ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਐਸ.ਏ.ਐਸ. ਨਗਰ  - ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਖ਼ਿਲਾਫ਼ ਮੁਹਾਲੀ ਦੇ ਮਟੌਰ ਥਾਣੇ ਵਿਚ ਦਰਜ ਅਪਰਾਧਕ ਮਾਮਲੇ ਵਿਚ ਨਾਮਜ਼ਦ ਚੰਡੀਗੜ੍ਹ ਪੁਲੀਸ ਦੇ ਦੋ ਸੇਵਾਮੁਕਤ ਇੰਸਪੈਕਟਰਾਂ ਅਨੋਖ ਸਿੰਘ ਵਾਸੀ ਸੈਕਟਰ-21 ਅਤੇ ਜਗੀਰ ਸਿੰਘ ਵਾਸੀ ਸੈਕਟਰ-51 ਖ਼ਿਲਾਫ਼ ਗਵਾਹ ਨੂੰ ਧਮਕਾਉਣ ਦਾ ਵੱਖਰਾ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਇਹ ਕਾਰਵਾਈ ਪੰਜਾਬ ਪੁਲੀਸ ਦੇ ਸਾਬਕਾ ਅਧਿਕਾਰੀ ਗੁਰਮੀਤ ਸਿੰਘ ਉਰਫ਼ ਪਿੰਕੀ ਦੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਹੈ। ਹਾਲਾਂਕਿ ਪੁਲੀਸ ਨੇ ਦੋਵਾਂ ਸਾਬਕਾ ਇੰਸਪੈਕਟਰਾਂ ਖ਼ਿਲਾਫ਼ ਧਾਰਾ 195ਏ ਅਤੇ 500 ਤਹਿਤ ਕੇਸ ਦਰਜ ਕਰ ਲਿਆ ਹੈ ਪਰ ਇਸ ਬਾਰੇ ਕੋਈ ਵੀ ਅਧਿਕਾਰੀ ਬੋਲਣ ਲਈ ਤਿਆਰ ਨਹੀਂ ਹੈ ਅਤੇ ਇਕ-ਦੂਜੇ ’ਤੇ ਗੱਲ ਸੁੱਟ ਕੇ ਆਪਣਾ ਪੱਲਾ ਝਾੜ ਰਹੇ ਹਨ।
  ਗੁਰਮੀਤ ਸਿੰਘ ਪਿੰਕੀ ਨੇ ਦੱਸਿਆ ਕਿ ਪਿਛਲੇ ਦਿਨੀਂ ਉਹ ਲਾਂਡਰਾਂ ਨੇੜੇ ਆਪਣੇ ਸੂਰਾਂ ਦੇ ਫਾਰਮ ਵਿਚ ਮੌਜੂਦ ਸੀ ਤਾਂ ਅਨੋਖ ਸਿੰਘ, ਜੋ ਉਸ ਦਾ ਪੁਰਾਣਾ ਦੋਸਤ ਹੈ, ਉਸ ਨੂੰ ਕਹਿਣ ਲੱਗਾ ਕਿ ਉਹ ਵੀ ਇੱਥੇ ਆਪਣੀ ਜ਼ਮੀਨ ਵਿੱਚ ਫਾਰਮ ਬਣਾਉਣਾ ਚਾਹੁੰਦਾ ਹੈ। ਫਾਰਮ ’ਤੇ ਹੋਈ ਗੱਲਬਾਤ ਅਨੋਖ ਸਿੰਘ ਨੇ ਰਿਕਾਰਡ ਕਰ ਲਈ ਤੇ ਮਗਰੋਂ ਮੀਡੀਆ ਕਰਮੀ ਨੂੰ ਦੇ ਦਿੱਤੀ। ਇਸ ਮਗਰੋਂ ਅਨੋਖ ਸਿੰਘ ਅਤੇ ਜਗੀਰ ਸਿੰਘ ਉਸ ਕੋਲ ਆਏ ਅਤੇ ਉਸ ਨੂੰ ਧਮਕਾਉਣ ਲੱਗੇ ਕਿ ਜੇ ਉਸ ਨੇ ਗਵਾਹੀ ਦਿੱਤੀ ਤਾਂ ਉਸ ਨੂੰ ਗੰਭੀਰ ਸਿੱਟੇ ਭੁਗਤਣੇ ਪੈਣਗੇ। ਇਸ ਮਗਰੋਂ ਉਸ ਨੇ ਪੁਲੀਸ ਨੂੰ ਸ਼ਿਕਾਇਤ ਦੇ ਦਿੱਤੀ। ਉਧਰ, ਅਨੋਖ ਸਿੰਘ ਅਤੇ ਜਗੀਰ ਸਿੰਘ ਨੇ ਪੱਕੀ ਜ਼ਮਾਨਤ ਦੀ ਅਪੀਲ ਕੀਤੀ ਹੈ। ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਨੀਸ਼ ਗਰਗ ਦੀ ਅਦਾਲਤ ਵਿਚ 30 ਜੁਲਾਈ ਨੂੰ ਸੁਣਵਾਈ ਹੋਵੇਗੀ।
  ਪੁਲੀਸ ਨੇ ਸਾਬਕਾ ਇੰਸਪੈਕਟਰ ਅਨੋਖ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਦੂਜੇ ਮੁਲਜ਼ਮ ਜਗੀਰ ਸਿੰਘ ਦੀ ਭਾਲ ਜਾਰੀ ਹੈ। ਮੁਲਜ਼ਮ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਸ਼ਿਕਾਇਤਕਰਤਾ ਗੁਰਮੀਤ ਸਿੰਘ ਪਿੰਕੀ ਉਨ੍ਹਾਂ ਨੂੰ ਬਲੈਕਮੇਲ ਕਰ ਰਿਹਾ ਹੈ। ਉਸ ਨੇ ਉਨ੍ਹਾਂ ਨੂੰ ਲਾਲਚ ਦਿੱਤਾ ਸੀ ਕਿ ਉਸ ਦੀ ਮੁੱਖ ਦਫ਼ਤਰ ਵਿੱਚ ਜਾਣ ਪਛਾਣ ਹੈ ਤੇ ਜੇ ਉਹ ਦੋਵੇਂ ਸਾਬਕਾ ਡੀਜੀਪੀ ਸੈਣੀ ਦੇ ਖ਼ਿਲਾਫ਼ ਗਵਾਹੀ ਦਿੰਦੇ ਹਨ ਤਾਂ ਉਨ੍ਹਾਂ ਦਾ ਬਚਾਅ ਹੋ ਸਕਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਅਨੋਖ ਸਿੰਘ ਨੂੰ ਜ਼ਮਾਨਤ ਮਿਲ ਗਈ ਹੈ ਪਰ ਕਾਗਜ਼ੀ ਕਾਰਵਾਈ ਪੂਰੀ ਨਾ ਹੋਣ ਕਾਰਨ ਉਸ ਦੀ ਰਿਹਾਈ ਨਹੀਂ ਹੋ ਸਕੀ।

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲਾਹੌਰ ਸਥਿਤ ਭਾਈ ਤਾਰੂ ਸਿੰਘ ਦੇ ਸ਼ਹੀਦੀ ਅਸਥਾਨ ਨੂੰ ਮਸਜਿਦ ਵਿਚ ਬਦਲਣ ਦੇ ਯਤਨਾਂ ਦੀ ਨਿਖੇਧੀ ਕੀਤੀ ਹੈ ਤੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐੱਸ. ਜੈਸ਼ੰਕਰ ਨੂੰ ਅਪੀਲ ਕੀਤੀ ਹੈ ਕਿ ਇਹ ਮਾਮਲਾ ਪਾਕਿਸਤਾਨ ਸਰਕਾਰ ਕੋਲ ਉਠਾਇਆ ਜਾਵੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਸ ਪਵਿੱਤਰ ਅਸਥਾਨ ਦਾ ਸਰੂਪ ਕਿਸੇ ਵੀ ਤਰੀਕੇ ਬਦਲਿਆ ਨਾ ਜਾਵੇ। ਇਕ ਬਿਆਨ ਰਾਹੀਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਤੋਂ ਸਪੱਸ਼ਟ ਭਰੋਸਾ ਲਿਆ ਜਾਣਾ ਚਾਹੀਦਾ ਹੈ ਕਿ ਸ਼ਹੀਦੀ ਅਸਥਾਨ ਦੀ ਯਾਦਗਾਰ, ਜੋ ਗੁਰਦੁਆਰਾ ਸਾਹਿਬ ਦੇ ਰੂਪ ਵਿਚ ਹੈ, ਨੂੰ ਮਸਜਿਦ ਵਿਚ ਬਦਲਣ ਦੀ ਆਗਿਆ ਨਾ ਦਿੱਤੀ ਜਾਵੇ ਅਤੇ ਅਜਿਹੇ ਯਤਨ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

  ਚੰਡੀਗੜ੍ਹ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਰਗਾੜੀ ਮਾਮਲੇ ਵਿੱਚ ਸੀਬੀਆਈ ਦੇ ਅੜਿੱਕਿਆਂ ਕਰਕੇ ਦੇਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸੀਬੀਆਈ ਵੱਲੋਂ ਕੇਸ ਦੀ ਜਾਂਚ ਪੜਤਾਲ ਅਤੇ ਫਾਈਲ ਮੋੜਨ ਤੋਂ ਨਾਂਹ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਅੱਜ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਅਤੇ ਉਨ੍ਹਾਂ ਦੀ ਟੀਮ ਨਾਲ ਵੀਡੀਓ ਕਾਨਫਰੰਸਿੰਗ ਦੌਰਾਨ ਇਸ ਗੱਲ ਦਾ ਖੁਲਾਸਾ ਕੀਤਾ। ਮੁੱਖ ਮੰਤਰੀ ਨੇ ਪੰਜਾਬ ਦੀ ਜਵਾਨੀ ’ਚ ਪੈਂਠ ਬਣਾਉਣ ਲਈ ਯੂਥ ਕਾਂਗਰਸ ਨੂੰ ਜ਼ਮੀਨੀ ਪੱਧਰ ’ਤੇ ਕੰਮ ਕਰਨ ਲਈ ਤਾਇਨਾਤ ਕਰ ਦਿੱਤਾ ਹੈ ਅਤੇ ਨਾਲ ਹੀ ਚੀਫ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੂੰ ਬਰਗਾੜੀ ਮੁੱਦੇ ਅਤੇ ਨੌਜਵਾਨਾਂ ਨਾਲ ਸਬੰਧਤ ਮਾਮਲਿਆਂ 'ਤੇ ਇੱਕ ਅਧਿਕਾਰੀ ਵਜੋਂ ਵਿਸ਼ੇਸ਼ ਤੌਰ ’ਤੇ ਤਾਇਨਾਤ ਕੀਤਾ ਹੈ। ਮੁੱਖ ਮੰਤਰੀ ਨੇ ਚੋਣਾਂ ਦਾ ਸਮਾਂ ਨੇੜੇ ਆਉਂਦਾ ਦੇਖ ਕੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਐੱਸਐੱਸਪੀਜ਼ ਨੂੰ ਪੰਜਾਬ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਨਾਲ ਉਨ੍ਹਾਂ ਦੇ ਮਸਲੇ ਸੁਲਝਾਉਣ ਅਤੇ ਸੂਬੇ ਦੀ ਨੌਜਵਾਨੀ ਸਬੰਧੀ ਉਨ੍ਹਾਂ ਦੀਆਂ ਚਿੰਤਾਵਾਂ ਦੂਰ ਕਰਨ ਲਈ ਨਿਯਮਿਤ ਰੂਪ ਵਿੱਚ ਮੁਲਾਕਾਤ ਕਰਦੇ ਰਹਿਣ ਦੇ ਵੀ ਨਿਰਦੇਸ਼ ਦਿੱਤੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਨੇ ਕਾਂਗਰਸ ਦੇ 2017 ਦੇ ਚੋਣ ਮੈਨੀਫੈਸਟੋ ਵਿੱਚ ਦਰਸਾਏ 562 ਵਾਅਦਿਆਂ ਵਿੱਚੋਂ 435 ਪੂਰੇ ਕਰ ਦਿੱਤੇ ਹਨ ਅਤੇ ਬਾਕੀ ਵਾਅਦੇ ਵੀ ਪੂਰੇ ਕੀਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ 50 ਹਜ਼ਾਰ ਸਮਾਰਟ ਫੋਨਾਂ ਦੀ ਪਹਿਲੀ ਖੇਪ ਕੰਪਨੀ ਵੱਲੋਂ ਆ ਚੁੱਕੀ ਹੈ ਜਿਨ੍ਹਾਂ ਬਾਰੇ ਇਹ ਸਪੱਸ਼ਟ ਕੀਤਾ ਜਾ ਚੁੱਕਾ ਹੈ ਕਿ ਇਨ੍ਹਾਂ ਦਾ ਚੀਨ ਨਾਲ ਕੋਈ ਸਬੰਧ ਨਹੀਂ ਹੈ। ਇਹ ਫੋਨ ਪਹਿਲਾਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ 11ਵੀਂ ਅਤੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਵੰਡੇ ਜਾਣਗੇ ਅਤੇ ਉਨ੍ਹਾਂ ਨੂੰ ਤਰਜੀਹ ਦਿੱਤੀ ਜਾਵੇਗੀ ਜਿਨ੍ਹਾਂ ਕੋਲ ਸਮਾਰਟ ਫੋਨ ਨਹੀਂ ਹਨ ਤਾਂ ਜੋ ਕੋਵਿਡ ਸੰਕਟ ਦੌਰਾਨ ਆਨ-ਲਾਈਨ ਪੜ੍ਹਾਈ ਵਿੱਚ ਕੋਈ ਵਿਘਨ ਨਾ ਪਵੇ। ਮੁੱਖ ਮੰਤਰੀ ਨੇ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਬਾਰੇ ਤੁਰੰਤ ਪੜਤਾਲ ਅਤੇ ਵਿਜੀਲੈਂਸ ਬਿਊਰੋ ਦੁਆਰਾ ਤੁਰੰਤ ਕਾਰਵਾਈ ਕੀਤੇ ਜਾਣ ਦਾ ਭਰੋਸਾ ਦਿੱਤਾ। ਅਮਰਿੰਦਰ ਸਿੰਘ ਨੇ ਯੂਥ ਆਗੂਆਂ ਨੂੰ ਇਹ ਵੀ ਭਰੋਸਾ ਦਿੱਤਾ ਕਿ ਜਿਵੇਂ ਹੀ ਕੋਵਿਡ ਦੀ ਸਥਿਤੀ ਵਿੱਚ ਸੁਧਾਰ ਹੁੰਦਾ ਹੈ ਤਾਂ ਪਹਿਲੇ ਪੜਾਅ ਦੌਰਾਨ ਸਰਕਾਰੀ ਯੂਨੀਵਰਸਿਟੀਆਂ ਵਿੱਚ ਵਿਦਿਆਰਥੀ ਚੋਣਾਂ ਕਰਵਾਈਆਂ ਜਾਣਗੀਆਂ ਜਦੋਂਕਿ ਪ੍ਰਾਈਵੇਟ ਸੰਸਥਾਨਾਂ ਵਿੱਚ ਇਹ ਚੋਣਾਂ ਬਾਅਦ ਵਿੱਚ ਹੋਣਗੀਆਂ।

  ਨਵੀਂ ਦਿੱਲੀ - ਅਫ਼ਗਾਨਿਸਤਾਨ 'ਚ ਤਾਲਿਬਾਨ ਅੱਤਵਾਦੀਆਂ ਪਾਸੋਂ ਰਿਹਾਅ ਹੋਣ ਉਪਰੰਤ ਭਾਰਤ ਪੁੱਜੇ ਸਿੱਖ-ਹਿੰਦੂ ਭਾਈਚਾਰੇ ਦੇ ਆਗੂ ਨਿਦਾਨ ਸਿੰਘ ਸਚਦੇਵਾ ਤੇ ਹੋਰਨਾਂ ਦਾ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਜ਼ੋਰਦਾਰ ਸਵਾਗਤ ਕੀਤਾ ਗਿਆ। ਨਿਦਾਨ ਸਿੰਘ ਸਮੇਤ 11 ਹੋਰ ਸਿੱਖਾਂ ਨੂੰ ਵਿਸ਼ੇਸ਼ ਉਡਾਣ ਰਾਹੀਂ ਕਾਬੁਲ ਤੋਂ ਦਿੱਲੀ ਲਿਆਂਦਾ ਗਿਆ, ਜਿਸ 'ਚ ਨਾਬਾਲਗ ਸਨਮੀਤ ਕੌਰ ਵੀ ਸ਼ਾਮਿਲ ਹੈ, ਜਿਸ ਨੂੰ ਅਗਵਾ ਕਰਕੇ ਜਬਰਨ ਮੁਸਲਿਮ ਬਣਾ ਕੇ ਨਿਕਾਹ ਕਰਵਾਇਆ ਜਾ ਰਿਹਾ ਸੀ। ਜਾਣਕਾਰੀ ਮੁਤਾਬਿਕ ਨਿਦਾਨ ਸਿੰਘ ਸਮੇਤ ਕਾਬੁਲ ਤੋਂ ਦਿੱਲੀ ਪੁੱਜੇ ਸਾਰੇ 11 ਜਣਿਆਂ ਲਈ ਇਕਾਂਤਵਾਸ ਵਾਸਤੇ ਇਤਿਹਾਸਕ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਇੰਤਜ਼ਾਮ ਕੀਤੇ ਗਏ ਹਨ। ਦੱਸਿਆ ਗਿਆ ਹੈ ਕਿ ਇਹ ਸਾਰੇ ਲੰਬੀ ਮਿਆਦ ਦੇ ਵੀਜ਼ੇ ਦੇ ਤਹਿਤ ਭਾਰਤ ਆਏ ਹਨ ਤੇ ਇਨ੍ਹਾਂ ਨੂੰ ਨਾਗਰਿਕਤਾ ਸੋਧ ਕਾਨੂੰਨ ਦੇ ਤਹਿਤ ਨਾਗਰਿਕਤਾ ਦਿੱਤੀ ਜਾਵੇਗੀ। ਤਕਰੀਬਨ ਦੁਪਹਿਰ 2.30 ਵਜੇ ਦੇ ਕਰੀਬ ਹਵਾਈ ਅੱਡੇ ਤੋਂ ਬਾਹਰ ਆਉਂਦੇ ਹੀ ਨਿਦਾਨ ਸਿੰਘ ਦੇ ਪਰਿਵਾਰਕ ਮੈਂਬਰ ਕਾਫੀ ਭਾਵੁਕ ਹੋ ਗਏ, ਜਦਕਿ ਨਿਦਾਨ ਸਿੰਘ ਦੇ ਚਿਹਰੇ 'ਤੇ ਕਾਫੀ ਸਕੂਨ ਨਜ਼ਰ ਆ ਰਿਹਾ ਸੀ। ਇਨ੍ਹਾਂ ਦੇ ਹਵਾਈ ਅੱਡੇ 'ਤੇ ਪੁੱਜਣ ਮੌਕੇ ਦਿੱਲੀ ਸਿੱਖ ਗੁਰਦੁਰਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਮਨਜਿੰਦਰ ਸਿੰਘ ਸਿਰਸਾ, ਹਰਮੀਤ ਸਿੰਘ ਕਾਲਕਾ, ਜਾਗੋ ਪਾਰਟੀ ਦੇ ਮੁਖੀ ਮਨਜੀਤ ਸਿੰਘ ਜੀ.ਕੇ., ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ, ਸੀਨੀਅਰ ਭਾਜਪਾ ਆਗੂ ਆਰ.