ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਅੰਮ੍ਰਿਤਸਰ - ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਵਲੋਂ ਲਗਪਗ ਦਰਜਨ ਤੋਂ ਵੱਧ ਸਾਬਕਾ ਤੇ ਮੌਜੂਦਾ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ਼ ਕਾਰਵਾਈ ਕੀਤੀ ਗਈ ਹੈ ਪਰ ਸਿੱਖ ਜਥੇਬੰਦੀਆਂ ਨੇ ਇਸ ਮਾਮਲੇ ਵਿਚ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਕਾਰਗੁਜ਼ਾਰੀ ’ਤੇ ਵੀ ਪ੍ਰਸ਼ਨ ਚਿੰਨ੍ਹ ਲਾਇਆ ਹੈ ਤੇ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਲਾਪਤਾ ਸਰੂਪਾਂ ਬਾਰੇ ਖੁਲਾਸਾ ਕਰਨ ਦੀ ਵੀ ਮੰਗ ਕੀਤੀ ਗਈ ਹੈ।

  ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਮੰਗ ਕੀਤੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸਮੁੱਚੀ ਅੰਤ੍ਰਿੰਗ ਕਮੇਟੀ ਨੂੰ ਨੈਤਿਕ ਆਧਾਰ ’ਤੇ ਅਸਤੀਫ਼ਾ ਦੇਣਾ ਚਾਹੀਦਾ ਹੈ। ਸੰਗਠਨ ਦੇ ਮੁੱਖ ਜਾਂਚਕਰਤਾ ਸਰਬਜੀਤ ਸਿੰਘ ਨੇ ਮੀਡੀਆ ਨੂੰ ਇਕ ਪੱਤਰ ਵੀ ਜਾਰੀ ਕੀਤਾ ਹੈ ਜੋ ਚਾਰਟਡ ਅਕਾਊਂਟੈਂਟ ਕੰਪਨੀ ਵਲੋਂ 11 ਜੁਲਾਈ 2018 ਨੂੰ ਪ੍ਰਧਾਨ ਲੌਂਗੋਵਾਲ ਨੂੰ ਭੇਜਿਆ ਗਿਆ ਸੀ। ਸੱਤ ਸਫਿਆਂ ਦੇ ਇਸ ਪੱਤਰ ਵਿਚ ਕਈ ਅਹਿਮ ਦਾਅਵੇ ਕੀਤੇ ਗਏ ਸਨ ਜਿਨ੍ਹਾਂ ਵਿਚ ਮੁਅੱਤਲ ਕੀਤੇ ਗਏ ਵਿੱਤ ਵਿਭਾਗ ਦੇ ਮੀਤ ਸਕੱਤਰ ਸਤਿੰਦਰ ਸਿੰਘ ਖਿਲਾਫ਼ ਗੰਭੀਰ ਦੋਸ਼ ਲਾਏ ਗਏ ਸਨ। ਸੰਸਥਾ ਦਾ ਆਡਿਟ ਕਰਦੀ ਸੀਏ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਵਿੱਤ ਵਿਭਾਗ ਨਾਲ ਸਬੰਧਤ ਇਸ ਮੀਤ ਸਕੱਤਰ ਵਲੋਂ ਆਡਿਟ ਲਈ ਲੋੜੀਂਦੇ ਦਸਤਾਵੇਜ਼ ਮੁਹੱਈਆ ਨਹੀਂ ਕੀਤੇ ਜਾਂਦੇ ਸਨ ਜਿਸ ਕਾਰਨ ਬੈਲੈਂਸ ਸ਼ੀਟ ਤਿਆਰ ਕਰਨ ਅਤੇ ਆਡਿਟ ਸਬੰਧੀ ਕੰਮ ਪ੍ਰਭਾਵਿਤ ਹੁੰਦਾ ਸੀ। ਸੰਗਠਨ ਆਗੂ ਨੇ ਆਖਿਆ ਕਿ ਅੱਜ ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਨੇ ਇਸੇ ਮੀਤ ਸਕੱਤਰ ਨੂੰ ਮੁਅੱਤਲ ਕੀਤਾ ਹੈ ਪਰ ਜਦੋਂ ਦੋ ਸਾਲ ਪਹਿਲਾਂ ਇਸ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਗਈ ਸੀ ਤਾਂ ਉਸ ਵੇਲੇ ਉਸ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਗਈ। ਜੇ ਕਾਰਵਾਈ ਕੀਤੀ ਹੁੰਦੀ ਤਾਂ ਇਹ ਦਿਨ ਨਾ ਦੇਖਣੇ ਪੈਂਦੇ।

  ਹਵਾਰਾ ਕਮੇਟੀ ਦੇ ਬੁਲਾਰੇ ਪ੍ਰੋ. ਬਲਜਿੰਦਰ ਸਿੰਘ, ਐਡਵੋਕੇਟ ਅਮਰ ਸਿੰਘ ਚਾਹਲ, ਬਾਪੂ ਗੁਰਚਰਨ ਸਿੰਘ ਅਤੇ ਮਹਾਂਬੀਰ ਸਿੰਘ ਆਦਿ ਨੇ ਅੰਤ੍ਰਿੰਗ ਕਮੇਟੀ ਦੀ ਕਾਰਵਾਈ ਨੂੰ ਅਧੂਰਾ ਆਖਦਿਆਂ ਸੁਆਲ ਕੀਤਾ ਕਿ ਸਿਆਸੀ ਗੁਨਾਹਗਾਰਾਂ ਅਤੇ ਕਮੇਟੀ ਪ੍ਰਬੰਧਕਾਂ ਨੂੰ ਜਾਂਚ ਦੇ ਘੇਰੇ ਤੋਂ ਬਾਹਰ ਕਿਉਂ ਰੱਖਿਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਜਾਂਚ ਰਿਪੋਰਟ ਸਿਆਸਤ ਤੋਂ ਪ੍ਰੇਰਿਤ ਹੈ। ਉਨ੍ਹਾਂ ਜਾਂਚ ਰਿਪੋਰਟ ਜਨਤਕ ਕਰਨ ਲਈ ਕਿਹਾ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ, ਸਰਬਜੀਤ ਸਿੰਘ ਨੇ ਸਾਂਝੇ ਬਿਆਨ ਵਿਚ ਆਖਿਆ ਕਿ ਇਸ ਮਾਮਲੇ ਵਿਚ ਉਸ ਵੇਲੇ ਦੇ ਪ੍ਰਧਾਨ ਅਤੇ ਕਾਰਜਕਾਰਨੀ ਦੇ ਮੈਂਬਰਾਂ ਖਿਲਾਫ ਵੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

  ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਆਖਿਆ ਕਿ ਕਿਸੇ ਅਦਾਰੇ ਜਾਂ ਸੰਸਥਾ ਵਿਚ ਜਦੋਂ ਅਜਿਹਾ ਕੋਈ ਘਪਲਾ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਸੰਸਥਾ ਦੇ ਮੁਖੀ ਤੇ ਹੋਰ ਅਹਿਮ ਅਹੁਦੇਦਾਰਾਂ ਦੀ ਵੀ ਹੁੰਦੀ ਹੈ ਪਰ ਇਸ ਮਾਮਲੇ ਵਿਚ ਪ੍ਰਧਾਨਾਂ ਅਤੇ ਜਨਰਲ ਸਕੱਤਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਮਾਮਲੇ ਵਿਚ ਪ੍ਰਧਾਨ ਅਤੇ ਜਨਰਲ ਸਕੱਤਰ ਦੋਵਾਂ ਨੂੰ ਨੈਤਿਕ ਆਧਾਰ ’ਤੇ ਅਸਤੀਫਾ ਦੇਣਾ ਚਾਹੀਦਾ ਹੈ। ਮੌਜੂਦਾ ਸਕੱਤਰ ਅਤੇ ਪ੍ਰਧਾਨ ਦੇ ਨਿੱਜੀ ਸਕੱਤਰ ਮਹਿੰਦਰ ਸਿੰਘ ਆਹਲੀ ਨੇ ਦੱਸਿਆ ਕਿ ਅੰਤ੍ਰਿੰਗ ਕਮੇਟੀ ਵਲੋਂ ਮੁਅੱਤਲ ਕੀਤੇ ਗਏ ਅਤੇ ਬਰਖਾਸਤ ਕੀਤੇ ਕਰਮਚਾਰੀਆਂ ਖਿਲਾਫ ਕਾਰਵਾਈ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਨ੍ਹਾਂ ਸਾਰਿਆਂ ਖਿਲਾਫ਼ ਦਿੱਤੇ ਹੁਕਮਾਂ ’ਤੇ ਅਮਲ ਕਰਨ ਲਈ ਆਖਿਆ ਗਿਆ ਹੈ।

  ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਸੂਬਾ ਪ੍ਰਧਾਨ ਪਰਮਿੰਦਰਪਾਲ ਸਿੰਘ ਖਾਲਸਾ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰਪਾਲ ਸਿੰਘ ਗੋਲਡੀ, ਸਕੱਤਰ ਜਨਰਲ ਪ੍ਰੋ. ਬਲਵਿੰਦਰਪਾਲ ਸਿੰਘ, ਜਨਰਲ ਸਕੱਤਰ ਮਨਜੀਤ ਸਿੰਘ ਗਤਕਾ ਮਾਸਟਰ ਅਤੇ ਮਨਪ੍ਰੀਤ ਸਿੰਘ ਦਿੱਲੀ ਯੂਨਿਟ ਨੇ ਗੁੰਮ ਹੋਏ 328 ਸਰੂਪਾਂ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਬਰਾਬਰ ਦਾ ਦੋਸ਼ੀ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਤੇ ਸੁਖਬੀਰ ਬਾਦਲ ਨੂੰ ਬਚਾਉਣ ਲਈ ਛੋਟੇ ਮੁਲਾਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਸੀਮਤ ਕਰ ਦਿੱਤੀ ਗਈ ਹੈ। ਅਜਿਹਾ ਕਰ ਕੇ ਖਾਲਸਾ ਪੰਥ ਨਾਲ ਧੋਖਾ ਕੀਤਾ ਗਿਆ ਹੈ। ਸ੍ਰੀ ਖਾਲਸਾ ਨੇ ਕਿਹਾ ਕਿ ਐੱਸਜੀਪੀਸੀ ਨੇ ਮੁੱਖ ਸਕੱਤਰ ਰੂਪ ਸਿੰਘ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ ਪਰ ਸੁਆਲ ਇਹ ਹੈ ਕਿ ਇਹ ਘਪਲਾ ਸਾਹਮਣੇ ਆਉਣ ਦੌਰਾਨ ਉਸ ਨੂੰ ਵਿਦੇਸ਼ ਕਿਉਂ ਜਾਣ ਦਿੱਤਾ ਗਿਆ।

  ਐੱਸਏਐੱਸ ਨਗਰ - ਮੁਹਾਲੀ ਅਦਾਲਤ ਨੇ ਬਲਵੰਤ ਸਿੰਘ ਮੁਲਤਾਨੀ ਕੇਸ ’ਚ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਵੱਡੀ ਰਾਹਤ ਦਿੰਦਿਆਂ ਅਗਲੇ ਹੁਕਮਾਂ ਤੱਕ ਉਨ੍ਹਾਂ ਦੀ ਗ੍ਰਿਫ਼ਤਾਰੀ ’ਤੇ ਰੋਕ ਲਗਾ ਦਿੱਤੀ ਹੈ। ਅੱਜ ਜਿਵੇਂ ਹੀ ਮੁਹਾਲੀ ਪੁਲੀਸ ਨੇ ਸੈਣੀ ਦੀ ਗ੍ਰਿਫ਼ਤਾਰੀ ਲਈ ਉਨ੍ਹਾਂ ਦੇ ਘਰ, ਫਾਰਮ ਹਾਊਸ ਸਮੇਤ ਹੋਰ ਟਿਕਾਣਿਆਂ ਉੱਤੇ ਛਾਪੇ ਮਾਰਨੇ ਸ਼ੁਰੂ ਕੀਤੇ ਤਾਂ ਸੈਣੀ ਮੁੜ ਅਦਾਲਤ ਦੀ ਸ਼ਰਨ ਵਿੱਚ ਪਹੁੰਚ ਗਏ। ਸੈਣੀ ਨੇ ਆਪਣੇ ਵਕੀਲ ਏ ਪੀ ਐੱਸ ਦਿਉਲ ਰਾਹੀਂ ਅਦਾਲਤ ਵਿੱਚ ਨਵੇਂ ਸਿਰਿਓਂ ਅਰਜ਼ੀ ਦਾਇਰ ਕਰ ਕੇ ਕੱਲ ਜਾਰੀ ਕੀਤੇ ਗਏ ਹੁਕਮਾਂ ਬਾਰੇ ਸਥਿਤੀ ਸਪੱਸ਼ਟ ਕਰਨ ਅਤੇ ਇਨਸਾਫ਼ ਦੀ ਬੇਨਤੀ ਕਰਦਿਆਂ ਪੰਜਾਬ ਸਰਕਾਰ ’ਤੇ ਅਦਾਲਤੀ ਕਾਰਵਾਈ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਦੋਸ਼ ਲਾਇਆ। ਅਦਾਲਤ ਨੇ ਬਚਾਅ ਪੱਖ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਅਗਲੇ ਹੁਕਮਾਂ ਤੱਕ ਸੈਣੀ ਦੀ ਗ੍ਰਿਫ਼ਤਾਰੀ ’ਤੇ ਰੋਕ ਲਗਾ ਦਿੱਤੀ। ਸ੍ਰੀ ਦਿਉਲ ਨੇ ਦੱਸਿਆ ਕਿ ਜਦੋਂ ਤੱਕ ਧਾਰਾ 302 ਵਿੱਚ ਸੈਣੀ ਦੀ ਜ਼ਮਾਨਤ ਅਰਜ਼ੀ ਦਾ ਨਿਬੇੜਾ ਨਹੀਂ ਹੋ ਜਾਂਦਾ ਉਦੋਂ ਤੱਕ ਉਨ੍ਹਾਂ ਦੀ ਗ੍ਰਿਫ਼ਤਾਰੀ ’ਤੇ ਆਰਜ਼ੀ ਰੋਕ ਬਰਕਰਾਰ ਰਹੇਗੀ। ਇਸ ਸਬੰਧੀ ਅਗਲੀ ਸੁਣਵਾਈ 1 ਸਤੰਬਰ ਨੂੰ ਹੋਵੇਗੀ।
  ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਸਰਤੇਜ ਸਿੰਘ ਨਰੂਲਾ ਅਤੇ ਪੀੜਤ ਪਰਿਵਾਰ ਦੇ ਵਕੀਲ ਪਰਦੀਪ ਸਿੰਘ ਵਿਰਕ ਨੇ ਅਦਾਲਤ ਦੇ ਤਾਜ਼ਾ ਫ਼ੈਸਲੇ ’ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਅਦਾਲਤ ਨੇ ਸਟੇਟ ਅਤੇ ਪੀੜਤ ਪਰਿਵਾਰ ਦਾ ਪੱਖ ਸੁਣੇ ਬਿਨਾਂ ਹੀ ਸਾਬਕਾ ਡੀਜੀਪੀ ਨੂੰ ਜ਼ਮਾਨਤ ਦੇ ਦਿੱਤੀ ਹੈ। ਉਨ੍ਹਾਂ ਮੰਗ ਕੀਤੀ ਕਿ ਸੈਣੀ ਨੂੰ ਗ੍ਰਿਫ਼ਤਾਰ ਕਰ ਕੇ ਪੁਲੀਸ ਹਿਰਾਸਤ ਵਿੱਚ ਪੁੱਛ-ਗਿੱਛ ਹੋਣੀ ਚਾਹੀਦੀ ਹੈ। ਉਨ੍ਹਾਂ ਆਪਣੀ ਅਰਜ਼ੀ ਵਿੱਚ 16 ਸਵਾਲ ਪੁੱਛਣ ਦਾ ਵੇਰਵਾ ਵੀ ਦਿੱਤਾ ਹੈ। ਉਧਰ, ਮੁਹਾਲੀ ਪੁਲੀਸ ਅਤੇ ਸਿੱਟ ਦੀ ਟੀਮ ਨੇ ਸਾਂਝੇ ਤੌਰ ’ਤੇ ਸ਼ੁੱਕਰਵਾਰ ਸਵੇਰੇ ਹੀ ਸੈਣੀ ਨੂੰ ਗ੍ਰਿਫ਼ਤਾਰ ਕਰਨ ਲਈ ਉਸ ਦੇ ਸੈਕਟਰ-20 ਸਥਿਤ ਘਰ ਸਮੇਤ ਹੋਰ ਥਾਵਾਂ ’ਤੇ ਛਾਪੇ ਮਾਰੇ ਪਰ ਪੁਲੀਸ ਨੂੰ ਸੈਣੀ ਕਿਤੇ ਵੀ ਨਹੀਂ ਮਿਲਿਆ। ਸੂਤਰਾਂ ਮੁਤਾਬਕ ਘਰ ਦੇ ਬਾਹਰ ਤਾਇਨਾਤ ਸੁਰੱਖਿਆ ਅਮਲੇ ਨੇ ਪੁਲੀਸ ਨੂੰ ਦੱਸਿਆ ਕਿ ਸੈਣੀ ਘਰ ਨਹੀਂ ਹੈ। ਪੰਜਾਬ ਪੁਲੀਸ ਦੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ ਦੇ ਨੇੜੇ ਸੁਮੇਧ ਸੈਣੀ ਦੇ ਫਾਰਮ ਹਾਊਸ ਵਿੱਚ ਵੀ ਪੁਲੀਸ ਪਾਰਟੀ ਨੇ ਛਾਪਾ ਮਾਰਿਆ ਪਰ ਉਥੇ ਵੀ ਸੈਣੀ ਨਹੀਂ ਮਿਲਿਆ। ਪੀੜਤ ਪਰਿਵਾਰ ਦੇ ਵਕੀਲ ਪਰਦੀਪ ਸਿੰਘ ਵਿਰਕ ਨੇ ਦੋਸ਼ ਲਾਇਆ ਕਿ ਸੈਣੀ ਨੇ ਗਾਇਬ ਹੋ ਕੇ ਜ਼ਿਲ੍ਹਾ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸੈਣੀ ਖ਼ੁਦ ਨੂੰ ਦਲੇਰ ਅਫ਼ਸਰ ਮੰਨਦਾ ਹੈ ਤਾਂ ਉਹ ਪੁਲੀਸ ਜਾਂਚ ਦਾ ਸਾਹਮਣਾ ਕਰਨ ਅਤੇ ਗ੍ਰਿਫ਼ਤਾਰੀ ਦੇ ਡਰ ਤੋਂ ਕਿਉਂ ਭੱਜ ਰਿਹਾ ਹੈ।

