ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਨਵੀਂ ਦਿੱਲੀ,  (ਮਨਪ੍ਰੀਤ ਸਿੰਘ ਖਾਲਸਾ): - ਦਲ ਖਾਲਸਾ ਦੇ ਜਲਾਵਤਨੀ ਆਗੂ ਭਾਈ ਗਜਿੰਦਰ ਸਿੰਘ ਨੇ ਭੇਜੇ ਅਪਣੇ ਵਿਚਾਰਾਂ ਬਾਰੇ ਕਿਹਾ ਕੀ ਅੱਜ ਟ੍ਰੀਬਿਊਨ ਦੀ ਖਬਰ ਪੜ੍ਹਨ ਨੂੰ ਮਿਲੀ ਹੈ, ਕਿ 'ਰਾਮ ਜਨਮ ਭੂਮੀ ਟਰਸਟ' ਵੱਲੋਂ ਖਾਲਸਾ ਪੰਥ ਦੇ ਪੰਜਾਂ ਤੱਖਤਾਂ ਦੇ 'ਜੱਥੇਦਾਰਾਂ' ਨੂੰ ਮੰਦਰ ਦੇ 'ਭੂਮੀ ਪੂਜਨ' ਸਮਾਗਮ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਜਾ ਰਿਹਾ ਹੈ । ਇਹ ਸੱਦਾ, ਉਹੀ ਅਰਥ ਰੱਖਦਾ ਹੈ, ਜੋ ਸਾਡੇ ਬਾਰ ਬਾਰ ਇਹ ਕਹਿਣ ਦੇ ਬਾਵਜੂਦ ਕਿ ਸਿੱਖ ਇੱਕ ਵਿਲੱਖਣ ਧਰਮ, ਤੇ ਕੌਮ ਹਨ, ਆਰ ਐਸ ਐਸ ਮੁੱਖੀ ਹਰ ਕੁੱਝ ਦਿਨ ਬਾਦ ਬਿਆਨ ਦਾਗ਼ ਦਿੰਦਾ ਹੈ ਕਿ 'ਸਿੱਖ ਹਿੰਦੂ ਧਰਮ ਦਾ ਹੀ ਹਿੱਸਾ' ਹਨ । ਉਹਨਾਂ ਨੂੰ ਸਾਡੀ ਸੋਚ, ਜਾਂ ਭਾਵਨਾਂ ਦੀ ਪ੍ਰਵਾਹ ਨਹੀਂ ਹੈ, ਤੇ ਉਹ ਇੱਕ ਜ਼ਿੱਦ ਵਾਂਗ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਉਤੇ ਤੁਲੇ ਰਹਿੰਦੇ ਹਨ । ਉਨ੍ਹਾਂ ਜੱਥੇਦਾਰ ਸਾਹਿਬਾਨਾਂ ਨੂੰ ਮੁਖਾਤਬ ਹੁੰਦਿਆਂ ਕਿਹਾ ਕੀ ਤੁਹਾਡੇ ਮੰਦਰ ਦੇ 'ਭੂਮੀ ਪੂਜਨ' ਵਿੱਚ ਸ਼ਾਮਿਲ ਹੋਣ ਦਾ ਅਰਥ ਸਿੱਖ ਧਰਮ ਦੀ ਵਿਲੱਖਣਤਾ ਨੂੰ ਹਿੰਦੁਤੱਵ ਸਾਹਮਣੇ ਸੁਰੈਂਡਰ ਕਰਨਾ ਬਣੇਗਾ । ਜਥੇਦਾਰ ਸਾਹਿਬਾਨ, ਜੇ ਤੁਹਾਡੇ ਵਿੱਚੋਂ ਕਿਸੇ ਨੇ ਵੀ ਇਹਨਾਂ ਸਮਾਗਮਾਂ ਵਿੱਚ ਸ਼ਾਮਿਲ ਹੋਣ ਦੀ ਗਲਤੀ ਕੀਤੀ, ਤਾਂ ਅੱਜ ਭਾਵੇਂ ਤੁਸੀਂ ਵਕਤ ਦੇ ਹਾਕਮਾਂ ਦੀ ਖੁਸ਼ੀ ਹਾਸਿਲ ਕਰ ਲਵੋਂ, ਪਰ ਆਣ ਵਾਲੇ ਸਮੇਂ ਵਿੱਚ ਲਿਖਿਆ ਜਾਣ ਵਾਲਾ ਸਿੱਖ ਇੱਤਹਾਸ ਤੁਹਾਨੂੰ ਇਸ ਗ਼ਲਤੀ ਲਈ ਕਦੇ ਮੁਆਫ ਨਹੀਂ ਕਰੇਗਾ ।

  -ਤਰਲੋਚਨ ਸਿੰਘ ਦੁਪਾਲਪੁਰ
  ---
  ਜਿਸ ਵੇਲੇ ਸ੍ਰੀ ਦਰਬਾਰ ਸਾਹਿਬ ਤੋਂ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਹੁੰਦਾ ਹੈ ਉਸ ਵੇਲੇ ਅਸੀਂ ਕੈਲੀਫੋਰਨੀਆਂ ਵਿਚ ਬੈਠੇ ਸ਼ਾਮ ਦੀ ਚਾਹ ਪੀ ਰਹੇ ਹੁੰਦੇ ਹਾਂ।ਕਰੋਨਾ ਵਾਇਰਸ ਕਾਰਨ ਅਸੀਂ ਸਾਰਾ ਪ੍ਰਵਾਰ ਘਰੇ ਬੈਠੇ ਕੀਰਤਨ ਸਰਵਣ ਕਰਦੇ ਹਾਂ। ਇਸ ਕਰਕੇ ਟੀ.ਵੀ. ਰਾਹੀਂ ਪ੍ਰਸਾਰਤ ਹੋ ਰਿਹਾ ਅੰਮ੍ਰਿਤ ਵੇਲੇ ਦਾ ਕੀਰਤਨ ਵਧੇਰੇ ਇਕਾਗਰਤਾ ਨਾਲ ਸੁਣਦੇ ਹਾਂ। ਕਈ ਦਿਨਾਂ ਤੋਂ ਦੇਖ ਰਿਹਾ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੀ ਰੋਜ ਹੀ ਰਾਗੀ ਸਿੰਘਾਂ
  ਦੇ ਬਿਲਕੁਲ ਪਿੱਛੇ ਆਣ ਵਿਰਾਜਦੇ ਹਨ। ਉਨ੍ਹਾਂ ਦੇ ਆਸੇ ਪਾਸੇ ਸ਼ਰਧਾਲੂ ਤਾਂ ਹੋਰ ਵੀ ਬੈਠੇ ਹੁੰਦੇ ਹਨ। ਪਰ ਗਿਆਨੀ ਜੀ ਹੁਣੀ ਕੀਰਤਨ ਸੁਣਦੇ ਹੋਏ ਏਨੀ ਵਿਸਮਾਦਤ ਮੁਦਰਾ ਵਿਚ ਆਲੇ ਦੁਆਲੇ ਅਤੇ ਉੱਪਰ ਹੇਠ ਨੂੰ ਇੰਝ ਸਿਰ ਹਿਲਾਉਂਦੇ ਹਨ, ਜਿਵੇਂ ਉਹ ਉਚਾਰੇ ਜਾ ਰਹੇ ਸ਼ਬਦਾਂ ਦੇ ਅਰਥਾਂ ਵਿੱਚ ਪੂਰੇ ਗੜੂੰਦ ਹੋ ਰਹੇ ਹੋਣ ! ਅਜਿਹਾ ਕਰਦਿਆਂ ਕਦੇ ਉਹ ਆਪਣੇ ਨੇਤਰ ਮੁੰਦ ਲੈਂਦੇ ਨੇ….. ਕਦੇ ਉਘਾੜ ਲੈਂਦੇ ਹਨ। ਕਹਿਣ ਦਾ ਮਤਲਬ ਕਿ ਉਹ ‘ਵਿਦਵਾਨ ਤੇ ਵਿਲੱਖਣ ਸ੍ਰੋਤਾ’ ਹੋਣ ਦਾ ਪ੍ਰਭਾਵ ਦੇ ਰਹੇ ਹੁੰਦੇ ਨੇ।
  ਇਕ ਸ਼ਰਧਾਲੂ ਸਿੱਖ ਵਜੋਂ ਉਨ੍ਹਾਂ ਵਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਇੰਝ ਕੀਰਤਨ ਸਰਵਣ ਕਰਨ ਨੂੰ ਸੁਭਾਗਾ ਤੇ ਵਡਭਾਗਾ ਕਿਹਾ ਜਾਣਾ ਚਾਹੀਦਾ ਹੈ ਕਿਉਂਕਿ ਹਰੇਕ ਗੁਰੂ ਨਾਨਕ ਨਾਮੁ ਲੇਵਾ ਅਰਦਾਸ ਵਿੱਚ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਦੀ ਜਾਚਨਾ ਕਰਦਾ ਹੈ।
  ਇੰਝ ਬੀਤੀ 26 ਜਲਾਈ ਦੇ ਸਵੇਰੇ ਅੰਮ੍ਰਿਤ ਵੇਲੇ ਕੀਰਤਨੀ ਜਥੇ ਦੇ ਪਿੱਛੇ ਸਿਰ ਹਿਲਾਉਂਦੇ ਗਿਆਨੀ ਗੁਰਬਚਨ ਸਿੰਘ ਹੁਣਾਂ ਵੱਲ ਦੇਖ ਕੇ ਮੇਰੇ ਜਿਹਨ ਵਿਚ ਦੋ ਗੱਲਾਂ ਆ ਗਈਆਂ- ਪਹਿਲੀ ਤਾਂ ਗਿਆਨੀ ਜੀ ਹੁਣਾ ਦੇ ਜਥੇਦਾਰੀ-ਕਾਲ ਵੇਲੇ ਵਾਪਰੇ ਬੇਅਦਬੀ ਕਾਂਡ ਉਪਰੰਤ ਸਿਰਸੇ ਵਾਲੇ ਰਾਮ ਰਹੀਮ ਨੂੰ ਦਿੱਤੀ ਮੁਆਫੀ ਅਤੇ ਉਸ ਮੁਆਫੀ ਨੂੰ ਮੰਨ ਲੈਣ ਲਈ ਜਾਰੀ ਕੀਤੇ ਹੁਕਮਨਾਮੇ ਵਾਲਾ ਸਾਰਾ ਕਾਂਡ, ਦੂਸਰੀ ਇੱਕ ਪਟਵਾਰੀ ਨੂੰ ਮੰਦਰ ਦੇ ਪੁਜਾਰੀ ਵੱਲੋਂ ਦਿੱਤੀ ਨਸੀਹਤ।
  ਪਹਿਲਾਂ ਪੁਜਾਰੀ ਦੀ ਨਸੀਹਤ ਦਾ ਇਕ ਕਿੱਸਾ ਸੁਣ ਲਉ- ਟਾਂਡੇ ਲਾਗਲੇ ਪਿੰਡ ਜਾਜੇ ਦੇ ਮੇਰੇ ਦੋਸਤ ਨੇ ਸਰਦਾਰ ਰਜਿੰਦਰ ਸਿੰਘ ਰਾਣਾ ਜੋ ਅੱਜ ਕੱਲ੍ਹ ਅਮਰੀਕਾ ਵਸਦੇ ਹਨ।ਉਹ ਮੈਨੂੰ ਅਕਸਰ ਆਪਣੇ ਸੇਵਾ ਮੁਕਤ ਹੋ ਚੁੱਕੇ ਪਟਵਾਰੀ ਬਾਪ ਦੀ ਧਾਰਮਿਕ ਬਿਰਤੀ ਅਤੇ ਅਸੂਲ-ਪ੍ਰਸਤੀ ਦੀਆਂ ਕਈ ਦਿਲਚਸਪ ਗੱਲਾਂ ਸੁਣਾਉਂਦੇ ਹੁੰਦੇ ਨੇ। ਕਹਿੰਦੇ ਇਕ ਵਾਰ ਉਨ੍ਹਾਂ ਦੇ ਬਾਪ ਦੀ ਬਦਲੀ ਇਕ ਐਸੇ ਪਿੰਡ ਵਿਚ ਹੋ ਗਈ ਜਿੱਥੇ ਦਾ ਪਟਵਾਰ ਖਾਨਾ, ਪਿੰਡ ਦੇ ਬਾਹਰਵਾਰ ਸਥਿਤ ਇਕ ਮੰਦਰ ਦੇ ਕੰਪਲੈਕਸ ਵਿਚ ਬਣਿਆਂ ਹੋਇਆ ਸੀ।
  ਸ਼ੁੱਧ ਸ਼ਾਕਾਹਾਰੀ ਅਤੇ ਸਨਾਤਨੀ ਵਿਚਾਰਧਾਰਾ ਨੂੰ ਪ੍ਰਣਾਏ ਹੋਏ ਪਟਵਾਰੀ ਜੀ ਅਜਿਹੀ ਧਾਰਮਿਕ ਜਗਾਹ ਆਪਣਾ ਦਫਤਰ ਦੇਖ ਕੇ ਗਦ ਗਦ ਹੋ ਗਏ ! ਆਮ ਪਟਵਾਰੀਆਂ ਦੀਆਂ ਰਿਸ਼ਵਤਖੋਰੀ ਵਰਗੀਆਂ ਅਲਾਮਤਾਂ ਤੋਂ ਕੋਹਾਂ ਦੂਰ ਰਹਿਣ ਵਾਲੇ ਇਸ ਪਟਵਾਰੀ ਨੂੰ ਮੌਜ ਲੱਗ ਗਈ। ਸਵੇਰੇ ਸ਼ਾਮ ਉਹ ਮੰਦਰ ਵਿੱਚ ਜਾ ਕੇ ਬੜੀ ਸ਼ਰਧਾ ਨਾਲ ਉਹ ਮੰਤਰਾਂ ਦਾ ਜਾਪ ਅਤੇ ਹੋਰ ਪੂਜਾ ਅਰਚਨਾਂ ਕਰਕੇ ਖੁਸ਼ੀ ਖੁਸ਼ੀ ਦਫਤਰ ਵਿੱਚ ਕੰਮ ਕਾਜ ਕਰਦੇ।
  ਉਨ੍ਹਾਂ ਦੇ ਪਟਵਾਰ ਹਲਕੇ ਵਿਚਲੇ ਤਿੰਨ ਚਾਰ ਪਿੰਡਾਂ ਦੇ ਕਿਸਾਨ ਭਰਾ ਅਤੇ ਹੋਰ ਲੋੜਵੰਦ ਲੋਕ ਸਾਰਾ ਦਿਨ ਦੇ ਕੰਮ ਧੰਦੇ ਨਿਪਟਾ ਕੇ ਆਪੋ ਆਪਣੇ ਕੰਮਾਂ ਲਈ ਪਟਵਾਰੀ ਜੀ ਕੋਲ ਆ ਜਾਂਦੇ। ਇਸ ਸਿਲਸਿਲੇ ਦੇ ਚਲਦਿਆਂ ਇਕ ਸ਼ਾਮ ਵੇਲੇ ਪਟਵਾਰੀ ਹੁਣੀ ਮੰਦਰ ਦੇ ਪੁਜਾਰੀਆਂ ਨਾਲ ਮਿਲਕੇ ਭਗਵਾਨ ਜੀ ਦੀ ਸੰਧਿਆ ਆਰਤੀ ਵਿੱਚ ਮਸ਼ਰੂਫ ਸਨ। ਸੰਖ ਪੂਰੇ ਜਾ ਰਹੇ ਸਨ…. ਟੱਲੀਆਂ ਵੱਜ ਰਹੀਆਂ ਸਨ…. ਫੁੱਲ-ਪੱਤੀਆਂ ਦੀ ਵਰਖਾ ਹੋ ਰਹੀ ਸੀ ਅਤੇ ਪਟਵਾਰੀ ਜੀ 'ਆਸਾ ਦੀ ਵਾਰ' ਸੁਣ ਰਹੇ ਸਾਡੇ ਗਿਆਨੀ ਗੁਰਬਚਨ ਸਿੰਘ ਵਾਂਗ ਮੰਤਰ ਮੁਗਧ ਹੋਏ ਆਰਤੀ ਦੀ ਧੁਨ ਦੇ ਨਾਲ ਨਾਲ ਸਿਰ ਹਿਲਾ ਰਹੇ ਸਨ।
