ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਅੰਮ੍ਰਿਤਸਰ - ਭਾਰਤ ਦੌਰੇ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੂੰ ਇਥੇ ਸ਼੍ਰੋਮਣੀ ਕਮੇਟੀ ਨੇ ਅੰਤਰਾਸ਼ਟਰੀ ਪੱਧਰ ’ਤੇ ਸਿੱਖਾਂ ਦੇ ਮਨੁੱਖੀ ਹੱਕਾਂ ਨਾਲ ਸਬੰਧਤ ਸਮੱਸਿਆਵਾਂ ਤੋਂ ਜਾਣੂ ਕਰਾਇਆ ਅਤੇ ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ‘ਤੇ ਹੋਏ ਫੌਜੀ ਹਮਲੇ ਸਾਕਾ ਨੀਲਾ ਤਾਰਾ ਤੇ ਨਵੰਬਰ 1984 ਸਿੱਖ ਕਤਲੇਆਮ ਮਾਮਲਿਆਂ ਵਿਚ ਨਿਆਂ ਦਿਵਾਉਣ ਦੀ ਅਪੀਲ ਕੀਤੀ ਹੈ।
  ਅੱਜ ਸ਼ਾਮ ਅੰਮ੍ਰਿਤਸਰ ਪੁੱਜੇ ਸਕੱਤਰ ਜਨਰਲ ਨੇ ਲਗਪਗ ਸਵਾ ਘੰਟਾ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਬਿਤਾਇਆ। ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਸਮੇਂ ਉਹ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿਚ ਗਏ, ਜਿਥੇ ਉਨ੍ਹਾਂ ਲੰਗਰ ਛਕਿਆ ਅਤੇ ਲੰਗਰ ਦੀ ਪ੍ਰਥਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਪਰਿਕਰਮਾ ਕਰਦਿਆਂ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਾਇਆ ਗਿਆ। ਸਿੱਖ ਰੈਫਰੈਂਸ ਲਾਇਬਰੇਰੀ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੂੰ ਦੱਸਿਆ ਕਿ ਸਾਕਾ ਨੀਲਾ ਤਾਰਾ ਫੌਜੀ ਹਮਲੇ ਸਮੇਂ ਇਸ ਲਾਇਬਰੇਰੀ ਨੂੰ ਸਾੜ ਦਿੱਤਾ ਗਿਆ ਸੀ ਅਤੇ ਸਿੱਖ ਧਰਮ ਦਾ ਅਮੁੱਲਾ ਖਜ਼ਾਨਾ ਫੌਜ ਚੁੱਕ ਕੇ ਲੈ ਗਈ ਸੀ। ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਉਨ੍ਹਾਂ ਨੂੰ ਸਿਰੋਪਾਓ ਅਤੇ ਪਤਾਸਿਆਂ ਦਾ ਪ੍ਰਸ਼ਾਦ ਭੇਟ ਕੀਤਾ। ਉਹ ਕੁਝ ਸਮਾਂ ਗੁਰਬਾਣੀ ਦਾ ਕੀਰਤਨ ਵੀ ਸੁਣਨਾ ਚਾਹੁੰਦੇ ਸਨ ਪਰ ਅਧਿਕਾਰੀਆਂ ਵੱਲੋਂ ਲਗਾਤਾਰ ਉਨ੍ਹਾਂ ਨੂੰ ਜਲਦੀ ਚੱਲਣ ਲਈ ਕਿਹਾ ਜਾ ਰਿਹਾ ਸੀ। ਇਸ ਦੌਰਾਨ ਉਹ ਸ੍ਰੀ ਅਕਾਲ ਤਖ਼ਤ ਵੀ ਗਏ, ਜਿਥੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਇਸ ਦੇ ਇਤਿਹਾਸ ਅਤੇ ਸਰਵਉਚਤਾ ਬਾਰੇ ਜਾਣਕਾਰੀ ਦਿੱਤੀ। ਉਪਰੰਤ ਸੂਚਨਾ ਕੇਂਦਰ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਮੁੱਖ ਸਕੱਤਰ ਡਾ. ਰੂਪ ਸਿੰਘ, ਮੈਂਬਰ ਬੀਬੀ ਕਿਰਨਜੋਤ ਕੌਰ ਆਦਿ ਨੇ ਉਨ੍ਹਾਂ ਨੂੰ ਸਿਰੋਪਾਓ, ਲੋਈ ਅਤੇ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ , ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ।
  ਮੀਡੀਆ ਨਾਲ ਸੰਖੇਪ ਗੱਲਬਾਤ ਦੌਰਾਨ ਉਨ੍ਹਾਂ ਆਖਿਆ ਕਿ ਇਸ ਰੂਹਾਨੀ ਅਸਥਾਨ ’ਤੇ ਆ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਅਤੇ ਉਹ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰ ਰਹੇ ਹਨ ਕਿ ਇਥੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਆਖਿਆ ਕਿ ਇਹ ਉਹ ਅਸਥਾਨ ਹੈ, ਜਿਥੇ ਹਰ ਧਰਮ ਦਾ ਵਿਅਕਤੀ ਪ੍ਰਾਰਥਨਾ ਕਰ ਸਕਦਾ ਹੈ। ਉਨ੍ਹਾਂ ਨੇ ਸਿੱਖ ਭਾਈਚਾਰੇ ਦੀ ਸ਼ਲਾਘਾ ਕੀਤੀ ਅਤੇ ਆਖਿਆ ਕਿ ਉਹ ਸਿੱਖਾਂ ਨੂੰ ਨੇੜਿਉਂ ਜਾਣਦੇ ਹਨ। ਉਨ੍ਹਾਂ ਦੀ ਆਮਦ ‘ਤੇ ਸ਼੍ਰੋਮਣੀ ਕਮੇਟੀ ਵਲੋਂ ‘ਰੈਡ ਕਾਰਪੇਟ’ ਸਵਾਗਤ ਕੀਤਾ ਗਿਆ। ਸਮੁੱਚੀ ਪਰਿਕਰਮਾ ਅਤੇ ਦਰਸ਼ਨੀ ਡਿਉਢੀ ਪੁਲ ਤੇ ਵੀ ਵਿਸ਼ੇਸ਼ ਤੌਰ ’ਤੇ ਲਾਲ ਰੰਗ ਦਾ ਗਲੀਚਾ ਵਿਛਾਇਆ ਹੋਇਆ ਸੀ।
