ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਚੰਡੀਗੜ੍ਹ - ਪੰਜਾਬ ਵਿੱਚ ਕਰੋਨਾਵਾਇਰਸ ਨੇ ਪਿਛਲੇ 24 ਘੰਟਿਆਂ ਦੌਰਾਨ 43 ਵਿਅਕਤੀਆਂ ਦੀ ਜਾਨ ਲੈ ਲਈ ਹੈ। ਸੂਬੇ ਵਿੱਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 1129 ਹੋ ਗਈ ਹੈ। ਸੂਬੇ ਵਿੱਚ ਲੰਘੇ 24 ਘੰਟਿਆਂ ਦੌਰਾਨ 1516 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸੇ ਦੌਰਾਨ 1829 ਵਿਅਕਤੀ ਠੀਕ ਵੀ ਹੋਏ ਹਨ। ਸੂਬੇ ਵਿੱਚ ਕੁੱਲ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 43,284 ਤੇ ਸਿਹਤਯਾਬ ਹੋਣ ਵਾਲਿਆਂ ਦਾ ਅੰਕੜਾ 28,357 ਤੱਕ ਪਹੁੰਚ ਗਿਆ ਹੈ। ਪੰਜਾਬ ਪੁਲੀਸ ਦੇ ਅਫ਼ਸਰਾਂ-ਕਰਮਚਾਰੀਆਂ ਅਤੇ ਸਿਹਤ ਕਾਮਿਆਂ ਨੂੰ ਵੱਡੀ ਪੱਧਰ ’ਤੇ ਵਾਇਰਸ ਨੇ ਜਕੜ ਲਿਆ ਹੈ। ਪਹਿਲੀ ਵਾਰੀ ਲੁਧਿਆਣਾ ਵਿੱਚ ਨਵੇਂ ਮਾਮਲਿਆਂ ਦੀ ਰਫ਼ਤਾਰ ਘਟੀ ਹੈ। ਸਿਹਤ ਵਿਭਾਗ ਮੁਤਾਬਕ ਇੱਕ ਦਿਨ ਦੌਰਾਨ ਲੁਧਿਆਣਾ ਵਿੱਚ 11, ਮੁਹਾਲੀ ਵਿੱਚ 8, ਜਲੰਧਰ ਵਿੱਚ 6, ਗੁਰਦਾਸਪੁਰ ਵਿੱਚ 4, ਮਾਨਸਾ, ਕਪੂਰਥਲਾ ਤੇ ਪਟਿਆਲਾ ਵਿੱਚ 3-3, ਅੰਮ੍ਰਿਤਸਰ, ਫਤਿਹਗੜ੍ਹ ਸਾਹਿਬ, ਫਾਜ਼ਿਲਕਾ, ਨਵਾਂਸ਼ਹਿਰ ਤੇ ਸੰਗਰੂਰ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ। ਸੱਜਰੇ ਮਾਮਲਿਆਂ ਵਿੱਚ ਜ਼ਿਲ੍ਹਾ ਵਾਰ ਸਥਿਤੀ ਦੇਖੀ ਜਾਵੇ ਤਾਂ ਜਲੰਧਰ ਵਿੱਚ 184, ਮੁਹਾਲੀ ਵਿੱਚ 251, ਗੁਰਦਾਸਪੁਰ ਵਿੱਚ 142, ਪਟਿਆਲਾ ਵਿੱਚ 140, ਬਠਿੰਡਾ ਵਿੱਚ 125, ਅੰਮ੍ਰਿਤਸਰ ਵਿੱਚ 108, ਲੁਧਿਆਣਾ ਵਿੱਚ 72, ਮੁਕਤਸਰ ਵਿੱਚ 60, ਫਾਜ਼ਿਲਕਾ ਵਿੱਚ 48, ਰੋਪੜ ਵਿੱਚ 42, ਮੋਗਾ ਵਿੱਚ 41, ਸੰਗਰੂਰ ਵਿੱਚ 47, ਪਠਾਨਕੋਟ ਵਿੱਚ 39, ਹੁਸ਼ਿਆਰਪੁਰ ਵਿੱਚ 37, ਫਤਿਹਗੜ੍ਹ ਸਾਹਿਬ ਵਿੱਚ 35, ਬਰਨਾਲਾ ਵਿੱਚ 27, ਫਰੀਦਕੋਟ ਵਿੱਚ 22, ਨਵਾਂਸ਼ਹਿਰ ਵਿੱਚ 21, ਮਾਨਸਾ ਵਿਚ 19, ਤਰਨਤਾਰਨ ਵਿੱਚ 8, ਫਿਰੋਜ਼ਪੁਰ ਵਿੱਚ 7 ਮਾਮਲੇ ਸਾਹਮਣੇ ਆਏ ਹਨ।
  ਪੰਜਾਬ ਸਰਕਾਰ ਨੇ ਘਰੇਲੂ ਏਕਾਂਤਵਾਸ ਅਧੀਨ ਰਹਿ ਰਹੇ ਬਿਨਾਂ ਲੱਛਣ/ਹਲਕੇ ਲੱਛਣਾਂ ਵਾਲੇ ਮਰੀਜ਼ਾਂ ਅਤੇ 60 ਸਾਲ ਤੋਂ ਵੱਧ ਉਮਰ ਅਤੇ ਸਹਿ-ਰੋਗ ਵਾਲੇ ਮਰੀਜ਼ਾਂ ਅਤੇ ਗਰਭਵਤੀ ਮਹਿਲਾਵਾਂ ਦੀ ਮੈਡੀਕਲ ਫਿਟਨੈੱਸ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਅਜਿਹੇ ਸਾਰੇ ਮਰੀਜ਼ ਨਮੂਨੇ ਲੈਣ ਵੇਲੇ ਘਰ ਵਿੱਚ ਹੀ ਏਕਾਂਤਵਾਸ ਹੋਣ ਦੀ ਸਹੂਲਤ ਉਪਲੱਬਧ ਹੋਣ ਬਾਰੇ ਸਵੈ-ਘੋਸ਼ਣਾ ਪੱਤਰ ਦੇ ਸਕਦੇ ਹਨ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਨਮੂਨਾ ਲੈਣ ਸਮੇਂ ਉਪਲੱਬਧ ਡਾਕਟਰ ਅਜਿਹੇ ਸਾਰੇ ਵਿਅਕਤੀਆਂ ਨੂੰ ਘਰਾਂ ਵਿੱਚ ਏਕਾਂਤਵਾਸ ਸਬੰਧੀ ਉਨ੍ਹਾਂ ਦੀ ਮੈਡੀਕਲ ਫਿਟਨੈੱਸ ਦੀ ਜਾਂਚ ਕਰਨਗੇ। ਘੱਟ/ਹਲਕੇ ਲੱਛਣ ਵਾਲੀ ਕੋਵਿਡ-19 ਪਾਜ਼ੇਟਿਵ ਗਰਭਵਤੀ ਮਹਿਲਾ ਜੋ ਘੱਟ-ਜੋਖ਼ਮ ਵਾਲੀ ਗਰਭ ਅਵਸਥਾ ਵਿੱਚ ਹਨ ਅਤੇ ਜਿਨ੍ਹਾਂ ਦੀ ਅਗਲੇ ਤਿੰਨ ਹਫ਼ਤਿਆਂ ਵਿੱਚ ਜਣੇਪਾ ਹੋਣ ਦੀ ਸੰਭਾਵਨਾ ਨਹੀਂ ਹੈ ਅਤੇ ਜੇਕਰ ਮਹਿਲਾ ਨੂੰ ਕਿਸੇ ਗਾਇਨੀਕੋਲੋਜਿਸਟ ਦੁਆਰਾ ਸਰਟੀਫਾਈ ਕੀਤਾ ਜਾਂਦਾ ਹੈ ਤਾਂ ਉਸ ਨੂੰ ਘਰ ਵਿੱਚ ਇਕਾਂਤਵਾਸ ਕੀਤਾ ਜਾ ਸਕਦਾ ਹੈ।

  ਤਲਵੰਡੀ ਸਾਬੋ - ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵ-ਨਿਯੁਕਤ ਪਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਸ਼ੁਕਰਾਨੇ ਵਜੋਂ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਤਖ਼ਤ ਸਾਹਿਬ ਦੀ ਮੁਤਵਾਜ਼ੀ ਜਥੇਦਾਰੀ ਤੋਂ ਅਸਤੀਫਾ ਦੇ ਕੇ ਸਰਬੱਤ ਖਾਲਸਾ ਨੂੰ ਇਹ ਸੇਵਾ ਕਿਸੇ ਹੋਰ ਸੇਵਾਦਾਰ ਨੂੰ ਸੌਂਪਣ ਦੀ ਅਪੀਲ ਕੀਤੀ ਹੈ।
  ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 10 ਨਵੰਬਰ 2015 ਨੂੰ ਸ਼ਹੀਦਾਂ ਦੀ ਧਰਤੀ ਚੰਬਾ ’ਤੇ ਸਰਬੱਤ ਖਾਲਸਾ ਵਿੱਚ ਸੰਗਤ ਨੇ ਉਨ੍ਹਾਂ ਨੂੰ ਤਖ਼ਤ ਦਮਦਮਾ ਸਾਹਿਬ ਦਾ ਜਥੇਦਾਰ ਥਾਪਿਆ ਸੀ। ਹੁਣ ਉਨ੍ਹਾਂ ਨੂੰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਹੈ, ਜਿਸ ਕਰਕੇ ਉਹ ਹੁਣ ਤਖ਼ਤ ਦਮਦਮਾ ਸਾਹਿਬ ਪ੍ਰਤੀ ਆਪਣੀ ਸੇਵਾ ਅਤੇ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਣ ਤੋਂ ਅਸਮਰੱਥ ਹੋਣਗੇ। ਇਸ ਲਈ ਉਨ੍ਹਾਂ ਤਖ਼ਤ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ ਸਰਬੱਤ ਖਾਲਸਾ ਨੂੰ ਅਸਤੀਫਾ ਦੇ ਕੇ ਬੇਨਤੀ ਕੀਤੀ ਕਿ ਇਹ ਸੇਵਾ ਹੁਣ ਕਿਸੇ ਹੋਰ ਗੁਰਸਿੱਖ ਸਿੰਘ ਨੂੰ ਸੌਂਪੀ ਜਾਵੇ।
  ਦਾਦੂਵਾਲ ਨੇ ਕਿਹਾ ਕਿ ਉਹ ਜਿੱਥੇ ਹਰਿਆਣਾ ਦੇ ਗੁਰਦੁਆਰਿਆਂ ਦੇ ਪ੍ਰਬੰਧਾਂ ਵਿੱਚ ਸੁਧਾਰ ਲਿਆਉਣ ਲਈ ਉਪਰਾਲੇ ਕਰਨਗੇ, ਉੱਥੇ ਹੀ ਪਹਿਲਾਂ ਦੀ ਤਰ੍ਹਾਂ ਦੇਸ਼-ਵਿਦੇਸ਼ ਵਿੱਚ ਨਸ਼ਿਆਂ ਖ਼ਿਲਾਫ਼ ਮੁਹਿੰਮ ਅਤੇ ਸਿੱਖੀ ਦੇ ਪ੍ਰਚਾਰ ਤੇ ਪਸਾਰ ਦੀ ਲਹਿਰ ਸ਼ੁਰੂ ਕਰਨਗੇ। ਇਸ ਮੌਕੇ ਸਰਬਜੀਤ ਸਿੰਘ ਖਾਲਸਾ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ।

  ਐੱਸਏਐੱਸ ਨਗਰ - ਪੰਜਾਬ ਦੇ ਸਾਬਕਾ ਆਈਏਐੱਸ ਅਧਿਕਾਰੀ ਦੇ ਬੇਟੇ ਅਤੇ ਸਿਟਕੋ ਦੇ ਜੂਨੀਅਰ ਇੰਜਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਆਪਣੇ ਵਕੀਲਾਂ ਰਾਹੀਂ ਮੁਹਾਲੀ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਧਾਰਾ 302 ਵਿੱਚ ਅਗਾਊਂ ਜ਼ਮਾਨਤ ਦੇਣ ਦੀ ਗੁਹਾਰ ਲਗਾਈ ਹੈ।
