ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਅੰਮ੍ਰਿਤਸਰ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਗਏ ਐਲਾਨ ਮੁਤਾਬਕ ਸਿੱਖ ਰੈਫਰੈਂਸ ਲਾਇਬ੍ਰੇਰਰੀ ਦੇ ਮਾਮਲੇ ਸਬੰਧੀ ਉੱਚ ਪੱਧਰੀ ਕਮੇਟੀ ਕਾਇਮ ਕਰ ਦਿੱਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਗਠਿਤ ਕੀਤੀ ਗਈ ਇਸ ਪੰਜ ਮੈਂਬਰੀ ਕਮੇਟੀ ਵਿੱਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਤੇ ਬੀਬੀ ਜਗੀਰ ਕੌਰ, ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਦਲਮੇਘ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਡਾ. ਅਮਰ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ।
  ਕਾਬਲੇਗੌਰ ਹੈ ਕਿ ਜੂਨ 1984 ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਕੀਤੇ ਫ਼ੌਜੀ ਹਮਲੇ ਦੌਰਾਨ ਚੁੱਕਿਆ ਗਿਆ ਸਿੱਖ ਕੌਮ ਦਾ ਸਾਹਿਤਕ ਸਰਮਾਇਆ ਵਾਪਸ ਆਉਣ ਦੀਆਂ ਖ਼ਬਰਾਂ ਪ੍ਰਕਾਸ਼ਤ ਹੋਣ ਮਗਰੋਂ ਸ਼੍ਰੋਮਣੀ ਕਮੇਟੀ ਵੱਲੋਂ ਬੀਤੇ ਦਿਨੀਂ ਮੌਜੂਦਾ ਤੇ ਸਾਬਕਾ ਅਧਿਕਾਰੀਆਂ ਦੀ ਇਕੱਤਰਤਾ ਕਰਕੇ ਵੱਡੀ ਗਿਣਤੀ ਵਿੱਚ ਸਾਹਿਤਕ ਖ਼ਜ਼ਾਨਾ ਵਾਪਸ ਨਾ ਮਿਲਣ ਦਾ ਦਾਅਵਾ ਕੀਤਾ ਗਿਆ ਸੀ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਇਸ ਸਬੰਧੀ ਉੱਚ ਪੱਧਰੀ ਸਬ ਕਮੇਟੀ ਬਣਾਉਣ ਦੀ ਸਿਫ਼ਾਰਸ਼ ਵੀ ਕੀਤੀ ਗਈ ਸੀ। ਇਸੇ ਦੌਰਾਨ ਲੌਂਗੋਵਾਲ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਦੌਰਾ ਕਰਕੇ ਮੌਜੂਦਾ ਸਥਿਤੀ ਤੇ ਕਾਰਜਸ਼ਾਲੀ ਬਾਰੇ ਜਾਣਕਾਰੀ ਪ੍ਰਾਪਤ ਕਰਨ ਸਮੇਂ ਆਖਿਆ ਸੀ ਕਿ ਜਲਦ ਹੀ ਉੱਚ ਪੱਧਰੀ ਜਾਂਚ ਕਮੇਟੀ ਗਠਤ ਹੋਵੇਗੀ।
  ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਲੌਂਗੋਵਾਲ ਨੇ ਕਿਹਾ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਕੀਮਤੀ ਸਰਮਾਏ ਸਬੰਧੀ ਆਈਆਂ ਖ਼ਬਰਾਂ ਦੀ ਤਹਿ ਤੱਕ ਜਾਣ ਲਈ ਬਣਾਈ ਗਈ ਕਮੇਟੀ ਪਾਰਦਰਸ਼ੀ ਢੰਗ ਨਾਲ ਜਾਂਚ ਕਰੇਗੀ। ਉਨ੍ਹਾਂ ਆਖਿਆ ਕਿ ਇਹ ਮਾਮਲਾ ਕਿਉਂਕਿ ਕੌਮ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ, ਇਸ ਲਈ ਜਾਂਚ ਕਮੇਟੀ 1984 ਤੋਂ ਲੈ ਕੇ ਹੁਣ ਤੱਕ ਦਾ ਰਿਕਾਰਡ ਵਾਚਣ ਉਪਰੰਤ ਆਪਣੀ ਰਿਪੋਰਟ ਦੇਵੇਗੀ।
  ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਮੰਤਵ ਸੰਗਤਾਂ ਨੂੰ ਸੱਚਾਈ ਦੇ ਰੂਬਰੂ ਕਰਨਾ ਹੈ। ਉਨ੍ਹਾਂ ਇੱਕ ਵਾਰ ਫਿਰ ਸਪੱਸ਼ਟ ਕੀਤਾ ਕਿ ਜੇਕਰ ਇਸ ਮਾਮਲੇ ਸਬੰਧੀ ਕਿਸੇ ਕਿਸਮ ਦੀ ਊਣਤਾਈ ਸਾਹਮਣੇ ਆਈ ਤਾਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਤੇ ਜੇਕਰ ਇਲਜ਼ਾਮ ਸਾਬਤ ਨਾ ਹੋਏ ਤਾਂ ਸਬੰਧਤਾਂ ਖ਼ਿਲਾਫ਼ ਵੀ ਕੇਸ ਅਵੱਸ਼ ਦਰਜ ਹੋਵੇਗਾ।

  ਨਵੀਂ ਦਿੱਲੀ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ 1984 ਸਿੱਖ ਕਤਲੇਆਮ ਦੇ ਬੰਦ ਪਏ ਕੇਸਾਂ ਦੀ ਮੁੜ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਸਿੱਟ) ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਕਮਲਨਾਥ ਖ਼ਿਲਾਫ਼ ਨਵੇਂ ਸਿਰੇ ਤੋਂ ਜਾਂਚ ਸ਼ੁਰੂ ਕਰਨ ਲਈ ਆਖ ਦਿੱਤਾ ਹੈ।
  ਕਮਲਨਾਥ ਖਿਲਾਫ਼ ਜਾਂਚ ਦਾ ਮਾਮਲਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਰਾਹੀਂ ਤਤਕਾਲੀ ਗ੍ਰਹਿ ਮੰਤਰੀ ਕੋਲ ਚੁੱਕਿਆ ਗਿਆ ਸੀ। ਦਸੰਬਰ 2018 ਵਿੱਚ ਇਸ ਸਬੰਧੀ ਇਕ ਪੱਤਰ ਵੀ ਲਿਖਿਆ ਗਿਆ ਸੀ। ਕਮਲਨਾਥ ਖਿਲਾਫ 1 ਨਵਬੰਰ 1984 ਨੁੰ ਪਾਰਲੀਮੈਂਟ ਸਟ੍ਰੀਟ ਪੁਲੀਸ ਥਾਣੇ ਵਿਚ ਐਫਆਈਆਰ ਨੰਬਰ 601/84 ਵੀ ਦਰਜ ਕੀਤੀ ਗਈ ਸੀ। ਇਸ ਮਾਮਲੇ ਵਿੱਚ ਪੰਜ ਦੋਸ਼ੀਆਂ ਖਿਲਾਫ਼ ਚਾਰਜਸ਼ੀਟ ਪੇਸ਼ ਕੀਤੀ ਗਈ, ਪਰ ਕਮਲਨਾਥ ਨੂੰ ਛੱਡ ਦਿੱਤਾ ਗਿਆ। ਹੈਰਾਨੀ ਵਾਲੀ ਗੱਲ ਇਹ ਹੈ ਕਿ ਪੰਜ ਦੇ ਪੰਜ ਦੋਸ਼ੀਆਂ ਦਾ ਰਿਹਾਇਸ਼ੀ ਪਤਾ ਕਮਲਨਾਥ ਦੀ ਰਿਹਾਇਸ਼ ਵਾਲਾ ਪਾਇਆ ਗਿਆ। ਸਿਟ ਕੋਲ ਮਹਿਜ਼ ਸਬੂਤਾਂ ਦੀ ਘਾਟ ਕਾਰਨ ਬੰਦ ਪਏ ਕੇਸਾਂ ਦੀ ਪੜਤਾਲ ਦਾ ਅਧਿਕਾਰ ਹੈ, ਪਰ ਉਹ ਅਦਾਲਤ ਵਿੱਚ ਸੁਣੇ ਜਾ ਚੁੱਕੇ ਕੇਸ ਦੀ ਮੁੜ ਪੜਤਾਲ ਨਹੀਂ ਕਰ ਸਕਦੀ। ਗ੍ਰਹਿ ਮੰਤਰਾਲੇ ਵੱਲੋਂ ਸਿੱਟ ਦੀ ਜਾਂਚ ਲਈ ਅਧਿਕਾਰ ਖੇਤਰ ਵਧਾਉਣ ਬਾਬਤ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ ਨਾਲ ਹੁਣ ਉਨ੍ਹਾਂ ਕੇਸਾਂ ਦੀ ਵੀ ਜਾਂਚ ਹੋ ਸਕੇਗੀ, ਜੋ ਪੁਲੀਸ ਦੇ ਦੋਸ਼ੀਆਂ ਨਾਲ ਰਲੇ ਹੋਣ ਕਾਰਨ ਸਬੂਤਾਂ ਦੀ ਅਣਹੋਂਦ ਵਿੱਚ ਅਦਾਲਤਾਂ ਵਿੱਚ ਬੰਦ ਹੋ ਗਏ ਸਨ।
  ਕਾਬਿਲੇਗੌਰ ਹੈ ਕਿ ਕਮਲਨਾਥ ਦੀ ਦੰਗਿਆਂ ’ਚ ਸ਼ਮੂਲੀਅਤ ਸਬੰਧੀ ਦੋ ਗਵਾਹਾਂ, ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਸੰਜੇ ਸੂਰੀ (ਜਿਨ੍ਹਾਂ 2 ਨਵੰਬਰ 1984 ਦੇ ਅੰਕ ਵਿੱਚ ਘਟਨਾ ਦੀ ਖਬਰ ਛਾਪੀ ਸੀ) ਤੇ ਦੂਜਾ ਦਿੱਲੀ ਗੁਰਦੁਆਰਾ ਕਮੇਟੀ ਦਾ ਮੁਲਾਜ਼ਮ ਮੁਖਤਿਆਰ ਸਿੰਘ ਦੇ ਕੇਸ ਵਿੱਚ ਮੌਜੂਦ ਹੋਣ ਦੇ ਬਾਵਜੂਦ ਗਾਂਧੀ ਪਰਿਵਾਰ ਕਮਲਨਾਥ ਨੂੰ 35 ਸਾਲਾਂ ਤੱਕ ਬਚਾਉਂਦਾ ਰਿਹਾ ਤੇ ਉਸ ਖਿਲਾਫ ਕੋਈ ਜਾਂਚ ਨਹੀਂ ਹੋਣ ਦਿੱਤੀ ਗਈ।

  ਅੰਮ੍ਰਿਤਸਰ - ਸ਼ਿਲੌਂਗ ਦੀ ਪੰਜਾਬੀ ਕਲੋਨੀ ਦੇ ਲੋਕ ਉਜਾੜੇ ਦੇ ਡਰ ਤੋਂ ਭੈਅਭੀਤ ਹਨ ਅਤੇ ਸਰਕਾਰ ਸਮੇਤ ਸਿੱਖ ਜਥੇਬੰਦੀਆਂ ਵੱਲ ਮਦਦ ਲਈ ਦੇਖ ਰਹੇ ਹਨ। ਇਹ ਖੁਲਾਸਾ ਸ਼੍ਰੋਮਣੀ ਕਮੇਟੀ ਦੀ ਸ਼ਿਲੌਂਗ ਦੌਰੇ ‘ਤੇ ਗਈ ਤਿੰਨ ਮੈਂਬਰੀ ਟੀਮ ਨੇ ਕੀਤਾ ਹੈ, ਜੋ ਬੀਤੀ ਰਾਤ ਅੰਮ੍ਰਿਤਸਰ ਵਾਪਸ ਪਰਤ ਆਈ ਸੀ। ਇਹ ਤਿੰਨ ਮੈਂਬਰੀ ਟੀਮ ਸ਼ਿਲੌਂਗ ‘ਚ ਵਸਦੇ ਪੰਜਾਬੀਆਂ ਦੀ ਜਾਨ ਮਾਲ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਜਲਦੀ ਹੀ ਮੇਘਾਲਿਆ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨਾਲ ਵੀ ਮੁਲਾਕਾਤ ਕਰੇਗੀ। ਟੀਮ ਵਿੱਚ ਸ਼ਾਮਲ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਬੀਐਸ ਸਿਆਲਕਾ ਨੇ ਦੱਸਿਆ ਕਿ ਮੇਘਾਲਿਆ ‘ਚ ਪਾਬੰਦੀਸ਼ੁਦਾ ਜਥੇਬੰਦੀ ਐਚਐਨਐਲਸੀ ਵਲੋਂ ਜਾਰੀ ਕੀਤੇ ਗਏ ਧਮਕੀ ਪੱਤਰ ਤੋਂ ਬਾਅਦ ਪੰਜਾਬੀ ਕਲੋਨੀ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਹੈ। ਇਸ ਮਾਮਲੇ ਵਿੱਚ ਹਾਈਕੋਰਟ ਵੱਲੋਂ ਭਾਵੇਂ ‘ਸਟੇਅ ਆਰਡਰ’ ਜਾਰੀ ਕੀਤੇ ਹੋਏ ਹਨ ਪਰ ਪਾਬੰਦੀਸ਼ੁਦਾ ਜਥੇਬੰਦੀ ਦੀ ਧਮਕੀ ਕਾਰਨ ਇਹ ਲੋਕ ਉਜਾੜੇ ਦੇ ਡਰ ਤੋਂ ਭੈਅਭੀਤ ਹਨ। ਸ਼੍ਰੋਮਣੀ ਕਮੇਟੀ ਨੇ ਇਥੇ ਵਸਦੇ ਪੰਜਾਬੀ ਭਾਈਚਾਰੇ ਅਤੇ ਸਿੱਖਾਂ ਨੂੰ ਭਰੋਸਾ ਦਿੱਤਾ ਹੈ ਕਿ ਸ਼੍ਰੋਮਣੀ ਕਮੇਟੀ ਇਸ ਮਾਮਲੇ ਵਿੱਚ ਮੇਘਾਲਿਆ ਸਰਕਾਰ ਅਤੇ ਕੇਂਦਰ ਸਰਕਾਰ ਦੋਵਾਂ ਕੋਲ ਪਹੁੰਚ ਕਰੇਗੀ। ਇਹ ਤਿੰਨ ਮੈਂਬਰੀ ਟੀਮ 14 ਜੂਨ ਨੂੰ ਮੇਘਾਲਿਆ ਦੇ ਗ੍ਰਹਿ ਮੰਤਰੀ ਜੇਮਜ਼ ਸੰਗਮਾ ਨੂੰ ਮਿਲੀ ਹੈ, ਜਿਸ ਨੂੰ ਇਕ ਮੰਗ ਪੱਤਰ ਦੇ ਕੇ ਪੰਜਾਬੀ ਕਲੋਨੀ ਵਿਚ ਵਸਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਦੀ ਮੰਗ ਕੀਤੀ ਹੈ। ਟੀਮ ਨੇ ਖੁਲਾਸਾ ਕੀਤਾ ਕਿ ਜਥੇਬੰਦੀ ਐਚਐਨਐਲਸੀ ਵੱਲੋਂ ਦਿੱਤੀ ਗਈ ਧਮਕੀ ਤੋਂ ਬਾਅਦ ਇਸ ਇਲਾਕੇ ਵਿੱਚ ਮੇਘਾਲਿਆ ਸਰਕਾਰ ਵੱਲੋਂ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹਾਈਕੋਰਟ ਵੱਲੋਂ ਇਹ ਕਲੋਨੀ ਖਾਲੀ ਕਰਨ ‘ਤੇ ਰੋਕ ਲਾਈ ਗਈ ਹੈ ਪਰ ਇਸ ਦੇ ਬਾਵਜੂਦ ਸ਼ਿਲੌਂਗ ਮਿਉਂਸਿਪਲ ਬੋਰਡ ਵੱਲੋਂ ਆਪਣੇ ਤੌਰ ‘ਤੇ ਹੀ ਕਲੋਨੀ ਦੇ ਲੋਕਾਂ ਨੂੰ ਆਪਣੀ ਮਲਕੀਅਤ ਸਾਬਤ ਕਰਨ ਲਈ ਨੋਟਿਸ ਜਾਰੀ ਕੀਤੇ ਗਏ ਹਨ। ਇਹ ਥਾਂ ਵਪਾਰਕ ਖੇਤਰ ਵਿਚ ਆਉਣ ਕਾਰਨ ਇਸ ਦੀ ਕੀਮਤ ਵੱਧ ਚੁੱਕੀ ਹੈ। ਇਸੇ ਲਈ ਇਥੇ ਵਸਦੇ ਪੰਜਾਬੀ ਭਾਈਚਾਰੇ ਨੂੰ ਇਥੋਂ ਹਟਾਉਣ ਲਈ ਦਬਾਅ ਵਧਾਇਆ ਜਾ ਰਿਹਾ ਹੈ ਤਾਂ ਜੋ ਇਸ ਜਗ੍ਹਾਂ ਨੂੰ ਵਪਾਰਕ ਮੰਤਵ ਲਈ ਵਰਤਿਆ ਜਾ ਸਕੇ। ਸ਼੍ਰੋਮਣੀ ਕਮੇਟੀ ਦੇ ਵਫਦ ਨੇ ਦੱਸਿਆ ਕਿ ਇਥੇ ਵਸਦੇ ਲੋਕ ਵੀ ਪੰਜਾਬੀ ਕਲੋਨੀ ਦੇ ਲੋਕਾਂ ਦੇ ਉਜਾੜੇ ਦੇ ਹੱਕ ਵਿੱਚ ਨਹੀਂ ਹਨ ਪਰ ਕੁਝ ਸਿਆਸਤਦਾਨਾਂ ਦੇ ਪ੍ਰਭਾਵ ਹੇਠ ਇਨ੍ਹਾਂ ਨੂੰ ਇਥੋਂ ਤਬਦੀਲ ਕਰਨ ਦੀ ਸਾਜਿਸ਼ ਰਚੀ ਗਈ ਹੈ। ਇਸ ਦੌਰਾਨ ਸ਼ਿਲੌਂਗ ਦੇ ਬੜਾ ਬਜ਼ਾਰ ਸਥਿਤ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਆਗੂ ਗੁਰਜੀਤ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀ ਟੀਮ ਦੇ ਪਰਤਣ ਮਗਰੋਂ ਵੀ ਸਥਿਤੀ ਜਿਉਂ ਦੀ ਤਿਉਂ ਹੈ ਅਤੇ ਲੋਕ ਤਣਾਅ ਵਿੱਚ ਹਨ। ਇਸ ਦੌਰਾਨ ਪੰਜਾਬੀ ਕਲੋਨੀ ਦੀ ਹਰੀਜਨ ਪੰਚਾਇਤ ਕਮੇਟੀ ਵੱਲੋਂ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਸਬੰਧੀ ਇਕ ਪਟੀਸ਼ਨ ਵੀ ਅਦਾਲਤ ਵਿੱਚ ਦਾਇਰ ਕਰ ਦਿੱਤੀ ਗਈ ਹੈ, ਜਿਸ ਦੀ ਸੁਣਵਾਈ 18 ਜੂਨ ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਭਾਵੇਂ ਇਸ ਇਲਾਕੇ ਵਿੱਚ ਸੁਰੱਖਿਆ ਵਧਾਈ ਗਈ ਹੈ ਪਰ ਪਾਬੰਦੀਸ਼ੁਦਾ ਜਥੇਬੰਦੀ ਦੀ ਧਮਕੀ ਮਗਰੋਂ ਲੋਕਾਂ ਵਿਚ ਡਰ ਤੇ ਸਹਿਮ ਹੈ।

  ਫ਼ਰੀਦਕੋਟ - ਕੋਟਕਪੂਰਾ ਗੋਲੀ ਕਾਂਡ ਵਿੱਚ ਇੱਥੇ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਨਤਾਰ ਸਿੰਘ ਬਰਾੜ, ਲੁਧਿਆਣਾ ਦੇ ਸਾਬਕਾ ਏ.ਸੀ.ਪੀ ਪਰਮਜੀਤ ਸਿੰਘ ਪੰਨੂ, ਫਰੀਦਕੋਟ ਦੇ ਸਾਬਕਾ ਐੱਸ.ਪੀ. ਬਲਜੀਤ ਸਿੰਘ ਸਿੱਧੂ ਅਤੇ ਸਿਟੀ ਕੋਟਕਪੂਰਾ ਦੇ ਸਾਬਕਾ ਐੱਸ.ਐੱਚ. ਓ ਗੁਰਦੀਪ ਸਿੰਘ ਪੰਧੇਰ ਨੂੰ ਨੋਟਿਸ ਜਾਰੀ ਕਰਕੇ ਹਦਾਇਤ ਕੀਤੀ ਹੈ ਕਿ ਉਹ ਮੁਕੱਦਮੇ ਦੀ ਸੁਣਵਾਈ ਦਾ ਸਾਹਮਣਾ ਕਰਨ ਲਈ 12 ਜੁਲਾਈ ਨੂੰ ਨਿੱਜੀ ਤੌਰ ’ਤੇ ਅਦਾਲਤ ਸਾਹਮਣੇ ਪੇਸ਼ ਹੋਣ। ਅੱਜ ਇਸ ਮਾਮਲੇ ਦੀ ਸੁਣਵਾਈ ਦੌਰਾਨ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਚਲਾਨ ਪੇਸ਼ ਹੋਣ ਤੋਂ ਬਾਅਦ ਪਹਿਲੀ ਵਾਰ ਅਦਾਲਤ ਸਾਹਮਣੇ ਪੇਸ਼ ਹੋਏ। ਅਦਾਲਤ ਨੇ ਆਈ.ਜੀ. ਉਮਰਾਨੰਗਲ ਨੂੰ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ਵਿੱਚ ਪੇਸ਼ ਹੋਏ ਚਲਾਨ ਦੀਆਂ ਨਕਲਾਂ ਸੌਂਪ ਦਿੱਤੀਆਂ ਜਦੋਂ ਕਿ ਸਾਬਕਾ ਐੱਸ.ਐੱਸ.ਪੀ ਚਰਨਜੀਤ ਸਿੰਘ ਸ਼ਰਮਾ ਦੀ ਸਿਹਤ ਖ਼ਰਾਬ ਹੋਣ ਕਾਰਨ ਅੱਜ ਅਦਾਲਤ ਨੇ ਉਸ ਨੂੰ ਨਿੱਜੀ ਪੇਸ਼ੀ ਤੋਂ ਛੋਟ ਦੇ ਦਿੱਤੀ।ਅਦਾਲਤ ਨੇ ਆਪਣੇ ਹੁਕਮ ਵਿੱਚ ਕਿਹਾ ਹੈ ਕਿ ਮਨਤਾਰ ਸਿੰਘ ਬਰਾੜ ਅਤੇ ਬਾਕੀ ਪੁਲੀਸ ਅਧਿਕਾਰੀਆਂ ਨੂੰ ਨੋਟਿਸ ਵਿਸ਼ੇਸ਼ ਜਾਂਚ ਟੀਮ ਰਾਹੀਂ ਭੇਜਿਆ ਜਾਵੇ। ਵਿਸ਼ੇਸ਼ ਜਾਂਚ ਟੀਮ ਨੇ 27 ਮਈ ਨੂੰ ਅਦਾਲਤ ਵਿੱਚ 2000 ਸਫ਼ਿਆਂ ਦਾ ਚਲਾਨ ਪੇਸ਼ ਕੀਤਾ ਸੀ, ਜਿਸ ਵਿੱਚ ਦਾਅਵਾ ਕੀਤਾ ਹੈ ਕਿ ਉਮਰਾਨੰਗਲ ਨੂੰ 13 ਅਕਤੂਬਰ 2015 ਦੀ ਰਾਤ ਨੂੰ ਕਿਸੇ ਵੀ ਪੁਲੀਸ ਅਧਿਕਾਰੀ ਨੇ ਕੋਟਕਪੂਰੇ ਨਹੀਂ ਬੁਲਾਇਆ ਸੀ ਬਲਕਿ ਉਹ ਬਿਨਾਂ ਬੁਲਾਏ ਕੋਟਕਪੂਰੇ ਆਏ ਅਤੇ ਸ਼ਾਂਤਮਈ ਲੋਕਾਂ ਉੱਪਰ ਗੋਲੀਆਂ ਚਲਾ ਦਿੱਤੀਆਂ। ਉਮਰਾਨੰਗਲ ਇਕਲੌਤੇ ਅਜਿਹੇ ਪੁਲੀਸ ਅਧਿਕਾਰੀ ਹਨ ਜਿਹੜੇ ਕੋਟਕਪੂਰਾ ਗੋਲੀ ਕਾਂਡ ਵਿੱਚ ਜੇਲ੍ਹ ਦੀ ਹਵਾ ਖਾ ਚੁੱਕੇ ਹਨ। ਦੱਸਣਯੋਗ ਹੈ ਕਿ ਐੱਸ.ਪੀ. ਬਲਜੀਤ ਸਿੰਘ ਸਿੱਧੂ ਅਤੇ ਕੋਟਕਪੂਰਾ ਦੇ ਸਾਬਕਾ ਐੱਸ.ਐੱਚ.ਓ ਗੁਰਦੀਪ ਸਿੰਘ ਪੰਧੇਰ ਜ਼ਮਾਨਤ ਨਾ ਮਿਲਣ ਕਾਰਨ ਅਦਾਲਤ ਸਾਹਮਣੇ ਪੇਸ਼ ਨਹੀਂ ਹੋਏ ਜਦੋਂ ਕਿ ਮਨਤਾਰ ਸਿੰਘ ਬਰਾੜ ਨੂੰ ਹਾਈਕੋਰਟ ਵਿੱਚੋਂ ਆਰਜ਼ੀ ਤੌਰ ‘ਤੇ ਪੇਸ਼ਗੀ ਜ਼ਮਾਨਤ ਮਿਲੀ ਹੋਈ ਹੈ ਅਤੇ ਉਹ ਅਜੇ ਤੱਕ ਅਦਾਲਤ ਸਾਹਮਣੇ ਪੇਸ਼ ਨਹੀਂ ਹੋਏ। ਇਸੇ ਤਰ੍ਹਾਂ ਲੁਧਿਆਣਾ ਦੇ ਏ.ਸੀ.ਪੀ ਪਰਮਜੀਤ ਸਿੰਘ ਪੰਨੂ ਨੂੰ ਵੀ ਸੈਸ਼ਨ ਕੋਰਟ ਫ਼ਰੀਦਕੋਟ ਵੱਲੋਂ ਜ਼ਮਾਨਤ ਮਿਲ ਚੁੱਕੀ ਹੈ ਪਰੰਤੂ ਉਹ ਅਦਾਲਤ ਸਾਹਮਣੇ ਪੇਸ਼ ਨਹੀਂ ਹੋਏ ਜਿਸ ਕਰਕੇ ਅਦਾਲਤ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।

  ਅੰਮਿ੍ਤਸਰ  -ਪਾਕਿਸਤਾਨ ਨੇ ਇਸ ਵਰ੍ਹੇ ਦੇ ਅੰਦਰ 132 ਕਰੋੜ ਰੁਪਏ ਦੀ ਲਾਗਤ ਨਾਲ ਦਰਿਆ ਰਾਵੀ 'ਤੇ ਪੁਲ, ਸੜਕਾਂ, 1000 ਦੇ ਕਰੀਬ ਯਾਤਰੂਆਂ ਦੀ ਸਮਰੱਥਾ ਵਾਲੀ ਸਰਾਂ ਅਤੇ ਬਾਰਡਰ ਟਰਮੀਨਲ ਆਦਿ ਦੀ ਪਹਿਲੇ ਪੜਾਅ ਦੀ ਉਸਾਰੀ ਨੂੰ ਪੂਰਾ ਕਰਨ ਦਾ ਫ਼ੈਸਲਾ ਕੀਤਾ ਹੈ | ਸੰਘੀ ਯੋਜਨਾ ਮੰਤਰੀ ਮਖ਼ਦੂਮ ਖ਼ੁਸਰੋ ਬਖ਼ਤਿਆਰ ਨੇ ਇਸਲਾਮਾਬਾਦ 'ਚ ਸ੍ਰੀ ਕਰਤਾਰਪੁਰ ਲਾਂਘੇ ਦੇ ਵਿਕਾਸ ਬਾਰੇ ਇਕ ਬੈਠਕ ਦੀ ਪ੍ਰਧਾਨਗੀ ਕਰਦਿਆਂ ਇਹ ਜਾਣਕਾਰੀ ਦਿੱਤੀ | ਇਸ ਮੌਕੇ 'ਤੇ ਸਕੱਤਰ ਯੋਜਨਾ ਜ਼ਫ਼ਰ ਹਸਨ, ਸਕੱਤਰ ਧਾਰਮਿਕ ਮਾਮਲੇ, ਡਾਇਰੈਕਟਰ ਜਨਰਲ ਐੱਫ.