ਪੀ. ਸਿੰਘ, ਅਫ਼ਗਾਨੀ ਭਾਈਚਾਰੇ ਦੇ ਆਗੂ ਖਜਿੰਦਰ ਸਿੰਘ ਸਮੇਤ ਹੋਰ ਵੀ ਲੋਕ ਮੌਜੂਦ ਸਨ। ਹਵਾਈ ਅੱਡੇ ਤੋਂ ਬਾਹਰ ਨਿਕਲ ਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਨਿਦਾਨ ਸਿੰਘ ਨੇ ਸੁਰੱਖਿਅਤ ਵਾਪਸ ਪੁੱਜਣ 'ਤੇ ਅਕਾਲ ਪੁਰਖ ਦਾ ਸ਼ੁਕਰਾਨਾ ਅਦਾ ਕੀਤਾ ਅਤੇ ਨਾਲ ਹੀ ਅਗਵਾਕਾਰੀਆਂ ਵਲੋਂ ਕੀਤੇ ਜਾ ਰਹੇ ਤਸ਼ੱਦਦ ਬਾਰੇ ਜਾਣਕਾਰੀ ਦਿੰਦੇ ਹੋਏ ਭਾਰਤ 'ਚ ਨਾਗਰਿਕਤਾ ਦੀ ਮੰਗ ਵੀ ਕੀਤੀ। ਨਿਦਾਨ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਅੱਜ ਉਨ੍ਹਾਂ ਦਾ ਇਥੇ ਸਵਾਗਤ ਹੋਇਆ ਹੈ, ਉਸ ਨਾਲ ਉਨ੍ਹਾਂ ਨੂੰ ਉਹ ਤਸ਼ੱਦਦ ਵੀ ਭੁੱਲ ਗਿਆ, ਜੋ ਅਗਵਾਕਾਰੀਆਂ ਵਲੋਂ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਨਿਦਾਨ ਸਿੰਘ ਦੀ ਰਿਹਾਈ ਵਾਸਤੇ ਉਨ੍ਹਾਂ ਦੀ ਪਤਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਸਹਿਯੋਗ ਮੰਗਿਆ ਸੀ ਤੇ ਅਗਵਾ ਕੀਤੇ ਜਾਣ ਤੋਂ ਬਾਅਦ ਤਕਰੀਬਨ 1 ਮਹੀਨੇ ਬਾਅਦ ਉਨ੍ਹਾਂ ਦੀ ਰਿਹਾਈ ਹੋਈ ਸੀ। ਕਾਬਲੇਗੌਰ ਹੈ ਕਿ ਨਿਦਾਨ ਸਿੰਘ ਅਫ਼ਗਾਨਿਸਤਾਨ 'ਚ ਤਾਲਿਬਾਨ ਦੀ ਵੱਧਦੀ ਹਿੰਸਾ ਤੋਂ ਪ੍ਰੇਸ਼ਾਨ ਹੋ ਕੇ ਆਪਣੇ ਪਰਿਵਾਰ ਸਮੇਤ 1992 'ਚ ਭਾਰਤ ਆ ਗਏ ਸਨ ਤੇ ਭਾਰਤ 'ਚ ਆਉਣ ਉਪਰੰਤ ਉਹ ਆਪਣੇ ਪਰਿਵਾਰ ਦੇ ਨਾਲ ਹੀ ਦਿੱਲੀ ਵਿਚ ਸ਼ਰਨਾਰਥੀਆਂ ਦੇ ਰੂਪ 'ਚ ਰਹਿਣ ਲਗ ਪਏ ਸਨ। ਦਿੱਲੀ ਹਵਾਈ ਅੱਡੇ 'ਤੇ ਪੁੱਜੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਅਸੀਂ ਇਨ੍ਹਾਂ ਸਾਰਿਆਂ ਦਾ ਸਵਾਗਤ ਤੇ ਕੇਂਦਰ ਦੀ ਮੋਦੀ ਸਰਕਾਰ ਦਾ ਧੰਨਵਾਦ ਕਰਦੇ ਹਾਂ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਇਕਾਂਤਵਾਸ ਵਾਸਤੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸਾਰੇ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਜਿਹੜੇ 600 ਲੋਕ ਹੋਰ ਆਉਣ ਦੀ ਉਮੀਦ ਹੈ, ਉਨ੍ਹਾਂ ਲਈ ਸਾਰੇ ਪ੍ਰਬੰਧ ਦਿੱਲੀ ਕਮੇਟੀ ਵਲੋਂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਵਾਰ-ਵਾਰ ਇਸ ਮੁੱਦੇ ਨੂੰ ਗ੍ਰਹਿ ਮੰਤਰੀ ਕੋਲ ਚੁੱਕਿਆ ਗਿਆ ਸੀ। ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਅਫ਼ਗਾਨਿਸਤਾਨ ਵਿਖੇ ਹੋਣ ਵਾਲੇ ਜੁਲਮਾਂ ਦੀ ਅਸੀਂ ਨਿਖੇਧੀ ਕਰਦੇ ਹਾਂ ਤੇ ਮੋਦੀ ਸਰਕਾਰ ਵਲੋਂ ਜਿਹੜੇ ਯਤਨਾਂ ਤਹਿਤ ਇਨ੍ਹਾਂ ਨੂੰ ਦਿੱਲੀ ਲਿਆਂਦਾ ਗਿਆ ਹੈ, ਉਸ ਦਾ ਸਵਾਗਤ ਕਰਦੇ ਹਾਂ। ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ ਤੇ ਭਾਜਪਾ ਦੇ ਸੀਨੀਅਰ ਆਗੂ ਆਰ.ਪੀ. ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਕੀਤੇ ਗਏ ਯਤਨਾਂ ਸਦਕਾ ਹੀ ਇਨ੍ਹਾਂ ਲੋਕਾਂ ਦੀ ਜਾਨ ਦੀ ਰੱਖਿਆ ਹੋਈ ਹੈ ਤੇ ਨਾਗਰਿਕਤਾ ਸੋਧ ਕਾਨੂੰਨ ਲਾਗੂ ਹੋਣ ਤੋਂ ਬਾਅਦ ਉਸ ਕਾਨੂੰਨ ਦੀ ਵਜ੍ਹਾ ਕਾਰਨ ਹੀ ਇਹ ਇਥੇ ਆਏ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਦੇ ਹਨ, ਹੁਣ ਉਨ੍ਹਾਂ ਅੱਗੇ ਇਹ ਵੱਡਾ ਸਵਾਲ ਹੈ ਕਿ ਇਹ ਲੋਕ ਜੋ ਜ਼ੁਲਮਾਂ ਦਾ ਸ਼ਿਕਾਰ ਹੋ ਕੇ ਇਥੇ ਆਏ ਹਨ, ਇਹ ਕਿਥੇ ਜਾਣ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਨਸਾਨੀਅਤ ਦੇ ਆਧਾਰ 'ਤੇ ਇਸ ਕਾਨੂੰਨ ਨੂੰ ਦੇਸ਼ 'ਚ ਲਾਗੂ ਕੀਤਾ ਹੈ, ਜਿਸ ਦਾ ਫਾਇਦਾ ਇਨ੍ਹਾਂ ਸਮੇਤ ਹੋਰਨਾਂ ਨੂੰ ਵੀ ਮਿਲੇਗਾ। ਦਿੱਲੀ 'ਚ ਅਫਗਾਨੀ ਸਿੱਖਾਂ ਦੇ ਆਗੂ ਖਜਿੰਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੇ ਚੰਗਾ ਫ਼ੈਸਲਾ ਲਿਆ ਹੈ, ਕਿਉਂਕਿ ਹੁਣ ਉਥੇ ਜ਼ਿੰਦਗੀ ਨਰਕ ਬਣ ਚੁੱਕੀ ਹੈ, ਇਸ ਲਈ ਮੋਦੀ ਸਰਕਾਰ ਨੂੰ ਅਪੀਲ ਹੈ ਕਿ ਸਾਰਿਆਂ ਨੂੰ ਛੇਤੀ ਤੋਂ ਛੇਤੀ ਨਾਗਰਿਕਤਾ ਦਿੱਤੀ ਜਾਵੇ।

  ਜਲੰਧਰ - ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਆਖਿਆ ਕਿ ਡੇਰਾ ਮੁਖੀ ਸਵਾਂਗ ਰਚਣ ਦੇ ਮਾਮਲੇ ਵਿਚ ਕਿਵੇਂ ਬਚਿਆ, ਇਸ ਬਾਰੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੇ ਲੋਕਾਂ ਸਾਹਮਣੇ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਡੇਰਾ ਮੁਖੀ ਖ਼ਿਲਾਫ਼ ਸਾਲ 2007 ’ਚ ਸਵਾਂਗ ਰਚਣ ਦਾ ਮਾਮਲਾ ਦਰਜ ਹੋਇਆ ਸੀ ਪਰ ਉਸ ਵਿਰੁੱਧ ਚਲਾਨ ਪੇਸ਼ ਨਹੀਂ ਕੀਤਾ ਗਿਆ। ਉਨ੍ਹਾਂ ਆਖਿਆ ਕਿ ਬਾਦਲ ਸਰਕਾਰ ਨੇ ਡੇਰਾ ਮੁਖੀ ਵਿਰੁੱਧ ਪੰਜ ਸਾਲ ਤੱਕ ਚਲਾਨ ਪੇਸ਼ ਕਰਨ ਦੀ ਥਾਂ ਕੇਸ ਰੱਦ ਕਰਨ ਦੀ ਅਰਜ਼ੀ ਕਿਉਂ ਦਾਇਰ ਕੀਤੀ ਸੀ? ਉਨ੍ਹਾਂ ਆਖਿਆ ਕਿ 2007 ਵਿੱਚ ਗ੍ਰਹਿ ਵਿਭਾਗ ਮੁੱਖ ਮੰਤਰੀ ਹੁੰਦਿਆਂ ਪ੍ਰਕਾਸ਼ ਸਿੰਘ ਬਾਦਲ ਕੋਲ ਸੀ ਅਤੇ ਫਿਰ 2009 ਵਿੱਚ ਉਪ ਮੁੱਖ ਮੰਤਰੀ ਬਣਨ ’ਤੇ ਇਹ ਵਿਭਾਗ ਸੁਖਬੀਰ ਸਿੰਘ ਬਾਦਲ ਕੋਲ ਚਲਾ ਗਿਆ। ਉਨ੍ਹਾਂ ਕਿਹਾ ਕਿ ਇੰਨੇ ਚਰਚਿਤ ਕੇਸ ’ਚ ਚਲਾਨ ਪੇਸ਼ ਨਾ ਹੋਣਾ ਸ਼ੰਕੇ ਖੜ੍ਹੇ ਕਰਦਾ ਹੈ।ਉਨ੍ਹਾਂ ਆਖਿਆ ਕਿ ਜੇਕਰ ਅਕਾਲੀ ਦਲ ਦੀ ਸਰਕਾਰ ਨੇ 2007 ਵਿੱਚ ਡੇਰਾ ਮੁਖੀ ’ਤੇ ਸ਼ਿਕੰਜਾ ਕੱਸਿਆ ਹੁੰਦਾ ਤਾਂ ਬੇਅਦਬੀ ਵਰਗੀਆਂ ਘਟਨਾਵਾਂ ਨਾ ਵਾਪਰਦੀਆਂ। ਉਨ੍ਹਾਂ ਕਿਹਾ ਕਿ ਪੰਜਾਬ ਤੇ ਖ਼ਾਸ ਕਰਕੇ ਸਿੱਖ ਭਾਈਚਾਰੇ ਨੂੰ 2007 ਤੋਂ ਬਾਅਦ ਵਾਪਰੀਆਂ ਸਾਰੀਆਂ ਘਟਨਾਵਾਂ ਨੂੰ ਜੋੜ ਕੇ ਦੇਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੁਸ਼ਾਕ ਦਾ ਮਾਮਲਾ ਏਨਾ ਗਰਮਾਇਆ ਹੋਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸਾਰੀ ਤਾਕਤ ਸਫਾਈ ਦੇਣ ’ਤੇ ਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੁਸ਼ਾਕ ਬਾਰੇ ਜਾਂਚ ਕਿਉਂ ਨਹੀਂ ਕੀਤੀ ਗਈ। ਉਨ੍ਹਾਂ ਆਖਿਆ ਕਿ ਪੰਜਾਬ ਪੁਲੀਸ ਨੇ ਚੁੱਪ-ਚੁਪੀਤੇ 27 ਜਨਵਰੀ 2012 ਨੂੰ ਬਠਿੰਡਾ ਅਦਾਲਤ ਵਿੱਚ ਕੇਸ ਰੱਦ ਕਰਨ ਦੀ ਅਰਜ਼ੀ ਦਾਇਰ ਕਰ ਦਿੱਤੀ, ਜਿਸ ਨੂੰ ਅਦਾਲਤ ਨੇ ਅਗਸਤ 2014 ਵਿੱਚ ਸਵੀਕਾਰ ਕਰ ਲਿਆ। ਜਦਕਿ ਹਾਈ ਕੋਰਟ ਵਿੱਚ ਆਈਜੀ ਪੱਧਰ ਦੇ ਅਧਿਕਾਰੀ ਨੇ ਇਹ ਹਲਫ਼ਨਾਮਾ ਦਾਇਰ ਕੀਤਾ ਸੀ ਕਿ ਡੇਰਾ ਮੁਖੀ ਵਿਰੁੱਧ ਪੁਖ਼ਤਾ ਲੋੜੀਂਦੇ ਸਬੂਤ ਹਨ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਨੇ ਸਾਲ 2009 ਤੇ 2014 ਦੀਆਂ ਲੋਕ ਸਭਾ ਚੋਣਾਂ ਅਤੇ 2012 ਤੇ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਡੇਰਾ ਸਮਰੱਥਕਾਂ ਦੀਆਂ ਵੋਟਾਂ ਦੀ ਖਾਤਰ ਡੇਰਾ ਮੁਖੀ ਨੂੰ ਬਚਾਇਆ ਸੀ।