  ਇੰਨੇ ਨੂੰ ਅਚਾਨਕ ਕੀ ਹੋਇਆ….. ਕਿਸੇ ਨੇ ਪਿੱਛਿਓਂ ਆ ਕੇ ਪਟਵਾਰੀ ਜੀ ਦੇ ਮੋਢੇ ‘ਤੇ ਹੱਥ ਰੱਖਿਆ। ਇਕ ਦਮ ਪਿੱਛੇ ਨੂੰ ਭਉਂ ਕੇ ਪਟਵਾਰੀ ਹੁਣੀ ਅੱਖਾਂ ਖੋਲ੍ਹੀਆਂ….. ! ਇਸ ਅਸਥਾਨ ਦਾ ਵੱਡਾ ਮੁਖੀਆ ਪੁਜਾਰੀ ਸ਼੍ਰੀ ਮਹੰਤ ਮਹਾਰਾਜ ਇਨ੍ਹਾਂ ਨੂੰ ਉੱਠਣ ਦਾ ਇਸ਼ਾਰਾ ਕਰ ਰਿਹਾ ਸੀ। ਹੈਰਾਨ ਹੋਏ ਪਟਵਾਰੀ ਹੁਣੀ ਸੰਗਤ ਵਿਚੋਂ ਉੱਠੇ ਅਤੇ ਮਹੰਤ ਜੀ ਦੇ ਮਗਰ ਮਗਰ ਬਾਹਰ ਆ ਗਏ।ਪਟਵਾਰ ਖਾਨੇ ਦੇ ਮੋਹਰੇ ਡੱਠੇ ਬੈੰਚਾਂ ਉੱਪਰ ਬੈਠੇ ਵਿਅਕਤੀਆਂ ਵੱਲ੍ਹ ਹੱਥ ਕਰਕੇ ਮਹੰਤ ਜੀ ਪਟਵਾਰੀ ਨੂੰ ਕਹਿੰਦੇ- “ਆਹ ਵਿਚਾਰੇ ਅੰਨਦਾਤੇ ਸਾਰਾ ਦਿਨ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੋ ਕੇ ਮਿਹਨਤ ਕਰਨ ਵਾਲੇ ਥੱਕੇ ਹਾਰੇ ਤੇਰੇ ਕੋਲ ਆਪਣੇ ਕੰਮਾਂ ਲਈ ਆਏ ਬੈਠੇ ਹਨ ਪਰ ਤੂੰ ਅੰਦਰ ਆਰਤੀ ਵਿੱਚ ਮਘਨ ਹੋਇਆ ਬੈਠਾ ਐਂ ? ਤੈਨੂੰ ਤਨਖਾਹ ਆਰਤੀ ਸੁਣਨ ਦੀ ਮਿਲਦੀ ਹੈ ਕਿ ਇਨ੍ਹਾਂ ਵਿਚਾਰਿਆਂ ਦੇ ਕੰਮ ਕਰਨ ਦੀ ?”
  ਤਲਖ ਕਲਾਮੀ ਛੱਡ ਕੇ ਫਿਰ ਮਹੰਤ ਜੀ ਨਿਮਰਤਾ ਵਿਚ ਆ ਗਏ- “ਸ੍ਰੀ ਮਾਨ ਜੀ ਜਿਨ੍ਹਾਂ ਦੀ ਸੇਵਾ ਲਈ ਤੈਨੂੰ ਇਹ ਨੌਕਰੀ ਮਿਲੀ ਹੋਈ ਹੈ, ਉਨਾਂ ਦੇ ਕੰਮ ਕਰਨਾ ਹੀ ਤੇਰੀ ‘ਸੱਚੀ ਆਰਤੀ’ ਹੈ। ਭਗਵਾਨ ਜੀ ਤੇਰੀ ਇਸੇ ਆਰਤੀ ‘ਤੇ ਪ੍ਰਸੰਨ ਹੋਣਗੇ !”
  ਹਾਰਮੋਨੀਅਮ ਦੀਆਂ ਧੁਨਾਂ ‘ਤੇ ਝੂਮਦੇ ਦਿਸਦੇ ਗਿਆਨੀ ਗੁਰਬਚਨ ਸਿੰਘ ਵੱਲ੍ਹ ਦੇਖ ਕੇ ਮੈਨੂੰ ਰਹਿ ਰਹਿ ਕੇ ਇਹ ਖਿਆਲ ਆ ਰਿਹਾ ਸੀ ਕਿ ਅਜੋਕੇ ਸਿੱਖ ਸਮਾਜ ਵਿਚ ਉਕਤ ਮਹੰਤ ਜੀ ਵਰਗਾ ਸੂਝਵਾਨ ਤੇ ਜੁਰਅਤ ਵਾਲਾ ਕੋਈ ਸੰਤ, ਬਾਬਾ, ਬ੍ਰਹਮਗਿਆਨੀ, ਆਗੂ, ਰਾਗੀ ਢਾਡੀ ਜਾਂ ਜਥੇਦਾਰ ਹੈ ਈ ਨਹੀਂ ਜੋ ਤਿੰਨ ਫੁੱਟੀ ਕਿਰਪਾਨ ਲਈ ਫਿਰਦੇ ਇਸ ਜਥੇਦਾਰ ਦੇ ਮੋਢੇ ‘ਤੇ ਹੱਥ ਰੱਖ ਸਕੇ ? ... ਤੇ ਹਲੂਣਾ ਦੇ ਕੇ ਪੁੱਛੇ ਕਿ ਭਾਈ ਜਥੇਦਾਰਾ, ਜਦ ਤੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ‘ਸਿੰਘ ਸਾਹਿਬ’ ਵਜੋਂ ਸਜਿਆ ਹੋਇਆ ਸੀ ਉਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਰੋਸ ਪ੍ਰਗਟਾੳਂਦੀ ਸੰਗਤ ਉੱਤੇ ਬਾਦਲ ਸਰਕਾਰ ਦੇ ਹੁਕਮਾਂ ‘ਤੇ ਚਲਾਈ ਗੋਲੀ ਨਾਲ ਸਿੱਖ ਗਭਰੂ ਮਾਰੇ ਗਏ ….. ਬੇਅਦਬੀ ਦੀਆਂ ਤਾਰਾਂ ਜਿਸ ਰਾਮ ਰਹੀਮ ਦੇ ਡੇਰੇ
  ਨਾਲ ਜੁੜੀਆਂ….. ਪਹਿਲਾਂ ਤੂੰ ਦਿੱਤੀ ਉਸ ਰਾਮ ਰਹੀਮ ਨੂੰ ਮੁਆਫੀ….. ਫਿਰ ਮੁਆਫੀ ਨੂੰ ਸਿੱਖਾਂ ਵਲੋਂ ਮੰਨ ਲੈਣ ਲਈ ਜਾਰ੍ਹੀ
  ਕੀਤਾ ਹੁਕਮਨਾਮਾ…….. ਹੁਕਮਨਾਮਾ ਪ੍ਰਚਾਰਨ ਲਈ ਨੱਬੇ ਲੱਖ ਰੁਪਏ ਵਿੱਚ ਗੋਲ੍ਹਕ ਲੁਟਾਈ….. ਫਿਰ ਹੁਕਮਨਾਮਾ ਵਾਪਸ
  ਲੈਣ ਦੀ ਹਾਸੋ ਹੀਣੀ ਕਰਵਾਈ…..।
  ਇਹ ਸਾਰਾ ਘੋਰ ਅਨਰਥ ਤੇਰੇ ਹੱਥੀਂ ਅਤੇ ਤੇਰੀ ਦੇਖ ਰੇਖ ਹੇਠ ਹੋਇਆ…… ਉਸ ਵੇਲੇ ਦੇ ਤੇਰੇ ਭਾਈਵਾਲ ਗਿਆਨੀ ਗੁਰਮੁਖ ਸਿੰਘ ਅਤੇ ਭਾਈ ਇਕਬਾਲ ਸਿੰਘ ਪਟਨੇ ਸਾਹਬ ਵਾਲਾ, ਕਈ ਵਾਰ ਅੰਦਰਲੇ ਸੱਚੇ ਤੱਥ ਸ਼ਰੇਆਮ ਦੱਸ ਚੁੱਕੇ ਹਨ। ਪਰ ਤੂੰ ਹਾਲੇ ਤੱਕ ਇਹ ਪਾਪਾਂ ਦਾ ਟੋਕਰਾ ਸਿਰ ਉੱਤੇ ਚੁੱਕੀ ਫਿਰਦਾ ਐਂ !
