਨ੍ਹਾਂ ਦਾ ਚਲਾਨ ਵਿੱਚ ਜ਼ਿਕਰ ਨਹੀਂ ਕੀਤਾ ਗਿਆ। ਮੀਡੀਆ ਰਿਪੋਰਟ ਨੇ ਖ਼ੁਦ ਹੀ ਇਸ ਗੱਲ ਦਾ ਪ੍ਰਗਟਾਵਾ ਕਰ ਦਿੱਤਾ ਹੈ ਕਿ ਸਿਟ ਵੱਲੋਂ ਐੱਫ.ਆਈ.ਆਰ. ਵਿੱਚ ਦਰਜ ਅਜੇ ਐੱਸ.ਪੀ. ਬਿਕਰਮਜੀਤ ਸਿੰਘ, ਪ੍ਰਦੀਪ ਕੁਮਾਰ ਅਤੇ ਅਮਰਜੀਤ ਸਿੰਘ ਤਿੰਨ ਵਿਅਕਤੀਆਂ ਖਿਲਾਫ਼ ਚਲਾਨ ਪੇਸ਼ ਕੀਤਾ ਜਾਵੇਗਾ। ਬੁਲਾਰੇ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਹੁਣ ਤੱਕ ਪੇਸ਼ ਕੀਤਾ ਗਿਆ ਚਲਾਨ ਅਧੂਰੀ ਜਾਂਚ ’ਤੇ ਆਧਾਰਤ ਹੈ। ਇਸ ਕੇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਖਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
    ਇਲਾਕੇ ਵਿੱਚ ਬੇਅਦਬੀਆਂ ਤੇ ਪੁਲੀਸ ਗੋਲੀ ਦੇ ਕੇਸਾਂ ਕਾਰਨ ਰਾਜਸੀ ਧਰਾਤਲ ਉੱਤੇ ਕਾਂਗਰਸ ਵੱਲੋਂ ਹਾਸ਼ੀਏ ਉੱਤੇ ਧੱਕੇ ਅਕਾਲੀ ਦਲ ਦੇ ਆਗੂਆਂ ਨੇ ਚਰਨਜੀਤ ਸ਼ਰਮਾ ਵਿਰੁੱਧ 24 ਅਪਰੈਲ ਨੂੰ ਦਾਇਰ ਕੀਤੀ ਚਾਰਜਸ਼ੀਟ ਨੂੰ ਆਪਣੇ ਹੱਕ ਵਿੱਚ ਭੁਨਾਉਣ ਦੇ ਯਤਨ ਤੇਜ ਕਰ ਦਿੱਤੇ ਹਨ। ਅਕਾਲੀ ਆਗੂ ਪਾਰਟੀ ਦੀਆਂ ਰੈਲੀਆਂ ਵਿੱਚ ਚਾਰਜਸ਼ੀਟ ਦੀਆਂ ਕਾਪੀਆਂ ਨੂੰ ਲਹਿਰਾ ਕੇ, ਵੰਡ ਕੇ ਦਾਅਵਾ ਕਰਦੇ ਹਨ ਕਿ ਇਸ ਵਿੱਚ ਉਨ੍ਹਾਂ ਦੇ ਨਾਵਾਂ ਦਾ ਕਿਤੇ ਜ਼ਿਕਰ ਮਾਤਰ ਵੀ ਨਹੀਂ ਹੈ ਜਦੋਂ ਕਿ ਇਹ ਸਿਟ ਵੀ ਕਾਂਗਰਸ ਸਰਕਾਰ ਦੀ ਅਗਵਾਈ ਹੇਠ ਹੀ ਬਣੀ ਹੋਈ ਹੈ। ਇਸ ਤਰ੍ਹਾਂ ਉਹ ਖ਼ੁਦ ਨੂੰ ਆਪ ਹੀ ‘ਕਲੀਨਚਿੱਟ’ ਦੇਣ ਤੱਕ ਜਾ ਰਹੇ ਹਨ। ਹੁਣ ਇਸ ਤਰ੍ਹਾਂ ਕਾਂਗਰਸ ਅਤੇ ਅਕਾਲੀ ਦਲ ‘ਪੰਥਕ’ ਮਾਨਸਿਕਤਾ ਦਾ ਲਾਹਾ ਲੈਣ ਲਈ ਯਤਨਸ਼ੀਲ ਹਨ। ਇਸ ਸਥਿਤੀ ਦੇ ਚੱਲਦਿਆਂ ਹੀ ਸਿਟ ਨੂੰ ਇਹ ਬਿਆਨ ਜਾਰੀ ਕਰਨਾ ਪਿਆ ਹੈ ਕਿ ਜਦੋਂ ਤੱਕ ਕੇਸ ਦੀ ਜਾਂਚ ਚੱਲ ਰਹੀ ਹੈ,ਉਦੋਂ ਤੱਕ ਕਿਸੇ ਨੂੰ ਵੀ ਕਲੀਨ ਚਿੱਟ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

    ਚੰਡੀਗੜ੍ਹ - ਬਠਿੰਡਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਬਾਦਲ ਨੂੰ ਪੰਥਕ ਜਥੇਬੰਦੀਆਂ ਦੇ ਜਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਚੋਣ ਪ੍ਰਚਾਰ ਕਰਨ ਪਿੰਡਾਂ ਵਿੱਚ ਨਿਕਲੇ ਹਨ ਪਰ ਥਾਂ-ਥਾਂ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਵਿਖਾਈਆਂ ਜਾ ਰਹੀਆਂ ਹਨ।
    ਦਰਅਸਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਹੋਰ ਪੰਥਕ ਮਾਮਲਿਆਂ ਨੂੰ ਲੈ ਕੇ ਸਿੱਖ ਸੰਗਤਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਖਾਸਕਰ ਬਾਦਲ ਪਰਿਵਾਰ ਖਿਲਾਫ ਕਾਫੀ ਰੋਹ ਹੈ। ਇਸ ਕਰਕੇ ਹਰਸਿਮਰਤ ਬਾਦਲ ਪਿਛਲੇ ਕਾਫੀ ਸਮੇਂ ਤੋਂ ਪਿੰਡਾਂ ਵਿੱਚ ਜਾਣ ਤੋਂ ਬਚਦੇ ਰਹੇ ਹਨ। ਹੁਣ ਮਜਬੂਰੀਵੱਸ ਚੋਣ ਪ੍ਰਚਾਰ ਲਈ ਉਨ੍ਹਾਂ ਨੂੰ ਪਿੰਡਾਂ ਵਿੱਚ ਜਾਣਾ ਪੈ ਰਿਹਾ ਹੈ। ਹਰਸਿਮਰਤ ਬਾਦਲ ਦਾ ਵੱਖ-ਵੱਖ ਪਿੰਡਾਂ ਦੇ ਦੌਰੇ ਦੌਰਾਨ ਬਠਿੰਡਾ-ਅੰਮ੍ਰਿਤਸਰ ਹਾਈਵੇਅ 'ਤੇ ਪਿੰਡ ਹਰਰਾਏਪੁਰ ਦੇ ਲੋਕਾਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ। ਇੰਨਾ ਹੀ ਪਿੰਡ ਖੇਮੂਆਣਾ ਦੇ ਪ੍ਰੋਗਰਾਮ ਦੇ 'ਚ ਵੀ ਲੋਕਾਂ ਨੇ ਹਰਸਿਮਰਤ ਬਾਦਲ ਦਾ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ। ਇੱਥੇ ਤਾਂ ਕਾਫੀ ਹੰਗਾਮਾ ਵੀ ਹੋਇਆ। ਦਰਅਸਲ ਹਰਸਿਮਰਤ ਬਾਦਲ ਬਠਿੰਡਾ ਲੋਕ ਸਭਾ ਹਲਕੇ ਦੇ ਭੁੱਚੋ ਮੰਡੀ ਨੇੜੇ ਪਿੰਡ ਖੇਮੂਆਣਾ ਵਿੱਚ ਪਹੁੰਚੀ ਸੀ। ਇੱਥੇ ਚੋਣ ਸਭਾ ਨੂੰ ਸੰਬੋਧਨ ਕਰਦਿਆਂ ਹਰਸਿਮਰਤ ਬਾਦਲ ਸਰਕਾਰ ਤੇ ਆਪਣੇ ਕੀਤੇ ਕੰਮਾਂ ਦੀ ਸਿਫਤ ਕਰ ਰਹੀ ਸੀ ਤਾਂ ਕੁਝ ਵਿਅਕਤੀਆਂ ਨੇ ਉਨ੍ਹਾਂ ਨੂੰ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਹਰਸਿਮਰਤ ਬਾਦਲ ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਟਿਕਾਉਣ ਲਈ ਇਹ ਵੀ ਕਿਹਾ ਕਿ ਕੁਝ ਕੰਮ ਤਾਂ ਰੁਕ ਜਾਂਦੇ ਨੇ ਅਗਲੀ ਵਾਰ ਉਹ ਵੀ ਹੋ ਜਾਣਗੇ। ਇੰਨੇ ਵਿੱਚ ਹਰਸਿਮਰਤ ਬਾਦਲ ਦਾ ਇੱਕ ਸਮਰਥਕ ਤੈਸ਼ ਵਿੱਚ ਆ ਗਿਆ ਤੇ ਵਿਰੋਧੀ ਨਾਲ ਹੱਥੋਪਾਈ ਕਰਨ ਲੱਗ ਗਿਆ। ਦੂਜੇ ਪਾਸਿਓਂ ਇੱਕ ਬਜ਼ੁਰਗ ਨੇ ਹਰਸਿਮਰਤ ਬਾਦਲ ਨੂੰ ਕਾਲੀ ਝੰਡੀ ਵਿਖਾਉਣੀ ਸ਼ੁਰੂ ਕੀਤੀ ਤਾਂ ਹਰਸਿਮਰਤ ਬਾਦਲ ਵੀ ਤੈਸ਼ ਵਿੱਚ ਆ ਗਈ। ਹਰਸਿੰਰਤ ਬਾਦਲ ਨੇ ਕਿਹਾ ਕਿ ਇਹ ਝੰਡੀਆਂ ਉਨ੍ਹਾਂ ਨੂੰ ਜਾ ਕੇ ਦਿਖਾਓ ਜਿਨ੍ਹਾਂ ਨੇ ਤੁਹਾਡੇ ਨੀਲੇ ਕਾਰਡ ਕੱਟੇ ਹਨ। ਇੰਨਾ ਹੰਗਾਮਾਂ ਹੋਣ ਕਾਰਨ ਹਰਸਿਮਰਤ ਨੇ ਫ਼ਤਹਿ ਬੁਲਾ ਕੇ ਸਭਾ ਖ਼ਤਮ ਕਰ ਦਿੱਤੀ।

