ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਅੰਮ੍ਰਿਤਸਰ - ਜੂਨ 1984 ਵਿੱਚ ਵਾਪਰੇ ਸਾਕਾ ਨੀਲਾ ਤਾਰਾ ਫੌਜੀ ਹਮਲੇ ਦੇ ਲਗਪਗ 35 ਵਰ੍ਹਿਆਂ ਬਾਅਦ ਸ਼੍ਰੋਮਣੀ ਕਮੇਟੀ ਨੇ 13 ਜੂਨ * ਪਹਿਲੀ ਵਾਰ ਖੁਲਾਸਾ ਕੀਤਾ ਹੈ ਕਿ ਫੌਜੀ ਹਮਲੇ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਸਥਾਪਿਤ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਫੌਜ ਵੱਲੋਂ ਚੁੱਕੇ ਅਮੁੱਲ ਖਜ਼ਾਨੇ ਵਿੱਚੋਂ ਸਿਰਫ਼ 205 ਹੱਥ ਲਿਖਤ ਸਰੂਪ, 807 ਪੁਸਤਕਾਂ, ਇੱਕ ਹੁਕਮਨਾਮਾ ਅਤੇ ਕੁੱਝ ਅਖ਼ਬਾਰਾਂ ਹੀ ਵਾਪਿਸ ਕੀਤੀਆਂ ਗਈਆਂ ਹਨ ਜਦੋਂਕਿ ਸ਼੍ਰੋਮਣੀ ਕਮੇਟੀ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਰਜਿਸਟਰ ਵਿੱਚ ਦਰਜ ਰਿਕਾਰਡ ਮੁਤਾਬਕ 512 ਹੱਥ ਲਿਖਤ ਸਰੂਪ ਅਤੇ 12613 ਪੁਸਤਕਾਂ ਸਮੇਤ ਹੁਕਮਨਾਮੇ, ਅਖ਼ਬਾਰਾਂ, ਪੱਤਿ੍ਕਾਵਾਂ ਤੇ ਹੋਰ ਸਾਮਾਨ ਫੌਜ ਵੱਲੋਂ ਚੁੱਕ ਕੇ ਲੈ ਜਾਣ ਦਾ ਦਾਅਵਾ ਕੀਤਾ ਗਿਆ ਸੀ। ਇਸ ਦੌਰਾਨ ਸ਼੍ਰੋਮਣੀ ਕਮੇਟੀ ਨੇ ਇੱਕ ਉਚ ਪੱਧਰੀ ਪੜਤਾਲੀਆ ਕਮੇਟੀ ਬਣਾਉਣ ਦਾ ਵੀ ਫੈਸਲਾ ਕੀਤਾ ਹੈ, ਜੋ ਫੌਜ ਵਲੋਂ ਦਿੱਤੇ ਗਏ ਸਾਮਾਨ ਦੀ ਮੌਜੂਦਗੀ ਅਤੇ ਲਾਪਤਾ ਹੋਏ ਇੱਕ ਸਰੂਪ ਸਮੇਤ ਸਮੁੱਚੇ ਮਾਮਲੇ ਦੀ ਜਾਂਚ ਕਰੇਗੀ। ਅੱਜ ਇਸ ਭਖਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵਲੋਂ ਜੂਨ 1984 ਤੋਂ ਲੈ ਕੇ ਹੁਣ ਤਕ ਦੇ ਸਾਬਕਾ ਤੇ ਮੌਜੂਦਾ ਸਕੱਤਰਾਂ, ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਸਾਬਕਾ ਤੇ ਮੌਜੂਦਾ ਲਾਇਬ੍ਰੇਰੀਅਨ ਤੇ ਹੋਰ ਅਮਲੇ ਸਮੇਤ ਇੰਚਾਰਜਾਂ ਦੀ ਮੀਟਿੰਗ ਸੱਦੀ ਸੀ। ਮੀਟਿੰਗ ਵਿੱਚ ਲਗਪਗ 21 ਮੌਜੂਦਾ ਤੇ ਸਾਬਕਾ ਅਧਿਕਾਰੀ ਸ਼ਾਮਲ ਹੋਏ ਹਨ। ਮੁੱਦੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਮੀਟਿੰਗ ਦੀ ਆਡੀਓ ਤੇ ਵੀਡੀਓ ਰਿਕਾਰਡਿੰਗ ਵੀ ਕਰਾਈ ਗਈ ਹੈ। ਮੀਟਿੰਗ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਫੌਜ ਵੱਲੋਂ ਹੁਣ ਤਕ ਸੱਤ ਵਾਰ ਕੁੱਝ ਸਾਮਾਨ ਦਿੱਤਾ ਗਿਆ ਹੈ, ਜਿਸ ਵਿਚੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਾਮਾਨ ਦੋ ਵਾਰ ਵਾਪਸ ਕੀਤਾ ਗਿਆ ਹੈ।
  ਉਨ੍ਹਾਂ ਕਿਹਾ ਕਿ ਲਾਇਬ੍ਰੇਰੀ ਦੇ ਸਾਬਕਾ ਡਾਇਰੈਕਟਰ ਡਾ. ਅਨੁਰਾਗ ਸਿੰਘ ਵੱਲੋਂ ਦਿੱਤੀਆਂ ਸੂਚੀਆਂ ਮੁਤਾਬਕ ਫੌਜ ਵੱਲੋਂ ਸਿਰਫ਼ 205 ਹੱਥ ਲਿਖਤ ਸਰੂਪ, 807 ਪੁਸਤਕਾਂ ਅਤੇ ਇੱਕ ਹੁਕਮਨਾਮਾ ਸਮੇਤ ਕੁੱਝ ਅਖ਼ਬਾਰਾਂ ਹੀ ਵਾਪਿਸ ਕੀਤੀਆਂ ਗਈਆਂ ਹਨ। ਬਾਕੀ ਸਾਮਾਨ ਵਿੱਚ ਸ਼ਾਮਲ 307 ਹੱਥ ਲਿਖਤ ਸਰੂਪ ਅਤੇ 11107 ਪੁਸਤਕਾਂ ਹੁਣ ਤਕ ਸ਼੍ਰੋਮਣੀ ਕਮੇਟੀ ਨੂੰ ਨਹੀਂ ਮਿਲੀਆਂ ਹਨ। ਉਨ੍ਹਾਂ ਨੇ ਫੌਜ ਦੇ ਇਸ ਦਾਅਵੇ ਨੂੰ ਰੱਦ ਕੀਤਾ ਕਿ ਸਾਰਾ ਸਾਮਾਨ ਸ਼੍ਰੋਮਣੀ ਕਮੇਟੀ ਨੂੰ ਵਾਪਸ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਹ ਦਾਅਵਾ ਗਲਤ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਹੁਣ ਹਾਲ ਹੀ ਵਿੱਚ ਫੌਜ ਨੂੰ ਮੁੜ ਪੱਤਰ ਭੇਜ ਕੇ ਸ਼੍ਰੋਮਣੀ ਕਮੇਟੀ ਦਾ ਅਮੁੱਲ ਖਜ਼ਾਨਾ ਵਾਪਸ ਕਰਨ ਲਈ ਆਖਿਆ ਗਿਆ ਸੀ। ਇਸ ਸਬੰਧ ਵਿੱਚ ਸੁਰੱਖਿਆ ਵਿਭਾਗ ਦੇ ਡਿਪਟੀ ਸਕੱਤਰ ਦੇ ਦਸਤਖਤਾਂ ਹੇਠ ਮਾਰਚ 2019 ਨੂੰ ਇੱਕ ਪੱਤਰ ਮਿਲਿਆ ਹੈ, ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਹੈ ਕਿ ਜਿਹੜਾ ਰਿਕਾਰਡ ਫੌਜ ਨੇ ਚੁੱਕਿਆ ਸੀ, ਉਸ ਵਿੱਚੋਂ ਕੁੱਝ ਸਾਮਾਨ ਪੁਲੀਸ ਨੂੰ ਅਤੇ ਕੁੱਝ ਸਾਮਾਨ ਸ਼੍ਰੋਮਣੀ ਕਮੇਟੀ ਨੂੰ ਵਾਪਿਸ ਕਰ ਦਿੱਤਾ ਸੀ।