  ਸੈਣੀ ਦੇ ਵਕੀਲ ਏਪੀਐੱਸ ਦਿਓਲ ਅਤੇ ਐੱਚਐੱਸ ਧਨੋਆ ਨੇ ਮੁਹਾਲੀ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਆਰਐਸ ਰਾਏ ਦੀ ਅਦਾਲਤ ਵਿੱਚ ਜ਼ਮਾਨਤ ਅਰਜ਼ੀ ਦਾਇਰ ਕੀਤੀ ਹੈ। ਸੈਸ਼ਨ ਜੱਜ ਵੱਲੋਂ ਭਲਕੇ ਮੰਗਲਵਾਰ ਨੂੰ ਸੈਣੀ ਦੀ ਅਰਜ਼ੀ ਨੂੰ ਸੁਣਵਾਈ ਲਈ ਕਿਸੇ ਜੱਜ ਕੋਲ ਰੈਫਰ ਕੀਤਾ ਜਾ ਸਕਦਾ ਹੈ। ਸੈਣੀ ਕੇਸ ਨਾਲ ਸਬੰਧਤ ਸਾਰੇ ਮਾਮਲੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਨੀਸ਼ ਗਰਗ ਦੀ ਅਦਾਲਤ ਵਿੱਚ ਚਲ ਰਹੇ ਹਨ। ਬਚਾਅ ਪੱਖ ਦੇ ਵਕੀਲਾਂ ਨੇ ਦੱਸਿਆ ਕਿ ਅਰਜ਼ੀ ਵਿੱਚ ਦਲੀਲ ਦਿੱਤੀ ਹੈ ਕਿ ਇਹ 29 ਸਾਲ ਪੁਰਾਣਾ ਮਾਮਲਾ ਹੈ, ਜਿਸ ਵਿੱਚ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਮੋਨਿਕਾ ਗੋਇਲ ਦੀ ਅਦਾਲਤ ’ਚੋਂ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ। ਧਾਰਾ 302 ਵਿੱਚ ਵੀ ਉਕਤ ਅਦਾਲਤ ਵੱਲੋਂ ਜ਼ਮਾਨਤ ਦਿੱਤੀ ਗਈ ਸੀ, ਪਰ ਬਾਅਦ ਵਿੱਚ ਪੰਜਾਬ ਸਰਕਾਰ ਅਤੇ ਪੀੜਤ ਪਰਿਵਾਰ ਦੀ ਸ਼ਿਕਾਇਤ ’ਤੇ ਇਹ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਨੀਸ਼ ਗਰਗ ਦੀ ਅਦਾਲਤ ਵਿੱਚ ਭੇਜਿਆ ਗਿਆ ਸੀ। ਭਾਵੇਂ ਨਵੀਂ ਅਦਾਲਤ ਨੇ ਸੈਣੀ ਨੂੰ ਧਾਰਾ 302 ਵਿੱਚ ਦਿੱਤੀ ਜ਼ਮਾਨਤ ਰੱਦ ਕਰ ਦਿੱਤੀ ਸੀ, ਪ੍ਰੰਤੂ ਅਦਾਲਤ ਨੇ ਪੁਲੀਸ ਨੂੰ ਇਹ ਹੁਕਮ ਦਿੱਤੇ ਸੀ ਕਿ ਸਾਬਕਾ ਡੀਜੀਪੀ ਸੈਣੀ ਖ਼ਿਲਾਫ਼ ਧਾਰਾ 302 ਦੇ ਜੁਰਮ ਦਾ ਵਾਧਾ ਕਰਨ ਉਪਰੰਤ ਗ੍ਰਿਫ਼ਤਾਰੀ ਤੋਂ ਪਹਿਲਾਂ ਤਿੰਨ ਦਿਨ ਦਾ ਨੋਟਿਸ ਦਿੱਤਾ ਜਾਵੇ। ਕਿਉਂਕਿ ਸੈਣੀ ਕੋਲ ਇਸ ਮਾਮਲੇ ਵਿੱਚ ਕੱਚੀ ਜ਼ਮਾਨਤ ਹੈ। ਮੁਹਾਲੀ ਪੁਲੀਸ ਨੇ ਸੈਣੀ ਖ਼ਿਲਾਫ਼ ਧਾਰਾ 302 ਦਾ ਕੇਸ ਦਰਜ ਕੀਤੇ ਜਾਣ ਮਗਰੋਂ 21 ਅਗਸਤ ਨੂੰ ਗ੍ਰਿਫ਼ਤਾਰੀ ਨੋਟਿਸ ਭੇਜਿਆ ਸੀ। ਸੈਣੀ ਨੂੰ ਜਾਰੀ ਨੋਟਿਸ ਦੀ ਮਿਆਦ ਖ਼ਤਮ ਹੋ ਚੁੱਕੀ ਹੈ।
  ਬਚਾਅ ਪੱਖ ਨੇ ਇਹ ਵੀ ਦਲੀਲ ਦਿੱਤੀ ਹੈ ਕਿ ਸੇਵਾਮੁਕਤ ਪੁਲੀਸ ਅਧਿਕਾਰੀ ਖ਼ਿਲਾਫ਼ ਪਹਿਲਾਂ ਸੀਬੀਆਈ ਨੇ ਕੇਸ ਦਰਜ ਕੀਤਾ ਸੀ ਪ੍ਰੰਤੂ ਸੁਪਰੀਮ ਕੋਰਟ ਵਿੱਚ ਕੌਮੀ ਜਾਂਚ ਏਜੰਸੀ ਠੋਸ ਸਬੂਤ ਪੇਸ਼ ਨਹੀਂ ਕਰ ਸਕੀ, ਜਿਸ ਕਾਰਨ ਸੁਪਰੀਮ ਕੋਰਟ ਨੇ ਸੈਣੀ ਖ਼ਿਲਾਫ਼ ਦਰਜ ਕੇਸ ਨੂੰ ਮੁੱਢੋਂ ਰੱਦ ਕਰ ਦਿੱਤਾ ਸੀ। ਲਿਹਾਜ਼ਾ ਪੁਰਾਣੇ ਦੋਸ਼ਾਂ ਤਹਿਤ ਦੂਜੀ ਵਾਰ ਕੇਸ ਦਰਜ ਨਹੀਂ ਕੀਤਾ ਜਾ ਸਕਦਾ ਹੈ। ਇਸ ਮਾਮਲੇ ਵਿੱਚ ਦੋ ਸਾਬਕਾ ਇੰਸਪੈਕਟਰ ਜਗੀਰ ਸਿੰਘ ਅਤੇ ਕੁਲਦੀਪ ਸਿੰਘ ਸੰਧੂ ਹੁਣ ਸੈਣੀ ਖ਼ਿਲਾਫ਼ ਵਾਅਦਾ ਮੁਆਫ਼ ਗਵਾਹ ਬਣ ਚੁੱਕੇ ਹਨ ਅਤੇ ਇਹ ਦੋਵੇਂ ਸਾਬਕਾ ਅਧਿਕਾਰੀ ਧਾਰਾ 164 ਤਹਿਤ ਅਦਾਲਤ ਵਿੱਚ ਆਪਣੇ ਬਿਆਨ ਵੀ ਦਰਜ ਕਰਵਾ ਚੁੱਕੇ ਹਨ।

  ਨਵੀਂ ਦਿੱਲੀ - ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 61,408 ਹੋਰ ਵਿਅਕਤੀਆਂ ਦੇ ਕਰੋਨਾਵਾਇਰਸ ਦੀ ਜੱਦ ਵਿੱਚ ਆਉਣ ਨਾਲ ਕਰੋਨਾ ਪੀੜਤਾਂ ਦੀ ਕੁੱਲ ਗਿਣਤੀ 31 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਇਸ ਦੌਰਾਨ 23,38,035 ਮਰੀਜ਼ ਇਸ ਲਾਗ ਤੋਂ ਉਭਰਨ ਵਿੱਚ ਸਫ਼ਲ ਰਹੇ ਹਨ ਤੇ ਰਿਕਵਰੀ ਦਰ 75 ਫੀਸਦ ਤੋਂ ਵੱਧ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਸੋਮਵਾਰ ਸਵੇਰੇ ਅੱਠ ਵਜੇ ਤਕ ਕੋਵਿਡ-19 ਕੇਸਾਂ ਦੀ ਕੁੱਲ ਗਿਣਤੀ 