  ਇਥੇ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਕਮੇਟੀ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੂੰ ਇਕ ਮੰਗ ਪੱਤਰ ਵੀ ਸੌਂਪਿਆ, ਜਿਸ ਵਿੱਚ ਸ੍ਰੀ ਹਰਿਮੰਦਰ ਸਾਹਿਬ ਤੇ ਫੌਜੀ ਹਮਲੇ ਅਤੇ ਸਿੱਖ ਕਤਲੇਆਮ ਮਾਮਲਿਆਂ ਵਿਚ ਨਿਆਂ ਦਿਵਾਉਣ ਦੀ ਮੰਗ ਕੀਤੀ ਗਈ। ਵਿਦੇਸ਼ਾਂ ਵਿਚ ਰਹਿ ਰਹੇ ਸਿੱਖਾਂ ਨੂੰ ਦਰਪੇਸ਼ ਸਿੱਖ ਸ਼ਨਾਖਤ ਦਾ ਮਾਮਲਾ ਵੀ ਉਨ੍ਹਾਂ ਅੱਗੇ ਰੱਖਿਆ ਗਿਆ। ਸ਼੍ਰੋਮਣੀ ਕਮੇਟੀ ਨੇ ਆਖਿਆ ਕਿ ਸਮੁੱਚਾ ਸਿੱਖ ਭਾਈਚਾਰਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾ ਰਿਹਾ ਹੈ ਅਤੇ ਇਸ ਮੌਕੇ ਸਿੱਖ ਭਾਈਚਾਰਾ ਪਾਕਿਸਤਾਨ ਵਿਚਲੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦਾ ਹੈ, ਜਿਥੇ ਗੁਰੂ ਸਾਹਿਬ ਨੇ ਆਪਣਾ ਆਖਰੀ ਸਮਾਂ ਬਿਤਾਇਆ ਸੀ। ਇਸ ਵਾਸਤੇ ਖੁੱਲੇ ਲਾਂਘੇ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਜੇਕਰ ਇਹ ਖੁੱਲ੍ਹਾ ਲਾਂਘਾ ਮਿਲਦਾ ਹੈ ਤਾਂ ਇਸ ਨਾਲ ਇਸ ਖਿੱਤੇ ਵਿਚ ਅਮਨ ਅਤੇ ਸ਼ਾਂਤੀ ਸਥਾਪਤ ਹੋਵੇਗੀ। ਸ੍ਰੀ ਲੌਂਗੋਵਾਲ ਨੇ ਆਖਿਆ ਕਿ ਮੰਗ ਪੱਤਰ ਲੈਣ ਮਗਰੋਂ ਸ੍ਰੀ ਗੁਟੇਰੇਜ਼ ਨੇ ਹਾਂ ਪੱਖੀ ਹੁੰਗਾਰਾ ਦਿੱਤਾ ਹੈ।
  ਇਥੇ ਹਵਾਈ ਅੱਡੇ ‘ਤੇ ਪੁੱਜਣ ਮੌਕੇ ਪੰਜਾਬ ਸਰਕਾਰ ਵੱਲੋਂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਉਨ੍ਹਾਂ ਨੂੰ ਜੀ ਆਇਆਂ ਆਖਿਆ। ਉਨ੍ਹਾਂ ਦੇ ਨਾਲ ਕੇਂਦਰੀ ਮੰਤਰੀ ਸ੍ਰੀ ਹਰਦੀਪ ਸਿੰਘ ਪੁਰੀ ਵੀ ਹਾਜ਼ਰ ਸਨ।

  ਬਠਿੰਡਾ - ਬਠਿੰਡਾ ਦੀ ਅਦਾਲਤ ਨੇ ਡੇਰਾ ਸਿਰਸਾ ਪ੍ਰੇਮੀਆਂ ਵੱਲੋਂ ਦਰਜ ਕਰਵਾਏ ਕੇਸਾਂ ਵਿਚੋਂ ਸਿੱਖ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਤੇ ਦੋ ਹੋਰਾਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਲ ਖ਼ਾਲਸਾ ਦੇ ਆਗੂ ਬਾਬਾ ਹਰਦੀਪ ਸਿੰਘ ਨੇ ਦੋਸ਼ ਲਾਇਆ ਕਿ ਬਾਦਲਾਂ ਨੇ ਡੇਰਾ ਪੈਰੋਕਾਰਾਂ ਤੋਂ ਵੋਟਾਂ ਲੈਣ ਤੇ ਸਿੱਖ ਪੰਥ ਦੇ ਉਲਟ ਕਾਰਵਾਈਆਂ ਕਰਵਾਉਣ ਲਈ ਵੱਖ ਵੱਖ ਸਮੇਂ ਸਿੱਖਾਂ ਨੂੰ ਝੂਠੇ ਕੇਸਾਂ ਵਿਚ ਫਸਾਇਆ। ਇਸ ਮੌਕੇ ਉਨ੍ਹਾਂ ਦੇ ਵਕੀਲ ਹਰਪਾਲ ਸਿੰਘ ਖਾਰਾ ਨੇ ਦੱਸਿਆ ਕਿ ਬਠਿੰਡਾ ਸੈਸ਼ਨ ਅਦਾਲਤ ਦੇ ਜੱਜ ਬਲਜਿੰਦਰ ਸਿੰਘ ਨੇ 9 ਸਾਲ ਪਹਿਲਾਂ ਆਈਪੀਸੀ ਦੀ ਧਾਰਾ 342, 323, 332, 353, 186, 427, 149 ਤਹਿਤ ਦਰਜ ਕੇਸ ’ਚੋਂ ਬਾਬਾ ਹਰਦੀਪ ਸਿੰਘ, ਰਣਜੀਤ ਸਿੰਘ ਤੇ ਘੁੱਦਰ ਸਿੰਘ ਵਾਸੀ ਮਹਿਰਾਜ ਨੂੰ ਬਰੀ ਕਰ ਦਿੱਤਾ ਹੈ।
  ਦੱਸਣਯੋਗ ਹੈ ਕਿ 4 ਅਕਤੂਬਰ 2009 ਨੂੰ ਡੇਰਾ ਸਿਰਸਾ ਪੈਰੋਕਾਰਾਂ ਸਤਪਾਲ ਤੇ ਸ਼ਾਮ ਲਾਲ ਨੇ ਥਾਣਾ ਫੂਲ ਵਿਚ ਦਰਖ਼ਾਸਤ ਦਿੱਤੀ ਸੀ ਕਿ ਉਹ ਸਵੇਰੇ ਮਹਿਰਾਜ ਪਿੰਡ ਦੀ ਅਨਾਜ ਮੰਡੀ ਵਿਚ ਨਾਮ ਚਰਚਾ ਕਰ ਰਹੇ ਸਨ ਤਾਂ ਸਾਢੇ ਸੱਤ ਵਜੇ ਇਸ ਸਾਰੇ 80-90 ਵਿਅਕਤੀਆਂ ਨਾਲ ਆਏ ਤੇ ਉਨ੍ਹਾਂ ’ਤੇ ਹੱਲਾ ਬੋਲ ਦਿੱਤਾ ਅਤੇ ਟਰੈਕਟਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਇਸ ਸਬੰਧ ਵਿਚ ਫੂਲ ਅਦਾਲਤ ਦੇ ਜੱਜ ਸੁਮਿਤ ਭੱਲਾ ਵੱਲੋਂ 4 ਨਵੰਬਰ 2016 ਨੂੰ ਇਨ੍ਹਾਂ ਨੂੰ ਤਿੰਨ-ਤਿੰਨ ਸਾਲ ਦੀ ਕੈਦ ਤੇ 25-25 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ, ਜਿਸ ਖ਼ਿਲਾਫ਼ ਬਾਬਾ ਹਰਦੀਪ ਸਿੰਘ ਤੇ ਹੋਰਾਂ ਵੱਲੋਂ ਬਠਿੰਡਾ ਅਦਾਲਤ ਵਿਚ ਅਪੀਲ ਕੀਤੀ ਗਈ, ਜਿਸ ’ਤੇ ਅਦਾਲਤ ਨੇ ਤਿੰਨਾਂ ਨੂੰ ਬਰੀ ਕਰ ਦਿੱਤਾ ਹੈ।

  ਨਿਹਾਲ ਸਿੰਘ ਵਾਲਾ - ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਨਿਹਾਲ ਸਿੰਘ ਵਾਲਾ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਬਰਗਾੜੀ ਮੋਰਚੇ ਵਿੱਚ ਪਹੁੰਚਣ ਦੀ ਅਪੀਲ ਕੀਤੀ। ਸ੍ਰੀ ਖਹਿਰਾ ਨੇ ਇਥੇ ਵਿਕਰਾਜ ਪੈਲੇਸ ਵਿੱਚ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਅਤੇ 7 ਅਕਤੂਬਰ ਨੂੰ ਬਿਨਾਂ ਕਾਰਨ ਰੈਲੀਆਂ ਕਰਨ ਦਾ ਫ਼ਤਵਾ ਦਿੰਦਿਆਂ ਕਿਹਾ ਕਿ ਕੈਪਟਨ ਦੇ ਰਾਜ ਵਿੱਚ ਭ੍ਰਿਸ਼ਟਾਚਾਰ, ਨਸ਼ੇ ਅਤੇ ਮਾਫ਼ੀਆ ਸਰਗਰਮ ਹਨ। ਅਕਾਲੀਆਂ ਨੇ ਪੰਜਾਬ ਲੁੱਟ ਕੇ ਖਾ ਲਿਆ। ਉਨ੍ਹਾਂ ਕਿਹਾ ਕਿ ਜੇ ਬਾਦਲ ਪਿਉ-ਪੁੱਤ ਸਿਆਸਤ ਛੱਡ ਦੇਣ ਤਾਂ ਪੰਜਾਬ ਬਚ ਸਕਦਾ ਹੈ। ਉਨ੍ਹਾਂ ਆਮ ਆਦਮੀ ਪਾਰਟੀ ’ਤੇ ਵਰ੍ਹਦਿਆਂ ਕਿਹਾ ਕਿ ਲੋਕ ਇੱਥੇ ਮੁੱਦਿਆਂ ਦੀ ਲੜਾਈ ਲੜ ਰਹੇ ਹਨ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਦਿੱਲੀ ਬੈਠੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਾਲਿਆਂ ਨੇ ਪੰਜਾਬ ਅਤੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਮਨਮਰਜ਼ੀ ਨਾਲ ਟਿਕਟਾਂ ਦਿੱਤੀਆਂ ਅਤੇ ਜਿਸ ਨੂੰ ਦਿਲ ਕੀਤਾ ਗੈਰ-ਜ਼ਮਹੂਰੀ ਢੰਗ ਨਾਲ ਕੱਢਿਆ ਹੈ। ਉਨ੍ਹਾਂ ਕਿਹਾ ਕਿ ਬਰਗਾੜੀ ਮੋਰਚਾ ਧਰਮ ਦੀ ਲੜਾਈ ਨਹੀਂ ਇਨਸਾਫ਼ ਦੀ ਲੜਾਈ ਹੈ। ਕਿਸੇ ਧਰਮ ਨਾਲ ਵੀ ਇੰਝ ਹੋ ਸਕਦਾ ਹੈ, ਸਾਨੂੰ ਵਧ ਚੜ੍ਹ ਕੇ ਮੋਰਚੇ ਦਾ ਸਾਥ ਦੇਣਾ ਚਾਹੀਦਾ ਹੈ। ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿੱਚ ਸ੍ਰੀ ਖਹਿਰਾ ਨੇ ਕਿਹਾ ਕਿ ਉਹ ਤਾਂ ਹਲਕਾ ਵਿਧਾਇਕਾਂ ਨੂੰ ਅਪੀਲ ਹੀ ਕਰ ਸਕਦੇ ਹਨ। ਬਾਕੀ ਉਨ੍ਹਾਂ ਦੀ ਮਰਜ਼ੀ ਹੈ ਕਿ ਉਨ੍ਹਾਂ ਨੇ ਦਿੱਲੀ ਵਾਲਿਆਂ ਦੀ ਸੁਣਨੀ ਹੈ ਜਾਂ ਉਨ੍ਹਾਂ ਦੀ, ਜਿਨ੍ਹਾਂ ਨੇ ਉਨ੍ਹਾਂ ਨੂੰ ਵਿਧਾਇਕ ਬਣਾਇਆ ਹੈ।
  ਇਸ ਮੌਕੇ ਬਲਾਕ ਸਮਿਤੀ ਮੈਂਬਰ ਕੁਲਦੀਪ ਸਿੰਘ ਬਰਾੜ, ਬਲਾਕ ਸਮਿਤੀ ਮੈਂਬਰ ਸਰਬਜੀਤ ਸਿੰਘ, ਕੁਲਵੰਤ ਸਿੰਘ ਗਰੇਵਾਲ, ਜਗਦੇਵ ਸਿੰਘ ਲੁਹਾਰਾ, ਡਾ. ਰਾਜਵੀਰ ਸਿੰਘ ਖਾਲਸਾ, ਚਮਕੌਰ ਸਿੰਘ ਬਰਾੜ, ਅਰਵਿੰਦ ਰਾਣਾ, ਬਲਵਿੰਦਰ ਘੋਲੀਆ, ਦਵਿੰਦਰ ਸਿੰਘ ਲੁਹਾਰਾ, ਬਲਬੀਰ ਫੌਜੀ, ਬਲਦੇਵ ਸਿੰਘ ਡਾਲਾ, ਜੀਤ ਬਾਠ, ਮਹਿੰਦਰ ਸਿੰਘ ਧੂੜਕੋਟ, ਅਮਰਜੀਤ ਸਿੰਘ ਸੈਦੋ ਕੇ ਆਦਿ ਸਮੇਤ ਵੱਡੀ ਗਿਣਤੀ ਵਿੱਚ ਆਪ ਵਰਕਰ ਤੇ ਸਮਰਥਕ ਮੌਜੂਦ ਸਨ।

  ਨਵੀਂ ਦਿੱਲੀ - ਪੰਜਾਬ ਵਿੱਚ ਬਜ਼ੁਰਗ ਆਗੂਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਹਾਈ ਕਮਾਂਡ ਬਾਰੇ ਅਪਣਾਏ ਰਵੱਈਏ ਦਾ ਅਸਰ ਦਿੱਲੀ ਦੀ ਸਿੱਖ ਸਿਆਸਤ ’ਤੇ ਵੀ ਪੈਣ ਲੱਗਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ (ਦਿੱਲੀ ਪ੍ਰਦੇਸ਼ ਇਕਾਈ) ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨਾਲ ਬੀਤੇ ਮਹੀਨੇ ਅਮਰੀਕਾ ਵਿੱਚ ਵਾਪਰੀਆਂ ਘਟਨਾਵਾਂ ਮਗਰੋਂ ਕਮੇਟੀ ਪ੍ਰਧਾਨ ਜਿੱਥੇ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਏ ਸਨ ਉੱਥੇ ਹੀ ਦਿੱਲੀ ਦੀ ਸਿੱਖ ਰਾਜਨੀਤੀ ਵੀ ਤਬਦੀਲੀ ਦਾ ਰਾਹ ਤੱਕਣ ਲੱਗੀ ਹੈ।
  ਬਾਦਲ ਧੜੇ ਵੱਲੋਂ ਚਿਰ ਪਿੱਛੋਂ ਪਾਰਟੀ ਅਹੁਦੇਦਾਰਾਂ ਦੀ ਹੰਗਾਮੀ ਬੈਠਕ ਬੁਲਾਈ ਗਈ ਤੇ ਨਾਰਾਜ਼ ਆਗੂਆਂ ਨੂੰ ਮਨਾਉਣ ਲਈ ਧੜਾ-ਧੜ ਦਿੱਲੀ ਇਕਾਈ ਦਾ ਵਿਸਥਾਰ ਕਰਨ ਖ਼ਾਤਰ ਦਿੱਲੀ ਨੂੰ 6 ਜ਼ੋਨਾਂ ਉੱਤਰੀ, ਪੂਰਬੀ, ਕੇਂਦਰੀ, ਦੱੱਖਣੀ, ਪੱਛਮੀ-1 ਤੇ ਪੱਛਮੀ-2 ਵੰਡਿਆ ਗਿਆ ਹੈ। ਦਿੱਲੀ ਕਮੇਟੀ ਦੇ ਸਾਰੇ 46 ਚੋਣ ਹਲਕਿਆਂ ਦੇ ਸਰਕਲ ਜਥੇਦਾਰ ਬਣਾਏ ਜਾਣਗੇ ਤੇ ਇਸਤਰੀ ਅਕਾਲੀ ਦਲ ਦੀਆਂ ਸਥਾਨਕ ਪ੍ਰਧਾਨਗੀਆਂ ਵੀ ਵੰਡੀਆਂ ਜਾਣਗੀਆਂ।