  ਉਨ੍ਹਾਂ ਆਖਿਆ ਕਿ ਇਸ ਸਬੰਧ ਵਿੱਚ ਪੰਜਾਬ ਪੁਲੀਸ ਕੋਲੋਂ ਵੀ ਪਤਾ ਲਾਇਆ ਜਾਵੇਗਾ ਕਿ ਉਸ ਕੋਲ ਫੌਜ ਵੱਲੋਂ ਦਿੱਤਾ ਹੋਇਆ ਸਾਮਾਨ ਕਿਹੜਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤਕ ਸ਼੍ਰੋਮਣੀ ਕਮੇਟੀ ਨੇ ਲਗਪਗ 85 ਪੱਤਰ ਕੇਂਦਰ ਸਰਕਾਰ ਨੂੰ ਲਿਖੇ ਹਨ ਅਤੇ ਸਿੱਖ ਰੈਫਰੈਂਸ ਲਾਇਬਰੇਰੀ ਦੇ ਸਾਮਾਨ ਦੀ ਵਾਪਸੀ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਮੁੱਚੇ ਮਾਮਲੇ ਦੀ ਪੜਤਾਲ ਕਰਾਉਣ ਦਾ ਫੈਸਲਾ ਕੀਤਾ ਹੈ ਅਤੇ ਇੱਕ ਉਚ ਪੱਧਰੀ ਜਾਂਚ ਕਮੇਟੀ ਦਾ ਗਠਨ ਕੀਤਾ ਜਾਵੇਗਾ। ਇਹ ਕਮੇਟੀ ਅੱਜ-ਕੱਲ੍ਹ ਵਿੱਚ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਐਲਾਨੀ ਜਾਵੇਗੀ। ਉਨ੍ਹਾਂ ਆਖਿਆ ਕਿ ਇਹ ਜਾਂਚ ਕਮੇਟੀ ਪੜਤਾਲ ਕਰੇਗੀ ਕਿ ਫੌਜ ਵਲੋਂ ਦਿੱਤਾ ਗਿਆ ਸਮਾਨ ਇਥੇ ਮੌਜੂਦ ਹੈ ਜਾਂ ਨਹੀਂ ਅਤੇ ਜੋ ਸਰੂਪ ਲਾਪਤਾ ਹੋਣ (ਵੇਚੇ ਜਾਣ) ਦੇ ਦੋਸ਼ ਲੱਗ ਰਹੇ ਹਨ, ਉਹ ਕਿਥੇ ਗਿਆ। ਉਨ੍ਹਾਂ ਦੋਸ਼ੀਆਂ ਖਿਲਾਫ ਕਾਰਵਾਈ ਦਾ ਭਰੋਸਾ ਦਿੰਦਿਆਂ ਕਿਹਾ ਕਿ ਜੇ ਇਸ ਸਬੰਧੀ ਪ੍ਰਕਾਸ਼ਿਤ ਹੋਈ ਖ਼ਬਰ ਦੇ ਵੇਰਵੇ ਗਲਤ ਸਾਬਤ ਹੋਏ ਤਾਂ ਉਸ ਖਿਲਾਫ਼ ਵੀ ਕਾਰਵਾਈ ਹੋਵੇਗੀ। ਅੱਜ ਦੀ ਮੀਟਿੰਗ ਵਿਚ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਸਾਬਕਾ ਸਕੱਤਰ ਦਲਮੇਘ ਸਿੰਘ, ਕੁਲਵੰਤ ਸਿੰਘ, ਜੋਗਿੰਦਰ ਸਿੰਘ ਅਦਲੀਵਾਲ, ਸਤਬੀਰ ਸਿੰਘ, ਦਿਲਬਾਗ ਸਿੰਘ, ਲਾਇਬਰੇਰੀ ਦੇ ਸਾਬਕਾ ਡਾਇਰੈਕਟਰ ਡਾ. ਅਨੁਰਾਗ ਸਿੰਘ, ਸਾਬਕਾ ਸੁਪਰਵਾਈਜ਼ਰ ਹਰਦੀਪ ਸਿੰਘ ਤੇ ਹੋਰਨਾਂ ਸਮੇਤ ਮੌਜੂਦਾ ਅਮਲਾ ਹਾਜ਼ਰ ਸੀ।ਸਾਬਕਾ ਸਹਾਇਕ ਸਕੱਤਰ ਕੁਲਵੰਤ ਸਿੰਘ, ਜਿਨ੍ਹਾਂ ਨੇ ਫੌਜ ਵੱਲੋਂ ਵਾਪਿਸ ਭੇਜੇ ਸਾਮਾਨ ਦੀ ਸੂਚੀ ‘ਤੇ ਦਸਤਖ਼ਤ ਕੀਤੇ ਸਨ, ਨੇ ਦਾਅਵਾ ਕੀਤਾ ਕਿ ਇਸ ਦਸਤਾਵੇਜ਼ ਉਪਰ ਅੰਗਰੇਜੀ ਵਿੱਚ ਇੱਕ ਵਾਧੂ ਲਾਈਨ ਸ਼ਾਮਲ ਕੀਤੀ ਹੋਈ ਹੈ, ਜੋ ਉਸ ਵੇਲੇ ਨਹੀਂ ਸੀ। ਇਸ ਲਾਈਨ ਵਿੱਚ ਦਰਜ ਹੈ ਕਿ ਸ਼੍ਰੋਮਣੀ ਕਮੇਟੀ ਨੇ ਸਾਰਾ ਸਾਮਾਨ ਵਸੂਲ ਲਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਬਦਾਂ ਨਾਲ ਉਨ੍ਹਾਂ ਦਾ ਕੋਈ ਸਰੋਕਾਰ ਨਹੀਂ ਹੈ। ਸਤੰਬਰ 1984 ਵਿੱਚ ਆਏ ਸਾਮਾਨ ਦੀ ਇਸ ਸੂਚੀ ’ਤੇ ਉਸ ਵੇਲੇ ਦੇ ਸਕੱਤਰ ਭਾਨ ਸਿੰਘ, ਸਾਬਕਾ ਲਾਇਬਰੇਰੀਅਨ ਬਲਬੀਰ ਸਿੰਘ ਦੇ ਵੀ ਦਸਤਖ਼ਤ ਹਨ, ਸਾਬਕਾ ਲਾਇਬਰੇਰੀਅਨ ਵੀ ਅੱਜ ਮੀਟਿੰਗ ਵਿਚ ਹਾਜ਼ਰ ਸੀ। ਸ਼੍ਰੋਮਣੀ ਕਮੇਟੀ ਇਸ ਦਸਤਾਵੇਜ਼ ‘ਤੇ ਬਾਅਦ ਵਿੱਚ ਦਰਜ ਕੀਤੀ ਪੰਕਤੀ ਵਿੱਚ ਦਰਜ ਹੱਥ ਲਿਖਤ ਦੀ ਪਛਾਣ ਲਈ ਵੀ ਵਿਗਿਆਨਕ ਜਾਂਚ ਦਾ ਸਹਾਰਾ ਲਵੇਗੀ।

  ਲੰਡਨ - ਇਕ ਉੱਘੇ ਬ੍ਰਿਟਿਸ਼ ਸਿੱਖ ਰੀਅਲ ਅਸਟੇਟ ਕਾਰੋਬਾਰੀ ਨੇ ਪਾਕਿਸਤਾਨ ਦੇ ਗੁਰਧਾਮਾਂ ਲਈ ਨਵਾਂ ਟਰੱਸਟ ਬਣਾਉਣ ਦੀ ਯੋਜਨਾ ਬਣਾਈ ਹੈ ਤਾਂ ਜੋ ਕਰਤਾਰਪੁਰ ਲਾਂਘੇ ਰਾਹੀਂ ਧਾਰਮਿਕ ਯਾਤਰਾਵਾਂ ਅਤੇ ਗੁਰਦੁਆਰਿਆਂ ਦੀ ਸਾਂਭ ਸੰਭਾਲ ਦੇ ਪ੍ਰਾਜੈਕਟਾਂ ਨੂੰ ਨੇਪਰੇ ਚਾੜ੍ਹਿਆ ਜਾ ਸਕੇ।
  ਲੰਡਨ ਆਧਾਰਤ ਕੰਪਨੀ ਬੀ ਐਂਡ ਐਸ ਪ੍ਰਾਪਰਟੀ ਦੇ ਬਾਨੀ ਪੀਟਰ ਵਿਰਦੀ ਨੇ ਕਿਹਾ ਕਿ ਉਨ੍ਹਾਂ ਦੀ ਫਾਊਂਡੇਸ਼ਨ ਅਤੇ ਦੁਨੀਆਂ ਭਰ ਦੇ ਵਪਾਰੀਆਂ ਨੇ ਟਰੱਸਟ ਲਈ 500 ਮਿਲੀਅਨ ਪੌਂਡ ਦਿੱਤੇ ਹਨ, ਜਿਸ ਦਾ ਨਾਂ ਗੁਰੂ ਨਾਨਕ ਦੇ ਨਾਂ ’ਤੇ ਰੱਖਿਆ ਜਾਵੇਗਾ।
