ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਅੰਮ੍ਰਿਤਸਰ - ਗੁਜਰਾਤ ਦੇ ਭਾਵ ਨਗਰ ਇਲਾਕੇ ਦੇ ਇਕ ਚੌਕ ਵਿਚ ਗੁਰੂ ਨਾਨਕ ਦੇਵ ਦੀ ਮੂਰਤੀ ਸਥਾਪਿਤ ਕਰਨ ਦੇ ਹੋਏ ਵਿਰੋਧ ਤੋਂ ਬਾਅਦ ਇੱਥੇ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੁਕਾਨਾਂ ’ਤੇ ਗੁਰੂਆਂ ਦੀਆਂ ਮੂਰਤੀਆਂ ਵੇਚਣ ਦੇ ਰੁਝਾਨ ਨੂੰ ਭਾਵੇਂ ਕੁਝ ਠੱਲ੍ਹ ਪਈ ਹੈ ਪਰ ਆਨਲਾਈਨ ਵਸਤਾਂ ਵੇਚਣ ਵਾਲੀਆਂ ਕੰਪਨੀਆਂ ਵੱਲੋਂ ਅਜੇ ਵੀ ਗੁਰੂਆਂ ਦੀਆਂ ਮੂਰਤੀਆਂ ਧੜੱਲੇ ਨਾਲ ਵੇਚੀਆਂ ਜਾ ਰਹੀਆਂ ਹਨ।
  ਸਿੱਖ ਧਰਮ ਵਿਚ ਮੂਰਤੀ ਪੂਜਾ ਅਤੇ ਤਸਵੀਰ ਪੂਜਾ ਦੀ ਮਨਾਹੀ ਹੈ। ਸਿੱਖ ਧਰਮ ਵਿਚ ਸਿਰਫ਼ ਸ਼ਬਦ ਗੁਰੂ ਜਾਂ ਅਕਾਲ ਪੁਰਖ ਦੀ ਉਸਤਤ ਕੀਤੀ ਜਾਂਦੀ ਹੈ ਪਰ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਪਹਿਲਾਂ ਗੁਰੂਆਂ, ਸਿੱਖ ਯੋਧਿਆਂ ਅਤੇ ਨਿਹੰਗ ਸਿੰਘਾਂ ਦੀਆਂ ਮੂਰਤੀਆਂ ਆਮ ਵਿਕਦੀਆਂ ਸਨ। ਪੱਥਰ ਤੇ ਪਾਊਡਰ ਦੀਆਂ ਬਣੀਆਂ ਇਹ ਮੂਰਤੀਆਂ ਚੀਨ ਤੋਂ ਆਉਂਦੀਆਂ ਹਨ ਜਦੋਂਕਿ ਧਾਤਾਂ ਦੀਆਂ ਬਣੀਆਂ ਮੂਰਤੀਆਂ ਮੁਰਾਦਾਬਾਦ ਤੋਂ ਅਤੇ ਪੱਥਰ ਦੀਆਂ ਬਣੀਆਂ ਮੂਰਤੀਆਂ ਰਾਜਸਥਾਨ, ਆਗਰਾ ਤੇ ਮੁੰਬਈ ਤੋਂ ਬਣ ਕੇ ਆਉਂਦੀਆਂ ਹਨ। ਇਨ੍ਹਾਂ ਵਿਚ ਵਧੇਰੇ ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ ਦੀਆਂ ਮੂਰਤੀਆਂ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਬਾਬਾ ਦੀਪ ਸਿੰਘ ਅਤੇ ਨਿਹੰਗ ਸਿੰਘਾਂ ਦੀਆਂ ਮੂਰਤੀਆਂ ਵੀ ਵਿਕਦੀਆਂ ਹਨ। ਇਹ ਮੂਰਤੀਆਂ ਸੌ ਤੋਂ ਲੈ ਕੇ 1500 ਰੁਪਏ ਮੁੱਲ ਤਕ ਵਿਕਦੀਆਂ ਹਨ।
  ਹਾਲ ਹੀ ਵਿਚ ਗੁਜਰਾਤ ਦੇ ਭਾਵ ਨਗਰ ਇਲਾਕੇ ਦੇ ਇਕ ਚੌਕ ਵਿਚ ਸਿੰਧੀ ਭਾਈਚਾਰੇ ਵੱਲੋਂ ਗੁਰੂ ਨਾਨਕ ਦੇਵ ਦਾ ਬੁੱਤ ਸਥਾਪਿਤ ਕੀਤਾ ਗਿਆ ਸੀ, ਜਿਸ ਦਾ ਸਿੱਖ ਜਗਤ ਵੱਲੋਂ ਵਿਰੋਧ ਪ੍ਰਗਟਾਇਆ ਗਿਆ। ਸ੍ਰੀ ਅਕਾਲ ਤਖ਼ਤ ਨੇ ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਨੂੰ ਜਾਂਚ ਦੇ ਆਦੇਸ਼ ਦਿੱਤੇ ਸਨ। ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧੀ ਜਾਂਚ ਟੀਮ ਭੇਜੀ ਜਾਣੀ ਸੀ ਕਿ ਇਸ ਤੋਂ ਪਹਿਲਾਂ ਹੀ ਸਿੰਧੀ ਭਾਈਚਾਰੇ ਵੱਲੋਂ ਇਹ ਬੁੱਤ ਹਟਾ ਦਿੱਤਾ ਗਿਆ। ਹੁਣ ਇਸ ਬੁੱਤ ਦੀ ਥਾਂ ਖੰਡਾ ਸਥਾਪਿਤ ਕੀਤਾ ਗਿਆ ਹੈ, ਜਿਸ ਨੂੰ ਸ਼੍ਰੋਮਣੀ ਕਮੇਟੀ ਨੇ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਘਟਨਾ ਦੌਰਾਨ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਗੁਰੂਆਂ ਦੀਆਂ ਵਿਕਦੀਆਂ ਮੂਰਤੀਆਂ ਦਾ ਵਿਰੋਧ ਕੀਤਾ ਸੀ। ਇਸ ਤੋਂ ਬਾਅਦ ਹਰਿਮੰਦਰ ਸਾਹਿਬ ਨੇੜਲੀਆਂ ਦੁਕਾਨਾਂ ਵਿਚ ਵਿਕਦੀਆਂ ਮੂਰਤੀਆਂ ਦੇ ਰੁਝਾਨ ਨੂੰ ਕੁਝ ਠੱਲ੍ਹ ਪਈ ਹੈ।
