ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਓਂਟਾਰੀਓ - 1986 ਵਿਚ ਵਾਪਰੇ ਭਿਆਨਕ ਕਨਿਸ਼ਕ ਬੰਬ ਕਾਂਡ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਹੋਣ ਬਾਰੇ ਤੱਥ ਉਜਾਗਰ ਕਰਨ ਵਾਲਾ ਖੋਜੀ ਪੱਤਰਕਾਰ ਤੇ ਲੇਖਕ ਜ਼ੁਹੈਰ ਕਸ਼ਮੀਰੀ ਬੀਤੇ ਦਿਨੀਂ ਅਕਾਲ ਚਾਲਾਣਾ ਕਰ ਗਿਆ। ਜ਼ੁਹੈਰ ਕਸ਼ਮੀਰੀ, ਜਿਸ ਨੂੰ ਆਮ ਕਰਕੇ ਕਾਸ਼, ਦੇ ਨਾਂ ਨਾਲ ਜਾਣਿਆ ਜਾਂਦੀ ਸੀ ਦੀ ਮੌਤ ਲੰਘੀ 23 ਦਸੰਬਰ (2018) ਨੂੰ 72 ਸਾਲ ਦੀ ਉਮਰ ਚ ਕਨੇਡਾ ਦੇ ਓਂਟਾਰੀਓ ਸੂਬ ਵਿਚ ਦਿਲ ਦੇ ਦੌਰੇ ਕਾਰਨ ਹੋਈ।
  ਪੱਤਰਕਾਰੀ ਦੇ ਖੇਤਰ ਵਿਚ ਵੱਡਾ ਮੁਕਾਮ ਹਾਸਲ ਕਰਨ ਵਾਲੇ ਇਸ ਪੱਤਰਕਾਰ ਨੇ 23 ਜੂਨ 1985 ਵਿਚ ਏਅਰ ਇੰਡੀਆ ਦੇ ਜਹਾਜ਼ ਵਿਚ ਹੋਏ ਬੰਬ ਧਮਾਕੇ ਬਾਰੇ ਖਾਸੀ ਖੋਜ ਕੀਤੀ ਤੇ ਬੇਬਾਕੀ ਨਾਲ ਲਿਖਿਆ। ਇਸ ਭਿਆਨਕ ਬੰਬ ਕਾਂਡ ਵਿਚ 329 ਲੋਕ ਮਾਰੇ ਗਏ ਸਨ ਜਿਹਨਾਂ ਵਿਚੋਂ 268 ਕਨੇਡਾ ਦੇ ਵਾਸੀ ਸਨ।
  ਜ਼ੁਹੈਰ ਕਸ਼ਮੀਰੀ ਨੇ ਆਪਣੀਆਂ ਖਬਰਾਂ ਤੇ ਲੇਖਾਂ ਰਾਹੀਂ ਇਹ ਗੱਲ ਸਾਹਮਣੇ ਲਿਆਂਦੀ ਕਿ ਭਾਰਤ ਸਰਕਾਰ ਕਨੇਡਾ ਵਿਚ ਇਕ ਖੂਫੀਆ ਮੁਹਿੰਮ ਚਲਾ ਕੇ ਸਿੱਖਾਂ ਨੂੰ ਬਦਨਾਮ ਕਰਨ ਦੀਆਂ ਚਾਲਾਂ ਚਲ ਰਹੀ ਸੀ।
  ਧਮਾਕੇ ਤੋਂ ਚਾਰ ਸਾਲ ਬਾਅਦ ਪੱਤਰਕਾਰ ਕਸ਼ਮੀਰੀ ਨੇ ਆਪਣੇ ਸਾਥੀ ਪੱਤਕਾਰ ਬਰਾਇਨ ਮੈਕਐਂਡਰਿਊ ਨਾਲ ਇਸ ਵਿਵਾਦਤ ਮਾਮਲੇ ਦੀ ਨਿੱਠ ਕੇ ਘੋਖ ਪੜਤਾਲ ਕਰਕੇ “ਸੋਫਟ ਟਾਰਗਟ: ਹਓ ਦਾ ਇੰਡੀਅਨ ਇੰਟੈਲੀਜੈਂਸ ਸਰਵਸਿਸ ਪੈਨੀਟਰੇਟਿਡ ਕਨੇਡਾ” (ਸੁਖਾਲਾ ਨਿਸ਼ਾਨਾ: ਭਾਰਤੀ ਖੂਫੀਆ ਏਜੰਸੀਆਂ ਦੀ ਕਨੇਡਾ ਵਿਚ ਦਖਲ ਅੰਦਾਜ਼ੀ) ਨਾਂ ਦੀ ਕਿਤਾਬ ਲਿਖੀ ਜਿਸ ਵਿਚ ਇਹ ਗੱਲ ਸਾਹਮਣੇ ਲਿਆਂਦੀ ਗਈ ਕਿ ਕਿਵੇਂ ਕਨੇਡਾ ਵਿਚ ਭਾਰਤੀ ਜਸੂਸ ਸਾਲਾਂ ਤੋਂ ਸ਼ੱਕੀ ਤੇ ਖਤਰਨਾਕ ਕਾਰਵਾਈਆਂ ਕਰਕੇ ਕਨੇਡਾ ਦੇ ਸਿੱਖਾਂ ਵਿਚ ਦਖਲਅੰਦਾਜ਼ੀ ਕਰ ਰਹੇ ਸਨ ਤੇ ਉਹਨ੍ਹਾਂ ਨੂੰ ਪੈਰੋਂ ਉਖੇੜਨ ਦੀਆਂ ਕਾਰਵਾਈਆਂ ਕਰ ਰਹੇ ਸਨ।
  ਇਸ ਕਿਤਾਬ ਦੀ ਦੂਜੀ ਵਾਰ 2005 ਵਿਚ ਛਪੀ ਤੇ ਇਸ ਕਿਤਾਬ ਦਾ ਉੱਪ-ਸਿਰਲੇਖ “ਦਾ ਰੀਅਲ ਸਟੋਰੀ ਬਿਹਾਈਂਡ ਦਾ ਏਅਰ ਇੰਡੀਆ ਡਿਜ਼ਾਸਟਰ” (ਏਅਰ ਇੰਡੀਆ ਧਮਾਕੇ ਦੀ ਅਸਲ ਕਹਾਣੀ) ਰੱਖਿਆ ਗਿਆ।
  ਕਸ਼ਮੀਰੀ ਦਾ ਜਨਮ ਬੰਬਈ (ਹੁਣ ਮੁੰਬਈ) ਵਿਚ 3 ਦਸੰਬਰ 1946 ਨੂੰ ਹੋਇਆ ਸੀ। ਉਸਦੇ ਪਿਤਾ ਬਾਲੀਵੁੱਡ ਦੇ ਨਾਮੀ ਦ੍ਰਿਸ-ਲੇਖਕ ਆਗਾ ਜਾਨੀ ਕਸ਼ਮੀਰੀ ਸਨ ਤੇ ਮਾਤਾ, ਖੁਰਸ਼ੀਦ, ਇਕ ਸਮਾਜਕ ਕਾਰਕੁੰਨ ਸਨ ਤੇ ਗਰੀਬ ਜਨਾਨੀਆਂ ਦੀ ਮਦਦ ਕਰਦੇ ਸਨ।
  ਜ਼ੁਹੈਰ ਕਸ਼ਮੀਰੀ ਨੇ ਆਪਣਾ ਪੱਤਰਕਾਰੀ ਦਾ ਸਫਰ ਇੰਡੀਅਨ ਐਕਸਪ੍ਰੈਸ ਅਖਬਾਰ ਤੋਂ ਸ਼ੁਰੂ ਕੀਤਾ ਸੀ ਤੇ ਉਸਨੇ ਕਨੇਡਾ ਜਾ ਕੇ ਵੀ ਪੱਤਰਕਾਰੀ ਕਿੱਤੇ ਨੂੰ ਜਾਰੀ ਰੱਖਿਆ ਤੇ ਕਾਫੀ ਮਕਬੂਲ ਥਾਂ ਹਾਸਲ ਕੀਤੀ।