ਡਬਲਯੂ.ਓ. ਮੇਜਰ ਜਨਰਲ ਇਨਾਮ ਹੈਦਰ ਮਲਿਕ, ਮੈਂਬਰ ਯੋਜਨਾ ਕਮਿਸ਼ਨ, ਡਿਪਟੀ ਕਮਿਸ਼ਨਰ ਨਾਰੋਵਾਲ, ਕਮਿਸ਼ਨਰ ਗੁੱਜਰਾਂਵਾਲਾ, ਐਨ.ਈ.ਐੱਸ.ਪੀ. ਏ.ਕੇ. ਦੇ ਨੁਮਾਇੰਦੇ ਅਤੇ ਵੱਖ-ਵੱਖ ਮੰਤਰਾਲਿਆਂ ਦੇ ਉੱਚ ਅਧਿਕਾਰੀ ਹਾਜ਼ਰ ਸਨ | ਮੰਤਰੀ ਮਖ਼ਦੂਮ ਖ਼ੁਸਰੋ ਨੇ ਕਿਹਾ ਕਿ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਲਾਂਘੇ ਅਤੇ ਆਖ਼ਰੀ ਪੜਾਅ ਦੀ ਉਸਾਰੀ ਮੁਕੰਮਲ ਹੋਣ 'ਤੇ ਭਾਰਤ ਅਤੇ ਵਿਸ਼ਵ ਦੇ ਹੋਰਨਾਂ ਹਿੱਸਿਆਂ ਤੋਂ ਸ੍ਰੀ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ (ਸ੍ਰੀ ਕਰਤਾਰਪੁਰ ਸਾਹਿਬ) ਦੇ ਦਰਸ਼ਨਾਂ ਹਿੱਤ ਰੋਜ਼ਾਨਾ 7 ਤੋਂ 10 ਹਜ਼ਾਰ ਸ਼ਰਧਾਲੂ ਸਿੱਖ ਨਤਮਸਤਕ ਹੋਣ ਲਈ ਪਹੁੰਚਣਗੇ | ਪਾਕਿ ਸਰਕਾਰ ਵਿਦੇਸ਼ ਤੋਂ ਆਉਣ ਵਾਲੇ ਹਰੇਕ ਯਾਤਰੀ 'ਤੇ 20 ਯੂ.ਐੱਸ. ਡਾਲਰ (ਭਾਰਤੀ ਕਰੰਸੀ ਮੁਤਾਬਿਕ 1398 ਅਤੇ ਪਾਕਿਸਤਾਨੀ ਕਰੰਸੀ ਮੁਤਾਬਿਕ 3120 ਰੁਪਏ) ਯਾਤਰਾ ਫ਼ੀਸ ਲਗਾਉਣ 'ਤੇ ਵਿਚਾਰ ਕਰ ਰਹੀ ਹੈ ਜਦਕਿ ਸਥਾਨਕ ਲੋਕਾਂ ਤੋਂ ਬਹੁਤ ਘੱਟ ਫ਼ੀਸ ਲਈ ਜਾਵੇਗੀ | ਉਨ੍ਹਾਂ ਦੱਸਿਆ ਕਿ ਪਾਕਿ ਸਰਕਾਰ ਨੇ ਬਜਟ 2019-20 'ਚ ਪਬਲਿਕ ਸੈਕਟਰ ਵਿਕਾਸ ਪ੍ਰੋਗਰਾਮ (ਪੀ.ਐੱਸ.ਡੀ.ਪੀ.) ਅਧੀਨ ਭੂਮੀ ਹਾਸਲ ਕਰਨ ਅਤੇ ਵਿਕਾਸ ਦੇ ਕੰਮਾਂ ਲਈ 100 ਕਰੋੜ ਰੁਪਏ ਅਲਾਟ ਕੀਤੇ ਹਨ ਅਤੇ ਉਕਤ ਸਾਰੇ ਪ੍ਰੋਜੈਕਟ 'ਤੇ ਕੁਲ 300 ਕਰੋੜ ਰੁਪਏ ਅਨੁਮਾਨਿਤ ਲਾਗਤ ਆਉਣ ਦੀ ਸੰਭਾਵਨਾ ਹੈ | ਉਨ੍ਹਾਂ ਦੱਸਿਆ ਕਿ ਪ੍ਰਵੇਸ਼ (ਐਾਟਰੀ) ਫ਼ੀਸ ਦਾ ਭੁਗਤਾਨ ਕਰਨ ਉਪਰੰਤ ਯਾਤਰੂ ਪਾਕਿਸਤਾਨੀ ਖੇਤਰ 'ਚ ਦਾਖ਼ਲ ਹੋਣਗੇ ਅਤੇ ਲਗਪਗ ਇਕ ਕਿੱਲੋਮੀਟਰ ਤੱਕ ਪੈਦਲ ਚੱਲਣ ਦੇ ਬਾਅਦ ਬੱਸ ਟਰਮੀਨਲ ਤੋਂ ਬੱਸਾਂ ਰਾਹੀਂ ਗੁਰਦੁਆਰਾ ਸਾਹਿਬ ਦੇ ਬਾਹਰ ਇਮੀਗ੍ਰੇਸ਼ਨ ਵਿਖੇ ਪਹੁੰਚਣਗੇ | ਉਕਤ ਸਭ ਸਮਾਰਕਾਂ ਦੀ ਉਸਾਰੀ ਦੀ ਜ਼ਿੰਮੇਵਾਰੀ ਐੱਫ਼.ਡਬਲਯੂ.ਓ. ਨੂੰ ਦਿੱਤੀ ਗਈ ਹੈ ਅਤੇ ਪ੍ਰੋਜੈਕਟ ਦਾ ਪੀ.ਸੀ.-1 ਸੈਂਟਰਲ ਡਿਵੈਲਪਮੈਂਟ ਵਰਕਿੰਗ ਪਾਰਟੀ (ਸੀ.ਡੀ.ਡਬਲਯੂ.ਪੀ.) ਦੇ ਸਾਹਮਣੇ ਪੇਸ਼ ਕੀਤੇ ਜਾਣ ਲਈ ਤਿਆਰ ਹੈ ਅਤੇ ਇਸ ਨੂੰ ਬੀ.ਓ.ਟੀ. (ਬਿਲਡ-ਓਪਰੇਟ ਐਾਡ ਟਰਾਂਸਫ਼ਰ) ਦੇ ਆਧਾਰ 'ਤੇ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ | ਉਕਤ ਮੰਤਰੀ ਅਨੁਸਾਰ ਉਸਾਰੀ ਦਾ ਪਹਿਲਾ ਪੜਾਅ ਨਵੰਬਰ 2019 ਤੱਕ ਪੂਰੀ ਤਰ੍ਹਾਂ ਨਾਲ ਮੁਕੰਮਲ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਦੀ ਉਸਾਰੀ ਮੁਕੰਮਲ ਹੋਣ ਉਪਰੰਤ ਅਤੇ ਯਾਤਰੂਆਂ ਦੀ ਆਮਦ ਦੇ ਮੱਦੇਨਜ਼ਰ ਸਰਕਾਰ ਸ੍ਰੀ ਕਰਤਾਰਪੁਰ ਖੇਤਰ ਦੇ ਮਾਮਲਿਆਂ ਨੂੰ ਚਲਾਉਣ ਲਈ ਇਕ ਵੱਖਰੀ ਕੰਪਨੀ ਦਾ ਵੀ ਗਠਨ ਕਰ ਸਕਦੀ ਹੈ | ਡਿਪਟੀ ਕਮਿਸ਼ਨਰ ਨਾਰੋਵਾਲ ਵਹੀਦ ਅਸਗਰ ਨੇ ਬੈਠਕ ਦੌਰਾਨ ਦੱਸਿਆ ਕਿ ਰੋਜ਼ਾਨਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਹੁੰਚਣ ਵਾਲੇ ਹਜ਼ਾਰਾਂ ਸਿੱਖ ਯਾਤਰੂਆਂ ਲਈ ਅਤਿ ਆਧੁਨਿਕ ਸਹੂਲਤਾਂ ਦੀ ਵਿਵਸਥਾ ਕੀਤੀ ਜਾਵੇਗੀ | ਬੈਠਕ ਦੌਰਾਨ ਉਨ੍ਹਾਂ ਦੱਸਿਆ ਕਿ ਮੂਲ ਰੂਪ 'ਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ 10 ਮਰਲੇ ਜ਼ਮੀਨ 'ਤੇ ਉਸਾਰਿਆ ਗਿਆ ਹੈ ਅਤੇ ਹੁਣ ਸਿੱਖ ਯਾਤਰੂਆਂ ਨੂੰ ਆਧੁਨਿਕ ਸਹੂਲਤਾਂ ਦੇਣ ਅਤੇ ਆਲਾ-ਦੁਆਲਾ ਦਿੱਲਖਿੱਚ ਬਣਾਉਣ ਲਈ ਹੋਰ 48 ਏਕੜ ਜ਼ਮੀਨ ਹਾਸਲ ਕੀਤੀ ਗਈ ਹੈ | ਉਕਤ ਜ਼ਮੀਨ 'ਚੋਂ ਗੁਰਦੁਆਰਾ ਸਾਹਿਬ ਦੇ ਚੁਫੇਰੇ 10 ਏਕੜ 'ਤੇ ਮਾਰਬਲ ਲਗਾਇਆ ਜਾ ਰਿਹਾ ਹੈ | ਬੈਠਕ ਦੌਰਾਨ ਡਾਇਰੈਕਟਰ ਜਨਰਲ ਐਫ.ਡਬਲਯੂ.ਓ. ਮੇਜਰ ਜਨਰਲ ਇਨਾਮ ਹੈਦਰ ਮਲਿਕ ਨੇ ਹਾਜ਼ਰ ਅਧਿਕਾਰੀਆਂ ਨੂੰ ਲਾਂਘੇ ਦੀ ਚੱਲ ਰਹੀ ਉਸਾਰੀ, ਬਾਰਡਰ ਟਰਮੀਨਲ, ਲੰਗਰ-ਘਰ, ਸਰਾਂ, ਗੁਰਦੁਆਰਾ ਸਾਹਿਬ ਅਤੇ ਦਰਿਆ ਰਾਵੀ ਦੇ ਪੁਲ ਦੇ ਬਾਰੇ 'ਚ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ | ਉਨ੍ਹਾਂ ਨੇ ਦੱਸਿਆ ਕਿ ਉਕਤ ਬਾਰੇ ਤਕਨੀਕੀ ਵੇਰਵੇ ਅਤੇ ਡਿਜ਼ਾਈਨ ਭਾਰਤੀ ਮਾਹਿਰਾਂ ਨਾਲ ਬੈਠਕਾਂ ਦੌਰਾਨ ਸਾਂਝੇ ਕੀਤੇ ਗਏ ਹਨ ਅਤੇ ਉਸਾਰੀ ਦਾ ਕੰਮ ਪੂਰੇ ਜ਼ੋਰਾਂ 'ਤੇ ਹੈ | ਉਕਤ ਦੇ ਇਲਾਵਾ ਬੈਠਕ 'ਚ ਜ਼ਮੀਨ ਐਕਵਾਇਰ (ਹਾਸਲ), ਲਾਗਤ ਅਤੇ ਹੋਰ ਤਕਨੀਕੀ ਮੁੱਦਿਆਂ 'ਤੇ ਵੀ ਵਿਚਾਰ ਚਰਚਾ ਕੀਤੀ ਗਈ |