  ਚੰਡੀਗੜ੍ਹ -  ਪੰਜਾਬ ਵਿਧਾਨ ਸਭਾ ਦੇ ਇੱਕ ਦਿਨਾਂ ਇਜਲਾਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਨੂੰ 7 ਦਿਨਾਂ ਲਈ ਇਕਾਂਤਵਾਸ ਵਿੱਚ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਗੱਲ ਦਾ ਪ੍ਰਗਟਾਵਾ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਰਾਹੀ ਕੀਤਾ। ਸ੍ਰੀ ਠੁਕਰਾਲ ਨੇ ਟਵੀਟ ’ਚ ਦੱਸਿਆ ਕਿ ਅੱਜ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਦੋ ਵਿਧਾਇਕ ਕਰੋਨਾ ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਸੀ। ਇਸ ਕਰ ਕੇ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਨਿਯਮਾਂ ਦੀ ਪਾਲਣਾ ਕਰਦਿਆਂ ਅਤੇ ਡਾਕਟਰਾਂ ਦੀ ਸਲਾਹ ਨਾਲ ਖ਼ੁਦ ਨੂੰ 7 ਦਿਨਾਂ ਲਈ ਇਕਾਂਤਵਾਸ ’ਚ ਰੱਖਣ ਦਾ ਫ਼ੈਸਲਾ ਕੀਤਾ ਹੈ। ਸੂਤਰਾਂ ਅਨੁਸਾਰ ਮੁੱਖ ਮੰਤਰੀ ਪਿਛਲੇ ਲੰਬੇ ਸਮੇਂ ਤੋਂ ਆਪਣੇ ਫਾਰਮ ਹਾਊਸ ’ਚ ਹੀ ਰਹਿ ਰਹੇ ਸਨ ਅਤੇ ਹੁਣ ਉੱਥੇ ਹੀ 7 ਦਿਨ ਇਕਾਂਤਵਾਸ ਵਿੱਚ ਰਹਿਣਗੇ।

   

  ਨਵੀਂ ਦਿੱਲੀ , (ਮਨਪ੍ਰੀਤ ਸਿੰਘ ਖਾਲਸਾ) - ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਪਰਮਜੀਤ ਸਿੰਘ ਭਿਓਰਾ ਨੇ ਅਪਣੇ ਭਰਾਤਾ ਰਾਹੀ ਭੇਜੇ ਸੁਨੇਹੇ ਵਿਚ ਅਮਰ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੇ ਮਾਤਾ ਸੁਰਜੀਤ ਕੌਰ ਦੇ ਅਕਾਲ ਚਲਾਣੇ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਕਿ ਭਾਈ ਸੁੱਖਾ ਕੌਮ ਦੇ ਮੂਹਰਲੀ ਕਤਾਰਾਂ ਦੇ ਸ਼ਹੀਦਾਂ ਵਿੱਚੋ ਸਨ ਜਿਨ੍ਹਾਂ ਨੇ ਜਾਣ ਬਚਾਣ ਦੀ ਅਪੀਲ ਠੁੱਕਰਾਂਦਿਆ ਹੱਸਦੇ ਹੋਏ ਕੌਮ ਦੀ ਆਜ਼ਾਦੀ ਖਾਤਿਰ ਫਾਂਸੀ ਦਾ ਫੰਦਾ ਗਲੇ ਪਵਾਯਾ ਸੀ, ਦੇ ਮਾਤਾ ਜੀ ਦਾ ਅਕਾਲ ਚਲਾਣਾ ਬਹੁਤ ਦੁਖ ਭਰਿਆ ਹੈ, ਕੌਮ ਲਈ ਜੂਝਣ ਵਾਲੇ ਪੁੱਤ ਜੰਮਣ ਵਾਲੀਆਂ ਮਾਵਾਂ ਦਾ ਹੱਥ ਹਮੇਸ਼ਾ ਕੌਮ ਦੇ ਸਿਰ ਤੇ ਰਹਿਣਾ ਚਾਹੀਦਾ ਹੈ ਜਿਨ੍ਹਾਂ ਨੂੰ ਦੇਖ ਨੌਜੁਆਨਾਂ ਨੂੰ ਵੀ ਸੰਘਰਸ਼ ਕਰਣ ਦਾ ਚਾਅ ਚੜ੍ਹਿਆ ਰਹਿੰਦਾ ਹੈ । ਉਨ੍ਹਾਂ ਨੇ ਕੌਮ ਨੂੰ ਭੇਜੇ ਸੁਨੇਹੇ ਵਿਚ ਕਿਹਾ ਕਿ ਇਨਸਾਨ ਲਈ ਗੁਲਾਮੀ ਲਾਹਨਤ ਹੈ । ਜੇਕਰ ਖਾਲਸਾ ਗੁਲਾਮ ਹੋਵੇ ਤਾਂ ਉਸ ਦੇ ਲਈ ਇਹ ਬੇਸ਼ਰਮੀ ਭਰੀ ਲਾਹਨਤ ਹੈ । ਵਿਗੜਿਆ ਹੋਇਆ ਮਨੁੱਖ ਹਮੇਸ਼ਾ ਸਚਿਆਰੇ ਮਨੁੱਖ ਨੁੰ ਉਸ ਦੀ ਹਲੇਮੀ ਦਾ ਨਾਜਾਇਜ ਫਾਇਦਾ ਉਠਾਉਦੇਂ ਹੋਏ ਉਸ ਨੂੰ ਆਪਣੀ ਲੱਤ ਹੇਠ ਰਖਦਾ ਹੈ । ਉਨ੍ਹਾਂ ਕਿਹਾ ਕਿ ਜੋ ਸ਼ਹਾਦਤਾਂ ਭੁੱਲ ਜਾਦੇਂ ਹਨ ਉਹ ਆਜਾਦੀ ਨੂੰ ਵੀ ਭੁੱਲ ਜਾਦੇਂ ਹਨ, ਉਹ ਕਦੇ ਵੀ ਲੰਮੀ ਉਮਰ ਜਿੰਦਾ ਨਹੀ ਰਹਿੰਦੇ । ਬੰਦੀ ਸਿੰਘਾਂ ਨੇ ਭੇਜੇ ਸੁਨੇਹੇ ਵਿਚ ਕਿਹਾ ਕਿ ਸਿੱਖ ਕੌਮ ਦੀ ਆਜਾਦੀ ਲਈ ਚਲ ਰਹੇ ਮੌਜੁਦਾ ਸੰਘਰਸ਼ ਵਿਚ ਅਪਣੀ ਵਿਲਖਣ ਸ਼ਹਾਦਤ ਨਾਲ ਕੌਮ ਨੂੰ ਹਲੂਣਾਂ ਦੇਣ ਵਾਲੇ ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲੇ ਦਾ ਸ਼ਹੀਦੀ ਦਿਹਾੜਾ ਜੋ ਕਿ 31 ਅਗਸਤ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਮਨਾਇਆ ਜਾ ਰਿਹਾ ਹੈ ਸਮੂਹ ਬੰਦੀ ਸਿਘਾਂ ਵਲੋਂ ਅਪੀਲ ਕਰਦੇ ਹਾਂ ਕਿ ਇਸ ਦਿਨ ਸਮੂਹ ਪੰਥਕ ਜੱਥੇਬੰਦੀਆਂ ਅਤੇ ਸਿੱਖ ਸੰਗਤਾਂ ਕੌਮੀ ਸ਼ਹੀਦਾਂ ਦੀ ਸ਼ਹਾਦਤ ਨੂੰ ਨਤਮਸਤਕ ਹੁਦਿੰਆਂ ਹੋਇਆ ਸੰਸਾਰ ਭਰ ਵਿਚ ਫੈਲੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਜੋ ਹਾਜਿਰੀ ਲਗਾ ਸਕਦੇ ਹਨ, ਜਰੂਰ ਪਹੁੰਚਣ ਅਤੇ ਜੋ ਨਹੀ ਜਾ ਸਕਦੇ ਉਹ ਅਪਣੇ ਅਪਣੇ ਇਲਾਕਿਆਂ ਅੰਦਰ ਭਾਈ ਦਿਲਾਵਰ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੁੰਦਿਆਂ ਹੋਇਆ ਆਪੋ ਆਪਣੇ ਵਸੀਲਿਆਂ ਰਾਹੀ ਸ਼ਹੀਦੀ ਦਿਹਾੜਾ ਮਨਾਉਣ ਦਾ ਉਪਰਾਲਾ ਕਰਨ । ਉਨ੍ਹਾਂ ਨੇ ਸਿੱਖ ਜਥੇਬੰਦੀਆਂ, ਕਮੇਟੀਆਂ, ਟਕਸਾਲਾਂ, ਨਿਹੰਗ ਜਥੇਬੰਦੀਆਂ ਅਤੇ ਫੈਡਰੇਸ਼ਨਾਂ ਨੂੰ ਕਿਹਾ ਕਿ ਇਸ ਸਮੇਂ ਇਨ੍ਹਾਂ ਦਾ ਮੁੱਢਲਾ ਫਰਜ ਬਣਦਾ ਹੈ ਕਿ ਸਾਡੀ ਨੋਜੁਆਨ ਪੀੜੀ ਨੂੰ ਦਸਿਆ ਜਾਏ ਕਿ ਭਾਈ ਦਿਲਾਵਰ ਸਿੰਘ ਨੂੰ ਮਨੁਖੀ ਬੰਬ ਕਿਉਂ ਬਣਨਾ ਪਿਆ ਸੀ ਤੇ ਕਿਸ ਤਰ੍ਹਾਂ ਉਨ੍ਹਾਂ ਦੇ ਅਪਣੀ ਸ਼ਹੀਦੀ ਦੇ ਕੇ ਸਿੱਖੀ ਪੰਰਪਰਾਵਾਂ ਨੂੰ ਚਾਰ ਚੰਨ ਲਾਏ ਸੀ ।

  ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) -ਦਿੱਲੀ ਦੀ ਪਟਿਆਲਾ ਹਾਉਸ ਵਿਖੇ ਐਨਆਈਏ ਅਦਾਲਤ ਅੰਦਰ ਜਗਤਾਰ ਸਿੰਘ ਜੱਗੀ ਜੌਹਲ, ਰਮਨਦੀਪ ਸਿੰਘ ਬੱਗਾ, ਹਰਦੀਪ ਸਿੰਘ ਸ਼ੇਰਾ, ਧਰਮਿੰਦਰ ਸਿੰਘ ਗੁਗਨੀ, ਅਮਨਿੰਦਰ ਸਿੰਘ, ਪਹਾੜ ਸਿੰਘ ਸਣੇ ਹੋਰ ਸਾਰੇ ਖਾੜਕੂਆਂ ਨੂੰ ਜੱਜ ਪ੍ਰਵੀਨ ਸਿੰਘ ਦੀ ਅਦਾਲਤ ਵਿਚ ਐਫਆਈਆਰ ਨੰ 18,22,23,25,26,27 ਦੀਆਂ ਵੱਖ ਵੱਖ ਧਾਰਾਵਾਂ ਅਧੀਨ ਦਿੱਲੀ ਦੀਆਂ ਵੱਖ ਵੱਖ ਜੇਲ੍ਹਾਂ ਅੰਦਰ ਬੰਦ ਖਾੜਕੂ ਸਿੰਘਾਂ ਨੂੰ ਵੀਡਿਓ ਕਾਨਫ੍ਰੇਸਿੰਗ ਰਾਹੀ ਪੇਸ਼ ਕੀਤਾ ਗਿਆ । ਅਜ ਚਲੇ ਮਾਮਲੇ ਅੰਦਰ ਜੱਜ ਸਾਹਿਬ ਨੇ ਮਾਮਲੇ ਨਾਲ ਸੰਬਧਿਤ ਕਾਗਜਾਤ ਘੱਟ ਹੋਣ ਤੇ ਪੁੱਛਣ ਤੇ ਪੰਥਕ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਮੰਗ ਕੀਤੀ ਕਿ ਸਾਡੇ ਕੋਲ ਮਾਮਲੇ ਨਾਲ ਸੰੰਬਧਿਤ ਸਾਰੇ ਕਾਗਜਾਤ ਨਹੀ ਹਨ ਜਿਸ ਤੇ ਕਾਰਵਾਈ ਕਰਦੇ ਹੋਏ ਜੱਜ ਸਾਹਿਬ ਨੇ ਇਸ ਬਾਰੇ ਲਿਖਤੀ ਅਪੀਲ ਦੇਣ ਵਾਸਤੇ ਕਿਹਾ ਜਿਸ ਤੇ ਪੰਥਕ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਈਮੇਲ ਰਾਹੀ ਅਪੀਲ ਦਰਜ਼ ਕਰਵਾ ਦਿੱਤੀ ਤੇ ਉਮੀਦ ਹੈ ਕਿ ਅਗਲੀ ਤਰੀਕ ਤੇ ਮਾਮਲੇ ਨਾਲ ਸੰੰਬਧਿਤ ਕਾਗਜਾਤ ਐਨਆਈਏ ਵਕੀਲ ਸਾਹਿਬਾਨਾਂ ਨੂੰ ਉਪਲਬਧ ਕਰਵਾ ਦੇਵੇਗੀ । ਜਿਕਰਯੋਗ ਹੈ ਕਿ ਐਨਆਈਏ ਵਲੋਂ ਵਕੀਲਾਂ ਨੂੰ ਉਪਲਬਧ ਕਰਵਾਏ ਗਏ ਕਾਗਜਾਤਾਂ ਅੰਦਰ ਨਾਮਜਦ ਸਿੰਘਾਂ ਅਤੇ ਦੋਸ਼ੀਆਂ ਦੇ ਧਾਰਾ 164 ਤਕ ਦੇ ਬਿਆਨ ਕਟਵੱਧ ਕਰਕੇ ਦਿਤੇ ਗਏ ਹਨ ਜਿਸਤੇ ਵਕੀਲਾਂ ਵਲੋਂ ਅਦਾਲਤ ਅੰਦਰ ਇਤਰਾਜ ਚੁਕਿਆ ਗਿਆ ਸੀ, ਬਾਰੇ ਜੱਜ ਸਾਹਿਬ ਨੇ ਕਿਹਾ ਕਿ ਇਸ ਮਾਮਲੇ ਅੰਦਰ ਬਿਆਨਾਂ ਨਾਲ ਕਿਸੇ ਕਿਸਮ ਦੀ ਕਟਵੱਧ ਨਹੀ ਕੀਤੀ ਜਾ ਸਕਦੀ ਹੈ ਤੇ ਵਕੀਲਾਂ ਨੂੰ ਪੁਰੇ ਬਿਆਨ ਦਿੱਤੇ ਜਾਣਗੇ ਜਿਸ ਬਾਰੇ ਅਦਾਲਤ ਵਲੋਂ ਐਨਆਈਏ ਨੂੰ ਹਿਦਾਇਤ ਜਾਰੀ ਕਰ ਦਿੱਤੀ ਗਈ ਹੈ । ਅਦਾਲਤ ਵਿਚ ਖਾੜਕੂ ਸਿੰਘਾਂ ਵਲੋਂ ਵੀਡਿਓ ਲਿੰਕ ਰਾਹੀ ਵਕੀਲ ਸ. ਪਰਮਜੀਤ ਸਿੰਘ, ਜਸਪਾਲ ਸਿੰਘ ਮੰਝਪੁਰ ਅਤੇ ਕੁਲਸ਼੍ਰੇਸ਼ਥਾ ਬੰਨਕਿਮ ਹਾਜਿਰ ਹੋਏ ਸਨ । ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ 29 ਅਕਤੂਬਰ ਨੂੰ ਹੋਵੇਗੀ ।