  ਚੰਡੀਗੜ੍ਹ - ਪੰਜਾਬ ਵਿੱਚ ਕਰੋਨਾਵਾਇਰਸ ਮਹਾਂਮਾਰੀ ਦਾ ਫੈਲਾਅ ਦੁੱਗਣੀ ਰਫ਼ਤਾਰ ਨਾਲ ਹੋਣ ਲੱਗਿਆ ਹੈ ਅਤੇ ਲੰਘੇ 24 ਘੰਟਿਆਂ ਵਿੱਚ ਇਸ ਲਾਗ ਨੇ ਸੂਬੇ ਵਿੱਚ 15 ਵਿਅਕਤੀਆਂ ਦੀਆਂ ਜਾਨਾਂ ਲੈ ਲਈਆਂ ਹਨ। ਇਸ ਤੋਂ ਇਲਾਵਾ ਰਾਜ ਵਿਚ ਕਰੋਨਾਵਾਇਰਸ ਦੇ 534 ਨਵੇਂ ਕੇਸ ਸਾਹਮਣੇ ਆਏ ਹਨ। ਪੰਜਾਬ ਦੇ ਸਿਰਫ ਫ਼ਰੀਦਕੋਟ ਤੇ ਮਾਨਸਾ ਜ਼ਿਲ੍ਹੇ ਅਜਿਹੇ ਹਨ ਜਿੱਥੇ ਕਰੋਨਾਵਾਇਰਸ ਕਾਰਨ ਕੋਈ ਮੌਤ ਨਹੀਂ ਹੋਈ ਹੈ। ਕਰੋਨਾਵਾਇਰਸ ਨੇ ਪੰਜਾਬ ਦੇ 20 ਜ਼ਿਲ੍ਹੇ ਪੂਰੀ ਤਰ੍ਹਾਂ ਲਪੇਟ ਵਿੱਚ ਲੈ ਲਏ ਹਨ। ਕੱਲ੍ਹ ਰਾਜ ਵਿੱਚ ਮਹਾਮਾਰੀ ਨਾਲ 9 ਮੌਤਾਂ ਹੋਈਆਂ ਸਨ ਜਦੋਂ ਕਿ ਅੱਜ ਇਹ ਗਿਣਤੀ ਵਧ ਕੇ 15 ਹੋ ਗਈ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਵਿੱਚ ਹੁਣ ਤੱਕ 5,31,336 ਨਮੂਨੇ ਕਰੋਨਾਵਾਇਰਸ ਦੀ ਜਾਂਚ ਲਈ ਲਏ ਗਏ ਹਨ ਜਿਨ੍ਹਾਂ ’ਚੋਂ 13,218 ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਹੁਣ ਤੱਕ ਕੁੱਲ 8810 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ ਤੇ ਰਾਜ ਵਿੱਚ ਇਸ ਮਹਾਮਾਰੀ ਨਾਲ ਹੁਣ ਤੱਕ ਹੋਣ ਵਾਲੀਆਂ ਕੁੱਲ ਮੌਤਾਂ ਦਾ ਅੰਕੜਾ 306 ’ਤੇ ਪਹੁੰਚ ਗਿਆ ਹੈ। ਅੱਜ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਸਭ ਤੋਂ ਵੱਧ 5 ਮੌਤਾਂ, ਅੰਮ੍ਰਿਤਸਰ, ਗੁਰਦਾਸਪੁਰ ਤੇ ਰੋਪੜ ਵਿੱਚ ਦੋ-ਦੋ ਮੌਤਾਂ ਅਤੇ ਜਲੰਧਰ, ਮੁਹਾਲੀ, ਬਠਿੰਡਾ ਤੇ ਨਵਾਂ ਸਹਿਰ ਵਿਚ ਇੱਕ-ਇੱਕ ਮੌਤ ਹੋਈ। ਪੰਜਾਬ ਵਿੱਚ ਅੱਜ ਜ਼ਿਲ੍ਹਾ ਲੁਧਿਆਣਾ ਵਿੱਚ 95 ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਪੰਜ ਪੁਲੀਸ ਮੁਲਾਜ਼ਮ ਵੀ ਸ਼ਾਮਲ ਹਨ। ਇਸੇ ਤਰ੍ਹਾਂ ਬਠਿੰਡਾ ਵਿਚ 27 ਨਵੇਂ ਮਰੀਜ਼ ਆਏ ਹਨ ਜਿਨ੍ਹਾਂ ਵਿਚ ਜੇਲ੍ਹ ਦੇ ਤਿੰਨ ਬੰਦੀ ਵੀ ਸ਼ਾਮਲ ਹਨ। ਇਸੇ ਤਰ੍ਹਾਂ ਫਾਜ਼ਿਲਕਾ ਵਿੱਚ 24, ਜਲੰਧਰ ਵਿੱਚ 70, ਅੰਮ੍ਰਿਤਸਰ ਵਿੱਚ 45 ਅਤੇ ਪਟਿਆਲਾ ਵਿੱਚ 83 ਨਵੇਂ ਕੇਸ ਸਾਹਮਣੇ ਆਏ ਹਨ। ਮੁਕਤਸਰ ਅਤੇ ਫਾਜ਼ਿਲਕਾ ਵਿੱਚ ਅਜੇ ਤੱਕ ਕਰੋਨਾਵਾਇਰਸ ਨਾਲ ਇੱਕ-ਇੱਕ ਮੌਤ ਹੋਈ ਹੈ।

  ਜਲੰਧਰ - ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਡੈਮੋਕ੍ਰੇਟਿਕ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਸਮੇਂ ਤਕੜਾ ਹੁਲਾਰਾ ਮਿਲਿਆ, ਜਦੋਂ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਆਪਣੇ ਸਾਥੀ ਸਤਨਾਮ ਸਿੰਘ ਮਨਾਵਾਂ ਤੇ ਹੋਰਨਾਂ ਵੱਡੀ ਗਿਣਤੀ ਆਗੂਆਂ ਦੇ ਨਾਲ ਜਲੰਧਰ 'ਚ ਸੁਖਦੇਵ ਸਿੰਘ ਢੀਂਡਸਾ ਦੀ ਮੌਜੂਦਗੀ 'ਚ ਪਾਰਟੀ ਨੂੰ ਭੰਗ ਕਰਕੇ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ 'ਚ ਰਲੇਵੇਂ ਦਾ ਐਲਾਨ ਕੀਤਾ।