  ਚੰਡੀਗੜ੍ਹ• - ਮੇਘਾਲਿਆ ਦੇ ਮੁੱਖ ਮੰਤਰੀ ਕੋਨਾਰਡ ਸੰਗਮਾ ਨੂੰ ਉੱਤਰੀ-ਪੂਰਬੀ ਸੂਬੇ 'ਚ ਵਸੇ ਸਿੱਖਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਲਈ ਲੋੜੀਂਦੇ ਕਦਮ ਚੁੱਕਣ ਦੀ ਅਪੀਲ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਤੋਂ ਚਾਰ ਮੈਂਬਰੀ ਵਫ਼ਦ ਤੁਰੰਤ ਉੱਥੇ ਭੇਜਣ ਦਾ ਫੈਸਲਾ ਕੀਤਾ ਹੈ ਤਾਂ ਕਿ ਪੀੜਤ ਲੋਕਾਂ ਨਾਲ ਸਬੰਧਿਤ ਮਸਲਿਆਂ ਦਾ ਹੱਲ ਕੱਢਿਆ ਜਾ ਸਕੇ | ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਇਸ ਵਫ਼ਦ ਦੀ ਅਗਵਾਈ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਕਰਨਗੇ ਜੋ ਮੇਘਾਲਿਆ ਦੇ ਮੁੱਖ ਮੰਤਰੀ ਅਤੇ ਹੋਰ ਸਬੰਧਿਤ ਲੋਕਾਂ ਨੂੰ ਮਿਲਣਗੇ | ਇਸ ਵਫ਼ਦ 'ਚ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਜਸਬੀਰ ਸਿੰਘ ਗਿੱਲ ਤੋਂ ਇਲਾਵਾ ਵਿਧਾਇਕ ਕੁਲਦੀਪ ਸਿੰਘ ਵੈਦ ਸ਼ਾਮਿਲ ਹੋਣਗੇ | ਯੋਜਨਾਬੰਦੀ ਦੇ ਵਿਸ਼ੇਸ਼ ਸਕੱਤਰ ਡੀ.ਐੱਸ. ਮਾਂਗਟ ਨੂੰ ਵੀ ਵਫ਼ਦ ਦਾ ਹਿੱਸਾ ਬਣਨ ਦੇ ਹੁਕਮ ਦਿੱਤੇ ਗਏ ਹਨ ਜਿਨ੍ਹਾਂ ਨੂੰ ਮੁੱਖ ਸਕੱਤਰ ਨੇ ਤਾਲਮੇਲ ਕਰਨ ਲਈ ਆਖਿਆ ਹੈ | ਉੱਥੇ ਵਸਦੇ ਸਿੱਖਾਂ ਨੂੰ ਕੁਝ ਸਥਾਨਕ ਪਾਬੰਦੀਸ਼ੁਦਾ ਅੱਤਵਾਦੀ ਜਥੇਬੰਦੀਆਂ ਪਾਸੋਂ ਮਿਲੀਆਂ ਧਮਕੀਆਂ ਬਾਰੇ ਸਾਹਮਣੇ ਆਈਆਂ ਮੀਡੀਆ ਰਿਪੋਰਟਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਇਹ ਨਿਰਦੇਸ਼ ਜਾਰੀ ਕੀਤੇ ਹਨ | ਸ੍ਰੀ ਸੰਗਮਾ ਨੂੰ ਲਿਖੇ ਪੱਤਰ 'ਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਰਿਪੋਰਟਾਂ ਸੁਭਾਵਿਕ ਤੌਰ 'ਤੇ ਪੰਜਾਬ 'ਚ ਚਿੰਤਾ ਪੈਦਾ ਕਰਦੀਆਂ ਹਨ ਕਿਉਂ ਜੋ ਇਹ ਪਰਿਵਾਰ ਮੁਲਕ ਦੀ ਆਜ਼ਾਦੀ ਤੋਂ ਵੀ ਪਹਿਲਾਂ ਲੰਮੇ ਸਮੇਂ ਤੋਂ ਸ਼ਿਲਾਂਗ 'ਚ ਰਹਿ ਰਹੇ ਹਨ | ਉਨ•੍ਹਾਂ ਨੇ ਆਪਣੇ ਹਮ ਰੁਤਬਾ ਨੂੰ ਉੱਥੇ ਰਹਿ ਰਹੇ ਪੰਜਾਬੀਆਂ 'ਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਹੰਗਾਮੀ ਕਦਮ ਚੁੱਕਣ ਦੀ ਅਪੀਲ ਕੀਤੀ | ਇਸ ਮਸਲੇ ਦੀ ਸੰਵੇਦਨਸ਼ੀਲਤਾ ਦਾ ਜ਼ਿਕਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਸਾਰੀਆਂ ਭਾਈਵਾਲਾਂ ਧਿਰਾਂ ਦੀ ਤਸੱਲੀ ਮੁਤਾਬਿਕ ਇਸ ਮਸਲੇ ਨੂੰ ਗਹੁ ਨਾਲ ਅਤੇ ਸੁਖਾਵੇਂ ਢੰਗ ਨਾਲ ਹੱਲ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ |

  ਅੰਮ੍ਰਿਤਸਰ - ਜੂਨ 1984 ਵਿੱਚ ਵਾਪਰੇ ਸਾਕਾ ਨੀਲਾ ਤਾਰਾ ਫੌਜੀ ਹਮਲੇ ਦੇ ਲਗਪਗ 35 ਵਰ੍ਹਿਆਂ ਬਾਅਦ ਸ਼੍ਰੋਮਣੀ ਕਮੇਟੀ ਨੇ 13 ਜੂਨ * ਪਹਿਲੀ ਵਾਰ ਖੁਲਾਸਾ ਕੀਤਾ ਹੈ ਕਿ ਫੌਜੀ ਹਮਲੇ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਸਥਾਪਿਤ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਫੌਜ ਵੱਲੋਂ ਚੁੱਕੇ ਅਮੁੱਲ ਖਜ਼ਾਨੇ ਵਿੱਚੋਂ ਸਿਰਫ਼ 205 ਹੱਥ ਲਿਖਤ ਸਰੂਪ, 807 ਪੁਸਤਕਾਂ, ਇੱਕ ਹੁਕਮਨਾਮਾ ਅਤੇ ਕੁੱਝ ਅਖ਼ਬਾਰਾਂ ਹੀ ਵਾਪਿਸ ਕੀਤੀਆਂ ਗਈਆਂ ਹਨ ਜਦੋਂਕਿ ਸ਼੍ਰੋਮਣੀ ਕਮੇਟੀ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਰਜਿਸਟਰ ਵਿੱਚ ਦਰਜ ਰਿਕਾਰਡ ਮੁਤਾਬਕ 512 ਹੱਥ ਲਿਖਤ ਸਰੂਪ ਅਤੇ 12613 ਪੁਸਤਕਾਂ ਸਮੇਤ ਹੁਕਮਨਾਮੇ, ਅਖ਼ਬਾਰਾਂ, ਪੱਤਿ੍ਕਾਵਾਂ ਤੇ ਹੋਰ ਸਾਮਾਨ ਫੌਜ ਵੱਲੋਂ ਚੁੱਕ ਕੇ ਲੈ ਜਾਣ ਦਾ ਦਾਅਵਾ ਕੀਤਾ ਗਿਆ ਸੀ। ਇਸ ਦੌਰਾਨ ਸ਼੍ਰੋਮਣੀ ਕਮੇਟੀ ਨੇ ਇੱਕ ਉਚ ਪੱਧਰੀ ਪੜਤਾਲੀਆ ਕਮੇਟੀ ਬਣਾਉਣ ਦਾ ਵੀ ਫੈਸਲਾ ਕੀਤਾ ਹੈ, ਜੋ ਫੌਜ ਵਲੋਂ ਦਿੱਤੇ ਗਏ ਸਾਮਾਨ ਦੀ ਮੌਜੂਦਗੀ ਅਤੇ ਲਾਪਤਾ ਹੋਏ ਇੱਕ ਸਰੂਪ ਸਮੇਤ ਸਮੁੱਚੇ ਮਾਮਲੇ ਦੀ ਜਾਂਚ ਕਰੇਗੀ। ਅੱਜ ਇਸ ਭਖਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵਲੋਂ ਜੂਨ 1984 ਤੋਂ ਲੈ ਕੇ ਹੁਣ ਤਕ ਦੇ ਸਾਬਕਾ ਤੇ ਮੌਜੂਦਾ ਸਕੱਤਰਾਂ, ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਸਾਬਕਾ ਤੇ ਮੌਜੂਦਾ ਲਾਇਬ੍ਰੇਰੀਅਨ ਤੇ ਹੋਰ ਅਮਲੇ ਸਮੇਤ ਇੰਚਾਰਜਾਂ ਦੀ ਮੀਟਿੰਗ ਸੱਦੀ ਸੀ। ਮੀਟਿੰਗ ਵਿੱਚ ਲਗਪਗ 21 ਮੌਜੂਦਾ ਤੇ ਸਾਬਕਾ ਅਧਿਕਾਰੀ ਸ਼ਾਮਲ ਹੋਏ ਹਨ। ਮੁੱਦੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਮੀਟਿੰਗ ਦੀ ਆਡੀਓ ਤੇ ਵੀਡੀਓ ਰਿਕਾਰਡਿੰਗ ਵੀ ਕਰਾਈ ਗਈ ਹੈ। ਮੀਟਿੰਗ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਫੌਜ ਵੱਲੋਂ ਹੁਣ ਤਕ ਸੱਤ ਵਾਰ ਕੁੱਝ ਸਾਮਾਨ ਦਿੱਤਾ ਗਿਆ ਹੈ, ਜਿਸ ਵਿਚੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਾਮਾਨ ਦੋ ਵਾਰ ਵਾਪਸ ਕੀਤਾ ਗਿਆ ਹੈ।
  ਉਨ੍ਹਾਂ ਕਿਹਾ ਕਿ ਲਾਇਬ੍ਰੇਰੀ ਦੇ ਸਾਬਕਾ ਡਾਇਰੈਕਟਰ ਡਾ. ਅਨੁਰਾਗ ਸਿੰਘ ਵੱਲੋਂ ਦਿੱਤੀਆਂ ਸੂਚੀਆਂ ਮੁਤਾਬਕ ਫੌਜ ਵੱਲੋਂ ਸਿਰਫ਼ 205 ਹੱਥ ਲਿਖਤ ਸਰੂਪ, 807 ਪੁਸਤਕਾਂ ਅਤੇ ਇੱਕ ਹੁਕਮਨਾਮਾ ਸਮੇਤ ਕੁੱਝ ਅਖ਼ਬਾਰਾਂ ਹੀ ਵਾਪਿਸ ਕੀਤੀਆਂ ਗਈਆਂ ਹਨ। ਬਾਕੀ ਸਾਮਾਨ ਵਿੱਚ ਸ਼ਾਮਲ 307 ਹੱਥ ਲਿਖਤ ਸਰੂਪ ਅਤੇ 11107 ਪੁਸਤਕਾਂ ਹੁਣ ਤਕ ਸ਼੍ਰੋਮਣੀ ਕਮੇਟੀ ਨੂੰ ਨਹੀਂ ਮਿਲੀਆਂ ਹਨ। ਉਨ੍ਹਾਂ ਨੇ ਫੌਜ ਦੇ ਇਸ ਦਾਅਵੇ ਨੂੰ ਰੱਦ ਕੀਤਾ ਕਿ ਸਾਰਾ ਸਾਮਾਨ ਸ਼੍ਰੋਮਣੀ ਕਮੇਟੀ ਨੂੰ ਵਾਪਸ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਹ ਦਾਅਵਾ ਗਲਤ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਹੁਣ ਹਾਲ ਹੀ ਵਿੱਚ ਫੌਜ ਨੂੰ ਮੁੜ ਪੱਤਰ ਭੇਜ ਕੇ ਸ਼੍ਰੋਮਣੀ ਕਮੇਟੀ ਦਾ ਅਮੁੱਲ ਖਜ਼ਾਨਾ ਵਾਪਸ ਕਰਨ ਲਈ ਆਖਿਆ ਗਿਆ ਸੀ। ਇਸ ਸਬੰਧ ਵਿੱਚ ਸੁਰੱਖਿਆ ਵਿਭਾਗ ਦੇ ਡਿਪਟੀ ਸਕੱਤਰ ਦੇ ਦਸਤਖਤਾਂ ਹੇਠ ਮਾਰਚ 2019 ਨੂੰ ਇੱਕ ਪੱਤਰ ਮਿਲਿਆ ਹੈ, ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਹੈ ਕਿ ਜਿਹੜਾ ਰਿਕਾਰਡ ਫੌਜ ਨੇ ਚੁੱਕਿਆ ਸੀ, ਉਸ ਵਿੱਚੋਂ ਕੁੱਝ ਸਾਮਾਨ ਪੁਲੀਸ ਨੂੰ ਅਤੇ ਕੁੱਝ ਸਾਮਾਨ ਸ਼੍ਰੋਮਣੀ ਕਮੇਟੀ ਨੂੰ ਵਾਪਿਸ ਕਰ ਦਿੱਤਾ ਸੀ।
  ਉਨ੍ਹਾਂ ਆਖਿਆ ਕਿ ਇਸ ਸਬੰਧ ਵਿੱਚ ਪੰਜਾਬ ਪੁਲੀਸ ਕੋਲੋਂ ਵੀ ਪਤਾ ਲਾਇਆ ਜਾਵੇਗਾ ਕਿ ਉਸ ਕੋਲ ਫੌਜ ਵੱਲੋਂ ਦਿੱਤਾ ਹੋਇਆ ਸਾਮਾਨ ਕਿਹੜਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤਕ ਸ਼੍ਰੋਮਣੀ ਕਮੇਟੀ ਨੇ ਲਗਪਗ 85 ਪੱਤਰ ਕੇਂਦਰ ਸਰਕਾਰ ਨੂੰ ਲਿਖੇ ਹਨ ਅਤੇ ਸਿੱਖ ਰੈਫਰੈਂਸ ਲਾਇਬਰੇਰੀ ਦੇ ਸਾਮਾਨ ਦੀ ਵਾਪਸੀ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਮੁੱਚੇ ਮਾਮਲੇ ਦੀ ਪੜਤਾਲ ਕਰਾਉਣ ਦਾ ਫੈਸਲਾ ਕੀਤਾ ਹੈ ਅਤੇ ਇੱਕ ਉਚ ਪੱਧਰੀ ਜਾਂਚ ਕਮੇਟੀ ਦਾ ਗਠਨ ਕੀਤਾ ਜਾਵੇਗਾ। ਇਹ ਕਮੇਟੀ ਅੱਜ-ਕੱਲ੍ਹ ਵਿੱਚ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਐਲਾਨੀ ਜਾਵੇਗੀ। ਉਨ੍ਹਾਂ ਆਖਿਆ ਕਿ ਇਹ ਜਾਂਚ ਕਮੇਟੀ ਪੜਤਾਲ ਕਰੇਗੀ ਕਿ ਫੌਜ ਵਲੋਂ ਦਿੱਤਾ ਗਿਆ ਸਮਾਨ ਇਥੇ ਮੌਜੂਦ ਹੈ ਜਾਂ ਨਹੀਂ ਅਤੇ ਜੋ ਸਰੂਪ ਲਾਪਤਾ ਹੋਣ (ਵੇਚੇ ਜਾਣ) ਦੇ ਦੋਸ਼ ਲੱਗ ਰਹੇ ਹਨ, ਉਹ ਕਿਥੇ ਗਿਆ। ਉਨ੍ਹਾਂ ਦੋਸ਼ੀਆਂ ਖਿਲਾਫ ਕਾਰਵਾਈ ਦਾ ਭਰੋਸਾ ਦਿੰਦਿਆਂ ਕਿਹਾ ਕਿ ਜੇ ਇਸ ਸਬੰਧੀ ਪ੍ਰਕਾਸ਼ਿਤ ਹੋਈ ਖ਼ਬਰ ਦੇ ਵੇਰਵੇ ਗਲਤ ਸਾਬਤ ਹੋਏ ਤਾਂ ਉਸ ਖਿਲਾਫ਼ ਵੀ ਕਾਰਵਾਈ ਹੋਵੇਗੀ। ਅੱਜ ਦੀ ਮੀਟਿੰਗ ਵਿਚ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਸਾਬਕਾ ਸਕੱਤਰ ਦਲਮੇਘ ਸਿੰਘ, ਕੁਲਵੰਤ ਸਿੰਘ, ਜੋਗਿੰਦਰ ਸਿੰਘ ਅਦਲੀਵਾਲ, ਸਤਬੀਰ ਸਿੰਘ, ਦਿਲਬਾਗ ਸਿੰਘ, ਲਾਇਬਰੇਰੀ ਦੇ ਸਾਬਕਾ ਡਾਇਰੈਕਟਰ ਡਾ. ਅਨੁਰਾਗ ਸਿੰਘ, ਸਾਬਕਾ ਸੁਪਰਵਾਈਜ਼ਰ ਹਰਦੀਪ ਸਿੰਘ ਤੇ ਹੋਰਨਾਂ ਸਮੇਤ ਮੌਜੂਦਾ ਅਮਲਾ ਹਾਜ਼ਰ ਸੀ।