  ਦਿੱਲੀ ਦੇ ਇਸ ਧੜੇ ਵਿੱਚ ਚੱਲ ਰਹੀ ਰੱਸਾਕਸ਼ੀ ਨੂੰ ਠੱਲ੍ਹਣ ਦੀ ਤਾਕੀਦ ਸਾਰੇ ਮੁੱਖ ਆਗੂਆਂ ਵੱਲੋਂ ਅੱਜ ਹੋਈ ਮੀਟਿੰਗ ਵਿੱਚ ਕੀਤੀ ਗਈ ਜੋ ਖ਼ੁਦ ਇਸ ’ਤੇ ਸਵਾਰ ਹਨ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਅੰਦਰੋ-ਅੰਦਰੀਂ ਨਾਰਾਜ਼ ਕਮੇਟੀ ਮੈਂਬਰਾਂ ਨੂੰ ਸਮਾਂ ਨਾ ਦੇਣ ਦੀ ਸਫ਼ਾਈ ਦਿੱਤੀ, ‘ਮੈਂ ਕਿਸੇ ਵੀ ਮੈਂਬਰ ਨੂੰ ਮਿਲਣ ਦਾ ਸਮਾਂ ਦੇਣ ਤੋਂ ਮੈਂ ਕਦੇ ਇਨਕਾਰ ਨਹੀਂ ਕੀਤਾ ਪਰ ਅਸੀਂ ਕਮੇਟੀ ਚੋਣਾਂ ਕਾਰਕੁਨਾਂ ਦੀ ਮਿਹਨਤ ਦੇ ਸਿਰ ’ਤੇ ਜਿੱਤਦੇ ਆਏ ਹਾਂ ਇਸ ਲਈ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸੱਟ ਨਹੀਂ ਮਾਰੀ ਜਾਵੇਗੀ’। ਉਨ੍ਹਾਂ ਆਗੂਆਂ ਨੂੰ ਜ਼ਾਬਤੇ ਵਿੱਚ ਰਹਿ ਕੇ ਕੰਮ ਕਰਨ ਤੇ ਮੈਂਬਰਾਂ ਨੂੰ ਆਪਣੇ ਦਾਇਰੇ ਵਿੱਚ ਰਹਿਣ ਦੀ ਤਾਕੀਦ ਕੀਤੀ। ਬੇਅਦਬੀਆਂ ਦੇ ਮੁੱਦੇ ’ਤੇ ਉਹ ਸਿੱਖ ਭਾਈਚਾਰੇ ਦੇ ਲੋਕਾਂ ਕੋਲ ਜਾਣਗੇ।
  ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕੁਝ ਮੈਂਬਰਾਂ ਦੇ ਮਨਾਂ ਵਿੱਚ ਕੁਝ ਸ਼ਿਕਾਇਤਾਂ ਹਨ ਤਾਂ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਦੇ ਨਾਲ ਬੰੰਦ ਕਮਰਾ ਮੀਟਿੰਗ ਕਰਨੀ ਚਾਹੀਦੀ ਹੈ। ਅਨੁਸ਼ਾਸ਼ਨਹੀਣਤਾ ਕੋਈ ਵੀ ਕਰੇ ਉਸ ਖ਼ਿਲਾਫ਼ ਡੱਟ ਕੇ ਕਾਰਵਾਈ ਹੋਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਉਣ ਮਗਰੋਂ ਦਿੱਲੀ ਦੇ ਸਿੱਖਾਂ ਵਿੱਚ ਪੈਦਾ ਹੋਏ ਤੌਖਲਿਆਂ ਨੂੰ ਲੈ ਕੇ ਦਿੱਲੀ ਦੇ ਅਕਾਲੀ ਵੀ ਰੈਲੀਆਂ ਕਰਨ ਦੇ ਰਾਹ ਤੁਰ ਪਏ ਹਨ। ਆਉਣ ਵਾਲੇ ਦਿਨਾਂ ਦੌਰਾਨ ਕਮੇਟੀ ਦੀਆਂ ਸਿੱਖਿਆ ਸੰਸਥਾਵਾਂ ਦੀਆਂ ਅਹੁਦੇਦਾਰੀਆਂ ਦੇ ਕੇ ਵੀ ਨਾਰਾਜ਼ ਆਗੂਆਂ ਨੂੰ ਖੁਸ਼ ਕੀਤਾ ਜਾਵੇਗਾ। ਮੀਟਿੰਗ ਵਿੱਚ ਮੁੱਖ ਆਗੂ ਸ਼ਾਮਲ ਸਨ।
  ਸ਼੍ਰੋਮਣੀ ਅਕਾਲੀ ਦਲ ਦੀ ਬੈਠਕ ਦੌਰਾਨ ਦਿੱਲੀ ਕਮੇਟੀ ਦੇ ਬੰਦ ਹੋਏ ਅਦਾਰੇ ਦੇ 8-10 ਮੁਲਾਜ਼ਮਾਂ ਨੇ ਖੌਰੂ ਪਾਇਆ ਤੇ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ। ਇਹ ਮੁਲਾਜ਼ਮ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅੱਗੇ ਆਪਣਾ ਪੱਖ ਰੱਖਣਾ ਚਾਹੁੰਦੇ ਸਨ। ਸੂਤਰਾਂ ਮੁਤਾਬਕ ਇਹ ਮੁਲਾਜ਼ਮ ਪਹਿਲਾਂ ਸੰਸਥਾ ਵਿੱਚ ਕੰਮ ਕਰਦੇ ਰਹੇ ਹਨ ਤੇ ਆਪਣੀਆਂ ਬਕਾਇਆ ਤਨਖ਼ਾਹਾਂ ਦਾ ਦਾਅਵਾ ਕਰ ਰਹੇ ਸਨ। ਉਨ੍ਹਾਂ ਵੱਲੋਂ ਅਵਤਾਰ ਸਿੰਘ ਹਿਤ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਗਈ। 

  - ਪ੍ਰੋ. ਬਲਵਿੰਦਰ ਪਾਲ ਸਿੰਘ
  ਪੱਤਰਕਾਰ ਜਤਿੰਦਰ ਪਨੂੰ ਨਵਾਂ ਜਮਾਨਾ ਕੇਪੀ ਐਸ ਗਿੱਲ ਦੇ ਖਾਸ ਮਿੱਤਰ ਰਹਿ ਚੁੱਕੇ ਹਨ ਜੋ ਉਸ ਕਾਰਨ ਸਰਕਾਰੀ ਸਹੂਲਤਾਂ ਮਾਣਦੇ ਰਹੇ। ਉਹਨਾਂ ਦੀ ਬੋਲੀ ਵਿਚ ਹੀ ਸੁਣੋ ,ਉਹ ਕਿੰਨੀ ਸਾਜਿਸ਼ੀ ਬੋਲੀ, ਮਕਾਰੀ ਢੰਗ ਵਿਚ ਪੰਜਾਬ ਸੰਤਾਪ ਤੇ ਪੰਜਾਬ ਮਸਲੇ ਬਾਰੇ ਕਹਿੰਦੇ ਹਨ ਕਿ ਸਮੇਂ ਦਾ ਸੱਚ ਕਦੀ ਵੀ ਸਾਰਾ ਬਾਹਰ ਨਹੀਂ ਆ ਸਕਣਾ। ਜਿੱਥੇ ਮੁਕਾਬਲੇ ਹੁੰਦੇ ਸਨ, ਉੱਥੇ ਪੁਲਿਸ ਵਾਲੇ ਜਾਂ ਮਰਨ ਵਾਲੇ ਹੁੰਦੇ ਸਨ। ਦੋਵਾਂ ਧਿਰਾਂ ਵਿੱਚੋਂ ਕਿਹੜੀ ਥਾਂ ਕੌਣ ਸੱਚਾ ਸੀ, ਇਹ ਨਿਖੇੜਾ ਨਹੀਂ ਹੋ ਸਕਣਾ। ਸਿਰਫ ਇੱਕ ਪੈਮਾਨਾ ਹੋ ਸਕਦਾ ਹੈ ਕਿ ਜਿਹੜਾ ਬੰਦਾ ਮਾਰਿਆ ਗਿਆ, ਉਸ ਦਾ ਪਿਛਲਾ ਕਿਰਦਾਰ ਕੀ ਸੀ? ਰਹੀ ਗੱਲ ਪੁਲਿਸ ਦੇ ਆਮ ਲੋਕਾਂ ਨਾਲ ਮਾੜੇ ਵਿਹਾਰ ਅਤੇ ਵਧੀਕੀਆਂ ਦੀ, ਇਸ ਨੂੰ ਮੈਂ ਰੱਦ ਨਹੀਂ ਕਰਦਾ ਤੇ ਜਿੱਥੇ ਕਿਤੇ ਲੜਾਈ ਦਾ ਇਹ ਰੰਗ ਬਣ ਜਾਵੇ, ਏਦਾਂ ਹੁੰਦਾ ਹੀ ਹੈ। ਜਿੱਥੇ ਕਾਤਲ ਬੇਰਹਿਮ ਹੋਵੇ, ਉੱਥੇ ਵੀ ਪੁਲਿਸ ਤੋਂ ਬੰਧੇਜ ਅਤੇ ਡਿਸਿਪਲਿਨ ਵਿੱਚ ਰਹਿਣ ਦੀ ਆਸ ਰੱਖਣੀ ਚਾਹੀਦੀ ਹੈ।