  ਅੰਮ੍ਰਿਤਸਰ - ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਰਾਵਤ ਨੇ ਹਰਿਦੁਆਰ ਸਥਿਤ ਗੰਗਾ ਕੰਢੇ ਗੁਰਦੁਆਰਾ ਗਿਆਨ ਗੋਦੜੀ ਬਾਰੇ ਜ਼ਮੀਨ ਦੇਣ ਸਬੰਧੀ ਸਿੱਖ ਭਾਈਚਾਰੇ ਦੀ ਮੰਗ ’ਤੇ ਫਿਲਹਾਲ ਸਹਿਮਤੀ ਨਹੀਂ ਦਿੱਤੀ ਹੈ। ਉਨ੍ਹਾਂ ਇਸ ਸਬੰਧੀ ਆਖਿਆ ਕਿ ਜਦੋਂ ਸਿੱਖ ਇੱਕਮੱਤ ਹੋਣਗੇ ਤਾਂ ਹੀ ਇਸ ਸਬੰਧੀ ਫ਼ੈਸਲਾ ਕੀਤਾ ਜਾਵੇਗਾ। ਉਹ ਇੱਥੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਆਏ ਸਨ।
  ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਜਦੋਂ ਗੁਰਦੁਆਰਾ ਗਿਆਨ ਗੋਦੜੀ ਲਈ ਲੋੜੀਂਦੀ ਜ਼ਮੀਨ ਦੇਣ ਦੀ ਸਿੱਖ ਭਾਈਚਾਰੇ ਦੀ ਮੰਗ ਬਾਰੇ ਉਨ੍ਹਾਂ ਨੂੰ ਪੁੱਛਿਆ ਕਿ ਇਸ ਮੰਗ ਨੂੰ ਲੈ ਕੇ ਸਮੁੱਚਾ ਸਿੱਖ ਭਾਈਚਾਰਾ ਇਕਮਤ ਹੋਵੇ। ਇਸ ਤੋਂ ਬਾਅਦ ਹੀ ਇਸ ਬਾਰੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਗਿਆਨ ਗੋਦੜੀ ਦੀ ਜ਼ਮੀਨ ਬਾਰੇ ਉੱਤਰਾਖੰਡ ਦਾ ਸਿੱਖ ਭਾਈਚਾਰਾ ਇੱਕਮੱਤ ਹੈ। ਇਸ ਸਬੰਧੀ ਉਥੇ ਗੁਰਦੁਆਰਾ ਸਥਾਪਤ ਹੈ ਅਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕੀਤਾ ਜਾ ਰਿਹਾ ਹੈ। ਇਹ ਮੰਗ ਸ਼੍ਰੋਮਣੀ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਨੇ ਵੀ ਉੱਤਰਾਖੰਡ ਦੇ ਮੁੱਖ ਮੰਤਰੀ ਕੋਲ ਰੱਖੀ ਹੈ ਅਤੇ ਉਨ੍ਹਾਂ ਭਰੋਸਾ ਦਿੱਤਾ ਕਿ ਜਲਦੀ ਹੀ ਸਾਰੇ ਸਿੱਖਾਂ ਦੀ ਸਹਿਮਤੀ ਨਾਲ ਇਸ ਮਸਲੇ ਦਾ ਹੱਲ ਕੱਢ ਲਿਆ ਜਾਵੇਗਾ।
  ਮੁੱਖ ਮੰਤਰੀ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਉੱਤਰਾਖੰਡ ਸਰਕਾਰ ਵੱਲੋਂ ਗੁਰਦੁਆਰਾ ਨਾਨਕ ਮੱਤਾ ਵਿਖੇ ਗੁਰਮਤਿ ਸਮਾਗਮ ਕਰਾਏ ਜਾਣਗੇ। ਸਿੱਖ ਇਤਿਹਾਸ ਬਾਰੇ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਉੱਤਰਾਖੰਡ ਦੀ ਧਰਤੀ ’ਤੇ ਗੁਰੂ ਨਾਨਕ ਦੇਵ ਅਤੇ ਗੁਰੂ ਗੋਬਿੰਦ ਸਿੰਘ ਨਾਲ ਸਬੰਧਤ ਕਈ ਇਤਿਹਾਸਕ ਗੁਰਦੁਆਰੇ ਹਨ। ਉਨ੍ਹਾਂ ਆਖਿਆ ਕਿ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਦੀ ਉਨ੍ਹਾਂ ਦੀ ਚਿਰੋਕਣੀ ਇੱਛਾ ਸੀ, ਜੋ ਅੱਜ ਪੂਰੀ ਹੋਈ ਹੈ। ਉਨ੍ਹਾਂ ਅੱਜ ਇੱਥੇ ਗੁਰੂ ਘਰ ਵਿੱਚ ਮੱਥਾ ਟੇਕਿਆ ਅਤੇ ਭਾਈਚਾਰਕ ਸਾਂਝ ਮਜ਼ਬੂਤ ਬਣਾਉਣ ਦੀ ਅਰਦਾਸ ਕੀਤੀ ਹੈ। ਅਯੁੱਧਿਆ ’ਚ ਰਾਮ ਮੰਦਿਰ ਦੀ ਉਸਾਰੀ ਬਾਰੇ ਉਨ੍ਹਾਂ ਆਖਿਆ ਕਿ ਰਾਮ ਮੰਦਿਰ ਭਾਜਪਾ ਵੱਲੋਂ ਹੀ ਬਣਾਇਆ ਜਾਵੇਗਾ। ਉਨ੍ਹਾਂ 2019 ਦੀਆਂ ਸੰਸਦੀ ਚੋਣਾਂ ਵਿੱਚ ਭਾਜਪਾ ਦੀ ਜਿੱਤ ਦਾ ਦਾਅਵਾ ਕੀਤਾ। ਉੱਤਰਾਖੰਡ ਦੇ ਕਾਸ਼ੀਪੁਰ ’ਚ ਸਿੱਖ ਕਿਸਾਨਾਂ ਦੀਆਂ ਜ਼ਮੀਨਾਂ ਦੇ ਮਾਮਲੇ ਬਾਰੇ ਉਨ੍ਹਾਂ ਆਖਿਆ ਕਿ ਸਿੱਖਾਂ ਨੂੰ ਉੱਧਰ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਨਾਲ ਉੱਤਰਾਖੰਡ ਦੇ ਵਿਧਾਇਕ ਹਰਭਜਨ ਸਿੰਘ ਚੀਮਾ ਵੀ ਹਾਜ਼ਰ ਸਨ। ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਲੰਗਰ ਘਰ ਵਿੱਚ ਬਰਤਨ ਸਾਫ਼ ਕਰਨ ਦੀ ਸੇਵਾ ਵੀ ਕੀਤੀ। ਉਨ੍ਹਾਂ ਇੱਥੇ ਲੰਗਰ ਵੀ ਛਕਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਮਨਜੀਤ ਸਿੰਘ, ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਮੁੱਖ ਮੰਤਰੀ ਨੂੰ ਸਨਮਾਨਿਤ ਵੀ ਕੀਤਾ।