  ਨਵੀਂ ਦਿੱਲੀ , (ਮਨਪ੍ਰੀਤ ਸਿੰਘ ਖਾਲਸਾ) - ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਸਕੱਤਰ ਜਨਰਲ ਸ.ਹਰਵਿੰਦਰ ਸਿੰਘ ਸਰਨਾ ਦੀ ਅਗਵਾਈ ਵਿੱਚ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸ. ਕੰਵਲਜੀਤ ਸਿੰਘ ਅਲੱਗ ਨੂੰ ਦਿੱਲੀ ਦੀ ਘੱਟ ਗਿਣਤੀ ਕਮੀਸ਼ਨ ਦਾ ਮੈਂਬਰ ਚੁਣੇ ਜਾਣ ਤੇ ਮੁਬਾਰਕਬਾਦ ਦੇਣ ਉਹਨਾਂ ਦੇ ਦਫ਼ਤਰ ਪੰਹੁਚੀ।
  ਜਿਕਰਯੋਗ ਹੈ ਕਿ ਕੰਵਲਜੀਤ ਸਿੰਘ ਅਲੱਗ ਦੀ ਸਰਨਾ ਬੰਧੂਆਂ ਨਾਲ ਕਾਫੀ ਨੇੜ੍ਹਤਾ ਵੀ ਦੱਸੀ ਜਾਂਦੀ ਹੈ। ਜਿਸ ਕਰਕੇ ਸ਼੍ਰੋਮਣੀ ਅਕਾਲੀ ਦੱਲ(ਦਿੱਲੀ) ਨੇ ਨਵ ਨਿਯੁੱਕਤ ਮੈਂਬਰ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਉਮੀਦ ਜਤਾਈ ਕਿ ਉਹ ਘੱਟ ਗਿਣਤੀ ਨਾਲ ਕਿਸੇ ਵੀ ਤਰੀਕੇ ਦੀ ਵਧੀਕੀ ਨਹੀਂ ਹੋਣ ਦੇਣਗੇ।
  ਸ. ਸਰਨਾ ਨੇ ਆਖਿਆ "ਸਾਨੂੰ ਉਮੀਦ ਹੈ ਕਿ ਸਰਦਾਰ ਕੰਵਲਜੀਤ ਸਿੰਘ ਅਲੱਗ ਸੂਬਾ ਸਰਕਾਰ ਵਲੋਂ ਘੱਟ ਗਿਣਤੀਆਂ ਲਈ ਅਲਾਟ ਹਰੇਕ ਵੈਲਫੇਅਰ ਸਕੀਮ, ਸਿਖਿਆਰਥੀਆਂ ਲਈ ਵਜੀਫੇ ਘਰ ਘਰ ਪੁਜਾਉਣ ਵਿੱਚ ਸਹਾਈ ਹੋਣਗੇ ਅਤੇ ਅਸੀਂ ਹਰ ਵੇਲੇ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ੍ਹ ਕੇ ਖੜੇ ਹਾਂ"।
  ਯੂਥ ਵਿੰਗ ਆਗੂ ਸ. ਰਮਨਦੀਪ ਸਿੰਘ ਸੋਨੂੰ ਨੇ ਦੱਸਿਆ "ਸ ਅਲੱਗ ਦੇ ਦਾਦਾ ਜੀ ਪਾਕਿਸਤਾਨ ਦੇ ਗੁੱਜਰ ਖਾਨ ਦੇ ਰਹਿਣ ਵਾਲੇ ਸਨ ਅਤੇ ਉੱਥੇ ਵੀ ਸਿੰਘ ਸਭਾ ਐਸੋਸੀਏਸ਼ਨ ਦੇ ਪ੍ਰਧਾਨ ਰਹਿ ਚੁੱਕੇ ਹਨ ਅਤੇ ਇਸੇ ਤਰ੍ਹਾਂ ਸ. ਅਲੱਗ ਵੀ ਦਿੱਲੀ ਵਿੱਚ ਕਾਫੀ ਐਸੋਸੀਏਸ਼ਨਾਂ ਦੇ ਪ੍ਰਧਾਨ ਹਨ ਜੋ ਲੋਕ ਭਲਾਈ ਦੇ ਕੰਮ ਕਰਦੀਆਂ ਹਨ। ਅਸੀਂ ਆਸ਼ਾ ਕਰਦੇ ਹਾਂ ਕਿ ਸ. ਅਲੱਘ ਅੱਗੇ ਵੀ ਇਸੇ ਤਰ੍ਹਾਂ ਹੀ ਕੋਮ ਅਤੇ ਘੱਟ ਗਿਣਤੀਆਂ ਦੀ ਸੇਵਾ ਲਈ ਸਦਾ ਤੱਤਪਰ ਰਹਿਣਗੇ"।
  ਇਸ ਮੋਕੇ 'ਤੇ ਸ.ਮਨਜੀਤ ਸਿੰਘ ਸਰਨਾ, ਤਜਿੰਦਰ ਸਿੰਘ ਗੋਪਾ, ਇਕਬਾਲ ਸਿੰਘ, ਗੁਰਦੀਪ ਸਿੰਘ ਮਿੰਟੂ, ਇੰਦਰਜੀਤ ਸਿੰਘ ਸੰਤਗੜ੍ਹ, ਹਰਵਿੰਦਰ ਸਿੰਘ ਬੌਬੀ, ਐਡਵੋਕੇਟ ਮੰਕਨਦੀਪ ਸਿੰਘ ਬੰਮੀ, ਪਰਮਜੀਤ ਸਿੰਘ ਖੁਰਾਨਾ, ਮਨਿੰਦਰ ਸਿੰਘ ਸੂਦਨ, ਐਚ ਪੀ ਸਿੰਘ ਅਤੇ ਹੋਰ ਪਤਵੰਤੇ ਸੱਜਨ ਹਾਜ਼ਰ ਸਨ।

  ਅੰਮ੍ਰਿਤਸਰ - ਸ੍ਰੀ ਅਕਾਲ ਤਖ਼ਤ ਤੋਂ ਜਥੇਦਾਰਾਂ ਵੱਲੋਂ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਾ ਦੇ ਪ੍ਰਚਾਰ ’ਤੇ ਲਾਈ ਗਈ ਰੋਕ ਦਾ ਫ਼ੈਸਲਾ ਪੰਥਕ ਹਲਕਿਆਂ ਵਿਚ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕੁਝ ਇਸ ਨੂੰ ਮਾਮੂਲੀ ਕਾਰਵਾਈ ਆਖ ਰਹੇ ਹਨ ਅਤੇ ਕੁਝ ਇਸ ਨੂੰ ਸਖ਼ਤ ਦਸ ਰਹੇ ਹਨ।
  ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਾ ਖ਼ਿਲਾਫ਼ ਆਈਆਂ ਸ਼ਿਕਾਇਤਾਂ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਲਈ ਸ੍ਰੀ ਅਕਾਲ ਤਖ਼ਤ ਨੇ ਅਕਤੂਬਰ 2019 ਵਿਚ ਪੰਜ ਵਿਦਵਾਨਾਂ ਦੀ ਇਕ ਕਮੇਟੀ ਬਣਾਈ ਸੀ। ਇਸ ਕਮੇਟੀ ਵੱਲੋਂ ਪ੍ਰਚਾਰਕ ਢੱਡਰੀਆਂ ਵਾਲਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਇਸ ਸਬੰਧੀ ਤਿੰਨ ਮੀਟਿੰਗਾਂ ਵੀ ਸੱਦੀਆਂ ਗਈਆਂ। ਇਨ੍ਹਾਂ ਮੀਟਿੰਗਾਂ ਵਿਚ ਸ਼ਾਮਲ ਹੋਣ ਲਈ ਪ੍ਰਚਾਰਕ ਨੂੰ ਸੱਦਾ ਦਿੱਤਾ ਗਿਆ ਪਰ ਉਹ ਕਿਸੇ ਵੀ ਮੀਟਿੰਗ ਵਿਚ ਸ਼ਾਮਲ ਨਹੀਂ ਹੋਇਆ। ਕਰੋਨਾ ਦੇ ਚੱਲਦਿਆਂ ਵਿਦਵਾਨਾਂ ਵੱਲੋਂ ਕੁਝ ਮੀਟਿੰਗਾਂ ਵੀਡਿਓ ਕਾਨਫਰੰਸ ਰਾਹੀਂ ਵੀ ਕੀਤੀਆਂ ਗਈਆਂ। ਕਿਸੇ ਵੀ ਮੀਟਿੰਗ ਵਿਚ ਸਿੱਖ ਪ੍ਰਚਾਰਕ ਦੇ ਸ਼ਾਮਲ ਨਾ ਹੋਣ ਕਾਰਨ ਪੰਜ ਮੈਂਬਰੀ ਕਮੇਟੀ ਨੇ ਬੀਤੇ ਦਿਨ ਆਪਣੀ ਰਿਪੋਰਟ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਸੌਂਪ ਦਿੱਤੀ ਸੀ, ਜਿਸ ’ਚ ਉਸ ਨੂੰ ਬੋਲੇ ਗਲਤ ਕਥਨਾਂ ਲਈ ਦੋਸ਼ੀ ਕਰਾਰ ਦਿੱਤਾ ਗਿਆ।
  ਇਸ ਫੈਸਲੇ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਵੱਡੀ ਚਰਚਾ ਛਿੜੀ ਹੋਈ ਹੈ, ਜਿਸ ਵਿਚ ਕੁਝ ਧਿਰਾਂ ਵੱਲੋਂ ਸੋਸ਼ਲ ਮੀਡੀਆ ’ਤੇ ਇਸ ਫ਼ੈਸਲੇ ਬਾਰੇ ਕਿੰਤੂ-ਪ੍ਰੰਤੂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸਿੱਖ ਪ੍ਰਚਾਰਕ ਢੱਡਰੀਆਂਵਾਲਾ ਮਾਮਲੇ ਵਿਚ ਬਣਾਈ ਗਈ ਜਾਂਚ ਕਮੇਟੀ ਦੇ ਇਕ ਮੈਂਬਰ ਨੇ ਅਕਾਲ ਤਖ਼ਤ ਵੱਲੋਂ ਕੀਤੀ ਕਾਰਵਾਈ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਆਖਿਆ ਕਿ ਇਸ ਫੈਸਲੇ ਨਾਲ ਜਿੱਥੇ ਸਖ਼ਤ ਰੁਖ਼ ਅਖ਼ਤਿਆਰ ਕਰਨ ਦਾ ਸੰਕੇਤ ਦਿੱਤਾ ਗਿਆ ਹੈ, ਉਥੇ ਹੀ ਗੱਲਬਾਤ ਦੇ ਰਸਤੇ ਵੀ ਖੁੱਲ੍ਹੇ ਰੱਖੇ ਗਏ ਹਨ।
  ਸਿੱਖ ਜਥੇਬੰਦੀਆਂ ਦੇ ਸਮੂਹ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਅਤੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਇਕ ਬਿਆਨ ਵਿਚ ਇਸ ਮਸਲੇ ਬਾਰੇ ਗੱਲ ਕਰਦਿਆਂ ਆਖਿਆ ਕਿ ਸਿੱਖ ਪ੍ਰਚਾਰਕ ਬਾਰੇ ਦਿਖਾਈ ਗਈ ਸਖ਼ਤੀ ਪੱਖਪਾਤ ਦਾ ਪ੍ਰਦਰਸ਼ਨ ਹੈ। ਉਨ੍ਹਾਂ ਇਸ ਸਜ਼ਾ ਨੂੰ ਸਖ਼ਤ ਆਖਦਿਆਂ ਕਿਹਾ ਕਿ ਗੁਰੂ ਸਾਹਿਬ ਨੂੰ ਲਵ-ਕੁਸ਼ ਦਾ ਵੰਸ਼ਜ ਦੱਸਣ ਵਾਲੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਦੇ ਮਾਮਲੇ ਵਿਚ ਤਾਂ ਸਿਰਫ ਬਿਆਨ ਨਾਲ ਅਸਹਿਮਤੀ ਪ੍ਰਗਟਾਈ ਗਈ ਹੈ, ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।

  ਚੰਡੀਗੜ੍ਹ  - ਪੰਜਾਬ ਦੇ 23 ਵਿਧਾਇਕ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਟੈਸਟ ਕੀਤੇ ਗਏ ਹਨ।ਇਸ ਗੱਲ ਦੀ ਪੁਸ਼ਟੀ ਖੁਦ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਵੀਡੀਓ ਕਾਨਫੈਂਰਸਿੰਗ ਦੌਰਾਨ ਕੀਤੀ।28 ਅਗਸਤ ਨੂੰ ਪੰਜਾਬ ਵਿਧਾਨ ਸਭਾ ਦਾ ਇੱਕ ਦਿਨਾਂ ਸੈਸ਼ਨ ਹੋਣ ਵਾਲਾ ਹੈ।ਇਸ ਲਈ ਸਾਰੇ ਸਟਾਫ ਅਤੇ ਵਿਧਾਇਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ ਜਿਸ ‘ਚ 23 ਵਿਧਾਇਕ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਟੈਸਟ ਕੀਤੇ ਗਏ ਹਨ। ਅੱਜ ਕੋਰੋਨਾਵਾਇਰਸ ਦੇ ਹਲਾਤਾਂ ਬਾਰੇ ਸੋਨੀਆ ਗਾਂਧੀ ਨਾਲ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕੇ ਨਿਰਧਾਰਤ ਵਿਧਾਨ ਸਭਾ ਸੈਸ਼ਨ ਦੇ ਠੀਕ ਦੋ ਦਿਨ ਪਹਿਲਾਂ 23 ਵਿਧਾਇਕ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਹਨ।
  ਹਲਕਾ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਕੋਰੋਨਾ ਪੌਜ਼ੇਟਿਵ ਦੀ ਰਿਪੋਰਟ ਆਉਣ ਦੇ ਸਮਾਚਾਰ ਪ੍ਰਾਪਤ ਹੋਏ ਹਨ ਜਾਣਕਾਰੀ ਅਨੁਸਾਰ ਸਿਹਤ ਵਿਭਾਗ ਦੀ ਟੀਮ ਮੰਗਲਵਾਰ ਨੂੰ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਸੈਂਪਲ ਲੈ ਕੇ ਕੋਵਿਡ 19 ਜਾਂਚ ਲਈ ਭੇਜਿਆ ਗਿਆ ਜਿਸਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਉਨ੍ਹਾਂ ਦੀ 48 ਘੰਟਿਆ ਵਾਲੀ ਰਿਪੋਟ ਆਉਣੀ ਬਾਕੀ ਹੈ ਅੱਜ ਸਿਹਤ ਵਿਭਾਗ ਵੱਲੋਂ ਉਨ੍ਹਾਂ ਦੀ ਪਤਨੀ ਬੱਚਿਆਂ ਅਤੇ ਸੁਰੱਖਿਆ ਗਾਰਡ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾਣਗੇ ਸਿਹਤ ਵਿਭਾਗ ਨੇ ਪਿਛਲੇ ਕੁਝ ਦਿਨਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਅਕਤੀ ਖੁਦ ਕਮਿਊਨਿਟੀ ਹੈਲਥ ਸੈਂਟਰ ਮਹਿਲ ਕਲਾਂ ਜਾਂ ਆਪਣੇ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਆਪਣੀ ਜਾਂਚ ਕਰਵਾਉਣ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਸਾਥੀ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵੀ ਕੋਰੋਨਾ ਦੀ ਲਪੇਟ ਚ ਆ ਚੁੱਕੇ ਹਨ।

  ਅੰਮ੍ਰਿਤਸਰ - ਕਰੋਨਾ ਦੇ ਕਾਰਨ ਇਥੇ ਜ਼ਿਲ੍ਹੇ ਵਿੱਚ 73 ਹੋਰ ਨਵੇਂ ਮਾਮਲੇ ਆਏ ਹਨ ਅਤੇ 7 ਕਰੋਨਾ ਪੀੜਤਾਂ ਦੀ ਮੌਤ ਹੋ ਗਈ ਹੈ ।ਸਿਹਤ ਵਿਭਾਗ ਤੋ ਪ੍ਰਾਪਤ ਜਾਣਕਾਰੀ ਮੁਤਾਬਕ ਅਜ ਕਰੋਨਾ ਕਾਰਨ 65ਸਾਲਾ ਦੇ ਹੰਸਰਾਜ ਵਾਸੀ ਫੇਅਰਲੈਂਡ ਕਲੋਨੀ , 61ਸਾਲਾ ਸਰੋਜ਼ ਵਾਸੀ ਤਿਲਕ ਨਗਰ , 65 ਸਾਲਾ ਅਮਰਪਾਲ ਵਾਸੀ ਝਬਾਲ ਰੋਡ , 75 ਸਾਲਾ ਸੋਨੀਆ ਰਾਣੀ ਵਾਸੀ ਵੇਰਕਾ , 65 ਸਾਲਾ ਗੁਰਮੇਲ ਸਿੰਘ ਵਾਸੀ ਇੰਦਰਾ ਕਲੋਨੀ ਬਟਾਲਾ ਰੋਡ , 69 ਸਾਲਾ ਮੋਹਿੰਦਰ ਸਿੰਘ ਅਤੇ 66 ਸਾਲਾ ਸੁਖਦੇਵ ਸਿੰੰਘ ਵਾਸੀ ਪਿੰਡ ਚੋਹਾਨ ਸ਼ਾਮਲ ਹਨ। ਫਗਵਾੜਾ ਵਿਚ ਦੋ ਵਿਅਕਤੀਆਂ ਦੀ ਕਰੋਨਾ ਨਾਲ ਮੌਤ ਹੋਣ ਦੀ ਸੂਚਨਾ ਮਿਲੀ ਹੈ ਜਿਸ ਵਿੱਚ ਇੱਕ ਮਰਦ ਅਤੇ ਇੱਕ ਔਰਤ ਸ਼ਾਮਲ ਹਨ ਐਸਐਮਓ ਡਾਕਟਰ ਕਮਲ ਕਿਸ਼ੋਰ ਨੇ ਦੱਸਿਆ ਕਿ ਦਰਵੇਸ਼ ਪਿੰਡ ਦੀ ਮਹਿਲਾ ਪਰਮਿੰਦਰ ਕੌਰ ਅਤੇ ਹਰਗੋਬਿੰਦ ਨਗਰ ਦਾ ਵਾਸੀ ਸੁਭਾਸ਼ ਨਾਰੰਗ ਸ਼ਾਮਿਲ ਹਨ ਉਨ੍ਹਾਂ ਦੱਸਿਆ ਕਿ ਅੱਜ ਆਈਆਂ ਰਿਪੋਰਟਾਂ ਵਿੱਚ 17 ਮੈਂਬਰ ਪਾਜ਼ਟਿਵ ਆਏ ਹਨ।

  ਦੀਨਾਨਗਰ ਵਿਚ ਥਾਣਾ ਦੀਨਾਨਗਰ ’ਚ ਤਾਇਨਾਤ ਇੱਕ ਏਐੱਸਆਈ ਦੀ ਜਾਨ ਲੈ ਲਈ ਹੈ।ਮ੍ਰਿਤਕ ਏਐੱਸਆਈ ਹਰੀਸ਼ ਕੁਮਾਰ (46 ਸਾਲ) ਹਲਕਾ ਡੀਐੱਸਪੀ ਮਹੇਸ਼ ਸੈਣੀ ਨਾਲ ਬਤੌਰ ਪੀਐੱਸਓ ਤਾਇਨਾਤ ਸੀ ਅਤੇ ਕੁਝ ਦਿਨ ਪਹਿਲਾਂ ਹੀ ਉਸ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਜਾਣਕਾਰੀ ਅਨੁਸਾਰ ਉਹ ਦੀਨਾਨਗਰ ਦੇ ਪਿੰਡ ਮਰਾੜਾ ਦਾ ਰਹਿਣ ਵਾਲਾ ਸੀ।

  ਹੁਸ਼ਿਆਰਪੁਰ ’ਚ ਅੱਜ 79 ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਜਦੋਂਕਿ ਇੱਕ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਗਈ। ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਇਹ ਸਾਰੇ ਕੇਸ ਹੁਸ਼ਿਆਰਪੁਰ ਸ਼ਹਿਰ ਅਤੇ ਆਸਪਾਸ ਦੇ ਪਿੰਡਾਂ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਹਾਜੀਪੁਰ ਬਲਾਕ ਨਾਲ ਸਬੰਧਤ ਇੱਕ ਵਿਅਕਤੀ ਦੀ ਬੀਤੇ ਦਿਨ ਮੌਤ ਹੋ ਗਈ ਸੀ ਜਿਸ ਦੀ ਅੱਜ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।

  ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਇੱਕ ਮਹਿਲਾ ਸਮੇਤ ਦੋ ਜਣਿਆਂ ਦੀ ਕਰੋਨਾ ਨਾਲ ਅੰਮਿਤਸਰ ਦੇ ਜੀਐਮਸੀ ਹਸਪਤਾਲ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਜਦ ਕਿ ਅੱਜ ਜ਼ਿਲ੍ਹੇ ਅੰਦਰ 119 ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਉਣ ਦੀ ਪੁਸ਼ਟੀ ਕੀਤੀ ਹੈ।ਮਹਿਲਾ ਦੀਨਾਨਗਰ ਦੇ ਨੇੜਲੇ ਪਿੰਡ ਦੀ ਰਹਿਣ ਵਾਲੀ ਹੈ।

   ਕਸਬਾ ਫਤਿਹਗੜ੍ਹ ਚੂੜੀਆਂ ਵਿੱਚ 28 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਅਤੇ ਇੱਕ ਔਰਤ ਦੀ ਕਰੋਨਾ ਕਰਕੇ ਮੌਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਾਰਡ ਨੰਬਰ 12 ਵਿੱਚ ਬਲਵਿੰਦਰ ਕੌਰ ਦੀ ਕਰੋਨਾ ਕਰਕੇ ਮੌਤ ਹੋਈ ਹੈ। ਟਾਂਡਾ(ਸੁਰਿੰਦਰ ਸਿੰਘ ਗੁਰਾਇਆ): ਇਥੋਂ ਨੇੜਲੇ ਪਿੰਡ ਤਲਵੰਡੀ ਡੱਡੀਆਂ ਦੇ ਵਿਅਕਤੀ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦਿਲ ਦਾ ਦੌਰਾ ਪੈਣ ਕਾਰਨ ਇਸ ਵਿਅਕਤੀ ਨੂੰ 21 ਅਗਸਤ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਉਸ ਦੇ 24 ਅਗਸਤ ਨੂੰ ਲਏ ਸੈਂਪਲ ਦੀ ਰਿਪੋਰਟ 25 ਅਗਸਤ ਨੂੰ ਪਾਜ਼ੇਟਿਵ ਆਈ ਸੀ। ਉਸੇ ਰਾਤ ਕਰੀਬ 9 ਵਜੇ ਉਸ ਦੀ ਮੌਤ ਹੋ ਗਈ। ਸਰਕਾਰੀ ਹਸਪਤਾਲ ਟਾਂਡਾ ਦੀ ਟੀਮ ਨੇ ਅੱਜ ਸਰਕਾਰੀ ਹਦਾਇਤਾਂ ਮੁਤਾਬਕ ਉਸ ਦਾ ਅੰਤਿਮ ਸੰਸਕਾਰ ਕਰਵਾਇਆ।ਇਸ ਦੌਰਾਨ ਅੱਜ ਟਾਂਡਾ ਵਿੱਚ 5 ਹੋਰ ਕਰੋਨਾ ਪਾਜ਼ੇਟਿਵ ਕੇਸ ਆਏ ਹਨ। ਇਹ ਜਾਣਕਾਰੀ ਦਿੰਦਿਆਂ ਕੋਵਿਡ ਇੰਚਾਰਜ ਡਾ. ਕੇਆਰ ਬਾਲੀ ਨੇ ਦਿੱਤੀ ਹੈ।

  ਸਿਵਲ ਹਸਪਤਾਲ ਪੱਟੀ ਦੇ ਐੱਸਐੱਮਓ ਡਾਕਟਰ ਬੀਰਇੰਦਰ ਕੌਰ ਰੰਧਾਵਾ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਪਿਛਲੇ ਇੱਕ ਦਿਨ ਪਹਿਲਾਂ ਸਿਵਲ ਹਸਪਤਾਲ ਪੱਟੀ ਨਾਲ ਸਬੰਧਤ ਦੋ ਸਟਾਫ ਨਰਸਾਂ, ਇੱਕ ਐੱਲ ਟੀ ਤੇ ਇੱਕ ਡਰਾਈਵਰ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਸੀ। ਸਿਵਲ ਹਸਪਤਾਲ ਪੱਟੀ ਅੰਦਰ ਕਰੋਨਾ ਮਹਾਮਾਰੀ ਦੌਰਾਨ ਐੱਸਐੱਮਓ ਸਮੇਤ ਮੈਡੀਕਲ ਸਟਾਫ ਬਿਨਾਂ ਛੁੱਟੀ ਕੀਤਿਆ ਕਰੋਨਾ ਨਾਲ ਜੰਗ ਲੜੇ ਰਹੇ ਸਨ।

   

  2020 ਰਿਫ਼ਰੈਂਡਮ ਦੀ ਆੜ ਥੱਲੇ ਸਮੇਂ ਦੀਆਂ ਸਰਕਾਰਾਂ ਦੋ ਮਹਾਨ ਸਿੱਖ ਪ੍ਰੰਪਾਵਾਂ ਨੂੰ ਠੇਸ ਪਹੁੰਚਾਉਣ ਲੱਗੀਆਂ ਹੋਈਆਂ ਹਨ, ਜਿਨ੍ਹਾਂ ਲਈ ਨੇੜ ਭਵਿੱਖ ‘ਚ ਸਿੱਖ ਕੌਮ ਨੂੰ ਭਾਰੀ ਮੁੱਲ ਤਾਰਨਾ ਪਵੇਗਾ। ਸਿੱਖ ਦੀ ਅਰਦਾਸ, ਸਰਬੱਤ ਦਾ ਭਲਾ ਮੰਗਦਿਆਂ ਸਮਾਪਤ ਹੁੰਦੀ ਹੈ ਅਤੇ ਕੇਸਰੀ ਨਿਸ਼ਾਨ ਸਾਹਿਬ, ਕੌਮ ਦਾ ਕੌਮੀ ਝੰਡਾ ਹੈ, ਜਿਹੜਾ ਹਰ ਗੁਰੁਦਆਰਾ ਸਾਹਿਬ ‘ਚ ਝੂਲਦਾ ਹੈ ਅਤੇ ਕੌਮ ਦੀ ਸਰਬਵਿਆਪਕ ਵਾਹਿਗੁਰੂ ਨਾਲ ਇਕਮਿਕਤਾ ਦਾ ਪ੍ਰਗਟਾਵਾ ਕਰਦਾ ਹੈ। ਅਜ਼ਾਦ ਕੌਮ ਦਾ ਕੌਮੀ ਨਿਸ਼ਾਨ, ਉਸਦੀ ਅਜ਼ਾਦੀ ਦਾ ਪ੍ਰਤੀਕ ਹੁੰਦਾ ਹੈ। ਜਿਸਨੂੰ ਹਰ ਖੁਸ਼ੀ ਮੌਕੇ ਝੁਲਾਇਆ ਜਾਂਦਾ ਹੈ। ਰਿਫ਼ਰੈਂਡਮ 20-20 ਵਾਲਿਆਂ ਆਪਣੀ ਲਹਿਰ ਦੀ ਆਰੰਭਤਾ ਲਈ ਅਰਦਾਸ ਕਰਨ ਦੀ ਗੱਲ੍ਹ ਕੀਤੀ। ਸਰਕਾਰ ਨੇ ਅਜਿਹੀ ਕਿਸੇ ਅਰਦਾਸ ‘ਤੇ ਵੀ ਪਾਬੰਦੀ ਲਾ ਦਿੱਤੀ। ਜਦੋਂ ਕਿ ਇਸ ਦੇਸ਼ ਦਾ ਸੰਵਿਧਾਨ ਹਰ ਨਾਗਰਿਕ ਨੂੰ ਸ਼ਾਂਤੀ ਨਾਲ ਆਪਣੀ ਮੰਗ ਦੇ ਹੱਕ ‘ਚ ਅਵਾਜ਼ ਉਠਾਉਣ ਦਾ ਹੱਕ ਦਿੱਤਾ ਹੈ। ਹਾਲਾਂਕਿ ਅਰਦਾਸ ‘ਚ ਕੋਈ ਵੀ ਸਿੱਖ ਕਿਸੇ ਦਾ ਭਾਵੇਂ ਕੱਟੜ ਦੁਸ਼ਮਣ ਹੀ ਕਿਉਂ ਨਾ ਹੋਵੇ, ਬੁਰਾ ਨਹੀਂ ਮੰਗ ਸਕਦਾ। ਉਸ ਨੇ ਤਾਂ ਅਰਦਾਸ ਨਾਨਕ ਨਾਮ ਚੜ੍ਹਦੀਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ਮੰਗਦਿਆਂ ਖ਼ਤਮ ਕਰਨੀ ਹੁੰਦੀ ਹੈ। ਸ੍ਰੀ ਦਮਦਮਾ ਸਾਹਿਬ ਵਿਖੇ ਰਿਫ਼ਰੈਂਡਮ 20-20 ਲਈ ਅਰਦਾਸ ਹੋਈ, ਪੁਲਿਸ ਪ੍ਰਸ਼ਾਸਨ ਨੇ ਪਤਾ ਨਹੀਂ ਸੱਚੀ, ਪਤਾ ਨਹੀਂ ਝੂਠੀ, ਦੋ ਸਿੱਖ ਨੌਜਵਾਨਾਂ ਦੀ ਗ੍ਰਿਫ਼ਤਾਰੀ ਕਰ ਲਈ। ਕੌਮ ਚੁੱਪ ਰਹੀ। ਕੌਮ ਦੇ ਕਨੂੰਨਦਾਨ ਹਾਲੇ ਤੱਕ ਚੁੱਪ ਹਨ। ਕਿਸੇ ਨੇ ਸਰਕਾਰ ਨੂੰ ਨਹੀਂ ਪੁੱਛਿਆ ਕਿ ਸਿੱਖ ਹੁਣ ਆਪਣੇ ਅਕਾਲ ਪੁਰਖ਼ ਅੱਗੇ ਅਰਦਾਸ ਵੀ ਨਹੀਂ ਕਰ ਸਕਦਾ? ਅਰਦਾਸ ਤਾਂ ਸਿੱਖ ਅਤੇ ਗੁਰੂ ਦੀ ਆਪਸੀ ਇਕਸੁਰਤਾ ਦਾ ਸਾਧਨ ਹੈ। ਹਰ ਸੱਚੇ ਸਿੱਖ ਨੂੰ ਸਿੱਖੀ ਦੇ ਆਦੇਸ਼ ਹਨ ਕਿ, “ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ, ਹਰ ਵੇਲੇ ਸਿਮਰਨ”, ਇਸੇ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਵੀ ਰਿਫ਼ਰੈਂਡਮ 20-20 ਲਈ ਅਰਦਾਸ ਹੋਈ। ਅਰਦਾਸੀਏ ਗ੍ਰੰਥੀ ਸਿੰਘ ਨੂੰ ਚਿੱਟ ਕਪੜੀਏ ਪੁਲਿਸ ਵਾਲਿਆ ਨੇ ਝੱਟ ਚੁੱਕ ਲਿਆ। ਹੁਣ ਸੁਆਲ ਇਹ ਖੜ੍ਹਾ ਹੋ ਜਾਂਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਚਿੱਟ ਕਪੜੀਆ ਪੁਲਿਸ ਹਰ ਸਮੇਂ ਮੌਜੂਦ ਹੈ। ਸ਼੍ਰੋਮਣੀ ਕਮੇਟੀ ਖਾਮੋਸ਼ ਹੈ। ਕੋਈ ਸ਼ਿਕਾਇਤ ਨਹੀਂ ਕੀਤੀ ਗਈ। ਜਿਸਦਾ ਅਰਥ ਇਹ ਲਿਆ ਜਾਵੇ ਕਿ ਸ਼੍ਰੋਮਣੀ ਕਮੇਟੀ ਨੂੰ ਗੁਰੂ ਘਰਾਂ ‘ਚ ਪੁਲਿਸ ਦੀ ਮੌਜੂਦਗੀ ਦੀ ਕੋਈ ਸ਼ਕਾਇਤ ਨਹੀਂ। ਇਸ ਸਿੰਘ ਦੀ ਕਨੂੰਨੀ ਚਾਰਾਜੋਈ ਵੀ ਕਿਧਰੇ ਵਿਖਾਈ ਨਹੀਂ ਦੇ ਰਹੀ। ਇਹ ਠੀਕ ਹੈ ਕਿ ਸਰਕਾਰ ਨੇ ਰਿਫ਼ਰੈਂਡਮ 20-20 ਦੀ ਸੰਚਾਲਕ ਸੰਸਥਾ ਸਿਖਸ ਫ਼ਾਰ ਜਸਟਿਸ ‘ਤੇ ਪਾਬੰਦੀ ਲਾ ਛੱਡੀ ਹੈ ਅਤੇ ਇਸ ਦੇ ਕਰਤਾ-ਧਰਤਾ ਗੁਰਪਤਵੰਤ ਸਿੰਘ ਪੰਨੂ ਨੂੰ ਅੱਤਵਾਦੀ ਐਲਾਨ ਦਿੱਤਾ ਹੈ। ਪ੍ਰੰਤੂ ਇਨ੍ਹਾਂ ਪਾਬੰਦੀਆਂ ਦੀ ਆੜ ‘ਚ ਸਿੱਖ ਪੰਥ ਦੀਆਂ ਮਹਾਨ ਪ੍ਰੰਪਰਾਵਾਂ ਨੂੰ ਖ਼ਤਮ ਕਰਨ ਦੀ ਆਗਿਆ ਕਿਵੇਂ ਮਿਲ ਗਈ ਹੈ? ਕਦੇ ਜਰਵਾਣੇ ਮੁਗਲਾਂ ਨੇ ਅਰਦਾਸ ‘ਤੇ ਪਾਬੰਦੀ ਲਾਈ ਸੀ, ਕਦੇ ਗੁਰੂ ਨਾਲ ਮਿਲਦੇ ਜੁਲਦੇ ਗੁੜ ਸ਼ਬਦ ‘ਤੇ ਪਾਬੰਦੀ ਲੱਗੀ ਸੀ, ਪਰ ਉਹ ਜ਼ਾਲਮ ਰਜਵਾੜਾ ਸ਼ਾਹੀ ਦਾ ਸਮਾਂ ਸੀ। ਅੱਜ ਤਾਂ ਦਾਅਵਾ ਕੀਤਾ ਜਾਂਦਾ ਹੈ ਕਿ ਹਿੰਦੁਸਤਾਨ ਲੋਕਤੰਤਰੀ ਦੇਸ਼ ਹੈ। ਇਸਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੋਣ ਦਾ ਦਾਅਵਾ ਵੀ ਕੀਤਾ ਜਾਂਦਾ ਹੈ। ਫਿਰ ਇਸ ਦੇਸ਼ ‘ਚ ਲੋਕਤੰਤਰੀ ਕਦਰਾਂ, ਕੀਮਤਾਂ ਦਾ ਘਾਣ ਕਿਉਂ ਹੋ ਰਿਹਾ ਹੈ? ਇਹ ਸੁਆਲ ਵੀ ਪੁੱਛਿਆ ਹੀ ਜਾਣਾ ਚਾਹੀਦਾ ਹੈ। ਸਿੱਖ ਕੌਮ ‘ਚ ਖਾਸ ਕਰਕੇ ਜੁਆਨੀ ‘ਚ ਬੇਗਾਨਗੀ ਦੀ ਭਾਵਨਾ ਕਿਉਂ ਬਣੀ ਹੋਈ ਹੈ? ਇਸ ਸੁਆਲ ਦੇ ਹੱਲ ਤੋਂ ਬਿਨਾ, ਪੰਨੂ ਵਰਗਿਆ ਦੇ ਸੱਦੇ ਪ੍ਰਤੀ ਜੁਆਨੀ ਦੇ ਹਾਂ-ਪੱਖੀ ਹੁਲਾਰੇ ਨੂੰ ਰੋਕਿਆ ਨਹੀਂ ਜਾ ਸਕੇਗਾ। ਕੇਸਰੀ ਨਿਸ਼ਾਨ ਸਾਹਿਬ ਸਿੱਖਾਂ ਦਾ ਕੌਮੀ ਨਿਸ਼ਾਨ ਹੈ, ਉਸਨੂੰ ਹਰ ਸਿੱਖ ਆਪਣੇ ਘਰ, ਮਕਾਨ, ਖੇਤ ਆਦਿ ਕਿਤੇ ਵੀ ਲਹਿਰਾ ਸਕਦਾ ਹੈ। ਅੱਜ ਨਿਸ਼ਾਨ ਸਾਹਿਬ ‘ਤੇ ਇਤਰਾਜ਼ ਹੈ, ਕੱਲ਼੍ਹ ਨੂੰ ਬਾਣੀ ਤੇ ਬਾਣੇ ‘ਤੇ ਵੀ ਇਤਰਾਜ਼ ਹੋਵੇਗਾ। ਕੀ ਕਿਸੇ ਆੜ ਥੱਲੇ ਲਾਈਆਂ ਜਾ ਰਹੀਆਂ ਇਨ੍ਹਾਂ ਪਾਬੰਦੀਆਂ ਨੂੰ ਸਿੱਖ ਕੌਮ ਚੁੱਪ-ਚਾਪ ਬਰਦਾਸ਼ਤ ਕਰਦੀ ਰਹੇਗੀ? ਅਸੀਂ ਸਮਝਦੇ ਹਾਂ ਕਿ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ ਤੇ ਸਿੱਖ ਕਨੂੰਨਦਾਨਾਂ ਨੂੰ ਸਰਕਾਰ ਦੀ ਇਸ ਗੁੱਝੀ ਸਿੱਖ ਵਿਰੋਧੀ ਸਾਜ਼ਿਸ਼ ਵਿਰੁੱਧ ਜ਼ਰੂਰ ਮੈਦਾਨ ‘ਚ ਆਉਣਾ ਚਾਹੀਦਾ ਹੈ। ਗੱਲ੍ਹ, “ਸਹੇ ਦੀ ਨਹੀਂ ਪਹੇ ਦੀ ਹੈ”। ਸਿੱਖ ਪ੍ਰੰਪਰਾਵਾਂ ਦੀ ਹੋਂਦ ਦੀ ਹੈ। ਇਸ ਲਈ ਸਰਕਾਰ ਨੂੰ ਚੇਤਾਵਨੀ ਜ਼ਰੂਰ ਦੇਣੀ ਚਾਹੀਦੀ ਹੈ ਕਿ ਉਹ ਕਿਸੇ ਆੜ ਥੱਲੇ ਸਿੱਖ ਪ੍ਰੰਪਰਾਵਾਂ ‘ਤੇ ਹਮਲਾ ਨਹੀਂ ਕਰ ਸਕਦੀ। - ਜਸਪਾਲ ਸਿੰਘ ਹੇਰਾਂ

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com