  ਵਿਰਦੀ ਨੇ ਕਿਹਾ, ‘‘ਮੈਂ ਇਸ ਸੇਵਾ ਲਈ ਆਪਣੇ ਆਪ ਨੂੰ ਬਹੁਤ ਭਾਗਸ਼ਾਲੀ ਸਮਝਦਾ ਹਾਂ। ਇਸ ’ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਆਗਾਮੀ ਕੁਝ ਮਹੀਨਿਆਂ ਅਤੇ ਹਫ਼ਤਿਆਂ ਵਿੱਚ ਇਕ ਵਫ਼ਦ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਨਾਲ ਮੀਟਿੰਗ ਕਰੇਗਾ।’’ ਇਹ ਪੁੱਛੇ ਜਾਣ ਕਿ ਭਾਰਤ-ਪਾਕਿ ਵਿਚਾਲੇ ਸਿਆਸੀ ਤਣਾਅ ਇਸ ਵਿੱਚ ਅੜਿੱਕਾ ਤਾਂ ਨਹੀਂ ਬਣੇਗਾ। ਉਨ੍ਹਾਂ ਕਿਹਾ, ‘‘ਇਹ ਪੂਰੀ ਤਰ੍ਹਾਂ ਧਾਰਮਿਕ ਪਹਿਲਕਦਮੀ ਹੈ ਅਤੇ ਰਾਜਨੀਤੀ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ।’’ ਨਵੇਂ ਟਰੱਸਟ ਦੀ ਯੋਜਨਾ ਜੋ ਯੂਕੇ ਵਿੱਚ ਰਜਿਸਟਰ ਹੋਵੇਗਾ ਅਤੇ ਉਸ ਦੀ ਦੇਖ ਰੇਖ ਵੀ ਇਥੋਂ ਹੀ ਕੀਤੀ ਜਾਵੇਗੀ, ਨੂੰ ਇਸ ਹਫ਼ਤੇ ਲੰਡਨ ਵਿੱਚ ਹੋਈ ਕੇਂਦਰੀ ਗੁਰਦੁਆਰਾ ਖਾਲਸਾ ਜਥਾ ਦੀ ਮੀਟਿੰਗ ਵਿੱਚ ਅੰਤਿਮ ਰੂਪ ਦਿੱਤਾ ਗਿਆ।
  ਜ਼ਿਕਰਯੋਗ ਹੈ ਕਿ ਵਿਰਦੀ ਅਤੇ ਹੋਰਨਾਂ ਬ੍ਰਿਟਿਸ਼ ਸਿੱਖਾਂ ਨੇ ਪਾਕਿਸਤਾਨ ਸੈਲਾਨੀ ਬੋਰਡ ਦੇ ਚੇਅਰਮੈਨ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਸ਼ੇਸ਼ ਸਹਾਇਕ ਜ਼ੁਲਫੀਕਾਰ ਬੁਖਾਰੀ ਨਾਲ ਸਿੱਖ ਭਾਈਚਾਰੇ ਦੀ ਅਹਿਮੀਅਤ ਦੇ ਇਸ ਮੁੱਦੇ ’ਤੇ ਗੱਲਬਾਤ ਕੀਤੀ ਸੀ।

  ਚੰਡੀਗੜ੍ਹ - ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਂਸਦ ਸੁਖਬੀਰ ਬਾਦਲ ਕੋਲੋਂ ਸਾਕਾ ਦਰਬਾਰ ਸਾਹਿਬ ਦੌਰਾਨ ਫੌਜ ਵੱਲੋਂ ਕਬਜ਼ੇ ਵਿੱਚ ਲਏ ਗਏ ਸਿੱਖਾਂ ਦੇ ਬਹੁਮੁੱਲੇ ਖ਼ਜ਼ਾਨੇ ਤੇ ਦਸਤਾਵੇਜ਼ਾਂ ਦੀ ਲਿਸਟ ਦੀ ਮੰਗ ਕੀਤੀ ਹੈ। ਦੱਸ ਦੇਈਏ ਹਾਲ ਹੀ ਵਿੱਚ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਵਫਦ ਨੇ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਇਸ ਵਿੱਚ ਫੌਜ ਵੱਲੋਂ 1984 ਵਿੱਚ ਕਬਜ਼ੇ 'ਚ ਲਏ ਸਾਮਾਨ ਦੀ ਵਾਪਸੀ ਦੀ ਮੰਗ ਕੀਤੀ ਸੀ।
  ਇਸ ਤੋਂ ਬਾਅਦ ਹੁਣ ਅਮਿਤ ਸ਼ਾਹ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਤੋਂ ਭਾਰਤੀ ਫੌਜ ਵੱਲੋਂ ਲਏ ਗਏ ਸਾਮਾਨ ਦੀ ਲਿਸਟ ਮੰਗੀ ਹੈ ਤਾਂ ਕਿ ਪਤਾ ਲਾਇਆ ਜਾ ਸਕੇ ਕਿ ਫੌਜ ਨੇ ਕਿੰਨੀ ਤਾਦਾਦ ਵਿੱਚ ਧਾਰਮਿਕ ਗ੍ਰੰਥ, ਸਾਹਿਤ ਤੇ ਦਸਤਾਵੇਜ਼ ਆਪਣੇ ਕਬਜ਼ੇ ਵਿੱਚ ਲਏ ਸੀ। ਧਿਆਨ ਦੇਣ ਵਾਲੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ ਲਗਪਗ 35 ਸਾਲਾਂ ਤੋਂ ਕੇਂਦਰ ਸਰਕਾਰ ਕੋਲੋਂ ਬਹੁਮੁੱਲਾ ਖ਼ਜ਼ਾਨਾ ਵਾਪਸ ਲੈਣ ਦੀ ਮੰਗ ਤਾਂ ਕਰ ਰਹੀ ਹੈ ਪਰ ਹਾਲੇ ਤਕ ਪੁਖ਼ਤਾ ਰਿਕਾਰਡ ਤੇ ਲਿਸਟ ਮੁਹੱਈਆ ਨਹੀਂ ਕਰਵਾ ਸਕੀ। ਦੱਸ ਦੇਈਏ ਸੁਖਬੀਰ ਬਾਦਲ ਨੇ ਬੀਤੇ ਦਿਨੀਂ ਸਾਕਾ ਦਰਬਾਰ ਸਾਹਿਬ ਦੀ ਬਰਸੀ ਮੌਕੇ ਇਸ ਘਟਨਾ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ।
  ਇਸ ਬਾਬਤ ਉਨ੍ਹਾਂ ਅਕਾਲੀ ਦਲ ਦੇ ਵਫ਼ਦ ਨਾਲ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਵੀ ਕੀਤੀ। ਉਨ੍ਹਾਂ ਕਿਹਾ ਸੀ ਕਿ 1984 ਸਮੇਂ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਜੋ ਗਾਂਧੀ ਪਰਿਵਾਰ ਨੇ ਕਰਵਾਇਆ ਸੀ। ਜਦੋ ਫ਼ੌਜ ਨੇ ਹਮਲਾ ਕੀਤਾ ਤਾਂ ਉਸ ਸਮੇਂ ਸਿੱਖ ਧਰਮ ਨਾਲ ਸਬੰਧਤ ਇਤਿਹਾਸਕ ਲਾਇਬ੍ਰੇਰੀ ਵੀ ਫ਼ੌਜ ਆਪਣੇ ਨਾਲ ਹੀ ਲੈ ਗਈ ਸੀ। ਉਨ੍ਹਾਂ ਮੰਗ ਕੀਤੀ ਸੀ ਕਿ ਇਸ ਲਾਇਬ੍ਰੇਰੀ ਦੇ ਸਾਮਾਨ ਨੂੰ ਵਾਪਸ ਕੀਤਾ ਜਾਵੇ। ਬਾਦਲ ਨੇ ਸ਼ਾਹ ਤੋਂ ਇਹ ਵੀ ਮੰਗ ਕੀਤੀ ਹੈ ਕਿ ਜਿਨ੍ਹਾਂ ਧਰਮੀ ਫ਼ੌਜੀਆਂ ਨੇ ਸਾਕਾ ਨੀਲਾ ਤਾਰਾ ਮਗਰੋਂ ਭਾਵਨਾਵਾਂ 'ਚ ਵਹਿ ਕੇ ਨੌਕਰੀਆਂ ਛੱਡ ਦਿੱਤੀਆਂ ਸੀ, ਉਨ੍ਹਾਂ ਦੇ ਪਰਿਵਾਰਾਂ ਨੂੰ ਪੈਨਸ਼ਨ ਦਿੱਤੀ ਜਾਵੇ।