  ਦੁਕਾਨਦਾਰਾਂ ਨੇ ਦਾਅਵਾ ਕੀਤਾ ਕਿ ਗੁਰੂਆਂ ਦੀਆਂ ਮੂਰਤੀਆਂ ਖਰੀਦਣ ਅਤੇ ਵੇਚਣ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ। ਹੁਣ ਇਨ੍ਹਾਂ ਦੁਕਾਨਾਂ ’ਤੇ ਗੁਰੂਆਂ ਦੀਆਂ ਮੂਰਤੀਆਂ ਦੀ ਥਾਂ ਗੁਰੂਆਂ ਦੀਆਂ ਤਸਵੀਰਾਂ ਵਿਕ ਰਹੀਆਂ ਹਨ। ਭਾਵੇਂ ਸਿੱਖ ਧਰਮ ਵਿਚ ਗੁਰੂਆਂ ਦੀ ਤਸਵੀਰ ਨੂੰ ਵੀ ਕੋਈ ਮਾਨਤਾ ਨਹੀਂ ਹੈ ਪਰ ਕੈਲੰਡਰਾਂ ਆਦਿ ‘ਤੇ ਗੁਰੂਆਂ ਦੀਆਂ ਤਸਵੀਰਾਂ ਛਾਪਣ ਦਾ ਰੁਝਾਨ ਲੰਮੇ ਸਮੇਂ ਤੋਂ ਜਾਰੀ ਹੈ।
  ਦੁਕਾਨਾਂ ’ਤੇ ਗੁਰੂਆਂ ਦੀਆਂ ਮੂਰਤੀਆਂ ਵੇਚਣ ਦੇ ਰੁਝਾਨ ਵਿਚ ਭਾਵੇਂ ਕਮੀ ਆਈ ਹੈ ਪਰ ਆਨਲਾਈਨ ਵਸਤਾਂ ਵੇਚਣ ਵਾਲੀਆਂ ਕੰਪਨੀਆਂ ਅਜੇ ਵੀ ਧੜੱਲੇ ਨਾਲ ਇਹ ਮੂਰਤੀਆਂ ਵੇਚ ਰਹੀਆਂ ਹਨ। ਆਨਲਾਈਨ ਕੰਪਨੀਆਂ ਫਲਿੱਪਕਾਰਟ, ਐਮੇਜ਼ਨ, ਸਨੈਪਡੀਲ ਆਦਿ ’ਤੇ ਜਾ ਕੇ ਇਹ ਮੂਰਤੀਆਂ ਅਤੇ ਇਨ੍ਹਾਂ ਦੀ ਕੀਮਤ ਦੇਖੀ ਜਾ ਸਕਦੀ ਹੈ। ਮੂਰਤੀਆਂ ਮੰਗਵਾਉਣ ਲਈ ਆਰਡਰ ਵੀ ਕੀਤਾ ਜਾ ਸਕਦਾ ਹੈ।
  ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਪਹਿਲਾਂ ਹੀ ਆਖ ਚੁੱਕੇ ਹਨ ਕਿ ਸਿੱਖ ਧਰਮ ਵਿਚ ਮੂਰਤੀ ਜਾਂ ਤਸਵੀਰ ਪੂਜਾ ਦੀ ਕੋਈ ਥਾਂ ਨਹੀਂ ਹੈ। ਹਰ ਸਿੱਖ ਸਿਰਫ ਸ਼ਬਦ ਗੁਰੂ ਜਾਂ ਅਕਾਲ ਪੁਰਖ ਦੀ ਹੀ ਉਸਤਤ ਕਰਦਾ ਹੈ। ਉਨ੍ਹਾਂ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਗੁਰੂਆਂ ਦੀਆਂ ਮੂਰਤੀਆਂ ਨਾ ਖਰੀਦਣ। ਇਸ ਨਾਲ ਮੂਰਤੀਆਂ ਬਣਾਉਣ ਅਤੇ ਵੇਚਣ ਦੇ ਰੁਝਾਨ ਨੂੰ ਆਪੇ ਠੱਲ੍ਹ ਪੈ ਜਾਵੇਗੀ।

   

  ਸ੍ਰੀਨਗਰ -ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਜਰਨਲ ਸੁਬੇਗ ਸਿੰਘ, ਬਾਬਾ ਠਾਰਾ ਸਿੰਘ ਤੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ 35ਵਾਂ ਗੁਰਮਿਤ ਸਮਾਗਮ ਗੁਰਦੁਆਰਾ ਸ਼ਹੀਦ ਬੁੰਗਾ ਸ੍ਰੀਨਗਰ ਵਿਖੇ ਕਰਵਾਇਆ ਗਿਆ | ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟ ਫੈੱਡਰੇਸ਼ਨ ਦੇ ਮੈਂਬਰਾਂ, ਅਹੁਦੇਦਾਰਾਂ ਤੇ ਨੌਜਵਾਨਾਂ ਨੇ ਸ਼ਹੀਦ ਸਿੰਘਾਂ ਨੂੰ ਸ਼ਰਧਾ ਭੇਟ ਕਰਦਿਆਂ ਉਨ੍ਹਾਂ ਵਲੋਂ ਮਿੱਥੇ ਨਿਸ਼ਾਨਿਆਂ ਨੂੰ ਪੂਰਾ ਕਰਨ ਦਾ ਪ੍ਰਣ ਲਿਆ | ਇਸ ਸਮਾਗਮ 'ਚ ਉਚੇਚੇ ਤੌਰ 'ਤੇ ਹਾਜ਼ਰੀ ਭਰਦਿਆਂ ਗਿਆਨੀ ਰਘਬੀਰ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੇ ਸੰਗਤ ਨੂੰ ਗੁਰ ਇਤਿਹਾਸ ਨਾਲ ਜੋੜਦੇ ਹੋਏ ਕਿਹਾ ਕਿ ਸਿੱਖ ਜਰਨੈਲ ਯੋਧਿਆਂ ਨੇ ਹਮੇਸ਼ਾ ਪੰਥ ਦੀ ਚੜ੍ਹਦੀ ਕਲਾਂ ਲੋਚਦੇ ਹੋਏ ਆਪਾ ਕੁਰਬਾਨ ਕਰਨ ਤੋਂ ਗੁਰੇਜ਼ ਨਹੀਂ ਕੀਤਾ | ਸਿੰਘ ਸਾਹਿਬ ਨੇ ਨੌਜਵਾਨਾਂ ਨੂੰ ਬਾਣੀ ਤੇ ਬਾਣੇ ਨਾਲ ਜੁੜਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਦਿੱਤੇ ਖ਼ਾਲਸਾਈ ਸਿਧਾਂਤ ਨੂੰ ਆਪਣੇ ਜੀਵਨ 'ਚ ਅਪਣਾਉਣ ਦੀ ਅਪੀਲ ਕੀਤੀ | ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਜੋ ਪਾਖੰਡਵਾਦ, ਅੰਧ ਵਿਸ਼ਵਾਸ, ਊਚ-ਨੀਚ ਦਾ ਖੰਡਨ ਕਰਦੀ ਹੈ ਦਾ ਉਸ ਸਮੇਂ ਤੋਂ ਹੀ ਕੁਝ ਦੰਬੀਆਂ ਨੇ ਵਿਰੋਧ ਸ਼ੁਰੂ ਕਰ ਦਿੱਤਾ ਸੀ ਜੋ ਨਿਰੰਤਰ ਜਾਰੀ ਹੈ | ਸਮੇਂ-ਸਮੇਂ ਪੰਥ ਵਿਰੋਧੀ ਗੁਰੂ ਘਰ ਦੀਆਂ ਦੋਖੀ ਸ਼ਕਤੀਆਂ ਸਿੱਖਾਂ ਨਾਲ ਟਕਰਾਉਂਦੀਆਂ ਰਹੀਆਂ | ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਨੂੰ ਕਿਹਾ ਉਹ ਦੇਸ਼ ਦੀ ਆਜ਼ਾਦੀ ਸਮੇਂ ਸਿੱਖਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰੇ | ਇਸ ਮੌਕੇ ਭਾਈ ਬਲਵਿੰਦਰ ਸਿੰਘ ਲੋਪੋਕੇ, ਭਾਈ ਜਗਤਾਰ ਸਿੰਘ ਜੰਮੂ ਵਾਲੇ, ਭਾਈ ਬਲਕਾਰ ਸਿੰਘ ਬੀਰ ਤੇ ਗੁਰੂ ਘਰ ਹਜ਼ੂਰੀ ਰਾਗੀ ਜਥਿਆਂ ਨੇ ਸੰਗਤ ਨੂੰ ਰਸਭਿੰਨੇ ਕੀਰਤਨ ਰਾਹੀਂ ਗੁਰਬਾਣੀ ਨਾਲ ਜੋੜਿਆ | ਅੱਜ 35ਵੇਂ ਸ਼ਹੀਦੀ ਸਮਾਗਮ 'ਚ ਫੈੱਡਰੇਸ਼ਨ ਨੇ ਮਤੇ ਪਾਸ ਕਰਦਿਆਂ ਕਿਹਾ ਕਿ ਸਿੱਖਾਂ ਨੂੰ ਪੰਜਾਬ 'ਚ ਖ਼ੁਦ ਮੁਖ਼ਤਿਆਰੀ ਦਿੱਤੀ ਜਾਵੇ, ਪੰਜਾਬ ਦੇ ਪਾਣੀਆਂ ਦੀ ਲੁੱਟ ਬੰਦ ਕੀਤੀ ਜਾਵੇ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨਾਲ ਜੋੜੇ ਜਾਣ | ਜੇਲ੍ਹਾਂ 'ਚ ਬੰਦ ਸਿੱਖ ਨੌਜਵਾਨਾਂ ਦੀ ਰਿਹਾਈ ਜਲਦ ਅਮਲ 'ਚ ਲਿਆਂਦੀ ਜਾਵੇ | ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਸਰਪ੍ਰਸਤ ਭਾਈ ਪਰਮਜੀਤ ਸਿੰਘ ਖ਼ਾਲਸਾ, ਭਾਈ ਮੇਜਰ ਸਿੰਘ ਖ਼ਾਲਸਾ ਅਤੇ ਪ੍ਰਧਾਨ ਭਾਈ ਦਲੇਰ ਸਿੰਘ ਡੋਡ, ਭਾਈ ਜਸਪਾਲ ਸਿੰਘ ਇਸਲਾਮ ਗੰਜ, ਹਰਜੀਤ ਸਿੰਘ ਸ੍ਰੀਨਗਰ, ਭਾਈ ਕੁਲਦੀਪ ਸਿੰਘ, ਬਿਕਰਮ ਸਿੰਘ, ਭਾਈ ਦਾਰਾ ਸਿੰਘ ਤੇ ਫੈੱਡਰੇਸ਼ਨ ਦੇ ਅਹੁਦੇਦਾਰਾਂ ਵਲੋਂ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਰਘਬੀਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ |

   

  ਅੰਮ੍ਰਿਤਸਰ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਸਿੱਖ ਵਿਦਿਆਰਥੀਆਂ ਨੂੰ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਲਈ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਕੋਚਿੰਗ ਸੈਂਟਰ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਆਈ.ਏ.ਐਸ., (IAS) ਆਈ.ਪੀ.ਐਸ. (IPS)ਅਤੇ ਪੀ.ਸੀ.ਐਸ. PCS ਦੀ ਤਿਆਰੀ ਲਈ ਇਕ ਕੇਂਦਰ ਖੋਲ੍ਹਿਆ ਜਾਵੇਗਾ, ਜਿਸ ਵਿਚ ਸਿੱਖ ਵਿਦਿਆਰਥੀਆਂ ਦੀ ਇਨ੍ਹਾਂ ਮੁਕਾਬਲਾ ਪ੍ਰੀਖਿਆਵਾਂ ਲਈ ਫਰੀ ਤਿਆਰੀ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਨੌਜੁਆਨੀ ਨੂੰ ਸਿੱਖ ਮਾਰਸ਼ਲ ਆਰਟ ਨਾਲ ਜੋੜਨ ਲਈ ਇਥੇ ਹੀ ਗਤਕਾ ਅਕੈਡਮੀ ਵੀ ਖੋਲ੍ਹੀ ਜਾਵੇਗੀ। ਕੋਚਿੰਗ ਸੈਂਟਰ ਅਤੇ ਗਤਕਾ ਅਕੈਡਮੀ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪਟਿਆਲਾ ਦਾ ਵਿਸ਼ੇਸ਼ ਸਹਿਯੋਗ ਹੋਵੇਗਾ। ਕਿ ਇਕੱਤਰਤਾ ਦੌਰਾਨ 1984 ਵਿਚ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਲਾਵਾ 37 ਦੇ ਕਰੀਬ ਹੋਰ ਗੁਰਦੁਆਰਿਆਂ ’ਤੇ ਕੀਤੇ ਗਏ ਹਮਲੇ ਸਮੇਂ ਸ਼ਹੀਦ ਹੋਏ ਸਿੰਘ/ਸਿੰਘਣੀਆਂ ਦੇ ਵੇਰਵੇ ਇਕੱਤਰ ਕਰਕੇ ਸਦੀਵੀ ਯਾਦ ਸਥਾਪਤ ਕਰਨ ਦਾ ਫੈਸਲਾ ਵੀ ਹੋਇਆ ਹੈ।ਕਿ ਜੂਨ 1984 ਦੇ ਫ਼ੌਜੀ ਹਮਲੇ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਸ੍ਰੀ ਅੰਮ੍ਰਿਤਸਰ ਦੇ ਚੋਰੀ ਕੀਤੇ ਗਏ ਸਾਹਿਤਕ ਖ਼ਜ਼ਾਨੇ ਦੀ ਵਾਪਸੀ ਬਾਰੇ ਛਪੀਆਂ ਖ਼ਬਰਾਂ ਦੇ ਸਬੰਧ ਵਿਚ 13 ਜੂਨ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਮੌਜੂਦਾ ਅਤੇ ਸਾਬਕਾ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਦੀ ਇਕੱਤਰਤਾ ਬੁਲਾਈ ਗਈ ਹੈ, ਜੋ ਇਸ ਮਾਮਲੇ ਬਾਰੇ ਤੱਥ ਪੜਚੋਲ ਕਰੇਗੀ। ਇਸ ਮਗਰੋਂ ਅਗਲੀ ਕਾਰਵਾਈ ਹੋਵੇਗੀ। ਇਕੱਤਰਤਾ ਵਿਚ ਯੂ.ਪੀ.ਐਸ.ਸੀ. ਦੇ ਇਮਤਿਹਾਨ ਵਿੱਚੋਂ 44ਵਾਂ ਰੈਂਕ ਹਾਸਲ ਕਰਕੇ ਆਈ.ਏ.ਐਸ. ਬਣਨ ਵਾਲੀ ਨਾਨੋਵਾਲ ਖੁਰਦ (ਗੁਰਦਾਸਪੁਰ) ਦੀ ਲੜਕੀ ਅੰਮ੍ਰਿਤਪਾਲ ਕੌਰ ਨੂੰ 1 ਲੱਖ ਰੁਪਏ ਸਨਮਾਨ ਵਜੋਂ ਦੇਣ ਦਾ ਫੈਸਲਾ ਕੀਤਾ ਗਿਆ।ਕਿ ਸ਼੍ਰੋਮਣੀ ਕਮੇਟੀ ਸਿੱਖ ਬੱਚਿਆਂ ਨੂੰ ਮੁਕਾਬਲਾ ਪ੍ਰੀਖਿਆਵਾਂ ਵਿਚ ਬੇਹਤਰ ਕਾਰਗੁਜ਼ਾਰੀ ਦਿਖਾਉਣ ਲਈ ਉਤਸ਼ਾਹਤ ਕਰਦੀ ਰਹੇਗੀ।
  ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਗ ਲੱਗਣ ਕਾਰਨ ਦੁਕਾਨਾਂ ਸੜਨ ਦੀ ਜੋ ਮੰਦਭਾਗੀ ਘਟਨਾ ਵਾਪਰੀ ਹੈ, ਦੇ ਪ੍ਰਭਾਵਤ ਦੁਕਾਨਦਾਰਾਂ ਨਾਲ ਸ਼੍ਰੋਮਣੀ ਕਮੇਟੀ ਹਮਦਰਦੀ ਰੱਖਦੀ ਹੈ ਕਿ ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਇਕ ਸਬ-ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਦੀ ਰਿਪੋਰਟ ਅਨੁਸਾਰ ਦੁਕਾਨਦਾਰਾਂ ਦੀ ਸਹਾਇਤਾ ਕੀਤੀ ਜਾਵੇਗੀ। ਅੰਤ੍ਰਿੰਗ ਕਮੇਟੀ ਵੱਲੋਂ ਹਲਕਾ ਭਾਦਸੋਂ ਦੇ ਪਿੰਡ ਮਟੋਰਡਾ ਅਤੇ ਪੇਦਣ ਦੀਆਂ ਧਾਰਮਿਕ ਯਾਤਰਾ ਉੱਤੇ ਜਾ ਰਹੀਆਂ ਸੰਗਤਾਂ ਦੀ ਬੱਸ ਹਾਦਸਾ ਗ੍ਰਸਤ ਹੋਣ ਕਾਰਨ ਚਲਾਣਾ ਕਰ ਗਏ ਇਕ ਵਿਅਕਤੀ ਨੂੰ 50 ਹਜ਼ਾਰ ਰੁਪਏ, ਚਾਰ ਗੰਭੀਰ ਜ਼ਖ਼ਮੀਆਂ ਨੂੰ 20-20 ਹਜ਼ਾਰ ਰੁਪਏ, ਇਕ ਨੂੰ 10 ਹਜ਼ਾਰ ਰੁਪਏ ਅਤੇ ਨੌਂ ਹੋਰ ਜ਼ਖ਼ਮੀਆਂ ਨੂੰ 5-5 ਹਜ਼ਾਰ ਰੁਪਏ ਦੀ ਸਹਾਇਤਾ ਦੇਣ ਦਾ ਵੀ ਫੈਸਲਾ ਕੀਤਾ ਗਿਆ। ਇਕੱਤਰਤਾ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਸ. ਸੁਖਦੇਵ ਸਿੰਘ ਬਾਠ, ਪ੍ਰਸਿੱਧ ਸਿੱਖ ਇਤਿਹਾਸਕਾਰ ਡਾ. ਕਿਰਪਾਲ ਸਿੰਘ ਅਤੇ ਫੈਡਰੇਸ਼ਨ ਦੇ ਮੋਢੀ ਡਾ. ਸੰਤੋਖ ਸਿੰਘ ਭੋਪਾਲ ਦੇ ਅਕਾਲ ਚਲਾਣ ਸਬੰਧੀ ਸ਼ੋਕ ਮਤੇ ਵੀ ਪੜ੍ਹੇ ਗਏ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਬੰਧਤ ਵੱਖ-ਵੱਖ ਮਾਮਲਿਆਂ ਨੂੰ ਵਿਚਾਰਿਆ ਗਿਆ ਹੈ।

  - ਆਤਮਜੀਤ ਸਿੰਘ, ਕਾਨਪੁਰ
  ਇੰਨੀ ਸੌਖੀ ਜਿਹੀ ਗੱਲ ਸਾਨੂੰ ਕਿੰਨ੍ਹੇ ਵਰ੍ਹਿਆਂ ਤੋਂ ਸਮਝ ਨਹੀਂ ਆ ਰਹੀਂ 'ਕਿ ਬਾਲਾ ਨਾਂ ਦਾ ਕੋਈ ਸ਼ਖਸ ਗੁਰੂ ਨਾਨਕ ਸਾਹਿਬ ਦੇ ਵੇਲੇ ਹੋਇਆ ਹੀ ਨਹੀਂ .. ਸੋਚਣ ਵਾਲੀ ਗੱਲ ਹੈ ਜੇ ਕੋਈ ਬਾਲਾ ਹੋਇਆ ਹੁੰਦਾ 'ਤੇ ਗੁਰੂ ਨਾਨਕ ਸਾਹਿਬ ਨੇ ਉਨਾਂ ਸਤਿਕਾਰ ਭਾਈ ਬਾਲੇ ਨੂੰ ਦੇਣਾ ਨਹੀਂ ਦੇਣਾ ਸੀ ਜਿੰਨਾ ਭਾਈ 'ਮਰਦਾਨੇ' ਨੂੰ ਦਿੱਤਾ ..?
  ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਹੇਠ 'ਗੁਰ ਗ੍ਰੰਥ ਸਾਹਿਬ' ਜੀ ਵਿਚ ਦੋ ਸਲੋਕ ਦਰਜ ਕੀਤੇ ਹਨ ..