  ਸ੍ਰੀ ਮੁਕਤਸਰ ਸਾਹਿਬ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਖਿਲਾਫ਼ ਬਰਗਾੜੀ ਮੋਰਚਾ ਲਗਾਇਆ ਗਿਆ ਸੀ, ਜਿਸ ਦਾ ਜਲਦ ਹੀ ਦੂਜਾ ਪੜਾਅ ਸ਼ੁਰੂ ਕੀਤਾ ਜਾ ਰਿਹਾ ਹੈ | ਇਹ ਗੱਲ ਜਥੇਦਾਰ ਧਿਆਨ ਸਿੰਘ ਮੰਡ ਨੇ ਸ੍ਰੀ ਮੁਕਤਸਰ ਸਾਹਿਬ 'ਚ ਗੱਲਬਾਤ ਦੇ ਦੌਰਾਨ ਕਹੀ | ਉਹ ਬਰਗਾੜੀ ਮੋਰਚੇ 'ਚ ਸਾਥ ਦੇਣ ਵਾਲੇ ਲੋਕਾਂ ਦਾ ਧੰਨਵਾਦ ਕਰਨ ਦੇ ਲਈ ਪਹੰੁਚੇ ਹੋਏ ਸਨ | ਉਨ੍ਹਾਂ ਕਿਹਾ ਕਿ ਬਰਗਾੜੀ ਮੋਰਚੇ 'ਚ ਜੋ ਪ੍ਰਾਪਤੀ ਕੀਤੀ ਹੈ, ਉਹ ਲੋਕਾਂ ਦੇ ਸਾਹਮਣੇ ਹੈ ਇਹ ਸਭ ਕੁਝ ਮੋਰਚੇ ਦੇ ਦਬਾਅ 'ਚ ਹੀ ਸਰਕਾਰ ਨੇ ਕੀਤਾ ਹੈ, ਪਰ ਇੱਥੇ ਗੱਲ ਖ਼ਤਮ ਨਹੀਂ ਹੁੰਦੀ | ਹੁਣ ਪੰਜਾਬ ਦੇ ਰਾਜਨੀਤਿਕ ਹਾਲਾਤ ਇਸ ਕਦਰ ਡਾਂਵਾਡੋਲ ਹੋ ਚੁੱਕੇ ਹਨ, ਜਿਸ 'ਚ ਕਿਸੇ ਨੰੂ ਕੋਈ ਭਰੋਸਾ ਨਹੀਂ ਹੈ | ਉਨ੍ਹਾਂ ਨੰੂ ਬਚਾਉਣ ਦੇ ਲਈ ਉਹ ਜਲਦ ਹੀ ਅੱਗੇ ਆਉਣਗੇ | ਉਹ ਲੋਕਾਂ ਦੇ ਕੋਲ ਜਾਣਗੇ ਅਤੇ ਲੋਕਾਂ ਨੰੂ ਇਸ ਦੇ ਲਈ ਪ੍ਰੇਰਿਤ ਕਰਨਗੇ | ਜਿਨ੍ਹਾਂ ਲੋਕਾਂ ਨੇ ਪੰਜਾਬ ਨੰੂ ਲੁੱਟਿਆ ਹੈ, ਉਨ੍ਹਾਂ ਨੰੂ ਹਰਾਉਣ ਦੇ ਲਈ ਨਵੀਂ ਰਣਨੀਤੀ ਤਿਆਰ ਕਰਨ ਦੀ ਜ਼ਰੂਰਤ ਹੈ | ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਦਲ ਤੇ ਕਾਂਗਰਸ ਨੰੂ ਹਰਾਉਣ ਦੇ ਲਈ ਉਹ ਸਾਰੇ ਧਰਮ ਤੇ ਜਥੇਬੰਦੀਆਂ ਨੰੂ ਇੱਕਜੁੱਟ ਕਰਕੇ ਚੱਲਣਗੇ | ਇਸ ਮੌਕੇ ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ, ਅਸ਼ੋਕ ਚੁੱਘ, ਗੁਰਮੀਤ ਸਿੰਘ ਜੀਤਾ, ਬਿੰਦਰ, ਰਜਿੰਦਰ ਰਾਜਾ, ਦਲੀਪ ਸਿੰਘ ਸਮੇਤ ਹੋਰ ਵੀ ਹਾਜ਼ਰ ਸਨ |

  ਵਾਸ਼ਿੰਗਟਨ - ਇਕ ਭਾਰਤੀ-ਅਮਰੀਕੀ ਉੱਦਮੀ ਗੁਰਿੰਦਰ ਸਿੰਘ ਖ਼ਾਲਸਾ ਨੂੰ ਉਨ੍ਹਾਂ ਦੀ ਮੁਹਿੰਮ, ਜਿਸ ਨੇ ਸਿੱਖ ਭਾਈਚਾਰੇ ਦੀ ਦਸਤਾਰ ਬਾਰੇ ਅਮਰੀਕੀ ਅਧਿਕਾਰੀਆਂ ਨੂੰ ਆਪਣੀ ਨੀਤੀ ਬਦਲਣ ਲਈ ਮਜਬੂਰ ਕਰ ਦਿੱਤਾ, ਲਈ ਵਕਾਰੀ ਰੋਜ਼ਾ ਪਾਰਕਸ ਟਰੇਲਬਲੇਜ਼ਰ ਪੁਰਸਕਾਰ ਪ੍ਰਦਾਨ ਕੀਤਾ ਗਿਆ ਹੈ | ਇੰਡੀਆਨਾਪੋਲਿਸ ਵਿਚ ਰਹਿੰਦੇ 45 ਸਾਲਾ ਖ਼ਾਲਸਾ ਨੂੰ ਇਹ ਪੁਰਸਕਾਰ ਲਗਾਤਾਰ ਹੌਸਲਾ ਤੇ ਰਹਿਮਦਿਲੀ ਦਿਖਾਉਣ ਲਈ ਦਿੱਤਾ ਗਿਆ ਹੈ | 2007 ਵਿਚ ਖ਼ਾਲਸਾ ਨੇ ਦਸਤਾਰ ਕਾਰਨ ਜਹਾਜ਼ ਵਿਚ ਚੜ੍ਹਨ ਤੋਂ ਇਨਕਾਰ ਕਰ ਦਿੱਤਾ ਸੀ | ਹਵਾਈ ਅੱਡੇ ਦੇ ਅਧਿਕਾਰੀਆਂ ਨੇ ਖ਼ਾਲਸਾ ਨੂੰ ਜਹਾਜ਼ 'ਤੇ ਚੜ੍ਹਨ ਤੋਂ ਪਹਿਲਾਂ ਦਸਤਾਰ ਉਤਾਰਨ ਲਈ ਕਿਹਾ ਸੀ ਪਰ ਉਨ੍ਹਾਂ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ | ਇਸ ਪਿੱਛੋਂ ਉਨ੍ਹਾਂ ਦੀ ਹਵਾਈ ਅੱਡੇ 'ਤੇ ਮੌਜੂਦ ਸੁਰੱਖਿਆ ਮੁਲਾਜ਼ਮਾਂ ਨਾਲ ਹੱਥੋਪਾਈ ਵੀ ਹੋਈ ਸੀ | ਇਸ ਪਿੱਛੋਂ ਖ਼ਾਲਸਾ ਨੇ ਰਾਸ਼ਟਰਵਿਆਪੀ ਪਟੀਸ਼ਨ ਸ਼ੁਰੂ ਕੀਤੀ, ਜਿਸ ਨੂੰ 67 ਹਜ਼ਾਰ ਤੋਂ ਵੀ ਵੱਧ ਲੋਕਾਂ ਦਾ ਸਮਰਥਨ ਮਿਲਿਆ | ਅਮਰੀਕਾ ਵਿਚ ਕਿਸੇ ਪਟੀਸ਼ਨ ਨੂੰ ਆਨਲਾਈਨ 20 ਹਜ਼ਾਰ ਤੋਂ ਵੱਧ ਵਿਅਕਤੀਆਂ ਦਾ ਸਮਰਥਨ ਮਿਲਣ ਪਿੱਛੋਂ ਸਰਕਾਰ ਨੂੰ ਉਸ ਮੁੱਦੇ 'ਤੇ ਕੋਈ ਨਾ ਕੋਈ ਫ਼ੈਸਲਾ ਲੈਣਾ ਪੈਂਦਾ ਹੈ | ਇਸੇ ਤਰ੍ਹਾਂ ਖ਼ਾਲਸਾ ਦੀ ਪਟੀਸ਼ਨ ਨੂੰ 67000 ਤੋਂ ਵੀ ਵੱਧ ਲੋਕਾਂ ਦਾ ਸਮਰਥਨ ਮਿਲਣ ਪਿੱਛੋਂ ਮਾਮਲਾ ਅਮਰੀਕੀ ਕਾਂਗਰਸ ਕੋਲ ਗਿਆ ਜਿਸ ਨੇ ਟਰਾਂਸਪੋਰਟ ਅਤੇ ਸੁਰੱਖਿਆ ਪ੍ਰਸ਼ਾਸਨ ਨੂੰ ਸਿੱਖ ਭਾਈਚਾਰੇ ਦੀ ਦਸਤਾਰ ਪ੍ਰਤੀ ਆਪਣੀ ਨੀਤੀ ਵਿਚ ਤਬਦੀਲੀ ਕਰਨ ਲਈ ਮਜਬੂਰ ਕਰ ਦਿੱਤਾ | ਇਸ ਤਬਦੀਲੀ ਦੇ ਸਿੱਟੇ ਵਜੋਂ ਹੁਣ ਸਿੱਖਾਂ ਨੂੰ ਅਮਰੀਕੀ ਹਵਾਈ ਅੱਡਿਆਂ 'ਤੇ ਸੁਰੱਖਿਆ ਚੈਕਿੰਗ ਸਮੇਂ ਦਸਤਾਰ ਉਤਾਰਨ ਦੀ ਲੋੜ ਨਹੀਂ | ਖ਼ਾਲਸਾ ਜਿਹੜੇ ਇੰਡੀਅਨ ਸਿੱਖ ਰਾਜਸੀ ਮਾਮਲਿਆਂ ਬਾਰੇ ਕਮੇਟੀ ਦੇ ਮੁਖੀ ਵੀ ਹਨ ਨੇ ਕਿਹਾ ਕਿ ਉਨ੍ਹਾਂ ਨੂੰ ਜਹਾਜ਼ 'ਤੇ ਸਵਾਰ ਹੋਣ ਤੋਂ ਰੋਕਿਆ ਗਿਆ ਸੀ ਕਿਉਂਕਿ ਉਨ੍ਹਾਂ ਨੇ ਆਪਣੀ ਦਸਤਾਰ ਉਤਾਰਨ ਤੋਂ ਇਨਕਾਰ ਕਰ ਦਿੱਤਾ ਸੀ | ਉਨ੍ਹਾਂ ਨੇ ਉਨ੍ਹਾਂ ਲੋਕਾਂ ਲਈ ਸਟੈਂਡ ਲਿਆ ਜਿਹੜੇ ਧਾਰਮਿਕ ਆਜ਼ਾਦੀ ਅਤੇ ਧਰਮ ਦੀ ਆਜ਼ਾਦੀ ਵਿਚ ਭਰੋਸਾ ਰੱਖਦੇ ਹਨ | ਖ਼ਾਲਸਾ ਨੇ ਪੁਰਸਕਾਰ ਸਿੱਖ ਭਾਈਚਾਰੇ ਨੂੰ ਸਮਰਪਿਤ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਇਹ ਪੁਰਸਕਾਰ ਮੇਰਾ ਨਹੀਂ | ਭਾਈਚਾਰੇ ਦੇ ਸਮਰਥਨ ਬਿਨਾਂ ਇਹ ਤਬਦੀਲੀ ਸੰਭਵ ਨਹੀਂ ਸੀ | ਉਹ ਇਹ ਪੁਰਸਕਾਰ ਸਮੁੱਚੇ ਅਮਰੀਕਾ ਦੇ ਵੱਖ ਵੱਖ ਖੇਤਰਾਂ ਦੇ 67 ਹਜ਼ਾਰ ਤੋਂ ਵੀ ਵੱਧ ਵਿਅਕਤੀਆਂ ਨੂੰ ਸਮਰਪਿਤ ਕਰਦੇ ਹਨ ਜਿਨ੍ਹਾਂ ਨੇ ਉਨ੍ਹਾਂ ਦੀ ਪਟੀਸ਼ਨ ਦਾ ਸਮਰਥਨ ਕੀਤਾ | ਇਨ੍ਹਾਂ ਵਿਚੋਂ ਸਿੱਖਾਂ ਦੇ ਹੱਕਾਂ ਦੀ ਆਵਾਜ਼ ਉਠਾਉਣ ਵਾਲਾ ਗਰੁੱਪ ਸਿੱਖ ਕੁਲੀਸ਼ਨ ਹੈ | ਪੁਰਸਕਾਰ ਸਮਾਰੋਹ ਵਿਚ ਚੋਟੀ ਦੇ ਸਰਕਾਰੀ ਅਧਿਕਾਰੀ ਅਤੇ ਸਿੱਖ ਆਗੂ ਸ਼ਾਮਿਲ ਹੋਏ |

  ਜਲੰਧਰ - ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਦੇ ਮਾਮਲੇ ਵਿਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਵਿਰੁੱਧ ਸੱਤਾ ਵਿਚ ਰਹਿੰਦਿਆਂ ਬਾਦਲ ਸਰਕਾਰ ਵੱਲੋਂ ਚਲਾਨ ਪੇਸ਼ ਨਾ ਕਰਨ ਦੇ ਦੋਸ਼ ਲਾਉਂਦਿਆਂ ਸਿੱਖ ਜਥੇਬੰਦੀਆਂ ਨੇ ਜਾਂਚ ਦੀ ਮੰਗ ਕੀਤੀ ਹੈ। ਜਥੇਬੰਦੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਸਵਾਲ ਕੀਤਾ ਹੈ ਕਿ ਉਹ ਸਪੱਸ਼ਟ ਕਰਨ ਕਿ ਸ਼੍ਰੋਮਣੀ ਕਮੇਟੀ ਨੇ ਇਸ ਕੇਸ ਦੀ ਪੈਰਵੀ ਕਿਉਂ ਨਹੀਂ ਕੀਤੀ ?
  ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਝੀ, ਸੁਖਦੇਵ ਸਿੰਘ ਫਗਵਾੜਾ, ਪਰਮਪਾਲ ਸਿੰਘ ਸਭਰਾਂ ਤੇ ਹੋਰ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਦੋ ਸਾਧਵੀਆਂ ਅਤੇ ਮਰਹੂਮ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਸਾਧਾਰਨ ਜਿਹੇ ਪਰਿਵਾਰਾਂ ਨੇ ਡੇਰਾ ਮੁਖੀ ਨੂੰ ਸਜ਼ਾ ਦਿਵਾਉਣ ਵਿਚ ਕਾਮਯਾਬੀ ਹਾਸਲ ਕੀਤੀ ਹੈ, ਪਰ ਦਸਵੇਂ ਗੁਰੂ ਦਾ ਸਵਾਂਗ ਰਚਾਉਣ ਦੇ ਮਾਮਲੇ ਵਿਚ ਡੇਰਾ ਮੁਖੀ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕਰਵਾਈ ਜਾ ਸਕੀ। ਸਿੱਖ ਆਗੂਆਂ ਨੇ ਕਿਹਾ ਕਿ ਡੇਰਾ ਮੁਖੀ ਨੇ ਮਈ 2007 ਵਿਚ ਜਦੋਂ ਅਜਿਹਾ ਕੀਤਾ ਸੀ ਤਾਂ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਸਨ। ਉਸ ਵੇਲੇ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਕਿ ਕਿਸੇ ਵੀ ਸਿੱਖ ਨੇ ਡੇਰਾ ਸਿਰਸਾ ਨਾਲ ਕੋਈ ਸਾਂਝ ਨਹੀਂ ਰੱਖਣੀ। ਬਠਿੰਡਾ ਦੇ ਤਤਕਾਲੀ ਐੱਸਐੱਸਪੀ ਨੇ ਅਦਾਲਤ ਵਿਚ ਹਲਫਨਾਮਾ ਦਾਇਰ ਕੀਤਾ ਸੀ ਕਿ ਡੇਰਾ ਮੁਖੀ ਵਿਰੁੱਧ ਜਾਂਚ ਤੋਂ ਬਾਅਦ ਹੀ ਕੇਸ ਦਰਜ ਕੀਤਾ ਗਿਆ ਹੈ।
  ਪੁਲੀਸ ਨੇ ਦਾਅਵਾ ਵੀ ਕੀਤਾ ਸੀ ਕਿ ਡੇਰਾ ਮੁਖੀ ਵਿਰੁੱਧ ਕਾਫੀ ਸਬੂਤ ਮੌਜੂਦ ਹਨ, ਇਸ ਦੇ ਬਾਵਜੂਦ ਵੀ ਪੌਣੇ ਪੰਜ ਸਾਲਾਂ ਤੱਕ ਚਲਾਨ ਪੇਸ਼ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਨੇ ਫਰਵਰੀ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਹੀ ਡੇਰਾ ਮੁਖੀ ਵਿਰੁੱਧ ਬਠਿੰਡਾ ਅਦਾਲਤ ਵਿਚ ਚੱਲਦੇ ਕੇਸ ਨੂੰ ਰੱਦ ਕਰਨ ਦੀ ਰਿਪੋਰਟ ਪੇਸ਼ ਕਰ ਦਿੱਤੀ। ਇਸ ਵਿਰੁੱਧ ਸ਼ਿਕਾਇਤਕਰਤਾ ਨੇ ਕਿਹਾ ਸੀ ਕਿ ਜਿਹੜਾ ਹਲਫੀਆ ਬਿਆਨ ਪੁਲੀਸ ਨੇ ਅਦਾਲਤ ਵਿਚ ਦਿੱਤਾ ਹੈ, ਉਸ ਉੱਪਰ ਦਸਤਖਤ ਨਹੀਂ ਹਨ। ਡੇਰਾ ਮੁਖੀ ਇਸ ਵਿਰੁੱਧ ਹਾਈ ਕੋਰਟ ਚਲਾ ਗਿਆ ਸੀ। ਹਾਈ ਕੋਰਟ ਨੇ ਇਸ ਕੇਸ ਨੂੰ ਫਰਵਰੀ 2014 ਵਿਚ ਵਾਪਸ ਬਠਿੰਡਾ ਦੀ ਅਦਾਲਤ ਵਿਚ ਭੇਜ ਦਿੱਤਾ ਸੀ। ਡੇਰਾ ਮੁਖੀ ਵਿਰੁੱਧ ਬਠਿੰਡਾ ਦੀ ਅਦਾਲਤ ਵਿਚ ਚੱਲਦਾ ਕੇਸ ਇਸ ਦਲੀਲ ’ਤੇ ਰੱਦ ਹੋ ਗਿਆ ਸੀ ਕਿ ਸਰਕਾਰ ਨੇ ਉਸ ਵਿਰੁੱਧ ਕੋਈ ਚਲਾਨ ਪੇਸ਼ ਨਹੀਂ ਕੀਤਾ।
  ਹਰਜਿੰਦਰ ਸਿੰਘ ਮਾਝੀ ਤੇ ਸੁਖਦੇਵ ਸਿੰਘ ਫਗਵਾੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਇਹ ਕੇਸ ਮੁੜ ਖੁੱਲ੍ਹਵਾਇਆ ਜਾਵੇ ਤੇ ਉੱਚ ਪੱਧਰੀ ਜਾਂਚ ਕਰਾਈ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਇਸ ਕੇਸ ਨੂੰ ਨਰਮ ਕਰਨ ਵਿਚ ਕਿਹੜੇ ਪੁਲੀਸ ਅਫ਼ਸਰਾਂ ਦੀ ਭੂਮਿਕਾ ਹੈ।

  ਅੰਮ੍ਰਿਤਸਰ , (ਨਰਿੰਦਰ ਪਾਲ ਸਿੰਘ) - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧ ਹੇਠਲੇ ਗੁਰਧਾਮਾਂ ਦੀ ਗੋਲਕ ਦੀ ਲੁੱਟ ਖਸੁੱਟ ਦੇ ਦੋਸ਼ਾਂ ਵਿੱਚ ਘਿਰੇ ਕਮੇਟੀ ਪ੍ਰਧਾਨ ਸ੍ਰ:ਮਨਜੀਤ ਸਿੰਘ ਜੀ.ਕੇ.ਤੇ ਉਸਦੇ ਸਾਥੀਆਂ ਖਿਲਾਫ ਕਾਰਵਾਈ ਦੀ ਸ਼ਿਕਾਇਤ ਅੱਜ ਸ੍ਰੀ ਅਕਾਲ ਤਖਤ ਸਾਹਿਬ ਵੀ ਪੁੱਜ ਗਈ ਹੈ।ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ੍ਰ:ਹਰਵਿੰਦਰ ਸਿੰਘ ਸਰਨਾ ਵਲੋਂ ਭੇਜੇ ਇੱਕ ਵਫਦ ਨੇ ਇਹ ਸ਼ਿਕਾਇਤ ਅੱਜ ਇਥੇ ਗਿਆਨੀ ਹਰਪ੍ਰੀਤ ਸਿੰਘ ਨੂੰ ਦਿੱਤੀ ਹੈ ।ਪੱਤਰਿਕਾ ਵਿੱਚ ਦੱਸਿਆ ਗਿਆ ਹੈ ਕਿ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਉਤੇ ਪਿਛਲੇ ੬ ਸਾਲਾਂ ਤੋਂ ਚੱਲਿਆ ਆ ਰਿਹਾ ਪ੍ਰਬੰਧ ਆਰਥਿਕ ਤੌਰ ਤੇ ਖਤਮ ਹੋ ਚੁੱਕਾ ਹੈ । ਦਿਲੀ ਕਮੇਟੀ ਘਾਟੇ ਵਿਚ ਚਲੀ ਗਈ ਕਿ ਕਈ ਕਈ ਮਹੀਨਿਆਂ ਤੋਂ ਆਪਣੇ ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਦੇਣ ਦੇ ਕਾਬਲ ਨਹੀ ਰਹਿ ਗਈ ।