  ਪੰਨੂੰ ਦੇ ਕਹਿਣ ਦਾ ਭਾਵ ਹੈ ਕਿ ਜੋ ਪੰਜਾਬ ਸੰਤਾਪ ਸਮੇਂ ਪੁਲੀਸ ਨੇ ਕਨੂੰਨ ਤੋ ਬਾਹਰ ਜਾਕੇ ਮਨੁਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਉਹ ਸਭ ਠੀਕ ਸੀ।ਕੀ ਕਿਸੇ ਪੱਤਰਕਾਰ ਨੂੰ ਕਨੂੰਨ ਤੋਂ ਬਾਹਰ ਜਾਕੇ ਅਜਿਹੇ ਨਿਰਣੇ ਅਦਾਲਤ ਵਾਂਗ ਸੁਣਾਉਣ ਦਾ ਹਕ ਹੈ
  ਹੁਣ ਪੰਨੂ ਸਾਬ ਤੋਂ ਪੁਛੋ ਉਸ ਸਮੇ ਕੇਪੀ ਗਿਲ ਦਾ ਕਿਰਦਾਰ ਕੀ ਰਿਹਾ ਹੈ।ਉਸਦੇ ਰਾਜ ਵਿਚ ਜਸਵੰਤ ਸਿੰਘ ਖਾਲੜਾ ਇਸ ਲਈ ਸ਼ਹੀਦ ਕਰ ਦਿਤਾ ਕਿ ਉਸਨੇ ਕੇਪੀ ਗਿਲ ਦੇ ਵਲੋਂ ਕਰਵਾਏ ਸਰਕਾਰੀ ਤੌਰ ਤੇ ਬਣਾਈਆਂ ਲਾਵਾਰਸ ਲਾਸ਼ਾਂ ਦੇ ਰੂਪ ਵਿਚ ਪਰਦਾਫਾਸ਼ ਕਰ ਦਿਤਾ।ਖਾਲੜਾ ਨੂੰ ਵੀ ਲਾਵਾਰਸ ਲਾਸ਼ ਬਣਾ ਦਿਤਾ।ਆਖਿਰ ਜਿਸ ਪਤਰਕਾਰ ਨੇ ਪੰਜਾਬ ਦੇ ਰੱਤ ਦਾ ਅਨੰਦ ਲਿਆ ਹੋਵੇ ਤੇ ਖਬਰਾਂ ਸੰਪਾਦਕੀ ਰੱਤ ਵਹਾਉਣ ਵਾਲੇ ਕੇਪੀ ਗਿਲ ਦੇ ਹਕ ਵਿਚ ਲਿਖੀਆਂ ਹੋਣ ਉਸ ਨੂੰ ਇਨਸਾਨੀਅਤ ਦਾ ਮੁਜਰਮ ਕਿਹਾ ਜਾ ਸਕਦਾ। ਉਸ ਦੀ ਕਲਮ ਨਿਸਚਿਤ ਹੈ ਕੁਫਰ ਤੋਲੇਗੀ। ਪਰ ਸੁਪਰੀਮ ਕੋਰਟ ਨੇ ਨਿਤਾਰਾ ਕਰ ਦਿਤਾ 25 ਹਜ਼ਾਰ ਲਾਸ਼ਾਂ ਬਾਰੇ ਦੋਸ਼ੀ ਕੋਣ ਪਰ ਪੰਨੂੰ ਜੀ ਨੂੰ ਸਮਝ ਨਹੀ ਪੈ ਸਕਦੀ ਕਿੳਕਿ ਇਹ ਕੇਪੀ ਗਿਲ ਨਾਲ ਯਾਰੀ ਨਿਭਾਉਣ ਦਾ ਮਸਲਾ ਸੀ
  ।ਪੰਜਾਬ ਦੇ ਖੂਨ ਵਿਚ ਭਿਜੀਆਂ ਕਲਮਾਂ ਦੀ ਇਬਾਰਤ ਪੀਲੀ ਪਤਰਕਾਰੀ ਹਨ ਸੁਹਜਮਈ ਬਿਰਤਾਂਤ ਨਹੀਂ ਹਨ ਜਿਥੋ ਪਾਪ ਦੀ ਜੰਝ ਨੂੰ ਗੁਰੂ ਨਾਨਕ ਦੀ ਕਲਮ ਸ਼ਬਦ ਰਾਹੀਂ ਲਲਕਾਰਿਆ ਜਾਵੇ।ਅਜਿਹੇ ਇਕ ਪੰਨੂੰ ਨਹੀਂ ਅਨੇਕਾਂ ਪੰਨੂ ਹਨ ਜਿਹਨਾਂ ਪੰਜਾਬ ਨਾਲ ਵਫਾ ਨਹੀ ਨਿਭਾਈ ਪੰਜਾਬ ਦੇ ਡੁਲਦੇ ਲਹੂ ਦਾ ਵਪਾਰ ਕਰਦੇ ਰਹੇ।ਇਹ ਕਿਹੋ ਜਿਹੇ ਰਾਸ਼ਟਰ ਵਾਦ ਹੈ।ਰਾਸ਼ਟਰਵਾਦ ਦੀ ਪਰਿਭਾਸ਼ਾ ਨਾ ਮਾਰਕਸ ਦੀ ਡਿਕਸ਼ਨਰੀ ਵਿਚ ਮਿਲਦੀ ਹੈ ਨਾ ਲੈਨਿਨ ਦੀ।ਵੈਸੇ ਪੰਨੂੰ ਸਾਹਿਬ ਬੇਸ਼ਕ ਪੰਜਾਬ ਦੇ ਇਤਿਹਾਸ ਦੇ ਦੋਸ਼ੀ ਹੋਣ ਪਰ ਆਪਣੀ ਮਕਾਰ ਤਾਰੀਖ ਨੂੰ ਛੁਪਾਉਣ ਵਿਚ ਅਤਿਅੰਤ ਮਾਹਿਰ ਹਨ।ਮੈਂ ਯਕੀਨ ਨਾਲ ਕਹਿੰਦਾ ਹਾਂ ਕਿ ਪੰਜਾਬ ਦਾ ਮਸਲਾ ਹਿੰਦੂ ਸਿਖ ਤਣਾਅ ਨਹੀ ਸੀ ਜੋ ਇਹਨਾਂ ਕਾਮਰੇਡਾਂ ਨੇ ਕੇਪੀ ਗਿਲ ,ਬੇਅੰਤ, ਇੰਦਰਾ,ਰਾਜੀਵ ਦੀ ਭਗਤੀ ਵਿਚ ਪੇਸ਼ ਕੀਤਾ।ਪੰਜਾਬ ਦਾ ਮਸਲਾ ਪੰਜਾਬ ਦੇ ਹਕਾਂ ਦੀ ਦਾਸਤਾਨ ਸੀ ਜਿਸ ਦੀ ਰਾਖੀ ਸਿਖ ਪੰਥ ਨੇ ਲਹੂ ਡੋਲਕੇ ਕੀਤੀ।ਅਜ ਪੰਜਾਬ ਨੂੰ ਖੇਤੀ ਤੇ ਸਨਅਤ ਵਜੋ ਉਜਾੜਿਆ ,ਰਾਜਧਾਨੀ ਤੇ ਸਾਡੇ ਪਾਣੀ ਤੇ ਪੰਜਾਬ ਬੋਲਦੇ ਇਲਾਕੇ ਖੋਹ ਲਏ।ਕੇਂਦਰ ਸਰਕਾਰ ਨੇ ਹੁਣ ਤਕ ਪੰਜਾਬ ਨੂੰ ਇਸ ਕਣਕ-ਚਾਵਲ ਪੈਦਾ ਕਰਨ ਦੇ ਚੱਕਰ ਵਿਚੋਂ ਬਾਹਰ ਨਹੀਂ ਨਿਕਲਣ ਦਿਤਾ, ਤਾਂ ਜੋ ਪੰਜਾਬ ਵਿਚੋਂ ਸਸਤੇ ਭਾਅ ਕਣਕ ਖਰੀਦੀ ਜਾ ਸਕੇ ਅਤੇ ਇਸ ਤਰ੍ਹਾਂ ਪੰਜਾਬ ਦੀ ਆਰਥਿਕ ਲੁਟ ਕਾਇਮ ਰਹਿ ਸਕੇ। ਇਸ ਨਾਲ ਬੇਰੁਜ਼ਗਾਰੀ ਵਧ ਰਹੀ ਹੈ। ਇਸ ਕਮੀ ਨੂੰ ਉਦਯੋਗ ਲਾ ਕੇ ਹੀ ਪੂਰਾ ਕੀਤਾ ਜਾ ਸਕਦਾ ਹੈ, ਪਰ ਕੇਂਦਰ ਸਰਕਾਰ ਪੰਜਾਬ ਵਿਚ ਸਨਅਤਾਂ ਵਿਕਸਿਤ ਹੋਣ ਨਹੀਂ ਦੇਂਦੀ। ਕਿਉਕਿ ਹਰ ਵਡਾ ਨਵਾਂ ਕਾਰਖਾਨਾ ਲਾਉਣ ਲਈ ਕੇਂਦਰ ਸਰਕਾਰ ਪਾਸੋਂ ਇਜਾਜ਼ਤ ਲੈਣੀ ਪੈਂਦੀ ਹੈ ਅਤੇ ਕੇਂਦਰ ਸਰਕਾਰ ਆਪਣੀ ਲਾਈਸੈਂਸਿਗ ਪਾਲਿਸੀ ਪੰਜਾਬ ਵਿਚ ਸਨਅਤਾਂ ਦੇ ਅਗੋਂ ਵਿਕਾਸ ਕਰਨ ਦੇ ਰਾਹ ਵਿਚ ਰੁਕਾਵਟ ਖੜੀ ਕਰਨ ਲਈ ਵਰਤਦੀ ਰਹੀ ਹੈ। ਕੀ ਇਹ ਭਗਵੇ ਕਾਮਰੇਡ ਪਤਰਕਾਰ ,ਸਿਆਸਤਦਾਨ ਇਸ ਧਕੇ ਵਿਰੁਧ ਬੋਲੇ।ਇਸ ਬਾਰੇ ਭਗਵੇਂ ਕਾਮਰੇਡ ਚੁਪ ਰਹੇ।ਪਨੂੰ ਸਾਬ ਦੀ ਇਸ ਤੋ ਵੱਖਰੀ ਦਾਸਤਾਨ ਨਹੀਂ ਹੈ।ਸਾਡੇ ਪੰਜਾਬ ਨਾਲ ਧਕਾ ਕਿਉਂ ਹੋਇਆ।ਕੀ ਅਸੀਂ ਇਸ ਦੇਸ ਦਾ ਹਿਸਾ ਨਹੀਂ।