  ਸੁਖਬੀਰ ਨੇ ਕਿਹਾ ਕਿ ਉਨ੍ਹਾਂ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਸੰਬਧੀ ਗੁਰੂ ਜੀ ਦੇ ਜਨਮ ਸਥਾਨ ਤਕ ਨਗਰ ਕੀਰਤਨ ਲਿਜਾਣ ਲਈ ਪਾਕਿਸਤਾਨ ਨਾਲ ਗੱਲਬਾਤ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸਬੰਧੀ ਸਮਾਗਮ ਹੁਣੇ ਤੋਂ ਹੀ ਸ਼ੁਰੂ ਕਰ ਦੇਣੇ ਚਾਹੀਦੇ ਹਨ।

   

  ਸ੍ਰੀ ਆਨੰਦਪੁਰ ਸਾਹਿਬ - ‘ਜੂਨ 1984 ਮੌਕੇ ਦਰਬਾਰ ਸਾਹਿਬ ’ਤੇ ਹੋਏ ਹਮਲੇ ਦੌਰਾਨ ਭਾਰਤੀ ਫ਼ੌਜ ਵੱਲੋਂ ਸਿੱਖ ਧਰਮ ਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚੋਂ ਲਿਜਾਏ ਗਏ ਅਹਿਮ ਦਸਤਾਵੇਜ਼ਾਂ ਸਣੇ ਗੁਰੂ ਸਾਹਿਬ ਦੇ ਹੱਥ ਲਿਖਤ ਪਾਵਨ ਗ੍ਰੰਥਾਂ ਨੂੰ ਵਾਪਸ ਕਰਨ ਬਾਰੇ ਹੋਏ ਖ਼ੁਲਾਸੇ ਦੀ ਗੰਭੀਰਤਾ ਨੂੰ ਸਮਝਦਿਆਂ ਸ਼੍ਰੋਮਣੀ ਕਮੇਟੀ ਤੁਰੰਤ ਜਾਂਚ ਕਰ ਕੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰੇ।’ ਇਹ ਗੱਲ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗੱਲਬਾਤ ਦੌਰਾਨ ਜਥੇਦਾਰ ਰਘਬੀਰ ਸਿੰਘ ਨੇ ਕਹੀ।
  ਜਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਜੂਨ 1984 ਮੌਕੇ ਦਰਬਾਰ ਸਾਹਿਬ ’ਤੇ ਹਮਲੇ ਦੌਰਾਨ ਭਾਰਤੀ ਫ਼ੌਜ ਵੱਲੋਂ ਸਿੱਖ ਧਰਮ ਦੇ ਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚੋਂ ਲਿਜਾਏ ਗਏ ਦਸਤਾਵੇਜ਼ਾਂ ਬਾਰੇ ਕੇਂਦਰ ਸਰਕਾਰ ਤੁਰੰਤ ਵ੍ਹਾਈਟ ਪੇਪਰ ਜਾਰੀ ਕਰੇ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ। ਜਥੇਦਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਕੀਦ ਕੀਤੀ ਕਿ ਉਹ ਗੰਭੀਰਤਾ ਨਾਲ ਜਾਂਚ ਕਰੇ ਕਿ ਜੇ ਫ਼ੌਜ ਨੇ ਦਸਤਾਵੇਜ਼ ਜਾਂ ਗੁਰੂ ਗੋਬਿੰਦ ਸਿੰਘ ਦੇ ਹੱਥ ਲਿਖਤ ਗ੍ਰੰਥ ਸਾਹਿਬ ਵਾਪਸ ਕੀਤੇ ਹਨ ਤਾਂ ਉਹ ਕਿੱਥੇ ਹਨ ਤੇ ਜੇ ਕਿਸੇ ਵਿਅਕਤੀ ਵਿਸ਼ੇਸ਼ ਨੇ ਕੌਮ ਦੀ ਇਸ ਮਹਾਨ ਧਰੋਹਰ ਨੂੰ ਵੇਚਿਆ ਹੈ ਜਾਂ ਖੁਰਦ-ਬੁਰਦ ਕੀਤਾ ਹੈ ਤਾਂ ਉਸ ਵਾਸਤੇ ਕੌਣ ਜ਼ਿੰਮੇਵਾਰ ਹੈ।
  ਆਨਲਾਈਨ ਸਾਮਾਨ ਵੇਚਣ ਵਾਲੀ ਕੰਪਨੀ ਐਮੇਜ਼ਨ ਵੱਲੋਂ ਵਾਰ-ਵਾਰ ਸਿੱਖ ਕੌਮ ਦੀ ਮਰਯਾਦਾ ਦੇ ਉਲਟ ਜਾ ਕੇ ਧਾਰਮਿਕ ਭਾਵਨਾਵਾਂ ਭੜਕਾਉਣ ਬਾਰੇ ਜਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਇਕ ਵਾਰ ਫਿਰ ਇਸ ਕੰਪਨੀ ਨੇ ਗੁਰੂ ਨਾਨਕ ਦੇਵ ਦੀਆਂ ਮੂਰਤੀਆਂ ਵੇਚਣਾ ਸ਼ੁਰੂ ਕਰ ਕੇ ਬੱਜਰ ਕੁਤਾਹੀ ਕੀਤੀ ਹੈ। ਇਸ ਲਈ ਸ਼੍ਰੋਮਣੀ ਕਮੇਟੀ ਇਸ ਕੰਪਨੀ ਖ਼ਿਲਾਫ਼ ਕਾਰਵਾਈ ਕਰੇ। ਫ਼ਤਹਿਵੀਰ ਸਿੰਘ ਦੀ ਮੌਤ ’ਤੇ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਜਿੱਥੇ ਅਸੀਂ ਡਿਜੀਟਲ ਇੰਡੀਆ ਦੀ ਗੱਲ ਕਰ ਰਹੇ ਹਾਂ, ਉੱਥੇ ਹੀ ਨੰਨ੍ਹੇ ਬੱਚੇ ਦੀ ਜਾਨ ਸਾਧਨਾਂ ਦੀ ਕਮੀ ਕਰਕੇ ਚਲੀ ਗਈ ਹੈ। ਇਸ ਲਈ ਭਵਿੱਖ ਵਿਚ ਅਜਿਹਾ ਨਾ ਹੋਣ ਵਾਸਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਆਪਣੇ ਮੁਲਾਜ਼ਮਾਂ ਜਾਂ ਟੀਮਾਂ ਨੂੰ ਵਿਸ਼ੇਸ਼ ਸਿਖਲਾਈ ਦੇਵੇ।