  ਅੰਮਿ੍ਤਸਰ - ਜੂਨ 1984 ਦੌਰਾਨ ਸ੍ਰੀ ਹਰਿਮੰਦਰ ਸਾਹਿਬ 'ਤੇ ਹੋਏ ਫ਼ੌਜੀ ਹਮਲੇ ਸਮੇਂ ਸਿੱਖ ਰੈਫਰੈਂਸ ਲਾਇਬ੍ਰੇਰੀ 'ਚੋਂ ਚੁਰਾਏ ਗਏ ਸਾਹਿਤਕ ਖ਼ਜ਼ਾਨੇ ਦੇ ਮਾਮਲੇ ਨੂੰ ਲੈ ਕੇ ਸਬੰਧਿਤ ਅਧਿਕਾਰੀਆਂ ਦੀ 13 ਜੂਨ ਇਕੱਤਰਤਾ ਬੁਲਾਈ ਗਈ ਹੈ | ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿਰਦੇਸ਼ਾਂ ਅਨੁਸਾਰ ਇਹ ਇਕੱਤਰਤਾ ਮੁੱਖ ਦਫ਼ਤਰ ਵਿਖੇ ਹੋਵੇਗੀ, ਜਿਸ 'ਚ ਸਬੰਧਿਤ ਮੌਜੂਦਾ ਅਤੇ ਸਾਬਕਾ ਅਧਿਕਾਰੀ ਸ਼ਾਮਿਲ ਹੋਣਗੇ | ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਤੱਥ ਪੜਚੋਲਣ ਲਈ ਇਹ ਇਕੱਤਰਤਾ ਬੁਲਾਈ ਗਈ ਹੈ |

  ਮੁੰਬਈ - ਸੰਘ ਆਪਣੇ ਆਪ ਨੂੰ ਬਦਲਣ ਦੀ ਕਵਾਇਦ 'ਚ ਜੁਟ ਗਿਆ ਹੈ | ਸੰਘ ਨਾਲ ਜੁੜੇ ਸੂਤਰਾਂ ਅਨੁਸਾਰ ਆਪਣੇ ਵਿੱਦਿਅਕ ਸੰਸਥਾਨ ਦੀ ਸਫ਼ਲਤਾ ਤੋਂ ਉਤਸ਼ਾਹਿਤ ਸੰਘ ਮੁਸਲਿਮ ਬੱਚਿਆਂ 'ਚ ਸਿੱਖਿਆ ਦਾ ਦੀਵਾ ਜਗਾਉਣ ਲਈ ਮਦਰੱਸਿਆਂ ਦੀ ਸ਼ੁਰੂਆਤ ਕਰ ਰਿਹਾ ਹੈ | ਇਸ ਦੀ ਸ਼ੁਰੂਆਤ ਦੇਹਰਾਦੂਨ ਤੋਂ ਹੋਣ ਜਾ ਰਹੀ ਹੈ | ਉੱਤਰਾਖੰਡ 'ਚ ਭਾਜਪਾ ਦੀ ਸਰਕਾਰ ਹੈ ਤੇ ਮੁੱਖ ਮੰਤਰੀ ਤਿ੍ਵੇਂਦਰ ਸਿੰਘ ਰਾਵਤ ਸੰਘ ਦੇ ਪ੍ਰਸੰਸਕਾਂ 'ਚ ਸ਼ਾਮਿਲ ਰਹੇ ਹਨ | ਬਿਹਾਰ, ਜਿੱਥੇ ਮੁਸਲਮਾਨਾਂ ਦੀ ਵੱਡੀ ਆਬਾਦੀ ਰਹਿੰਦੀ ਹੈ, ਦੇ ਮੁੱਖ ਮੰਤਰੀ ਨਿਤਿਸ਼ ਨਾਲ ਵੀ ਸੰਘ ਮੁਖੀ ਮੋਹਨ ਭਾਗਵਤ ਦੇ ਵਧੀਆ ਸਬੰਧ ਹਨ, ਨਿਤਿਸ਼ ਤੋਂ ਇਲਾਵਾ ਵਿਰੋਧੀ ਧਿਰ ਦੇ ਆਗੂਆਂ ਜਿਵੇਂ ਸ਼ਰਦ ਪਵਾਰ ਤੇ ਪ੍ਰਣਾਬ ਮੁਖਰਜੀ ਨਾਲ ਵੀ ਭਾਗਵਤ ਦੇ ਚੰਗੇ ਰਿਸ਼ਤੇ ਹਨ | ਸੋ, ਸੰਘ ਦੀ ਨਵੀਂ ਰਣਨੀਤੀ ਹੁਣ ਮੁਸਲਿਮ ਭਾਈਚਾਰੇ ਦਾ ਦਿਲ ਜਿੱਤਣਾ ਹੈ |

  ਤਰਨ ਤਾਰਨ - ਇੱਥੋਂ ਦੇ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉਢੀ ਨੂੰ ਕਰੀਬ ਦੋ ਮਹੀਨੇ ਪਹਿਲਾਂ ਢਾਹੇ ਜਾਣ ਖ਼ਿਲਾਫ਼ ਉਸ ਵੇਲੇ ਤੋਂ ਹੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਲਾਇਆ ਅਣਮਿੱਥੇ ਸਮੇਂ ਦਾ ਧਰਨਾ ਅੱਜ ਅਚਾਨਕ ਚੁੱਪ-ਚੁਪੀਤੇ ਚੁੱਕ ਲਿਆ ਗਿਆ। ਉੱਧਰ, ਹੁਣ ਸਿਮਰਨਜੀਤ ਸਿੰਘ ਮਾਨ ਨੇ ਦਰਸ਼ਨੀ ਡਿਉਢੀ ਨੂੰ ਮੁੜ ਉਸਾਰਨ ਲਈ 10 ਦਿਨ ਦਾ ਸਮਾਂ ਦਿੱਤਾ ਹੈ।
  ਧਰਨਾ ਚੁੱਕਣ ਸਬੰਧੀ ਦਲ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਅੱਜ ਇੱਥੇ ਆ ਕੇ ਐਲਾਨ ਕੀਤਾ, ਜਿਸ ਬਾਰੇ ਕਿਸੇ ਪੱਤਰਕਾਰ ਨੂੰ ਵੀ ਭਿਣਕ ਨਹੀਂ ਪੈਣ ਦਿੱਤੀ ਗਈ। ਦਿਲਚਸਪ ਗੱਲ ਇਹ ਰਹੀ ਕਿ ਦਲ ਦੇ ਜ਼ਿਲ੍ਹਾ ਪ੍ਰਧਾਨ ਕਰਮ ਸਿੰਘ ਭੋਈਆਂ, ਜਿਸ ਵੱਲੋਂ ਧਰਨਾ ਸ਼ੁਰੂ ਕਰਨ ਤੋਂ ਲੈ ਕੇ ਅੱਜ ਤਕ ਧਰਨੇ ਬਾਰੇ ਰੋਜ਼ਾਨਾ ਪ੍ਰੈੱਸ ਬਿਆਨ ਜਾਰੀ ਕੀਤਾ ਜਾਂਦਾ ਰਿਹਾ ਹੈ, ਨੇ ਵੀ ਮੀਡੀਆ ਨੂੰ ਅੱਜ ਕੋਈ ਸੂਚਨਾ ਨਹੀਂ ਦਿੱਤੀ। ਉਨ੍ਹਾਂ ਵੱਲੋਂ ਆਪਣਾ ਮੋਬਾਈਲ ਵੀ ਬੰਦ ਰੱਖਿਆ ਗਿਆ। ਇਸ ਸਬੰਧੀ ਦਰਬਾਰ ਸਾਹਿਬ ਦੇ ਮੈਨੇਜਰ ਭਾਈ ਬਲਵਿੰਦਰ ਸਿੰਘ ਉਬੋਕੇ ਨੇ ਵੀ ਮੋਬਾਈਲ ’ਤੇ ਕੋਈ ਹੁੰਗਾਰਾ ਨਹੀਂ ਦਿੱਤਾ।