    ਨਵੀਂ ਦਿੱਲੀ - ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ ਅਤੇ ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਦੀ ਮੌਜੂਦਗੀ 'ਚ ਅੱਜ ਪ੍ਰਸਿੱਧ ਪੰਜਾਬੀ ਗਾਇਕ ਦਲੇਰ ਮਹਿੰਦੀ ਵੀ ਭਾਜਪਾ 'ਚ ਸ਼ਾਮਿਲ ਹੋ ਗਏ | ਇਸ ਮੌਕੇ ਉੱਤਰ ਪੱਛਮੀ ਦਿੱਲੀ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਤੇ ਕੇਂਦਰੀ ਮੰਤਰੀ ਵਿਜੈ ਗੋਇਲ ਤੋਂ ਇਲਾਵਾ ਹੋਰ ਆਗੂ ਵੀ ਮੌਜੂਦ ਸਨ | ਭਾਜਪਾ ਨੇ ਹੰਸ ਰਾਜ ਹੰਸ ਨੂੰ ਉੱਤਰ ਪੱਛਮੀ ਦਿੱਲੀ ਤੇ ਸਨੀ ਦਿਓਲ ਨੂੰ ਗੁਰਦਾਸਪੁਰ ਤੋਂ ਲੋਕ ਸਭਾ ਉਮੀਦਵਾਰ ਬਣਾਇਆ ਹੈ | ਦੱਸਣਯੋਗ ਹੈ ਕਿ ਭਾਜਪਾ 'ਚ ਸ਼ਾਮਿਲ ਹੋਣ ਤੋਂ ਪਹਿਲਾਂ ਦਲੇਰ ਮਹਿੰਦੀ ਕਾਂਗਰਸ ਦੇ ਮੈਂਬਰ ਵੀ ਰਹਿ ਚੁੱਕੇ ਹਨ | ਅਗਸਤ 2013 'ਚ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦੀ ਮੌਜੂਦਗੀ 'ਚ ਦਲੇਰ ਮਹਿੰਦੀ ਕਾਂਗਰਸ 'ਚ ਸ਼ਾਮਿਲ ਹੋਏ ਸਨ, 2014 'ਚ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਦਲੇਰ ਮਹਿੰਦੀ ਨੇ ਕਾਂਗਰਸ ਲਈ ਗੀਤ ਵੀ ਗਾਇਆ ਸੀ | ਦੱਸਣਯੋਗ ਹੈ ਕਿ ਦਲੇਰ ਮਹਿੰਦੀ ਤੇ ਉਨ੍ਹਾਂ ਦੇ ਭਰਾ ਸ਼ਮਸ਼ੇਰ ਸਿੰਘ ਨੂੰ ਮਨੁੱਖੀ ਤਸਕਰੀ (ਕਬੂਤਰਬਾਜ਼ੀ) ਦੇ ਕੇਸ 'ਚ 2 ਸਾਲ ਦੀ ਸਜ਼ਾ ਮਿਲੀ ਹੋਈ ਹੈ, ਹਾਲਾਂਕਿ ਦੋਸ਼ੀ ਠਹਿਰਾਏ ਜਾਣ ਦੇ ਕੁੱਝ ਦੇਰ ਬਾਅਦ ਹੀ ਦਲੇਰ ਮਹਿੰਦੀ ਨੂੰ ਜ਼ਮਾਨਤ ਮਿਲ ਗਈ ਸੀ | ਕਾਨਫ਼ਰੰਸ ਦੌਰਾਨ ਹੰਸ ਰਾਜ ਹੰਸ ਨੇ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ਼ 'ਚ ਗੀਤ 'ਦਿਲ ਮੋਦੀ ਮੋਦੀ ਹੋ ਗਿਆ' ਪੇਸ਼ ਕੀਤਾ |

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com