ਉਨ੍ਹਾਂ ਦੱਸਿਆ ਕਿ ਦਿੱਲੀ ਦੀਆਂ ਸੰਗਤਾਂ ਵਲੋਂ ਕੀਤੀ ਘੋਖ ਪੜਤਾਲ ਪਿੱਛੋਂ ਇਹ ਤੱਥ ਸਾਹਮਣੇ ਆਏ ਹਨ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸ੍ਰ : ਮਨਜੀਤ ਸਿੰਘ ਜੀ.ਕੇ , ਜਾਇੰਟ ਸਕੱਤਰ ਅਮਰਜੀਤ ਸਿੰਘ ਪੱਪੂ ਅਤੇ ਜਨਰਲ ਮੈਨੇਜਰ ਹਰਜੀਤ ਸਿੰਘ “ ਸੁਬੇਦਾਰ ' ,ਕਾਰਜਕਾਰਣੀ ਕਮੇਟੀ ਦੇ ਬਾਕੀ ਮੈਂਬਰਾਂ ਤੇ ਅਹੁੱਦੇਦਾਰਾਂ ਦੀ ਮਿਲੀਭੁਗਤ ਨਾਲ ਅਹੁੱਦਿਆਂ ਦੀ ਘੋਰ ਦੁਰਵਰਤੋਂ ਕਰਦੇ ਹੋਏ ਜਾਅਲੀ ਬਿੱਲਾਂ ਦੇ ਗੋਰਖ-ਧੰਧੇ ਨਾਲ , ਪਿਛਲੇ ਸਮੇਂ ਤੋਂ ਆਪ ਹੀ ਗੁਰੂ ਘਰ ਦੀ ਗੋਲਕ ਦੇ ਕਰੋੜਾਂ ਰੁਪਏ ਦਾ ਗਬਨ ਕਰਦੇ ਆ ਰਹੇ ਹਨ ।
  ਉਨ੍ਹਾਂ ਲਿਖਿਆ ਹੈ ਕਿ ਇਹ ਸਭ ਬਾਦਲ ਦਲ ਦੀ ਹਾਈਕਮਾਨ ਵੱਲੋਂ ਆਪਣੇ ਕੁਰੱਪਟ ਨੇਤਾਵਾਂ ਦੀ ਪੁਸ਼ਤ-ਪਨਾਹੀ ਕਾਰਣ ਵਾਪਰਿਆ ਹੈ ਜਿਸਨੇ ਸਿੱਖ ਪੰਥ ਦੀਆਂ ਮਹਾਨ ਰਵਾਇਤਾਂ ਨੂੰ ਮਲੀਆਮੇਟ ਕਰਨ ਦੀ ਰੀਤ ਅਪਣਾਈ ਹੈ । ਸ੍ਰ:ਹਰਵਿੰਦਰ ਸਿੰਘ ਸਰਨਾ ਨੇ ਜਥੇਦਾਰ ਨੂੰ ਦੱਸਿਆ ਕਿ ਦਿੱਲੀ ਕਮੇਟੀ ਦੇ ਪਰਧਾਨ ਤੇ ਬਾਕੀ ਅਹੁਦੇਦਾਰਾਂ ਵਲੋਂ ਕੀਤੀ ਗੁਰੂ ਦੀ ਗੋਲਕ ਦੀ ਲੁੱਟ ਖਸੁੱਟ ਦਾ ਅਦਾਲਤ ਨੇ ਵੀ ਸਖਤ ਰੁਖ ਅਪਣਾਉਂਦੇ ਹੋਏ ਦਿੱਲੀ ਪੁਲਿਸ ਨੂੰ ਕਮੇਟੀ ਦੇ ਉਪਰੋਕਤ ਦੋਸ਼ੀਆਂ ਖਿਲਾਫ ਐਫ ਆਈ ਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ ਅਤੇ ਹੁਣ ਇਹਨਾ ਨੂੰ ਜੇਲ੍ਹ ਜਾਣ ਤੋਂ ਕੋਈ ਨਹੀਂ ਰੋਕ ਸਕਦਾ । ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਵਿਚ ਅਜਿਹੀ ਸ਼ਰਮਨਾਕ ਸਥਿੱਤੀ ਪਹਿਲੇ ਕਦੇ ਵੀ ਨਹੀਂ ਬਣੀ ਕਿ ਜਦੋਂ ਗੁਰੂ ਕੀ ਗੋਲਕ ਦੇ ਰਾਖੇ ਹੀ ਗੋਲਕ ਦੇ ਲੁਟੇਰੇ ਬਣੇ ਹੋਣ । ਉਨ੍ਹਾਂ ਮੰਗ ਕੀਤੀ ਹੈ ਕਿ ਜਦ ਦੁਨਿਆਵੀ ਕੋਰਟ ਨੇ ਦਿੱਲੀ ਕਮੇਟੀ ਦੀ ਲੁੱਟ ਘਸੁੱਟ ਦਾ ਨੋਟਿਸ ਲੈਂਦੇ ਹੋਏ ਸਖਤ ਕਾਰਵਾਈ ਕੀਤੀ ਹੈ ਤਾਂ ਸਿੱਖ ਜਗਤ ਦੀ ਆਪਣੀ ਰੂਹਾਨੀ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਇਹਨਾ ਵਿਰੁੱਧ ਯੋਗ ਕਾਰਵਾਈ ਹੋਣੀ ਜਰੂਰੀ ਹੈ। ਜਥੇਦਾਰ ਪਾਸ ਸ਼ਿਕਾਇਤ ਦਰਜ ਕਰਾਉਣ ਉਪਰੰਤ ਗਲਬਾਤ ਕਰਦਿਆਂ ਦਿੱਲੀ ਅਕਾਲੀ ਦਲ ਵਲੋਂ ਭੇਜੇ ਵਫਦ ਦੇ ਆਗੂ ਮਨਿੰਦਰ ਸਿੰਘ ਧੁੰਨਾ,ਬਿਕਰਮ ਸਿੰਘ ਧੁੰਨਾ ਅਤੇ ਹਰਜੋਤ ਸਿੰਘ ਖਾਲਸਾ ਨੇ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਨਾਲ ਵੱਖਰੇ ਤੌਰ ਤੇ ਗਲ ਵੀ ਕੀਤੀ ।ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਉਹ ਸਾਰੇ ਮਾਮਲੇ ਨੂੰ ਵਿਚਾਰ ਰਹੇ ਹਨ,ਮਾਮਲਾ ਪਹਿਲਾਂ ਹੀ ਅਦਾਲਤ ਅਤੇ ਪੁਲਿਸ ਜਾਂਚ ਦੇ ਘੇਰੇ ਵਿੱਚ ਹੈ ।ਫਿਰ ਭੀ ਜੇ ਜਰੂਰਤ ਮਹਿਸੂਸ ਹੋਈ ਤਾਂ ਦੋਸ਼ੀਆਂ ਖਿਲਾਫ ਕਾਰਵਾਈ ਜਰੂਰ ਹੋਵੇਗੀ।

  ਨਵੀਂ ਦਿੱਲੀ - ਇੱਥੋਂ ਦੀ ਤੀਸ ਹਜ਼ਾਰੀ ਅਦਾਲਤ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਹੋਣ ਵਾਲੀ ਕਾਰਜਕਾਰਨੀ ਬੋਰਡ ਦੀ ਚੋਣ ਉੱਤੇ 20 ਫਰਵਰੀ ਤੱਕ ਰੋਕ ਲਾਉਣ ਮਗਰੋਂ ਕਮੇਟੀ ਦੇ ਜਰਨਲ ਹਾਊਸ ਨੇ ਕਾਰਜਕਾਰਨੀ ਬੋਰਡ ਦੇ ਸਾਰੇ ਪੰਜ ਅਹੁਦੇਦਾਰਾਂ ਤੇ ਮੈਂਬਰਾਂ ਦੇ ਅਸਤੀਫ਼ੇ ਮਨਜ਼ੂਰ ਕਰ ਲਏ। ਕਮੇਟੀ ਦੇ ਕਾਰਜਕਾਰੀ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਸੋਮਵਾਰ ਨੂੰ ਅਸਤੀਫ਼ੇ ਦੇਣ ਦੀ ਪ੍ਰਕਿਰਿਆ ਬਾਰੇ ਅਦਾਲਤ ਨੂੰ ਦੱਸ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਦਾਲਤ ਨੂੰ ਅਪੀਲ ਕੀਤੀ ਜਾਵੇਗੀ ਕਿ ਹਾਊਸ ਦੀ ਨਵੀਂ ਕਾਰਜਕਾਰਨੀ ਬਣਾਉਣ ਦੀ ਮਨਜ਼ੂਰੀ ਦਿੱਤੀ ਜਾਵੇ ਕਿਉਂਕਿ ਫਰਵਰੀ-ਮਾਰਚ ਦੌਰਾਨ ਕਮੇਟੀ ਦੇ ਸਕੂਲਾਂ ਕਾਲਜਾਂ ਤੇ ਹੋਰ ਸਿੱਖਿਆ ਸੰਸਥਾਵਾਂ ਦੇ ਦਾਖ਼ਲਿਆਂ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਪੜ੍ਹਾਈ ਦੇ ਨੁਕਸਾਨ ਸਬੰਧੀ ਤਰਕ ਅਦਾਲਤ ਵਿਚ ਦਿੱਤਾ ਜਾਵੇਗਾ। ਕਾਰਜਕਾਰਨੀ ਬੋਰਡ ਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਸਤੀਫ਼ੇ ਸੌਂਪ ਕੇ ਗੁਰਦੁਆਰਾ ਚੋਣ ਬੋਰਡ ਨੂੰ ਨਵੇਂ ਅੰਤ੍ਰਿਮ ਹਾਊਸ ਦਾ ਗਠਨ ਕਰਨ ਦੀ ਅਪੀਲ ਕੀਤੀ ਸੀ ਤੇ ਖ਼ੁਦ ਹੀ 19 ਜਨਵਰੀ ਦੀ ਤਰੀਕ ਤੈਅ ਕੀਤੀ ਸੀ। ਲੰਘੇ ਦਿਨ ਅਦਾਲਤ ਨੇ ਚੋਣ ’ਤੇ ਰੋਕ ਲਾਈ ਸੀ। ਇਸ ਲਈ ਅੱਜ ਤੈਅ ਪ੍ਰਕਿਰਿਆ ਤਹਿਤ ਜਨਰਲ ਹਾਊਸ ਬੁਲਾ ਕੇ ਸਾਰੇ ਅਹੁਦੇਦਾਰਾਂ ਤੇ ਕਾਰਜਕਾਰਨੀ ਮੈਂਬਰਾਂ ਦੇ ਅਸਤੀਫ਼ੇ ਮਨਜ਼ੂਰ ਕੀਤੇ ਗਏ।