  ਇਸ ਧਰਨੇ ਕਾਰਨ ਇਲਾਕੇ ਦੇ ਲੋਕਾਂ ਵਿਚ ਰੋਹ ਪਾਇਆ ਜਾ ਰਿਹਾ ਸੀ। ਸ਼ਰਧਾਲੂ ਗੁਰੂ ਅਰਜਨ ਦੇਵ ਦੇ ਸ਼ਹੀਦੀ ਪੁਰਬ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਗੇਟ ਸਾਹਮਣੇ ਖਿੱਲਰੇ ਮਲਬੇ ਨੂੰ ਚੁਕਵਾਉਣ ਦੀ ਮੰਗ ਕਰਦੇ ਆ ਰਹੇ ਸਨ, ਜਿਸ ਬਾਰੇ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਪ੍ਰਧਾਨ ਕਰਮ ਸਿੰਘ ਭੋਈਆਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਹ ਦਰਸ਼ਨੀ ਡਿਉਢੀ ਨੂੰ ਢਾਹੇ ਜਾਣ ਦਾ ਸਬੂਤ ਖਤਮ ਕਰਨ ਦੀ ਆਗਿਆ ਨਹੀਂ ਦੇਣਗੇ। ਅੱਜ ਸ਼ਹੀਦੀ ਪੁਰਬ ਮੌਕੇ ਸ਼ਰਧਾਲੂਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

   

  ਮੁੰਬਈ - ਭੋਪਾਲ ਤੋਂ ਸੰਸਦ ਮੈਂਬਰ ਸਾਧਵੀ ਪ੍ਰੱਗਿਆ ਠਾਕੁਰ 2008 ਮਾਲੇਗਾਓਂ ਧਮਾਕਾ ਕੇਸ ਦੀ ਸੁਣਵਾਈ ਕਰ ਰਹੀ ਕੌਮੀ ਜਾਂਚ ਏਜੰਸੀ ਦੀ ਵਿਸ਼ੇਸ਼ ਅਦਾਲਤ ਅੱਗੇ ਅੱਜ ਪੇਸ਼ ਹੋ ਗਈ। ਸਾਧਵੀ ਇਸ ਹਫ਼ਤੇ ਦੌਰਾਨ ਦੋ ਵਾਰ ਅਦਾਲਤ ਅੱਗੇ ਪੇਸ਼ ਹੋਣ ਵਿੱਚ ਨਾਕਾਮ ਰਹੀ ਸੀ। ਗਿਆਰਾਂ ਸਾਲ ਪੁਰਾਣੇ ਕੇਸ ਦੀ ਸੁਣਵਾਈ ਦੌਰਾਨ ਵਿਸ਼ੇਸ਼ ਐੱਨਆਈਏ ਜੱਜ ਵੀ.ਐੱਸ.ਪਡਾਲਕਰ ਅੱਗੇ ਪੇਸ਼ ਹੁੰਦਿਆਂ ਸਾਧਵੀ ਨੇ ਮਾਲੇਗਾਓਂ ਧਮਾਕੇ ਬਾਰੇ ਕੋਈ ਜਾਣਕਾਰੀ ਹੋਣ ਤੋਂ ਨਾਂਹ ਕਰ ਦਿੱਤੀ। ਸੁਣਵਾਈ ਦੌਰਾਨ ਪ੍ਰੱਗਿਆ ਤੋਂ ਇਲਾਵਾ ਹੋਰ ਮੁਲਜ਼ਮ ਵੀ ਅਦਾਲਤ ਵਿੱਚ ਮੌਜੂਦ ਸਨ। ਜੱਜ ਨੇ ਮੁਲਜ਼ਮਾਂ ਨੂੰ ਕੇਸ ਦੀ ਸੁਣਵਾਈ ਦੌਰਾਨ ਹਫ਼ਤੇ ’ਚ ਘੱਟੋ-ਘੱਟ ਇਕ ਵਾਰ ਪੇਸ਼ ਹੋਣ ਦੀ ਹਦਾਇਤ ਕੀਤੀ। ਜੱਜ ਨੇ ਸਾਫ਼ ਕਰ ਦਿੱਤਾ ਕਿ ਵਾਜਬ ਕਾਰਨ ਦੀ ਬਿਨਾਹ ਉੱਤੇ ਹੀ ਨਿੱਜੀ ਪੇਸ਼ੀ ਤੋਂ ਛੋਟ ਦਿੱਤੀ ਜਾ ਸਕਦੀ ਹੈ। ਅਦਾਲਤ ਹੁਣ ਤਕ ਇਸ ਮਾਮਲੇ ਵਿੱਚ ਡਾਕਟਰਾਂ ਤੇ ਪੰਚਾਸ (ਗਵਾਹਾਂ ਦੀ ਇਕ ਸ਼੍ਰੇਣੀ) ਸਮੇਤ ਕੁੱਲ 116 ਗਵਾਹਾਂ ਤੋਂ ਪੁੱਛ-ਪੜਤਾਲ ਕਰ ਚੁੱਕੀ ਹੈ।
  ਜੱਜ ਨੇ ਆਪਣੇ ਉਪਰੋਕਤ ਹੁਕਮ ਪੜ੍ਹਨ ਮਗਰੋਂ ਪ੍ਰਗਿਆ ਠਾਕੁਰ ਤੇ ਇਕ ਹੋਰ ਮੁਲਜ਼ਮ ਸੁਧਾਕਰ ਦਿਵੇਦੀ ਨੂੰ ਗਵਾਹਾਂ ਵਾਲੇ ਕਟਹਿਰੇ ’ਚ ਸੱਦਿਆ। ਜੱਜ ਨੇ ਗਵਾਹਾਂ ਵੱਲੋਂ ਦਿੱਤੇ ਬਿਆਨਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਹ ਸਤੰਬਰ 2008 ਵਿੱਚ ਉੱਤਰੀ ਮਹਾਰਾਸ਼ਟਰ ਦੇ ਮਾਲੇਗਾਓਂ ਵਿੱਚ ਹੋਏ ਬੰਬ ਧਮਾਕੇ (ਜਿਸ ਵਿੱਚ ਛੇ ਜਣਿਆਂ ਦੀ ਮੌਤ ਹੋ ਗਈ ਸੀ) ਬਾਰੇ ਜਾਣਦੇ ਹਨ। ਇਸ ਉੱਤੇ ਪ੍ਰਗਿਆ ਨੇ ਜਵਾਬ ਦਿੱਤਾ ਕਿ , ‘ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।’ ਦਿਵੇਦੀ ਨੇ ਵੀ ਕੁਝ ਇਹੋ ਜਿਹਾ ਜਵਾਬ ਦਿੱਤਾ।’ 46 ਸਾਲਾ ਸੰਸਦ ਮੈਂਬਰ ਨੇ ਕੇਸ ਵਿੱਚ ਹੁਣ ਤਕ ਗਵਾਹੀ ਦੇ ਚੁੱਕੇ ਲੋਕਾਂ ਦੀ ਗਿਣਤੀ ਤੋਂ ਵੀ ਅਗਿਆਨਤਾ ਪ੍ਰਗਟਾਈ। ਇਸ ਦੌਰਾਨ ਜਿਸ ਬੈਂਚ ’ਤੇ ਮੁਲਜ਼ਮ ਬੈਠੇ ਹੋਏ ਸਨ, ਉਸ ਉੱਤੇ ਲਾਲ ਰੰਗ ਦਾ ਮਖਮਲ ਦਾ ਕੱਪੜਾ ਵਿਛਿਆ ਹੋਇਆ ਸੀ। ਜੱਜ ਨੇ ਪ੍ਰਗਿਆ ਨੂੰ ਗਵਾਹ ਵਾਲੇ ਕਟਹਿਰੇ ’ਚ ਸੱਦ ਕੇ ਉਥੇ ਰੱਖੀ ਕੁਰਸੀ ’ਤੇ ਬੈਠਣ ਲਈ ਕਿਹਾ ਤਾਂ ਸਾਧਵੀ ਨੇ ਕਿਹਾ ਕਿ ਉਹਦਾ ਗ਼ਲਾ ਖਰਾਬ ਹੈ ਤੇ ਘੱਟੇ-ਮਿੱਟੀ ਤੋਂ ਐਲਰਜੀ ਦੇ ਚਲਦਿਆਂ ਉਹ ਖਿੜਕੀ ਨਾਲ ਢੋਹ ਲਾ ਕੇ ਖੜਨਾ ਪਸੰਦ ਕਰੇਗੀ। ਪ੍ਰੱਗਿਆ ਅਦਾਲਤੀ ਸੁਣਵਾਈ ਦੌਰਾਨ ਢਾਈ ਘੰਟੇ ਤਕ ਖੜ੍ਹੀ ਰਹੀ। ਪਿਛਲੇ ਮਹੀਨੇ ਲੋਕ ਸਭਾ ਮੈਂਬਰ ਬਣਨ ਮਗਰੋਂ ਠਾਕੁਰ ਦੀ ਅਦਾਲਤ ਵਿੱਚ ਇਹ ਪਹਿਲੀ ਪੇਸ਼ੀ ਸੀ।

  ਵਾਸ਼ਿੰਗਟਨ - ਅਮਰੀਕੀ ਹਵਾਈ ਸੈਨਾ ਨੇ ਸਿੱਖ ਏਅਰਮੈਨ ਨੂੰ ਦਾਹੜੀ, ਦਸਤਾਰ ਅਤੇ ਲੰਬੇ ਕੇਸ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ। ਅਮਰੀਕੀ ਹਵਾਈ ਸੈਨਾ ’ਚ ਧਰਮ ਦੇ ਆਧਾਰ ’ਤੇ ਅਜਿਹੀ ਛੋਟ ਦਾ ਇਹ ਪਹਿਲਾ ਮਾਮਲਾ ਹੈ। ਹਰਪ੍ਰੀਤਇੰਦਰ ਸਿੰਘ ਬਾਜਵਾ 2017 ’ਚ ਹਵਾਈ ਸੈਨਾ ’ਚ ਸ਼ਾਮਲ ਹੋਇਆ ਸੀ ਪਰ ਫ਼ੌਜ ਦੀ ਸ਼ਾਖਾ ਵੱਲੋਂ ਡਰੈੱਸ ਕੋਡ ਨੂੰ ਲੈ ਕੇ ਬਣਾਏ ਗਏ ਨੇਮਾਂ ਕਾਰਨ ਉਹ ਆਪਣੇ ਧਰਮ ਦਾ ਪਾਲਣ ਨਹੀਂ ਕਰ ਪਾ ਰਿਹਾ ਸੀ। ਐਨਬੀਸੀ ਨਿਊਜ਼ ਦੀ ਖ਼ਬਰ ਮੁਤਾਬਕ ਹਵਾਈ ਸੈਨਾ ਨੇ ਸਿੱਖ ਅਮਰੀਕਨ ਵੈਟਰਨਸ ਅਲਾਇੰਸ ਅਤੇ ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਦੇ ਵਫ਼ਦ ਦੀ ਨੁਮਾਇੰਦਗੀ ਮਗਰੋਂ ਉਨ੍ਹਾਂ ਨੂੰ ਇਹ ਛੋਟ ਦਿੱਤੀ। ਮੈਕਕੋਰਡ ਏਅਰ ਫੋਰਸ ਸਟੇਸ਼ਨ ’ਚ ਚਾਲਕ ਦਲ ਦੇ ਮੁਖੀ ਬਾਜਵਾ ਡਿਊਟੀ ’ਤੇ ਹਾਜ਼ਰ ਰਹਿਣ ਵਾਲੇ ਅਜਿਹੇ ਪਹਿਲੇ ਹਵਾਈ ਸੈਨਿਕ ਬਣ ਗਏ ਹਨ ਜਿਨ੍ਹਾਂ ਨੂੰ ਹਵਾਈ ਸੈਨਾ ’ਚ ਸੇਵਾਵਾਂ ਦਿੰਦਿਆਂ ਸਿੱਖ ਧਰਮ ਦਾ ਪਾਲਣ ਕਰਨ ਦੀ ਮਨਜ਼ੂਰੀ ਮਿਲੀ ਹੈ। ਬਾਜਵਾ ਨੇ ਕਿਹਾ,‘‘ਮੈਨੂੰ ਜ਼ਿਆਦਾ ਖੁਸ਼ੀ ਹੈ ਕਿ ਹਵਾਈ ਸੈਨਾ ਨੇ ਮੈਨੂੰ ਧਰਮ ਦੇ ਪਾਲਣ ਦੀ ਇਜਾਜ਼ਤ ਦੇ ਦਿੱਤੀ।’’ ਉਨ੍ਹਾਂ ਕਿਹਾ ਕਿ ਇੰਜ ਜਾਪ ਰਿਹਾ ਹੈ ਕਿ ਮੇਰੇ ਮੁਲਕ (ਅਮਰੀਕਾ) ਨੇ ਸਿੱਖ ਵਿਰਸੇ ਨੂੰ ਅਪਣਾ ਲਿਆ ਹੈ ਅਤੇ ਉਹ ਅਜਿਹਾ ਮੌਕਾ ਦੇਣ ਲਈ ਹਮੇਸ਼ਾ ਸ਼ੁਕਰਗੁਜ਼ਾਰ ਰਹੇਗਾ। ਉਨ੍ਹਾਂ ਕਿਹਾ ਕਿ ਸਾਲ ਕੁ ਪਹਿਲਾਂ ਚਾਰਲਸਟਨ (ਦੱਖਣੀ ਕੈਰੋਲਿਨਾ) ’ਚ ਤਕਨੀਕੀ ਸਿਖਲਾਈ ਦੌਰਾਨ ਉਸ ਨੂੰ ਕਿਹਾ ਗਿਆ ਸੀ ਕਿ ਉਹ ਰਾਹਤ ਦੀ ਮੰਗ ਕਰ ਸਕਦਾ ਹੈ ਪਰ ਉਸ ਨੂੰ ਕਦੇ ਵੀ ਅਫ਼ਸਰਾਂ ਨੇ ਨਾ ਨਹੀਂ ਕਿਹਾ ਸੀ। ਬਾਜਵਾ ਦਾ ਜਨਮ ਭਾਰਤ ਤੋਂ ਪਰਵਾਸ ਕਰਕੇ ਅਮਰੀਕਾ ਗਏ ਪਰਿਵਾਰ ’ਚ ਹੋਇਆ ਹੈ। 