  ਚੰਡੀਗੜ੍ਹ - ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਦੀ ਸਮੱਸਿਆ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਇਜ਼ਰਾਈਲ ਦੀ ਕੌਮੀ ਜਲ ਕੰਪਨੀ ਮੈਕੋਰੋਟ ਨਾਲ ਸਮਝੌਤਾ ਕੀਤਾ ਗਿਆ ਹੈ। ਇਸ ਸਮਝੌਤੇ ਤਹਿਤ ਸੂਬੇ ਵਿੱਚ ਜਲ ਸਰੋਤਾਂ ਦੀ ਸੰਭਾਲ ਅਤੇ ਪ੍ਰਬੰਧਨ ਲਈ ਮਾਸਟਰ ਪਲਾਨ ਤਿਆਰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਜ਼ਰਾਈਲ ਵਿਸ਼ਵ ਦਾ ਇਕਲੌਤਾ ਮੁਲਕ ਹੈ ਜੋ ਆਪਣੇ ਵਾਧੂ ਪਾਣੀ ਨੂੰ 80 ਫ਼ੀਸਦ ਦੇ ਕਰੀਬ ਮੁੜ ਵਰਤੋਂ ਵਿੱਚ ਲਿਆਉਂਦਾ ਹੈ। ਸਮਝੌਤੇ ਮੁਤਾਬਕ ਕੰਪਨੀ ਵੱਲੋਂ ਅਕਤੂਬਰ, 2020 ਤੱਕ ਮਾਸਟਰ ਪਲਾਨ ਸੌਂਪਿਆ ਜਾਵੇਗਾ। ਇਸ ਪ੍ਰਾਜੈਕਟ ਤਹਿਤ ਇਜ਼ਰਾਈਲ ਦੇ ਮਾਹਿਰਾਂ ਦੀ ਤਿੰਨ ਮੈਂਬਰੀ ਟੀਮ ਪੰਜਾਬ ਆਈ ਹੈ ਜਿਸ ਵੱਲੋਂ ਸੂਬੇ ਵਿੱਚ ਜਲ ਸਰੋਤਾਂ ਦੀ ਮੌਜੂਦਾ ਸਥਿਤੀ ਅਤੇ ਚੁਣੌਤੀਆਂ ਬਾਰੇ ਵੇਰਵੇ ਇਕੱਠੇ ਕੀਤੇ ਜਾਣਗੇ। ਟੀਮ ਵਲੋਂ ਅੱਜ ਪੰਜਾਬ ਭਵਨ ਵਿੱਚ ਅਧਿਕਾਰੀਆਂ ਨਾਲ ਚਰਚਾ ਕੀਤੀ ਗਈ। ਇਸ ਮੌਕੇ ਡਾਇਰੈਕਟੋਰੇਟ ਆਫ ਗਰਾਊਂਡਵਾਟਰ ਮੈਨੇਜਮੈਂਟ ਦੇ ਮਿਸ਼ਨ ਡਾਇਰੈਕਟਰ ਅਰੁਨਜੀਤ ਸਿੰਘ ਮਿਗਲਾਨੀ ਦੀ ਅਗਵਾਈ ਹੇਠ ਜਲ ਸਰੋਤ, ਖੇਤੀਬਾੜੀ ਤੇ ਕਿਸਾਨ ਭਲਾਈ, ਜਲ ਸਪਲਾਈ ਤੇ ਸੈਨੀਟੇਸ਼ਨ, ਪੀਐਸਪੀਸੀਐਲ, ਭੌਂ ਤੇ ਜਲ ਸੰਭਾਲ ਵਿਭਾਗਾਂ ਦੇ ਤਕਨੀਕੀ ਮਾਹਿਰ ਸ਼ਾਮਲ ਹੋਏ। ਸ੍ਰੀ ਮਿਗਲਾਨੀ ਨੇ ਕਿਹਾ ਕਿ ਜਲ ਸਰੋਤਾਂ ਦੀ ਸਮੇਂ ਸਿਰ ਸੰਭਾਲ ਨਾ ਕੀਤੇ ਜਾਣ ’ਤੇ ਪੰਜਾਬ ਲਈ ਗੰਭੀਰ ਸਮੱਸਿਆ ਖੜ੍ਹੀ ਹੋ ਸਕਦੀ ਹੈ। ਇਜ਼ਰਾਈਲ ਦੇ ਇੰਟਰਨੈਸ਼ਨਲ ਸਪੈਸ਼ਲ ਪ੍ਰਾਜੈਕਟ ਕੋਆਰਡੀਨੇਟਰ ਡਾ. ਡਿਏਗੋ ਬਰਜਰ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਦੇਸ਼ ਵਿੱਚ ਜਲ ਸਰੋਤ ਦੀ ਸੰਭਾਲ ਕੀਤੀ ਜਾਂਦੀ ਹੈ। ਇਸ ਮੌਕੇ ਚੀਫ ਇੰਜਨੀਅਰ ਕੈਨਾਲਜ਼ ਜਗਮੋਹਨ ਸਿੰਘ ਮਾਨ ਅਤੇ ਚੀਫ ਇੰਜਨੀਅਰ ਡਰੇਨੇਜ ਐਂਡ ਮਾਈਨਿੰਗ ਸੰਜੀਵ ਗੁਪਤਾ ਨੇ ਇਜ਼ਰਾਇਲੀ ਟੀਮ ਨੂੰ ਸੂਬੇ ਵਿੱਚ ਮੌਜੂਦਾ ਸਿੰਜਾਈ ਅਤੇ ਹੜ੍ਹ ਪ੍ਰਬੰਧਨ ਦੇ ਬੁਨਿਆਦੀ ਢਾਂਚੇ ਬਾਰੇ ਦੱਸਿਆ। ਸੀਜੀਡਬਲਿਊਬੀ ਦੇ ਖੇਤਰੀ ਡਾਇਰੈਕਟਰ ਅਨੂਪ ਨਾਗਰ ਨੇ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਬਾਰੇ ਜਾਣੂ ਕਰਵਾਇਆ।

  ਇਸਲਾਮਾਬਾਦ - ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਸਰਕਾਰ ਨੇ 2019-20 ਦੇ ਸੰਘੀ ਬਜਟ ਵਿੱਚ ਕਰਤਾਰਪੁਰ ਸਾਹਿਬ ਲਾਂਘੇ ਨੂੰ ਵਿਕਸਤ ਕਰਨ ਲਈ ਸੌ ਕਰੋੜ ਰੁਪਏ ਦੀ ਰਾਸ਼ੀ ਦਾ ਪ੍ਰਬੰਧ ਕੀਤਾ ਹੈ। ਇਹ ਲਾਂਘਾ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਸਥਿਤ ਦਰਬਾਰ ਸਾਹਿਬ ਨੂੰ ਭਾਰਤ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਡੇਰਾ ਬਾਬਾ ਨਾਨਕ ਗੁਰਦੁਆਰੇ ਨਾਲ ਜੋੜੇਗਾ। ਭਾਰਤੀ ਸਿੱਖਾਂ ਨੂੰ 1522 ਵਿੱਚ ਗੁਰੂ ਨਾਨਕ ਦੇਵ ਵੱਲੋਂ ਸਥਾਪਤ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਦੇ ਖੁੱਲ੍ਹੇ ਦਰਸ਼ਨ ਦੀਦਾਰਿਆਂ ਲਈ ਮਹਿਜ਼ ਇਕ ਪਰਮਿਟ ਹਾਸਲ ਕਰਨਾ ਹੋਵੇਗਾ।
  ਜੀਓ ਟੀਵੀ ਦੀ ਰਿਪੋਰਟ ਮੁਤਾਬਕ ਅਗਲੇ ਵਿੱਤੀ ਸਾਲ 2019-20 ਦੇ ਸੰਘੀ ਬਜਟ ਵਿੱਚ ਰੱਖਿਆ ਇਹ ਪੈਸਾ ਪਬਲਿਕ ਸੈਕਟਰ ਡਿਵੈਲਪਮੈਂਟ ਪ੍ਰੋਗਰਾਮ (ਪੀਐੱਸਡੀਪੀ) ਤਹਿਤ ਕਰਤਾਰਪੁਰ ਸਾਹਿਬ ਵਿੱਚ ਜ਼ਮੀਨ ਗ੍ਰਹਿਣ ਤੇ ਬੁਨਿਆਦੀ ਢਾਂਚਾ ਵਿਕਸਤ ਕਰਨ ’ਤੇ ਖਰਚਿਆ ਜਾਵੇਗਾ। ਯੋਜਨਾ ਕਮਿਸ਼ਨ ਅਤੇ ਯੋਜਨਾ, ਵਿਕਾਸ ਤੇ ਸੁਧਾਰਾਂ ਬਾਰੇ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਧਾਰਮਿਕ ਮਾਮਲਿਆਂ ਤੇ ਵੱਖ ਵੱਖ ਧਰਮਾਂ ’ਚ ਇਕਸੁਰਤਾ ਨਾਲ ਸਬੰਧਤ ਮੰਤਰਾਲੇ ਲਈ ਪ੍ਰਾਜੈਕਟ ਦੀ ਅਨੁਮਾਨਤ ਲਾਗਤ 300 ਕਰੋੜ ਰੁਪਏ ਹੈ। ਅਧਿਕਾਰੀਆਂ ਮੁਤਾਬਕ ਲਾਂਘੇ ਨੂੰ ਲੈ ਕੇ ਪਾਕਿਸਤਾਨ ਵੱਲੋਂ ਬਣਾਇਆ ਜਾਣ ਵਾਲਾ ਚਾਰ ਕਿਲੋਮੀਟਰ ਦੇ ਟੁਕੜੇ ਦਾ 50 ਫੀਸਦ ਕੰਮ ਪੂਰਾ ਹੋ ਚੁੱਕਾ ਹੈ। ਕਰਾਰ ਮੁਤਾਬਕ ਦੋਵੇਂ ਮੁਲਕ ਆਪੋ ਆਪਣੇ ਪਾਸੇ ਕੌਮਾਂਤਰੀ ਸਰਹੱਦ ਤਕ ਲਾਂਘੇ ਨੂੰ ਵਿਕਸਤ ਕਰਨਗੇ। ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਪਿਛਲੇ ਸਾਲ 28 ਨਵੰਬਰ ਨੂੰ 4 ਕਿਲੋਮੀਟਰ ਲੰਮੇ ਲਾਂਘੇ ਦੇ ਕੰਮ ਦਾ ਨੀਂਹ ਪੱਥਰ ਰੱਖਿਆ ਸੀ। ਇਸ ਲਾਂਘੇ ਦੇ ਦਸੰਬਰ 2019 ਤਕ ਪੂਰਾ ਹੋਣ ਦੀ ਆਸ ਹੈ।