  ਭਾਈ ਸਿੰਘਾ ! ਜੇ ਤੂੰ ਅਕਾਲ ਪੁਰਖ ਦੀ ਦਰਗਾਹ ਵਿਚ ਸੁਰਖਰੂ ਹੋ ਕੇ ਜਾਣਾ ਚਾਹੁੰਦਾ ਹੈਂ ਤਾਂ ਕਿਸੇ ਦਿਨ ਬੜੇ ਸਤਿਕਾਰ ਨਾਲ ਪ੍ਰੈੱਸ ਕਾਨਫਰੰਸ ਸੱਦ ਕੇ ਆਪਣੇ ਨਾਲ ਹੋਈ ਖੱਜਲ ਖੁਆਰੀ ਦਾ ਸਾਰਾ ਚਿੱਠਾ ਖੋਲ੍ਹ ਕੇ ਸੁਣਾ ਦੇ। ਗੁਰੂ ਪੰਥ ਬਖਸ਼ਿੰਦ
  ਹੈ…. ਭੁੱਲਾਂ ਗੁਸਤਾਖੀਆਂ ਬਖਸ਼ ਦੇਵੇ ਗਾ !
  ਰੱਖੇ ਗਾ ਕੋਈ ਗਿਆਨੀ ਗੁਰਬਚਨ ਸਿੰਘ ਦੇ ਮੋਢੇ ਉੱਤੇ ਹੱਥ ?
  This email address is being protected from spambots. You need JavaScript enabled to view it. , 001-408-915-1268

  ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਨਿਸ਼ਾਨ ਸਾਹਿਬ ਸਿੱਖੀ ਦੀ ਚੜਦੀ ਕਲਾ ਦਾ ਪ੍ਰਤੀਕ ਹੈ, ਸਿੱਖ ਪੰਥ ਦਾ ਆਪਣਾ ਵੱਖਰਾ ਨਿਸ਼ਾਨ ਹੈ, ਆਪਣਾ ਵੱਖਰਾ ਰੰਗ ਹੈ ਬੀਤੇ ਸਮੇ ਦੌਰਾਨ ਆਈਆਂ ਕੌਮੀ ਕਮਜ਼ੋਰੀਆਂ ਕਾਰਣ ਨਿਸ਼ਾਨ ਸਾਹਿਬ ਦਾ ਵੀ ਭਗਵਾਕਰਣ ਹੋ ਗਿਆ ਸੀ । ਗੁਰੂ ਘਰ ਦੇ ਸਾਬਕਾ ਗ੍ਰੰਥੀ ਭਾਈ ਰਘੁਵਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੀਆਂ ਦੱਸਿਆ ਕੀ ਬੀਤੇ ਐਤਵਾਰ ਨੂੰ ਅਮਰੀਕਾ ਦੇ ਨਿਊ ਜਰਸੀ ਸੂਬੇ ਵਿਚ ਸ੍ਰੀ ਗੁਰੂ ਸਿੰਘ ਸਭਾ ਗਲੇਨ ਰੋਕ ਗੁਰਦਵਾਰਾ ਸਾਹਿਬ ਦੇ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਕੀਤੀ ਗਈ, ਇਸ ਵਾਰੀ ਗੁਰਦਵਾਰਾ ਸਾਹਿਬ ਦੇ ਪ੍ਰਬੰਧਕ ਸੱਜਣਾ ਅਤੇ ਸੰਗਤ ਵਿਚਕਾਰ ਹੋਏ ਵਿਚਾਰਾਂ ਨੂੰ ਮੁਖ ਰੱਖਦਿਆਂ ਇਹ ਫੈਸਲਾ ਕੀਤਾ ਗਿਆ ਕਿ ਗੁਰਦਵਾਰਾ ਸਾਹਿਬ ਵਿਚ ਨਿਸ਼ਾਨ ਸਾਹਿਬ ਦੇ ਰੰਗ ਗੁਰਮਤਿ ਮਰਯਾਦਾ ਅਨੁਸਾਰ ਸੁਰਮਈ ਹੀ ਹੋਣੇ ਚਾਹੀਦੇ ਹਨ । ਸੰਗਤ ਵਲੋਂ ਇਸ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ ਤੇ ਇਸਦਾ ਅਸਰ ਦੂਜੇ ਗੁਰੂਘਰਾਂ ਤੇ ਪੈਣਾ ਸ਼ੁਰੂ ਹੋ ਗਿਆ ਹੈ । ਗੁਰਦਵਾਰਾ ਸਾਹਿਬ ਪਲੈਨਫੀਲਡ ਇੰਡੀਆਨਾ ਵਿਚ ਵੀ ਸੰਗਤ ਨੇ ਨਿਸ਼ਾਨ ਸਾਹਿਬ ਦੀ ਸੇਵਾ ਸੁਰਮਈ ਰੰਗ ਦੇ ਚੋਲੇ ਨਾਲ ਹੀ ਕੀਤੀ ਜਿਸ ਦਾ ਸਥਾਨਕ ਸੰਗਤ ਵਲੋਂ ਭਰਪੂਰ ਸੁਆਗਤ ਕੀਤਾ ਗਿਆ ਸੀ । ਸੰਗਤ ਵਿਚ ਆ ਰਹੀ ਜਾਗਰੂਕਤਾ ਨਾਲ ਹੋਲੀ ਹੋਲੀ ਬਦਲਾਵ ਆਉਣਾ ਸ਼ੁਰੂ ਹੋ ਗਿਆ ਹੈ । ਇਸ ਮੌਕੇ ਭਾਈ ਹਰਭਜਨ ਸਿੰਘ, ਭਾਈ ਪ੍ਰਿਤਪਾਲ ਸਿੰਘ, ਭਾਈ ਯਾਦਵਿੰਦਰ ਸਿੰਘ, ਭਾਈ ਗੁਰਮੀਤ ਸਿੰਘ ਸਣੇ ਵਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ ।
  ਜਿਕਰਯੋਗ ਹੈ ਕਿ ਛੇਵੇਂ ਪਾਤਸ਼ਾਹ ਤੋਂ ਚਲ ਰਹੀ ਪਰੰਪਰਾ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਜੋ ਕਿ ਨਿਰੋਲ ਭਗਤੀ ਦਾ ਪ੍ਰਤੀਕ ਸੀ ਉਸ ਉਪਰ 1829 (1772 ਈ:) ਸੰਮਤ ਨੂੰ ਭੰਗੀ ਮਿਸਲ ਦੇ ਸਰਦਾਰ ਝੰਡਾ ਸਿੰਘ ਨੇ ਬਸੰਤੀ ਨਿਸ਼ਾਨ ਸਾਹਿਬ ਸਥਾਪਤ ਕੀਤਾ ਜੋ ਕਿ ਅੱਜ ਵੀ ਸਾਡੇ ਗੌਰਵਮਈ ਵਿਰਸੇ ਦਾ ਪ੍ਰਤੀਕ ਹੈ। ਗੁਰਮਤਿ ਮਾਰਤੰਡ ਅਨੁਸਾਰ ਸੰਮਤ 1833 (1775 ਈ:) ਨੂੰ ਸਿੱਖਾਂ ਨੇ ਸ੍ਰੀ ਅਕਾਲ ਤਖ਼ਤ ਦੇ ਸਨਮੁਖ ਦੋ ਨਿਸ਼ਾਨ ਸਾਹਿਬ ਝੁਲਾਏ ਜੋ ਅੱਜ ਵੀ ਹਰ ਸਿੱਖ ਨੂੰ ਧਰਮ ਤੇ ਰਾਜਨੀਤੀ ਦੇ ਸਾਰਥਕ ਸੁਮੇਲ ਤੇ ਗੁਰੁ ਸਾਹਿਬਾਨ ਦੇ ਮੀਰੀ ਪੀਰੀ ਦੇ ਸਿਧਾਂਤ ਨੂੰ ਯਾਦ ਕਰਵਾਇਆ ਕਰਦੇ ਹਨ।
  ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਅਰੰਭਲੇ ਸਮੇਂ ਨਿਸ਼ਾਨ ਸਾਹਿਬ ਦਾ ਰੰਗ ਬਸੰਤੀ ਅਤੇ ਸੁਰਮਈ ਸੀ ਅਤੇ ਫਰਹਰੇ ਉਪਰ ਸ੍ਰੀ ਅਕਾਲ ਸਹਾਇ ਉਕਰਿਆ ਹੁੰਦਾ ਸੀ । ਜਦੋਂ ਡੋਗਰੇ ਸਿੱਖ ਰਾਜ ਵਿੱਚ ਤਾਕਤ ਫੜ ਗਏ ਤਾਂ ਰਣਜੀਤ ਸਿੰਘ ਦੇ ਸਮੇਂ ਨਿਸ਼ਾਨ ਸਾਹਿਬ ਦਾ ਰੰਗ ਬਸੰਤੀ ਤੋਂ ਕੇਸਰੀ ਹੋਇਆ ਜੋ ਕਿ ਡੋਗਰਿਆ ਦੀ ਬ੍ਰਾਹਮਣਵਾਦੀ ਸਜ਼ਿਸ਼ੀ ਨੀਤੀ ਦਾ ਹਿੱਸਾ ਸੀ ਅਤੇ ਉਹਨਾਂ ਨੇ ਅੰਗਰੇਜੀ ਸਾਜਿਸ਼ ਅਧੀਨ ਹੀ ਸਭ ਤੋਂ ਪਹਿਲਾਂ ਖਾਲਸਈ ਨਿਸ਼ਾਨ ਸਾਹਿਬ ਦਾ ਰੰਗ ਬ੍ਰਾਹਮਣਵਾਦੀ ਕੇਸਰੀ ਕਰਵਾ ਦਿੱਤਾ ਸੀ ਤੇ ਮਹਾਰਾਜਾ ਜੋ ਕਿ ਪੂਰੀ ਤਰਾਂ ਉਹਨਾਂ ਦੀ ਚਾਲ ਵਿੱਚ ਫਸ ਚੁਕਾ ਸੀ ਇਸ ਬਿਪਰ ਨੀਤੀ ਨੂੰ ਸਮਝ ਨਾ ਸਕਿਆ।
  ਅੱਜ ਵੀ ਕਈ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਵੱਲੋਂ ਸੁਰਮਈ ਨਿਸ਼ਾਨ ਸਾਹਿਬ ਸਥਾਪਤ ਕੀਤੇ ਜਾਂਦੇ ਹਨ। ਨਿਹੰਗ ਸਿੰਘਾਂ ਨੇ ਪੁਰਾਤਨ ਪਰੰਪਰਾ ਜਰੂਰ ਸੰਭਾਲ ਕੇ ਰੱਖੀ ਹੋਈ ਹੈ ਤੇ ਇਹ ਵਰਤਮਾਨ ਉਪਰਾਲਾ ਮੁੜ ਸਿੱਖ ਪੰਰਪਰਾਵਾਂ ਨੂੰ ਸਾਂਭਣ ਦੀ ਦਿਸ਼ਾ ਵਲ ਇਕ ਮੀਲ ਦਾ ਪੱਥਰ ਸਾਬਿਤ ਹੋ ਸਕਦਾ ਹੈ ।
  ਅਜਿਹੇ ਪ੍ਰਬੰਧਕ ਅਤੇ ਸੰਗਤ ਵਧਾਈ ਦੇ ਪਾਤਰ ਹਨ ਜੋ ਗੁਰਦਵਾਰਾ ਸਾਹਿਬ ਵਿਚ ਸਿਧਾਂਤਕ ਤੋਰ ਤੇ ਪ੍ਰਚਾਰ ਵਿਚ ਆਪਣਾ ਯੋਗਦਾਨ ਪਾ ਰਹੇ ਹਨ, ਕਿਉਂਕਿ ਖਾਲਸਾ ਇਕ ਵੱਖਰੀ ਕੌਮ ਹੈ ਅਤੇ ਖਾਲਸੇ ਦੀ ਵੱਖਰੀ ਪਛਾਣ ਅਤੇ ਵੱਖਰੇ ਨਿਸ਼ਾਨ ਹਨ ।

  ਕਿਹਾ-ਪ੍ਰਵਾਸੀ ਜੱਗੀ ਜੌਹਲ ਬਿਨਾ ਸਬੂਤਾਂ ਤੋਂ ਪਿਛਲੇ 1000 ਦਿਨਾਂ ਤੋਂ ਜੇਲ੍ਹ ਅੰਦਰ ਰੁਲ ਰਿਹਾ
  ਨਵੀਂ ਦਿੱਲੀ , (ਮਨਪ੍ਰੀਤ ਸਿੰਘ ਖਾਲਸਾ):- ਗੈਰ-ਕਾਨੂੰਨੀ ਗਤੀਵਿਧੀ ਰੋਕੂ ਅਧਿਨਿਯਮ (ਯੂਏਪੀਏ) ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਚੱਲ ਰਹੀ ਤਕਰਾਰ ਵਿੱਚ ਹੁਣ 'ਜਾਗੋ' ਪਾਰਟੀ ਵੀ ਕੁੱਦ ਗਈ ਹੈ। ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਮੀਡੀਆ ਨੂੰ ਜਾਰੀ ਬਿਆਨ ਵਿੱਚ ਦੋਨਾਂ ਆਗੂਆਂ ਨੂੰ ਪੰਜਾਬ ਨੂੰ ਪੁਲਿਸ ਸਟੇਟ ਬਣਾਉਣ ਦੇ ਵੱਲ ਲੈ ਜਾਣ ਦਾ ਦੋਸ਼ੀ ਦੱਸਿਆ ਹੈ। ਜੀਕੇ ਨੇ ਕਿਹਾ ਕਿ ਯੂਏਪੀਏ ਦੀ ਦੁਰਵਰਤੋਂ ਦਾ ਕੈਪਟਨ ਉੱਤੇ ਦੋਸ਼ ਲਾਕੇ ਸੁਖਬੀਰ ਆਪਣੀ ਜ਼ਿੰਮੇਵਾਰੀ ਤੋਂ ਬੱਚ ਨਹੀਂ ਸਕਦੇ। ਜੋ ਕੰਮ ਅੱਜ ਕੈਪਟਨ ਸਰਕਾਰ ਕਰ ਰਹੀ ਹੈ, ਉਹ ਦੀ ਨੀਂਹ ਸੁਖਬੀਰ ਨੇ ਸੂਬੇ ਦਾ ਗ੍ਰਹਿ ਮੰਤਰੀ ਰਹਿੰਦੇ ਆਪ ਪਾਈ ਸੀ। ਅਕਾਲੀ ਸਰਕਾਰ ਦੇ ਸਮੇਂ ਯੂਏਪੀਏ ਦੇ ਤਹਿਤ 60 ਕੇਸ ਦਰਜ ਹੋਏ ਸਨ ਅਤੇ 225 ਲੋਕ ਗਿਰਫਤਾਰ ਹੋਏ ਸਨ, ਜਿਸ ਵਿਚੋਂ 120 ਲੋਕ ਬਾਅਦ ਵਿੱਚ ਬਰੀ ਹੋ ਗਏ ਸਨ। ਜਿਸ ਦੇ ਨਾਲ ਸਾਫ਼ ਪਤਾ ਚੱਲਦਾ ਹੈ ਕਿ ਸੁਖਬੀਰ ਦੀ ਪੁਲਿਸ ਨੇ ਨਿਰਦੋਸ਼ਾਂ ਉੱਤੇ ਯੂਏਪੀਏ ਲਗਾ ਕੇ ਉਨ੍ਹਾਂ ਦੀ ਜ਼ਿੰਦਗੀ ਖ਼ਰਾਬ ਕੀਤੀ ਸੀ। ਹੁਣ ਇਹੀ ਕੰਮ ਕੈਪਟਨ ਦੀ ਸਰਕਾਰ ਕਰ ਰਹੀ ਹੈ।
  ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਜੀਕੇ ਨੇ ਕਿਹਾ ਕਿ ਉਨ੍ਹਾਂ ਉੱਤੇ ਆਪ ਇੱਕ ਸਮਾਂ ਰਾਸੁਕਾ ਲਗਾ ਸੀ, ਇਸ ਲਈ ਅਜਿਹੇ ਕਾਨੂੰਨ ਦੇ ਬਾਰੇ ਉਹ ਬਿਹਤਰ ਜਾਣਦੇ ਹਨ। ਜੀਕੇ ਨੇ ਸੁਖਬੀਰ ਤੋਂ ਪੁੱਛਿਆ ਕੀ ਰਾਜ ਜਾਉਣ ਦੇ ਬਾਅਦ ਅੱਜ ਯੂਏਪੀਏ ਗ਼ਲਤ ਕਿਵੇਂ ਹੋ ਗਿਆ, ਕਲ ਤੱਕ ਤਾਂ ਇਸ ਕਾਨੂੰਨ ਨਾਲ ਤੁਸੀਂ ਆਪਣੇ ਵਿਰੋਧੀਆਂ ਨੂੰ ਦਬਾਉਣ ਦੇ ਕਾਰਜ ਕਰਦੇ ਸੀ ? ਜੀਕੇ ਨੇ ਸਿੱਖ ਨੌਜਵਾਨਾਂ ਉੱਤੇ ਗ਼ਲਤ ਤਰੀਕੇ ਨਾਲ ਯੂਏਪੀਏ ਲਗਾਏ ਜਾਣ ਦੀ ਪੰਜਾਬ ਤੋਂ ਆ ਰਹੀ ਆਵਾਜ਼ਾਂ ਉੱਤੇ ਕੈਪਟਨ ਸਰਕਾਰ ਨੂੰ ਕੇਸਾਂ ਦੇ ਜਵਾਬ ਬਿੰਦੂ ਵਾਰ ਦੇਣ ਦੀ ਅਪੀਲ ਕੀਤੀ। ਜੀਕੇ ਨੇ ਦੱਸਿਆ ਕਿ ਦੇਸ਼ ਭਰ ਵਿੱਚ 2015 ਵਿੱਚ 1209 ਲੋਕਾਂ ਦੇ ਖਿਲਾਫ ਯੂਏਪੀਏ ਦੇ ਮਾਮਲੇ ਪੈਂਡਿੰਗ ਸਨ ਅਤੇ ਸੁਣਵਾਈ ਸਿਰਫ਼ 76 ਲੋਕਾਂ ਦੇ ਮਾਮਲਿਆਂ ਵਿੱਚ ਪੂਰੀ ਹੋਈ ਸੀ। ਇਸ 76 ਵਿੱਚੋਂ ਸਿਰਫ਼ 11 ਦੋਸ਼ੀ ਪਾਏ ਗਏ ਅਤੇ 65 ਬਰੀ ਕਰ ਦਿੱਤੇ ਗਏ ਸਨ। ਇਹਨਾਂ ਆਕੜੀਆਂ ਤੋਂ ਸਾਫ਼ ਪਤਾ ਚੱਲ ਦਾ ਹੈ ਕਿ ਕਿਤੇ ਨਾ ਕਿਤੇ ਪੁਲਿਸ ਇਸ ਕਾਨੂੰਨ ਦੇ ਇਸਤੇਮਾਲ ਦੇ ਸਮੇਂ ਸਬੂਤਾਂ ਅਤੇ ਤੱਥਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਜੀਕੇ ਨੇ ਇਸ ਸਬੰਧੀ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਪ੍ਰਵਾਸੀ ਭਾਰਤੀ ਜੱਗੀ ਜੌਹਲ ਦਾ ਵੀ ਹਵਾਲਾ ਦਿੱਤਾ, ਜਿਸ ਨੂੰ ਜੇਲ੍ਹ ਵਿੱਚ ਬੰਦ ਹੋਏ 1000 ਦਿਨ ਹੋ ਗਏ ਹਨ, ਪਰ ਪੁਲਿਸ ਹੁਣ ਤੱਕ ਉਸ ਦੇ ਖ਼ਿਲਾਫ਼ ਸਬੂਤ ਪੇਸ਼ ਨਹੀਂ ਕਰ ਪਾਈ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮਨਾ ਕਰਨ ਦੇ ਬਾਵਜੂਦ ਉਸ ਨੂੰ ਦਿੱਲੀ ਲਿਆਂਦਾ ਗਿਆ ਹੈਂ।

  ਚੰਡੀਗੜ੍ਹ - ਪੰਜਾਬ ਵਿੱਚ ਕਰੋਨਾਵਾਇਰਸ ਨਾਲ ਹੋਈਆਂ ਮੌਤਾਂ ਦਾ ਅੱਜ ਰਿਕਾਰਡ ਟੁੱਟ ਗਿਆ ਹੈ। ਸਿਹਤ ਵਿਭਾਗ ਦਾ ਦੱਸਣਾ ਹੈ ਕਿ ਲੰਘੇ 24 ਘੰਟਿਆਂ ਦੌਰਾਨ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 25 ਵਿਅਕਤੀ ਵਾਇਰਸ ਕਾਰਨ ਜ਼ਿੰਦਗੀਆਂ ਗੁਆ ਚੁੱਕੇ ਹਨ। ਸਿਹਤ ਵਿਭਾਗ ਮੁਤਾਬਕ ਇੱਕ ਦਿਨ ’ਚ ਹੋਈਆਂ ਮੌਤਾਂ ਦਾ ਹੁਣ ਤੱਕ ਦਾ ਇਹ ਸਭ ਤੋਂ ਵੱਡਾ ਅੰਕੜਾ ਹੈ। ਜ਼ਿਲ੍ਹਾ ਵਾਰ ਮੌਤਾਂ ਦੇ ਅੰਕੜੇ ਦੇਖੇ ਜਾਣ ਤਾਂ ਜਲੰਧਰ ਵਿੱਚ 10, ਲੁਧਿਆਣਾ ਵਿੱਚ 9, ਅੰਮ੍ਰਿਤਸਰ ਵਿੱਚ 3, ਗੁਰਦਾਸਪੁਰ ਵਿੱਚ 2 ਅਤੇ ਪਟਿਆਲਾ ਵਿੱਚ ਇੱਕ ਵਿਅਕਤੀ ਕਰੋਨਾ ਦੀ ਭੇਟ ਚੜ੍ਹ ਗਿਆ ਹੈ। ਪੰਜਾਬ ਵਿੱਚ ਲੰਘੇ 24 ਘੰਟਿਆਂ ਦੌਰਾਨ 568 ਨਵੇਂ ਮਾਮਲੇ ਸਾਹਮਣੇ ਆਏ ਹਨ। ਮੁੱਖ ਮੰਤਰੀ ਦੇ ਇੱਕ ਓਐੱਸਡੀ ਨਾਲ ਤਾਇਨਾਤ ਮੁਲਾਜ਼ਮ ਵੀ ਲਾਗ ਦਾ ਸ਼ਿਕਾਰ ਹੋਇਆ ਹੈ। ਸੱਜਰੇ ਮਾਮਲਿਆਂ ਵਿੱਚ ਜ਼ਿਲ੍ਹਾ ਵਾਰ ਸਥਿਤੀ ਦੇਖੀ ਜਾਵੇ ਤਾਂ ਲੁਧਿਆਣਾ ਵਿੱਚ 95, ਪਟਿਆਲਾ ਵਿੱਚ 86, ਅੰਮ੍ਰਿਤਸਰ ਵਿੱਚ 77, ਜਲੰਧਰ ਵਿੱਚ 45, ਗੁਰਦਾਸਪੁਰ ਤੇ ਬਰਨਾਲਾ ਵਿੱਚ 35-35, ਮੁਹਾਲੀ ਤੇ ਫਤਿਹਗੜ੍ਹ ਸਾਹਿਬ ਵਿੱਚ 31, ਸੰਗਰੂਰ ਵਿੱਚ 20, ਤਰਨਤਾਰਨ ਵਿੱਚ 21, ਪਠਾਨਕੋਟ ਵਿੱਚ 15, ਮੋਗਾ ਵਿੱਚ 13, ਰੋਪੜ ਵਿੱਚ 11, ਫਾਜ਼ਿਲਕਾ ਵਿੱਚ 9, ਮੁਕਤਸਰ ਅਤੇ ਕਪੂਰਥਲਾ ਵਿੱਚ 7-7, ਨਵਾਂ ਸ਼ਹਿਰ ਵਿੱਚ 5, ਫਿਰੋਜ਼ਪੁਰ ਵਿੱਚ 4, ਹੁਸ਼ਿਆਰਪੁਰ ਅਤੇ ਬਠਿੰਡਾ ਵਿੱਚ 1-1 ਮਾਮਲਾ ਸੱਜਰਾ ਸਾਹਮਣੇ ਆਇਆ ਹੈ। ਲੁਧਿਆਣਾ ਵਿੱਚ ਹੁਣ ਤੱਕ 2829 ਮਾਮਲੇ ਸਾਹਮਣੇ ਆਏ ਹਨ ਤੇ 79 ਮੌਤਾਂ ਹੋਈਆਂ ਹਨ। ਇਸੇ ਤਰ੍ਹਾਂ ਜਲੰਧਰ ਵਿੱਚ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 2157 ਹੈ ਅਤੇ ਮੌਤਾਂ 49 ਹੋਈਆਂ ਹਨ। ਅੰਮ੍ਰਿਤਸਰ ਵਿੱਚ ਮਰੀਜ਼ 1735 ਸਾਹਮਣੇ ਆਏ ਹਨ ਤੇ 75 ਮੌਤਾਂ ਹੋਈਆਂ ਹਨ। ਪਟਿਆਲਾ ਵਿੱਚ ਪ੍ਰਭਾਵਿਤ ਵਿਅਕਤੀ 1569 ਹਨ ਤੇ ਮੌਤਾਂ 26 ਹੋਈਆਂ ਹਨ। ਸੰਗਰੂਰ ਵਿੱਚ ਵੀ 1019 ਕੇਸ ਸਾਹਮਣੇ ਆਏ ਹਨ ਤੇ 26 ਮੌਤਾਂ ਹੋਈਆਂ ਹਨ।

  ਨਵੀਂ ਦਿੱਲੀ - ਭਾਰਤ ਵਿਚ ਇਕ ਦਿਨ ਵਿਚ ਕਰੋਨਾ ਵਾਇਰਸ ਦੇ 52123 ਨਵੇਂ ਮਰੀਜ਼ਾਂ ਦਾ ਰਿਕਾਰਡ ਬਣਿਆ ਹੈ। ਇਸ ਤਰ੍ਹਾਂ ਹੁਣ ਦੇਸ਼ ਵਿਚ ਕਰੋਨਾ ਪੀੜਤਾਂ ਦੀ ਕੁੱਲ ਗਿਣਤੀ 15,83,792 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ ਅੱਠ ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਕਰੋਨਾ ਕਾਰਨ 775 ਮੌਤਾਂ ਹੋਈਆਂ ਤੇ ਕੁੱਲ ਮੌਤਾਂ ਦਾ ਅੰਕੜਾ 34,968 ਤੱਕ ਪੁੱਜ ਗਿਆ।