  ਸਮਾਗਮ ਦੌਰਾਨ ਪੰਥ ਅਤੇ ਪੰਜਾਬ ਪ੍ਰਤੀ ਆਪਣੀ ਸੱਚੀ-ਸੁੱਚੀ ਪ੍ਰਤੀਬੱਧਤਾ ਦਾ ਪ੍ਰਗਟਾਵਾ ਕਰਦੇ ਹੋਏ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਉਹ ਭਵਿੱਖ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਚੋਣ ਨਹੀਂ ਲੜਨਗੇ ਅਤੇ ਨਾ ਹੀ ਮੁੱਖ ਮੰਤਰੀ ਦੀ ਕੁਰਸੀ ਦੇ ਦਾਅਵੇਦਾਰ ਹਨ। ਉਨ੍ਹਾਂ ਕਿਹਾ ਕਿ ਉਹ ਇਕ ਸੱਚੇ ਸੇਵਾਦਾਰ ਦੀ ਤਰ੍ਹਾਂ ਸੂਬੇ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ ਤੇ ਕਰਦੇ ਰਹਿਣਗੇ। ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਸ਼੍ਰੋਮਣੀ ਅਕਾਲੀ ਦਲ ਦੀ ਡਿੱਗ ਚੁੱਕੀ ਸਾਖ ਨੂੰ ਮੁੜ ਬਹਾਲ ਕਰਵਾਉਣਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿਆਸੀ ਗ਼ਲਬੇ ਤੋਂ ਮੁਕਤ ਕਰਵਾਉਣਾ ਹੈ ਤੇ ਇਸ ਕੰਮ ਲਈ ਉਹ ਸੂਬੇ ਦੇ ਲੋਕਾਂ ਨਾਲ ਲੈ ਕੇ ਆਪਣੀ ਲੜਾਈ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਉਹ ਕਿਸਾਨੀ ਮੰਗਾਂ ਤੋਂ ਇਲਾਵਾ ਸੂਬੇ ਨੂੰ ਵੱਧ ਅਧਿਕਾਰ ਦੇਣ ਆਦਿ ਮੁੱਦਿਆਂ 'ਤੇ ਵੀ ਸੰਘਰਸ਼ ਕਰਨਗੇ।
  ਇਸ ਮੌਕੇ ਸ: ਢੀਂਡਸਾ ਨੇ ਕਿਹਾ ਕਿ ਭਵਿੱਖ 'ਚ ਜੇਕਰ ਲੋਕਾਂ ਦਾ ਸਾਥ ਉਨ੍ਹਾਂ ਨਾਲ ਰਿਹਾ ਤੇ ਸੂਬੇ 'ਚ ਸਰਕਾਰ ਬਣਦੀ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਇਸ ਮਾਮਲੇ 'ਚ ਸਿੱਖ ਕੌਮ ਨੂੰ ਇਨਸਾਫ਼ ਹੀ ਨਹੀਂ ਦਿਵਾਇਆ ਜਾਵੇਗਾ, ਬਲਕਿ ਦੋਸ਼ੀਆਂ ਨੂੰ ਸਜ਼ਾਵਾਂ ਵੀ ਦਿੱਤੀਆਂ ਜਾਣਗੀਆਂ।
  ਸ਼੍ਰੋਮਣੀ ਕਮੇਟੀ ਚੋਣ 'ਚ ਹਿੱਸਾ ਲੈਣ ਵਾਲਾ ਆਗੂ ਨਹੀਂ ਲੜ ਸਕੇਗਾ ਸਿਆਸੀ ਚੋਣ
  ਢੀਂਡਸਾ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਵੱਖਰਾ ਧਾਰਮਿਕ ਵਿੰਗ ਬਣਾਇਆ ਜਾਵੇਗਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਵਾਲਾ ਕੋਈ ਵੀ ਆਗੂ ਕਿਸੇ ਵੀ ਸਿਆਸੀ ਚੋਣ 'ਚ ਹਿੱਸਾ ਨਹੀਂ ਲੈ ਸਕੇਗਾ ਤੇ ਉਸ ਨੂੰ ਹੋਰ ਕੋਈ ਸਿਆਸੀ ਅਹੁਦਾ ਵੀ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨਿਰੋਲ ਧਾਰਮਿਕ ਸੰਸਥਾ ਦੇ ਤੌਰ 'ਤੇ ਕੰਮ ਕਰੇਗੀ।

  ਅੰਮ੍ਰਿਤਸਰ, 25 ਜੁਲਾਈ (ਸੁਰਿੰਦਰ ਕੋਛੜ)-ਸਿੱਖਸ ਫ਼ਾਰ ਜਸਟਿਸ (ਐੱਸ. ਜੇ. ਐੱਫ.) ਜਥੇਬੰਦੀ ਦੇ ਬੈਨਰ ਹੇਠ ਚਲਾਈ ਜਾ ਰਹੀ 'ਰੈਫਰੈਂਡਮ 2020' ਤਹਿਤ ਪਾਕਿਸਤਾਨ 'ਚ ਆਨਲਾਈਨ ਵੋਟਿੰਗ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਅਤੇ ਲਾਹੌਰ ਸਥਿਤ ਗੁਰਦੁਆਰਾ ਡੇਰਾ ਸਾਹਿਬ 'ਚ ਅਰਦਾਸ ਕਰਾਏ ਜਾਣ ਦੇ ਦਾਅਵਿਆਂ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਪਾਕਿ ਸਿੱਖ ਆਗੂਆਂ ਨੇ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ। ਪੀ. ਐਸ. ਜੀ. ਪੀ. ਸੀ. ਦੇ ਪ੍ਰਧਾਨ ਸਤਵੰਤ ਸਿੰਘ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਜਨਤਕ ਤੌਰ 'ਤੇ ਐਲਾਨ ਕਰ ਚੁੱਕੇ ਹਨ ਕਿ ਪਾਕਿ ਦੀ ਧਰਤੀ 'ਤੇ ਕਿਸੇ ਵੀ ਦੇਸ਼ ਜਾਂ ਕੌਮ ਵਿਰੁੱਧ ਕੋਈ ਵੱਖਵਾਦੀ ਲਹਿਰ ਨਹੀਂ ਉੱਠਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਕਿ ਸਿੱਖ ਨਾ ਤਾਂ ਐੱਸ. ਜੇ. ਐੱਫ. ਦੇ ਲੀਗਲ ਐਡਵਾਈਜ਼ਰ ਗੁਰਪਤਵੰਤ ਸਿੰਘ ਪੰਨੂੰ ਵਲੋਂ ਚਲਾਈ ਜਾ ਰਹੀ ਉਕਤ ਮੁਹਿੰਮ ਦਾ ਵਿਰੋਧ ਹੀ ਕਰਦੇ ਹਨ ਅਤੇ ਨਾ ਹੀ ਹਮਾਇਤ ਕਰਨਗੇ। ਪੰਜਾਬੀ ਸਿੱਖ ਸੰਗਤ ਦੇ ਚੇਅਰਮੈਨ ਗੋਪਾਲ ਸਿੰਘ ਚਾਵਲਾ ਨੇ ਵੀ ਸਪੱਸ਼ਟ ਕਿਹਾ ਕਿ ਉਹ ਕਿਸੇ ਤਰ੍ਹਾਂ ਨਾਲ ਵੀ 'ਰੈਫਰੈਂਡਮ 2020' ਲਈ ਸਹਿਯੋਗ ਨਹੀਂ ਕਰ ਰਹੇ ਹਨ ਅਤੇ ਨਾ ਹੀ ਪਾਕਿ 'ਚ ਇਸ ਤਰ੍ਹਾਂ ਦੀ ਕੋਈ ਮੁਹਿੰਮ ਚਲਾਏ ਜਾਣ ਦੀ ਕਿਸੇ ਵਿਦੇਸ਼ੀ ਜਾਂ ਪਾਕਿਸਤਾਨੀ ਸਿੱਖ ਨੂੰ ਸਰਕਾਰ ਵਲੋਂ ਮਨਜ਼ੂਰੀ ਹੀ ਦਿੱਤੀ ਗਈ ਹੈ।

  ਨਵੀਂ ਦਿੱਲੀ - ਸਿੱਖਸ ਫਾਰ ਜਸਟਿਸ (ਐੱਸਐੱਫਜੇ) ਨੇ ਖਾਲਿਸਤਾਨ ਰੈਫਰੈਂਡਮ ਦੇ ਹੱਕ ’ਚ ਵੋਟਰਾਂ ਦੀ ਰਜਿਸਟੇਸ਼ਨ ਲਈ ਕੈਨੇਡੀਅਨ ਸਾਈਬਰ ਸਪੇਸ ਤੋਂ ਪੋਰਟਲ ਜੰਮੂ-ਕਸ਼ਮੀਰ ’ਚ ਲਾਂਚ ਕੀਤਾ ਹੈ।
  ਇਸ ਵੈੱਬ ਪੇਜ ’ਤੇ ਕੈਨੇਡਾ ਦਾ ਲਾਲ ਤੇ ਚਿੱਟੇ ਰੰਗ ਦਾ ਝੰਡਾ ਅਤੇ ਖਾਲਿਸਤਾਨ ਦਾ ਝੰਡਾ ਮਿਲੇ ਹੋਏ ਦਿਖਾਈ ਦੇ ਰਹੇ ਹਨ। ਐੱਸਐੱਫਜੇ ਨੇ ਇਸ ਤੋਂ ਪਹਿਲਾਂ 19 ਜੁਲਾਈ ਨੂੰ ਦਿੱਲੀ ’ਚ ਖਾਲਿਸਤਾਨ ਦੇ ਹੱਕ ’ਚ ਭਾਰਤ ਵਿਰੋਧੀ ਏਜੰਡੇ ਦੇ ਪ੍ਰਚਾਰ ਲਈ ਇਹੋ ਜਿਹੇ ਕੈਨੇਡਿਆਈ ਪੋਰਟਲ ਦੀ ਵਰਤੋਂ ਕੀਤੀ ਸੀ ਪਰ ਉਸ ਸਮੇਂ ਭਾਰਤੀ ਏਜੰਸੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ। ਏਜੰਸੀਆਂ ਵੱਲੋਂ 4 ਜੁਲਾਈ ਨੂੰ ਪੰਜਾਬ ’ਚ ਕੀਤੀ ਗਈ ਅਜਿਹੀ ਕੋਸ਼ਿਸ਼ ਨੂੰ ਵੀ ਨਾਕਾਮ ਕੀਤਾ ਜਾ ਚੁੱਕਾ ਹੈ। ਐੱਸਐਫਜੇ ਨੇ ਪਿੱਛੇ ਜਿਹੇ 26 ਜੁਲਾਈ ਤੱਕ ਖਾਲਿਸਤਾਨ ਦੇ ਹੱਕ ’ਚ ਹਮਾਇਤ ਹਾਸਲ ਕਰਨ ਲਈ ਵੋਟਰ ਰਜਿਸਟਰੇਸ਼ਨ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਪਕਿਸਤਾਨ ਦੇ ਕਈ ਟਵਿੱਟਰ ਵਰਤੋਂਕਾਰਾਂ ਵੱਲੋਂ ਐੱਸਐੱਫਜੇ ਦੇ ਏਜੰਡੇ ਨੂੰ ਹਮਾਇਤ ਦੇਣੀ ਵੀ ਸ਼ੁਰੂ ਕੀਤੀ ਜਾ ਚੁੱਕੀ ਹੈ।

  ਅੰਮ੍ਰਿਤਸਰ - 267 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ਵਿੱਚ ਆਰੰਭ ਕੀਤੀ ਗਈ ਪੜਤਾਲ ਤਹਿਤ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਦੇ ਸੇਵਾਮੁਕਤ ਸਹਾਇਕ ਸੁਪਰਵਾਈਜ਼ਰ ਕਵਲਜੀਤ ਸਿੰਘ ਨੂੰ ਤਲਬ ਕੀਤਾ ਗਿਆ ਹੈ। ਜਾਂਚ ਟੀਮ ਵਿੱਚ ਸ਼ਾਮਲ ਤੇਲੰਗਾਨਾ ਹਾਈ ਕੋਰਟ ਦੇ ਵਕੀਲ ਭਾਈ ਈਸ਼ਰ ਸਿੰਘ ਨੇ ਅੱਜ ਇਸ ਮਾਮਲੇ ਵਿੱਚ ਸਹਾਇਕ ਸੁਪਰਵਾਈਜ਼ਰ ਨੂੰ ਜਾਂਚ ਟੀਮ ਕੋਲ ਪੇਸ਼ ਹੋਣ ਵਾਸਤੇ ਆਖਿਆ ਹੈ। ਇਸ ਮਾਮਲੇ ਵਿਚ ਕਵਲਜੀਤ ਸਿੰਘ ਇਕ ਅਹਿਮ ਸੂਤਰ ਹਨ। ਉਨ੍ਹਾਂ ਦੀ ਸੇਵਾਮੁਕਤੀ ਸਮੇਂ ਹੀ ਇਹ ਮਾਮਲਾ ਸਾਹਮਣੇ ਆਇਆ ਸੀ। ਉਨ੍ਹਾਂ ਇਸ ਮਾਮਲੇ ਵਿਚ ਪੁਲੀਸ ਕਮਿਸ਼ਨਰ ਕੋਲ ਵੀ ਸ਼ਿਕਾਇਤ ਕੀਤੀ ਸੀ ਅਤੇ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਦੇ ਸੇਵਾਕਾਲ ਵੇਲੇ ਹੀ ਪਬਲੀਕੇਸ਼ਨ ਵਿਭਾਗ ਦੇ ਰਿਕਾਰਡ ’ਚੋਂ 267 ਪਾਵਨ ਸਰੂਪ ਘੱਟ ਪਾਏ ਗਏ ਹਨ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com