  ਸ੍ਰੀ ਆਨੰਦਪੁਰ ਸਾਹਿਬ - ਇੱਥੇ ਸਿੱਖ ਜਥੇਬੰਦੀਆਂ ਨੇ ਡੀਐੱਸਪੀ ਰਮਿੰਦਰ ਸਿੰਘ ਕਾਹਲੋਂ ਨਾਲ ਮੁਲਾਕਾਤ ਕੀਤੀ ਤੇ ਕਵੀ ਸੁਰਜੀਤ ਗੱਗ ’ਤੇ ਮਾਹੌਲ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਦਾ ਦੋਸ਼ ਲਾਇਆ। ਇਸ ਮਗਰੋਂ ਸੁਰਜੀਤ ਗੱਗ ਖ਼ਿਲਾਫ਼ ਥਾਣਾ ਆਨੰਦਪੁਰ ਸਾਹਿਬ ਵਿਖੇ ਧਾਰਾ 295-ਏ ਤਹਿਤ ਕੇਸ ਦਰਜ ਹੋ ਗਿਆ ਹੈ। ਉਧਰ, ਗੱਗ ’ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਵੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।
  ਸ਼੍ਰੋਮਣੀ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ ਤੇ ਪ੍ਰਿੰਸੀਪਲ ਸੁਰਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਕਵੀ ਸੁਰਜੀਤ ਗੱਗ ਸਿੱਖ ਧਰਮ ਖ਼ਿਲਾਫ਼, ਗੁਰੂ ਨਾਨਕ ਦੇਵ ਜੀ ਖ਼ਿਲਾਫ਼ ਤੇ ਹੋਰ ਧਰਮਾਂ ਖ਼ਿਲਾਫ਼ ਆਪਣੀਆਂ ਕਵਿਤਾਵਾਂ ਲਿਖ ਕੇ ਫੇਸਬੁਕ ਤੇ ਹੋਰ ਸੋਸ਼ਲ ਸਾਈਟਾਂ ’ਤੇ ਕੂੜ ਪ੍ਰਚਾਰ ਕਰਦਾ ਆ ਰਿਹਾ ਹੈ, ਜਿਸ ਕਾਰਨ ਸਿੱਖ ਭਾਈਚਾਰੇ ਵਿਚ ਰੋਸ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਪੁਲੀਸ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵਿਚ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਡੀਐੱਸਪੀ ਰਮਿੰਦਰ ਸਿੰਘ ਕਾਹਲੋਂ ਨੇ ਕਿਹਾ ਕਿ ਮਾਹੌਲ ਖ਼ਰਾਬ ਕਰਨ ਵੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਗੱਗ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ ਹੈ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮਗਰੋਂ ਗੱਗ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ। ਪੁਲੀਸ ਸੂਤਰਾਂ ਅਨੁਸਾਰ ਸੁਰਜੀਤ ਗੱਗ ਦੀ ਗ੍ਰਿਫਤਾਰੀ ਕਿਸੇ ਵੀ ਵੇਲੇ ਸੰਭਵ ਹੈ।
  ਦੂਜੇ ਪਾਸੇ, ਸੁਰਜੀਤ ਗੱਗ ਦੀ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਵੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਯਾਦਵ ਸਿੰਘ ਯਾਦੀ ਵਾਸੀ ਪਿੰਡ ਝਿੰਜੜੀ ਤੇ ਇਕ ਅਣਪਛਾਤੇ ਖ਼ਿਲਾਫ਼ ਆਈਪੀਸੀ ਦੀ ਧਾਰਾ 341,323, 34 ਤਹਿਤ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਤਖ਼ਤ ਕੇਸਗੜ੍ਹ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ, ਸੰਦੀਪ ਸਿੰਘ ਕਲੌਤਾ, ਬਾਬਾ ਸਰਬਜੀਤ ਸਿੰਘ, ਸੁਰਿੰਦਰ ਕੌਰ, ਐਡਵੋਕੇਟ ਹਰਦੇਵ ਸਿੰਘ, ਜਸਵੀਰ ਸਿੰਘ ਤੇ ਮਨਜਿੰਦਰ ਸਿੰਘ ਬਰਾੜ ਹਾਜ਼ਰ ਸਨ।

  - ਡਾ. ਧਰਮ ਸਿੰਘ
  ਭਾਈ ਵੀਰ ਸਿੰਘ ਦੇ ਕਈ ਸਮਕਾਲੀ ਸਾਹਿਤਕਾਰ ਹੋਏ ਹਨ, ਜਿਨ੍ਹਾਂ ਨੂੰ ਭਾਈ ਜੀ ਦਾ ਪਰਛਾਵਾਂ ਮਾਤਰ ਰਹਿਣ ਜਾਂ ਕਹਿਣ ਦਾ ਸੰਤਾਪ ਭੋਗਣਾ ਪਿਆ ਹੈ। ਇਨ੍ਹਾਂ ਵਿਚੋਂ ਇਕ ਭਾਈ ਮੋਹਨ ਸਿੰਘ ਵੈਦ ਸਨ। ਉਨ੍ਹਾਂ ਨੇ ਪੰਜਾਬੀ ਨੂੰ ਦੋ ਸੌ ਤੋਂ ਉੱਪਰ ਪੁਸਤਕਾਂ, ਨਾਵਲ, ਟ੍ਰੈਕਟ, ਅਨੁਵਾਦ ਅਤੇ ਕਹਾਣੀਆਂ ਦੇ ਰੂਪ ਵਿਚ ਦਿੱਤੀਆਂ। ਆਪਣੇ ਵਿਚਾਰਾਂ ਦੇ ਪ੍ਰਸਾਰ, ਪ੍ਰਚਾਰ ਲਈ ਉਨ੍ਹਾਂ ਨੇ ‘ਦੁੱਖ ਨਿਵਾਰਨ’ ਰਸਾਲਾ ਵੀ ਜਾਰੀ ਕੀਤਾ ਅਤੇ ਪੱਤਰਕਾਰੀ ਵਿਚ ਬਣਦਾ ਯੋਗਦਾਨ ਵੀ ਦਿੱਤਾ।