  ਅੰਮ੍ਰਿਤਸਰ - ਲਾਹੌਰ ਵਿਚ ਭਾਈ ਤਾਰੂ ਸਿੰਘ ਦੇ ਸ਼ਹੀਦੀ ਅਸਥਾਨ ’ਤੇ ਕਬਜ਼ਾ ਕਰਨ ਦੇ ਮਾਮਲੇ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਸਰਕਾਰ ਨੂੰ ਕਬਜ਼ਾਧਾਰਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਆਖਿਆ ਹੈ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਬੰਧੀ ਵਿਦੇਸ਼ ਮੰਤਰਾਲੇ ਰਾਹੀਂ ਗੁਆਂਢੀ ਮੁਲਕ ਨਾਲ ਗੱਲਬਾਤ ਕਰੇ। ਕਈ ਹੋਰ ਸਿੱਖ ਜਥੇਬੰਦੀਆਂ ਨੇ ਵੀ ਨਾਜਾਇਜ਼ ਕਬਜ਼ੇ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਭਾਰਤ ਸਰਕਾਰ ਨੂੰ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
  ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਪਾਕਿਸਤਾਨ ਵਿਚ ਸਿੱਖਾਂ ਦੇ ਕਈ ਇਤਿਹਾਸਕ ਗੁਰਦੁਆਰੇ ਹਨ, ਜਿਨ੍ਹਾਂ ਨਾਲ ਸਮੁੱਚੇ ਸਿੱਖਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਇ ਨ੍ਹਾਂ ਵਿੱਚੋਂ ਹੀ ਇਕ ਭਾਈ ਤਾਰੂ ਸਿੰਘ ਦਾ ਸ਼ਹੀਦੀ ਅਸਥਾਨ ਵੀ ਹੈ, ਜਿਨ੍ਹਾਂ ਨੇ ਹੱਕ-ਸੱਚ ਲਈ ਕੁਰਬਾਨੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਸ਼ਹੀਦੀ ਅਸਥਾਨ ’ਤੇ ਕੁਝ ਲੋਕਾਂ ਵਲੋਂ ਕਬਜ਼ਾ ਕਰਕੇ ਸਿੱਖ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ, ਜਿਸ ਨੂੰ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਮਾਮਲੇ ਦੀ ਨਿਖੇਧੀ ਕਰਦਿਆਂ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਬਜ਼ਾਧਾਰਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਕਬਜ਼ਾ ਕਰਨ ਵਾਲੇ ਸੁਹੇਲ ਭੱਟ ਨਾਂ ਦੇ ਵਿਅਕਤੀ ਵਲੋਂ ਸਿੱਖਾਂ ਨੂੰ ਧਮਕੀਆਂ ਦਿੱਤੇ ਜਾਣ ਦੀ ਵੀ ਨਿੰਦਾ ਕੀਤੀ ਹੈ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਸਬੰਧੀ ਵਿਦੇਸ਼ ਮੰਤਰਾਲੇ ਰਾਹੀਂ ਪਾਕਿਸਤਾਨ ਨਾਲ ਗੱਲਬਾਤ ਕਰਕੇ ਮਸਲਾ ਹੱਲ ਕੀਤਾ ਜਾਵੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵੀ ਟਵੀਟ ਕਰਕੇ ਇਸ ਮਾਮਲੇ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ ਅਤੇ ਭਾਰਤ ਸਰਕਾਰ ਨੂੰ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਵਿਦੇਸ਼ ਮੰਤਰਾਲੇ ਨੂੰ ਲਾਹੌਰ ਵਿਚ ਭਾਈ ਤਾਰੂ ਸਿੰਘ ਦੇ ਸ਼ਹੀਦੀ ਅਸਥਾਨ ’ਤੇ ਕਬਜ਼ਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਊਨ੍ਹਾਂ ਟਵੀਟ ਰਾਹੀਂ ਭਾਰਤ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐੱਸ. ਜੈਸ਼ੰਕਰ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿਚ ਭਾਰਤ ਸਰਕਾਰ ਵਲੋਂ ਪਾਕਿਸਤਾਨ ਸਰਕਾਰ ਕੋਲ ਸਖ਼ਤ ਰੋਸ ਦਰਜ ਕਰਵਾਇਆ ਜਾਵੇ। ਉਨ੍ਹਾਂ ਨੇ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਦੇ ਅਸਥਾਨ ’ਤੇ ਕਬਜ਼ਾ ਕਰਨ ਵਾਲਿਆਂ ਦੀ ਨਿੰਦਾ ਕੀਤੀ ਹੈ। ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਆਖਿਆ ਕਿ ਪਾਕਿਸਤਾਨ ਵਿਚ ਕੁਝ ਲੋਕ ਭਾਰਤ ਨਾਲ ਆਪਸੀ ਸਾਂਝ ਅਤੇ ਰਿਸ਼ਤਿਆਂ ਨੂੰ ਕਾਇਮ ਨਹੀਂ ਰੱਖਣਾ ਚਾਹੁੰਦੇ। ਇਹ ਉਹੀ ਲੋਕ ਹਨ, ਜੋ ਘੱਟ ਗਿਣਤੀਆਂ ’ਤੇ ਵਧੀਕੀ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਗੁਰਦੁਆਰੇ ’ਤੇ ਕਬਜ਼ਾ ਕਰਕੇ ਇਸ ਨੂੰ ਮਸਜਿਦ ਵਿਚ ਬਦਲਣ ਦਾ ਯਤਨ ਕਰਨ ਵਾਲਿਆਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।

   