31,06,348 ਜਦੋਂਕਿ 836 ਹੋਰ ਮੌਤਾਂ ਨਾਲ ਮੌਤਾਂ ਦਾ ਕੁੱਲ ਅੰਕੜਾ 57,542 ਨੂੰ ਅੱਪੜ ਗਿਆ ਹੈ। ਮੌਤ ਦਰ ਘੱਟ ਕੇ 1.85 ਫੀਸਦ ਤੇ ਸਿਹਤਯਾਬ ਹੋਣ ਵਾਲਿਆਂ ਦਰ ਵਧ ਕੇ 75.27 ਫੀਸਦ ਹੋ ਗਈ ਹੈ। ਸਰਗਰਮ ਕੇਸਾਂ ਦੀ ਗਿਣਤੀ 7,10,771 ਹੈ, ਜੋ ਕਿ ਕੁੱਲ ਕੇਸ ਲੋਡ ਦਾ 22.88 ਫੀਸਦ ਬਣਦਾ ਹੈ। ਭਾਰਤੀ ਮੈਡੀਕਲ ਖੋਜ ਕੌਂਸਲ ਨੇ ਐਤਵਾਰ ਤਕ 3,59,02,137 ਨਮੂਨਿਆਂ ਦੀ ਜਾਂਚ ਕਰ ਲੈਣ ਦਾ ਦਾਅਵਾ ਕੀਤਾ ਹੈ।

  ਲੰਡਨ - ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਵਿਕਟਰ ਅਲਬਰਟ ਜੇਯ ਦਲੀਪ ਸਿੰਘ ਦਾ ਇਥੇ ਬਣਿਆ ਮਹਿਲ ਵਿਕਣ ਲਈ ਤਿਆਰ ਹੈ। ਮਹਿਲ ਦੀ ਵਿਕਰੀ ਲਈ ਕੀਮਤ 1.55 ਕਰੋੜ ਬ੍ਰਿਟਿਸ਼ ਪੌਂਡ ਰੱਖੀ ਗਈ ਹੈ। ਮਹਾਰਾਜਾ ਰਣਜੀਤ ਸਿੰਘ ਦਾ ਛੋਟਾ ਪੁੱਤਰ ਦਲੀਪ ਸਿੰਘ ਸਿੱਖ ਰਾਜ ਦਾ ਆਖਰੀ ਮਹਾਰਾਜਾ ਸੀ। ਪੰਜਾਬ ਦੀ ਹਕੂਮਤ ਬ੍ਰਿਟਿਸ਼ ਰਾਜ ਅਧੀਨ ਆਉਣ ਮਗਰੋਂ ਦਲੀਪ ਸਿੰਘ ਨੂੰ ਇੰਗਲੈਂਡ ’ਚ ਜਲਾਵਤਨੀ ਦਾ ਜੀਵਨ ਬਤੀਤ ਕਰਨਾ ਪਿਆ ਸੀ। ਦਲੀਪ ਸਿੰਘ ਦੇ ਪੁੱਤਰ ਵਿਕਟਰ ਦਾ 1866 ’ਚ ਲੰਡਨ ’ਚ ਜਨਮ ਹੋਇਆ ਸੀ ਅਤੇ ਮਹਾਰਾਣੀ ਵਿਕਟੋਰੀਆ ਨੇ ਉਸ ਨੂੰ ਆਪਣੀ ਛੱਤਰ ਛਾਇਆ ਹੇਠ ਲੈ ਲਿਆ ਸੀ। ਕਈ ਸਾਲਾਂ ਬਾਅਦ ਉਸ ਨੇ ਕੋਵੈਂਟਰੀ ਦੇ 9ਵੇਂ ਅਰਲ ਦੀ ਧੀ ਲੇਡੀ ਐਨ ਕੋਵੈਂਟਰੀ ਨਾਲ ਵਿਆਹ ਕਰਵਾਇਆ ਸੀ ਜਿਸ ਮਗਰੋਂ ਬ੍ਰਿਟਿਸ਼ ਅਧਿਕਾਰੀਆਂ ਨੇ ਦੱਖਣ-ਪੱਛਮ ਕੇਨਸਿੰਗਟਨ ਦੇ ਦਿ ਲਿਟਿਲ ਬੋਲਟਨਜ਼ ਇਲਾਕੇ ’ਚ ਉਸ ਨੂੰ ਲੀਜ਼ ’ਤੇ ਮਹਿਲ ਦੇ ਦਿੱਤਾ ਸੀ। ਮਹਿਲ ਦੀ ਵਿਕਰੀ ਦਾ ਪ੍ਰਬੰਧ ਕਰ ਰਹੇ ਬਿਊਸ਼ੈਪ ਅਸਟੇਟ ਦੇ ਐੱਮਡੀ ਜੈਰੇਮੀ ਗੀ ਨੇ ਕਿਹਾ ਕਿ ਲਾਹੌਰ ਦੇ ਜਲਾਵਤਨ ਸਾਬਕਾ ਸ਼ਹਿਜ਼ਾਦੇ ਦਾ 5613 ਸਕੁਏਅਰ ਫੁੱਟ ਦਾ ਮਹਿਲ ਖੁੱਲ੍ਹਾ-ਡੁੱਲਾ ਹੈ ਅਤੇ ਇਸ ਦੇ ਪਿੱਛੇ 52 ਫੁੱਟ ਦਾ ਬਾਗ ਹੈ। 1868 ’ਚ ਮਹਿਲ ਦਾ ਕੰਮ ਮੁਕੰਮਲ ਹੋਣ ਮਗਰੋਂ ਇਸ ਨੂੰ ਈਸਟ ਇੰਡੀਆ ਕੰਪਨੀ ਨੇ ਖ਼ਰੀਦ ਲਿਆ ਸੀ। ਕੰਪਨੀ ਨੇ ਇਹ ਮਹਿਲ ਦਲੀਪ ਸਿੰਘ ਦੇ ਪਰਿਵਾਰ ਨੂੰ ਕਾਲੀ ਮਿਰਚ ਦੇ ਬਦਲੇ ’ਚ ਲੀਜ਼ ’ਤੇ ਦੇ ਦਿੱਤਾ ਸੀ। ਸ਼ਾਹੀ ਪਰਿਵਾਰ ਕੋਲ ਵਿੰਬਲਡਨ ਅਤੇ ਰੋਇਹੈਂਪਟਨ ’ਚ ਵੀ ਸੰਪਤੀਆਂ ਸਨ। ਉਨ੍ਹਾਂ ਕੋਲ ਪੂਰਬੀ ਇੰਗਲੈਂਡ ਦੇ ਸਫੋਲਕ ’ਚ 17 ਹਜ਼ਾਰ ਏਕੜ ਰਕਬੇ ’ਚ ਮਹਿਲ ਐਲਵੇਡਨ ਹਾਲ ਵੀ ਸੀ।

  ਅੰਮ੍ਰਿਤਸਰ - 24 ਅਗਸਤ ਨੂੰ ਪੰਜ ਸਿੰਘ ਸਾਹਿਬਾਨ ਦੀ ਅਕਾਲ ਤਖਤ ਤੇ ਹੋਣ ਵਾਲੀ ਮੀਟਿੰਗ ਵਿਚ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਾ ਦਾ ਮਾਮਲਾ ਵਿਚਾਰਿਆ ਜਾਵੇਗਾ। ਇਸ ਮਾਮਲੇ ਦੀ ਜਾਂਚ ਲਈ ਬਣੀ ਪੰਜ ਮੈਂਬਰੀ ਕਮੇਟੀ ਨੇ ਆਪਣੀ ਜਾਂਚ ਰਿਪੋਰਟ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪੀ ਹੈ। ਇਹ ਜਾਂਚ ਟੀਮ ਪਿਛਲੇ ਵਰ੍ਹੇ ਅਕਤੂਬਰ 2019 ਵਿਚ ਬਣਾਈ ਗਈ ਸੀ, ਜਿਸ ਵਿਚ ਪੰਜ ਸਿੱਖ ਵਿਦਵਾਨ ਸ਼ਾਮਲ ਕੀਤੇ ਗਏ ਸਨ। ਇਸ ਕਮੇਟੀ ਵਲੋਂ ਤਿੰਨ ਮੀਟਿੰਗਾਂ ਕੀਤੀਆਂ ਗਈਆਂ ਅਤੇ ਕਰੋਨਾ ਕਾਰਨ ਤਾਲਾਬੰਦੀ ਤੋਂ ਬਾਅਦ ਵੀ ਤਿੰਨ ਮੀਟਿੰਗਾਂ ਆਨ ਲਾਈਨ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗਾਂ ਦੌਰਾਨ ਮੁਲਾਕਾਤ ਵਾਸਤੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲਾ ਨੂੰ ਸੱਦਿਆ ਗਿਆ ਸੀ ਤਾਂ ਜੋ ਉਸ ਨਾਲ ਗੱਲਬਾਤ ਕਰਕੇ ਉਸ ਖ਼ਿਲਾਫ਼ ਆਈਆਂ ਸ਼ਿਕਾਇਤਾਂ ਸਬੰਧੀ ਮਾਮਲਿਆਂ ਦਾ ਨਿਪਟਾਰਾ ਕੀਤਾ ਜਾ ਸਕੇ ਪਰ ਉਹ ਕਿਸੇ ਵੀ ਮੀਟਿੰਗ ਵਿਚ ਨਹੀਂ ਪੁੱਜਾ ਹੈ।
  ਪੰਜ ਮੈਂਬਰੀ ਕਮੇਟੀ ਵਲੋਂ ਦਿੱਤੀ ਗਈ ਜਾਂਚ ਰਿਪੋਰਟ ਵਿਚ ਇਨ੍ਹਾਂ ਮੀਟਿੰਗਾਂ ਦਾ ਹਵਾਲਾ ਦਿੰਦੇ ਹੋਏ ਸਿੱਖ ਪ੍ਰਚਾਰਕ ਨੂੰ ਭੇਜੇ ਗਏ ਸੱਦਾ ਪੱਤਰ ਅਤੇ ਉਸ ਵਲੋਂ ਮੀਟਿੰਗ ਲਈ ਕੋਈ ਹੁੰਗਾਰਾ ਨਾ ਦਿੱਤੇ ਜਾਣ ਦਾ ਜ਼ਿਕਰ ਕੀਤਾ ਗਿਆ ਹੈ। ਕਮੇਟੀ ਵਲੋਂ ਇਹ ਰਿਪੋਰਟ ਦਿੱਤੇ ਜਾਣ ਤੋਂ ਬਾਅਦ ਭਲਕੇ 24 ਅਗਸਤ ਨੂੰ ਹੋਣ ਵਾਲੀ ਪੰਜ ਸਿੰਘ ਸਾਹਿਬਾਨ ਦੀ ਹੋਣ ਵਾਲੀ ਮੀਟਿੰਗ ਵਿਚ ਇਹ ਮਾਮਲਾ ਵਿਚਾਰੇ ਜਾਣ ਦੀ ਵੱਡੀ ਸੰਭਾਵਨਾ ਹੈ। ਪੰਜ ਸਿੰਘ ਸਾਹਿਬਾਨ ਵਲੋਂ ਇਸ ਮਾਮਲੇ ਵਿਚ ਸਿੱਖ ਪ੍ਰਚਾਰਕ ਖਿਲਾਫ ਪੰਥਕ ਰਵਾਇਤਾਂ ਮੁਤਾਬਕ ਕੋਈ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਮੀਟਿੰਗ ਵਿਚ 267 ਲਾਪਤਾ ਪਾਵਨ ਸਰੂਪਾਂ ਦੀ ਜਾਂਚ ਰਿਪੋਰਟ, ਕੈਨੇਡਾ ਵਿਚ ਆਪਣੇ ਪੱਧਰ ’ਤੇ ਪਾਵਨ ਸਰੂਪਾਂ ਦੀ ਛਪਾਈ ਦਾ ਮਾਮਲਾ, ਚੀਫ ਖਾਲਸਾ ਦੀਵਾਨ ਦੇ ਗੈਰ ਅੰਮ੍ਰਿਤਧਾਰੀ ਮੈਂਬਰਾਂ ਦਾ ਮਾਮਲਾ ਅਤੇ ਸਾਬਕਾ ਅਕਾਲੀ ਮੰਤਰੀ ਸੁਚਾ ਸਿੰਘ ਲੰਗਾਹ ਨੂੰ ਪੰਜ ਪਿਆਰਿਆਂ ਵਲੋਂ ਆਪਣੇ ਪੱਧਰ ’ਤੇ ਮਾਫੀ ਦਿੱਤੇ ਜਾਣ ਦਾ ਮਾਮਲਾ ਵਿਚਾਰੇ ਜਾਣ ਦੀ ਸੰਭਾਵਨਾ ਹੈ।

  ਚੰਡੀਗੜ੍ਹ - ਪੰਜਾਬ ਵਿੱਚ ਕਰੋਨਾਵਾਇਰਸ ਕਾਰਨ ਲੰਘੇ 24 ਘੰਟਿਆਂ ਦੌਰਾਨ 45 ਮੌਤਾਂ ਹੋ ਗਈਆਂ ਹਨ। ਸੂਬੇ ਦੇ ਤਿੰਨ ਵੱਡੇ ਸ਼ਹਿਰਾਂ- ਲੁਧਿਆਣਾ, ਜਲੰਧਰ ਅਤੇ ਪਟਿਆਲਾ ਵਿੱਚ ਕਰੋਨਾ ਨਾਲ ਮੌਤਾਂ ਤੇ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਵਿੱਚ ਵਾਧਾ ਜਾਰੀ ਹੈ। ਸਿਹਤ ਵਿਭਾਗ ਮੁਤਾਬਕ ਲੁਧਿਆਣਾ ਵਿੱਚ ਸਭ ਤੋਂ ਵੱਧ 15 ਮੌਤਾਂ, ਜਲੰਧਰ ਵਿੱਚ 8, ਸੰਗਰੂਰ ਵਿੱਚ 5, ਮੁਹਾਲੀ ਵਿੱਚ 3, ਅੰਮ੍ਰਿਤਸਰ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ ਵਿੱਚ 2-2, ਬਠਿੰਡਾ, ਮਾਨਸਾ, ਫਰੀਦਕੋਟ, ਮੋਗਾ, ਨਵਾਂਸ਼ਹਿਰ, ਗੁਰਦਾਸਪੁਰ, ਤਰਨਤਾਰਨ ਅਤੇ ਰੋਪੜ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ। ਸੂਬੇ ਵਿੱਚ ਲੰਘੇ 24 ਘੰਟਿਆਂ ਦੌਰਾਨ 1320 ਨਵੇਂ ਮਾਮਲੇ ਸਾਹਮਣੇ ਆਏ ਹਨ। ਜ਼ਿਲ੍ਹਾ ਵਾਰ ਸਥਿਤੀ ਦੇਖੀ ਜਾਵੇ ਤਾਂ ਲੁਧਿਆਣਾ ਵਿੱਚ 360, ਪਟਿਆਲਾ ਵਿੱਚ 177, ਮੁਹਾਲੀ ਵਿੱਚ 164, ਕਪੂਰਥਲਾ ਵਿੱਚ 74, ਮੁਕਤਸਰ ਵਿੱਚ 68, ਅੰਮ੍ਰਿਤਸਰ ਵਿੱਚ 92, ਸੰਗਰੂਰ ਵਿੱਚ 47, ਜਲੰਧਰ ਵਿੱਚ 