  ਵੈਦ ਰਚਿਤ ਨਾਵਲਾਂ ਵਿਚ ‘ਸੁਸ਼ੀਲ ਨੂੰਹ’, ‘ਇਕ ਸਿੱਖ ਘਰਾਣਾ’, ‘ਸ੍ਰੇਸ਼ਠ ਕੁਲਾਂ ਦੀ ਚਾਲ’, ‘ਸੁਖੀ ਪ੍ਰੀਵਾਰ’, ‘ਕੁਲਵੰਤ ਕੌਰ’, ‘ਸੁਘੜ ਨੂੰਹ ਤੇ ਲੜਾਕੀ ਸੱਸ’, ‘ਸੁਖਦੇਵ ਕੌਰ’, ‘ਦੰਪਤੀ ਪਿਆਰ’, ‘ਕਲਹਿਣੀ ਦਿਉਰਾਨੀ’, ‘ਸੁਸ਼ੀਲ ਵਿਧਵਾ’ ਆਦਿ ਪ੍ਰਸਿੱਧ ਹਨ।

  ਚੰਡੀਗੜ੍ਹ  -ਫਰੀਦਕੋਟ ਦੇ ਬਰਗਾੜੀ ਤੇ ਕੋਟਕਪੁਰਾ ਵਿਖੇ 14 ਅਕਤੂਬਰ 2015 ਨੂੰ ਵਾਪਰੇ ਗੋਲੀਕਾਂਡ ਦੇ 3 ਸਾਲ ਪੂਰੇ ਹੋਣ 'ਤੇ ਰੱਖੇ ਜਾ ਰਹੇ ਸਮਾਗਮਾਂ ਤੇ ਬਰਗਾੜੀ ਮੋਰਚੇ ਵਲੋਂ ਇਕ ਅੰਦੋਲਨ ਦਾ ਰੂਪ ਲੈਣ ਤੋਂ ਸਰਕਾਰ ਕਾਫ਼ੀ ਚਿੰਤਤ ਨਜ਼ਰ ਆ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਬਰਗਾੜੀ ਤੋਂ ਧਰਨਾ ਖ਼ਤਮ ਕਰਵਾਉਣ ਲਈ ਮਗਰਲੇ ਦਿਨਾਂ ਦੌਰਾਨ ਕੀਤੀਆਂ ਗਈਆਂ ਕੋਸ਼ਿਸ਼ਾਂ ਦੇ ਬੇਸਿੱਟਾ ਰਹਿਣ 'ਤੇ ਮੋਰਚਾ ਲੀਡਰਾਂ ਦਾ ਰੁਖ ਲਗਾਤਾਰ ਸਖ਼ਤ ਹੋਣਾ ਸਰਕਾਰ ਲਈ ਹੈਰਾਨੀ ਤੇ ਪ੍ਰੇਸ਼ਾਨੀ ਦਾ ਮੁੱਦਾ ਬਣਿਆ ਹੋਇਆ ਹੈ। ਕੱਲ੍ਹ 2 ਅਕਤੂਬਰ ਨੂੰ ਬਹੁਤ ਸਾਰੀਆਂ ਪੰਥਕ ਜਥੇਬੰਦੀਆਂ ਜਿਨ੍ਹਾਂ ਵਿਚ ਸਿੱਖ ਸਟੂਡੈਂਟ ਫੈਡਰੇਸ਼ਨਾਂ ਦੇ ਪੁਰਾਣੇ ਪ੍ਰਧਾਨ ਤੇ ਧੜੇ, ਸੰਤ ਸਮਾਜ ਤੇ ਬਹੁਤ ਸਾਰੀਆਂ ਦੂਜੀਆਂ ਪੰਥਕ ਜਥੇਬੰਦੀਆਂ ਤੇ ਆਗੂ, ਬਰਗਾੜੀ ਵਿਖੇ ਰੱਖੀ ਮੀਟਿੰਗ ਵਿਚ ਪੁੱਜ ਰਹੇ ਹਨ, ਜਿਸ 'ਚ 14 ਅਕਤੂਬਰ ਦੇ ਸਮਾਗਮਾਂ ਦੀ ਰੂਪ-ਰੇਖਾ 'ਤੇ ਵਿਚਾਰ ਕੀਤਾ ਜਾਣਾ ਹੈ। 7 ਅਕਤੂਬਰ ਨੂੰ ਜਦੋਂ ਕਾਂਗਰਸ ਵਲੋਂ ਲੰਬੀ ਹਲਕੇ ਵਿਚ ਕਿੱਲਿਆਂਵਾਲੀ ਤੇ ਅਕਾਲੀ ਦਲ ਵਲੋਂ ਪਟਿਆਲਾ ਵਿਖੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਉਸੇ ਦਿਨ 'ਆਪ' ਆਗੂ ਸੁਖਪਾਲ ਸਿੰਘ ਖਹਿਰਾ ਵਲੋਂ ਬਣਾਏ ਗਏ ਬਰਗਾੜੀ ਇਨਸਾਫ਼ ਮੋਰਚਾ ਦੀ ਅਗਵਾਈ ਵਿਚ ਕੋਟਕਪੁਰਾ ਤੋਂ ਬਰਗਾੜੀ ਤੱਕ ਰੋਸ ਮਾਰਚ ਕੱਢਿਆ ਜਾ ਰਿਹਾ ਹੈ, ਜਿਸ ਲਈ ਬਣਾਈ ਗਈ 7 ਮੈਂਬਰੀ ਕਮੇਟੀ ਵਿਚ ਅਕਾਲੀ ਦਲ (ਮਾਨ) ਦੇ ਜਨਰਲ ਸਕੱਤਰ ਜਸਕਰਨ ਸਿੰਘ, ਸੰਯੁਕਤ ਅਕਾਲੀ ਦਲ ਦੇ ਗੁਰਦੀਪ ਸਿੰਘ, 'ਆਪ' ਦੇ ਸੰਸਦ ਮੈਂਬਰ ਧਰਮਵੀਰ ਸਿੰਘ ਗਾਂਧੀ ਤੇ ਬੀਰਦਵਿੰਦਰ ਸਿੰਘ ਸਮੇਤ ਕਈ ਹੋਰ ਆਗੂ ਸ਼ਾਮਿਲ ਹਨ। 11 ਅਕਤੂਬਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਬਰਗਾੜੀ ਘਟਨਾ ਦੀ ਜਾਂਚ ਲਈ ਪੰਜਾਬ ਸਰਕਾਰ ਵਲੋਂ ਬਣਾਈ ਵਿਸ਼ੇਸ਼ ਜਾਂਚ ਟੀਮ ਦੀ ਜਾਂਚ 'ਤੇ ਲੱਗੀ ਰੋਕ 'ਤੇ ਅੱਗੋਂ ਸੁਣਵਾਈ ਹੋਣੀ ਹੈ ਤੇ ਇਸ ਕੇਸ ਵਿਚ ਕੁਝ ਪੰਥਕ ਧਿਰਾਂ ਤੇ ਸ਼ਹੀਦ ਹੋਏ ਸਿੱਖ ਨੌਜਵਾਨਾਂ ਦੇ ਪਰਿਵਾਰ ਵੀ ਪਾਰਟੀ ਬਣਨਾ ਚਾਹੁੰਦੇ ਹਨ, ਜਿਨ੍ਹਾਂ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਕਿਸੇ ਵੀ ਜਾਂਚ 'ਤੇ ਰੋਕ ਨਹੀਂ ਲਗਾਈ ਜਾ ਸਕਦੀ।
  ਬਰਗਾੜੀ ਮੋਰਚੇ ਵਲੋਂ 14 ਅਕਤੂਬਰ ਨੂੰ ਗੋਲੀਕਾਂਡ ਦੀ ਤੀਜੀ ਵਰ੍ਹੇਗੰਢ 'ਤੇ ਰੱਖੇ ਜਾ ਰਹੇ ਵਿਸ਼ੇਸ਼ ਪ੍ਰੋਗਰਾਮਾਂ ਲਈ ਸ੍ਰੀ ਅਖੰਡ ਪਾਠ ਸਾਹਿਬ 12 ਅਕਤੂਬਰ ਨੂੰ ਆਰੰਭ ਹੋਣਗੇ ਤੇ ਵੱਡੀ ਗਿਣਤੀ ਵਿਚ ਸਿੱਖ ਜਥੇਬੰਦੀਆਂ ਤੇ ਸਿੱਖ ਸੰਸਥਾਵਾਂ ਵਲੋਂ 14 ਅਕਤੂਬਰ ਦੇ ਸ਼ਹੀਦੀ ਸਮਾਗਮ ਵਿਚ ਸ਼ਮੂਲੀਅਤ ਕੀਤੀ ਜਾ ਰਹੀ ਹੈ। ਸਰਕਾਰ ਨੂੰ ਅਜਿਹੀਆਂ ਰਿਪੋਰਟਾਂ ਵੀ ਮਿਲ ਰਹੀਆਂ ਹਨ ਕਿ ਬਰਗਾੜੀ ਮੋਰਚੇ ਵਲੋਂ ਇਸ ਵੱਡੇ ਇਕੱਠ ਨੂੰ ਸਰਬੱਤ ਖ਼ਾਲਸੇ ਦਾ ਰੂਪ ਵੀ ਦਿੱਤਾ ਜਾ ਸਕਦਾ ਹੈ ਤੇ ਕੁਝ ਅਹਿਮ ਪੰਥਕ ਮੁੱਦਿਆਂ 'ਤੇ ਮਤੇ ਪਾਸ ਕੀਤੇ ਜਾ ਸਕਦੇ ਹਨ। ਸਰਕਾਰ ਨੂੰ ਹਾਲਾਂਕਿ ਇਨ੍ਹਾਂ ਸਾਰੇ ਸਮਾਗਮਾਂ ਨੂੰ ਲੈ ਕੇ ਕਿਸੇ ਗੜਬੜ ਦਾ ਖ਼ਦਸ਼ਾ ਨਹੀਂ, ਪਰ ਸਰਕਾਰੀ ਏਜੰਸੀਆਂ ਨੂੰ ਸਮੁੱਚੀ ਸਥਿਤੀ 'ਤੇ ਕਰੜੀ ਨਜ਼ਰ ਰੱਖਣ ਦੇ ਆਦੇਸ਼ ਦਿੱਤੇ ਗਏ ਹਨ ਤੇ ਰਾਜ ਸਰਕਾਰ ਲੋੜ ਅਨੁਸਾਰ ਇਨ੍ਹਾਂ ਸਮਾਗਮਾਂ ਕਾਰਨ ਕੇਂਦਰੀ ਸੁਰੱਖਿਆ ਬਲਾਂ ਦੀ ਮਦਦ ਵੀ ਲੈ ਸਕਦੀ ਹੈ। ਚਰਚਾ ਇਹ ਵੀ ਹੈ ਕਿ ਬਰਗਾੜੀ ਮੋਰਚਾ ਵਲੋਂ 14 ਅਕਤੂਬਰ ਨੂੰ ਸੂਬੇ ਭਰ ਵਿਚ ਸਿੱਖ ਸੰਗਤਾਂ ਨੂੰ ਰੋਸ ਧਰਨੇ ਆਦਿ ਦੇਣ ਦੀ ਵੀ ਅਪੀਲ ਕੀਤੀ ਜਾ ਸਕਦੀ ਹੈ, ਜਿਸ ਕਾਰਨ ਬਰਗਾੜੀ ਦਾ ਇਹ ਮੋਰਚਾ ਸਮੁੱਚੇ ਸੂਬੇ ਵਿਚ ਵੀ ਫੈਲ ਸਕਦਾ ਹੈ।

  ਜਲੰਧਰ - ਸਵ. ਬੇਅੰਤ ਸਿੰਘ ਸਾਬਕਾ ਮੁੱਖ ਮੰਤਰੀ ਦੀ ਹੱਤਿਆ ਦੇ ਮਾਮਲੇ 'ਚ ਗਿ੍ਫ਼ਤਾਰ ਭਾਈ ਜਗਤਾਰ ਸਿੰਘ ਤਾਰਾ ਨੂੰ ਅੱਜ ਭੋਗਪੁਰ ਥਾਣੇ ਨਾਲ ਸਬੰਧਿਤ ਇਕ ਕੇਸ 'ਚ ਬੁੜੈਲ ਜੇਲ੍ਹ ਤੋਂ ਲਿਆ ਕੇ ਜਲੰਧਰ ਦੀ ਅਦਾਲਤ 'ਚ ਕੇ ਪੇਸ਼ ਕੀਤਾ ਗਿਆ | ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਵੀਨ ਭਾਰਦਵਾਜ ਦੀ ਅਦਾਲਤ ਨੇ ਖਾੜਕੂ ਭਾਈ ਜਗਤਾਰ ਸਿੰਘ ਤਾਰਾ ਨੂੰ ਅੱਜ ਭੋਗਪੁਰ ਥਾਣੇ ਨਾਲ ਸਬੰਧਿਤ ਗੈਰ-ਕਾਨੂੰਨੀ ਕਾਰਵਾਈਆਂ 'ਚ ਸ਼ਾਮਿਲ ਹੋਣ ਦੇ ਕੇਸ 'ਚ ਅਗਲੀ ਸੁਣਵਾਈ ਲਈ 22 ਅਕਤੂਬਰ ਦੀ ਤਰੀਕ ਦਿੱਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਤਾਰਾ ਦੇ ਵਕੀਲ ਕੇ.ਐਸ. ਹੁੰਦਲ ਨੇ ਦੱਸਿਆ ਕਿ ਅੱਜ ਇਸ ਕੇਸ 'ਚ ਭਾਈ ਤਾਰਾ ਿਖ਼ਲਾਫ਼ ਦੋਸ਼ ਤੈਅ ਕੀਤੇ ਜਾਣੇ ਸੀ ਪਰ ਕੇਸ ਸਬੰਧੀ ਪੁਰਾਣੀ ਫਾਈਲ ਨਾ ਹੋਣ ਕਰਕੇ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 22 ਅਕਤੂਬਰ ਨੂੰ ਤੈਅ ਕੀਤੀ ਹੈ | ਹੁੰਦਲ ਨੇ ਦੱਸਿਆ ਕਿ ਭਾਈ ਤਾਰਾ ਿਖ਼ਲਾਫ਼ 28 ਸਤੰਬਰ 2009 ਨੂੰ ਥਾਣਾ ਭੋਗਪੁਰ ਵਿਖੇ ਗੈਰ-ਕਾਨੂੰਨੀ ਕਾਰਵਾਈਆਂ 'ਚ ਸ਼ਾਮਿਲ ਹੋਣ ਸਬੰਧੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਤੇ ਅੱਜ ਇਸੇ ਕੇਸ 'ਚ ਜਗਤਾਰ ਸਿੰਘ ਤਾਰਾ ਨੂੰ ਬੁੜੈਲ ਜੇਲ੍ਹ ਤੋਂ ਲਿਆ ਕੇ ਅਦਾਲਤ 'ਚ ਪੇਸ਼ ਕੀਤਾ ਗਿਆ ਸੀ | ਭਾਈ ਜਗਤਾਰ ਸਿੰਘ ਤਾਰਾ ਦੀ ਜਲੰਧਰ ਪੇਸ਼ੀ ਨੂੰ ਲੈ ਕੇ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ |

  ਸੂਰਬੀਰ ਅਤੇ ਦਲੇਰ ਮਰਦ, ਕੌਮਾਂ ਅਤੇ ਦੇਸ਼ਾਂ ਦੀ ਜਿੰਦ-ਜਾਨ ਹੋਇਆ ਕਰਦੇ ਹਨ। ਉਨ੍ਹਾਂ ਦੇ ਅੰਦਰ ਪੈਦਾ ਹੋਇਆ ਦੇਸ਼ ਪਿਆਰ ਇਕ ਅਜਿਹੀ ਭਾਵਨਾ ਭਰ ਦਿੰਦਾ ਹੈ, ਜਿਸ ਨਾਲ ਉਨ੍ਹਾਂ ਨੂੰ ਮੌਤ ਦਾ ਭੈਅ ਹਮੇਸ਼ਾ ਲਈ ਖ਼ਤਮ ਹੋ ਜਾਂਦਾ ਹੈ। ਉਹ ਪ੍ਰਭੂ ਪ੍ਰਮਾਤਮਾ ਦੀ ਰਜ਼ਾ ਵਿਚ ਰਹਿੰਦੇ ਹੋਏ ਲੋਕਾਂ ਦਾ ਪਰਉਪਕਾਰ ਕਰਦੇ ਅਨੰਦਮਈ ਜੀਵਨ ਬਸਰ ਕਰਦੇ ਹਨ। ਉਹ ਦੁੱਖ-ਸੁੱਖ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੀ ਮੰਜ਼ਿਲ ਵਲ ਵਧਦੇ ਜਾਂਦੇ ਹਨ। ਉਨ੍ਹਾਂ ਨੂੰ ਵਿਸ਼ਵਾਸ ਹੁੰਦਾ ਹੈ ਕਿ ਇਹ ਪੰਜ ਭੂਤਕ ਸਰੀਰਕ ਸਦਾ ਨਹੀਂ ਰਹਿਣਾ ਇਸ ਲਈ ਉਹ ਨਿਰਭੈਤਾ ਨਾਲ ਜੀਵਨ ਜਿਊਂਦੇ ਹਨ।
  ਜਥੇਦਾਰ ਤੇਜਾ ਸਿੰਘ ਭੁੱਚਰ ਉਨ੍ਹਾਂ ਸੂਰਬੀਰ ਯੋਧਿਆਂ ਵਿਚੋਂ ਇਕ ਹਨ ਜਿਨ੍ਹਾਂ ਦਾ ਜਨਮ 28 ਅਕਤੂਬਰ 1887 ਈ: ਨੂੰ ਆਪਣੇ ਨਾਨਕੇ ਪਿੰਡ ਭਾਈ ਫੇਰੂ, ਜ਼ਿਲ੍ਹਾ ਲਾਹੌਰ ਵਿਚ ਹੋਇਆ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com