  ਨਵੀਂ ਦਿੱਲੀ - ਪਾਬੰਦੀਸ਼ੁਦਾ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਨੇ ਆਪਣੇ ਵੱਖਵਾਦੀ ਏਜੰਡੇ ‘ਰਾਇਸ਼ੁਮਾਰੀ- 2020’ ਲਈ 15 ਅਗਸਤ ਨੂੰ ਵੋਟਰ ਰਜਿਸਟ੍ਰੇਸ਼ਨ ਕੈਂਪ ਲਗਾਉਣ ਦੀ ਯੋਜਨਾ ਬਣਾਈ ਹੈ, ਜਿਸ ਤਹਿਤ ਉਹ ਕਈ ਦੇਸ਼ਾਂ ਵਿਚਲੇ ਭਾਰਤੀ ਦੂਤਘਰਾਂ ਦੇ ਬਾਹਰ ਵੋਟਰ ਰਜਿਸਟਰੇਸ਼ਨ ਕੈਂਪ ਲਗਾਏ ਜਾਣਗੇ। ਜਿਨ੍ਹਾਂ ਮੁਲਕਾਂ ਵਿਚਲੇ ਭਾਰਤੀ ਦੂਤਘਰਾਂ ਦੇ ਬਾਹਰ ਇਹ ਕੈਂਪ ਲਗਾਏ ਜਾ ਰਹੇ ਹਨ ਉਨ੍ਹਾਂ ਵਿੱਚ ਅਮਰੀਕਾ ਤੇ ਬਰਤਾਨੀਆ ਤੋਂ ਇਲਾਵਾ ਕੈਨੇਡਾ, ਇਟਲੀ, ਜਰਮਨੀ, ਫਰਾਂਸ, ਆਸਟਰੇਲੀਆ ਅਤੇ ਨਿਊਜ਼ੀਲੈਂਡ ਸ਼ਾਮਲ ਹਨ। ਭਾਰਤੀ ਸੁਰੱਖਿਆ ਏਜੰਸੀਆਂ ਨੇ ਇਨ੍ਹਾਂ ਦੇਸ਼ਾਂ ਵਿਚਲੇ ਦੂਤਾਵਾਸਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ।

  ਸਿਰਸਾ - ਰੋਹਤਕ ਦੀ ਸੁਨਾਰੀਆ ਜੇਲ੍ਹ ’ਚ ਸਾਧਵੀ ਬਲਾਤਕਾਰ ਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਦੇ ਮਾਮਲੇ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਇੰਸਾ ਨੇ ਆਪਣੀ ਮਾਂ ਨੂੰ ਚਿੱਠੀ ਲਿਖੀ ਹੈ। ਡੇਰਾ ਮੁਖੀ ਵੱਲੋਂ ਚਿੱਠੀ ਵਿੱਚ ਜ਼ੋਰ ਦੇ ਕੇ ਕਿਹਾ ਗਿਆ ਹੈ ਕਿ ਉਹ ਤਾਉਮਰ ਡੇਰਾ ਮੁਖੀ ਬਣਿਆ ਰਹੇਗਾ ਤੇ ਲੋਕਾਂ ਦੀ ਸੇਵਾ ਕਰਦਾ ਰਹੇਗਾ।
  ਚਿੱਠੀ ਵਿੱਚ ਜਿਥੇ ਸਰਕਾਰ ਵੱਲੋਂ ਕਰੋਨਾ ਨਾਲ ਨਜਿੱਠਣ ਲਈ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਗੱਲ ਕਹੀ ਗਈ ਹੈ, ਉਥੇ ਡੇਰੇ ਸ਼ਰਧਾਲੂਆਂ ਵੱਲੋਂ ਖ਼ੂਨਦਾਨ ਕਰਨ ਤੇ ਭਲਾਈ ਦੇ ਕੰਮ ਕਰਨ ਦੀ ਵੀ ਗੱਲ ਕਹੀ ਗਈ ਹੈ। ਡੇਰੇ ਵਿੱਚ ਗੁੱਟਬਾਜ਼ੀ ਦੇ ਸਵਾਲਾਂ ਦਾ ਵੀ ਜਵਾਬ ਦਿੱਤਾ ਗਿਆ ਹੈ।

  ਜਲੰਧਰ - ਕਾਂਗਰਸ ਪਾਰਟੀ ਦੇ ਵਿਧਾਇਕ ਪਰਗਟ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਡੇਰਾ ਸਿਰਸਾ ਮੁਖੀ ਵਿਰੁੱਧ 2007 ਵਿੱਚ ਸਵਾਂਗ ਰਚਣ ਦੇ ਮਾਮਲੇ ਵਿੱਚ ਦਰਜ ਕੇਸ ਨੂੰ ਮੁੜ ਖੋਲ੍ਹਿਆ ਜਾਵੇ। ਉਨ੍ਹਾਂ ਪੱਤਰ ਵਿੱਚ ਸਪੱਸ਼ਟ ਕੀਤਾ ਹੈ ਕਿ 2007 ਵਾਲੇ ਕੇਸ ਦਾ ਸਬੰਧਤ 2015 ਵਿਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਨਾਲ ਹੈ। ਉਨ੍ਹਾਂ ਆਖਿਆ ਕਿ ਜੇਕਰ ਤਤਕਾਲੀ ਸਰਕਾਰ ਨੇ ਡੇਰਾ ਮੁਖੀ ਖ਼ਿਲਾਫ਼ ਢੁਕਵੀਂ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਇਹ ਨੌਬਤ ਨਾ ਆਉਂਦੀ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਦੇ ਰਹਿੰਦਿਆਂ ਕਿਸੇ ਨੇ ਡੇਰਾ ਮੁਖੀ ਜਾਂ ਉਸ ਦੇ ਚੇਲਿਆਂ ਨੂੰ ਕੇਸ ਵਿੱਚ ਹੱਥ ਲਾਉਣਾ ਤਾਂ ਦੂਰ ਦੀ ਗੱਲ ਸਰਕਾਰੀ ਧਿਰ ਨੇ ਉਨ੍ਹਾਂ ਵੱਲ ਧਿਆਨ ਵੀ ਕੇਂਦਰਿਤ ਨਹੀਂ ਕੀਤਾ ਜਦਕਿ ਆਪਣੇ ਗੁਰੂ ਦੀ ਹੋਈ ਬੇਅਦਬੀ ਲਈ ਇਨਸਾਫ਼ ਮੰਗ ਰਹੇ ਸਿੱਖਾਂ ’ਤੇ ਸਿੱਧੀਆਂ ਗੋਲੀਆਂ ਚਲਾਈਆਂ ਸਨ। ਉਨ੍ਹਾਂ ਆਖਿਆ ਕਿ ਇਸ ਕੇਸ ਬਾਰੇ ਲੁਧਿਆਣਾ ਤੋਂ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਇਸ ਨੂੰ ਦੁਬਾਰਾ ਖੁੱਲ੍ਹਵਾਉਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ-2221-2015- ਪਾਈ ਹੋਈ ਹੈ। ਇਸ ਲਈ ਸਵਾਂਗ ਰਚਣ ਦੇ ਕੇਸ ਨੂੰ ਮੁੜ ਖੋਲ੍ਹਣ ਲਈ ਕਾਨੂੰਨੀ ਰਾਏ ਲਈ ਜਾਵੇ ਅਤੇ ਬੇਅਦਬੀ ਦੇ ਕਸੂਰਵਾਰਾਂ ਨੂੰ ਸਜ਼ਾ ਦਿੱਤੀ ਜਾਵੇ, ਕਿਉਂਕਿ ਉਨ੍ਹਾਂ (ਕੈਪਟਨ) ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਬੇਅਦਬੀ ਦੇ ਮਾਮਲੇ ਵਿੱਚ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ ਹੋਇਆ ਹੈ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com