2016 ’ਚ ਕੈਪਟਨ ਸਿਮਰਤਪਾਲ ਸਿੰਘ ਨੂੰ ਅਮਰੀਕੀ ਥਲ ਸੈਨਾ ’ਚ ਲੰਬੇ ਕੇਸ, ਦਾਹੜੀ ਅਤੇ ਦਸਤਾਰ ਰੱਖਣ ਦੀ ਇਜਾਜ਼ਤ ਮਿਲੀ ਸੀ। 

  ਫ਼ਰੀਦਕੋਟ - ਕੋਟਕਪੂਰਾ ਗੋਲੀ ਕਾਂਡ ਵਿੱਚ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਪੰਜਾਬ ਪੁਲੀਸ ਦੇ ਪੰਜ ਸੀਨੀਅਰ ਅਧਿਕਾਰੀਆਂ ਅਤੇ ਇੱਕ ਸਾਬਕਾ ਸੰਸਦੀ ਸਕੱਤਰ ਖਿਲਾਫ਼ ਦੂਜਾ ਚਲਾਨ ਅੱਜ ਅਦਾਲਤ ‘ਚ ਪੇਸ਼ ਕਰ ਦਿੱਤਾ ਹੈ। ਜਾਂਚ ਟੀਮ ਨੇ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਐੱਸ.ਐੱਸ.ਪੀ. ਚਰਨਜੀਤ ਸ਼ਰਮਾ, ਐੱਸ.ਪੀ. ਬਲਜੀਤ ਸਿੰਘ ਸਿੱਧੂ, ਐੱਸ.ਪੀ. ਪਰਮਜੀਤ ਸਿੰਘ ਪੰਨੂ ਅਤੇ ਇੰਸਪੈਕਟਰ ਗੁਰਦੀਪ ਸਿੰਘ ਪੰਧੇਰ ਖਿਲਾਫ਼ ਆਈ.ਪੀ.ਸੀ. ਦੀ ਧਾਰਾ 307, 326, 323, 218, 120-ਬੀ ਅਤੇ ਅਸਲਾ ਐਕਟ ਤਹਿਤ ਦਰਜ ਹੋਏ ਮਾਮਲੇ ਵਿੱਚ ਚਲਾਨ ਪੇਸ਼ ਕੀਤਾ ਹੈ। ਜਾਂਚ ਟੀਮ ਨੇ ਇਸ ਤੋਂ ਪਹਿਲਾਂ 27 ਮਈ ਨੂੰ ਅਦਾਲਤ ‘ਚ ਪਹਿਲਾ ਚਲਾਨ ਦਾਇਰ ਕੀਤਾ ਸੀ। ਵਿਸ਼ੇਸ਼ ਜਾਂਚ ਟੀਮ ਦੇ ਸੀਨੀਅਰ ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਚਲਾਨ ਪੇਸ਼ ਕਰਨ ਤੋਂ ਬਾਅਦ ਦਾਅਵਾ ਕੀਤਾ ਕਿ ਕੋਟਕਪੂਰਾ ਗੋਲੀ ਕਾਂਡ ਵਿੱਚ ਜੋ ਜਾਂਚ ਰਿਪੋਰਟ (ਚਲਾਨ) ਅਦਾਲਤ ‘ਚ ਪੇਸ਼ ਕੀਤੀ ਹੈ ਉਹ ਪੂਰੇ ਸਬੂਤਾਂ ਅਤੇ ਤੱਥਾਂ ਦੇ ਆਧਾਰ ਉੱਤੇ ਪੇਸ਼ ਕੀਤੀ ਹੈ। ਜਾਂਚ ਟੀਮ ਨੇ ਦੂਜਾ ਚਲਾਨ ਦੀ ਫਾਈਲ ਡਿਊਟੀ ਮੈਜਿਸਟਰੇਟ ਏਕਤਾ ਉਪਲ ਦੀ ਅਦਾਲਤ ‘ਚ ਪੇਸ਼ ਕੀਤੀ। ਜਾਂਚ ਟੀਮ ਵੱਲੋਂ ਅਦਾਲਤ ‘ਚ ਪੇਸ਼ ਕੀਤੇ ਚਲਾਨ ਦੇ ਦੂਜੇ ਭਾਗ ਦੀ ਸੁਣਵਾਈ 10 ਜੂਨ ਨੂੰ ਰੱਖੀ ਹੈ। ਚਲਾਨ ਵਿੱਚ ਕਿਹਾ ਗਿਆ ਹੈ ਕਿ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ, ਡੀ.ਆਈ.ਜੀ. ਅਮਰ ਸਿੰਘ ਚਹਿਲ ਖਿਲਾਫ਼ ਵੀ ਜਾਂਚ ਚੱਲ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਖਿਲਾਫ਼ ਵੀ ਜਾਂਚ ਰਿਪੋਰਟ ਤਿਆਰ ਕਰਕੇ ਅਦਾਲਤ ‘ਚ ਪੇਸ਼ ਕੀਤੀ ਜਾਵੇਗੀ। ਆਪਣੀ 70 ਸਫ਼ਿਆਂ ਦੀ ਰਿਪੋਰਟ ਵਿੱਚ ਜਾਂਚ ਟੀਮ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉੱਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਖਿਲਾਫ ਵੀ ਚਲਾਨ ਦਿੱਤੇ ਜਾਣ ਦੀ ਗੱਲ ਕਹੀ ਹੈ।

   

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com