  ਅੰਮ੍ਰਿਤਸਰ - ਸ਼ਿਲੌਂਗ ਦੀ ਅਤਿਵਾਦੀ ਜਥੇਬੰਦੀ ਐਚਐਨਐਲਸੀ ਨੇ ਲੰਘੇ ਦਿਨੀਂ ਇੱਥੇ ਹਰੀਜਨ ਕਲੋਨੀ ਵਿਚ ਵਸਦੇ ਸਿੱਖਾਂ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਸ਼ਿਲਾਂਗ ਮਿਉਂਸਿਪਲ ਬੋਰਡ ਦੀ ਕਾਰਵਾਈ ਖ਼ਿਲਾਫ਼ ਅਦਾਲਤ ’ਚ ਕੋਈ ਕਾਰਵਾਈ ਕੀਤੀ ਤਾਂ ਜਥੇਬੰਦੀ ਸਖ਼ਤ ਕਾਰਵਾਈ ਕਰੇਗੀ। ਇਹ ਧਮਕੀ ਭਰਿਆ ਪੱਤਰ ਮੇਘਾਲਿਆ ਦੇ ਮੀਡੀਆ ’ਚ ਵੀ ਪ੍ਰਕਾਸ਼ਿਤ ਹੋਇਆ ਹੈ। ਇਸ ਜਥੇਬੰਦੀ ’ਤੇ ਮੇਘਾਲਿਆ ਸਰਕਾਰ ਨੇ ਵੀ ਰੋਕ ਲਾਈ ਹੋਈ ਹੈ। ਧਮਕੀ ਤੋਂ ਬਾਅਦ ਇੱਥੇ ਵਸਦੇ ਸਿੱਖਾਂ ਵਿਚ ਤਣਾਅ ਦਾ ਮਾਹੌਲ ਹੈ।
  ਸ਼ਿਲੌਂਗ ਦੇ ਇਨ੍ਹਾਂ ਸਿੱਖਾਂ ਦੀ ਜਥੇਬੰਦੀ ਹਰੀਜਨ ਪੰਚਾਇਤ ਕਮੇਟੀ ਵਲੋਂ ਵੀ ਮੇਘਾਲਿਆ ਦੇ ਮੁੱਖ ਮੰਤਰੀ ਕੌਨਰਾਡ ਸੰਗਮਾ ਨੂੰ ਪੱਤਰ ਲਿਖ ਕੇ ਇੱਥੇ ਰਹਿੰਦੇ ਸਿੱਖਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ ਹੈ।
  ਮੇਘਾਲਿਆ ਦੀ ਰਾਜਧਾਨੀ ਸ਼ਿਲੌਂਗ ’ਚ ਪਿਛਲੇ ਲਗਭਗ 200 ਸਾਲਾਂ ਤੋਂ ਵਸਦੇ ਸਿੱਖਾਂ ਨੂੰ ਉੱਥੋਂ ਹਟਾਉਣ ਲਈ ਮੁੜ ਡਰਾਉਣ, ਧਮਕਾਉਣ ਦੀ ਵਾਪਰੀ ਘਟਨਾ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਕਮੇਟੀ ਵਲੋਂ ਇਕ ਵਫ਼ਦ ਵੀ ਸ਼ਿਲਾਂਗ ਭੇਜਣ ਦਾ ਫ਼ੈਸਲਾ ਲਿਆ ਗਿਆ ਹੈ। ਸ਼ਿਲੌਂਗ ਦੇ ਬੜਾ ਬਾਜ਼ਾਰ ਸਥਿਤ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਜੀਤ ਸਿੰਘ ਨੇ ਦੱਸਿਆ ਕਿ ਇਸ ਇਲਾਕੇ ਵਿਚ ਰਹਿੰਦੇ ਸਿੱਖ ਤੇ ਪੰਜਾਬੀ ਧਮਕੀ ਮਿਲਣ ਤੋਂ ਬਾਅਦ ਸਹਿਮੇ ਹੋਏ ਹਨ। ਜਥੇਬੰਦੀ ਵੱਲੋਂ ਪਹਿਲਾਂ ਵੀ ਹਮਲਾ ਕੀਤਾ ਜਾ ਚੁੱਕਾ ਹੈ ਜਿਸ ਨਾਲ ਮਾਲੀ ਨੁਕਸਾਨ ਹੋਇਆ ਸੀ। ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਜਾਣ ਵਾਲੇ ਵਫ਼ਦ ਵਿਚ ਮੈਂਬਰ ਹਰਪਾਲ ਸਿੰਘ ਜੱਲਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਵਧੀਕ ਸਕੱਤਰ ਪਰਮਜੀਤ ਸਿੰਘ ਸਰੋਆ ਅਤੇ ਮੁਖ਼ਤਾਰੇ ਆਮ ਸਿਮਰਜੀਤ ਸਿੰਘ ਸ਼ਾਮਲ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼ਿਲਾਂਗ ਵਿਚ ਵਸਦੇ ਸਿੱਖਾਂ ਨੂੰ ਭਰੋਸਾ ਦਿੱਤਾ ਹੈ ਕਿ ਇਸ ਮੁਸ਼ਕਲ ਸਮੇਂ ਸਿੱਖ ਸੰਸਥਾ ਉਨ੍ਹਾਂ ਦੇ ਨਾਲ ਖੜ੍ਹੀ ਹੈ ਅਤੇ ਹਰ ਸੰਭਵ ਮਦਦ ਕਰੇਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਗ੍ਰਹਿ ਸਕੱਤਰ ਨੂੰ ਕੀਤੀ ਅਪੀਲ ਵਿਚ ਦੱਸਿਆ ਗਿਆ ਹੈ ਕਿ ਇਹ ਸਿੱਖ ਉੱਥੇ 200 ਸਾਲਾਂ ਤੋਂ ਵੱਸੇ ਹੋਏ ਹਨ ਤੇ ਜਾਣਬੁੱਝ ਕੇ ਉਜਾੜੇ ਵੱਲ ਧੱਕਿਆ ਜਾ ਰਿਹਾ ਹੈ। ਵਫ਼ਦ ਮੇਘਾਲਿਆ ਦੇ ਮੁੱਖ ਮੰਤਰੀ, ਗ੍ਰਹਿ ਮੰਤਰੀ ਤੇ ਸਥਾਨਕ ਪ੍ਰਸ਼ਾਸਨ ਨਾਲ ਵੀ ਇਸ ਸਬੰਧੀ ਗੱਲਬਾਤ ਕਰੇਗਾ। ਸ਼੍ਰੋਮਣੀ ਕਮੇਟੀ ਇਸ ਤੋਂ ਪਹਿਲਾਂ ਵੀ ਵਫਦ ਸ਼ਿਲੌਂਗ ਭੇਜ ਚੁੱਕੀ ਹੈ। ਸ਼ਿਲੌਂਗ ਵਿਚ ਵਸਦੇ ਸਿੱਖਾਂ ਦੀ ਹਰੀਜਨ ਪੰਚਾਇਤ ਕਮੇਟੀ ਦੇ ਪ੍ਰਧਾਨ ਬਿੱਲੂ ਸਿੰਘ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਨੂੰ ਪੱਤਰ ਵਿਚ ਦੱਸਿਆ ਗਿਆ ਹੈ ਕਿ ਹਾਈ ਕੋਰਟ ਵੱਲੋਂ ਬਸਤੀ ਵਿਚ ਵਸਦੇ ਸਿੱਖਾਂ-ਪੰਜਾਬੀਆਂ ਨੂੰ ਸਟੇਅ ਮਿਲਿਆ ਹੋਇਆ ਹੈ। ਇਸ ਦੇ ਬਾਵਜੂਦ ਮਾਲਕੀ ਸਾਬਿਤ ਕਰਨ ਲਈ ਨੋਟਿਸ ਭੇਜੇ ਗਏ ਹਨ। ਇਕ ਸਾਲ ਪਹਿਲਾਂ ਮਿਉਂਸਿਪਲ ਬੋਰਡ ਨੇ ਇਸ ਸਬੰਧੀ ਸਰਵੇਖ਼ਣ ਵੀ ਕਰਾਇਆ ਸੀ। ਇੱਥੇ ਰਹਿੰਦੇ 70 ਫ਼ੀਸਦ ਲੋਕ ਮਿਉਂਸਿਪਲ ਬੋਰਡ ਦੇ ਕਰਮਚਾਰੀ ਹਨ। ਉਨ੍ਹਾਂ ਕਿਹਾ ਕਿ ਹੋਰ ਜੋ ਵੀ ਵੇਰਵੇ ਚਾਹੀਦੇ ਹਨ, ਉਹ ਇਨ੍ਹਾਂ ਲੋਕਾਂ ਨੂੰ ਮਿਲੇ ਬਿਜਲੀ ਦੇ ਕੁਨੈਕਸ਼ਨ, ਵੋਟਰ ਸੂਚੀ ਅਤੇ ਪਰਿਵਾਰਕ ਰਾਸ਼ਨ ਕਾਰਡਾਂ ਤੋਂ ਮਿਲ ਸਕਦੇ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਇੱਥੇ ਵਸਦੇ ਸਿੱਖਾਂ ਅਤੇ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਕੀਤੀ ਜਾਵੇ।

  ਸੁਨਾਮ ਊਧਮ ਸਿੰਘ ਵਾਲਾ - ਬੀਤੇ ਵੀਰਵਾਰ ਨੂੰ ਬੋਲਵੈੱਲ 'ਚ ਡਿੱਗਣ ਤੋਂ ਬਾਅਦ ਮੌਤ ਦੇ ਮੂੰਹ 'ਚ ਗਏ ਦੋ ਸਾਲਾ ਮਾਸੂਮ ਫਤਿਹਵੀਰ ਸਿੰਘ ਦਾ ਅੰਤਿਮ ਸਸਕਾਰ ਭਗਵਾਨਪੁਰਾ ਨੇੜਲੇ ਸ਼ੇਰੋ ਪਿੰਡ ਦੀ ਅਨਾਜ ਮੰਡੀ ਵਿਖੇ ਬਣੇ ਸ਼ਮਸ਼ਾਨ ਘਾਟ 'ਚ ਕਰ ਦਿੱਤਾ ਗਿਆ ਹੈ। ਅੱਜ ਸਵੇਰੇ ਇਸ ਬੱਚੇ ਨੂੰ ਬੋਰ ਵਿਚੋਂ ਕੁੰਡੀਆਂ ਦੀ ਮਦਦ ਨਾਲ ਕੱਢ ਲਿਆ ਗਿਆ ਸੀ ਅਤੇ ਪੀਜ਼ੀਆਈ ਵਿਚ ਪੋਸਟਮਾਰਟਮ ਤੋਂ ਬਾਅਦ ਉਸ ਦੇ ਜੱਦੀ ਪਿੰਡ ਲਿਆਂਦਾ ਗਿਆ।
  ਫਤਿਹ ਦੀ ਚਿਤਾ ਨੂੰ ਅਗਨੀ ਉਸ ਦੇ ਦਾਦਾ ਜੀ ਵਲੋਂ ਭੇਟ ਕੀਤੀ ਗਈ। ਇਸ ਮੌਕੇ ਇੱਥੇ ਪਰਿਵਾਰਕ ਮੈਂਬਰਾਂ ਇਲਾਵਾ ਤੋਂ ਵੱਖ-ਵੱਖ ਪਾਰਟੀਆਂ ਦੇ ਆਗੂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਹਜ਼ਾਰਾਂ ਦੀ ਗਿਣਤੀ 'ਚ ਲੋਕ ਪਹੁੰਚੇ ਹੋਏ ਸਨ ਅਤੇ ਫਤਿਹ ਨੂੰ ਆਖ਼ਰੀ ਵਿਦਾਈ ਦੇਣ ਮੌਕੇ ਇੱਥੇ ਮੌਜੂਦ ਹਰ ਵਿਅਕਤੀ ਦੀ ਅੱਖ ਨਮ ਸੀ।

  ਨਵੀਂ ਦਿੱਲੀ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਭਾਈ ਹਰੀਦਾਸ ਵੱਲੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ, ਜਿਸ ਉੱਤੇ ਗੁਰੂ ਗੋਬਿੰਦ ਸਿੰਘ ਦੇ ਦਸਤਖਤ ਸਨ ਤੇ ਗੁਰੂ ਸਾਹਿਬ ਨੇ ਆਪਣੇ-ਆਪ ਇਹ ਸਰੂਪ ਭਾਈ ਮਨੀ ਸਿੰਘ ਨੂੰ ਦਰਬਾਰ ਸਾਹਿਬ ਦਾ ਮੁਖੀ ਨਿਯੁਕਤ ਕਰਦੇ ਸਮੇਂ 1701 ਵਿੱਚ ਸਪੁਰਦ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਸਰੂਪ ਨੂੰ 12 ਕਰੋੜ ਵਿੱਚ ਵੇਚਣ ਦੀ ਗੱਲ ਸਾਹਮਣੇ ਆ ਰਹੀ ਹੈ। 12 ਕਰੋੜ ਵਿੱਚ ਇੱਕ ਹਸਤਲਿਖਤ ਸਰੂਪ ਕਮੇਟੀ ਦੇ ਨੁਮਾਇੰਦਿਆਂ ਵਲੋਂ ਵੇਚਣ ਦੇ ਮੀਡਿਆ ਵੱਲੋਂ ਕੀਤੇ ਗਏ ਦਾਅਵੇ ਦੇ ਬਾਅਦ ਸ੍ਰੀ ਜੀਕੇ ਨੇ ਕਿਹਾ ਕਿ ਹੁਣ ਸੱਚ ਸਾਹਮਣੇ ਆਉਣਾ ਚਾਹੀਦਾ ਹੈ। ਉਨ੍ਹਾਂ ਖ਼ੁਲਾਸਾ ਕੀਤਾ ਕਿ ਫਰਵਰੀ 1983 ’ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜਰਨੈਲ ਸਿੰਘ ਭਿੰਡਰਾਵਾਲੇ ਨੂੰ ਪੱਤਰ ਲਿਖਿਆ ਸੀ। ਇਸ ’ਚ ਉਨ੍ਹਾਂ ਨੇ ਭਿੰਡਰਾਵਾਲੇ ਨੂੰ ਪੰਜਾਬ ਦੀ ਸਾਰੀਆਂ ਮੁੱਢਲੀਆਂ ਮੰਗਾਂ ਮੰਨੇ ਜਾਣ ਦਾ ਭਰੋਸਾ ਦਿੱਤਾ ਸੀ। ਇਸ ਪੱਤਰ ਦੇ ਬਾਅਦ ਅਕਾਲੀ ਨੇਤਾਵਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਜੇ ਸਰਕਾਰ ਨੇ ਸੰਤ ਨੂੰ ਵਿਸ਼ਵਾਸ ਵਿੱਚ ਲੈ ਕੇ ਪੰਜਾਬ ਦੇ ਹਿੱਤਾਂ ਦੀ ਰੱਖਿਆ ਕਰ ਦਿੱਤੀ ਤਾਂ ਉਨ੍ਹਾਂ ਦੀ ਸਿਆਸਤ ਦਾ ਕੀ ਹੋਵੇਗਾ। ਉਨ੍ਹਾਂ ਦੱਸਿਆ ਕਿ ਹਮਲੇ ਦੇ ਬਾਅਦ ਸਰਕਾਰ ਵੀ ਇਸ ਦਬਾਅ ਵਿੱਚ ਸੀ ਕਿ ਜੇ ਭਿੰਡਰਾਵਾਲੇ ਨੂੰ ਲਿਖੇ ਖ਼ਤ ਸਿੱਖਾਂ ਦੇ ਹੱਥ ਲੱਗ ਗਏ ਤਾਂ ਇਹ ਸਿੱਖਾਂ ਦੇ ਕੋਲ ਸਰਕਾਰ ਦੇ ਵਿਸ਼ਵਾਸਘਾਤ ਦਾ ਅਹਿਮ ਦਸਤਾਵੇਜ਼ ਹੋਵੇਗਾ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕ੍ਰਿਪਾਲ ਸਿੰਘ ਤੇ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਸਾਹਿਬ ਸਿੰਘ ਨੇ ਖ਼ਜਾਨੇ ਲਈ ਬ੍ਰਿਗੇਡੀਅਰ ਉਂਕਾਰ ਸਿੰਘ ਗੋਰਾਇਆ ਨਾਲ ਮਿਲ ਕੇ ਕੋਸ਼ਿਸ਼ ਕੀਤੀ ਸੀ, ਪਰ ਉਹ ਕਾਮਯਾਬ ਨਹੀਂ ਹੋਏ। ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਨੇ ਗਿਆਨੀ ਕ੍ਰਿਪਾਲ ਸਿੰਘ ਨੂੰ ਫੋਨ ਉੱਤੇ ਦੱਸਿਆ ਸੀ ਕਿ ਫ਼ੌਜ ਵਲੋਂ ਜਬਤ 125 ਬੋਰੀਆਂ ਨੂੰ ਉਨ੍ਹਾਂ ਨੇ ਆਪਣੀ ਅੱਖਾਂ ਨਾਲ ਦੇਖਿਆ ਹੈ। ਉਨ੍ਹਾਂ ਕਿਹਾ ਕਿ ਸਾਬਕਾ ਰੱਖਿਆ ਮੰਤਰੀ ਏਕੇ ਐਂਟੋਨੀ ਨੇ 17 ਪੰਨੇ ਦੇ ਲਿਖਤੀ ਜਵਾਬ ਵਿੱਚ ਦਾਅਵਾ ਕੀਤਾ ਸੀ ਕਿ ਸਰਕਾਰ ਦੇ ਕੋਲ ਸਾਮਾਨ ਨਹੀਂ ਹੈ ਅਤੇ ਸੀਬੀਆਈ ਨੇ ਵੀ 2003-04 ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਜਵਾਬ ਦਾਖ਼ਲ ਕੀਤਾ ਸੀ ਕਿ ਸਾਰਾ ਸਾਮਾਨ ਉਹ ਸ਼੍ਰੋਮਣੀ ਕਮੇਟੀ ਨੂੰ ਦੇ ਚੁੱਕੇ ਹਨ, ਤਾਂ ਸ਼੍ਰੋਮਣੀ ਕਮੇਟੀ ਹੁਣ ਤੱਕ ਚੁਪ ਕਿਉਂ ਰਹੀ।
  ਉਨ੍ਹਾਂ ਇਸ ਮਾਮਲੇ ਨੂੰ ਲੈ ਕੇ ਅੰਮ੍ਰਿਤਸਰ ਵਿੱਚ ਦੋਸ਼ੀਆਂ ਖ਼ਿਲਾਫ਼ ਜਥੇਦਾਰ ਅਕਾਲ ਤਖ਼ਤ ਤੇ ਪੰਜਾਬ ਪੁਲੀਸ ਕੋਲ ਕੌਮ ਦੀ ਅਮਾਨਤ ਨੂੰ ਖੁਰਦ-ਮੁਰਦ ਕਰਨ ਦੇ ਮਾਮਲੇ ਵਿੱਚ ਸ਼ਿਕਾਇਤ ਦੇਣ ਦਾ ਐਲਾਨ ਕੀਤਾ।

  ਨਵੀਂ ਦਿੱਲੀ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮੀ ਫ਼ੌਜੀਆਂ ਦੀ ਕਾਨੂੰਨੀ ਲੜਾਈ ਆਪ ਲੜੇਗੀ। ਦਿੱਲੀ ਕਮੇਟੀ ਦਾ ਲੀਗਲ ਸੈੱਲ ਸਾਰੇ ਧਰਮੀ ਫ਼ੌਜੀਆਂ ਦੇ ਕੇਸਾਂ ਦੀ ਪੈਰਵੀ ਕਰੇਗਾ। ਇਸ ਸਬੰਧ ਵਿਚ ਸਾਰੇ ਦਸਤਾਵੇਜ਼ ਤਿਆਰ ਕਰਨ ਲਈ ਧਰਮੀ ਫ਼ੌਜੀਆਂ ਦੀ ਇੱਕ ਤਿੰਨ ਮੈਂਬਰੀ ਕਮੇਟੀ ਵੀ ਗਠਿਤ ਕੀਤੀ ਗਈ।
  ਧਰਮੀ ਫ਼ੌਜੀਆਂ ਨੇ ਦੱਸਿਆ ਕਿ ਉਸ ਸਮੇਂ ਕੁੱਲ 6720 ਫ਼ੌਜੀਆਂ ਨੇ ਬੈਰਕਾਂ ਛੱਡੀਆਂ ਸਨ ਜਿਨ੍ਹਾਂ ‘ਚੋਂ 6311 ਨੂੰ ਵਾਪਸ ਨੌਕਰੀ ‘ਤੇ ਰੱਖ ਲਿਆ ਗਿਆ ਸੀ ਪਰ 309 ਫ਼ੌਜੀਆਂ ਨੂੰ ਇੱਕ ਸਾਲ ਤੋਂ ਲੈ ਕੇ 20 ਸਾਲ ਤੱਕ ਦੀਆਂ ਸਜ਼ਾਵਾਂ ਹੋਈਆਂ ਸਨ। ਇਨ੍ਹਾਂ ਵਿਚੋਂ 49 ਫ਼ੌਜੀਆਂ ਦੀ ਮੌਤ ਹੋ ਚੁੱਕੀ ਹੈ ਅਤੇ 24 ਧਰਮੀ ਫ਼ੌਜੀ ਲਾਪਤਾ ਹੋ ਗਏ ਸਨ। ਹੁਣ ਇਹ ਫ਼ੌਜੀ ਅਦਾਲਤਾਂ ‘ਚ ਇਸ ਗੱਲ ਲਈ ਕੇਸ ਲੜ ਰਹੇ ਹਨ ਕਿ ਉਨ੍ਹਾਂ ਨੂੰ ਸਾਰੇ ਫ਼ੌਜੀ ਲਾਭ ਮਿਲਣੇ ਚਾਹੀਦੇ ਹਨ ਅਤੇ ਪੈਨਸ਼ਨਾਂ ਲੱਗਣੀਆਂ ਚਾਹੀਦੀਆਂ ਹਨ। ਇਸ ਵਾਸਤੇ ਉਹ ਜਨਰਲ ਹਰਬਖ਼ਸ਼ ਸਿੰਘ ਦੇ ਉਸ ਬਿਆਨ ਨੂੰ ਆਧਾਰ ਮੰਨ ਰਹੇ ਹਨ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ 1962 ਅਤੇ 1971 ‘ਚ ਜਿਹੜੇ ਫ਼ੌਜੀ ਜੰਗ ਤੋਂ ਡਰ ਕੇ ਵਾਪਸ ਭੱਜ ਆਏ ਸਨ ਤਾਂ ਉਨ੍ਹਾਂ ਨੂੰ ਫ਼ੌਜ ਦੇ ਸਾਰੇ ਲਾਭ ਮਿਲੇ ਸਨ ਅਤੇ ਪੈਨਸ਼ਨਾਂ ਵੀ ਦਿੱਤੀਆਂ ਗਈਆਂ ਸਨ, ਫਿਰ ਇਨ੍ਹਾਂ ਧਰਮੀ ਫ਼ੌਜੀਆਂ ਨੂੰ ਕਿਉਂ ਨਹੀਂ।
  ਧਰਮੀ ਫ਼ੌਜੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤਾਂ ਆਪਣੇ ਧਰਮ ਨੂੰ ਪਿਆਰ ਕਰਦਿਆਂ ਆਪਣੇ ਸਭ ਤੋਂ ਪੂਜਨੀਕ ਅਸਥਾਨ ‘ਤੇ ਹੋਏ ਹਮਲੇ ਦਾ ਵਿਰੋਧ ਕਰਦਿਆਂ ਬੈਰਕਾਂ ਛੱਡੀਆਂ ਸਨ। ਦਿੱਲੀ ਕਮੇਟੀ ਦੇ ਲੀਗਲ ਸੈੱਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਨੂੰ ਇਨ੍ਹਾਂ ਧਰਮੀ ਫ਼ੌਜੀਆਂ ਦੀ ਲੜਾਈ ਲੜਨ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ ਤੇ ਧਰਮੀ ਫ਼ੌਜੀਆਂ ਦੀ ਤਿੰਨ ਮੈਂਬਰੀ ਕਮੇਟੀ ਵੱਲੋਂ ਲੀਗਲ ਸੈੱਲ ਨੂੰ ਇਸ ਸਬੰਧੀ ਸਾਰੇ ਕਾਗਜ਼ਾਤ ਜਲਦ ਹੀ ਮੁਹੱਈਆ ਕਰਵਾ ਦਿੱਤੇ ਜਾਣਗੇ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com