ਦਿੱਲੀ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਕਮੇਟੀ ਦੇ ਜਨਰਲ ਮੈਨੇਜਰ ਤੋਂ ਦਿੱਲੀ ਪੁਲੀਸ ਅਸਲ ਰਿਕਾਰਡ ਲੈ ਗਈ ਹੈ। ਇਹ ਰਿਕਾਰਡ ਮਨਜੀਤ ਸਿੰਘ ਜੀ.ਕੇ. ਤੇ ਸਾਥੀਆਂ ਨਾਲ ਸਬੰਧਤ ਮੁੱਕਦਮੇ ਲਈ ਲੋੜੀਂਦਾ ਹੈ। ਜ਼ਿਕਰਯੋਗ ਹੈ ਕਿ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵੱਲੋਂ ਨਾਰਥ ਐਵੇਨਿਊ ਥਾਣੇ ਦੇ ਜਾਂਚ ਅਧਿਕਾਰੀ ਨੂੰ ਹਲਕੀਆਂ ਧਾਰਾਵਾਂ ਲਾਉਣ ਕਰਕੇ ਗੁਰਮੀਤ ਸਿੰਘ ਸ਼ੰਟੀ ਦੀ ਅਰਜ਼ੀ ’ਤੇ ਤਲਬ ਕੀਤਾ ਗਿਆ ਸੀ। ਇਸ ਤੋਂ ਬਾਅਦ ਹੁਣ ਪੁਲੀਸ ਹਰਕਤ ਵਿੱਚ ਆਈ ਹੈ ਤੇ ਜਾਂਚ ਵਿਚ ਤੇਜ਼ੀ ਲਿਆਂਦੀ ਗਈ ਹੈ।

  ਐਸਏਐਸ ਨਗਰ (ਮੁਹਾਲੀ) - ਦਿੱਲੀ ਵਿੱਚ ਹੋਏ ਸਿੱਖ ਕਤਲੇਆਮ ਦੇ ਚਸ਼ਮਦੀਦ ਗਵਾਹ ਅਤੇ ਸੁਪਰੀਮ ਕੋਰਟ ਵਿੱਚ ਕਾਂਗਰਸੀ ਆਗੂ ਸੱਜਣ ਕੁਮਾਰ ਖ਼ਿਲਾਫ਼ ਮੁੱਖ ਗਵਾਹ ਹਰਵਿੰਦਰ ਸਿੰਘ ਕੋਹਲੀ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ’ਤੇ ਧਮਕੀਆਂ ਦੇਣ ਦਾ ਦੋਸ਼ ਲਗਾਇਆ ਹੈ।
  ਇਸ ਸਬੰਧੀ ਹਰਵਿੰਦਰ ਨੇ ਮੁਹਾਲੀ ਪੁਲੀਸ ਨੂੰ ਸਰਨਾ ਖ਼ਿਲਾਫ਼ ਸ਼ਿਕਾਇਤ ਦਿੱਤੀ ਸੀ, ਪਰ ਇਸ ’ਤੇ ਕੋਈ ਕਾਰਵਾਈ ਨਾ ਹੋਣ ’ਤੇ ਅੱਜ ਇੱਥੇ ਸ੍ਰੀ ਕੋਹਲੀ ਨੇ ਡੀਐਸਪੀ (ਸਿਟੀ-1) ਅਮਰੋਜ਼ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਇੱਕ ਸੀਡੀ ਸੌਂਪਦਿਆਂ ਸਰਨਾ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ।
  ਡੀਐੱਸਪੀ ਨੂੰ ਮਿਲਣ ਮਗਰੋਂ ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਕੋਹਲੀ ਨੇ ਕਿਹਾ ਕਿ ਬੀਤੀ 17 ਦਸੰਬਰ ਨੂੰ ਜਦੋਂ ਦਿੱਲੀ ਹਾਈ ਕੋਰਟ ਵੱਲੋਂ ਕਾਂਗਰਸੀ ਆਗੂ ਸੱਜਣ ਕੁਮਾਰ ਵਿਰੁੱਧ ਫੈ਼ਸਲਾ ਦਿੱਤਾ ਗਿਆ ਤਾਂ ਅਗਲੇ ਦਿਨ ਉਹ ਮੁਹਾਲੀ ਵਿਚ ਸੀ। ਉਨ੍ਹਾਂ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਦਾ ਫੋਨ ਆਇਆ, ਜਿਸ ਦੌਰਾਨ ਸਰਨਾ ਨੇ ਕਥਿਤ ਗਾਲੀ ਗਲੋਚ ਕਰਦਿਆਂ ਧਮਕੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਸ ਸਬੰਧੀ ਫੇਜ਼-1 ਥਾਣੇ ਵਿੱਚ ਸ਼ਿਕਾਇਤ ਦਿੱਤੀ ਸੀ, ਪਰ ਇੱਕ ਮਹੀਨਾ ਬੀਤਣ ਦੇ ਬਾਵਜੂਦ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ।
  ਉਨ੍ਹਾਂ ਕਿਹਾ ਕਿ ਸ੍ਰੀ ਸਰਨਾ ਸੂਬੇ ਦੇ ਮੁੱਖ ਮੰਤਰੀ ਦੇ ਧਾਰਮਿਕ ਸਲਾਹਕਾਰ ਹਨ। ਇਸ ਕਾਰਨ ਪੁਲੀਸ ਸਰਨਾ ਖ਼ਿਲਾਫ਼ ਕਾਰਵਾਈ ਕਰਨ ਤੋਂ ਆਨਾਕਾਨੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਜਲਦੀ ਸਰਨਾ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਤਾਂ ਉਹ ਡੀਐੱਸਪੀ ਦਫ਼ਤਰ ਦੇ ਬਾਹਰ ਧਰਨਾ ਦੇਣਗੇ।
  ਡੀਐੱਸਪੀ (ਸਿਟੀ-1) ਅਮਰੋਜ਼ ਸਿੰਘ ਨੇ ਸਰਨਾ ਖ਼ਿਲਾਫ਼ ਸ਼ਿਕਾਇਤ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
  ਇਸ ਸਬੰਧੀ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਉਹ ਹਰਵਿੰਦਰ ਸਿੰਘ ਕੋਹਲੀ ਨਾਂ ਦੇ ਵਿਅਕਤੀ ਨੂੰ ਜਾਣਦੇ ਤੱਕ ਨਹੀਂ ਹਨ। ਉਨ੍ਹਾਂ ਕਿਹਾ ਕਿ ਇਸ ਵਿਅਕਤੀ ਨੇ ਪੁਲੀਸ ਨੂੰ ਜਿਹੜੀ ਸੀਡੀ ਦਿੱਤੀ ਹੈ, ਪੁਲੀਸ ਅਤੇ ਮੀਡੀਆ ਉਸ ਸੀਡੀ ਨੂੰ ਚੰਗੀ ਤਰ੍ਹਾਂ ਸੁਣ ਲੈਣ ਤਾਂ ਸਾਰੀ ਸੱਚਾਈ ਸਾਹਮਣੇ ਆ ਜਾਵੇਗੀ। ਸਰਨਾ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਨੂੰ ਜਾਨੋ ਮਾਰਨ ਦੀ ਧਮਕੀ ਨਹੀਂ ਦਿੱਤੀ ਹੈ ਅਤੇ ਸੀਡੀ ਸੁਣ ਕੇ ਪੁਲੀਸ ਬਣਦੀ ਕਾਰਵਾਈ ਕਰ ਸਕਦੀ ਹੈ।

  ਫ਼ਤਹਿਗੜ੍ਹ ਸਾਹਿਬ - ਅਕਾਲੀ ਦਲ (ਬਾਦਲ) ਦੀ ਹੋਂਦ ਨੂੰ ਬਚਾਉਣ ਲਈ ਇਸ ਨੂੰ ਪਰਿਵਾਰਵਾਦ ਤੋਂ ਮੁਕਤ ਕਰ ਕੇ ਰੁੱਸੇ ਹੋਏ ਅਕਾਲੀ ਧੜਿਆਂ- ਟਕਸਾਲੀ ਅਕਾਲੀ, ਟੌਹੜਾ ਸਮਰਥਕ, ਮਾਨ, ਲੌਂਗੋਵਾਲ ਆਦਿ ਨੂੰ ਪੰਥਕ ਹਿਤਾਂ ਲਈ ਵੱਡਾ ਜਿਗਰਾ ਕਰਦਿਆਂ ਸੁਖਬੀਰ ਸਿੰਘ ਬਾਦਲ ਨੂੰ ਇੱਕ ਸਟੇਜ ’ਤੇ ਇਕੱਠਾ ਕਰਨਾ ਪਵੇਗਾ।
  ਇਹ ਵਿਚਾਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਪ੍ਰਗਟਾਏ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਟਕਸਾਲੀ ਅਕਾਲੀ ਆਗੂਆਂ ਦਾ ਕੋਈ ਨਿੱਜੀ ਗੁੱਸਾ ਨਹੀਂ ਤੇ ਉਹ ਸਿਰਫ਼ ਸਿੱਖ ਪੰਥ ਦੇ ਸਿਧਾਂਤਾਂ ਦੀ ਗੱਲ ਕਰਦੇ ਹਨ। ਅਜਿਹੇ ਮੌਕੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਰੁੱਸੇ ਆਗੂਆਂ ਦੇ ਘਰ ਜਾ ਕੇ ਗਿਲੇ ਸ਼ਿਕਵੇ ਦੂਰ ਕਰਨੇ ਚਾਹੀਦੇ ਸਨ। ਉਨ੍ਹਾਂ ਖ਼ਦਸ਼ਾ ਜ਼ਾਹਰ ਕੀਤਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦਾ ਵਹਿਣ ਇਸੇ ਤਰਾਂ ਚਲਦਾ ਰਿਹਾ ਤਾਂ ਇਸ ਦਾ ਖ਼ਮਿਆਜ਼ਾ ਪਾਰਟੀ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਭੁਗਤਣਾ ਪੈ ਸਕਦਾ ਹੈ। ਉਨ੍ਹਾਂ ਤਿੱਖੇ ਤੇਵਰ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪਰਿਵਾਰਵਾਦ ਦੀਆਂ ਹੱਦਾਂ ਵਿਚੋਂ ਬਾਹਰ ਕੱਢਣ ਦਾ ਸਮਾਂ ਆ ਚੁੱਕਾ ਹੈ ਅਤੇ ਜੇਕਰ ਅਜਿਹਾ ਨਾ ਹੋਇਆ ਤਾਂ ਨਾਰਾਜ਼ ਪੰਥ ਹਿਤੈਸ਼ੀ ਪਾਰਟੀ ਵਰਕਰ ਆਪਣੀ ਥਾਂ ਕਿਧਰੇ ਹੋਰ ਬਣਾ ਲੈਣਗੇ।
  ਉਨ੍ਹਾਂ ਗਿਲਾ ਕੀਤਾ ਕਿ ਅਕਾਲੀ ਦਲ ਕੇਂਦਰ ਸਰਕਾਰ ਦੀ ਭਾਈਵਾਲ ਪਾਰਟੀ ਹੁੰਦੇ ਹੋਏ ਵੀ ਪੰਜਾਬ ਦੀਆਂ ਮੁੱਖ ਮੰਗਾ- ਚੰਡੀਗੜ੍ਹ ਪੰਜਾਬ ਵਿਚ ਸ਼ਾਮਲ ਕਰਨਾ, ਸੂਬੇ ਦੇ ਪਾਣੀ, ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣਾ ਆਦਿ ਨੂੰ ਮਨਾਉਣ ਵਿਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ।

  ਚੰਡੀਗੜ੍ਹ - ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਪਰਮਜੀਤ ਸਿੰਘ ਭਿਉਰਾ ਨੂੰ ਜ਼ਿਲ੍ਹਾ ਅਦਾਲਤ 'ਚ ਪੇਸ਼ ਕਰਨ ਦੌਰਾਨ ਪੁਲਿਸ ਕਰਮੀਆਂ ਨਾਲ ਉਲਝਣ ਦੇ ਮਾਮਲੇ 'ਚ ਖੁਦ ਨੂੰ ਸ਼ਿਵ ਸੈਨਾ ਆਗੂ ਆਖਦੇ ਨਿਸ਼ਾਂਤ ਸ਼ਰਮਾ ਅਤੇ ਦੋ ਹੋਰ ਨੂੰ ਅਦਾਲਤ ਨੇ ਤਿੰਨ-ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ | ਜੇਲ੍ਹ ਬ੍ਰੇਕ ਮਾਮਲੇ 'ਚ 2011 'ਚ ਪੁਲਿਸ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਪਰਮਜੀਤ ਸਿੰਘ ਭਿਉਰਾ ਨੂੰ ਸੈਕਟਰ 17 ਜ਼ਿਲ੍ਹਾ ਅਦਾਲਤ ਵਿਚ ਪੇਸ਼ ਕਰਨ ਲਈ ਲਿਆਈ ਸੀ ਜਿਸ ਦੌਰਾਨ ਨਿਸ਼ਾਂਤ ਸ਼ਰਮਾ ਅਤੇ ਉਸ ਦੇ ਸਾਥੀਆਂ ਨੇ ਪੁਲਿਸ ਦੀ ਡਿਊਟੀ ਵਿਚ ਵਿਘਨ ਪਾ ਕੇ ਭਾਈ ਹਵਾਰਾ ਤੇ ਭਿਉਰਾ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ | ਦੋਸ਼ੀਆਂ 'ਚ ਨਿਸ਼ਾਂਤ ਸ਼ਰਮਾ, ਆਸ਼ੂਤੋਸ਼ ਗੌਤਮ ਅਤੇ ਰਾਮੇਸ਼ ਕੁਮਾਰ ਦੱਤ ਦੇ ਨਾਂਅ ਸ਼ਾਮਿਲ ਹਨ ਜਿਨ੍ਹਾਂ ਨੂੰ ਅਦਾਲਤ ਨੇ ਧਾਰਾ 186, 332, 353, 341 ਅਤੇ 34 ਤਹਿਤ ਦੋਸ਼ੀ ਕਰਾਰ ਦਿੱਤਾ | ਮਾਮਲੇ ਵਿਚ ਇਕ ਹੋਰ ਮੁਲਜ਼ਮ ਮਨੀਸ਼ ਸੂਦ ਦੀ ਮੁਕੱਦਮੇ ਦੌਰਾਨ ਮੌਤ ਹੋ ਗਈ ਸੀ | ਅਦਾਲਤ ਨੇ ਹਰੇਕ ਦੋਸ਼ੀ ਨੂੰ 5 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ |

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com