46, ਪਠਾਨਕੋਟ ਵਿੱਚ 42, ਹੁਸ਼ਿਆਰਪੁਰ ਵਿੱਚ 34, ਫਤਿਹਗੜ੍ਹ ਸਾਹਿਬ ਵਿੱਚ 30, ਗੁਰਦਾਸਪੁਰ ਵਿੱਚ 26, ਰੋਪੜ ਵਿੱਚ 29, ਤਰਨਤਾਰਨ ਵਿੱਚ 27, ਫਰੀਦਕੋਟ ਵਿੱਚ 25, ਮੋਗਾ ਵਿੱਚ 25, ਮਾਨਸਾ ਵਿੱਚ 19, ਨਵਾਂਸ਼ਹਿਰ ਵਿੱਚ 13, ਫਾਜ਼ਿਲਕਾ ਵਿੱਚ 10, ਬਰਨਾਲਾ ਵਿੱਚ 6, ਬਠਿੰਡਾ ਅਤੇ ਫਿਰੋਜ਼ਪੁਰ ਵਿੱਚ 3-3 ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਮੁਤਾਬਕ 336 ਵਿਅਕਤੀਆਂ ਨੂੰ ਇਸ ਸਮੇਂ ਆਕਸੀਜ਼ਨ ਤੇ 49 ਨੂੰ ਵੈਂਟੀਲੇਟਰ ਦੀ ਮਦਦ ਦਿੱਤੀ ਜਾ ਰਹੀ ਹੈ। ਸਿਹਤ ਵਿਭਾਗ ਨੇ ਲੰਘੇ 24 ਘੰਟਿਆਂ ਦੌਰਾਨ 22,110 ਸੈਂਪਲ ਲਏ ਹਨ।

  ਸ੍ਰੀਨਗਰ - ਜੰਮੂ ਤੇ ਕਸ਼ਮੀਰ ਵਿਚ ਮੁੱਖਧਾਰਾ ਦੀਆਂ ਛੇ ਸਿਆਸੀ ਪਾਰਟੀਆਂ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ ਗਏ ਰਾਜ ਵਿਚ ‘ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਉਨ੍ਹਾਂ ਬਾਰੇ ਕੁਝ ਨਹੀਂ ਕੀਤਾ ਜਾ ਸਕਦਾ।’ ਕਸ਼ਮੀਰ ਵਿਚ ਸਿਆਸੀ ਧਿਰਾਂ ਨੇ ਅੱਜ ਇੱਕਮਤ ਹੁੰਦਿਆਂ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਮੁੜ ਲਾਗੂ ਕਰਵਾਉਣ ਲਈ ਸੰਘਰਸ਼ ਕਰਨ ਦਾ ਅਹਿਦ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜ ਅਗਸਤ, 2019 ਤੋਂ ਪਹਿਲਾਂ ਵਾਲਾ ਦਰਜਾ ਮੁੜ ਬਹਾਲ ਕਰਵਾਉਣ ਲਈ ਸੰਘਰਸ਼ ਕੀਤਾ ਜਾਵੇਗਾ ਕਿਉਂਕਿ ਕੇਂਦਰ ਸਰਕਾਰ ਵੱਲੋਂ ਲਏ ਗਏ ਫ਼ੈਸਲੇ ਵਿਚ ‘ਦੂਰਅੰਦੇਸ਼ੀ ਦੀ ਘਾਟ’ ਸੀ ਤੇ ਇਹ ‘ਨਿਰੋਲ ਗ਼ੈਰਸੰਵਿਧਾਨਕ’ ਫ਼ੈਸਲਾ ਹੈ। ਪਾਰਟੀਆਂ ਨੇ ਦੁਹਰਾਇਆ ਕਿ ਉਹ ‘ਗੁਪਕਾਰ ਮਤੇ’ ਲਈ ਪਾਬੰਦ ਹਨ। ਇਹ ਮਤਾ 4 ਅਗਸਤ, 2019 ਨੂੰ ਐਨਸੀ ਪ੍ਰਧਾਨ ਫਾਰੂਕ ਅਬਦੁੱਲਾ ਦੀ ਗੁਪਕਾਰ ਸਥਿਤ ਰਿਹਾਇਸ਼ ਉਤੇ ਹੋਈ ਸਰਬ-ਪਾਰਟੀ ਮੀਟਿੰਗ ਮਗਰੋਂ ਪਾਸ ਕੀਤਾ ਗਿਆ ਸੀ। ਸਿਆਸੀ ਧਿਰਾਂ ਨੇ ਕਿਹਾ ਸੀ ਕਿ ਉਹ ਕਸ਼ਮੀਰ ਦੀ ਪਛਾਣ, ਖ਼ੁਦਮੁਖਤਿਆਰੀ ਤੇ ਵਿਸ਼ੇਸ਼ ਦਰਜੇ ਦੀ ਰਾਖੀ ਲਈ ਇਕਜੁੱਟ ਹਨ। ਧਾਰਾ 35-ਏ ਅਤੇ 370 ਹਟਾਉਣੀ ਗ਼ੈਰ-ਸੰਵਿਧਾਨਕ ਹੋਵੇਗੀ। 2019 ਵਿਚ ਪਾਸ ਮਤੇ ’ਚ ਸੂਬੇ ਨੂੰ ਤਿੰਨ ਹਿੱਸਿਆਂ ’ਚ ਵੰਡੇ ਜਾਣ ਨੂੰ ਜੰਮੂ ਕਸ਼ਮੀਰ ਦੇ ਲੋਕਾਂ ਦੇ ਹਿੱਤਾਂ ਖ਼ਿਲਾਫ਼ ਦੱਸਿਆ ਗਿਆ ਸੀ। ਨਵਾਂ ਮਤਾ ਪਾ ਕੇ ਜਾਰੀ ਕੀਤੇ ਗਏ ਬਿਆਨ ਨੂੰ ‘ਗੁਪਕਾਰ ਐਲਾਨਨਾਮਾ-ਦੋ’ ਦਾ ਨਾਂ ਦਿੱਤਾ ਗਿਆ ਹੈ। ਸਾਂਝੇ ਬਿਆਨ ਉਤੇ ਐੱਨਸੀ ਪ੍ਰਧਾਨ ਫ਼ਾਰੂਕ ਅਬਦੁੱਲਾ ਤੋਂ ਇਲਾਵਾ ਪੀਡੀਪੀ ਆਗੂ ਮਹਿਬੂਬਾ ਮੁਫ਼ਤੀ, ਪ੍ਰਦੇਸ਼ ਕਾਂਗਰਸ ਕਮੇਟੀ ਦੇ ਜੀ.ਏ. ਮੀਰ, ਸੀਪੀਐਮ ਆਗੂ ਐਮ.