ਸਾਬਕਾ ਸਹਾਇਕ ਸਕੱਤਰ ਕੁਲਵੰਤ ਸਿੰਘ, ਜਿਨ੍ਹਾਂ ਨੇ ਫੌਜ ਵੱਲੋਂ ਵਾਪਿਸ ਭੇਜੇ ਸਾਮਾਨ ਦੀ ਸੂਚੀ ‘ਤੇ ਦਸਤਖ਼ਤ ਕੀਤੇ ਸਨ, ਨੇ ਦਾਅਵਾ ਕੀਤਾ ਕਿ ਇਸ ਦਸਤਾਵੇਜ਼ ਉਪਰ ਅੰਗਰੇਜੀ ਵਿੱਚ ਇੱਕ ਵਾਧੂ ਲਾਈਨ ਸ਼ਾਮਲ ਕੀਤੀ ਹੋਈ ਹੈ, ਜੋ ਉਸ ਵੇਲੇ ਨਹੀਂ ਸੀ। ਇਸ ਲਾਈਨ ਵਿੱਚ ਦਰਜ ਹੈ ਕਿ ਸ਼੍ਰੋਮਣੀ ਕਮੇਟੀ ਨੇ ਸਾਰਾ ਸਾਮਾਨ ਵਸੂਲ ਲਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਬਦਾਂ ਨਾਲ ਉਨ੍ਹਾਂ ਦਾ ਕੋਈ ਸਰੋਕਾਰ ਨਹੀਂ ਹੈ। ਸਤੰਬਰ 1984 ਵਿੱਚ ਆਏ ਸਾਮਾਨ ਦੀ ਇਸ ਸੂਚੀ ’ਤੇ ਉਸ ਵੇਲੇ ਦੇ ਸਕੱਤਰ ਭਾਨ ਸਿੰਘ, ਸਾਬਕਾ ਲਾਇਬਰੇਰੀਅਨ ਬਲਬੀਰ ਸਿੰਘ ਦੇ ਵੀ ਦਸਤਖ਼ਤ ਹਨ, ਸਾਬਕਾ ਲਾਇਬਰੇਰੀਅਨ ਵੀ ਅੱਜ ਮੀਟਿੰਗ ਵਿਚ ਹਾਜ਼ਰ ਸੀ। ਸ਼੍ਰੋਮਣੀ ਕਮੇਟੀ ਇਸ ਦਸਤਾਵੇਜ਼ ‘ਤੇ ਬਾਅਦ ਵਿੱਚ ਦਰਜ ਕੀਤੀ ਪੰਕਤੀ ਵਿੱਚ ਦਰਜ ਹੱਥ ਲਿਖਤ ਦੀ ਪਛਾਣ ਲਈ ਵੀ ਵਿਗਿਆਨਕ ਜਾਂਚ ਦਾ ਸਹਾਰਾ ਲਵੇਗੀ।

  ਲੰਡਨ - ਇਕ ਉੱਘੇ ਬ੍ਰਿਟਿਸ਼ ਸਿੱਖ ਰੀਅਲ ਅਸਟੇਟ ਕਾਰੋਬਾਰੀ ਨੇ ਪਾਕਿਸਤਾਨ ਦੇ ਗੁਰਧਾਮਾਂ ਲਈ ਨਵਾਂ ਟਰੱਸਟ ਬਣਾਉਣ ਦੀ ਯੋਜਨਾ ਬਣਾਈ ਹੈ ਤਾਂ ਜੋ ਕਰਤਾਰਪੁਰ ਲਾਂਘੇ ਰਾਹੀਂ ਧਾਰਮਿਕ ਯਾਤਰਾਵਾਂ ਅਤੇ ਗੁਰਦੁਆਰਿਆਂ ਦੀ ਸਾਂਭ ਸੰਭਾਲ ਦੇ ਪ੍ਰਾਜੈਕਟਾਂ ਨੂੰ ਨੇਪਰੇ ਚਾੜ੍ਹਿਆ ਜਾ ਸਕੇ।
  ਲੰਡਨ ਆਧਾਰਤ ਕੰਪਨੀ ਬੀ ਐਂਡ ਐਸ ਪ੍ਰਾਪਰਟੀ ਦੇ ਬਾਨੀ ਪੀਟਰ ਵਿਰਦੀ ਨੇ ਕਿਹਾ ਕਿ ਉਨ੍ਹਾਂ ਦੀ ਫਾਊਂਡੇਸ਼ਨ ਅਤੇ ਦੁਨੀਆਂ ਭਰ ਦੇ ਵਪਾਰੀਆਂ ਨੇ ਟਰੱਸਟ ਲਈ 500 ਮਿਲੀਅਨ ਪੌਂਡ ਦਿੱਤੇ ਹਨ, ਜਿਸ ਦਾ ਨਾਂ ਗੁਰੂ ਨਾਨਕ ਦੇ ਨਾਂ ’ਤੇ ਰੱਖਿਆ ਜਾਵੇਗਾ।
  ਵਿਰਦੀ ਨੇ ਕਿਹਾ, ‘‘ਮੈਂ ਇਸ ਸੇਵਾ ਲਈ ਆਪਣੇ ਆਪ ਨੂੰ ਬਹੁਤ ਭਾਗਸ਼ਾਲੀ ਸਮਝਦਾ ਹਾਂ। ਇਸ ’ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਆਗਾਮੀ ਕੁਝ ਮਹੀਨਿਆਂ ਅਤੇ ਹਫ਼ਤਿਆਂ ਵਿੱਚ ਇਕ ਵਫ਼ਦ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਨਾਲ ਮੀਟਿੰਗ ਕਰੇਗਾ।’’ ਇਹ ਪੁੱਛੇ ਜਾਣ ਕਿ ਭਾਰਤ-ਪਾਕਿ ਵਿਚਾਲੇ ਸਿਆਸੀ ਤਣਾਅ ਇਸ ਵਿੱਚ ਅੜਿੱਕਾ ਤਾਂ ਨਹੀਂ ਬਣੇਗਾ। ਉਨ੍ਹਾਂ ਕਿਹਾ, ‘‘ਇਹ ਪੂਰੀ ਤਰ੍ਹਾਂ ਧਾਰਮਿਕ ਪਹਿਲਕਦਮੀ ਹੈ ਅਤੇ ਰਾਜਨੀਤੀ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ।’’ ਨਵੇਂ ਟਰੱਸਟ ਦੀ ਯੋਜਨਾ ਜੋ ਯੂਕੇ ਵਿੱਚ ਰਜਿਸਟਰ ਹੋਵੇਗਾ ਅਤੇ ਉਸ ਦੀ ਦੇਖ ਰੇਖ ਵੀ ਇਥੋਂ ਹੀ ਕੀਤੀ ਜਾਵੇਗੀ, ਨੂੰ ਇਸ ਹਫ਼ਤੇ ਲੰਡਨ ਵਿੱਚ ਹੋਈ ਕੇਂਦਰੀ ਗੁਰਦੁਆਰਾ ਖਾਲਸਾ ਜਥਾ ਦੀ ਮੀਟਿੰਗ ਵਿੱਚ ਅੰਤਿਮ ਰੂਪ ਦਿੱਤਾ ਗਿਆ।
  ਜ਼ਿਕਰਯੋਗ ਹੈ ਕਿ ਵਿਰਦੀ ਅਤੇ ਹੋਰਨਾਂ ਬ੍ਰਿਟਿਸ਼ ਸਿੱਖਾਂ ਨੇ ਪਾਕਿਸਤਾਨ ਸੈਲਾਨੀ ਬੋਰਡ ਦੇ ਚੇਅਰਮੈਨ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਸ਼ੇਸ਼ ਸਹਾਇਕ ਜ਼ੁਲਫੀਕਾਰ ਬੁਖਾਰੀ ਨਾਲ ਸਿੱਖ ਭਾਈਚਾਰੇ ਦੀ ਅਹਿਮੀਅਤ ਦੇ ਇਸ ਮੁੱਦੇ ’ਤੇ ਗੱਲਬਾਤ ਕੀਤੀ ਸੀ।

  ਚੰਡੀਗੜ੍ਹ - ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਂਸਦ ਸੁਖਬੀਰ ਬਾਦਲ ਕੋਲੋਂ ਸਾਕਾ ਦਰਬਾਰ ਸਾਹਿਬ ਦੌਰਾਨ ਫੌਜ ਵੱਲੋਂ ਕਬਜ਼ੇ ਵਿੱਚ ਲਏ ਗਏ ਸਿੱਖਾਂ ਦੇ ਬਹੁਮੁੱਲੇ ਖ਼ਜ਼ਾਨੇ ਤੇ ਦਸਤਾਵੇਜ਼ਾਂ ਦੀ ਲਿਸਟ ਦੀ ਮੰਗ ਕੀਤੀ ਹੈ। ਦੱਸ ਦੇਈਏ ਹਾਲ ਹੀ ਵਿੱਚ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਵਫਦ ਨੇ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਇਸ ਵਿੱਚ ਫੌਜ ਵੱਲੋਂ 1984 ਵਿੱਚ ਕਬਜ਼ੇ 'ਚ ਲਏ ਸਾਮਾਨ ਦੀ ਵਾਪਸੀ ਦੀ ਮੰਗ ਕੀਤੀ ਸੀ।
  ਇਸ ਤੋਂ ਬਾਅਦ ਹੁਣ ਅਮਿਤ ਸ਼ਾਹ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਤੋਂ ਭਾਰਤੀ ਫੌਜ ਵੱਲੋਂ ਲਏ ਗਏ ਸਾਮਾਨ ਦੀ ਲਿਸਟ ਮੰਗੀ ਹੈ ਤਾਂ ਕਿ ਪਤਾ ਲਾਇਆ ਜਾ ਸਕੇ ਕਿ ਫੌਜ ਨੇ ਕਿੰਨੀ ਤਾਦਾਦ ਵਿੱਚ ਧਾਰਮਿਕ ਗ੍ਰੰਥ, ਸਾਹਿਤ ਤੇ ਦਸਤਾਵੇਜ਼ ਆਪਣੇ ਕਬਜ਼ੇ ਵਿੱਚ ਲਏ ਸੀ। ਧਿਆਨ ਦੇਣ ਵਾਲੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ ਲਗਪਗ 35 ਸਾਲਾਂ ਤੋਂ ਕੇਂਦਰ ਸਰਕਾਰ ਕੋਲੋਂ ਬਹੁਮੁੱਲਾ ਖ਼ਜ਼ਾਨਾ ਵਾਪਸ ਲੈਣ ਦੀ ਮੰਗ ਤਾਂ ਕਰ ਰਹੀ ਹੈ ਪਰ ਹਾਲੇ ਤਕ ਪੁਖ਼ਤਾ ਰਿਕਾਰਡ ਤੇ ਲਿਸਟ ਮੁਹੱਈਆ ਨਹੀਂ ਕਰਵਾ ਸਕੀ। ਦੱਸ ਦੇਈਏ ਸੁਖਬੀਰ ਬਾਦਲ ਨੇ ਬੀਤੇ ਦਿਨੀਂ ਸਾਕਾ ਦਰਬਾਰ ਸਾਹਿਬ ਦੀ ਬਰਸੀ ਮੌਕੇ ਇਸ ਘਟਨਾ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ।