ਵਾਈ. ਤਰੀਗਾਮੀ, ਪੀਪਲਜ਼ ਕਾਨਫ਼ਰੰਸ ਦੇ ਸੱਜਾਦ ਲੋਨ ਅਤੇ ਅਵਾਮੀ ਨੈਸ਼ਨਲ ਕਾਨਫਰੰਸ ਦੇ ਆਗੂ ਮੁਜ਼ੱਫਰ ਸ਼ਾਹ ਦੇ ਹਸਤਾਖ਼ਰ ਹਨ। ਸਿਆਸੀ ਧਿਰਾਂ ਨੇ ਕਿਹਾ ਹੈ ਕਿ ਚਾਰ ਅਗਸਤ, 2019 ਦੀ ਗੁਪਕਾਰ ਬੈਠਕ ਮਗਰੋਂ ਉਨ੍ਹਾਂ ਦਾ ਇਕ-ਦੂਜੇ ਨਾਲ ਮੁੱਢਲੇ ਪੱਧਰ ਦਾ ਸੰਵਾਦ ਵੀ ਨਹੀਂ ਹੋ ਸਕਿਆ। ਇਸ ਲਈ ਸਾਰੀਆਂ ਸਿਆਸੀ ਧਿਰਾਂ ਦਾ ਸਾਂਝਾ ਮਤਾ ਲਿਆਉਣ ਵਿਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। ਮਤੇ ਵਿਚ ਕਿਹਾ ਗਿਆ ਹੈ ਕਿ ਮੌਜੂਦਾ ਸਮਾਂ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਪਰਖ਼ਣ ਵਾਲਾ ਹੈ, ਸ਼ਾਂਤੀ ਪਸੰਦ ਲੋਕ ਮਨਾਂ ਵਿਚ ਦਰਦ ਸਮੋਈ ਬੈਠੇ ਹਨ। ਸਿਆਸੀ ਧਿਰਾਂ ਵਿਚਾਲੇ ਇਸ ਗੱਲ ਲਈ ਸਹਿਮਤੀ ਬਣੀ ਕਿ ਆਪਣੇ ਹੱਕਾਂ ਵਾਸਤੇ ਲੜਨ ਲਈ ਸਾਂਝਾ ਮੰਚ ਹੀ ਪ੍ਰਭਾਵੀ ਰਾਹ ਹੈ। ਮਤੇ ਰਾਹੀਂ ਪਾਰਟੀਆਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸਾਰੀਆਂ ਸਿਆਸੀ ਗਤੀਵਿਧੀਆਂ ਦਾ ਮੰਤਵ ਜੰਮੂ ਕਸ਼ਮੀਰ ਦਾ ਪੰਜ ਅਗਸਤ, 2019 ਤੋਂ ਪਹਿਲਾਂ ਵਾਲਾ ਦਰਜਾ ਬਹਾਲ ਕਰਵਾਉਣਾ ਹੋਵੇਗਾ। ਜੰਮੂ ਕਸ਼ਮੀਰ ਦੀਆਂ ਪਾਰਟੀਆਂ ਨੇ ਧਾਰਾ 370 ਹਟਾਉਣ ਦਾ ਵਿਰੋਧ ਕਰਨ ਵਾਲੇ ਭਾਰਤ ਦੇ ਲੋਕਾਂ, ਸਿਆਸੀ ਧਿਰਾਂ, ਬੁੱਧੀਜੀਵੀਆਂ ਅਤੇ ਹੋਰ ਨਾਗਰਿਕ ਸੰਗਠਨਾਂ ਦਾ ਧੰਨਵਾਦ ਕੀਤਾ। ਕੰਟਰੋਲ ਰੇਖਾ ਅਤੇ ਅਸਲ ਕੰਟਰੋਲ ਰੇਖਾ ਦਾ ਮਤੇ ਵਿਚ ਜ਼ਿਕਰ ਕਰਦਿਆਂ ਪਾਰਟੀਆਂ ਨੇ ਕਿਹਾ ਕਿ ਉਹ ਉਪ-ਮਹਾਦੀਪ ਖੇਤਰ ਦੇ ਆਗੂਆਂ ਨੂੰ ਵੱਧ ਰਹੇ ਟਕਰਾਅ ਦਾ ਨੋਟਿਸ ਲੈਣ ਦੀ ਅਪੀਲ ਕਰਦੇ ਹਨ ਤਾਂ ਕਿ ਖਿੱਤੇ ਵਿਚ ਸ਼ਾਂਤੀ ਕਾਇਮ ਕੀਤੀ ਜਾ ਸਕੇ।

  ਮੋਗਾ -ਇਥੇ ਤਾਲਾਬੰਦੀ ਦੌਰਾਨ ਫ਼ਲਾਈਓਵਰ ’ਤੇ ਖਾਲਿਸਤਾਨ ਦਾ ਝੰਡਾ ਝੁਲਾ ਦਿੱਤਾ ਗਿਆ ਤੇ ਪੁਲੀਸ ਨੂੰ ਭਾਜੜਾਂ ਪੈ ਗਈਆਂ। ਪੁਲੀਸ ਅਧਿਕਾਰੀ ਮੌਕੇ ਤੇ ਪੁੱਜੇ ਝੰਡਾ ਕਬਜ਼ੇ ’ਚ ਲੈ ਲਿਆ। ਸੂਬੇ ’ਚ ਤਾਲਾਬੰਦੀ ਕਾਰਨ ਪੁਲੀਸ ਹਰ ਥਾਂ ਤਾਇਨਾਤ ਹੋਣ ਦਾ ਦਾਅਵਾ ਕੀਤਾ ਜਾ ਰਿਹੈ। ਡੀਐੱਸਪੀ ਸਿਟੀ ਬਰਜਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਵਿਦੇਸ਼ਾਂ ਵਿਚ ਬੈਠੇ ਕੁਝ ਲੋਕ ਪੰਜਾਬ ਵਿਚ ਅਤਿਵਾਦ ਸੁਰਜੀਤ ਕਰਨ ਦੇ ਯਤਨ ਕਰ ਰਹੇ ਹਨ। ਉਹ ਨੌਜਵਾਨਾਂ ਭੜਾਕੇ ਡਾਲਰਾਂ ਦਾ ਲਾਲਚ ਵੀ ਦੇ ਰਹੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਬਹਿਕਾਵੇ ’ਚ ਨਾ ਆਉਣ। ਇਥੇ ਆਜ਼ਾਦੀ ਦਿਵਸ ਤੋਂ ਇੱਕ ਦਿਨ ਪਹਿਲਾਂ ਦੇਸ਼ ਵਿਰੋਧੀ ਤਾਕਤਾਂ ਵੱਲੋਂ ਜ਼ਿਲ੍ਹਾ ਸਕੱਤਰੇਤ ਉੱਤੇ ਖਾਲਿਸਤਾਨ ਦਾ ਝੰਡਾ ਲਹਿਰਾਉਣਾ ਸਰਕਾਰ ਨੂੰ ਸਿੱਧੀ ਚਣੌਤੀ ਹੈ।

  ਜਨੇਵਾ -  ਸਾਰੀ ਦੁਨੀਆ ਇਸ ਸਮੇਂ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਜੂਝ ਰਹੀ ਹੈ ਅਤੇ ਬੇਸਬਰੀ ਨਾਲ ਇਸਦੇ ਵਿਰੁੱਧ ਟੀਕੇ ਦੀ ਉਡੀਕ ਕਰ ਰਹੀ ਹੈ। ਹਾਲਾਂਕਿ ਕੋਰੋਨਾ ਟੀਕਾ ਕਈ ਦੇਸ਼ਾਂ ਵਿੱਚ ਅੰਤਮ ਪੜਾਅ ਦੀਆਂ ਅਜ਼ਮਾਇਸ਼ਾਂ ਵਿੱਚੋਂ ਲੰਘ ਰਿਹਾ ਹੈ, ਪਰ ਰੂਸ ਨੇ ਆਪਣੇ ਪਹਿਲੇ ਸਮੂਹ ਦਾ ਉਤਪਾਦਨ ਵੀ ਸ਼ੁਰੂ ਕਰ ਦਿੱਤਾ ਹੈ। ਅਜਿਹੀ ਸਥਿਤੀ ਵਿੱਚ, ਲੋਕਾਂ ਦੇ ਮਨਾਂ ਵਿੱਚ ਇਹ ਪ੍ਰਸ਼ਨ ਹੈ ਕਿ ਇਹ ਟੀਕਾ ਪਹਿਲਾਂ ਕਿਸ ਨੂੰ ਮਿਲੇਗਾ? ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਕੋਰੋਨਾ ਦੇ ਵਿਰੁੱਧ ਸਾਰੇ ਦੇਸ਼ਾਂ ਨੂੰ ਖਤਰੇ ਨੂੰ ਬਰਾਬਰ ਘਟਾਉਣ ਲਈ ਟੀਕੇ ਵੰਡਣ ਦੀ ਤਜਵੀਜ਼ ਪੇਸ਼ ਕੀਤੀ ਹੈ, ਚੇਤਾਵਨੀ ਦਿੱਤੀ ਹੈ ਕਿ ਅਮੀਰ ਦੇਸ਼ਾਂ ਦੇ ਹਰ ਕੋਨੇ ਤੱਕ ਸੀਮਤ ਸਪਲਾਈ ਮਹਾਂਮਾਰੀ ਖਤਮ ਕਰਨ ਦੀ ਕੋਸ਼ਿਸ਼ ਵਿੱਚ ਇੱਕ ਰੁਕਾਵਟ ਬਣੇਗੀ। ਡਬਲਯੂਐਚਓ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਟੀਕੇ ਦੀ ਵੰਡ ਪਹਿਲਾਂ ਸਾਰੇ ਦੇਸ਼ਾਂ ਨੂੰ ਅਨੁਪਾਤ ਅਨੁਸਾਰ ਕੀਤੀ ਜਾਣੀ ਚਾਹੀਦੀ ਹੈ ਅਤੇ ਫਿਰ ਉਨ੍ਹਾਂ ਦੀ ਆਬਾਦੀ ‘ਤੇ ਵਿਚਾਰ ਕਰਨਾ ਚਾਹੀਦਾ ਹੈ। ਬਹੁਤ ਵੱਡੇ ਪੈਮਾਨੇ ‘ਤੇ ਕੋਰੋਨਾ ਟੀਕੇ ਦੀ ਸੀਮਤ ਮਾਤਰਾ ਉਤਪਾਦਨ ਤੋਂ ਪਹਿਲਾਂ ਉਪਲਬਧ ਹੋਵੇਗੀ। ਅਜਿਹੀ ਸਥਿਤੀ ਵਿੱਚ ਬਹੁਤ ਸਾਰੇ ਦੇਸ਼ਾਂ ਨੇ ਸ਼ੁਰੂਆਤ ਵਿੱਚ ਇਸਦੇ ਅਲਾਟਮੈਂਟ ਦੇ ਸੰਬੰਧ ਵਿੱਚ ਮਾਹਿਰਾਂ ਦੀ ਇੱਕ ਕਮੇਟੀ ਬਣਾਈ ਹੈ।ਜੂਨ ਮਹੀਨੇ ਵਿੱਚ ਡਬਲਯੂਐਚਓ ਨੇ ਕੋਰੋਨਾ ਵਾਇਰਸ ਟੀਕੇ ਦੇ ‘ਰਣਨੀਤਕ ਅਲਾਟਮੈਂਟ’ ਲਈ ਇੱਕ ਆਰਜ਼ੀ ਯੋਜਨਾ ਲਿਆਂਦੀ। ਇਸ ਵਿੱਚ ਕਿਹਾ ਗਿਆ ਹੈ ਕਿ ਇਹ ਟੀਕਾ ਪਹਿਲਾਂ ਸਿਹਤ ਕਰਮਚਾਰੀਆਂ, 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਅਤੇ ਦਿਲ ਦੀ ਬਿਮਾਰੀ, ਕੈਂਸਰ, ਸ਼ੂਗਰ, ਮੋਟਾਪਾ ਜਾਂ ਗੰਭੀਰ ਸਾਹ ਦੀ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਦੇਣਾ ਚਾਹੀਦਾ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਟੇਡਰੋਸ ਅਧਨੋਮ ਘੇਬਰੇਸ ਨੇ ਕਿਹਾ ਕਿ ਕੋਵਿਡ -19 ਸਪੈਨਿਸ਼ ਫਲੂ ਥੋੜੇ ਸਮੇਂ ਵਿੱਚ ਖ਼ਤਮ ਹੋ ਜਾਵੇਗਾ। ਡਬਲਯੂਐਚਓ ਦੇ ਮੁਖੀ ਨੇ ਸ਼ੁੱਕਰਵਾਰ ਨੂੰ ਜਿਨੇਵਾ ‘ਚ ਸੰਗਠਨ ਦੇ ਮੁੱਖ ਦਫ਼ਤਰ ਵਿੱਚ ਪੱਤਰਕਾਰਾਂ ਨੂੰ ਕਿਹਾ, “ਸਾਨੂੰ ਉਮੀਦ ਹੈ ਕਿ 2 ਸਾਲਾਂ ਤੋਂ ਵੀ ਘੱਟ ਸਮੇਂ ‘ਚ ਦੁਨੀਆ ਤੋਂ ਕੋਰੋਨਾ ਵਾਇਰਸ ਦਾ ਖਾਤਮਾ ਹੋ ਜਾਵੇਗਾ।” ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕੋਰੋਨਾ ਨੂੰ 1918 ਦੇ ਮਹਾਂਮਾਰੀ ਨਾਲੋਂ ਘੱਟ ਸਮੇਂ ਵਿੱਚ ਖਤਮ ਕੀਤਾ ਜਾਣਾ ਚਾਹੀਦਾ ਹੈ। ਪੰਜ ਦਵਾਈਆਂ ਤਿਆਰ ਕਰਨ ਵਾਲੀਆਂ ਕੰਪਨੀਆਂ, ਜਿਨ੍ਹਾਂ ‘ਚੋਂ 3 ਇਸ ਵੇਲੇ ਕਲੀਨਿਕਲ ਅਜ਼ਮਾਇਸ਼ਾਂ ਕਰ ਰਹੀਆਂ ਹਨ, ਨੂੰ ਕੋਵਿਡ -19 ਟੀਕੇ ਲਈ ਤਿੰਨ ਦਿਨਾਂ ਦੇ ਅੰਦਰ ਅੰਦਰ ਇੱਕ ਰੋਡਮੈਪ ਮੁਹੱਈਆ ਕਰਨ ਲਈ ਕਿਹਾ ਗਿਆ ਹੈ ਤਾਂ ਕਿ ਉਨ੍ਹਾਂ ਦਾ ਟੀਕਾ ਮਨਜ਼ੂਰ ਹੋਣ ‘ਤੇ ਉਨ੍ਹਾਂ ਨੂੰ ਵੱਡੇ ਪੱਧਰ’ ਤੇ ਕਿਵੇਂ ਉਤਪਾਦਨ ਕਰਨਗੇ ਅਤੇ ਉਹ ਉਸ ਦੀ ਕਿ ਕੀਮਤ ਚਾਹੁੰਦੇ ਹਨ। ਭਾਰਤ ਨੇ ਹਾਲੇ ਤੱਕ ਕਿਸੇ ਵੀ ਟੀਕਾ ਬਣਾਉਣ ਵਾਲੀਆਂ ਕੰਪਨੀਆਂ ਨਾਲ ਪ੍ਰੀ-ਪ੍ਰੋਡਕਸ਼ਨ ਸੌਦੇ ‘ਤੇ ਹਸਤਾਖਰ ਨਹੀਂ ਕੀਤੇ ਹਨ, ਜੋ ਕਿ ਕਲੀਨਿਕ ਟਰਾਇਲ ਤੋਂ ਬਾਅਦ ਸਫਲਤਾਪੂਰਵਕ ਦੌੜ ਵਿੱਚ ਹਨ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com