  ਇਸ ਬਾਬਤ ਉਨ੍ਹਾਂ ਅਕਾਲੀ ਦਲ ਦੇ ਵਫ਼ਦ ਨਾਲ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਵੀ ਕੀਤੀ। ਉਨ੍ਹਾਂ ਕਿਹਾ ਸੀ ਕਿ 1984 ਸਮੇਂ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਜੋ ਗਾਂਧੀ ਪਰਿਵਾਰ ਨੇ ਕਰਵਾਇਆ ਸੀ। ਜਦੋ ਫ਼ੌਜ ਨੇ ਹਮਲਾ ਕੀਤਾ ਤਾਂ ਉਸ ਸਮੇਂ ਸਿੱਖ ਧਰਮ ਨਾਲ ਸਬੰਧਤ ਇਤਿਹਾਸਕ ਲਾਇਬ੍ਰੇਰੀ ਵੀ ਫ਼ੌਜ ਆਪਣੇ ਨਾਲ ਹੀ ਲੈ ਗਈ ਸੀ। ਉਨ੍ਹਾਂ ਮੰਗ ਕੀਤੀ ਸੀ ਕਿ ਇਸ ਲਾਇਬ੍ਰੇਰੀ ਦੇ ਸਾਮਾਨ ਨੂੰ ਵਾਪਸ ਕੀਤਾ ਜਾਵੇ। ਬਾਦਲ ਨੇ ਸ਼ਾਹ ਤੋਂ ਇਹ ਵੀ ਮੰਗ ਕੀਤੀ ਹੈ ਕਿ ਜਿਨ੍ਹਾਂ ਧਰਮੀ ਫ਼ੌਜੀਆਂ ਨੇ ਸਾਕਾ ਨੀਲਾ ਤਾਰਾ ਮਗਰੋਂ ਭਾਵਨਾਵਾਂ 'ਚ ਵਹਿ ਕੇ ਨੌਕਰੀਆਂ ਛੱਡ ਦਿੱਤੀਆਂ ਸੀ, ਉਨ੍ਹਾਂ ਦੇ ਪਰਿਵਾਰਾਂ ਨੂੰ ਪੈਨਸ਼ਨ ਦਿੱਤੀ ਜਾਵੇ।
  ਸੁਖਬੀਰ ਨੇ ਕਿਹਾ ਕਿ ਉਨ੍ਹਾਂ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਸੰਬਧੀ ਗੁਰੂ ਜੀ ਦੇ ਜਨਮ ਸਥਾਨ ਤਕ ਨਗਰ ਕੀਰਤਨ ਲਿਜਾਣ ਲਈ ਪਾਕਿਸਤਾਨ ਨਾਲ ਗੱਲਬਾਤ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸਬੰਧੀ ਸਮਾਗਮ ਹੁਣੇ ਤੋਂ ਹੀ ਸ਼ੁਰੂ ਕਰ ਦੇਣੇ ਚਾਹੀਦੇ ਹਨ।

   

  ਸ੍ਰੀ ਆਨੰਦਪੁਰ ਸਾਹਿਬ - ‘ਜੂਨ 1984 ਮੌਕੇ ਦਰਬਾਰ ਸਾਹਿਬ ’ਤੇ ਹੋਏ ਹਮਲੇ ਦੌਰਾਨ ਭਾਰਤੀ ਫ਼ੌਜ ਵੱਲੋਂ ਸਿੱਖ ਧਰਮ ਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚੋਂ ਲਿਜਾਏ ਗਏ ਅਹਿਮ ਦਸਤਾਵੇਜ਼ਾਂ ਸਣੇ ਗੁਰੂ ਸਾਹਿਬ ਦੇ ਹੱਥ ਲਿਖਤ ਪਾਵਨ ਗ੍ਰੰਥਾਂ ਨੂੰ ਵਾਪਸ ਕਰਨ ਬਾਰੇ ਹੋਏ ਖ਼ੁਲਾਸੇ ਦੀ ਗੰਭੀਰਤਾ ਨੂੰ ਸਮਝਦਿਆਂ ਸ਼੍ਰੋਮਣੀ ਕਮੇਟੀ ਤੁਰੰਤ ਜਾਂਚ ਕਰ ਕੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰੇ।’ ਇਹ ਗੱਲ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗੱਲਬਾਤ ਦੌਰਾਨ ਜਥੇਦਾਰ ਰਘਬੀਰ ਸਿੰਘ ਨੇ ਕਹੀ।
  ਜਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਜੂਨ 1984 ਮੌਕੇ ਦਰਬਾਰ ਸਾਹਿਬ ’ਤੇ ਹਮਲੇ ਦੌਰਾਨ ਭਾਰਤੀ ਫ਼ੌਜ ਵੱਲੋਂ ਸਿੱਖ ਧਰਮ ਦੇ ਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚੋਂ ਲਿਜਾਏ ਗਏ ਦਸਤਾਵੇਜ਼ਾਂ ਬਾਰੇ ਕੇਂਦਰ ਸਰਕਾਰ ਤੁਰੰਤ ਵ੍ਹਾਈਟ ਪੇਪਰ ਜਾਰੀ ਕਰੇ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ। ਜਥੇਦਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਕੀਦ ਕੀਤੀ ਕਿ ਉਹ ਗੰਭੀਰਤਾ ਨਾਲ ਜਾਂਚ ਕਰੇ ਕਿ ਜੇ ਫ਼ੌਜ ਨੇ ਦਸਤਾਵੇਜ਼ ਜਾਂ ਗੁਰੂ ਗੋਬਿੰਦ ਸਿੰਘ ਦੇ ਹੱਥ ਲਿਖਤ ਗ੍ਰੰਥ ਸਾਹਿਬ ਵਾਪਸ ਕੀਤੇ ਹਨ ਤਾਂ ਉਹ ਕਿੱਥੇ ਹਨ ਤੇ ਜੇ ਕਿਸੇ ਵਿਅਕਤੀ ਵਿਸ਼ੇਸ਼ ਨੇ ਕੌਮ ਦੀ ਇਸ ਮਹਾਨ ਧਰੋਹਰ ਨੂੰ ਵੇਚਿਆ ਹੈ ਜਾਂ ਖੁਰਦ-ਬੁਰਦ ਕੀਤਾ ਹੈ ਤਾਂ ਉਸ ਵਾਸਤੇ ਕੌਣ ਜ਼ਿੰਮੇਵਾਰ ਹੈ।
  ਆਨਲਾਈਨ ਸਾਮਾਨ ਵੇਚਣ ਵਾਲੀ ਕੰਪਨੀ ਐਮੇਜ਼ਨ ਵੱਲੋਂ ਵਾਰ-ਵਾਰ ਸਿੱਖ ਕੌਮ ਦੀ ਮਰਯਾਦਾ ਦੇ ਉਲਟ ਜਾ ਕੇ ਧਾਰਮਿਕ ਭਾਵਨਾਵਾਂ ਭੜਕਾਉਣ ਬਾਰੇ ਜਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਇਕ ਵਾਰ ਫਿਰ ਇਸ ਕੰਪਨੀ ਨੇ ਗੁਰੂ ਨਾਨਕ ਦੇਵ ਦੀਆਂ ਮੂਰਤੀਆਂ ਵੇਚਣਾ ਸ਼ੁਰੂ ਕਰ ਕੇ ਬੱਜਰ ਕੁਤਾਹੀ ਕੀਤੀ ਹੈ। ਇਸ ਲਈ ਸ਼੍ਰੋਮਣੀ ਕਮੇਟੀ ਇਸ ਕੰਪਨੀ ਖ਼ਿਲਾਫ਼ ਕਾਰਵਾਈ ਕਰੇ। ਫ਼ਤਹਿਵੀਰ ਸਿੰਘ ਦੀ ਮੌਤ ’ਤੇ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਜਿੱਥੇ ਅਸੀਂ ਡਿਜੀਟਲ ਇੰਡੀਆ ਦੀ ਗੱਲ ਕਰ ਰਹੇ ਹਾਂ, ਉੱਥੇ ਹੀ ਨੰਨ੍ਹੇ ਬੱਚੇ ਦੀ ਜਾਨ ਸਾਧਨਾਂ ਦੀ ਕਮੀ ਕਰਕੇ ਚਲੀ ਗਈ ਹੈ। ਇਸ ਲਈ ਭਵਿੱਖ ਵਿਚ ਅਜਿਹਾ ਨਾ ਹੋਣ ਵਾਸਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਆਪਣੇ ਮੁਲਾਜ਼ਮਾਂ ਜਾਂ ਟੀਮਾਂ ਨੂੰ ਵਿਸ਼ੇਸ਼ ਸਿਖਲਾਈ ਦੇਵੇ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com